Edan Vi Laaia Ja Sakda Hai Sahitak Yag (Punjabi Article): Amrit Kaur
ਏਦਾਂ ਵੀ ਲਾਇਆ ਜਾ ਸਕਦਾ ਹੈ ਸਾਹਿਤਕ ਯੱਗ (ਲੇਖ) : ਅੰਮ੍ਰਿਤ ਕੌਰ
“ਤੁਸੀਂ ਵੀਰ ਜੀ ਐਨੀਆਂ ਕਿਤਾਬਾਂ ਪੜ੍ਹੀਆਂ … … ਐਨਾ ਗਿਆਨ ਭੰਡਾਰ ਥੋਡੇ ਅੰਦਰ ਐ … … ਤੁਸੀਂ ਲਿਖਦੇ ਕਿਉਂ ਨੀ?” ਮੈਂ ਆਖਿਆ।
“ਮੈਂ ਸੋਚਦਾ ਆਂ ਕਿ ਲੋਕਾਂ ਨੇ ਬਹੁਤ ਵਧੀਆ, ਬਾ-ਕਮਾਲ ਲਿਖਿਆ ਐ। ਜੇ ਉਹਨਾਂ ਦੀਆਂ ਲਿਖਤਾਂ ਨੂੰ ਸਾਂਭ ਕੇ ਇੱਕ ਥਾਂ ਕਰ ਦੇਈਏ, ਪਾਠਕ ਸੌਖੇ ਤਰੀਕੇ ਨਾਲ ਪੜ੍ਹ ਲੈਣ … ਇਹ ਵੀ ਵਧੀਆ ਕੰਮ ਐ।” ਵੀਰ ਜੀ ਨੇ ਆਖਿਆ।
ਇੱਕ ਵਾਰ ਕਿਸੇ ਚੈਨਲ ਵਾਲਿਆਂ ਉਹਨਾਂ ਦੀ ਇੰਟਰਵਿਊ ਲੈਣੀ ਸੀ, ਵੀਰ ਜੀ ਆਖਣ ਲੱਗੇ, “ਮੈਨੂੰ ਸਮਝ ਨੀ ਲਗਦੀ ਮੈਂ ਇੰਟਰਵਿਊ ਕਿਵੇਂ ਦਿਆਂਗਾ, ਆਪਾਂ ਤਾਂ ਆਮ ਜਿਹੀਆਂ ਗੱਲਾਂ ਕਰ ਸਕਦੇ ਆਂ। ਜੇ ਕਿਸੇ ਨਾਲ ਵਿਚਾਰਕ ਮੱਤਭੇਦ ਹੋਣ ਤਾਂ ਗੁੱਸਾ ਵੀ ਆ ਜਾਂਦਾ ਐ। ਹੱਸਣ ਵਾਲੀਆਂ ਗੱਲਾਂ ’ਤੇ ਹੱਸਦੇ ਵੀ ਖੁੱਲ੍ਹ ਕੇ ਆਂ। ਉੱਥੇ ਫਿਰ ਬੁਰਾ ਨਾ ਲੱਗੂ?”
