ਦੁੱਖ ਭੰਜਨੀ ਦਾ ਬੇਰ - ਭਾਈ ਨਿਰਮਲ ਸਿੰਘ : ਪ੍ਰੋ. ਅਵਤਾਰ ਸਿੰਘ

ਸੋਸ਼ਲ ਮੀਡੀਏ ‘ਤੇ ਦੋ ਦਿਨ ਪਹਿਲਾਂ ਚਰਚਾ ਸੀ ਕਿ ਕੀਰਤਨ ਸਮਰਾਟ ਪਦਮਸ਼੍ਰੀ ਭਾਈ ਨਿਰਮਲ ਜੀ ਕੋਰੋਨਾ ਪੌਜ਼ਿਟਿਵ ਹਨ। ਅੱਜ ਅੰਮ੍ਰਿਤ ਵੇਲੇ ਖ਼ਬਰ ਆਈ ਕਿ ਉਹ ਚੱਲ ਵਸੇ ਹਨ। ਇਹ ਖ਼ਬਰ ਇਵੇਂ ਲੱਗੀ ਜਿਵੇਂ ਸਾਡੀ ਕੀਰਤਨ ਪਰੰਪਰਾ ‘ਤੇ ਬੰਬ ਡਿਗ ਪਿਆ ਹੋਵੇ। ਜਿਵੇਂ ਸਭ ਤਹਿਸ ਨਹਿਸ ਹੋ ਗਿਆ ਹੋਵੇ। ਜਿਵੇਂ ਕੁਛ ਵੀ ਨਾ ਬਚਿਆ ਹੋਵੇ।

ਕੋਰੋਨਾ ਦੀ ਭਿਆਨਕਤਾ ‘ਤੇ ਯਕੀਨ ਨਹੀਂ ਸੀ ਆਉਂਦਾ। ਚੁਟਕਲੇ ਸੁਝਦੇ ਸਨ ਕਿ ਜੰਨਤਾ ਐਵੇਂ ਡਰੀ ਹੋਈ ਹੈ। ਅੱਜ ਯਕੀਨ ਹੋ ਗਿਆ ਹੈ ਕਿ ਇਹ ਸੱਚਮੁਚ ਮਹਾਮਾਰੀ ਹੈ। ਹੁਣ ਬੇਸ਼ੱਕ ਕੋਰੋਨਾ ਕਿਸੇ ਨੂੰ ਕੁਝ ਨਾ ਕਹੇ, ਪਰ ਸਾਡੀ ਦੁੱਖ ਭੰਜਨੀ ਦਾ ਬੇਰ ਤੋੜ ਕੇ ਲੈ ਗਿਆ ਹੈ; ਉਹ ਵੀ ਟੀਸੀ ਦਾ।

ਕਈ ਸਾਲ ਹੋਏ, ਉਹ ਹਰ ਰੋਜ਼ ਅੰਮ੍ਰਿਤ-ਵੇਲ਼ੇ ਬਾਣੀ ਦੀ ਤੁਕ ਅਤੇ ਫ਼ਤਿਹ ਲਿਖ ਕੇ ਵੱਟਸਅੱਪ ਕਰਦੇ ਸਨ ਤੇ ਮੈਂ ਉਨ੍ਹਾਂ ਨੂੰ ਹਰ ਰੋਜ਼ ਤਾਜ਼ੇ ਫੁੱਲ ਦੀ ਫੋਟੋ ਖਿੱਚ੍ਹ ਕੇ ਤੇ ਨਾਲ਼ ਕੁਛ ਨਾ ਕੁਛ ਲਿਖ ਕੇ ਭੇਜਦਾ ਸੀ। ਚਾਰ ਦਿਨ ਤੋਂ ਉਨ੍ਹਾਂ ਦਾ ਕੋਈ ਮੈਸੇਜ ਨਹੀਂ ਸੀ ਆਇਆ; ਆਇਆ ਤਾਂ ਕਿਹੜਾ ਆਇਆ!

ਉਨ੍ਹਾਂ ਨਾਲ ਮੇਰਾ ਸੰਬੰਧ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੀ। ਮੈਂ ਉੱਥੇ ਪੜ੍ਹਦਾ ਸੀ ਤੇ ਅਸੀਂ ‘ਸਰਬੱਤ ਸੇਵਾ ਸੁਸਾਇਟੀ’ ਦੇ ਨਾਂ ਹੇਠ ਹਰ ਸਾਲ ਦਸਮ ਪਿਤਾ ਦਾ ਆਗਮਨ ਦਿਵਸ ਮਨਾਉਂਦੇ ਸਾਂ। ਸ਼ਾਇਦ ਕਾਨਵੇਂ ਬਾਨਵੇਂ ਵਿੱਚ ਅਸੀਂ ਭਾਈ ਸਾਹਿਬ ਨੂੰ ਯੂਨੀਵਰਸਿਟੀ ਬੁਲਾਇਆ ਸੀ। ਉਨ੍ਹਾਂ ਨੇ ਦੀਵਾਨ ਵਿੱਚ ਬਸੰਤ ਰਾਗ ਗਾਇਆ ਤੇ ਸਭ ਨੂੰ ਨਿਹਾਲ ਕਰ ਦਿੱਤਾ।

ਉਨ੍ਹਾਂ ਨੂੰ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਠਹਿਰਾਇਆ ਸੀ। ਰਾਤ ਨੂੰ ਅਸੀਂ ਉਨ੍ਹਾਂ ਨੂੰ ਫਿਰ ਮਿਲਣ ਚਲੇ ਗਏ। ਮੈਂ ਸ਼ਬਦ ਸੁਣਨ ਲਈ ਬੇਨਤੀ ਕੀਤੀ ਤਾਂ ਉਹ ਕਹਿਣ ਲੱਗੇ ਅੰਮ੍ਰਿਤ ਵੇਲੇ ਆਉਣਾ।

ਅਸੀਂ ਪੰਜ ਸੱਤ ਜਾਣੇ ਇਕੱਠੇ ਹੋ ਕੇ ਅੰਮ੍ਰਿਤ ਵੇਲੇ ਫਿਰ ਚਲੇ ਗਏ। ਭਾਈ ਸਾਹਿਬ ਤਿਆਰ ਬਰ ਤਿਆਰ ਬੈਠੇ ਸਨ ਤੇ ਸਾਨੂੰ ਉਡੀਕ ਹੀ ਰਹੇ ਸਨ। ਕਹਿਣ ਲੱਗੇ ਕਿਤੇ ਖੁੱਲ੍ਹੇ ਅਸਮਾਨ ਹੇਠ ਬੈਠਦੇ ਹਾਂ। ਅਸੀਂ ਉਨ੍ਹਾਂ ਦੇ ਸਾਜ ਚੱਕੇ ਤੇ ਯੂਨੀਵਰਸਿਟੀ ਦੇ ਬੁਟੈਨੀਕਲ ਗਾਰਡਨ ‘ਚ ਚਲੇ ਗਏ। ਚਾਰੇ ਪਾਸੇ ਫੁੱਲ ਖਿੜੇ ਹੋਏ। ਕਿਤੇ ਡਬਲ ਡੇਲੀਆ ਤੇ ਕਿਤੇ ਕੰਵਲ, ਕਿਤੇ ਗੁਲਦੌਦੀ ਕਿਤੇ ਗੁਲਾਬ, ਕਿਤੇ ਸਤਬਰਗ ਕਿਤੇ ਚਮੇਲੀ, ਪਾਣੀਆਂ ‘ਚ ਤਰਦੀਆਂ ਵੇਲਾਂ ਤੇ ਵਿਚ ਵਿਚ ਖਿੜੇ ਰੰਗਬਰੰਗੇ ਫੁੱਲ। ਵਾਹ! ਕਿਆ ਕਹਿਣ ਦੀਆਂ ਬਾਤਾਂ! ਕਿਆ ਨਜ਼ਾਰੇ!

