Doctor Miharban (Dogri Satire in Punjabi) : Chhatrapal

ਡਾਕਟਰ ਮਿਹਰਬਾਨ (ਡੋਗਰੀ ਵਿਅੰਗ) : ਛਤਰਪਾਲ

ਕਿਸੇ ਪਿੰਡ ਦੇ ਇਕ ਬਾਗ ਵਿਚ ਅੰਬ ਦੇ ਰੁੱਖ ’ਤੇ, ਕਿਸੇ ਵੇਲੇ ਇਕ ਤੋਤੇ ਨੇ ਆਪਣੀ ਚੁੰਝ ਨਾਲ ਮੈਨਾ ਦੇ ਫੰਗਾਂ ’ਚ ਪਿਆਰ ਦੇ ਨਿੱਘ ਦਾ ਅਹਿਸਾਸ ਕਰਾਂਦੇ ਹੋਏ ਬੜੀ ਹੀ ਹਲੀਮਗੀ ਨਾਲ ਪੁੱਛਿਆ,

“ਮੇਰੇ ਨਾਲ ਨਾਰਾਜ਼ ਨੇ ਅੱਜ ਸਰਕਾਰਾਂ?”

ਮੈਨਾ ਮੂੰਹ ਫੁਲਾ ਕੇ ਪਰੇ ਖਿਸਕਦੇ ਹੋਏ ਬੋਲੀ,

“ਮਰਦਾਂ ਦੀਆਂ ਕਰਤੂਤਾਂ ਵੇਖ ਕੇ ਕਲੇਜਾ ਸੁਆਹ ਹੋ ਗਿਆ ਹੈ। ਤੂੰ ਵੀ ਉਸੇ ਜਾਤ-ਬਿਰਾਦਰੀ ਦਾ ਹੈਂ, ਜਿਸਦਾ ਡਾਕਟਰ ਮਿਹਰਬਾਨ!”

ਤੋਤਾ ਸ਼ਰਧਾ ਨਾਲ ਬੋਲਿਆ, “ਡਾਕਟਰ ਮਿਹਰਬਾਨ ਤਾਂ ਰਾਜਧਾਨੀ ਦੇ ਮੰਨੇਪਰਮੰਨੇ ਹਾਰਟ ਸਰਜਨ ਨੇ। ਉਨ੍ਹਾਂ ਸੈਂਕੜੇ ਮਰੀਜ਼ਾਂ ਦੇ ਸੁੰਗੜਦੇ ਹੋਏ ਦਿਲ ਦੇ ਦਰਵਾਜੇ ਖੋਲ੍ਹੇ ਨੇ। ਬਾਈਪਾਸ ਸਰਜਰੀ ’ਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਏ। ਅਜੇ ਤੱਕ ਉਨ੍ਹਾਂ ਕਿਸੇ ਵੀ ਮਰੀਜ਼ ਦੀ ਆਸ ਦੀ ਡੋਰ ਟੁੱਟਣ ਨਹੀਂ ਦਿੱਤੀ! ਕਿਸੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ!”

“ਪਰ ਮੈਂ ਬੜੀ ਨਿਰਾਸ਼ ਹੋਈ ਆਂ ਉਨ੍ਹਾਂ ਕੋਲੋਂ ਮੈਨਾਂ” ਨੇ ਠੰਡਾ ਸਾਹ ਲਿਆ।

“ਤੂੰ ਕਿਹੜੀ ਸਰਜਰੀ ਕਰਵਾਣੀ ਹੈ? ਤੇਰਾ ਤਾਂ ਦਿਲ ਹੀ ਨਹੀਂ!” ਤੋਤਾ ਉਲ੍ਹਾਮਾਂ ਦੇਂਦਿਆਂ ਬੋਲਿਆ।

“ਪਰਮਾਤਮਾ ਤੇਰੇ ਵਸ ਨਾ ਪਾਏ ਮੈਨੂੰ! ਨਹੀਂ ਤੇ ਮੇਰਾ ਵੀ ਉਹ ਹੀ ਹਾਲ ਹੋਣਾ ਹੈ, ਜੋ ਮਸਕੀਨ ਗੁੱਜਰ ਦਾ ਡਾ. ਮਿਹਰਬਾਨ ਹੱਥੋਂ ਹੋਇਆ ਸੀ।”

“ਅੱਛਾ ਬੁਝਾਰਤਾਂ ਨਾ ਪਾ, ਗੱਲ ਸੁਣਾ। ਸਾਰੇ ਲੋਕ ਉਡੀਕਦੇ ਪਏ ਨੇ!”