ਵੀਰ ਜੀ ਸਾਡੀ ਰਾਏ ਜਾਣਨਾ ਚਾਹੁੰਦੇ ਸਨ। ਅਸੀਂ ਚੁੱਪ ਸਾਂ। ਪਰ ਹਾਸਾ ਆ ਰਿਹਾ ਸੀ, ਜਿਵੇਂ ਛੇਵੀਂ ਸੱਤਵੀਂ ਵਾਲੇ ਨਿਆਣੇ ਪ੍ਰੈਕਟੀਕਲ ਦੇਣ ਵੇਲੇ ਕਰਦੇ ਹੁੰਦੇ ਨੇ।
“ਮੈਨੂੰ ਤਾਂ ਇਹ ਨੀ ਪਤਾ ਲਗਦਾ ਉਹ ਮੈਨੂੰ ਕੀ ਪੁੱਛ ਲੈਣ?” ਉਹ ਜਮ੍ਹਾਂ ਬੱਚਿਆਂ ਵਾਂਗ ਗੱਲਾਂ ਕਰ ਰਹੇ ਸੀ।
“ਹਾਏ ਰੱਬਾ, ਕਮਾਲ ਦੀ ਗੱਲ ਐ, ਤੁਸੀਂ ਐਨਾ ਵੱਡਾ ਕੰਮ ਕਰ ਰਹੇ ਓ, ਕਿੰਨੀਆਂ ਸਾਰੀਆਂ ਕਿਤਾਬਾਂ ਹੱਥ ਨਾਲ ਟਾਈਪ ਕਰ ਕੇ ਆਪਣੀ ਸਾਈਟ ’ਤੇ ਸਾਂਭੀਆਂ ਨੇ, ਜਿੰਨੀ ਜਾਣਕਾਰੀ ਥੋਨੂੰ ਹੈ, ਉਹ ਕੱਲ੍ਹ ਦੇ ਜੰਮੇ ਪੱਤਰਕਾਰਾਂ ਨੂੰ ਕਿੱਥੇ ਹੋਊ? ਉਹ ਤਾਂ ਆਪ ਥੋਡੇ ਕੋਲੋਂ ਸਿੱਖ ਕੇ ਜਾਣਗੇ।” ਮੈਂ ਆਖਿਆ।
ਪਿਛਲੇ ਗਿਆਰਾਂ ਬਾਰਾਂ ਸਾਲਾਂ ਤੋਂ ਵੀਰ ਜੀ ਆਪਣੀ ਸਾਈਟ ਪੰਜਾਬੀ-ਕਵਿਤਾ ਡੌਟ ਕੌਮ (Punjabi-kavita.com) ’ਤੇ ਪੰਜਾਬੀ ਸਾਹਿਤ ਸਾਂਭ ਕੇ ਰੱਖ ਰਹੇ ਹਨ, ਇੱਕ ਸਿਆਣੇ ਸੁਲਝੇ ਦੂਰਅੰਦੇਸ਼ੀ ਵਿਦਵਾਨ ਵਾਂਗ। ਇੱਕ ਵਾਰ ਉਹਨਾਂ ਆਖਿਆ, “ਮੈਂ ਗੂਗਲ ’ਤੇ ਸਰਚ ਮਾਰੀ, ਧਨੀ ਰਾਮ ਚਾਤ੍ਰਿਕ ਸਾਬ੍ਹ ਦੀ ਸਿਰਫ਼ ਇੱਕ ਕਵਿਤਾ ਲੱਭੀ ਮੈਨੂੰ।”
ਇਹ ਗੱਲ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਕਿ ਐਨੀਆਂ ਸਾਹਿਤ ਸਭਾਵਾਂ ਬਣੀਆਂ ਹੋਈਆਂ ਨੇ, ਮਾਂ ਬੋਲੀ ’ਤੇ ਸਮਾਗਮ ਹੁੰਦੇ ਨੇ, ਮਾਂ ਬੋਲੀ ਨੂੰ ਕਿਵੇਂ ਬਚਾਇਆ ਜਾਵੇ, ਇਸ ਗੱਲ ’ਤੇ ਵਿਚਾਰਾਂ ਹੁੰਦੀਆਂ ਨੇ ਪਰ ਐਡੇ ਕਮਾਲ ਦੇ ਕਵੀ ਦੀ ਸਿਰਫ਼ ਇੱਕ ਕਵਿਤਾ ਲੱਭੀ। ਫਿਰ ਸਾਰੇ ਮਾਂ ਬੋਲੀ ਨੂੰ ਬਚਾਉਣ ਲਈ ਕਰ ਕੀ ਰਹੇ ਹਨ? ਵਿਚਾਰ ਚਰਚਾਵਾਂ ਕਰਨਾ ਚੰਗੀ ਗੱਲ ਹੈ, ਸਾਹਿਤ ਦੀ ਰਚਨਾ ਵੀ ਜ਼ਰੂਰੀ ਹੈ ਪਰ ਓਨਾ ਹੀ ਜ਼ਰੂਰੀ ਹੈ ਵਿਰਾਸਤ ਨੂੰ ਸਾਂਭਣਾ। ਚਾਤ੍ਰਿਕ ਸਾਬ੍ਹ ਹੁਰੀਂ ਸਾਡੇ ਵੱਡੇ ਵਡੇਰੇ ਹਨ, ਜਿਹੜੇ ਸਾਨੂੰ ਕਮਾਲ ਦਾ ਸਾਹਿਤ ਵਿਰਸੇ ਵਿੱਚ ਦੇ ਗਏ। ਉਸ ਵਿਰਸੇ ਨੂੰ ਸੰਭਾਲਣਾ ਸਾਡਾ ਨੈਤਿਕ ਫਰਜ਼ ਹੈ। - ਮੈਂ ਸੋਚ ਰਹੀ ਸੀ।
ਇਸ ਤੋਂ ਬਾਅਦ ਵੀਰ ਜੀ ਵੀਹ ਵੀਹ ਸਾਲ ਪੁਰਾਣੀਆਂ ਸਿਲੇਬਸ ਵਿੱਚ ਲੱਗੀਆਂ ਕਿਤਾਬਾਂ ਫਰੋਲ ਕੇ, ਐਧਰੋਂ ਓਧਰੋਂ ਹੱਥ ਪੈਰ ਮਾਰ ਕੇ ਜਿਉਂ ਲੱਗੇ ਉਹਨਾਂ ਦੀਆਂ ਰਚਨਾਵਾਂ ਟਾਈਪ ਕਰ ਕਰ ਕੇ ਰੱਖਣ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫ਼ੀਖ਼ਾਨਾ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਮਿਲੀ ਜੁਲੀ ਕਵਿਤਾ ਸਿਰਲੇਖ ਹੇਠ ਉਨ੍ਹਾਂ ਆਪਣੀ ਸਾਈਟ ’ਤੇ ਆਪਣੇ ਵਿਰਸੇ ਨੂੰ ਸੰਭਾਲ ਲਿਆ। ਜੇ ਹੁਣ ਦੇਖਿਆ ਜਾਵੇ ਤਾਂ ੳ ਤੋਂ ਵ ਤਕ ਤਰਤੀਬ ਦੇ ਕੇ ਸੈਂਕੜੇ ਸਾਹਿਤਕਾਰਾਂ ਦੀ ਰਚਨਾਵਾਂ ਨੂੰ ਉਨ੍ਹਾਂ ਬੜੇ ਸੁਲਝੇ ਅਤੇ ਸੁਚੱਜੇ ਤਰੀਕੇ ਨਾਲ ਰੱਖਿਆ ਹੋਇਆ ਹੈ।
ਵੀਰ ਜੀ ਜਦੋਂ ਵੀ ਰਚਨਾਵਾਂ ਸਾਈਟ ’ਤੇ ਰੱਖਦੇ ਹਨ ਫਿਰ ਉਹਨਾਂ ਨੂੰ ਦਿਨ ਰਾਤ ਦਾ ਕੋਈ ਫ਼ਰਕ ਨਹੀਂ ਪੈਂਦਾ। ਕਈ ਵਾਰ ਰਾਤ ਨੂੰ ਇੱਕ ਵਜੇ ਵੀ ਉਹਨਾਂ ਦੇ ਕਮਰੇ ਦੀ ਜਗਦੀ ਲਾਈਟ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੇ ਕੰਮ ਨੂੰ ਕਿੰਨੀ ਸ਼ਿੱਦਤ ਨਾਲ ਸਿਰੇ ਚੜ੍ਹਾਉਂਦੇ ਹਨ। ਉਹਨਾਂ ਨੂੰ ਪਤਾ ਹੈ ਕਿ ਹਰ ਦਿਨ ਦੀ ਸਾਰਥਕ ਵਰਤੋਂ ਕਿਵੇਂ ਕਰਨੀ ਹੈ। ਜੇ ਕਿਤੇ ਸਰਦਾ ਹੋਵੇ ਤਾਂ ਰਿਸ਼ਤੇਦਾਰੀ ਵਿੱਚ ਜਾਣ ਲੱਗਿਆਂ ਪਰਿਵਾਰ ਨੂੰ ਆਖ ਦੇਣਗੇ, “ਤੁਸੀਂ ਜਾ ਆਓ, ਮੈਂ ਪਿੱਛੋਂ ਆਪਣਾ ਕੰਮ ਕਰ ਲਵਾਂਗਾ।”