ਬਹੁਤ ਸੋਹਣੀ ਜਹੀ ਥਾਂ ਦੇਖ ਕੇ ਭਾਈ ਸਾਹਿਬ ਉੱਥੇ ਹੀ ਬਿਰਾਜ ਗਏ ਤੇ ਸਾਜ ਸੁਰ ਕਰਨ ਲੱਗ ਪਏ ਤੇ ਅਸੀਂ ਇਸਤਰਾਂ ਸਾਹਮਣੇ ਬੈਠ ਗਏ, ਜਿਵੇਂ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਾਮੀਰ ਹੋ ਗਿਆ ਹੋਵੇ।

ਭਾਈ ਸਾਹਿਬ ਨੇ ਬਸੰਤ ਰਾਗ ਗਾਇਆ। ਫਿਰ “ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ”। ਫਿਰ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ”। ਫਿਰ ਹੋਰ ਫਿਰ ਹੋਰ ਫਿਰ ਹੋਰ। ਪਤਾ ਹੀ ਨਾ ਲੱਗਾ ਕਦ ਸੂਰਜ ਚੜ੍ਹ ਆਇਆ ਤੇ ਨੌਂ ਵੱਜ ਗਏ। ਇਵੇਂ ਲੱਗਾ ਜਿਵੇਂ ਭਾਈ ਸਾਹਿਬ ਸਾਨੂੰ ਜਹਾਜ ਵਿਚ ਚੜ੍ਹਾ ਕੇ ਕਿਸੇ ਹੋਰ ਲੋਕ ਵਿੱਚ ਲੈ ਗਏ ਹੋਣ। ਬੜੀ ਮੁਸ਼ਕਲ ਨਾਲ ਅਸੀਂ ਉਸੇ ਜਗਾਹ ਵਾਪਸ ਆਏ। ਅਸੀਂ ਸਾਰੇ ਇਕ ਦੂਜੇ ਵੱਲ੍ਹ ਦੇਖ ਰਹੇ ਸਾਂ ਤੇ ਮਨੋ ਮਨੀ ਕਹਿ ਰਹੇ ਸਾਂ ‘ਇਹ ਹੁੰਦਾ ਹੈ ਰਾਗ ਤੇ ਇਹ ਹੁੰਦਾ ਹੈ ਕੀਰਤਨ’। ਭਾਈ ਸਾਹਿਬ ਵਾਪਸ ਪਰਤ ਗਏ। ਅਸੀਂ ਰੋਜ਼ ਉਡੀਕਦੇ ਰਹਿੰਦੇ ਕਿ ਕਿਸ ਦਿਨ ਰੇਡੀਓ ‘ਤੇ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਦਾ ਕੀਰਤਨ ਆਵੇ ਤੇ ਅਸੀਂ ਸੁਣੀਏ।

ਇਕ ਦੋਸਤ ਕੋਲ਼ ਡਬਲ ਕੈਸਟ ਟੇਪ ਰਿਕਾਰਡਰ ਸੀ, ਜਿਹਦੇ ਵਿੱਚ ਅਸੀਂ ਭਾਈ ਸਾਹਿਬ ਦਾ ਕੀਰਤਨ ਰਿਕਾਰਡ ਕਰ ਲਿਆ ਸੀ। ਅਸੀਂ ਉਹਦੀਆਂ ਕਾਪੀਆਂ ਕਰ ਕਰਕੇ ਸਾਰੇ ਦੋਸਤਾਂ ਵਿੱਚ ਵੰਡ ਦਿੱਤੀਆਂ। ਚੰਡੀਗੜ੍ਹ ਦੀ ਪਥਰੀਲੀ ਫ਼ਿਜ਼ਾ ਵਿੱਚ ਭਾਈ ਸਾਹਿਬ ਦਾ ਕੀਰਤਨ ਗੂੰਜਣ ਲੱਗ ਪਿਆ ਤੇ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਦੀ ਜ਼ੁਬਾਨ ‘ਤੇ ਹਰ ਵਕਤ ਇਹੀ ਧੁਨਾ ਚੜ੍ਹੀਆਂ ਰਹਿੰਦੀਆਂ — ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ... ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ।

ਭਾਈ ਸਾਹਿਬ ਸਾਡੀ ਰੂਹ ਵਿੱਚ ਵਸ ਗਏ ਸਨ। ਹੋ ਸਕਦਾ ਹੈ ਕਿ ਅਸੀਂ ਵੀ ਕੁਝ ਨਾ ਕੁਝ ਉਨ੍ਹਾਂ ਦੇ ਦਿਲ ‘ਤੇ ਅਸਰ ਕੀਤਾ ਹੋਵੇ। ਮੇਰਾ ਸ਼ੱਕ ਯਕੀਨ ‘ਚ ਬਦਲ ਗਿਆ ਜਦ ਮੇਰੇ ਹੋਸਟਲ ਦੇ ਪਤੇ ‘ਤੇ ਭਾਈ ਸਾਹਿਬ ਦਾ ਖ਼ਤ ਆ ਗਿਆ, ਜਿਹਦੇ ਵਿੱਚ ਉਨ੍ਹਾਂ ਨੇ ਬੁਟੈਨੀਕਲ ਗਾਰਡਨ ਦੀ ਯਾਦ ਨੂੰ ਆਪਣੇ ਜੀਵਨ ਦੀ ਅਦਭੁੱਤ ਯਾਦ ਦੱਸਿਆ, ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਤੇ ਮੈਨੂੰ ਅੰਮ੍ਰਿਤਸਰ ਆਉਣ ‘ਤੇ ਮਿਲਣ ਦੀ ਤਾਕੀਦ ਕੀਤੀ।

