ਦਲੇਰੀ ਤੇ ਦ੍ਰਿੜਤਾ ਦਾ ਮੁਜੱਸਮਾ - ਪ੍ਰੋ ਤਰਸੇਮ ਬਾਹੀਆ : ਪ੍ਰੋ. ਅਵਤਾਰ ਸਿੰਘ
ਸਿੱਖ ਨੈਸ਼ਨਲ ਕਾਲਜ, ਬੰਗੇ ਪੜ੍ਹਦਿਆਂ ਮੇਰੇ ਅੰਗਰੇਜ਼ੀ ਦੇ ਅਧਿਆਪਕ ਪ੍ਰੋ ਐੱਚ ਕੇ ਸ਼ਰਮਾ ਆਪਣੇ ਵਖਿਆਨ ਵਿੱਚ ਦੋ ਜਾਣਿਆਂ ਦਾ ਅਕਸਰ ਜ਼ਿਕਰ ਕਰਦੇ ਸਨ। ਇਕ ਉਨ੍ਹਾਂ ਦਾ ਹਮਜਮਾਤੀ ਪ੍ਰੋ ਦਰਸ਼ਣ ਸਿੰਘ ਸੀ ਤੇ ਦੂਜਾ ਪ੍ਰੋ ਤਰਸੇਮ ਬਾਹੀਆ। ਇਹ ਦੋਵੇਂ ਏ ਐੱਸ ਕਾਲਜ, ਖੰਨੇ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ ਤੇ ਪ੍ਰੋ ਐੱਚ ਕੇ ਸ਼ਰਮਾ ਵੀ ਉਸੇ ਕਾਲਜ ਵਿੱਚ ਪੜ੍ਹੇ ਹੋਏ ਸਨ। ਉਨ੍ਹਾਂ ਦੇ ਮੂੰਹੋਂ ਤਰਸੇਮ ਬਾਹੀਆ ਜੀ ਬਾਬਤ ਸੁਣੀਆਂ ਹੋਈਆਂ ਗੱਲਾਂ ਦੀ ਮੇਰੇ ਮਨ ਵਿੱਚ ਧੁੰਦਲੀ ਜਹੀ ਯਾਦ ਸੀ।
ਮੈਂ 1992 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਿੱਧਾ ਰਾਮਗੜ੍ਹੀਏ ਕਾਲਜ, ਫਗਵਾੜੇ ਆਣ ਲੱਗਾ। ਰੈਗੂਲਰ ਸਟਾਫ ਵਿੱਚ ਮੈਂ ਸਭ ਤੋਂ ਛੋਟਾ ਸੀ ਤੇ ਮੈਨੂੰ ਇਸ ਗੁਰ ਅਤੇ ਗੁਣ ਦਾ ਪਤਾ ਸੀ ਕਿ ਵੱਡਿਆਂ ਦੀ ਇੱਜ਼ਤ ਕਰਕੇ ਮੁਹੱਬਤ ਮਿਲ਼ਦੀ ਹੈ। ਮੇਰੇ ਐਕਟਿਵਿਜ਼ਮ ਕਰਕੇ ਤੇ ਹਮੇਸ਼ਾ ਕੁਝ ਨਾ ਕੁਝ ਪੜ੍ਹਦੇ, ਲਿਖਦੇ ਤੇ ਸੋਚਦੇ ਰਹਿਣ ਕਰਕੇ ਮੈਨੂੰ ਉਨ੍ਹਾਂ ਨੇ ਪ੍ਰੋਬੇਸ਼ਨ ਵਿਚ ਹੀ ਯੂਨੀਅਨ ਦਾ ਮੈਂਬਰ ਬਣਾ ਲਿਆ ਤੇ ਮੈਂ ਯੂਨੀਅਨ ਦੀ ਹਰ ਕਾਲ ‘ਤੇ ਦਿੱਤੇ ਪ੍ਰੋਗਰਾਮ ਵਿੱਚ ਭਾਗ ਲੈਣਾ ਅਰੰਭ ਕਰ ਦਿੱਤਾ। ਯੂਨੀਅਨ ਵਿੱਚ ਵੀ ਮੇਰਾ ਗੁਰ ਅਤੇ ਗੁਣ ਇਹੀ ਰਿਹਾ ਕਿ ਪਿੱਛੇ ਰਹਿਕੇ ਤੇ ਵੱਧ ਚੜ੍ਹਕੇ ਕੰਮ ਕਰਦੇ ਰਹਿਣਾ ਹੈ ਤੇ ਅਹੁਦਿਆਂ ਵੱਲ੍ਹ ਦੇਖਣਾ ਤੱਕ ਨਹੀਂ। ਇਹ ਵੀ ਕਿ ਪਿਆਰ ਸਤਿਕਾਰ ਹਰੇਕ ਦਾ ਕਰਨਾ ਹੈ, ਝੇਂਪ ਕਿਸੇ ਦੀ ਨਹੀਂ ਮੰਨਣੀ।
