Dushmani (Punjabi Story) : Harnam Singh Narula

ਦੁਸ਼ਮਣੀ (ਕਹਾਣੀ) : ਹਰਨਾਮ ਸਿੰਘ ਨਰੂਲਾ

ਤਰੇਲ ਭਿੱਜੀ ਕਤਿਆਲੀ ਰਾਤ ਅੱਧੋਂ ਟੱਪ ਗਈ ਸੀ। ਹੱਡ ਭੰਨ ਮੇਹਨਤ ਪਿੱਛੋਂ ਦਿਨ ਭਰ ਦੇ ਥੱਕੇ ਟੁੱਟੇ ਕਾਮੇ ਕਿਸਾਨ ਸਵਾਣੀਆਂ ਸੁਖ ਦੀ ਨੀਂਦਰ ਸੌਂ ਥਕੇਵਾਂ ਲਾਹ ਰਹੇ ਸਨ। ਪੂਰੇ ਮਾਹੌਲ ਅਤੇ ਪੂਰੀ ਕਾਇਨਾਤ ਉਤੇ ਅਜੀਬ ਜੇਹੀ ਉਦਾਸੀ ਪਸਰੀ ਹੋਈ ਸੀ। ਚੁੱਪ ਦਾ ਇੱਕ ਕੜ ਜੇਹਾ ਬੱਝਾ ਹੋਇਆ ਸੀ। ਪਰ ਮੇਰੀਆਂ ਅੱਖਾਂ ਵਿਚ ਨੀਂਦਰ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਨੀਂਦਰ ਜਿਵੇਂ ਕੋਹਾਂ ਦੂਰ ਭੱਜ ਗਈ ਸੀ। ਮੌਤ ਵਰਗੀ ਚੁੱਪ ਪੂਰੇ ਪਿੰਡ ਪੂਰੇ ਬ੍ਰੁਹਿਮੰਡ ਤੇ ਛਾਈ ਹੋਈ ਸੀ। ਕਿਤੇ ਕਦੇ ਕਈ ਬਿਰਧ ਸੁੱਕਦੇ ਸੰਘ ਨੂੰ ਗਿੱਲਾ ਕਰਨ ਲਈ ਖੰਘੂਰਦਾ ਜਾਂ ਕੋਈ ਇੰਝਾਣਾ ਬਾਲ ਤਰਿਬਕ ਕੇ ਜਾਂ ਭੁੱਖ ਦਾ ਮਾਰਿਆ ਟਿਆਂਕਦਾ ਤਾਂ ਲਗਦਾ ਇਹ ਖਾਮੋਸ਼ੀ ਦਾ, ਇਹ ਮੌਤ ਵਰਗੀ ਚੁੱਪ ਦਾ ਕੜ ਟੁੱਟੇਗਾ ਪਰ ਖੰਘ ਜਾਂ ਬਾਲ ਦੇ ਟਿਆਂਕਣ ਦੀ ਆਵਾਜ਼ ਫਿਰ ਚੁੱਪ ਵਿਚ ਦਬ ਜਾਂਦੀ ਤੇ ਮਾਰੂ ਚੁੱਪ ਮਾਹੌਲ ਦਾ ਕੜ ਟੁੱਟਦਾ ਟੁੱਟਦਾ ਫਿਰ ਬੱਚ ਜਾਂਦਾ, ਸੰਭਲ ਜਾਂਦਾ।

ਸ਼ਾਮ ਤੋਂ ਹੁਣ ਤੱਕ ਮੈਂ ਬਾਰ ਬਾਰ ਅੱਖਾਂ ਮੀਟ ਮੀਟ ਸੌਣ ਦਾ ਜਤਨ ਕੀਤਾ ਪਰ ਮੇਰੇ ਅੰਦਰ ਨੇਕੀ ਅਤੇ ਬਦੀ ਦਾ ਘੋਰ ਯੁੱਧ ਛਿੜ ਰਿਹਾ ਸੀ ਅਤੇ ਇਹਨਾਂ ਦੋਹਾਂ ਦੀ ਸਿਰ ਫਟੋਲ ਲੜਾਈ ਨੀਂਦਰ ਨੂੰ ਨੇੜੇ ਨਹੀਂ ਸੀ ਆਉਣ ਦੇ ਰਹੀ ।ਬਦਲੇ ਅਤੇ ਖਿਮਾਂ ਵਿਚ ਜ਼ੋਰਦਾਰ ਗੁੱਥਮ ਗੁੱਥਾ ਘੋਲ ਚੱਲ ਰਿਹਾ ਸੀ। ਬਦੀ ਆਪਣੇ ਕੁਰੱਖਤ ਕਾਲੇ ਮੂੰਹ ਉਤੇ ਖਰਵੇ ਵੱਟ ਪਾ ਲਾਲ ਅੱਖਾਂ ‘ਚੋਂ ਚਿੰਗਿਆੜੇ ਛੱਡਦੀ ਤਾਂ ਮੇਰਾ ਲੂੰ ਲੂੰ ਸੜਨ ਲਗ ਜਾਂਦਾ; ਕਰੋਧ ਨਾਲ ਕਚੀਚੀ ਜੇਹੀ ਵੱਟੀ ਜਾਂਦੀ। ਪਰ ਦੂਜੇ ਪਲ ਸ਼ਾਂਤ ਨੇਕੀ ਜੋਰ ਪਾਂਦੀ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਤੇ ਤਣਾਉ ਘੱਟ ਜਾਂਦਾ। ਨੇਕੀ ਅਤੇ ਬਦੀ ਵਿਚ ਬਦਲੇ ਅਤੇ ਖਿਮਾਂ ਵਿਚ ਇਹ ਧੱਕਮੁਧੱਕਾ ਬਰਾਬਰ ਚੱਲ ਰਿਹਾ ਸੀ।

ਬਦੀ ਦੀਆਂ, ਬਦਲੇ ਦੀਆਂ ਮੂੰਹ ਜੋਰ ਮਾਰੂ ਫ਼ੌਜ਼ਾਂ ਨੂੰ ਦੂਰ ਬੋਹੜ ਵਾਲੇ ਖੂਹ ਦੀ ਬੁਢੀ ਬੋਹੜ ਤੇ ਬੈਠਾ ਉੱਲੂ ਜੰਪ ਦੇਂਦੀ ਅਵਾਜ਼ ਘੁਗ ਘੁਗ ਕਰਕੇ ਹਲਾਸ਼ੇਰੀ ਦੇਂਦੀ। ਅਤੇ ਨੇਕੀ, ਖਿਮਾਂ ਅਤੇ ਸ਼ਾਂਤੀ ਦੇ ਜਥੇ ਦੀ ਅਗਵਾਈ ਹੇਠਾਂ ਵਿਹੜੇ ਵਿਚ ਉਗਾਲੀ ਕਰਕੇ ਬਦਲ ਦੇ ਗਲ ਦੀ ਕਾਂਸੀ ਦੀ ਟੱਲੀ ਟੁਣਕ ਟੁਣਕ ਕਰ ਕਰ ਰਹੀ ਸੀ। ਇਕ ਪਲ ਉਲੂ ਉਛਾਲਾ ਦੇਂਦਾ ਅਤੇ ਕਰੋਧ ਪ੍ਰਬਲ ਹੋ ਜਾਂਦਾ ,ਬਦੀ ਚਾਹਮਲਦੀ ਤੇ ਬਦਲੇ ਦੀ ਭਾਵਨਾ ਜੋਰ ਫੜ ਜਾਂਦੀ। ਦੁਨੀਆਂ ਫਾਨੀ ਏ,ਉਜਾੜ ਅਤੇ ਉਜਾੜ ਤੇ ਉੱਲੂ ਦੀ ਸ਼ਹਿਨਸ਼ਾਹੀ।

ਪਹਿਲਾਂ ਛੇੜ ਕੇ ਕੋਈ ਸੁੱਕਾ ਕਿਵੇਂ ਰਹਿ ਜਾਵੇ? ਇੱਟ ਦਾ ਜਵਾਬ ਪੱਥਰ ਹੁੰਦਾ ਹੈ। ਪਰ ਉਸ ਪਲ ਟੱਲੀ ਟੁਣਕਦੀ ਅਤੇ ਸ਼ਾਂਤੀ ! ਸ਼ਾਤੀ ! ਕਈ ਕੰਮ ਅਭੋਲ ਅੰਜਾਣੇ ਵਿਚ ਵੀ ਹੋ ਜਾਂਦੇ ਨੇ। ਖਿਮਾਂ ਕਰਨਾ ਬਹਾਦਰਾਂ ਦਾ ਕੰਮ ਏ। ਏਸ ਤਰ੍ਹਾਂ ਏਹਨਾਂ ਦੋਹਾਂ ਦੇ ਦੰਗਲ ਵਿਚ ਫਸਿਆ ਮੈਂ ਪਾਸੇ ਮਾਰ ਮਾਰ ਉੱਸਲਵੱਟੇ ਲੈ ਲੈ ਸਰੀਰ ਤੋੜ ਰਿਹਾ ਸਾਂ।

ਬੀਤੀ ਸ਼ਾਮ ਘੁਸਮੁਸੇ ਹਨੇਰੇ ਮੈਂ ਗਲੀ ਦਾ ਮੋੜ ਮੁੜ ਘਰ ਨੂੰ ਸਿੱਧਾ ਹੋਇਆ ਹੀ ਸਾਂ ਕਿ ਮੋੜ ਉੱਤੇ ਛੀਂਬਿਆਂ ਦੇ ਘਰ ਅੱਗੋਂ ਲੰਘਣ ਲੱਗਿਆਂ ਪਾਣੀ ਤੇ ਸਵਾਹ ਭਰੀ ਬਾਲਟੀ ਕਿਸੇ ਨੇ ਅੰਦਰੋਂ ਸੁੱਟੀ ਜਿਹੜੀ ਮੈਨੂੰ ਸਿਰ ਤੋਂ ਪੈਰਾਂ ਤੱਕ ਗੱਚ ਕਰ ਗਈ। ਮੈਂ ਇਕ ਦਮ ਦਬਕ ਕ ਖਲੋ ਗਿਆ ਅਤੇ ਅੱਖਾਂ ਤੇ ਮੂੰਹ ਤੋਂ ਚਿੱਕੜ ਪੂੰਝਿਆ। ਚਿੱਕੜ ਮੇਰੀਆਂ ਅੱਖਾਂ ਵਿਚ ਵੀ ਪੈ ਗਿਆ ਸੀ। ਮੈਂ ਅੱਗੇ ਪਿੱਛੇ ਵੇਖਿਆ। ਗਲੀ ਸਾਫ ਸੀ ਤੇ ਕੋਈ ਵੇਖ ਨਹੀਂ ਸੀ ਰਿਹਾ। ਇਕ ਪਲ ਅਥਾਹ ਕਰੋਧ ਨਾਲ ਮੇਰਾ ਸਰੀਰ ਭਖ ਗਿਆ।

ਅੰਦਰ ਵੜਾਂ ਤੇ ਚਿੱਕੜ ਸੁੱਟਣ ਵਾਲੇ ਨੂੰ ਗਿੱਚੀਉਂ ਫੜਾਂ ਤੇ ਪਟਕਾ ਕੇ ਧਰਤੀ ਤੇ ਮਾਰਾਂ। ਪਰ ਇੰਜ ਥੋੜਾ ਸਮਾਂ ਪਹਿਲਾਂ ਬੀਤੀ ਅਨਹੋਣੀ ਘਟਨਾ ਨੇ ਮੇਰੇ ਪੈਰ ਬੰਨ੍ਹ ਲਏ। ਨਾ ਸਾਹਮਣੇ ਅੰਦਰ ਵੱਲ ਤੇ ਨਾ ਹੀ ਵੇਹੜੇ ਵਿਚ ਮੈਨੂੰ ਚਿੱਕੜ ਸੁੱਟਣ ਵਾਲਾ ਦਿਸਿਆ। ਕੌਣ ਹੋਵੇ? ਕਾਹਦੇ ਤੋਂ ਕੀਤੀ ਇਹ ਕਰਤੂਤ?

ਬਾਹਰਲੇ ਬੂਹੇ ਦੇ ਤਖਤੇ ਪਿੱਛੋਂ ਗੁੱਝੀ ਜੇਹੀ ਹਾਸੀ ਜਾਂ ਪਸਚਾਤਾਪ ਭਰੇ ਹੌਕੇ ਦੀ ਆਵਾਜ਼ ਆਈ। ਹਾਸੀ ਸੀ ਜਾਂ ਹੌਕਾ ਮੈਂ ਸਮਝ ਨਾ ਸਕਿਆ। ਪਰ ਏਨਾ ਜਰੂਰ ਸਮਝ ਗਿਆ ਕਿ ਮੇਰੇ ਉਤੇ ਸਵਾਹ ਚਿੱਕੜ ਸੁੱਟਣ ਵਾਲਾ ਤਖਤੇ ਦੀ ਓਟ ਵਿਚ ਏ। ਕੋਣ ਏ, ਇਹ ਪਤਾ ਨਾ ਲੱਗ ਸਕਿਆ। ਇਹ ਅਚੇਤ ਅੰਜਾਣੇ ਵਿਚ ਹੋਇਆ ਜਾਂ ਕੋਈ ਨਵੀਂ ਛੇੜਖਾਨੀ ਸੀ? ਇਹ ਵੀ ਸਮਝ ਨਾ ਆਈ। ਮੈਂ ਲਤ ਪਤ ਚਿੱਕੜ ਝਾੜਦਾ ਤਿੱਖੇ ਪੈਰੀਂ ਘਰ ਵੱਲ ਤੁਰ ਪਿਆ। ਮਤ ਕੋਈ ਵੇਖ ਲਵੇ ਤੇ ਹਾਸੀ ਹੋਵੇ। ਆਪਣੇ ਘਰ ਦੀ ਥੜੀ ਤੇ ਪੈਰ ਰਖਦਿਆਂ ਮੈਂ ਪਿਛਾਂਹ ਛੀਬਿਆਂ ਦੇ ਘਰ ਵਲ ਗਹੁ ਨਾਲ ਵੇਖਿਆ ਤਾਂ ਆਏਸ਼ਾ ਛੀਂਬਣ ਬਾਹਰੋਂ ਘਰ ਵੱਲ ਆ ਰਹੀ ਸੀ ਜਿਸ ਦਾ ਸਾਫ ਮਤਲਬ ਸੀ ਕਿ ਮੇਰੇ ਉਤੇ ਇਹ ਕਚਰਾ ਆਏਸ਼ਾ ਦੀ ਨੂੰਹ ਫਾਤਮਾਂ ਨੇ ਸੁੱਟਿਆ। ਇਸ ਘਰ ਵਿਚ ਤਿੰਨ ਹੀ ਤਾਂ ਜੀ ਸਨ: ਆਏਸ਼ਾ, ਉਹਦਾ ਇਕੋ ਇਕ ਪੁੱਤਰ ਅਨੈਤ ਅਤੇ ਸੈਕੜੇ ਮੁਟਿਆਰਾਂ ‘ਚੋਂ ਇਕ ਸੁਣੱਖੀ ਨੂੰਹ ਫਾਤਮਾਂ।

ਆਏਸ਼ਾ ਦਾ ਪੁੱਤਰ ਅਨੈਤ ਮੈਥੋਂ ਤਿੰਨ ਚਾਰ ਸਾਲ ਵੱਡਾ ਸੀ। ਖੁਰਕ ਖਾਧਾ, ਘਸਿਆ ਜੇਹਾ। ਪਤਾ ਨਹੀਂ ਖੁਰਾਕ ਘੱਟ ਰਹੀ ਜਾਂ ਕਿਤੇ ਜੰਮ ਸਤਮਾਹਾਂ ਪਿਆ ਜਾਂ ਬੌਹਲਾ ਠੀਕ ਨਾ ਮਿਲਿਆ, ਬਸ ਐਵੇਂ ਮਰੀਅਲ ਜਿਹਾ।

ਉਹਦੇ ਖੰਡਰ ਦੱਸਦੇ ਸਨ ਕਿ ਆਏਸ਼ਾ ਜਵਾਨੀ ਵੇਲੇ ਚੰਗੀ ਸੋਹਣੀ ਹੋਵੇਗੀ। ਕਿਉਂਕਿ ਜਵਾਨੀ ਵੇਲੇ ਉਹਨੇ ਚੰਗੇ ਤੀਰ ਛੱਡੇ ਤੇ ਨਿਸ਼ਾਨੇ ਫੁੰਡੇ ਸਨ ਘਰ ਮਰਦ ਵੀ ਉਹਨੇ ਇਕ ਤੋਂ ਪਿੱਛੋਂ ਦੂਜਾ ਫਿਰ ਦੂਜਾ ਛੱਡ ਕੇ ਤੀਜਾ ਕੀਤਾ ਸੀ। ਨਾਲ ਦੇ ਪਿੰਡ ਦੇ ਨੰਬਰਦਾਰ ਮੁਹੰਮਦ ਹਯਾਤ ਕਲੇਰ ਨਾਲ ਉਸ ਚੰਗੀ ਨਿਬਾਹੀ ਸੀ ਜਿਹਦੇ ਸਿੱਟੇ ਵਜੋਂ ਹਯਾਤ ਨੇ ਆਪਣਾ ਅਸਰ ਵਰਤ ਕੇ ਦਬ ਦਬਾ ਪਾ ਕੇ ਅਨੈਤ ਲੜ ਫਾਤਮਾਂ ਨੂੰ ਲਵਾ ਦਿੱਤਾ ਸੀ।

ਫਾਤਮਾਂ ਮਾਂ ਪਿਓ ਅਤੇ ਭੈਣ ਭਰਾਵਾਂ ਬਾਹਰੀ ਸੀ ਅਤੇ ਕਿਸੇ ਨੇੜੇ ਦੇ ਰਿਸ਼ਤੇਦਾਰ ਪਾਲ ਪੋਸ ਕੇ ਲਹੂ ਦਾ ਗੱਚ ਭਰ ਲਿਆ ਅਤੇ ਇਹ ਕੋਝਾ ਜੋੜ, ਨਹੀਂ ਬੇ-ਜੋੜ ਸਿਰ ਨਰੜ ਕਰ ਦਿੱਤਾ। ਉਂਝ ਫਾਤਮਾਂ ਅਤੇ ਅਨੈਤ ਦਾ ਕੋਈ ਜੋੜ ਨਹੀਂ ਸੀ ਕਿਉਂਕਿ ਫਾਤਮਾਂ ਬੜੀ ਹੁੰਦੜਹੇਲ, ਗੋਰਾ ਚਿੱਟਾ ਰੰਗ, ਸੂਰਤ ਸੀਰਤ ਸੁਭਾ ਤੋਂ ਬਹੁਤ ਚੰਗੀ, ਅੰਗ ਢੰਗ ਤੋਂ ਸੁੰਦਰ ਤੇ ਹੱਸਮੁੱਖ ਸੀ। ਪਰ ਅਨੈਤ ਤਾਂ ਬਸ ਮਾਤਾ ਦਾ ਹੀ ਮਾਲ ਸੀ। ਸਮਝੋ ਘੋਗੜ ਕਾਂ ਅਤੇ ਮੋਰਨੀ ਦਾ ਮੇਲ। ਮੂਲੋਂ ਹੀ ਬੇਜੋੜ। ਕੇਲੇ ਕਰੀਰ ਜਾਂ ਚੰਦਨ ਕੋਲ ਕਿਕਰੀ।

ਫਾਤਮਾਂ ਅਨੈਤ ਨਾਲ ਬੈਠਣਾ ਤਾਂ ਕੀ ਬੋਲਣਾ ਬੁਲਾਣਾ ਵੀ ਪਸੰਦ ਨਹੀਂ ਸੀ ਕਰਦੀ। ਮੈਂ ਕਈ ਵਾਰ ਅਨੈਤ ਦੀ ਮਾਂ ਆਏਸ਼ਾ ਨੂੰ ਦੰਦ ਪੀਹ ਪੀਹ ਚੀਕਦਿਆਂ ਸੁਣਿਆ, “ਦੰਮ ਦਿੱਤੇ ਨੇ ! ਦੰਮ ! ਚਾਂਦੀ ਦੇ ਛਣਕਦੇ ਛਣਕਦੇ। ਉਹ ਵੀ ਪੰਡ ਬੰਨ੍ਹ ਕੇ। ਹੀਰ ਨੂੰ ਮੁੰਡਾ ਚੰਗਾ ਨਹੀਂ ਲਗਦਾ। ਏਨੂੰ ਮੁਸ਼ਕ ਆਉਂਦੀ ਏ ਖਸਮ ਤੋਂ। ਮੁੰਡਾ ਜਦੋਂ ਮੰਜਾ ਨੇੜੇ ਢਾਹੇ ਖਿਚ ਕੇ ਪਰ੍ਹਾਂ ਲੈ ਜਾਂਦੀ ਏ। ਕਪੁੱਤੀ ਰੰਨ।”

ਗਰਮੀਆਂ ਦੀ ਇਕ ਹਨੇਰੀ ਰਾਤ ਸ਼ਾਇਦ ਫਾਤਮਾਂ ਨੇ ਅਨੈਤ ਨੂੰ ਮੰਜੀ ਤੇ ਆਇਆਂ ਪਰ੍ਹਾਂ ਵਗਾਹ ਮਾਰਿਆ ਸੀ। ਅੱਧੀ ਰਾਤ ਹੋਵੇਗੀ ਜਦ ਆਏਸ਼ਾ ਝਈ ਲੈ ਕੇ ਫਾਤਮਾਂ ਨੂੰ ਪਈ, “ਕੁੱਤੀ ਰੰਨ। ਕਿਵੇਂ ਮੁੰਡੇ ਨੂੰ ਸੁੱਟਿਆ ਏ ਬਨੇਰੇ ਨਾਲ। ਤੂੰ ਨਹੀਂ ਤਾਂ ਤੇਰੀ ਮਾਂ ਸੌਵੇਂਗੀ ਮੁੰਡੇ ਨਾਲ?”

“ਖਬਰਦਾਰ ਬੁੱਢੀਏ, ਜੇ ਮੇਰੀ ਮਾਂ ਦਾ ਨਾਂ ਲਿਆ, ਜੀਭ ਖਿੱਚ ਲਾਂਗੀ ਚੰਦਰੀ ਦੀ।” ਮੈਂ ਆਪਣੇ ਕੋਠੇ ਤੇ ਮੰਜੇ ਤੇ ਪਏ ਨੇ ਪਹਿਲੀ ਵਾਰ ਫਾਤਮਾਂ ਦੇ ਇਹ ਬੋਲ ਸੁਣੇ।

ਬੁੜ ਬੁੜ ਕਰਦੀ ਆਏਸ਼ਾ ਨੇ ਫਿਰ ਕਿਤੇ ਪੈਸਿਆਂ ਦੀ ਰੱਟ ਲਾਈ।

ਅਤੇ ਫਾਤਮਾਂ ਨੇ ਉਸੇ ਖਰਵੀਂ ਸੁਰ ਵਿੱਚ ਕਿਹਾ,”ਜਿਸ ਕੰਜਰ ਨੂੰ ਦੰਮ ਦਿੱਤੇ ਸੀ ਉਹ ਨੂੰ ਫੜ ਜਾ ਕੇ।ਉਹ ਦੀ ਮਾਂ ਭੈਣ ਲੈ ਆ।ਇਹ ਸਿਉਂਕ ਖਾਧਾ ਟਿੱਟਣ ਮੈਥੋ ਨਹੀਂ ਹੰਡਾਈਦਾ।”ਂ

ਇਹ ਦੁਵੱਲੀ ਝਗੜਾ ਨਿਰੀ ਰਾਤ ਤੱਕ ਮੈਂ ਸੁਣਿਆ ।ਸਾਡਾ ਘਰ ਉਹਨਾਂ ਦੇ ਘਰ ਤੋਂ ਨੇੜੇ ਹੀ ਪੈਂਦਾ ਸੀ। ਸਿਰਫ ਵਿਚਕਾਰ ਪਸ਼ੂਆਂ ਵਾਲਾ ਤਬੇਲਾ ਹੀ ਪੈਂਦਾ ਸੀ। ਅਤੇ ਫਿਰ ਇਹਨਾਂ ਦਾ ਆਪਸੀ ਝਗੜਾ ਨਿੱਤ ਦਿਨ ਹੀ ਸੁਣਨਾ ਪੈਂਦਾ। ਮਾਰ ਕੁੱਟ ਰੋਜ ਹੁੰਦੀ ਰਹਿੰਦੀ। ਉਂਝ ਫਾਤਮਾਂ ਦੋਹਾਂ ਮਾਂ ਪੁਤਾਂ ਨਾਲੋਂ ਤਗੜੀ ਸੀ, ਬਾਲੇ ਸੀ। ਪਰ ਉਹ ਜਦੋਂ ਫਾਤਮਾਂ ਨੂੰ ਕੁੱਟਦੇ ਤਾਂ ਦੋਵੇਂ ਰਲ ਕੇ ਹੀ ਕੁੱਟਦੇ।

ਇਸ ਸ਼ਾਮ ਅਸੀ ਚਾਰ ਪੰਜ ਦੋਸਤ ਬਾਹਰੋਂ ਖੇਡ ਕੇ ਘਰਾਂ ਨੂੰ ਆ ਰਹੇ ਸਾਂ ਕਿ ਛੀਬਿਆਂ ਦੇ ਬੂਹੇ ਲੰਘਣ ਲੱਗਿਆਂ ਮਾਰ ਕੁਟਾਈ ਅਤੇ ਚੀਕ ਚੰਗੇੜ ਦਾ ਰੌਲਾ ਸੁਣਿਆ। ਅਸੀਂ ਦੌੜ ਕੇ ਉਹਨਾਂ ਦੇ ਅੰਦਰ ਜਾ ਵੜੇ।

ਆਏਸ਼ਾ ਅਤੇ ਅਨੈਤ ਫਾਤਮਾਂ ਨੂੰ ਕੁੱਟ ਰਹੇ ਸਨ। ਫਾਤਮਾਂ ਨਿਢਾਲ ਧਰਤੀ ਉਤੇ ਡਿਗੀ ਪਈ ਸੀ ਅਤੇ ਉਹਦੀ ਹਿੱਕ ਤੇ ਬੈਠੇ ਵਲੂੰਦਰ ਰਹੇ ਸਨ।

