ਡਾਕਟਰ ਗੁਪਤਾ (ਕਹਾਣੀ) : ਬਲੀਜੀਤ

ਡਾਕਟਰ ਅਸ਼ੋਕ ਕੁਮਾਰ ਗੁਪਤਾ ਜੀ ਬਾਰੇ ਮੈਂ ਐਨਾ ਕੁਝ ਨਹੀਂ ਜਾਣਦਾ ਕਿ ਉਹਦੇ ਬਾਰੇ ਲਿਖਣ ਹੀ ਬੈਠ ਜਾਵਾਂ । ਪਰ ਮੈਂ ਬਹੁਤ ਤੰਗ ਆ ਚੁੱਕਾਂ ਓਹਦੀਆਂ ਯਾਦਾਂ ਤੋਂ... ਮੈਂ ਉਸ ਤੋਂ ਮੁਕਤ ਹੋਣਾ ਚਾਹੁੰਦਾਂ... ਪਰ ਕਿਵੇਂ... ਉਹਦੀ ਹੋਮਿਓਪੈਥੀ ਦੀ ਕਲੀਨਿਕ ਹੀ ਮੇਰਾ ਖਹਿੜਾ ਨਹੀਂ ਛੱਡਦੀ ।

ਡਾਕਟਰ ਗੁਪਤਾ ਜੀ ਸ਼ਹਿਰ ਦੇ ਮਹਾਜਨ ਸਮਾਜ ਦੇ ਕਾਫੀ ਘੱਟ ਗਿਣਤੀ ਦੇ ਲੋਕਾਂ... ਸਮਾਜ ਦੇ ਉਸ ਹਿੱਸੇ ਵਿੱਚੋਂ ਆਉਂਦੇ ਸਨ ਜਿਹੜੇ ਆਪਣੇ ਬਾਰੇ ਕਿਸੇ ਨੂੰ ਬਹੁਤਾ ਅਤਾ ਪਤਾ ਨਹੀਂ ਲੱਗਣ ਦਿੰਦੇ । ਵਣਜ ਕਰਨ ਵਾਲੇ । ਜਿਹਨਾਂ ਨੂੰ ਮਿਲਦੇ ਸਾਰ ਇੱਕ ਕਿਸਮ ਦਾ ਕਾਲਾ ਜਿਹਾ ਸਹਿਮ ਉਹਨਾਂ ਲੋਕਾਂ ਦੇ ਮਨ ਉੱਤੇ ਹਾਵੀ ਹੋਣ ਲੱਗਦਾ ਜਿਹੜੇ ਉਹਨਾਂ ਦੀ ਬਰਾਦਰੀ ਵਿੱਚੋਂ ਨਹੀਂ ਸਨ । ਉਹਨਾਂ ਨੂੰ ਆਮ ਲੋਕ ਛਿਣ ਭਰ ਲਈ ਮਿਲਦੇ । ਸੌਦਾ ਸੁਲਫ਼ ਲੈਂਦੇ... ਪੈਸੇ ਦਿੰਦੇ, ਬਕਾਇਆ ਬੋਝੇ ਪਾ ਕੇ ਖਿਸਕਦੇ ਤਾਂ ਕੁੱਝ... ਕੁੱਝ ਖਹਿੜਾ ਛੁੱਟਿਆ ਮਹਿਸੂਸ ਹੁੰਦਾ । ਲੋਕ ਫਸੇ ਹੋਏ ਉਹਨਾਂ ਕੋਲ ਜਾਂਦੇ । ਪਹਿਲਾਂ ਹੀ ਥੁੜਾਂ, ਲੋੜਾਂ ਦੇ ਖੱਸੀ ਕੀਤੇ ਲੋਕ ਜਦੋਂ ਗੁਪਤਾ ਜੀ ਕੋਲ ਜਾਂਦੇ... ਖੜ੍ਹਦੇ ਤਾਂ ਡਰਦੇ ਕਿ ਪਤਾ ਨਹੀਂ ਡਾਕਟਰ ਨੇ ਕੀ ਕਹਿ ਦੇਣਾ ਹੈ । ਪਤਾ ਨਹੀਂ ਜੁਆਬ ਹੀ ਦੇ ਦੇਣਾ ਕਿ ਐਥੋਂ ਚਲੇ ਜਾਓ । ਜੇ ਹਾਂ ਕਹੀ ਤਾਂ ਪਤਾ ਨਹੀਂ ਕਿੰਨੇ ਪੈਸੇ ਮੰਗ ਲੈਣੇ ਨੇ । ਮੈਂ ਵੀ ਹੋਰਾਂ ਵਾਂਗ ਐਵੇਂ ਹੀ ਮਹਿਸੂਸ ਕਰਦਾ ਹੁੰਦਾ ਸੀ... ਤਾਂ ਵੀ ਇੱਕ ਪਰਦੇ ਦੇ ਪਿੱਛੇ ਲੁਕਿਆ ਉਹ ਮੈਨੂੰ ਧੁੰਧਲਾ...ਧੁੰਧਲਾ ਦਿਸਦਾ । ਉਸਨੇ ਕਦੇ ਕਦੇ ਮੈਨੂੰ ਆਪਣੇ ਜੀਵਨ, ਆਪਣੇ ਸਮਾਜ ਵਿੱਚ ਝਾਕਣ ਦੀ ਮਾਮੂਲੀ ਜਹੀ ਆਗਿਆ ਦਿੱਤੀ । ਮੈਂ... ਮੈਂ ਉਸ ਦਾ ਕੁੱਝ ਨਹੀਂ ਸੀ ਲੱਗਦਾ । ਮੈਂ ਵੀਹ ਬਾਈ ਸਾਲ ਦਾ ਮੁੰਡਾ ਉਸਦਾ ਮਰੀਜ਼ ਸੀ... ਜਿਸ ਨੂੰ ਪੱਦ ਮਾਰਦਿਆਂ ਰੱਜ ਕੇ ਸੰਗ ਆਉਂਦੀ ਹੁੰਦੀ ਸੀ... ਜਿਸਨੂੰ ਇਹ ਨਹੀਂ ਸੀ ਪਤਾ ਹੁੰਦਾ... ਕਿ ਪੱਕੀ ਕਬਜ਼ ਕੀ ਹੁੰਦੀ ਹੈ... ਜਿਸਨੂੰ ਸਦਾ ਕਬਜ਼ ਹੀ ਹੋਈ ਰਹਿੰਦੀ ਸੀ... ਕਬਜ਼ ਦਾ ਇਲਾਜ ਤੇ ਇਕੱਠੇ ਸਿਗਰਟ ਪੀਣ ਦੀ ਲਲਕ ਦੋਸਤੀ 'ਚ ਬਦਲ ਗਈ ਸੀ ।