ਉਨ੍ਹਾਂ ਦਿਨਾਂ ਵਿੱਚ ਆਪਣੀ ਯੂਨੀਅਨ ਦੇ ਪ੍ਰਧਾਨ ਤਰਸੇਮ ਬਾਹੀਆ ਜੀ ਸਨ ਤੇ ਉਨ੍ਹਾਂ ਦੀਆਂ ਤਕਰੀਰਾਂ ਸੁਣਕੇ ਮੇਰੇ ਮਨ ਵਿੱਚ ਪ੍ਰੋ ਐੱਚ ਕੇ ਸ਼ਰਮਾ ਜੀ ਤੋਂ ਸੁਣੀਆਂ ਹੋਣੀਆਂ ਧੁੰਦਲੀਆਂ ਯਾਦਾਂ ਇੰਨ-ਬਿੰਨ ਤਾਜ਼ਾ ਹੋ ਗਈਆਂ। ਮੈਂ ਉਨ੍ਹਾਂ ਦੀਆਂ ਤਕਰੀਰਾਂ ਦੇ ਪ੍ਰਭਾਵ ਵਿੱਚ ਆ ਗਿਆ ਤੇ ਸੋਚਣ ਲੱਗਾ ਕਿ ਉਨ੍ਹਾਂ ਨੂੰ ਕਿਉਂ ਨਾ ਆਪਣੇ ਕਾਲਜ ਬੁਲਾਇਆ ਜਾਵੇ। ਕਿਵੇਂ ਨਾ ਕਿਵੇਂ ਕਿਸੇ ਨੂੰ ਕਹਿ ਸੁਣਕੇ ਬਾਹੀਆ ਜੀ ਨਾਲ਼ ਗੱਲ ਹੋ ਗਈ ਤੇ ਉਨ੍ਹਾਂ ਨੇ ਸਾਡੇ ਕਾਲਜ ਆਉਣਾ ਮੰਨ ਲਿਆ। ਉਹ ਆਏ ਤੇ ਉਨ੍ਹਾਂ ਨੇ ਸਾਡੇ ਕਾਲਜ ਦੇ ਸਟਾਫ਼-ਰੂਮ ਵਿੱਚ ਬੜੀ ਹੀ ਦਲੇਰੀ ਨਾਲ਼ ਸੁਲ਼ਝਿਆ ਹੋਇਆ ਅਤੇ ਵਿਦਵਤਾ ਭਰਪੂਰ ਭਾਸ਼ਣ ਕੀਤਾ। ਮੈਂ ਨੋਟ ਕੀਤਾ ਕਿ ਉਨ੍ਹਾਂ ਦੀ ਅੰਗਰੇਜ਼ੀ ਤੇ ਪੰਜਾਬੀ ਡਿਕਸ਼ਨ ਇੱਕੋ ਜਹੀ ਕਮਾਲ ਵਾਲ਼ੀ ਸੀ। ਦਲੇਰੀ ਤੇ ਦ੍ਰਿੜਤਾ ਦੇ ਤਾਂ ਕਿਆ ਹੀ ਕਹਿਣੇ।
ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਹਾਵ-ਭਾਵ ਅਤੇ ਬੜੇ ਹੀ ਕਟਾਕਸ਼ੀ ਅੰਦਾਜ਼ ਵਿੱਚ ਦੱਸਿਆ ਕਿ ਸਰਕਾਰ ਸਿਰਫ ਹਰਲ ਹਰਲ ਕਰਦੀਆਂ ਗੱਡੀਆਂ ਦੇ ਹੂਟਰ ਵਜਾਉਣ ਲਈ ਨਹੀਂ ਹੁੰਦੀ, ਬਲਕਿ ਸਰਕਾਰ ਦੀ ਕੋਈ ਜ਼ੁੰਮੇਵਾਰੀ ਹੁੰਦੀ ਹੈ, ਜਿਹੜੀ ਉਹਨੇ ਨਿਭਾਉਣੀ ਹੁੰਦੀ ਹੈ। ਉਨ੍ਹਾਂ ਨੇ ਕਾਲਜ ਕਮੇਟੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ “ਆਏ ਸਾਲ ਅਡਹੌਕ ਸਟਾਫ ਨੂੰ ਅਟੈਚੀਆਂ ਚੁਕਾਉਣ ਵਾਲ਼ੇ ਹੁਣ ਆਪਣੇ ਅਟੈਚੀ ਤਿਆਰ ਰੱਖਣ”। ਮੈਨੂੰ ਯਾਦ ਹੈ ਕਿ ਉਨ੍ਹਾਂ ਨੂੰ ਸੁਣਕੇ ਸਾਡੇ ਸਟਾਫ ਦੀ ਯੂਨੀਅਨ ਪੱਖੋਂ “ਉਇ ਚਲੋ ... ਉਇ ਆਹੋ” ਵਾਲ਼ੀ ਢਿਲਮ ਢਿਲਮ ਨੀਤੀ “ਕੁਝ ਕਰੋ” ਵਿੱਚ ਤਬਦੀਲ ਹੋ ਗਈ ਸੀ। ਫਿਰ ਰਿਟਾਇਰਮੰਟ ਦੇ ਨੇੜੇ ਢੁੱਕੇ ਮੈਂਬਰ ਵੀ ਹੁੰਮਹੁਮਾ ਕੇ ਧਰਨਿਆਂ ‘ਤੇ ਜਾਣ ਲੱਗ ਪਏ ਸਨ। ਬਾਹੀਆ ਜੀ ਦਾ ਵਖਿਆਨ ਇਹੋ ਜਿਹਾ ਪਾਵਰ-ਹਾਊਸ ਸਾਬਤ ਹੋਇਆ ਕਿ ਕਿ ਸਾਡੇ ਸਟਾਫ ਦੀਆਂ ਨਰਮ, ਗਰਮ ਅਤੇ ਸਰਦ ਤਾਰਾਂ ਜੁੜਕੇ ਕਰੰਟ ਮਾਰਨ ਲੱਗ ਪਈਆਂ ਸਨ।
ਮੈਂ ਫਿਰ ਯੂਨੀਅਨ ਦੇ ਸੱਦਿਆਂ ਤੇ ਹਮੇਸ਼ਾ ਜਾਣਾ ਤੇ ਹਰ ਵਾਰ ਬਾਹੀਆ ਜੀ ਨੂੰ ਸਪੈਸ਼ਲ ਮਿਲਕੇ ਆਉਣਾ। ਉਨ੍ਹਾਂ ਨੂੰ ਵੀ ਮੇਰਾ ਨਾਂ ਯਾਦ ਹੋ ਗਿਆ ਤੇ ਉਹ ਮੈਨੂੰ ਨਾਂ ਲੈਕੇ ਹੀ ਬੁਲਾਉਂਦੇ। ਉਨ੍ਹਾਂ ਦੀ ਦੇਖਾ ਦੇਖੀ ਤਿਵਾੜੀ ਜੀ ਨਾਲ਼ ਵੀ ਮੇਰਾ ਘਨਿਸ਼ਟ ਰਿਸ਼ਤਾ ਬਣ ਗਿਆ ਸੀ। ਹਰ ਇਲੈਕਸ਼ਨ ਤੋਂ ਪਹਿਲਾਂ ਤਿਵਾੜੀ ਜੀ ਮੇਰੇ ਘਰ ਜ਼ਰੂਰ ਆਉਂਦੇ ਤੇ ਕਾਫ਼ੀ ਉਤਸ਼ਾਹ ਭਰ ਜਾਂਦੇ। ਇਹ ਗੱਲ ਕਹਿਣੀ ਓਪਰੀ ਜਹੀ ਲੱਗਦੀ ਹੈ, ਕਿ ਇਕ ਵਾਰ ਉਹ ਕਾਲਜ ਆਏ ਹੋਏ ਸਨ ਤੇ ਉਨ੍ਹਾਂ ਦੀ ਲਾਲ ਮਰੂਤੀ ਰੇਲਵੇ ਫਾਟਕ ਦੇ ਪਰਲੇ ਪਾਸੇ ਖੜ੍ਹੀ ਸੀ। ਮੈਂ ਉਨ੍ਹਾਂ ਨੂੰ ਆਪਣੇ ਸਾਇਕਲ ਪਿੱਛੇ ਬਹਾਲ਼ ਕੇ ਕਾਰ ਤੱਕ ਛੱਡਣ ਗਿਆ ਤਾਂ ਉਨ੍ਹਾਂ ਨੇ ਮੈਨੂੰ “ਗੁਣਾ ਦੀ ਗੁਥਲ਼ੀ” ਕਿਹਾ ਸੀ। ਅਸਲ ਵਿੱਚ ਮੈਂ ਆਪਣੇ ਕਾਲਜ ਦੇ ਯੂਨਿਟ ਦੀ ਮੀਟਿੰਗ ਕੰਡਕਟ ਕੀਤੀ ਸੀ ਤੇ ਮੈਂ ਉਦੋਂ ਉਸ ਮੀਟਿੰਗ ਵਿੱਚ ਕਾਫ਼ੀ ਗਿਆਨ ਘੋਟਿਆ ਸੀ।
