ਫ਼ਲਸਫ਼ੇ ਦਾ ਧੁਖ਼ਦਾ ਸੀਨਾ - ਸੱਤਪਾਲ ਗੌਤਮ : ਪ੍ਰੋ. ਅਵਤਾਰ ਸਿੰਘ
ਛਿਆਸੀ ਸਤਾਸੀ ਦੀ ਗੱਲ ਹੋਵੇਗੀ। ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਹੋ ਰਹੇ ਸਨ, ਜਿਹਦੇ ਕੰਟ੍ਰੋਲਰ ਡਾ. ਸੱਚਰ ਸਨ। ਮੈਂ ਡਾ. ਸੱਚਰ ਦਾ ਪੁੱਜਕੇ ਉਪਾਸ਼ਕ ਸਾਂ; ਇਕ ਕਿਸਮ ਦਾ ਭਗਤ ਹੀ ਸਾਂ, ਜਿਸ ਕਰਕੇ ਮੈਂ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਨਾਲ ਜਾਂ ਨੇੜੇ ਰਹਿੰਦਾ।
ਉੱਥੇ ਇਕ ਦਰਮਿਆਨੇ ਕੱਦ ਦਾ ਸੈਂਟਰ ਸੁਪਰਡੰਟ ਸੀ, ਜੋ ਸ਼ਕਲੋ ਸੂਰਤ ਅਤੇ ਤੁਰਤ ਫੁਰਤ ਲਹਿਜ਼ੇ ਤੋਂ ਖੱਬੀ ਸੋਚ ਵਾਲਾ ਸਿਆਣਾ ਅਧਿਆਪਕ ਪ੍ਰਤੀਤ ਹੁੰਦਾ ਸੀ। ਉਹਦਾ ਲੰਬਾ ਅਤੇ ਖਾਦੀ ਕੁੜਤਾ, ਚੁਸਤ ਜੀਨ, ਦਾੜ੍ਹੀ ਦਾ ਲੈਨਿਨ ਕੱਟ ਅਤੇ ਸਿਰ ਦੇ ਬੇਚੀਰ, ਬੇਸੇਂਹਦਾ, ਬੇਤਰਤੀਬੇ ਵਾਲ਼ ਉਹਦੀ ਵਿਦਵਤਾ ਦੀ ਕਿਸਮ ਅਤੇ ਜ਼ਿੰਦਗੀ ਦੀ ਤਰਜ਼ ਦੀ ਜ਼ਾਮਨੀ ਭਰਦੇ। ਉਹ ਫਿਲੌਸੋਫੀ ਦਾ ਪ੍ਰੋਫੈਸਰ, ਸੱਤਪਾਲ ਗੌਤਮ ਸੀ। ਮੈਂ ਕਿਸੇ ਨੂੰ ਪੁੱਛਿਆ ਤੇ ਉਹਨੂੰ ਨੀਝ ਨਾਲ ਤੱਕਿਆ। ਰਤਾ ਕੁ ਵਡੇਰੇ ਕੰਨ ਉਹਦੇ ਸਾਬਰ ਸਰੋਤਾ ਹੋਣ ਦੀ ਦੱਸ ਪਾਉਂਦੇ। ਭਲਾ ਕਿਸੇ ਦੇ ਕੰਨ ਵੀ ਕਦੀ ਬੋਲਦੇ ਹਨ? ਪਰ ਉਹਦੇ ਬੋਲਦੇ ਸਨ, ਜੋ ਉਹਦੇ ਤਖ਼ੱਲਸ ‘ਗੌਤਮ’ ਦਾ, ਗੌਤਮ ਬੁੱਧ ਨਾਲ, ਕੋਦੀ ਜ਼ਿਹਨੀ ਰਿਸ਼ਤਾ ਬਿਆਨਦੇ ਸਨ। ਉਹਦੀ ਤੋਰ, ਤੌਰ ਅਤੇ ਲਬੋ ਲਿਬਾਸ ਮੇਰੇ ਜ਼ਿਹਨ ਵਿਚ ਟਿਕ ਗਏ।