ਹੁਣ ਕੋਈ ਵੀ ਗੂਗਲ ’ਤੇ ਵੇਖੇ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਭਟਕਣਾ ਖ਼ਤਮ ਹੋ ਗਈ। ਇਸ ਸਾਈਟ ਤੋਂ ਹੀ ਬੜਾ ਕੁਝ ਮਿਲ ਜਾਂਦਾ ਹੈ। ਕਹਾਣੀਕਾਰ ਜਸਵੀਰ ਸਿੰਘ ਰਾਣਾ ਨੇ ਇੱਕ ਵਾਰ ਆਖਿਆ ਸੀ, “ਕਰਮਜੀਤ ਸਿੰਘ ਗਠਵਾਲਾ ਨੇ ਸਾਹਿਤ ਦਾ ਯੱਗ ਲਾਇਆ ਹੋਇਆ ਹੈ … …।” ਉਸ ਸਮੇਂ ਤਾਂ ਮੈਂ ਬਹੁਤੀ ਗੰਭੀਰਤਾ ਨਾਲ ਨਹੀਂ ਲਈ ਉਹਨਾਂ ਦੀ ਕਹੀ ਗੱਲ। ਸੋਚਿਆ ਕਿ ਹਰੇਕ ਲੇਖਕ ਦਾ ਆਪਣਾ ਅੰਦਾਜ਼ ਹੁੰਦਾ ਹੈ ਤਾਰੀਫ਼ ਕਰਨ ਦਾ ਪਰ ਅੱਜ ਜਦੋਂ ਮੈਂ ਲਿਖਣ ਬੈਠੀ ਤਾਂ ਮਹਿਸੂਸ ਹੋਇਆ ਕਿ ਕਿੰਨਾ ਸੱਚ ਸੀ ਉਹਨਾਂ ਦੇ ਕਹਿਣ ਵਿੱਚ, ਸੱਚੀਂ ਯੱਗ ਹੀ ਤਾਂ ਹੈ ਇਹ। ਇੱਥੇ ਬੰਦੇ ਦੀ ਰੂਹਾਨੀ ਭੁੱਖ ਸ਼ਾਂਤ ਹੁੰਦੀ ਹੈ, ਸਾਹਿਤ ਬਾਰੇ ਜਾਣਨ ਦੀ ਇੱਛਾ ਤ੍ਰਿਪਤ ਹੁੰਦੀ ਹੈ। ਇਸ ਯੱਗ ਵਿੱਚ ਹਰ ਸਾਹਿਤਕਾਰ ਨੂੰ ਆਪਣਾ ਯੋਗਦਾਨ ਪਾਉਣ ਦੀ ਪੂਰੀ ਖੁੱਲ੍ਹ ਹੈ। ਯੋਗਦਾਨ ਤੋਂ ਮਤਲਬ ਕੋਈ ਵੀ ਚੰਗੇ ਸਾਹਿਤ ਨੂੰ ਪਿਆਰ ਕਰਨ ਵਾਲਾ ਉਹਨਾਂ ਕਵੀਆਂ, ਲੇਖਕਾਂ ਦੀਆਂ ਰਚਨਾਵਾਂ ਭੇਜ ਸਕਦਾ ਹੈ, ਜਿਹਨਾਂ ਨੇ ਕਮਾਲ ਦਾ ਸਾਹਿਤ ਲਿਖਿਆ ਹੈ, ਭਾਵੇਂ ਉਹ ਛਪੇ ਹਨ ਜਾਂ ਕਿਤੇ ਛਪੇ ਨਹੀਂ। ਪਰ ਅਫਸੋਸ ਇਸ ਤਰ੍ਹਾਂ ਦੀ ਨਿਸੁਆਰਥ ਸੇਵਾ ਕਰਨ ਵਾਲੇ ਇੱਕਾ ਦੁੱਕਾ ਹੀ ਹੋਣਗੇ। ਇਹ ਨਹੀਂ ਕਿ ਕੋਸ਼ਿਸ਼ ਨਹੀਂ ਹੋ ਰਹੀ, ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਸੌਖੇ ਤਰੀਕੇ ਨਾਲ ਪਾਠਕਾਂ ਤਕ ਸਾਹਿਤ ਨਹੀਂ ਪਹੁੰਚ ਰਿਹਾ।