ਮੈਨਾ ਦੀਆਂ ਕਾਲੀਆਂ ਸਿਆਹ ਅੱਖੀਆਂ ਪੀਲੇ ਰੰਗ ਦੀ ਝਲਕ ਮਾਰਨ ਲੱਗੀਆਂ। ਬੋਲੀ,

“ਸੁਣ ਚੰਦਰਿਆ! ਤੈਨੂੰ ਯਾਦ ਹੋਣੈ, ਦੋ ਸਾਲ ਪਹਿਲਾਂ ਬਰਸਾਤੀ ਹੜ੍ਹ ਵਿਚ ਅਸੀਂ ਕਿਸ ਤਰ੍ਹਾਂ ਬੇ-ਆਲ੍ਹਣਾ ਹੋ ਗਏ ਸੀ। ਤਵੀ ਦੇ ਵਿੱਚੋ-ਵਿਚ ਜਿਸ ਬੁੱਢੇ ਅੰਬ ’ਪਰ ਅਸੀ ਰੈਨ-ਬਸੇਰਾ ਕਰਦੇ ਸੀ, ਉਹ ਸਣੇ ਜੜ੍ਹਾਂ ਦੇ ਹੜ੍ਹ ਵਿਚ ਰੁੜ੍ਹ ਗਿਆ ਸੀ। ਤਦ ਅਸੀਂ ਲਹਿੰਦੀ ਝੜੀ ਵਿਚ ਮਸਕੀਨ ਗੁੱਜਰ ਦੇ ਘਰ ਆਸਰਾ ਲਿਆ ਸੀ। ਉਹਦਾ ਕੁੱਲਾ-ਕੋਠਾ ਵੀ ਕਹਿਰ ਦੀ ਮੁਸਲਾਧਾਰ ਬਾਰਿਸ਼ ਵਿਚ ਅੱਧੇ ਕੋਲੋਂ ਜ਼ਿਆਦਾ ਢਹਿ ਗਿਆ ਸੀ। ਪਰ ਫੇਰ ਵੀ ਸਾਡਾ ਕਿੰਨਾ ਖ਼ਿਆਲ ਰੱਖਦਾ ਸੀ।"

ਤੋਤੇ ਨੂੰ ਲਹਿ-ਲਹਿ ਕਰਦੀ ਤਵੀ ਦਾ ਜਮਾਲ, ਕਦੇ ਨਾ ਰੁੱਕਣ ਦੀ ਜ਼ਿੱਦ ਉਤੇ ਤੁੱਲੀ ਹੋਈ ਬਾਰਿਸ਼ ਦੇ ਪਾਣੀ ਵਿਚ ਗਿਚ-ਮਿਚ ਹੋਏ ਦੇ ਆਪਣੇ ਫੰਗ ਯਾਦ ਆ ਗਏ। ਜੇ ਆਜ਼ਾਦ ਪੰਛੀਆਂ ਦਾ ਇਹ ਹਾਲ ਹੋਇਆ ਸੀ, ਤਾਂ ਗ਼ਰੀਬ–ਬੇਸਹਾਰਾ ਟੱਬਰਦਾਰਾਂ ’ਤੇ ਕਿੰਨੀ ਬਿਪਤਾ ਟੁੱਟੀ ਹੋਣੀ ਏ!

“ਪਰ ਸੁਣਿਐ, ਮਸਕੀਨ ਗੁੱਜਰ ਨੇ ਸਰਕਾਰੀ ਰਿਲੀਫ ਮਿਲਣ ’ਪਰ ਨਵਾਂ ਕੋਠਾ ਛੱਤ ਲਿਆ ਏ!”

ਮੈਨਾ ਭਖੀ ਹੋਈ ਛਿੜੀ, “ਨਵਾਂ ਕੋਠਾ ਕਿਸਦੀ ਬੇਬੇ ਦਾ ਛੱਤਣ ਹੋਣਾ ਸੀ, ਉਹਦੀ ਤਾਂ ਕਿਸੇ ਬਾਤ ਵੀ ਨਾ ਪੁੱਛੀ! ਹਨ੍ਹੇਰ ਸਾਈਂ ਦਾ, ਕੋਠਾ ਢੱਠਾ ਵਿਚਾਰੇ ਮਸਕੀਨ ਗੁੱਜਰ ਦਾ, ਤੇ ਰਿਲੀਫ ਲੈ ਗਿਆ ਧੂਹ ਕੇ ਪੱਕੇ ਮਕਾਨ ਵਾਲਾ ਚੌਧਰੀ ਕਰਮਦੀਨ!”

“ਪਰ, ਸਰਕਾਰ ਅੰਨ੍ਹੀਂ ਏ? ਉਹਨੂੰ ਨਹੀਂ ਦਿਸਦਾ-ਸੁਣਦਾ ਕਿ ਫੱਟ ਕਿਸਦੇ ਸਿਰ ਵੱਜਾ ਹੈ ਤੇ ਮਰ੍ਹਮ-ਪੱਟੀ ਕਿਸਨੂੰ ਕਰਦੀ ਪਈ ਏ?...ਅੱਛਾ, ਤੂੰ ਗੱਲ ਸੁਣਾ, ਸਰਕਾਰ ਦੀ ਰਹਿਣ ਦੇ। ਅਖੇ, ਜਬ ਸੇ ਜੰਮੇ ਲਾਲ, ਤਬ ਸੇ ਯਹੀ ਹਾਲ! ਉਹਨੇ ਤਾਂ ਕੌਰਵਾਂ ਦੀ ਮਾਂ ਵਾਂਗੂੰ ਅੱਖਾਂ ’ਤੇ ਪੱਟੀ ਬੰਨ ਲਈ ਦੀ ਏ!”

ਮੈਨਾ ਬੋਲੀ, “ਪਿਛਲੇ ਜੁੱਮੇ ਮਸਕੀਨ ਗੁੱਜਰ ਮਰ ਗਿਆ।” ਇਹ ਡਾਇਲਾੱਗ ਮਾਰ ਕੇ ਮੈਨਾ ਚੁੱਪ ਹੋ ਗਈ। ਤੇ ਤੋਤੇ ਦੀ ਨੁਹਾਰ ’ਤੇ ਆਪਣੀ ਗੱਲ ਦਾ ਅਸਰ ਵੇਖਣ ਲਗੀ।

ਤੁਸਾਂ ਵਾਂਗ ਤੋਤੇ ਨੇ ਵੀ ਨਹੀਂ ਸੀ ਸੋਚਿਆ ਕਿ ਕਹਾਣੀ ਦੀ ਤੰਦ ਇਸ ਤਰ੍ਹਾਂ ਇੱਕੋ ਝਟਕੇ ਟੁੱਟ ਜਾਏਗੀ!

“ਮਸਕੀਨ ਗੁੱਜਰ ਨੂੰ ਏਨੀ ਛੇਤੀ ਮਾਰ ਕੇ ਤੂੰ ਤਾਂ ਕਹਾਣੀ ਹੀ ਮੁਕਾ ਦਿੱਤੀ!” ਤੋਤੇ ਨੇ ਮਸ਼ਕਰੀ ਕੀਤੀ।

“ਗੁੱਜਰ ਨੂੰ ਖ਼ਤਮ ਮੈਂ ਨਹੀਂ ਕੀਤਾ ਤੇ ਨਾ ਹੀ ਅਜੇ ਉਸਦੀ ਕਹਾਣੀ ਖ਼ਤਮ ਹੋਈ ਏ।”

ਜ਼ਰਾ ਸਾਹ ਲੈ ਕੇ, ਗੱਲ ਦੀ ਕੜੀ ਜੋੜਦੀ ਹੋਈ ਮੈਨਾ ਬੋਲੀ, “ਆਖਦੇ ਨੇ, ਰੋਗ ਤੇ ਭੂਤ ਲਿੱਸੇ-ਮਾੜੇ ਅਤੇ ਗ਼ਰੀਬ ਆਦਮੀ ਨੂੰ ਹੀ ਜੱਫੀ ਮਾਰਦੇ ਨੇ! ਮਸਕੀਨ ਨੂੰ ਗ਼ਰੀਬੀ ਦੇ ਨਾਲ-ਨਾਲ ਨਾਮੁਰਾਦ ਦਿਲ ਦਾ ਰੋਗ ਵੀ ਸੀ। ਉਸਦੇ ਦਿਲ ਦੀ ਕੋਈ ਨਾੜੀ ਬੰਦ ਹੁੰਦੀ ਜਾ ਰਹੀ ਸੀ। ਬਗੈਰ ਅਪਰੇਸ਼ਨ ਦੇ ਹੋਰ ਚਾਰਾ ਕੋਈ ਨਹੀਂ ਸੀ। ਦਿਲ ਦੇ ਬੰਦ ਦਰਵਾਜ਼ੇ ਦੀ ਥਾਂ ਬਾਹਰੋ-ਬਾਹਰ ਜਾਣੇ ਆਲਾ ਦੂਸਰਾ ਰਸਤਾ ਖੋਲ੍ਹਿਆ ਜਾਂਦਾ ਹੈ, ਜਿਸਨੂੰ ਬਾਈਪਾਸ ਆਖਦੇ ਨੇ।” ਮੈਨਾ ਨੇ ਉਹਨੂੰ ਆਪਣੀ ਸਮਝ ਮੁਤਾਬਕ ਸਮਝਾਇਆ।

ਤੋਤੇ ਨੇ ਆਪਣੀ ਸਮਝ ਮੁਤਾਬਕ ਸਮਝਦੇ ਹੋਏ ਆਖਿਆ,

“ਮੈਂ ਸਮਝ ਗਿਆਂ, ਅੜੀਏ! ਜਿਸ ਤਰ੍ਹਾਂ ਕਸ਼ਮੀਰ ਜਾਂਦਿਆਂ ਨਾਸਰੀ ਨਾਲੇ ਕੋਲ ਬਾਈਪਾਸ ਹੈ, ਜਿਹੜਾ ਪੱਸੀਆਂ ਕਾਰਨ ਰਸਤਾ ਬੰਦ ਹੋਣੇ ’ਪਰ ਖੋਲ੍ਹਿਆ ਜਾਂਦਾ ਹੈ...ਓਹੋ ਜਿਹਾ ਹੋਣੈ ਦਿਲ ਦਾ ਬਾਈਪਾਸ ਵੀ।”