***

ਕੀ ਲਿਖਾਂ ਉਹਦੇ ਬਾਰੇ... ਕੁਝ ਵੀ ਪਕੜ ਵਿੱਚ ਨਹੀਂ ਆ ਰਿਹਾ ਜੋ ਕਾਗਜ਼ 'ਤੇ ਉਤਰ ਸਕਦਾ ਹੋਵੇ...

ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਮਰੀਜ਼ ਹਾਂ । ਇਹ ਵੀ ਨਾ ਪਤਾ ਕਿ ਬਿਮਾਰ ਬੰਦਾ ਹੀ ਮਰੀਜ਼ ਹੁੰਦਾ... ਇਹ ਤਾਂ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਚਾਣ ਚੱਕ ਪੁੱਛ ਲਿਆ ਸੀ ''ਪੁੱਤ ਤੈਨੂੰ 'ਬਾਹਰ' ਖੁੱਲ ਕੇ ਆਉਂਦਾ ਕਿ ਨਹੀਂ? '' ਮੈਂ ਸ਼ਰਮਾ ਕੇ ਸਿਰ ਨੀਵਾਂ ਕਰ ਲਿਆ ਸੀ । ਅਜਿਹੀ ਗੱਲ ਕਿਸੇ ਨੇ ਘਰ 'ਚ ਬੋਲੀ ਸੁਣੀ ਨਹੀਂ ਸੀ ਜਿਸ ਦਾ ਸਿੱਧਾ ਸੰਬੰਧ ਆਦਮੀ ਦੇ 'ਪਿੱਛੇ' ਨਾਲ ਹੋਵੇ । ਮਾਂ ਵੀ ਜਾਣੀ ਜਾਣ ਸੀ ।

''ਕਬਜ਼ ਐ ਤੈਨੂੰ...''

"ਇਹ ਕੀ ਹੁੰਦੀ ਐ... ਕਬਜ਼?"

''ਪੁੱਤ, ਜਦੋਂ ਟੱਟੀ ਖੁੱਲ੍ਹ ਕੇ ਨਾ ਆਵੇ ਸਵੇਰੇ, ਕਿੱਲ ਕੇ ਆਵੇ...ਤਾਂ ਇਹ ਕਬਜ਼ ਦੀ ਸ਼ਿਕਾਇਤ ਹੁੰਦੀ ।''

ਉਹ ਅਨਪੜ੍ਹ ਔਰਤ ਸੀ । ਉਸ ਨੇ ਆਹ ਕਹਿ ਕੇ ਮੈਨੂੰ ਮਰੀਜ਼ ਬਣਾ ਦਿੱਤਾ... ਤੇ ਮੈਂ ਡਾਕਟਰ ਗੁਪਤਾ ਜੀ ਦੀ ਦੁਕਾਨ 'ਤੇ ਚੜ੍ਹ ਗਿਆ... ਉਹਨੇ ਪਹਿਲੇ ਸੁਆਲ ਨਾਲ ਹੀ ਮੈਨੂੰ ਭੰਬਲਭੂਸੇ 'ਚ ਪਾ ਦਿੱਤਾ; ''ਤੁਹਾਨੂੰ ਕਿਹੜੇ ਰੰਗ ਦੀ ਟੱਟੀ ਆਉਂਦੀ ਐ''... ਜਿਸਦਾ ਮੈਨੂੰ ਕੋਈ ਜੁਆਬ ਨਹੀਂ ਸੀ ਪਤਾ...