ਇਕ ਵਾਰੀ ਕਿਸੇ ਨੇ ਤਿਵਾੜੀ ਜੀ ਨੂੰ ਫ਼ੋਨ ‘ਤੇ ਧਮਕੀ ਦਿੱਤੀ ਤੇ ਉਨ੍ਹਾਂ ਨੇ ਧਮਕਾਉਣ ਵਾਲ਼ੇ ਦਾ ਖੁਰਾ ਲੱਭ ਲਿਆ। ਉਹ ਸ਼ਖਸ ਮੈਨੂੰ ਵੀ ਜਾਣਦਾ ਸੀ ਤੇ ਤਿਵਾੜੀ ਜੀ ਨੂੰ ਵੀ ਇਸ ਗੱਲ ਦਾ ਪਤਾ ਸੀ। ਉਨ੍ਹਾਂ ਨੇ ਬੜੀ ਸਿਆਣਪ ਕੀਤੀ, ਉਹ ਮੇਰੇ ਕੋਲ਼ ਆਏ ਤੇ ਉਸ ਸ਼ਖਸ ਬਾਬਤ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਉਹਦਾ ਤਾਤਪਰਜ ਵੀ ਸਮਝ ਗਏ। ਮੇਰੇ ਘਰੋਂ ਉਨ੍ਹਾਂ ਨੇ ਉਸ ਧਮਕੱਈਏ ਨੂੰ ਏਨੇ ਸਲੀਕੇ ਨਾਲ਼ ਫ਼ੋਨ ਕੀਤਾ ਕਿ ਉਹ ਮਾਇਲ ਹੋ ਗਿਆ ਤੇ ਗੱਲ ਰਫ਼ਾ-ਦਫ਼ਾ ਹੋ ਗਈ।
ਇਕ ਵਾਰੀ ਬਾਹੀਆ ਜੀ ਤੇ ਤਿਵਾੜੀ ਜੀ, ਦਸ ਬਾਰਾਂ ਜਾਣੇ, ਅਚਾਨਕ ਮੇਰੇ ਘਰੇ ਆ ਗਏ ਤੇ ਮੈਂ ਸ਼ਸ਼ੋਪੰਜ ਵਿੱਚ ਪੈ ਗਿਆ ਕਿ ਉਨ੍ਹਾਂ ਨੂੰ ਖੁਆਵਾਂ ਪਿਆਵਾਂ ਕੀ। ਮੈਨੂੰ ਸਿਰਫ ਦੋ ਕੱਪ ਚਾਹ ਬਣਾਉਣੀ ਆਉਂਦੀ ਸੀ, ਪਰ ਮੈਂ ਜਿਵੇਂ ਕਿਵੇਂ ਬਾਰਾਂ ਤੇਰਾਂ ਕੱਪ ਚਾਹ ਦੇ ਬਣਾ ਧਰੇ। ਫਟਾ ਫਟ ਨੌਵਲ਼ਟੀ ਵਾਲ਼ਿਆਂ ਦਿਓਂ ਪਕੌੜੇ ਤੇ ਵੇਸਣ ਵੀ ਲੈ ਆਇਆ। ਮੇਰੀ ਬਣਾਈ ਚਾਹ ਤਾਂ ਨਿਰੀ ਪੱਤੀ ਹੀ ਸੀ ਪਰ ਉਨ੍ਹਾਂ ਨੇ ਦੇਸੀ ਘਿਓ ਦਾ ਵੇਸਣ ਬੜੇ ਖੁਸ਼ ਹੋਕੇ ਖਾਧਾ। ਸ਼ਾਮ ਨੂੰ ਮੇਰੀ ਹੋਮ-ਸੁਪਰਡੰਟ ਨੇ ਬੈਂਕ ਤੋਂ ਆਕੇ ਸਿੰਕ ਵਿੱਚ ਵੰਨ-ਸਵੰਨੇ ਕੱਪ ਅਤੇ ਚਾਹ ਪੱਤੀ ਤੋਂ ਮੇਰੀ ਬਣਾਈ ਚਾਹ ਦੀ ਕਿਸਮ ਦਾ ਕਿਆਫ਼ਾ ਲਗਾ ਲਿਆ ਤੇ ਕਿਸੇ ਅਣਹੋਣੀ ਬੇਇਜ਼ਤੀ ਕਾਰਣ ਮੈਨੂੰ ਕਾਫੀ ਝਾੜ-ਝੰਬ ਦਾ ਸਾਹਮਣਾ ਕਰਨਾ ਪਿਆ।।
