Doosre Desh Vich (Story in Punjabi) : Ernest Hemingway
ਦੂਸਰੇ ਦੇਸ਼ ਵਿੱਚ (ਕਹਾਣੀ) : ਅਰਨੈਸਟ ਹੈਮਿੰਗਵੇ
ਪੱਤਝੜ ਰੁੱਤ ਵਿੱਚ ਵੀ ਉੱਥੇ ਲੜਾਈ ਚੱਲ ਰਹੀ ਸੀ, ਪਰ ਅਸੀਂ ਉੱਥੇ ਫਿਰ ਨਹੀਂ ਗਏ। ਪੱਤਝੜ ਰੁੱਤ ਵਿੱਚ ਮਿਲਾਨ ਬੇਹੱਦ ਠੰਡਾ ਸੀ ਅਤੇ ਹਨੇਰਾ ਬਹੁਤ ਜਲਦੀ ਘਿਰ ਆਇਆ ਸੀ। ਫਿਰ ਬਿਜਲੀ ਦੇ ਬੱਲਬ ਜਗ ਪਏ ਅਤੇ ਸੜਕਾਂ ਦੇ ਕੰਢੇ ਦੀਆਂ ਬਾਰੀਆਂ ਵਿੱਚ ਵੇਖਣਾ ਸੁਖਦਾਈ ਸੀ। ਬਹੁਤ ਸਾਰਾ ਸ਼ਿਕਾਰ ਬਾਰੀਆਂ ਦੇ ਬਾਹਰ ਲਟਕਿਆ ਸੀ ਅਤੇ ਲੂੰਬੜੀਆਂ ਦੀ ਖੱਲ ਉੱਤੇ ਬਰਫ ਦਾ ਚੂਰਾ ਚੜ੍ਹ ਗਿਆ ਸੀ ਅਤੇ ਹਵਾ ਉਨ੍ਹਾਂ ਦੀ ਪੂਛਾਂ ਨੂੰ ਹਿਲਾ ਰਹੀ ਸੀ। ਆਕੜੇ ਹੋਏ, ਭਾਰੀ ਅਤੇ ਖ਼ਾਲੀ ਹਿਰਨ ਲਮਕੇ ਹੋਏ ਸਨ ਅਤੇ ਛੋਟੀਆਂ ਚਿੜੀਆਂ ਹਵਾ ਵਿੱਚ ਉੱਡ ਰਹੀਆਂ ਸਨ ਅਤੇ ਹਵਾ ਉਨ੍ਹਾਂ ਦੇ ਖੰਭਾਂ ਨੂੰ ਉਲਟਾ-ਪਲਟਾ ਰਹੀ ਸੀ। ਇਹ ਬੇਹੱਦ ਠੰਡੀ ਪੱਤਝੜ ਦੀ ਰੁੱਤ ਸੀ ਅਤੇ ਹਵਾ ਪਹਾੜਾਂ ਤੋਂ ਉੱਤਰ ਕੇ ਹੇਠਾਂ ਆ ਰਹੀ ਸੀ।
ਅਸੀਂ ਸਾਰੇ ਹਰ ਰੋਜ਼ ਬਾਅਦ-ਦੁਪਹਿਰ ਹਸਪਤਾਲ ਵਿੱਚ ਹੁੰਦੇ ਅਤੇ ਆਥਣੇ ਸ਼ਹਿਰ ਤੋਂ ਹਸਪਤਾਲ ਤੱਕ ਪੈਦਲ ਜਾਣ ਦੇ ਕਈ ਰਸਤੇ ਸਨ। ਉਨ੍ਹਾਂ ਵਿਚੋਂ ਦੋ ਰਸਤੇ ਨਹਿਰ ਦੇ ਨਾਲ ਨਾਲ ਜਾਂਦੇ ਸਨ, ਪਰ ਉਹ ਲੰਬੇ ਸਨ। ਹਸਪਤਾਲ ਵਿੱਚ ਵੜਣ ਲਈ ਤੁਸੀਂ ਹਮੇਸ਼ਾ ਨਹਿਰ ਉੱਤੇ ਬਣੇ ਇੱਕ ਪੁਲ ਨੂੰ ਪਾਰ ਕਰਦੇ ਸੀ। ਤਿੰਨ ਪੁਲਾਂ ਵਿੱਚੋਂ ਇੱਕ ਚੁਣਨਾ ਹੁੰਦਾ ਸੀ। ਉਨ੍ਹਾਂ ਵਿਚੋਂ ਇੱਕ ਉੱਤੇ ਇੱਕ ਔਰਤ ਭੁੰਨੇ ਹੋਏ ਚੈਸਟਨਟ ਵੇਚਿਆ ਕਰਦੀ ਸੀ। ਉਸਦੇ ਕੋਲ ਕੋਲਿਆਂ ਦੀ ਅੱਗ ਦੇ ਕੋਲ ਖੜਾ ਹੋਣਾ ਨਿਘ ਦਿੰਦਾ ਸੀ ਅਤੇ ਬਾਅਦ ਵਿੱਚ ਤੁਹਾਡੀ ਜੇਬ ਵਿੱਚ ਚੈਸਟਨਟ ਗਰਮ ਰਹਿੰਦੇ ਸਨ। ਹਸਪਤਾਲ ਬਹੁਤ ਪੁਰਾਣਾ ਅਤੇ ਬਹੁਤ ਹੀ ਸੁੰਦਰ ਸੀ ਅਤੇ ਤੁਸੀਂ ਇੱਕ ਫਾਟਕ ਵਲੋਂ ਵੜਦੇ ਅਤੇ ਅਤੇ ਅੱਗੇ ਚੱਲ ਕੇ ਇੱਕ ਵਿਹੜਾ ਪਾਰ ਕਰਦੇ ਅਤੇ ਦੂਜੇ ਫਾਟਕ ਰਾਹੀਂ ਦੂਜੇ ਪਾਸੇ ਬਾਹਰ ਨਿਕਲ ਜਾਂਦੇ। ਅਕਸਰ ਵਿਹੜੇ ਵਲੋਂ ਜਨਾਜ਼ੇ ਸ਼ੁਰੂ ਹੋ ਰਹੇ ਹੁੰਦੇ ਸਨ। ਪੁਰਾਣੇ ਹਸਪਤਾਲ ਦੇ ਪਾਰ ਇੱਟਾਂ ਦੇ ਬਣੇ ਨਵੇਂ ਪੰਡਾਲ ਸਨ ਅਤੇ ਉੱਥੇ ਅਸੀਂ ਹਰ ਰੋਜ਼ ਬਾਅਦ ਦੁਪਹਿਰ ਮਿਲਦੇ। ਅਸੀਂ ਸਾਰੇ ਬੇਹੱਦ ਬਾਅਦਬ ਸਾਂ ਅਤੇ ਜੋ ਵੀ ਮਾਮਲਾ ਹੁੰਦਾ ਉਸ ਵਿੱਚ ਦਿਲਚਸਪੀ ਲੈਂਦੇ ਅਤੇ ਉਨ੍ਹਾਂ ਮਸ਼ੀਨਾਂ ਵਿੱਚ ਵੀ ਬੈਠਦੇ ਜਿਨ੍ਹਾਂ ਨੇ ਇੰਨਾ ਜ਼ਿਆਦਾ ਫ਼ਰਕ ਪਾ ਦੇਣਾ ਹੁੰਦਾ ਸੀ।
ਡਾਕਟਰ ਉਸ ਮਸ਼ੀਨ ਦੇ ਕੋਲ ਆਇਆ ਜਿੱਥੇ ਮੈਂ ਬੈਠਾ ਸੀ ਅਤੇ ਬੋਲਿਆ: “ਲੜਾਈ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਸਭ ਤੋਂ ਵੱਧ ਪਸੰਦ ਸੀ? ਕੀ ਤੁਸੀਂ ਕੋਈ ਖੇਲ ਖੇਡਦੇ ਸੀ?”