***

ਡਾਕਟਰ ਗੁਪਤਾ ਕਾਫ਼ੀ ਸਖ਼ਤ ਕੌੜੀਆਂ ਸਿਗਰਟਾਂ ਪੀਂਦਾ ਸੀ । ਰੈੱਡ ਐਂਡ ਵ੍ਹਾਈਟ ਦੀਆਂ । ਉਹ ਇੱਕ ਜਾਂ ਦੋ ਸਿਗਰਟਾਂ ਨਹੀਂ ਸੀ ਖ੍ਰੀਦਦਾ । ਨਾ ਲਾਲ ਰੰਗ ਦੀ ਇੱਕ ਡੱਬੀ ਖ੍ਰੀਦਦਾ । ਉਹ ਵੀਹ ਡੱਬੀਆਂ ਦਾ ਇੱਕ ਪੈਕਿਟ ਵੀ ਨਹੀਂ ਸੀ ਖ੍ਰੀਦਦਾ । ਉਹ ਬਖ਼ਤਾਵਰ ਮੱਲ ਐਂਡ ਸੰਨਜ ਦੀ ਕਰਿਆਨੇ ਦੀ ਥੋਕ ਦੀ ਦੁਕਾਨ ਤੋਂ ਇੱਕੋ ਵਾਰੀ ਘੱਟੋ ਘੱਟ ਚਾਰ ਕਾਰਟਨ, ਘੱਟ ਰੇਟ ਉੱਤੇ ਖਰੀਦ ਕੇ ਲਿਆਉਂਦਾ... ਤਾਂ ਜੋ ਉਸ ਨੂੰ ਬਾਰ ਬਾਰ ਸਿਗਰਟਾਂ ਖ੍ਰੀਦਣ ਨਾ ਜਾਣਾ ਪਵੇ...ਤੇ ਸਾਰੀਆਂ ਸਿਗਰਟਾਂ ਦਾ ਜੋੜ ਲਾ ਕੇ, ਉਸ ਜੋੜ ਨਾਲ ਕੁੱਲ ਪੈਸਿਆਂ ਨੂੰ ਗੁਣਾ... ਘਟਾਓ... ਤਕਸੀਮ ਕਰਕੇ ਇੱਕ ਸਿਗਰਟ ਦਾ ਰੇਟ ਵੀ ਕੱਢਦਾ । ਬਹੁਤੀਆਂ ਨਹੀਂ ਸੀ ਪੀਂਦਾ । ਕਿਸੇ ਦੇ ਸਾਹਮਣੇ ਸ਼ਰੇਆਮ ਵੀ ਨਹੀਂ ਸੀ ਪੀਂਦਾ... ਆਪਣੀ ਦੁਕਾਨ ਦੇ ਪਿਛਲੇ ਦਰਵਾਜ਼ੇ ਦੀ ਓਟ ਵਿੱਚ ਲੁਕ ਕੇ ਪੀਂਦਾ ਹੁੰਦਾ ਸੀ ।

ਇੱਕ ਦਿਨ ਮੈਂ ਡਰਦਾ ਡਰਦਾ ਉਸ ਦੀ ਦੁਕਾਨ ਵਿੱਚ ਜਾ ਵੜਿਆ । ਉਸ ਦਿਨ ਮੈਂ ਕੋਈ ਮਰੀਜ਼ ਨਹੀਂ ਸੀ ।

''ਬੈਠੋ''

''ਅੱਜ ਤਾਂ ਮੈਂ ਆਪਦਾ ਦੋਸਤ ਬਣ ਕੇ ਬੈਠਾਂ । ਮਰੀਜ਼ ਨਹੀਂ ।''

''ਚਲਦੈ ਐਂ ਪਿੱਛੇ । ਸੂਟਾ ਲਾਉਂਦੇ ਐਂ ।'' ਉਹ ਸਮਝ ਗਿਆ ਕਿ ਮੈਂ ਉਸ ਦੇ ਅੰਦਰ ਵੜ੍ਹ ਕੇ ਸਿਗਰਟ ਪੀਣ ਦੀ ਮੰਗ ਕਰ ਰਿਹਾ ਸੀ । ਉਹ ਵੀ ਮੈਨੂੰ ਦੋਸਤ ਵਰਗਾ ਕੁਝ ਸਮਝਣ ਲੱਗ ਪਿਆ ਸੀ... ਅੰਦਰ ਦੀਆਂ ਕੁਝ ਗੱਲਾਂ ਕਦੇ ਕਦੇ ਸੁਣਾ ਦਿੰਦਾ । ਪੂਰੀਆਂ ਅੱਖਾਂ ਅੱਡ ਕੇ ਅਗਲੇ ਦੀ ਗੱਲ ਸੁਣਦਾ... ਜਿਵੇਂ ਉਹ ਸੁਣਦਾ ਵੀ ਅੱਖਾਂ ਨਾਲ ਹੀ ਹੋਵੇ...ਅਜੇ ਉਹਨੇ ਸਿਗਰਟ ਅਜੇ ਲਾਈ ਹੀ ਸੀ ਕਿ ਬਾਹਰ ਕੋਈ ਮਰੀਜ਼... ਗਾਹਕ ਆ ਟਪਕਿਆ ਤਾਂ ਉਹ ਸਿਗਰਟ ਨੂੰ ਸੁੱਟਣ ਜਾਂ ਮਸਲ ਕੇ ਬੁਝਾਉਣ ਦੀ ਬਜਾਏ ਕਹਿੰਦਾ;

