Dishadda (Punjabi Story) : Harnam Singh Narula

ਦਿਸਹੱਦਾ (ਕਹਾਣੀ) : ਹਰਨਾਮ ਸਿੰਘ ਨਰੂਲਾ

ਚੌਥੇ ਪਹਿਰ ਗੁਰਜੀਤ ਨੇ ਵਿਹੜੇ ਪੈਰ ਪਾਇਆ ਤਾਂ ਬਿਰਧ ਮਾਤਾ ਹੈਰਾਨ ਜਿਹੀ ਹੋ ਗਈ। ਧੜਕਦੇ ਦਿਲ ਨਾਲ ਉਸ ਪੁੱਤਰ ਦਾ ਮੂੰਹ ਮੱਥਾ ਚੁੰਮਿਆ, ਪਿਆਰ ਦਿੱਤਾ, "ਬੇਟਾ, ਸੁੱਖ ਤਾਂ ਹੈ। ਚੌਥੇ ਗਿਆ ਅੱਜ ਮੁੜ ਵੀ ਆਇਆ। ਮੇਰਾ ਤਾਂ ਖਿਆਲ ਸੀ ਅਜੇ ਪੰਜ ਸੱਤ ਦਿਨ ਹੋਰ ਲੱਗ ਜਾਣਗੇ।"

ਗੁਰਜੀਤ ਨੇ ਕੱਪੜਿਆਂ ਵਾਲਾ ਥੈਲਾ ਮੰਜੇ ਤੇ ਰੱਖ ਸਿਰੋਂ ਪੱਗ ਲਾਹੁੰਦਿਆਂ ਆਖਿਆ, "ਹਾਂ ਮਾਂ, ਸਭ ਸੁੱਖ ਏ। ਸਭੁ ਥਾਂ ਰਾਜੀ ਖੁਸ਼ੀ ਨੇ।"

ਮਾਤਾ ਨੇ ਚਾਹ ਲਈ ਚੁੱਲ੍ਹੇ ਤੇ ਪਤੀਲੀ ਰੱਖੀ ਤੇ ਕੱਲੇ ਕੱਲੇ ਸਭ ਦੀ ਸੁੱਖ - ਸਾਂਦ ਪੁੱਛੀ। ਗੁਰਜੀਤ ਨੇ ਕੱਪੜੇ ਬਦਲਦਿਆਂ ਮਸ ਦੇ ਮੁੱਖ ਮੁਨੇਹੇ ਦਿੱਤੇ।

"ਪੁੱਤਰ, ਤੂੰ ਦੋ ਰਾਤਾਂ ਵਿੱਚ ਕਿਵੇਂ ਸਭ ਨੂੰ ਮਿਲ ਆਇਆ?" ਮਾਂ ਨੇ ਸ਼ੰਕਾ ਜਿਹੀ ਕੀਤੀ।

ਗੁਰਜੀਤ ਨੇ ਕਿਹਾ, "ਮਾਂ, ਖਿੱਚ ਤਾਂ ਸਾਰੇ ਕਰਦੇ ਸਨ ਪਰ ਤੇਰੇ ਬਿਨ੍ਹਾਂ ਦਿਲ ਕਿਹੜਾ ਲਗਦਾ ਏ। ਘੜੀ ਕਿਤੇ, ਪਲ ਕਿਤੇ ਚਾਹ ਕਿਤੇ, ਰੋਟੀ ਕਿਤੇ ਅਤੇ ਅਗਲੇ ਦਿਨ ਤੇਰੇ ਕੋਲ।"

ਮਾਂ ਨੇ ਚਾਹ ਦਾ ਗਲਾਸ ਫੜਾਉਂਦਿਆਂ ਪੁੱਛਿਆ, "ਪੁੱਤ, ਜਿਸ ਲਈ ਬੁਲਾਇਆ ਸੀ?"

"ਉਹ ਹਾਂ, ਮਾਂ ਗੁੱਸਾ ਨਾ ਕਰੀਂ। ਮੈਨੂੰ ਤਾਂ ਪਸੰਦ ਨਹੀਂ।"

"ਕਿਉਂ? ਕੁੜੀ ਵੇਖੀ?"

"ਹਾਂ, ਮਾਂ"

"ਕੋਈ ਕਜ ਏ ਕੁੜੀ ਵਿੱਚ?

ਨਹੀਂ ਮਾਂ, ਨਹੀਂ। ਕੁੜੀ ਤਾਂ ਸੁੰਦਰ ਏ। ਪੜੀ ਲਿਖੀ ਏ, ਪਰ

"ਪਰ ਕੀ?" ਪਰ ਮਾਂ, ਉਹਨਾਂ ਦੀਆਂ ਅੱਖਾਂ ਬਹੁਤ ਉੱਚੀਆਂ ਨੇ ਤੇ ਸਾਡਾ ਕੰਮ ਕੁਝ ਨੀਵੀਂ ਪੱਧਰ ਦਾ ਏ। ਸਾਥੋਂ ਉਹਨਾਂ ਨਾਲ ਵਾਰੇ ਨਹੀਂ ਆਇਆ ਜਾਣਾ। ਰਹੀ ਕੁੜੀ। ਸੱਚ ਪੁਛੋਂ ਤਾਂ ਕੁੜੀ ਵੀ ਮੇਰੇ ਪਸੰਦ ਨਹੀਂ।"

"ਕਿਉਂ?"

"ਕਿਉਂਕਿ ਮਾਂ, ਕੁੜੀ ਫੈਸ਼ਨਏਬਲ ਏ। ਸ਼ਾਇਦ ਸਾਡੇ ਘਰ ਨੂੰ ਪਸੰਦ ਨਾ ਕਰੇ ਤੇ ਕੱਲ੍ਹ ਨੂੰ ਕੋਈ ਕਲੇਸ਼ ਜਾਗੇ। ਜਿਹੜਾ ਸਾਡੇ ਦੁੱਖ ਦਾ ਕਾਰਨ ਬਣੇ।"

ਮਾਂ ਨੇ ਸਮਝਾਉਂਦਿਆਂ ਕਿਹਾ, "ਪੁੱਤਰ, ਵਰ ਘਰ ਰੋਜ ਨਹੀਂ ਮਿਲਦੇ। ਰਹੀ ਫੈਸ਼ਨ ਦੀ ਗੱਲ। ਉਹ ਤਾਂ ਜਮਾਨੇ ਮੁਤਾਬਕ ਹੁੰਦੀ ਈ ਏ, ਰਹੀ ਬਰ ਸਰ ਆਉਣ ਦੀ ਗੱਲ। ਪੁੱਤਰ ਜ਼ਮੀਨ ਕਾਹਦੇ ਲਈ ਏ। ਦੋ ਖੇਤ ਵੇਚ ਦਿਆਂਗੇ। ਮੈਂ ਸੋਚਦੀ ਸਾਂ ਕਿ ਮੇਰੇ ਅੱਖਾਂ ਮੀਟਣ ਤੋਂ ਪਹਿਲਾਂ ਤੇਰਾ ਵਿਆਹ ਹੋ ਜਾਏ। ਨਦੀ ਕਿਨਾਰੇ ਰੁੱਖੜਾ ਦਮ ਦਾ ਕੀ ਵਸਾਹ। ਫਿਰ ਬੜੇ ਦੁੱਖ ਝੱਲੇ ਨੇ ਪੁੱਤਰ, ਮੈਂ। ਚਾਰ ਦਿਨ ਮੈਂ ਵੀ ਨੂੰਹ ਦਾ ਸੁੱਖ ਵੇਖ ਲੈਂਦੀ। ਕੀ ਪਤਾ ਕਦੋਂ ਜੀਵਨ ਡੋਰ ਟੁੱਟ ਜਾਵੇ?"

ਗੁਰਜੀਤ ਨੂੰ ਮਾਂ ਤੇ ਤਰਸ ਆ ਗਿਆ, "ਮਾਂ ਤੂੰ ਉਦਾਸ ਨਾ ਹੋ। ਮੈਂ ਕਿਹੜਾ ਨਾਂਹ ਕਰ ਆਇਆ। ਪਸੰਦ ਤਾਂ ਤੇਰੀ ਚਲਣੀ ਏ। ਤੂੰ ਪੰਜ ਚਾਰ ਦਿਨਾਂ ਨੂੰ ਚਲੀ ਜਾਈਂ ਅਤੇ ਜਿਵੇਂ ਤੇਰੀ ਮਰਜੀ ਹੋਈ ਕਰ ਆਈਂ।"

ਪੁੱਤਰ ਦੀ ਗੱਲ ਸੁਣ ਮਾਂ ਗਦ-ਗਦ ਹੋ ਗਈ। ਪੁੱਤਰ ਮਾਮਿਆਂ ਨੂੰ ਚਿੱਠੀ ਲਿਖ ਅੱਜ ਈ। ਕਿ ਮੈਂ ਪਹੁੰਚ ਗਿਆ। ਗੱਲ ਤੋਰੀ ਰੱਖਣ। ਮੈਂ ਅਗਲੇ ਹਫਤੇ ਜਾਵਾਂਗੀ। ਚਾਰ ਪੈਸੇ ਹੱਥ ਹੇਠ ਆ ਜਾਣ। ਮੈਂ ਸਭ ਨਜਿੱਠ ਆਵਾਂਗੀ। ਭਾਵੇਂ ਦੋ ਖੇਤ ਵੇਚਣੇ ਹੀ ਨਾ ਪੈ ਜਾਣ। ਆਖਰ ਜਾਇਦਾਦ ਕਾਹਦੇ ਲਈ ਹੁੰਦੀ ਏ। ਨਾਲੇ ਪੁੱਤ, ਮੈਂ ਤਾਂ ਭੁੱਲ ਈ ਗਈ। ਅੱਜ ਸਵੇਰੇ ਨਾਲ ਦੇ ਪਿੰਡਾਂ ਇਕ ਤੇਰਾ ਦੋਸਤ ਆਇਆ ਸੀ। ਭਲਾ ਜਿਹਾ ਨਾਂ ਸੀ। ਮੀਤਾ। ਕਹਿੰਦਾ ਸੀ, "ਜ਼ਰੂਰੀ ਕੰਮ ਏ। ਆਉਂਦਾ ਹੀ ਮਿਲੇ।'

ਗੁਰਜੀਤ ਇਕ ਦਮ ਉਠਿਆ ਅਤੇ ਜੁਤੀ ਪਾਉਂਦੇ ਨੇ ਪੁਛਿਆ, "ਸੱਚ, ਮਾਂ, ਮੀਤਾ ਆਇਆ ਸੀ?"

"ਹਾਂ ਪੁੱਤ, ਮੈਂ ਤਾਂ ਉਹਨੂੰ ਕਿਹਾ ਸੀ ਕਿ ਅਜੇ ਪੰਜ-ਸੱਤ ਦਿਨ ਨਹੀਂ ਆਉਂਦਾ। ਪਰ ਉਹਨੇ ਚਾਹ ਵੀ ਨਾ ਪੀਤੀ ਅਤੇ ਸੁਨੇਹਾ ਦੇ ਕੇ ਚਲਾ ਗਿਆ। ਬੜਾ ਸਾਊ ਜਿਹਾ ਮੁੰਡਾ ਸੀ।"

ਗੁਰਜੀਤ ਨੇ ਪੱਗ ਸਿਰ ਤੇ ਰੱਖਦਿਆਂ ਕਿਹਾ, "ਚੰਗਾ ਮਾਂ, ਮੈਂ ਹੋ ਆਵਾਂ। ਮੈਨੂੰ ਤਾਂ ਉਹਨਾਂ ਕੋਲ ਗਿਆਂ ਵੀ ਪੰਜ ਦਿਨ ਹੋ ਗਏ ਨੇ।"

ਮਾਂ ਨੇ ਕਿਹਾ, "ਬੇਟਾ, ਹੁਣ ਦਿਨ ਥੋੜਾ ਏ। ਸਵੇਰੇ ਜਾਈਂ। ਹੁਣ ਲਗਦੇ ਹੱਥ ਮਾਮੇ ਨੂੰ ਚਿੱਠੀ ਲਿਖ ਦੇ।"

ਪਰ ਉਹ ਇਹ ਕਹਿੰਦਾ-ਕਹਿੰਦਾ ਬਾਹਰ ਨਿਕਲ ਗਿਆ, "ਮਾਂ, ਮੈਂ ਹੋ ਆਵਾਂ। ਚਿੱਠੀ ਸਵੇਰੇ ਜਾਂ ਆ ਕੇ ਲਿਖਾਂਗਾ।"

ਗੁਰਜੀਤ ਅਤੇ ਮੀਤੇ ਦੀ ਜਾਣ-ਪਹਿਚਾਣ ਅਤੇ ਦੋਸਤੀ ਕੋਈ ਪੰਜ ਮਹੀਨੇ ਪਹਿਲਾਂ ਹੋਈ ਸੀ ਜਦੋਂ ਉਹ ਇਕ ਦਿਨ ਤੀਜੇ ਪਹਿਰ ਕਣਕ ਦਾ ਥੈਲਾ ਸਿਰ ਤੇ ਚੁੱਕੀ ਨਾਲ ਦੇ ਪਿੰਡ ਚੱਕੀ ਤੇ ਆਟਾ ਪਿਹਾਉਣ ਜਾ ਰਿਹਾ ਸੀ। ਚੱਕੀ ਵਾਲਾ ਪਿੰਡ ਉਹਨਾਂ ਦੇ ਪਿੰਡੋਂ ਕੋਈ ਦੋ ਪੌਣੇ ਦੋ ਮੀਲ ਹਟਵਾਂ ਸੀ ਅਤੇ ਦੋਹਾਂ ਪਿੰਡਾਂ ਦੀ ਜ਼ਮੀਨੀ ਹੱਦ ਇਕ ਡੂੰਘੀ ਨਦੀ ਬਣਾਉਂਦੀ ਸੀ, ਜਿਸ ਵਿਚ ਹਰ ਮੌਸਮ ਵਿਚ ਥੋੜ੍ਹਾ ਬਹੁਤਾ ਪਾਣੀ ਚਲਦਾ ਰਹਿੰਦਾ ਸੀ। ਨਦੀ ਡੂੰਘੀ ਹੋਣ ਕਰਕੇ ਉਗਲਾਂ ਪਾਣੀ ਸੁੱਟਦੀਆਂ ਰਹਿੰਦੀਆਂ ਸਨ। ਤਾਂ ਹੀ ਕਿਨਾਰਿਆਂ ਤੇ ਦਲ-ਦਲ ਲੇਹਲੀ ਤੇ ਚਿੱਕੜ ਰਹਿੰਦਾ ਸੀ। ਨਦੀ ਪਾਰ ਕਰ ਉਸ ਥੈਲਾ ਸਿਰੋਂ ਲਾਹਿਆ ਅਤੇ ਘਾਹ ਤੇ ਬੈਠ ਪੈਰਾਂ ਦਾ ਚਿੱਕੜ ਧੋਤਾ ਅਤੇ ਪੈਰ ਪੂੰਝੇ ਤੇ ਜੁੱਤੀ ਪਾਈ ਹੀ ਸੀ ਕਿ ਉਪਰ ਢਾਹੇ ਤੋਂ ਅੱਧੀ ਕੁ ਪੈਲੀ ਹਟਵੇਂ ਖਲੋਤੇ ਇਕ ਮਲਵਈ ਮੁੰਡੇ ਨੇ ਵਾਜ ਮਾਰੀ, "ਬਾਈ ਸਿਆਂ, ਆਹ ਭਾਰ ਨੂੰ ਹੱਥ ਤਾਂ ਪਵਾਈਂ 'ਕੇਰਾਂ।"

ਅਤੇ ਉਹ ਥੈਲਾ ਘਾਟ ਤੇ ਹੀ ਛੱਡ ਢਾਹਾ ਚੜ੍ਹਕੇ ਉਧਰ ਤੁਰ ਪਿਆ। ਪੱਠਿਆਂ ਦੀ ਪੰਡ ਘਾਟ ਤੋਂ ਦੋ ਕਿਲੇ ਹਟਵੀਂ ਸੀ ਤੇ ਮਲਵਈ ਮੁੰਡਾ ਅੱਧਾ ਕਿੱਲਾ ਅੱਗੇ ਜਾ ਰਿਹਾ ਸੀ। ਜਦੋਂ ਗੁਰਜੀਤ ਨੇੜੇ ਗਿਆ ਤਾਂ ਮਲਵਈ ਮੁੰਡੇ ਨੇ ਕਿਹਾ, "ਬਾਈ ਸਿਆਂ, ਜਣੋਂ ਦਾਣੇ ਪਿਸਾਉਣ ਚੱਲਿਆ ਆਂ?"

"ਹਾਂ, ਚੱਲਿਆ ਤਾਂ ਆਟਾ ਪਿਹਾਉਣ ਹੀ ਆਂ। ਭਲਾ ਚੱਕੀ ਕਿਹੜੇ ਪਾਸੇ ਏ?" ਨਾਲ ਹੀ ਉਸ ਮਲਵਈ ਮੁੰਡੇ ਦਾ ਜਾਇਜਾ ਲਿਆ। ਉਹਦੀਆਂ ਅੱਖਾਂ ਫੈਲੀਆਂ ਹੀ ਰਹਿ ਗਈਆਂ।

ਸੋਲਾਂ ਸਤਰਾਂ ਦਾ ਸਿੰਨ, ਗੋਭੀ, ਸਰੋਂ ਦੀ ਗੰਦਲ ਵਰਗਾ, ਕੂਲਾ ਮੁੰਡਾ ਬੀਰ ਵਹੁਟੀ ਵਰਗਾ, ਭਾਅ ਮਾਰਦਾ ਗੋਰਾ ਰੰਗ, ਇਕਹਿਰੇ ਅਤੇ ਕੋਮਲ ਅੰਗ, ਲੰਬੇ ਸਰਜਦੇ ਕਮੀਜ ਅਤੇ ਡੱਬੀਆਂ ਵਾਲੇ ਚਾਦਰੇ ਅਤੇ ਸਿਰ ਤੇ ਵਲੇ ਖੱਦਰ ਦੇ ਪਰਨੇ ਵਿਚ ਵੀ ਉਹਦਾ ਰੁਪ ਸੁੱਕੇ ਪੱਤਿਆਂ ਵਿੱਚ ਰਸਭਰੀ ਜਾਂ ਕੇ ਛਿਲੜਾਂ ਵਿਚ ਕਾਬਲੀ ਅਨਾਰ ਦੇ ਦਾਣੇ ਵਾਂਗ ਚਮਕ ਰਿਹਾ ਸੀ। ਉਹਦੇ ਸਾਰੇ ਅੰਗ ਕੁੜੀਆਂ ਵਾਂਗ ਮਹਿਕਦੇ ਅਤੇ ਬਿੰਦੇ ਸਨ ਅਤੇ ਲੋਹੜੇ ਦਾ ਰੂਪ ਅਲਫ ਹੁਸੈਨੀ ਕਲਮ ਵਾਂਗ ਨੱਕ, ਨੀਲੀਆਂ ਅੱਖਾਂ, ਪਤਲੇ ਗੁਲਾਬੀ ਹੋਂਠ, ਅੰਬ ਸੰਧੂਰੀ ਗੱਲਾਂ, ਸੁਰਾਹੀਦਾਰ ਬਲੌਰੀ ਗਰਦਨ। ਗੁਰਜੀਤ ਨੇ ਅੱਜ ਤੱਕ ਐਨੀ ਸੁੰਦਰ ਤਾਂ ਕੋਈ ਮੁਟਿਆਰ ਵੀ ਨਹੀਂ ਸੀ ਵੇਖੀ।

ਮਲਵਈ ਨੇ ਸਾਫੇ ਦਾ ਲੜ ਠੀਕ ਕਰਦਿਆਂ ਪੁੱਛਿਆ, "ਲਗਦਾ ਏ ਬਾਈ, ਜਦੋਂ ਕਿ ਨਵੇਂ ਹੀ ਆਏ ਜੇ?"