ਅਸਾਂ ਹੱਥੋ ਹੱਥੀ ਦੋਹਾਂ ਮਾਂ ਪੁੱਤਾਂ ਨੂੰ ਖਿੱਚ ਲਿਆ ਅਤੇ ਮਾਂ ਪੁੱਤ ਦੋਹਾਂ ਥੱਪੜਾ ਕਢਿਆ। ਆਏਸ਼ਾ ਤਾਂ ਦੋ ਚਾਰ ਥੱਪੜ ਖਾ ਕੇ ਬਾਹਰ ਗਲੀ ਵਿਚ ਨਿਕਲ ਗਈ ਪਰ ਅਨੈਤ ਨੂੰ ਸੁਲਤਾਨ ਤੇ ਜਹਾਨੇ ਨੇ ਇਕ ਨੁੱਕਰੇ ਘੇਰ ਕੇ ਚੰਗਾ ਫੈਂਟਾ ਚੜ੍ਹਿਆ।

ਫਾਤਮਾਂ, ਜਿਹਦਾ ਮੂੰਹ ਤੇ ਜੁੱਸਾ ਕਾਫੀ ਘਰੂਟਿਆ ਹੋਇਆ ਸੀ, ਮਸਾਂ ਉਠੀ ਪਰ ਚੱਕਰ ਖਾ ਕੇ ਫਿਰ ਡਿੱਗ ਪਈ। ਮੈਂ ਘੜੇ ‘ਚੋਂ ਪਾਣੀ ਲੈ ਉਹਦੇ ਮੂੰਹ ਤੇ ਛਿੱਟੇ ਮਾਰੇ, ਪਾਣੀ ਪਿਆਇਆ ਅਤੇ ਉਹ ਕੁੱਝ ਸੰਭਲੀ। ਉਹਦੀ ਹਾਲਤ ਚੋਖੀ ਤਰਸਯੋਗ ਸੀ।

ਆਏਸ਼ਾ ਨੇ ਗਲੀ ਵਿਚ ਜਾ ਦੁਹੱਥੜ ਪਿੱਟੀ ਤੇ ਦੁਹਾਈ ਪਾ ਦਿੱਤੀ, “ਬੌਹੜੀਂ ਵੇ ਲੋਕਾ, ਬੌਹੜੀਂ ਵੇ ਪਿੰਡਾ ! ਵੇ ਮੇਰਾ ਪੁੱਤਰ ਮਾਰ ਦੇਣ ਲੱਗੇ ਜੇ।”

ਛੀਂਬਣ ਦੀ ਹਾਲ ਦੁਹਾਈ ਸੁਣ ਕੇ ਹਰ ਕੋਈ ਏਧਰ ਨੂੰ ਭੱਜਾ ਆਇਆ। ਮੈਂ ਜਾਹਨੇ ਤੇ ਸੁਲਤਾਨ ਤੋਂ ਅਨੈਤ ਨੂੰ ਮਸਾਂ ਛੁਡਾਇਆ ਜਿਸਦੀ ਚੋਖੀ ਗਿੱਦੜ ਕੁੱਟ ਹੋ ਗਈ ਸੀ ਅਤੇ ਉਹ ਕੰਨ ਫੜ ਲਕੀਰਾਂ ਕੱਢ ਕੱਢ ਮਾਫੀ ਮੰਗ ਰਿਹਾ ਸੀ ਅਤੇ ਫਾਤਮਾਂ ਨੂੰ ਹੱਥ ਨਾ ਲਾਣ ਦੀਆਂ ਕਸਮਾਂ ਖਾ ਰਿਹਾ ਸੀ।

ਅਸੀਂ ਅੰਦਰੋਂ ਬਾਹਰ ਆਏ ਤਾਂ ਚੋਖੇ ਲੋਕ ਗਲੀ ਵਿਚ ਜਮ੍ਹਾਂ ਹੋ ਚੁੱਕੇ ਸਨ।

ਆਏਸ਼ਾ ਚੀਖ ਚੀਖ ਕੇ ਆਖ ਰਹੀ ਸੀ, “ਤੁਸੀਂ ਦੱਸੋ ਪਿੰਡ ਦੇ ਲੋਕੋ,ਕੋਈ ਆਪਣੇ ਘਰ ਛਾਨਣੀ ਪਿੱਟੇ ਜਾਂ ਵਜਾਏ, ਕਿਸੇ ਨੂੰ ਕੀ? ਰੰਨ ਮੇਰੇ ਮੁੰਡੇ ਦੀ, ਨੂੰਹ ਮੇਰੀ। ਅਸੀਂ ਮਾਰੀਏ ਕੁੱਟੀਏ।ਕਿਸ ਨੂੰ ਕੀ? ਜਦੋਂ ਦਾ ਮੁੰਡਾ ਵਿਆਹਿਆ ਏ ਲੋਕਾਂ ਨੂੰ ਸਾੜ ਪਿਆ ਹੋਇਆ ਏ।”

ਜਦੋਂ ਦਾਨੇ ਪਰਧਾਨੇ ਸਿਆਣਿਆਂ ਬੰਦਿਆਂ ਨੇ ਸਾਨੂੰ ਪੁੱਛਿਆ ਤਾਂ ਅਸਾਂ ਦੱਸਿਆ, “ਅਸੀਂ ਤਾਂ ਬੂਹੇ ਅਗੋਂ ਲੰਘੇ। ਅੰਦਰ ਚੀਕ ਚਿਹਾੜਾ ਸੁਣਿਆ, ਅੰਦਰ ਗਏ ਤਾਂ ਫਾਤਮਾਂ ਨੂੰ ਕੁੱਟ ਰਹੇ ਸਨ।ਅਸਾਂ ਛੁਡਾ ਦਿੱਤਾ। ਛੁਡਾਂਦਿਆਂ ਖਿੱਚ ਪਾੜ ਵਿਚ ਦੋ ਦੋ ਏਹਨਾਂ ਮਾਂ ਪੁੱਤਾਂ ਨੂੰ ਲੱਗ ਗਈਆਂ। ਤੁਸੀਂ ਅੰਦਰ ਜਾ ਜੇ ਫਾਤਮਾਂ ਦੀ ਹਾਲਤ ਵੇਖੋ।”

ਕੁੱਝ ਪੰਚਾਇਤੀ ਅੰਦਰ ਗਏ ਅਤੇ ਫਿਰ ਬਾਹਰ ਆ ਕੇ ਉਹਨਾਂ ਫਾਤਮਾਂ ਲਈ ਤਰਸ ਅਤੇ ਹਮਦਰਦਰੀ ਜਤਾਈ ਅਤੇ ਪਿੰਡ ਪਰਹ ਇਕੱਠੀ ਕਰਨ ਨੂੰ ਕਿਹਾ, “ਇਹ ਤਾਂ ਬੁਰੀ ਗੱਲ ਏ। ਜੇ ਏਸ ਵਿਚਾਰੀ ਦਾ ਪੱਛੋਕਾ ਹੈ ਨਹੀਂ ਤਾਂ ਨਗਰ ਤਾਂ ਹੈ। ਜੇ ਕਿਤੇ ਕੁੱਟ ਦੀ ਮਾਰੀ ਮਰ ਗਈ ਤਾਂ ਕੌਣ ਜ਼ੁੰਮਾਦਾਰ ਏ?”

ਅਤੇ ਫਿਰ ਉਸੇ ਰਾਤ ਛੀਂਬਿਆਂ ਦੇ ਘਰ ਦੇ ਪਛਵਾੜੇ ਖੁਲ੍ਹੇ ਮੋਕਲੇ ਚੁਗਾਣ ਵਿਚ ਸਾਰਾ ਪਿੰਡ ਜੁੜਿਆ। ਪਰਹ ਵਿਚ ਨਾ ਆਏਸ਼ਾ ਨਾ ਅਨੈਤ ਸਗੋਂ ਆਏਸ਼ਾ ਦਾ ਘਰ ਵਾਲਾ, ਜਿਨੂੰ ਲੋਕ ਅਧਮਾਣੂ ਕਰ ਕੇ ਬੁਲਾਂਦੇ ਸਨ। (ਅਧਮਾਣੂ ਯਾਨੀ ਅੱਧਾ ਮਨੁੱਖ ਉਂਝ ਨਾ ਤਾਂ ਉਹਦਾ ਫਕੀਰੀਆ ਸੀ) ਆਇਆ। ਪਰਹ ਵਿਚ ਪਿੰਡ ਦਾ ਜਾਗੀਰਦਾਰ ਵੀ ਸੀ। ਉਹ ਸਫੇਦ ਪੋਸ਼ ਵੀ ਸੀ ਤੇ ਤੀਜਾ ਨੰਬਰਦਾਰ ਵੀ। ਉਸ ਅਧਮਾਣੂ ਨੂੰ ਦਬਕਾ ਮਾਰਿਆ, “ਕਿਉਂ ਉਏ ਕੁਤਿਆ ਛੀਂਬਿਆ, ਤੇਰੀ ਰੰਨ ਤੇ ਮੁੰਡਾ ਤੇਰੀ ਨੂੰਹ ਨੂੰ ਕੁੱਟਦੇ ਨੇ। ਜੇ ਮਰ ਗਈ ?”

ਪਰਹ ਵਿਚ ਜਗੀਰਦਾਰ ਦਾ ਪੁੱਛਣ ਢੰਗ ਗਲਤ ਸੀ। ਅਧਮਾਣੂ ਨੇ ਉੱਠਕੇ ਦੋਵੇਂ ਹੱਥ ਜੋੜੇ ਅਤੇ ਥਿੜਕੀ ਜਬਾਨ ਨਾਲ ਆਖਿਆ, “ਮਾਈ ਬਾਪ, ਮੈਥੋਂ ਕਸਮ ਲੈ ਲੋ। ਮੈਨੂੰ ਕੋਈ ਨਹੀਂ ਪਤਾ। ਮੈਨੂੰ ਕੋਈ ਨਹੀਂ ਪਤਾ। ਮੈਂ ਤਾਂ ਕਦੀ ਘਰ ਆਇਆ ਵੀ ਨਹੀਂ।”

ਗੱਲ ਅਧਮਾਣੂ ਦੀ ਸੀ ਵੀ ਸੱਚੀ। ਅਸੀਂ ਨੇੜੇ ਸਾਂ। ਅਸਾਂ ਉਹਨੂੰ ਕਦੀ ਵੀ ਘਰ ਆਉਂਦਾ ਨਹੀਂ ਸੀ ਵੇਖਿਆ। ਪਿੰਡੋਂ ਬਾਹਰ ਵਾਰ ਚੜ੍ਹਦੇ ਦੱਖਣ ਦੀ ਗੁੱਠ ਵਿਚ ਉਹਨਾਂ ਦਾ ਪਸ਼ੂਆਂ ਵਾਲਾ ਵਾੜਾ ਸੀ ਜਿਸ ਵਿੱਚ ਦੋ ਕੱਚੇ ਕੋਠੇ ਪਾਏ ਸਨ। ਇਕ ਵਿੱਚ ਤੂੜੀ ਪੱਠਾ ਅਤੇ ਇਕ ਵਿਚ ਦੋ ਗਊਆਂ ਤੇ ਅਧਮਾਣੂ ਦਾ ਮੰਜਾ। ਜਿਸ ਦੁੱਧ ਚੋਣਾ ਰੋਟੀ ਪਾਣੀ ਦੇ ਆਉਣਾ। ਅਤੇ ਉਹ ਵਾੜੇ ਦੇ ਵਿਚ ਫਲਾਹੀ ਦੇ ਰੁੱਖ ਹੇਠਾਂ ਬੈਠਾ ਬਾਣ ਜਾਂ ਰੱਸਾ ਵੱਟਦਾ ਰਹਿੰਦਾ, ਘਾਹ ਖੋਤਰ ਲਿਆਉਂਦਾ ਤੇ ਛਾਵੇਂ ਬੈਠਾ ਖੁਰਪੀ ਨਾਲ ਮਿੱਟੀ ਝਾੜ ਝਾੜ ਗਾਈਆਂ ਨੂੰ ਪਾਈ ਜਾਂਦਾ। ਬਸ ਏਹੋ ਰਿਸ਼ਤਾ ਸੀ ਅਧਮਾਣੂ ਦਾ ਉਸ ਘਰ ਨਾਲ।

ਜਗੀਰਦਾਰ , ਜਿਹੜਾ ਪਰਹ ਪੰਚਾਇਤ ਦੀ ਰਵਾਇਤ ਭੁੱਲ ਚੁੱਕਾ ਸੀ ਤੇ ਜਿਸ ਸਾਰਾ ਮਸਲਾ ਆਪਣੇ ਹੱਥ ਲੈ ਲਿਆ ਸੀ, ਨੇ ਫਿਰ ਕਿਹਾ, “ਮੈਨੂੰ ਨਹੀਂ ਪਤਾ ਤੂੰ ਘਰ ਵੜਦਾਂ ਕਿ ਨਹੀਂ।”

ਅਤੇ ਅਧਮਾਣੂ ਨੇ ਡਰ ਨਾਲ ਕੰਬਦੇ ਮਾਂ ਪੁੱਤਾਂ ਨੂੰ ਸਮਝਾਣ ਤੋਂ ਅਸਮਰੱਥਾ ਜਾਹਿਰ ਕੀਤੀ ਤਾਂ ਹੈਂਕੜ ਦੇ, ਹੰਕਾਰ ਦੇ ਖੋਤੇ ਉਤੇ ਚੜ੍ਹਿਆ ਜਾਗੀਰਦਾਰ ਕਰੋਧ ਵਿਚ ਆ ਗਿਆ ਤੇ ਪਰਹ ਪੰਚਾਇਤ ਦੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਅਤੇ ਕੜਕਿਆ, “ਉਏ ਕੁੱਤੀ ਦਿਆ ਪੁੱਤਾ, ਜੇ ਤੈਥੋਂ ਤੇਰੀ ਰੰਨ ਨਹੀਂ ਸਮਝਾਈ ਜਾਂਦੀ ਤਾਂ ਏਥੇ ਪਰਹ ਵਿੱਚ ਮਾਂ ਭੈਣ ਦੀ ਏਹੀ ਤੇਹੀ ਕਰਾਣ ਆਇਆ ਏ?” ਅਤੇ ਨਾਲ ਹੀ ਇਕ ਢਾਈ ਫੁਟਾ ਕਾਲਾ ਰੂਲ ਜਿਹੜਾ ਉਹ ਹਰ ਵੇਲੇ ਹੱਥ ਵਿਚ ਰੱਖਦਾ ਸੀ ਅਧਮਾਣੂ ਦੀ (ਲਿਫ) ਖੱਬੀ ਵੱਖੀ ਤੇ ਮਾਰਿਆ।

ਡਰ ਨਾਲ ਸਹਿਮੇ ਹੋਏ ਅਧਮਾਣੂ ਦੇ ਹਵਾਸ ਉਡ ਗਏ। ਉਹ ਥੋੜਾ ਥਿੜਕਿਆ, ਕੰਬਿਆ, ਧਰਤੀ ਤੇ ਡਿੱਗਾ ਤੇ ਪਰਾਣ ਨਿਕਲ ਗਏ। ਆਹ ! ਵਿਚਾਰਾ ਅਧਮਾਣੂ!

