ਜ਼ਿੰਦਗੀ ਦੀ ਲੜਾਈ ਦਾ ਆਖਰੀ ਨਾਇਕ-ਡਾ. ਜੋਗਿੰਦਰ ਸਿੰਘ ਕੈਰੋਂ : ਡਾ. ਅਮਰਜੀਤ ਟਾਂਡਾ
ਲੋਕਧਾਰਾ ਲੋਕ ਸਮੂਹ ਦੀ ਪਰੰਪਰਿਕ ਅਤੇ ਵਰਤਮਾਨ ਸਾਂਝੀ ਸਮੱਗਰੀ ਹੁੰਦੀ ਹੈ। ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਮੌਖਿਕ, ਲਿਖਿਤ, ਵਿਹਾਰ ਅਤੇ ਕਾਰੋਬਾਰ ਰਾਹੀਂ ਅੱਪੜਦੀ ਹੈ।
ਇਸ ਭੰਡਾਰੇ ਗੰਢ ਪੰਡ ਵਿੱਚ ਲੋਕ ਭਾਵਨਾਵਾਂ, ਦੁੱਖ, ਪੀੜਾਂ, ਖ਼ੁਸ਼ੀਆਂ- ਗ਼ਮੀਆਂ, ਲੋੜਾਂ, ਕਾਰਨਾਮੇ, ਹਾਸੇ-ਨਾਚ, ਵਹਿਮ-ਭਰਮ,ਵਿਸ਼ਵਾਸ ਅਤੇ ਵਰਤੋਂ ਦੇ ਸੰਦ ਆਦਿ ਸ਼ਾਮਲ ਹੁੰਦੇ ਹਨ। ਜਿਸ ਵਿੱਚੋਂ ਕੋਈ ਸਮਾਜਿਕ ਜੀਵ ਆਪਣੇ ਸੱਭਿਆਚਾਰ ਦੀਆਂ ਮਨੌਤਾਂ ਤੇ ਵਰਜਨਾਵਾਂ ਸਿੱਖਦਾ ਹੋਇਆ ਆਪਣੇ ਸੱਭਿਆਚਾਰਕ ਸਮੂਹ ਨਾਲ ਇੱਕ ਸੁਰਤਾ ਬਿਠਾਉਂਦਾ ਹੈ।
ਬੰਦਾ ਜੀਵਨ ਜਾਚ ਸਿੱਖਦਾ, ਮਨੋਰੰਜਨ ਅਤੇ ਆਪਣੇ ਭਾਵਾਂ ਦਾ ਦੁਖਾਂਤ ਦੇ ਲੱਛਣ ਅਤੇ ਗੁਣਾਂ ਨੂੰ ਨਿਰਧਾਰਿਤ ਕਰਦੇ ਹੋਏ ਕਥਾਰਸਿਸ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ।
ਇਹ ਸਾਰਾ ਭਾਰਾ ਵਜ਼ਨ ਠੇਕਾ ਇਕ ਹੀ ਬੰਦਾ ਲਈ ਫਿਰਦਾ ਹੈ।
ਉਹੀ ਸ਼ਖਸ਼ ਮੈਂ ਪਹਿਲੀ ਵਾਰ ਸੁਰਜੀਤ ਪਾਤਰ ਦੀ ਸੀਟ ਦੇ ਸਾਹਮਣੇ ਬੈਠਾ ਕੁਝ ਲਿਖਦਾ ਦੇਖਿਆ ਸੀ।
ਓਹਦੇ ਕੋਲ ਖ਼ਬਰੇ ਨਜ਼ਰ ਉਤਾਂਹ ਚੁੱਕ ਦੇਖਣ ਦੀ ਵੀ ਫ਼ੁਰਸਤ ਨਹੀਂ ਸੀ। ਉਸ ਵੇਲੇ।
ਆਵਾਜ਼ ਵਿੱਚ ਏਨੀ ਗੜਕ ਕਿ ਅਜੇ ਵੀ ਬੋਲੀਆਂ ਪਾਉਣ ਨੂੰ ਤਿਆਰ।
ਮਝੈਲੀ ਬੋਲੀ ਚ ਝੱਟ ਫੋਨ ਚੁੱਕ ਕਹੇ-
"ਕਿਤਰਾਂ ਕੀ ਹਾਲ ਆ
ਵੀਡੀਓ ਕਾਲ ਤੇ ਦੇਖਣ ਨੂੰ ਕੋਈ ਪੀਰ ਪੈਗ਼ੰਬਰ ਲੱਗੇ।
ਵਾਲ ਖਿਲਰੇ ਮੇਰੇ ਵਾਂਗ।
ਹੋਰ ਸੁਣਾ। ਬਸ ਲਿਖਦਾ ਰਹਿ। ਲਿਖਦੇ ਹੀ ਰਹੀਦਾ।
ਕੋਈ ਫ਼ਰਕ ਨਹੀਂ ਹੁੰਦਾ ਛੋਟੇ ਵੱਡੇ ਦਾ"
ਤੁਹਾਡਾ ਵਿਦਿਆਰਥੀ ਤਾਂ ਫੋਨ ਵੀ ਨਹੀਂ ਚੱਕਦਾ।
ਕਿਹੜਾ" ਪਾਤਰ। ਜਿਹਦੇ ਉਸਤਾਦ ਨੇ ਥੀਸਿਸ ਲਿਖਿਆ ਤੇ ਡਾਕਟਰੀ ਕੀਤੀ ਸੀ ਫਿਰ ਆਪ। ਹਾ ਹਾ ਅੱਛਾ "
ਮੇਰੇ ਕੋਲ ਤਾਂ ਉਹਦਾ ਫੋਨ ਵੀ ਨਹੀਂ ਹੈ"
ਮੇਰੇ ਕੋਲ ਹੈਗਾ। ਮੈਂ ਘੱਲਾਂਗਾ ਤੁਹਾਨੂੰ ਔ। ਮੈਂ ਕਿਹਾ।
ਇਸ ਲੋਕ ਧਾਰਾ ਦੇ ਪਿਤਾਮਾ ਦਾ ਜਨਮ ਬਾਰ ਦੇ ਇਲਾਕੇ ਵਿੱਚ। ਟੋਭਾ ਟੇਕ ਸਿੰਘ ਦੇ ਨਜ਼ਦੀਕ 359 ਚੱਕ, ਜ਼ਿਲ੍ਹਾ ਲਾਇਲਪੁਰ, ਪਾਕਿਸਤਾਨ ਵਿੱਚ ਹੋਇਆ ਸੀ। 6 ਫੱਗਣ ਸੀ ਓਦਣ। 1941 ਦਾ।
ਲਾ ਲਾਅ ਹਿਸਾਬ ਕਿੰਨੇ ਬਣਦੇ ਆ ਸਾਲ। ਮੈਂ ਕਿਹਾ 28 ।
"ਉਹ ਕਿਤਰਾਂ"
ਜਿੰਨੇ ਸਾਲਾਂ ਦਾ ਬੰਦਾ ਲੱਗਦਾ ਹੋਵੇ। ਉਹ ਗਿਣੀਦੇ ਨੇ ਸਾਲ ਉਮਰਾਂ ਦੇ।
"ਅੱਛਾ। ਚਲੋ। ਏਦਾਂ ਹੀ ਚਲੀ ਜਾਣਾ। ਹੋਰ ਸੁਣਾ।"
ਮੈਂ ਤਾਂ ਬਾਬਿਆਂ ਤੋਂ ਕੁੱਝ ਸੁਣਨ ਲਈ ਫੋਨ ਕੀਤਾ ਸੀ।
ਉਹਦਾ ਜੱਦੀ ਪੁਸ਼ਤੀ ਪਿੰਡ ਤਾਂ ਗੁਨੋਵਾਲਾ ਨੇੜੇ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਹੈ।
ਪੰਜਾਬੀ ਲੋਕ-ਕਹਾਣੀਆਂ ਅਤੇ ਲੋਕਧਾਰਾ ਦੀ ਖੋਜੀ ਬਿਰਤੀ ਵਾਲਾ ਉਹ ਗਲਪਕਾਰ ਡਾ. ਜੋਗਿੰਦਰ ਸਿੰਘ ਕੈਰੋਂ ਹੈ।
ਪ੍ਰਾਇਮਰੀ ਆਪਣੇ ਪਿੰਡ ਸਕੂਲ ਤੋਂ ਕਰ। ਗਗੋਮਾਡਲ ਦੇ ਮਿਡਲ ਸਕੂਲ ਤੋਂ ਅੱਠਵੀਂ ਪਾਸ ਕੀਤੀ। ਫਿਰ 1957 ਵਿੱਚ ਆਪਣੀ ਭੂਆ ਕੋਲ ਪਿੰਡ ਕੈਰੋਂ ਅੰਮ੍ਰਿਤਸਰ ਚਲਾ ਗਿਆ।
ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ. ਪੰਜਾਬੀ ਕਰ ਕੇ 1979 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੋਕਧਾਰਾ ਦੇ ਖੇਤਰ ਵਿੱਚ ਪੀ.ਐਚ.ਡੀ. ਕੀਤੀ ਤੇ ਡਾਕਟਰ ਬਣ ਗਿਆ।