ਗੁਰਜੀਤ ਨੇ ਕਿਹਾ, "ਹਾਂ ਮਿੱਤਰਾ, ਅਜੇ ਦੋ ਕੁ ਮਹੀਨੇ ਹੀ ਹੋਏ ਨੇ ਏਸ ਪਿੰਡ ਅਲਾਟ ਹੋਈ ਨੂੰ।"

ਮਲਵਈ ਨੇ ਦਾਤੀ ਭਾਰ ਵਿਚ ਟੰਗਦਿਆਂ ਫੇਰ ਪੁੱਛਿਆ, "ਬਾਈ ਸਿਆਂ, ਕੱਚੀ ਕਿ ਪੱਕੀ?"

ਅਤੇ ਗੁਰਜੀਤ ਨੇ ਜਵਾਬ ਦਿੱਤਾ। "ਪੱਕੀ ਮਿੱਤਰਾ, ਪੱਕੀ। ਕੱਚੀ ਤੇ ਤਾਂ ਥਾਂ-ਥਾਂ ਧੱਕੇ ਖਾਧੇ ਨੇ। ਫਿਰੋਜ਼ਪੁਰੋਂ, ਕਰਨਾਲ ਤੱਕ ਕੋਈ ਥਾਂ ਨਹੀਂ ਛੱਡਿਆ। ਕਦੀ ਕਿਤੇ, ਕਦੀ ਕਿਤੇ।"

ਮਲਵਈ ਨੇ ਫਿਰ ਸਵਾਲ ਕੀਤਾ, "ਬਾਈ, ਜਣੋ ਪੜਿਆ ਲਿਖਿਆ ਲਗਦੈ, ਬਾਹਵਾ ਪੜਿਆ ਹੋਣਾ ਏ?"

ਗੁਰਜੀਤ ਨੇ ਠੰਡਾ ਹੌਕਾ ਭਰਦੇ ਕਿਹਾ, "ਪੜ੍ਹਨਾ ਕੀ ਸੀ ਮਿੱਤਰਾ। ਅੱਠ ਪਾਸ ਕੀਤੀਆਂ ਕਿ ਦੇਸ਼ ਦੀ ਵੰਡ ਹੋ ਗਈ। ਇੱਧਰ ਆਏ ਉੱਜੜ-ਪੁੱਜੜ ਕੇ। ਪੜ੍ਹਨ ਦੇ ਦਿਨ ਸਨ ਕਿ ਰੋਜੀ ਰੋਟੀ, ਠੰਡੇ ਟਿਕਾਣੇ ਦੇ ਸੰਸੇ ਪੈ ਗਏ।"

ਪੱਲੀ ਦੇ ਪੱਲੇ ਫੜਦਿਆਂ ਮਲਵਈ ਨੇ ਕਿਹਾ, "ਬਾਈ ਸਿਆਂ, ਥੋਡੇ ਲੋਕ ਪੜ੍ਹੇ ਲਿਖੇ ਬਹੁਤ ਆ। ਪਰ ਚੋਰੀ ਬੜੀ ਕਰਦੇ ਆ। ਗਊ ਦੀ ਸਹੁੰ ਲਾਗਲੇ ਵਸੀਵੇਂ ਵਾਲੇ ਰਿਫਿਊਜੀ ਤਾਂ ਕੋਈ ਚੀਜ ਫਸੇ ਲੈ ਜਾਂਦੇ ਨੇ। ਗਾਜਰ ਗੰਨੇ ਦੀ ਤਾਂ ਗੱਲ ਕੀ ਤੂੜੀ ਪੱਠਾ, ਹੱਲ ਪੰਜਾਲੀ, ਸੜਾ ਸੁਹਾਗਾ ਕੋਈ ਚੀਜ਼ ਨਹੀਂ ਛੱਡਦੇ।"

ਮਲਵਈ ਭਾਵੇਂ ਭੋਲੇ ਭਾ ਕਹਿ ਰਿਹਾ ਸੀ ਪਰ ਗੁਰਜੀਤ ਨੂੰ ਧੱਕਾ ਜਿਹਾ ਲੱਗਾ। ਉਸ ਸੰਭਲ ਕੇ ਕਿਹਾ, "ਮੇਰੇ ਮਿੱਤਰ, ਹਰ ਸਮਾਜ ਹਰ ਸੁਸਾਇਟੀ ਵਿੱਚ ਚੰਗੇ ਮੰਦੇ ਬੰਦੇ ਹੁੰਦੇ ਨੇ, ਇੱਧਰ ਵੀ ਉੱਧਰ ਵੀ। ਹੋ ਸਕਦਾ ਏ ਕੁੱਝ ਲੋਕ ਪੇਸ਼ਾਵਰ ਹੋਣ ਅਤੇ ਆਦਤਨ ਚੋਰੀ ਕਰਦੇ ਹੋਣ। ਇਹ ਵੀ ਹੋ ਸਕਦਾ ਏ ਕਿ ਹਾਲਾਤ ਤੇ ਮਜ਼ਬੂਰੀਆਂ ਵੱਸ ਕਈਆਂ ਨੂੰ ਮਾੜੀ ਆਦਤ ਪੈ ਗਈ ਹੋਏ। ਪਰ ਹੁਣ ਜਿਉਂ ਜਿਉਂ ਲੋਕਾਂ ਦੇ ਠਿਕਾਣੇ ਬਣਦੇ ਜਾ ਰਹੇ ਹਨ, ਆਪੋ ਆਪਣੇ ਕੰਮੀ, ਕਾਰੋਂ ਸਭ ਲੱਗ ਜਾਣਗੇ। ਤੁਹਾਡੇ ਵਿਚ ਰਚ ਮਿੱਚ ਜਾਣਗੇ ਅਤੇ ਤੁਹਾਡੇ ਵਰਗੇ ਹੀ ਹੋ ਜਾਣਗੇ।"

"ਹਾਂ ਬਾਈ ਸਿਆਂ, ਇਹ ਤਾਂ ਤੇਰੀ ਗਲ ਠੀਕ ਆ।"

ਮਲਵਈ ਮੁੰਡਾ ਜਦ ਬੋਲਦਾ ਤਾਂ ਅਤਿ ਮਿੱਠੀ ਸੁਰੀਲੀ 'ਵਾਜ ਨਾਲ। ਅਤੇ ਗੁਰਜੀਤ ਨੂੰ ਇੰਝ ਲਗਦਾ ਜਿਵੇਂ ਉਹਦੇ ਹੋਠਾਂ ਚੋਂ ਫੁੱਲ ਪੱਤੀਆਂ ਕਿਰ ਰਹੀਆਂ ਹੋਣ। ਅਤੇ ਉਹ ਉਹਦੇ ਰੂਪ ਦਾ ਕੀਲਿਆ ਇਹ ਸੋਚ ਰਿਹਾ ਸੀ ਕਿ ਇਹ ਕੁਝ ਨਾ ਕੁੱਝ ਪੁੱਛੀ ਜਾਏ,ਤੇ ਮੈਂ ਦਸੀ ਜਾਵਾਂ ਅਤੇ ਇਹ ਸਾਥ ਬਣਿਆ ਰਵੇ। ਪਰ ਮਲਵਈ ਨੇ ਪੰਡ ਚੁੱਕਣ ਲਈ ਪੰਡ ਨੂੰ ਹੱਥ ਪਾ ਲਏ। ਦੋਹਾਂ ਨੇ ਸਹਾਰ ਕੇ ਪੰਡ ਚੁੱਕੀ ਪਰ ਪੰਡ ਭਾਰੀ ਹੋਣ ਕਰਕੇ ਮਲਵਈ ਵੱਲ ਉੱਲਰ ਗਈ। ਮਲਵਈ ਨੂੰ ਦੱਬਦਾ ਵੇਖਕੇ ਗੁਰਜੀਤ ਨੇ ਪੰਡ ਆਪਣੇ ਵੱਲ ਖਿੱਚੀ ਅਤੇ ਨੀਵਾਂ ਹੋ ਸਿਰ ਹੇਠਾਂ ਦੇ ਪੰਡ ਚੁੱਕ ਲਈ।

"ਆ ਦੋਸਤ, ਮੈਂ ਹੀ ਰੇੜੀ ਤੇ ਸੁੱਟ ਆਉਂਦਾ ਹਾਂ।" ਅਤੇ ਉਹ ਦੋ ਪੈਲੀਆਂ ਹਟਵੀਂ ਖਲੋਤੀ ਰੇਹੜੀ ਵੱਲ ਤੁਰ ਪਿਆ।

ਪੰਡ ਚੁੱਕਣ ਲੱਗਿਆ ਗੁਰਜੀਤ ਨੂੰ ਮਲਵਈ ਦੇ ਮਹਿਕਦੇ ਸਾਹਾਂ ਦੀ ਇਹ ਜਿਹੀ ਗੰਧ ਆਈ ਕਿ ਉਹਦਾ ਰੋਮ ਰੋਮ ਕੇਸਰ ਕਥੁਰੀ ਵਾਂਗ ਮਹਿਕ ਗਿਆ। ਉਸ ਪੰਡ ਰੇਹੜੀ ਤੇ ਸੁੱਟੀ ਅਤੇ ਪੱਗ ਠੀਕ ਕੀਤੀ।

ਮਲਵਈ ਨੇ ਬਲਦਾਂ ਦੇ ਰੱਸੇ ਖੋਦਿਆਂ ਕਿਹਾ, "ਸੱਚ ਬਾਈ ਸਿਆਂ, ਨਾਂ ਤਾਂ ਮੈਂ ਪੁੱਛਿਆ ਈ ਨਹੀਂ।"

ਉਸ ਨੇ ਕਿਹਾ, "ਮੇਰੇ ਮਿੱਤਰ, ਨਾਂ ਤਾਂ ਇਕ ਪਹਿਚਾਣ ਏ। ਮਾਪਿਆ ਮੇਰਾ ਨਾ ਗੁਰਜੀਤ ਰੱਖਿਆ ਏ।"

ਮਲਵਈ ਨੇ ਬਲਦ ਰੇਹੜੀ ਜੋੜ ਲਏ ਤੇ ਸੁਗਨ ਤੇ ਪੱਬ ਧਰਦਿਆ ਕਿਹਾ, "ਬਾਈ ਜੀਤ, ਨਵੇਂ ਨਵੇਂ ਆਏ ਓ। ਕਿਸੇ ਚੀਜ਼ ਦੀ ਲੋੜ ਹੋਵੇ, ਪਰ ਦੱਥਾ। ਸੰਗ ਸੰਗਾ ਦੀ ਕੋਈ ਲੋੜ ਨਹੀਂ।"

ਗੁਰਜੀਤ ਨੇ ਸੱਜਾ ਹੱਥ ਉਤੇ ਕੀਤਾ ਤੇ ਤੁਰ ਪਿਆ। ਪਰ ਤੁਰੀ ਜਾਂਦਾ ਰੇਹੜੀ ਤੋਂ ਮਲਵਈ ਨੇ ਵਾਜ ਮਾਰੀ, "ਬਾਈ ਜੀਤ, ਚੱਕੀ ਪਿੰਡ ਦੇ ਪਰਲੇ ਪਾਸੇ ਐ" ਕਲਰ ਵਿਚ ਸੂਏ ਨਾਲ ਲਗਦੀ।"

ਉਸ ਫਿਰ ਹੱਥ ਉੱਚਾ ਕਰ ਧੰਨਵਾਦ ਦਾ ਚਿੰਨ ਬਣਾਇਆ ਤੇ ਘਾਟ ਤੁਰ ਪਿਆ। ਉਸ ਵਾਰ ਵਾਰ ਪਿੰਡ ਵੱਲ ਜਾਂਦੀ ਰੇਹੜੀ ਵੱਲ ਵੇਖਿਆ ਕਿਉਂਕਿ ਮਲਵਈ ਵੀ ਲਗਾਤਾਰ ਉਸ ਵੱਲ ਦੇਖ ਰਿਹਾ ਸੀ। ਘਾਟ ਤੇ ਆ ਉਸ ਦਾ ਦਾ ਥੈਲਾ ਚੁੱਕਿਆ ਤੇ ਚੱਕੀ ਵੱਲ ਪਹੇ ਪੈ ਗਿਆ। ਉਹਨੂੰ ਅਫਸੋਸ ਹੋਇਆ ਉਸ ਮਲਵਈ ਮੁੰਡੇ ਦਾ ਨਾਂ ਵੀ ਨਾ ਪੁੱਛਿਆ। ਉਹਦੀ ਸੁੰਦਰਤਾ ਉਹਦੇ ਰਗ ਰਗ ਰੱਚ ਗਈ ਸੀ। ਉਹ ਆਪ ਵੀ ਕਾਫੀ ਸੁਨੱਖਾ ਸੀ। ਫਸਾਦਾਂ ਵਿਚ ਉਜਾੜਾ ਥਾਂ-ਥਾਂ ਦੀ ਭਟਕਣ, ਰੋਟੀ ਲੰਗੋਟੀ, ਕੱਲੀ ਕੱਲੀ ਦੇ ਫਿਕਰ ਨੇ ਉਸ ਨੂੰ ਕਾਫੀ ਸੰਗੀੜਿਆ ਸੀ। ਫਿਰ ਵੀ ਉਹਦੇ ਮੁੰਹ ਤੇ ਸਾਊਪਣਾ ਤੇ ਲਾਲੀ ਭਾ ਮਾਰਦੀ ਸੀ। ਪਰ ਮਲਵਈ ਦੀ ਸੁੰਦਰਤਾ ਉਹਦੇ ਧੁਰ ਅੰਦਰ ਤੱਕ ਉੱਤਰ ਗਈ ਸੀ। ਮੰਦ ਮੰਦ ਮੁਸਕਾਨ, ਪਤਲੇ ਗੁਲਾਬੀ ਹੋਠਾਂ ਵਿਚ ਲੜੀ ਦੀ ਲੜੀ ਬਰੀਕ ਚਮਕਦੇ ਦੰਦ ਜਿਵੇਂ ਸੁੱਚੇ ਮੋਤੀ ਕਿਸੇ ਗੁਲਾਬ ਦੀਆਂ ਪੱਤੀਆਂ ਵਿਚ ਟਿਕਾਏ ਹੋਣ। ਨੀਲੀਆਂ ਸੁੰਦਰ ਅੱਖਾਂ। ਰਸ ਘੋਲਦੀ ਸੁਰੀਲੀ ਅਵਾਜ ਹੁਣ ਵੀ ਉਹਦੇ ਕੰਨਾਂ ਨੂੰ ਟਕਰਾ ਰਹੀ ਸੀ। ਖਿਆਲਾਂ ਵਿਚ ਮਗਨ ਉਹ ਚੱਕੀ ਤੇ ਪਹੁੰਚ ਗਿਆ।

ਪਾਕਿਸਤਾਨੋ ਆਏ ਹੋਏ ਖੱਤਰੀਆਂ ਦੀ ਚੱਕੀ ਐਨ ਸੂਏ ਉੱਤੇ ਸੀ। ਉਸ ਤੱਕੜ ਤੇ ਦਾਣੇ ਤੁਲਾਏ ਅਤੇ ਤੋਲਣ ਵਾਲੇ ਮੁੰਡੇ, ਜਿਸ ਦੀ ਉਮਰ ਵੀਹ ਬਾਈ ਸਾਲ ਦੀ ਸੀ, ਥੈਲੇ ਤੇ ਨੰਬਰ ਲਾਉਂਦਿਆਂ ਕਿਹਾ, "ਯਾਰਾ, ਬੈਂਚ ਤੇ ਬੈਠ ਜਾ। ਇੱਕ ਅੱਧ ਗੰਢ ਹੋਰ ਆ ਜਾਏ। ਨਾਲੇ ਮਿਸਤਰੀ ਪਟਾ ਗੰਢ ਲਵੇ। ਫਿਰ ਕੱਢ ਦਿੰਦਾ ਹਾਂ।"

ਗੁਰਜੀਤ ਪਰਾਂ ਤੂਤ ਹੇਠਾਂ ਪਏ ਤਖਤਪੋਸ਼ ਤੇ ਜਾ ਬੈਠਾ। ਉਹਦੀ ਸੁਰਤੀ ਅਜੇ ਵੀ ਮਲਵਈ ਦੇ ਚਿੰਨ੍ਹ ਚੱਕਰ ਨਿਹਾਰ ਰਹੀ ਸੀ। ਅਜੇ ਬੈਠੇ ਨੂੰ ਕੋਈ ਪੰਦਰਾਂ ਮਿੰਟ ਹੀ ਹੋਏ ਸਨ ਕਿ ਪਿੰਡ ਵਲੋਂ ਕੱਲਰ ਵਿਚ ਗੰਢ ਚੁੱਕੀ ਆਉਂਦੇ ਮੁੰਡੇ ਤੇ ਉਹਦੀ ਨਜ਼ਰ ਪਈ। ਉਹਦਾ ਅੰਗ-ਅੰਗ ਖਿੜ ਉੱਠਿਆ। ਇਹ ਤਾਂ ਉਹ ਹੀ ਮਲਵਈ ਮੁੰਡਾ ਸੀ। ਉਹਦਾ ਦਿਲ ਕੀਤਾ ਕਿ ਅਗਲ ਵਾਂਡੀ ਹੋ ਉਸ ਤੋਂ ਪੰਡ ਚਕ ਲਵਾਂ। ਹੇਠਾਂ ਪਈ ਜੁੱਤੀ ਵਿਚ ਉਸ ਪੈਰ ਪਾਏ।

ਪਰ ਐਨੇ ਨੂੰ ਮਲਵਈ ਨੇੜੇ ਆ ਗਿਆ ਤੇ ਮੁਸਕਾਂਦੇ ਨੇ ਕਿਹਾ, "ਮੈਂ ਕਿਹਾ ਬਾਈ ਜੀਤ ਆਟਾ ਪਿਸਾਉਣ ਗਿਆ ਏ ਮੈਂ ਵੀ ਬਲਦਾਂ ਲਈ ਵੰਡ ਦਲਾ ਲਿਆਵਾਂ।" ਅਤੇ ਉਸ ਗੰਢ ਤੱਕੜ ਤੇ ਰੱਖ ਦਿੱਤੀ।

ਤੋਲਣ ਵਾਲੇ ਨੇ ਵੱਟਾ ਰੱਖਦਿਆਂ ਕਿਹਾ, "ਮੀਤਿਆ, ਆਟਾ ਤਾਂ ਤੂੰ ਪਰਸੋਂ ਪਿਹਾਇਆ ਸੀ। ਮੁੱਕ ਵੀ ਗਿਆ?"