ਉਹਦੇ ਡਿਗਦਿਆਂ ਹੀ ਜਗੀਰਦਾਰ ਖਿਸਕ ਗਿਆ ਅਤੇ ਇਕ ਇਕ, ਦੋ ਦੋ ਕਰਕੇ ਸਾਰੇ ਲੋਕ ਹੀ ਚਲੇ ਗਏ। ਹੁਣ ਚੋਗਾਣ ਵਿਚ ਫਕੀਰੀਏ ਅਧਮਾਣੂ ਦੀ ਮੁਰਦਾ ਦੇਹ ਪਈ ਸੀ। ਪਰ ਹਮਦਰਦੀ ਵਜੋਂ ਮਿਰਗੀ ਦਾ ਦੌਰਾ ਸਮਝਕੇ, ਜਿਹੜਾ ਅੱਗੇ ਵੀ ਉਹਨੂੰ ਕਦੇ ਸਾਲ ਛਮਾਹੀ ਪੈਂ ਜਾਂਦਾ ਸੀ, ਤਲੀਆਂ ਝੱਸਦੇ ਰਹੇ, ਸਰੋਂ ਦੇ ਤੇਲ ਦੀ ਮਾਲਸ਼ ਕਰਦੇ ਰਹੇ, ਮੂੰਹ ਵਿਚ ਪਾਣੀ ਪਾਂਦੇ ਰਹੇ, ਪਰ ਫਕੀਰੀਏ ਦੇ ਸਾਹ ਨਾ ਚੱਲੇ। ਅਤੇ ਉਹਨਾਂ ਫਕੀਰੀਏ ਦਾ ਮੁਰਦਾ ਚੁੱਕ ਉਹਨਾਂ ਦੇ ਵਿਹੜੇ ਵਿਚ ਲੈ ਆਂਦਾ।

ਉਸ ਰਾਤ ਨੂੰ ਮੈਂ ਪਹਿਲੀ ਵਾਰ ਫਕੀਰੀਏ ਨੂੰ ਆਪਣੇ ਘਰ ਦੇ ਵਿਹੜੇ ਵਿਚ ਵੇਖਿਆ ਉਹ ਵੀ ਬਿਨਾਂ ਸਾਹਾਂ ਤੋਂ ਮੁਰਦੇ ਦੇ ਰੂਪ ਵਿੱਚ।

ਆਇਸ਼ਾ ਨੇ ਕੋਠੇ ਚੜ੍ਹ ਦਹੁੱਥੜ ਮਾਰਿਆ, ਛਾਤੀ ਪਿੱਟੀ ਅਤੇ ਗੰਦੀਆਂ ਅਤੇ ਅੱਤ ਗੰਦੀਆਂ ਗਾਂਲਾ ਦੀ ਝੜੀ ਲਾ ਦਿੱਤੀ। ਇਹ ਪਹਿਲਾ ਮੌਕਾ ਸੀ ਕਿ ਜਗੀਰਦਾਰ ਨੂੰ ਕਿਸੇ ਉੱਚੀ ਸੁਰ ਵਿਚ ਵੰਗਾਰਿਆ ਤੇ ਗੰਦਾ ਮੰਦਾ ਬੋਲਿਆ। ਨਹੀਂ ਤੇ ਕੀ ਮਜਾਲ ਸੀ ਕਿ ਕੋਈ ਪਿੱਠ ਪਿੱਛੇ ਵੀ ਚੂੰ ਕਰ ਜਾਏ। ਮਾਵਾਂ ਧੀਆਂ ਭੈਣਾਂ ਦੀਆਂ ਏਹਨਾਂ ਗਾਲਾਂ ਦਾ ਇਹ ਸਿਲਸਿਲਾ ਕੋਈ ਦੋ ਘੰਟੇ ਲਗਾਤਾਰ ਚਲਦਾ ਰਿਹਾ-ਬਿਨਾਂ ਦਮ ਲਏ, ਧੂੰਆਂ ਧਾਰ, ਇਕੋ ਸਾਹੇ। ਆਏਸ਼ਾ ਜਗੀਰਦਾਰ ਦੀਆਂ ਸੱਤ ਪੀੜੀਆਂ ਖੇਹ ਪਾਂਦੀ ਰਹੀ। ਫਿਰ ਘੁਸਰ ਮੁਸਰ ਦੀ ਦੱਬਵੀਂ ਆਵਾਜ਼ ਉੱਤੇ ਉਹ ਸ਼ਾਂਤ ਹੋਈ ਅਤੇ ਕੋਠੇ ਤੋਂ ਉਤਰੀ। ਕੁੱਝ ਚਿਰ ਦੱਬਵੀਂ ਘੁਸਰ ਮੁਸਰ ਹੁੰਦੀ ਰਹੀ। ਅਤੇ ਰਾਤ ਦੋ ਖੰਨ ਹੋਈ ਯਾਨੀ ਅੱਧੀ ਰਾਤ ਹੋਈ ਜਦ ਆਏਸ਼ਾ ਛੀਂਬਣ ਦੋਬਾਰਾ ਕੋਠੇ ਤੇ ਚੜ੍ਹੀ ਅਤੇ ਦੁਬਾਰਾ ਗਾਂਲਾ ਦਾ ਝੱਖੜ ਝੁੱਲਿਆ। ਹੁਣ ਉਹ ਜਾਗੀਰਦਾਰ ਨੂੰ ਨਹੀਂ ਸਗੋਂ ਉਹਨਾਂ ਘਰਾਂ ਨੂੰ ਗਾਲਾਂ ਦੇ ਰਹੀ ਸੀ ਜਿਨ੍ਹਾਂ ਉਹਦੇ ਪਤੀ ਦੀ ਜਾਨ ਬਚਾਣ ਦੀ ਸਿਰ ਤੋੜ ਜਦੋਜਹਿਦ ਕੀਤੀ ਸੀ। ਹਾਲਾਂ ਕਿ ਉਹ ਵੀ ਦੂਜਿਆਂ ਵਾਂਗ ਉਠ ਕੇ ਜਾ ਸਕਦੇ ਸਨ ਪਰ ਉਹਨਾਂ ਹਮਦਰਦੀ ਕੀਤੀ ਸੀ। ਹਾਲਾਂ ਕਿ ਉਹ ਵੀ ਦੂਜਿਆਂ ਵਾਂਗ ਉਠ ਕੇ ਜਾ ਸਕਦੇ ਸਨ ਪਰ ਉਹਨਾਂ ਹਮਦਰਦੀ ਵਜੋਂ ਲੋਥ ਘਰ ਚੁੱਕ ਲਿਆਂਦੀ ਸੀ।

ਪਰ ਚੁਸਤ ਜਾਗੀਰਦਾਰ ਆਪਣੀ ਚਾਲ ਚੱਲ ਗਿਆ ਸੀ। ਉਸ ਘੋੜੀ ਉਤੇ ਬੰਦਾ ਭਜਾ ਨਾਲ ਦੇ ਪਿੰਡ ਹਯਾਤ ਨੰਬਰਦਾਰ ਨੂੰ ਲੈ ਆਂਦਾ ਸੀ। ਉਸ ਤੋਂ ਮੱਦਦ ਮੰਗੀ।

ਆਏਸ਼ਾ ਹਯਾਤ ਕਲੇਰ ਦੀ ਤਾਂ ਘੜੇ ਦੀ ਮੱਛੀ ਸੀ। ਉਸ ਕੁੱਝ ਪਿਆਰ ਦਾ ਵਾਸਤਾ ਦੇ ਕੇ ਅਸਲ ਦੋਸ਼ੀ ਜਾਗੀਰਦਾਰ ਵਿਚੋਂ ਕੱਢ ਦਿੱਤਾ ਅਤੇ ਆਂਢ ਗੁਆਂਢ ਦੇ ਛੇ ਬੰਦੇ ਨਿਸ਼ਾਨੇ ਹੇਠ ਰੱਖ ਲਏ-ਸੰਯੋਗ ਵੱਸ ਫਾਤਮਾਂ ਨੂੰ ਛੁਡਾਣ ਤੇ ਮਾਂ ਪੁੱਤ ਨੂੰ ਥਪੜਾਨ ਵਾਲੇ ਮੁੰਡੇ ਵੀ ਇਹਨਾਂ ਘਰਾਂ ਵਿਚੋਂ ਹੀ ਸਨ। ਆਏਸ਼ਾ ਇਹ ਵੀ ਆਖ ਰਹੀ ਸੀ ਕਿ ਸ਼ਾਮੀ ਆਪਣੇ ਮੁੰਡੇ ਭੇਜ ਕੇ ਛੇੜ ਛੇੜੀ ਅਤੇ ਰਾਂਤੀ ਮੇਰਾ ਸਾਈਂ ਮੇਰਾ ਖਸਮ ਮਾਰ ਦਿੱਤਾ।

ਜਾਗੀਰਦਾਰ ਦੀ ਹਯਾਤ ਕਲੇਰ ਨੂੰ ਸੱਦਣ ਦੀ ਸਕੀਮ ਕਾਮਯਾਬ ਹੋ ਗਈ। ਉਹਨੂੰ ਇਹ ਪਤਾ ਸੀ ਕਿ ਆਏਸ਼ਾ ਹਯਾਤ ਤੋਂ ਪਰਾਂ ਨਹੀਂ, ਮੋੜ ਨਹੀਂ ਸਕੇਗੀ ਕਿਉਂਕਿ ਸਾਰੀ ਜਵਾਨੀ ਤਾਂ ਉਸ ਕਲੇਰ ਨਾਲ ਲੰਘਾਈ ਸੀ ਅਤੇ ਉਹ ਨੰਗੇ ਰੂਪ ਵਿਚ।

ਜਾਗੀਰਦਾਰ ਚੁਸਤ ਪਰ ਕਮੀਨੀ ਚਾਲ ਤਾਂ ਚੱਲ ਗਿਆ ਪਰ ਇਕ ਗੱਲੋਂ ਮੂਰਖ ਮਾਰ ਖਾ ਗਿਆ। ਉਹ ਇਹ ਕਿ ਹਵਾ ਦਾ ਰੁਖ ਬਦਲਦਿਆਂ ਹੀ ਆਪਣੇ ਗਲੋਂ ਗਲਾਵਾਂ ਲਾਹ ਹੋਰਾਂ ਦੇ ਗਲ ਪਾ ਰਾਤ ਨੂੰ ਹੀ ਸਣੇ ਪਰਿਵਾਰ ਪਿੰਡੋਂ ਖਿਸਕ ਗਿਆ। ਤਾਂਗੇ ਜਾਂ ਬੱਘੀ ਤੇ ਨਹੀਂ ਸਗੋਂ ਦੋ ਊਠ ਤੇ ਤਿੰਨ ਘੋੜੀਆਂ ਉਹਦੇ ਸਫਰ ਵਿਚ ਸਹਾਈ ਹੋਈਆਂ। ਉਹਦਾ ਪਿੰਡੋਂ ਖਿਸਕਣਾ ਹੀ ਉਹਨੂੰ ਫਿਰ ਹੱਤਿਆ ਕੇਸ ਵਿਚ ਲੈ ਆਇਆ ਕਿਉਂਕਿ ਪਿੰਡ ਦੇ ਦੂਜੇ ਦੋਵੇਂ ਨੰਬਰਦਾਰ, ਚੌਧਰੀ ਮਹੁੰਮਦ ਹੁਸੈਨ ਅਤੇ ਗੁਲਾਮ ਕਾਦਰ ਜਿਹੜੇ ਦੋਵੇਂ ਹੀ ਚੱਠਾ ਬਰਾਦਰੀ ਦੇ ਸਨ, ਅਸਲੀਅਤ ਤੋਂ ਤਿਲਕਣ ਵਾਲੇ ਨਹੀਂ ਸਨ। ਜਾਗੀਰਦਾਰ ਦੇ ਖਿਸਕਣ ਪਿੱਛੋਂ ਉਹਦਾ ਕੋਈ ਵੀ ਹਮਾਇਤੀ ਉਭਰ ਕੇ ਸਾਹਮਣੇ ਨਹੀਂ ਸੀ ਆਇਆ।