1984 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਉਹਦੀ ਲੈਕਚਰਾਰ ਵਜੋਂ ਨਿਯੁਕਤੀ ਹੋਈ।
ਉਹਦੀਆਂ ਕਹਾਣੀਆਂ ਦੇ ਵਿਸ਼ੇ ਮਨੁੱਖ ਦੀਆਂ ਅਧੂਰੀਆਂ ਇਛਾਵਾਂ, ਕਾਮਨਾਵਾਂ, ਟੁੱਟਦੇ ਰਿਸ਼ਤਿਆਂ, ਪਤੀ-ਪਤਨੀ ਸਬੰਧਾਂ ਦੀ ਤਿੜਕਣ, ਸਰਮਾਏਦਾਰੀ ਸਮਾਜ ਵਿੱਚ ਮਨੁੱਖ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸ ਚੁੱਕੇ ਸਮੁੱਚੇ ਸਿਸਟਮ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕਰਨ ਵਾਲੇ ਹੁੰਦੇ ਹਨ।
ਉਹਦਾ ਪਹਿਲਾ ਨਾਵਲ 'ਨਾਦ-ਬਿੰਦ' ਛਪਿਆ ਤਾਂ ਉਹ ਛਪਣ ਨਾਲ ਹੀ ਚਰਚਾ ਚ ਆ ਗਿਆ ਸੀ।
ਇਸ ਨਾਵਲ ਚ ਡਾਕਟਰ ਜੋਗਿੰਦਰ ਸਿੰਘ ਕੈਰੋਂ ਨੇ ਯੋਗ ਧਿਆਨ, ਫ਼ਲਸਫ਼ਾ, ਕਾਮ-ਵਾਸਨਾ ਅਤੇ ਬੰਦੇ ਦੇ ਚੇਤਨ-ਅਵਚੇਤਨ ਵਿੱਚ ਚਲਦੇ ਦਵੰਦ ਨੂੰ ਪਕੜਨ ਦਾ ਯਤਨ ਕੀਤਾ ਹੈ। ਉਸਨੇ ਯਾਦਾਂ, ਡਾਇਰੀ, ਪਿੱਛਲ ਝਾਤ ਅਤੇ ਹੋਰ ਵਰਨਾਤਮਕ ਜੁਗਤਾਂ ਰਾਹੀਂ ਉਹ ਆਪਣਾ ਕਥਾਨਕ ਉਸਾਰਦਾ ਹੈ। ਉਸ ਦੇ ਨਾਵਲਾਂ ਵਿੱਚ ਦਾਰਸ਼ਨਿਕ ਫ਼ਲਸਫ਼ਾ, ਲੋਕ ਧਰਾਈ ਵੇਰਵੇ ਅਤੇ ਇਤਿਹਾਸਕ ਤੱਤ ਉਸ ਦੀ ਨਾਵਲੀ ਵਿਲੱਖਣਤਾ ਨੂੰ ਦਰਸਾਉਦੇ ਹਨ। ਉਸ ਦੀ ਵਿਚਾਰਧਾਰਕ ਪ੍ਰਤੀਬੱਧਤਾ ਸਾਧਾਰਨ ਮਨੁੱਖ ਅਤੇ ਉਸ ਦੇ ਜੀਵਨ ਯਥਾਰਥ ਨਾਲ ਜੁੜੇ ਹੋਏ ਅਨੇਕਾਂ ਪੱਖ ਅਤੇ ਪਾਸਾਰ ਉਸ ਦੇ ਨਾਵਲਾਂ ਦੇ ਕੇਂਦਰ ਵਿੱਚ ਹਨ।
ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਵੱਲੋਂ ਉੱਘੇ ਆਲੋਚਕ ਅਤੇ ਸਾਹਿੱਤਕਾਰ ਡਾ ਕੈਰੋਂ ਨੂੰ ਸਾਹਿੱਤ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਲਈ ਅਜੀਵਨਕਾਲ ਪ੍ਰਾਪਤੀ ਲਈ ਸਨਮਾਨ ਦਿੱਤਾ ਗਿਆ ਹੈ।
ਇਹ ਸਨਮਾਨ ਉਹਨਾਂ ਨੂੰ ਚੰਡੀਗੜ ਵਿਖੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਲਾ ਪ੍ਰੀਸ਼ਦ ਦੇ ਪ੍ਰਧਾਨ ਡਾ: ਸੁਰਜੀਤ ਸਿੰਘ ਪਾਤਰ ਮਤਲਬ ਉਹਨਾਂ ਦੇ ਹੀ ਆਪਣੇ ਵਿਦਿਆਰਥੀ ਤੋਂ ਸਨਮਾਨ ਹਾਸਲ ਹੋਇਆ ਹੈ।
ਇਸ ਸਨਮਾਨ ਵਿੱਚ ਸੋਭਾ ਪੱਤਰ, ਸਨਮਾਨ ਚਿੰਨ ਅਤੇ ਇੱਕ ਲੱਖ ਰੁਪੈ ਨਗਦ ਇਨਾਮ ਸ਼ਾਮਿਲ ਸੀ।
ਡਾ ਕੈਰੋਂ ਸਾਹਿੱਤ ਅਤੇ ਆਲੋਚਨਾ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਹਸਤਾਖਰ ਹੈ।
ਉਹਨਾਂ ਦੀਆਂ 40 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਨ੍ਹਾਂ ‘ਚ ਲੋਕਧਾਰਾ ਨਾਲ ਸੰਬੰਧਿਤ ਆਲੋਚਨਾ ਅਤੇ ਖੋਜ, ਨਾਵਲ, ਜੀਵਨੀਆਂ, ਅਨੁਵਾਦਕ,ਖੋਜ ਅਤੇ ਸਫ਼ਰਨਾਮੇ ਸ਼ਾਮਿਲ ਹਨ।
ਉਹ ਸ਼ਿਲਾਲੇਖ ਮੈਗਜ਼ੀਨ ਨੂੰ ਸਫਲਤਾ ਪੂਰਵਕ ਚਲਾ ਰਹੇ ਹਨ। ਆਪ ਦੇ ਨਾਵਲ ਨਾਦ ਬਿੰਦ ਪਿਛਲੇ 15 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ ਏ ਪੰਜਾਬੀ ਦੇ ਸਿਲੇਬਸ ‘ਚ ਲਾਗੂ ਹਨ। ਇਸ ਨਾਦ ਬਿੰਦ ਨੂੰ ਨੈਸ਼ਨਲ ਬੁੱਕ ਟਰੱਸਟ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦਾ ਫੈਸਲਾ ਕੀਤਾ ਹੈ। ਜਦ ਕਿ ਹਿੰਦੀ ‘ਚ ਪਹਿਲਾਂ ਹੀ ਅਨੁਵਾਦ ਹੋ ਚੁੱਕਾ ਹੈ।
ਕੈਰੋਂ ਪੰਜਾਬੀ ਸਾਹਿਤ ਵਿੱਚ ਵਿਲੱਖਣਤਾਵਾਂ ਦਾ ਅੰਗੂਠਾ ਲਾ ਬੈਠਾ ਹੈ। ਹਸਤਾਖ਼ਰ ਕਰ ਦਿੱਤੇ ਹਨ ਉਹਨੇ ਲੋਕ ਧਾਰਾ ਦੀ ਖੋਜ ਦੇ ਅਸ਼ਟਾਮ ਤੇ।
