ਏਨੀ ਕੁ ਮੇਰੀ ਬਾਤ (ਕਹਾਣੀ) : ਬਲੀਜੀਤ
''ਸੱਤ ਮੁੰਡੇ । ਦੋ ਕੁੜੀਆਂ । ਦੋ ਹੋਣ । ਚਾਰ ਹੋਣ । ਮੇਰੀ ਸੱਸ ਦੀ ਪੂਰੀ ਟਿੱਡ ਤੀ ਨਿਆਣਿਆਂ ਦੀ । ਨੌਂ ਨਿਆਣੇ । ਹੇ ਰਾਮ । ਰਾਮ ਰਾਮ । ਮੇਰੇ ਮੁਕਲਾਬੇ ਆਈ ਤੋਂ ਵੀ ਦੋ ਬਾਰ ਜਹਿਮਤ ਪਈ । ਆਹ ਫੌਜੀ ਅਰ ਗੁਰਦਿੱਤੀ ਮੇਰੇ ਆਏ ਤੋਂ ਜੰਮੇ । ਬਥੇਰਾ ਗੰਦ ਮੰਦ ਕੀਤਾ ਆਪਣੇ ਹੱਥੀਂ ਬੁੜ੍ਹੀ ਦਾ । ਚੱਜ ਨਾ 'ਸਹੂਰ' ਕਿਸੇ ਨੂੰ । ਵਿੱਚੇ ਮੇਰੀਆਂ ਜਠਾਣੀਆਂ ... ਆਹ ਤੇਰੀਆਂ ਤਾਈਆਂ ਪੈਰਾਂ 'ਪਰ ਬੈਠੀਆਂ ਰਹਿੰਦੀਆਂ । ਸਾਰਾ ਦਿਨ ਚੌਣੇ ਦੀ ਕੜਬਿਆਂ ... ਕੜਬਿਆਂ ਹੁੰਦੀ ਰਹਿੰਦੀ । ''
''ਫੇਰ ਗੁਜਾਰਾ ਕਿਵੇਂ ਕਰਦੇ ਸੀ, ਮਾਤਾ? ''
''ਗੁਜਾਰਾ ਕਰਦੇ ਸੁਆਹ । ਭੁੱਖੇ ਮਰਦੇ । ਲਹੂਰ ਹੁੰਦੇ ਚੌਬੀ ਘੈਂਟੇ । ਲੜਾਈ ਝਗੜਾ । ਹੋਰ ਕਿਆ ਹੁੰਦਾ ਅਹੇ ਜੇ ਘਰਾਂ 'ਚ । ਐਸੀ ਔਤਣੀ ਬੁੜ੍ਹੀ ... ਮਰ ਗੀ ਚਲ ... ਰੱਬ ਕਰੇ ਹੋਰ 'ਗਾਹਾਂ ਜਾਵੇ ... ਜੇ ਕੁੱਟਣਾ, ਤਾਂ ਭੂਖ਼ਨੇ ਨਾਲ । ਸਾਰਾ ਦਿਨ ਬੁੜ੍ਹੀ ਦਾ ਭੂਖ਼ਨਾ ਖੂਹ ਤੱਕ ਖੜਕਦਾ ਰਹਿੰਦਾ । ਸਭ ਬੇਡਮਾਕ । ਹਰਾਮਦੇ ... ਨਿਰੇ ਹਰਾਮਦੇ ... ਪਿੰਡ-ਏ ਹਰਾਮਦਾ ਤਾ ਸਾਰਾ । ਕਿਆ ਜਾਤ ... ਬਰਾਦਰੀ ... ਗੋਤ ... ਸਭ ਕੁੜੀ ਦੇ ਝਾਵੇ ਤੇ । ''
''ਨਿਰਮਲਾ ਰਾਣੀ ਵੀ? ''
''ਕੌਣ? ''
''ਨਿਰਮਲਾ । ਨਿੱਕੀ । ''