ਅਸੀਂ ਬਹੁਤੀ ਦੇਰ ਨਾ ਪੈਣ ਦਿੱਤੀ ਤੇ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਕੁਲਜੀਤ, ਹਰਜੀਤ, ਜਗਦੀਸ਼, ਗੁਰਸ਼ੇਰ, ਗੁਰੀ ਤੇ ਮੈਂ ਅੰਮ੍ਰਿਤਸਰ ਚਲੇ ਗਏ। ਨਾਨਕ ਨਿਵਾਸ ਵਿੱਚ ਤਿੰਨ ਕਮਰੇ ਲੈ ਲਏ, ਪਰ ਰਹਿੰਦੇ ਸਾਰਾ ਦਿਨ ਇੱਕ ਕਮਰੇ ਵਿੱਚ ਹੀ ਤੇ ਦੇਰ ਰਾਤ ਤੱਕ ਸੈਮੀਨਾਰ ਲਾਈ ਰੱਖਦੇ। ਅਸੀਂ ਸ਼ਿਰੋਮਣੀ ਕਮੇਟੀ ਦੇ ਦਫਤਰੋਂ ਰਾਗੀ ਸਿੰਘਾਂ ਦਾ ਡਿਊਟੀ ਚਾਰਟ ਹਾਸਲ ਕਰ ਲਿਆ ਤੇ ਭਾਈ ਨਿਰਮਲ ਸਿੰਘ ਜੀ ਦੀ ਡਿਊਟੀ ਤੋਂ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਰਾਗੀ ਸਿੰਘਾਂ ਦੇ ਐਨ੍ਹ ਸਾਹਮਣੇ ਬਿਰਾਜ ਜਾਂਦੇ। ਇਕ ਦਿਨ ਭਾਈ ਸਾਹਿਬ ਦੀ ਪੂਰੀ ‘ਆਸਾ ਦੀ ਵਾਰ’ ਸਰਵਣ ਕੀਤੀ। ਕੀਰਤਨ ਦੌਰਾਨ ਕਈ ਵਾਰੀ ਭਾਈ ਸਾਹਿਬ ਨਾਲ਼ ਨਜ਼ਰ ਮਿਲ਼ ਜਾਂਦੀ ਤੇ ਉਹ ਨਜ਼ਰਾਂ ਵਿੱਚ ਹੀ ਕੁਝ ਕਹਿ ਜਾਂਦੇ ਤੇ ਅਸੀਂ ਸਮਝ ਜਾਂਦੇ, ਜਿਵੇਂ ਸਾਡੀ ਹਾਜ਼ਰੀ ਸੱਚਖੰਡ ਵਿੱਚ ਪ੍ਰਵਾਨ ਹੋ ਗਈ ਹੋਵੇ।

ਕੁਝ ਚਿਰ ਬਾਦ ਮੇਰੇ ਮਨ ਵਿੱਚ ਫਿਰ ਵਲਵਲਾ ਉੱਠਿਆ ਤੇ ਮੈਂ ਅੰਮ੍ਰਿਤਸਰ ਪਹੁੰਚ ਗਿਆ; ਸਰਾਂ ‘ਚ ਕਮਰਾ ਲਿਆ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਿਆ। ਕਹਿੰਦੇ ਹਨ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ। ਮੈਂ ਦੰਗ ਰਹਿ ਗਿਆ ਕਿ ਅੰਦਰ ਭਾਈ ਨਿਰਮਲ ਸਿੰਘ ਜੀ ਕੀਰਤਨ ਕਰ ਰਹੇ ਸਨ। ਮੈਨੂੰ ਸਾਹਮਣੇ ਥਾਂ ਵੀ ਮਿਲ਼ ਗਈ ਤੇ ਅਨੰਦ ਬੱਝ ਗਿਆ। ਭਾਈ ਸਾਹਿਬ ਦੀ ਡਿਊਟੀ ਸਮਾਪਤ ਹੋਈ ਤਾਂ ਮੈਂ ਵੀ ਉੱਠ ਕੇ ਬਾਹਰ ਆ ਗਿਆ ਤੇ ਦਰਸ਼ਣੀ ਡਿਓੜ੍ਹੀ ਕੋਲ਼ ਜਾ ਕੇ ਫ਼ਤਿਹ ਬੁਲਾਈ। ਉਹ ਮੈਨੂੰ ਕਲ਼ਾਵੇ ‘ਚ ਲੈ ਕੇ ਆਪਣੇ ਖ਼ਸੂਸੀ ਅੰਦਾਜ਼ ਵਿੱਚ ਬੋਲੇ, “ਤੁਹਾਨੂੰ ਮਿਲ਼ ਕੇ ਦਿਲ ਬੜਾ ਪ੍ਰਸੰਨ ਹੁੰਦਾ”। ਮੈਂ ਰੋਜ਼ ਉਨ੍ਹਾਂ ਨੂੰ ਪ੍ਰਸੰਨ ਕਰਦਾ ਤੇ ਖ਼ੁਦ ਪ੍ਰਸੰਨ ਹੁੰਦਾ।

ਉਨ੍ਹੀ ਦਿਨੀ ਭਾਈ ਸਾਹਿਬ ਚੌਂਕ ਘੰਟਾ-ਘਰ ਵਾਲ਼ੇ ਪਾਸੇ, ਸ਼ਿਰੋਮਣੀ ਕਮੇਟੀ ਦੇ ਦਫਤਰ ਦੇ ਉਪਰ ਵਾਲ਼ੇ ਕਮਰਿਆਂ ਵਿੱਚ ਰਹਿੰਦੇ ਸਨ। ਇਕ ਦਿਨ ਕੀਰਤਨ ਉਪਰੰਤ ਉਹ ਮੈਨੂੰ ਆਪਣੀ ਰਿਹਾਇਸ਼ ਵਿਖੇ ਨਾਲ਼ ਲੈ ਗਏ। ਘਰੇ ਭਾਈ ਅਮਰੀਕ ਸਿੰਘ ਜ਼ਖ਼ਮੀ ਆਏ ਹੋਏ ਸਨ। ਭਾਈ ਸਾਹਿਬ ਨੇ ਦੱਸਿਆ ਕਿ ਉਹ ਆਪਣੇ ਬੇਟੇ ਲਈ ਕਹਿਣ ਆਏ ਸਨ ਕਿ ਮੈਂ ਉਹਨੂੰ ਆਪਣੇ ਨਾਲ਼ ਰੱਖ ਲਵਾਂ। ਮੈਂ ਭਾਈ ਸਾਹਿਬ ਦੀ ਰਾਗ ਵਿੱਦਿਆ ‘ਤੇ ਹੈਰਾਨ ਹੋਇਆ ਕਿ ਘਰਾਣਿਆਂ ਵਾਲ਼ੇ ਕਿਵੇਂ ਆਪਣੇ ਬੱਚਿਆਂ ਨੂੰ ਉਨ੍ਹਾਂ ਕੋਲ਼ੋਂ ਸੰਗੀਤ ਦੀ ਤਾਲੀਮ ਦੁਆਉਣ ਲਈ ਫ਼ਰਿਆਦੀ ਹੋ ਰਹੇ ਹਨ।

ਇਕ ਦਿਨ ਫਿਰ ਉਹ ਮੈਨੂੰ ਦਰਬਾਰ ਸਾਹਿਬ ਤੋਂ ਆਪਣੇ ਨਾਲ਼ ਲੈ ਗਏ। ਬੜੀਆਂ ਗੱਲਾਂ ਹੋਈਆਂ। ਉਨ੍ਹਾਂ ਨੇ ਬੜੀ ਹੀ ਹਿਰਦੇ ਵੇਧਕ ਗੱਲ ਦੱਸੀ ਕਿ ਸੱਚਖੰਡ ਦੇ ਅੰਦਰ ਵੀ ਕਿਸੇ ਮੁੱਖ ਗ੍ਰੰਥੀ ਵੱਲੋਂ ਉਨ੍ਹਾਂ ਨਾਲ਼ ਜਾਤ ਪਾਤੀ ਵਿਤਕਰਾ ਤੇ ਕਟਾਕਸ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇ ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਬਜਾਏ, ਇਨ੍ਹਾਂ ਲੋਕਾਂ ਵੱਲ੍ਹ ਦੇਖਣ ਤਾਂ ਉਹ ਇੱਥੇ ਇੱਕ ਪਲ ਨਹੀਂ ਰਹਿ ਸਕਦੇ। ਉਨ੍ਹਾਂ ਦੀ ਨਿਸ਼ਠਾ ਅਤੇ ਸਿਦਕ ਅੱਗੇ ਮੇਰਾ ਸਿਰ ਝੁਕ ਗਿਆ। ਉਸ ਦਿਨ ਉਨ੍ਹਾਂ ਦੀ ਪਤਨੀ ਨੇ ਬੜੇ ਕਰਾਰੇ ਪਕੌੜੇ ਬਣਾਏ ਹੋਏ ਸਨ ਤੇ ਚਾਹ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਮਸਾਲੇ ਪਾਏ ਕਿ ਉਹੋ ਜਹੀ ਚਾਹ ਮੁੜਕੇ ਨਸੀਬ ਨਹੀਂ ਹੋਈ।