ਬੱਸ ਸਮਝੋ ਉਸ ਦਿਨ ਤੋਂ ਇਸ ਘਰ, ਯਾਨੀ ਛੀਬਿਆਂ ਦੇ ਇਸ ਘਰ ਨਾਲ ਸਾਡੇ ਸੰਬੰਧ ਬੋਲ ਚਾਲ ਅਸਲੋਂ ਹੀ ਟੁੱਟੀ ਹੋਈ ਸੀ।

ਏਹੋ ਕਾਰਨ ਸੀ ਕਿ ਮੈਨੂੰ ਸਾਰੀ ਰਾਤ ਤਾਅ ਠਾਰ ਆਉਂਦੇ ਰਹੇ। ਆਏਸ਼ਾ ਨੂੰ ਜਾਂ ਅਨੈਤ ਨੂੰ ਖਾਰ ਹੋ ਸਕਦੀ ਸੀ। ਕਰੋਧ ਵਿਰੋਧ ਵੈਰ ਹੋ ਸਕਦਾ ਸੀ। ਕੁੱਝ ਵੀ ਕਰ ਸਕਦੇ, ਸੋਚ ਸਕਦੇ ਸਨ। ਪਰ ਫਾਤਮਾ? ਫਾਤਮਾਂ ਦੀ ਤਾਂ ਅਸਾਂ ਹਮਦਰਦੀ ਕੀਤੀ ਸੀ, ਮਰਦੀ ਨੂੰ ਛੁਡਾਇਆ ਬਚਾਇਆ ਸੀ। ਫਿਰ ਉਸ ਮੇਰੇ ਉਤੇ ਕਚਰੇ ਸਵਾਹ ਦੀ ਜੂਠ ਕਿਉਂ ਸੁੱਟੀ ? ਕੋਈ ਸੁੱਤੀ ਕਲਾ ਜਗਾਣ ਲਈ? ਕੋਈ ਨਵੀਂ ਛੇੜ ਛੇੜਨ ਲਈ? ਅਤੇ ਜੇ ਇਹ ਅਚਣਚੇਤ ਹੀ ਹੋ ਗਿਆ ਸੀ, ਤਾਂ ਉਸ ਵੇਲੇ ਉਹ ਘਰ ਵਿਚ ਇੱਕਲੀ ਸੀ, ਬਾਹਰ ਆ ਕੇ ਅਫਸੋਸ ਕਰ ਸਕਦੀ ਸੀ। ਹੱਸੀ ਜਾਂ ਹੌਕਾ ਭਰਿਆ ਇਹ ਤਾਂ ਮੈਨੂੰ ਵੀ ਸਪਸ਼ਟ ਨਹੀਂ ਸੀ। ਹਾਂ, ਚਿੱਕੜ ਸੁੱਟਣ ਵਾਲੀ ਗੱਲ ਜੇ ਮੈਂ ਘਰ ਵਿਚ ਦੱਸ ਦੇਂਦਾ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਹੋਰ ਖਰਾਬਾ ਹੁੰਦਾ। ਕੋਈ ਤਗੜਾ ਕਲੇਸ਼ ਉਠ ਖਲੋਂਦਾ ਕਿਉਂਕਿ ਇਹ ਘਰ ਤਾਂ ਅੱਗੇ ਹੀ ਸਾਰੇ ਪਿੰਡ ਨਾਲੋਂ ਕੱਟਿਆ ਜੇਹਾ ਸੀ।

ਮੂਰਖ ਛੀਂਬਣ ਨੇ ਕਲੇਰ ਦੇ ਆਖੇ ਲੱਗ ਸਾਰੇ ਹਮਾਇਤੀ ਗਵਾ ਲਏ ਸਨ। ਅਤੇ ਜਾਗੀਰਦਾਰ ਤੇ ਕੇਸ ਪੈ ਜਾਣ ਨਾਲ ਉਹ ਵੀ ਪਾਸਾ ਖੁੱਸ ਗਿਆ ਸੀ। ਨਾ ਘਰ ਦਾ ਨਾ ਘਾਟ ਦਾ ਰਿਹਾ ਕੁਤਾ ਧੋਬੀ ਦਾ। ਪਰ ਏਸ ਘਰ ਦੇ ਏਸ ਮੂਰਖਪੁਣੇ ਨਾਲ ਸਹੇੜੇ ਸੰਕਟ ਦੇ ਹੁੰਦਿਆਂ ਵੀ ਮੈਨੂੰ ਅਤੇ ਸ਼ਾਇਦ ਕਈ ਹੋਰਾਂ ਨੂੰ ਵੀ ਫਾਤਮਾਂ ਤੇ ਤਰਸ ਆਉਂਦਾ ਸੀ।

ਜਦੋਂ ਮੈਂ ਸਵਾਹ ਤੇ ਕਚਰੇ ਦੇ ਪਾਣੀ ਨਾਲ ਲਤ ਪਤ ਆਪਣੇ ਘਰ ਵੀੜਆ ਤਾਂ ਵੱਡੀ ਭਾਬੀ ਨੇ ਹਾਸੇ ਮਿਲਵੀਂ ਮਿੱਠੀ ਝਿੜਕੀ ਦਿੱਤੀ ਤੇ ਕਿਹਾ, “ਕੋਈ ਮਗਰ ਪਿਆ ਹੁੰਦਾ ਏ? ਹਨੇਰੇ ਵਿਚ ਹੌਲੀ ਨਹੀਂ ਤੁਰਿਆ ਜਾਂਦਾ? ਪਤਾ ਵੀ ਏ, ਪਈ ਨਾਲੀ ਵਿਚ ਚਿੱਕੜ ਏ। ਸ਼ੁਕਰ ਏ, ਮੂੰਹ ਮੱਥਾ ਨਹੀਂ ਭੱਜਾ।”

ਭਾਬੀ ਦਾ ਖਿਆਲ ਸੀ ਕਿ ਮੈਂ ਠੁੱਡਾ ਖਾ ਕੇ ਨਾਲੀ ਵਿਚ ਡਿੱਗਾ ਹਾਂ ਜਿਹੜੀ ਗਲੀ ਦੇ ਐਨ ਵਿਚਾਲੇ ਸੀ। ਇਸ ਨਾਲ ਮੈਨੂੰ ਅਸਲੀਅਤ ਛੁਪਾਣ ਦਾ ਮੌਕਾ ਮਿਲ ਗਿਆ।

ਭਾਬੀ ਨੇ ਹੀ ਬਹਾਨਾ æਲੱਭ ਦਿੱਤਾ ਸੀ-“ਸਾਰਾ ਦਿਨ ਦੁੜੰਗੇ ਦੇਂਦਾ ਬੰਦਾ ਘਰ ਨੂੰ ਆਉਂਦਾ ਤਾਂ ਅਰਾਮ ਨਾਲ ਤੁਰੇ।” ਨਾਲ ਹੀ ਲਿਬੜੀ ਕਮੀਜ਼ ਉਸ ਮੇਰੇ ਸਿਰੋਂ ਕੱਢ ਲਈ ਅਤੇ ਮੈਨੂੰ ਨਲਕੇ ਹੇਠਾਂ ਧੱਕ ਦਿਤਾ।

ਨਲਕੇ ਦੀ ਹੱਥੀ ਦੱਬਦਿਆਂ ਭਾਬੀ ਕਹਿ ਰਹੀ ਸੀ, “ਸਾਥੋਂ ਨਹੀਂ ਸਾਰਾ ਦਿਨ ਕਾਸ਼ਟਿਕ ਵਿਚ ਹੱਥ ਗਾਲੀਦੇ। ਅਜੇ ਦੋਪਹਿਰ ਤੂੰ ਧੋਤੇ ਕੱਪੜੇ ਪਾ ਕੇ ਗਿਆ ਸੀ।” ਤੌਲੀਆ ਮੇਰੇ ਮੋਢੇ ਧਰ ਉਸ ਕਿਹਾ, “ਲੈ, ਪਿੰਡਾ ਪੂੰਝ। ਮੈਂ ਕੱਪੜੇ ਲਿਆਵਾਂ।”

ਮੈਂ ਪਿੰਡਾ ਪੂੰਝ ਕਪੜੇ ਪਾਏ ਤੇ ਖੇਸੀ ਦੀ ਬੁੱਕਲ ਮਾਰ ਮੰਜੇ ਤੇ ਜਾ ਬੈਠਾ ਤਾਂ ਦਿਮਾਗ ਵਿਚ ਖਿਆਲਾਂ ਦਾ ਚੱਕਰ ਚੱਲ ਪਿਆ। ਬਦਲਾ, ਖਿਮਾ, ਬਦ ਨਾਲ ਬਦੀ। ਨਹੀਂ, ਨਹੀਂ, ਬਦ ਨਾਲ ਵੀ ਨਿਮਰਤਾ ਨੇਕੀ। ਮਾਂ ਨੇ ਰੋਟੀ ਖਾਣ ਲਈ ਕਿਹਾ। ਮੈਂ ਭੁੱਖ ਨਾ ਹੋਣ ਦਾ ਕਹਿ ਕੇ ਟਾਲ ਦਿੱਤਾ। ਭੁੱਖ ਹੈ ਵੀ ਕਿਥੇ ਸੀ? ਭੁੱਖ ਤਾਂ ਕਰੋਧ ਨੇ ਉਡਾ ਦਿੱਤੀ ਸੀ। ਭਾਬੀ ਨੇ ਦੁੱਧ ਦਾ ਗਲਾਸ ਲਿਆ ਕੇ ਢੱਕ ਕੇ ਰੱਖ ਦਿੱਤਾ ਜਿਹੜਾ ਸਵੇਰ ਤੱਕ ਪਿਆ ਰਿਹਾ।

ਪ੍ਰਭਾਤੀਂ ਮੈਂ ਮੰਜੇ ਤੋਂ ਉਠ ਭਾਰੀ ਉਨੀਂਦਰੀਆਂ ਅੱਖਾਂ ਮਲਦਾ ਬਾਹਰ ਨੂੰ ਨਿਕਲ ਗਿਆ। ਰਾਤ ਭਰ ਦੀ ਤੜਫਣ ਪਿੱਛੋਂ ਬਦਲੇ ਦੀ ਭਾਵਨਾ ਦਬ ਗਈ ਸੀ। ਕੀ ਹੋਇਆ? ਕਿਉਂ ਹੋਇਆ? ਛੱਡੋਂ ਪਰ੍ਹਾਂ, ਕੁੱਝ ਨਹੀਂ ਕਰਨਾ, ਹੋ ਸਕਦਾ ਏ ਕੋਈ ਨਵੀਂ ਛੇੜ ਹੋਵੇ ਅਤੇ ਕੋਈ ਕਲੇਸ਼ ਉਠ ਖਲੋਵੇ ਅਤੇ ਘਰਦੇ ਕਿਸੇ ਨਵੀਂ ਉਲਝਣ ਵਿਚ ਫਸ ਜਾਣ। ਅਤੇ ਕਿਹੜਾ ਕਿਸੇ ਹੋਰ ਨੂੰ ਏਸ ਨਵੀਂ ਛੇੜ ਦਾ ਪਤਾ ਸੀ

ਘਰਦੇ ਆਪਣੇ ਠੰਡੇ ਤੇ ਸਾਊ ਸੁਭਾ ਨਾਲ ਹੱਡ ਵੈਰ ਨਹੀਂ ਸਨ ਰਖਦੇ ਸਗੋਂ ਬੀਤੇ ਦੀ ਅਣਸੁਖਾਂਣੀਂ ਘਟਨਾ ਨੂੰ ਭੁਲਾ ਕੇ ਗਰੀਬ ਸਮਝ ਮੱਦਤ ਵੀ ਕਰਨਾ ਚਾਹੁੰਦੇ ਸਨ। ਭਾਵੇਂ ਜਿਸ ਦਿਨ ਫਕੀਰੀਏ ਦਾ ਮੁਰਦਾ ਵਿੜੇ ਵਿਚ ਪਿਆ ਸੀ ਅਤੇ ਆਏਸ਼ਾ ਨੇ ਪਹਿਲੇ ਰਿਕਾਰਡ ਦਾ ਦੂਜਾ ਪਾਸਾ ਜਿਹੜਾ ਸਾਡੇ ਲਈ ਲਾਇਆ ਸੀ ਤਾਂ ਮੇਰੇ ਛੋਟੇ ਚਾਚੇ ਨੇ ਨਾਲ ਦੇ ਕੋਠੇ ਤੇ ਜਾ ਕੇ ਕਿਹਾ ਸੀ, “ਬੀਬੀ ਆਏਸ਼ਾ, ਸਾਨੂੰ ਦੁਖ ਏ ਤੇਰੇ ਤੇ ਕਹਿਰ ਵਰਤਿਆ ਏ। ਕਿਸ ਵਰਤਾਇਆ ? ਕਿਵੇਂ ਵਰਤਿਆ ? ਇਹ ਵੀ ਤੈਨੂੰ ਪਤਾ ਏ। ਕਾਲੀ ਬੋਲੀ ਰਾਤ ਏ। ਇਕ ਤੇਰੇ ਪੁੱਤਰ ਏ। ਖੁਦਾ ਤੋਂ ਸੁਖ ਮੰਗ ਅਤੇ ਦਿਨ ਚੜ੍ਹੇ ਜੋ ਮਰਜੀ ਕਰੀਂ। ਜੋ ਤੇਰੇ ਮਨ ਮੰਨੇ ਕਰੀਂ।”