ਮੈਨਾ ਨੇ ਗੱਲ ਜਾਰੀ ਰੱਖੀ, “ਕੋਠਾ ਢਹਿਣੇ ’ਪਰ ਅਗਰ ਮਸਕੀਨ ਨੂੰ ਸਰਕਾਰੀ ਰਿਲੀਫ ਨਹੀਂ ਸੀ ਲੱਭੀ, ਤਾਂ ਸਰਕਾਰੀ ਹਸਪਤਾਲ ’ਚ ਇਲਾਜ ਵੀ ਕਿੱਥੋਂ ਹੋਣਾ ਸੀ, ਉਸਦਾ! ਉਹਦੇ ਰਿਸ਼ਤੇਦਾਰ ਉਹਨੂੰ ਰਾਜਧਾਨੀ ’ਚ ਡਾਕਟਰ ਮਿਹਰਬਾਨ ਦੇ ਹਸਪਤਾਲ ਲੈ ਗਏ। ਹਸਪਤਾਲ ਵੇਖ ਕੇ ਉਸ ਦੀਆਂ ਅੱਖੀਆਂ ਟੱਡਣ ਗਈਆਂ। ਡਾਕਟਰ ਕਈ ਟੈਸਟ ਕੀਤੇ ਤੇ ਉਹਨੂੰ ਆਪਰੇਸ਼ਨ ਦੀ ਤਰੀਕ ਦੇ ਛੱਡੀ। ਨਾਲ ਹੀ ਕਈ ਹਜ਼ਾਰ ਨੋਟਾਂ ਦਾ ਬੰਦੋਬਸਤ ਕਰ ਰੱਖਣ ਦੀ ਹਿਦਾਇਤ ਕਰ ਦਿੱਤੀ। ਏਨਾ ਪੈਸਾ ਤੇ ਮਸਕੀਨ ਦੇ ਫਰਿਸ਼ਤਿਆਂ ਕੋਲ ਵੀ ਸ਼ਾਇਦ ਨਹੀਂ ਸੀ। ਹਾਂ, ਹੱਜ ਦਾ ਸਵਾਬ ਲੈਣ ਲਈ ਕੁਝ ਰਕਮ ਉਸ ਜ਼ਰੂਰ ਜੋੜ ਰੱਖੀ ਸੀ। ਕੁਝ ਜ਼ਮੀਨ-ਪੈਲੀ ਵੀ ਸੀ ਤੇ ਦੋ-ਤਿੰਨ ਗਾਈਆਂ ਮੱਝਾਂ ਵੀ ਸਨ। ਪਰ ਇਹ ਸਭ ਕੁਝ ਵੇਚ-ਵਟਾ ਕੇ ਵੀ ਰਕਮ ਪੂਰੀ ਨਹੀਂ ਸੀ ਹੋ ਸਕਦੀ। ਤੇ ਫੇਰ, ਜੇ ਇਹ ਸਭ ਕੁਝ ਬੰਨੇ ਲਾ ਛੱਡਿਆ, ਤਾਂ ਪਿੱਛੋਂ ਕੰਮਕਾਰ ਕਿਵੇਂ ਕਰੇਗਾ...ਆਪ ਕੀ ਖਾਏਗਾ ਤੇ ਟੱਬਰ ਦੇ ਮੂੰਹ ਚੋਗਾ ਕੀ ਪਾਏਗਾ...ਮੁੰਡਾ ਵੀ ਦਸਵੀਂ ਪਾਸ ਕਰਕੇ ਵਿਹਲਾ ਖੱਜਲ-ਖੁਆਰ ਫਿਰਦਾ ਪਿਐ। ਚੋਧਰੀ ਕਰਮਦੀਨ ਕੋਲੋਂ ਹੀ ਕਰਜਾ ਲੈਣਾ ਪੈਣਾ ਹੈ। ਅੰਤ ਉਸ ਸੋਚ-ਸੋਚ ਕੇ ਗੱਲ ਇਹ ਮੁਕਾਈ ਕਿ ਜਾਨ ਬਚੀ ਤਾਂ ਜਹਾਨ ਵੀ ਬਚ ਜਾਏਗਾ। ਇਸ ਵੇਲੇ ਤਾਂ ਸਭ ਤੋਂ ਵੱਡਾ ਮਸਲਾ ਜਾਨ ਬਚਾਣ ਦਾ ਹੈ!

ਦਿਲ ਨੂੰ ਬਚਾਣ ਦੀ ਚਿੰਤਾ ’ਚ ਦਿਨ-ਰਾਤ ਤਿਲ-ਤਿਲ ਧੁਖਦੇ ਹੋਏ ਉਸਦਾ ਦਿਲ ਤੇ ਸਾਹ ਹੋਰ ਵੀ ਕਮਜ਼ੋਰ ਤੇ ਲਿੱਸਾ ਹੁੰਦਾ ਜਾ ਰਿਹਾ ਸੀ। ਤੇ ਉਤੋਂ ਕੋੜ੍ਹ ਵਿਚ ਖਾਜ ਵਾਲਾ ਹਿਸਾਬ, ਸੌ ਬਿਮਾਰੀਆਂ ਹੋਰ ਆ ਚੰਬੜੀਆਂ ਸਨ!

