Din Deevin Lutt (Punjabi Story) : Gulzar Singh Sandhu

ਦਿਨ ਦੀਵੀਂ ਲੁੱਟ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਉਸਦਾ ਪਿਛੋਕੜ ਕੀ ਸੀ, ਉਹ ਕਿਸੇ ਨੂੰ ਦੱਸਦਾ ਨਹੀਂ ਸੀ। ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵਾਲੇ ਟੈਕਸੀ ਸਟੈਂਡ ਦੇ ਕਰਤਾ-ਧਰਤਾ ਨੌਰੰਗ ਸਿੰਘ ਦਾ ਰਿਸ਼ਤੇਦਾਰ ਸੀ। ਰਿਸ਼ਤੇਦਾਰੀ ਕੀ ਸੀ, ਕੋਈ ਨਹੀਂ ਸੀ ਜਾਣਦਾ। ਉਹ ਨੌਰੰਗ ਸਿੰਘ ਨੂੰ ਵੀਰ ਕਹਿੰਦਾ ਸੀ। ਜੇ ਕੋਈ ਪੁੱਛਣ ਤੋਂ ਹੀ ਨਾ ਹਟੇ ਤਾਂ ਕੇਵਲ ਏਨਾ ਹੀ ਦੱਸਦਾ ਸੀ ਕਿ ਉਹ ਨੌਰੰਗ ਸਿੰਘ ਦੇ ਮਾਮੇ ਦਾ ਪੁੱਤ ਸੀ, ਥੜ੍ਹੀ ਪਿੰਡ ਤੋਂ।
ਥੜ੍ਹੀ ਨਿੱਕਾ ਜਿਹਾ ਪਿੰਡ ਹੈ। ਮੋਰਿੰਡੇ ਕੋਲ ਜਿਸ ਨੂੰ ਬਾਗਾਂਵਾਲਾ ਵੀ ਕਹਿੰਦੇ ਹਨ। ਮੋਰਿੰਡਾ ਮੁਗਲਾਂ ਦੇ ਰਾਜ ਵਿਚ ਮੁਸਲਮਾਨਾਂ ਦਾ ਗੜ੍ਹ ਰਿਹਾ ਹੈ। ਸਰਹੰਦ, ਬਸੀ ਤੇ ਫਤਿਹਗੜ੍ਹ ਸਾਹਿਬ ਨੇੜੇ ਹੋਣ ਕਰਕੇ ਦੇਸ਼-ਵੰਡ ਤਕ ਇਲਾਕੇ ਵਿਚ ਦੋ ਹੀ ਕੌਮਾਂ ਦਾ ਦਬਦਬਾ ਸੀ। ਮੁਸਲਮਾਨਾਂ ਤੇ ਸਿੱਖਾਂ ਦਾ। ਦੋਨਾਂ ਕੌਮਾਂ ਦੇ 'ਮੱਕੇ' ਨੇੜੇ ਹਨ। ਇਕ ਦਾ ਫਤਿਹਗੜ੍ਹ ਸਾਹਿਬ, ਦੂਜੇ ਦਾ ਬਸੀ ਪਠਾਣਾਂ। ਇਕ ਰੇਲਵੇ ਲਾਈਨ ਦੇ ਏਧਰ ਤੇ ਦੂਜਾ ਓਧਰ। ਨੌਰੰਗ ਸਿੰਘ ਉਚੇ ਪਿੰਡ ਤੋਂ ਸੀ। ਥੜ੍ਹੀ ਉਸਦੇ ਨਾਨਕੇ ਸਨ। ਟੈਕਸੀ ਸਟੈਂਡ 'ਤੇ ਨਵੇਂ ਆਏ ਨੌਜਵਾਨ ਦਾ ਨਾਂ ਸ਼ਾਮ ਸਿੰਘ ਸੀ। ਸ਼ਾਮ ਸਿੰਘ ਸਿੱਖਾਂ ਵਿਚ ਆਮ ਪ੍ਰਚੱਲਤ ਨਾਂ ਹੈ। ਇਸ ਵਿਚ ਸਿੱਖੀ ਵੀ ਸ਼ਾਮਲ ਹੈ ਤੇ ਹਿੰਦੂ ਮਤ ਵੀ। ਸਪੱਸ਼ਟ ਹੈ ਕਿ ਇਸਦਾ ਇਸਲਾਮ ਨਾਲ ਕੋਈ ਸੰਬੰਧ ਨਹੀਂ। ਨਾਂ ਹੀ ਐਸਾ ਹੈ।
ਉਂਜ ਵੀ ਨੌਰੰਗ ਸਿੰਘ ਧੱਕੜ ਸੁਭਾਅ ਦਾ ਬੰਦਾ ਸੀ। ਉਸਨੂੰ ਵੀਰ ਕਹਿਣ ਵਾਲੇ ਨੂੰ ਪਿਆਰ ਕਰਨਾ ਹਰ ਇਕ ਦਾ ਫਰਜ਼ ਬਣਦਾ ਸੀ। ਨੌਰੰਗ ਸਿੰਘ ਦਾ ਛੋਟਾ ਵੀਰ ਹੋਣ ਦੇ ਨਾਤੇ ਸ਼ਾਮ ਸਿੰਘ ਥੋੜ੍ਹੇ ਦਿਨਾਂ ਵਿਚ ਹੀ ਟੈਕਸੀ ਸਟੈਂਡ 'ਤੇ ਹਰਮਨ ਪਿਆਰਾ ਹੋ ਗਿਆ। ਕੁਝ ਏਸ ਲਈ ਵੀ ਕਿ ਆਪਣੇ ਤੋਂ ਵੱਡੇ ਦੇ ਟਾਕਰੇ 'ਤੇ ਇਸ ਵਿਚ ਹਲੀਮੀ ਬੜੀ ਸੀ। ਵੱਡੇ ਭਰਾ ਨੂੰ ਤਾਂ ਸਟੈਂਡ ਵਾਲੇ ਨੌਰੰਗ ਸਿੰਘ ਦੀ ਥਾਂ ਨੌਰੰਗਾ ਵੀ ਕਹਿ ਲੈਂਦੇ ਸਨ, ਕਦੀ-ਕਦੀ ਔਰੰਗਾ ਵੀ। ਬਹੁਤਾ ਏਸ ਲਈ ਕਿ ਉਸਦੀ ਸਿੱਖ ਮੱਤ ਬਾਰੇ ਕੱਟੜਤਾ ਓਨੀ ਹੀ ਸੀ, ਜਿੰਨੀ ਔਰੰਗਜ਼ੇਬ ਦੀ ਇਸਲਾਮ ਬਾਰੇ। ਸ਼ਾਮ ਸਿੰਘ ਦਾ ਛੋਟਾ ਨਾਂ ਵੀ ਸ਼ਾਮੂ ਤੋਂ ਅੱਗੇ ਨਹੀਂ ਸੀ ਤੁਰਦਾ। ਕਿਹੜਾ ਸ਼ਾਮੂ? ਦਾ ਉਤਰ ਇਕ ਹੀ ਸੀ। ਸ਼ਾਮ ਸਿੰਘ ਸ਼ਾਮੂ ਹੋਰ ਕੌਣ। ਨੌਰੰਗੇ ਦਾ ਰਿਸ਼ਤੇਦਾਰ। ਗਰੀਬੜਾ ਤੇ ਸਾਊ ਜਿਹਾ। ਕੀ ਲਗਦਾ ਸੀ ਉਸਦਾ? ਕਿਸੇ ਨੇ ਕੀ ਲੈਣਾ ਸੀ। ਬੰਦਾ ਚੰਗਾ ਸੀ। ਸ਼ਰੀਫ ਸੀ। ਹਰ ਇਕ ਦੇ ਕੰਮ ਆਉਂਦਾ ਸੀ। ਨਾ ਰੰਨ ਨਾ ਕੰਨ। ਵਿਆਹ ਕਿਉਂ ਨਹੀਂ ਸੀ ਹੋਇਆ? ਕੋਈ ਨਹੀਂ ਸੀ ਜਾਣਦਾ।
ਸ਼ਾਮ ਸਿੰਘ ਆਪਣਾ ਪਿੰਡ ਥੜ੍ਹੀ ਛੱਡ ਕੇ ਏਸ ਲਈ ਦਿੱਲੀ ਆਇਆ ਸੀ ਕਿ ਟੈਕਸੀ ਚਲਾਉਣੀ ਸਿੱਖ ਕੇ ਡਰਾਈਵਰੀ ਦੇ ਧੰਦੇ ਵਿਚ ਪੈ ਜਾਵੇ। ਧੰਦਾ ਔਖਾ ਸੀ ਪਰ ਖੇਤੀ ਨਾਲੋਂ ਸੌਖਾ ਸੀ। ਆਮਦਨ ਖੇਤੀ ਨਾਲੋਂ ਕਿਤੇ ਵੱਧ। ਨੌਰੰਗ ਸਿੰਘ ਨੇ ਟੈਕਸੀ ਦੀ ਆਮਦਨ ਵਿਚੋਂ ਆਪਣੇ ਜੱਦੀ ਪਿੰਡ ਚੰਗੀ ਕੋਠੀ ਪਾ ਲਈ ਸੀ। ਸ਼ਾਮ ਸਿੰਘ ਨੇ ਵੀਹ ਵਾਰ ਦੇਖੀ ਸੀ। ਨੌਰੰਗ ਸਿੰਘ ਦਾ ਛੋਟਾ ਭਰਾ ਹੋਣ ਦੇ ਨਾਤੇ ਸਟੈਂਡ ਦੇ ਸਾਰੇ ਟੈਕਸੀਆਂ ਵਾਲੇ ਉਸਦੀ ਮਦਦ ਕਰਨਾ ਚਾਹੁੰਦੇ ਸਨ। ਬਹੁਤ ਸਾਰੇ ਟੈਕਸੀ ਡਰਾਈਵਰ ਸਵਾਰੀ ਲੈ ਕੇ ਜਾਂਦੇ ਸਮੇਂ ਉਸਨੂੰ ਅਗਲੀ ਸੀਟ 'ਤੇ ਆਪਣੇ ਬਰਾਬਰ ਬਿਠਾ ਲੈਂਦੇ। ਇਹ ਗੱਲ ਤਾਂ ਉਸਨੇ ਖੜ੍ਹੀ ਟੈਕਸੀ ਵਿਚ ਬਹਿ ਕੇ ਹੀ ਸਿੱਖ ਲਈ ਸੀ ਕਿ ਕਲੱਚ ਕਿਵੇਂ ਦੱਬਣਾ ਹੈ ਤੇ ਗੀਅਰ ਕਿਵੇਂ ਪਾਉਣੇ ਹਨ। ਬਰੇਕ ਲਾਉਣ ਦਾ ਤਰੀਕਾ ਵੀ ਤੇ ਟੈਕਸੀ ਖੜ੍ਹੀ ਕਰਨ ਉਪਰੰਤ ਹੈਂਡ ਬਰੇਕ ਲਾਉਣੀ ਵੀ। ਸਵਾਰੀ ਨੂੰ ਉਸਦੀ ਮੰਜ਼ਿਲ 'ਤੇ ਛੱਡ ਕੇ ਵਾਪਸ ਆਉਂਦਿਆਂ, ਸਾਰੇ ਸ਼ਾਮੂ ਨੂੰ ਆਪਣਾ ਸ਼ਿਸ਼ ਬਣਾ ਲੈਂਦੇ ਤੇ ਉਸਨੂੰ ਡਰਾਈਵਰੀ ਦਾ ਸਬਕ ਸਿਖਾ ਕੇ ਖੁਸ਼ ਹੁੰਦੇ।
ਸ਼ਾਮ ਸਿੰਘ ਸੁਘੜ, ਸੁਚੇਤ ਤੇ ਲੋੜਵੰਦ ਨੌਜਵਾਨ ਸੀ। ਉਸਨੇ ਟੈਕਸੀ ਚਲਾਉਣੀ ਵੀ ਸਿੱਖ ਲਈ ਤੇ ਲਾਈਸੈਂਸ ਲੈਣ ਵਿਚ ਵੀ ਦੇਰੀ ਨਹੀਂ ਲਾਈ। ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਤੋਂ ਏਡੇ ਵੱਡੇ ਸ਼ਹਿਰ ਵਿਚ ਆ ਕੇ ਏਨੀ ਛੇਤੀ ਟੈਕਸੀ ਚਲਾਉਣ ਦੇ ਯੋਗ ਹੋਣ ਵਾਲਾ ਉਹ ਇੱਕੋ-ਇਕ ਵਿਅਕਤੀ ਸੀ। ਟੈਕਸੀ ਡਰਾਈਵਰ ਬਣਨ ਲਈ ਦੋ ਗੱਲਾਂ ਦੀ ਵੱਡੀ ਲੋੜ ਸੀ-ਪਹਿਲੀ ਇਹ ਕਿ ਉਸ ਨੇ ਗੱਡੀ ਚਲਾਉਣ, ਭੀੜ ਵਿਚੋਂ ਲੰਘਾਉਣ, ਲਾਈਟਾਂ ਤੇ ਸਪੀਡ ਦਾ ਧਿਆਨ ਰੱਖਣ ਦਾ ਪਤਾ ਹੋਣ ਤੋਂ ਬਿਨਾਂ, ਟੈਕਸੀ ਵਿਚ ਬੈਠੀ ਸਵਾਰੀ ਨਾਲ ਗੱਲਬਾਤ ਤੋਂ ਪਰਹੇਜ਼ ਕਰਨਾ ਸੀ। ਦੂਜੀ ਜ਼ਰੂਰੀ ਗੱਲ ਇਹ ਵੀ ਕਿ ਉਸਨੂੰ ਦਿੱਲੀ ਤੇ ਨਵੀਂ ਦਿੱਲੀ ਦੀਆਂ ਸਾਰੀਆਂ ਕਾਲੋਨੀਆਂ ਦੇ ਰਾਹ ਆਉਣੇ ਚਾਹੀਦੇ ਸਨ। ਕਿਸੇ ਸਵਾਰੀ ਨੂੰ ਸਿੱਧੇ ਰਸਤੇ ਲਿਜਾਣ ਦੀ ਥਾਂ ਘੁੰਮ-ਘੁਮਾ ਕੇ ਲਿਜਾਣ 'ਤੇ ਸਵਾਰੀ ਖ਼ਫਾ ਹੋ ਸਕਦੀ ਸੀ। ਅਜਿਹੇ ਵਿਚ ਬਖਸ਼ੀਸ਼ ਤਾਂ ਕੀ ਮਿਲਣੀ ਸੀ, ਡਰਾਈਵਰ ਨੂੰ ਥਾਣੇ ਦਾ ਦੌਰਾ ਵੀ ਕਰਨਾ ਪੈ ਸਕਦਾ ਸੀ।
ਸ਼ਾਮ ਸਿੰਘ ਨੇ ਚੰਗੀ ਡਰਾਈਵਰੀ ਦੇ ਸਭ ਨੁਕਤੇ ਆਪਣੇ ਪੱਲੇ ਬੰਨ੍ਹ ਲਏ ਸਨ। ਉਹ ਬਹੁਤ ਹੀ ਚੰਗਾ ਡਰਾਈਵਰ ਤੇ ਚੰਗੇ ਸਲੀਕੇ ਵਾਲਾ ਬੰਦਾ ਗਿਣਿਆ ਜਾਣ ਲੱਗਿਆ। ਜੋ ਕੁਝ ਨੌਰੰਗ ਸਿੰਘ ਨੇ ਧਿੰਗੋਜ਼ੋਰੀ ਵੀਹ ਸਾਲ ਦਾ ਸਮਾਂ ਲਾ ਕੇ ਕਮਾਇਆ ਸੀ, ਸ਼ਾਮ ਸਿੰਘ ਨੇ ਸਲੀਕੇ ਤੇ ਸਹਿਜ ਨਾਲ ਕਮਾ ਲਿਆ ਸੀ ਤੇ ਉਹ ਵੀ ਇਕ ਸਾਲ ਤੋਂ ਘੱਟ ਸਮਾਂ ਲਾ ਕੇ। ਸ਼ਾਮ ਸਿੰਘ ਰੇਲਵੇ ਟੈਕਸੀ ਸਟੈਂਡ ਦੇ ਸਾਰੇ ਟੈਕਸੀ ਮਾਲਕਾਂ ਤੇ ਉਨ੍ਹਾਂ ਦੇ ਡਰਾਈਵਰਾਂ ਵਿਚ ਓਨਾ ਹੀ ਹਰਮਨ ਪਿਆਰਾ ਹੋ ਗਿਆ ਸੀ ਜਿੰਨਾ ਨੌਰੰਗ ਸਿੰਘ।
ਨੌਰੰਗ ਸਿੰਘ ਦੇ ਦੋਸਤਾਂ ਵਿਚ ਉਨ੍ਹਾਂ ਦੇ ਪਿੰਡਾਂ ਵਲ ਦਾ ਸੰਤਾ ਸਿੰਘ ਵੀ ਸੀ। ਉਸਦਾ ਜੱਦੀ ਪਿੰਡ ਚਮਕੌਰ ਸਾਹਿਬ ਦੇ ਨੇੜੇ ਰਾਮਗੜ੍ਹ ਸੀ। ਉਹ ਵੀ ਡਰਾਈਵਰ ਸੀ ਤੇ ਨੌਰੰਗ ਸਿੰਘ ਨਾਲੋਂ ਉਮਰ ਵਿਚ ਪੰਜ ਸੱਤ ਸਾਲ ਵੱਡਾ ਸੀ। ਉਹ ਟੈਕਸੀ ਨਹੀਂ, ਟਰੱਕ ਚਲਾਉਂਦਾ ਸੀ। ਨੌਰੰਗ ਸਿੰਘ ਦੀ ਟੈਕਸੀ ਨੂੰ ਦਿੱਲੀ ਤੋਂ ਬਾਹਰ ਦੀ ਸਵਾਰੀ ਨੂੰ ਤਾਜ ਮਹਿਲ, ਪਟਿਆਲਾ, ਚੰਡੀਗੜ੍ਹ ਜਾਂ ਜੈਪੁਰ ਦਿਖਾਉਣ ਲਈ ਪਰਮਿਟ ਲੈਣਾ ਪੈਂਦਾ ਸੀ। ਸੰਤਾ ਸਿੰਘ ਦਾ ਟਰੱਕ ਅੰਮ੍ਰਿਤਸਰ ਤੋਂ ਮੁੰਬਈ ਤੱਕ ਜਿੱਥੇ ਮਰਜ਼ੀ ਜਾ ਸਕਦਾ ਸੀ। ਨੌਰੰਗ ਸਿੰਘ ਸੱਤ ਟੈਕਸੀਆਂ ਦਾ ਮਾਲਕ ਸੀ ਤੇ ਸੰਤਾ ਸਿੰਘ ਕੇਵਲ ਇਕ ਟਰੱਕ ਦਾ। ਪਰ ਉਹ ਇਹੋ ਜਿਹਾ ਮਿਹਣਾ ਪੱਲੇ ਨਹੀਂ ਸੀ ਪੈਣ ਦਿੰਦਾ। 'ਤੇਰੀਆਂ ਸੱਤਾਂ ਦੀਆਂ ਸੱਤਾਂ ਸਾਬਣਦਾਨੀਆਂ ਦੇ ਟਾਕਰੇ 'ਤੇ ਮੇਰਾ ਇਕ ਹੀ ਟਰੱਕ ਮਾਣ ਨਹੀਂ।'
ਸੰਤਾ ਸਿੰਘ, ਨੌਰੰਗ ਸਿੰਘ ਦੀਆਂ ਟੈਕਸੀਆਂ ਦੇ ਆਕਾਰ ਦੀ ਹਰ ਗੱਡੀ ਨੂੰ ਸਾਬਣਦਾਨੀ ਕਹਿੰਦਾ ਤੇ ਆਪਣੇ ਟਰੱਕ ਨੂੰ ਜਰਨੈਲੀ ਸੜਕ ਦਾ ਸਰਦਾਰ। ਜੇ ਏਨੇ ਨਾਲ ਵੀ ਉਸਦੀ ਜਿੱਤ ਨਾ ਹੁੰਦੀ ਤਾਂ ਉਹ ਆਪਣੀ ਵਾਰਤਾਲਾਪ ਵਿਚ ਪੰਜਾਬ ਦੇ ਉਸ ਵੇਲੇ ਦੇ ਸ਼ਕਤੀਸ਼ਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਧੂਹ ਲਿਆਉਂਦਾ, ਕੈਰੋਂ ਦੀ ਆਪਣੀ ਕਾਰ ਦੇ ਹਰ ਡਰਾਈਵਰ ਨੂੰ ਇਕ ਹੀ ਤਾੜਨਾ ਸੀ ਕਿ ਆਪਣੀ ਕਾਰ ਨੂੰ ਸਾਹਮਣਿਉਂ ਆ ਰਹੇ ਪ੍ਰਤਾਪ ਸਿੰਘ ਤੋਂ ਬਚਾਵੇ।' ਪ੍ਰਤਾਪ ਸਿੰਘ ਤੋਂ ਉਸ ਦਾ ਭਾਵ ਸੜਕ 'ਤੇ ਜਾ ਰਿਹਾ ਟਰੱਕ ਹੁੰਦਾ ਸੀ।
ਸੰਤਾ ਸਿੰਘ ਦੇ ਸਾਰੇ ਕੰਮ ਏਸੇ ਤਰ੍ਹਾਂ ਦੇ ਸਨ। ਇਕ ਵਾਰੀ ਉਹ ਮੁੰਬਈ ਤੋਂ ਆਪਣੇ ਨਾਲ ਇਕ ਗਰੀਬੜੀ ਜਿਹੀ ਕੁੜੀ ਬਿਠਾ ਲਿਆਇਆ। ਉਸ ਦੇ ਕਹਿਣ ਅਨੁਸਾਰ ਉਹ ਮਹਾਂਰਾਸ਼ਟਰ ਦੇ ਕੋਂਕਨ ਇਲਾਕੇ ਤੋਂ ਸੀ ਤੇ ਉਦੋਂ ਤੱਕ ਦੋ ਥਾਂ ਵਿਕ ਚੁੱਕੀ ਸੀ। ਉਹ ਚਾਹੁੰਦਾ ਸੀ ਕਿ ਆਪਣੇ ਮਿੱਤਰ ਨੌਰੰਗ ਸਿੰਘ ਦੀ ਮਦਦ ਨਾਲ ਉਸ ਕੁੜੀ ਨੂੰ ਦਿੱਲੀ ਦੇ ਕਿਸੇ ਲੋੜਵੰਦ ਡਰਾਈਵਰ ਦੇ ਗਲ ਮੜ੍ਹ ਦੇਵੇ। ਉਸਨੇ ਕੇਵਲ ਪੰਜ ਸੌ ਰੁਪਏ ਖਰਚੇ ਸਨ। ਜੇ ਛੇ ਸੌ ਰੁਪਏ ਵੀ ਮਿਲ ਜਾਣ ਤਾਂ ਕੁੜੀ ਦਾ ਭਲਾ ਹੋ ਸਕਦਾ ਸੀ। ਉਹ ਮੁੰਬਈ ਵਾਪਸ ਨਹੀਂ ਸੀ ਜਾਣਾ ਚਾਹੁੰਦੀ। ਉਹ ਮੁੰਬਈ ਵਾਲਿਆਂ ਨੂੰ ਨਫਰਤ ਕਰਦੀ ਸੀ। ਉਸਨੂੰ ਕੋਈ ਵੀ ਮਰਦ ਚੰਗਾ ਨਹੀਂ ਸੀ ਲਗਦਾ।
