Dushman (Punjabi Story) : Anton Chekhov

ਦੁਸ਼ਮਣ (ਕਹਾਣੀ) : ਐਂਤਨ ਚੈਖਵ

ਸਤੰਬਰ ਦੀ ਹਨੇਰੀ ਰਾਤ ਸੀ। ਡਾਕਟਰ ਕਿਰੀਲੋਵ ਦੇ ਇਕਲੌਤੇ ਛੇ ਸਾਲ ਦੇ ਪੁੱਤਰ ਆਂਦਰੇਈ ਦੀ ਨੌਂ ਦਸ ਵਜੇ ਦੇ ਦਰਮਿਆਨ ਡਿਪਥੀਰੀਆ ਨਾਲ ਮੌਤ ਹੋ ਗਈ। ਜਿਸ ਵਕਤ ਡਾਕਟਰ ਦੀ ਪਤਨੀ ਬੱਚੇ ਦੇ ਬੈੱਡ ਦੇ ਕੋਲ ਡੂੰਘੇ ਸੋਗ ਅਤੇ ਨਿਰਾਸ਼ਾ ਵਿੱਚ ਡੁੱਬੀ ਗੋਡਿਆਂ ਦੇ ਭਾਰ ਬੈਠੀ ਹੋਈ ਸੀ, ਉਦੋਂ ਦਰਵਾਜੇ ਦੀ ਘੰਟੀ ਤਿੱਖੀ ਅਵਾਜ਼ ਵਿੱਚ ਵੱਜੀ।

ਘਰ ਦੇ ਨੌਕਰ ਸਵੇਰੇ ਹੀ ਘਰ ਤੋਂ ਬਾਹਰ ਭੇਜ ਦਿੱਤੇ ਗਏ ਸਨ, ਕਿਉਂਜੋ ਡਿਪਥੀਰੀਆ ਛੂਤ ਨਾਲ ਫੈਲਣ ਵਾਲਾ ਰੋਗ ਸੀ। ਕਿਰੀਲੋਵ ਨੇ ਕਮੀਜ਼ ਪਹਿਨੀ ਹੋਈ ਸੀ। ਉਸਦੀ ਵਾਸਕਟ ਦੇ ਬਟਨ ਖੁੱਲ੍ਹੇ ਸਨ। ਉਸਦਾ ਚਿਹਰਾ ਅਜੇ ਗਿੱਲਾ ਸੀ, ਅਤੇ ਉਸਦੇ ਹੱਥ ਕਾਰਬੋਲਿਕ ਨਾਲ ਲਿੱਬੜੇ ਹੋਏ ਸਨ। ਉਹ ਉਸੇ ਤਰ੍ਹਾਂ ਹੀ ਦਰਵਾਜਾ ਖੋਲ੍ਹਣ ਚੱਲ ਪਿਆ। ਡਿਓਢੀ ਦੇ ਹਨੇਰੇ ਵਿੱਚ ਡਾਕਟਰ ਨੂੰ ਆਉਣ ਵਾਲੇ ਦੀ ਜੋ ਸ਼ਕਲ ਵਿਖਾਈ ਦਿੱਤੀ, ਉਹਦਾ ਦਰਮਿਆਨੇ ਕੱਦ, ਚਿੱਟਾ ਗੁਲੂਬੰਦ ਅਤੇ ਵੱਡਾ ਅਤੇ ਇੰਨਾ ਪੀਲਾ ਪਿਆ ਹੋਇਆ ਚਿਹਰਾ ਸੀ ਕਿ ਲੱਗਦਾ ਸੀ ਜਿਵੇਂ ਡਿਓਢੀ ਵਿੱਚ ਉਸ ਦੀ ਮੌਜੂਦਗੀ ਨਾਲ ਰੋਸ਼ਨੀ ਵਧ ਗਈ ਹੋਵੇ।

"ਕੀ ਡਾਕਟਰ ਸਾਹਿਬ ਘਰ ਹਨ?" ਆਉਣ ਵਾਲੇ ਦੀ ਆਵਾਜ਼ ਵਿੱਚ ਕਾਹਲ ਸੀ।

"ਹਾਂ! ਦੱਸੋ ਕੀ ਗੱਲ ਹੈ?" ਕਿਰੀਲੋਵ ਨੇ ਜਵਾਬ ਦਿੱਤਾ।

"ਓਹ! ਤੁਹਾਨੂੰ ਮਿਲ ਕੇ ਖੁਸ਼ੀ ਹੋਈ।" ਆਉਣ ਵਾਲੇ ਨੇ ਖੁਸ਼ ਹੋ ਕੇ ਹਨ੍ਹੇਰੇ ਵਿੱਚ ਡਾਕਟਰ ਦਾ ਹੱਥ ਟਟੋਲਿਆ ਅਤੇ ਉਸਨੂੰ ਆਪਣੇ ਦੋਨ੍ਹੋਂ ਹੱਥਾਂ ਨਾਲ ਜ਼ੋਰ ਨਾਲ ਦਬਾਕੇ ਕਿਹਾ, "ਬੇਹੱਦ ਖੁਸ਼ੀ ਹੋਈ। ਆਪਾਂ ਪਹਿਲਾਂ ਮਿਲ ਚੁੱਕੇ ਹਾਂ। ਮੇਰਾ ਨਾਮ ਅਬੋਗਿਨ ਹੈ...ਗਰਮੀਆਂ ਵਿੱਚ ਗਚਨੇਵ ਪਰਵਾਰ ਵਿੱਚ ਤੁਹਾਨੂੰ ਮਿਲਣ ਦਾ ਮੁਬਾਰਕ ਮੌਕਾ ਮਿਲਿਆ ਸੀ। ਬਹੁਤ ਖੁਸ਼ੀ ਹੋਈ ਕਿ ਤੁਸੀਂ ਘਰ ਮਿਲ ਗਏ...ਭਗਵਾਨ ਲਈ ਮੇਰੇ ਤੇ ਰਹਿਮ ਕਰੋ ਅਤੇ ਝੱਟਪੱਟ ਮੇਰੇ ਨਾਲ ਚੱਲੋ। ਮੈਂ ਤੁਹਾਡੀ ਮਿੰਨਤ ਕਰਦਾ ਹਾਂ...ਮੇਰੀ ਪਤਨੀ ਬੇਹੱਦ ਬੀਮਾਰ ਹੈ...ਮੈਂ ਗੱਡੀ ਲਿਆਇਆ ਹਾਂ।

ਆਉਣ ਵਾਲੇ ਦੀ ਅਵਾਜ਼ ਅਤੇ ਉਸਦੇ ਹਾਵ-ਭਾਵ ਤੋਂ ਲੱਗ ਰਿਹਾ ਸੀ ਕਿ ਉਹ ਬੇਹੱਦ ਘਬਰਾਇਆ ਹੋਇਆ ਸੀ। ਉਸਦਾ ਸਾਹ ਬਹੁਤ ਤੇਜ਼ ਚੱਲ ਰਿਹਾ ਸੀ ਅਤੇ ਉਹ ਕੰਬਦੀ ਅਵਾਜ਼ ਵਿੱਚ ਤੇਜ਼ ਤੇਜ਼ ਬੋਲ ਰਿਹਾ ਸੀ ਜਿਵੇਂ ਉਹ ਕਿਸੇ ਅਗਨੀਕਾਂਡ ਜਾਂ ਪਾਗਲ ਕੁੱਤੇ ਕੋਲੋਂ ਬਚਕੇ ਭੱਜਿਆ ਆ ਰਿਹਾ ਹੋਵੇ। ਉਸਦੀ ਗੱਲ ਵਿੱਚ ਸਾਫ਼ਦਿਲੀ ਝਲਕ ਰਹੀ ਸੀ ਅਤੇ ਉਹ ਕਿਸੇ ਸਹਿਮੇ ਹੋਏ ਬੱਚੇ ਵਰਗਾ ਲੱਗ ਰਿਹਾ ਸੀ। ਉਹ ਛੋਟੇ ਛੋਟੇ ਅਧੂਰੇ ਵਾਕ ਬੋਲ ਰਿਹਾ ਸੀ ਅਤੇ ਬਹੁਤ ਸਾਰੀਆਂ ਅਜਿਹੀਆਂ ਫਾਲਤੂ ਗੱਲਾਂ ਕਰ ਰਿਹਾ ਸੀ ਜਿਨ੍ਹਾਂ ਦਾ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

"ਮੈਨੂੰ ਡਰ ਸੀ ਕਿ ਕਿਤੇ ਤੁਸੀਂ ਘਰ ਹੀ ਨਾ ਹੋਵੋ।" ਆਉਣ ਵਾਲੇ ਨੇ ਕਹਿਣਾ ਜਾਰੀ ਰੱਖਿਆ, "ਭਗਵਾਨ ਲਈ, ਤੁਸੀਂ ਆਪਣਾ ਕੋਟ ਪਾਓ ਅਤੇ ਚੱਲੋ...ਦਰਅਸਲ ਹੋਇਆ ਇਹ ਕਿ ਪਾਪਚਿੰਸਕੀ...ਤੁਸੀਂ ਉਸਨੂੰ ਜਾਣਦੇ ਹੋ, ਅਲੈਗਜ਼ੈਂਡਰ ਸੇਮਿਓਨੋਵਿਚ ਪਾਪਚਿੰਸਕੀ ਮੈਨੂੰ ਮਿਲਣ ਆਇਆ। ਥੋੜ੍ਹੀ ਦੇਰ ਅਸੀਂ ਲੋਕ ਬੈਠੇ ਗੱਲਾਂ ਕਰਦੇ ਰਹੇ। ਫਿਰ ਅਸੀਂ ਚਾਹ ਪੀਤੀ। ਅਚਾਨਕ ਮੇਰੀ ਪਤਨੀ ਚੀਖੀ ਅਤੇ ਆਪਣੀ ਹਿੱਕ ਉੱਤੇ ਹੱਥ ਰੱਖ ਕੇ ਕੁਰਸੀ ਤੇ ਨਿਢਾਲ ਹੋ ਗਈ। ਉਸਨੂੰ ਉਠਾ ਕੇ ਅਸੀਂ ਲੋਕ ਬੈੱਡ ਤੇ ਲੈ ਗਏ। ਮੈਂ ਅਮੋਨੀਆ ਲੈ ਕੇ ਉਸਦੀਆਂ ਕਨਪਟੀਆਂ ਉੱਤੇ ਮਾਲ੍ਸ ਕੀਤੀ ਅਤੇ ਉਸਦੇ ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੇ, ਪਰ ਉਹ ਬਿਲਕੁੱਲ ਬੇਜਾਨ ਜਿਹੀ ਪਈ ਰਹੀ। ਮੈਨੂੰ ਡਰ ਹੈ, ਉਸਨੂੰ ਕਿਤੇ ਦਿਲ ਦਾ ਦੌਰਾ ਨਾ ਪਿਆ ਹੋਵੇ...ਤੁਸੀਂ ਚੱਲੋ...ਉਸਦੇ ਪਿਤਾ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ ਹੋਈ ਸੀ...।

ਕਿਰੀਲੋਵ ਚੁਪਚਾਪ ਇਸ ਤਰ੍ਹਾਂ ਸੁਣਦਾ ਰਿਹਾ, ਜਿਵੇਂ ਉਹ ਰੂਸੀ ਭਾਸ਼ਾ ਸਮਝਦਾ ਹੀ ਨਾ ਹੋਵੇ।

ਜਦੋਂ ਆਉਣ ਵਾਲੇ ਅਬੋਗਿਨ ਨੇ ਫਿਰ ਪਾਪਚਿੰਸਕੀ ਅਤੇ ਆਪਣੀ ਪਤਨੀ ਦੇ ਪਿਤਾ ਦਾ ਜ਼ਿਕਰ ਕੀਤਾ ਅਤੇ ਹਨੇਰੇ ਵਿੱਚ ਦੁਬਾਰਾ ਉਸਦਾ ਹੱਥ ਟਟੋਲਣਾ ਸ਼ੁਰੂ ਕੀਤਾ ਤੱਦ ਉਸਨੇ ਸਿਰ ਉਠਾਇਆ ਅਤੇ ਉਦਾਸੀਨਤਾ ਨਾਲ ਹਰ ਸ਼ਬਦ ਉੱਤੇ ਜੋਰ ਦਿੰਦੇ ਕਿਹਾ, "ਮੈਨੂੰ ਦੁੱਖ ਹੈ ਕਿ ਮੈਂ ਤੁਹਾਡੇ ਨਾਲ ਨਹੀਂ ਜਾ ਸਕੂੰਗਾ...ਪੰਜ ਮਿੰਟ ਪਹਿਲਾਂ ਮੇਰੇ ਬੇਟੇ ਦੀ...ਮੌਤ ਹੋ ਗਈ ਹੈ।"

"ਓ ਨਹੀਂ!" ਪਿੱਛੇ ਹਟਦੇ ਹੋਏ ਅਬੋਗਿਨ ਫੁਸਫੁਸਾਇਆ, "ਹੇ ਭਗਵਾਨ! ਮੈਂ ਕਿੰਨੇ ਗ਼ਲਤ ਮੌਕੇ ਤੇ ਆਇਆ ਹਾਂ। ਕਿੰਨਾ ਮੰਦਭਾਗਾ ਦਿਨ ਹੈ ਇਹ...ਇਹ ਕਿੰਨੀ ਅਜੀਬ ਗੱਲ ਹੈ। ਕੈਸਾ ਸੰਜੋਗ ਹੈ ਇਹ...ਕੌਣ ਸੋਚ ਸਕਦਾ ਸੀ!"

ਉਸਨੇ ਦਰਵਾਜੇ ਦਾ ਮੁੱਠਾ ਫੜ ਲਿਆ। ਉਸ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਉਹ ਡਾਕਟਰ ਦੀ ਮਿੰਨਤ ਕਰਦਾ ਰਹੇ ਜਾਂ ਪਰਤ ਜਾਵੇ। ਫਿਰ ਉਹ ਕਿਰੀਲੋਵ ਦੇ ਕਮੀਜ਼ ਦੀ ਬਾਂਹ ਫੜ ਕੇ ਬੋਲਿਆ, ਮੈਂ ਤੁਹਾਡੀ ਹਾਲਤ ਬਖ਼ੂਬੀ ਸਮਝਦਾ ਹਾਂ। ਭਗਵਾਨ ਜਾਣਦਾ ਹੈ ਕਿ ਅਜਿਹੇ ਭੈੜੇ ਵਕਤ ਮੈਂ ਤੁਹਾਨੂੰ ਤਕਲੀਫ਼ ਦੇਣ ਲਈ ਮੈਂ ਸ਼ਰਮਿੰਦਾ ਹਾਂ। ਲੇਕਿਨ ਮੈਂ ਕੀ ਕਰਾਂ? ਤੁਸੀਂ ਹੀ ਦੱਸੋ, ਮੈਂ ਕਿੱਥੇ ਜਾਵਾਂ? ਇਥੇ ਤੁਹਾਡੇ ਇਲਾਵਾ ਕੋਈ ਡਾਕਟਰ ਨਹੀਂ ਹੈ। ਭਗਵਾਨ ਲਈ ਤੁਸੀਂ ਮੇਰੇ ਨਾਲ ਚੱਲੋ!"