ਮੀਤੇ ਨੇ ਕਿਹਾ, "ਬਲਦਾਂ ਲਈ ਦਾਣਾ ਏ। ਜਰਾ ਮੋਟਾ ਰੱਖੀਂ। ਕਿਤੇ ਆਟਾ ਕਰ ਦੇਵੇਂ।" ਅਤੇ ਕਹਿੰਦਾ ਕਹਿੰਦਾ ਗੁਰਜੀਤ ਦੇ ਕੋਲ ਆ ਬੈਠਾ ਜਿਥੇ ਗੁਰਜੀਤ ਨੇ ਥੋੜ੍ਹਾ ਸਰਕ ਕੇ ਉਹਦੇ ਬੈਠਣ ਲਈ ਥਾਂ ਬਣਾਈ। ਮੀਤੇ ਨੇ ਬਹਿੰਦਿਆਂ ਹੀ ਕਿਹਾ, "ਮੈਂ ਕਿਹਾ ਚਲੋ ਨਾਲੇ ਵੰਡਾ ਲਾ ਲਿਆਵਾਂਗੇ, ਨਾਲੇ ਬਾਈ ਨਾਲ ਹੋਰ ਵਾਕਫੀ ਕਰ ਲਵਾਂਗੇ। ਨਾਲੇ ਦੇਵੀ ਦੇ ਦਰਸ਼ਨ ਨਾਲੇ ਵੰਝਾਂ ਦਾ ਵਪਾਰ।"

ਦੋਵੇਂ ਨਾਲੋ ਨਾਲ ਇਸ ਤਰ੍ਹਾਂ ਬੈਠੇ ਸਨ ਜਿਵੇਂ ਬੜੀ ਪੁਰਾਣੀ ਵਾਕਫੀ ਹੋਵੇ। ਅੱਧਾ ਘੰਟਾ ਪਹਿਲਾਂ ਦੀ ਮਿਲਣੀ ਦੋਹਾਂ ਵਿਚ ਅਪਣੱਤ ਜਿਹੀ ਬਣਾ ਗਈ ਸੀ।

ਮੀਤੇ ਨੇ ਗੱਲ ਤੋਰੀ, "ਬਾਈ ਜੀਤ ਸਿਆਂ, ਕਿੰਨੀ ਜ਼ਮੀਨ ਅਲਾਟ ਹੋਈ? ਖੇਤੀ, ਬਲਦ ਵੱਛੇ ਦਾ ਕਿਵੇਂ? ਅਤੇ ਘਰ ਦੇ ਕਿੰਨੇ ਜੀਅ ਛੋਟੇ ਵੱਡੇ?" ਇੱਕੋ ਸਾਹ ਉਸ ਕਈ ਸਵਾਲ ਪੁੱਛ ਲਏ।

ਗੁਰਜੀਤ ਨੂੰ ਮੀਤੇ ਦੇ ਪੁੱਛਣ ਦਾ ਤਰੀਕਾ ਬੜਾ ਚੰਗਾ ਲੱਗਾ। ਪਰ ਅੰਦਰੋਂ ਉਹ ਪੁੱਛਿਆ ਗਿਆ। ਪੀੜ ਤੇ ਕਰਬ ਜਾਗ ਪਈ। ਬੀਤੇ ਦੇ ਹਸੀਨ ਵਰ੍ਹੇ ਅਤੇ ਵਿਛੜੇ ਪਰਿਵਾਰ ਦੇ ਜੀਅ। ਉਹਦਾ ਦਿਲ ਭਰ ਆਇਆ। ਉਸ ਹੌਕਾ ਭਰ ਮਨ ਹੌਲਾ ਕੀਤਾ ਅਤੇ ਕਿਹਾ, "ਮੇਰੇ ਮੀਤ, ਜ਼ਮੀਨ ਅੱਠ ਘੁਮਾਂ ਮਿਲੀ ਏ। ਚੰਗਾ ਟੁਕੜਾ ਏ। ਡੰਗਰ ਵੱਛਾ ਕੋਈ ਨਹੀਂ ਅਤੇ ਨਾ ਹੀ ਅਜੇ ਕੋਈ ਪਹੁੰਚ ਏ। ਇਸ ਲਈ ਖੇਤੀ ਦਾ ਆਪਣਾ ਸਾਧਨ ਕੋਈ ਨਹੀਂ। ਜ਼ਮੀਨ ਹਿੱਸੇ ਉਤੇ ਦਿੱਤੀ ਹੋਈ ਏ ਪਰਿਵਾਰ ਤੇ ਬੜਾ ਤਕੜਾ ਸੀ। ਤਿੰਨ ਭਰਾ, ਦੋ ਭਰਜਾਈਆਂ, ਦੋਂ ਤਿੰਨ ਉਹਨਾ ਦੇ ਬੱਚੇ, ਇਕ ਭੈਣ, ਮਾਤਾ ਪਿਤਾ। ਪਰ ਹੁਣ ਅਸੀਂ ਦੋ ਹੀ ਹਾਂ - ਮੈਂ ਤੇ ਮੇਰੀ ਮਾਤਾ, ਬਾਕੀ ਸਭ ਪਾਕਿਸਤਾਨ ਵਿੱਚ ਮਾਰੇ ਗਏ। ਅਸੀਂ ਦੋ ਵੀ ਤਾਂ ਬਚੇ ਕਿ ਅਸੀਂ ਮੇਰੇ ਮਾਮਿਆਂ ਕੋਲ ਗਏ ਹੋਏ ਸਾਂ।" ਗੁਰਜੀਤ ਵਿਸਥਾਰ ਨਾਲ ਦੱਸ ਰਿਹਾ ਸੀ ਤੇ ਅੰਦਰੋਂ ਤਿਪ-ਤਿਪ ਲਹੂ ਸੜ ਰਿਹਾ ਸੀ। ਉਸ ਵੇਖਿਆ ਮੀਤੇ ਦਾ ਦਿਲ ਅੰਦਰੋਂ ਪੰਘਰ ਕੇ ਅੱਖਾਂ ਵਿਚ ਸਿਖ ਆਇਆ ਏ। ਉਸ ਝੱਟ ਗੱਲ ਦਾ ਰੁਖ ਬਦਲੇ ਤੇ ਆਖਿਆ, "ਜੋ ਵਾਹਿਗੁਰੂ ਦੀ ਰਜ਼ਾ। ਦੁੱਖ-ਦਰਦਾਂ ਦੀ ਕੀ ਵਿਆਖਿਆ? ਸੁਣਾ ਮੀਤ, ਤੁਹਾਡਾ ਕੰਮ ਕਾਰ ਕਿਹੋ ਜਿਹਾ ਏ?"

ਮੀਤੇ ਦੇ ਅੱਖਾਂ ਵਿੱਚ ਸਿੰਮੇ ਮੋਤੀ ਸੰਦਰ ਪਲਕਾਂ ਝਮਕ ਝਮਕ ਕੇ ਫੇਹ ਦਿੱਤੇ। ਪਰ ਨੱਕ ਦੀ ਲਾਲ ਹੋਈ ਕੰਬਲੀ ਦੱਸਦੀ ਸੀ ਕਿ ਉਹਦੇ ਦਿਲ ਨੇ ਚੋਖੀ ਪੀੜ ਮੰਨੀ ਏ। ਥੋੜਾ ਰੁਕ ਕੇ ਮੀਤੇ ਨੇ ਕਿਹਾ, "ਸਾਡਾ ਤਾਂ ਕੰਮ ਜੀਤ ਪੰਦਰਾਂ ਘੁੰਮਾ ਚੰਗੀ ਜ਼ਮੀਨ ਏ। ਇਕ ਟੱਕ ਪਿੰਡ ਦੇ ਨਾਲ ਲਗਵਾਂ ਏ। ਪਹਾੜ ਵਾਲੇ ਪਾਸੇ। ਦੂਜਾ ਸੰਤ ਘੁੰਮਾ ਉਹ ਨਦੀ ਦੇ ਢਾਹੇ। ਦੋ ਚੰਗੀਆਂ ਮੱਝਾਂ ਤੇ ਬਲਦਾਂ ਦੀ ਜੋੜੀ। ਘਰ ਦੇ ਅਸੀਂ ਚਾਰ ਜੀਅ ਹਾਂ। ਮੈਂ, ਦੋ ਛੋਟੀਆਂ ਭੈਣਾ ਤੇ ਬਿਰਧ ਬਾਬਾ ਜੀ। ਜਾਣੋ ਦਾਦਾ ਜੀ। ਹੋਰ ਘਰ ਵਿਚ ਹਰ ਪਖੋਂ ਮਹਾਰਾਜ ਦੀ ਕ੍ਰਿਪਾ ਏ।”

ਗੁਰਜੀਤ ਨੇ ਫਿਰ ਪੁੱਛਿਆ, "ਸੀਰੀ ਸਾਂਝੀ, ਮਾਤਾ-ਪਿਤਾ?"

ਮੀਤੇ ਨੇ ਕਿਹਾ, "ਮਾਂ ਬਾਪ ਤਾਂ ਤਿੰਨ ਸਾਲ ਹੋਏ ਸਾਡੇ ਸਿਰੋਂ ਉੱਠ ਗਏ ਸਨ। ਸੀਰੀ ਸਾਂਝੀ ਕੋਈ ਰੱਖੀਦਾ ਨਹੀਂ। ਪਿੰਡ ਵਾਲੇ ਅੱਠ ਕਿਲੇ ਹਿੱਸੇ ਤੇ ਦਿੰਦੇ ਆਂ ਅਤੇ ਨਦੀ ਵਾਲਾ ਆਪਣੇ ਹੱਲ ਹੇਠ। ਜੇ ਲੋੜ ਪਵੇ ਤਾਂ ਮਿਹਨਤੀ ਲਾ ਲਈਦੇ ਨੇ। ਪੱਠੇ ਰੇਹੜੀ ਤੇ ਲੈ ਆਈਦੇ ਆ। ਪੀਟਰ ਨੂੰ ਗੇੜਾ ਦਿੱਤਾ, ਪੱਠੇ ਕੁਤਰ ਲਏ। ਸਾਰਾ ਕੰਮ ਕੱਲੇ ਦੇ ਸਿਰ ਆ। ਪਰ ਭੈਣਾਂ ਹੁਣ ਕੁਝ ਘਰ ਦਾ ਕੰਮ, ਕੁੱਝ ਬਾਹਰ ਦਾ ਪੱਠਾ ਡੱਕਾ ਕਰ ਦਿੰਦੀਆਂ ਨੇ।"

ਮੀਤੇ ਦੇ ਦੱਸਣ ਤੇ ਗੁਰਜੀਤ ਦੇ ਅੰਦਰੋਂ ਲਾਟ ਜਿਹੀ ਨਿਕਲੀ ਅਤੇ ਲੰਬਾ ਹੌਂਕਾ ਭਰਦਿਆਂ ਉਸ, ਦਿਲ ਵਿੱਚ ਕਿਹਾ, "ਮੇਰੇ ਮੀਤ, ਭਾਵੇਂ ਤੇਰੇ ਘਰ ਤੇ ਮਹਾਰਾਜ ਦੀ ਕ੍ਰਿਪਾ ਏ ਪਰ ਤੇਰੇ ਵਰਗੇ ਸੁੰਦਰ ਗੁਲਾਬੀ ਫੁੱਲ ਅਤੇ ਲਾਜਵੰਤੀ ਵਰਗੇ ਮਲੂਕ ਬਦਨ ਨੂੰ ਕਜੀਏ ਦਿਨ ਰਾਤ ਦੇ। ਕਾਸ਼! ਮੈਂ ਤੇਰੀ ਕੋਈ ਮੱਦਦ ਕਰ ਸਕਾਂ।"

ਐਨੇ ਨੂੰ ਇਕ ਦੱਸ ਗਿਆਰਾਂ ਸਾਲਾਂ ਦਾ ਮੁੰਡਾ ਜਿਹੜਾ ਸ਼ਾਇਦ ਚੱਕੀ ਵਾਲਿਆਂ ਵੱਲ ਪ੍ਰਾਹੁਣਾ ਆਇਆ ਹੋਇਆ ਸੀ ਉਨ੍ਹਾਂ ਦੇ ਨੇੜੇ ਆਇਆ ਤੇ ਮੀਤੇ ਨੂੰ ਹੱਥ ਲਾ ਕੇ ਕਿਹਾ, "ਉਏ, ਉਹ ਤੈਨੂੰ ਕਹਿੰਦਾ ਏ ਇਹ ਕੁੜੀ ਏ!" ਨਾਲ ਹੀ ਉਸ ਤੱਕੜ ਕੋਲ ਤੋਲਦੇ ਮੁੰਡੇ ਵੱਲ ਹੱਥ ਕੀਤਾ।

ਖਿਆਲਾਂ ਵਿਚ ਗੁੰਮ ਗੁਰਜੀਤ ਨੇ ਉਹਦੀ ਗੱਲ ਗੋਲੀ ਨਾ। ਸ਼ਾਇਦ ਤੱਕੜ ਵਾਲੇ ਮੁੰਡੇ ਨੇ ਟਿੱਚਰ ਕੀਤੀ ਹੋਵੇ ਕਿਉਂਕਿ ਮੀਤੇ ਦਾ ਰੰਗ, ਢੰਗ, ਸ਼ਕਲ, ਸੂਰਤ, ਸਭ ਕੁੱਝ ਕੁੜੀਆਂ ਵਰਗਾ ਸੀ। ਪਰ ਮੁੰਡੇ ਦੇ ਕਹਿਣ ਤੇ ਮੀਤੇ ਉਤੇ ਕੱਚਿਆਣ ਜਿਹੀ ਛਾ ਗਈ ਅਤੇ ਚਿਹਰੇ ਉਤੇ ਹਵਾਈਆਂ ਲਹਿਰਾ ਗਈਆਂ।

ਪਰ ਜਦ ਦੁਬਾਰਾ ਮੁੰਡੇ ਨੇ ਉਹੀ ਗੱਲ ਦੁਹਰਾਈ ਤਾਂ ਖਿਝੇ ਜਿਹੇ ਗੁਰਜੀਤ ਨੇ ਮੀਤੇ ਦੀ ਕੂਲੀ ਪਤਲੀ ਕਮਰ ਤੇ ਹੱਥ ਧਰ ਕੇ ਕਿਹਾ, "ਵਿਖਾ ਏਹਨੂੰ ਯਾਰ, ਕੁਝ ਕੱਢ ਕੇ।"

ਮੁੰਡਾ ਤਾਂ ਕੱਚਾ ਹੋਇਆ ਪਰ ਮੀਤੇ ਦਾ ਚਿਹਰਾ ਲਾਲੀ ਛੱਡ ਪਲਿੱਤਣ ਫੜ ਗਿਆ ਅਤੇ ਮੁੜ੍ਹਕੇ ਦੇ ਬਰੀਕ ਮੋਤੀ ਮੱਥੇ ਉੱਤੇ ਸਿੰਮ ਆਏ।

ਗੁਰਜੀਤ ਨੂੰ ਆਪਣੀ ਆਖੀ ਹੋਈ ਗੈਰ ਇਖਲਾਕੀ ਗੱਲ ਉੱਤੇ ਦੁੱਖ ਲੱਗਾ ਅਤੇ ਉਹ ਮਨ ਹੀ ਮਨ ਪਛਤਾਇਆ। ਪਰ ਖਸਿਆਏ ਜਿਹੇ ਮੁੰਡੇ ਨੇ ਜਦ ਤੀਜੀ ਵਾਰ ਕਿਹਾ 'ਉਹ ਕਹਿੰਦਾ ਏ' ਤਾਂ ਗੁਰਜੀਤ ਨੇ ਹੇਠਾਂ ਪਈ ਜੁੱਤੀ ਨੂੰ ਹੱਥ ਪਾ ਲਿਆ। "ਜਾਂਦਾ ਏਂ ਕਿ ਧਰਾਂ ਦੋ?" ਅਤੇ ਮੁੰਡਾ ਕੱਚਾ ਹੋ ਇੰਜਣ ਵਾਲੇ ਅੰਦਰ ਚਲਾ ਗਿਆ। ਜੁੱਤੀ ਹੇਠਾਂ ਸੁੱਟਦਿਆਂ ਗੁਰਜੀਤ ਨੇ ਗੁਬਾਰ ਕੱਢਿਆ, "ਸਾਲੇ ਨੇ ਕਿੱਥੇ ਆ ਕੇ ਰੰਗ ਵਿੱਚ ਭੰਗ ਪਾਈ ਏ। ਗੱਲ ਈ ਨਹੀਂ ਕਰਨ ਦਿੰਦਾ।" ਉਸ ਵੇਖਿਆ ਮੀਤਾ ਪਾਣੀ ਪਾਣੀ ਹੋ ਗਿਆ ਏ।

ਇਕ ਪਲ ਸੰਕਾ ਜੰਮੀ ਕਿਤੇ ਮੁੰਡੇ ਦੀ ਗੱਲ ਸੱਚੀ ਹੀ ਨਾ ਹੋਏ! ਪਰ ਦੂਜੇ ਪਲ ਸੋਚ ਨੂੰ ਮੋੜਾ ਦਿੱਤਾ ਕਈ ਸੰਗਾਊ ਸੁਭਾ ਲੋਕ ਹੁੰਦੇ ਨੇ। ਸੂਖਮ ਚਿੱਤ ਤੇ ਕੋਮਲ ਮਨ ਕੋਈ ਵੀ ਅਣਸੁਖਾਵੀਂ ਗਲ ਬਰਦਾਸ਼ਤ ਨਹੀਂ ਕਰ ਸਕਦੇ। ਉਹਦੀ ਨਿਗ੍ਹਾ ਮੀਤੇ ਦੇ ਵਿੰਨ੍ਹੇ ਹੋਏ ਕੰਨਾਂ ਤੇ ਟਿਕੀ। ਪਰ ਇਹ ਤਾਂ ਮਾਲਵੇ ਵਿਚ ਆਮ ਈ ਰਿਵਾਜ ਏ। ਗਭਰੂ ਜਵਾਨ ਮੁੰਡੇ ਕੰਨਾਂ ਵਿਚ ਤਰ੍ਹਾਂ-ਤਰ੍ਹਾਂ ਦੇ ਤੁੰਗਲ ਜਾਂ ਨੱਤੀਆਂ ਪਾਉਂਦੇ ਨੇ। ਪਰ ਮੀਤੇ ਤੇ ਐਨੀ ਕਚਿਆਣ ਕਿਉਂ?