ਫਿਰ ਯੂਨੀਅਨ ਦੇ ਲੀਡਰ ਬਦਲ ਗਏ ਤੇ ਯੂਨੀਅਨ ਦੀ ਤੋਰ, ਤੌਰ ਅਤੇ ਤੇਵਰ ਵੀ ਉਹ ਨਾ ਰਹੇ। ਸਾਡੇ ਸਟਾਫ ਦੇ ਪੁਰਾਣੇ ਬੰਦੇ ਇਕ ਇਕ ਕਰਕੇ ਕਿਰ ਗਏ ਤੇ ਨਾਲ਼ ਹੀ ਯੂਨੀਅਨ ਦੀਆਂ ਉਹ ਗੱਲਾਂ ਖਤਮ ਹੋ ਗਈਆਂ, ਜਿਨ੍ਹਾਂ ਦੇ ਚਰਚੇ ਕਦੇ ਪੰਜਾਬ ਦੇ ਵੱਡੇ ਵੱਡੇ ਕਾਲਜਾਂ ਵਿੱਚ ਹੁੰਦੇ ਸਨ। ਖੰਭਿਆਂ ਬਾਝੋਂ ਨਰਮ, ਗਰਮ ਤੇ ਸਰਦ ਤਾਰਾਂ ਕਿਸੇ ਕੰਮ ਦੀਆਂ ਨਾ ਰਹੀਆਂ। ਨਵਿਆਂ ਵਿੱਚ ਯੂਨੀਅਨਿਜ਼ਮ ਦੇ ‘ਜਰਾਸੀਮ’ ਨਾਂ-ਮਾਤਰ ਹੀ ਸਨ, ਜਿਸ ਕਰਕੇ ਮੈਂ ਵੀ ਯੂਨੀਅਨ ਦੇ ਐਕਟਿਵਿਜ਼ਮ ਵਿੱਚੋਂ ਖ਼ੁਦ ਨੂੰ ਮਨਫੀ ਕਰ ਲਿਆ ਤੇ ਆਪਣੀ ਪੜ੍ਹਾਈ ਲਿਖਾਈ ਵੱਲ੍ਹ ਮੂੰਹ ਮੋੜ ਲਿਆ — ਹੋਰ ਕਰਦਾ ਵੀ ਕੀ।
ਸ਼ਹਿਰ ਦੇ ਮਿੱਤਰ ਸੱਜਣ ਗੁਰਬਚਨ ਸਿੰਘ ਸਾਗਰੀ ਨੇ ਮੈਨੂੰ ਪ੍ਰੀਤ-ਲੜੀ ਰਸਾਲੇ ਦੀਆਂ ਪੁਰਾਣੀਆਂ ਜਿਲਦਾਂ ਦੇ ਦਿੱਤੀਆਂ। ਮੈਂ ਦੇਖਿਆ ਉਨ੍ਹਾਂ ਵਿਚ ਕਿਤੇ ਕਿਤੇ ਤਰਸੇਮ ਬਾਹੀਆ ਜੀ ਦੇ ਲੇਖ ਛਪੇ ਹੋਏ ਸਨ। ਮੈਂ ਉਹ ਪੜ੍ਹੇ ਤੇ ਬਾਹੀਆ ਜੀ ਨੂੰ ਫ਼ੋਨ ਕਰਕੇ ਦੱਸਿਆ। ਉਹ ਬੜੇ ਖੁਸ਼ ਹੋਏ ਤੇ ਉਨ੍ਹਾਂ ਦੀ ਫੋਟੋਸਟੈਟ ਭੇਜਣ ਲਈ ਕਹਿਣ ਲੱਗੇ। ਅਗਲੇ ਦਿਨ ਹੀ ਮੈਂ ਉਹ ਫੋਟੋਸਟੈਟ ਕਰਾਕੇ ਭੇਜ ਦਿੱਤੀਆਂ। ਮਿਲਣ ‘ਤੇ ਉਨ੍ਹਾਂ ਨੇ ਮੈਨੂੰ ਧੰਨਵਾਦੀ ਫ਼ੋਨ ਕੀਤਾ ਤੇ ਬੜੀਆਂ ਹੀ ਪੁਰਾਣੀਆਂ. ਦਿਲਚਸਪ ਅਤੇ ਮਾਰਮਿਕ ਗੱਲਾਂ ਸੁਣਾਈਆਂ।
ਉਹ ਫੇਸਬੁੱਕ ‘ਤੇ ਮੇਰੀਆਂ ਲਿਖਤਾਂ ਪੜ੍ਹਦੇ ਰਹਿੰਦੇ ਤੇ ਕਦੇ ਕਦੇ ਕੌਮੈਂਟ ਵੀ ਕਰਦੇ। ਮੈਂ ਉਨ੍ਹਾਂ ਨੂੰ ਫ਼ੋਨ ਕਰਦਾ ਤਾਂ ਉਹ ਬੜੇ ਖੁਸ਼ ਹੁੰਦੇ, ਨਵੀਆਂ ਨਵੀਆਂ ਗੱਲਾਂ ਦੱਸਦੇ ਤੇ ਮੈਨੂੰ ਉਤਸ਼ਾਹਿਤ ਕਰਦੇ। ਇਕ ਦਿਨ ਬੜੀ ਹੈਰਾਨੀ ਹੋਈ ਜਦ ਉਨ੍ਹਾਂ ਨੇ ਮੈਨੂੰ ਯੂਨੀਅਨਿਜ਼ਮ ਤੋਂ ਦੂਰ ਰਹਿਣ ਦੀ ਨਸੀਹਤ ਦੇ ਦਿੱਤੀ। ਕਹਿਣ ਲੱਗੇ “ਯੂਨੀਅਨ ਦਾ ਝੰਡਾ ਤਾਂ ਜਿਹਨੂੰ ਮਰਜ਼ੀ ਚੁਕਾ ਦਿਓ, ਪਰ ਪੜ੍ਹਨ ਲਿਖਣ ਦਾ ਕੰਮ ਹਰ ਕੋਈ ਨਹੀਂ ਕਰ ਸਕਦਾ”। ਮੈਂ ਉਨ੍ਹਾਂ ਦੀ ਇਸ ਨਸੀਹਤ ਦੀ ਹੋਰ ਤਫ਼ਸੀਲ ਪੁੱਛੀ ਤਾਂ ਕਹਿਣ ਲੱਗੇ, “ਕਿਤਾਬ ਪੜ੍ਹਨ ਵਾਲ਼ਾ ਜਦ ਝੰਡਾ ਚੁੱਕਦਾ ਤਾਂ ਉਹਦਾ ਕੋਈ ਅਰਥ ਹੁੰਦਾ, ਪਰ ਝੰਡਾ ਚੁੱਕਣ ਵਾਲਾ ਜਦ ਕਿਤੇ ਕਿਤਾਬ ਚੁੱਕਦਾ ਤਾਂ ਉਹ ਸਿਰਫ ਫੋਟੋ ਖਿਚਾਉਣ ਤੱਕ ਸੀਮਤ ਹੁੰਦਾ”। ਉਨ੍ਹਾਂ ਦੀ ਇਸ ਗੱਲ ਵਿੱਚੋਂ ਮੈਨੂੰ ਅਨੇਕ ਅੰਦੋਲਨਾਂ ਦੇ ਫੇਲ ਹੋਣ ਦੇ ਅੰਦਰੂਨੀ ਕਾਰਣਾਂ ਦੀ ਕੰਨਸੋ ਮਿਲੀ ਤੇ ਮੈਂ ਬਾਹੀਆ ਜੀ ਦੀ ਨਸੀਹਤ ਵਿਚਲੀ ਤੀਖਣ ਸੂਝ-ਬੂਝ ਤੇ ਉਨ੍ਹਾਂ ਦੀ ਗੱਲਬਾਤ ਦੇ ਮਿਕਨਾਤੀਸੀ ਅੰਦਾਜ਼ ਤੋਂ ਹੈਰਾਨ ਹੋ ਗਿਆ।
ਮੈਨੂੰ ਚੇਤਾ ਆਇਆ ਕਿ ਸਾਡੇ ਸਟਾਫ਼-ਰੂਮ ਵਿੱਚ ਵੀ ਉਨ੍ਹਾਂ ਨੇ ਇਹ ਗੱਲ ਕਹੀ ਸੀ ਕਿ “ਆਪਣੇ ਦਰ ‘ਤੇ ਆਉਣ ਵਾਲ਼ੀ ਡਾਕ ਤੋਂ ਅੰਦਾਜ਼ਾ ਲਗਾਇਆ ਕਰੋ ਕਿ ਤੁਹਾਡੇ ਰੁਝਾਨ ਕਿਹੋ ਜਹੇ ਹਨ”। ਉਨ੍ਹਾਂ ਨੇ ਬੜੇ ਗ਼ੁੱਸੇ ਵਿੱਚ ਕਿਹਾ ਸੀ ਕਿ “ਅੱਜਕਲ ਟੀਚਰਾਂ ਨੂੰ ਸਿਰਫ ਡੀਮੈਟ ਅਕਾਊਂਟ ਖੋਲ੍ਹਣ ਦੀਆਂ ਚਿੱਠੀਆਂ ਹੀ ਆਉਂਦੀਆਂ ਹਨ"। ਉਨ੍ਹਾਂ ਨੇ ਵਿਅੰਗ ਕੱਸਿਆ ਸੀ ਕਿ “ਡੀਮੈਟ ਵਾਲ਼ੇ ਕਦੇ ਕਿਸੇ ਤਰਾਂ ਦੀ ਵੀ ਕੁਰਬਾਨੀ ਨਹੀਂ ਕਰ ਸਕਦੇ”।
ਪਿਛਲੇ ਵਰ੍ਹੇ ਕੋਰੋਨਾ ਕਾਲ ਤੇ ਭਰ ਗਰਮੀ ਦੌਰਾਨ ਉਨ੍ਹਾਂ ਦਾ ਫ਼ੋਨ ਆਇਆ ਕਿ ਉਹ ਮੇਰੇ ਕੋਲ਼ ਆ ਰਹੇ ਹਨ ਤੇ ਉਨ੍ਹਾਂ ਨੇ ਮੈਨੂੰ ਘਰ ਦੇ ਬਾਹਰ ਮਿਲਣ ਦੀ ਕੋਈ ਠੀਹ ਪੁੱਛੀ। ਮੈਂ ਆਪਣੇ ਘਰ ਦੇ ਨੇੜੇ ਪੱਕੀ ਨਿਸ਼ਾਨੀ ਗਲੋਰੀ ਸਿਲਾਈ ਮਸ਼ੀਨ ਦੇ ਸ਼ੋ-ਰੂਮ ਕੋਲ਼ ਚਲਿਆ ਗਿਆ। ਉਹ ਪਲਾਂ ਵਿਚ ਹੀ ਆ ਗਏ ਤੇ ਕਾਰ ਵਿੱਚੋਂ ਬਾਹਰ ਆਕੇ ਹੱਥ ਜੋੜਕੇ ਹੀ ਮਿਲ਼ੇ ਤੇ ਮੈਨੂੰ ਆਪਣੀ ਸ੍ਵੈ-ਜੀਵਨੀ ਦੇਕੇ ਕਹਿਣ ਲੱਗੇ ਕਿ “ਪੜ੍ਹਨਾ ਤੇ ਜੇ ਹੋ ਸਕੇ ਤਾਂ ਇਸ ਬਾਰੇ ਕੁਝ ਲਿਖਣਾ”।