ਉੱਥੇ ਚੁੱਪੀ ਛਾ ਗਈ। ਕਿਰੀਲੋਵ ਅਬੋਗਿਨ ਦੇ ਵੱਲ ਪਿੱਠ ਫੇਰਕੇ ਇੱਕ ਮਿੰਟ ਤੱਕ ਚੁਪਚਾਪ ਖੜਾ ਰਿਹਾ। ਫਿਰ ਉਹ ਹੌਲੀ ਹੌਲੀ ਡਿਓਢੀ ਵਿੱਚੋਂ ਬੈਠਕ ਵਿੱਚ ਚਲਾ ਗਿਆ। ਉਸਦੀ ਚਾਲ ਮਸ਼ੀਨੀ ਜਿਹੀ ਅਤੇ ਡਾਵਾਂਡੋਲ ਸੀ। ਬੈਠਕ ਵਿੱਚ ਬੁਝੇ ਲੈਂਪ ਸ਼ੇਡ ਦੀ ਝਾਲਰ ਸਿੱਧੀ ਕਰਨ ਅਤੇ ਮੇਜ਼ ਉੱਤੇ ਪਈ ਇੱਕ ਮੋਟੀ ਕਿਤਾਬ ਦੇ ਪੰਨੇ ਉਲਟਣ ਦੇ ਉਸਦੇ ਖੋਏ ਖੋਏ ਅੰਦਾਜ਼ ਤੋਂ ਲੱਗ ਰਿਹਾ ਸੀ ਕਿ ਉਸ ਸਮੇਂ ਉਸਦੀ ਨਾ ਕੋਈ ਮਨਸ਼ਾ ਸੀ, ਨਾ ਉਸਦੀ ਕੋਈ ਇੱਛਾ ਸੀ ਅਤੇ ਨਾ ਹੀ ਉਹ ਕੁੱਝ ਸੋਚ ਪਾ ਰਿਹਾ ਸੀ। ਉਹ ਸ਼ਾਇਦ ਇਹ ਵੀ ਭੁੱਲ ਗਿਆ ਸੀ ਕਿ ਬਾਹਰ ਡਿਓਢੀ ਵਿੱਚ ਕੋਈ ਅਜਨਬੀ ਵੀ ਖੜਾ ਹੈ। ਕਮਰੇ ਦੇ ਸੰਨਾਟੇ ਅਤੇ ਧੁੰਧਲਕੇ ਨੇ ਉਸਦਾ ਸੁੰਨਪੁਣਾ ਜਿਵੇਂ ਹੋਰ ਤੀਖਣ ਕਰ ਦਿੱਤਾ ਸੀ। ਬੈਠਕ ਤੋਂ ਪੜ੍ਹਨ-ਕਮਰੇ ਦੇ ਵੱਲ ਵੱਧਦੇ ਹੋਏ ਉਸਨੇ ਆਪਣਾ ਸੱਜਾ ਪੈਰ ਜ਼ਰੂਰਤ ਨਾਲੋਂ ਜ਼ਿਆਦਾ ਉੱਚਾ ਉਠਾ ਲਿਆ ਅਤੇ ਫਿਰ ਦਰਵਾਜੇ ਦੀ ਚੁਗਾਠ ਟਟੋਲਣ ਲੱਗਿਆ। ਉਸਦੀ ਪੂਰੀ ਹਸਤੀ ਵਿੱਚੋਂ ਇੱਕ ਤਰ੍ਹਾਂ ਦੀ ਪਰੇਸ਼ਾਨੀ ਝਲਕ ਰਹੀ ਸੀ, ਜਿਵੇਂ ਉਹ ਕਿਸੇ ਬਗਾਨੇ ਘਰ ਵਿੱਚ ਆ ਵੜਿਆ ਹੋਵੇ। ਰੋਸ਼ਨੀ ਦੀ ਇੱਕ ਚੌੜੀ ਪੱਟੀ ਕਮਰੇ ਦੀ ਇੱਕ ਦੀਵਾਰ ਅਤੇ ਕਿਤਾਬਾਂ ਦੀਆਂ ਅਲਮਾਰੀਆਂ ਉੱਤੇ ਪੈ ਰਹੀ ਸੀ। ਉਹ ਰੋਸ਼ਨੀ ਈਥਰ ਅਤੇ ਕਾਰਬੋਲਿਕ ਦੀ ਤਿੱਖੀ ਅਤੇ ਭਾਰੀ ਗੰਧ ਦੇ ਨਾਲ ਸੌਣ ਵਾਲੇ ਉਸ ਕਮਰੇ ਵਲੋਂ ਆ ਰਹੀ ਸੀ ਜਿਸਦਾ ਦਰਵਾਜਾ ਥੋੜ੍ਹਾ ਜਿਹਾ ਖੁੱਲ੍ਹਿਆ ਹੋਇਆ ਸੀ...ਡਾਕਟਰ ਮੇਜ਼ ਦੇ ਕੋਲ ਪਈ ਕੁਰਸੀ ਵਿੱਚ ਜਾ ਗਿਰਿਆ। ਥੋੜ੍ਹੀ ਦੇਰ ਤੱਕ ਉਹ ਰੋਸ਼ਨੀ ਵਿੱਚ ਚਮਕ ਰਹੀਆਂ ਕਿਤਾਬਾਂ ਨੂੰ ਉਨੀਂਦਰਾ ਜਿਹਾ ਘੂਰਦਾ ਰਿਹਾ, ਫਿਰ ਉੱਠਕੇ ਸੌਣ ਵਾਲੇ ਕਮਰੇ ਵਿੱਚ ਚਲਾ ਗਿਆ।

ਸੌਣ ਵਾਲੇ ਕਮਰੇ ਵਿੱਚ ਮੌਤ ਵਰਗਾ ਸੱਨਾਟਾ ਸੀ। ਇੱਥੇ ਦੀ ਹਰ ਛੋਟੀ ਚੀਜ ਉਸ ਤੂਫ਼ਾਨ ਦੀ ਭਿਣਕ ਦੇ ਰਹੀ ਸੀ ਜੋ ਹਾਲ ਵਿੱਚ ਹੀ ਇੱਥੋਂ ਲੰਘ ਕੇ ਗਿਆ ਸੀ। ਇੱਥੇ ਸਭ ਕੁਝ ਬੇਹਰਕਤ ਸੀ। ਬਕਸੇ, ਬੋਤਲਾਂ ਅਤੇ ਮਰਤਬਾਨਾਂ ਨਾਲ ਭਰੇ ਸਟੂਲ ਉੱਤੇ ਇੱਕ ਮੋਮਬੱਤੀ ਬਲ ਰਹੀ ਸੀ, ਅਤੇ ਅਲਮਾਰੀ ਉੱਤੇ ਇੱਕ ਵੱਡਾ ਲੈਂਪ ਬਲ ਰਿਹਾ ਸੀ ਅਤੇ ਇਸ ਨੇ ਪੂਰੇ ਕਮਰੇ ਨੂੰ ਰੁਸ਼ਨਾਇਆ ਹੋਇਆ ਸੀ।

ਖਿੜਕੀ ਦੇ ਕੋਲ ਪਏ ਬੈੱਡ ਉੱਤੇ ਇੱਕ ਬੱਚਾ ਲਿਟਿਆ ਸੀ ਜਿਸਦੀਆਂ ਅੱਖਾਂ ਖੁੱਲੀਆਂ ਸਨ ਅਤੇ ਚਿਹਰੇ ਉੱਤੇ ਅਚਰਜਤਾ ਦਾ ਭਾਵ ਸੀ। ਉਹ ਬਿਲਕੁੱਲ ਹਿੱਲਜੁੱਲ ਨਹੀਂ ਰਿਹਾ ਸੀ, ਪਰ ਉਸਦੀਆਂ ਖੁੱਲੀਆਂ ਅੱਖਾਂ ਹਰ ਪਲ ਕਾਲੀਆਂ ਪੈ ਰਹੀਆਂ ਤੇ ਉਸਦੇ ਮੱਥੇ ਵਿੱਚ ਹੀ ਡੂੰਘੀਆਂ ਧਸਦੀਆਂ ਜਾ ਰਹੀਆਂ ਲੱਗਦੀਆਂ ਸਨ। ਉਸਦੀ ਮਾਂ ਉਸਦੀ ਦੇਹ ਉੱਤੇ ਹੱਥ ਰੱਖ, ਬਿਸਤਰੇ ਵਿੱਚ ਮੂੰਹ ਲੁਕਾਈ, ਬੈੱਡ ਦੇ ਕੋਲ ਝੁਕੀ ਬੈਠੀ ਸੀ। ਬੱਚੇ ਦੀ ਤਰ੍ਹਾਂ, ਉਹ ਵੀ ਅਹਿੱਲ ਸੀ; ਪਰ ਉਸ ਦੇ ਸਰੀਰ ਅਤੇ ਉਸ ਦੀਆਂ ਬਾਹਾਂ ਦੀਆਂ ਗੋਲਾਈਆਂ ਵਿੱਚ ਜ਼ਿੰਦਗੀ ਦੀ ਧੜਕਣ ਦਾ ਪਤਾ ਚੱਲਦਾ ਸੀ! ਉਹ ਆਪਣੀ ਸਾਰੀ ਸ਼ਕਤੀ ਨਾਲ ਬੈੱਡ ਉੱਤੇ ਝੁਕੀ ਹੋਈ ਸੀ, ਬੈੱਡ ਨਾਲ ਪੂਰੀ ਤਰ੍ਹਾਂ ਚਿਪਕੀ ਹੋਈ ਸੀ, ਜਿਵੇਂ ਕਿ ਉਹ ਆਖਰ ਆਪਣੇ ਥੱਕੇ ਹੋਏ ਸਰੀਰ ਲਈ ਸ਼ਾਂਤ ਅਤੇ ਅਰਾਮਦੇਹ ਸਹਾਰੇ ਦੇ ਖੁੱਸਣ ਤੋਂ ਡਰਦੀ ਹੋਵੇ। ਬਿਸਤਰ, ਝੋਲੇ ਅਤੇ ਕਟੋਰੇ, ਪਾਣੀ ਦੀਆਂ ਛੱਪੜੀਆਂ, ਇਧਰ ਉਧਰ ਡਿਗੇ ਕੁਝ ਪੇਂਟ-ਬਰੱਸ਼ ਅਤੇ ਚਮਚੇ, ਚੂਨੇ ਪਾਣੀ ਦੀ ਚਿੱਟੀ ਬੋਤਲ, ਭਾਰੀ ਅਤੇ ਦਮਘੋਟੂ ਹਵਾ ਤੱਕ - ਸਭ ਸ਼ਾਂਤ ਸੀ ਅਤੇ ਜਾਪਦਾ ਸੀ ਜਿਵੇਂ ਇਹ ਸਭ ਆਰਾਮ ਫਰਮਾ ਰਹੇ ਸੀ।

ਡਾਕਟਰ ਸੋਗ ਵਿੱਚ ਢੇਰੀ ਹੋਈ ਬੈਠੀ ਆਪਣੀ ਪਤਨੀ ਦੇ ਕੋਲ ਆ ਖੜਾ ਹੋਇਆ। ਪਤਲੂਨ ਦੀਆਂ ਜੇਬਾਂ ਵਿੱਚ ਹੱਥ ਪਾਕੇ ਅਤੇ ਆਪਣਾ ਸਿਰ ਇੱਕ ਤਰਫ ਝੁਕਾ ਕੇ ਉਹ ਆਪਣੇ ਬੇਟੇ ਦੇ ਵੱਲ ਤੱਕਣ ਲਗਾ। ਉਸਦਾ ਚਿਹਰਾ ਨਿਰਭਾਵ ਸੀ। ਕੇਵਲ ਉਸਦੀ ਦਾੜ੍ਹੀ ਤੇ ਚਮਕ ਰਹੀਆਂ ਬੂੰਦਾਂ ਹੀ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਉਹ ਹੁਣੇ ਰੋ ਕੇ ਹੱਟਿਆ ਸੀ।

ਜਦੋਂ ਵੀ ਅਸੀਂ ਮੌਤ ਬਾਰੇ ਗੱਲ ਕਰਦੇ ਹਾਂ, ਤਾਂ ਜਿਸ ਘਿਣਾਉਣੀ ਦਹਿਸ਼ਤ ਦਾ ਖ਼ਿਆਲ ਆਉਂਦਾ ਹੈ, ਉਹ ਕਮਰੇ ਵਿੱਚੋਂ ਗ਼ੈਰ ਹਾਜ਼ਰ ਸੀ। ਹਰ ਚੀਜ਼ ਦੇ ਸੁੰਨ ਵਿਚ, ਮਾਂ ਦੇ ਰਵੱਈਏ ਵਿਚ, ਡਾਕਟਰ ਦੇ ਚਿਹਰੇ ਤੇ ਪਸਰੀ ਉਦਾਸੀਨਤਾ ਵਿਚ ਕੁਝ ਅਜਿਹਾ ਸੀ ਜੋ ਦਿਲ ਨੂੰ ਧੂ ਪਾਉਂਦਾ ਅਤੇ ਛੂੰਹਦਾ ਸੀ, ਉਹ ਸੂਖਮ, ਮਨੁੱਖੀ ਸੋਗ ਦੀ ਲਗਭਗ ਭਰਮ ਮਾਤਰ ਜਿਹੀ ਸੁੰਦਰਤਾ, ਜਿਸ ਨੂੰ ਲੋਕ ਅਜੇ ਬੜੀ ਦੇਰ ਤੱਕ ਸਮਝ ਅਤੇ ਦੱਸ ਨਹੀਂ ਸਕਣਗੇ, ਅਤੇ ਜਿਸ ਨੂੰ ਲੱਗਦਾ ਹੈ ਕਿ ਕੇਵਲ ਸੰਗੀਤ ਹੀ ਵਿਅਕਤ ਕਰ ਸਕਦਾ ਸੀ। ਕਿਰੀਲੋਵ ਅਤੇ ਉਸ ਦੀ ਪਤਨੀ ਚੁਪ ਸਨ। ਉਹ ਰੋਏ ਨਹੀਂ। ਇਸ ਬੱਚੇ ਦੇ ਚਲੇ ਜਾਣ ਦੇ ਨਾਲ ਉਨ੍ਹਾਂ ਦਾ ਔਲਾਦ ਪਾਉਣ ਦਾ ਹੱਕ ਵੀ ਉਂਜ ਹੀ ਵਿਦਾ ਹੋ ਚੁੱਕਿਆ ਸੀ ਜਿਵੇਂ ਆਪਣੇ ਸਮੇਂ ਨਾਲ ਉਨ੍ਹਾਂ ਦੀ ਜਵਾਨੀ ਵਿਦਾ ਹੋ ਗਈ ਸੀ। ਡਾਕਟਰ ਦੀ ਉਮਰ ਚੁਤਾਲੀ ਸਾਲ ਦੀ ਸੀ। ਉਸ ਦੇ ਵਾਲ਼ ਹੁਣੇ ਪੱਕ ਗਏ ਸਨ ਅਤੇ ਉਹ ਬੁੱਢਾ ਲੱਗਦਾ ਸੀ। ਉਸਦੀ ਕੁਮਲਾਈ ਹੋਈ ਅਤੇ ਕਮਜ਼ੋਰ ਜਿਹੀ ਪਤਨੀ ਪੈਂਤੀ ਸਾਲ ਦੀ ਸੀ। ਆਂਦਰੇਈ ਉਨ੍ਹਾਂ ਦੀ ਇੱਕਮਾਤਰ ਔਲਾਦ ਹੀ ਨਹੀਂ ਸਗੋਂ ਆਖ਼ਰੀ ਬੱਚਾ ਵੀ ਸੀ।

ਆਪਣੀ ਪਤਨੀ ਦੇ ਉਲਟ, ਡਾਕਟਰ ਇੱਕ ਅਜਿਹਾ ਵਿਅਕਤੀ ਸੀ ਜੋ ਮਾਨਸਿਕ ਕਸ਼ਟ ਦੇ ਸਮੇਂ ਕੁੱਝ ਕਰਨ ਦੀ ਜ਼ਰੂਰਤ ਮਹਿਸੂਸ ਕਰਦਾ ਸੀ। ਕੁੱਝ ਮਿੰਟ ਆਪਣੀ ਪਤਨੀ ਦੇ ਕੋਲ ਖੜੇ ਰਹਿਣ ਦੇ ਬਾਅਦ ਉਹ ਸੌਣ ਵਾਲੇ ਕਮਰੇ ਵਿੱਚੋਂ ਬਾਹਰ ਆ ਗਿਆ। ਆਪਣਾ ਸੱਜਾ ਪੈਰ ਉਸੇ ਤਰ੍ਹਾਂ ਜ਼ਰੂਰਤ ਨਾਲੋਂ ਜ਼ਿਆਦਾ ਚੁੱਕਦੇ ਹੋਏ ਉਹ ਇੱਕ ਛੋਟੇ ਕਮਰੇ ਵਿੱਚ ਗਿਆ, ਜਿੱਥੇ ਇੱਕ ਵੱਡਾ ਸੋਫਾ ਪਿਆ ਸੀ। ਉੱਥੋਂ ਹੁੰਦਾ ਹੋਇਆ ਉਹ ਰਸੋਈ ਵਿੱਚ ਗਿਆ। ਰਸੋਈ ਅਤੇ ਸਟੋਵ ਅਤੇ ਕੁੱਕ ਦੇ ਮੰਜੇ ਦੇ ਕੋਲ ਟਹਿਲਦੇ ਹੋਏ ਉਹ ਝੁਕ ਕੇ ਇੱਕ ਛੋਟੇ ਜਿਹੇ ਦਰਵਾਜੇ ਵਿੱਚ ਘੁਸਿਆ ਅਤੇ ਡਿਓਢੀ ਵੱਲ ਨਿਕਲ ਆਇਆ।

ਇੱਥੇ ਉਸਦੀ ਟੱਕਰ ਚਿੱਟੇ ਗੁਲੂਬੰਦ ਵਾਲੇ ਅਤੇ ਫੱਕ ਚਿਹਰੇ ਵਾਲੇ ਵਿਅਕਤੀ ਨਾਲ ਦੁਬਾਰਾ ਹੋ ਗਈ।

"ਆਖਿਰ ਤੁਸੀਂ ਆ ਗਏ!" ਦਰਵਾਜੇ ਦੇ ਮੁੱਠੇ ਉੱਤੇ ਹੱਥ ਰੱਖਦੇ ਹੋਏ ਅਬੋਗਿਨ ਨੇ ਲੰਬਾ ਸਾਹ ਲੈਂਦਿਆਂ ਕਿਹਾ, "ਭਗਵਾਨ ਲਈ, ਚੱਲੋ।"

ਡਾਕਟਰ ਚੌਂਕ ਗਿਆ। ਉਸਨੇ ਅਬੋਗਿਨ ਦੇ ਵੱਲ ਵੇਖਿਆ ਅਤੇ ਉਸਨੂੰ ਯਾਦ ਆ ਗਿਆ...ਫਿਰ ਜਿਵੇਂ ਇਸ ਦੁਨੀਆ ਵਿੱਚ ਪਰਤਦੇ ਹੋਏ ਉਸਨੇ ਕਿਹਾ, "ਅਜੀਬ ਗੱਲ ਹੈ!"