ਉਹ ਸਦਾ ਸਾਇਕਲ ‘ਤੇ ਆਉਂਦਾ। ਉਹਦੇ ਖੱਬੇ ਮੋਢੇ ‘ਤੇ ਹਮੇਸ਼ਾ ਇੱਕ ਲੰਬੀ ਬੱਧਰ ਵਾਲਾ, ਕੱਪੜੇ ਦਾ ਸ਼ਾਨਦਾਰ ਝੋਲ਼ਾ ਲਟਕਦਾ, ਜੋ ਉਹਦੀ ਦਿੱਖ ਵਿਚ ਦਾਨਿਸ਼ਵਰਾਨਾ ਇਜ਼ਾਫਾ ਕਰਦਾ। ਨਿਰਮਲ ਨੈਣ ਅਤੇ ਜਗਿਆਸੂ ਨਕਸ਼ ਉਹਦਾ ਤੁਆਰਫ ਕਰਾਉਂਦੇ। ਸਿਗਰਟਨੋਸ਼ੀ ਦਾ ਇਸ ਕਦਰ ਸ਼ੌਕੀਨ ਅਤੇ ਆਦੀ, ਕਿ ਜੇ ਉਹਦੇ ਹੱਥ ਵਿੱਚ ਸਿਗਰਟ ਨਾ ਵੀ ਹੋਣੀ, ਤਾਂ ਵੀ ਲੱਗਦਾ ਕਿ ਉਹਦੇ ਹੱਥ ਵਿੱਚ ਸਿਗਰਟ ਹੈ। ਉਹਦੇ ਮੂੰਹ ‘ਚੋਂ ਹਮੇਸ਼ਾ ਮੱਠਾ ਮੱਠਾ ਧੂਆਂ ਨਿਕਲਦਾ ਲਗਦਾ। ਉਹਨੂੰ ਦੇਖਕੇ ਮਹਿਦੀ ਹਸਨ ਦੀ ਗ਼ਜ਼ਲ ਚੇਤੇ ਆਉਂਦੀ — ਯੇ ਧੂਆਂ ਸਾ ਕਹਾਂ ਸੇ ਉੱਠਤਾ ਹੈ।
ਕਈ ਬਾਰ ਉਹਦੇ ਨਾਲ਼ ਗੱਲ-ਬਾਤ ਕਰਨ ਦੀ ਕੋਸ਼ਿਸ਼ ਕੀਤੀ; ਧੂਆਂ ਨੇੜਤਾ ‘ਚ ਰੁਕਾਵਟ ਬਣ ਜਾਂਦਾ ਅਤੇ ਧੂਏਂ ਦੀ ਦੁਰਗੰਧ ਵਿਚਾਰਾਂ ‘ਚ ਵਿੱਥ ਬਣ ਜਾਂਦੀ। ਉਹਦੇ ਨਾਲ਼ ਨੇੜਤਾ ਘਨਿਸ਼ਟ ਨਾ ਹੋ ਸਕੀ। ਮੈਂ ਉਹਦੇ ਵਿਦਿਆਰਥੀਆਂ ਦੇ ਜ਼ਰੀਏ, ਉਹਨੂੰ ਮਿਲਦਾ ਰਹਿੰਦਾ। ਉਹ ਦੱਸਦੇ ਕਿ ਕਲਾਸ-ਰੂਮ ਵਿੱਚ, ਸਰ ਦੀ ਕਲਾਸ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਉਹ ਆਪਣੇ ਸਰ ਨੂੰ ਸੁਣਦੇ ਸੁਣਦੇ ਦੇਖਦੇ ਵੀ ਹਨ। ਕਲਾਸ ਵਿਚ, ਸਰ ਦਾ ਚਿਹਰਾ ਗਹਿਰੀ ਝੀਲ ਬਣ ਜਾਂਦਾ ਹੈ, ਜਿਹਦੀ ਤਹਿ ਹੇਠ ਵਿਚਾਰਾਂ ਦੀਆਂ ਤੇਜ਼ ਰਫ਼ਤਾਰ ਪਣਡੁੱਬੀਆਂ, ਇੱਧਰ ਉੱਧਰ ਦੌੜਦੀਆਂ ਹਨ, ਜਿਵੇਂ ਜੰਗ ਮਚੀ ਹੋਵੇ।
ਸਤਹ ਉੱਤੇ, ਵਿਚਾਰਧਰਾਈ ਲਹਿਰਾਂ ਦਰਮਿਆਨ, ਕਾਗ਼ਜ਼ੀ ਕਿਸ਼ਤੀਆਂ ‘ਤੇ ਵਿਚਾਰਾਂ ਦੇ ਚੱਪੂ ਚੱਲਦੇ। ਫਲਸਫਾਨਾ ਜਹਾਜ਼ਰਾਨੀ ਦਾ ਅਜੀਬ ਅਤੇ ਸਜੀਵ ਦ੍ਰਿਸ਼ ਸਾਕਾਰ ਹੁੰਦਾ। ਜਿਵੇਂ ਫਲਸਫੇ ਦੇ ਵਜੀਰ, ਸਫੀਰ ਅਤੇ ਦੂਤ ਸੱਭਿਆਤਾਵਾਂ ਦਾ ਅਦਾਨ ਪ੍ਰਦਾਨ ਕਰਦੇ ਹੋਣ ਅਤੇ ਗੋਸ਼ਟਾਂ ਰਚਾਉਂਦੇ ਹੋਣ। ਉਹ ਫ਼ਲਸਫ਼ੇ ਦੇ ਜੁਗਰਾਫੀਏ ਦੀ ਖੋਜ ਕਰਦਾ, ਜੁਗਰਾਫ਼ੀਏ ਦਾ ਫ਼ਲਸਫ਼ਾ ਲੱਭ ਲੈਂਦਾ; ਲੈਕਚਰ ਦਾ ਲੁਤਫ਼ ਦੂਣਾਂ ਚੌਣਾਂ ਹੋ ਜਾਂਦਾ; ਵਿਚਾਰਾਂ ਦੀ ਜੰਗ, ਅਕਲ ਦੇ ਜੰਗਾਲ ਧੋ ਸੁੱਟਦੀ। ਵਿਦਿਆਰਥੀ ਹੱਕੇ ਬੱਕੇ ਰਹਿ ਜਾਂਦੇ। ਉਹ ਕਲਾਸ-ਰੂਮ 'ਚੋਂ ਇੱਦਾਂ ਬਾਹਰ ਆਉਂਦੇ, ਜਿਵੇਂ ਯੂਨਾਨ, ਰੋਮ, ਜਰਮਣ ਅਤੇ ਰੂਸ ਦੀ ਯਾਤਰਾ ਤੋਂ ਪਰਤੇ ਹੋਣ। ਕਈਆਂ ਨੂੰ ਤਾਂ ਸੁੱਖ ਦਾ ਸਾਹ ਆਉਂਦਾ। ਕਈ ਅੰਦਰੋਂ ਨਿਛਾਵਰ ਹੋਏ ਹੋਏ ਆਖਦੇ ‘ਫਿਲੌਸੋਫੀ ਹੈ, ਕੋਈ ਖਾਲਾ ਜੀ ਦਾ ਵਾੜਾ ਨਹੀ’।
