ਦੋ ਬੇਚਾਰੇ - ਗੁਰਦੇਵ ਸਿੰਘ ਰੇਸ਼ਮ ਸਿੰਘ : ਪ੍ਰੋ. ਅਵਤਾਰ ਸਿੰਘ
ਇਹ ‘ਦੋ ਬੇਚਾਰੇ‘ ਕੋਈ ਫ਼ਿਲਮੀ ਗਾਣਾ ਨਹੀਂ, ਉਨ੍ਹਾਂ ਦੋ ਬੇਚਾਰਿਆਂ ਦੀ ਕਹਾਣੀ ਹੈ, ਜੋ ਪੰਜਾਬ ਯੂਨੀਵਰਸਿਟੀ ‘ਚ ਪੜ੍ਹਨ ਨਹੀਂ, ਕੜ੍ਹਨ ਅਤੇ ਹੜ੍ਹਨ ਆਏ ਸਨ। ਬੇਸ਼ੱਕ ਉਹ ਪਾਗਲ ਨਹੀਂ ਸਨ, ਪਰ ਲੋਕ ਉਨ੍ਹਾਂ ਨੂੰ ਪਾਗਲ ਸਮਝਦੇ ਸਨ। ਉਨ੍ਹਾਂ ਨੂੰ ਕਮਲ਼ੇ ਕਹਿਣਾ ਵੀ ਠੀਕ ਨਹੀਂ। ਉਹ ਪੜ੍ਹੇ ਲਿਖੇ ਕਮਲ਼ੇ ਸਨ ਜਾਂ ਠੇਠ ਪੰਜਾਬੀ ਵਿੱਚ ਉਹ ਕਮਲ਼ੇ ਰਮਲ਼ੇ ਸਨ।
ਇਕ ਸੀ ਰੇਸ਼ਮ ਸਿੰਘ ਤੇ ਦੂਸਰਾ ਗੁਰਦੇਵ ਸਿੰਘ। ਇਕ ਜਣਾ ਹੋਰ ਤਰਾਂ ਕਮਲ਼ਾ, ਦੂਜਾ ਹੋਰ ਤਰਾਂ। ਦੋਹਾਂ ਦੇ ਦਿਮਾਗੀ ਪੇਚ ਕੁਝ ਢਿੱਲੇ ਸਨ ਤੇ ਕੁਝ ਲੋੜੋਂ ਵੱਧ ਕੱਸੇ ਹੋਏ। ਪਰ ਮੁਹੱਬਤ ਦਾ ਪੇਚ ਉੱਨੀ ਇੱਕੀ ਦੇ ਫਰਕ ਨਾਲ ਦੋਹਾਂ ਦਾ ਹੀ ਢਿੱਲਾ ਸੀ।
ਦੋਹਾਂ ਦੀ ਖ਼ਾਸ ਗੱਲ ਇਹ ਸੀ ਕਿ ਕਿਸੇ ਨੇ ਦੋਹਵੇਂ ਜਣੇ ਕਦੇ ਇਕੱਠੇ ਨਹੀਂ ਸਨ ਦੇਖੇ। ਜਿਸ ਦਿਨ ਇਕ ਆਉਂਦਾਂ ਉਸ ਦਿਨ ਦੂਸਰਾ ਨਾ ਆਉਂਦਾ। ਜੇ ਇੱਕ ਸਵੇਰੇ ਆਉਂਦਾ, ਦੂਜਾ ਸ਼ਾਮ ਨੂੰ ਆਉਂਦਾ। ਦੋਹਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੋਂ ਆਉਂਦੇ ਹਨ ਤੇ ਕਿੱਥੇ ਨੂੰ ਜਾਂਦੇ ਹਨ। ਉਹ ਹਮੇਸ਼ਾ ਪੰਛੀਆਂ ਵਾਂਗ ਆਉਂਦੇ ਤੇ ਪੰਛੀਆਂ ਵਾਂਗ ਚਲੇ ਜਾਂਦੇ।
ਗੁਰਦੇਵ ਸਿੰਘ ਪੱਗ ਬੰਨ੍ਹਦਾ ਤੇ ਪੈਂਟ ਕਮੀਜ਼ ਪਾਉਂਦਾ। ਪੈਂਟ ਨੂੰ ਬੇਸ਼ੱਕ ਬੈਲਟ ਲੱਗੀ ਹੁੰਦੀ, ਪਰ ਕਮੀਜ਼ ਦਾ ਬਿਲਕੁਲ ਪਤਾ ਨਾ ਲੱਗਦਾ ਕਿ ਵਿੱਚ ਦਿੱਤੀ ਹੈ ਕਿ ਬਾਹਰ। ਦਾਹੜੀ ਪੁੱਠੀ ਚਾੜ੍ਹ ਕੇ ਰੱਖਦਾ। ਕਹਿੰਦੇ ਸਨ ਕਿ ਉਹ ਫੌਜ ‘ਚੋਂ ਆਇਆ ਸੀ; ਰਿਟਾਇਰ ਹੋ ਕੇ ਜਾਂ ਛੱਡ ਛੁਡਾ ਕੇ — ਕੋਈ ਨਹੀਂ ਸੀ ਜਾਣਦਾ। ਤਸਮਿਆਂ ਵਾਲ਼ੇ ਬੂਟ ਪਾਉਂਦਾ ਤੇ ਉਹਦੀਆਂ ਜੁਰਾਬਾਂ ਦੀ ਲਾਸਟਿਕ ਏਨੀ ਗਈ ਗੁਜ਼ਰੀ ਹੁੰਦੀ ਕਿ ਉਹ ਗਿੱਟਿਆਂ ‘ਤੇ ਵੀ ਮਸਾਂ ਟਿਕਦੀਆਂ। ਮੀਂਹ ਜਾਵੇ ਹਨੇਰੀ ਜਾਵੇ, ਉਹ ਟਾਈ ਲਾਉਣੀ ਕਦੇ ਨਾ ਭੁੱਲਦਾ। ਪਲਾਸਟਿਕ ਦੇ ਫ਼ਰੇਮ ਵਾਲ਼ੀ ਐਨਕ ਉਹਦੇ ਹਮੇਸ਼ਾ ਲੱਗੀ ਰਹਿੰਦੀ।