ਪੈਸੇ ਦਾ ਬੰਦੋਬਸਤ ਕਰਨ ਲਈ ਜਿਸ ਦਿਨ ਉਸ ਆਪਣੀਆਂ ਮੱਝਾਂ-ਗਾਈਆਂ ਵੇਚੀਆਂ, ਉਸ ਦਿਨ ਦਿਲ ਦੇ ਉੱਪਰ-ਥੱਲੇ ਡਾਡ੍ਹੀਆਂ ਚੰਡਾਂ ਤੇ ਤਰਾਟਾਂ ਉਠੀਆਂ। ਦਿਲ ਦੀਆਂ ਤਮਾਮ ਨਾੜੀਆਂ ਮਾਂਝਾ ਲੱਗੀ ਡੋਰ ਵਾਂਗੂੰ ਕੱਸ ਗਈਆਂ। ਆਖੋ ਜੇ ਜ਼ਰਾ ਜਿੰਨੀ ਵੀ ਲੋਚ-ਲਚਕ ਉਨ੍ਹਾਂ ਵਿਚ ਬਾਕੀ ਰਹਿ ਗਈ ਹੋਵੇ! ਜਿਸ ਦਿਨ ਜਿਮੀਂ-ਪੈਲੀ ਦਾ ਸੌਦਾ ਹੋਇਆ ਸੀ, ਉਸ ਦਿਨ ਮਸਕੀਨ ਦੇ ਦਿਲ ਦੀ ਗੁੱਡੀ ਦੀਆਂ ਤਲਾਮਾਂ ਵਿਚ ਐਨੇ ਗੁੰਝਲ ਪਏ ਸੀ ਕਿ ਉਹ ਮੂੰਹ ਦੇ ਭਾਰ ਜ਼ਮੀਨ ’ਤੇ ਡਿੱਗਣ ਨੂੰ ਹੋ ਗਈ ਸੀ। ਉਹਦੇ ਟੱਬਰ ਉਹਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਉਹਨੂੰ ਹੱਥ ਲਾਣ ਦਾ ਕਸ਼ਟ ਵੀ ਨਹੀਂ ਕੀਤਾ। ਕਲਰਕਾਂ ਰਾਹੀਂ ਉਸਦੀ ਫਾਈਲ ਉਤੇ ਚਿੜੀ ਮਾਰ ਕੇ ਉਸਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ। ਜਿਸ ਤਰ੍ਹਾਂ ਕੋਈ ਫਾਈਲ ਇਕ ਟੇਬਲ ਤੋਂ ਦੂਸਰੇ ਟੇਬਲ ’ਪਰ ਜਾਂਦੀ ਏ, ਉਸੇ ਤਰ੍ਹਾਂ ਮਸਕੀਨ ਗੁੱਜਰ ਖੱਜਲ ਹੋਣ ਲੱਗਾ। ਅਖ਼ੀਰ ਉਹਨੂੰ ਡਾਕਟਰ ਮਿਹਰਬਾਨ ਦੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹਨੂੰ ਡੇਢ ਮਹੀਨੇ ਬਾਅਦ ਆਣਾ ਸੀ।

ਉਹ ਬਹੁਤ ਹੀ ਸੀਰੀਅਸ ਸੀ। ਡਾਕਟਰ ਨੇ ਉਸਦੀ ਜਾਂਚ ਕਰਕੇ ਫੌਰਨ ਆਪਰੇਸ਼ਨ ਕਰਵਾਣ ਦੀ ਸਲਾਹ ਦਿੱਤੀ ਤੇ ਨਾਲ ਹੀ ਆਪਰੇਸ਼ਨ ਦੀ ਫ਼ੀਸ ਵੀ ਜਮ੍ਹਾਂ ਕਰਵਾਣ ਦੀ ਹਿਦਾਇਤ ਕੀਤੀ। ਮਸਕੀਨ ਦੇ ਘਰ ਦੇ ਡ੍ਹਾਢੇ ਘਬਰਾਏ ਹੋਏ ਸੀ। ਉਨ੍ਹਾਂ ਜਲਦੀ-ਜਲਦੀ ਫ਼ੀਸ ਜਮ੍ਹਾਂ ਕਰਵਾ ਛੱਡੀ। ਡਾਕਟਰ ਨੇ ਮਿਹਰਬਾਨੀ ਕਰਕੇ ਫੌਰਨ ਅਪਰੇਸ਼ਨ ਦੀ ਤਿਆਰੀ ਕੀਤੀ...ਪਰ ਕਰਨੀ ਰੱਬ ਦੀ, ਅਪਰੇਸ਼ਨ ਥਿਏਟਰ ਪੁੱਜਦੇ-ਪੁੱਜਦੇ ਮਸਕੀਨ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਮਰ ਗਿਆ!” ਮੈਨਾ ਦੀ ਆਵਾਜ਼ ਭਰ੍ਰਾ ਗਈ।

“ਵਿਚਾਰਾ ਮਸਕੀਨ! ਕਿੱਥੇ ਪੁੱਜ ਕੇ ਮਰਿਆ...ਏਨੀ ਹੀ ਲਿਖੀ ਹੋਣੀ ਏ!” ਲੰਮਾਂ ਹੌਕਾ ਭਰਦਿਆਂ ਤੋਤੇ ਨੇ ਅਫ਼ਸੋਸ ਕੀਤਾ, “ਪਰ ਇਸ ਵਿਚ ਡਾਕਟਰ ਮਿਹਰਬਾਨ ਦਾ ਕੀ ਕਸੂਰ? ਉਸ ਥੋੜ੍ਹਾ ਮਾਰਿਐ ਉਹਨੂੰ?”