‘ਸੀਨੇ ਖਿੱਚ੍ਹ ਜਿਨ੍ਹਾਂ ਨੇ ਖਾਧੀ’ ਟਾਈਟਲ ਦੇਖ ਕੇ ਮੈਂ ਕੁਝ ਹੈਰਾਨ ਹੋਇਆ ਤੇ ਉਨ੍ਹਾਂ ਨੂੰ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਨੂੰ ਘਰ ਆਉਣ ਲਈ ਕਿਹਾ, ਪਰ ਹਾਲਾਤ ਇਹੋ ਜਹੇ ਸਨ ਕਿ ਮੈਂ ਵੀ ਜ਼ੋਰ ਨਾ ਪਾਇਆ ਤੇ ਉਹ ਵੀ ਸਮਝਦੇ ਸਨ ਤੇ ਜਲਦੀ ਜਾਣ ਦਾ ਬਹਾਨਾ ਲਾਕੇ ਚਲੇ ਗਏ। ਉਹ ਹਲਕੇ ਜਹੇ ਬਦਾਮੀ ਰੰਗੇ ਸਫਾਰੀ ਸੂਟ ਵਿੱਚ ਸਨ, ਜੋ ਉਸ ਰੁੱਤ ਵਿੱਚ ਉਨ੍ਹਾਂ ਨੂੰ ਬੜਾ ਹੀ ਫੱਬਦਾ ਸੀ।
ਸਰਦੀਆਂ ਵਿੱਚ ਉਹ ਹਮੇਸ਼ਾ ਕੋਟ ਪੈਂਟ ਤੇ ਟਾਈ ਲਗਾਊਂਦੇ। ਲਾਲ ਟਾਈ, ਚਿੱਟੀ ਕਮੀਜ਼ ਤੇ ਨੇਵੀ ਰੰਗ ਦਾ ਕੋਟ ਪੈਂਟ ਉਨ੍ਹਾਂ ਦੀ ਖ਼ਾਸ ਪਸੰਦ ਅਤੇ ਪਹਿਚਾਣ ਸੀ। ਉਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਸੀ ਕਿ ਇਹ ਕੋਈ ਸਿਰਕੱਢ ਯੂਨੀਅਨਨਿਸਟ ਹੈ ਤੇ ਕਿਸੇ ਵੱਡੇ ਕਾਲਜ ਦਾ ਅੰਗਰੇਜ਼ੀ ਅਧਿਆਪਕ ਹੈ। ਉਨ੍ਹਾਂ ਦੀ ਅਵਾਜ਼ ਵਿੱਚ ਏਨਾ ਦੰਮ ਸੀ ਤੇ ਅੰਦਾਜ਼ ਵਿੱਚ ਅਜਿਹਾ ਖ਼ਮ ਸੀ, ਜੋ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਣ ਦਾ ਕੰਮ ਕਰਦਾ ਸੀ ਤੇ ਜਿਹਦੇ ਕਰਕੇ ਉਨ੍ਹਾਂ ਦੀ ਸ਼ਕਲ-ਸੂਰਤ ਬੜੀ ਹੀ ਪ੍ਰਭਾਵਸ਼ਾਲੀ ਲਗਦੀ ਸੀ। ਉਨ੍ਹਾਂ ਦੇ ਚਿਹਰੇ ‘ਤੇ ਕਦੀ ਕੋਈ ਸ਼ਿਕਨ ਨਜ਼ਰ ਨਹੀਂ ਸੀ ਆਉਂਦਾ ਬਲਕਿ ਇਕ ਡੂੰਘੀ ਅਤੇ ਗੰਭੀਰ ਕਿਸਮ ਦੀ ਮੁਸਕਰਾਹਟ ਉਨ੍ਹਾਂ ਦੇ ਚਿਹਰੇ ‘ਤੇ ਸਦਾ ਛਾਈ ਰਹਿੰਦੀ ਸੀ। ਇਹੋ ਜਹੇ ਸਦਾਚਾਰੀ ਬੰਦੇ ਸਦਾ ਨਹੀਂ ਹੁੰਦੇ।