"ਐਂਜ ਕਰੀ ਦਾ," ਉਹਨੇ ਕਿਤੇ ਪਿਆ ਸੈਵਨ-ਓ-ਕਲੌਕ ਦਾ ਬਲੇਡ ਚੁੱਕਿਆ ਤੇ ਸਿਗਰਟ ਉੱਥੋਂ ਕੱਟ ਦਿੱਤੀ ਜਿੱਥੇ ਅੱਗ ਅਜੇ ਪੁੱਜੀ ਨਹੀਂ ਸੀ । ਬਲੇਡ ਨਾਲ ਸਿਗਰਟ ਦਾ ਧੁਖ਼ਦਾ ਕੱਟਿਆ ਟੁੱਕੜਾ ਮਿੱਟੀ ਦੇ ਕਸੋਰੇ ਵਿੱਚ ਸੁੱਟ ਦਿੱਤਾ । ਬਚੀ ਸਿਗਰਟ ਨਸਵਾਰ ਦੀ ਖਾਲੀ ਡੱਬੀ ਵਿੱਚ ਸੰਭਾਲਦਾ ਫੇਰ ਕਹਿੰਦਾ;

"ਐਂਜ ਕਰਨ ਨਾਲ ਜਦੋਂ ਦੁਬਾਰਾ ਏਹੀ ਸਿਗਰਟ ਲਾਓਂਗੇ ਤਾਂ ਕਾਰਬਨ ਦੀ ਮਾਤਰਾ ਬੰਦੇ ਅੰਦਰ ਬਹੁਤ ਘੱਟ ਜਾਂਦੀ ਐ"... ਤਾਂ ਵੀ ਉਹ ਰੋਜ਼ ਦੀਆਂ ਪੰਦਰਾਂ ਤੋਂ ਵੀ ਵੱਧ ਸਿਗਰਟਾਂ ਪੀਵੀ ਜਾਂਦਾ । ਸਿਗਰਟ ਲਾਉਣ ਦੇ ਨਾਲ ਹੀ ਛੋਟਾ ਜਿਹਾ ਅਗਜ਼ੋਸਟ ਫੈਨ ਵੀ ਚਲਾ ਦਿੰਦਾ । ਸੌਂਫ ਦੀ ਫੱਕੀ ਵੀ ਮਾਰੀ ਜਾਂਦਾ...ਤੇ...

***

ਉਹ ਮਰੀਜ਼ਾਂ ਨੂੰ ਬਿਲਕੁਲ ਚਿੱਟੇ ਟਾਇਪ ਕਰਨ ਵਾਲੇ ਖੜਕਦੇ ਚੌਰਸ ਕਾਗਜ਼ ਦੀ ਪੁੜੀ ਬਣਾ ਕੇ ਦੁਆਈ ਦਿੰਦਾ । ਕੈਂਚੀ ਨਾਲ ਇੱਕ ਪੂਰੇ ਕਾਗਜ਼ ਦੇ ਅੱਠ ਟੁੱਕੜੇ ਕਰਦਾ । ਕਾਗਜ਼ ਦੇ ਛੇ ਟੁੱਕੜੇ ਆਪਣੀ ਕਲੀਨਿਕ ਦੇ ਵਰਕਿੰਗ ਟੇਬਲ ਉੱਤੇ ਵਿਛਾਉਂਦਾ... ਚਮਚੀ ਨਾਲ ਚਿੱਟਾ ਮਿਲਕ ਪਾਊਡਰ ਪਾਉਂਦਾ ਜਿਹੜਾ ਉਹ ਸਿੱਧਾ ਜਰਮਨੀ ਤੋਂ ਮੰਗਾਉਂਦਾ ਹੁੰਦਾ ਸੀ । ਚਮਚੇ ਦੀ ਪਿੱਠ ਨਾਲ ਦਬਾ ਦੇ ਕੇ ਪਾਊਡਰ ਦੀ ਢੇਰੀ ਨੂੰ ਚਿੱਪ ਕੇ ਬੰਨ੍ਹ ਦਿੰਦਾ । ਪਾਊਡਰ ਦੇ ਉੱਪਰ ਮਹੀਨ ਚਿੱਟੀਆਂ ਮਿੱਠੀਆਂ ਗੋਲੀਆਂ ਟਿਕਾਉਂਦਾ । ਉਸਦੇ ਸਾਹਮਣੇ ਖੁੱਲ੍ਹੇ ਰੈਕ ਦੀ ਸ਼ੀਸ਼ੇ ਦੀ ਸ਼ੈਲਫ਼ ਉੱਤੇ ਰੱਖੀਆਂ ਸ਼ੀਸ਼ੀਆਂ ਦੇ ਥੱਲੇ ਆਲੇ ਦੁਆਲੇ ਮਹੀਨ ਧੂੜ ਜੰਮੀ ਹੁੰਦੀ । ਜੰਮੀ ਧੂੜ ਦੀਆਂ ਗੁਲਾਈਆਂ ਵਿੱਚੋਂ ਗੋਲ ਸ਼ੀਸ਼ੀਆਂ ਚੁੱਕਦਾ ਤਾਂ ਸ਼ੀਸ਼ੇ ਉੱਤੇ ਧੂੜ ਦੀਆਂ ਗੁਲਾਈਆਂ ਅੱਖਾਂ ਨੂੰ ਹੋਰ ਵੀ ਸਾਫ਼ ਦਿਸਦੀਆਂ । ਸ਼ੀਸ਼ੀ ਚੁੱਕ ਕੇ ਹਿਲਾਉਂਦਾ, ਦੇਖਦਾ । ਢੱਕਣ ਖੋਲ੍ਹਦਾ ਤੇ ਕਾਗਜ਼ ਉੱਤੇ ਪਾਊਡਰ ਦੇ ਢੇਰ ਉੱਪਰ ਦੋ ਜਾਂ ਤਿੰਨ ਸ਼ੀਸ਼ੀਆਂ ਵਿੱਚੋਂ ਅਲਕੋਹਲ ਦੀ ਗੰਧ ਵਾਲੀ ਦੁਆਈ ਦੇ ਦੋ ਦੋ ਤੁਪਕੇ ਛਿੜਕਦਾ, ਸ਼ੀਸ਼ੀ ਬੰਦ ਕਰਕੇ ਉਸੇ ਗੋਲੇ ਵਿੱਚ ਘੁੰਮਾ ਕੇ ਟਿਕਾ ਦਿੰਦਾ । ਮੈਂ ਪੁੱਛਿਆ;