ਮੈਂ ਐਮ ਫਿਲ ਕਰਕੇ ਫਗਵਾੜੇ ਪੜ੍ਹਾਉਣ ਲੱਗ ਗਿਆ ਤੇ ਝੱਟ ਮੰਗਣੀ ਪੱਟ ਵਿਆਹ ਹੋ ਗਿਆ। ਬੱਚੇ ਹੋਏ ਤਾਂ ਗ੍ਰਿਹਸਤੀ ਨੇ ਪੁਰਾਣਾ ਸਭ ਕੁਝ ਭੁੱਲ ਭੁਲਾ ਦਿੱਤਾ। ਹਾਂ, ਇਨ੍ਹਾਂ ਦਿਨਾਂ ਵਿੱਚ ਟੇਪਾਂ ਨੇ ਬੜਾ ਸਾਥ ਦਿੱਤਾ। ਘਰ ਹੋਣਾ ਤਾਂ ਆਪਣੇ ਮਨਪਸੰਦ ਰਾਗੀਆਂ ਦੇ ਸ਼ਬਦ ਸੁਣਦੇ ਰਹਿਣਾ। ਜਿਹੜਾ ਸ਼ਬਦ ਸਿਲੇਬਸ ‘ਚ ਲੱਗਿਆ ਹੋਣਾ ਉਹ ਦੇਖਣਾ ਕਿ ਜੇ ਕਿਸੇ ਅੱਛੇ ਰਾਗੀ ਸਿੰਘ ਗਾਇਆ ਹੈ ਤਾਂ ਉਹਦੀ ਕੈਸੇਟ ਖਰੀਦ ਲਿਆਉਣੀ। ਵਾਰ ਵਾਰ ਸੁਣਨੀ ਤੇ ਸ਼ਬਦ ਦਾ ਪ੍ਰਭਾਵ ਮੰਡਲ਼ ਫੜਨ ਦੀ ਕੋਸ਼ਿਸ਼ ਕਰਨੀ। ਕਦੀ ਕਦਾਈਂ ਭਾਈ ਸਾਹਿਬ ਦੇ ਦਰਸ਼ਣ ਟੀਵੀ ‘ਤੇ ਹੀ ਹੁੰਦੇ।

ਇਕ ਦਿਨ ਮੇਰੇ ਵੱਡੇ ਭਾਈ ਸਾਹਿਬ ਦਾ ਫ਼ੋਨ ਆਇਆ ਕਿ ਨਵੇਂਸ਼ਹਿਰ ਦੇ ਵੱਡੇ ਕਾਰੋਬਾਰੀ ਹਰਦੇਵ ਸਿੰਘ ਕਾਹਮੇ ਨੇ ਆਪਣੇ ਪਿੰਡ ਆਪਣੇ ਪਿਤਾ ਜੀ ਦੀ ਅੰਤਮ ਅਰਦਾਸ ਵਜੋਂ ਸਮਾਗਮ ਕਰਾਉਣਾ ਹੈ ਤੇ ਉਹਨੇ ਦਰਬਾਰ ਸਾਹਿਬ ਦੇ ਕਿਸੇ ਹਜ਼ੂਰੀ ਰਾਗੀ ਨੂੰ ਬੁਲਾਉਣ ਲਈ ਕਿਹਾ ਹੈ। ਮੈਂ ਭਾਈ ਨਿਰਮਲ ਸਿੰਘ ਦੀ ਸਿਫ਼ਾਰਸ਼ ਕੀਤੀ ਤਾਂ ਉਨ੍ਹਾਂ ਨੇ ਝੱਟ ਫੋਨ ਘੁਮਾ ਦਿੱਤਾ। ਮੇਰੇ ਵੱਡੇ ਭਾਈ ਨੇ ਮੈਨੂੰ ਦੱਸਿਆ ਕਿ ਉਹ ਮੰਨ ਗਏ ਹਨ, ਪਰ ਉਨ੍ਹੀ ਇਕ ਸ਼ਰਤ ਰੱਖੀ ਹੈ ਕਿ ‘ਤੁਹਾਡੇ ਇਲਾਕੇ ਦਾ ਪ੍ਰੋ. ਅਵਤਾਰ ਸਿੰਘ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ, ਉਹਦਾ ਕੋਈ ਅਤਾ ਪਤਾ ਦੱਸੋ’। ਮੇਰੇ ਵੱਡੇ ਭਾਈ ਨੇ ਦੱਸਿਆ ਕਿ ਉਹ ਤਾਂ ਮੇਰਾ ਛੋਟਾ ਭਾਈ ਹੈ ਤਾਂ ਭਾਈ ਸਾਹਿਬ ਖਿੜ ਖਿੜਾ ਕੇ ਹੱਸ ਪਏ ਤੇ ਕਹਿਣ ਲੱਗੇ ਕਿ ਜੇ ਤੁਸੀਂ ਉਹਨੂੰ ਬੁਲਾਊਂਗੇ ਤਾਂ ਮੈਂ ਜ਼ਰੂਰ ਆਵਾਂਗਾ।

ਉਸ ਦਿਨ ਮੈਂ ਬੜੇ ਚਾਅ ਨਾਲ਼ ਕਾਹਮੇ ਪਿੰਡ ਪਹੁੰਚ ਗਿਆ। ਭਾਈ ਸਾਹਿਬ ਆਏ ਤਾਂ ਉਨ੍ਹਾਂ ਮੈਨੂੰ ਇਸਤਰਾਂ ਕਲ਼ਾਵੇ ਵਿੱਚ ਘੁੱਟ ਲਿਆ, ਜਿਵੇਂ ਕੋਈ ਗੁਆਚਾ ਹੋਇਆ ਦਿਲ ਦਾ ਜਾਨੀ ਲੱਭ ਗਿਆ ਹੋਵੇ। ਉਹ ਮੈਨੂੰ ਆਪਣੇ ਨਾਲ਼ ਹੀ ਚੁਬਾਰੇ ਵਿੱਚ ਲੈ ਗਏ ਤੇ ਪੁਰਾਣੀਆਂ ਗੱਲਾਂ ਵਿੱਚ ਗੁਆਚ ਗਏ। ਮੇਰੇ ਭਾਈ ਸਾਹਿਬ ਆਏ ਤਾਂ ਉਨ੍ਹਾਂ ਦਾ ਸ਼ੁਕਰਾਨਾ ਕੀਤਾ ਕਿ ‘ਤੁਸੀਂ ਮੇਰਾ ਗੁਆਚਾ ਯਾਰ ਮਿਲ਼ਾ ਦਿੱਤਾ’। ਮੈਂ ਹੈਰਾਨ ਹੋਇਆ ਕਿ ਭਾਈ ਸਾਹਿਬ ਨੇ ਮੇਰੇ ਜਹੇ ਆਮ ਅਤੇ ਅਣਗੌਲ਼ੇ ਇਨਸਾਨ ਨੂੰ ਵੀ ਕਿੰਨੀ ਸ਼ਿੱਦਤ ਨਾਲ਼ ਯਾਦ ਰੱਖਿਆ।

ਫਗਵਾੜੇ ਕੀਰਤਨ ਦਰਬਾਰ ਹੋਣਾ ਸੀ ਤੇ ਮੈਂ ਇਸ਼ਤਿਹਾਰਾਂ ‘ਚ ਭਾਈ ਸਾਹਿਬ ਦਾ ਨਾਂ ਪੜ੍ਹ ਕੇ ਚਲਿਆ ਗਿਆ। ਕੀਰਤਨ ਭੇਟਾ ਅਰਪਣ ਕਰਨ ਗਿਆ ਤਾਂ ਭਾਈ ਸਾਹਿਬ ਨੇ ਹਾਰਮੋਨੀਅਮ ‘ਤੇ ਰੱਖੇ ਪੰਜੇ ਦੀਆ ਤਿੰਨ ਉਂਗਲ਼ਾਂ ਚੁੱਕ ਕੇ ਮੇਰੀ ਹਾਜ਼ਰੀ ਕਬੂਲ ਕਰਦਿਆਂ ਮੈਨੂੰ ਰੁਕਣ ਲਈ ਸੰਕੇਤ ਕੀਤਾ ਤੇ ਨਾਲ਼ ਹੀ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ” ਵਾਲ਼ੇ ਸ਼ਬਦ ਦਾ ਗਾਇਨ ਅਰੰਭ ਦਿੱਤਾ। ਸਮਾਪਤੀ ਹੋਣ ’ਤੇ ਮੈਂ ਉਨ੍ਹਾਂ ਕੋਲ਼ ਗਿਆ, ਉਸੇ ਤਰਾਂ ਉਨ੍ਹਾਂ ਮੈਨੂੰ ਕਲ਼ਾਵੇ ‘ਚ ਲਿਆ ਤੇ ਲੰਗਰ ਵੱਲ੍ਹ ਲੈ ਗਏ। ਅਸੀਂ ਕੱਠਿਆਂ ਬੈਠ ਕੇ ਚਾਹ ਛਕੀ ਤਾਂ ਮੈਂ ਘਰ ਆਉਣ ਲਈ ਆਖਿਆ। ਉਨ੍ਹਾਂ ਕੋਲ਼ ਸਮਾਂ ਨਹੀਂ ਸੀ ਤੇ ਫਿਰ ਕਦੀ ਆਉਣ ਲਈ ਆਖ ਕੇ ਚਲੇ ਗਏ। ਏਨਾ ਮਿਲਾਪੜਾ ਸ਼ਾਇਦ ਹੀ ਕੋਈ ਹੋਵੇ।

ਬਟਾਲ਼ੇ ਦੇ ਡੀ ਏ ਵੀ ਕਾਲਜ ਤੋਂ ਮੈਨੂੰ ਸੈਮੀਨਾਰ ਲਈ ਸੱਦਾ ਆਇਆ। ਪ੍ਰੋ ਹਰਪਾਲ ਸਿੰਘ ਨੂੰ ਵੀ ਉਨ੍ਹਾਂ ਨੇ ਬੁਲਾਇਆ ਸੀ ਤੇ ਅਸੀਂ ਦੋਹਵੇਂ ਚਲੇ ਗਏ। ਉੱਥੇ ਭਾਈ ਨਿਰਮਲ ਸਿੰਘ ਵੀ ਆਏ ਹੋਏ ਸਨ। ਬਹੁਤ ਖਿੜ ਕੇ ਮਿਲ਼ੇ ਤੇ ਚਾਹ ਪਾਣੀ ਉਪਰੰਤ ਸੈਮੀਨਾਰ ਵਿੱਚ ਸਾਨੂੰ ਆਪਣੇ ਨਾਲ਼ ਹੀ ਬਹਾ ਲਿਆ। ਉਨ੍ਹਾਂ ਦਾ ਨਾਂ ਅਨਾਊਂਸ ਹੋਇਆ ਤਾਂ ਉਨ੍ਹਾਂ ਨੇ ਕੁੜਤੇ ਦੀ ਜੇਬ ‘ਚੋਂ ਸ਼ੀਸ਼ੀ ਕੱਢੀ। ਇਕ ਗੋਲ਼ੀ ਮੂੰਹ ‘ਚ ਪਾਈ ਤੇ ਸ਼ੀਸ਼ੀ ਮੇਰੇ ਵੱਲ੍ਹ ਕਰ ਦਿੱਤੀ। ਉਹ ਆਯੁਰਵੈਦਿਕ ਕੰਠਵਟੀ ਸੀ। ਮੈਂ ਤਿੰਨ ਚਾਰ ਗੋਲ਼ੀਆਂ ਕੱਢ ਕੇ ਸ਼ੀਸ਼ੀ ਪ੍ਰੋ ਹਰਪਾਲ ਸਿੰਘ ਵੱਲ੍ਹ ਕਰ ਦਿੱਤੀ ਤਾਂ ਉਨ੍ਹਾਂ ਨੇ ਵੀ ਦੋ ਤਿੰਨ ਗੋਲ਼ੀਆਂ ਦਾ ਪ੍ਰਸ਼ਾਦ ਲੈ ਲਿਆ।

ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੀ ਰਾਗਾਤਮਿਕਤਾ ਦੀ ਅਧਿਆਤਮਿਕ ਅਹਿਮੀਅਤ ‘ਤੇ ਵਿਦਵਤਾ ਭਰਪੂਰ ਵਖਿਆਨ ਪੇਸ਼ ਕੀਤਾ ਤੇ ਸੈਮੀਨਾਰ ਦੀ ਸੁਰ ਸੈੱਟ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਰਾਗ ਬਾਣੀ ਦੀ ਬੌਧਿਕ ਵੱਥ ਨੂੰ ਰੂਹ ਤੱਕ ਉਤਾਰ ਦਿੰਦਾ ਹੈ। ਉਨ੍ਹਾਂ ਤੋਂ ਬਾਦ ਹਰੇਕ ਵਿਦਵਾਨ ਦਾ ਕੇਂਦਰ ਬਿੰਦੂ ਉਹੀ ਰਹੇ।

ਮੇਰਾ ਨਾਂ ਬੋਲਿਆ ਤਾਂ ਮੈਂ ਗਿਆਰਵੀਂ ਸਦੀ ਦੇ ਅਰਬੀ ਵਿਦਵਾਨ ਅਲਜੁਜਰਾਨੀ ਦੀ ਕਿਤਾਬ ‘ਦਲਾਇਲ ਅਲ ਐਜਾਜ਼’ ਦੇ ਹਵਾਲੇ ਅਤੇ ਤਰਜ਼ ਅਨੁਸਾਰ ਗੁਰਬਾਣੀ ਦੇ ਕਰਤਾਰੀ ਅਤੇ ਮੌਲਿਕ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਵਿਆਖਿਆ ਕੀਤੀ। ਭਾਈ ਸਾਹਿਬ ਨੇ ਮੈਨੂੰ ਥਾਪੜਾ ਦਿੱਤਾ ਤੇ ਕਮਾਲ ਕਮਾਲ ਕਰਨ ਲੱਗੇ। ਮੈਂ ਕਿਹਾ ਭਾਈ ਸਾਹਿਬ, ਇਹ ਤੁਹਾਡੀ ਕੰਠਵਟੀ ਦਾ ਕਮਾਲ ਸੀ। ਭਾਈ ਸਾਹਿਬ ਖਿੜਖਿੜਾ ਕੇ ਹੱਸ ਪਏ।