“ਮੈਂ ਮਸਕੀਨ ਦੀ ਮੌਤ ’ਤੇ ਏਨੀ ਦੁਖੀ ਨਹੀਂ ਹੋਈ ਜਿੰਨੀ ਕਿ ਡਾਕਟਰ ਦੀ ਕਰਨੀ ’ਪਰ! ਡਾਕਟਰ ਨੂੰ ਫੋਰਨ ਪਤਾ ਲੱਗ ਗਿਆ ਸੀ ਕਿ ਉਸਦਾ ਮਰੀਜ਼ ਮਰ ਗਿਆ ਹੈ, ਪਰ ਉਸ ਇਹ ਗੱਲ ਛਪਾਈ ਰੱਖੀ। ਫੇਰ ਉਹਨੇ ਆਪਣੀ ਟੀਮ ਨਾਲ ਅਪਰੇਸ਼ਨ ਕਰਨ ਦਾ ਨਾਟਕ ਰਚਿਆ। ਮਸਕੀਨ ਦੀ ਛਾਤੀ ’ਤੇ ਕਈ ਚੀਰੇ ਲਾਏ, ਉਹਦੀ ਲਾਸ਼ ਨੂੰ ਸੀ-ਤਰੁਪ ਕੇ...ਅਪਰੇਸ਼ਨ ਦੇ ਸਾਰੇ ਪਖੰਡ ਕਰਕੇ ਉਹਨੂੰ ‘ਇਨਟੈਂਸਿਵ ਕੇਅਰ ਯੂਨਿਟ’ ਵਿਚ ਸ਼ਿਫਟ ਕਰ ਦਿੱਤਾ। ਕਿਸੇ ਨੂੰ ਇਜਾਜ਼ਤ ਨਾ ਦਿੱਤੀ, ਮਰੀਜ਼ ਨੂੰ ਡਿਸਟਰਬ ਕਰਨ ਦੀ। ਛੇ ਘੰਟੇ ਸਾਰੇ ਦਾ ਸਾਰਾ ਟੱਬਰ ਸੂਲੀ ’ਤੇ ਟੰਗਿਆ ਰਿਹਾ। ਹੁਣ ਤੱਕ ਉਨ੍ਹਾਂ ਦੀ ਬਸ ਹੋ ਗਈ ਦੀ ਸੀ, ਉਡੀਕ-ਉਡੀਕ ਕੇ। ਡਾਕਟਰ ਨੇ ਉਨ੍ਹਾਂ ਦਾ ਧਿਆਨ ਦੂਏ ਪਾਸੇ ਲਾਣ ਲਈ ਕਿਸੇ ਨੂੰ ਇੰਜੈਕਸ਼ਨ ਲਿਆਣ ਲਈ ਅਤੇ ਕਿਸੇ ਨੂੰ ਹੋਰ ਨਿੱਕਾ-ਮੋਟਾ ਸਾਮਾਨ ਲਿਆਣ ਲਈ ਦੌੜਾਈ ਰੱਖਿਆ।

ਜੂਨੀਅਰ ਡਾਕਟਰ ਇਕ-ਦੋ ਵਾਰੀ ਕਹਿ ਗਿਆ ਸੀ ਕਿ ਆਪਰੇਸ਼ਨ ਕਾਮਯਾਬ ਰਿਹਾ ਹੈ। ਮਰੀਜ਼ ਆਈ.ਸੀ.ਯੂ. ’ਚ ਹੈ। ਪੰਜ-ਸਤ ਘੰਟੇ ਬਾਅਦ ਮਿਲ ਸਕਦੇ ਹੋ।