ਸ਼ਾਇਦ! ਮੈਥੋਂ ਕੱਚੀ ਬੇਹੂਦਾ ਗੱਲ ਨਿਕਲੀ ਏ ਅਤੇ ਇਸ ਦੇ ਸੂਖਮ ਮਨ ਨੂੰ ਧੱਕਾ ਲੱਗਾ ਹੋਵੇ। ਇਸ ਨੇ ਮੇਰੇ ਬਾਰੇ ਕੀ ਸੋਚਿਆ ਹੋਏਗਾ। ਸ਼ਾਇਦ! ਹੁਣ ਇਹ ਖੁਲ ਕੇ ਮੇਰੇ ਨਾਲ ਗੱਲ ਈ ਨਾ ਕਰੇ। ਉਹਨੂੰ ਆਪਣੇ ਆਪ ਵਿੱਚ ਹੀਣਤ ਜਿਹੀ ਹੋਈ।

ਐਨੇ ਨੂੰ ਮਿਸਤਰੀ ਨੇ ਇੰਜਣ ਨੂੰ ਗੇੜਾ ਦਿੱਤਾ ਅਤੇ ਤੱਕੜ ਕੋਲ ਬੈਠੇ ਤੁਲਾਵੇ ਮੁੰਡੇ ਨੇ 'ਵਾਜ ਦਿੱਤੀ, "ਮੀਤਿਆ, ਚੱਕੀ ਵੰਡੇ ਤੇ ਆ। ਪਹਿਲਾਂ ਵੰਡਾ ਦਲਾ ਲੈ।"

ਅਤੇ ਮੀਤ ਬਿਨਾਂ ਗੁਰਜੀਤ ਵੱਲ ਵੇਖੇ, ਬਿਨਾਂ ਬੋਲੇ ਉੱਠ ਕੇ ਚੱਕੀ ਵੱਲ ਚਲਾ ਗਿਆ।

ਗੁਰਜੀਤ ਦਾ ਦਿਲ ਧੱਕਾ ਖਾ ਗਿਆ। ਉਹ ਪਛਤਾ ਰਿਹਾ ਸੀ। ਇੰਝ ਕਿਉਂ ਹੋਇਆ। ਉਸ ਦਿਲ ਹੀ ਦਿਲ ਆਪਣੇ ਆਪ ਨੂੰ ਫਿਟਕਾਰਿਆ। ਇੱਕ ਬਾਇਖਲਾਕ ਹੁੰਦਿਆਂ ਹੋਇਆ ਉਸ ਤੋਂ ਇਹ ਬੇ-ਇਖਲਾਕੀ ਹਰਕਤ ਕਿਉਂ ਹੋਈ।

ਦਾਣਾ ਦਲਿਆ ਗਿਆ ਤੇ ਗੁਰਜੀਤ ਦਾ ਥੈਲਾ ਲੱਗਾ। ਮੀਤੇ ਨੇ ਖੇਸੀ ਦੇ ਚਾਰੇ ਪੱਲੇ ਫੜ ਤੱਕੜ ਤੇ ਦਾਣਾ ਰੱਖਿਆ, ਤੁਲਵਾਇਆ। ਗੁਰਜੀਤ ਬੈਂਚ ਤੋਂ ਉੱਠ ਕੇ ਤੱਕੜ ਕੋਲ ਆ ਗਿਆ। ਤੋਲਣ ਵਾਲੇ ਮੁੰਡੇ ਨੇ ਗੰਢ ਬਣਾ ਦਿੱਤੀ। ਮੀਤੇ ਨੇ ਗੰਢ ਸਿਰ ਤੇ ਰੱਖੀ ਅਤੇ ਬਿਨਾਂ ਗੁਰਜੀਤ ਵੱਲ ਵੇਖੇ ਬੋਲੇ ਪਿੰਡ ਵਾਲੇ ਰਾਹ ਪੈ ਗਿਆ। ਗੁਰਜੀਤ ਅੰਦਰੇ ਹੀ ਅੰਦਰ ਰੋ ਪਿਆ। ਉਸ ਅੰਦਰੋਂ ਆਟੇ ਦਾ ਬੈਲਾ ਛੇਤੀ ਨਾਲ ਖਿੱਚਿਆ, ਤੁਲਾਇਆ, ਪੈਸੇ ਦਿੱਤੇ ਅਤੇ ਬਿਨਾਂ ਥੈਲੇ ਦਾ ਮੂੰਹ ਬੰਨ੍ਹੇ ਮਰੋੜੀ ਦੇ ਕੇ ਸਿਰ ਤੇ ਰੱਖਿਆ ਤੇ ਤਿੱਖਾ-ਤਿੱਖਾ ਤੁਰ ਪਿਆ | ਮੀਤਾ ਪਿੰਡ ਅਤੇ ਘਾਟ ਵਾਲੇ ਰਾਹ ਦੇ ਦੁਮੇਲ ਨੇੜੇ ਚਲਾ ਗਿਆ ਸੀ। ਪਰ ਉਹਦੀ ਤੋਰ ਬੜੀ ਮੱਠੀ ਸੀ। ਗੁਰਜੀਤ ਚਖੁਰਿਆ ਜਾ ਰਿਹਾ ਸੀ ਅਤੇ ਸੋਚ ਰਿਹਾ ਸੀ ਕਾਸ਼! ਕਿਤੇ ਮੀਤਾ ਖਲੋ ਜਾਵੇ। ਮੈਂ ਉਸ ਤੋਂ ਭੱਦੀ ਗੱਲ, ਭੱਦੇ, ਲਫਜਾਂ ਦੀ ਮਾਫੀ ਮੰਗ ਲਵਾਂ ਅਤੇ ਸੱਚ ਮੁੱਚ ਮੀਤਾ ਮੋੜ ਕੋਲ ਖਲੋ ਗਿਆ। ਉਹਦੇ ਦਿਲ ਨੂੰ ਕੁੱਝ ਧਰਵਾਸ ਹੋਈ। ਜਦੋਂ ਨੇੜੇ ਗਿਆ ਤਾਂ ਮੀਤੇ ਨੇ ਕਿਹਾ, "ਆ ਬਾਈ ਜੀਤ, ਘਰੋਂ ਚਾਹ ਪਾਣੀ ਪੀਂਦਾ ਜਾਈਂ।"

ਗੁਰਜੀਤ ਦਾ ਦਿਲ ਹੌਲਾ ਫੁੱਲ ਹੋ ਗਿਆ। ਉਸ ਕਿਹਾ, "ਤੂੰ ਤਾਂ ਮੀਤ, ਮੈਨੂੰ ਨਾਲ ਵੀ ਨਾ ਰਲਾਇਆ।"

ਮੀਤੇ ਨੇ ਕਿਹਾ, "ਘਰਾਂ ਪੱਠੇ ਦੱਥੇ ਦਾ ਕੰਮ ਉਵੇਂ ਹੀ ਪਿਆ ਸੀ। ਮੈਂ ਸੋਚਿਆ ਹੌਲੀ ਹੌਲੀ ਤੁਰਦਾ ਹਾਂ।"

"ਆ ਘਰ ਨੂੰ ਹੁੰਦਾ ਜਾਈਂ।"

"ਨਹੀਂ, ਦਿਨ ਛਿਪ ਚਲਿਆ ਏ ਤੇ ਘਰ ਮਾਤਾ ਆਟਾ ਉਡੀਕਦੀ ਹੋਵੇਗੀ। ਫਿਰ ਕਿਤੇ ਆਵਾਂਗਾ।"

ਦੋਵੇਂ ਰਸਮੀ ਸਤਿ ਸ੍ਰੀ ਅਕਾਲ ਬੁਲਾ ਆਪਣੇ-ਆਪਣੇ ਰਾਹ ਪੈ ਗਏ।

ਗੁਰਜੀਤ ਦੀ ਅਜੀਬ ਜਿਹੀ ਹਾਲਤ ਸੀ। ਖੁਸ਼ੀ ਤੇ ਗਮੀ ਦੀ ਮਿਲਵੀਂ ਲਹਿਰ ਚੱਲ ਰਹੀ ਸੀ। ਅੱਬਲ ਤਾਂ ਉਹਨੂੰ ਨਿਰੀ ਰਾਤ ਨੀਂਦ ਹੀ ਨਾ ਆਈ ਅਤੇ ਜੇ ਅੱਖ ਲੱਗੀ ਵੀ ਤਾਂ ਖਾਬ ਵਿੱਚ ਉਹ ਮੀਤੇ ਨਾਲ ਹੀ ਗੱਲਾਂ ਕਰਦਾ ਰਿਹਾ। ਸਵੇਰ ਹੋਈ ਤਾਂ ਉਹ ਮਾਰੂ ਸਾਰੂ ਚਾਹ ਪੀ ਦੂਜੇ ਪਿੰਡ ਮੀਤੇ ਹੋਰਾਂ ਦੇ ਖੇਤ ਵੱਲ ਤੁਰ ਪਿਆ। ਕੋਈ ਖਿੱਚ ਉਹਨੂੰ ਆਪ ਮੁਹਾਰੇ ਹੀ ਲੈ ਤੁਰੀ। ਪਰ ਜਦ ਨਦੀ ਪਾਰ ਕੀਤੀ ਤਾਂ ਖਿਆਲ ਉਭਰਿਆ, "ਕਿਉਂ ਜਾ ਰਿਹਾ ਹਾਂ? ਕੀ ਕਹਾਂਗਾ? ਕੀ ਮੈਂ ਬਿਨਾਂ ਬੁਲਾਇਆ, ਬਿਨਾਂ ਕੰਮ, ਕਾਹਦੇ ਲਈ ਤੇ ਕਿਉਂ? ਕੀ ਚੰਗਾ ਲੱਗਾਗਾਂ?" ਅਤੇ ਉਹ ਮੁੜਨ ਲੱਗਾ। ਪਰ ਪਿੱਛੇ ਮੁੜ ਨਾ ਸਕਿਆ। "ਚਲੋ ਹੋਰ ਕੁਝ ਨਹੀਂ ਤਾਂ ਕਲ਼ ਵਾਲੀ ਗਲ ਦੀ ਮਾਫ਼ੀ ਹੀ ਮੰਗ ਲਵਾਂਗਾ।" ਅਤੇ ਉਹ ਮੀਤੇ ਹੋਰਾਂ ਦੇ ਖੇਤ ਵਲ ਨਦੀ ਦਾ ਢਾਹਾ ਚੜ੍ਹ ਗਿਆ।

ਖੂਹ ਤੋਂ ਦੋ ਪੈਲੀਆਂ ਹਟਵਾਂ, ਮੀਤਾ ਹਲ਼ ਵਾਹ ਰਿਹਾ ਸੀ। ਉਸ ਦੂਰੋਂ ਗੁਰਜੀਤ ਨੂੰ ਵੇਖ ਹਲ਼ ਖਲ੍ਹਾਰਿਆ ਅਤੇ ਅਗਲਵਾਂਢੀ ਹੋ ਤੁਰਿਆ ਅਤੇ ਖੇਤ ਦੀ ਵੱਟ ਤੇ ਦੋਹਾਂ ਦੇ ਹੱਥ ਮਿਲੇ ਅਤੇ ਪਹਿਲੀ ਵਾਰ ਦੋਹਾਂ ਦੀਆਂ ਅੱਖਾਂ ਆਹਮੋ ਸਾਹਮਣੇ ਟਕਰਾਈਆਂ ਜਾਂ ਮੁਸਕਰਾਈਆਂ। ਮੀਤੇ ਦੀਆਂ ਅੱਖਾਂ ਵਿਚ ਕਮਾਲ ਦੀ ਖਿੱਚ ਗੁਰਜੀਤ ਨੇ ਦੇਖੀ। ਉਸ ਐਨੀ ਸੁੰਦਰਤਾ ਕਿਥੇ ਵੇਖੀ ਸੀ। ਉਹਦੇ ਨੂੰ ਨੂੰ ਵਿਚ ਸ਼ਹਿਦ ਵਰਗੀ ਮਿਠਾਸ ਭਰ ਗਈ। ਦਿਲ ਉਬਲਿਆ ਕਿ ਕਲ੍ਹ ਵਾਲੀ ਬਦਇਖਲਾਕੀ ਦੀ ਮੁਆਫੀ ਮੰਗਾਂ। ਪਰ ਪਹਿਲਾਂ ਹੀ ਮੀਤੇ ਨੇ ਕਿਹਾ "ਮੈਂ ਕਿਹਾ ਜਣੋ ਜੀਤ ਨੀ ਆਏਗਾ, ਪਤਾ ਨਹੀਂ ਦੁਆਦਾ ਹੀ ਦੇਣਾ ਪਵੇਗਾ, ਪਰ ਤੂੰ ਆ ਗਿਆ, ਚੰਗਾ ਹੋਇਆ।"

ਗੁਰਜੀਤ ਨੇ ਦਿਲ ਦਾ ਉਬਾਲ ਅੰਦਰੇ ਹੀ ਪੀ ਲਿਆ। ਦੋਵੇਂ ਵੱਟ ਤੇ ਬਹਿ ਗਏ ਅਤੇ ਇੱਧਰ ਉੱਧਰ ਦੀਆਂ ਗਲਾਂ ਕਰਦੇ ਰਹੇ।

ਮੀਤੇ ਨੇ ਕਿਹਾ, "ਜੀਤ, ਮੈਨੂੰ ਤਾਂ ਰਾਤ ਨੀਂਦ ਹੀ ਨਹੀਂ ਆਈ।" "ਕਿਉਂ?"

"ਇਸ ਲਈ ਕਿ ਮੈਥੋਂ ਕਲ਼ ਕੁਝ ਬੇ-ਰੁੱਖੀ ਹੋਈ। ਮੈਂ ਜਾਣਿਆ ਕਿ ਭਾਂਵੇਂ ਤੂੰ ਬੁਰਾ ਹੀ ਮਨਾ ਗਿਆ ਹੋਵੇਂ। ਫਿਰ ਅੱਧੀ ਰਾਤ ਟੁੱਟੀ ਤੋਂ ਮੈਂ ਰੇਹੜੀ ਜੋੜ ਖੇਤ ਨੂੰ ਆ ਗਿਆ ਤੇ ਹਲ੍ਹ ਆ ਜੋੜਿਆ। ਦਿਨ ਚੜ੍ਹਦੇ ਨੂੰ ਜੋਤਾ ਲਗ ਗਿਆ। ਮਸਾਂ ਹੀ ਪਹੁ ਫੁੱਟੀ।"

ਗੱਲਾਂ ਕਰਦੇ ਹੀ ਸਨ ਕਿ ਮੀਤੇ ਦੀਆਂ ਦੋਵੇਂ ਨਿਕੀਆਂ ਭੈਣਾਂ ਸੀਤੋ ਤੇ ਕੰਤੀ ਚਾਹ ਰੋਟੀ ਲੈ ਕੇ ਆ ਗਈਆਂ।

ਮੀਤਾ ਉਠਿਆ ਤੇ ਕਿਹਾ, "ਚਲ ਜੀਤ, ਚਾਹ ਪੀਈਏ। ਮੈਂ ਬਲਦ ਪੰਜਾਲੀਉਂ ਕੱਢ ਆਵਾਂ। ਹੁਣ ਸੁਹਾਗੀ ਪਿਛਲੇ ਜੋਤੇ ਹੀ ਦੇਵਾਂਗਾ।"

ਪਰ ਗੁਰਜੀਤ ਵੀ ਉਹਦੇ ਨਾਲ ਵਾਹਣ ਵਿਚੋਂ ਹੋ ਤੁਰਿਆ। ਮੀਤੇ ਨੇ ਬਲਦ ਛੱਡ ਕੇ ਛਾਵੇਂ ਬੱਧੇ ਤੇ ਦੋਵੇਂ ਨਾਲੋ ਨਾਲ ਤੁਰੇ। ਉਥੇ ਆ ਗਏ ਜਿਥੇ ਸੀਤਾ ਤੇ ਕੰਤੀ ਰੋਟੀ ਚਾਹ ਲੈ ਕੇ ਬੈਠੀਆਂ ਸਨ।

ਮੀਤੇ ਨੇ ਕੁੜੀਆਂ ਨੂੰ ਕਿਹਾ, "ਸੀਤਾ, ਇਹ ਹੈ ਗੁਰਜੀਤ।"

ਨਿੱਕੀਆਂ ਕੁੜੀਆਂ ਨੇ ਸੱਤ ਸ੍ਰੀ ਅਕਾਲ ਬੁਲਾਈ ਤੇ ਬੜੀ ਉਤਸੁਕਤਾ ਨਾਲ ਉਸ ਵੱਲ ਵੇਖਿਆ। ਫਿਰ ਗੁਰਜੀਤ ਨੇ ਦੋਹਾਂ ਕੁੜੀਆਂ ਦੇ ਸਿਰ ਤੇ ਪਿਆਰ ਦਿੱਤਾ। ਜਦ ਬੈਠੇ ਤਾਂ ਸੀਤਾ ਨੇ ਕਿਹਾ, "ਕੰਤੋ, ਚਲ ਆਪਾਂ ਪੱਠੇ ਵੱਢ ਕੇ ਬਲਦਾਂ ਨੂੰ ਪਾ ਆਈਏ।" ਅਤੇ ਦੋਵੇਂ ਕੁੜੀਆਂ ਪੱਠਿਆਂ ਵੱਲ ਹੋ ਤੁਰੀਆਂ ਤਾਂ ਮੀਤੇ ਨੇ ਕਿਹਾ, "ਸੀਤਾ ਥੱਬਾ ਕੁ ਵੱਢ ਕੇ ਪਾ ਆਓ, ਬਾਕੀ ਫਿਰ ਵੱਢਾਂਗੇ ਦੁਪਹਿਰ ਪਿਛੋਂ।"

ਰੋਟੀ ਖਾਣ ਲਗਿਆਂ ਥੋੜੀ ਨਾਂਹ ਨੁਕਰ ਕੀਤੀ ਪਰ ਮੀਤੇ ਨੇ ਉਸ ਨੂੰ ਮਜ਼ਬੂਰ ਕਰ ਦਿੱਤਾ ਰੋਟੀ ਖਾਣ ਲਈ। ਕੰਤੀ ਅਤੇ ਸੀਤਾ ਬਲਦਾਂ ਨੂੰ ਪੱਠੇ ਪਾ ਆਈਆਂ। ਚੋਖਾ ਚਿਰ ਚਾਰੇ ਬੈਠ ਕੇ ਗੱਲਾਂ ਕਰਦੇ ਰਹੇ। ਫਿਰ ਸੀਤਾ ਤੇ ਕੰਡੀ ਭਾਂਡੇ ਲੈ ਕੇ ਪਿੰਡ ਨੂੰ ਤੁਰ ਗਈਆਂ।