"ਡਾਕਟਰ ਸਾਹਿਬ, ਸਾਰੀਆਂ ਦੁਆਈਆਂ ਇੱਕੋ ਜਹੀਆਂ ਦਿਖਦੀਆਂ?"

"ਸਾਰੀਆਂ ਸ਼ੀਸ਼ੀਆਂ ਵਿੱਚ ਅਲਕੋਹਲ ਭਰੀ ਹੋਈ ਐ । ਇਹ ਦੁਆਈ ਨਹੀਂ । ਇਹ ਵਹੀਕਲ ਐ ਦੁਆਈ ਨੂੰ ਮਰੀਜ਼ ਦੇ ਅੰਦਰ ਲਿਜਾਣ ਲਈ । ਸ਼ੀਸ਼ੀ 'ਚ ਦੁਆਈ ਕਿਤੇ ਹੋਰ ਥਾਂ ਪਈ ਐ ।"

"ਮੈਨੂੰ ਤਾਂ... ਪਤਾ ਨਹੀਂ ਲੱਗਦਾ ਦੁਆਈ ਕਿੱਥੇ ਪਈ ਏ ।" ਪਰ ਉਹਨੇ ਮਿੰਨ੍ਹਾ ਮਿੰਨ੍ਹਾ ਮੁਸਕਰਾ ਕੇ ਮੇਰੀ ਗੱਲ ਦੀ ਪ੍ਰਵਾਹ ਨਹੀਂ ਕੀਤੀ...ਤੇ ਉਹ ਆਪਣੀਆਂ ਪੁੜੀਆਂ ਨੂੰ ਤਹਿ ਲਾ ਕੇ ਮਰੋੜਦਾ ਰਿਹਾ... ਐਂਜ ਮਰੋੜਦਾ ਕਿ ਬੱਸ ਪੁੱਛੋ ਨਾ...ਓਹਦੇ ਵਰਗੀਆਂ ਪੁੜੀਆਂ ਕੋਈ ਹੋਰ ਕਿਤੇ ਨਾ ਬਣਾ ਸਕਦਾ ਹੋਵੇਗਾ । ਛੇ ਪੁੜੀਆਂ ਚਿੱਟੀ ਲਿਫ਼ਾਫ਼ੀ ਵਿੱਚ ਪਾ ਕੇ ਮਰੀਜ਼ ਨੂੰ ਦਿੰਦਾ:

'' ਇਹ ਛੇ ਪੁੜੀਆਂ... ਦੋ ਦਿਨ । ਤਿੰਨ ਵਾਰੀ... ਸੁਬ੍ਹਾ, ਦੁਪਹਿਰੇ, ਸ਼ਾਮੀ ਇੱਕ ਇੱਕ ਪੁੜੀ ਲੈਣੀ ਐ ।'' ਪੁੜੀਆਂ ਛੇ ਤੋਂ ਘੱਟ ਤਾਂ ਦੇ ਦਿੰਦਾ ਸੀ... ਵੱਧ ਨਹੀਂ ।

ਮਰੀਜ਼ ਪੁੱਛਦਾ? "ਚਾਹ... ਯਾ ਪਾਣੀ ਨਾਲ?''