ਉਹਦੇ ਕੋਲ਼ ਇਕ ਕਿਤਾਬ ਹੁੰਦੀ, ਜੋ ਅੰਗਰੇਜ਼ੀ ‘ਚ ਲਿਖੀ ਹੋਈ ਸੀ, ਜਿਹਦੇ ‘ਤੇ ਲਿਖਿਆ ਹੋਇਆ ਸੀ - ‘ਆਇਡਿਔਲੋਜੀ ਔਫ ਸਿੱਖ ਗੁਰੂਜ਼’, ਜਿਹਨੂੰ ਉਹ ‘ਅਡਿਔਲਜੀ ਔਫ ਸਿੱਖ ਗੁਰੂਜ਼’ ਬੋਲਦਾ। ਉਹਦੇ ਮੂੰਹੋਂ ‘ਅਡਿਔਲਜੀ’ ਸੁਣਕੇ ਸਾਰੇ ਆਪਣਾ ਹਾਸਾ ਨੱਪ ਲੈਂਦੇ। ਕੋਈ ਉਹਦੀ ਕਿਤਾਬ ਦੀ ਤਾਰੀਫ ਪੁੱਛਦਾ ਤਾਂ ਉਹ ਇੱਕੋ ਲਫ਼ਜ਼ ਆਖਦਾ — ‘ਬੰਬ’। ਸੁਣਦੇ ਸਾਰ ਹਰ ਕੋਈ ਹੱਸ ਪੈਂਦਾ। ਮਸਖਰੇ ਉਹਨੂੰ ਅਕਸਰ ਆਖਦੇ, ‘ਦੇਖੀਂ ਕਿਤੇ ਚੱਲ ਨਾ ਜਾਵੇ’। ਇਹ ਸੁਣਕੇ ਉਹ ਏਨਾ ਕੁ ਹੱਸਦਾ ਕਿ ਸਿਰਫ ਉਹਨੂੰ ਹੀ ਪਤਾ ਲੱਗਦਾ ਕਿ ਉਹ ਹੱਸਿਆ ਹੈ। ਉਹ ਮੂੰਹ ‘ਚ ਹੀ ਬੁੜ ਬੁੜ ਕਰਕੇ ਕਹਿੰਦਾ, ‘ਬਾਂਦਰ ਕੀ ਜਾਣੇ ਅਦਰਕ ਦਾ ਸੁਆਦ’।
ਇਹਤੋਂ ਵੱਧ ਉਹ ਕਦੀ ਕਿਸੇ ਨੂੰ ਮੰਦਾ ਨਹੀਂ ਸੀ ਬੋਲਦਾ। ਗਾਲ਼ ਬਿਲਕੁਲ ਨਹੀਂ ਸੀ ਕੱਢਦਾ ਤੇ ਨਾ ਕਿਸੇ ‘ਤੇ ਕਦੀ ਹੱਸਦਾ ਸੀ। ਪੱਗ ਦਾ ਨੁਕਸ ਉਹਦੀ ਸ਼ਕਲ ‘ਚ ਦਾਖਲ ਹੋ ਗਿਆ ਸੀ ਤੇ ਸ਼ਕਲ ਦਾ ਨੁਕਸ ਉਹਦੇ ਜ਼ਿਹਨ ‘ਚ ਧਸ ਗਿਆ ਸੀ। ਇਸੇ ਕਰਕੇ ਉਹਦੇ ‘ਤੇ ਹਰ ਕੋਈ ਹੱਸ ਛੱਡਦਾ।
ਉਹ ਯੂਨੀਵਰਸਿਟੀ ‘ਚ ਕਿਸੇ ਨੂੰ ਵੀ ਮਿਲਣ ਨਹੀਂ ਸੀ ਆਉਂਦਾ। ਨਾ ਉਹਨੂੰ ਕੋਈ ਮਿਲਣਾ ਚਾਹੁੰਦਾ ਤੇ ਨਾ ਉਡੀਕਦਾ। ਬੱਸ ਉਹ ਆਉਂਦਾਂ ਸੀ ਤੇ ਆਉਂਦਾ ਸੀ। ਟਿੱਚਰਬਾਜ਼ ਉਹਨੂੰ ਰਾਹ ਵਿੱਚ ਘੇਰ ਲੈਂਦੇ ਤੇ ਉਹਨੂੰ ਪਰੇਸ਼ਾਨ ਕਰਦੇ।
ਉਹਨੇ ਭਲੇ ਵੇਲਿਆਂ ‘ਚ ਪੀਐਚ.ਡੀ. ਕਰ ਲਈ ਸੀ; ਉਹ ਵੀ ਰਾਜਨੀਤੀ ਸ਼ਾਸਤਰ ‘ਚ। ਉਹਦੀ ਕਿਤਾਬ ਦਰਅਸਲ ਉਹਦਾ ਥੀਸਿਸ ਹੀ ਸੀ, ਜਿਹਨੂੰ ਉਹ ਸਿਰਫ ਨਹਾਉਣ ਲੱਗਿਆ ਹੀ ਸਰੀਰ ਤੋਂ ਅਲੱਗ ਕਰਦਾ। ਕਿਤਾਬ ਕਾਹਦੀ, ਉਹਦਾ ਕਕਾਰ ਹੀ ਸੀ। ਉਹ ਆਪਣੇ ਆਪ ਨੂੰ ਬਹੁਤ ਵੱਡਾ ਚਿੰਤਕ ਸਮਝਦਾ। ਪਰ ਲੋਕ ਉਹਦੀ ਕਿਤਾਬ ਨੂੰ ਬੱਸਾਂ ‘ਚ ਵਿਕਣ ਵਾਲੀ ਕਿਤਾਬ ‘ਹਾਸੇ ਦੇ ਘੋਟਣੇ’ ਤੋਂ ਵਧੇਰੇ ਤਵੱਜੋ ਨਾ ਦਿੰਦੇ। ਉਹਦੇ ‘ਤੇ ਹਾਸਾ ਵੀ ਆਉਂਦਾ ਤਰਸ ਵੀ।