ਮੀਤੇ ਨੇ ਦਾਤੀ ਚੁੱਕੀ, "ਚੰਗਾਂ ਜੀਤ, ਤੂੰ ਬੈਠ ਮੈਂ ਦੋ ਭਾਰ ਪੱਠੇ ਵੱਢ ਆਵਾਂ, ਫਿਰ ਸੁਹਾਗੀ ਦੇਣੀ ਐ।"

ਗੁਰਜੀਤ ਨੇ ਦਾਤੀ ਫੜ ਲਈ, "ਨਹੀਂ ਮੀਤ, ਮੈਂ ਪੱਠੇ ਵੱਢਦਾਂ। ਤੂੰ ਸੁਹਾਗਾ ਫੇਰ ਲੈ।"

ਮੀਤੇ ਦੇ ਨਾ ਨਾ ਕਰਨ ਤੇ ਵੀ ਗੁਰਜੀਤ ਪੱਠਿਆਂ ਵਾਲੇ ਟੱਕ ਵਿਚ ਜਾ ਬੈਠਾ। ਦੋ ਤਿੰਨ ਭਾਰ ਵੱਢ ਉਸ ਰੇਹੜੀ ਉਤੇ ਸੁੱਟ ਦਿੱਤੇ। ਕਹੀ ਫੜ ਖੇਤ ਦੀਆਂ ਚਾਰੇ ਗੱਠਾਂ ਗੁੱਡ ਦਿੱਤੀਆਂ।

ਫਿਰ ਤੀਜੇ ਪਹਿਰ ਦੇ ਅੰਤ ਮੀਤੇ ਨੇ ਕਿਹਾ, "ਚੱਲ ਜੀਤ, ਹੁਣ ਘਰ ਚਲਦੇ ਹਾਂ।"

ਪਰ ਗੁਰਜੀਤ ਨੇ ਕਿਹਾ, "ਮੇਰੇ ਮੀਤ, ਮੈਂ ਤਾਂ ਘਰ ਦੱਸ ਕੇ ਨਹੀਂ ਆਇਆ। ਫਿਰ ਕਿਸੇ ਦਿਨ ਚਲਾਂਗੇ। ਹੁਣ ਮੈਂ ਚਲਦਾ ਹਾਂ। ਮਾਤਾ ਫਿਕਰ ਕਰਦੀ ਹੋਵੇਗੀ।"

ਦੋਵੇਂ ਹੀ ਭਰੇ ਜਿਹੇ ਮਨ ਦੇ ਨਾਲ ਨਿਖੜੇ। | ਗੁਰਜੀਤ ਨੂੰ ਤੁਰਨ ਲੱਗਿਆਂ ਮੀਤੇ ਨੇ ਕਿਹਾ, "ਗੁਰਜੀਤ ਤੇਰਾ ਘਰ ਏ, ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗ ਸੰਗਾਅ ਦੀ ਕੋਈ ਲੋੜ ਨਹੀਂ।"

ਫਿਰ ਇਹ ਅਮਲ ਰੋਜ ਅਫੀਮ ਦੇ ਨਸ਼ੇ ਵਾਂਗ ਹੋ ਗਿਆ। ਗੁਰਜੀਤ ਨੇ ਸਵੇਰੇ ਉਠਣਾ ਤੇ ਮੀਤੇ ਦੇ ਖੇਤਾਂ ਵੱਲ ਤੁਰ ਪੈਣਾ। ਸਾਰਾ ਦਿਨ ਖੁਰਪਾ ਦਾਤੀ ਕਹੀ ਚਲਾਉਣਾ ਤੇ ਸ਼ਾਮ ਨੂੰ ਘਰ ਮੁੜਨਾ। ਕਈ ਵਾਰ ਤਾਂ ਮੀਤੇ ਤੋਂ ਵੀ ਪਹਿਲਾਂ ਪਹੁੰਚ ਜਾਂਦਾ ਤੇ ਰਾਤ ਦੇ ਮਿਥੇ ਕੰਮ ਨਿਪਟਾ ਦਿੰਦਾ। ਦੋਵੇਂ ਹੀ ਇਕ ਦੂਜੇ ਨਾਲ ਇਨ ਮੋਹ ਕਰਦੇ ਕਿ ਇਕ ਦੂਜੇ ਨੂੰ ਦੇਖੇ ਬਿਨਾਂ ਰਹਿ ਨਾ ਸਕਦੇ। ਕਦੀ ਕਦੀ ਜੇ ਗੁਰਜੀਤ ਥੋੜਾ ਲੇਟ ਹੋ ਜਾਂਦਾ ਤਾਂ ਮੀਤੇ ਦੀਆਂ ਅੱਖਾਂ ਘਾਟ ਤੇ ਲਗੀਆਂ ਰਹਿੰਦੀਆ ਕਈ ਵਾਰ ਤਾਂ ਉਹ ਕੰਮ ਛੱਡ ਕੇ ਘਾਟ ਤੇ ਆ ਬਹਿੰਦਾ ਅਤੇ ਜਿਥੇ ਤੱਕ ਨਗਾਹ ਜਾਂਦੀ ਵਣ ਬੂਟਿਆਂ ਅੱਟੇ ਰਾਹ ਤੇ ਅੱਖਾਂ ਵਿਛਾਈ ਰਖਦਾ। ਗਰਜੀਤ ਬਥੇਰਾ ਨਾ ਨਾਂਹ ਕਰਦਾ ਪਰ ਮੀਤਾ ਨਿੱਤ ਵਰਤੋਂ ਦੀ ਕੋਈ ਨਾ ਕੋਈ ਚੀਜ ਜਰੂਰ ਲੈ ਆਉਂਦਾ ਆਟਾ, ਦਾਣਾ, ਗੁੜ੍ਹ। ਦੁੱਧ ਦਾ ਡੋਲੂ ਤਾਂ ਰੋਜ ਦਾ ਅਮਲ ਸੀ।

ਗੁਰਜੀਤ ਕਹਿੰਦਾ, "ਮੇਰੇ ਮੀਤ, ਮੇਥੋਂ ਰੋਜ ਰੋਜ ਇਹ ਨਿੱਕ ਸੁੱਕ ਨਹੀਂ ਲਜਾਇਆ ਜਾਂਦਾ।"

ਪਰ ਮੀਤਾ ਕਹਿੰਦਾ, "ਜਾ ਸੀਤਾ, ਤੂੰ ਛੱਡ ਆ।"

ਅਤੇ ਉਹਨੂੰ ਮਜ਼ਬੂਰਨ ਚੀਜ ਲਜਾਉਣੀ ਪੈਂਦੀ। ਸੀਤਾ ਤੇ ਕੰਤੀ ਵੀ ਗੁਰਜੀਤ ਦੇ ਨਾਲ ਬੜਾ ਹਿੱਤ ਕਰਦੀਆਂ ਅਤੇ ਰੋਜ ਹੀ ਘਰ ਚਲਣ ਦੀ ਜ਼ਿਦ ਕਰਦੀਆਂ। ਪਰ ਉਹ ਰੋਜ ਹੀ ਕੋਈ ਪੱਜ ਪਾਉਂਦਾ। ਕਲ੍ਹ ਨੂੰ ਜਾਂ ਫਿਰ ਕਿਸੇ ਦਿਨ ਕਹਿ ਕੇ ਟਾਲ ਦਿੰਦਾ। ਇਸ ਤਰ੍ਹਾਂ ਪੰਜ ਮਹੀਨੇ ਲੰਘ ਗਏ।

ਇਕ ਦਿਨ ਗੁਰਜੀਤ ਨੂੰ ਫੂਕ ਤਾਪ ਚੜ੍ਹ ਗਿਆ। ਉਹ ਨਾ ਆ ਸਕਿਆ। ਮੀਤਾ ਸਾਰਾ ਦਿਨ ਕੰਮ ਛੱਡ ਘਾਟ ਤੇ ਬੈਠਾ ਰਿਹਾ। ਨਾ ਹੀ ਉਸ ਘਰ ਲਈ ਪੱਠੇ ਵੱਢੇ ਤੇ ਨਾ ਹੀ ਪਾਏ। ਕੰਤੀ ਹੋਰੀਂ ਰੋਟੀ ਲੈ ਕੇ ਆਈਆਂ ਪਰ ਉਸ ਰੋਟੀ ਵੀ ਨਾਂਹ ਵਾਂਗ ਹੀ ਖਾਧੀ। ਦੂਜਾ ਦਿਨ ਲੰਘ ਗਿਆ ਪਰ ਗੁਰਜੀਤ ਨਾ ਆਇਆ। ਉਸ ਦਿਨ ਸ਼ਾਮੀ ਗੁਰਜੀਤ ਦਾ ਬੁਖਾਰ ਤਾਂ ਟੁੱਟ ਗਿਆ ਪਰ ਨਾਨਕਿਆਂ ਤੋਂ ਇਕ ਚਿੱਠੀ ਆਈ ਜਿਸ ਵਿਚ ਛੇਤੀ ਬੁਲਾਇਆ ਸੀ ਤੇ ਗੁਰਜੀਤ ਇਕ ਦਿਨ ਅਟਕ ਕੇ ਜਾਣਾ ਚਾਹੁੰਦਾ ਸੀ ਪਰ ਮਾਂ ਨੇ ਧੱਕੋ ਧੱਕੀ ਸਵੇਰੇ ਤੋਰ ਦਿੱਤਾ।

ਦੋ, ਤਿੰਨ, ਫਿਰ ਚਾਰ ਦਿਨ ਗੁਰਜੀਤ ਨਾ ਆਇਆ ਤਾਂ ਮੀਤਾ ਰਹਿ ਨਾ ਸਕਿਆ। ਇਹਨਾਂ ਦਿਨਾਂ ਵਿਚ ਉਹ ਕੰਮ ਦਾ ਡੱਕਾ ਨਾ ਤੋੜ ਸਕਿਆ। ਸੀਤਾ ਤੇ ਕੰਤੀ ਹੀ ਮਾੜਾ ਮੋਟਾ ਕੰਮ ਕਰਦੀਆਂ ਰਹੀਆਂ। ਮੀਤੇ ਨੇ ਬਹੁਤਾ ਸਮਾਂ ਨਦੀ ਦੇ ਘਾਟ ਤੇ ਹੀ ਕੱਟਿਆ ਅਤੇ ਪੰਜਵੇਂ ਦਿਨ ਉਹ ਨਦੀ ਪਾਰ ਗੁਰਜੀਤ ਹੋਰਾਂ ਦੇ ਪਿੰਡ ਗਿਆ। ਪੁੱਛ ਪਛਾਅ ਉਹ ਗੁਰਜੀਤ ਦੇ ਘਰ ਗਿਆ। ਵਿਹੜੇ ਵਿਚ ਬੈਠੀ ਬਿਰਧ ਮਾਤਾ ਨੇ ਨਿੱਘਾ ਸਵਾਗਤ ਕੀਤਾ। ਚਾਹ ਰੱਖੀ।

ਮੀਤੇ ਨੇ ਪੁੱਛਿਆ, "ਮਾਤਾ ਜੀ, ਗੁਰਜੀਤ?" ਤਾਂ ਜਵਾਬ ਮਿਲਿਆ, "ਬੇਟਾ ਉਹ ਤਾਂ ਨਾਨਕੇ ਗਿਆ ਏ।" ⁠"ਕਦੋਂ ਆਵੇਗਾ?"

"ਜੇ ਬੇਟਾ, ਇਕ ਇਕ ਰਾਤ ਵੀ ਰਿਹਾ ਤਾਂ ਪੰਜ ਛੇ ਦਿਨ ਹੋਰ ਲੱਗ ਜਾਣਗੇ।" ਪੰਜ ਛੇ ਦਿਨ ਉਹਨੂੰ ਪੰਜ ਛੇ ਸਾਲਾਂ ਵਾਂਗ ਲਗੇ। ਚਾਹ ਦਾ ਘੁੱਟ ਵੀ ਨਾ ਉਹਦੇ ਸੰਘੋ ਲੰਘਿਆ। ਅਤੇ ਉਹ ਉਠ ਕੇ ਖੜਾ ਹੋ ਗਿਆ, "ਚੰਗਾ ਮਾਂ ਜੀ, ਜਦੋਂ ਵੀ ਆਵੇ, ਆਖ ਦਿਓ ਨਾਲ ਦੇ ਪਿੰਡਾਂ ਮੀਤਾ ਆਇਆ ਸੀ। ਕੋਈ ਜ਼ਰੂਰੀ ਕੰਮ ਏ, ਆਉਂਦਾ ਹੀ ਮਿਲੇ।"

ਮਾਂ ਨੇ ਬੜਾ ਜ਼ੋਰ ਕੀਤਾ, "ਬੇਟਾ, ਰੋਟੀ ਦਾ ਵੇਲਾ ਏ।"

ਪਰ ਮੀਤਾ ਸੁਨੇਹਾ ਦੇ ਕੇ ਬਾਹਰ ਨਿਕਲ ਗਿਆ ਮਤ ਮਾਂ ਅੱਖਾਂ ਦੇ ਹੰਝੂ ਵੇਖ ਲਵੇ। ਜੇ ਉਹਦੇ ਵਸ ਹੁੰਦਾ ਉਹ ਉਡ ਕੇ ਉਥੇ ਹੀ ਚਲਾ ਜਾਂਦਾ, ਜਿਥੇ ਗੁਰਜੀਤ ਗਿਆ ਸੀ।

ਗੁਰਜੀਤ ਉਸੇ ਦਿਨ ਹੀ ਮੁੜ ਆਇਆ। ਉਹਦਾ ਕਿਹੜਾ ਮੀਤੇ ਬਿਨਾਂ ਦਿਲ ਲਗਦਾ ਸੀ। ਉਹ ਪਹਿਲਾਂ ਦੋ ਦਿਨ ਬੁਖਾਰ ਵਿੱਚ ਹੀ ਮਿਲਣ ਨੂੰ ਤੜਫਦਾ ਰਿਹਾ ਅਤੇ ਫਿਰ ਨਾਨਕਿਆਂ ਤੋਂ ਵੀ ਉਸ ਨੇ ਭੱਜੋ ਨੱਠੇ ਹੀ ਕੀਤੀ। ਛਿਪਦੇ ਦਿਨ ਨਾਲ ਉਸ ਖੇਤਾਂ ਵਿੱਚ ਉਰਾਂ ਪਰ੍ਹਾਂ ਨਿਗਾਹ ਮਾਰੀ। ਕੋਈ ਨਾ ਦਿਸਿਆ। ਸ਼ਾਇਦ ਪੱਠੇ ਦੱਥੇ ਲੈ ਕੇ ਚਲੇ ਗਏ ਹੋਣਗੇ। ਨਿਰਾਸ਼ਾ ਹੋਈ, ਚੱਲੋ ਸਵੇਰੇ ਮਿਲਾਂਗੇ। ਪਰ ਮੁੜਿਆ ਨਾ ਗਿਆ। ਆ ਤਾਂ ਗਿਆ। ਘਰ ਈ ਚੱਲ ਮਿਲਾਂ। ਪੱਠਿਆਂ ਵਾਲੇ ਟੱਕ ਕੋਲ ਆਇਆ। ਜਿੱਥੇ ਉਹ ਪੰਜ ਦਿਨ ਪਹਿਲਾਂ ਤੱਕ ਛੱਡ ਕੇ ਗਿਆ ਸੀ ਐਵੇਂ ਮਾੜਾ ਮੋਟਾ ਅੱਗੇ ਵੱਢੇ ਹੋਏ ਸਨ। ਏਨੇ ਦਿਨ ਪਸ਼ੂਆਂ ਨੂੰ ਕੀ ਪਾਇਆ? ਸੁੱਕੀ ਤੂੜੀ ਤੇ ਦਾਣੇ ਤੇ ਹੀ ਸਾਰਦੇ ਰਹੇ? ਅਤੇ ਉਹ ਖੇਤੋਂ ਨਿਕਲ ਪਿੰਡ ਨੂੰ ਪਹੇ ਪੈ ਗਿਆ। ਜਦ ਪਿੰਡ ਨੇੜੇ ਆਇਆ ਤਾਂ ਸੂਰਜ ਛਿਪ ਚੁੱਕਾ ਸੀ ਅਤੇ ਵਿੱਕੀ ਜਿਹੀ ਸਿਆਹੀ ਫੈਲ ਗਈ ਸੀ। ਪੱਠਿਆਂ ਦੀ ਪੰਡ ਚੱਕੀ ਜਾਂਦੇ ਇਕ ਬੰਦੇ ਨੂੰ ਉਸ ਪੁੱਛਿਆ, "ਬਾਈ ਸਿਆਂ, ਮੈਂ ਮੀਤੇ ਹੋਰਾਂ ਦੇ ਘਰ ਜਾਣਾ ਏ।"

ਪੰਡ ਚੁੱਕੀ ਜਾਂਦੇ ਬੰਦੇ ਨੇ ਕਿਹਾ, "ਆ ਜਾ ਮੇਰੇ ਨਾਲ, ਮੈਂ ਵੀ ਉਪਰ ਹੀ ਜਾਣਾ ਏ।"

ਅਤੇ ਉਹ ਦੋ ਤਿੰਨ ਵਿੰਗੀਆਂ ਟੇਢੀਆਂ ਗਲੀਆਂ ਲੰਘ ਪਿੰਡ ਦੇ ਛਿਪਦੇ ਪਾਸੇ ਚਲੇ ਗਏ ਜਿੱਥੇ ਇੱਕ ਵੱਡੇ ਸਾਰੇ ਲੋਹੇ ਦੇ ਗੇਟ ਵੱਲ ਹੱਥ ਕਰਕੇ ਉਸ ਕਿਹਾ, "ਆਹ ਘਰ ਆ, ਬਾਈ ਸਿਆਂ" ਅਤੇ ਨਾਲ ਹੀ ਵਾਜ ਵੀ ਮਾਰ ਦਿੱਤੀ, "ਬਾਈ ਮਿੱਤ ਸਿਆਂ।"

ਅੰਦਰੋਂ ਇਕ ਪੱਕੀ ਜਿਹੀ ਅਵਾਜ ਆਈ। "ਕੌਣ ਆ ਬਾਈ?"

ਪੰਡ ਵਾਲੇ ਨੇ ਕਿਹਾ, "ਬਾਈ, ਆਈਂ ਕੇਹਾਂ।"

ਵੱਡੇ ਫਾਟਕ ਵਿਚੋਂ ਛੋਟੀ ਬਾਰੀ ਥਾਣੀ ਇੱਕ ਅੱਧਖੜ ਜਿਹਾ ਬੰਦਾ ਬਾਹਰ ਆਇਆ। ਪੰਡ ਵਾਲਾ ਇਹ ਕਹਿ ਕੇ ਅੱਗੇ ਤੁਰ ਗਿਆ, "ਬਾਈ ਸਿਆਂ, ਆਹ ਕੋਈ ਥੋਡੇ ਮਿਲਣ ਵਾਲਾ ਏ।"

ਅਤੇ ਮਿੱਤ ਸਿੰਘ ਗੁਰਜੀਤ ਦੇ ਨੇੜੇ ਆਇਆ, "ਸਾਂੱਸਰੀ ਅਕਾਲ! ਆਓ ਕਿੱਥੋਂ ਆਏ, ਬਾਈ?"