''ਨਹੀਂ, ਐਂਜ ਈ ਪੁੜੀ ਖੋਲ ਕੇ (ਉਹ ਇੱਕ ਪੁੜੀ ਖੋਲ ਕੇ, ਮਰੀਜ਼ ਨੂੰ ਦਿਖਾਕੇ, ਦੁਬਾਰਾ ਫੇਰ ਓਵੇਂ ਈ ਮੜ ਦਿੰਦਾ) ਮੂੰਹ ਵਿੱਚ ਪਾ ਲੈਣੀ । ਆਪੇ ਮੂੰਹ 'ਚ ਘੁਲ ਜਾਣੀਂ । ਪੁੜੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ 'ਚ ਕੁਝ ਨਹੀਂ ਖਾਣਾ । ਕੱਚਾ ਪਿਆਜ ਨਹੀਂ ਖਾਣਾ ।''

''ਕਿੰਨੇ ਪੈਸੇ''

''ਸੱਠ ਰੁਪਏ", ਪੈਸੇ ਉਹ ਬਹੁਤ ਸੰਭਾਲ ਕੇ ਰੱਖਦਾ... ਆਪਣੇ ਰਜਿਸਟਰ ਵਿੱਚ ਐਂਟਰੀ ਵੀ ਪਾਉਂਦਾ ਸੀ ਲੰਡਿਆਂ 'ਚ... ਕਦੇ ਕਦੇ ਮਰੀਜ਼ ਦੀ ਦੁਆਈ ਬਣਾਉਂਦਾ ਬਣਾਉਂਦਾ ਵਿੱਚੋਂ ਬਚੀ ਹੋਈ ਦੁਆਈ ਚਮਚ ਵਿੱਚ ਇਕੱਠੀ ਕਰਕੇ ਆਪ ਵੀ ਫੱਕੀ ਮਾਰ ਲੈਂਦਾ । ਬਾਰ ਬਾਰ ਹੱਥ ਧੋਂਦਾ । ਸਿਗਰਟ ਦਾ ਸੂਟਾ ਵੀ ਨਾਲੋ ਨਾਲ ਖਿੱਚੀ ਜਾਂਦਾ । ਗੁਪਤਾ ਵਾਰ ਵਾਰ ਗੋਲ ਗਰਦ ਵਿੱਚੋਂ ਦਵਾਈ ਦੀਆਂ ਸ਼ੀਸ਼ੀਆਂ ਚੁੱਕਦਾ... ਅਤੇ ਵਾਪਸ ਧੂੜ ਵਿੱਚ ਹੀ ਟਿਕਾਈ ਜਾਂਦਾ । ਮੈਂ ਧੂੜ ਵੱਲ ਧਿਆਨ ਨਾਲ ਦੇਖਦਾ ਤਾਂ ਡਾਕਟਰ ਬੋਲਦਾ:"ਸਫ਼ਾਈ ਕਰਨ ਦਾ ਟਾਈਮ ਹੀ ਨਹੀਂ ਲਗਦਾ, ਦੀਵਾਲੀ ਦੇ ਨੇੜੇ ਤੇੜੇ ਕਰੂੰਗਾ ।"

ਕਦੇ ਕਦੇ ਮੇਰੇ ਬੈਠਿਆਂ ਖੋਖੇ ਤੋਂ ਉਸਦੀ ਚਾਹ ਦਾ ਕੱਪ ਆ ਜਾਂਦਾ ਤਾਂ ਮੈਨੂੰ ਬਿਨਾਂ ਪੁੱਛੇ ਚਾਹ ਦਾ ਹੋਰ ਕੱਪ ਮੰਗਾਉਂਦਾ । ਉਸਦਾ ਆਪਣਾ ਚਾਹ ਦਾ ਕੱਪ ਪਿਆ ਰਹਿੰਦਾ...ਚਾਹ ਉੱਤੇ ਪਪੜੀ ਬਣ ਜਾਂਦੀ । ਉਹ ਪਪੜੀ ਪੋਟਿਆਂ ਨਾਲ ਨੱਪ ਕੇ ਕੱਪ ਦੇ ਕੰਢੇ ਨਾਲ ਚਿਪਕਾ ਦਿੰਦਾ । ਚਾਹ ਫੇਰ ਵੀ ਪਈ ਰਹਿੰਦੀ...

''ਤੁਹਾਡੀ ਚਾਹ ਠੰਡੀ ਹੋ ਰਹੀ ਐ'', ਉਸ ਦੇ ਕੱਪ ਦੇ ਕੰਨ ਉੱਤੇ ਲਟਕਦੀ ਚਾਹ ਦੀ ਪਪੜੀ ਮੈਨੂੰ ਬੜੀ ਭੈੜੀ ਲੱਗਦੀ ।

''ਠੰਡੀ ਕਰਕੇ ਈ ਪੀਣੀ ਐਂ ਮੈਂ''... ਅਜੀਬ... ਢੀਠ ਬੰਦਾ ਸੀ ਓਹ । ਉਹਦੀ ਸਮਝ ਨਹੀਂ ਸੀ ਲੱਗਦੀ ਕਿ ਕਦੋਂ ਉਹ ਚਾਹ ਪੀ ਕੇ ਮੁਕਾ ਦਿੰਦਾ । ਮੈਂ ਬੜੇ ਗੌਹ ਨਾਲ ਡਾਕਟਰ ਗੁਪਤੇ ਦੇ ਚਿਹਰੇ ਵਿੱਚ ਝਾਕਦਾ । ਕਦੇ ਕੁਝ ਵੀ ਪੜ੍ਹ ਨਾ ਹੁੰਦਾ... ਮੇਰੇ ਕੋਲ ਕਿਹੜਾ ਕੋਈ ਜਾਦੂ ਦੀ ਪੀਪਣੀ ਸੀ ਜਿਸ ਨਾਲ ਮੈਂ ਉਸਦੇ ਮਗਜ ਵਿੱਚ ਪਿਆ ਸੱਚ ਉਠਾਲ ਲੈਂਦਾ । ਉਹਦਾ ਕਿਵੇਂ ਪਤਾ ਲੱਗਦਾ ਕਿ ਉਹ ਕੀ ਆ । ਮੈਂ ਤਾਂ ਬਸ ਓਹਦੇ ਕੋਲ ਬਹਿਕੇ ਕਿਆਫ਼ੇ ਹੀ ਲਾ ਸਕਦਾ ਸਾਂ... ਤੇ ਕਿਆਫ਼ੇ ਮੈਂ ਲਾਈ ਗਿਆ ।