''ਬੜੀ ਬੂਆ ਤੇਰੀ? ''
''ਹਾਂ । ਸੀਹੋਂ ਮਾਜਰੇ ਆਲੀ । ਸਕੀ ਬੂਆ । ਹੁਣ ਤਾਂ ਉਹ ਸਾਨੂੰ ਮਿਲਦੀ ਗਿਲਦੀ ਵੀ ਨਹੀਂ । ''
''ਆਹੋ । ਨਿੱਕੀ । ਨਿੱਕੀ ਨੇ ਵੀ ਬਥੇਰੇ ਰੰਗ ਦਿਖਾਏ । ਕਿਆ ਗੱਲਾਂ ਕਰਨੀਆਂ । ਕਿਆ ਬਾਤਾਂ ਸੁਣਾਉਣੀਆਂ । ਉਸ ਨੇ ਵੀ ਇੱਕ ਵਾਰ ਤਾਂ ਘਰ ਤੋਂ ਕੱਢਣੇ ਆਲੇ ਕਰ ਤੇ ਤੀ । ''
''ਬਾਈ ਤੋਂ ਬੜੀ ਐ? ''
''ਕਾਹਨੂੰ! ਦੇਖ ਲੈ ਤੇਰੇ ਬਾਪ ਤੋਂ ਤੀਏ ਥਾਉਂ ਐ । ਜਦ ਮੈਂ ਉਰੇ ਮੁਕਲਾਬੇ ਆਈ ਤਾਂ ਪਾਟੀ ਜੀ ਝੱਗੀ ਤੇ ਘਸੀ ਜੀ ਪਜਾਮੀ ਪਾਈ ਸਾਰਾ ਦਿਨ ਦੌੜੀ ਫਿਰੀ ਜਾਣਾ । ਨਾ ਆਪ ਨ੍ਹਾਉਣਾ, ਨਾ ਕਿਸੇ ਨੇ ਨਲ੍ਹਾਉਣਾ । ਸੱਸ ਬੋਬੜੋ ਜਣ ਜਣ ਸਿਟੀ ਜਾਂਦੀ । ਬਈ ਜੇ ਸਾਂਭ ਨੀਂ ਹੁੰਦੇ ਤਾਂ ਜਣਦੀ ਕਾਹਨੂੰ ਐਂ । ਬੁੜ੍ਹਾ ਸਾਰਾ ਦਿਨ ਹੁੱਕਾ ਪੀ ਪੀ ਖੰਘੀ ਜਾਂਦਾ । ਦੋਹਾਂ ਨੂੰ ਦੋ ਧੇਲੇ ਦੀ ਅਕਲ ਨੀਂ ਤੀ । ਕੋਈ ਹੋਵੇ, ਬੜੇ ਤੋਂਊਲੈ ਕੇ ਛੋਟੇ ਤੱਕ, ਕੋਈ ਦੂਏ ਨੂੰ ਜੁੱਤੀ ਵੱਟੇ ਨੀਂ ਪੁੱਛਦਾ ਤਾ । ਨਿੱਕੀ ਨੂੰ ਕਿਆ ਕਹਿਣਾ । ਸਭ ਦਾ ਆਹੀ ਹਾਲ ਤਾ । ਐਹੇ ਜੇ ਘਰਾਂ 'ਚ ਆਹੀ ਸੁਆਹ ਉੜਦੀ ਹੁੰਦੀ ਐ । ਸਾਰੇ ਪਿੰਡ ਨੂੰ ਏ ਅੱਗ ਲੱਗੀ ਹੋਈ ਤੀ । ਪਰ ਜੀਹਦੇ ਲਗਦੀ, ਉਹ ਨੂੰ ਏ ਪਤਾ ਹੁੰਦਾ । ਜਦ ਤਾਂ ਨਿੱਕੀ ਨੇ ਅਸੀਂ ਜੰਮਣ ਨਾਲੋਂ ਛੋਟੇ ਕਰ 'ਤੇ ਤੀ । ਤਵਾ ਪਰਾਤ ਮੂੰਧੀ ... ''
''ਕਿਵੇਂ? ''