ਰੋਟੀ ਵੇਲੇ ਸਾਰੇ ਜਾਣੇ ਇਕ ਦੂਜੇ ਨੂੰ ਕਹਿ ਰਹੇ ਸਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਿਰਫ ਰਾਗੀ ਨਹੀਂ, ਭਾਈ ਸਾਹਿਬ ਜਹੇ ਵਿਦਵਾਨ ਰਾਗੀ ਹੋਣੇ ਚਾਹੀਦੇ ਹਨ। ਭਾਈ ਸਾਹਿਬ ਨੇ ਯੂਨੀਵਰਸਿਟੀ ਕਾਲਜਾਂ ਦੇ ਅਧਿਆਪਕਾਂ ਦੇ ਸਿਰ ਸੱਚਖੰਡ ਦਾ ਜਾਦੂ ਧੂੜ ਦਿੱਤਾ ਸੀ, ਜੋ ਸਭ ਦੇ ਸਿਰ ਚੜ੍ਹਕੇ ਬੋਲ ਰਿਹਾ ਸੀ।

ਭਾਸ਼ਾ ਵਿਭਾਗ ਨੇ ਸ਼ਰੋਮਣੀ ਰਾਗੀ ਦੇ ਅਵਾਰਡ ਲਈ ਢੁਕਵੀਂ ਚੋਣ ਕਰਨ ਹਿਤ ਕਈ ਅਦਾਰਿਆਂ ਦੀ ਰਾਇ ਮੰਗੀ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਵੀ ਚਿੱਠੀ ਗਈ ਤੇ ਉਹਨੇ ਪੰਜਾਬੀ ਵਿਭਾਗ ਨੂੰ ਘੱਲ ਦਿੱਤੀ। ਉੱਥੇ ਰਾਗ ਵਿੱਦਿਆ ਦਾ ਜਾਣੂ ਤੇ ਕੀਰਤਨ ਪ੍ਰੇਮੀ ਮੇਰਾ ਦੋਸਤ ਮਨਜਿੰਦਰ ਸਿੰਘ ਸੀਨੀਅਰ ਰਿਸਰਚ ਫੈਲੋ ਸੀ। ਵਿਭਾਗ ਨੇ ਇਹ ਸਿਫ਼ਾਰਸ਼ ਉਹਦੇ ਜ਼ੁੰਮੇ ਲਗਾ ਦਿੱਤੀ। ਉਹਨੇ ਅੱਗੋਂ ਮੈਨੂੰ ਫ਼ੋਨ ਖੜਕਾ ਦਿੱਤਾ ਤੇ ਮੈਂ ਭਾਈ ਸਾਹਿਬ ਦਾ ਨਾਂ ਲੈ ਦਿੱਤਾ। ਮਨਜਿੰਦਰ ਇਕ ਦੰਮ ਸਹਿਮਤ ਹੋ ਗਿਆ ਤੇ ਅੱਗੋਂ ਮੇਰਾ ਜ਼ੁੰਮਾ ਲਗਾ ਦਿੱਤਾ ਕਿ ਮੈਂ ਭਾਈ ਸਾਹਿਬ ਤੋਂ ਉਨ੍ਹਾਂ ਦਾ ਜੀਵਨ ਬਿਓਰਾ ਲੈ ਕੇ ਭੇਜਾਂ।

ਮੈਂ ਭਾਈ ਸਾਹਿਬ ਨੂੰ ਫ਼ੋਨ ਖੜਕਾ ਦਿੱਤਾ। ਉਹ ਕਿਤੇ ਲੰਮੇ ਸਫਰ ‘ਤੇ ਜਾ ਰਹੇ ਸਨ। ਮੈਂ ਉਨ੍ਹਾਂ ਨੂੰ ਅਵਾਰਡ ਬਾਬਤ ਕੁਝ ਨਾ ਦੱਸਿਆ ਤੇ ਆਨੇ ਬਹਾਨੇ ਜੀਵਨ ਬਿਓਰਾ ਮੰਗ ਲਿਆ। ਉਹ ਕਹਿਣ ਲੱਗੇ ‘ਕਿਸੇ ਨੂੰ ਕਹਿ ਕੇ ਘਰੋਂ ਮੰਗਵਾ ਲਵੋ’। ਮਨਜਿੰਦਰ ਭਾਈ ਸਾਹਿਬ ਦੇ ਘਰੇ ਗਿਆ, ਜੀਵਨ ਬਿਓਰਾ ਲਿਆਇਆ ਤੇ ਸਿਫ਼ਾਰਸ਼ ਕਰਕੇ ਭੇਜ ਦਿੱਤਾ। ਉਸ ਅਵਾਰਡ ਦਾ ਜਦ ਐਲਾਨ ਹੋਇਆ ਤਾਂ ਭਾਈ ਸਾਹਿਬ ਤੋਂ ਵੱਧ ਖ਼ੁਸ਼ੀ ਮੈਨੂੰ ਹੋਈ ਤੇ ਮੇਤੋਂ ਵੱਧ ਮਨਜਿੰਦਰ ਨੂੰ। ਸਾਨੂੰ ਬੜਾ ਚੰਗਾ ਲੱਗਾ ਕਿ ਅਸੀਂ ਵੀ ਕੋਈ ਨੇਕ ਕੰਮ ਕਰ ਸਕੇ।

ਪ੍ਰੋ ਹਰਪਾਲ ਸਿੰਘ ਦੇ ਵਿਦਿਆਰਥੀ ਪਰਮਿੰਦਰ ਦਾ ਵਿਆਹ ਸੀ ਤੇ ਉਹਦਾ ਰਿਸ਼ਤਾ ਕਰਾਉਣ ਵਿੱਚ ਮੇਰਾ ਵੀ ਕੁਝ ਯੋਗਦਾਨ ਸੀ। ਹਰ ਕੰਮ ਵਿੱਚ ਉਹ ਮੇਰੀ ਸਲਾਹ ਜ਼ਰੂਰ ਪੁੱਛਦਾ। ਉਹਨੇ ਆਪਣੇ ਅਨੰਦ-ਕਾਰਜ ਲਈ ਰਾਗੀ ਸਿੰਘਾਂ ਬਾਰੇ ਮੇਰੀ ਸਲਾਹ ਪੁੱਛੀ ਤਾਂ ਮੈਂ ਭਾਈ ਸਾਹਿਬ ਦਾ ਨਾਂ ਲੈ ਦਿੱਤਾ। ਮੈਂ ਫੋਨ ਕੀਤਾ ਤਾਂ ਉਹ ਕਿਸੇ ਬਾਹਰਲੇ ਮੁਲਕ ਵਿੱਚ ਸਨ। ਕਹਿਣ ਲੱਗੇ ‘ਤੁਸੀਂ ਅਨੰਦ-ਕਾਰਜ ਕਿਸੇ ਲੋਕਲ ਜਥੇ ਤੋਂ ਕਰਵਾ ਲਉ, ਅਸੀਂ ਫਿਰ ਕਦੇ ਘਰੇ ਬਹਿ ਕੇ ਕੀਰਤਨ ਕਰਾਂਗੇ’।