***

ਇੱਕ ਮਰੀਜ਼ ਨੇ ਆ ਕੇ ਪਰਚੀ ਉੱਤੇ ਲਿਖੀ ਦੁਆਈ ਮੰਗੀ । ਡਾਕਟਰ ਗੁਪਤਾ ਉੱਠਦਿਆਂ ਪਿੱਠ ਪਿੱਛੇ ਨੂੰ ਘੁੰਮਿਆ । ਸ਼ੀਸੇ ਦੇ ਦਰਵਾਜ਼ੇ ਵਾਲੀ ਅਲਮਾਰੀ ਖ੍ਹੋਲੀ ਤੇ ਹਰੀ ਡੱਬੀ ਵਿੱਚ ਪੈਕ ਕੀਤੀ ਹੋਈ ਸ਼ੀਸ਼ੀ ਚੁੱਕ ਲਈ । ਹਲਕੀ ਮਹੀਨ ਧੂੜ ਸੀ ਸ਼ੀਸ਼ੀ ਦੀ ਪੈਕਿੰਗ 'ਤੇ । ਉਸਨੇ ਫ਼ੂਕ ਮਾਰ ਕੇ ਉੜਾ ਦਿੱਤੀ । ਦਰਾਜ ਵਿੱਚੋਂ ਕੱਪੜਾ ਕੱਢ ਕੇ ਉਸ ਨੂੰ ਸਾਫ਼ ਕੀਤਾ । ਰੇਟ ਪੜਿ੍ਹਆ । ਫੇਰ ਸ਼ੀਸ਼ੀ ਨੂੰ ਸਿੱਧੀ ਕਰਕੇ ਆਪਣੇ ਡਾਕਟਰੀ ਮੇਜ਼ ਉੱਤੇ ਖੜ੍ਹੀ ਕਰ ਦਿੱਤੀ । ਇਹੋ ਕੰਪਨੀ ਦੀ ਸ਼ੀਸ਼ੀ ਇਸੇ ਖ਼ਾਨੇ ਵਿੱਚੋਂ ਮੇਰੇ ਸਾਹਮਣੇ ਪਰਸੋਂ ਸ਼ਾਮੀਂ ਉਸ ਨੇ ਇੱਕ ਮਾਤਾ ਨੂੰ ਇੱਕ ਸੌ ਦਸ ਰੁਪਿਆਂ ਦੀ ਦਿੱਤੀ ਸੀ ।

''ਸੱਠ ਰੁਪਏ'', ਕਦੇ ਕਿਸੇ ਨੂੰ ਨਹੀਂ ਸੀ ਕਹਿੰਦਾ: ਖੁੱਲੇ ਪੈਸੇ ਦਿਓ ।

ਮਰੀਜ਼ ਨੇ ਸ਼ੀਸ਼ੀ ਡੱਬੀ ਵਿੱਚੋਂ ਕੱਢ ਕੇ ਦੇਖੀ,''ਡਾਕਟਰ ਸਾਹਿਬ ਇਹ ਦੁਆਈ ਲੈਣੀ ਕਿਮੇਂ ਐਂ?'' ਮੈਂ ਸੋਚਿਆ ਗੁਪਤੇ ਨੇ ਹੁਣੇ ਦੱਸ ਦੇਣਾ ਕਿ ਅੱਧਾ ਕੱਪ ਪਾਣੀ ਲੈਣਾ । ਦੋ ਢੱਕਣ ਦੁਆਈ ਘੋਲ ਕੇ ਦਿਨ 'ਚ ਤਿੰਨ ਵਾਰ ਪੀ ਜਾਣੀ ਐ... ਪਰ ਮੇਰਾ ਡਾਕਟਰ ਸਾਹਿਬ ਉਸਨੂੰ ਕਿੱਲ੍ਹ ਕੇ ਪਿਆ;

"ਇਹ ਤੁਸੀਂ ਆਪਣੇ ਡਾਕਟਰ ਤੋਂ ਪੁੱਛੋ ਜਿਸ ਨੇ ਤੁਹਾਨੂੰ ਆਹ ਪਰਚੀ ਲਿਖ ਕੇ ਦਿੱਤੀ ਐ ।"

"ਪਰਚੀ ਤਾਂ ਡਾਕਟਰ ਨਰੂਲੇ ਨੇ ਲਿਖੀ ਐ ।"