ਮਸਕੀਨ ਦੀ ਵਹੁਟੀ ਤੋਂ ਸਬਰ ਨਹੀਂ ਸੀ ਹੋ ਰਿਹਾ। ਉਹ ਡਾਕਟਰਾਂ ਦੇ ਮਿੰਨਤਾਂਤਰਲੇ ਕਰਦੀ ਪਈ ਸੀ। ਡਾਕਟਰ ਉਹਨੂੰ ਦਲਾਸਾ ਦੇ ਰਹੇ ਸੀ ਕਿ ਮਸਕੀਨ ਬਿਲਕੁਲ ਠੀਕਠਾਕ ਹੈ। ਬਸ, ਕੁਝ ਚਿਰ ਵਿਚ ਹੋਸ਼ ਆ ਜਾਏਗੀ ਉਹਨੂੰ। ਪਰ ਜਦ ਉਹ ਜ਼ਿਆਦਾ ਹੀ ਜ਼ਿੱਦ ਕਰਨ ਲੱਗੀ ਤਾਂ ਡਾਕਟਰ ਨੇ ਇਕ ਜੂਨੀਅਰ ਨੂੰ ਅੱਗੇ ਲਾਇਆ ਤੇ ਉਹਨੂੰ ਕੁਝ ਸਮਝਾ ਕੇ ਮੈਰ੍ਹੀ ਨੂੰ ਉਸਦੇ ਨਾਲ ਭੇਜ ਦਿੱਤਾ। ਕਈ ਬਰਾਂਡੇ ਪਾਰ ਕਰਕੇ ਉਹ ਇਕ ਕਮਰੇ ਬਾਹਰ ਪੁੱਜੀ। ਜੂਨੀਅਰ ਡਾਕਟਰ ਨੇ ਉਹਨੂੰ ਦਰਵਾਜੇ ਦੇ ਸ਼ੀਸ਼ੇ ਪਾਸੇ ਇਸ਼ਾਰਾ ਕੀਤਾ। ਅੰਦਰ ਪੱਟੀਆਂ ਵਿਚ ਲਪੇਟੇ ਦਾ ਮਸਕੀਨ ਕਈਆਂ ਨਲੀਆਂ ਤੇ ਮਸ਼ੀਨਾਂ ਵਿਚ ਫਸਿਆ, ਮੂੰਹ ’ਤੇ ਘੋਪਾ ਜਿਹਾ ਪਾਏ ਦਾ ਨਜ਼ਰ ਆਇਆ। ਵੈਸੇ, ਉਹਨੂੰ ਉਹ ਪੂਰੀ ਤਰ੍ਹਾਂ ਪਛਾਣ ਨਹੀਂ ਸੀ ਸਕੀ। ਸਾਰੇ ਮਰੀਜ਼ ਇੱਕੋ ਜਿਹੀ ਵਰਦੀ ਵਿਚ ਸਨ। ਸਾਰੇ ਹੀ ਬੇਸੁਰਤ ਸਨ ਤੇ ਸਭ ਦੇ ਮੂੰਹ-ਸਿਰ ਢਕੇ ਹੋਏ ਸਨ। ਮੈਰੀ ਦੇ ਸਾਹ ’ਚ ਸਾਹ ਫਿਰਿਆ...ਭਾਵੇਂ ਕਿ ਉਹ ਆਪਣੇ ਗੁੱਜਰ ਨੂੰ ਪਛਾਣ ਨਹੀਂ ਸੀ ਸਕੀ।”

ਤੋਤੇ ਦੇ ਫੰਗ ਵੱਟ ਖਾਣ ਲੱਗ ਪਏ। ਗੱਜਦੇ ਹੋਏ ਬੋਲਿਆ, “ਤੇਰੇ ਆਖਣੇ ਦਾ ਮਤਲਬ ਇਹ ਹੋਇਆ ਕਿ ਡਾਕਟਰ ਮਿਹਰਬਾਨ ਨੇ ਆਪਣੀ ਫ਼ੀਸ ਟੇਰਨ ਲਈ ਇਕ ਲਾਸ਼ ਦਾ ਆਪਰੇਸ਼ਨ ਕੀਤਾ!”

ਦਿਨ ਢਲਦਿਆਂ ਡਾਕਟਰ ਨੇ ਮੈਰ੍ਹੀ ਨੂੰ ਆਪਣੇ ਦਫ਼ਤਰ ਸੱਦਿਆ ਤੇ ਸੋਗ ਭਰੀ ਆਵਾਜ਼ ਵਿਚ ਆਖਿਆ, “ਸਫ਼ਲ ਆਪਰੇਸ਼ਨ ਦੇ ਬਾਵਜੂਦ ਮਸਕੀਨ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਖ਼ਤਮ ਹੋ ਗਿਆ। ਅਸੀ ਅਨਥੱਕ ਕੋਸ਼ਿਸ਼ਾਂ ਕਰਕੇ ਵੀ ਉਹਨੂੰ ਬਚਾ ਨਹੀਂ ਸਕੇ।”

ਮੈਰੀ ਨੇ ਢਾਂਅ ਮਾਰੀ ਸੀ। ਡਾਕਟਰ ਉਹਨੂੰ ਸਮਝਾਣ ਲੱਗਾ ਸੀ, “ ਸੈਂਕੜੇ ਵਿੱਚੋਂ ਕਿਸੇ ਇਕ ਮਰੀਜ਼ ਨਾਲ ਇਸ ਤਰ੍ਹਾਂ ਹੁੰਦਾ ਹੈ।”

ਮੈਹਰੀ ਡਾਕਟਰ ਕੋਲੋਂ ਹੋਰ ਕੁਝ ਨਹੀਂ ਪੁੱਛ ਸਕੀ। ਡਾਕਟਰ ਕੋਲ ਵੀ ਗੱਲ ਕਰਨ ਦਾ ਟਾਈਮ ਨਹੀਂ ਸੀ। ਬਸ ਏਨਾ ਹੀ ਕਹਿ ਕੇ ਚਲਦਾ ਹੋਇਆ,

“ਲਾਸ਼ ਲਿਜਾਣ ਦਾ ਇੰਤਜ਼ਾਮ ਕਰ ਲਓ। ਜੇ ਸਾਨੂੰ ਕਹਿੰਦੇ ਹੋ ਤਾਂ ਅਸੀਂ ਕਰ ਦੇਂਦੇ ਹਾਂ। ਪਰ ਉਸ ਸੂਰਤ ਵਿਚ ਤੁਹਾਨੂੰ ਹਸਪਤਾਲ ਦੀ ਬਣਦੀ ਕਮੀਸ਼ਨ ਵੀ ਦੇਣੀ ਪਵੇਗੀ।”