ਸੰਤਾ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਕੁੜੀ ਦੇ ਮਨ ਵਿਚ ਪੰਜਾਬੀਆਂ ਲਈ ਸਤਿਕਾਰ ਭਰਿਆ ਸੀ। ਉਸਨੂੰ ਚੰਗਾ ਖਾਣ ਨੂੰ ਦਿੰਦਾ ਸੀ ਤੇ ਪਹਿਰਾਵਾ ਤਾਂ ਉਸਦਾ ਹਰ ਕੋਈ ਦੇਖ ਸਕਦਾ ਸੀ। ਉਸਦੀ ਫਟੀ ਪੁਰਾਣੀ ਸਾੜ੍ਹੀ ਸੁਟਵਾ ਦਿੱਤੀ ਸੀ। ਉਹਦੇ ਕੋਲ ਇਸ ਵੇਲੇ ਦੋ ਸੂਟ ਸਨ, ਸਲਵਾਰ ਕਮੀਜ਼ ਵਾਲੇ। ਉਹ ਇਕ ਪਹਿਨ ਲੈਂਦੀ ਤੇ ਦੂਜਾ ਧੋ ਲੈਂਦੀ। ਉਸ ਨੇ ਬਹੁਤਾ ਜ਼ੋਰ ਏਸ ਗੱਲ 'ਤੇ ਦਿੱਤਾ ਸੀ ਕਿ ਉਹ ਆਪ ਵੀ ਚੰਗਾ ਸੀ ਤੇ ਕੁੜੀ ਵੀ ਚੰਗੀ। ਉਸਦੀ ਦਿੱਲੀ ਫੇਰੀ ਦਾ ਅਸਲ ਮੰਤਵ ਕੁੜੀ ਨੂੰ ਚੰਗਾ ਮੁੰਡਾ ਲੱਭ ਕੇ ਦੇਣਾ ਸੀ। ਸੰਤਾ ਸਿਘ ਦੇ ਕਹਿਣ 'ਤੇ ਨੌਰੰਗ ਸਿੰਘ ਦੀ ਪਤਨੀ ਨੇ ਮੁੰਬਈ ਵਾਲੀ ਕੁੜੀ ਨੂੰ ਆਪਣੇ ਘਰ ਹੀ ਠਹਿਰਾ ਲਿਆ। ਬੱਚੇ ਵੀ ਉਸਨੂੰ ਪਸੰਦ ਕਰਦੇ। ਉਹ ਬੱਚਿਆਂ ਨੂੰ ਮੁੰਬਈ ਦੀਆਂ ਕਹਾਣੀਆਂ ਸੁਣਾਉਂਦੀ।
ਮੁੰਬਈ ਤੋਂ ਆਈ ਕੋਂਕਨੀ ਪਿਛੋਕੜ ਵਾਲੀ ਕੁੜੀ ਦਾ ਨਾਂ ਵੰਧਨਾ ਸੀ। ਉਹ ਸੱਚਮੁੱਚ ਦੀ ਦੁਖੀਆ ਸੀ। ਉਸ ਦੀ ਮਾਂ ਮਰ ਚੁੱਕੀ ਸੀ ਤੇ ਪਿਤਾ ਨੂੰ ਉਸਦੀ ਉਕਾ ਹੀ ਕੋਈ ਪਰਵਾਹ ਨਹੀਂ ਸੀ। ਉਹ ਕਿਸੇ ਹੋਰ ਔਰਤ ਦੇ ਚੱਕਰ ਵਿਚ ਸੀ ਤੇ ਉਸ ਔਰਤ ਦੇ ਭਾਈ ਦਗੜ-ਦਗੜ ਕਰਦੇ ਉਸਦੇ ਘਰ ਆ ਕੇ ਵੰਧਨਾ ਨੂੰ ਪ੍ਰੇਸ਼ਾਨ ਕਰਦੇ। ਪਿਤਾ ਦੇ ਸੁਪਨਿਆਂ ਦੀ ਔਰਤ ਤੇ ਭਾਈ, ਸਭ ਨਿਕੰਮੇ ਸਨ। ਉਨ੍ਹਾਂ ਤੋਂ ਬਚਦੀ ਉਹ ਕਿਸੇ ਹੋਰ ਨਿਕੰਮੇ ਬੰਦੇ ਦੀਆਂ ਗੱਲਾਂ ਵਿਚ ਆ ਗਈ, ਜਿਸ ਨੇ ਉਸ ਨੂੰ ਥੋੜ੍ਹੇ ਦਿਨ ਘਰ ਰੱਖ ਕੇ ਕਿਸੇ ਹੋਰ ਆਪਣੇ ਵਰਗੇ ਕੋਲ ਭੇਜ ਦਿੱਤਾ। ਵੰਧਨਾ ਦੇ ਕਹਿਣ ਅਨੁਸਾਰ ਉਹ ਦੋਵੇਂ ਥਾਂ ਵੇਚੀ ਗਈ ਸੀ ਪਰ ਖਰੀਦਣ ਵਾਲੇ ਇਸ ਗੱਲ ਤੋਂ ਮੁੱਕਰਦੇ ਸਨ। ਸੰਤਾ ਸਿੰਘ ਜਾਣਦਾ ਸੀ ਕਿ ਵੰਧਨਾ ਸੱਚੀ ਸੀ। ਸੱਚੀ ਕੁੜੀ ਨੂੰ ਸੱਚਾ ਤੇ ਸੁੱਚਾ ਸਾਥ ਚਾਹੀਦਾ ਸੀ। ਉਸਦੀ ਨਿਗਾਹ ਸ਼ਾਮ ਸਿੰਘ 'ਤੇ ਸੀ, ਇਹ ਸਾਰੇ ਜਾਣ ਗਏ ਸਨ। ਨੌਰੰਗ ਸਿੰਘ ਦੀ ਪਤਨੀ ਨੂੰ ਸ਼ਾਮ ਸਿੰਘ ਦੇ ਪਿਛੋਕੜ ਦਾ ਪਤਾ ਸੀ। ਉਹ ਜਾਣਦੀ ਸੀ ਕਿ ਉਸਨੂੰ ਵੰਧਨਾ ਤੋਂ ਚੰਗਾ ਸਾਥ ਲੱਭਣਾ ਮੁਸ਼ਕਲ ਸੀ।
ਇਕ ਫਰਜ਼ੀ ਜਿਹੀ ਰਸਮ ਅਦਾ ਕਰਕੇ ਸ਼ਾਮ ਸਿੰਘ ਦਾ ਵਿਆਹ ਵੰਧਨਾ ਨਾਲ ਕਰ ਦਿੱਤਾ ਗਿਆ। ਟੈਕਸੀ ਸਟੈਂਡ ਵਾਲੇ ਸਾਰੇ ਲੋਕ ਹੈਰਾਨ ਸਨ ਕਿ ਨੌਰੰਗ ਸਿੰਘ ਨੇ ਰਿਸ਼ਤੇਦਾਰੀ ਵਿਚੋਂ ਆਪਣੇ ਇਸ ਭਰਾ ਦਾ ਵਿਆਹ ਏਨੀ ਕਾਹਲੀ ਵਿਚ ਏਦਾਂ ਕਿਉਂ ਕੀਤਾ। ਸ਼ਾਮ ਸਿੰਘ ਦੀ ਸ਼ਰਤ ਕੇਵਲ ਏਨੀ ਹੀ ਸੀ ਕਿ ਉਸਨੇ ਅਨੰਦ ਕਾਰਜ ਸਿੱਖ ਰੀਤੀ-ਰਿਵਾਜਾਂ ਵਾਲਾ ਕਰਨਾ ਸੀ ਤੇ ਉਹ ਚਾਹੁੰਦਾ ਸੀ ਕਿ ਅੱਗੇ ਤੋਂ ਵੰਧਨਾ ਆਪਣੇ ਕੋਂਕਨੀ ਪਿਛੋਕੜ ਨੂੰ ਭੁੱਲ ਕੇ ਸਿੱਖੀ ਰਹਿਤ ਮਰਿਯਾਦਾ ਨਾਲ ਹੀ ਰਹੇ। ਵੰਧਨਾ ਨੂੰ ਇਹ ਸਭ ਕੁਝ ਮਨਜ਼ੂਰ ਸੀ। ਨੌਰੰਗ ਸਿੰਘ ਦੀ ਘਰਵਾਲੀ ਨੇ ਵੰਧਨਾ ਦੇ ਕੰਨੀਂ ਏਨੀ ਕੁ ਗੱਲ ਜ਼ਰੂਰ ਪਾ ਦਿੱਤੀ ਕਿ ਸ਼ਾਮ ਸਿੰਘ ਖੁਦ ਸਿੱਖ ਮਾਪਿਆਂ ਦਾ ਪੁੱਤਰ ਨਾ ਹੋਣ ਕਾਰਨ ਜੱਦੀ ਪੁਸ਼ਤੀ ਸਿੱਖ ਤਾਂ ਨਹੀਂ ਪਰ ਉਸਦੇ ਆਪਣੇ ਪਤੀ ਨੌਰੰਗ ਸਿੰਘ ਦੇ ਨਾਨਕੇ ਘਰ ਪਲਿਆ ਹੋਣ ਕਾਰਨ ਸਿੱਖੀ ਮਰਿਯਾਦਾ ਦਾ ਪੂਰਾ ਪਾਲਣ ਕਰਦਾ ਸੀ। ਇਹੋ ਕਾਰਨ ਸੀ ਕਿ ਅਨੰਦ ਕਾਰਜ ਪੜ੍ਹੇ ਜਾਣ ਤੋਂ ਪਹਿਲਾਂ ਵੰਧਨਾ ਦਾ ਨਾਂ ਵੀ ਗੁਰਮੀਤ ਕੌਰ ਰੱਖ ਲਿਆ ਗਿਆ।
ਜਦੋਂ ਉਹ ਵਿਆਹ ਤੋਂ ਪਿੱਛੋਂ ਸ਼ਾਮ ਸਿੰਘ ਦੇ ਇਕ ਕਮਰੇ ਵਾਲੇ ਘਰ ਵਿਚ ਆਈ ਤਾਂ ਉਸ ਨੂੰ ਇਹ ਤਾਂ ਪਤਾ ਸੀ ਕਿ ਸ਼ਾਮ ਸਿੰਘ ਸਿੱਖ ਨਹੀਂ ਸੀ ਪਰ ਇਹ ਨਹੀਂ ਸੀ ਪਤਾ ਕਿ ਉਸਦੇ ਮਾਪੇ ਕੌਣ ਸਨ। ਉਸਨੇ ਇਕ ਦਿਨ ਸ਼ਾਮ ਸਿੰਘ ਤੋਂ ਉਸਦੀ ਸੁੰਨਤ ਹੋਈ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਗੁਰਮੀਤ ਨੂੰ ਪੱਕਾ ਵਿਸ਼ਵਾਸ ਕਰਵਾ ਦਿੱਤਾ ਕਿ ਸੁੰਨਤ ਦਾ ਕਾਰਨ ਉਹਦੇ 'ਤੇ ਬਚਪਨ ਵਿਚ ਹੋਇਆ ਸ਼ਹਿਦ ਦੀਆਂ ਮੱਖੀਆਂ ਦਾ ਹਮਲਾ ਸੀ। ਨੰਗੇ-ਧੜੰਗੇ ਨੇ ਮਖਿਆਲ ਨੂੰ ਜਾ ਛੇੜਿਆ ਸੀ। ਨੌਰੰਗ ਸਿੰਘ ਦੀ ਮਾਮੀ ਪੈਰਵੀ ਨਾ ਕਰਦੀ ਤਾਂ ਮੱਖੀਆਂ ਦਾ ਖਾਧਾ ਮਰ ਵੀ ਸਕਦਾ ਸੀ। ਮਰਦਾਵਾਂ ਅੰਗ ਬਚਾਉਣ ਲਈ ਸੁੰਨਤ ਕਰਨੀ ਲਾਜ਼ਮੀ ਹੋ ਗਈ ਸੀ। ਸ਼ਹਿਦ ਦੀਆਂ ਮੱਖੀਆਂ ਵਾਲੀ ਕਹਾਣੀ ਮਾਮੀ ਨੇ ਖੁਦ ਘੜੀ ਸੀ। ਉਹ ਜਾਣਦੀ ਸੀ ਕਿ ਉਸਨੂੰ ਸੁੰਨਤ ਵਾਲਾ ਸਵਾਲ ਕੋਈ ਵੀ ਪੁੱਛ ਸਕਦਾ ਸੀ। ਉਸਦੇ ਬਚਪਨ ਦੇ ਸਾਥੀ ਤੇ ਉਸਦੀ ਹੋਣ ਵਾਲੀ ਜਾਂ ਹੋ ਚੁੱਕੀ ਪਤਨੀ।
ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਸ਼ਾਮ ਸਿੰਘ 1947 ਦੀ ਦੇਸ਼-ਵੰਡ ਤੋਂ ਪੈਦਾ ਹੋਈ ਕਤਲ-ਓ-ਗਾਰਤ ਦੀ ਉਪਜ ਸੀ। ਉਹ ਤਾਂ ਆਪਣੀ ਕਤਲ ਹੋਈ ਮੁਸਲਮਾਨ ਮਾਂ ਦੇ ਸਰ੍ਹਾਣੇ ਬੇਹੋਸ਼ੀ ਜਿਹੀ ਦੀ ਅਵਸਥਾ ਵਿਚ ਬੈਠਾ ਸੀ ਜਦੋਂ ਨੌਰੰਗ ਸਿੰਘ ਦਾ ਮਾਮਾ ਉਸ 'ਤੇ ਤਰਸ ਖਾ ਕੇ ਆਪਣੇ ਘਰ ਚੁੱਕ ਲਿਆਇਆ ਸੀ। ਉਸਨੇ ਅਨਾਥ ਬੱਚਾ ਆਪਣੀ ਘਰ ਵਾਲੀ ਨੂੰ ਫੜਾ ਕੇ ਏਨਾ ਹੀ ਕਿਹਾ ਸੀ ਕਿ ਜਿੱਥੇ ਹੋਰ ਪਲਦੇ ਹਨ, ਉਥੇ ਇਹ ਵੀ ਪਲ ਜਾਵੇਗਾ। ਸ਼ਾਮ ਸਿੰਘ ਸੱਚਮੁੱਚ ਏਸ ਤਰ੍ਹਾਂ ਹੀ ਪਲਿਆ ਸੀ। ਉਹ ਪਹਿਲੇ ਬੱਚਿਆਂ ਦਾ ਭਰਾ ਸੀ। ਉਨ੍ਹਾਂ ਦਾ ਭਰਾ ਹੋਣ ਨਾਤੇ ਉਹ ਪਿੰਡ ਦੇ ਸਾਰੇ ਹਮ ਉਮਰ ਬੱਚਿਆਂ ਦਾ ਭਰਾ ਸੀ। ਏਸ ਨਾਤੇ ਨੌਰੰਗ ਸਿੰਘ ਉਸ ਦੀ ਭੂਆ ਦਾ ਪੁੱਤ ਸੀ।
ਟੈਕਸੀ ਸਟੈਂਡ ਵਾਲੇ ਕੀ ਜਾਣਨ ਕਿ ਉਹ ਕੌਣ ਸੀ। ਉਹ ਹਰ ਰੋਜ਼ ਸੀਸ ਗੰਜ ਗੁਰਦੁਆਰੇ ਜਾਂਦਾ। ਟੈਕਸੀ ਵਿਚ ਸਵਾਰੀ ਬਿਠਾ ਕੇ ਕਿਸੇ ਵੀ ਗੁਰਦੁਆਰੇ ਦੇ ਅੱਗੋਂ ਦੀ ਲੰਘਦਾ ਤਾਂ ਸੀਟ 'ਤੇ ਬੈਠਿਆਂ ਹੀ ਸਿਰ ਨਿਵਾ ਕੇ ਨਤਮਸਤਕ ਹੁੰਦਾ। ਕੋਈ ਬੰਦਾ ਅਚੇਤ ਸਿੱਖਾਂ ਦਾ ਕੋਈ ਲਤੀਫਾ ਸੁਣਾ ਦਿੰਦਾ ਤਾਂ ਉਸਨੂੰ ਘਰ ਦੇ ਅਸਲੀ ਸਿੱਖ ਜੀਆਂ ਨਾਲੋਂ ਵੀ ਵੱਧ ਗੁੱਸਾ ਆਉਂਦਾ। ਉਹ ਸਿੱਖਾਂ ਦੀ ਉਪਜ ਸੀ। ਸਿੱਖੀ ਮਰਿਯਾਦਾ ਨਾਲ ਪਲਿਆ ਸੀ। ਉਸ ਦੇ ਗੁਰੂਆਂ ਨੇ ਹਰ ਤਰ੍ਹਾਂ ਦੇ ਅਨਿਆਂ ਵਿਰੁਧ ਕਿਰਪਾਨ ਚੁੱਕੀ ਸੀ। ਤੱਤੀ ਤਵੀ 'ਤੇ ਬੈਠੇ ਸਨ। ਮੀਰੀ ਤੇ ਪੀਰੀ ਨੂੰ ਬਰਾਬਰ ਦਾ ਸਥਾਨ ਦਿੱਤਾ ਸੀ। ਦਿੱਲੀ ਜਾ ਕੇ ਸੀਸ ਦਿੱਤਾ ਸੀ। ਚਮਕੌਰ ਦੀ ਗੜ੍ਹੀ ਵਿਚ ਮੁਸਲਮਾਨ ਜ਼ਾਲਮਾਂ ਨਾਲ ਟੱਕਰ ਲਈ ਸੀ। ਧਰਮ ਤੋਂ ਸੀਸ ਕੁਰਬਾਨ ਕੀਤੇ ਸਨ। ਸਰਬੰਸ ਵਾਰੇ ਸਨ।
ਨੌਰੰਗ ਸਿੰਘ ਦੇ ਮਾਮੇ ਦੇ ਸਕੇ ਪੁੱਤਰ ਇਨ੍ਹਾਂ ਗੱਲਾਂ ਵਿਚ ਓਨੀ ਦਿਲਚਸਪੀ ਨਹੀਂ ਸੀ ਲੈਂਦੇ, ਜਿੰਨੀ ਸ਼ਾਮ ਸਿੰਘ ਲੈਂਦਾ ਸੀ। ਨੌਰੰਗ ਸਿੰਘ ਜਾਣਦਾ ਸੀ ਕਿ ਉਹ ਡੋਲਣ ਵਾਲਾ ਨਹੀਂ ਸੀ। ਉਹ ਦੁਖੀਏ ਦਾ ਆਪਣਾ ਹੋ ਸਕਦਾ ਸੀ। ਜੇ ਉਸਨੂੰ ਦੁੱਖਾਂ ਦੀ ਸਾਰ ਲੈਣ ਵਾਲੇ ਮਿਲ ਗਏ ਸਨ ਤਾਂ ਉਹ ਵੀ ਤਾਂ ਦੁਖੀਏ ਜੀਵਾਂ ਦੀ ਸਾਰ ਲੈ ਸਕਦਾ ਸੀ। ਗੁਰਮੀਤ ਕੌਰ ਉਰਫ ਵੰਧਨਾ ਨਾਲ ਉਸ ਦੇ ਮੋਹ ਵਿਚ ਮਰਿਯਾਦਾ ਵੀ ਸ਼ਾਮਿਲ ਸੀ ਜਿਸ ਵਿਚ ਉਹ ਖੁਦ ਪਲਿਆ ਸੀ।
ਵਿਆਹੁਤਾ ਜੀਵਨ ਨੂੰ ਅਰੰਭ ਹੋਇਆਂ ਹਾਲੇ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕਿ ਅਚਾਨਕ ਹੀ ਇਕ ਬੇਸੁਆਦੀ ਪੈਦਾ ਹੋ ਗਈ। ਕਮਜ਼ੋਰੀ ਦੇ ਪਲਾਂ ਵਿਚ ਉਹ ਆਪਣੀ ਪਤਨੀ ਨੂੰ ਦੱਸ ਬੈਠਾ ਕਿ ਉਹ ਕੌਣ ਸੀ ਤੇ ਕਿਹੋ ਜਿਹਾ ਸਿੱਖ ਸੀ। ਵੰਧਨਾ ਤੋਂ ਗੁਰਮੀਤ ਬਣੀ ਬੀਵੀ ਨੂੰ ਉਸਦੇ ਕੇਸ ਤੇ ਦਾੜ੍ਹੀ ਪਹਿਲਾਂ ਵੀ ਚੰਗੇ ਨਹੀਂ ਸਨ ਲਗਦੇ ਪਰ ਸ਼ਾਮ ਸਿੰਘ ਦਾ ਪਿਛੋਕੜ ਜਾਨਣ ਤੋਂ ਪਿੱਛੋਂ ਬਿਲਕੁਲ ਹੀ ਮਾੜੇ ਲੱਗਣ ਲੱਗ ਪਏ। ਸ਼ਾਮ ਸਿੰਘ ਨੂੰ ਆਪਣੇ ਵਾਲਾਂ ਦੇ ਮੁੜ੍ਹਕੇ ਵਿਚੋਂ ਉਸ ਤਰ੍ਹਾਂ ਦੀ ਗੰਧ ਨਹੀਂ ਸੀ ਆਉਂਦੀ ਜਿਸ ਤਰ੍ਹਾਂ ਦੀ ਬੀਵੀ ਨੂੰ ਆਉਂਦੀ ਸੀ।
ਉਦੋਂ ਤਕ ਸਭ ਕੁਝ ਹੀ ਠੀਕ ਸੀ ਜਦੋਂ ਤਕ ਘਰ ਵਾਲੀ ਦੀ ਹਉਮੈ ਨੇ ਉਸਨੂੰ ਇਹ ਤੁੱਖਣਾ ਨਹੀਂ ਸੀ ਦਿੱਤੀ ਕਿ ਉਹ ਸ਼ਾਮ ਸਿੰਘ ਨੂੰ ਕੇਸਾਂ ਤੋਂ ਮੁਕਤੀ ਲੈਣ ਲਈ ਰਜ਼ਾਮੰਦ ਕਰ ਸਕਦੀ ਸੀ। ਉਸ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਸ਼ਾਮ ਸਿੰਘ ਨੂੰ ਅਜਿਹਾ ਸੁਝਾਉ ਸੁਣਨ 'ਤੇ ਕਿੰਨਾ ਗੁੱਸਾ ਆ ਸਕਦਾ ਹੈ। ਉਸਨੂੰ ਜੋ ਕੁਝ ਵੀ ਮਿਲਿਆ ਸੀ, ਸਿੱਖ ਧਰਮ ਤੇ ਸਿੱਖੀ ਮਰਿਯਾਦਾ ਤੋਂ ਮਿਲਿਆ ਸੀ। ਪਾਲਣ-ਪੋਸਣ, ਰੋਜ਼ਗਾਰ ਤੇ ਘਰ ਪਰਿਵਾਰ। ਦਾੜ੍ਹੀ, ਕੇਸ ਤੇ ਪਗੜੀ ਤੋਂ ਸੱਖਣਾ ਸਰੂਪ ਉਹ ਆਪਣੇ ਲਈ ਚਿਤਵ ਨਹੀਂ ਸੀ ਸਕਦਾ। ਉਹ ਕੌਣ ਹੁੰਦੀ ਸੀ ਉਸਦੇ ਸਰੂਪ ਨਾਲ ਛੇੜਖਾਨੀ ਕਰਨ ਵਾਲੀ। ਸਿੱਖੀ ਦੇ ਅੰਦਰਲੇ ਗੁਣਾਂ ਨੂੰ ਸਮਝਣ ਵਿਚ ਉਸਨੂੰ ਪਤਾ ਨਹੀਂ ਕਿੰਨੇ ਸਾਲ ਲੱਗਣੇ ਸਨ। ਉਹ ਤਾਂ ਹੁਣ ਤੋਂ ਹੀ ਗਲਤ-ਮਲਤ ਸੋਚਣ ਲੱਗ ਪਈ ਸੀ। ਕੱਲ੍ਹ ਨੂੰ ਕੁਝ ਵੀ ਕਹਿ ਸਕਦੀ ਸੀ। ਆਪਣੀ ਔਲਾਦ ਨੂੰ ਸਿੱਖੀ ਤੋਂ ਦੂਰ ਲਿਜਾ ਸਕਦੀ ਸੀ। ਸ਼ਾਮ ਸਿੰਘ ਨੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਹਿਣਾ। ਉਹ ਆਪਣੀ ਮਾਂ ਨੂੰ, ਜਿਹੜੀ ਭਾਵੇਂ ਧਰਮ ਦੀ ਮਾਂ ਹੀ ਸੀ, ਕਿਵੇਂ ਮਿਲੇਗਾ। ਉਸ ਮਾਂ ਨੂੰ ਜਿਸ ਨੇ ਉਸਨੂੰ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਨਾਲ ਪਾਲਿਆ ਸੀ, ਵਧੇਰੇ ਚੰਗੀ ਰਹਿਤ ਮਰਯਾਦਾ ਦਿੱਤੀ ਸੀ, ਵਧੇਰੇ ਪੱਕਾ ਸਿੱਖ ਬਣਾਇਆ ਸੀ।
ਉਸਨੇ ਫੈਸਲਾ ਕੀਤਾ ਕਿ ਉਹ ਨਵੀਂ ਬਣੀ ਬੀਵੀ ਨੂੰ ਆਪਣੇ ਘਰੋਂ ਕੱਢ ਦੇਵੇਗਾ। ਉਸਨੂੰ ਆਪਣੀ ਮੁੰਬਈ ਚਲੇ ਜਾਣਾ ਚਾਹੀਦਾ ਸੀ। ਪਤਾ ਨਹੀਂ ਕਿਹੜੀ ਮੋਰੀ ਦੀ ਇੱਟ ਚੁਬਾਰੇ ਨੂੰ ਆ ਲੱਗੀ ਸੀ। ਇਹੋ ਜਿਹੇ ਵਿਆਹੁਤਾ ਸਾਥ ਨਾਲੋਂ ਤਾਂ ਉਹ ਕੰਵਾਰਾ ਹੀ ਚੰਗਾ ਸੀ। ਸ਼ਾਮ ਸਿੰਘ ਨੇ ਉਸ ਨੂੰ ਆਪਣੀ ਟੈਕਸੀ ਵਿਚ ਬਿਠਾਇਆ ਤੇ ਨੌਰੰਗ ਸਿੰਘ ਦੇ ਘਰ ਅੱਗੇ ਉਤਾਰ ਦਿੱਤਾ। ਜਾਵੇ ਜਿੱਥੇ ਜਾਣਾ ਚਾਹੁੰਦੀ ਏ, ਉਸਨੇ ਕਿਹਾ ਸੀ।
ਜਦੋਂ ਤਕ ਉਹ ਟੈਕਸੀ ਲੈ ਕੇ ਸਟੇਸ਼ਨ ਵਾਲੇ ਸਟੈਂਡ 'ਤੇ ਪਹੁੰਚਿਆ, ਉਹਦਾ ਚਿਹਰਾ ਪੂਰਾ ਲਾਲ ਹੋ ਚੁਕਾ ਸੀ। ਨੌਰੰਗ ਸਿੰਘ ਨੂੰ ਪਤਾ ਲੱਗਾ ਤਾਂ ਉਸਨੂੰ ਵੀ ਗੁੱਸਾ ਆ ਗਿਆ। ਉਹ ਕੌਣ ਹੁੰਦੀ ਸੀ ਉਹਦੀ ਮਾਮੀ ਵਲੋਂ ਦਿੱਤੀ ਮਰਿਯਾਦਾ ਨੂੰ ਠੁੱਡਾ ਮਾਰਨ ਵਾਲੀ। ਨੌਰੰਗ ਸਿੰਘ, ਸ਼ਾਮੇ ਨੂੰ ਸਟੇਸ਼ਨ 'ਤੇ ਹੀ ਛੱਡ ਖੁਦ ਆਪਣੇ ਘਰ ਪੁੱਜਾ। ਉਸਦੀ ਪਤਨੀ ਨੇ ਪਹਿਲਾਂ ਹੀ ਗੁਰਮੀਤ ਨੂੰ ਸਮਝਾ-ਬੁਝਾ ਦਿੱਤਾ ਸੀ। ਉਹ ਨੌਰੰਗ ਸਿੰਘ ਨੂੰ ਦੇਖਦੇ ਸਾਰ ਹੀ ਉਸਦੇ ਪੈਰੀ ਢਹਿ ਪਈ ਤੇ ਉਸਨੇ ਆਪਣੀ ਗਲਤੀ ਦੀ ਮੁਆਫ਼ੀ ਮੰਗ ਲਈ।
ਗੁਰਮੀਤ ਕੌਰ ਤੇ ਸ਼ਾਮ ਸਿੰਘ ਨੂੰ ਇਕੱਠੇ ਰਹਿੰਦਿਆਂ ਦੋ ਦਹਾਕੇ ਤੋਂ ਵੱਧ ਹੋ ਚੁੱਕੇ ਸਨ, ਜਦ ਰਾਜਧਾਨੀ ਦਿੱਲੀ ਵਿਚ ਇੰਦਰਾ ਗਾਂਧੀ ਦੀ ਹੱਤਿਆ ਹੋ ਗਈ। ਇਹ ਹੱਤਿਆ ਉਸਦੇ ਸਿੱਖ ਬਾਡੀਗਾਰਡਾਂ ਨੇ ਕੀਤੀ ਸੀ। ਉਹ ਨੀਲਾ ਤਾਰਾ ਅਪਰੇਸ਼ਨ ਸਮੇਂ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਤੋਂ ਦੁਖੀ ਸਨ। ਦੇਸ਼ ਦੀ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਉਸਦੇ ਸਿੱਖ ਬਾਡੀਗਾਰਡਾਂ ਵਲੋਂ ਹੋਣ ਦੀ ਖਬਰ ਨੇ ਸਮੁੱਚੇ ਭਾਰਤ ਨੂੰ ਨੀਲਾ ਤਾਰਾ ਅਪਰੇਸ਼ਨ ਤੋਂ ਵੀ ਵੱਧ ਝੰਜੋੜ ਕੇ ਰੱਖ ਦਿੱਤਾ। ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਦੁੱਖ ਕੇਵਲ ਸਿੱਖ ਮਨਾਂ ਵਿਚ ਧੁਖਣ ਵਾਲਾ ਸੀ ਪਰ ਸਿੱਖ ਬਾਡੀਗਾਰਡਾਂ ਵਲੋਂ ਕੀਤੀ ਇੰਦਰਾ ਗਾਂਧੀ ਦੀ ਹੱਤਿਆ ਨੇ ਭਾਰਤ ਦੀ ਸਾਰੀ ਹਿੰਦੂ ਵਸੋਂ ਦੀਆਂ ਨਜ਼ਰਾਂ ਵਿਚ ਹਰ ਸਿੱਖ ਹਤਿਆਰਾ ਬਣਾ ਦਿੱਤਾ।
ਹੱਤਿਆ ਤੋਂ ਤੁਰੰਤ ਪਿੱਛੋਂ ਦਿੱਲੀ, ਮੁੰਬਈ, ਕਾਨਪੁਰ, ਕੋਲਕਾਤਾ ਦੇ ਸਭ ਉਨ੍ਹਾਂ ਥਾਵਾਂ 'ਤੇ ਜਿੱਥੇ ਵੀ ਸਿੱਖ ਵਸੇ ਹੋਏ ਸਨ, ਕਾਲੀ ਬੋਲੀ ਹਨੇਰੀ ਝੁੱਲ ਗਈ। ਦੰਗਾਕਾਰੀ ਹਰ ਉਸ 'ਤੇ ਵਰ੍ਹ ਪਏ ਜਿਸ ਨੇ ਵੀ ਦਾੜ੍ਹੀ ਰੱਖੀ ਹੋਈ ਸੀ ਤੇ ਸਿਰ 'ਤੇ ਪੱਗ ਜਾਂ ਪਟਕਾ ਬੱਧਾ ਹੋਇਆ ਸੀ। ਸਕੂਲਾਂ ਵਿਚੋਂ ਪੜ੍ਹ ਕੇ ਘਰਾਂ ਨੂੰ ਜਾ ਰਹੇ ਸਿੱਖ ਬੱਚੇ ਵੀ ਨਹੀਂ ਬਖਸ਼ੇ ਗਏ। ਸਿੱਖ ਦੁਕਾਨਦਾਰਾਂ ਤੇ ਉਦਯੋਗਪਤੀਆਂ ਦੇ ਘਰਾਂ ਤੇ ਦੁਕਾਨਾਂ ਨੂੰ ਅੱਗਾਂ ਲਾਈਆਂ ਗਈਆਂ। ਦੰਗਾਕਾਰੀਆਂ ਦੀ ਕਿਸੇ ਸਿੱਖ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਉਨ੍ਹਾਂ ਨੂੰ ਦੁਕਾਨਾਂ ਵਿਚ ਪਿਆ ਕੀਮਤੀ ਮਾਲ ਤੇ ਘਰਾਂ ਦਾ ਸਾਜ਼ੋ-ਸਾਮਾਨ ਲਾਵਾਰਿਸ ਦਿਖਾਈ ਦੇਣ ਲੱਗ ਪਿਆ। ਸਮੁੱਚੀ ਸਿੱਖ ਕੌਮ ਉਸੇ ਤਰ੍ਹਾਂ ਨਿਹੱਥੀ ਹੋ ਗਈ ਜਿਵੇਂ ਹੱਤਿਆ ਦੀ ਘੜੀ ਇੰਦਰਾ ਗਾਂਧੀ। ਸਿੱਖਾਂ ਕੋਲ ਭੜਕੇ ਹੋਏ ਤੇ ਲਾਲਚੀਆਂ ਅੱਖਾਂ ਵਾਲੇ ਹਜੂਮ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ ਸੀ।