ਆਪਣੇ ਗੁਲੂਬੰਦ ਉੱਤੇ ਹੱਥ ਰੱਖ ਕੇ ਮਿੰਨਤ ਭਰੀ ਅਵਾਜ ਵਿੱਚ ਅਬੋਗਿਨ ਬੋਲਿਆ, "ਡਾਕਟਰ ਸਾਹਿਬ! ਮੈਂ ਤੁਹਾਡੀ ਹਾਲਤ ਚੰਗੀ ਤਰ੍ਹਾਂ ਸਮਝ ਰਿਹਾ ਹਾਂ। ਮੈਂ ਪੱਥਰ-ਦਿਲ ਇਨਸਾਨ ਨਹੀਂ ਹਾਂ। ਮੈਨੂੰ ਤੁਹਾਡੇ ਨਾਲ ਪੂਰੀ ਹਮਦਰਦੀ ਹੈ। ਪਰ ਮੈਂ ਤੁਹਾਨੂੰ ਆਪਣੇ ਵਾਸਤੇ ਅਪੀਲ ਨਹੀਂ ਕਰ ਰਿਹਾ ਹਾਂ। ਮੇਰੀ ਪਤਨੀ ਮਰ ਰਹੀ ਹੈ। ਜੇਕਰ ਤੁਸੀਂ ਉਸਦੀ ਉਹ ਹਿਰਦਾ ਚੀਰ ਦੇਣ ਵਾਲੀ ਚੀਖ਼ ਸੁਣੀ ਹੁੰਦੀ, ਉਸਦਾ ਉਹ ਜਰਦ ਚਿਹਰਾ ਵੇਖਿਆ ਹੁੰਦਾ, ਤਾਂ ਤੁਸੀਂ ਮੇਰੀ ਇਸ ਬੇਨਤੀ ਨੂੰ ਸਮਝ ਸਕਦੇ। ਹੇ ਭਗਵਾਨ! ….ਮੈਨੂੰ ਲੱਗਿਆ ਕਿ ਤੁਸੀਂ ਕੱਪੜੇ ਪਾਉਣ ਗਏ ਹੋ। ਡਾਕਟਰ ਸਾਹਿਬ, ਸਮਾਂ ਬਹੁਤ ਕੀਮਤੀ ਹੈ। ਮੈਂ ਹੱਥ ਜੋੜਦਾ ਹਾਂ, ਤੁਸੀਂ ਮੇਰੇ ਨਾਲ ਚੱਲੋ।"

ਪਰ ਬੈਠਕ ਦੇ ਵੱਲ ਵੱਧਦੇ ਹੋਏ ਡਾਕਟਰ ਨੇ ਇੱਕ ਇੱਕ ਸ਼ਬਦ ਉੱਤੇ ਜੋਰ ਦਿੰਦੇ ਹੋਏ ਦੁਬਾਰਾ ਕਿਹਾ, "ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ।"

ਅਬੋਗਿਨ ਉਸਦੇ ਪਿੱਛੇ ਪਿੱਛੇ ਗਿਆ ਅਤੇ ਉਸਨੇ ਡਾਕਟਰ ਦੀ ਬਾਂਹ ਫੜ ਲਈ, "ਮੈਂ ਸਮਝ ਰਿਹਾ ਹਾਂ ਕਿ ਤੁਸੀਂ ਸਚਮੁੱਚ ਬਹੁਤ ਦੁਖੀ ਹੋ। ਲੇਕਿਨ ਮੈਂ ਮਾਮੂਲੀ ਦੰਦ-ਦਰਦ ਦੇ ਇਲਾਜ ਜਾਂ ਮਾਤਰ ਕਿਸੇ ਰੋਗ ਦੇ ਲੱਛਣ ਪੁੱਛਣ ਲਈ ਤਾਂ ਤੁਹਾਨੂੰ ਚਲਣ ਦੀ ਜਿੱਦ ਨਹੀਂ ਕਰ ਰਿਹਾ!" ਉਹ ਮਿੰਨਤ ਭਰੀ ਅਵਾਜ ਵਿੱਚ ਬੋਲਿਆ, "ਮੈਂ ਤੁਹਾਨੂੰ ਇੱਕ ਇਨਸਾਨ ਦਾ ਜੀਵਨ ਬਚਾਉਣ ਲਈ ਕਹਿ ਰਿਹਾ ਹਾਂ। ਇਹ ਜੀਵਨ ਵਿਅਕਤੀਗਤ ਸੋਗ ਦੇ ਉੱਪਰ ਹੈ, ਡਾਕਟਰ ਸਾਹਿਬ। ਹੁਣ ਤੁਸੀਂ ਮੇਰੇ ਨਾਲ ਚੱਲੋ। ਮਨੁੱਖਤਾ ਦੇ ਨਾਮ ਤੇ ਮੈਂ ਤੁਹਾਨੂੰ ਬਹਾਦਰੀ ਵਿਖਾਉਣ ਅਤੇ ਹਿੰਮਤ ਦਰਸਾਉਣ ਦੀ ਅਪੀਲ ਕਰ ਰਿਹਾ ਹਾਂ।"

"ਮਨੁੱਖਤਾ!...ਇਹ ਇੱਕ ਦੋਧਾਰੀ ਤਲਵਾਰ ਹੈ!" ਕਿਰੀਲੋਵ ਨੇ ਝੁੰਜਲਾ ਕੇ ਕਿਹਾ।"ਇਸੇ ਮਨੁੱਖਤਾ ਦੇ ਨਾਮ ਉੱਤੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਮਤ ਲੈ ਕੇ ਜਾਓ। ਇਹ ਸਚਮੁੱਚ ਅਜੀਬ ਗੱਲ ਹੈ...ਮੇਰੇ ਲਈ ਤਾਂ ਖੜਾ ਹੋਣਾ ਵੀ ਮੁਸ਼ਕਲ ਹੋ ਰਿਹਾ ਹੈ ਅਤੇ ਤੁਸੀਂ ਹੋ ਕਿ ਮੈਨੂੰ ਮਨੁੱਖਤਾ ਸ਼ਬਦ ਨਾਲ ਧਮਕਾ ਰਹੇ ਹੋ। ਇਸ ਸਮੇਂ ਮੈਂ ਕੋਈ ਵੀ ਕੰਮ ਕਰਨ ਦੇ ਕਾਬਿਲ ਨਹੀਂ ਹਾਂ। ਮੈਂ ਕਿਸੇ ਵੀ ਤਰ੍ਹਾਂ ਤੁਹਾਡੇ ਨਾਲ ਚਲਣ ਲਈ ਰਾਜੀ ਨਹੀਂ ਹੋ ਸਕਦਾ। ਦੂਜੀ ਗੱਲ, ਇੱਥੇ ਹੋਰ ਕੋਈ ਨਹੀਂ ਹੈ ਜਿਸਨੂੰ ਮੈਂ ਆਪਣੀ ਪਤਨੀ ਦੇ ਕੋਲ ਛੱਡ ਕੇ ਜਾ ਸਕਾਂ। ਨਹੀਂ, ਨਹੀਂ।" ਕਿਰੀਲੋਵ ਇੱਕ ਕਦਮ ਪਿੱਛੇ ਹੱਟ ਗਿਆ ਅਤੇ ਅਤੇ ਹੱਥ ਹਿਲਾਂਦੇ ਹੋਏ ਇਨਕਾਰ ਕਰਨ ਲੱਗਿਆ, "ਤੁਸੀਂ ਮੈਨੂੰ ਜਾਣ ਨੂੰ ਨਾ ਕਹੋ!" ਫਿਰ ਅਚਾਨਕ ਉਹ ਘਬਰਾ ਕੇ ਬੋਲਿਆ, "ਮੈਨੂੰ ਮਾਫ਼ ਕਰੋ, ਤੇਰਹਵੇਂ ਨਿਯਮ ਦੇ ਮੁਤਾਬਕ ਮੈਂ ਤੁਹਾਡੇ ਨਾਲ ਜਾਣ ਦਾ ਪਾਬੰਦ ਹਾਂ। ਤੁਹਾਨੂੰ ਹੱਕ ਹੈ ਕਿ ਤੁਸੀਂ ਮੇਰੇ ਕੋਟ ਦਾ ਕਾਲਰ ਫੜਕੇ ਮੈਨੂੰ ਘਸੀਟਕੇ ਲੈ ਜਾਓ। ਚੰਗੀ ਗੱਲ ਹੈ। ਤੁਸੀਂ ਬੇਸ਼ੱਕ ਇਹੀ ਕਰੋ। ਲੇਕਿਨ ਹੁਣ ਮੈਂ ਕੋਈ ਵੀ ਕੰਮ ਕਰਨ ਦੇ ਕਾਬਿਲ ਨਹੀਂ ਹਾਂ। ਮੈਥੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ...ਮੈਨੂੰ ਮਾਫ਼ ਕਰੋ।"

"ਡਾਕਟਰ ਸਾਹਿਬ, ਤੁਸੀਂ ਅਜਿਹਾ ਨਾ ਕਹੋ। ਉਸਦੀ ਬਾਂਹ ਨਾ ਛੱਡਦੇ ਹੋਏ ਅਬੋਗਿਨ ਨੇ ਕਿਹਾ, "ਮੈਨੂੰ ਤੁਹਾਡੇ ਤੇਰਹਵੇਂ ਨਿਯਮ ਨਾਲ ਕੀ ਮਤਲਬ? ਤੁਹਾਡੀ ਇੱਛਾ ਦੇ ਖਿਲਾਫ ਆਪਣੇ ਨਾਲ ਚਲਣ ਲਈ ਤੁਹਾਨੂੰ ਮਜ਼ਬੂਰ ਕਰਨ ਦਾ ਮੈਨੂੰ ਕੋਈ ਅਧਿਕਾਰ ਨਹੀਂ। ਜੇਕਰ ਤੁਸੀਂ ਚਲਣ ਨੂੰ ਰਾਜੀ ਹੋ ਤਾਂ ਠੀਕ, ਜੇਕਰ ਨਹੀਂ ਤਾਂ ਮਜਬੂਰੀ ਵਿੱਚ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਅਪੀਲ ਕਰਦਾ ਹਾਂ। ਇੱਕ ਜਵਾਨ ਔਰਤ ਮਰ ਰਹੀ ਹੈ। ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੇਟੇ ਦੀ ਹੁਣੇ ਹੁਣੇ ਮੌਤ ਹੋਈ ਹੈ। ਅਜਿਹੀ ਹਾਲਤ ਵਿੱਚ ਤਾਂ ਤੁਹਾਨੂੰ ਮੇਰੀ ਤਕਲੀਫ ਹੋਰਾਂ ਨਾਲੋਂ ਜ਼ਿਆਦਾ ਸਮਝਣੀ ਚਾਹੀਦੀ ਹੈ।"

ਅਬੋਗਿਨ ਦੀ ਆਵਾਜ਼ ਭਾਵਨਾ ਨਾਲ ਕੰਬ ਰਹੀ ਸੀ; ਇਹ ਕੰਬਣੀ ਅਤੇ ਉਸ ਦੀ ਆਵਾਜ਼ ਦਾ ਲਹਿਜਾ ਉਸ ਦੇ ਸ਼ਬਦਾਂ ਨਾਲੋਂ ਕਿਤੇ ਜ਼ਿਆਦਾ ਪ੍ਰਭਾਵੀ ਸੀ। ਅਬੋਗਿਨ ਸੁਹਿਰਦ ਸੀ, ਪਰ ਇਹ ਕਮਾਲ ਦੀ ਗੱਲ ਸੀ ਕਿ ਜੋ ਕੁਝ ਉਸ ਨੇ ਕਿਹਾ ਉਹ ਜੋ ਕੁਝ ਬੋਲਦਾ ਸੀ, ਉਸਦੀ ਲੱਫ਼ਾਜ਼ੀ ਬਣਾਉਟੀ, ਆਤਮਾ ਤੋਂ ਸੱਖਣੀ ਅਤੇ ਬੇਲੋੜੇ ਤੌਰ ਤੇ ਸਿੰਗਾਰੀ ਹੋਈ ਲੱਗਦੀ ਸੀ, ਇਥੋਂ ਤੱਕ ਵੀ ਕਿ ਇਹ ਡਾਕਟਰ ਦੇ ਘਰ ਦੇ ਮਾਹੌਲ ਨੂੰ ਅਤੇ ਉਸ ਔਰਤ ਲਈ ਜੋ ਕਿਤੇ ਮਰ ਰਹੀ ਸੀ ਠੇਸ ਪਹੁੰਚਾਉਣ ਵਾਲੀ ਸੀ। ਉਹ ਖ਼ੁਦ ਆਪ ਵੀ ਇਸ ਨੂੰ ਮਹਿਸੂਸ ਕਰਦਾ ਸੀ, ਅਤੇ ਇਸ ਲਈ ਉਸਨੇ ਇਹ ਸਮਝ ਆਉਣ ਤੋਂ ਡਰਦੇ ਹੋਏ, ਉਸ ਨੇ ਆਪਣੀ ਆਵਾਜ਼ ਵਿੱਚ ਕੋਮਲਤਾ ਅਤੇ ਨਰਮੀ ਰੱਖਣ ਲਈ ਆਪਣਾ ਪੂਰਾ ਟਿੱਲ ਲਾ ਦਿੱਤਾ, ਤਾਂ ਕਿ ਜੇ ਉਸ ਦੇ ਸ਼ਬਦ ਕੰਮ ਨਾ ਆਏ ਤਾਂ ਉਸ ਦੀ ਅਵਾਜ਼ ਦੀ ਇਮਾਨਦਾਰੀ ਦਾ ਜਾਦੂ ਚੱਲ ਸਕੇ। ਇੱਕ ਨਿਯਮ ਦੇ ਤੌਰ ਤੇ, ਭਾਵੇਂ ਕੋਈ ਵਾਕੰਸ਼ ਜਿੰਨਾ ਵੀ ਵਧੀਆ ਅਤੇ ਗਹਿਰਾ ਹੋਵੇ, ਇਹ ਸਿਰਫ਼ ਉਦਾਸੀਨ ਵਿਅਕਤੀ ਨੂੰ ਹੀ ਪ੍ਰਭਾਵਿਤ ਕਰਦਾ ਹੈ, ਅਤੇ ਜੋ ਖੁਸ਼ ਜਾਂ ਨਾਖੁਸ਼ ਹੁੰਦੇ ਹਨ ਉਹਨਾਂ ਨੂੰ ਕਦੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦਾ; ਇਸੇ ਕਰਕੇ ਗੁੰਗਾਪਣ ਅਕਸਰ ਖੁਸ਼ੀ ਜਾਂ ਨਾਖੁਸ਼ੀ ਦਾ ਉੱਚਤਮ ਪ੍ਰਗਟਾ ਹੁੰਦਾ ਹੈ; ਪ੍ਰੇਮੀ ਇਕ ਦੂਜੇ ਨੂੰ ਉਦੋਂ ਬਿਹਤਰ ਸਮਝਦੇ ਹਨ ਜਦੋਂ ਜਦੋਂ ਉਹ ਚੁੱਪ ਹੁੰਦੇ ਹਨ। ਅਤੇ ਅੰਤਿਮ ਸਸਕਾਰ ਦੇ ਸਮੇਂ ਦਿੱਤਾ ਜ਼ਬਰਦਸਤ ਭਾਵਨਾਤਮਕ ਭਾਸ਼ਣ ਬਾਹਰੀ ਲੋਕਾਂ ਨੂੰ ਛੂੰਹਦਾ ਹੈ, ਜਦੋਂ ਕਿ ਵਿਧਵਾ ਅਤੇ ਮ੍ਰਿਤ ਵਿਅਕਤੀ ਦੇ ਬੱਚਿਆਂ ਨੂੰ ਇਹ ਠੰਡਾ ਅਤੇ ਮਾਮੂਲੀ ਲੱਗਦਾ ਹੈ।

ਕਿਰੀਲੋਵ ਚੁਪਚਾਪ ਖੜਾ ਰਿਹਾ। ਉੱਧਰ ਅਬੋਗਿਨ ਡਾਕਟਰੀ ਦੇ ਮਹਾਨ ਪੇਸ਼ੇ ਅਤੇ ਉਸ ਨਾਲ ਜੁੜੇ ਤਿਆਗ ਅਤੇ ਤਪਸਿਆ ਆਦਿ ਦੇ ਬਾਰੇ ਵਿੱਚ ਬੋਲਦਾ ਰਿਹਾ। ਆਖਿਰ ਡਾਕਟਰ ਨੇ ਰੁਖਾਈ ਨਾਲ ਪੁੱਛਿਆ, "ਕੀ ਜ਼ਿਆਦਾ ਦੂਰ ਜਾਣਾ ਹੋਵੇਗਾ?"