ਹਰਿਆਣੇ ‘ਚ ਵੋਟਾਂ ਪੈ ਰਹੀਆਂ ਸਨ। ਸਟੂਡੈਂਟਸ ਸੈਂਟਰ ‘ਚ ਬੈਠਿਆਂ ਗੱਲ ਚੱਲ ਪਈ ਕਿ ‘ਜਿੱਤੂ ਕੌਣ’। ਜੀਓ ਪੋਲੀਟੀਕਲ ਸਾਇੰਸ ਦੇ ਧੁਰੰਦਰ ਡਾ. ਢੱਲ ਨੇ ਹਾਸੇ ‘ਚ ਗੱਲ ਟਾਲ਼ ਦਿੱਤੀ। ਐਡਵੋਕੇਟ ਗਿੱਲ ਨੇ ਨਾਲ਼ ਚਾਰ ਪੰਜ ਗਾਲ਼ਾਂ ਠੋਕ ਦਿੱਤੀਆਂ। ਮੇਰੇ ਦੋਸਤ ਗੁਰਮੇਜ ਨੇ ਸੰਜੀਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਦੇਖਿਆ ਕਿ ਡਾ. ਗੁਰਦੇਵ ਸਿੰਘ ਆ ਰਹੇ ਹਨ। ਪ੍ਰੋ ਹਰਪਾਲ ਸਿੰਘ ਕਹਿਣ ਲੱਗੇ, “ਇਨ੍ਹਾਂ ਨੂੰ ਪੁੱਛਦੇ ਹਾਂ, ਕੌਣ ਜਿੱਤੂ”।
ਡਾ ਗੁਰਦੇਵ ਸਿੰਘ ਨੇ ਕੁਰਸੀ ਖਿੱਚੀ ਤੇ ਬੈਠ ਗਏ। ਸਾਰਿਆਂ ਦੇ ਮੂੰਹ ਵੱਲ੍ਹ ਦੇਖਿਆ ਤੇ ਏਨਾ ਕੁ ਹੀ ਬੋਲਿਆ, “ਹਾਂ ਬਈ, ਹੈਪੀ?” ਕਿਸੇ ਨੂੰ ਬੁਲਾਉਣ ਤੇ ਹਾਲ ਚਾਲ ਪੁੱਛਣ ਦਾ ਉਹਦਾ ਇਹੀ ਅੰਦਾਜ਼ ਸੀ। ਡਾ, ਢੱਲ ਦੀ ਮੁਸਕਰਾਹਟ ਉਹਦੇ ਚਿਹਰੇ ‘ਤੇ ਫੈਲ ਗਈ ਤੇ ਐਡਵੋਕੇਟ ਗਿੱਲ ਦੀ ਟਿੱਚਰ ਉਹਦੀਆਂ ਅੱਖਾਂ ਅਤੇ ਮੁੱਛਾਂ ’ਤੇ ਸਵਾਰ ਹੋ ਗਈ। ਕਿਸੇ ਨੇ ਉਹਨੂੰ ਸਵਾਲ ਕੀਤਾ, “ਡਾ ਸਾਹਿਬ, ਹਰਿਆਣੇ ਦੀ ਚੋਣ ਕੌਣ ਜਿੱਤੂ?” ਗੁਰਦੇਵ ਸਿੰਘ ਨੇ ਪੈਂਟ ਦੀ ਜੇਬ ‘ਚੋਂ ਰੁਮਾਲ ਕੱਢਿਆ, ਐਨਕ ਉਤਾਰੀ, ਸਾਫ ਕੀਤੀ, ਅੱਖਾਂ ਝਮੱਕੀਆਂ ਤੇ ਐਨਕ ਲਗਾ ਕੇ ਕਹਿਣ ਲੱਗਾ, “ਜਿਹਨੂੰ ਵੋਟਾਂ ਜਿਆਦਾ ਪੈ ਗਈਆਂ”। ਸਾਰੇ ਏਨਾ ਕੁ ਹੱਸੇ, ਜਿਵੇਂ ਸਭ ਨੂੰ ਪਤਾ ਸੀ ਕਿ ਗੁਰਦੇਵ ਸਿੰਘ ਕੀ ਜਵਾਬ ਦੇਵੇਗਾ। ਢੱਲ ਏਦਾਂ ਹੱਸਿਆ, ਜਿੱਦਾਂ ਸਿਰਫ ਉਹੀ ਹੱਸਦਾ ਸੀ। ਗਿੱਲ ਆਪਣੀ ਆਦਤ ਦੇ ਖਿਲਾਫ ਜ਼ਰਾ ਨਾ ਹੱਸਿਆ — ਪਰ ਉਹਦੇ ਅੰਦਰ ਚੱਲ ਰਹੀ ਗਾਲ਼ਾਂ ਦੀ ਚੁੱਪ ਲੜੀ ਸਭ ਨੂੰ ਸੁਣ ਰਹੀ ਸੀ। ਗੁਰਦੇਵ ਸਿੰਘ ਨੂੰ ਕੁਝ ਪਤਾ ਨਹੀਂ ਸੀ, ਕੀ ਹੋਇਆ ਹੈ।