ਸ਼ਾਮ ਸਿੰਘ ਤੇ ਗੁਰਮੀਤ ਕੌਰ ਹੁਣ ਤੱਕ ਤਿੰਨ ਪੁੱਤਰਾਂ ਤੇ ਦੋ ਧੀਆਂ ਦੇ ਮਾਪੇ ਹੋ ਚੁੱਕੇ ਸਨ। ਉਸਨੂੰ ਵੰਧਨਾ ਤੋਂ ਗੁਰਮੀਤ ਕੌਰ ਹੋਇਆਂ ਵੀਹ ਸਾਲ ਹੋ ਗਏ ਸਨ। ਸਿੱਖੀ ਮਰਿਯਾਦਾ ਦੀ ਬੱਧੀ ਗੁਰਮੀਤ ਕੌਰ ਨੇ ਆਪਣੇ ਪੁੱਤਾਂ-ਧੀਆਂ ਦੇ ਸਿੱਖੀ ਸਰੂਪ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਸੀ। ਉਹ ਖੁਦ ਦੋ ਵੇਲੇ ਗੁਰਦੁਆਰੇ ਮੱਥਾ ਟੇਕਣ ਜਾਂਦੀ। ਸ਼ਾਮ ਸਿੰਘ ਟੈਕਸੀ ਦੇ ਮਾਮੂਲੀ ਡਰਾਈਵਰ ਤੋਂ ਉਠ ਕੇ ਦੋ ਟੈਕਸੀਆਂ ਦਾ ਮਾਲਕ ਬਣ ਚੁੱਕਿਆ ਸੀ। ਵੰਧਨਾ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਇਹ ਸਭ ਕੁਝ ਵਾਹਿਗੁਰੂ ਦੀ ਦੇਣ ਸੀ। ਇਕ ਗਰੀਬੜੀ ਕੋਂਕਨ ਕੁੜੀ ਦਾ ਟੈਕਸੀ ਮਾਲਕ ਦੀ ਪਤਨੀ ਹੋਣਾ ਤੇ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਤੇ ਪੜ੍ਹਾਈ ਲਿਖਾਈ ਦੇ ਪੂਰਨ ਵਸੀਲਿਆਂ ਦੀ ਮਾਲਕ ਹੋਣਾ ਉਪਰ ਵਾਲੇ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਉਪਰ ਵਾਲੇ ਦਾ ਸਰੂਪ ਨਾ ਹੀ ਅੱਲਾ ਮੀਆਂ ਵਰਗਾ ਸੀ, ਨਾ ਹੀ ਮਰੀਅਮ ਦੇ ਜਾਏ ਈਸਾ ਵਰਗਾ ਤੇ ਨਾ ਹੀ ਰਾਮ, ਕ੍ਰਿਸ਼ਨ, ਭਗਵਾਨ ਬੁੱਧ ਤੇ ਜੈਨ ਮੁਨੀ ਵਰਗਾ। ਉਹ ਵਾਹਿਗੁਰੂ ਤੋਂ ਸਿਵਾ ਹੋਰ ਕੋਈ ਹੋ ਹੀ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਸੀ ਤੇ ਉਸੇ ਦੀਆਂ ਦਿੱਤੀਆਂ ਬਰਕਤਾਂ। ਬਰਕਤਾਂ ਦੇਣ ਵਾਲਾ ਵੀ ਕੋਈ ਇਕ ਨਹੀਂ ਸੀ। ਦਸ ਪਾਤਸ਼ਾਹੀਆਂ, ਚਾਲੀ ਮੁਕਤੇ, ਅਨੇਕ ਸ਼ਹੀਦ ਸਿੰਘ, ਸਿੰਘਣੀਆਂ ਤੇ ਸਾਹਿਬਜ਼ਾਦੇ। ਉਸਨੂੰ ਆਪਣੇ ਪਟਕਾਧਾਰੀ ਪੁੱਤਰਾਂ ਦੇ ਚਿਹਰੇ 'ਤੇ ਉਹੀਓ ਲਾਲੀ ਦਿਖਾਈ ਦਿੰਦੀ ਜਿਹੜੀ ਉਹ ਤਸਵੀਰਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਵਿਚ ਦੇਖਦੀ ਸੀ। ਘਰ ਦੀਆਂ ਬਜ਼ੁਰਗ ਇਸਤਰੀਆਂ ਤੋਂ ਉਸਨੂੰ ਗੁਰੂ ਸਾਹਿਬਾਂ ਦੀ ਬਰਾਬਰੀ ਵਾਲੀ ਸੋਚ ਰੱਖਣ 'ਤੇ ਝਾੜ ਵੀ ਪੈ ਚੁੱਕੀ ਸੀ ਪਰ ਉਹ ਏਸ ਤਰ੍ਹਾਂ ਸੋਚੇ ਬਿਨਾਂ ਰਹਿ ਨਹੀਂ ਸੀ ਸਕਦੀ। ਆਪਣੇ ਘਰ ਦੇ ਕਿਸੇ ਜੀਵ ਵਿਚੋਂ ਰੱਬ ਰੂਪੀ ਜੀਵਾਂ ਦਾ ਰੂਪ ਦੇਖਣਾ ਬੇਅਦਬੀ ਮੰਨੀ ਜਾਂਦੀ ਸੀ। ਪਰ ਜ਼ਿੰਦਗੀ ਵਿਚ ਪ੍ਰਾਪਤ ਹੋਈਆਂ ਬਰਕਤਾਂ ਨੇ ਉਸਦੇ ਵਿਸ਼ਵਾਸਾਂ ਨੂੰ ਚੁੰਧਿਆਉਣ ਵਿਚ ਬੜਾ ਹਿੱਸਾ ਪਾਇਆ। ਉਹ ਤਾਂ ਆਪਣੇ ਪਤੀ ਸ਼ਾਮ ਸਿੰਘ ਦੀ ਸੰਘਣੀ ਭਰਵੀਂ ਦਾੜ੍ਹੀ ਤੇ ਕੁੰਢੀਆਂ ਮਰਦਾਵੀਆਂ ਮੁੱਛਾਂ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਦੇਖਣ ਲੱਗ ਪਈ ਸੀ। ਬੰਦਾ ਬਹਾਦਰ ਨੂੰ ਸਰਹੰਦ ਦੀ ਇੱਟ ਨਾਲ ਇੱਟ ਵਜਾਉਣ ਦੀ ਸ਼ਕਤੀ ਕੇਸਾਂ ਸੁਆਸਾਂ ਨੇ ਦਿੱਤੀ ਸੀ, ਉਸਦਾ ਵਿਸ਼ਵਾਸ ਸੀ।
ਵੰਧਨਾ ਤੋਂ ਗੁਰਮੀਤ ਕੌਰ ਬਣੀ ਸ਼ਾਮ ਸਿੰਘ ਦੀ ਪਤਨੀ ਨੇ ਇਹ ਪ੍ਰਭਾਵ ਵੀਹ ਸਾਲ ਦੀ ਉਮਰ ਤੋਂ ਪਿੱਛੋਂ ਗ੍ਰਹਿਣ ਕੀਤੇ ਸਨ। ਅਜਿਹੀ ਭਾਵਨਾ ਤੇ ਵਿਸ਼ਵਾਸ ਪੈਦਾ ਕਰਨ ਵਿਚ ਸ਼ਾਮ ਸਿੰਘ ਤੇ ਨੌਰੰਗ ਸਿੰਘ ਦੇ ਨਾਨਕਿਆਂ ਦਾ ਬੜਾ ਹੱਥ ਸੀ। ਪਰ ਇੰਦਰਾ ਦੀ ਹੱਤਿਆ ਤੋਂ ਪਿੱਛੋਂ ਹੋਏ ਸਿੱਖਾਂ ਦੇ ਕਤਲੇਆਮ ਨੇ ਉਸ ਦੇ ਇਸ ਵਿਸ਼ਵਾਸ ਨੂੰ ਬੜੀ ਠੇਸ ਲਾਈ। ਕੇਸ ਤੇ ਪਗੜੀ ਰੱਖਿਆ ਕਰਨ ਦੀ ਥਾਂ ਸਿੱਖਾਂ ਦੀ ਜਾਨ ਦਾ ਖਾਓ ਬਣ ਚੁੱਕੇ ਸਨ। ਸਿੱਖਾਂ ਦੇ ਪਛਾਣ-ਚਿੰਨ੍ਹ ਕਿਸੇ ਵੀ ਸਿੱਖ ਦੀ ਹੱਤਿਆ ਲਈ ਸੱਦਾ ਦਿੰਦੇ ਸਨ। ਉਹ ਬੱਚਾ ਸੀ, ਜਵਾਨ ਜਾਂ ਬੁੱਢਾ, ਉਸਦਾ ਸ਼ਕਲੋਂ-ਸੂਰਤੋਂ ਸਿੱਖ ਹੋਣਾ ਮੌਤ ਨੂੰ ਆਵਾਜ਼ ਮਾਰਦਾ ਸੀ। ਸਿੱਖਾਂ ਦੇ ਬੱਚਿਆਂ ਤੱਕ ਨੂੰ ਕਤਲ ਕੀਤੇ ਜਾਣ ਦੀਆਂ ਖਬਰਾਂ ਆ ਰਹੀਆਂ ਸਨ। ਗਵਾਂਢੀ ਇਨ੍ਹਾਂ ਖਬਰਾਂ ਨੂੰ ਹੋਰ ਵੀ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਸਨ।