ਵਿਆਹ ਦੇ ਬਾਦ ਪਰਮਿੰਦਰ ਨੇ ਫਿਰ ਕਿਹਾ ਤਾਂ ਮੈਂ ਭਾਈ ਸਾਹਿਬ ਨੂੰ ਬੇਨਤੀ ਕਰ ਦਿੱਤੀ। ਦੱਸੀ ਤਰੀਕ ਨੂੰ ਮੈਂ ਬੰਗੇ ਪਰਮਿੰਦਰ ਦੇ ਘਰੇ ਪਹੁੰਚ ਗਿਆ ਤੇ ਪ੍ਰੋ ਹਰਪਾਲ ਸਿੰਘ ਵੀ ਚੰਡੀਗੜ੍ਹੋਂ ਆ ਗਏ। ਠੀਕ ਸਮੇਂ ‘ਤੇ ਭਾਈ ਸਾਹਿਬ ਵੀ ਪਹੁੰਚ ਗਏ ਤੇ ਉਨ੍ਹਾਂ ਦੇ ਸਾਥੀ ਲੁਧਿਆਣਿਓਂ ਆਏ। ਕਮਰੇ ਵਿੱਚ ਅਸੀਂ ਸੱਤ ਅੱਠ ਜਾਣੇ ਹੀ ਸਾਂ ਤੇ ਭਾਈ ਸਾਹਿਬ ਨੇ ਕੀਰਤਨ ਅਰੰਭ ਕਰ ਦਿੱਤਾ। ਕੋਈ ਮਾਈਕ ਕੋਈ ਸਪੀਕਰ ਨਹੀਂ ਸੀ ਤੇ ਕਮਰੇ ਦੀ ਕੁਦਰਤੀ ਈਕੋ ਵਿੱਚ ਭਾਈ ਸਾਹਿਬ ਦੀ ਤਲਿਸਮੀ ਅਵਾਜ਼ ਤੇ ਚੋਣਵੇਂ ਸ਼ਬਦ ਘਰ ਦੇ ਵਾਤਾਵਰਣ ਵਿੱਚ ਇਸਤਰਾਂ ਘੁਲ਼ ਰਹੇ ਸਨ, ਜਿਵੇਂ ਅੰਮ੍ਰਿਤ ਦੇ ਬਾਟੇ ਵਿੱਚ ਪਤਾਸੇ ਘੁਲ਼ਦੇ ਹੋਣ। ਅੱਖਾਂ ਮੁੰਦ ਮੁੰਦ ਜਾਣ; ਖੁੱਲਣ ਤਾਂ ਭਾਈ ਸਾਹਿਬ ਇੰਜ ਲੱਗਣ ਜਿਵੇਂ ਇੰਦਰ ਦੇਵਤਿਆਂ ਸੰਗ ਪਰਮਿੰਦਰ ਦੇ ਘਰ ਉਤਰ ਆਇਆ ਹੋਵੇ।

ਪਰਮਿੰਦਰ ਹੁਣਾਂ ਨੇ ਰਲ਼ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੋਇਆ ਸੀ ਤੇ ਸਭ ਨੇ ਰਲ਼ ਮਿਲ਼ ਕੇ ਛਕਿਆ। ਭਾਈ ਸਾਹਿਬ ਨੇ ਸਿੱਖ ਸਮਾਜ ਬਾਬਤ ਕਈ ਭੁਲੇਖੇ ਦੂਰ ਕੀਤੇ। ਸ਼੍ਰੋਮਣੀ ਕਮੇਟੀ ਦੇ ਸ਼ਰੋਮਣੀ ਕਰਿੰਦਿਆਂ ਦੀ ਕਾਰਕਰਦਗੀ ਦੇ ਕਈ ਦੁਖਦੇ ਅਤੇ ਧੁਖਦੇ ਕਿੱਸੇ ਸੁਣਾਏ। ਅਖ਼ੀਰ ਸਾਨੂੰ ਬਾਣੀ ਪੜ੍ਹਨ, ਕੀਰਤਨ ਸੁਣਨ ਤੇ ਅਮਲੀ ਜੀਵਨ ਜੀਣ ਲਈ ਪ੍ਰੇਰਤ ਕਰਕੇ ਰੁਖ਼ਸਤ ਹੋ ਗਏ।

ਹੁਣ ਤੱਕ ਉਨ੍ਹਾਂ ਬਾਰੇ ਮੈਂ ਪ੍ਰੋ ਹਰਪਾਲ ਸਿੰਘ ਨਾਲ਼ ਹੀ ਗੱਲ ਕਰਦਾ ਸੀ। ਪਰ ਹੁਣ ਪਰਮਿੰਦਰ ਵੀ ਉਨ੍ਹਾਂ ਨੂੰ ਮੁਹੱਬਤ ਕਰਨ ਲੱਗ ਪਿਆ। ਅਸੀਂ ਉਨ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਤੇ ਉਨ੍ਹਾਂ ਦੀ ਵਿਸ਼ੇਸ਼ ਕੀਰਤਨ ਸ਼ੈਲੀ ਦਾ ਅਨੰਦ ਲੈਂਦੇ। ਉਨ੍ਹਾਂ ਨਾਲ਼ ਹੋਈਆਂ ਮੁਲਾਕਾਤਾਂ ਤੇ ਗਾਏ ਸ਼ਬਦ ਚੇਤੇ ਕਰ ਕਰ ਖ਼ੁਸ਼ ਹੁੰਦੇ।

ਕੋਰੋਨਾ ਕਹਿਰ ਵਾਪਰਿਆ ਤਾਂ ਇਹਦੇ ਚਰਚੇ ਚਾਰੇ ਪਾਸੇ ਸੁਣਨ ਨੂੰ ਮਿਲ਼ਦੇ। ਮੈਂ ਇਹਨੂੰ ਗੰਭੀਰਤਾ ਨਾਲ਼ ਨਹੀਂ ਸਾਂ ਲੈ ਰਿਹਾ। ਲਗਦਾ ਸੀ ਕਿ ਇਹ ਕੋਈ ਮਹਾਮਾਰੀ ਨਹੀਂ, ਵਿਸ਼ਵ ਵਿਆਪੀ ਸਿਆਸਤ ਹੈ, ਜਿਹਦਾ ਭੇਦ ਬਾਦ ਵਿੱਚ ਖੁੱਲ੍ਹਣਾ ਹੈ। ਇਕ ਦਿਨ ਭਾਈ ਸਾਹਿਬ ਦੀ ਕੋਰੋਨਾ ਪੌਜ਼ਿਟਿਵ ਹੋਣ ਦੀ ਖ਼ਬਰ ਆਈ ਤਾਂ ਇਕ ਦੰਮ ਕਾਲ਼ਜਾ ਬਾਹਰ ਨੂੰ ਆਇਆ। ਸ਼ੁਕਰ ਕੀਤਾ ਜਦ ਭਾਈ ਸਾਹਿਬ ਨੇ ਆਪਣੀ ਇਹ ਖ਼ਬਰ ਖ਼ੁਦ ਰੱਦ ਕਰ ਦਿੱਤੀ। ਦਿਲ ਨੂੰ ਸਕੂਨ ਮਿਲ਼ਿਆ।