ਮੈਂ ਕਿਹਾ: “ਹਾਂ, ਫੁਟਬਾਲ।”
“ਬਹੁਤ ਅੱਛਾ,” ਉਹ ਬੋਲਿਆ। “ਤੁਸੀਂ ਦੁਬਾਰਾ ਫੁਟਬਾਲ ਖੇਡਣ ਦੇ ਲਾਇਕ ਹੋ ਜਾਓਗੇ, ਪਹਿਲਾਂ ਨਾਲੋਂ ਵੀ ਬਿਹਤਰ।”
ਮੇਰਾ ਗੋਡਾ ਨਹੀਂ ਮੁੜਦਾ ਸੀ, ਅਤੇ ਪੈਰ ਗੋਡੇ ਤੋਂ ਗਿੱਟੇ ਤੱਕ ਬਿਨਾਂ ਪਿੰਜਣੀ ਦੇ ਸਿੱਧਾ ਡਿੱਗਦਾ ਸੀ, ਅਤੇ ਮਸ਼ੀਨ ਗੋਡੇ ਨੂੰ ਮੋੜਨ ਅਤੇ ਇਸ ਤਰ੍ਹਾਂ ਚਲਾਣ ਲਈ ਸੀ ਜਿਵੇਂ ਤਿਪਹੀਆ ਸਾਈਕਲ ਚਲਾਣੀ ਹੋਵੇ। ਪਰ ਗੋਡਾ ਹੁਣ ਤੱਕ ਨਹੀਂ ਮੁੜਦਾ ਸੀ ਅਤੇ ਇਸਦੇ ਬਜਾਏ ਮਸ਼ੀਨ ਜਦੋਂ ਮੋੜਨ ਵਾਲੇ ਭਾਗ ਦੇ ਵੱਲ ਆਉਂਦੀ ਸੀ ਤਾਂ ਝਟਕਾ ਖਾਂਦੀ ਸੀ। ਡਾਕਟਰ ਨੇ ਕਿਹਾ: “ਇਹ ਸਭ ਠੀਕ ਹੋ ਜਾਵੇਗਾ। ਤੁਸੀਂ ਭਾਗਸ਼ਾਲੀ ਗਭਰੂ ਹੋ। ਤੁਸੀਂ ਫੇਰ ਚੈਂਪੀਅਨ ਦੀ ਤਰ੍ਹਾਂ ਫੁਟਬਾਲ ਖੇਡੋਗੇ।”
ਦੂਜੀ ਮਸ਼ੀਨ ਵਿੱਚ ਇੱਕ ਮੇਜਰ ਸੀ ਜਿਸਦਾ ਇੱਕ ਹੱਥ ਇੱਕ ਬੱਚੇ ਦੀ ਤਰ੍ਹਾਂ ਛੋਟਾ ਸੀ। ਉਸਦਾ ਹੱਥ ਚਮੜੇ ਦੇ ਦੋ ਫੀਤਿਆਂ ਦੇ ਵਿੱਚ ਸੀ ਜੋ ਉੱਤੇ ਥੱਲੇ ਹੁੰਦੇ ਰਹਿੰਦੇ ਸਨ ਅਤੇ ਉਸਦੀਆਂ ਸਖ਼ਤ ਉਂਗਲੀਆਂ ਨੂੰ ਥਪਥਪਾਉਂਦੇ ਸੀ। ਜਦੋਂ ਡਾਕਟਰ ਨੇ ਉਸਦਾ ਹੱਥ ਦੀ ਜਾਂਚ ਕੀਤੀ ਤਾਂ ਉਸਨੇ ਮੈਨੂੰ ਅੱਖ ਮਾਰੀ ਅਤੇ ਕਿਹਾ: “ਤੇ ਕੀ ਮੈਂ ਵੀ ਫੁਟਬਾਲ ਖੇਲੂੰਗਾ, ਕਪਤਾਨ – ਡਾਕਟਰ?” ਉਹ ਇੱਕ ਮਹਾਨ ਤਲਵਾਰਬਾਜ਼ ਰਿਹਾ ਸੀ, ਅਤੇ ਲੜਾਈ ਤੋਂ ਪਹਿਲਾਂ ਉਹ ਇਟਲੀ ਦਾ ਸਭ ਤੋਂ ਮਹਾਨ ਤਲਵਾਰਬਾਜ਼ ਸੀ।
ਡਾਕਟਰ ਪਿੱਛੇ ਦੇ ਕਮਰੇ ਵਿੱਚ ਆਪਣੇ ਦਫ਼ਤਰ ਵਿੱਚ ਗਿਆ ਅਤੇ ਉੱਥੋਂ ਇੱਕ ਤਸਵੀਰ ਲੈ ਆਇਆ। ਉਸ ਵਿੱਚ ਇੱਕ ਹੱਥ ਵਖਾਇਆ ਗਿਆ ਸੀ ਜੋ ਮਸ਼ੀਨੀ ਇਲਾਜ ਲੈਣ ਤੋਂ ਪਹਿਲਾਂ ਲੱਗਪਗ ਮੇਜਰ ਦੇ ਹੱਥ ਜਿੰਨਾ ਕੁਮਲਾਇਆ ਅਤੇ ਛੋਟਾ ਸੀ ਅਤੇ ਬਾਅਦ ਵਿੱਚ ਥੋੜ੍ਹਾ ਵੱਡਾ ਸੀ। ਮੇਜਰ ਨੇ ਤਸਵੀਰ ਆਪਣੇ ਚੰਗੇ ਹੱਥ ਨਾਲ ਚੁੱਕੀ ਅਤੇ ਉਸਨੂੰ ਬੜੇ ਧਿਆਨ ਨਾਲ ਵੇਖਿਆ। “ਇਹ ਜਖ਼ਮ?” ਉਸਨੇ ਪੁੱਛਿਆ।
“ਇਹ ਉਦਯੋਗਕ ਹਾਦਸ਼ਾ,” ਡਾਕਟਰ ਨੇ ਕਿਹਾ।
“ਕਾਫ਼ੀ ਦਿਲਚਸਪ ਹੈ, ਕਾਫ਼ੀ ਦਿਲਚਸਪ ਹੈ,” ਮੇਜਰ ਬੋਲਿਆ ਅਤੇ ਇਹ ਡਾਕਟਰ ਨੂੰ ਵਾਪਸ ਦੇ ਦਿੱਤੀ।
“ਤੁਹਾਨੂੰ ਵਿਸ਼ਵਾਸ ਹੈ?”