''ਕਿਆ ਗੱਲਾਂ ਕਰਨੀਆਂ, ਪੁੱਤ । ''
''ਹੂੰ - ਅ - ਅ ! ''
''ਕਿਆ ਦੱਸੀਏ, ਬੱਚਿਆ । ਕਹੇ ਜੇ ਦਿਨ ਦੇਖੇ ਇਸ ਘਰ 'ਚ । ''
''...?? ''
''ਦੇਖੀਂ ਬਾਹਰ ਕੋਈ ਹੈਗਾ ? ''
''ਨਹੀਂ, ਬਾਹਰ ਕੋਈ ਨੀਂ ਹੈਗਾ । ''
''ੲ੍ਹੀਦੇ, ਕੁਆਰੀ ਦੇ ਪੇਟ ਬੱਚਾ ਪੈ ਗਿਆ ਤਾ । ''
''....!!! ??? ''
''ਊਂਟਾਂ ਜਿੱਡੇ ਸੱਤ ਭਾਈ । ਭੈਣ ਨੇ ਕਿਆ ਚੰਦ ਚੜ੍ਹਾਇਆ । ਗਰੀਬੀ ਦਾਵੇ 'ਚ ਵੀ ਕੁੜੀ ਜੁਆਨ ਹੋਈ ਕੋਈ । ਕਹਿੰਦੇ : ਗਧੀ 'ਪਰ ਵੀ ਚਾਰ ਦਿਨ ਹੁਸਨ ਆ ਜਾਂਦਾ । ਲੋਹੜੇ ਦੀ ਜੁਆਨੀ । ਕੱਪੜੇ ਪਾੜ ਕੇ ਬਾਹਰ ਆਉਣ ਨੂੰ ਕਰੇ । ਹੱਥਾਂ 'ਚੋਂ ਨਿਕਲ ਨਿਕਲ ਜਾਵੇ । ਬਈ ਤੇਰਾ ਦੇਣਾ ਕਿਆ । ਉਮਰ-ਏ ਹੁੰਦੀ ਐ ਬੱਚਿਆ । ਟਿੱਕਦੀ ਓ ਨੀਂ ਤੀ । ਸ਼ਹੀਦਾਂ ਦੇ ਗੁਰਦੁਆਰੇ ਨੂੰ ਗਈਆਂ... ਤੇਰੀ ਚਾਚੀ ਅਰ ਨਿੱਕੀ । ਸੰਗਰਾਂਦ ਤੀ । ... ਸੁਕਰ ਐ... ਮਹਾਰਾਜ ਦਾ... ਮੈਂ ਕਦੇ ਨਾ ਤੁਰੀ ਨਿੱਕੀ ਨਾਲ । ਜੇ ਮੈਂ ਨਾਲ ਹੁੰਦੀ ਤਾਂ ਮੇਰਾ ਤਾਂ ਬੁੜ੍ਹੀ ਨੇ ਜਿਊਣਾ ਦਲੁੱਭਰ ਕਰ ਦੇਣਾ ਤਾ । ਨਣਦ-ਭਰਜਾਈ ਇੱਕੋ ਬਰੇਸ ਦੀਆਂ । ਪਹਿਲਾਂ ਵੀ ਜਾਂਦੀਆਂ ਤੀਆਂ ਬਾਹਰ 'ਕੱਠੀਆਂ । ਸਾਨੂੰ ਹੁਣ ਕਿਆ ਪਤਾ । ਬਾਹਰ ਕੋਈ ਕਿਆ ਕਰਦਾ । ਕਿਆ ਨਹੀਂ । ''
''ਕਿਆ ਹੋਇਆ ਗੁਰਦੁਆਰੇ 'ਚ? ''
