Doli (Punjabi Story) : Tauqeer Chughtai

ਡੋਲ਼ੀ (ਕਹਾਣੀ) : ਤੌਕੀਰ ਚੁਗ਼ਤਾਈ

"ਇੰਜੋਂ ਲੱਗਣ ਵੇ ਜਿਵੇਂ ਬੱਸ ਆ ਗਈ ਵੇ . . . ।"
"ਨਹੀਂ ਉਏ ਜਣਿਆਂ ਐਵੇਂ ਧੂੜ ਜਿਹੀ ਏ। ਮਾਂਹ ਲਗਣਾ ਵੇ ਜਿਜੋਂ ਵਲੂਹਣਾਂ (ਵਾ-ਵਰੋਲਾ) ਆਇਆ ਵੇ।"
"ਨਹੀਂ ਨਹੀਂ ਬੱਸ ਈ ਲਗਣੀ ਵੇ।"
"ਵੰਜ ਕੇ ਜਾਕਤਾਂ (ਬਾਲਾਂ) ਵਾਂ ਮੰਜੀ ਤੋਂ ਲਾਹ," "ਹਟੋ ਉਏ! ਬਾਹਰ ਵੰਜ ਕੇ ਖੇਡੋ। ਕੀਹ ਜਦ ਪਾਈ ਵਈ ਨੇ।
ਚਿੱਟੀਆਂ ਚਾਦਰਾਂ ਗੰਦੀਆਂ ਕਰ ਛੋੜੀਆਂ ਨੇ। ਜੋ ਜੁੰਮੇ-ਜੁੰਮਰਾਤੀ ਹਰਾਮੀ ਵੇ ਏਥੇ ਆਣ ਵੜਾ ਵੇ। ਏਹਨਾਂ ਸਰਹਾਂਦਵਾਂ ਨੇ ਉਛਾੜ ਤੁਸਾਂ ਨੀ ਮਾਂ ਧੋਗੀ।"
"ਯਰਾ ਮਾਮਾ ਛੋੜ ਨਾ ਸਭ ਠੀਕ ਹੋ ਵੰਜਸੀ। ਤੂੰ ਕਿਉਂ ਘਬਰਾਨਾ ਵੇਂ। ਅੰਦਰ ਵੰਜ ਕੇ ਕੁੜੀਆਂ ਆਖ ਜੰਜ ਆ ਗਈ ਏ। ਤਿਆਰੀ ਕਰ ਕੇ ਰੱਖਣ ਨਾਲੇ ਹਾਂ ਸੱਚ ਰੋਟੀ ਵਰਤਾਣ ਮਾਰੇ ਕਿਸੇ ਵਡੇਰੀ ਆਂ ਹਲਜਾਵੇਂ (ਬਿਠਾਵੇਂ) ਈ ਜਾਕਤੀਆਂ (ਕੁੜੀਆਂ) ਹਰਾਬੜਾਂ ਬੇਰੇ ਆਪ ਖਾ ਵੰਜਸਨ ਤੇ ਪਾਣੀ ਮਿਜ਼ਮਾਨਾਂ ਪਾ ਦੇਸਨ।"
"ਯਰ! ਮਾਂਹ ਤਾਂ ਸਮਝ ਨਹੀਂ ਆਨੀ ਪਈ। ਏਡੀ ਵੱਡੀ ਜੰਜ ਕਿਕਹੂੰ ਸਾਂਭਸਾਂ ਲਗਣਾ ਵੇ ਅੱਜ ਨੱਕ ਕਪਾ ਵੰਜਸੀ। ਮੈਂ ਉਹਨਾਂ ਪਹਿਲੋਂ ਬੀ ਆਖਿਆ ਆਇਆ ਬੰਦੇ ਥੋੜੇ ਆਣਿਉ, ਮੇਰੇ ਕੋਲ ਕੀਹ ਵੇ? ਬਸ ਕੁੜੀ ਵੇ ਜਾਂ ਜ਼ਿਮੀ ਵੇਚ ਕੇ ਥੋੜਾ ਬਹੁੰ ਜੋ ਕੁਝ ਬਣਾਇਆ।"

...

"ਅਸਲਾਮ ਅਲੈਕਮ"
"ਵਾਹ ਅਲੈਕਮ ਸਲਾਮ!"
"ਚੌਧਰੀ ਸਾਹਿਬ! ਏਹ ਕੁੜੀ ਨਾ ਪਿਓ ਵੇ ਸ਼ੇਰ ਆਲਾਮ।
ਚਾਚਾ ਏਹ ਅਸਾਂ ਨੇ ਗਿਰਾਹੀ ਨਾ ਖ਼ਾਨ ਵੇ।
ਏਹਨਾਂ ਨੀਆਂ ਦੋ ਬੱਸਾਂ, ਚਾਰ ਟਰੱਕ ਤੇ ਦੋ ਵੈਗਨਾਂ। ਪਿੰਡੀ ਤੋਂ ਅਟਕ ਚਲਨੀਆਂ ਨੂੰ ਨਾਲੇ ਵੱਡਾ ਜਾਕਤ ਵਲਾਇਤ ਹੋਣਾ ਵੇ। ਅਸਾਂ ਜੰਜ ਏਹਨਾਂ ਨੀ ਗੱਡੀ ਉੱਤੇ ਈ ਆਂਦੀ ਵੇ।
"ਬਿਸਮਿੱਲਾ ਜੀ! ਕਖੂ ਮੰਜੀਆਂ ਤੇ ਬਹੋ, ਜੋ ਜੌਂ ਜਵਾਰ ਏ ਮੈਂ ਹਾਜ਼ਰ ਕਰਨਾਂ ਵਾਂ।"

...