“ਨਹੀਂ,” ਮੇਜਰ ਨੇ ਕਿਹਾ।
ਮੇਰੀ ਹੀ ਉਮਰ ਦੇ ਤਿੰਨ ਹੋਰ ਮੁੰਡੇ ਸਨ ਜੋ ਰੋਜ਼ ਉੱਥੇ ਆਉਂਦੇ ਸਨ। ਉਹ ਤਿੰਨੋਂ ਹੀ ਮਿਲਾਨ ਤੋਂ ਸਨ ਅਤੇ ਉਨ੍ਹਾਂ ਵਿਚੋਂ ਇੱਕ ਨੇ ਵਕੀਲ ਬਨਣਾ ਸੀ, ਇੱਕ ਨੇ ਚਿੱਤਰਕਾਰ ਅਤੇ ਇੱਕ ਨੇ ਸੈਨਿਕ ਬਨਣ ਦਾ ਇਰਾਦਾ ਬਣਾਇਆ ਸੀ। ਜਦੋਂ ਅਸੀਂ ਮਸ਼ੀਨਾਂ ਤੋਂ ਛੁੱਟੀ ਪਾ ਲੈਂਦੇ ਤਾਂ ਕਦੇ ਕਦੇ ਅਸੀਂ ਕੋਵਾ ਕੌਫ਼ੀ-ਹਾਉਸ ਤੱਕ ਨਾਲ ਨਾਲ ਚੱਲਦੇ ਜੋ ਕਿ ਸਕਾਲਾ ਦੇ ਬਗਲ ਵਿੱਚ ਸੀ। ਅਸੀਂ ਕਮਿਊਨਿਸਟ ਬਸਤੀ ਦੇ ਵਿੱਚੋਂ ਹੋ ਕੇ ਛੋਟੇ ਰਾਹ ਜਾਂਦੇ। ਅਸੀਂ ਚਾਰੇ ਇੱਕਠੇ ਰਹਿੰਦੇ। ਉੱਥੋਂ ਦੇ ਲੋਕ ਸਾਨੂੰ ਨਫਰਤ ਕਰਦੇ ਸਨ ਕਿਉਂਕਿ ਅਸੀਂ ਅਫਸਰ ਸਾਂ ਅਤੇ ਜਦੋਂ ਅਸੀਂ ਲੰਘ ਰਹੇ ਹੁੰਦੇ ਤਾਂ ਕਿਸੇ ਸ਼ਰਾਬਖ਼ਾਨੇ ਵਲੋਂ ਕੋਈ ਸਾਨੂੰ ਗਾਲ਼ ਕਢ ਦਿੰਦਾ। ਇੱਕ ਹੋਰ ਮੁੰਡਾ ਜੋ ਕਦੇ ਕਦੇ ਸਾਡੇ ਨਾਲ ਪੈਦਲ ਆਉਂਦਾ ਅਤੇ ਸਾਡੀ ਗਿਣਤੀ ਪੰਜ ਕਰ ਦਿੰਦਾ, ਆਪਣੇ ਚਿਹਰੇ ਉੱਤੇ ਰੇਸ਼ਮ ਦਾ ਕਾਲ਼ਾ ਰੁਮਾਲ ਬੰਨ੍ਹਦਾ ਸੀ ਕਿਉਂਕਿ ਉਸਦੀ ਕੋਈ ਨੱਕ ਨਹੀਂ ਸੀ ਅਤੇ ਉਸਦੇ ਚਿਹਰੇ ਦਾ ਪੁਨਰਨਿਰਮਾਣ ਕੀਤਾ ਜਾਣਾ ਸੀ। ਉਹ ਸੈਨਿਕ ਅਕਾਦਮੀ ਤੋਂ ਸਿੱਧਾ ਮੁਹਾਜ਼ ਉੱਤੇ ਗਿਆ ਸੀ ਅਤੇ ਪਹਿਲੀ ਵਾਰ ਮੁਹਾਜ਼ ਉੱਤੇ ਜਾਣ ਦੇ ਇੱਕ ਘੰਟੇ ਦੇ ਅੰਦਰ ਹੀ ਜਖ਼ਮੀ ਹੋ ਗਿਆ ਸੀ।
ਉਨ੍ਹਾਂ ਨੇ ਉਸਦੇ ਚਿਹਰੇ ਦਾ ਪੁਨਰਨਿਰਮਾਣ ਕਰ ਦਿੱਤਾ, ਲੇਕਿਨ ਉਹ ਇੱਕ ਬੇਹੱਦ ਪ੍ਰਾਚੀਨ ਪਰਵਾਰ ਤੋਂ ਸੀ ਅਤੇ ਉਹ ਉਸਦੇ ਨੱਕ ਨੂੰ ਕਦੇ ਸਹੀ ਨਹੀਂ ਕਰ ਸਕੇ। ਉਹ ਦੱਖਣੀ ਅਮਰੀਕਾ ਚਲਾ ਗਿਆ ਅਤੇ ਇੱਕ ਬੈਂਕ ਵਿੱਚ ਕੰਮ ਕਰਨ ਲੱਗਿਆ। ਪਰ ਇਹ ਚਿਰ ਪਹਿਲਾਂ ਦੀ ਗੱਲ ਸੀ ਅਤੇ ਉਦੋਂ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਸੀ ਕਿ ਬਾਅਦ ਵਿੱਚ ਕੀ ਹੋਣ ਵਾਲਾ ਸੀ। ਉਦੋਂ ਅਸੀਂ ਕੇਵਲ ਇਹੀ ਜਾਣਦੇ ਸਾਂ ਕਿ ਲੜਾਈ ਹਮੇਸ਼ਾ ਰਹਿਣ ਵਾਲੀ ਸੀ ਪਰ ਅਸੀਂ ਹੁਣ ਉੱਥੇ ਮੁੜ ਨਹੀਂ ਸੀ ਜਾਣਾ।
ਸਾਡੇ ਸਾਰਿਆਂ ਦੇ ਕੋਲ ਇੱਕੋ ਜਿਹੇ ਤਮਗ਼ੇ ਸਨ, ਉਸ ਮੁੰਡੇ ਨੂੰ ਛੱਡ ਕੇ ਜੋ ਆਪਣੇ ਚਿਹਰੇ ਉੱਤੇ ਕਾਲ਼ਾ ਰੇਸ਼ਮੀ ਰੁਮਾਲ ਬੰਨ੍ਹਦਾ ਸੀ ਅਤੇ ਉਹ ਮੁਹਾਜ਼ ਉੱਤੇ ਤਮਗ਼ੇ ਲੈ ਸਕਣ ਜਿੰਨੀ ਦੇਰ ਨਹੀਂ ਰਿਹਾ ਸੀ। ਬੁਝੇ ਚਿਹਰੇ ਵਾਲਾ ਲੰਮਾ ਮੁੰਡਾ, ਜਿਸਨੇ ਵਕੀਲ ਬਨਣਾ ਸੀ, ਆਰਦਿਤੀ ਦਾ ਲੈਫਟੀਨੈਂਟ ਰਹਿ ਚੁੱਕਿਆ ਸੀ ਅਤੇ ਉਸਦੇ ਕੋਲ ਉਸ ਵਰਗੇ ਤਿੰਨ ਤਮਗ਼ੇ ਸਨ ਜਿਹੋ ਜਿਹਾ ਸਾਡੇ ਵਿੱਚੋਂ ਹਰੇਕ ਦੇ ਕੋਲ ਕੇਵਲ ਇੱਕ ਇੱਕ ਸੀ। ਉਹ ਮੌਤ ਦੇ ਨਾਲ ਇੱਕ ਬੇਹੱਦ ਲੰਬੇ ਅਰਸੇ ਤੱਕ ਰਿਹਾ ਸੀ ਅਤੇ ਥੋੜ੍ਹਾ ਨਿਰਲੇਪ ਸੀ। ਅਸੀਂ ਸਾਰੇ ਥੋੜ੍ਹੇ ਨਿਰਲੇਪ ਸਾਂ ਅਤੇ ਅਜਿਹਾ ਕੁੱਝ ਨਹੀਂ ਸੀ ਜਿਸਨੇ ਸਾਨੂੰ ਜੋੜ ਰੱਖਿਆ ਹੋਵੇ, ਇਲਾਵਾ ਇਸਦੇ ਕਿ ਅਸੀਂ ਹਰ ਰੋਜ਼ ਬਾਅਦ ਦੁਪਹਿਰ ਹਸਪਤਾਲ ਵਿੱਚ ਮਿਲਦੇ ਸਾਂ। ਹਾਲਾਂਕਿ, ਜਦੋਂ ਅਸੀਂ ਸ਼ਹਿਰ ਦੇ ਮੁਸ਼ਕਿਲ ਇਲਾਕੇ ਦੇ ਵਿੱਚੋਂ ਹਨੇਰੇ ਵਿੱਚ ਕੋਵਾ ਦੇ ਵੱਲ ਜਾ ਰਹੇ ਹੁੰਦੇ, ਅਤੇ ਸ਼ਰਾਬਖ਼ਾਨਿਆਂ ਵਲੋਂ ਗਾਉਣ-ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਅਤੇ ਕਦੇ ਕਦੇ ਸੜਕ ਉੱਤੇ ਉਦੋਂ ਚੱਲਣਾ ਪੈਂਦਾ ਜਦੋਂ ਮਰਦਾਂ ਅਤੇ ਔਰਤਾਂ ਦੀ ਭੀੜ ਨਾਲ ਫੁਟਪਾਥ ਖਚਾਖਚ ਭਰ ਜਾਂਦੀ ਤਾਂ ਸਾਨੂੰ ਅੱਗੇ ਨਿਕਲਣ ਲਈ ਉਨ੍ਹਾਂ ਨਾਲ ਖਹਿਣਾ ਪੈਂਦਾ। ਉਦੋਂ ਅਸੀਂ ਆਪਣੇ ਆਪ ਨੂੰ ਕਿਸੇ ਅਜਿਹੀ ਚੀਜ਼ ਦੇ ਕਾਰਨ ਆਪਸ ਵਿੱਚ ਜੁੜਿਆ ਮਹਿਸੂਸ ਕਰਦੇ, ਜੋ ਉਸ ਦਿਨ ਘਟੀ ਹੁੰਦੀ ਅਤੇ ਜਿਸਨੂੰ ਉਹ ਲੋਕ ਨਹੀਂ ਸਮਝਦੇ ਸਨ ਜੋ ਸਾਡੇ ਨਾਲ ਨਫਰਤ ਕਰਦੇ ਸਨ।
ਅਸੀਂ ਸਭ ਆਪ ਕੋਵਾ ਦੇ ਬਾਰੇ ਵਿੱਚ ਜਾਣਦੇ ਸਾਂ ਜਿੱਥੇ ਮਾਹੌਲ ਸ਼ਾਨਦਾਰ ਅਤੇ ਗਰਮ ਸੀ ਅਤੇ ਜ਼ਿਆਦਾ ਚਮਕੀਲੀ ਰੋਸ਼ਨੀ ਨਹੀਂ ਸੀ ਅਤੇ ਕੁਝ ਘੰਟੇ ਰੌਲਾ-ਰੱਪਾ ਅਤੇ ਧੂੰਆਂ ਹੁੰਦਾ ਅਤੇ ਮੇਜ਼ਾਂ ਉੱਤੇ ਹਮੇਸ਼ਾ ਕੁੜੀਆਂ ਹੁੰਦੀਆਂ ਸਨ ਅਤੇ ਕੰਧ ਉੱਤੇ ਬਣੇ ਰੈਕ ਵਿੱਚ ਸਚਿੱਤਰ ਅਖ਼ਬਾਰ ਹੁੰਦੇ ਸਨ। ਕੋਵਾ ਦੀਆਂ ਕੁੜੀਆਂ ਬੇਹੱਦ ਦੇਸ਼ਭਗਤ ਸਨ ਅਤੇ ਮੈਂ ਦੇਖਿਆ ਕਿ ਇਟਲੀ ਵਿੱਚ ਕੌਫ਼ੀ-ਹਾਊਸ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਸਭ ਤੋਂ ਜ਼ਿਆਦਾ ਦੇਸ਼ਭਗਤ ਸਨ…ਅਤੇ ਮੈਂ ਮੰਨਦਾ ਹਾਂ ਕਿ ਉਹ ਹੁਣ ਵੀ ਦੇਸ਼ਭਗਤ ਹਨ।
ਸ਼ੁਰੂ ਸ਼ੁਰੂ ਵਿੱਚ ਮੁੰਡੇ ਮੇਰੇ ਤਮਗ਼ਿਆਂ ਦੇ ਬਾਰੇ ਵਿੱਚ ਬੇਹੱਦ ਭੱਦਰ ਸਨ ਅਤੇ ਮੇਰੇ ਤੋਂ ਪੁੱਛਦੇ ਕਿ ਮੈਂ ਇਨ੍ਹਾਂ ਨੂੰ ਹਾਸਲ ਕਰਨ ਲਈ ਕੀ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਕਾਗਜ਼ ਦਿਖਾਏ, ਜੋ ਬੜੀ ਸੁੰਦਰ ਭਾਸ਼ਾ ਵਿੱਚ ਲਿਖੇ ਗਏ ਸਨ, ਭਰਾਤਰੀਪੁਣੇ ਅਤੇ ਸਵੈ-ਕੁਰਬਾਨੀ ਦੀ ਲਫਾਜ਼ੀ ਨਾਲ ਭਰਪੂਰ ਸਨ ਅਤੇ ਇਹ ਵਿਸ਼ੇਸ਼ਣਾਂ ਨੂੰ ਹਟਾ ਦੇਣ ਦੇ ਬਾਅਦ ਦਰਅਸਲ ਇਹ ਕਹਿੰਦੇ ਸਨ ਕਿ ਮੈਨੂੰ ਤਮਗ਼ੇ ਇਸ ਲਈ ਦਿੱਤੇ ਗਏ ਸਨ ਕਿਉਂਕਿ ਮੈਂ ਇੱਕ ਅਮਰੀਕੀ ਸੀ। ਉਸਦੇ ਬਾਅਦ ਉਨ੍ਹਾਂ ਦਾ ਮੇਰੇ ਪ੍ਰਤੀ ਵਤੀਰਾ ਥੋੜ੍ਹਾ ਬਦਲ ਗਿਆ, ਹਾਲਾਂਕਿ ਅਜਨਬੀਆਂ ਦੇ ਟਾਕਰੇ ਮੈਂ ਉਨ੍ਹਾਂ ਦਾ ਮਿੱਤਰ ਸੀ। ਜਦੋਂ ਉਨ੍ਹਾਂ ਨੇ ਪ੍ਰਸ਼ੰਸਾਤਮਕ ਟਿੱਪਣੀਆਂ ਨੂੰ ਪੜ੍ਹਿਆ ਤਾਂ ਉਸ ਦੇ ਬਾਅਦ ਮੈਂ ਇੱਕ ਮਿੱਤਰ ਤਾਂ ਰਿਹਾ ਪਰ ਹੁਣ ਦਰਅਸਲ ਮੈਂ ਉਨ੍ਹਾਂ ਵਿਚੋਂ ਇੱਕ ਹਰਗਿਜ਼ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਨਾਲ ਦੂਜੀ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਆਪਣੇ ਤਮਗ਼ੇ ਪਾਉਣ ਲਈ ਕਾਫ਼ੀ ਵੱਖਰੀ ਤਰ੍ਹਾਂ ਦੇ ਕੰਮ ਕੀਤੇ ਸਨ। ਮੈਂ ਜਖ਼ਮੀ ਹੋਇਆ ਸੀ, ਇਹ ਸੱਚ ਸੀ; ਲੇਕਿਨ ਅਸੀਂ ਸਾਰੇ ਜਾਣਦੇ ਸਾਂ ਕਿ ਜਖ਼ਮੀ ਹੋਣਾ ਆਖ਼ਿਰਕਾਰ ਇੱਕ ਦੁਰਘਟਨਾ ਸੀ। ਹਾਲਾਂਕਿ ਮੈਂ ਫ਼ੀਤੀਆਂ ਲਈ ਕਦੇ ਸ਼ਰਮਿੰਦਾ ਨਹੀਂ ਸੀ ਅਤੇ ਕਦੇ ਕਦੇ ਕਾਕਟੇਲ ਪਾਰਟੀ ਦੇ ਬਾਅਦ ਮੈਂ ਕਲਪਨਾ ਕਰਦਾ ਕਿ ਮੈਂ ਵੀ ਉਹ ਸਾਰੇ ਕੰਮ ਕੀਤੇ ਸਨ ਜੋ ਉਨ੍ਹਾਂ ਨੇ ਆਪਣੇ ਤਮਗ਼ੇ ਲੈਣ ਲਈ ਕੀਤੇ ਸਨ; ਪਰ ਰਾਤ ਨੂੰ ਠੰਡੀ ਹਵਾ ਨਾਲ ਜੂਝਦਾ ਖਾਲੀ ਸੜਕਾਂ ਉੱਤੇ ਜਦੋਂ ਮੈਂ ਘਰ ਆ ਰਿਹਾ ਹੁੰਦਾ ਅਤੇ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਅਤੇ ਮੈਂ ਸੜਕ ਉੱਤੇ ਲੱਗੀਆਂ ਬੱਤੀਆਂ ਦੇ ਕਰੀਬ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਤੱਦ ਮੈਂ ਜਾਣਦਾ ਸੀ ਕਿ ਮੈਂ ਅਜਿਹੇ ਕੰਮ ਕਦੇ ਨਾ ਕਰ ਪਾਉਂਦਾ। ਮੈਂ ਮਰਨ ਤੋਂ ਬੇਹੱਦ ਡਰਦਾ ਸੀ ਅਤੇ ਅਕਸਰ ਰਾਤ ਨੂੰ ਬਿਸਤਰ ਉੱਤੇ ਇਕੱਲਾ ਪਿਆ ਰਹਿੰਦਾ ਸੀ, ਮਰਨ ਤੋਂ ਡਰਦਾ ਅਤੇ ਹੈਰਾਨ ਹੁੰਦਾ ਕਿ ਜਦ ਮੈਂ ਮੁਹਾਜ਼ ਉੱਤੇ ਦੁਬਾਰਾ ਗਿਆ ਤਾਂ ਕੀ ਹੋਵਾਂਗਾ। ਤਮਗ਼ੇ ਵਾਲੇ ਉਹ ਤਿੰਨੋਂ ਸ਼ਿਕਾਰੀ ਬਾਜ਼ ਸਨ ਅਤੇ ਮੈਂ ਬਾਜ਼ ਨਹੀਂ ਸੀ, ਹਾਲਾਂਕਿ ਮੈਂ ਉਨ੍ਹਾਂ ਨੂੰ ਬਾਜ਼ ਲੱਗ ਸਕਦਾ ਸੀ ਜਿਨ੍ਹਾਂ ਨੇ ਕਦੇ ਸ਼ਿਕਾਰ ਨਹੀਂ ਕੀਤਾ ਸੀ। ਉਹ ਤਿੰਨੋਂ ਬਿਹਤਰ ਜਾਣਦੇ ਸਨ ਇਸ ਲਈ ਅਸੀਂ ਵੱਖ ਹੋ ਗਏ। ਪਰ ਮੈਂ ਉਸ ਮੁੰਡੇ ਦਾ ਅੱਛਾ ਮਿੱਤਰ ਬਣਿਆ ਰਿਹਾ ਜੋ ਆਪਣੇ ਪਹਿਲੇ ਦਿਨ ਹੀ ਮੁਹਾਜ਼ ਉੱਤੇ ਜਖ਼ਮੀ ਹੋ ਗਿਆ ਸੀ ਕਿਉਂਕਿ ਹੁਣ ਉਹ ਕਦੇ ਨਹੀਂ ਜਾਣ ਸਕਦਾ ਸੀ ਕਿ ਉਹ ਕਿਹੋ ਜਿਹਾ ਨਿਕਲਦਾ। ਮੈਂ ਉਸਨੂੰ ਚਾਹੁੰਦਾ ਸੀ ਕਿਉਂਕਿ ਮੇਰਾ ਮੰਨਣਾ ਸੀ ਕਿ ਸ਼ਾਇਦ ਉਹ ਵੀ ਬਾਜ਼ ਨਾ ਬਣਦਾ।