ਗਲ ਆਇਸ਼ਾ ਦੇ ਖਾਨੇ ਬੈਠ ਗਈ ਅਤੇ ਦੜ ਵੱਟ ਕੋਠੇ ਤੋਂ ਹੇਠਾਂ ਉੱਤਰ ਗਈ।

ਫਕੀਰਿਆਂ ਮਰੇ ਨੂੰ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਜਾਗੀਰਦਾਰ ਬਰੀ ਹੋਏ ਨੂੰ ਵੀ ਅੱਠ ਨੌਂ ਮਹੀਨੇ ਹੋ ਗਏ ਸਨ ਅਤੇ ਹਾਲਤ ਵੀ ਆਮ ਜੇਹੇ ਸੁਖਾਵੇਂ ਹੋ ਗਏ ਸਨ। ਪਰ ਮੈਂ ਆਪਣੇ ਆਪ ਵਿਚ ਇਹ ਪੱਕਾ ਕਰ ਲਿਆ ਕਿ ਦੂਜੇ ਪਾਸਿਉਂ ਭਾਵੇਂ ਵਲਾ ਕੇ ਹੀ ਆਉਣਾ ਪਵੇ ਏਸ ਪਾਸਿਉਂ ਯਾਨੀ ਛੀਂਬਿਆ ਦੇ ਘਰ ਅੱਗੋਂ ਨਹੀਂ ਲੰਘਣਾ। ਅਤੇ ਕੋਈ ਦੋ ਢਾਈ ਮਹੀਨੇ ਮੈਂ ਇਹ ਰਾਹ ਛੱਡੀ ਰਖਿਆ। ਏਸ ਦੋ ਮਹੀਨੇ ਦੇ ਅਰਸੇ ਵਿਚ ਮੈਂ ਫਾਤਮਾਂ ਨੂੰ ਕਲੇਸ਼ ਕਰਤੂਤਾਂ ਦੀ ਜੜ ਅਤੇ ਕੁਰੱਪਟ ਦੁਸ਼ਮਣ ਸਮਝਣ ਲਗਾ। ਏਸ ਦੋ ਮਹੀਨੇ ਦੇ ਅਰਸੇ ਵਿਚ ਕਿਸੇ ਪਾਸਿਉਂ ਕੋਈ ਗੱਲ ਨਾ ਹੋਈ, ਨਾ ਹਲੀ। ਅਤੇ ਮੈਂ ਫਿਰ ਉਸੇ ਰਾਹ ਗਲੀ ਘਰ ਨੂੰ ਆਉਣ ਜਾਣ ਲਗ ਪਿਆ।

ਕਈ ਦਿਨਾਂ ਬਾਅਦ ਹਨੇਰੀ ਰਾਤ ਅਤੇ ਹਨੇਰੀ ਗਲੀ ਚੋਖੇ ਕੁਵੇਲੇ ਮੈਂ ਗਲੀ ਦਾ ਮੋੜ ਮੁੜ ਉਹਨਾਂ ਦੇ ਘਰ ਅੱਗੋਂ ਲੰਘਣ ਲਗਾ।(ਹਾਂ ਇਕ ਗੱਲ ਮੈਂ ਸਾਫ ਕਰ ਦਿਆਂ ਇਹ ਬੀਹਵੀਂ ਸਦੀ ਦੇ ਅੱਧ ਤੋਂ ਵੀ ਕੋਈ ਪੰਜ ਛੇ ਸਾਲ ਪਹਿਲਾਂ ਦੀ ਗੱਲ ਹੈ। ਉਹਨਾਂ ਦਿਨਾਂ ਵਿਚ ਰਾਤਾਂ ਏਨੀਆਂ ਹਨੇਰੀਆਂ ਹੁੰਦੀਆਂ ਸਨ ਕਿ ਹੱਥ ਨੂੰ ਹੱਥ ਨਹਂੀਂ ਸੀ ਦਿਸਦੀ ਕਿਉਂਕਿ ਆਮ ਘਰਾਂ ਵਿਚ ਸਰੋਂ ਜਾ ਮਿੱਟੀ ਦੇ ਦੀਵੇ ਜਾਂ ਲੰਪ ਲਾਲਟੈਣ ਹੀ ਜਗਦੀ ਸੀ ਅਤੇ ਗਲੀਆਂ ਵਿੱਚ ਅਤੇ ਬਾਹਰ ਘੁੱਪ ਹਨੇਰਾ ਹੀ ਪਸਰਿਆ ਰਹਿੰਦਾ ਸੀ। ਅਤੇ ਚੰਦ ਨਾ ਹੋਵੇ ਤਾਂ ਤਾਰਿਆਂ ਦੀ ਲੋਅ ਹੀ ਅੱਖਾਂ ਨੂੰ ਨੂਰ ਦੇਂਦੀ। ਏਹੋ ਜੇਹੀ ਸੀ ਉਹ ਹਨੇਰੀ ਅਤੇ ਡੂੰਘੀ ਸ਼ਾਮ ਕਿਉਂਕਿ ਉਦੋਂ ਬਿਜਲੀ ਜਾ ਬਿਜ਼ਲੀ ਦੇ ਲਾਟੂ ਨਹੀਂ ਸਨ ਹੁੰਦੇ।) ਜਿਉਂ ਹੀ ਮੈਂ ਛੀਂਬਿਆ ਦੇ ਬੂਹੇ ਅਗੋਂ ਲੰਘਣ ਲਗਾ ਪੀਡੀ ਪਕੜ ਮੇਰੀ ਕਿਸੇ ਨੇ ਬਾਂਹ ਫੜ ਲਈ। ਕੂਲੇ ਹੱਥਾਂ ਅਤੇ ਮਹਿਕਦੇ ਸਾਹਾਂ ਤੋਂ ਮੈਂ ਅਨੁਮਾਨ ਲਾਇਆ ਕਿ ਇਹ ਫਾਤਮਾਂ ਹੀ ਏ । ਕੋਈ ਨਵੀਂ ਛੇੜ, ਕੋਈ ਨਵਾਂ ਪੰਗਾ? ਖਿੱਚ ਕੇ ਉਹਦੇ ਸੁੰਦਰ ਕੂਲੇ ਮੂੰਹ ਤੇ ਕੰਨ ਨੇੜੇ ਥੱਪੜ ਮਾਰਾਂ। ਪਰ ਨਹੀਂ। ਮੈਂ ਬਾਂਹ ਛੁਡਾAਣ ਲਈ ਜੋਰ ਨਾਲ ਝਟਕਾ ਮਾਰਿਆ ਉਹਦੇ ਦੋਵੇਂ ਹੱਥ ਮੇਰੀ ਵੀਣੀ ਤੋਂ ਤਿਲਕੇ ਅਤੇ ਉਹ ਉੱਖੜ ਕੇ ਕੰਧ ਨਾਲ ਵੱਜੀ ਅਤੇ ਇਕ ਪੀੜ ਭਰੀ ਕਸਕ ਮੇਰੇ ਕੰਨ ਪਈ ਜਿਵੇਂ ਅਥਾਹ ਪੀੜ ਕਿਸੇ ਚੀਸ ਵੱਟ ਕੇ ਅੰਦਰੇ ਅੰਦਰ ਹੀ ਵਲ ਲਈ ਹੋਵੇ। ਅਤੇ ਮੈਂ ਉਹਨੂੰ ਡਿੱਗੀ ਨੂੰ ਛੱਡ ਤਿੱਖੇ ਪੈਰੀਂ ਅਗੇ ਆਪਣੇ ਘਰ ਗਿਆ। ਉਹ ਕਦੋਂ ਉਠੀ ? ਕਿਵੇਂ ਉਠੀ? ਸੱਟ ਲੱਗੀ ਨਹੀਂ ਲੱਗੀ? ਲੱਗੀ ਤੇ ਕਿਥੇ? ਕਿੰਨੀ? ਮੈਨੂੰ ਨਹੀਂ ਪਤਾ। ਪਰ ਮੈਨੂੰ ਉਹ ਚਤੁਰ ਚਲਾਕ ਅਤੇ ਮਕਾਰ ਦੁਸ਼ਮਣ ਜਾਪੀ।

ਰਾਤੀ ਮੈਂ ਉਹਨਾਂ ਦੇ ਘਰ ਵਲ ਕੰਨ ਲਾਈਂ ਚੋਖਾ ਚਿਰ ਜਾਗਦਾ ਰਿਹਾ ਪਰ ਕੋਈ ਭਿਣਕ ਨਾ ਪਈ ਅਤੇ ਕੋਈ ਛੇੜ ਨਾ ਛਿੜੀ ਪਰ ਫਾਤਮਾਂ ਤੋਂ ਮੈਨੂੰ ਘਿਰਨਾ ਆਉਣ ਲਗ ਪਈ। ਦਿਲ ਵਿਚ ਦੁੱਖ ਸੀ ਪੀੜ ਸੀ ਕਿ ਮੈਂ ਇਹਨੂੰ ਕਦੇ ਬੁਰੀ ਨਹੀਂ ਸੀ ਸਮਝਿਆ। ਪਰ ਇਸ ਨੇ ਦੋ ਵਾਰ ਕੀਤੇ-ਅਤਿ ਕਮੀਨੇ, ਬੇਹੱਦ ਕੋਝੇ। ਮੈਂ ਫਿਰ ਇਹ ਰਾਹ ਇਹ ਗਲੀ ਤਿਆਗ ਦਿੱਤੀ। ਕਲੇਸ਼ ਤੋਂ ਬਚਣ ਲਈ ਹੋਰ ਚਾਰਾ ਵੀ ਕੀ ਸੀ?

ਕਿਸੇ ਅਣਸੁਖਾਵੀਂ ਘਟਨਾ ਕਾਰਨ ਮੈਨੂੰ ਪੜ੍ਹਾਈ ਛੱਡਣੀ ਪਈ ਅਤੇ ਇਸ ਅਨਹੋਣੀ ਨੇ ਮੇਰਾ ਦਿਲ ਤੋੜ ਦਿੱਤਾ। ਹਾਣੀ ਸਾਥੀਆਂ ਵਿਚ ਅਤੇ ਖੇਡਣ ਵਿਚ ਮੇਰਾ ਜੀ ਨਹੀਂ ਸੀ ਲਗਦਾ। ਕੌੜੀ ਕੁਸੈਲੀ ਪੀੜ ਦੇ ਘੁੱਟ ਮੈਂ ਅੰਦਰੇ ਅੰਦਰ ਪੀ ਰਿਹਾ ਸਾਂ। ਸ਼ਾਮ ਵੇਲੇ ਪੀੜ ਪਰਬਲ ਹੁੰਦੀ ਤਾਂ ਮੈਂ ਇਕਾਂਤ ਸ਼ਾਂਤੀ ਦੀ ਤਲਾਸ਼ ਵਿਚ ਸੜਕ ਪੈ ਜਾਂਦਾ। ਪੀਰ ਹਾਜੀ ਦੇ ਬਾਗ ਤੋਂ ਬਹੁਤ ਅੱਗੇ ਕਲੇਰਾਂ ਨੂੰ ਜਾਂਦੇ ਖਾਲ ਦੀ ਪੁਲੀ ਉਤੇ ਜਾ ਬਹਿੰਦਾ। ਸ਼ਾਂਤ ਇਕਾਂਤ ਵਿਚ ਦਿਲ ਨੂੰ ਪੀੜ ਤੋਂ ਪਰ੍ਹਾਂ ਕਰਨ ਲਈ ਕੋਈ ਕਿੱਸਾ ਜਾਂ ਕਿਤਾਬ ਪੜ੍ਹਦਾ ਅਤੇ ਫਿਰ ਘੁਸਮੁਸਾ ਹਨੇਰਾ ਹੋਣ ਤੇ ਮੈਂ ਉਦਾਸੀ ਦੀਆਂ ਸੂਲਾਂ ਦੀ ਪੰਡ ਚੁੱਕੀ ਪਿੰਡ ਨੂੰ ਤੁਰ ਪੈਂਦਾ। ਇਹ ਮੇਰਾ ਨਿੱਤ ਨੇਮ ਬਣ ਗਿਆ ਅਤੇ ਇਸ ਨੇਮ ਨੂੰ ਨਿਭਾਂਦਿਆਂ ਕੋਈ ਤਿੰਨ ਮਹੀਨੇ ਹੋ ਗਏ ਸਨ। ਏਨਾ ਹੀ ਸਮਾਂ ਹੋ ਗਿਆ ਸੀ ਮੈਨੂੰ ਆਪਣੇ ਘਰ ਨੂੰ ਜਾਣ ਦਾ ਸਿੱਧਾ ਰਾਹ ਤਿਆਗਿਆਂ ਕਿਉਂਕਿ ਮੇਰੀ ਜਾਚੇ ਏਸ ਰਾਹ ਤੇ ਯਾਨੀ ਗਲੀ ਦੇ ਮੋੜ ਤੇ ਛੀਂਬਿਆਂ ਦੇ ਘਰ ਵਿਚ ਇਕ ਅਤਿ ਕਮੀਨੀ ਵਿਰੋਧਨ ਬੈਠੀ ਸੀ-ਫਾਤਮਾਂ । ਮੈਂ ਕਈ ਵਾਰ ਦੰਦ ਪੀਹਕੇ ਰਹਿ ਜਾਂਦਾ ਪਰ ਕੋਈ ਚਾਰਾ ਨਹੀਂ ਸੀ। ਮੇਰੇ ਪਹਿਲਾਂ ਚਿੱਤ ਚੇਤੇ ਵੀ ਨਹੀਂ ਸੀ ਕਿ ਉਹ ਏਨੀ ਘਟੀਆ ਹੋਵੇਗੀ।