ਗੌਤਮ ਅਕਸਰ ਵਿਚਾਰਧਾਰਕ ਕਸ਼ਮਕਸ਼ ਵਿਚ ਹਾਕਲ ਬਾਕਲ ਜਿਹਾ ਰਹਿੰਦਾ। ਪ੍ਰਤੀਬੱਧਤਾ ਉਹਦਾ ਇਸ਼ਟ ਸੀ, ਨਿਰਪੱਖਤਾ ਇਸ਼ਕ ਅਤੇ ਪੱਖਪਾਤ ਰਕੀਬ। ਅੰਦਰੋਂ, ਖੱਬੀ ਸੋਚ ਤੇ ਖੱਬੇ ਪੱਖ ਦਾ ਏਨਾ ਪੁਜਾਰੀ ਕਿ ਉਹਨੂੰ ਦੇਖ ਕੇ ਲਗਦਾ, ਜਿਵੇਂ ਉਹ ਖੱਬੇ ਹੱਥ ਨਾਲ ਹੀ ਸਾਰੇ ਕੰਮ ਕਰਦਾ ਹੋਵੇ। ਉਹ ਮੈਨੂੰ ਹਮੇਸ਼ਾ ਪੰਜਾਬ ਯੂਨੀਵਰਸਿਟੀ ਦਾ ਸਿਗਨੇਚਰ ਅਤੇ ਫਿਲੌਸੋਫੀ ਵਿਭਾਗ ਦਾ ਤੁਰਦਾ ਫਿਰਦਾ ਲੋਗੋ ਲਗਦਾ।
ਹੈਰਾਨੀ ਹੁੰਦੀ ਕਿ ਇਸ ਕਦਰ ਵੀ ਕੋਈ ਆਪਣੇ ਸਬਜੈਕਟ ਨੂੰ ਮੁਹੱਬਤ ਕਰਦਾ ਹੈ, ਕਿ ਉਹਦੀ ਚੁੱਪ ਵਿੱਚੋਂ ਵੀ ਉਹਦਾ ਸਬਜੈਕਟ ਬੋਲਦਾ ਹੋਵੇ। ਸਬਜੈਕਟ ਵੀ ਉਹ ਜੋ ਸਿਰ ਚੜ੍ਹ ਬੋਲੇ — ਜਾਣੀ ਕਿ ਫਿਲੌਸੋਫੀ। ਸਾਇਕੌਲੋਜੀ ਵਿਭਾਗ ਦਾ ਮੇਰਾ ਦੋਸਤ ਬਲਜੀਤ ਤੇ ਮੈਂ, ਉਸ ਵਿੱਚੋਂ ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ‘ਲੰਮੀ ਕੁੜੀ’ ਦੇ ਮੰਗੇਤਰ ਗੌਤਮ ਨੂੰ ਲੱਭਦੇ ਤੇ ਹੱਸ ਛੱਡਦੇ। ਉਹ ਸਾਨੂੰ ਸੱਚਮੁਚ ਉਹੀ ਗੌਤਮ ਲੱਗਦਾ; ਜਿਵੇਂ ਬੇਦੀ ਸਾਹਿਬ ਨੇ ਉਸੇ ਨੂੰ ਦੇਖ ਕੇ ਉਹ ਕਹਾਣੀ ਲਿਖੀ ਹੋਵੇ।
ਉਹਦੇ ਦੋਸਤ ਦੱਸਦੇ ਕਿ ਉਹ ਫਿਲੌਸੋਫੀ ਦੇ ਨਾਲ ਨਾਲ ਹੋਰ ਕਲਾਵਾਂ ਦਾ ਵੀ ਕਦਰਦਾਨ ਹੈ ਅਤੇ ਸ਼ਾਮ ਦੀ ਇਕੱਲਤਾ ਨੂੰ ਦੂਰ ਕਰਨ ਲਈ ਸੰਗੀਤ ਦਾ ਸਾਥ ਮਾਣਦਾ ਹੈ; ਗੱਪ ਸ਼ੱਪ ਦਾ ਸ਼ੌਕੀਨ ਅਤੇ ਕਵਿਤਾ ਦਾ ਆਸ਼ਕ, ਕਵੀਆਂ ‘ਚ ਬੈਠਾ, ਬੇਮੁਮਤਾਜ, ਸ਼ਾਹਜਹਾਨ ਲੱਗਦਾ।