"ਬਸ, ਆਹੀ ਅੱਠ ਨੌਂ ਮੀਲ। ਮੇਰੇ ਘੋੜੇ ਬਹੁਤ ਵਧੀਆ ਹਨ। ਡਾਕਟਰ ਸਾਹਿਬ, ਰੱਬ ਦੀ ਸਹੁੰ, ਇਹ ਕੇਵਲ ਇੱਕ ਘੰਟੇ ਵਿੱਚ ਤੁਹਾਨੂੰ ਵਾਪਸ ਪਹੁੰਚਾ ਦੇਣਗੇ, ਬਸ ਘੰਟੇ ਭਰ ਵਿੱਚ।"

ਡਾਕਟਰ ਉੱਤੇ ਡਾਕਟਰੀ ਦੇ ਪੇਸ਼ੇ ਅਤੇ ਮਨੁੱਖਤਾ ਦੇ ਸੰਬੰਧ ਵਿੱਚ ਕਹੀਆਂ ਗਈਆਂ ਗੱਲਾਂ ਨਾਲੋਂ ਜ਼ਿਆਦਾ ਅਸਰ ਇਨ੍ਹਾਂ ਆਖ਼ਿਰੀ ਸ਼ਬਦਾਂ ਦਾ ਪਿਆ। ਇੱਕ ਪਲ ਸੋਚਣ ਦੇ ਬਾਅਦ ਉਸਨੇ ਆਹ ਭਰ ਕੇ ਕਿਹਾ, "ਠੀਕ ਹੈ, ਚਲੋ...ਚੱਲੀਏ।"

ਫਿਰ ਉਹ ਤੇਜ਼ੀ ਨਾਲ ਕਮਰੇ ਚ ਵੜਿਆ। ਹੁਣ ਉਸਦੀ ਚਾਲ ਸਥਿਰ ਸੀ। ਪਲ ਭਰ ਬਾਅਦ ਉਹ ਆਪਣਾ ਡਾਕਟਰੀ ਪੇਸ਼ੇ ਵਾਲਾ ਕੋਟ ਪਹਿਨ ਕੇ ਵਾਪਸ ਆਇਆ। ਅਬੋਗਿਨ ਛੋਟੇ ਛੋਟੇ ਕਦਮ ਭਰਦਾ ਹੋਇਆ ਉਸਦੇ ਨਾਲ ਚਲਣ ਲੱਗਿਆ ਅਤੇ ਕੋਟ ਠੀਕ ਤਰ੍ਹਾਂ ਪਹਿਨਣ ਵਿੱਚ ਉਸਦੀ ਮਦਦ ਕਰਨ ਲੱਗਿਆ। ਫਿਰ ਦੋਨੋਂ ਘਰੋਂ ਬਾਹਰ ਨਿਕਲ ਗਏ।

ਬਾਹਰ ਵੀ ਹਨੇਰਾ ਸੀ ਲੇਕਿਨ ਓਨਾ ਗਹਿਰਾ ਨਹੀਂ ਜਿੰਨਾ ਡਿਓਢੀ ਵਿੱਚ ਸੀ। ਲੰਬੀ, ਪਤਲੀ ਨੁਕੀਲੀ ਦਾੜ੍ਹੀ ਅਤੇ ਤੋਤਾ-ਚੁੰਝੀ ਨੱਕ ਵਾਲਾ, ਡਾਕਟਰ ਦਾ ਲੰਬਾ ਝੂਲਦਾ ਆਕਾਰ ਹਨੇਰੇ ਵਿਚ ਬਾਹਰ ਖੜ੍ਹਾ ਸੀ। ਅਬੋਗਿਨ ਦਾ ਵੱਡਾ ਸਿਰ ਅਤੇ ਨਿੱਕੀ ਜਿਹੀ ਵਿਦਿਆਰਥੀਆਂ ਵਾਲੀ ਟੋਪੀ ਜੋ ਇਸ ਨੂੰ ਮਸਾਂ ਹੀ ਢੱਕਦੀ ਸੀ, ਇਸ ਦੇ ਨਾਲ ਹੀ ਉਸ ਦਾ ਫ਼ਿੱਕਾ ਜਿਹਾ ਚਿਹਰਾ ਵੇਖ਼ਿਆ ਜਾ ਸਕਦਾ ਸੀ। ਗੁਲੂਬੰਦ ਸਿਰਫ ਸਾਹਮਣੇ ਤੋਂ ਹੀ ਚਿੱਟਾ ਦਿਖਾਈ ਦਿੰਦਾ ਸੀ, ਮਗਰਲਾ ਪਾਸਾ ਉਸਦੇ ਲੰਬੇ ਵਾਲਾਂ ਨੇ ਲੁਕਾਇਆ ਹੋਇਆ ਸੀ।

"ਤੁਸੀਂ ਯਕੀਨ ਜਾਣੋ, ਤੁਹਾਡੀ ਉਦਾਰਤਾ ਦੀ ਕਦਰ ਕਰਨਾ ਮੈਂ ਜਾਣਦਾ ਹਾਂ।" ਗੱਡੀ ਵਿੱਚ ਡਾਕਟਰ ਨੂੰ ਬੈਠਾਉਂਦੇ ਹੋਏ ਉਹ ਬੋਲਿਆ, "ਲੂਕਾ ਭਰਾਵਾ, ਤੂੰ ਜਿੰਨੀ ਤੇਜ਼ੀ ਨਾਲ ਘੋੜੇ ਹੱਕ ਸਕਦਾ ਹੈਂ, ਹੱਕ। ਰੱਬ ਦੇ ਵਾਸਤੇ ਜਲਦੀ ਕਰ!"

ਕੋਚਵਾਨ ਨੇ ਘੋੜੇ ਸਰਪਟ ਭਜਾ ਦਿੱਤੇ। ਪਹਿਲਾਂ ਪਹਿਲਾਂ ਹਸਪਤਾਲ ਦੀਆਂ ਇਮਾਰਤਾਂ ਦੇ ਨਾਲ-ਨਾਲ ਇੱਕੋ ਜਿਹੀਆਂ ਇਮਾਰਤਾਂ ਬਣੀਆਂ ਹੋਈਆਂ ਸਨ; ਹਰ ਜਗ੍ਹਾ ਹਨੇਰਾ ਸੀ, ਕੇਵਲ ਇਕ ਖਿੜਕੀ ਤੋਂ ਇਕ ਚਮਕਦਾਰ ਰੌਸ਼ਨੀ ਆ ਰਹੀ ਸੀ, ਜੋ ਕਿ ਵਾੜ ਦੇ ਪਾਸਿਓਂ ਵਿਹੜੇ ਦੇ ਦੂਰ ਵਾਲੇ ਕੋਨੇ ਵਿੱਚ ਚਮਕਦੀ ਸੀ, ਜਦੋਂ ਕਿ ਹਸਪਤਾਲ ਦੀ ਉਪਰਲੀ ਮੰਜ਼ਲ ਦੀਆਂ ਤਿੰਨ ਖਿੜਕੀਆਂ ਆਲੇ ਦੁਆਲੇ ਦੀ ਹਵਾ ਨਾਲੋਂ ਵੱਧ ਪੀਲੀਆਂ ਦਿਖਦੀਆਂ ਸਨ। ਫਿਰ ਗੱਡੀ ਸੰਘਣੀ ਛਾਂ ਵਿੱਚ ਚਲੀ ਗਈ; ਇੱਥੇ ਸਿੱਲ੍ਹ ਅਤੇ ਖੁੰਭਾਂ ਦੀ ਗੰਧ ਸੀ, ਅਤੇ ਸਰਸਰਾਉਂਦੇ ਰੁੱਖਾਂ ਦੀ ਆਵਾਜ਼; ਪਹੀਏ ਦੇ ਸ਼ੋਰ ਨਾਲ ਜਾਗੇ ਕਾਂ ਪੱਤਿਆਂ ਦੇ ਵਿੱਚ ਫੜਫੜਾਏ ਅਤੇ ਲੰਬੇ ਸਮੇਂ ਤਕ ਸੋਗੀ ਚੀਕ-ਚਿਹਾੜਾ ਪਾਉਂਦੇ ਰਹੇ ਜਿਵੇਂ ਕਿ ਉਹ ਜਾਣਦੇ ਹੋਣ ਕਿ ਡਾਕਟਰ ਦਾ ਪੁੱਤਰ ਮਰ ਗਿਆ ਸੀ ਅਤੇ ਅਬੋਗਿਨ ਦੀ ਪਤਨੀ ਬੀਮਾਰ ਸੀ। ਫਿਰ ਵੱਖ-ਵੱਖ ਰੁੱਖਾਂ, ਝੀਲਾਂ ਦੀ ਝਲਕ ਦਿਖਾਈ ਦਿੱਤੀ; ਇੱਕ ਟੋਭਾ, ਜਿਸ ਤੇ ਬਹੁਤ ਹੀ ਵੱਡੇ ਕਾਲੇ ਪਰਛਾਵੇਂ ਇੱਕ ਬੁਝੀ ਜਿਹੀ ਰੋਸ਼ਨੀ ਨਾਲ ਚਮਕਦੇ ਹੋਏ ਸੁੱਤੇ ਸਨ। ਤੇ ਗੱਡੀ ਇੱਕ ਰਵਾਂ ਪੱਧਰੇ ਮੈਦਾਨ ਤੇ ਰਿੜਦੀ ਜਾਂਦੀ ਸੀ ਅਤੇ ਕਾਵਾਂ ਦੀ ਆਵਾਜ਼ ਬਹੁਤ ਦੂਰ ਰਹਿੰਦੀ ਗਈ ਅਤੇ ਛੇਤੀ ਹੀ ਪੂਰੀ ਤਰ੍ਹਾਂ ਬੰਦ ਹੋ ਗਈ। ਪੂਰੇ ਰਸਤੇ ਕਿਰੀਲੋਵ ਅਤੇ ਅਬੋਗਿਨ ਚੁਪ ਰਹੇ। ਅਬੋਗਿਨ ਕੇਵਲ ਇੱਕ ਵਾਰ ਡੂੰਘਾ ਸਾਹ ਲੈ ਕੇ ਬੁਦਬੁਦਾਇਆ, "ਕਿੰਨੀ ਦੁਖਦਾਈ ਗੱਲ ਹੈ! ਕਦੇ ਵੀ ਬੰਦਾ ਕਿਸੇ ਨੂੰ ਓਨਾ ਪਿਆਰ ਨਹੀਂ ਕਰਦਾ ਜਿੰਨਾ ਉਦੋਂ ਜਦੋਂ ਉਹਦਾ ਉਸ ਕੋਲੋਂ ਖੁੱਸ ਜਾਣ ਖਤਰਾ ਹੁੰਦਾ ਹੈ!"

ਜਦੋਂ ਨਦੀ ਪਾਰ ਕਰਨ ਲਈ ਗੱਡੀ ਹੌਲੀ ਹੋਈ, ਕਿਰੀਲੋਵ ਅਚਾਨਕ ਚੌਂਕ ਪਿਆ। ਇਵੇਂ ਲੱਗਿਆ ਜਿਵੇਂ ਪਾਣੀ ਦੀ ਛਪ-ਛਪ ਦੀ ਅਵਾਜ਼ ਸੁਣਕੇ ਉਹ ਦੂਰ ਕਿਤੇ ਵਾਪਸ ਆ ਗਿਆ ਹੋਵੇ। ਉਹ ਆਪਣੀ ਜਗ੍ਹਾ ਹਿਲਣ-ਡੁਲਣ ਲਗਾ। ਫਿਰ ਉਹ ਉਦਾਸ ਆਵਾਜ਼ ਵਿੱਚ ਬੋਲਿਆ, "ਵੇਖੋ, ਮੈਨੂੰ ਜਾਣ ਦੇਵੋ। ਮੈਂ ਬਾਅਦ ਵਿੱਚ ਆ ਜਾਵਾਂਗਾ। ਮੈਂ ਕੇਵਲ ਆਪਣੇ ਸਹਾਇਕ ਨੂੰ ਆਪਣੀ ਪਤਨੀ ਦੇ ਕੋਲ ਭੇਜਣਾ ਚਾਹੁੰਦਾ ਹਾਂ। ਉਹ ਇਸ ਸਮੇਂ ਬਿਲਕੁਲ ਇਕੱਲੀ ਰਹਿ ਗਈ ਹੈ।" ਅਬੋਗਿਨ ਬੋਲਿਆ ਨਹੀਂ। ਗੱਡੀ ਸੜਕ ਤੇ ਝੋਲੇ ਖਾਂਦੀ ਅਤੇ ਪੱਥਰਾਂ ਤੇ ਕਿਰਚ ਕਿਰਚ ਕਰਦੀ ਰੇਤਲੇ ਕੰਢੇ ਤੇ ਚੜ੍ਹ ਗਈ ਅਤੇ ਆਪਣੇ ਰਾਹ ਪੈ ਗਈ। ਕਿਰੀਲੋਵ ਬੇਆਰਾਮੀ ਨਾਲ ਹਿੱਲਿਆ ਅਤੇ ਉਸ ਨੇ ਦੁੱਖ ਵਿੱਚ ਆਲੇ ਦੁਆਲੇ ਦੇਖਿਆ। ਉਨ੍ਹਾਂ ਦੇ ਪਿੱਛੇ ਤਾਰਿਆਂ ਦੀ ਧੁੰਦਲੀ ਰੋਸ਼ਨੀ ਵਿਚ ਸੜਕ ਅਤੇ ਦਰਿਆ ਦੇ ਕੰਢੇ ਰੁੱਖ ਹਨੇਰੇ ਵਿਚ ਗਾਇਬ ਹੁੰਦੇ ਦੇਖੇ ਜਾ ਸਕਦੇ ਸਨ। ਸੱਜੇ ਪਾਸੇ ਇਕ ਮੈਦਾਨ ਪਸਰਿਆ ਸੀ, ਅਸਮਾਨ ਵਾਂਗ ਇੱਕਸਾਰ ਅਤੇ ਅੰਤਹੀਣ; ਦੂਰ ਕਿਤੇ ਕਿਤੇ ਸ਼ਾਇਦ ਦਲਦਲਾਂ ਦੇ ਉੱਤੇ ਧੁੰਦਲੀ ਜਿਹੀ ਰੋਸ਼ਨੀ ਝਪਕਦੀ ਸੀ। ਖੱਬੇ ਪਾਸੇ, ਸੜਕ ਦੇ ਸਮਾਂਤਰ, ਛੋਟੇ ਛੋਟੇ ਰੁੱਖਾਂ ਦੇ ਨਾਲ ਇੱਕ ਪਰਬਤੀ ਲੜੀ ਸੀ ਜਿਸ ਦੇ ਉੱਪਰ ਝਾੜੀਆਂ ਦੇ ਫੂੰਦੇ ਜਿਹੇ ਸੀ, ਅਤੇ ਪਹਾੜੀ ਦੇ ਉੱਪਰ ਇੱਕ ਵੱਡਾ, ਲਾਲ ਅੱਧਾ ਚੰਨ ਅਹਿੱਲ ਖੜ੍ਹਾ ਸੀ, ਜੋ ਥੋੜਾ ਜਿਹਾ ਧੁੰਦ ਨਾਲ ਢੱਕਿਆ ਹੋਇਆ ਸੀ ਅਤੇ ਛੋਟੇ ਛੋਟੇ ਬੱਦਲਾਂ ਵਿੱਚ ਘਿਰਿਆ ਹੋਇਆ ਸੀ, ਜਿਨ੍ਹਾਂ ਨੇ ਇਸਨੂੰ ਸਾਰੇ ਪਾਸਿਉਂ ਇਵੇਂ ਘੇਰਿਆ ਲੱਗਦਾ ਸੀ ਜਿਵੇਂ ਇਸਤੇ ਪਹਿਰਾ ਦੇ ਰਹੇ ਹੋਣ ਕਿ ਇਹ ਕਿਤੇ ਭੱਜ ਨਾ ਜਾਵੇ।

ਸਾਰੀ ਕੁਦਰਤ ਵਿੱਚ ਨਿਰਾਸ਼ਾ ਅਤੇ ਦਰਦ ਦੀ ਭਾਵਨਾ ਪਸਰੀ ਲੱਗਦੀ ਸੀ। ਧਰਤੀ, ਇਕ ਹਨੇਰੇ ਕਮਰੇ ਵਿਚ ਬੈਠੀ ਬਰਬਾਦ ਔਰਤ ਵਰਗੀ ਲੱਗਦੀ ਸੀ, ਜੋ ਅਤੀਤ ਬਾਰੇ ਨਾ ਸੋਚਣ ਦੀ ਕੋਸ਼ਿਸ਼ ਕਰਦੀ ਹੋਈ, ਬਸੰਤ ਅਤੇ ਗਰਮੀਆਂ ਦੀਆਂ ਯਾਦਾਂ ਤੇ ਝੂਰ ਰਹੀ ਸੀ ਅਤੇ ਅਟੱਲ ਸਰਦੀਆਂ ਦੀ ਬੇਪਰਵਾਹ ਉਡੀਕ ਕਰ ਰਹੀ ਸੀ। ਜਿਧਰ ਕਿਤੇ ਵੀ ਨਿਗਾਹ ਜਾਂਦੀ, ਹਰ ਪਾਸੇ, ਕੁਦਰਤ ਇਕ ਹਨੇਰਾ, ਬੇਅੰਤ ਡੂੰਘਾ, ਠੰਢਾ ਜਿਹਾ ਟੋਆ ਜਾਪਦੀ ਸੀ ਜਿਸ ਵਿਚੋਂ ਨਾ ਕਿਰੀਲੋਵ, ਨਾ ਹੀ ਅਬੋਗਿਨ ਅਤੇ ਨਾ ਹੀ ਲਾਲ ਅੱਧਾ ਚੰਨ ਬਚ ਕੇ ਨਿਕਲ ਸਕਦੇ ਸਨ।