''ਗੁਰਦੁਆਰੇ ਕਿਹੜਾ ਦਾਦਣਾ ਗਿਆ । ਉਹ ਤਾਂ ਰਾਹ ਵਿੱਚੇ ਰਹਿ ਗੀਆਂ । ਘਰ ਨੂੰ ਮੁੜੀ ਆਵੇ ਚਾਚੀ ਤੇਰੀ 'ਕੱਲੀਓ ... ਰੋਂਦੀ । ਧਾਹਾਂ ਮਾਰੇ । ਇਹ ਵੀ ਨਿਆਣੀਓਂ ਤੀ । ਸਤਾਰਾਂ 'ਠਾਰਾਂ ਸਾਲ ਦੀ ਹੋਣੀ ਐ । ਅਜੇ ਤਾਂ ਕੋਈ ਬਾਲ ਨਾ ਬੱਚਾ । ਊਂਈਓਂ ਚਾਓ ਤਾ ਬਾਹਰ 'ਕੱਠੀਆਂ ਜਾਣ ਦਾ । ਪੁੱਛਿਆ: ਕੁੜੇ ਕਿਆ ਹੋ ਗਿਆ? ਕਹਿੰਦੀ : ਨਿੱਕੀ...ਅ...ਅ । ਬਸ ਫੇਰ ਤਾਂ ਪੈ ਗਿਆ ਪਿੱਟ-ਕਸਾਲਾ ਘਰ 'ਚ । ''
''ਫੇ - ਅ - ਰ ? ''
''ਚਾਚੀ ਤੇਰੀ ਰੋਈ ਜਾਵੇ । ਹੌਂਕੇ ਲਈ ਜਾਵੇ । ਪਰ ਦੱਸੇ ਕੁਸ ਨਾ । ਭਲਾਂ ਚੁੱਪ ਰਹਿ ਕੇ ਸਰਦਾ ਅਹੇ ਜੇ ਕਸਾਈ ਟੱਬਰ 'ਚ । ਜਦ ਲੱਗੇ ਚਾਰ ਲੱਫੜ, ਫੇਰ ਲੱਗੀ ਬੋਲਣ । ਕਹਿੰਦੀ: ਮੈਂ ਬਥੇਰਾ ਰੋਕਿਆ । ਮਿਨਤਾਂ ਕੀਤੀਆਂ । ਡਰਾਵੇ ਦਿੱਤੇ । 'ਉਹ' ਪਿੱਛੇ ਪਿੱਛੇ ਆਉਂਦਾ ਤਾ । ਮੁੜ ਕੇ ਦੇਖਿਆ ਬਈ ਕਿਤੇ ਲੰਘ ਗਿਆ ਹੋਣਾ । ਪਰ ਕਿੱਥੇ? ਜੈ ਖਾਣੇ ਦੇ ਨੇ ਪੈੜ ਦੱਬੀ ਹੋਈ ਤੀ । ਫੇਰ ਨਿੱਕੀ ਕਹਿੰਦੀ: ਕਹਿੰਦੀ ਭਰਜਾਈਏ, ਮੈਨੂੰ 'ਬਾਹਰ ' ਆਇਆ: ਮੈਂ ਹੁਣੇ ਆਈ । ਝੂਠ ਬੋਲਦੀ ਤੀ । ਕਹਿੰਦੀ: ਹੁਣੇ ਆਈ ਬੱਸ । ਹਟੀ ਨੀਂ । ਬਥੇਰਾ ਰੋਕਿਆ । ਹੱਥ ਛਡਾ ਕੇ ਖਿਸਕ ਗੀ । ਪਹੀ ਦੇ ਦੋਮੇ ਪਾਸੇ ਇੱਖਾਂ ਦੇ ਖੇਤ । ਐਡਾ ਐਡਾ ਗੰਨਾ । ਵਿੱਚ ਖੜ੍ਹਾ ਬੰਦਾ ਨਾ ਦਿੱਖੇ । ਵੜ ਗੀ ਵਿਚ । ਮਿੰਟ । ਦੋ ਮਿੰਟ । ਅੱਧਾ ਘੰਟਾ । 'ਉਹ' ਮੁੰਡਾ ਵੀ ਨਾ ਦਿੱਖੇ ਕਿਤੇ...''
''ਫੇ - ਅ - ਰ...? ''
''ਫੇਰ ਕਿਆ? ਇਹ ਪਹੀ 'ਤੇ ਖੜ੍ਹੀ ਹਾਕਾਂ ਮਾਰ ਮਾਰ ਹੰਭ ਗੀ । 'ਡੀਕ 'ਡੀਕ ਮੂੰਹ ਸੁੱਕ ਗਿਆ । ਉੱਥੇ ਕੋਈ ਹੋਵੇ ਤਾਂ ਹਾਕ ਸੁਣੇ । ਰੋਂਦੀ-ਕਰਲਾਉਂਦੀ ਆ ਗੀ ਘਰਾਂ ਨੂੰ ... ਘੰਟੇ ਡੂਢ ਮਗਰ ਤੇ ਨਿੱਕੀ ਵੀ ਆ ਗੀ ਘਰਾਂ ਨੂੰ ... ਮੂੰਹ ਲਟਕਾਈ । ਘਰ 'ਕੱਠ ਹੋ ਗਿਆ । ''
''ਪੁੱਛਿਆ ਨੀਂ ਫੇਰ ਬਈ ਕਿੱਥੇ ਨੂੰ ਚਲੇ ਗਈ ਸੀ? ''
''ਇੱਕ ਪੁੱਛਿਆ? ਪੁੱਛ ਪੁੱਛ ਕੁੜੀ ਦਾ ਗੂੰਹ ਕੱਢ ਤਾ । ਕੁੜੀ ਪੈਰਾਂ 'ਪਰ ਪਾਣੀ ਨਾ ਪੈਣ ਦਵੇ । ਕਿੱਕਰ ਦੀਆਂ ਸੁੱਕੀਆਂ ਜੜ੍ਹਾਂ ਨਾਲ ਕੁੱਟੀ ਤੇਰੇ ਬੜੇ ਤਾਏ ਗੋਬਿੰਦੇ ਨੇ । ਕੁੜੀ ਨੇ ਸੀਅ ਵੀ ਨਾ ਕੀਤੀ । ਨਾ ਮੂੰਹ ਖੋਲਿ੍ਹਆ । ਦੋ ਚਾਰ ਦਿਨਾਂ 'ਚ ਗੱਲ ਆਈ ਗਈ ਹੋ ਗੀ । ਪਰ ਰਾਖੀ ਕੁੜੀ ਦੀ ਪੱਕੀ ਹੋ ਗੀ... । ਦਿਨ ਰਾਤ ਬੁੜ੍ਹੀ ਬੋਬੜੋ ਨਾਲ- ਏ-ਨਾਲ... । ਜਦ ਹੋ ਗਿਆ ਮਹੀਨੇ ਤੇ ਉਪਰ... । ਤੜਕੇ ਈ, ਨਾ ਕਿਸੇ ਨੇ ਚਾਹ, ਨਾ ਪਾਣੀ । ... ਠੰਡੀ ਹੋਈ ਗੱਲ ਫੇਰ ਮਘ ਗੀ । ਗੋਬਿੰਦਾ ਕਹਿੰਦਾ : ਮੈਂ ਇਹਨੂੰ ਟੱਕ ਲਾ ਦੇਣਾ । ਉਹਨੂੰ ਕਿਆ ਤਾ । ਉਨ੍ਹੇ ਤਾਂ ਹੱਲਿਆਂ 'ਚ ਬਥੇਰੇ ਮੁਸਲਮਾਨ ਬੱਢੇ ਬੇ ਤੇ । ਬੱਢਣ ਹਿਲਿਆ ਹੋਇਆ ਤਾ । ਆਹੀ ਖੇਤਾਂ 'ਚ ਉਨ੍ਹੇ ਇੱਕ ਦਿਨ ਤਿੰਨ ਚਾਰ ਮੁਸਲਮਾਨ ਬੁੜ੍ਹੇ ਬੁੜ੍ਹੀਆਂ ਹਾੜੇ ਕੱਢਦੇ ਟੁੱਕ ਦਿੱਤੇ, ਚਰ੍ਹੀ 'ਚ । ਹੋਰ ਪਤਾ ਨੀਂ ਕਿੰਨੀਆਂ ਤੀਂਮੀਆਂ ਨਾਲ ਸੁਆਹ ਖੇਹ ਕੀਤੀ । ਪਰ ਆਪਣੇ ਘਰ 'ਚ ਨੀਂ ਨਾ ਝੱਲ ਹੁੰਦਾ । ਬਰਛਾ ਚੱਕ ਲਿਆਇਆ । ਸਾਨੂੰ ਧੱਕੇ ਮਾਰੇ ਸਾਰੀਆਂ ਨੂੰ । ਅਸੀਂ ਕੁੜੀ ਨੂੰ ਹੱਥ ਨਾ ਲਾਉਣ ਦਈਏ । ਘੁੰਡ ਕੱਢ ਕੇ ਮੂਹਰੇ ਹੋ ਗੀਆਂ । ਬਈ ੲ੍ਹੀਦਾ ਕਿਆ ਪਤਾ ਹੈਂਸਿਆਰੇ ਦਾ । ਚਲ ਜੋੋ ਹੋ ਗਿਆ, ਸੋ ਹੋ ਗਿਆ । ਹੁਣ ਕੁੜੀ ਮਾਰ ਕੇ ਗਲ਼ ਪਾਉਣੀ ਐ? ਨਿਆਣੀ ਐ । ਜੇ ਕੁੜੀ ਮਾਰ ਤੀ ਤਾਂ ਸ਼ਰੀਕਾਂ ਨੇ ਤਾਂ ਦਾਗ ਵੀ ਨੀਂ ਦੇਣ ਦੇਣਾ । ਪੁਲਸ ਬੁਲਾ ਲਿਆਉਣੀ ਐ । ਕੇਸ ਪੈ ਜੂ ਸਿਰ । ਕੁੱਟ ਕੁੱਟ ਚਿੱਤੜ ਲਾਲ ਕਰ ਦੇਣੇ ਐ ਠਾਣੇ 'ਚ... ''
''...!! ''
''ਬਸ ਜੀ, ਤੂੰ ਦੇਖ ਲੈ ਪੁੱਤ ... ਇੱਕ ਵਾਰੀ ਓ ... ਊਂ ਕਿਹੜਾ ਕੋਈ ਕਿਸੇ ਦੇ ਮਗਰ ਮਗਰ ਫਿਰਦਾ... ਬਸ ਜੀ ਨਿਆਣਾ ਠਹਿਰ ਗਿਆ । ਹੇ ਰਾਮ । ਰਾਮ ਰਾਮ । ਕਿਆ ਗੱਲਾਂ ਕਰਨੀਆਂ । ਕਿਆ ਬਾਤਾਂ ਕਰਨੀਆਂ । ਤੂੰ ਅੱਖ ਲਾ ਲੈ ਘੜੀ ਕੁ । ਬਾਹਰ ਗਰਮੀ ਬੜੀ ਐ । ਸੌਂ ਜਾ । ਦੁਪਹਿਰਾ ਐ । ਅਹੀਆਂ ਜੀਆਂ ਗੱਲਾਂ ਨੀਂ ਸੁਣੇ ਕਰਦੇ... ਜਾ ਬਾਹਰ ਦੇਖ ਕੇ ਆ, ਤੇਰਾ ਬਾਪ ਤਾ ਨੀਂ ਆ ਗਿਆ... ''
''ਨਹੀਂ ਬਾਹਰ ਨੀਂ ਹੈਗਾ ਕੋਈ । ''