ਖ਼ੈਰ, ਮੈਂ ਉਹ ਕਿਤਾਬ ਘਰੇ ਲੈ ਆਇਆ ਤੇ ਉਸ ਵੇਲੇ ਦੇ ਹਾਲਾਤ ਮੁਤਾਬਕ ਵਿਹੜੇ ਵਿੱਚ ਪਏ ਮੇਜ਼ ‘ਤੇ ਰੱਖ ਦਿੱਤੀ ਕਿ ਕੋਰੋਨਾ ਦੀ ਸਰਕਾਰੀ ਦਹਿਸ਼ਤ ਕਾਰਣ ਅਤੇ ਡਾਕਟਰੀ ਹਦਾਇਤਾਂ ਅਨੁਸਾਰ ਦੋ ਤਿੰਨ ਦਿਨ ਬਾਦ ਅੰਦਰ ਰੱਖਾਂਗਾ। ਉਸ ਰਾਤ ਅਚਾਨਕ ਭਾਰਾ ਮੀਂਹ ਪਿਆ। ਸਵੇਰੇ ਉੱਠ ਕੇ ਦੇਖਿਆ ਤਾਂ ਕਿਤਾਬ ਬੁਰੀ ਤਰਾਂ ਗਲ਼ ਗਈ ਸੀ। ਮੈਂ ਉਹ ਕਿਤਾਬ ਕਈ ਦਿਨ ਧੁੱਪੇ ਸੁੱਕਣੀ ਪਾਉਂਦਾ ਰਿਹਾ ਤੇ ਪਤਾ ਹੀ ਨਾ ਲੱਗਾ ਅਚਾਨਕ ਕਿਤਾਬ ਕਿੱਥੇ ਗਈ। ਕੋਰੋਨਾ ਦੇ ਰੌਲ਼ੇ ਗੌਲ਼ੇ ਵਿੱਚ ਮੈਨੂੰ ਉਸ ਕਿਤਾਬ ਦਾ ਕਦੀ ਚੇਤਾ ਹੀ ਨਾ ਆਇਆ। ਨਾ ਮੈਂ ਕਿਤਾਬ ਪੜ੍ਹ ਸਕਿਆ ਤੇ ਨਾ ਕੁਝ ਲਿਖ ਸਕਿਆ। ਇੱਥੋਂ ਤੱਕ ਕਿ ਕੋਰੋਨਾ ਦੇ ਕਹਿਰ ਨੇ ਬਾਹੀਆ ਜੀ ਦੀਆਂ ਯਾਦਾਂ ਨੂੰ ਵੀ ਧੁੰਦਲੀਆਂ ਕਰ ਦਿੱਤਾ।
ਫਿਰ ਉਨ੍ਹਾਂ ਦਾ ਵੀ ਕਦੇ ਫ਼ੋਨ ਨਾ ਆਇਆ ਤੇ ਮੈਂ ਵੀ ਫ਼ੋਨ ਨਾ ਕੀਤਾ। ਹੋ ਸਕਦਾ ਹੈ ਉਹ ਉਡੀਕਦੇ ਹੋਣਗੇ ਕਿ ਮੈਂ ਕਿਤਾਬ ਬਾਬਤ ਕੁਝ ਲਿਖਾਂਗਾ ਤੇ ਉਨ੍ਹਾਂ ਨੂੰ ਦੱਸਾਂਗਾ। ਪਰ ਅਜਿਹਾ ਹੋ ਨਾ ਸਕਿਆ। ਅਖੀਰ ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਆਈ ਤਾਂ ਮਨ ਉਦਾਸ ਹੋ ਗਿਆ ਕਿ ਕਿਸਤਰਾਂ ਪੰਜਾਬ ਦੇ ਬੇਸ਼ਕੀਮਤੀ ਲਾਲ ਚੁੱਪ-ਚੁਪੀਤੇ ਤੁਰੀ ਜਾ ਰਹੇ ਹਨ, ਸਾਰ ਤਾਂ ਕੀ ਲੈਣੀ, ਕਿਸੇ ਨੂੰ ਖਬਰ ਤੱਕ ਨਹੀਂ ਹੈ। ਮੈਂ ਸੋਚਦਾ ਹਾਂ ਕਿ ਹੋ ਸਕਦਾ ਹੈ ਉਹ ਮੇਰੇ ਨਾਲ਼ ਨਰਾਜ਼ ਵੀ ਹੋਏ ਹੋਣ। ਪਰ ਕਿਆ ਕਹਿ ਸਕਦੇ ਹਾਂ ...