ਗੁਰਮੀਤ ਕੌਰ ਦੇ ਮਨ ਦੇ ਚਿੱਤਰ-ਪਟ 'ਤੇ ਸ਼ਾਮ ਸਿੰਘ ਦੀ ਦੱਸੀ ਇਕ ਬਹੁਤ ਪੁਰਾਣੀ ਯਾਦ ਆ ਗਈ। ਸ਼ਾਮ ਸਿੰਘ ਦੇ ਪਾਲਕਾਂ ਨੇ ਦੱਸਿਆ ਸੀ ਕਿ ਸ਼ਾਮ ਸਿੰਘ ਦਾ ਅਸਲੀ ਪਿਤਾ ਇਸ ਲਈ ਮਾਰਿਆ ਗਿਆ ਸੀ ਕਿ ਉਸ ਨੇ ਫਸਾਦੀਆਂ ਦੀ ਆਮਦ ਸਮੇਂ ਆਪਣੇ ਸਿਰ 'ਤੇ ਪੀਲਾ ਪਟਕਾ ਬੰਨ੍ਹਿਆ ਹੋਇਆ ਸੀ। ਉਸ ਦੀ ਮਾਂ ਦੇ ਕਤਲ ਹੋਣ ਦਾ ਕਾਰਨ ਵੀ ਉਸ ਦੇ ਸਿਰ 'ਤੇ ਲਈ ਹੋਈ ਪੀਲੀ ਚੁੰਨੀ ਹੀ ਸੀ। ਸ਼ਾਮ ਸਿੰਘ ਨੂੰ ਦੱਸਿਆ ਗਿਆ ਸੀ ਕਿ 1947 ਵਿਚ ਸੁਤੰਤਰਤਾ ਦਾ ਐਲਾਨ ਹੁੰਦੇ ਸਾਰ ਮੁਸਲਮਾਨਾਂ ਨੂੰ ਨਵੇਂ ਬਣੇ ਪਾਕਿਸਤਾਨ ਵਿਚ ਭੇਜੇ ਜਾਣ ਦੀ ਮੰਗ ਏਨਾ ਜ਼ੋਰ ਫੜ ਗਈ ਸੀ ਕਿ ਹਰ ਮੁਸਲਮਾਨ ਰਾਤੋ-ਰਾਤ ਦੁਸ਼ਮਣ ਦਿਖਾਈ ਦੇਣ ਲੱਗ ਪਿਆ ਸੀ।
ਮੁਸਲਮਾਨ ਮਰਦ ਅਤੇ ਔਰਤਾਂ ਦਿੱਖ ਵਜੋਂ ਹਿੰਦੂਆਂ ਨਾਲੋਂ ਵੱਖਰੇ ਨਹੀਂ ਸਨ। ਉਨ੍ਹਾਂ ਨੂੰ ਭਾਰਤ ਵਿਚਲੇ ਘਰਾਂ ਤੋਂ ਬੇਘਰ ਹੋਣ ਤੋਂ ਬਚਾਈ ਰੱਖਣ ਲਈ ਸਿੱਖ ਹੋ ਜਾਣ ਦੀ ਸਲਾਹ ਦਿੱਤੀ ਜਾਂਦੀ। ਉਨ੍ਹਾਂ ਨੇ ਆਪਣੀ ਜ਼ਮੀਨ ਤੇ ਜਾਇਦਾਦ ਵਿਚ ਟਿਕੇ ਰਹਿਣ ਦੇ ਲਾਲਚ ਵਸ ਸਿੰਘ ਸੱਜਣਾ ਪ੍ਰਵਾਨ ਕਰ ਲਿਆ। ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਉਨ੍ਹਾਂ ਦੇ ਹੱਥ ਵਿਚ ਕੜੇ ਲਿਸ਼ਕਾਂ ਮਾਰਦੇ ਤੇ ਸਿਰਾਂ 'ਤੇ ਪੀਲੀਆਂ ਪੱਗਾਂ ਤੇ ਚੁੰਨੀਆਂ। ਉਨ੍ਹਾਂ ਦੀ ਨਵੀਂ ਸੱਜ-ਧੱਜ ਕਾਰਨ ਉਹ ਪਛਾਨਣੇ ਸੌਖੇ ਹੋ ਗਏ ਸਨ। ਸ਼ਾਮ ਸਿੰਘ ਦੀ ਮਾਂ ਤੇ ਪਿਉ ਦੀ ਸੱਜਰੀ ਪਛਾਣ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ।
ਗੁਰਮੀਤ ਕੌਰ ਕੋਲ ਸ਼ਾਮ ਸਿੰਘ ਦੇ ਮਾਪਿਆਂ ਦੀ ਕਹਾਣੀ ਸ਼ਾਮ ਸਿੰਘ ਰਾਹੀਂ ਪਹੁੰਚੀ ਸੀ। ਉਸ ਨੇ ਖੁਦ ਹੀ ਦੇਸ਼-ਵੰਡ ਵੇਲੇ ਦੀ ਵਹਿਸ਼ਤ ਨੂੰ ਚਿਤਰਨ ਲਈ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਸੀ। ਉਦੋਂ ਮੁੰਬਈ ਵਿਚ ਉਹ ਕੁਝ ਨਹੀਂ ਸੀ ਹੋਇਆ ਜੋ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਹੋਇਆ ਸੀ। ਉਹ 1947 ਤੋਂ ਪਿੱਛੋਂ ਜੰਮੀ ਸੀ ਤੇ ਉਸ ਦੇ ਮਾਪਿਆਂ ਨੂੰ ਏਸ ਤਰ੍ਹਾਂ ਦੇ ਕਿਸੇ ਸੰਕਟ ਦਾ ਸ਼ਿਕਾਰ ਨਹੀਂ ਸੀ ਹੋਣਾ ਪਿਆ।
ਖਬਰਾਂ ਤੇ ਏਧਰ-ਓਧਰ ਦੀਆਂ ਅਫਵਾਹਾਂ ਨੇ ਗੁਰਮੀਤ ਕੌਰ ਨੂੰ ਸਿਰ ਤੋਂ ਪੈਰਾਂ ਤਕ ਝੰਜੋੜ ਕੇ ਰੱਖ ਦਿੱਤਾ। ਉਸ ਦੇ ਜਿਗਰ ਦੇ ਟੋਟੇ ਦੰਗਾਕਾਰੀਆਂ ਦੀ ਵਹਿਸ਼ਤ ਦਾ ਸ਼ਿਕਾਰ ਹੋ ਸਕਦੇ ਸਨ। ਬਾਹਰੋਂ ਉਸਦੇ ਪਤੀ ਦਾ ਰਾਜ਼ੀ-ਖੁਸ਼ੀ ਪਰਤਣਾ ਵੀ ਖਤਰੇ ਵਿਚ ਸੀ। ਬੱਚਿਆਂ ਨੂੰ ਸੁਰੱਖਿਅਤ ਕਰਨ ਦੀ ਭਾਵਨਾ ਨੇ ਅਚੇਤ ਹੀ ਗੁਰਮੀਤ ਦੇ ਹੱਥ ਕਪੜੇ ਸਿਉਣ ਵਾਲੀ ਮਸ਼ੀਨ ਵਿਚੋਂ ਵੱਡੀ ਕੈਂਚੀ ਚੁਕਵਾਈ ਤੇ ਉਸਨੇ ਤਿੰਨਾਂ ਪੁੱਤਰਾਂ ਦੇ ਸਿਰ ਦੇ ਵਾਲ ਪਲਾਂ ਛਿਣਾਂ ਵਿਚ ਕੱਟ ਕੇ ਧਰਤੀ 'ਤੇ ਦੇ ਮਾਰੇ। ਏਸੇ ਕੈਂਚੀ ਨਾਲ ਉਸ ਨੇ ਆਪਣੀਆਂ ਦੋਨੋਂ ਧੀਆਂ ਦੀਆਂ ਗੁੱਤਾਂ ਵੀ ਕੱਟ ਛੱਡੀਆਂ। ਕੱਲ੍ਹ ਨੂੰ ਉਨ੍ਹਾਂ ਨੇ ਪਟੇ ਕਿੰਨੇ ਕੁ ਵੱਡੇ ਰੱਖਣੇ ਹਨ, ਉਨ੍ਹਾਂ ਦੀ ਮਰਜ਼ੀ 'ਤੇ ਸੀ। ਗੁਰਮੀਤ ਦਾ ਅੰਦਰਲਾ ਮਨ ਏਨਾ ਡਰ ਗਿਆ ਸੀ ਕਿ ਉਸਨੇ ਕਿਸੇ ਬੱਚੇ ਨੂੰ ਕੁਸਕਣ ਨਹੀਂ ਦਿੱਤਾ। ਏਥੋਂ ਤੱਕ ਕਿ ਉਨ੍ਹਾਂ ਦੇ ਕੱਟੇ ਹੋਏ ਵਾਲਾਂ ਨੂੰ ਵੀ ਚੁੱਲ੍ਹੇ ਅੱਗ ਬਾਲ ਕੇ ਫਟਾਫਟ ਸਾੜ ਛੱਡਿਆ ਤਾਂ ਕਿ ਕਿਸੇ ਦੀ ਨਜ਼ਰ ਪਿਆਂ ਉਨ੍ਹਾਂ ਦੇ ਸਿੱਖ ਹੋਣ ਦਾ ਸਬੂਤ ਨਾ ਮਿਲ ਜਾਵੇ।
ਗੁਰਮੀਤ ਕੌਰ ਦੀ ਚਿੰਤਾ ਕਾਫੀ ਹੱਦ ਤਕ ਘਟ ਗਈ ਸੀ ਪਰ ਪੂਰੀ ਦੀ ਪੂਰੀ ਨਹੀਂ। ਦੰਗਾਕਾਰੀਆਂ ਕੋਲ ਸਿੱਖ ਘਰਾਂ ਦੇ ਸਿਰਨਾਵੇਂ ਸਨ। ਉਹ ਘਰਾਂ ਵਿਚ ਜਾ ਕੇ ਤਲਾਸ਼ੀਆਂ ਵੀ ਲੈਂਦੇ ਸਨ। ਉਸ ਦੇ ਘਰ ਦਾ ਕੋਨਾ-ਕੋਨਾ ਸਿੱਖ ਸੀ। ਉਸਨੇ ਸਿੱਖ ਗੁਰੂਆਂ ਦੀਆਂ ਤਸਵੀਰਾਂ, ਗੁਰਦੁਆਰਿਆਂ ਵਾਲੇ ਕੈਲੰਡਰ ਵੀ ਚੁੱਲ੍ਹੇ ਦੀ ਅੱਗ ਨੂੰ ਭੇਂਟ ਕਰ ਦਿੱਤੇ। ਕੁੰਢੀਆਂ ਮੁੱਛਾਂ ਤੇ ਭਰਵੀਂ ਦਾੜ੍ਹੀ ਵਾਲਾ ਉਸਦਾ ਪਗੜੀਧਾਰੀ ਪਤੀ ਬਾਹਰੋਂ ਨਹੀਂ ਸੀ ਪਰਤਿਆ। ਸ਼ਾਮ ਤੱਕ ਅਫਵਾਹਾਂ ਦਾ ਰੰਗ ਪਹਿਲਾਂ ਨਾਲੋਂ ਹੋਰ ਵਹਿਸ਼ੀ ਹੋ ਗਿਆ। ਘੁਸਰ-ਮੁਸਰ ਤੋਂ ਪਤਾ ਲਗਦਾ ਕਿ ਜਰਨੈਲੀ ਸੜਕ 'ਤੇ ਤੁਰੇ ਜਾਂਦੇ ਟਰੱਕਾਂ ਨੂੰ ਰੋਕ ਕੇ ਉਨ੍ਹਾਂ ਦੇ ਸਿੱਖ ਡਰਾਈਵਰਾਂ ਤੇ ਕੰਡਕਟਰਾਂ ਦੇ ਗਲ਼ਾਂ ਵਿਚ ਟਾਇਰ ਪਾ ਕੇ ਉਨ੍ਹਾਂ ਨੂੰ ਅੱਗ ਲਾਈ ਜਾ ਰਹੀ ਸੀ। ਟਰੱਕਾਂ ਦਾ ਮਾਲ ਲੁੱਟਿਆ ਤੇ ਵੇਚਿਆ ਜਾ ਰਿਹਾ ਸੀ। ਦੰਗਾਕਾਰੀ ਏਦਾਂ ਘੁੰਮ ਰਹੇ ਸਨ ਜਿਵੇਂ ਸਭ ਕਾਸੇ ਦੇ ਉਹੀਓ ਮਾਲਕ ਹੋਣ।