''ਫੇਰ ਭਾਈ ਨਿੱਕੀ ਸੱਤ ਮਹੀਨੇ ਅੰਦਰ-ਏ ਰੱਖੀ । ਲੁਕੋ ਲੁਕੋ ਮਰਗੇ । ਜਦ ਕਿਹੜਾ ਪੁੱਤ ਪਿੰਡਾਂ 'ਚ ਡਾਕਦਾਰ ਹੁੰਦੇ ਤੇ । ਨਾਲ-ਏ ਕੀਹਨੂੰ ਆਪਣਾ ਨੰਗ ਦਿਖਾਉਂਦੇ ਫਿਰਦੇ । ਤੇਰਾ ਬਾਬਾ ਮਿਨਤਾਂ ਕਰ ਕਰ ਕੇ ਅੰਬਾਲੇ ਤੋਂ ਇੱਕ ਦਾਈ ਨੂੰ ਲਿਆਇਆ । ਪੈਰੀਂ ਹੱਥ ਲਾਏ । ਸਾੜੀ ਇੱਜ਼ਤ ਰੱਖੀਂ । ਦਾਈ ਵੀ ਚਾਰ ਦਿਨ ਅੰਦਰੇ ਲੁਕੋ ਕੇ ਰੱਖੀ । ਦਾਈ ਦੀ ਰਾਣੀਆਂ ਮੰਗਣ ਸੇਵਾ ਕੀਤੀ । ਕਾਅੜ੍ਹੇ ਦੇ ਦੇ ਕੇ, ਢਿੱਡ ਮਲ਼ ਮਲ਼ ਕੇ ਸੱਤ-ਮਾਂਹਿਆ ਬੱਚਾ ਜੀਊਂਦਾ ਈ ਬਾਹਰ ਕੱਢ ਤਾ । ਮੁੰਡਾ ਤਾ । ਚਿੱਟਾ ਦੁੱਧ ਵਰਗਾ । ਮੈਂ ਵੀ ਦੇਖਿਆ ਮਾੜਾ ਜਾ । ਫੁੱਲ ਵਰਗਾ । ਅੱਖਾਂ । ਹੱਥ । ਪੈਰ । ਸਭ ਕੁਸ ਬਣਿਆ ਹੋਇਆ ਤਾ । ਕਰਮਾਂ ਦੀ ਗੱਲ ਐ ਪੁੱਤ । ਕਈਆਂ ਨੂੰ ਮਿਲਦੇ ਨੀਂ । ਦੁਨੀਆ ਖੂਹ ਟੋਭੇ ਗੰਦੇ ਕਰਦੀ ਫਿਰਦੀ ਐ । ਕੌਣ ਸਿੱਟਦਾ ਆਪਣੇ ਬੱਚੇ ਨੂੰ ... ਪਰ ਤੇਰਾ ਬਾਬਾ ਅਰ ਤਾਇਆ ਤਾਂ ਲੂੰਹਦੇ ਫਿਰਨ । ਕਹਿੰਦੇ ਲਿਆਓ । ਫੜਾਓ । ਫ਼ਟਾਫ਼ਟ । ਕੱਪੜੇ 'ਚ ਲਪੇਟ ਕੇ । ਫੰਘ ਜਹੇ ਦਾ ਮੂੰਹ ਕੱਪੜੇ ਨਾਲ ਢੱਕ ਕੇ, ਦੋਹੇ ਬਾਪ-ਪੁੱਤ ਪਿੰਡ ਤੋਂ ਬਾਹਰ ਨਿਕਲ ਗੇ । ਮੂੰਹ ਨ੍ਹੇੇਰੇ ਈ । ਦਾਈ ਕਹਿੰਦੀ : 'ਚਲੋ, ਜੋ ਭਗਵਾਨੇ ਨੂੰ ਮਨਜੂਰ' । ਕੋਈ ਕਹਿੰਦਾ: ਚਲੋ ਰੱਬ ਦਾ ਜੀਅ ਐ । ਦੇ ਦੋ ਕਿਸੇ ਨੂੰ ।' ਗੋਬਿੰਦਾ ਤੇਰਾ ਤਾਇਆ ਕਹਿੰਦਾ : 'ਮਰਨਾ ਕਿਸੇ ਨੇ ਮੇਰੇ ਹੱਥ ਤੇ? ' ''