ਇਕ ਦਿਨ ਸੂਰਜ ਦੀ ਟਿੱਕੀ ਛਿਪਣ ਤੋਂ ਕੁੱਝ ਪਲ ਬਾਅਦ ਮੈਂ ਪੁਲੀ ਤੋਂ ਉੱਠਿਆ ਤੇ ਪਿੰਡ ਵੱਲ ਤੁਰ ਪਿਆ। ਨਵਾਬ ਦਾ ਮੁੰਡਾ ਨਜਰ ਦੂਰ ਪਿੰਡ ਦੇ ਨੇੜੇ ਬਲਦਾਂ ਨੂੰ ਪੰਜਾਲੀ ਦੇਈਂ ਹਿੱਕੀ ਜਾ ਰਿਹਾ ਸੀ। ਇਸ ਤੋਂ ਬਿਨਾਂ ਅੱਗੇ ਪਿੱਛੇ ਦੋਹੀਂ ਪਾਸੀ ਸੜਕ ਸੁੰਨੀ ਸੀ। ਮੈਂ ਹੌਲੀ ਹੌਲੀ ਤੁਰਦਾ ਹਾਜੀ ਪੀਰ ਦੇ ਬਾਗ ਬਰਾਬਰ ਆ ਗਿਆ। ਸੂਰਜ ਛਿਪ ਗਿਆ ਸੀ। ਧਵਾਂਖਿਆ ਜਿਹਾ ਹਨੇਰਾ ਪਸਰਨ ਲਗਾ ਸੀ। ਮੇਰੇ ਕੰਨੀਂ ਸ਼ੀਂ ਸ਼ੀਂ ਦੀ ਸ਼ੂਕਰ ਪਈ ਅਤੇ ਫਿਰ ਇਕ ਦਬਵੀਂ ਜੇਹੀ ਅਵਾਜ਼ , “ਮੇਰੀ ਗੱਲ ਸੁਣ।”

ਮੈਂ ਹੈਰਾਨ ਹੋ ਆਸੇ ਪਾਸੇ ਵੇਖਿਆ, ਫਿਰ ਅੱਗੇ ਪਿੱਛੇ। ਦੂਰ ਦੂਰ ਤੱਕ ਕੋਈ ਨਹੀਂ ਸੀ। ਬਲਦ ਲਈ ਜਾਂਦਾ ਨਵਾਬ ਦਾ ਮੁੰਡਾ ਵੀ ਪਿੰਡ ਜਾ ਪਹੁੰਚਾ ਸੀ। ਵਹਿਮ, ਕੰਨਾ ਦਾ ਭੁਲੇਖਾ। ਤੁਰਨ ਲਗਾ।

“ਸ਼ੀ ਸ਼ੀਂ ਮੈਂ ਸੱਦਿਆ ਏ। ਏਧਰ ਮੇਰੀ ਗੱਲ ਸੁਣ।” ਆਵਾਜ਼ ਫਾਤਮਾ ਦੀ ਸੀ। ਮੈਂ ਵੇਖਿਆ ਉਹ ਸੜਕ ਦੇ ਕੰਢੇ ਉੱਗੇ ਸੰਘਣੇ ਝਾੜਾਂ ਦੀ ਓਟ ਵਿਚ ਖੇਤ ਵੱਲ ਖਲੋਤੀ ਸੀ।

ਉਸ ਸਿਰ ਹਿਲਾ ਅੱਖ ਦਾ ਇਸ਼ਾਰਾ ਕੀਤਾ, “ਉਰ੍ਹਾਂ ਆ।”

ਮੇਰਾ ਦਿਮਾਗ ਇਕ ਦਮ ਸੁੰਨ ਜਿਹਾ ਹੋਇਆ। ਕੋਈ ਨਵਾਂ ਚੱਕਰ , ਕੋਈ ਨਵੀਂ ਸ਼ੈਤਾਨੀ, ਕੋਈ ਨਵੀਂ ਛੇੜ। ਮੈਂ ਆਸੇ ਪਾਸੇ ਗਹੁ ਨਾਲ ਵੇਖਿਆ ਕੋਈ ਹੋਰ ਲੁਕਿਆ ਛੁਪਿਆ ਨਾ ਹੋਵੇ ਪਰ ਕੋਈ ਨਜ਼ਰ ਨਾ ਆਇਆ।

ਮੈਂ ਥਾਂਏਂ ਖਲੋਤੇ ਨੇ ਕਿਹਾ, “ਦੱਸ ਕੀ ਕੰਮ ਏ? ਕੀ ਕਹਿਣਾ ਏ?” ਮੇਰੀ ਆਵਾਜ਼ ਖਿੱਝੀ ਜੇਹੀ ਸੀ।

“ਉਰ੍ਹਾਂ ਮੇਰੇ ਕੋਲ ਆ।” ਉਹਦੀ ਜਬਾਨ ਵਿਚ ਮਿਠਾਸ ਤੇ ਤਰਲਾ ਜੇਹਾ ਸੀ,ਅਪਣੱਤ ਜੇਹੀ ਸੀ।

ਮੈਂ ਫਿਰ ਕਿਹਾ , “ਕੋਈ ਨਵਾਂ ਜਾਲ ਪਾ ਕੇ ਫਸਾ ਨਾ ਦੇਈਂ।”

ਉਸ ਪੋਲੇ ਹੱਥ ਕੰਨ ਨੂੰ ਲਾਂਦਿਆ ਕਿਹਾ, “ਤੋਬਾ ! ਤੋਬਾ ! ਏਨਾ ਭੁਲੇਖਾ ! ਏਨਾ ਭਰਮ ! ਮੇਰਾ ਕੋਈ ਵੈਰ ਏ? ਤੇਰੇ ਨਾਲ ਕੁੱਝ ਗਲਾਂ ਕਰਨੀਆਂ ਨੇ। ਕਦੋਂ ਦੀ ਤਰਸਦੀ ਤਾਂਘਦੀ ਆਂ। ਪਰ ਤੂੰ ਮੌਕਾ ਈ ਨਈਂ ਦੇਂਦਾ।”

ਅਤੇ ਉਸ ਨੇੜੇ ਹੋ ਹੱਥ ਫੜ ਲਿਆ। ਇਕ ਅਨੂਠੀ ਛੋਹ! ਮੇਰੇ ਲੂੰ ਲੂੰ ਮਹਿਕ ਕਥੂਰੀ ਜੇਹੀ ਮਹਿਕੀ। ਉਹ ਮੇਰਾ ਹੱਥ ਘੁੱਟ ਕੇ ਫੜ ਖੇਤ ਦੇ ਵਿਚੋਂ ਵਿਚ ਤੁਰ ਪਈ। ਮੈਂ ਏਸ ਤਰ੍ਹਾਂ ਉਹਦੇ ਨਾਲ ਤੁਰਿਆ ਗਿਆ ਜਿਵੇਂ ਸਿਪਾਹੀ ਨਾਲ ਕੋਈ ਮੁਲਜ਼ਮ। ਸੜਕ ਤੋਂ ਕਿੱਲਾ ਕੁ ਹਟਵੀਂ ਹਾਜੀ ਪੀਰ ਦੇ ਬਾਗ ਦੀ ਕਿਉੜੇ ਤੇ ਸੰਘਣੇ ਕਾਨਿਆਂ ਦੀ ਵਾੜ ਕੋਲ ਉਸ ਮੇਰਾ ਹੱਥ ਛੱਡਿਆ ਤੇ ਕਿਹਾ, “ਏਥੇ ਬੈਹ ਕੇ ਕੁੱਝ ਗੱਲਾਂ ਕਰਾਂਗੇ ਇਕਾਂਤ ਵਿਚ। ਕੁੱਝ ਦਿਲ ਦਾ ਭਾਰ ਲਾਹਾਂਗੇ ।”

ਅਤੇ ਉਹ ਬੈਠ ਗਈ। ਮੈਨੂੰ ਅਜੇ ਵੀ ਧੁੜਕੂ ਜੇਹਾ ਸੀ। ਮੈਂ ਬੇਦਿਲੀ ਜੇਹੀ ਨਾਲ ਉਹਦੇ ਸਾਹਮਣੇ ਬੈਠ ਗਿਆ। ਕੀ ਕਹੇਗੀ? ਕੀ ਕਰੇਗੀ? ਮੈਂ ਇੱਕ ਟਿੱਕ ਉਹਦੇ ਅਤਿ ਸੁੰਦਰ ਮੂੰਹ ਵਲ ਵੇਖ ਰਿਹਾ ਸਾਂ, ਫਿੱਕੇ ਜੇਹੇ ਹਨੇਰੇ ਦੀ ਸਿਆਹ ਸਿਆਹੀ ਵਿਚ ਵੀ ਜੋ ਲਾਟ ਵਾਂਗ ਦਮਕ ਰਹੀ ਸੀ। ਸ਼ੁਧ ਕੁੰਦਨ ਵਾਂਗ, ਪਾਰਸਮਣੀ ਜਾਂ ਹੀਰੇ ਦੀ ਕਣੀ ਵਾਂਗ ਉਹ ਦਮਕ ਰਹੀ ਸੀ। ਦਿਲ ਵਿਚ ਪੀੜ ਉਠ ਰਹੀ ਸੀ, ਇਹ ਸੋਚ ਸੀ ਕਿ ਇਹ ਸੋਨ ਚਿੜੀ ਕਾਲੇ ਕਾਗ ਦੇ ਪੰਜੇ ਕਿਵੇਂ ਫਸ ਗਈ। ਮੈਨੂੰ ਉਹ ਕੋਈ ਪਰੀ, ਕੋਈ ਅਪੱਸਰਾ ਲਗ ਰਹੀ ਸੀ। ਵਾਹੀ ਹੋਈ ਧਰਤੀ ਦੀ ਸਿੱਲੀ ਮਿੱਟੀ ਮਹਿਕ ਰਹੀ ਸੀ ਪਰ ਉਹਦੇ ਵਿਚ ਵੀ ਫਾਤਮਾਂ ਦੀ ਚੰਦਨ ਦੇਹ ਦੀ ਮਹਿਕ ਰਲੀ ਹੋਈ ਸੀ।

ਉਸ ਹੌਕਾ ਭਰ ਕੇ ਉਲਾਭਾਂ ਜੇਹਾ ਦਿੱਤਾ, “ਮੈਂ ਤਾਂਘਦੀ ਰਹੀ ਤੈਨੂੰ ਮਿਲਣ ਲਈ। ਪਰ ਅੜਿਆ ਤੂੰ ਤਾਂ ਗਲੀ ਛੱਡ ਗਿਆ। ਮੈਂ ਕਿੰਨਾ ਤੜਫੀ, ਬੇਹਾਲ ਹੋਈ? ਤੂੰ ਕੀ ਜਾਣੇ? ਮੈਂ ਤੈਨੂੰ ਕਿਥੇ ਮਿਲਦੀ? ਤੈਨੂੰ ਪਤਾ ਮੇਰੇ ਉਤੇ ਕਿੰਨੇ ਪੈਹਰੇ ਨੇ ਕੁੱਤੀ ਦੇ। ਅੱਜ ਮੌਕਾ ਮਿਲਿਆ ਕੁਤੀ ਤੇ ਕਤੂਰਾ ਦੋਵੇਂ ਵਾਂਢੇ ਗਏ ਹੋਏ ਨੇ ਅਤੇ ਅੱਜ ਮੈਂ ਪੱਕੀ ਧਾਰੀ ਕਿ ਤੈਨੂੰ ਜਰੂਰ ਮਿਲਾਂਗੀ-ਕਿਸੇ ਹੀਲੇ ਕਿਤੇ ਵੀ। ਮੈਂ ਕੋਣ ਹਾਂ? ਦੁਖੀ, ਅਤੀ ਦੁਖੀ ਉਮਰ ਕੈਦਣ।”

ਉਹ ਲਗਾਤਾਰ ਹੌਲੀ ਹੌਲੀ ਪੰਘਰ ਰਹੀ ਸੀ, ਗੱਲਾਂ ਕਰ ਰਹੀ ਸੀ।

ਮੈਂ ਟੋਕਿਆ ਤੇ ਪੁੱਛਿਆ, “ਫਾਤਮਾਂ, ਕੰਮ ਦੱਸ। ਤੈਨੂੰ ਮੇਰੇ ਨਾਲ ਕੀ ਕੰਮ ਸੀ?”