ਥੋੜ੍ਹੇ ਸਾਲ ਪਹਿਲਾਂ ਮੇਰੇ ਵਰਗਿਆਂ ਨੇ ਵੀ ਜਦੋਂ ਗੂਗਲ ਤੇ ਕੁਝ ਵੀ ਖੋਜਣਾ ਹੁੰਦਾ ਤਾਂ ਪਤਾ ਨਹੀਂ ਕਿੰਨੀ ਵਾਰ ਕਲਿੱਕ ਕਰਦੇ ਪਰ ਵਿਸ਼ੇ ਸੰਬੰਧੀ ਪੰਜ ਚਾਰ ਸਤਰਾਂ ਹੀ ਲੱਭਦੀਆਂ ਜਾਂ ਫਿਰ ਅਗਲੇ ਤੁਹਾਡੀ ਪਛਾਣ ਮੰਗ ਲੈਂਦੇ। ਕੋਈ ਬਹੁਤੀ ਜਾਣਕਾਰੀ ਵੀ ਨਹੀਂ ਸੀ ਹੁੰਦੀ ਤੇ ਨਿਰਾਸ਼ ਜਿਹੇ ਹੋ ਕੇ ਉੱਥੋਂ ਹੀ ਵਾਪਸ ਮੁੜ ਆਉਣਾ। ਇਹੀ ਸੋਚਣਾ ਕਿ ਆਪਣੀ ਪਛਾਣ ਦੇ ਕੇ ਹੋਰ ਈ ਨਾ ਮੁਸੀਬਤ ਸਹੇੜ ਲਈਏ।
ਵੀਰ ਜੀ ਹੁਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪਾਠਕਾਂ ਤਕ ਸੌਖੇ ਤਰੀਕੇ ਨਾਲ ਸਾਹਿਤ ਕਿਵੇਂ ਪਹੁੰਚੇ। ਜਦੋਂ ਵੀ ਉਹਨਾਂ ਨੂੰ ਕੋਈ ਨਵੀਂ ਤਕਨੀਕ ਬਾਰੇ ਕਿਤੋਂ ਪਤਾ ਲਗਦਾ ਹੈ ਤਾਂ ਉਹ ਪਾਠਕਾਂ ਦੀ ਪਹੁੰਚ ਨੂੰ ਹੋਰ ਸੁਖਾਲਾ ਬਣਾ ਦਿੰਦੇ ਹਨ। ਕਿੰਨੇ ਖੋਜ ਕਰਨ ਵਾਲੇ ਵਿਦਿਆਰਥੀ, ਕਿੰਨੇ ਹੀ ਲੇਖਕ ਆਪਣੀ ਲੇਖਣੀ ਨੂੰ, ਭਾਸ਼ਣਕਾਰ ਆਪਣੇ ਭਾਸ਼ਣ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਉਹਨਾਂ ਦੀ ਸਾਈਟ ਤੋਂ ਮਦਦ ਲੈਂਦੇ ਹਨ। ਕਈ ਵਾਰ ਮਦਦ ਲੈਣ ਵਾਲੇ ਸਾਈਟ ਦਾ ਜ਼ਿਕਰ ਵੀ ਕਰ ਦਿੰਦੇ ਹਨ। ਕਈ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਦੇ। ਖ਼ੈਰ ਹਰੇਕ ਦਾ ਆਪਣਾ ਆਪਣਾ ਸੁਭਾਅ ਹੁੰਦਾ। ਜਿੰਨਾ ਵੀਰ ਜੀ ਨੇ ਕੰਮ ਕੀਤਾ ਹੈ, ਉਸ ਨੂੰ ਥੋੜ੍ਹੇ ਕੁ ਸ਼ਬਦਾਂ ਵਿੱਚ ਸਮੇਟਣਾ ਬਹੁਤ ਔਖਾ ਹੈ। ਇਸ ਲਈ ਅਜੇ ਬੱਸ ਇੰਨਾ ਹੀ।