''ਫੇਰ ਦਿੱਤਾ ਨਹੀਂ ਬੱਚਾ ਕਿਸੇ ਬੇਔਲਾਦ ਨੂੰ ? ''
''ਪਿੰਡ ਤੋਂ ਬਾਹਰ ਦੂਰ ਅਜਾੜ ਬੀਆਬਾਣ 'ਚ ਕਿਸੇ ਟੋਭੇ 'ਚ ਸਿੱਟ ਆਏ । ਗੋਬਿੰਦਾ ਡਰਿਆ ਹੋਇਆ ਰਾਤ ਨੂੰ ਹੌਲੀ ਹੌਲੀ ਦੱਸਦਾ ਤਾ । ਕਹਿੰਦਾ: 'ਰੋਂਦੇ ਨੂੰ ਟੋਭੇ ਦੇ ਕੰਢੇ 'ਪਰ ਛੱਡ ਆਏ । ' ਕਹਿੰਦਾ : 'ਕਿੰਨਾ ਸਨੱਖਾ ਤਾ ।' ਕਹਿੰਦਾ : 'ਅਸੀਂ ਬੜਾ ਕਰੜਾ ਜਿਗਰਾ ਕਰ ਕੇ, ਉਸ ਨੂੰ ਹੱਥੋਂ ਛੱਡਿਆ ਤੇ ਫੇਰ ਮੁੜ ਕੇ ਪਿਛਾਂਹ ਨਹੀਂ ਦੇਖਿਆ ।' ''
''ਟੋਭੇ 'ਚ ਪਾਣੀ ਹੋਣੈ? ਗੰਦਾ? ਡੂੰਘਾ? ''
''ਨਾ । ਕਹਿੰਦੇ : 'ਟੋਭਾ ਤਾਂ ਸੁੱਕਾ ਤਾ ।' ਪੁੱਤ ਜਦ ਕਿਹੜਾ ਮੀਂਹ ਪੈਂਦੇ ਤੇ । ''
''ਫੇਰ ਉੱਥੋਂ ਕਿਸੇ ਨੂੰ ਲੱਭ ਪਿਆ ਹੋਣੈ । ਤੇ ਉਸ ਨੇ ਚੁੱਕ ਕੇ ਛਾਤੀ ਨਾਲ ਲਾ ਲਿਆ ਹੋਣੈ । ਪਾਲ ਲਿਆ ਹੋਣੈ ।''
'' ਕੌਂਆਂ ਕੁੱਤਿਆਂ...''
'' ਹੁਣ ਤਾਂ ਕਿੱਡਾ ਵੱਡਾ ਹੋ ਗਿਆ ਹੋਣੈ? ਮੇਤੋਂ ਵੀ ਵੱਡਾ? ''
''ਪਤਾ ਨੀਂ ਪੁੱਤ । ਮੈਨੂੰ ਤਾਂ ਏਨੀ ਕੁ ਬਾਤ ਈ ... ਬਸ ... ''
''...??? ''
'' ਪੈ ਜਾ ਹੁਣ ਚੁੱਪ ਕਰ ਕੇ । ਅਹੀ ਜੀਆਂ ਗੱਲਾਂ ਨੀਂ ਸੁਣੇ ਕਰਦੇ ''
''... !!! ??? ''