ਦੂਜੇ ਪਾਸੇ, ਗੱਡੀ ਜਿਵੇਂ ਜਿਵੇਂ ਆਪਣੇ ਮੁਕਾਮ ਦੇ ਨੇੜੇ ਪਹੁੰਚ ਰਹੀ ਸੀ, ਅਬੋਗਿਨ ਵਧੇਰੇ ਹੀ ਵਧੇਰੇ ਧੀਰਜ ਦਾ ਲੜ ਛਡਦਾ ਜਾ ਰਿਹਾ ਸੀ। ਕਦੇ ਉਹ ਉਠ ਖੜਦਾ, ਕਦੇ ਬੈਠ ਜਾਂਦਾ, ਕਦੇ ਚੌਂਕ ਕੇ ਉਛਲ ਪੈਂਦਾ ਅਤੇ ਕਦੇ ਕੋਚਵਾਨ ਦੇ ਮੋਢਿਆਂ ਦੇ ਉੱਤੋਂ ਦੀ ਅੱਗੇ ਦੇਖਦਾ। ਅੰਤ ਨੂੰ ਗੱਡੀ ਜਦੋਂ ਧਾਰੀਦਾਰ ਕਿਰਮਿਚ ਦੇ ਪਰਦਿਆਂ ਨਾਲ ਦਿਲਕਸ਼ ਢੰਗ ਨਾਲ ਸਜਾਏ ਦਲਾਨ ਵਿੱਚ ਜਾ ਰੁਕੀ, ਉਸਨੇ ਜਲਦੀ ਜਲਦੀ ਅਤੇ ਜ਼ੋਰ ਜ਼ੋਰ ਨਾਲ ਸਾਹ ਲੈਂਦੇ ਹੋਏ ਦੂਜੀ ਮੰਜ਼ਿਲ ਦੀਆਂ ਬਾਰੀਆਂ ਦੇ ਵੱਲ ਵੇਖਿਆ, ਜਿਨ੍ਹਾਂ ਤੋਂ ਰੋਸ਼ਨੀ ਆ ਰਹੀ ਸੀ।

ਜੇਕਰ ਕੁੱਝ ਹੋ ਗਿਆ ਤਾਂ...ਮੈਂ ਬਚ ਨਹੀਂ ਸਕਾਂਗਾ। ਅਬੋਗਿਨ ਨੇ ਡਾਕਟਰ ਦੇ ਨਾਲ ਡਿਓਢੀ ਦੇ ਵੱਲ ਵੱਧਦੇ ਹੋਏ ਬੇਚੈਨੀ ਵਿੱਚ ਹੱਥ ਮਲ਼ਦੇ ਹੋਏ ਕਿਹਾ।"ਲੇਕਿਨ ਪਰੇਸ਼ਾਨੀ ਵਾਲੀ ਕੋਈ ਅਵਾਜ਼ ਨਹੀਂ ਆ ਰਹੀ, ਇਸਲਈ ਹੁਣ ਤੱਕ ਸਭ ਠੀਕ ਹੀ ਹੋਵੇਗਾ।" ਸੰਨਾਟੇ ਵਿੱਚ ਕੁੱਝ ਸੁਣ ਪਾਉਣ ਲਈ ਕੰਨ ਲਗਾਈਂ ਉਹ ਬੋਲਿਆ।

ਡਿਓਢੀ ਵਿੱਚ ਵੀ ਬੋਲਣ ਦੀ ਕੋਈ ਅਵਾਜ਼ ਸੁਣਾਈ ਨਹੀਂ ਦੇ ਰਹੀ ਸੀ ਅਤੇ ਸਮੁੱਚਾ ਘਰ ਤੇਜ਼ ਰੋਸ਼ਨੀ ਦੇ ਬਾਵਜੂਦ ਸੁੱਤਾ ਸੁੱਤਾ ਜਿਹਾ ਲੱਗ ਰਿਹਾ ਸੀ। ਹੁਣ ਡਾਕਟਰ ਅਤੇ ਅਬੋਗਿਨ, ਜੋ ਪਹਿਲਾਂ ਹਨੇਰੇ ਵਿਚ ਸਨ, ਇਕ ਦੂਜੇ ਨੂੰ ਸਪਸ਼ਟ ਤੌਰ ਤੇ ਦੇਖ ਸਕਦੇ ਸਨ। ਡਾਕਟਰ ਦਾ ਆਕਾਰ ਲੰਬਾ ਅਤੇ ਅੱਗੇ ਨੂੰ ਝੁਕਿਆ ਜਿਹਾ ਸੀ, ਉਸਨੇ ਬੇਧਿਆਨੀ ਨਾਲ ਕੱਪੜੇ ਪਹਿਨੇ ਹੋਏ ਸਨ ਅਤੇ ਇਹ ਸੁਹਣੇ ਨਹੀਂ ਸਨ ਲੱਗਦੇ। ਉਸ ਦੇ ਨੀਗਰੋ ਨੁਮਾ ਮੋਟੇ ਬੁੱਲ੍ਹਾਂ ਦੇ ਦੁਆਲੇ ਇੱਕ ਬੇਢਬੀ, ਕਠੋਰ, ਨਿਰਲੇਪ, ਅਤੇ ਗੈਰ-ਦੋਸਤਾਨਾ ਜਿਹੀ ਝਲਕ ਸੀ, ਉਸ ਦਾ ਤੋਤੇਚੁੰਝੀ ਨੱਕ ਅਤੇ ਉਦਾਸੀਨ, ਨਿਰਜੀਵ ਜਿਹੀਆਂ ਅੱਖਾਂ ਸਨ। ਉਸ ਦੇ ਅਣਵਾਹੇ ਵਾਲ਼ ਅਤੇ ਧਸੀਆਂ ਹੋਈਆਂ ਪੁੜਪੁੜੀਆਂ, ਉਸ ਦੀ ਲੰਬੀ ਅਤੇ ਪਤਲੀ ਦਾੜ੍ਹੀ ਸਮੇਂ ਤੋਂ ਪਹਿਲਾਂ ਧੌਲੀ ਹੋ ਚੁੱਕੀ ਸੀ, ਜਿਸਦੇ ਵਿੱਚ ਦੀ ਚਮੜੀ ਦਿਖਾਈ ਦੇ ਰਹੀ ਸੀ, ਉਸ ਦੀ ਚਮੜੀ ਦਾ ਹਲਕਾ ਭੂਰਾ ਰੰਗ ਅਤੇ ਉਸ ਦਾ ਲਾਪਰਵਾਹ, ਕੁਰੱਖਤ ਵਿਵਹਾਰ - ਇਸ ਸਭ ਦੀ ਕਠੋਰਤਾ, ਹੰਢਾਈ ਗਰੀਬੀ ਦੀ, ਮੰਦੀ ਕਿਸਮਤ ਦੇ ਸਾਲਾਂ ਦੀ, ਜੀਵਨ ਦੇ ਨਾਲ ਅਤੇ ਮਨੁੱਖਾਂ ਨਾਲ ਉਸ ਦੇ ਤਲ੍ਖ਼ ਅਨੁਭਵਾਂ ਦੀ ਸੂਚਕ ਸੀ। ਉਸਦੀ ਤੁਛ ਜਿਹੀ ਸੂਰਤ ਨੂੰ ਵੇਖ ਕੇ ਕੋਈ ਇਹ ਵਿਸ਼ਵਾਸ ਨਹੀਂ ਸੀ ਕਰਦਾ ਕਿ ਇਸ ਆਦਮੀ ਦੀ ਪਤਨੀ ਵੀ ਸੀ, ਕਿ ਉਹ ਆਪਣੇ ਮੋਏ ਬੱਚੇ ਨੂੰ ਰੋਣ ਦੇ ਸਮਰੱਥ ਸੀ। ਅਬੋਗਿਨ ਦਾ ਬਹੁਤ ਹੀ ਵੱਖਰਾ ਰੰਗ-ਰੂਪ ਸੀ। ਉਹ ਇੱਕ ਹੱਟਾ-ਕੱਟਾ, ਮਜ਼ਬੂਤ-ਦਿੱਖ ਵਾਲਾ, ਸੁਹਣਾ ਸੁਨੱਖਾ ਵਿਅਕਤੀ ਸੀ ਜਿਸਦਾ ਵੱਡਾ ਸਿਰ ਅਤੇ ਵੱਡੇ ਵੱਡੇ, ਕੋਮਲ ਨੈਣਨਕਸ਼ ਸੀ; ਉਸ ਨੇ ਬਿਲਕੁਲ ਨਵੀਨਤਮ ਫੈਸ਼ਨ ਦੇ ਸ਼ਾਨਦਾਰ ਕੱਪੜੇ ਪਾਏ ਹੋਏ ਸਨ। ਉਸ ਦੀ ਗੱਡੀ, ਉਸ ਦਾ ਬਟਨਬੰਦ ਕੋਟ, ਉਸ ਦੇ ਲੰਬੇ ਵਾਲ਼ ਅਤੇ ਉਸ ਦਾ ਚਿਹਰਾ, ਸਭ ਤੋਂ ਇਕ ਦਿਆਲੂ, ਸ਼ੇਰ ਵਰਗੇ ਬੰਦੇ ਦਾ ਪ੍ਰਭਾਵ ਪੈਂਦਾ ਸੀ; ਉਹ ਆਪਣਾ ਸਿਰ ਉੱਪਰ ਚੁੱਕ ਕੇ ਅਤੇ ਆਪਣੀ ਛਾਤੀ ਫੁਲਾ ਕੇ ਤੁਰਦਾ ਸੀ। ਉਹਦੀ ਮਨਮੋਹਕ ਮਰਦਾਨਾ ਆਵਾਜ਼ ਸੀ ਅਤੇ ਜਿਸ ਤਰੀਕੇ ਨਾਲ ਉਸ ਨੇ ਆਪਣੇ ਗੁਲੂਬੰਦ ਨੂੰ ਲਾਹਿਆ ਅਤੇ ਆਪਣੇ ਵਾਲਾਂ ਨੂੰ ਸੁਲਝਾਇਆ ਉਸ ਵਿਚ ਔਰਤਾਂ ਵਾਲੀ ਮਟਕ ਦੀ ਭਰਪੂਰਤਾ ਸੀ। ਉਸ ਦਾ ਪੀਲਾਪਣ ਅਤੇ ਉਸ ਦੀ ਬਚਗਾਨਾ ਦਹਿਸ਼ਤ ਜਿਸ ਨਾਲ ਉਸਨੇ ਆਪਣਾ ਕੋਟ ਲਾਹੁੰਦੇ ਹੋਏ ਉੱਪਰ ਪੌੜੀਆਂ ਵੱਲ ਨਜ਼ਰ ਮਾਰੀ ਸੀ, ਉਸ ਨੇ ਵੀ ਉਸਦੀ ਸ਼ਾਨੋ-ਸ਼ੌਕਤ ਨੂੰ ਭੋਰਾ ਠੇਸ ਨਹੀਂ ਸੀ ਪਹੁੰਚਾਈ ਅਤੇ ਨਾ ਹੀ ਉਸ ਦੀ ਸਮੁੱਚੀ ਦਿੱਖ ਨੂੰ ਪਰਿਭਾਸ਼ਿਤ ਕਰਦੀ ਚਮਕ, ਸਿਹਤ ਅਤੇ ਸਵੈ-ਸੰਤੁਸ਼ਟੀ ਦੀ ਹਵਾ ਨੂੰ ਭੋਰਾ ਘੱਟ ਕੀਤਾ ਸੀ।

ਪੌੜੀਆਂ ਚੜ੍ਹਦੇ ਹੋਏ ਉਸਨੇ ਕਿਹਾ, "ਨਾ ਤਾਂ ਕੋਈ ਅਵਾਜ ਆ ਰਹੀ ਹੈ, ਨਾ ਹੀ ਕੋਈ ਵਿਖਾਈ ਪੈ ਰਿਹਾ ਹੈ। ਕਿਤੇ ਕੋਈ ਖਲਬਲੀ ਜਾਂ ਹਲਚਲ ਵੀ ਨਹੀਂ ਹੈ। ਰੱਬ ਮਿਹਰ ਕਰੇ...!"

ਉਹ ਦੋਨੋਂ ਡਿਓਢੀ ਵਲੋਂ ਹੁੰਦੇ ਹੋਏ ਹਾਲ ਵਿੱਚ ਪਹੁੰਚੇ, ਜਿੱਥੇ ਇੱਕ ਕਾਲ਼ਾ ਪਿਆਨੋ ਰੱਖਿਆ ਹੋਇਆ ਸੀ ਅਤੇ ਛੱਤ ਤੋਂ ਫ਼ਾਨੂਸ ਲਟਕ ਰਿਹਾ ਸੀ। ਇੱਥੋਂ ਅੱਗੇ ਅਬੋਗਿਨ ਡਾਕਟਰ ਨੂੰ ਇੱਕ ਛੋਟੇ ਦੀਵਾਨਖਾਨੇ ਵਿੱਚ ਲੈ ਗਿਆ, ਜੋ ਆਰਾਮਦਾਇਕ ਅਤੇ ਆਕਰਸ਼ਕ ਢੰਗ ਨਾਲ ਸੱਜਿਆ ਹੋਇਆ ਸੀ ਅਤੇ ਜਿਸ ਵਿੱਚ ਗੁਲਾਬੀ ਨੀਮ ਰੋਸ਼ਨੀ ਝਿਲਮਿਲਾ ਰਹੀ ਸੀ।

"ਡਾਕਟਰ ਸਾਹਿਬ, ਤੁਸੀਂ ਇੱਥੇ ਬੈਠੋ ਅਤੇ ਇੰਤਜਾਰ ਕਰੋ।" ਅਬੋਗਿਨ ਨੇ ਕਿਹਾ, "ਮੈਂ ਹੁਣੇ ਆਉਂਦਾ ਹਾਂ। ਜਰਾ ਜਾ ਕੇ ਵੇਖ ਲਾਂ ਅਤੇ ਦੱਸ ਦੇਵਾਂ ਕਿ ਤੁਸੀਂ ਆ ਗਏ ਹੋ।"

ਕਿਰੀਲੋਵ ਇਕੱਲਾ ਰਹਿ ਗਿਆ ਸੀ। ਡਰਾਇੰਗ-ਰੂਮ ਦੀ ਲਗਜ਼ਰੀ, ਪ੍ਰਭਾਵਸ਼ਾਲੀ ਮੰਦ ਮੰਦ ਰੋਸ਼ਨੀ ਅਤੇ ਕਿਸੇ ਅਜਨਬੀ ਦੇ ਅਣਪਛਾਤੇ ਘਰ ਵਿਚ ਉਸ ਦੀ ਆਪਣੀ ਮੌਜੂਦਗੀ, ਜਿਸ ਵਿਚ ਕਿਸੇ ਅਡਵੈਂਚਰ ਦੇ ਪਾਤਰ ਵਰਗਾ ਕੁਝ ਸੀ, ਇਹ ਸਭ ਕੁਝ ਸਪਸ਼ਟ ਤੌਰ ਤੇ ਉਸ ਨੂੰ ਪ੍ਰਭਾਵਿਤ ਨਹੀਂ ਕਰਦਾ ਸੀ। ਉਹ ਇੱਕ ਨੀਵੀਂ ਕੁਰਸੀ ਤੇ ਬੈਠਾ ਸੀ ਅਤੇ ਉਸਨੇ ਆਪਣੇ ਹੱਥਾਂ ਦੀ ਘੋਖ ਕੀਤੀ, ਜਿਨ੍ਹਾਂ ਨੂੰ ਕਾਰਬੋਲਿਕ ਨੇ ਜਲਾ ਦਿੱਤਾ ਹੋਇਆ ਸੀ। ਉਸ ਨੇ ਸਿਰਫ ਚਮਕਦਾਰ ਲਾਲ ਸ਼ੇਡ ਅਤੇ ਵਾਇਲਨ ਕੇਸ ਦੀ ਝਲਕ ਜਿਹੀ ਦੇਖੀ, ਅਤੇ ਉਸ ਦਿਸ਼ਾ ਵਿਚ ਦੇਖਦੇ ਹੋਏ ਜਿਥੇ ਘੜੀ ਟਿੱਕ ਟਿੱਕ ਕਰ ਰਹੀ ਸੀ, ਉਸ ਨੇ ਇਕ ਭਰੇ ਹੋਏ ਬਘਿਆੜ ਨੂੰ ਦੇਖਿਆ ਜਿਸ ਵਿਚ ਉਸ ਨੂੰ ਖ਼ੁਦ ਅਬੋਗਿਨ ਦਾ ਚੰਗਾ ਚੋਖਾ ਚਮਕ ਦਮਕ ਵਾਲਾ ਰੂਪ ਦਿਖਾਈ ਦਿੱਤਾ।

ਚਾਰੇ ਪਾਸੇ ਸ਼ਾਂਤੀ ਸੀ। ਦੂਰ, ਕਿਸੇ ਕਮਰੇ ਦੀ ਬੈਠਕ ਵਿੱਚ ਕਿਸੇ ਨੇ ਆਹ ਭਰੀ, ਕਿਸੇ ਅਲਮਾਰੀ ਦਾ ਸ਼ੀਸ਼ੇ ਦਾ ਦਰਵਾਜਾ ਖੜਕਿਆ ਅਤੇ ਫਿਰ ਸੱਨਾਟਾ ਛਾ ਗਿਆ। ਲੱਗਪਗ ਪੰਜ ਮਿੰਟ ਦੇ ਬਾਅਦ ਕਿਰੀਲੋਵ ਨੇ ਹੱਥਾਂ ਦੇ ਵੱਲ ਨਿਹਾਰਨਾ ਛੱਡਕੇ ਉਸ ਦਵਾਰ ਦੇ ਵੱਲ ਵੇਖਿਆ ਜਿਸਦੇ ਰਾਹੀਂ ਅਬੋਗਿਨ ਅੰਦਰ ਗਿਆ ਸੀ।

ਅਬੋਗਿਨ ਦਰਵਾਜੇ ਦੇ ਕੋਲ ਖੜਾ ਸੀ, ਪਰ ਉਹ ਹੁਣ ਉਹੀ ਅਬੋਗਿਨ ਨਹੀਂ ਲੱਗ ਰਿਹਾ ਸੀ ਜੋ ਕਮਰੇ ਦੇ ਅੰਦਰ ਗਿਆ ਸੀ। ਉਸਦੇ ਚਿਹਰੇ ਉੱਤੇ ਸਿਆਹ ਪਰਛਾਈਆਂ ਤੈਰ ਰਹੀਆਂ ਸਨ। ਹੁਣ ਉਸਦੀ ਸੂਰਤ ਪਹਿਲਾਂ ਵਰਗੀ ਲਿਸ਼ਕਦੀ ਨਹੀਂ ਲੱਗ ਰਹੀ ਸੀ। ਉਸਦੇ ਚਿਹਰੇ ਉੱਤੇ ਵੈਰਾਗ ਦੇ ਭਾਵ ਵਰਗਾ ਕੁੱਝ ਆ ਗਿਆ ਸੀ। ਪਤਾ ਨਹੀਂ, ਇਹ ਡਰ ਸੀ ਜਾਂ ਸਰੀਰਕ ਕਸ਼ਟ। ਉਸਦੀ ਨੱਕ, ਮੁੱਛਾਂ ਅਤੇ ਉਸਦਾ ਸਾਰਾ ਚਿਹਰਾ ਫੜਫੜਾ ਰਿਹਾ ਸੀ, ਜਿਵੇਂ ਇਹ ਸਾਰੀਆਂ ਚੀਜ਼ਾਂ ਉਸਦੇ ਚਿਹਰੇ ਨਾਲੋਂ ਟੁੱਟ ਕੇ ਵੱਖ ਹੋ ਜਾਣਾ ਚਾਹੁੰਦੀਆਂ ਹੋਣ। ਉਸਦੀਆਂ ਅੱਖਾਂ ਵਿੱਚ ਪੀੜ ਭਰੀ ਹੋਈ ਸੀ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਲੱਗ ਰਿਹਾ ਸੀ।

ਲੰਬੇ ਅਤੇ ਭਾਰੀ ਕਦਮ ਪੁੱਟਦਾ ਹੋਇਆ ਉਹ ਦੀਵਾਨਖਾਨੇ ਦੇ ਵਿੱਚ ਆ ਖੜਾ ਹੋਇਆ। ਫਿਰ ਉਹ ਅੱਗੇ ਵਧਕੇ ਮੁੱਠੀਆਂ ਮੀਚਦੇ ਹੋਏ ਕੁਰਲਾਉਣ ਲਗਾ।

"ਉਹ ਮੈਨੂੰ ਦਗਾ ਦੇ ਗਈ, ਡਾਕਟਰ ਸਾਹਿਬ।" ਫਿਰ ਦਗਾ ਸ਼ਬਦ ਉੱਤੇ ਬਲ ਦਿੰਦੇ ਹੋਏ ਉਹ ਚੀਖਿਆ, "ਮੈਨੂੰ ਛੱਡ ਗਈ ਉਹ। ਧੋਖਾ ਦੇ ਗਈ। ਇਹ ਸਭ ਝੂਠ ਕਿਉਂ? ਹੇ ਭਗਵਾਨ। ਇਹ ਘਟੀਆ ਫਰੇਬ ਭਰੀ ਚਾਲਬਾਜ਼ੀ ਕਿਉਂ? ਇਹ ਸ਼ੈਤਾਨੀਅਤ ਭਰਿਆ ਧੋਖੇ ਦਾ ਜਾਲ ਕਿਉਂ? ਮੈਂ ਉਸਦਾ ਕੀ ਬਿਗਾੜਿਆ ਸੀ? ਆਖਿਰ ਉਹ ਮੈਨੂੰ ਕਿਉਂ ਛੱਡ ਗਈ?"

ਉਸ ਦੀਆਂ ਅੱਖਾਂ ਭਰ ਆਈਆਂ। ਉਹ ਇਕ ਪੈਰ ਤੇ ਘੁੰਮਿਆ ਅਤੇ ਡਰਾਇੰਗ-ਰੂਮ ਦੇ ਉੱਪਰ ਅਤੇ ਹੇਠ ਟਹਿਲਣਾ ਸ਼ੁਰੂ ਕਰ ਦਿੱਤਾ। ਹੁਣ ਉਸ ਦੇ ਛੋਟੇ ਕੋਟ ਵਿਚ, ਉਸ ਦੀ ਫੈਸ਼ਨੇਬਲ ਤੰਗ ਪਜਾਮੀ ਵਿੱਚ ਉਸ ਦੀਆਂ ਲੱਤਾਂ ਕੁਝ ਜ਼ਿਆਦਾ ਹੀ ਪਤਲੀਆਂ ਲੱਗਦੀਆਂ ਸਨ, ਉਸ ਦਾ ਵੱਡਾ ਸਿਰ ਅਤੇ ਲੰਬੀ ਧੌਣ ਨਾਲ ਉਹ ਹੋਰ ਵੀ ਵਧੇਰੇ ਸ਼ੇਰ ਦੀ ਤਰ੍ਹਾਂ ਲੱਗਦਾ ਸੀ। ਡਾਕਟਰ ਦੇ ਉਦਾਸੀਨ ਚਿਹਰੇ ਉੱਤੇ ਜਿਗਿਆਸਾ ਦੀ ਝਲਕ ਉੱਭਰ ਆਈ। ਉਹ ਉਠ ਖੜਾ ਹੋਇਆ। ਅਤੇ ਉਸਨੇ ਅਬੋਗਿਨ ਨੂੰ ਪੁੱਛਿਆ, "ਪਰ ਮਰੀਜ਼ ਕਿੱਥੇ ਹੈ?"

"ਮਰੀਜ਼! ਮਰੀਜ਼!" ਹੱਸਦਾ, ਰੋਂਦਾ ਅਤੇ ਮੁੱਠੀਆਂ ਉਲਾਰਦਾ ਹੋਇਆ ਅਬੋਗਿਨ ਚੀਖਿਆ, "ਉਹ ਮਰੀਜ਼ ਨਹੀਂ, ਪਾਪਣ ਹੈ! ਇੰਨਾ ਕਮੀਨਾਪਨ! ਇੰਨਾ ਹੋਛਾਪਨ! ਸ਼ੈਤਾਨ ਵੀ ਅਜਿਹੀ ਘਿਨਾਉਣੀ ਹਰਕਤ ਨਹੀਂ ਕਰਦਾ। ਉਸਨੇ ਮੈਨੂੰ ਭੇਜ ਦਿੱਤਾ। ਕਿਉਂ? ਤਾਂਕਿ ਉਹ ਉਸ ਭੌਂਦੂ, ਉਸ ਕਮੀਨੇ ਭੰਡ ਦੇ ਨਾਲ ਭੱਜ ਜਾਵੇ! ਹੇ ਭਗਵਾਨ! ਇਸਤੋਂ ਤਾਂ ਅੱਛਾ ਸੀ, ਉਹ ਮਰ ਜਾਂਦੀ। ਇਹ ਬੇਵਫਾਈ ਮੈਂ ਬਰਦਾਸ਼ਤ ਨਹੀਂ ਕਰ ਸਕਾਂਗਾ, ਬਿਲਕੁੱਲ ਨਹੀਂ।" ਇਹ ਸੁਣਦੇ ਹੀ ਡਾਕਟਰ ਤਣ ਕੇ ਖੜਾ ਹੋ ਗਿਆ। ਉਸਨੇ ਹੰਝੂਆਂ ਨਾਲ ਭਰੀਆਂ ਆਪਣੀਆਂ ਅੱਖਾਂ ਝਪਕੀਆਂ। ਉਸਦੀ ਨੁਕੀਲੀ ਦਾੜੀ ਵੀ ਜਬਾੜਿਆਂ ਦੇ ਨਾਲ ਨਾਲ ਸੱਜੇ ਖੱਬੇ ਹਿੱਲ ਰਹੀ ਸੀ।

ਉਹ ਉਤਸੁਕਤਾ ਨਾਲ ਬੋਲਿਆ, "ਮਾਫ਼ ਕਰਨਾ, ਇਸਦਾ ਕੀ ਮਤਲਬ ਹੈ? ਮੇਰਾ ਬੱਚਾ ਕੁੱਝ ਦੇਰ ਪਹਿਲਾਂ ਮਰ ਗਿਆ ਹੈ। ਮੇਰੀ ਪਤਨੀ ਸੋਗ ਵਿੱਚ ਹੈ ਅਤੇ ਦੁੱਖ ਨਾਲ ਮਰੀ ਜਾ ਰਹੀ ਹੈ। ਇਸ ਸਮੇਂ ਉਹ ਘਰ ਵਿੱਚ ਇਕੱਲੀ ਹੈ। ਮੈਂ ਆਪ ਵੀ ਬੜੀ ਮੁਸ਼ਕਲ ਨਾਲ ਖੜਾ ਹਾਂ। ਤਿੰਨ ਰਾਤਾਂ ਤੋਂ ਮੈਂ ਸੁੱਤਾ ਨਹੀਂ ਹਾਂ...? ਕੀ ਮੈਂ ਇੱਕ ਘਟੀਆ ਨੌਟੰਕੀ ਵਿੱਚ ਸ਼ਾਮਿਲ ਹੋਣ ਲਈ ਇੱਥੇ ਬੁਲਾਇਆ ਗਿਆ ਹਾਂ? ਮੈਂ...ਮੇਰੀ ਤਾਂ ਕੁੱਝ ਸਮਝ ਵਿੱਚ ਨਹੀਂ ਆ ਰਿਹਾ।"

ਅਬੋਗਿਨ ਨੇ ਇੱਕ ਮੁੱਠੀ ਖੋਲੀ ਅਤੇ ਇੱਕ ਮੁੜਿਆ ਤੁੜਿਆ ਜਿਹਾ ਕਾਗਜ਼ ਦਾ ਪੁਰਜਾ ਫਰਸ਼ ਤੇ ਸੁੱਟ ਕੇ ਉਸਨੂੰ ਕੁਚਲ ਦਿੱਤਾ, ਜਿਵੇਂ ਇਹ ਕੋਈ ਕੀੜਾ ਰਿਹਾ ਹੋਵੇ, ਜਿਸਨੂੰ ਉਹ ਨਸ਼ਟ ਕਰ ਦੇਣਾ ਚਾਹੁੰਦਾ ਹੋਵੇ। ਆਪਣੇ ਚਿਹਰੇ ਦੇ ਸਾਹਮਣੇ ਮੁੱਠੀ ਹਿਲਾਉਂਦੇ ਹੋਏ ਦੰਦ ਕਰੀਚ ਕੇ ਉਹ ਬੋਲਿਆ, "ਤੇ ਮੈਂ ਕੁੱਝ ਸਮਝਿਆ ਹੀ ਨਹੀਂ, ਕੁੱਝ ਧਿਆਨ ਹੀ ਨਹੀਂ ਦਿੱਤਾ। ਉਹ ਰੋਜ ਮੇਰੇ ਘਰ ਆਉਂਦਾ ਸੀ, ਇਸ ਗੱਲ ਉੱਤੇ ਗ਼ੌਰ ਹੀ ਨਹੀਂ ਕੀਤਾ। ਇਹ ਵੀ ਨਹੀਂ ਸੋਚਿਆ ਕਿ ਅੱਜ ਉਹ ਮੇਰੇ ਘਰ ਬੱਘੀ ਵਿੱਚ ਆਇਆ ਸੀ। ਬੱਘੀ ਵਿੱਚ ਕਿਉਂ? ਮੈਂ ਅੰਨ੍ਹਾ ਅਤੇ ਮੂਰਖ ਸੀ ਜਿਸਨੇ ਇਸਦੇ ਬਾਰੇ ਵਿੱਚ ਸੋਚਿਆ ਹੀ ਨਹੀਂ, ਅੰਨ੍ਹਾ ਅਤੇ ਮੂਰਖ।" ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸਦੇ ਪੈਰਾਂ ਨੂੰ ਕੁਚਲ ਦਿੱਤਾ ਹੋਵੇ।

ਡਾਕਟਰ ਫਿਰ ਬੜਬੜਾਇਆ, "ਮੈਂ...ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਇਸ ਸਭ ਦਾ ਮਤਲਬ ਕੀ ਹੈ? ਇਹ ਤਾਂ ਕਿਸੇ ਇਨਸਾਨ ਦਾ ਅਪਮਾਨ ਕਰਨਾ ਹੋਇਆ, ਇਨਸਾਨ ਦੇ ਦੁੱਖ ਅਤੇ ਵੇਦਨਾ ਦਾ ਮਜ਼ਾਕ ਉਡਾਉਣਾ। ਇਹ ਬਿਲਕੁਲ ਨਾਮੁਮਕਿਨ ਗੱਲ ਹੈ, ਇਹ ਭੱਦਾ ਮਜ਼ਾਕ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੀ ਗੱਲ ਕਦੇ ਨਹੀਂ ਸੁਣੀ।"

ਉਸ ਵਿਅਕਤੀ ਦੀ ਤਰ੍ਹਾਂ ਜੋ ਹੁਣ ਸਮਝ ਗਿਆ ਸੀ ਕਿ ਉਸਦਾ ਘੋਰ ਅਪਮਾਨ ਕੀਤਾ ਗਿਆ ਸੀ, ਡਾਕਟਰ ਨੇ ਆਪਣੇ ਮੋਢੇ ਉਚਕਾਏ ਅਤੇ ਬੇਬਸੀ ਵਿੱਚ ਹੱਥ ਫੈਲਾ ਦਿੱਤੇ। ਬੋਲਣ ਜਾਂ ਕੁੱਝ ਵੀ ਕਰ ਸਕਣ ਵਿੱਚ ਅਸਮਰਥ ਉਹ ਫਿਰ ਕੁਰਸੀ ਵਿੱਚ ਧਸ ਗਿਆ।