ਮੇਜਰ, ਜੋ ਮਹਾਨ ਤਲਵਾਰਬਾਜ਼ ਰਿਹਾ ਸੀ, ਬਹਾਦਰੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ ਅਤੇ ਜਦੋਂ ਅਸੀਂ ਮਸ਼ੀਨਾਂ ਵਿੱਚ ਬੈਠੇ ਹੁੰਦੇ ਤਾਂ ਉਹ ਆਪਣਾ ਕਾਫ਼ੀ ਸਮਾਂ ਮੇਰੀ ਵਿਆਕਰਣ ਦਰੁਸਤ ਕਰਨ ਵਿੱਚ ਬਤੀਤ ਕਰਦਾ ਸੀ। ਮੈਂ ਜਿਸ ਤਰ੍ਹਾਂ ਦੀ ਇਤਾਲਵੀ ਬੋਲਦਾ ਸੀ ਉਸਦੇ ਲਈ ਉਸਨੇ ਮੇਰੀ ਪ੍ਰਸ਼ੰਸਾ ਕੀਤੀ ਸੀ ਅਤੇ ਅਸੀਂ ਆਪਸ ਵਿੱਚ ਕਾਫ਼ੀ ਸੌਖ ਨਾਲ ਗੱਲਾਂ ਕਰਦੇ ਸਾਂ। ਇੱਕ ਦਿਨ ਮੈਂ ਕਿਹਾ ਸੀ ਕਿ ਮੈਨੂੰ ਇਤਾਲਵੀ ਇੰਨੀ ਸਰਲ ਭਾਸ਼ਾ ਲੱਗਦੀ ਸੀ ਕਿ ਮੈਂ ਉਸ ਵਿੱਚ ਜ਼ਿਆਦਾ ਰੁਚੀ ਨਹੀਂ ਲੈ ਸਕਦਾ ਸੀ। ਸਭ ਕੁੱਝ ਕਹਿਣ ਵਿੱਚ ਬੇਹੱਦ ਆਸਾਨ ਸੀ। “ਓ, ਸਹੀ ਹੈ,” ਮੇਜਰ ਨੇ ਕਿਹਾ। “ਤਾਂ ਫਿਰ ਤੂੰ ਵਿਆਕਰਣ ਦੇ ਇਸਤੇਮਾਲ ਨੂੰ ਹੱਥ ਕਿਉਂ ਨਹੀਂ ਪਾਉਂਦਾ?” ਇਸ ਲਈ ਅਸੀਂ ਵਿਆਕਰਣ ਦੇ ਇਸਤੇਮਾਲ ਨੂੰ ਹੱਥ ਪਾ ਲਿਆ ਅਤੇ ਜਲਦੀ ਹੀ ਇਤਾਲਵੀ ਇੰਨੀ ਔਖੀ ਭਾਸ਼ਾ ਹੋ ਗਈ ਕਿ ਮੈਂ ਉਦੋਂ ਤੱਕ ਉਸ ਨਾਲ ਗੱਲ ਕਰਨ ਤੋਂ ਡਰਦਾ ਸੀ ਜਦੋਂ ਤੱਕ ਕਿ ਮੇਰੇ ਦਿਮਾਗ਼ ਵਿੱਚ ਵਿਆਕਰਨ ਦੀ ਤਸਵੀਰ ਸਾਫ਼ ਨਹੀਂ ਸੀ ਹੋ ਜਾਂਦੀ।
ਮੇਜਰ ਕਾਫ਼ੀ ਨੇਮ ਨਾਲ ਹਸਪਤਾਲ ਆਉਂਦਾ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਦਿਨ ਵੀ ਖੁੰਜਿਆ ਹੋਵੇ, ਹਾਲਾਂਕਿ ਮੈਨੂੰ ਪੱਕਾ ਭਰੋਸਾ ਹੈ ਕਿ ਉਸ ਦਾ ਮਸ਼ੀਨਾਂ ਤੇ ਵਿਸ਼ਵਾਸ ਨਹੀਂ ਸੀ। ਇੱਕ ਸਮਾਂ ਸੀ ਜਦੋਂ ਸਾਡੇ ਵਿੱਚੋਂ ਕਿਸੇ ਨੂੰ ਵੀ ਮਸ਼ੀਨਾਂ ਤੇ ਭਰੋਸਾ ਨਹੀਂ ਸੀ ਅਤੇ ਇੱਕ ਦਿਨ ਮੇਜਰ ਨੇ ਕਿਹਾ ਸੀ ਕਿ ਇਹ ਸਭ ਬੇਵਕੂਫ਼ੀ ਸੀ। ਉਦੋਂ ਮਸ਼ੀਨਾਂ ਨਵੀਆਂ ਸਨ ਅਤੇ ਅਸੀਂ ਹੀ ਉਨ੍ਹਾਂ ਦੀ ਉਪਯੋਗਿਤਾ ਨੂੰ ਸਿੱਧ ਕਰਨਾ ਸੀ। ਇਹ ਇੱਕ ਅਹਿਮਕਾਨਾ ਵਿਚਾਰ ਸੀ, ਮੇਜਰ ਨੇ ਕਿਹਾ ਸੀ, ਇੱਕ ਥਿਊਰੀ, ਕਿਸੇ ਦੂਜੀ ਦੀ ਤਰ੍ਹਾਂ। ਮੈਂ ਆਪਣੀ ਵਿਆਕਰਣ ਨਹੀਂ ਸਿੱਖੀ ਸੀ ਅਤੇ ਉਸਨੇ ਕਿਹਾ ਕਿ ਕਿ ਮੈਂ ਇੱਕ ਨਾ ਸੁਧਰਣ ਵਾਲਾ ਮੂਰਖ ਅਤੇ ਕਲੰਕ ਸੀ ਅਤੇ ਉਹ ਆਪ ਮੂਰਖ ਸੀ ਕਿ ਉਸਨੇ ਮੇਰੇ ਲਈ ਖਾਹਮਖਾਹ ਪਰੇਸ਼ਾਨੀ ਮੁੱਲ ਲਈ। ਉਹ ਇੱਕ ਛੋਟੇ ਕੱਦ ਦਾ ਵਿਅਕਤੀ ਸੀ ਅਤੇ ਉਹ ਆਪਣਾ ਚੰਗਾ ਹੱਥ ਮਸ਼ੀਨ ਵਿੱਚ ਘੁਸਾ ਕੇ ਆਪਣੀ ਕੁਰਸੀ ਤੇ ਸਿੱਧਾ ਬੈਠ ਜਾਂਦਾ ਅਤੇ ਸਿੱਧਾ ਅੱਗੇ ਕੰਧ ਵੱਲ ਵੇਖਦਾ ਜਦੋਂ ਕਿ ਫੀਤਿਆਂ ਵਿੱਚ ਉਸਦੀਆਂ ਉਂਗਲੀਆਂ ਉੱਪਰ-ਹੇਠਾਂ ਬੁੜਕਦੀਆਂ।
“ਜੇਕਰ ਲੜਾਈ ਖ਼ਤਮ ਹੋ ਗਈ, ਤਾਂ ਤੂੰ ਕੀ ਕਰੇਂਗਾ?”