ਗੁਰਜੀਤ ਨੇ ਉਹਦੀ ਗੱਲ ਦਾ ਉਤਰ ਤਾਂ ਨਾਂ ਦਿੱਤਾ। ਪੁੱਛਿਆ, "ਬਾਈ ਸਿਆਂ, ਮੈਂ ਬਾਬੇ ਕਪੂਰ ਸਿੰਘ ਹੋਰਾਂ ਦੇ ਜਾਣਾ ਏ।"

"ਅੱਛਾ-ਅੱਛਾ, ਦੁਆਬੇ ਵਾਲਿਆਂ ਦੇ। ਉਹ ਤਾਂ ਬਾਈ ਸਿਆਂ ਚੜ੍ਹਦੇ ਬੰਨੇ ਫਿਰਨੀ ਦੇ ਉੱਤੇ ਘਰ ਏ। ਆਓ! ਫਿਰ ਅੰਨ ਪਾਣੀ ਦਾ ਵੇਲਾ ਏ।"

ਪਰ ਗੁਰਜੀਤ ਉਹਦਾ ਧੰਨਵਾਦ ਕਰਦਾ ਹੋਇਆ ਗਲੀ ਪੈ ਗਿਆ।

ਮਿੱਤ ਸਿੰਘ ਉਚੀ-ਉਚੀ ਕਹਿੰਦਾ ਰਿਹਾ, "ਬਾਈ ਸਿਆਂ, ਸੱਜੇ ਹੱਥ ਵਾਲੀ ਗਲੀ ਮੁੜਕੇ, ਫਿਰ ਖੱਬੇ ਤੇ ਫਿਰ ਸੱਜੇ ਤੇ ਅੱਗੇ ਫਿਰਨੀ ਤੇ ਘਰ ਆ।

ਪਰ ਗੁਰਜੀਤ ਉਹਨਾਂ ਗਲੀਆਂ ਤੋਂ ਹੁੰਦਾ ਹੋਇਆ ਬਾਹਰ ਫਿਰਨੀ ਉੱਤੇ ਆ ਗਿਆ। ਦੋ ਨਿਆਣੇ ਮਿੱਟੀ ਵਿੱਚ ਤੁਰ ਰਹੇ ਸਨ। ਉਸ ਉਹਨਾਂ ਨੂੰ ਪੁੱਛਿਆ, ਨਿਆਣਿਉਂ, ਭਲਾ ਬਾਬੇ ਕਪੂਰ ਸਿੰਘ ਦਾ ਘਰ ਕਿਹੜਾ ਏ?"

"ਦੁਆਬੀਆਂ ਦਾ?"

"ਹਾਂ - ਹਾਂ ਦੁਆਬੀਆਂ ਦਾ।"

ਉਹਨਾਂ ਕਿਹਾ, "ਆਹ ਕੋਟ ਉਹਨਾਂ ਦਾ ਏ। ਉਹ ਅਗਾਂਹ ਫਾਟਕ ਵਾਲਾ ਦਰਵਾਜਾ।"

ਉਹ ਫਾਟਕ ਦੇ ਸਾਹਮਣੇ ਗਿਆ। ਏਥੇ ਹੀ ਪਹਿਲਾਂ ਉਹਨੂੰ ਪੰਡ ਵਾਲਾ ਬੰਦਾ ਮਿਲਿਆ ਸੀ। ਉਹ ਫਾਟਕ ਦੇ ਨੇੜੇ ਗਿਆ। ਫਾਟਕ ਦਾ ਇਕ ਬੂਹਾ ਥੋੜਾ ਜਿਹਾ ਖੁੱਲਾ ਸੀ। ਉਸ ਅੰਦਰ ਵਿਹੜੇ ਵਿੱਚ ਝਾਤੀ ਮਾਰੀ। ਕੋਈ ਨਾ ਦਿੱਸਿਆ। ਪਰ ਪੱਕੀ ਖੁਰਲੀ ਉੱਤੇ ਬੱਧੇ ਬਲਦ ਉਸ ਪਹਿਚਾਣ ਲਏ। ਉਹ ਅੰਦਰ ਵਿਹੜੇ ਵਿੱਚ ਲੰਘ ਗਿਆ। ਦੂਜੇ ਪਾਸੇ ਦੀ ਖੁਰਲੀ ਉਤੇ ਦੋ ਮੱਝਾਂ, ਦੋ ਕੱਟੀਆਂ ਬੰਨ੍ਹੀਆਂ ਹੋਈਆਂ ਸਨ। ਨਾਲ ਹੀ ਟੋਕੇ ਦੀ ਮਸ਼ੀਨ ਤੇ ਪੀਟਰ ਇੰਜਣ ਪਿਆ ਸੀ। ਵਿਹੜਾ ਮੋਕਲਾ ਪਰ ਸਾਫ ਸੁਥਰਾ ਸੀ। ਲੱਕੜ ਤਿੰਬੜ ਹਰ ਚੀਜ਼ ਬੜੇ ਸਲੀਕੇ ਨਾਲ ਰੱਖੀ ਹੋਈ ਸੀ। ਖੱਬੇ ਹੱਥ ਡੰਗਰਾਂ ਵਾਲਾ ਸਿਆਲੂ ਕੋਠਾ ਸੀ। ਸਾਹਮਣੇ ਰਿਹਾਇਸ਼ੀ ਸੀ। ਤਿੰਨ ਥੰਮਾਂ ਵਾਲੇ ਬਰਾਂਡੇ ਵਿੱਚ ਦੋ ਬੂਹੇ ਖੁੱਲਦੇ ਸਨ। ਵਰਾਂਡੇ ਦੀਆਂ ਦੋਹਾਂ ਸਾਈਡਾਂ ਉਤੇ ਦੋ ਕਮਰੇ ਸਨ ਜਿਨ੍ਹਾਂ ਵਿਚੋਂ ਖੱਬੇ ਹੱਥ ਵਾਲਾ ਰਸੋਈ ਘਰ ਅਤੇ ਸੱਜੇ ਪਾਸੇ ਵਾਲੀ ਬੈਠਕ ਸੀ।

ਘਰ ਦੇ ਚਾਰ ਜੀਆਂ ਵਿੱਚੋਂ ਤਿੰਨਾਂ ਨਾਲ ਤਾਂ ਉਹਦੀ ਪਛਾਣ ਅਤੇ ਹਿੱਤ ਮਿੱਤਰਤਾ ਵੀ ਸੀ। ਸਿਰਫ ਬਾਬੇ ਨਾਲ ਉਹਦੀ ਕੋਈ ਵਾਕਫੀ ਨਹੀਂ ਸੀ। ਜਦ ਉਹ ਬਰਾਂਡੇ ਦੇ ਨੇੜੇ ਗਿਆ ਤਾਂ ਇੱਕ ਦਮ ਠਠੰਬਰ ਗਿਆ। ਸਾਹਮਣੇ ਅੰਦਰੋਂ ਇੱਕ ਨੌਜਵਾਨ ਲੜਕੀ, ਬਰਾਂਡੇ ਵਿੱਚ ਆਈ। ਉਹਦੇ ਲੰਬੇ ਕਾਲੇ ਘਟ ਵਾਲ, ਸਾਵਣ ਦੀਆਂ ਘਟਾਵਾਂ ਵਾਂਗ ਖਿਲਰੇ ਹੋਏ ਸਨ ਅਤੇ ਪੂਰੀ ਪਿੱਠ ਢਕੀ ਹੋਈ ਸੀ। ਲੜਕੀ ਦੇ ਹੱਥ ਵਿਚ ਜਗਦੀ ਮੋਮਬਤੀ ਸੀ ਅਤੇ ਹਵਾ ਦੇ ਬੁੱਲੇ ਤੋਂ ਬਚਾਉਣ ਲਈ ਦੂਜਾ ਹੱਥ ਉਸ ਅੱਗੇ ਕਰ ਓਟ ਕੀਤੀ ਹੋਈ ਸੀ। ਹੱਥ ਨੇ ਪੂਰਾ ਚਾਨਣ ਚਿਹਰੇ ਵੱਲ ਵਲਿਆ ਹੋਇਆ ਸੀ ਅਤੇ ਮੋਮਬਤੀ ਦੇ ਬੰਨਵੇਂ ਚਾਨਣ ਵਿੱਚ ਉਹਦਾ ਸੁੰਦਰ ਮੁਖੜਾ ਕਤਿਆਲੀ ਪੁੰਨਿਆਂ ਦੇ ਚੰਦ ਵਾਂਗ ਚਮਕ ਰਿਹਾ ਸੀ। ਦਮਕ ਮਾਰਦਾ ਰੂਪ। ਉਹਨੂੰ ਕਾਂਬਾ ਜਿਹਾ ਲੱਗਾ। ਮੈਂ ਸ਼ਾਇਦ! ਗਲਤ ਘਰ ਵਿਚ ਆ ਗਿਆ ਹਾਂ। ਪਰ ਬਲਦ ਰੇਹੜੀ ਤਾਂ ਉਹਦੇ ਜਾਣੇ ਪਹਿਚਾਣੇ ਸਨ। ਪਰ ਅਥਾਹ ਰੂਪ ਦਾ ਛਬ ਵੇਖ ਉਹਦੇ ਹਵਾਸ ਉਡੇ। ਉਸ ਨੇ ਐਨੀ ਕ ਉਮਰ ਵਿੱਚ ਥਾਂ ਥਾਂ ਭਟਕ ਕੇ ਜਾਂ ਤਾਂ ਹਰ ਪੱਖੋਂ ਨਿਪੁੰਨ ਰੂਪ ਮੀਤੇ ਉਤੇ ਦੇਖਿਆ ਸੀ ਜਾਂ ਉਸ ਤੋਂ ਕਿਤੇ ਵੱਧ ਇਸ ਲੜਕੀ ਤੇ। ਉਸ ਹਕਲਾਏ ਜਿਹੇ ਕਿਹਾ, "ਮੈਂ ...ਮੈਂ... ਬਾਬੇ ਕਪੂਰ ਸਿੰਘ ਦੇ ਜਾਣਾ ਸੀ।"

ਲੜਕੀ ਨੇ ਥੋੜਾ ਹਾਂ ਵਿਚ ਸਿਰ ਹਿਲਾਇਆ ਅਤੇ ਸੱਜੇ ਹੱਥ ਵਾਲੀ ਬੈਠਕ ਵੱਲ ਇਸ਼ਾਰਾ ਕੀਤਾ ਅਤੇ ਆਪ ਖੱਬੇ ਹੱਥ ਵਾਲੀ ਰਸੋਈ ਵਿੱਚ ਚਲੀ ਗਈ ਜਿੱਥੇ ਕੁਝ ਭਾਂਡੇ ਛਣਕੇ। ਸ਼ਾਇਦ ਉਹ ਭਾਂਡਿਆਂ ਨਾਲ ਟਕਰਾ ਗਈ ਸੀ।

ਰੂਪ ਦਾ ਕੀਲਿਆ ਜਿਹਾ ਗੁਰਜੀਤ ਕੁਝ ਦੇਰ ਉੱਥੇ ਹੀ ਖੜੋਤਾ ਰਿਹਾ। ਫਿਰ ਬੋਝਲ ਪੈਰਾਂ ਨੂੰ ਧਊਂਦਾ ਬਰਾਂਡੇ ਵਿੱਚ ਹੋ ਬੈਠਕ ਦੇ ਬੂਹੇ ਵਿਚ ਗਿਆ। ਬੈਠਕ ਦੇ ਅੰਦਰ ਨਿੰਮੀ ਲੈਂਪ ਦੀ ਨਿੰਮੀ-ਨਿੰਮੀ ਲੋ ਸੀ ਅਤੇ ਇੱਕ ਪ੍ਰਭਾਵਸ਼ਾਲੀ ਬਜੁਰਗ ਪਲੰਘ ਉਤੇ ਉਚੇ ਸਿਰਾਣੇ ਤੇ ਸਿਰ ਰੱਖੀ ਪਿਆ ਸੀ। ਸਾਹਮਣੀ ਕੰਧ ਨਾਲ ਤਿੰਨ ਚਾਰ ਕੁਰਸੀਆਂ ਪਈਆਂ ਸਨ। ਪਲੰਘ ਦੇ ਸਿਰਾਹਣੇ ਅਲਮਾਰੀ ਵਿੱਚ ਛੋਟੀਆਂ ਮੋਟੀਆਂ ਕਾਫੀ ਕਿਤਾਬਾਂ ਪਈਆਂ ਸਨ ਜਿਸ ਤੋਂ ਲਗਦਾ ਸੀ ਕੋਈ ਕਾਫੀ ਪੜਿਆ ਲਿਖਿਆ ਪਰਿਵਾਰ ਹੋਵੇ। ਉਸ ਧੜਕਦੇ ਦਿਲ ਨਾਲ ਅੰਦਰ ਪੈਰ ਪਾਇਆ ਤੇ ਹੌਲੀ ਜਿਹੀ ਸਤਿ ਸ੍ਰੀ ਅਕਾਲ ਬੁਲਾਈ। ਪਰ ਅੱਗੋਂ ਜਵਾਬ ਕੋਈ ਨਾ ਆਇਆ। ਸ਼ਾਇਦ ਬਾਬੇ ਦੀ ਅੱਖ ਲੱਗੀ ਹੋਈ ਸੀ। ਉਹ ਅਡੋਲ ਕੁਰਸੀ ਤੇ ਬੈਠ ਗਿਆ ਉਹਦੇ ਦਿਮਾਗ ਉੱਤੇ ਇੱਕੋ ਵੇਲੇ ਕਈ ਖਿਆਲ ਉੱਭਰ ਰਹੇ ਸਨ। ਕੀ ਮੀਤੇ ਨੇ ਮੇਰੇ ਕੋਲ ਝੂਠ ਬੋਲਿਆ ਸੀ? ਇੱਕ ਭਰਾ, ਦੋ ਭੈਣਾਂ ਅਤੇ ਬਾਬੇ ਸਣੇ ਚਾਰ ਜੀਅ ਅਤੇ ਇਸ ਵੱਡੀ ਭੈਣ ਬਾਰੇ ਲੁਕਾ ਕਿਉਂ ਰੱਖਿਆ ਜਿਸ ਦੀ ਸ਼ਕਲ ਇੰਨ ਬਿੰਨ ਮੀਤੇ ਨਾਲ ਮਿਲਦੀ ਸੀ। ਨਹੀਂ ਨਹੀਂ ਮੀਤਾ ਝੂਠ ਨਹੀਂ ਬੋਲ ਸਕਦਾ। ਹੋ ਸਕਦਾ ਏ ਕੋਈ ਬਹੁਤ ਨੇੜੇ ਦੀ ਰਿਸ਼ਤੇਦਾਰ ਜਿਵੇਂ ਮਾਮੇ, ਫੂਫੀ ਦੀ ਧੀ ਹੋਏ। ਐਨਾ ਰੂਪ ਤਾਂ ਉਸ ਕਿਸੇ ਮੂਰਤ ਕਿਸੇ ਤਸਵੀਰ ਵਿਚ ਵੀ ਨਹੀਂ ਸੀ ਵੇਖਿਆ। ਜਿਸ ਦੀ ਇੱਕ ਛਬ, ਇਕ ਛੋਟੀ ਜਿਹੀ ਝਲਕ ਨਾਲ ਹੀ ਉਹਦਾ ਨੂੰ-ਨੂੰ ਜਲ ਰਿਹਾ ਸੀ। ਉਹ ਵੀ ਸਿਰ ਤੋਂ ਪੈਰਾਂ ਤੱਕ। ਪਰ ਘਰ ਦੇ ਹੋਰ ਜੀਅ ਦਿਧਰ ਗਏ? ਮੀਤਾ, ਸੀਤਾ, ਕੰਤੀ? ਇਕ ਵਾਰ ਫਿਰ ਉਹਨੂੰ ਅਣਜਾਣੇ ਘਰ ਦਾ ਭੁਲੇਖਾ ਪਿਆ। ਪਰ ਰੇਹੜੀ ਬਲਦਾਂ ਦੀ ਪਹਿਚਾਣ ਫਿਰ ਉਸ ਨੂੰ ਸਹੀ ਕਰ ਦਿੰਦੀ।

ਅਜੇ ਕੁਝ ਪਲ ਹੀ ਉਹਨੂੰ ਬੈਠੇ ਨੂੰ ਹੋਏ ਸਨ ਕਿ ਉਹਦੇ ਕੰਨੀ ਕੰਤੀ ਅਤੇ ਸੀਤਾ ਦੀ ਅਵਾਜ ਪਈ। ਜਦ ਕੰਤੀ ਨੇ ਸੀਤਾ ਨੂੰ ਕਿਹਾ, "ਸੀਤਾ, ਜੀਤ ਬਾਈ ਆਇਆ ਸੀ। ਕਿਧਰ ਗਿਆ?"

ਅਤੇ ਗੁਰਜੀਤ ਦਾ ਹੌਂਸਲਾ ਵਧਿਆ। ਉਹ ਅਡੋਲ ਉੱਠ ਕੇ ਬਾਹਰ ਵਰਾਂਡੇ ਵਿਚ ਉਹਨਾਂ ਨੂੰ ਮਿਲਿਆ। ਦੋਵੇਂ ਕੁੜੀਆਂ ਉਹਨੂੰ ਚਿੰਬੜ ਗਈਆਂ। ਉਸ ਦੋਹਾਂ ਨੂੰ ਪਿਆਰ ਦਿੰਦਿਆਂ ਪੁੱਛਿਆ, "ਤੁਸੀਂ ਕਿੱਥੋਂ ਆਈਆਂ?"