"ਤਾਂ ਤੂੰ ਹੁਣ ਮੈਨੂੰ ਪ੍ਰੇਮ ਨਹੀਂ ਸੀ ਕਰਦੀ, ਕਿਸੇ ਦੂਜੇ ਨੂੰ ਪਿਆਰ ਕਰਨ ਲੱਗ ਪਈ ਸੀ...ਠੀਕ ਹੈ, ਪਰ ਇਹ ਧੋਖਾ ਕਿਉਂ, ਇਹ ਹੋਛਾ ਛਲ ਕਿਉਂ? ਅਬੋਗਿਨ ਰੁਆਂਸੀ ਜਿਹੀ ਆਵਾਜ਼ ਵਿੱਚ ਬੋਲਿਆ, "ਇਸ ਨਾਲ ਕਿਸਦਾ ਭਲਾ ਹੋਵੇਗਾ? ਮੈਂ ਤੇਰਾ ਕੀ ਬਿਗਾੜਿਆ ਸੀ? ਤੂੰ ਇਹ ਘਟੀਆ ਹਰਕਤ ਕਿਉਂ ਕੀਤੀ? ਡਾਕਟਰ ਸਾਹਿਬ! ਸੁਣੋ, " ਉਹ ਉਬਾਲ ਵਿੱਚ ਚੀਖਦਾ ਹੋਇਆ ਕਿਰੀਲੋਵ ਦੇ ਕੋਲ ਪਹੁੰਚ ਗਿਆ, "ਤੁਸੀਂ ਅਨਭੋਲ ਹੀ ਮੇਰੇ ਬਦਕਿਸਮਤੀ ਦੇ ਗਵਾਹ ਬਣ ਗਏ ਹੋ...ਅਤੇ ਮੈਂ ਤੁਹਾਥੋਂ ਸੱਚੀ ਗੱਲ ਨਹੀਂ ਛਿਪਾਊਂਗਾ। ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਮੈਂ ਉਸ ਔਰਤ ਨਾਲ ਮੁਹੱਬਤ ਕਰਦਾ ਸੀ। ਮੈਂ ਉਸਦਾ ਗ਼ੁਲਾਮ ਸੀ। ਮੈਂ ਉਸਦੀ ਪੂਜਾ ਕਰਦਾ ਸੀ। ਮੈਂ ਉਸਦੇ ਲਈ ਹਰ ਚੀਜ਼ ਕੁਰਬਾਨ ਕਰ ਦਿੱਤੀ। ਆਪਣੇ ਸਕੇ-ਸੰਬੰਧੀਆਂ ਨਾਲ ਲੜਾਈ ਕਰ ਲਈ। ਨੌਕਰੀ ਛੱਡ ਦਿੱਤੀ। ਸੰਗੀਤ ਦਾ ਆਪਣਾ ਸ਼ੌਕ ਛੱਡ ਦਿੱਤਾ। ਉਨ੍ਹਾਂ ਗੱਲਾਂ ਲਈ ਵੀ ਉਸਨੂੰ ਮਾਫ਼ ਕਰ ਦਿੱਤਾ ਜਿਨ੍ਹਾਂ ਦੇ ਲਈ ਮੈਂ ਆਪਣੀ ਭੈਣ ਜਾਂ ਮਾਂ ਨੂੰ ਵੀ ਕਦੇ ਮਾਫ਼ ਨਹੀਂ ਕਰਦਾ...ਮੈਂ ਉਸਨੂੰ ਕਦੇ ਘੂਰੀ ਵੱਟ ਕੇ ਨਹੀਂ ਸੀ ਵੇਖਿਆ। ਮੈਂ ਉਸਨੂੰ ਕਦੇ ਬੁਰਾ ਮਨਾਉਣ ਦਾ ਭੋਰਾ ਜਿੰਨਾ ਵੀ ਮੌਕਾ ਨਹੀਂ ਸੀ ਦਿੱਤਾ। ਇਹ ਸਭ ਝੂਠ ਅਤੇ ਫਰੇਬ ਹੈ...ਕਿਉਂ? ਜੇਕਰ ਤੂੰ ਹੁਣ ਮੈਨੂੰ ਪਿਆਰ ਨਹੀਂ ਕਰਦੀ ਸੀ ਤਾਂ ਇਹ ਸਾਫ਼ ਸਾਫ਼ ਕਹਿ ਕਿਉਂ ਨਹੀਂ ਦਿੱਤਾ...ਜਦ ਇਨ੍ਹਾਂ ਸਭ ਮਾਮਲਿਆਂ ਵਿੱਚ ਤੈਨੂੰ ਮੇਰੇ ਖ਼ਿਆਲਾਂ ਬਾਰੇ ਪਤਾ ਸੀ!"

ਕੰਬਦੇ ਹੋਏ, ਅੱਖਾਂ ਵਿੱਚ ਅੱਥਰੂ ਡੱਕੀਂ, ਅਬੋਗਿਨ ਨੇ ਈਮਾਨਦਾਰੀ ਨਾਲ ਆਪਣਾ ਦਿਲ ਡਾਕਟਰ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਉਹ ਭਾਵੁਕ ਉਬਾਲ ਵਿੱਚ ਬੋਲ ਰਿਹਾ ਸੀ। ਸੀਨੇ ਤੇ ਹੱਥ ਰੱਖ, ਉਹ ਬਿਨਾਂ ਕਿਸੇ ਝਿਜਕ ਦੇ ਉਹ ਗੁਪਤ ਘਰੇਲੂ ਗੱਲਾਂ ਦੱਸ ਰਿਹਾ ਸੀ। ਅਸਲ ਵਿੱਚ, ਇੱਕ ਤਰ੍ਹਾਂ ਨਾਲ ਪ੍ਰਸ਼ੰਨਤਾ ਜਿਹੀ ਮਹਿਸੂਸ ਕਰਦਾ ਹੋਇਆ ਕਿ ਆਖਿਰਕਾਰ ਇਹ ਗੁਪਤ ਗੱਲਾਂ ਹੁਣ ਸੀਨੇ ਵਿੱਚ ਦਫ਼ਨ ਨਹੀਂ ਸੀ ਰਹਿ ਗਈਆਂ। ਜੇਕਰ ਇਸੇ ਤਰ੍ਹਾਂ ਉਹ ਘੰਟਾ ਦੋ ਘੰਟੇ ਹੋਰ ਬੋਲ ਲੈਂਦਾ, ਆਪਣੇ ਦਿਲ ਦੀ ਗੱਲ ਕਹਿ ਲੈਂਦਾ, ਗੁਬਾਰ ਕੱਢ ਲੈਂਦਾ ਤਾਂ ਯਕੀਨਨ ਉਹ ਬਿਹਤਰ ਮਹਿਸੂਸ ਕਰਨ ਲੱਗਦਾ। ਕੌਣ ਜਾਣੇ, ਜੇਕਰ ਡਾਕਟਰ ਦੋਸਤਾਨਾ ਹਮਦਰਦੀ ਨਾਲ ਉਸਦੀ ਗੱਲ ਸੁਣ ਲੈਂਦਾ, ਸ਼ਾਇਦ ਜਿਵੇਂ ਕਿਾ ਅਕਸਰ ਹੁੰਦਾ ਹੈ, ਉਹ ਬਿਨਾਂ ਕਿਸੇ ਰੰਜਸ਼ ਦੇ ਅਤੇ ਬੇਲੋੜੀਆਂ ਗਲਤੀਆਂ ਕੀਤੇ ਬਿਨਾਂ ਹੀ ਆਪਣੀ ਕਿਸਮਤ ਤੇ ਸਬਰ ਕਰ ਲੈਂਦਾ...ਲੇਕਿਨ ਹੋਇਆ ਕੁੱਝ ਹੋਰ ਹੀ। ਉੱਧਰ ਅਬੋਗਿਨ ਬੋਲਦਾ ਜਾ ਰਿਹਾ ਸੀ, ਏਧਰ ਅਪਮਾਨਿਤ ਡਾਕਟਰ ਦੇ ਚਿਹਰੇ ਉੱਤੇ ਬਦਲਦੇ ਰੰਗ ਸਾਫ਼ ਵਿਖਾਈ ਦੇ ਰਹੇ ਸੀ। ਉਸਦੇ ਚਿਹਰੇ ਤੇ ਜੋ ਜੜਤਾ ਅਤੇ ਉਦਾਸੀਨਤਾ ਦਾ ਭਾਵ ਸੀ ਉਹ ਮਿਟ ਗਿਆ ਅਤੇ ਉਸਦੀ ਥਾਂ ਹਿਕਾਰਤ, ਕਰੋਧ ਅਤੇ ਨਾਰਾਜ਼ਗੀ ਨੇ ਲੈ ਲਈ। ਉਸਦਾ ਚਿਹਰਾ ਹੋਰ ਵੀ ਖਰਵਾ, ਸਖ਼ਤ ਅਤੇ ਰੁੱਖਾ ਹੋ ਗਿਆ। ਅਜਿਹੀ ਹਾਲਤ ਵਿੱਚ ਅਬੋਗਿਨ ਨੇ ਉਸਨੂੰ ਧਾਰਮਿਕ ਪਾਦਰੀਆਂ ਵਰਗੇ ਭਾਵਹੀਣ ਅਤੇ ਰੁੱਖੇ ਚਿਹਰੇ ਵਾਲੀ ਇੱਕ ਸੁੰਦਰ ਯੁਵਤੀ ਦੀ ਫੋਟੋ ਦਿਖਾਉਂਦੇ ਹੋਏ ਪੁੱਛਿਆ ਕਿ ਕੀ ਕੋਈ ਭਰੋਸਾ ਕਰ ਸਕਦਾ ਹੈ ਕਿ ਅਜਿਹੇ ਚਿਹਰੇ ਵਾਲੀ ਇਸਤਰੀ ਝੂਠ ਬੋਲ ਸਕਦੀ ਹੈ, ਛਲ ਕਰ ਸਕਦੀ ਹੈ।

ਡਾਕਟਰ ਅਬੋਗਿਨ ਦੇ ਕੋਲੋਂ ਪਰ੍ਹਾਂ ਹੱਟ ਗਿਆ ਅਤੇ ਉਸਨੂੰ ਦੇਖਣ ਲੱਗਿਆ ਅਤੇ ਇੱਕ ਇੱਕ ਸ਼ਬਦ ਘੋਟ ਘੋਟ ਕੇ ਬੋਲਿਆ।

"ਤੁਸੀਂ ਮੈਨੂੰ ਇਹ ਸਭ ਕਿਸ ਲਈ ਦੱਸ ਰਹੇ ਹੋ? ਮੇਰੀ ਇਹ ਸਭ ਸੁਣਨ ਦੀ ਕੋਈ ਇੱਛਾ ਨਹੀਂ ਹੈ! ਮੈਂ ਸੁਣਨਾ ਨਹੀਂ ਚਾਹੁੰਦਾ!" ਉਹ ਚੀਕਿਆ ਅਤੇ ਆਪਣਾ ਮੁੱਕਾ ਮੇਜ਼ ਤੇ ਰੱਖ ਦਿੱਤਾ, "ਮੈਂ ਤੇਰੇ ਬਦਮਜ਼ਾ ਰਹੱਸ ਨਹੀਂ ਜਾਨਣਾ ਚਾਹੁੰਦਾ! ਲਾਅਨਤ ਇਸ ਸਭ ਨੂੰ! ਅਜਿਹੀਆਂ ਬੇਗੈਰਤ ਕਰਤੂਤਾਂ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ! ਕੀ ਤੁਹਾਡੇ ਖ਼ਿਆਲ ਵਿੱਚ ਪਹਿਲਾਂ ਹੀ ਮੇਰੇ ਅਪਮਾਨ ਦੀ ਕੋਈ ਕਸਰ ਰਹਿ ਗਈ ਸੀ? ਕੀ ਮੈਂ ਤੁਹਾਡਾ ਜੀ-ਹਜ਼ੂਰੀਆ ਹਾਂ ਜਿਸਦਾ ਜਿੰਨਾ ਚਾਹੇ ਅਪਮਾਨ ਕੀਤਾ ਜਾ ਸਕਦਾ ਹੋਵੇ? ਕੀ ਇਹੀ ਗੱਲ ਹੈ?"

"ਤੁਸੀਂ ਮੈਨੂੰ ਇੱਥੇ ਲਿਆਏ ਹੀ ਕਿਉਂ?" ਡਾਕਟਰ ਕਹਿੰਦਾ ਗਿਆ। ਉਸਦੀ ਦਾੜ੍ਹੀ ਹਿੱਲ ਰਹੀ ਸੀ, "ਤੁਸੀਂ ਵਿਆਹ ਕੀਤਾ, ਕਿਉਂਕਿ ਤੁਹਾਡੇ ਕੋਲ ਇਸ ਤੋਂ ਅੱਛਾ ਹੋਰ ਕੋਈ ਕੰਮ ਨਹੀਂ ਸੀ ...ਅਤੇ ਇਸਲਈ ਤੁਸੀਂ ਆਪਣਾ ਇਹ ਘਟੀਆ ਡਰਾਮਾ ਮਨਮਾਨੇ ਢੰਗ ਨਾਲ ਖੇਡਦੇ ਰਹੇ, ਪਰ ਮੈਨੂੰ ਇਸ ਨਾਲ ਕੀ? ਮੈਨੂੰ ਤੁਹਾਡੇ ਇਸ ਇਸ਼ਕ-ਮੁਸ਼ਕ ਨਾਲ ਕੀ ਸਰੋਕਾਰ? ਮੈਨੂੰ ਤਾਂ ਚੈਨ ਨਾਲ ਜੀਣ ਦਿਓ। ਤੁਸੀਂ ਆਪਣੇ ਖ਼ਾਨਦਾਨੀ ਸਾਮੰਤੀ ਢੰਗ ਨਾਲ ਗ਼ਰੀਬਾਂ ਤੋਂ ਪੈਸਾ ਕਮਾਓ। ਆਪਣੇ ਮਾਨਵੀ ਵਿਚਾਰਾਂ ਦੀਆਂ ਡੀਗਾਂ ਮਾਰੋ, (ਪਾਸੇ ਵਾਇਲਨ ਕੇਸ ਤੇ ਨਿਗਾਹ ਮਾਰਦਿਆਂ), ਅਲਗੋਜ਼ੇ ਬਜਾਓ, ਬਾਜੇ ਬਜਾਓ। ਮੁਰਗ਼ੇ ਦੀ ਤਰ੍ਹਾਂ ਪਲ਼ਦੇ ਜਾਓ, ਪਰ ਕਿਸੇ ਨੂੰ ਜ਼ਲੀਲ ਕਰਨ ਦੀ ਹਿਮਾਕਤ ਨਾ ਕਰੋ। ਜੇਕਰ ਤੁਸੀਂ ਕਿਸੇ ਦੀ ਅਣਖ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਤਾਂ ਕ੍ਰਿਪਾ ਕਰਕੇ ਇਸ ਤੋਂ ਦੂਰ ਹੀ ਰਹੋ।"

ਅਬੋਗਿਨ ਦਾ ਚਿਹਰਾ ਲਾਲ ਹੋ ਗਿਆ। ਉਸਨੇ ਪੁੱਛਿਆ, "ਇਸਦਾ ਮਤਲਬ ਕੀ ਹੈ?"

"ਇਸਦਾ ਮਤਲਬ ਹੈ ਕਿ ਲੋਕਾਂ ਦੇ ਨਾਲ ਇਹ ਕਮੀਨਾ ਅਤੇ ਘਿਣਾਉਣਾ ਖਿਲਵਾੜ ਹੈ। ਮੈਂ ਡਾਕਟਰ ਹਾਂ। ਤੁਸੀਂ ਡਾਕਟਰਾਂ ਨੂੰ, ਸਗੋਂ ਹਰ ਅਜਿਹਾ ਕੰਮ ਕਰਨ ਵਾਲਿਆਂ ਨੂੰ, ਜਿਨ੍ਹਾਂ ਵਿਚੋਂ ਇਤਰ ਅਤੇ ਵੇਸ਼ਵਾਬਿਰਤੀ ਦੀ ਦੁਰਗੰਧ ਨਹੀਂ ਆਉਂਦੀ, ਨੌਕਰ ਅਤੇ ਅਰਦਲੀ ਕਿਸਮ ਦੇ ਆਦਮੀ ਸਮਝਦੇ ਹੋ। ਤੁਸੀਂ ਜ਼ਰੂਰ ਸਮਝੋ। ਲੇਕਿਨ ਦੁਖੀ ਵਿਅਕਤੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ, ਉਸਨੂੰ ਨਾਟਕੀ ਸਾਮਾਨ ਸਮਝਣ ਦਾ ਤੁਹਾਨੂੰ ਕੋਈ ਹੱਕ ਨਹੀਂ।" ਅਬੋਗਿਨ ਦਾ ਚਿਹਰਾ ਗੁੱਸੇ ਨਾਲ ਭਖ ਰਿਹਾ ਸੀ। ਉਸਨੇ ਲਲਕਾਰ ਕੇ ਪੁੱਛਿਆ, "ਮੇਰੇ ਨਾਲ ਅਜਿਹੀ ਗੱਲ ਕਰਨ ਦੀ ਤੁਹਾਡੀ ਹਿੰਮਤ ਕਿਵੇਂ ਹੋਈ?"

ਮੇਜ਼ ਉੱਤੇ ਮੁੱਕਾ ਮਾਰਦੇ ਹੋਏ ਡਾਕਟਰ ਚੀਖਿਆ, "ਮੇਰਾ ਦੁੱਖ ਜਾਣਦੇ ਹੋਏ ਵੀ ਆਪਣੀਆਂ ਅਨਾਪ-ਸ਼ਨਾਪ ਗੱਲਾਂ ਸੁਨਾਣ ਲਈ ਮੈਨੂੰ ਇੱਥੇ ਲਿਆਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ਦੂਜੇ ਦੇ ਦੁੱਖ ਦਾ ਮਖ਼ੌਲ ਉਡਾਉਣ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ?"

ਅਬੋਗਿਨ ਚੀਖਿਆ, "ਤੁਸੀਂ ਜਰੂਰ ਪਾਗਲ ਹੋ। ਕਿੰਨੇ ਬੇਰਹਿਮ ਹੋ ਤੁਸੀਂ। ਮੈਂ ਖ਼ੁਦ ਕਿੰਨਾ ਦੁਖੀ ਹਾਂ...ਅਤੇ...ਅਤੇ...!"