ਸ਼ਾਮ ਸਿੰਘ ਵੀ ਗੱਡੀਆਂ ਵਾਲਾ ਸੀ। ਉਸ ਦੀ ਇਕ ਟੈਕਸੀ ਦਾ ਡਰਾਈਵਰ ਸਿੱਖ ਸੀ ਤੇ ਦੂਜੀ ਉਹ ਖੁਦ ਚਲਾਉਂਦਾ ਸੀ। ਜੇ ਸਿੱਖ ਡਰਾਈਵਰ ਨੇ ਸਿਆਣਪ ਵਰਤ ਕੇ ਛੁੱਟੀ ਕਰ ਲਈ ਹੋਵੇ ਤਾਂ ਦੋਵੇਂ ਗੱਡੀਆਂ ਸ਼ਾਮ ਸਿੰਘ ਨੇ ਸਾਂਭਣੀਆਂ ਸਨ। ਉਹ ਕਿਹੜੀ-ਕਿਹੜੀ ਗੱਡੀ ਦਾ ਨੰਬਰ ਲਾਵੇਗਾ। ਨੰਬਰ ਲਾਉਣ ਦਾ ਮਤਲਬ ਹੀ ਇਹ ਸੀ ਕਿ ਗੱਡੀ ਲੈ ਕੇ ਸਟੇਸ਼ਨ ਵਾਲੇ ਅੱਡੇ ਤੋਂ ਦੂਰ ਜਾਣਾ। ਟੈਕਸੀਆਂ ਵਾਲੇ ਇਹੀਓ ਭਾਸ਼ਾ ਬੋਲਦੇ ਸਨ। ਘਰਾਂ ਵਿਚ ਵੀ ਇਹੀਓ ਭਾਸ਼ਾ ਬੋਲੀ ਜਾਂਦੀ ਸੀ। ਨੰਬਰ ਲਾਉਣ ਗਏ ਸ਼ਾਮ ਸਿੰਘ ਨਾਲ ਵੀ ਉਹੀਓ ਵਿਹਾਰ ਹੋ ਸਕਦਾ ਸੀ ਜਿਹੜਾ ਜਰਨੈਲੀ ਸੜਕ 'ਤੇ ਟਰੱਕ ਡਰਾਈਵਰਾਂ ਨਾਲ ਹੋ ਰਿਹਾ ਸੀ।
ਗੁਰਮੀਤ ਤੇ ਉਸ ਦੇ ਬੱਚੇ ਡਰੇ ਬੈਠੇ ਸਨ। ਵਿਹਲੇ ਬਹਿਣਾ ਮੁਸ਼ਕਿਲ ਲਗਦਾ ਸੀ ਤਾਂ ਕੁਝ ਨਾ ਕੁਝ ਪਕਾਉਣ-ਖਾਣ ਲੱਗ ਜਾਂਦੇ ਸਨ। ਕੀ ਪਤਾ ਸੀ ਅਗਲੇ ਪਲ ਜੀਊਂਦੇ ਵੀ ਹੋਣਾ ਸੀ ਜਾਂ ਨਹੀਂ। ਭੁੱਖੇ ਢਿੱਡ ਦੁਨੀਆਂ ਛੱਡਣ ਨਾਲੋਂ ਖਾਂਦੇ ਪੀਂਦੇ ਜਾਣ ਵਿਚ ਹੀ ਮਜ਼ਾ ਸੀ। ਹੁਣ ਤਾਂ ਉਹ ਆਮ ਨਾਲੋਂ ਚੰਗਾ ਖਾਂਦੇ-ਪੀਂਦੇ ਸਨ। ਇਹ ਗੱਲ ਘਰ ਵਿਚ ਆਮ ਹੀ ਹੁੰਦੀ ਰਹਿੰਦੀ ਸੀ। ਭਲੇ ਸਮਿਆਂ ਵਿਚ ਵੀ। ਪਰ ਹੁਣ ਬਹੁਤ ਮਾੜਾ ਸਮਾਂ ਸਿਰ 'ਤੇ ਆ ਗਿਆ ਸੀ। ਵੱਡਾ ਡਰ ਏਸ ਗੱਲ ਦਾ ਸੀ ਕਿ ਸ਼ਾਮ ਸਿੰਘ ਘਰ ਤੋਂ ਬਾਹਰ ਹੀ ਨਾ ਮਾਰਿਆ ਜਾਵੇ। ਅਜਿਹਾ ਹੋਣ ਦੀ ਸੂਰਤ ਵਿਚ ਉਸ ਦੀ ਲਾਸ਼ ਵੀ ਨਹੀਂ ਸੀ ਲੱਭਣੀ। ਉਹ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਹੁਤ ਪਹਿਲਾਂ ਦਾ ਘਰੋਂ ਨਿਕਲਿਆ ਹੋਇਆ ਸੀ। ਰਿਸ਼ਤੇਦਾਰਾਂ ਤੇ ਦੋਸਤਾਂ ਦੇ ਟੈਲੀਫੋਨ ਆ ਰਹੇ ਸਨ। ਉਹ ਕਿਸੇ ਨੂੰ ਕੀ ਦੱਸਦੀ ਕਿ ਉਸਦਾ ਪਤੀ ਜੀਵਿਤ ਵੀ ਹੈ ਸੀ ਜਾਂ ਨਹੀਂ।
'ਕੁੰਡਾ ਖੋਲ੍ਹੋ', ਸ਼ਾਮ ਸਿੰਘ ਹੀ ਬੋਲ ਰਿਹਾ ਸੀ। ਕੁੰਡੇ ਦਾ ਖੜਾਕ ਸ਼ਾਮ ਸਿੰਘ ਦੀ ਆਪਣੀ ਆਵਾਜ਼ ਨਾਲੋਂ ਵੀ ਤਿੱਖਾ ਸੀ। ਜਿਵੇਂ ਕੋਈ ਉਸਦੇ ਪਿੱਛੇ ਲੱਗਿਆ ਹੋਵੇ।
ਗੁਰਮੀਤ ਕੌਰ ਉਰਫ ਵੰਧਨਾ ਬੱਚਿਆਂ ਨੂੰ ਪਿਛਲੀ ਕੋਠੜੀ ਵਲ ਨੂੰ ਧੱਕ ਕੇ ਫਟਾ-ਫਟ ਦਰਵਾਜ਼ਾ ਖੋਲ੍ਹਣ ਲਈ ਦੌੜੀ। ਉਹ ਨਹੀਂ ਸੀ ਚਾਹੁੰਦੀ ਕਿ ਸਿਰ ਮੁੰਨੇ ਬੱਚੇ ਸ਼ਾਮ ਸਿੰਘ ਨੂੰ ਦਿਖਾਈ ਦੇਣ। ਉਸਦਾ ਪਾਰਾ ਚੜ੍ਹ ਸਕਦਾ ਸੀ। ਉਸੇ ਤਰ੍ਹਾਂ ਜਿਵੇਂ ਕਿਸੇ ਸਮੇਂ ਉਸ ਦੇ ਪਤੀ ਨੂੰ ਵਾਲ ਕਟਵਾਉਣ ਦੀ ਸਲਾਹ ਦੇਣ 'ਤੇ ਚੜ੍ਹਿਆ ਸੀ। ਉਹ ਤਾਂ ਨਿਰੀ ਸਲਾਹ ਸੀ। ਅੱਜ ਤਾਂ ਉਸਨੇ ਬਿਨਾਂ ਸਲਾਹ ਹੀ ਬੱਚਿਆਂ ਦੇ ਕੇਸ ਕੱਟ ਛੱਡੇ ਸਨ। ਉਹ ਡਰੀ ਹੋਈ ਸੀ।
ਕੁੰਡਾ ਖੋਲ੍ਹਦੇ ਸਾਰ ਗੁਰਮੀਤ ਦਾ ਡਰ ਜਾਂਦਾ ਰਿਹਾ। ਸ਼ਾਮ ਸਿੰਘ ਦੀ ਪਗੜੀ ਗਾਇਬ ਸੀ। ਦਾੜ੍ਹੀ, ਕੇਸ ਤੇ ਮੁੱਛਾਂ ਸਫਾ ਚੱਟ।
"ਬੱਚੇ ਕਿੱਥੇ ਨੇ?" ਉਸਨੇ ਖਾਲੀ ਘਰ ਵਲ ਨਜ਼ਰ ਦੌੜਾ ਕੇ ਪੁੱਛਿਆ।
ਪਤਨੀ ਨੇ ਕੋਈ ਉਤਰ ਨਹੀਂ ਦਿੱਤਾ। ਉਸ ਦੀ ਘਬਰਾਹਟ ਤੇ ਚਿੰਤਾ ਪਹਿਲਾਂ ਵਾਂਗ ਹੀ ਕਾਇਮ ਸੀ। ਉਸ ਨੂੰ ਆਪਣੀਆਂ ਨਜ਼ਰਾਂ 'ਤੇ ਯਕੀਨ ਨਹੀਂ ਸੀ ਆ ਰਿਹਾ।
ਇਕ-ਇਕ ਕਰਕੇ ਬੱਚੇ ਵੀ ਆਉਣੇ ਸ਼ੁਰੂ ਹੋ ਗਏ। ਗੁਰਮੀਤ ਕੌਰ ਤੇ ਸ਼ਾਮ ਸਿੰਘ ਇਕ ਦੂਜੇ ਨੂੰ ਧਰਵਾਸ ਦੇਣ ਲੱਗੇ। ਅਫਵਾਹਾਂ ਦੇ ਹਵਾਲੇ ਦਿੱਤੇ ਜਾਣ ਲੱਗੇ, ਖਬਰਾਂ ਦੇ, ਇਤਿਹਾਸ ਵਿਚ ਵਾਪਰੀਆਂ ਘਟਨਾਵਾਂ ਦੇ, ਘੱਲੂਘਾਰੇ, ਸ਼ਹੀਦੀਆਂ ਤੇ ਇਤਿਹਾਸ ਦੇ ਟੇਟੇ ਚੜ੍ਹੀਆਂ ਅਨੇਕਾਂ ਘਟਨਾਵਾਂ ਦੇ। ਪਰ ਇਹ ਸਭ ਹਵਾਲੇ ਓਨੇ ਹੀ ਝੂਠੇ ਸਨ ਜਿੰਨੀ ਉਨ੍ਹਾਂ ਦੇ ਘਰ ਵਿਚ ਆਈ ਹਨੇਰੀ। ਇਸ ਹਨੇਰੀ ਨੇ ਸੱਚ ਦੇ ਤੰਬੂ ਪੁੱਟ ਸੁੱਟੇ ਸਨ।
ਉਨ੍ਹਾਂ ਦਾ ਬਾਲ ਪਰਿਵਾਰ, ਘਰ-ਘਾਟ, ਸਾਜ਼ੋ-ਸਾਮਾਨ ਤੇ ਗਹਿਣਾ-ਗੱਟਾ ਸਭ ਕੁਝ ਹੀ ਕਾਇਮ ਸੀ। ਜਿਸਮ ਅਤੇ ਜਾਨਾਂ ਵੀ। ਪਰ ਉਹ ਲੁੱਟੇ ਗਏ ਮਹਿਸੂਸ ਕਰ ਰਹੇ ਸਨ।
ਘਰ ਵਿਚ ਦਿਨ ਦਿਹਾੜੇ ਲੁੱਟ ਪੈ ਚੁੱਕੀ ਸੀ। ਲੁੱਟਣ ਵਾਲਾ ਦਿਖਾਈ ਨਹੀਂ ਸੀ ਦਿੰਦਾ। ਆਇਆ ਹੀ ਨਹੀਂ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