ਇਕ ਦਫ਼ਾ ਉਹਨੇ ਪਰਚਾ ਲਿਖ ਲਿਆ, ਜੋ ਕਿਤੇ ਪਰਵਾਣ ਵੀ ਹੋ ਗਿਆ। ਵਿਸ਼ਾ ਉਹੀ ‘ਅਡਿਔਲਜੀ’। ਬੜੀ ਹੈਰਾਨੀ ਦੀ ਗੱਲ ਸੀ ਕਿ ਗੁਰਦੇਵ ਸਿੰਘ ਕਿਸੇ ਬਾਹਰਲੇ ਮੁਲਕ ‘ਚ ਪੇਪਰ ਪੜ੍ਹਨ ਚੱਲਿਆ ਹੈ। ਅਖੀਰ ਉਹ ਚਲਿਆ ਗਿਆ ਤੇ ਪੂਰੇ ਵੀਹ ਦਿਨ ਯੂਨੀਵਰਸਿਟੀ ‘ਚ ਨਜ਼ਰ ਨਾ ਆਇਆ। ਸਟੂਡੈਂਟਸ ਸੈਂਟਰ ‘ਚ ਗੱਲ ਛਿੜ ਪਈ ਕਿ ਗੁਰਦੇਵ ਸਿੰਘ ਕਿਥੇ ਗਿਆ। ਇਕ ਦਿਨ ਡਾ ਢੱਲ ਨੇ ਪੋਲੇ ਜਹੇ ਮੂੰਹ ਨਾਲ ਦੱਸਿਆ, “ਹੁਨੂ ਲੁੱਲੂ”। ਢੱਲ ਦੇ ਢਿੱਲੇ ਜਹੇ ਚਿਹਰੇ ‘ਤੇ ਸ਼ਰਾਰਤ ਚਮਕ ਰਹੀ ਸੀ। ਸੁਣਦੇ ਸਾਰ ਸਾਰੇ ਹੀ ਖਿੜ ਖਿੜਾ ਕੇ ਇਸਤਰਾਂ ਹੱਸੇ ਕਿ ਪੂਰੇ ਸੈਂਟਰ ਵਿੱਚ ਹੀ ਹਾਸਾ ਛਿੜ ਗਿਆ। ਇਸ ਕਰਕੇ ਨਹੀਂ ਕਿ ਗੁਰਦੇਵ ਸਿੰਘ ਪੇਪਰ ਪੜ੍ਹਨ ਗਿਆ ਹੈ। ਬਲਕਿ ਇਸ ਕਰਕੇ ਕਿ ਉਹ ਗਿਆ ਵੀ ਤਾਂ ਗਿਆ ਕਿੱਥੇ; ਜਿੱਥੇ ਸ਼ਾਇਦ, ਪਹਿਲਾ ਸਿੱਖ, ਗੁਰਦੇਵ ਸਿੰਘ ਹੀ ਗਿਆ ਹੋਵੇ। ਯੂਨੀਵਰਸਿਟੀ ਦਾ ਹਰ ਜਣਾ ਖਣਾ ਡਾ. ਗੁਰਦੇਵ ਸਿੰਘ ਨੂੰ ਪੁੱਛਣ ਲੱਗ ਪਿਆ ਕਿ ਉਹ ਕਿੱਥੇ ਗਿਆ ਸੀ। ਗੁਰਦੇਵ ਸਿੰਘ ਕਿਸੇ ਨੂੰ ਵੀ ਸਹੀ ਉੱਤਰ ਦੇਣ ਦੀ ਬਜਾਏ ਏਨਾ ਹੀ ਆਖਦਾ ‘ਬਦਮਾਸ਼ ਕਿਤੋਂ ਦੇ’।
ਗੁਰਦੇਵ ਸਿੰਘ ਜਿੱਥੇ ਵੀ ਹੁੰਦਾ, ਕੁੜੀਆਂ ਵੱਲ੍ਹ ਝਾਕਦਾ ਰਹਿੰਦਾ। ਉਹਦੇ ਕੰਨ ਸਾਹਮਣੇ ਵਾਲ਼ੇ ਦੀ ਬਜਾਇ ਕੁੜੀਆਂ ਦੀਆਂ ਅਵਾਜ਼ਾਂ ਸੁਣਨ ‘ਚ ਬਿਜ਼ੀ ਰਹਿੰਦੇ। ਯੂਨੀਵਰਸਿਟੀ ਦੀਆਂ ਕੁੜੀਆਂ ਦੇਖ ਕੇ ਉਹਦੇ ਚਿਹਰੇ ‘ਤੇ ਇੱਕ ਉਦਾਸ ਅਤੇ ਮਾਸੂਮ ਖਮੋਸ਼ੀ ਛਾ ਜਾਂਦੀ, ਜਿਹਦਾ ਅਰਥ ਇਹੀ ਹੁੰਦਾ ਕਿ ਉਹਨੇ ਆਪਣੀ ਘਰ ਵਾਲ਼ੀ ਦੇ ਸਿਵਾਇ ਕਿਸੇ ਔਰਤ ਨਾਲ਼ ਬੈਠ ਕੇ ਕਦੀ ਚਾਹ ਦਾ ਕੱਪ ਤੱਕ ਨਹੀਂ ਪੀਤਾ। ਇਹ ਉਹਦੇ ਮਨ ਅੰਦਰਲਾ ਇੱਕੋ ਇੱਕ ਸਰਾਪ ਸੀ। ਇਸੇ ਨੇ ਉਹਨੂੰ ਚੰਗੇ ਭਲੇ ਨੂੰ ਕਮਲ਼ਾ ਕੀਤਾ ਹੋਇਆ ਸੀ ਤੇ ਇਹੀ ਉਹਦੀ ਤੇ ਰੇਸ਼ਮ ਸਿੰਘ ਦੀ ਸਾਂਝੀ, ਦੁਖਦੀ ਅਤੇ ਧੁਖਦੀ ਰਗ ਸੀ। ਉਹਦੇ ਚਿਹਰੇ ਦੀ ਬੇਚਾਰਗੀ ਦੇਖ ਕੇ ਹੈਰਾਨੀ ਹੁੰਦੀ ‘ਭਲਾ ਕੋਈ ਇੰਨਾਂ ਬੇਚਾਰਾ ਵੀ ਹੋ ਸਕਦਾ ਹੈ’।