ਨਫ਼ਰਤ ਨਾਲ ਮੁਸਕਰਾ ਕੇ ਡਾਕਟਰ ਨੇ ਕਿਹਾ, "ਦੁਖੀ! ਤੁਸੀਂ ਇਸ ਸ਼ਬਦ ਦਾ ਇਸਤੇਮਾਲ ਨਾ ਹੀ ਕਰੋ। ਇਸਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ। ਜੋ ਅਵਾਰਾ ਨਿਕੰਮੇ ਕਰਜ ਨਹੀਂ ਲੈ ਪਾਂਦੇ, ਉਹ ਵੀ ਆਪਣੇ ਨੂੰ ਦੁਖੀ ਕਹਿੰਦੇ ਨੇ। ਮੋਟਾਪੇ ਤੋਂ ਪਰੇਸ਼ਾਨ ਮੁਰਗਾ ਵੀ ਦੁਖੀ ਹੁੰਦਾ ਹੈ। ਘਟੀਆ..ਕਮੀਨੇ ਲੋਕ!"

ਗੁੱਸੇ ਨਾਲ ਤਮਤਮਾਉਂਦੇ ਹੋਏ ਅਬੋਗਿਨ ਨੇ ਕਿਹਾ, "ਜਨਾਬ, ਤੁਸੀਂ ਆਪਣੀ ਔਕਾਤ ਭੁੱਲ ਰਹੇ ਹੋ! ਅਜਿਹੀਆਂ ਗੱਲਾਂ ਦਾ ਜਵਾਬ ਲੱਤਾਂ ਨਾਲ ਦਿੱਤਾ ਜਾਂਦਾ ਹੈ, ਆਈ ਸਮਝ!"

ਅਬੋਗਿਨ ਨੇ ਜਲਦੀ ਨਾਲ ਅੰਦਰ ਦੀ ਜੇਬ ਟਟੋਲ ਕੇ ਉਸ ਵਿੱਚੋਂ ਨੋਟਾਂ ਦੀ ਇੱਕ ਦੱਥੀ ਕੱਢੀ ਅਤੇ ਉਸ ਵਿੱਚੋਂ ਦੋ ਨੋਟ ਕੱਢਕੇ ਮੇਜ਼ ਉੱਤੇ ਪਟਕ ਦਿੱਤੇ। ਨਾਸਾਂ ਫਰਕਾਉਂਦੇ ਹੋਏ ਉਸਨੇ ਹਿਕਾਰਤ ਨਾਲ ਕਿਹਾ, "ਇਹ ਰਹੀ ਤੁਹਾਡੀ ਫੀਸ। ਤੁਹਾਡੀ ਕੀਮਤ ਅਦਾ ਹੋ ਗਈ।"

ਨੋਟਾਂ ਨੂੰ ਜ਼ਮੀਨ ਉੱਤੇ ਸੁੱਟਦੇ ਹੋਏ ਡਾਕਟਰ ਚੀਖਿਆ, "ਤੁਸੀਂ ਰੁਪਏ ਦੇਣ ਦੀ ਹਿਮਾਕਤ ਕਿਵੇਂ ਕੀਤੀ। ਅਪਮਾਨ ਦੀ ਕੀਮਤ ਪੈਸੇ ਨਾਲ ਨਹੀਂ ਤਾਰੀ ਜਾ ਸਕਦੀ।"

ਅਬੋਗਿਨ ਅਤੇ ਡਾਕਟਰ ਇੱਕ ਦੂਜੇ ਨੂੰ ਅਪਮਾਨਜਨਕ ਅਤੇ ਭੱਦੀਆਂ ਭੱਦੀਆਂ ਗੱਲਾਂ ਕਹਿਣ ਲੱਗੇ। ਉਨ੍ਹਾਂ ਦੋਨਾਂ ਨੇ ਜੀਵਨ ਭਰ ਸ਼ਾਇਦ ਬੇਸੁਰਤੀ ਵਿੱਚ ਵੀ ਕਦੇ ਇੰਨੀਆਂ ਅਵੈੜ, ਬੇਰਹਿਮ ਅਤੇ ਬੇਹੂਦੀਆਂ ਗੱਲਾਂ ਨਹੀਂ ਬੋਲੀਆਂ ਸਨ। ਦੋਨਾਂ ਵਿੱਚ ਜਿਵੇਂ ਵੇਦਨਾ ਵਿੱਚੋਂ ਹਊਮੈ ਜਾਗ ਪਈ ਸੀ। ਜੋ ਦੁਖੀ ਹੁੰਦੇ ਹਨ ਉਨ੍ਹਾਂ ਦੀ ਹਊਮੈ ਬਹੁਤ ਵੱਧ ਜਾਂਦੀ ਹੈ। ਉਹ ਕਰੋਧੀ, ਹੰਕਾਰੀ ਅਤੇ ਦੁਰਾਚਾਰੀ ਹੋ ਜਾਂਦੇ ਹਨ। ਉਹ ਇੱਕ ਦੂਜੇ ਨੂੰ ਸਮਝਣ ਵਿੱਚ ਮੂਰਖਾਂ ਨਾਲੋਂ ਵੀ ਜ਼ਿਆਦਾ ਅਸਮਰਥ ਹੁੰਦੇ ਹਨ। ਬਦਕਿਸਮਤੀ ਲੋਕਾਂ ਨੂੰ ਮਿਲਾਉਣ ਦੀ ਥਾਂ ਅੱਡ ਅੱਡ ਕਰ ਦਿੰਦੀ ਹੈ। ਅਕਸਰ ਇਹ ਸਮਝਿਆ ਜਾਂਦਾ ਹੈ ਕਿ ਇੱਕ ਹੀ ਤਰ੍ਹਾਂ ਦਾ ਦੁੱਖ ਪੈਣ ਉੱਤੇ ਲੋਕ ਇੱਕ ਦੂਜੇ ਦੇ ਨਜਦੀਕ ਆ ਜਾਂਦੇ ਹੋਣਗੇ, ਲੇਕਿਨ ਹਕੀਕਤ ਇਹ ਹੈ ਕਿ ਅਜਿਹੇ ਲੋਕ ਸੰਤੁਸ਼ਟ ਲੋਕਾਂ ਦੇ ਟਾਕਰੇ ਤੇ ਕਿਤੇ ਜ਼ਿਆਦਾ ਬੇਇਨਸਾਫ਼ ਪਸੰਦ ਅਤੇ ਦੁਰਾਚਾਰੀ ਸਾਬਤ ਹੁੰਦੇ ਹਨ।

ਡਾਕਟਰ ਚੀਖਿਆ, ਮਿਹਰਬਾਨੀ ਕਰਕੇ ਮੈਨੂੰ ਮੇਰੇ ਘਰ ਜਾਣ ਦਿਓ। ਗੁੱਸੇ ਨਾਲ ਉਹ ਹੌਂਕ ਰਿਹਾ ਸੀ।

ਅਬੋਗਿਨ ਨੇ ਜ਼ੋਰ ਨਾਲ ਘੰਟੀ ਵਜਾਈ। ਜਦੋਂ ਉਸਦੀ ਪੁਕਾਰ ਉੱਤੇ ਵੀ ਕੋਈ ਨਹੀਂ ਆਇਆ ਤਾਂ ਗੁੱਸੇ ਵਿੱਚ ਉਸਨੇ ਘੰਟੀ ਫਰਸ਼ ਉੱਤੇ ਵਗਾਹ ਦਿੱਤੀ। ਕਾਲੀਨ ਉੱਤੇ ਇੱਕ ਹਲਕੀ, ਖੋਖਲੀ ਆਹ ਜਿਹੀ ਭਰਦੀ ਹੋਈ ਘੰਟੀ ਖ਼ਾਮੋਸ਼ ਹੋ ਗਈ। ਤੱਦ ਇੱਕ ਨੌਕਰ ਆਇਆ।

ਮੁੱਕਾ ਤਾਣ ਕੇ ਅਬੋਗਿਨ ਜ਼ੋਰ ਨਾਲ ਚੀਖਿਆ, "ਕਿੱਥੇ ਮਰ ਗਿਆ ਸੀ ਤੂੰ? ਬੇੜਾ ਗਰਕ ਹੋਵੇ ਤੇਰਾ! ਤੂੰ ਹੁਣੇ ਸੀ ਕਿੱਥੇ? ਜਾ ਇਸ ਆਦਮੀ ਲਈ ਗੱਡੀ ਲਿਆਉਣ ਨੂੰ ਕਹਿ ਅਤੇ ਮੇਰੇ ਲਈ ਬੱਘੀ ਤਿਆਰ ਕਰਵਾ!" ਜਿਵੇਂ ਹੀ ਨੌਕਰ ਜਾਣ ਲਈ ਮੁੜਿਆ, ਅਬੋਗਿਨ ਫਿਰ ਚੀਖਿਆ, "ਰੁੱਕ! ਕੱਲ ਤੋਂ ਇਸ ਘਰ ਵਿੱਚ ਇੱਕ ਵੀ ਗੱਦਾਰ, ਦਗੇਬਾਜ ਨਹੀਂ ਰਹੇਗਾ। ਸਭ ਨਿਕਲ ਜਾਓ...ਦਫਾ ਹੋ ਜਾਓ ਇੱਥੋਂ...ਮੈਂ ਨਵੇਂ ਨੌਕਰ ਰੱਖ ਲਵਾਂਗਾ। ਬੇਈਮਾਨ ਕਿਤੇ ਦੇ!"

ਗੱਡੀਆਂ ਲਈ ਉਡੀਕ ਕਰਦੇ ਵਕਤ ਡਾਕਟਰ ਅਤੇ ਅਬੋਗਿਨ ਖ਼ਾਮੋਸ਼ ਰਹੇ। ਚਮਕ ਦਮਕ ਦਾ ਭਾਵ ਅਬੋਗਿਨ ਦੇ ਚਿਹਰੇ ਉੱਤੇ ਫਿਰ ਪਰਤ ਆਇਆ ਸੀ। ਬੜੇ ਸੰਸਕਾਰੀ ਤਰੀਕੇ ਨਾਲ ਉਹ ਆਪਣਾ ਸਿਰ ਹਿਲਾਂਦਾ ਹੋਇਆ, ਕੁੱਝ ਵਿਉਂਤ ਜਿਹੀ ਬਣਾਉਂਦਾ ਹੋਇਆ ਕਮਰੇ ਵਿੱਚ ਟਹਿਲਦਾ ਰਿਹਾ। ਉਸਦਾ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ, ਪਰ ਉਹ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਕਮਰੇ ਵਿੱਚ ਦੁਸ਼ਮਣ ਦੀ ਹਾਜ਼ਰੀ ਦੇ ਵੱਲ ਉਸਦਾ ਧਿਆਨ ਵੀ ਨਾ ਗਿਆ ਹੋਵੇ। ਉੱਧਰ ਡਾਕਟਰ ਇੱਕ ਹੱਥ ਨਾਲ ਮੇਜ਼ ਫੜੀ ਅਹਿੱਲ ਖੜਾ ਅਬੋਗਿਨ ਦੇ ਵੱਲ ਅਜਿਹੀ ਬਦਨੁਮਾ, ਡੂੰਘੀ ਹਿਕਾਰਤ ਨਾਲ ਵੇਖ ਰਿਹਾ ਸੀ, ਜਿਹੜੀ ਸਿਰਫ ਦੁੱਖ ਅਤੇ ਘੋਰ ਕੰਗਾਲੀ ਦੀਆਂ ਅੱਖਾਂ ਵਿੱਚ ਨਜ਼ਰ ਆਉਂਦੀ ਹੈ ਜਦੋਂ ਇਨ੍ਹਾਂ ਦਾ ਟਾਕਰਾ ਅਮੀਰੀ ਅਤੇ ਸੁਹੱਪਣ ਨਾਲ ਹੋਵੇ।

ਕੁੱਝ ਦੇਰ ਬਾਅਦ ਜਦੋਂ ਡਾਕਟਰ ਗੱਡੀ ਵਿੱਚ ਬੈਠਾ ਆਪਣੇ ਘਰ ਜਾ ਰਿਹਾ ਸੀ, ਉਸਦੀਆਂ ਅੱਖਾਂ ਵਿੱਚ ਤੱਦ ਵੀ ਨਫ਼ਰਤ ਦੀ ਉਹੀ ਭਾਵਨਾ ਕਾਇਮ ਸੀ। ਘੰਟੇ ਭਰ ਪਹਿਲਾਂ ਜਿੰਨਾ ਹਨੇਰਾ ਸੀ, ਹੁਣ ਉਹ ਉਸ ਤੋਂ ਕਿਤੇ ਜ਼ਿਆਦਾ ਵੱਧ ਗਿਆ ਸੀ। ਦੂਜ ਦਾ ਲਾਲ ਚੰਨ ਪਹਾੜੀ ਦੇ ਪਿੱਛੇ ਲੁੱਕ ਗਿਆ ਸੀ ਅਤੇ ਉਸਦੀ ਰਾਖੀ ਕਰਨ ਵਾਲੇ ਬੱਦਲ ਤਾਰਿਆਂ ਦੇ ਆਲੇ ਦੁਆਲੇ ਕਾਲੇ ਧੱਬਿਆਂ ਦੀ ਤਰ੍ਹਾਂ ਪਏ ਸਨ। ਪਿੱਛੇ ਸੜਕ ਉੱਤੇ ਪਹੀਆਂ ਦੀ ਅਵਾਜ ਸੁਣਾਈ ਦਿੱਤੀ ਅਤੇ ਬੱਘੀ ਦੀਆਂ ਲਾਲ ਰੰਗ ਦੀਆਂ ਲਾਲਟੈਣਾਂ ਦੀ ਰੋਸ਼ਨੀ ਡਾਕਟਰ ਦੀ ਗੱਡੀ ਦੇ ਅੱਗੇ ਆ ਗਈ। ਉਹ ਅਬੋਗਿਨ ਸੀ ਜੋ ਗੁੱਸਾ ਕਢਣ ਜਾ ਰਿਹਾ ਸੀ, ਬੇਹੂਦਗੀਆਂ ਕਰਨ ਉੱਤੇ ਉਤਾਰੂ ਹੋ ਗਿਆ ਸੀ।

ਪੂਰੇ ਰਸਤੇ ਡਾਕਟਰ ਆਪਣੀ ਪਤਨੀ ਜਾਂ ਆਪਣੇ ਮੋਏ ਪੁੱਤਰ, ਆਂਦਰੇਈ ਦੇ ਬਾਰੇ ਨਹੀਂ ਸਗੋਂ ਅਬੋਗਿਨ ਅਤੇ ਉਸ ਘਰ ਵਿੱਚ ਰਹਿਣ ਵਾਲਿਆਂ ਦੇ ਬਾਰੇ ਸੋਚਦਾ ਰਿਹਾ, ਜਿਨ੍ਹਾਂ ਨੂੰ ਉਹ ਹੁਣੇ ਛੱਡ ਕੇ ਆਇਆ ਸੀ। ਉਸਦੇ ਵਿਚਾਰ ਨਿਰਦਈ ਅਤੇ ਜ਼ਾਲਮ ਸਨ। ਉਹ ਮਨ ਹੀ ਮਨ ਅਬੋਗਿਨ, ਉਸਦੀ ਪਤਨੀ, ਪਾਪਚਿੰਸਕੀ ਅਤੇ ਖੁਸ਼ਬੂਆਂ ਵਿੱਚ ਗੁਲਾਬੀ ਸਹਿਜ ਰੋਸ਼ਨੀਆਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਖਿਲਾਫ ਗੁੱਭ-ਗੁੱਭਾਹਟ ਕਢਦਾ ਰਿਹਾ ਅਤੇ ਸਾਰੇ ਰਾਹ ਉਹ ਇਨ੍ਹਾਂ ਲੋਕਾਂ ਲਈ ਨਫਰਤ ਅਤੇ ਹਿਕਾਰਤ ਦੀਆਂ ਗੱਲਾਂ ਸੋਚਦਾ ਰਿਹਾ, ਜਦ ਤੱਕ ਕਿ ਉਸਨੂੰ ਸਿਰਦਰਦ ਨਾ ਹੋਣ ਲੱਗ ਪਿਆ। ਅਤੇ ਉਨ੍ਹਾਂ ਲੋਕਾਂ ਦੇ ਪ੍ਰਤੀ ਇੱਕ ਅਜਿਹਾ ਹੀ ਜ਼ਾਲਮ ਵਿਚਾਰ ਉਸਦੇ ਮਨ ਵਿੱਚ ਟਿਕ ਗਿਆ। ਵਕਤ ਬੀਤੇਗਾ ਅਤੇ ਕਿਰੀਲੋਵ ਦਾ ਦੁੱਖ ਵੀ ਬੀਤ ਜਾਵੇਗਾ। ਪਰ ਇਹ ਜ਼ਾਲਮ ਵਿਚਾਰ ਡਾਕਟਰ ਦੇ ਨਾਲ ਹਮੇਸ਼ਾ ਰਹੇਗਾ...ਜੀਵਨ ਭਰ, ਉਸਦੀ ਮੌਤ ਦੇ ਦਿਨ ਤੱਕ।

(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