“ਮੈਂ ਅਮਰੀਕਾ ਚਲਾ ਜਾਵਾਂਗਾ।”
“ਕੀ ਤੂੰ ਸ਼ਾਦੀ-ਸ਼ੁਦਾ ਹੈਂ?”
“ਨਹੀਂ, ਪਰ ਮੈਨੂੰ ਉਮੀਦ ਹੈ।”
“ਤੂੰ ਹੋਰ ਵੀ ਵੱਡਾ ਮੂਰਖ ਹੈਂ,” ਉਸਨੇ ਕਿਹਾ। ਉਹ ਬਹੁਤ ਨਰਾਜ ਲੱਗਦਾ ਸੀ। “ਆਦਮੀ ਨੂੰ ਕਦੇ ਸ਼ਾਦੀ ਨਹੀਂ ਕਰਾਉਣੀ ਚਾਹੀਦੀ।”
“ਕਿਉਂ ਸਿਗਨਿਓਰ ਮੈਜਯੋਰੇ?”
“ਮੈਨੂੰ ਸਿਗਨਿਓਰ ਮੈਜਯੋਰੇ ਨਾ ਕਹਿ।”
“ਕਿਉਂ ਆਦਮੀ ਨੂੰ ਸ਼ਾਦੀ ਕਦੇ ਵੀ ਨਹੀਂ ਕਰਾਉਣੀ ਚਾਹੀਦੀ?”
“ਉਹ ਸ਼ਾਦੀ ਨਹੀਂ ਕਰਾ ਸਕਦਾ। ਉਹ ਸ਼ਾਦੀ ਨਹੀਂ ਕਰਾ ਸਕਦਾ,” ਉਸਨੇ ਗ਼ੁੱਸੇ ਨਾਲ ਕਿਹਾ। “ਜੇਕਰ ਉਸਨੇ ਸਭ ਕੁੱਝ ਗੁਆਉਣਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਸਭ ਕੁੱਝ ਗੁਆ ਦੇਣ ਦੀ ਹਾਲਤ ਵਿੱਚ ਨਹੀਂ ਲਿਆਉਣਾ ਚਾਹੀਦਾ। ਉਸਨੂੰ ਆਪਣੇ ਆਪ ਨੂੰ ਗੁਆਉਣ ਦੀ ਹਾਲਤ ਵਿੱਚ ਕਦੇ ਵੀ ਨਹੀਂ ਲਿਆਉਣਾ ਚਾਹੀਦਾ। ਉਸਨੂੰ ਉਹ ਕੁਝ ਢੂੰਡਣਾ ਚਾਹੀਦਾ ਹੈ ਜੋ ਉਹ ਗੁਆ ਨਹੀਂ ਸਕਦਾ।”
ਉਹ ਬਹੁਤ ਗ਼ੁੱਸੇ ਅਤੇ ਕੁੜੱਤਣ ਨਾਲ ਬੋਲ ਰਿਹਾ ਸੀ ਅਤੇ ਬੋਲਦੇ ਵਕਤ ਸਿੱਧਾ ਸਾਹਮਣੇ ਵੇਖ ਰਿਹਾ ਸੀ।
“ਪਰ ਇਹ ਕਿਉਂ ਹੈ ਕਿ ਉਹ ਉਸ ਨੂੰ ਅਵਸ਼ ਗੁਆ ਦੇਵੇਗਾ?”
“ਉਹ ਉਸ ਨੂੰ ਗੁਆ ਦੇਵੇਗਾ,” ਮੇਜਰ ਨੇ ਕਿਹਾ। ਉਹ ਕੰਧ ਵੱਲ ਵੇਖੀ ਜਾ ਰਿਹਾ ਸੀ। ਫਿਰ ਉਸਨੇ ਹੇਠਾਂ ਮਸ਼ੀਨ ਵੱਲ ਵੇਖਿਆ ਅਤੇ ਝਟਕੇ ਨਾਲ ਆਪਣਾ ਛੋਟਾ ਜਿਹਾ ਹੱਥ ਫੀਤਿਆਂ ਵਿੱਚੋਂ ਕੱਢ ਲਿਆ ਅਤੇ ਉਸਨੂੰ ਆਪਣੇ ਪੱਟ ਉੱਤੇ ਜ਼ੋਰ ਨਾਲ ਦੇ ਮਾਰਿਆ। “ਉਹ ਉਸ ਨੂੰ ਗੁਆ ਦੇਵੇਗਾ,” ਉਹ ਲੱਗਪਗ ਚੀਖਿਆ। “ਮੇਰੇ ਨਾਲ ਬਹਿਸ ਮਤ ਕਰ!” ਫਿਰ ਉਸਨੇ ਨੌਕਰ ਨੂੰ ਹਾਕ ਮਾਰੀ ਜੋ ਮਸ਼ੀਨਾਂ ਨੂੰ ਚਲਾਂਦਾ ਸੀ। “ਆ ਅਤੇ ਇਸ ਕੁਲਹਿਣੀ ਨੂੰ ਬੰਦ ਕਰ।”
ਉਹ ਹਲਕੇ ਇਲਾਜ ਅਤੇ ਮਾਲਿਸ਼ ਲਈ ਵਾਪਸ ਦੂਜੇ ਕਮਰੇ ਵਿੱਚ ਚਲਾ ਗਿਆ। ਫਿਰ ਮੈਂ ਉਸਨੂੰ ਡਾਕਟਰ ਕੋਲੋਂ ਪੁੱਛਦੇ ਸੁਣਿਆ ਕਿ ਕੀ ਉਹ ਉਸਦਾ ਟੈਲੀਫੋਨ ਇਸਤੇਮਾਲ ਕਰ ਸਕਦਾ ਹੈ ਅਤੇ ਫਿਰ ਉਸਨੇ ਬੂਹਾ ਬੰਦ ਕਰ ਦਿੱਤਾ। ਜਦੋਂ ਉਹ ਵਾਪਸ ਕਮਰੇ ਵਿੱਚ ਆਇਆ ਤਾਂ ਮੈਂ ਦੂਜੀ ਮਸ਼ੀਨ ਵਿੱਚ ਬੈਠਾ ਸੀ। ਉਸਨੇ ਆਪਣਾ ਲਬਾਦਾ ਪਾਇਆ ਹੋਇਆ ਸੀ ਅਤੇ ਟੋਪੀ ਲਗਾ ਲਈ ਸੀ ਅਤੇ ਉਹ ਸਿੱਧਾ ਮੇਰੀ ਮਸ਼ੀਨ ਦੇ ਕੋਲ ਆਇਆ ਅਤੇ ਮੇਰੇ ਮੋਢੇ ਉੱਤੇ ਆਪਣੀ ਬਾਂਹ ਰੱਖ ਦਿੱਤੀ।
“ਮੈਨੂੰ ਬੇਹੱਦ ਦੁੱਖ ਹੈ,” ਉਸਨੇ ਕਿਹਾ, ਅਤੇ ਆਪਣੇ ਚੰਗੇ ਹੱਥ ਨਾਲ ਮੇਰੇ ਮੋਢੇ ਨੂੰ ਥਪਥਪਾਇਆ। “ਮੈਨੂੰ ਕੁਰੱਖਤ ਨਹੀਂ ਸੀ ਹੋਣਾ ਚਾਹੀਦਾ। ਮੇਰੀ ਪਤਨੀ ਦੀ ਮੌਤ ਹਾਲ ਹੀ ਵਿੱਚ ਹੋਈ ਹੈ। ਮੈਨੂੰ ਮਾਫ ਕਰ ਦੇ। ”