"ਗੱਲ ਸੁਣੋ ਉਏ ਜਾਕਤੋ!"
"ਹਾਂ ਲਾਲਾ ਦੱਸ?"
"ਆਪਣੀ ਭੈਣੋ ਨੀ ਡੋਲੀ ਤੁਸੀਂ ਆਪ ਜਾ ਕੇ ਬੱਸਾਂ ਕੋਲ ਖੜਿਉ। ਚੰਗਾ ਨਹੀਂ ਲਗਣਾ ਜੇ ਮੇਰੀ ਧੀਉ ਨੀ ਡੋਲ਼ੀ ਕੋਈ ਹੋਰ ਜਾਵੇ।"
"ਹਲਾ ਅਬਾ, ਅਸੀਂ ਆਪੇ ਖੜਗਾਂ।"

...

"ਸੁਣਾਉ ਭਾਈ ਕਿਸੇ ਸ਼ੈ ਨੀ ਕਮੀ ਤਾਂ ਨਹੀਂ ਨਾ?"
"ਨਹੀਂ ਚਾਚਾ ਹੁਣ ਅਸਾਂ ਵਾਂ ਰੁਖ਼ਸਤ ਕਰ। ਅਸਾਂ ਬਹੂੰ ਦੂਰ ਵੰਜਣਾ ਵੇ।"
"ਤੂੰ ਪਲੰਘ ਚਾ ਉਏ।
ਤੂੰ ਬਿਸਤਰੇ।
ਤੂੰ ਟੀ. ਵੀ. ਤੇ ਵੀ. ਸੀ. ਆਰ।
ਤੇ ਤੁਸੀ ਪੱਖੇ ਨਾਲ ਵਾਸ਼ਿੰਗ ਮਸ਼ੀਨ . . . . . "

...

"ਬਸ ਪੁੱਤਰ ਹੈਥੇ ਡੋਲ਼ੀ ਰੱਖ ਛੋੜੋ ਤੇ ਪਹਿਲੋਂ ਸਮਾਨ ਬੱਸਾਂ 'ਚ ਤੇ ਸਟਾਉ। ਆਪਣੇ ਜਾਕਤ ਹਰਾਮੀ ਆਖਾ ਈ ਨਹੀਂ ਮੰਨਣੇ ਨਾਲ ਹਨੇਰਾ ਬੀ ਵਧਣਾ ਪਿਆ ਵੇ।"

...

"ਸਭ ਕੁਝ ਰੱਖ ਛੋੜਾ ਨੇਂ?"
"ਹਾਂ ਰੱਖ . . . . . . ਵੇ।"
"ਚੰਗਾ ਪੁੱਤ! ਅਸੀਂ ਵੰਜਣੇ ਆ।"
"ਚੰਗਾ ਵੰਜੋ ਰੱਬ ਸੋਹਣੇ ਨੇ ਵਾਹਲੇ।"

...

"ਅੱਲ੍ਹਾ ਖ਼ੈਰ ਕਰੇ ਲਾਲ। ਬੱਸ ਬਹੁੰ ਤੇਜ਼ ਪਏ ਚਲਾਨੇ ਨੂੰ।
ਅੱਲ੍ਹਾ ਤੁਸ਼ਾਂ ਨੀ ਭੈਣੋਂ ਆ ਸੁੱਖ ਦੇਣੇ ਪੁੱਤਰ। ਚਲੋ ਏਹ ਡੋਲ਼ੀ ਚਾਉ ਜੇ ਘਰ ਵੰਜਾਂ।"
"ਡੋਲੀ ਭਾਰੀ ਕਿਉਂ ਏ?"
"ਅੰਦਰ ਮੈਂ ਬੈਠੀ ਆਂ!"
"ਪਰੇ ਕਿਉਂ ਫ਼ਜ਼ਲਤ ਮਾਮਾ?"
"ਤੁਸੀਂ ਬਹੁੰ ਖ਼ੁਸ਼ ਉ ਜੇ ਮਾਂਹ ਚੋਖ਼ਾ ਸਾਮਾਨ ਦਿੱਤਾ ਨੇ ਮੇਰੇ ਵੀਰੋ! ਤੇ ਉਹ ਬਹੁੰ ਖ਼ਸ਼ ਨੂੰ ਜੇ ਉਹਨਾਂ ਵਾਂ ਬਹੁੰ ਸਾਮਾਨ ਲੱਭ ਗਿਆ ਵੇ। ਪਰ ਵੰਜਣਿਆਂ ਵੰਜਣਿਆਂ ਉਹ ਮਾਂਹ ਖੜਨਾ ਭੁੱਲ ਗਏ ਨੂੰ। ਜੇ ਮੈਂ ਬੀ ਕੋਈ ਭਾਂਡਾ-ਸ਼ਾਂਡਾ ਹੋਣੀ ਤਾਂ ਮਾਂਹ ਵੀ ਘਿੰਨ ਵੰਜਣ ਆ।"

  • ਮੁੱਖ ਪੰਨਾ : ਕਹਾਣੀਆਂ, ਤੌਕੀਰ ਚੁਗ਼ਤਾਈ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