ਅਤੇ ਮੀਤਾ ਨਾਲ ਦੇ ਕਮਰੇ ਵਿੱਚੋਂ ਬਾਹਰ ਆ ਗਿਆ ਅਤੇ ਗੁਰਜੀਤ ਦਾ ਹੱਥ ਫੜ ਕੇ ਕਿਹਾ, "ਸੁਕਰ ਏ! ਤੂੰ ਆ ਗਿਆ। ਘੱਟੋ ਘੱਟ ਮਿਲਕੇ, ਦਸਕੇ ਤਾਂ ਜਾਣਾ ਸੀ।"

ਗੱਲਾਂ ਕਰਦੇ-ਕਰਦੇ ਕਮਰੇ ਦੇ ਅੰਦਰ ਜਾ ਬੈਠੇ। ਕੰਤੀ ਅਤੇ ਸੀਤਾ ਵੀ ਅੰਦਰ ਆ ਗਈਆਂ। ਤਿੰਨਾਂ ਨੇ ਹੀ ਕਾਫੀ ਗਿਲਾ ਅਤੇ ਉਲਾਂਭੇ ਦਿੱਤੇ। ਗੁਰਜੀਤ ਨੂੰ ਸਫ਼ਾਈ ਦੇਣ ਦਾ ਮੌਕਾ ਵੀ ਨਾਂ ਮਿਲਿਆ। ਉਹਦਾ ਦਿਮਾਗ ਤਾਂ ਥੋੜਾ ਚਿਰ ਪਹਿਲਾਂ ਵੇਖੀ ਪਰੀ ਚਿਹਰਾ ਮੁਟਿਆਰ ਦੇ ਗੋਰਖ ਧੰਦੇ ਵਿਚ ਉਲਝ ਗਿਆ ਸੀ ਅਤੇ ਅੱਖਾਂ ਵਾਰ- ਵਾਰ ਬੂਹੇ ਵੱਲ ਜਾਂਦੀਆਂ।

ਕਿਤੇ ਉਹ ਮੁਟਿਆਰ ਈ ਅੰਦਰ ਆ ਜਾਏ। ਆਪਣੀ ਸਫਾਈ ਵਿੱਚ ਉਸ ਐਨਾ ਹੀ ਕਿਹਾ, "ਦੋ ਦਿਨ ਤਾਂ ਮੈਨੂੰ ਬੁਖਾਰ ਨੇ ਦੱਬੀ ਰੱਖਿਆ ਅਤੇ ਅਗਲੇ ਦਿਨ ਕਿਸੇ ਜ਼ਰੂਰੀ ਕੰਮ ਨਾਨਕੇ ਜਾਣਾ ਪਿਆ ਅਤੇ ਮੈਂ ਹਫਤੇ ਦੀ ਬਜਾਏ ਤੀਜੀ ਰਾਤ ਘਰ ਆ ਗਿਆ। ਆਉਂਦੇ ਨੂੰ ਤੇਰਾ ਸੁਨੇਹਾ ਮਿਲਿਆ ਅਤੇ ਮੈਂ ਇਧਰ ਆਂ ਗਿਆ।"

ਚੁਸਤ ਕੰਤੀ ਨੇ ਕਿਹਾ, "ਅਸਾਂ ਤੈਨੂੰ ਘਾਟ ਲੰਘਦਿਆਂ ਵੇਖ ਲਿਆ ਸੀ ਅਤੇ ਅਸੀਂ ਦੋਵੇਂ ਪੱਠਿਆਂ ਵਿਚ ਲੰਬੀਆਂ ਪੈ ਗਈਆਂ।"

"ਕਿਉਂ?"

ਅਸਾਂ ਸੋਚਿਆ, ਜੇ ਕੋਈ ਨਾ ਮਿਲਿਆ ਤਾਂ ਆਪੇ ਘਰ ਨੂੰ ਜਾਏਂਗਾ।"

"ਜੇ ਮੈਂ ਪਿੱਛੇ ਮੁੜ ਜਾਂਦਾ?"

ਸੀਤਾ ਨੇ ਕਿਹਾ, "ਫਿਰ ਅਸਾਂ ਪੱਠਿਆਂ ਚੋਂ ਨਿਕਲ ਕੇ ਰੋਕ ਲੈਣਾ ਸੀ।

ਗੁਰਜੀਤ ਨੂੰ ਕੁੜੀਆਂ ਦਾ ਮਜਾਕ ਬਹੁਤ ਚੰਗਾ ਲੱਗਾ। ਉਸਤੇ ਪਰਿਵਾਰ ਦੇ ਪਿਆਰ ਦਾ ਬੜਾ ਡੂੰਘਾ ਅਸਰ ਹੋਇਆ। ਕਿੰਨੀ ਤਾਂਘ ਸੀ ਉਹਨਾਂ ਨੂੰ ਆਪਣੇ ਘਰ ਬੁਲਾਉਣ ਦੀ ਪਰ ਅਜੇ ਵੀ ਉਹ ਓਪੜ-ਛੋਹਾ ਜਿਹਾ ਬੈਠਾ ਸੀ ਅਤੇ ਆਪਣੇ ਉਡ ਰਹੇ ਮਨ ਨੂੰ ਡੋਰ ਨਹੀਂ ਸੀ ਪਾ ਸਕਿਆ। ਉਹਦੀ ਪੂਰੀ ਚੇਤਨਾ ਥੋੜਾ ਚਿਰ ਪਹਿਲਾ ਵੇਖੀ ਮੁਟਿਆਰ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਹੋਈ ਸੀ। ਮੀਤੇ ਦੀ ਭੈਣ ਜਾਂ ਰਿਸ਼ਤੇਦਾਰ? ਨਹੀਂ, ਭੈਣ ਹੁੰਦੀ ਤਾਂ ਮੇਰੇ ਬਾਰੇ ਥੋੜਾ ਬਹੁਤ ਜਾਣਦੀ ਹੁੰਦੀ! ਪਰ ਉਹ ਤਾਂ ਬਿਲਕੁਲ ਅਣਜਾਣਾਂ ਵਾਂਗ ਕੁਝ ਨਾ ਬੋਲੀ। ਸਿਵਾਏ ਬੈਠਕ ਵੱਲ ਇਸ਼ਾਰਾ ਕਰਨ ਦੇ। ਉਹਦਾ ਦਿਮਾਗ ਲਗਾਤਾਰ ਸੋਚ ਰਿਹਾ ਸੀ ਅਤੇ ਉਸ ਮੁਟਿਆਰ ਨੂੰ ਇੱਕ ਵਾਰੀ ਫਿਰ ਵੇਖਣ ਲਈ ਤੜਪ ਵਧ ਰਹੀ ਸੀ। ਮੀਤੇ ਨੇ ਹੋ ਸਕਦਾ ਏ ਉਹਦੀ ਬੇਚੈਨੀ ਭਾਂਪ ਲਈ ਹੋਵੇ। ਉਸ ਸੀਤਾ ਅਤੇ ਕੰਤੀ ਨੂੰ ਕਿਹਾ, "ਜਾਓ ਸੀਤਾ, ਤੁਸੀਂ ਰੋਟੀ ਦਾ ਆਹਰ ਕਰੋ।"

ਅਤੇ ਉਹ ਦੋਵੇਂ ਸਾਊ ਕੁੜੀਆਂ ਰਸੋਈ ਵੱਲ ਤੁਰ ਪਈਆਂ।

ਸੀਤਾ ਨੇ ਕਿਹਾ, "ਕੁਝ ਸਬਜੀ ਏ। ਦਾਲ ਬਣੀ ਪਈ ਏ। ਤੜਕਾ ਲਾ ਲੈਂਦੇ ਹਾਂ। ਫੁਲਕਾ ਪਕਾ ਲੈਂਦੇ ਹਾਂ।"

ਹੁਣ ਕਮਰੇ ਵਿੱਚ ਮੀਤਾ ਤੇ ਗੁਰਜੀਤ ਦੋਵੇਂ ਹੀ ਸਨ। ਮੀਤੇ ਨੇ ਪੁੱਛਿਆ ਗੁਰਜੀਤ, "ਤੂੰ ਦੱਸ ਕੇ ਵੀ ਨਾ ਗਿਆ। ਇਹੋ-ਜਿਹਾ ਫੌਰੀ ਕੀ ਕੰਮ ਪੈ ਗਿਆ ਸੀ? "

ਗੁਰਜੀਤ ਨੇ ਹੌਕਾ ਭਰ ਕੇ ਕਿਹਾ, "ਮੇਰੇ ਮੀਤ, ਮੈਂ ਵੀ ਦਿਲੋਂ ਦੁਖੀ ਹੀ ਗਿਆ ਸੀ। ਪਰ ਕੁਝ ਮਜ਼ਬੂਰੀਆਂ ਇਹੋ-ਜਿਹੀਆਂ ਹੁੰਦੀਆਂ ਨੇ ਕਿ ਬੰਦੇ ਨੂੰ ਸਾਣੇ ਵਲ ਦੇ ਲੈਂਦੀਆਂ ਨੇ। ਮਾਤਾ ਦੀ ਖਾਹਿਸ਼ ਏ ਕਿ ਮੇਰੀ ਸ਼ਾਦੀ ਹੋਵੇ। ਇਸ ਲਈ ਰਿਸ਼ਤੇਦਾਰ ਵੀ ਜੋਰ ਪਾਉਂਦੇ ਨੇ। ਉਹਨਾਂ ਨੂੰ ਬੁਲਾਇਆ ਇਸ ਲਈ ਸੀ ਕਿ ਮੈਂ ਲੜਕੀ ਪਸੰਦ ਕਰ ਲਵਾਂ।"

"ਫਿਰ ਲੜਕੀ ਵੇਖੀ?" ਮੀਤੇ ਨੇ ਟੋਕਿਆ।

"ਹਾਂ, ਵੇਖੀ ਮੇਰੇ ਮੀਤ, ਲੜਕੀ ਕਬੂਲ ਸੂਰਤ ਸੀ। ਪਰ ਮੇਰੇ ਪਸੰਦ ਨਹੀਂ।"

"ਕਿਉਂ?"

"ਇਸ ਲਈ ਕਿ ਉਹਨਾਂ ਲੋਕਾਂ ਦੀਆਂ ਨਜ਼ਰਾਂ ਕੁਝ ਉਚੀਆਂ ਨੇ ਅਤੇ ਸਾਡੀ ਐਨੀ ਪਹੁੰਚ ਨਹੀਂ। ਮਾਤਾ ਤਾਂ ਅਜੇ ਵੀ ਉਥੇ ਹੀ ਖਲੋਤੀ ਏ। ਭਾਵੇਂ ਦੇ ਖੇਤ ਵੇਚਣੇ ਪੈਣ। ਮੈਂ ਭਾਵੇਂ ਖੇਤ ਵੇਚ ਕੇ ਸ਼ਾਦੀ ਨਹੀਂ ਚਾਹੁੰਦਾ। ਪਰ ਮੈਂ ਮਾਂ ਦਾ ਦਿਲ ਵੀ ਨਹੀਂ ਦੁਖਾਉਣਾ ਚਾਹੁੰਦਾ ਜਿਸ ਸਾਰੀ ਉਮਰ ਹੀ ਦੁੱਖ ਭੋਗੇ ਨੇ। ਗੱਲ ਸਿਰੇ ਲਾਉਂਦੇ-ਆਉਂਦੇ ਉਹਦਾ ਚਿਹਰਾ ਉਤਰ ਗਿਆ।

ਪਰ ਮੀਤੇ ਨੇ ਸਹਾਰਾ ਦਿੱਤਾ, "ਜੀਤ, ਦਿਲ ਨਾ ਛੱਡ। ਬਾਬਾ ਜੀ ਨਾਲ ਗੱਲ ਕਰਾਂਗੇ। ਆਸ ਏ ਕੋਈ ਰਾਹ ਨਿਕਲ ਆਏਗਾ।"

ਮੀਤੇ ਦੇ ਸਾਫ ਕਿਤਾਬੀ ਬੋਲੀ ਬੋਲਣ ਤੇ ਉਹ ਬੜਾ ਹੈਰਾਨ ਹੋਇਆ। ਕੁਝ ਦੇਰ ਦੋਵੇਂ ਚੁੱਪ ਰਹੇ ਅਤੇ ਫਿਰ ਗੁਰਜੀਤ ਨੇ ਕਿਹਾ, "ਮੈਨੂੰ ਇਕ ਉਲਝਣ ਏ। ਉਹ ਤਾਂ ਸੁਲਝਾ।"

ਮੀਤ ਨੇ ਕਿਹਾ "ਕੀ?", "ਤੁਹਾਡੇ ਘਰ ਕੋਈ ਪ੍ਰਾਹੁਣੀ ਆਈ ਹੋਈ ਏ?

"ਨਹੀਂ, ਕੋਈ ਨਹੀਂ", ਮੀਤੇ ਨੇ ਕਿਹਾ।

ਗੁਰਜੀਤ ਨੇ ਕਿਹਾ, "ਜਦੋਂ ਮੈਂ ਸ਼ਾਮੀ ਆਇਆ ਤਾਂ ਮੈਨੂੰ ਇੱਕ ਲੜਕੀ ਰਸੋਈ ਵੱਲ ਜਾਂਦੀ ਦਿਖੀ। ਤੂੰ ਦੱਸਦਾ ਸੀ ਕਿ ਅਸੀਂ ਚਾਰ ਜੀਅ ਆਂ।"

ਮੀਤੇ ਨੇ ਝੱਟ ਕਿਹਾ, "ਉਹ, ਹਾਂ ਹਾਂ। ਉਹ ਕੰਤੀ ਹੋਰਾਂ ਦੀ ਵੱਡੀ ਭੈਣ ਸੀ।"

ਗੁਰਜੀਤ ਦੀ ਉਲਝਣ ਹੋਰ ਵੱਧ ਗਈ। ਕਿਤੇ ਮੀਤਾ, ਕੰਤੀ ਤੇ ਸੀਤਾ ਅੱਡੋ ਅੱਡ ਮਾਵਾਂ ਦੀ ਔਲਾਦ ਨਾ ਹੋਣ। ਪਰ ਫਿਰ ਵੀ ਕਿਹਾ, "ਮੇਰੇ ਮੀਤ, "ਤਾਂ ਕੁਝ ਸਮਝਿਆ ਨਹੀਂ।"

ਮੀਤੇ ਨੇ ਗੱਲ ਸਿਰੇ ਲਾਉਂਦਿਆਂ ਕਿਹਾ, "ਗਰਜੀਤ. ਇਹ ਇਕ ਗੋਰਖ ਧੰਦਾ ਏ ਜਿਹਨੂੰ ਤੂੰ ਹੁਣ ਤੱਕ ਨਹੀਂ ਸਮਝ ਸਕਿਆ ਅਤੇ ਇਹੋ ਸਮਝਾਉਣ ਵਾਸਤੇ ਅਸੀਂ ਰੋਜ਼-ਰੋਜ ਤੈਨੂੰ ਘਰ ਬੁਲਾਉਂਦੇ ਸਾਂ ਅਤੇ ਵੱਡੇ ਭਾਗ ਕਿ ਅੱਜ ਤੂੰ ਘਰ ਆ ਗਿਆ ਏਂ। ਅੱਜ ਤੈਨੂੰ ਇਹ ਸਾਰਾ ਭੇਤ ਦੱਸ ਦਿੱਤਾ ਜਾਏਗਾ। ਪਰ ਕਾਹਲਾ ਨਾ ਪੈ। ਦੱਸਣਗੇ ਬਾਬਾ ਜੀ। ਕੀ ਤੂੰ ਬਾਬਾ ਜੀ ਨੂੰ ਮਿਲਿਆ?"

ਨਹੀਂ। ਜਦੋਂ ਮੈਂ ਅੰਦਰ ਗਿਆ ਤਾਂ ਉਹ ਸੁੱਤੇ ਪਏ ਸਨ।"

"ਸੀਤਾ, ਮੀਤੇ ਨੇ ਅਵਾਜ ਦਿੱਤੀ। ਸੀਤਾ ਅੰਦਰ ਆਈ ਤਾਂ ਉਸ ਕਿਹਾ, "ਵੇਖ, ਬਾਬਾ ਜੀ ਉੱਠੇ ਨੇ"।

ਸੀਤਾ ਨੇ ਕਿਹਾ, "ਹਾਂ ਉੱਠੇ ਨੇ। ਮੈਂ ਹੁਣੇ ਉਹਨਾਂ ਨੂੰ ਪਾਣੀ ਦੇ ਕੇ ਆਈ ਹਾਂ। ਮੈਂ ਉਹਨਾਂ ਨੂੰ ਜੀਤ ਬਾਰੇ ਦੱਸਿਆ ਏ। ਉਹ ਕਹਿੰਦੇ ਨੇ ਕਿ ਮੇਰੇ ਕੋਲ ਭੇਜੋ।" ਸੀਤਾ ਇੱਕੋ ਸਾਹ ਤਿੰਨੇ ਗੱਲਾਂ ਦੱਸ ਗਈ।

ਮੀਤੇ ਨੇ ਕਿਹਾ, "ਸੀਤਾ, ਪਹਿਲਾਂ ਥੋੜੀ ਚਾਹ ਈ ਬਣਾ ਲੈਂਦੇ।"

ਸੀਤਾ ਨੇ ਕਿਹਾ, "ਚਾਹ ਹੀ ਬਣਾਈ ਏ। ਮੈਂ ਲਿਆਉਂਦੀ ਹਾਂ। ਬਾਬਾ ਜੀ ਕੋਲ ਚੱਲੋ। ਉਹ ਬੁਲਾਉਂਦੇ ਨੇ।"

ਮੀਤੇ ਨੇ ਕਿਹਾ, "ਸੀਤਾ, ਤੂੰ ਗੁਰਜੀਤ ਨੂੰ ਉੱਧਰ ਬਿਠਾ ਚੱਲ ਕੇ। ਮੈਂ ਕੱਪੜੇ ਬਦਲ ਲਵਾਂ।"

ਅਤੇ ਸੀਤਾ ਗੁਰਜੀਤ ਨੂੰ ਬਾਬੇ ਕੋਲ ਲੈ ਗਈ ਅਤੇ ਕਿਹਾ, "ਬਾਬਾ ਜੀ, ਜੀਤ ਆਇਆ ਹੈ।"

ਗੁਰਜੀਤ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਬਾਬੇ ਨੇ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ, "ਸੀਤਾ ਬੇਟਾ, ਚਾਹ ਲੈ ਆਓ।"

ਅਤੇ ਸੀਤਾ ਚਾਹ ਲੈਣ ਚਲੀ ਗਈ। ਲੈਂਪ ਦੇ ਚਾਨਣ ਵੱਲ ਹੱਥ ਦੀ ਓਟ ਕਰ ਗੁਰਜੀਤ ਵੱਲ ਗਹੁ ਨਾਲ ਵੇਖਿਆ ਅਤੇ ਪੁੱਛਿਆ, "ਬੇਟਾ, ਤੇਰਾ ਨਾ ਗੁਰਜੀਤ ਏ?"

"ਹਾਂ, ਬਾਬਾ ਜੀ।"

ਸੀਤਾ ਚਾਹ ਲੈ ਕੇ ਅੰਦਰ ਆ ਗਈ ਸੀ। ਗਲਾਸਾਂ ਵਿੱਚ ਪਾਉਣ ਲੱਗੀ ਤਾਂ ਬਾਬੇ ਨੇ ਕਿਹਾ, "ਠਹਿਰ ਬੇਟਾ, ਇਕੱਠੇ ਚਾਹ ਪੀਵਾਂਗੇ। ਕੰਤਾ ਤੇ ਗੁਰਮੀਤ ਨੂੰ ਵੀ ਬੁਲਾ ਲਓ।"

ਕੰਤਾ ਅੰਦਰ ਆ ਗਈ ਸੀ। ਉਸ ਕਿਹਾ, "ਕੁੱਝ ਖਾਣ ਨੂੰ ਲਿਆਵਾਂ?"