ਰੇਸ਼ਮ ਸਿੰਘ ਦੀ ਦਿੱਖ ਉਹਦੇ ਨਾਂ ਦੇ ਅਸਲੋਂ ਹੀ ਵਿਰੁੱਧ ਸੀ। ਉਹ ਪੱਗ ਬੰਨ੍ਹਦਾ, ਪੈਂਟ ਪਾਉਂਦਾ ਤੇ ਹਮੇਸ਼ਾ ਟਾਈਟ ਫਿੱਟ ਟੀਸ਼ਰਟ ਪਹਿਨਦਾ। ਗਲ਼ ਵਿਚ ਪਤਾ ਨਹੀਂ ਕਾਹਦਾ ਗੁਲੂਬੰਦ ਜਿਹਾ ਪਾਉੰਦਾ, ਜਿਹਦਾ ਲਾਲ ਰੰਗ ਦੂਰੋਂ ਲਿਸ਼ਕਾਂ ਮਾਰਦਾ। ਦਾਹੜੀ ਇਸਤਰਾਂ ਕੱਟਦਾ ਜਿਵੇਂ ਚਟ੍ਹਾਲੇ ਦਾ ਆਖਰੀ ਲੌ ਹੋਵੇ। ਉਹਦੀ ਟੀਸ਼ਰਟ ਅਜਿਹੇ ਭੂਸਲ਼ੇ ਜਹੇ ਰੰਗ ਦੀ ਹੁੰਦੀ ਕਿ ਐਂ ਲੱਗਦਾ ਜਿਵੇਂ ਉਹ ਨੰਗਾ ਹੀ ਹੋਵੇ। ਬੰਟਿਆਂ ਵਰਗੀਆਂ ਉਹਦੀਆਂ ਗੋਲ਼ ਅੱਖਾਂ ਦੇਖ ਕੇ ਐਂ ਲਗਦਾ ਜਿਵੇਂ ਉਹ ਰੌਕਗਾਰਡਨ ਦਾ ਬੁੱਤ ਹੋਵੇ। ਉਹਦਾ ਦਰਮਿਆਨਾ ਕੱਦ, ਚੁਸਤ ਅਤੇ ਫਿੱਟ ਦੇਹ ਦੇਖ ਕੇ ਹੈਰਾਨੀ ਹੁੰਦੀ।
ਉਹ ਸਾਇਕੌਲੋਜੀ ਦੀ ਐਮ ਏ ਪਾਸ ਸੀ। ਅੰਗਰੇਜੀ ਬੋਲਦਾ ਉਹ ਕਦੀ ਨਹੀਂ ਸੀ ਦੇਖਿਆ, ਪਰ ਉਹ ਅੰਗਰੇਜ਼ੀ ਜਾਣਦਾ ਸੀ। ਮੈਂ ਅਕਸਰ ਉਹਨੂੰ ਅੰਗਰੇਜ਼ੀ ਸ਼ਬਦਾਂ ਦੇ ਮੈਨ੍ਹੇ ਪੁੱਛਦਾ ਤੇ ਉਹ ਹਮੇਸ਼ਾ ਹਰ ਸ਼ਬਦ ਦਾ ਠੀਕ ਅਰਥ ਦੱਸਦਾ। ਉਹਦੇ ਕੋਲ਼ੋਂ ਕੋਈ ਸਲਾਹ ਪੁੱਛਣੀ ਤਾਂ ਬੜੀ ਹੀ ਨੇਕ ਹੁੰਦੀ।
ਗੁਰਦੇਵ ਸਿੰਘ ਦੇ ਉਲ਼ਟ ਉਹ ਖਾਣ ਪੀਣ ਦਾ ਸ਼ੌਕੀਨ ਸੀ। ਉਹਦੇ ਸਾਇਕਲ ਦੇ ਪਿੱਛਲੇ ਚੱਕੇ ਦੀਆ ਤਾਰਾਂ ਇਸਤਰਾਂ ਤਰੀ ਨਾਲ਼ ਲਿੱਬੜੀਆਂ ਰਹਿੰਦੀਆਂ, ਜਿਵੇਂ ਦੋਧੀਆਂ ਦੀਆਂ ਦੁੱਧ ਨਾਲ਼ ਲਿੱਬੜੀਆਂ ਹੁੰਦੀਆਂ ਹਨ। ਅਸਲ ਵਿੱਚ ਉਹ ਹਰ ਰੋਜ਼ ਕਿਸੇ ਨਾ ਕਿਸੇ ਤਰਾਂ ਮੁਰਗ਼ੇ ਦੀ ਪਲੇਟ ਤੇ ਪਊਏ ਦਾ ਜੁਗਾੜ ਕਰ ਲੈਂਦਾ। ਚੰਡੀਗੜ੍ਹ ਦੇ ਸਭ ਤੋਂ ਚਾਲੂ ਅਤੇ ਸਸਤੇ ਠੇਕੇ ਤੋਂ ਦੇਸੀ ਦਾ ਪਊਆ ਲੈਂਦਾ, ਜਿਸ ਵਿੱਚ ਬਿਸਲੇਰੀ ਦੀ ਬੋਤਲ ਜਿੰਨਾਂ ਨਸ਼ਾ ਹੁੰਦਾ। ਕਿਸੇ ਸਲੰਮ ਦੇ ਢਾਬੇ ਤੋਂ ਚਿਕਨ ਦਾ ਭੋਰਾ ਲਿਫ਼ਾਫ਼ੇ ‘ਚ ਪਾ ਕੇ ਸਾਈਕਲ ਦੇ ਪਿੱਛੇ ਕੈਰੀਅਰ ’ਤੇ ਰੱਖ ਲੈਂਦਾ। ਸਪਰਿੰਗ ਦੀ ਦਾਬ ਨਾਲ਼ ਲਿਫਾਫਾ ਛਿੱਜ ਜਾਂਦਾ ਤੇ ਉਹਦੀ ਸਾਰੀ ਤਰੀ ਚੱਕੇ ਦੀਆਂ ਤਾਰਾਂ ਧੋਣ ਦੇ ਕੰਮ ਆਉਂਦੀ। ਅਖੀਰ ਇੱਕ ਸੈਂਖੀ ਬਚਦੀ, ਜਿਹਦੇ ਨਾਲ ਉਹ ਪੂਰਾ ਪਊਆ ਪੀਂਦਾ ਤੇ ਸੌਂ ਜਾਂਦਾ।
ਉਹਦਾ ਵਿਆਹ ਨਹੀਂ ਸੀ ਹੋਇਆ, ਮੁਹੱਬਤ ਹੋਈ ਸੀ। ਉਹ ਕੌਣ ਸੀ, ਕੋਈ ਨਹੀਂ ਸੀ ਜਾਣਦਾ। ਜਿਹਦਾ ਨਾਂ ਉਹ ਸਿਰਫ ‘ਐੱਮ’ ਦੱਸਦਾ। ਏਨਾ ਕੁ ਇਸ਼ਾਰਾ ਦਿੰਦਾ ਸੀ ਕਿ ਉਹ ਕਿਸੇ ਤਕੜੇ ਕਾਰੋਬਾਰੀ ਦੀ ਕੁੜੀ ਸੀ, ਜਿਹਦੀਆਂ ਗੱਲਾਂ ਸੁਣਾਉਣ ਦਾ ਉਹਨੂੰ ਜਨੂੰਨ ਸੀ। ਲੱਗਦਾ ਉਹ ਪੈਦਾ ਹੀ ਉਹਦੀਆਂ ਗੱਲਾਂ ਸੁਣਾਉਣ ਲਈ ਹੋਇਆ ਸੀ।
ਉਹਨੇ ਐਮ ਬੀ ਏ ਕੀਤੀ ਤਾਂ ਨੌਕਰੀ ਲਈ ਅਪਲਾਈ ਕਰ ਦਿੱਤਾ। ਇੰਟਰਵਿਊ ਦਿੱਤੀ ਤਾਂ ਹਰ ਸਵਾਲ ਦੇ ਬੇਹੱਦ ਸਹੀ, ਢੁਕਵੇਂ ਤੇ ਵਜ਼ਨਦਾਰ ਜਵਾਬ ਦਿੱਤੇ। ਉਨ੍ਹਾਂ ਪੁੱਛਿਆ ‘ਕਦੋਂ ਜੌਇਨ ਕਰੋਗੇ’। ਕਹਿਣ ਲੱਗਾ ‘ਐੱਮ ਨੂੰ ਪੁੱਛ ਕੇ ਦੱਸਾਂਗਾ’। ਉਨ੍ਹਾਂ ਹੈਰਾਨੀ ‘ਚ ਪੁੱਛਿਆ ‘ਐੱਮ’ ਕੌਣ ਹੈ ਤਾਂ ਇਹਨੇ ‘ਐੱਮ’ ਦੀ ਕਹਾਣੀ ਸ਼ੁਰੂ ਕਰ ਲਈ। ਉਨ੍ਹਾਂ ਨੂੰ ਕਹਾਣੀ ਸਮਝ ਆ ਗਈ ਤੇ ਇਹਨੂੰ ਤੋਰ ਦਿੱਤਾ। ਰੇਸ਼ਮ ਸਿੰਘ ਕੱਲੇ ਕੱਲੇ ਨੂੰ ਦੱਸਦਾ ਫਿਰੇ ਕਿ ‘ਮੈਂ ਤਾਂ ਐੱਮ ਦੀ ਕਹਾਣੀ ਸੁਣਾਉਣੀ ਸੀ, ਸੁਣਾ ਦਿੱਤੀ’।
ਇਹਨੂੰ ਗੁਰਦੇਵ ਸਿੰਘ ਦੀ ਤਰਾਂ ਕੁੜੀਆਂ ਦੇਖਣ ਜਾਂ ਤਾੜਨ ਦੀ ਆਦਤ ਸੀ। ਫਰਕ ਇਹ ਸੀ ਕਿ ਗੁਰਦੇਵ ਸਿੰਘ ਨੂੰ ਕੋਈ ਕੁੜੀ ਕਦੀ ਨੇੜੇ ਨਹੀਂ ਸੀ ਫਟਕਣ ਦਿੰਦੀ, ਪਰ ਇਹ ਫਟਕ ਲੈਂਦਾ ਸੀ ਤੇ ਇਹਨੂੰ ਫਟਕਣ ਦਾ ਗੁਰ ਵੀ ਆਉਂਦਾ ਸੀ। ਦੂਰੋਂ ਹੀ ਕੁੜੀ ਦੀ ਕਦਮ-ਚਾਲ ਨਾਪ ਲੈਂਦਾ ਤੇ ਅੰਦਾਜ਼ਾ ਲਗਾ ਲੈਂਦਾ ਕਿ ਉਹ ਕਿੱਥੇ ਤੱਕ ਕਿੰਨੇ ਸਕਿੰਟਾਂ ‘ਚ ਪਹੁੰਚੇਗੀ। ਇਹ ਉਸੇ ਕਦਮ-ਚਾਲ ਚੱਲ ਪੈਂਦਾ ਤੇ ਉਸੇ ਥਾਂ ‘ਤੇ ਕੁੜੀ ‘ਚ ਠਾਹ ਕਰਕੇ ਵੱਜਦਾ। ਕੁੜੀ ਅੰਗਰੇਜ਼ੀ ਵਿੱਚ ਗਾਲ਼ਾਂ ਕੱਢਦੀ ਪਰੇ ਹੋ ਜਾਂਦੀ ਤੇ ਰੇਸ਼ਮ ਸਿੰਘ ‘ਸਵੱਰਗ ਦਾ ਧੱਕਾ’ ਖਾ ਕੇ ਅਤੇ ਲਾ ਕੇ ਆਪਣੇ ਟਿਕਾਣੇ ‘ਤੇ ਖੁਸ਼ੀ ਖੁਸ਼ੀ ਵਾਪਸ ਪਰਤ ਆਉਂਦਾ। ਉਹ ਆਪਣੀ ਬਾਜ-ਨਜ਼ਰ ਦਾ ਇਹੀ ਲਾਭ ਲੈਂਦਾ ਸੀ। ਇਹੀ ਉਹਦਾ ਇਸ਼ਕ ਸੀ, ਇਹੀ ਮੁਹੱਬਤ ਤੇ ਇਹੀ ਵਿਭਚਾਰ।
ਗੁਰਦੇਵ ਸਿੰਘ ਅਕਸਰ ਸਟੂਡੈਂਟਸ ਸੈਂਟਰ ਚੜ੍ਹਿਆ ਰਹਿੰਦਾ। ਉਹਨੂੰ ਕਿਸੇ ਕੋਲ਼ੋਂ ਚਾਹ ਪੀਣ ਦਾ ਸ਼ੌਂਕ ਸੀ, ਪਿਲਾਉਣ ਦਾ ਨਹੀਂ। ਉਹ ਹਰ ਰੋਜ ਕੋਈ ਨਾ ਕੋਈ ਸ਼ਿਕਾਰ ਲੱਭ ਲੈਂਦਾ। ਪਰ ਇਹਦੇ ਉਲਟ ਰੇਸ਼ਮ ਸਿੰਘ ਨੂੰ ਚਾਹ ਪੀਣ ਪਿਲਾਉਣ ਦਾ ਕੋਈ ਸ਼ੌਂਕ ਨਹੀਂ ਸੀ। ਜੇ ਕਿਸੇ ਨੇ ਮਜ਼ਾਕ ਵਿੱਚ ਚਾਹ ਪਿਲਾਉਣ ਲਈ ਕਹਿ ਵੀ ਦੇਣਾ ਤਾਂ ਉਹਦਾ ਜਵਾਬ ਹੁੰਦਾ ‘ਘਰ ਚੱਲੋ’। ਉਹਦੇ ਘਰ ਦਾ ਕਿਹਨੂੰ ਪਤਾ ਸੀ?
ਇਕ ਦਫ਼ਾ ਮੈਂ ਉਹਨੂੰ ਚਾਹ ਪਿਲਾਉਣ ਨੂੰ ਕਹਿ ਬੈਠਾ। ਉਹਨੇ ਮੈਨੂੰ ਘਰ ਜਾਣ ਲਈ ਬਿਲਕੁਲ ਨਾ ਕਿਹਾ। ਉਹਨੂੰ ਪਤਾ ਸੀ ਕਿ ਇਹ ਸੱਤ ਅੱਠ ਜਾਣੇ ਵਿਹਲੇ ਹੀ ਤੁਰੇ ਫਿਰਦੇ ਹਨ, ਸਾਰੇ ਤੁਰ ਪੈਣਗੇ। ਉਹ ਮੈਨੂੰ ਚਾਹ ਦੇ ਨੁਕਸਾਨ ਦੱਸਣ ਲੱਗ ਪਿਆ।
ਯੂਨੀਵਰਸਿਟੀ ਵਿੱਚ ਮੈਂ ਮਸ਼ਹੂਰ ਸੀ ਅਜਿਹੇ ਕਮਲ਼ਿਆਂ ਰਮਲ਼ਿਆਂ ਨੂੰ ਨੇੜੇ ਰੱਖਣ ਲਈ। ਇਹ ਦੋਹਵੇਂ ਜਣੇ ਯੂਨੀਵਰਸਿਟੀ ਆ ਕੇ ਮੈਨੂੰ ਜ਼ਰੂਰ ਲੱਭ ਲੈਂਦੇ। ਬੇਸ਼ੱਕ ਕਿਸੇ ਨੇ ਕਦੇ ਉਹ ਇਕੱਠੇ ਨਹੀਂ ਸੀ ਦੇਖੇ, ਪਰ ਮੈਨੂੰ ਉਹ ਸਿਰਫ ਇੱਕ ਬਾਰ ਇਕੱਠੇ ਮਿਲ਼ੇ ਸਨ। ਗੁਰਦੇਵ ਸਿੰਘ ਨੇ ਆਪਣੀ ਰਾਜਨੀਤੀ ਸ਼ਾਸਤਰ ਦੀ ਸਾਰੀ ਨਾਲਾਇਕੀ ਇੱਕੋਵਵਾਕ ਵਿੱਚ ਸਮੇਟਦਿਆਂ ਰੇਸ਼ਮ ਸਿੰਘ ਨੂੰ ਕਿਹਾ, “ਤੂੰ ਮੈਨੂੰ ਚੰਗਾ ਨਹੀਂ ਸਮਝਦਾ”। ਰੇਸ਼ਮ ਸਿੰਘ ਨੇ ਬੇਹੱਦ ਸਰਲ ਅਤੇ ਢੁਕਵਾਂ ਉਤਰ ਦਿੱਤਾ, “ਕੋਈ ਕਿਸੇ ਨੂੰ ਬੁਰਾ ਸਮਝਣ ਤੋਂ ਨਹੀਂ ਰੋਕ ਸਕਦਾ”। ਰੇਸ਼ਮ ਸਿੰਘ ਨੇ ਆਪਣੀ ਸਾਇਕੌਲੋਜੀ ਦਾ ਸਿਖਰਲਾ ਗਿਆਨ ਆਪਣੇ ਇੱਕੋ ਵਾਕ ਵਿੱਚ ਸੰਜੋ ਦਿੱਤਾ।