ਦਿਨ ਭਰ ਦੋਸਤਾਂ ਤੇ ਵਿਦਿਆਰਥੀਆ ਨਾਲ ਗੁਜ਼ਾਰਦਾ। ਪਰ ਰਾਤ ਇਕੱਲਿਆ ਬਤੀਤ ਕਰਦਾ। ਕੋਈ ਮੁਮਤਾਜ, ਉਹਦੇ ਦਿਲ ਨੂੰ ਨਾ ਛੂਹ ਸਕੀ ਤੇ ਨਾ ਉਹਦੀ ਖ਼ਾਬਗਾਹ ਦਾ ਸ਼ਿੰਗਾਰ ਬਣੀ। ਮੰਜਾ, ਬਿਸਤਰਾ ਤੇ ਚਾਹ ਜੋਗੇ ਭਾਂਢੇ ਉਹਦੇ ਘਰ ਦਾ ਸਮਾਨ ਸੀ। ‘ਤਸਵੀਰੇ ਬੁੱਤਾਂ ਔਰ ਹੁਸੀਨੋ ਕੇ ਖ਼ਤੂਤ’ ਦਾ ਰਾਜ, ਕੋਈ ਹਮਰਾਜ ਹੀ ਜਾਣਦਾ ਹੋਵੇਗਾ। ਉਹਦਾ ਕੋਈ ਹਮਰਾਜ ਨਹੀਂ ਸੀ, ਬੇਸ਼ੱਕ ਉਹਦੇ ਬਹੁਤੇ ਦੋਸਤ ਖ਼ੁਦ ਨੂੰ ਉਹਦੇ ਹਮਰਾਜ ਸਮਝਦੇ। ਹਮਰਾਜ ਕੋਈ ਵਿਰਲਾ ਹੁੰਦਾ ਹੈ ਤੇ ‘ਵਿਰਲਾ’ ਉਹ ਖ਼ੁਦ ਨੂੰ ਹੀ ਸਮਝਦਾ ਸੀ।
ਕੱਪੜਿਆਂ ਦਾ ਉਹ ਗੁਲਾਮ ਨਹੀਂ ਸੀ। ਕਿਤਾਬਾਂ ਤੇ ਕੱਚ ਦਾ ਸਮਾਨ ਉਹਦੇ ਦਿਲ ਦੀ ਜਾਇਦਾਦ ਸਨ, ਜਿਨ੍ਹਾਂ ਨੂੰ ਉਹ ਵਕਤ ਬੇਵਕਤ ਸੰਭਾਲ਼ ਸੰਭਾਲ਼ ਰੱਖਦਾ ਤੇ ਉਚੇਚੇ ਆਏ ਗਏ ਨੂੰ, ਨਿਰਉਚੇਚ, ਰੱਜ ਰੱਜ ਦਰਸ਼ਣ ਕਰਵਾਉਂਦਾ। ਨਸ਼ੇ ਦੀ ਨਿਸ਼ਾ ਹੁੰਦੀ ਤਾਂ ਉਹ ਦਰਸ਼ਨ ਦੇ ਬੰਦ ਬੂਹੇ ਖੋਲ੍ਹ ਬੈਠਦਾ ਤੇ ਗਿਆਨ ਦੀ ਨਿਸ਼ਾ ਨਾਲ ਨਸ਼ਾ ਉੜਾ ਦਿੰਦਾ।
ਕਈ ਆਖਦੇ ਕਿ ਉਹ ਚੱਤੋ ਪਹਿਰ ਚਹੇਤੇ ਚਹੇਤੀਆਂ ਵਿੱਚ ਘਿਰਿਆ ਰਹਿੰਦਾ ਹੈ। ਪਰ ਉਹਦੇ ਦਿਲ ਦੀਆਂ ਉਹੀ ਜਾਣਦਾ ਸੀ। ਉਹ ਮੁਹੱਬਤੀ ਸੈਨਤਾਂ ਨੂੰ ਕਿਤਾਬ ਨਾਲ ਨਿਹਾਲ ਕਰਕੇ, ਗਿਆਨ ਦੀ ਝੀਲ ‘ਚ ਤੈਰਨਾ ਚਾਹੁੰਦਾ। ਚੰਦ ਦਿਨਾਂ ’ਚ, ਉਹ ਕਿਤਾਬ, ਛਿੱਥੀ ਜਹੀ ਹੋ ਕੇ, ਪੰਦਰਾਂ ਸੈਕਟਰ, ਰੱਦੀ ਦਾ ਸ਼ਿੰਗਾਰ ਬਣ ਜਾਂਦੀ ਤੇ ਜਿਹਦੇ ਮੁੱਖ ਪੰਨੇ ‘ਤੇ, ਉਹਦੇ ਸਿਗਨੇਚਰ, ਮੁਹੱਬਤ ਦਾ ਮੂੰਹ ਚਿੜਾਉਂਦੇ ਤੇ ਗਿਆਨ ਦੀਆ ਦੰਦੀਆਂ ਕਚੀਚਦੇ। ਉਹ ਕਿਸੇ ਵੀ ਅਫ਼ਸਾਨੇ ਨੂੰ ‘ਤਕਮੀਲ’ ਦੇ ਰਾਹ ਨਾ ਪੈਣ ਦਿੰਦਾ।
ਉਹਦੇ ਕਰੀਬੀ ਦੱਸਦੇ ਕਿ ਉਹ ਪੰਜਾਬ ਲਈ ਚੱਪਾ ਚੱਪਾ ਫਿਕਰਮੰਦ ਸੀ। ਇਸ ਫਿਕਰ ਵਿੱਚ ਉਹਦੀ ਰਗ ਰਗ ਦੁਖਦੀ ਸੀ ਤੇ ਸੀਨਾ ਧੁਖਦਾ ਸੀ। ਉਹ ਪੰਜਾਬ ਨੂੰ ਨਿਰਲੱਜਤਾ ਅਤੇ ਦਰਿਦਰਤਾ ਦੇ ਸਲੰਮ ਅਤੇ ਸਲੰਬਰ ਤੋਂ ਮੁਕਤ ਦੇਖਣ ਦਾ ਚਾਹਵਾਨ ਸੀ। ਸੁਣਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬੀ ਨੂੰ ਵਿਕਸਤ ਕਰਨ ਲਈ ਹਾਈ ਪੌਵਰ ਕਮੇਟੀ ਬਣਾਈ, ਜਿਹਦੇ ਸਿਰਕਰਦਾ ਮੈਂਬਰਾਂ ਵਿੱਚ ਪ੍ਰੋ ਗੌਤਮ ਨੂੰ ਲਿਆ ਗਿਆ। ਪਹਿਲੀ ਮੀਟਿੰਗ ਹੋਈ, ਪ੍ਰੋ ਗੌਤਮ ਬਰੇਲੀ ਤੋਂ ਸਭ ਤੋਂ ਪਹਿਲਾਂ ਪੁੱਜ ਗਏ। ਇੱਥੇ ਆ ਕੇ ਅਸਲੀਅਤ ਸਾਹਮਣੇ ਆਈ। ਪਛਤਾਵੇ ਦੀ ਪੰਡ ਸਿਰ ‘ਤੇ ਚੁੱਕੀ ਅਤੇ ਦਿਲ ਨੂੰ ਨਿਰਾਸ਼ਾ ਦੀ ਗੰਢ ਦੇ ਕੇ ਵਾਪਸ ਬਰੇਲੀ ਜਾ ਕੇ ਸਾਹ ਲਿਆ।