ਪਰ ਬਾਬੇ ਦਾ ਕਹਿਣਾ ਸੀ "ਨਹੀਂ ਬੇਟਾ, ਰੋਟੀ ਦਾ ਵੇਲਾ ਏ। ਤੁਸੀ ਗੁਰਮੀਤ ਨੂੰ ਹੀ ਬੁਲਾ ਲਓ।"

ਕੰਤੀ ਗਈ ਤੇ ਮੁੜਕੇ ਆ ਕੇ ਕਿਹਾ, "ਆ ਰਹੇ ਨੇ।"

ਗੁਰਜੀਤ ਸੋਚ ਰਿਹਾ ਸੀ। ਕਿੰਨੇ ਮਿੱਠੇ ਤੇ ਪਿਆਰੇ ਮਨੁੱਖ ਨੇ ਅਤੇ ਕੁਝ ਕੁਝ ਹੈਰਾਨ ਸੀ ਕਿ ਚਾਹ ਤੇ ਮੀਤੇ ਨੂੰ ਬੁਲਾਉਣ ਦਾ ਕੋਈ ਜ਼ਿਕਰ ਨਹੀਂ ਕਿ ਬਾਬੇ ਨੇ ਗੁਰਜੀਤ ਨੂੰ ਟੋਕਿਆ, "ਬੇਟਾ, ਠੀਕ ਹੋ ਕੇ ਬੈਠੋ। ਤੁਹਾਡਾ ਆਪਣਾ ਘਰ ਏ। ਤੁਹਾਡੇ ਬਾਰੇ ਗੁਰਮੀਤ ਨੇ ਮੈਨੂੰ ਸਭ ਕੁਝ ਦੱਸਿਆ ਏ।"

ਅਤੇ ਉਧਰੋਂ ਹੇ ਵਿੱਚੋਂ ਉਹ ਹੀ ਮੁਟਿਆਰ ਅੰਦਰ ਆਈ ਜਿਸ ਨਾਲ ਥੋੜਾ ਚਿਰ ਪਹਿਲਾਂ ਗੁਰਜੀਤ ਦਾ ਸਾਹਮਣਾ ਹੋਇਆ ਸੀ।

ਲੰਬੀਆਂ ਕਾਲੀਆਂ ਜੁਲਫਾਂ ਵਿੱਚ ਦਗ-ਦਗ ਕਰਦਾ ਚੰਦ ਮੁਖੜਾ। ਗੁਰਜੀਤ ਅਚੇਤ ਹੀ ਕੁਰਸੀ ਤੋਂ ਉੱਠ ਬੈਠਾ। ਉਹਨੂੰ ਕੰਬਣੀ ਜਿਹੀ ਲੱਗ ਗਈ। ਦਿਲ ਦੀ ਧੜਕਣ ਤੇਜ ਹੋ ਗਈ ਸੀ ਕਿ ਬਾਬੇ ਨੇ ਗੁਰਜੀਤ ਨੂੰ ਕਿਹਾ, "ਬੈਠੋ-ਬੈਠੋ ਬੇਟਾ, ਬੈਠੋ।" ਅਤੇ ਲੜਕੀ ਨੂੰ ਆਪਣੇ ਕੋਲ ਬਿਠਾ ਲਿਆ।

ਗੁਰਜੀਤ ਨੂੰ ਨਦਾਮਤ ਨੇ ਦੱਬ ਲਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬਿਆ ਤੇ ਤਰੇਲੀ ਆ ਗਈ। ਉਹ ਹੁਣ ਓਪਰਾਪਨ ਮਹਿਸੂਸ ਕਰ ਰਿਹਾ ਸੀ ਉਸ ਉੱਤੇ ਉਸ ਰੂਪਮਤੀ ਮੁਟਿਆਰ ਦਾ ਐਨਾ ਦਬਾਓ ਪੈ ਗਿਆ ਸੀ ਕਿ ਉਹ ਦੁਬਾਰਾ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਰ ਰਿਹਾ। ਵਾਰ ਵਾਰ ਇਹ ਸੋਚ ਰਿਹਾ ਸੀ ਕਿਸੇ ਬਹਾਨੇ ਇੱਥੋਂ ਬਾਹਰ ਨਿਕਲ ਜਾਂਵਾਂ ਜਾਂ ਘੱਟੋ ਘੱਟ ਮੀਤਾ ਹੈ ਮੇਰੇ ਕੋਲ ਆ ਜਾਏ। ਉਹਨੂੰ ਮਨ ਹੀ ਮਨ ਮੀਤੇ ਤੇ ਅਤੇ ਆਪਣੇ ਆਪ ਤੇ ਖਿੱਝ ਆ ਰਹੀ ਸੀ। ਕੰਤੀ ਉਹਦੇ ਕੋਲ ਬੈਠ ਗਈ ਅਤੇ ਉਹਨੂੰ ਧਰਵਾਸ ਹੋਈ। ਤੇ ਸੀਤਾ ਨੇ ਚਾਹ ਗਲਾਸਾਂ ਵਿਚ ਪਾ ਦਿੱਤੀ ਤੇ ਗੁਰਜੀਤ ਨੂੰ ਗਲਾਸ ਫੜਾਇਆ ਉਹਦਾ ਹੱਥ ਅਜੇ ਵੀ ਕੰਬ ਰਿਹਾ ਸੀ ਕਿ ਬਾਬੇ ਨੇ ਕਿਹਾ, "ਸੀਤਾ ਕੰਤਾ, ਬੇਟਾ ਤੁਸੀਂ ਬਾਹਰ ਜਾਓ"

ਅਤੇ ਦੋਵੇਂ ਸਾਉ ਕੁੜੀਆਂ ਬਿਨਾਂ ਕੁਝ ਬੋਲੇ ਬਾਹਰ ਬਰਾਂਡੇ ਵਿੱਚ ਚਲੀਆਂ ਗਈਆਂ।

ਬਾਬੇ ਨੇ ਗੁਰਜੀਤ ਨੂੰ ਸੰਬੋਧਨ ਕੀਤਾ, "ਬੇਟਾ, ਚਾਹ ਪੀਓ। ਇੱਕ ਗੱਲ ਪੁੱਛਾਂ?"

ਉਸ ਥਿੜਕਦੀ ਜੁਬਾਨ ਨਾਲ ਕਿਹਾ, "ਪੁ ... ਪੂ ...ਪੁੱਛੋ, ਬਾਬਾ ਜੀ।"

ਉਹ ਥਿੜਕਦੀ ਜੁਬਾਨ ਤੇ ਕੱਚਾ ਜਿਹਾ ਹੋਇਆ ਕਿ ਬਾਬੇ ਨੇ ਗੱਲ ਸ਼ੁਰੂ ਕੀਤੀ। "ਵੇਖ ਜੀਤ ਬੇਟਾ, ਇਹ ਗੁਰਮੀਤ ਮੇਰੀ ਧੀ ਹੀ ਨਹੀਂ ਮੇਰਾ ਪੁੱਤਰ ਵੀ ਏ।" ਨਾਲ ਹੀ ਬਾਬੇ ਨੇ ਲੜਕੀ ਦੇ ਸਿਰ ਤੇ ਹੱਥ ਰੱਖਿਆ। "ਜਿਸ ਦਿਨ ਦਾ ਇਹਨਾਂ ਦਾ ਪਿਤਾ ਪੂਰਾ ਹੋਇਆ, ਇਸ ਨੇ ਘਰ ਦਾ ਪੂਰਾ ਕੰਮ ਸੰਭਾਲਿਆ ਅਤੇ ਕਿਸੇ ਪਾਸਿਓਂ ਵੀ ਘਰ ਨੂੰ ਢਾਹ ਨਹੀਂ ਲੱਗਣ ਦਿੱਤੀ। ਘਰ ਘਰ ਬਣਿਆ ਰਿਹਾ ਬਾਹਰ ਬਾਹਰ। ਆਖਰ ਦੁਨੀਆਂ ਦੇ ਰਸਮ ਰਿਵਾਜ ਪੂਰੇ ਕਰਨੇ ਪੈਂਦੇ ਨੇ। ਤੇਰਾ ਤੇ ਮੀਤ ਦਾ ਕੋਈ ਪੰਜ ਮਹੀਨੇ ਦਾ ਸਾਥ ਏ। ਤੁਸੀਂ ਦੋਵੇਂ ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹੋਏ ਓ।"

ਬਾਬਾ ਗੱਲ ਕਰੀ ਜਾ ਰਿਹਾ ਸੀ ਅਤੇ ਗੁਰਜੀਤ ਹੈਰਾਨੀ ਦੇ ਖੂਹ ਵਿਚ ਗਰਕ ਹੁੰਦਾ ਜਾ ਰਿਹਾ ਸੀ।

ਬਾਬੇ ਨੇ ਕਿਹਾ, "ਗੁਰਜੀਤ ਬੇਟਾ, ਗੁਰਮੀਤ ਪੜੀ ਲਿਖੀ ਲੜਕੀ ਏ। ਤੇ ਤੈਨੂੰ ਪਸੰਦ ਕਰਦੀ ਏ। ਸੋ ਬੇਟਾ ਤੇਰੀ ਕੀ ਰਾਇ ਏ .? ਜੇ ਤੁਹਾਨੂੰ ਉਮਰ ਭਰ ਲਈ ਇੱਕ ਬੰਧਨ ਵਿੱਚ ਬੰਨ ਦਿੱਤਾ ਜਾਏ?"

ਗੁਰਜੀਤ ਨੇ ਡੌਰ-ਭੌਰ ਆਸੇ ਪਾਸੇ ਵੇਖਿਆ। ਫਿਰ ਗੁਰਮੀਤ ਵੱਲ ਨਿਗਾਹ ਕੀਤੀ ਕਿ ਢਿੱਲੇ ਢਾਲੇ ਕੱਪੜੇ ਪਾਉਣ ਵਾਲਾ ਸਿਰ ਤੇ ਪਰਨੇ ਦਾ ਮੰਡਾਸਾ ਬੰਨਣ ਵਾਲਾ ਸੁਨੱਖਾ ਮਲਵਈ ਮੁੰਡਾ ਮੀਤਾ ਹੀ ਗੁਰਮੀਤ ਏ। ਉਸ ਚਾਹ ਵਿਚ ਉਂਗਲੀ ਡੁਬੋ ਕੇ ਦੰਦਾਂ ਹੇਠ ਦੱਬ ਕੇ ਤਸੱਲੀ ਕੀਤੀ ਕਿਤੇ ਮੈਂ ਸੁੱਤਾ ਕੋਈ ਖਾਬ ਤਾਂ ਨਹੀਂ ਵੇਖ ਰਿਹਾ। ਪਰ ਨਹੀਂ। ਉਹ ਤਾਂ ਜਾਗਦਾ ਸੀ। ਕੀ ਮੈਂ ਪੰਜ ਮਹੀਨੇ ਲਗਾਤਾਰ ਨਾਲ ਰਹਿ ਕੇ ਵੀ ਨਾ ਸਮਝ ਸਕਿਆ। ਉਹਦੇ ਦਿਮਾਗ ਦੀਆਂ ਸੂਝ ਤੰਦਾਂ ਟੁੱਟ ਟੁੱਟ ਜਾ ਰਹੀਆਂ ਸਨ। ਉਸ ਬਹੁਤ ਮੁਸ਼ਕਿਲ ਨਾਲ ਉਬਲਦੇ ਦਿਲ ਨੂੰ ਸੰਭਾਲਿਆ। ਮਤ ਖੁਸ਼ੀ ਖੇੜੇ ਨਾਲ ਪਾਟ ਹੀ ਨਾ ਜਾਏ। ਹਫਲਾਏ ਹੋਏ ਤੋਂ ਕੋਈ ਬੇਥੱਬੀ ਗੱਲ ਨਾ ਨਿਕਲ ਜਾਏ। ਫਿਰ ਉਸ ਸੰਭਲ ਕੇ ਤੋਲ ਤੋਲ ਕੇ ਲਫਜ਼ ਕਹੇ, "ਮੇਰੇ ਮਹਾਨ ਬਜ਼ੁਰਗ, ਮੈਨੂੰ ਇਜਾਜਤ ਦਿਓ। ਮੈਂ ਤੁਹਾਡੇ ਪੈਰਾਂ ਤੇ ਸਿਰ ਰੱਖ ਸਕਾਂ।" ਤੇ ਉਸ ਗੋਡਿਆਂ ਭਾਰ ਹੋ ਬਾਬੇ ਦੇ ਪੈਰਾਂ ਤੇ ਸਿਰ ਰੱਖ ਦਿੱਤਾ।

ਬਾਬੇ ਨੇ ਉਸ ਦਾ ਸਿਰ ਪਲੋਸਿਆ ਤੇ ਉਠਾ ਕੇ ਛਾਤੀ ਨਾਲ ਘੁੱਟ ਲਿਆ। "ਜਿਉਂਦਾ ਰਹੋ ਪੁੱਤਰ, ਕੋਈ ਸ਼ਰਤ?"

ਹੁਣ ਗੁਰਜੀਤ ਸੰਭਲ ਗਿਆ ਸੀ। "ਹਾਂ ਬਾਬਾ ਜੀ, ਇੱਕ ਸ਼ਰਤ ਹੈ।" "ਕਹੋ ਬੇਟਾ, ਬਿਨਾਂ ਝਿਜਕ ਕਹੋ।"

"ਅੱਜ ਤੋਂ ਗੁਰਮੀਤ ਗੁਰਮੀਤ ਹੀ ਰਹੇਗੀ ਤੇ ਕਦੇ ਮੀਤਾ ਨਹੀਂ ਬਣੇਗੀ।" ਗੁਰਜੀਤ ਨੇ ਖੁਸ਼ੀਆਂ ਦੇ ਗੁਬਾਰ ਦੱਬਦਿਆਂ ਕਿਹਾ।

ਬਾਬੇ ਨੇ ਗੁਰਮੀਤ ਦਾ ਹੱਥ ਫੜ ਕੇ ਗੁਰਜੀਤ ਦੇ ਹੱਥ ਵਿਚ ਦੇ ਦਿੱਤਾ ਤੇ ਆਸ਼ੀਰਵਾਦ ਦਿੱਤਾ, "ਜੁਗੋ ਜੁੱਗ ਜੋੜੀ ਸਲਾਮਤ ਰਹੇ!"

ਦੋਹਾਂ ਨੇ ਬਾਬੇ ਦੇ ਪੈਰ ਛੂਹੇ। ਬਰਾਂਡੇ ਵਿੱਚ ਨੁੱਕਰ ਤੇ ਸੁਣ ਰਹੀਆ ਕੰਤੀ ਤੇ ਸੀਤਾ ਇਕ ਦਮ ਅੰਦਰ ਆਈਆਂ। ਇੱਕ ਪਲ ਪਹਿਲਾਂ ਦਾ ਰੁਮਾਂਟਿਕ ਕਮਰਾ ਟਹਿਕ ਉਠਿਆ। ਹਾਸੇ ਤੇ ਚੁਟਕਲੇ ਫੱਟਦੇ ਰਹੇ। ਫਿਰ ਨਿਰੀ ਰਾਤ ਰੋਟੀ ਖਾਧੀ। ਗੁਰਜੀਤ ਨੇ ਵਿਦਾ ਮੰਗੀ। ਉਹ ਇਸ ਅਥਾਹ ਖੁਸ਼ੀ ਨੂੰ ਛੇਤੀ ਮਾਤਾ ਦਾ ਝੋਲੀ ਪਾਉਣਾ ਚਾਹੁੰਦਾ ਸੀ।

"ਨਹੀਂ ਨਹੀਂ। ਹੁਣ ਰਾਤ ਚੋਖੀ ਹੋ ਗਈ ਏ।" ਅਤੇ ਉਹਨੂੰ ਅਟਕਣਾ ਪਿਆ। ਪਰ ਨੀਂਦ ਕਿੱਥੇ। ਫਿਰ ਵੀ ਉਹ ਰਾਤ ਢਲੇ ਉੱਠ ਤੁਰਿਆ। ਚੰਦਰਮਾ ਪੂਰੇ ਜੋਬਨ ਤੇ ਸੀ ਅਤੇ ਰੁੱਗੀ ਰਿਸ਼ਮਾਂ ਵੰਡ ਰਿਹਾ ਸੀ। ਉਹ ਨਦੀ ਦੇ ਘਾਟੇ ਤੇ ਆਇਆ ਜਿੱਥੇ ਉਹਦੀ ਕਿਸਮਤ ਨੇ ਮੋੜਾ ਦਿੱਤਾ ਸੀ। ਉਸ ਮਿੱਟੀ ਨੂੰ ਚੁੰਮਿਆ ਤੇ ਨਦੀ ਪਾਰ ਕਰ ਪਿੰਡ ਨੂੰ ਤੁਰ ਪਿਆ। ਉਹਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਉਸ ਨੂੰ ਕਾਹੀ, ਕਿੱਕਰ, ਹਾਂਸ, ਚੱਕ ਸਭ ਨਾਲ ਫੁੱਲਾਂ ਦੀਆਂ ਲੜੀਆਂ ਲਮਕਦੀਆਂ ਦਿਸਦੀਆਂ ਸਨ। ਫਿਰ ਤੀਜੇ ਚੌਥੇ ਦਿਨ ਦੋਹੀਂ ਘਰੀਂ ਰੌਣਕਾਂ ਹੋਈਆਂ। ਵਧਾਈਆਂ ਬੱਝੀਆਂ, ਸ਼ਗਨ ਸਾਮਣ ਹੋਏ। ਸਹਿਨਾਈ ਤੇ ਢੋਲ ਵੱਜੇ। ਫਿਰ ਠੀਕ ਵਿਆਹ ਤੋਂ ਪੰਜਵੇਂ ਦਿਨ ਕੱਚੇ ਦੁਪਹਿਰੇ ਹਾਲੀ ਨੇ ਖੇਤ ਵਿਚ ਹਲ ਖਲਾਰ ਖੂਹ ਦਾ ਰੁੱਖ ਕੀਤਾ ਕਿਉਂਕਿ ਸ਼ਗਨਾ ਵਾਲੇ ਸੂਹੇ ਸੂਟ ਵਿੱਚ ਲਿਪਟੀ ਰੋਟੀ ਲੈ ਕੇ ਆਉਂਦੀ ਮੁਟਿਆਰ ਉਸ ਦੂਰੋਂ ਹੀ ਵੇਖ ਲਈ ਸੀ ਅਤੇ ਬਾਬੇ ਕਪੂਰ ਸਿੰਘ ਦੇ ਘਰ ਦੇ ਜੀ ਹੁਣ ਪੂਰੇ ਛੇ ਸਨ।

  • ਮੁੱਖ ਪੰਨਾ : ਕਹਾਣੀਆਂ, ਹਰਨਾਮ ਸਿੰਘ ਨਰੂਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