ਮੈਨਾ ਦੀ ਗੱਲ ਸੁਣ ਕੇ ਤੋਤੇ ਦੇ ਦੋਵੇਂ ਪੰਜੇ ਟਾਣ੍ਹੀ ਨੂੰ ਕੱਸਣ ਲਗੇ। ਗੁੱਸੇ ਨਾਲ ਉਸਦਾ ਪੂਰਾ ਜਿਸਮ ਕੰਬਣ ਲਗਾ। ਦਿਲ ਵਿਚ ਬੇਚੈਨੀ ਠੂੰਗੇ ਮਾਰਨ ਲਗੀ ਤੇ ਦਿਮਾਗ਼ ਫੁੱਲ ਕੇ ਭਕਾਨਾ ਹੋ ਗਿਆ। ਉਹਦੇ ਕੋਲੋਂ ਟਾਣ੍ਹੀ ’ਤੇ ਬਹਿਣ ਨਹੀਂ ਹੋਇਆ।

“ਏਨਾ ਕਮੀਨਪੁਣਾ...!!!!”

ਡਾਕਟਰ ਨੂੰ ਮਣ-ਮਣ ਦੇ ਗੱਫੇ ਤੋਲਦਾ ਹੋਇਆ ਤੋਤਾ ਖੁਲ੍ਹੇ ਅਸਮਾਨ ਵੱਲ ਉਡਾਰੀ ਮਾਰ ਗਿਆ। ਆਪਣਾ ਗੁੱਸਾ ਠੰਡਾ ਕਰਨ ਲਈ ਉਹ ਕਿੰਨਾ ਚਿਰ ਹਵਾ ਨਾਲ ਖਹਿੰਦਾ ਰਿਹਾ। ਮੈਨਾ ਉਹਨੂੰ ਕਲਾਬਾਜ਼ੀਆਂ ਮਾਰਦੇ ਦੇਖਦੀ ਰਹੀ ’ਤੇ ਝੂਰਦੀ ਰਹੀ।

ਆਖ਼ਿਰ ਥਕੇਵੇਂ ਨਾਲ ਸਾਹੋ-ਸਾਹ ਹੋਏ ਦਾ ਤੋਤਾ ਟਾਣ੍ਹੀ ’ਤੇ ਉਤਰ ਆਇਆ। ਉਸਦਾ ਸਾਰਾ ਗੁੱਸਾ ਥਕੇਵੇਂ ’ਚ ਬਦਲ ਗਿਆ ਸੀ। ਕੁਝ ਚਿਰ ਉਹ ਚੁੱਪ ਰਿਹਾ...ਸੋਚਦਾ ਰਿਹਾ। ਫੇਰ ਉਹ ਦੋ ਵਾਰੀ ਹੱਸਿਆ ਤੇ ਮੈਨਾ ਕੋਲ ਆ ਬੈਠਾ।

ਮੈਨਾ ਨੇ ਹੈਰਾਨ ਹੁੰਦਿਆਂ ਪੁੱਛਿਆ, “ਚੰਦਰਿਆ, ਪਹਿਲੇ ਤੂੰ ਲੋਕ-ਕਥਾਵਾਂ ਦੇ ਪੰਛੀਆਂ ਵਾਂਗ ਇਕ ਵਾਰੀ ਹੱਸਦਾ ਸੀ ਤੇ ਇਕ ਵਾਰੀ ਰੋਂਦਾ ਸੀ, ਅੱਜ ਦੋ ਵਾਰੀ ਕਿਓਂ ਹੱਸਿਐਂ?” ਤੋਤੇ ਨੇ ਜਵਾਬ ਦਿੱਤਾ,

“ਪਹਿਲੀ ਵਾਰੀ ਤੇ ਮੈਂ ਇਹ ਸੋਚ ਕੇ ਹੱਸਿਆਂ ਕਿ ਤੂੰ ਮੈਨੂੰ ਪੱਥਰ ਦਿਲ ਆਖਦੀ ਏਂ, ਇਸ ਲਈ ਮੈਨੂੰ ਕਦੇ ਬਾਈਪਾਸ ਸਰਜਰੀ ਦੀ ਲੋੜ ਹੀ ਨਹੀਂ ਪੈਣੀ! ਤੇ ਦੂਜੀ ਵਾਰੀ ਮੈਂ ਇਹ ਦੇਖ ਕੇ ਹੱਸਿਆਂ ਕਿ ਡਾਕਟਰ ਮਿਹਰਬਾਨ ਮਨੁੱਖਾਂ ਵਿਚ ਹੀ ਹੁੰਦੇ ਨੇ, ਪੰਛੀਆਂ ਵਿਚ ਨਹੀਂ!”

(ਅਨੁਵਾਦ : ਮਨਜੀਤ ਸਿੰਘ ਕਾਮਰਾ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਛਤਰਪਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