ਬਹੁਤ ਸਿਰੜੀ ਬਿਰਤੀ ਵਾਲਾ ਹੈ ਇਹ ਸ਼ਖ਼ਸ। ਲੋਕ ਕਹਾਣੀ ਦੇ ਸੰਰਚਨਾਤਮਕ ਪਹਿਲੂਆਂ ਨੂੰ ਪਛਾਨਣ ਲਈ ਓੁਹਨੇ ਆਪਣੀ ਪੀ.ਐਚ.ਡੀ. ਦੀ ਖੋਜ ਪੂਰੇ ਸਿਰੜ ਨਾਲ ਕੀਤੀ।
ਉਹਨੇ ਕਹਾਣੀ, ਨਾਵਲ, ਜੀਵਨੀ ਅਤੇ ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਅਨੇਕਾਂ ਰਚਨਾਵਾਂ ਰਚੀਆਂ।
5 ਨਾਵਲ, 2 ਕਹਾਣੀ ਸੰਗ੍ਰਹਿ, 4 ਜੀਵਨੀਆਂ ਅਤੇ 7 ਲੋਕਧਾਰਾ ਦੇ ਖੇਤਰ ਨਾਲ ਸੰਬੰਧਿਤ ਪੁਸਤਕਾਂ ਦੀ ਰਚਨਾ ਕੀਤੀ।
ਉਹ ਜ਼ਿੰਦਗੀ ਦੀ ਆਖਰੀ ਲੜਾਈ ਦਾ ਨਾਇਕ ਹੈ। ਕਾਕਰੋਚਾਂ 'ਚ ਘਿਰਿਆ ਆਦਮੀ।
ਉਹਨੇ ਨਾਦ-ਬਿੰਦ ਸਭਨਾਂ ਜਿੱਤੀਆਂ ਬਾਜ਼ੀਆਂ ਰੋਜ਼ਾ-ਮੇਅ ਨੀਲੇ ਤਾਰਿਆਂ ਦੀ ਮੌਤ ਬਾਈ ਪੋਲਰਾਂ ਦੇ ਦੇਸ਼ ਬਾਬਾ ਨੂਰਾ ਤੇ ਮੈਨਾ (ਬਾਲ ਨਾਵਲ) ਲਿਖਿਆ ਹੈ।
ਬਾਬਾ ਖੜਕ ਸਿੰਘ ਸੰਤ ਬਾਬਾ ਖੜਕ ਸਿੰਘ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਬਨਸਫ਼ੇ ਦਾ ਫੁੱਲ (ਐਚ.ਐਸ.ਭੱਟੀ) ਲੋਕ ਨਾਇਕ ਪ੍ਰਤਾਪ ਸਿੰਘ ਕੈਰੋਂ ਦੀਆਂ ਜੀਵਨੀਆਂ ਵੀ ਸਫਿਆਂ ਤੇ ਚਿਤਰੀਆਂ ਹਨ।
ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ ਪੰਜਾਬੀ-ਲੋਕ ਵਾਰਤਾ
ਬਦੇਸ਼ੀ ਲੋਕ-ਕਹਾਣੀਆਂ
ਪੰਜਾਬੀ ਸਾਹਿਤ ਦਾ ਲੋਕਧਾਰਾਈ ਪਿਛੋਕੜ ਸਾਡੇ ਲੋਕਧਾਰਾ ਸ਼ਾਸਤਰੀ
ਪੰਜਾਬੀ ਲੋਕਧਾਰਾ ਅਧਿਐਨ ਪੁਸਤਕਾਂ ਦੀ ਸੰਪਾਦਨਾਂ ਵੀ ਕੀਤੀ ਹੈ।
ਕਾਮਰੇਡ ਤੇਜਾ ਸਿੰਘ ਸੁਤੰਤਰ ਵਾਸਦੇਵ ਸਿੰਘ ਦੀਆਂ ਜੀਵਨ ਯਾਦਾਂ ਵੀ ਉਹਦੀ ਝੋਲੀ ਹੀ ਪਈਆਂ ਹਨ।
ਅਜੇ ਵੀ ਉਹ ਰਾਤ ਦਿਨ ਲੋਕ ਧਾਰਾ ਦੀਆਂ ਨਵੀਆਂ ਪੈੜਾਂ ਪਾਉਂਦਾ ਨਹੀਂ ਥੱਕਦਾ। ਇਹ ਸਾਹਿਤ ਦੇ ਨੌਜਵਾਨ ਬਾਬੇ ਕੈਰੋਂ ਦੀ ਕਥਾ ਕਹਾਣੀ ਹੈ ਨਿੱਕੀ ਜੇਹੀ।