"ਫੇਰ ਨਰੂਲੇ ਨੂੰ ਪੁੱਛੋ ਨਾ... ਆਹ ਹੁਣ ਤੁਸੀਂ ਦੁਆਈ ਲੈਣੀ ਐ ਕਿ ਮੈਂ ਅਲਮਾਰੀ 'ਚ ਵਾਪਸ ਰੱਖ ਦਵਾਂ ।"

"ਜੇ ਤੁਸੀਂਓ ਮੈਨੂੰ ਆਪਣੀ ਦੁਆਈ ਦੇ ਦਮੋ । ਮੇਰੇ ਢਿੱਡ ਵਿੱਚ ਜਾਂਦੀ ਰੋਟੀ ਚੁੱਭਦੀ ਐ ।"

"ਜੇ ਤੁਸੀਂ ਮੇਰੇ ਤੋਂ ਬਤੌਰ ਡਾਕਟਰ ਦੁਆਈ ਲੇਣੀ ਐ ਤਾਂ ਮੇਰੀ ਕਨਸਲਟੇਸ਼ਨ ਫੀਸ ਪੰਜਾਹ ਰੁਪਏ ਅਲੱਗ ਐ । ਮਰੀਜ਼ ਬਣ ਕੇ ਬੈਠੋ । ਆਹ ਪਰਚੀ ਪਰ੍ਹਾਂ ਕਰੋ । ਜਰੂਰੀ ਨਹੀਂ ਕਿ ਮੈਂ ਤੁਹਾਨੂੰ ਏਹੀ ਦੁਆਈ ਦਵਾਂ..." ਉਹ ਮਰੀਜ਼ ਦੇ ਗਲ ਪੈਣ ਤੱਕ ਗਿਆ... ਮਰੀਜ਼ ਦੁਕਾਨ ਦੇ ਫੱਟੇ ਤੋਂ ਥੱਲੇ ਉਤਰ ਗਿਆ । ਗੁਪਤਾ ਜੀ ਬਹੁਤ ਕੌੜਾ ਬੰਦਾ ਸੀ । ਬਹੁਤ ਕੌੜੀਆਂ ਸਿਗਰਟਾਂ ਪੀਣ ਦਾ ਆਦੀ... ਪਰ... ਪਰ... ਮੈਨੂੰ ਕੀ ਪਤਾ । ਮੈਂ ਐਵੇਂ ਬੈਠਾ ਜਬਲੀਆਂ ਮਾਰੀ ਜਾਂਦਾਂ!!

***

ਡਾਕਟਰ ਗੁਪਤਾ ਜੀ ਨਾਲ ਇੰਨਾ ਲੰਮਾ ਸਮਾਂ ਬਿਤਾ ਕੇ ਵੀ, ਮੇਰੇ ਪਾਸ ਉਸ ਬਾਰੇ ਪੱਕਾ ਕਹਿਣ ਨੂੰ ਕੁੱਝ ਵੀ ਨਹੀਂ । ਉਹ ਵਾਰ... ਵਾਰ ਮੇਰੇ ਜਿਹਨ 'ਚੋਂ ਤੁਰਦਾ ਪਦ-ਚਾਲ ਦੀ ਆਵਾਜ਼ ਕਰਦਾ ਲੰਘੀ ਜਾਂਦਾ । ਪਰ ਓਹਦੇ ਬਾਰੇ ਮੇਰਾ ਏਨਾ ਹੀਆ ਨਹੀਂ ਪੈਂਦਾ ਕਿ ਉਹਦੇ ਬਾਰੇ ਲਿਖਣ ਬਹਿ ਜਾਵਾਂ । ਤੰਗ ਆ ਚੁੱਕਾਂ ਉਸ ਤੋਂ... ਕਈ ਹੋਰਾਂ ਤੋਂ ਵੀ ਦੁੱਖੀ ਹੋ ਚੁੱਕਾਂ... ਸੋਚਦਾਂ ਉਹਦੀ ਗੱਲ ਕਿਸੇ ਨਾਲ ਕਰਕੇ ਖਹਿੜਾ ਛੁਡਾ ਲਵਾਂ । ਸੁਰਖ਼ਰੂ ਹੋਵਾਂ । ਪਤਾ ਨਹੀਂ ਮੈਂ ਕਿਉਂ ਉਸਦਾ ਊਲ ਜਲੂਲ, ਸੁਆਹ ਖੇਹ ਆਪਣੇ ਅੰਦਰ ਕਿਤੇ ਆਲੇ ਵਿੱਚ ਇਕੱਠਾ ਕਰੀ ਗਿਆ । ਮੈਂ ਕਾਹਨੂੰ ਐਵੇਂ ਉਹਦੇ ਛਿਲਕ ਉਧੇੜੀ ਜਾਨਾਂ । ਇਹ ਤਾਂ ਰੋਜ-ਮੱਰਾ ਦੀਆਂ ਆਮ ਗੱਲਾਂ ਨੇ । ਮਾਮੂਲੀ ਗੱਲਾਂ ਕਿਤੇ ਕਰਨ ਵਾਲੀਆਂ ਨੇ । ਲਿਖ ਕੇ ਕਰਨ ਵਾਲੀਆਂ ਤਾਂ ਬਿਲਕੁਲ ਵੀ ਨਹੀਂ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