“ਓਹ!” ਮੈਂ ਉਸਦੇ ਲਈ ਦੁਖੀ ਹੁੰਦੇ ਹੋਏ ਕਿਹਾ। “ਮੈਨੂੰ ਵੀ ਬੇਹੱਦ ਦੁੱਖ ਹੈ।”
ਉਹ ਆਪਣਾ ਹੇਠਲਾ ਬੁੱਲ੍ਹ ਟੁੱਕਦਾ ਉਥੇ ਹੀ ਖੜਾ ਰਿਹਾ। “ਇਹ ਬਹੁਤ ਔਖਾ ਹੈ,” ਉਸਨੇ ਕਿਹਾ। “ਮੈਂ ਇਸਨੂੰ ਨਹੀਂ ਸਹਿ ਸਕਦਾ।”
ਉਹ ਸਿੱਧਾ ਮੇਰੇ ਤੋਂ ਪਾਰ ਅਤੇ ਖਿੜਕੀ ਤੋਂ ਬਾਹਰ ਦੇਖਣ ਲਗਾ। ਫਿਰ ਉਸਨੇ ਰੋਣਾ ਸ਼ੁਰੂ ਕਰ ਦਿੱਤਾ। “ਮੈਂ ਇਸਨੂੰ ਸਹਿਣ ਦੇ ਸਮਰਥ ਨਹੀਂ ਹਾਂ,” ਉਸਨੇ ਕਿਹਾ ਅਤੇ ਉਸਦਾ ਗੱਚ ਭਰ ਆਇਆ। ਅਤੇ ਫਿਰ ਰੋਂਦੇ ਹੋਏ, ਆਪਣੇ ਉੱਪਰ ਨੂੰ ਕੀਤੇ ਹੋਏ ਸਿਰ ਨਾਲ ਖ਼ਾਲੀਪਣ ਵਿੱਚ ਝਾਕਦੇ ਹੋਏ, ਆਪਣੇ ਆਪ ਨੂੰ ਸਿੱਧਾ ਅਤੇ ਫੌਜੀ ਜਵਾਨਾਂ ਦੀ ਤਰ੍ਹਾਂ ਤਕੜਾ ਕਰਦੇ ਹੋਏ, ਦੋਨੋਂ ਗੱਲ੍ਹਾਂ ਉੱਤੇ ਅੱਥਰੂ ਅਟਕਾਈਂ ਅਤੇ ਆਪਣੇ ਬੁਲ੍ਹਾਂ ਨੂੰ ਟੁੱਕਦੇ ਹੋਏ ਉਹ ਮਸ਼ੀਨਾਂ ਤੋਂ ਅੱਗੇ ਨਿਕਲ ਗਿਆ ਅਤੇ ਬੂਹੇ ਤੋਂ ਬਾਹਰ ਹੋ ਗਿਆ।
ਡਾਕਟਰ ਨੇ ਮੈਨੂੰ ਦੱਸਿਆ ਕਿ ਮੇਜਰ ਦੀ ਪਤਨੀ, ਜੋ ਜਵਾਨ ਸੀ ਅਤੇ ਜਿਸਦੇ ਨਾਲ ਉਸਨੇ ਉਦੋਂ ਤੱਕ ਸ਼ਾਦੀ ਨਹੀਂ ਕੀਤੀ ਸੀ ਜਦੋਂ ਤੱਕ ਉਹ ਪੱਕੀ ਤਰ੍ਹਾਂ ਲੜਾਈ ਲਈ ਅਯੋਗ ਨਹੀਂ ਠਹਿਰਾ ਦਿੱਤਾ ਗਿਆ ਸੀ, ਨਿਮੋਨੀਏ ਨਾਲ ਮਰੀ ਸੀ। ਉਹ ਕੇਵਲ ਕੁੱਝ ਦਿਨ ਹੀ ਬੀਮਾਰ ਰਹੀ ਸੀ।
ਕਿਸੇ ਨੂੰ ਉਸਦੀ ਮੌਤ ਦਾ ਅੰਦੇਸ਼ਾ ਨਹੀਂ ਸੀ। ਮੇਜਰ ਤਿੰਨ ਦਿਨ ਹਸਪਤਾਲ ਨਹੀਂ ਆਇਆ। ਜਦੋਂ ਉਹ ਵਾਪਸ ਆਇਆ ਤਾਂ ਕੰਧ ਉੱਤੇ ਚਾਰੇ ਪਾਸੇ ਮਸ਼ੀਨਾਂ ਨਾਲ ਠੀਕ ਕਰ ਦਿੱਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਰ ਤਰ੍ਹਾਂ ਦੇ ਜਖ਼ਮਾਂ ਦੀਆਂ ਫਰੇਮ ਕੀਤੀਆਂ ਵੱਡੀਆਂ ਵੱਡੀਆਂ ਤਸਵੀਰਾਂ ਲਮਕਦੀਆਂ ਸਨ। ਜੋ ਮਸ਼ੀਨ ਮੇਜਰ ਇਸਤੇਮਾਲ ਕਰਦਾ ਸੀ ਉਸਦੇ ਸਾਹਮਣੇ ਉਸਦੇ ਹੱਥ ਵਰਗੇ ਹੱਥਾਂ ਦੀ ਤਿੰਨ ਤਸਵੀਰਾਂ ਸਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਗਿਆ ਸੀ। ਮੈਂ ਨਹੀਂ ਜਾਣਦਾ, ਡਾਕਟਰ ਉਹ ਕਿੱਥੋਂ ਲਿਆਇਆ। ਮੈਂ ਹਮੇਸ਼ਾ ਸਮਝਦਾ ਸੀ ਕਿ ਮਸ਼ੀਨਾਂ ਦਾ ਇਸਤੇਮਾਲ ਕਰਨ ਵਾਲੇ ਅਸੀਂ ਹੀ ਪਹਿਲੇ ਲੋਕ ਸਾਂ। ਤਸਵੀਰਾਂ ਨਾਲ ਮੇਜਰ ਨੂੰ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਕਿਉਂਕਿ ਉਹ ਬੱਸ ਖਿੜਕੀ ਤੋਂ ਬਾਹਰ ਵੇਖਦਾ ਰਹਿੰਦਾ ਸੀ।
(ਅਨੁਵਾਦ: ਚਰਨ ਗਿੱਲ)