ਉਸ ਵੇਗ ਮਈ ਆਵਾਜ਼ ਵਿਚ ਕਿਹਾ, “ਮੈਂ ਤੈਥੋਂ ਮਾਫੀ ਮੰਗਣੀ ਸੀ ਤੇ ਦਿਲ ਤੇ ਪਿਆ ਬੋਝ ਲਾਹੁਣਾ ਸੀ।”

ਉਹਦੀਆਂ ਅੱਖਾਂ ਵਿਚ ਪਾਣੀ ਸਿੰਮ ਆਇਆ ਸੀ।

“ਮਾਫੀ ਮੇਰੇ ਕੋਲੋਂ? ਕਾਹਦੀ?”

“ਹਾਂ ਮਾਫੀ। ਤੇਰੇ ਕੋਲੋਂ। ਮੈਂ ਗਲੀ ਵਿਚ ਵੇਖਿਆ ਨਾ ਅਤੇ ਅਚੇਤ ਹੀ ਬਾਲਟੀ ਗਲੀ ਵਲ ਸੁੱਟੀ ਤੇ ਪਾਣੀ ਤੇਰੇ ਤੇ ਪੈ ਗਿਆ। ਮੈਂ ਬੜਾ ਪਛਤਾਈ। ਮੈਨੂੰ ਬੜਾ ਦੁਖ ਲਗਾ। ਮੈਂ ਸਾਰੀ ਰਾਤ ਸੌਂ ਨਾ ਸਕੀ ਤੇ ਆਪਣੇ ਆਪ ਨੂੰ ਫਟਕਾਰਦੀ ਰਹੀ। ਮਨ ਬਣਾਇਆ ਸਵੇਰੇ ਤੈਥੋਂ ਮਾਫੀ ਮੰਗਾਂਗੀ ਪਰ ਤੂੰ ਤਾਂ ਏਧਰ ਲੰਘਣਾ ਈ ਛੱਡ ਦਿੱਤਾ। ਮੇਰੇ ਦਿਲ ਵਿਚ ਇਕ ਪੀੜ ਜੇਹੀ ਰਹਿਣ ਲਗੀ, ਇਕ ਜਲਣ ਜੇਹੀ ਵਸ ਗਈ। ਕਿੰਨਾ ਕਿੰਨਾ ਚਿਰ ਮੈਂ ਗਲੀ ਵਿਚ ਖਲੋਤੀ ਤਾਂਘਦੀ ਰਹਿੰਦੀ।

“ਫਿਰ ਇਕ ਸ਼ਾਮ ਚੋਖਾ ਹਨੇਰਾ ਸੀ ਤੂੰ ਮੇਰੇ ਕੋਲੋਂ ਲੰਘਿਆ। ਮੇਰਾ ਦਿਲ ਖਿੜਿਆ। ਮੈਂ ਸ਼ਰਮ ਤੋੜ ਤੇਰੀ ਬਾਂਹ ਫੜ ਲਈ। ਤੇਰਾ ਭਰਮ ਤੋੜਾਂ। ਤੈਥੋਂ ਮਾਫੀ ਮੰਗਾਂ। ਆਪਣਾ ਦਿਲ ਹੌਲਾ ਕਰਾਂ। ਪਰ ਤੂੰ ਧੱਕਾ ਮਾਰ ਕੇ ਲੰਘ ਗਿਆ। ਫਿਰ ਮੇਰੇ ਨਾਲ ਕੀ ਬੀਤੀ ਮੈਂ ਤੈਨੂੰ ਕੀ ਦਸਾਂ?” ਕਹਿੰਦਿਆਂ ਉਹ ਫਿੱਸ ਪਈ, ਰੋ ਪਈ।

ਉਸ ਚੁੰਨੀ ਨਾਲ ਅੱਖਾਂ ਪੂੰਝੀਆਂ ਤੇ ਫਿਰ ਗੱਲ ਅੱਗੇ ਤੋਰੀ, “ਮੈਂ ਕੰਧ ਨਾਲ ਬੁਰੀ ਤਰ੍ਹਾਂ ਵੱਜੀ। ਰਗੜ ਖਾ ਕੇ ਮੇਰਾ ਮੋਢਾ ਝਰੀਟਿਆ ਗਿਆ। ਮੈਂ ਪੀੜ ਨਾਲ ਕੁਰਲਾਈ ਪਰ ਕਸੀਸ ਵੱਟ ਕੇ ਰਹਿ ਗਈ। ਜਦ ਮੈਂ ਅੰਦਰ ਗਈ ਤਾਂ ਕਲਮੂੰਹੀ ਨੇ ਮੈਨੂੰ ਪੁੱਛਿਆ, “ਮੋਢੇ ਤੋਂ ਕਮੀਜ਼ ਕਿਵੇਂ ਪਾਟੀ ਏ?Ḕ ਤਾਂ ਮੈਂ ਠੋਕਰ ਖਾ ਕੇ ਕੰਧ ਨਾਲ ਟਕਰਾਣ ਦਾ ਬਹਾਨਾ ਕੀਤਾ। ਪਰ ਚੰਦਰੀ ਨੇ ਸੌ ਸੌ ਕੋਸਨੇ ਦਿੱਤੇ। ਉਸਨੂੰ ਮੇਰਾ ਮੋਢਾ ਛਿੱਲੇ ਜਾਣ ਦਾ ਮੋਢ ‘ਚੋਂ ਰਿਸਦੇ ਲਹੂ ਦਾ ਕੋਈ ਦੁੱਖ ਨਹੀਂ ਸੀ। ਦੁੱਖ ਸੀ ਤਾਂ ਕਮੀਜ਼ ਪਾਟਣ ਦਾ।” ਫਾਤਮਾਂ ਕਹਿੰਦੀ ਕਹਿੰਦੀ ਚੋਖੀ ਭਾਵਕ ਹੋ ਗਈ।

ਉਸ ਇਕ ਝਟਕੇ ਨਾਲ ਮੋਢਾ ਨੰਗਾ ਕੀਤਾ। ਮੈਂ ਗਹੁ ਨਾਲ ਵੇਖਿਆ ਉਹਦੇ ਝਰੀਟੇ ਮੋਢੇ ਤੇ ਅਜੇ ਵੀ ਇਕ ਦੋ ਖਰੀਂਢ ਸਨ। ਉਹ ਅੰਦਰ ਅੰਦਰ ਦਰਦ ਦੇ ਉਬਾਲ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਦਿਲ ਅੱਗੋਂ ਤਰਸ ਤੇ ਪੀੜ ਨਾਲ ਭਰ ਆਇਆ ਸੀ। ਅਚੇਤ ਹੀ ਮੇਰਾ ਹੱਥ ਉਹਦੇ ਜਖਮੀ ਪਰ ਪਲੱਛ ਵਾਂਗ ਕੂਲੇ ਮੋਢੇ ਤੇ ਫਿਰ ਗਿਆ। ਮੈਂ ਮੂੰਹੋਂ ਕੁੱਝ ਨਾ ਬੋਲ ਸਕਿਆ। ਉਹ ਫਿੱਸ ਪਈ, ਮੇਰੀ ਬਾਂਹ ਦੇ ਸਹਾਰੇ ਉਲਰੀ ਅਤੇ ਛਾਤੀ ਨਾਲ ਸਿਰ ਲਾ ਕੇ ਫੁੱਟ ਫੁੱਟ ਰੋ ਪਈ। ਕਿੰਨਾਂ ਹੀ ਚਿਰ ਦੁਖੀ ਦਿਲ ਦੀ ਪੀੜ ਮੇਰੀ ਝੋਲੀ ਪੈਂਦੀ ਰਹੀ। ਮੇਰਾ ਪੂਰਾ ਵਜੂਦ ਕੰਬ ਰਿਹਾ ਸੀ- ਪੀੜ ਨਾਲ, ਦਰਦ ਨਾਲ, ਗੁੱਸੇ ਨਾਲ ਜਾਂ ਵੇਗ ਨਾਲ ਜਾਂ ਹੁਲਾਸ ਨਾਲ? ਮੇਰੀ ਸਮਝੋਂ ਬਾਹਰ ਸੀ।

ਉਹਦਾ ਦਿਲ ਹੌਲਾ ਹੋਇਆ। ਉਹ ਸੰਭਲੀ ਤੇ ਕਿਹਾ, “ਤੂੰ ਕੁੱਝ ਬੋਲਦਾ ਕਿਉਂ ਨਹੀਂ? ਕੀ ਤੂੰ ਮੇਰੀ ਭੁੱਲ ਮਾਫ ਨਹੀਂ ਕਰ ਸਕਦਾ?”

ਮੈਂ ਏਨਾ ਭਾਵਕ ਸਾਂ ਕਿ ਮੇਰੀ ਜੁਬਾਨ ਨਹੀਂ ਸੀ ਖੁਲ੍ਹ ਰਹੀ। ਮੇਰੀ ਆਤਮਾ ਮੈਨੂੰ ਅੰਦਰ ਹੀ ਅੰਦਰ ਫਟਕਾਰ ਰਹੀ ਸੀ ਕਿ ਮੈਂ ਇਹਨੂੰ ਦੁਸ਼ਮਣ ਸਮਝ ਕੇ ਏਸ ਨਾਲ ਧੱਕਾ ਕੀਤਾ। ਮਸਾਂ ਮੇਰੇ ਵਿਚ ਬੋਲਣ ਦੀ ਹਿੰਮਤ ਆਈ। ਮੈਂ ਉਹਨੂੰ ਬਾਹਵਾਂ ਵਿਚ ਕੱਸ ਲਿਆ, “ਫਾਤਮਾਂ, ਮੈਂ ਤੈਨੂੰ ਮਾਫੀ ਕੀ ਦੇਣੀ ਏ। ਮਾਫੀ ਤਾਂ ਤੂੰ ਸਗੋਂ ਮੈਨੂੰ ਦੇਹ। ਮੈਂ ਤੈਨੂੰ ਦੁਖੀ ਕੀਤਾ, ਤੇਰੇ ਤੇ ਸ਼ੱਕ ਕੀਤਾ ,ਤੈਨੂੰ ਆਪਣਾ ਦੁਸ਼ਮਣ ਸਮਝਿਆ। ਤੈਨੂੰ ਦੁਖ ਿਨੂੰ ਹੋਰ ਦੁਖੀ ਕੀਤਾ।”

ਉਹਦਾ ਦਿਲ ਹੌਲਾ ਹੋ ਗਿਆ। ਉਹ ਚੰਬੇ ਦੇ ਫੁੱਲ ਵਾਂਗ ਖਿੜ ਗਈ। ਸ਼ਾਮ ਦੇ ਡੂੰਘੇ ਹੋ ਰਹੇ ਹਨੇਰੇ ਵਿਚ ਵੀ ਤਰੇਲ ਗੁਲਾਬ ਵਾਂਗ ਮਹਿਕੀ ਤੇ ਖਿੜ ਖੜਾ ਕੇ ਹੱਸਦੀ ਨੇ ਸੰਧੂਰੀ ਗੱਲ੍ਹ ਪਲੋਸੀ। ਉਹਦੀ ਹੱਸਦੀ ਮਹਿਕ ਚੁਫੇਰੇ ਖਿੰਡ ਗਈ।ਹਨੇਰਾ ਕਾਫੀ ਗੂੜ੍ਹਾ ਹੋ ਗਿਆ ਸੀ। ਅਸੀਂ ਇਕ ਦੂਜੇ ਦਾ ਹੱਥ ਘੁੱਟੀਂ ਮੋਢੇ ਜੋੜੀਂ ਸੜਕ ਤੇ ਤੁਰ ਪਏ ਤੇ ਪਿੰਡ ਤੱਕ ਨਹੀਂ ਉਹਦੇ ਘਰ ਤੱਕ ਏਸੇ ਤਰ੍ਹਾਂ ਤੁਰੇ ਗਏ-ਇਕ ਦੂਜੇ ਦਾ ਹੱਥ ਫੜੀਂ।

ਅਤੇ ਜਦੋਂ ਉਹ ਆਪਣੇ ਘਰ ਦੇ ਵਿਹੜੇ ਵਿਚ ਪੈਰ ਧਰਨ ਲਗੀ ਤਾਂ ਆਖਿਆ, “ਫਿਰ ਮਿਲਾਂਗੀ।” ਅਤੇ ਪੋਲੇ ਜਿਹੇ ਹੱਥ ਨਾਲ ਗੋਰੀ ਗੱਲ੍ਹ ਪਲੋਸੀ ਤੇ ਮਹਿਕਦੀ ਹੋਈ ਅੰਦਰ ਚਲੀ ਗਈ। ਵਾਹਦਾ ਸੀ ਬਾਰ ਬਾਰ ਮਿਲਣ ਦਾ ਅਤੇ ਮਿਲਦੇ ਹੀ ਰਹਿਣ ਦਾ।

  • ਮੁੱਖ ਪੰਨਾ : ਕਹਾਣੀਆਂ, ਹਰਨਾਮ ਸਿੰਘ ਨਰੂਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