ਸਾਕੇ ਜਹੇ ਇਸ ਵਾਕੇ ਤੋਂ ਬਾਦ ਉਹ ਮੈਨੂੰ ਕਦੀ ਨਹੀਂ ਮਿਲ਼ੇ। ਮੈਂ ਪੜ੍ਹ ਪੁੜ੍ਹ ਕੇ ਫਗਵਾੜੇ ਰਾਮਗੜ੍ਹੀਆ ਕਾਲਜ ਪੜ੍ਹਾਉਣ ਲੱਗ ਪਿਆ। ਬੜੀ ਦੇਰ ਬਾਦ ਪਤਾ ਲੱਗਾ ਕਿ ਰੇਸ਼ਮ ਸਿੰਘ ਦੋ ਤਿੰਨ ਬਾਰ ਪ੍ਰੋ ਹਰਪਾਲ ਸਿੰਘ ਕੋਲ਼ ਪਊਏ ਜੋਗੇ ਪੈਸੇ ਲੈਣ ਗਿਆ ਸੀ। ਫਿਰ ਪਤਾ ਲੱਗਾ ਕਿ ਸਤਾਰਾਂ ਸੈਕਟਰ ਵਿੱਚ ਸੰਤ ਬੂਟ ਹਾਊਸ ਦੇ ਸਾਹਮਣੇ ਕਿਸੇ ਨੁੱਕਰ ਵਿੱਚ ਇਕ ਠਰੀ ਰਾਤ ਨੂੰ ਉਹ ਪੂਰਾ ਹੋ ਗਿਆ ਸੀ। ਮੇਰੇ ਲਈ ਇਹ ਖ਼ਬਰ ਬੇਹੱਦ ਉਦਾਸ ਕਰਨ ਵਾਲ਼ੀ ਸੀ। ਟੌਲਸਟਾਏ ਵੀ ਇਸੇ ਤਰਾਂ ਤੁਰ ਗਿਆ ਸੀ। ਮੈਨੂੰ ਉਸੇ ਤਰਾਂ ਦਾ ਦੁੱਖ ਹੋਇਆ। ਫਿਰ ਮੈਨੂੰ ਗੁਰਦੇਵ ਸਿੰਘ ਦਾ ਚੇਤਾ ਆਇਆ। ਉਹਦੀ ਮੈਨੂੰ ਕੋਈ ਖ਼ਬਰ ਨਹੀਂ। ਇੰਨਾ ਜ਼ਰੂਰ ਲੱਗਦਾ ਹੈ ਕਿ ਉਹ ਉੱਪਰ ਵਾਲ਼ੀ ‘ਯੂਨੀਵਰਸਿਟੀ’ ‘ਚ ਵੀ ਇਕੱਠੇ ਨਹੀਂ ਗਏ ਹੋਣਗੇ।
‘ਇਸ਼ਕ ਕੀ ਤਾਵੀਲ ਮੇਂ ਅਸਰੇ ਰਵਾਂ ਕੇ ਸਿਵਾ, ਔਰ ਭੀ ਜ਼ਮਾਨੇ ਹੈਂ ਜਿਨ ਕਾ ਕੋਈ ਨਾਮ ਨਹੀਂ’। ਸਦਾ ਹੀ ਕਾਂਟੋ ਫੁੱਲਾਂ ‘ਤੇ ਨਹੀਂ ਰਹਿੰਦੀ ਤੇ ਨਾ ਹੀ ਗੁੱਡੀ ਹਮੇਸ਼ਾ ਅਸਮਾਨ ‘ਚ ਚੜ੍ਹੀ ਰਹਿੰਦੀ ਹੈ। ਚੜ੍ਹਾਉਣ ਵਾਲਾ ਆਪੇ ਲਾਹ ਵੀ ਲੈਂਦਾ ਹੈ। ਅਸਮਾਨ ‘ਚ ਅਣਗਿਣਤ ਤਾਰੇ ਹਨ। ਬਹੁਤੇ ਸਾਨੂੰ ਦਿਸਦੇ ਹਨ, ਉਸਤੋਂ ਵੀ ਵੱਧ ਉਹ ਹਨ ਜੋ ਦਿਸਦੇ ਨਹੀਂ। ਵਿਗਿਆਨੀ ਦੱਸਦੇ ਹਨ ਕਿ ਕਈ ਤਾਰੇ ਅਜਿਹੇ ਹਨ, ਜਿਨ੍ਹਾਂ ਦੀ ਰੌਸ਼ਨੀ ਹਾਲੇ ਧਰਤੀ ਤੱਕ ਨਹੀਂ ਅੱਪੜੀ ਤੇ ਕਈ ਅਜਿਹੇ ਹਨ ਜਿਨ੍ਹਾਂ ਦੀ ਲੋਅ ਧਰਤੀ ‘ਤੇ ਕਦੀ ਨਹੀਂ ਅੱਪੜੇਗੀ। ਮੇਰੇ ਖਿਆਲ ਵਿੱਚ ਗੁਰਦੇਵ ਸਿੰਘ ਤੇ ਰੇਸ਼ਮ ਸਿੰਘ ਅਕਾਸ਼ ਦੇ ਉਹ ਸਿਤਾਰੇ ਸਨ, ਜਿਨ੍ਹਾਂ ਦੀ ਲੋਅ ਧਰਤੀ ‘ਤੇ ਕਦੀ ਨਹੀਂ ਪੁੱਜੀ ਤੇ ਜਿਨ੍ਹਾਂ ਦੇ ਹੋਣ, ਨਾ ਹੋਣ ਜਾਂ ਤੁਰ ਜਾਣ ਦਾ ਸੇਕ ਕਿਸੇ ਨੂੰ ਵੀ ਨਹੀਂ ਪੋਹਿਆ। ਸ਼ਾਇਦ ਸਾਡੀ ਧਰਤੀ ‘ਤੇ ਉਨ੍ਹਾਂ ਲਈ ਕੋਈ ਅੱਥਰੂ ਨਹੀਂ ਸੀ ਬਣਿਆਂ।