ਅਗਲੀ ਸਵੇਰ ਛੇ ਕੁ ਵਜੇ ਹੀ ਚੰਦਰੀ ਖ਼ਬਰ ਆਈ ਕਿ ਭਾਈ ਸਾਹਿਬ ਚੱਲ ਵਸੇ। ਇਸਤਰਾਂ ਲੱਗਿਆ ਜਿਵੇਂ ਸਾਡੇ ਦਿਲਾਂ ਦੀ ਹੀਰੋਸ਼ੀਮਾਂ ਉੱਤੇ ਕਿਸੇ ਨੇ ਐਟਮ ਬੰਬ ਸੁੱਟ ਦਿੱਤਾ ਹੋਵੇ। ਮੈਨੂੰ ਯਕੀਨ ਹੋ ਗਿਆ ਕੋਰੋਨਾ ਕਿੰਨਾ ਕਹਿਰਵਾਨ ਹੈ।

ਮਨ ਅਰਦਾਸ ਵਿੱਚ ਚਲਿਆ ਗਿਆ ਕਿ ਵਾਹਿਗੁਰੂ ਭਾਈ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਤੇ ਸਾਨੂੰ ਇਹ ਮਨਹੂਸ ਭਾਣਾ ਮੰਨਣ ਦਾ ਬੱਲ ਬਖ਼ਸ਼ੇ। ਸੁਰਤ ਫਿਰ ਭੰਗ ਹੋਈ, ਜਦ ਖ਼ਬਰ ਆਈ ਕਿ ਵੇਰਕੇ ਵਾਲ਼ਿਆਂ ਨੇ ਆਪਣੇ ਪਿੰਡ ਦੇ ਸ਼ਮਸ਼ਾਨ-ਘਾਟ ਵਿੱਚ ਭਾਈ ਸਾਹਿਬ ਦਾ ਸੰਸਕਾਰ ਨਹੀਂ ਕਰਨ ਦਿੱਤਾ ਤੇ ਸ਼ਮਸ਼ਾਨ-ਘਾਟ ਨੂੰ ਜ਼ਿੰਦਰੇ ਮਾਰ ਦਿੱਤੇ ਹਨ।

ਪੰਜਾਬ ਦਾ ਅਜੋਕਾ ਇਤਿਹਾਸ ਹਰੇ ਇੰਨਕਲਾਬ ਦੀ ਆਮਦ ਨਾਲ਼ ਜਿਮੀਦਾਰਾਂ ਦੇ ਆਰਥਿਕ ਵਾਰੇ ਨਿਆਰੇ ਹੋਣ ਦਾ ਅਤੇ ਗ਼ੈਰਕਾਸ਼ਤਕਾਰ ਕੰਮੀਆਂ ਦੇ ਆਰਥਕ ਉਜਾੜੇ ਦਾ ਇਤਿਹਾਸ ਹੈ। ਇਹਦੇ ਇਲਾਵਾ ਇਹ ਪੰਜਾਬ ਦੀ ਸਮਾਜਿਕ ਅਤੇ ਸੱਭਿਆਚਾਰਕ ਪਹਿਚਾਣ ਸਾਂਝੀਵਾਲਤਾ ਦੇ ਪਤਨ, ਵੇਦਨਾ ਅਤੇ ਯਾਤਨਾ ਦਾ ਇਤਿਹਾਸ ਹੈ। ਗੁਰਦਿਆਲ ਸਿੰਘ ਨੇ ਆਪਣੇ ਨਾਵਲ ‘ਮੜ੍ਹੀ ਦੇ ਦੀਵੇ’ ਰਾਹੀਂ ਸਾਨੂੰ ਇਹੀ ਸਮਝਾਇਆ ਹੈ ਕਿ ਸਿਰ ਨੂੰ ਚੜ੍ਹੇ ਹੋਏ ਹਰੇ ਇਨਕਲਾਬ ਵਾਲ਼ਾ ਭੰਤਾ ਸਾਂਝੀਵਾਲਤਾ ਵਾਲ਼ੇ ਇਖਲਾਕ ਦੇ ਮਾਲਕ ਆਪਣੇ ਬਾਪ ਧਰਮ ਸਿੰਘ ਦੇ ਸਮੇਂ ਆਪਣੇ ਖੇਤਾਂ ਵਿੱਚ ਬਣਾਈ ਆਪਣੇ ਸੀਰੀ ਜਗਸੀਰ ਦੇ ਬਾਪ ਦੀ ਮੜ੍ਹੀ ਚੁਕਵਾ ਦਿੰਦਾ ਹੈ।

ਅੱਜ ਹਰੇ ਇਨਕਲਾਬ ਦਾ ਸਿਤਮ ਦੇਖੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ, ਕੀਰਤਨ ਸਮਰਾਟ, ਪਦਮਸ਼੍ਰੀ ਭਾਈ ਨਿਰਮਲ ਸਿੰਘ ਦਾ ਵੇਰਕੇ ਵਾਲ਼ਿਆਂ ਨੇ ਆਪਣੇ ਪਿੰਡ ਦੇ ਸ਼ਮਸ਼ਾਨ-ਘਾਟ ਵਿੱਚ ਸੰਸਕਾਰ ਹੀ ਨਹੀਂ ਕਰਨ ਦਿੱਤਾ। ਬੇਸ਼ੱਕ ਭਾਈ ਸਾਹਿਬ ਦਾ ਸੰਸਕਾਰ ਕਰਨ ਤੋਂ ਮਨ੍ਹਾ ਕਰ ਦੇਣ ਕਰਕੇ ਵੇਰਕੇ ਵਾਲ਼ਿਆਂ ਨੇ ਕੋਰੋਨਾ ਦੇ ਪਰਦੇ ਹੇਠ ਜਾਤੀਵਾਦੀ ਨਫਰਤ ਦਾ ਅਮਿੱਟ ਕਲੰਕ ਖੱਟ ਕੇ, ਸਿੱਖ ਸਮਾਜ ਦਾ ਅਸਲ ਚਿਹਰਾ ਨੰਗਾ ਕਰ ਦਿੱਤਾ ਹੈ ਤੇ ਭਾਈ ਸਾਹਿਬ ਨੇ ਵੀ ਆਪਣੀ ਮਿਰਤਕ ਦੇਹ ਰੋਲ਼ ਕੇ ਸਿੱਖ ਸਮਾਜ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਅਸੀਂ ਕਿੰਨੇ ਕੁ ਸਿੱਖ ਹਾਂ।

ਦਸਮੇਸ਼ ਪਿਤਾ ਨੇ ਰੰਘਰੇਟੇ ਸਿੱਖ ਨੂੰ ‘ਗੁਰੂ ਕਾ ਬੇਟਾ’ ਆਖ ਕੇ ਕਲ਼ਾਵੇ ‘ਚ ਲੈ ਲਿਆ ਸੀ। ਵੇਰਕੇ ਵਾਲ਼ੇ ਵੀ ਗੁਰੂ ਕੇ ਬੇਟੇ ਦੀ ਮਿਰਤਕ ਦੇਹ ਦਾ ਸੰਸਕਾਰ ਕਰ ਲੈਣ ਦਿੰਦੇ ਤਾਂ ਉਹ ਗੁਰੂ ਦੇ ਸਨਮੁਖ ਹੋ ਸਕਦੇ ਸਨ। ਉਨ੍ਹਾਂ ਨੇ ਇਹ ਅਵਸਰ ਖੁੰਝਾ ਲਿਆ ਹੈ — ਫਿਰਿ ਇਆ ਅਉਸਰੁ ਚਰੈ ਨ ਹਾਥਾ।।

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