ਬੱਨਵੇਂ ‘ਚ ਮੈਂ ਫਗਵਾੜੇ ਆ ਗਿਆ ਸੀ। ਯੂਨੀਵਰਸਿਟੀ ਚੇਤਿਆਂ ‘ਚੋਂ ਧੁੰਦਲੀ ਹੋਣ ਲੱਗੀ; ਏਨੀ ਧੁੰਦਲੀ ਕਿ ਕਈ ਯਾਦਾਂ ਵਿੱਸਰ ਗਈਆਂ। ਸਾਲ ਕੁ ਪਹਿਲਾਂ, ਫੇਸਬੁੱਕ ‘ਤੇ ਫਰੈਂਡ ਰਕੁਐਸਟ ਆਈ। ਨਾਂ ਪੜ੍ਹਿਆ, ਤਾਂ ਉਹ ਸੱਤਿਅਪ ਗੌਤਮ ਸੀ। ਮੈਂ ਓਕੇ ਕੀਤੀ; ਦੋਸਤੀ ਕਨਫਰਮ ਹੋਈ। ਫੇਸਬੁੱਕ ‘ਤੇ ਉਹ ਮੇਰੀਆਂ ਪੋਸਟਾਂ ਦੀ ਅਕਸਰ ਤਾਰੀਫ ਕਰਦੇ। ਮੈਂ ਲਾਈਕ ਕਰ ਛੱਡਦਾ। ਦੋ ਮਹੀਨੇ ਪਹਿਲਾਂ ਮੈਨੂੰ ਫ਼ੋਨ ਆਇਆ; ਇਹ ਉਹੀ ਸੱਤਿਅਪ ਗੌਤਮ ਸੀ। ਬੇਸ਼ੱਕ ਮੈਂ ਸੱਤਿਅਪ ਤੇ ਸੱਤਪਾਲ ਦਾ ਫਰਕ ਨਾ ਸਮਝ ਸਕਿਆ ਪਰ ਪਤਾ ਲੱਗਾ ਕਿ ਉਹ ਪੰਜਾਬ ਯੂਨੀਵਰਸਿਟੀ ਵਾਲਾ, ਉਹੀ ਸੁਪਰਡੰਟ, ਪ੍ਰੋ ਸੱਤਪਾਲ ਗੌਤਮ ਸੀ।
ਉਹ ਫ਼ਲਸਫ਼ੇ ਦਾ ਅਧਿਆਪਕ ਸੀ। ਜੇ ਐੱਨ ਯੂ ‘ਚ ਪੜ੍ਹਾ ਚੁੱਕਾ ਸੀ। ਕਿਤੇ ਵਾਈਸਚਾਂਸਲਰ ਵੀ ਬਣ ਗਿਆ ਸੀ। ਸ਼ਕਲ ਤੋਂ, ਅਵਾਜ਼ ਤੋਂ ਅਤੇ ਗੱਲਬਾਤ ਤੋਂ ਲਿੱਸਾ ਅਤੇ ਬਿਮਾਰ ਜਿਹਾ ਲੱਗਦਾ ਸੀ। ਲਹਿਜੇ ਤੋਂ ਲੱਗਿਆ ਕਿ ਉਹ ਪੰਜਾਬ ਯੂਨੀਵਰਸਿਟੀ ਲਈ ਉਦਾਸ ਹੈ। ਜਿਵੇਂ ਪੰਜਾਬ ਯੂਨੀਵਰਸਿਟੀ ਦੀ ਦੂਰੀ ਨੇ, ਉਹਨੂੰ ਖਾ ਲਿਆ ਹੋਵੇ। ਜਿਵੇਂ ਇਹ ਦੂਰੀ ਉਹਦੇ ਲਈ ਚਿੰਤਾ-ਰੋਗ ਬਣ ਗਈ ਹੋਵੇ।
ਉਹਨੇ ਮੇਰੇ ਬਾਬਤ ਪੁੱਛਿਆ। ਮੈਂ ਦੱਸਿਆ ਤਾਂ ਉਹਨੂੰ ਉਹ ਸੁਪਰਡੰਟੀ ਦੇ ਦਿਨ ਯਾਦ ਆ ਗਏ। ਪੰਜਾਬ ਦੇ ਹਾਲਾਤੇ ਹਾਜ਼ਿਰਾ ‘ਤੇ ਚਰਚਾ ਛਿੜੀ, ਤਬਸਰਾ ਹੋਇਆ। ਉਹਦੀਆਂ ਗੱਲਾਂ ‘ਚ ਗਹਿਰੀ ਟੀਸ ਸੀ। ਸੁਣਿਆਂ ਸੀ ਕਿਸੇ ਅੜਬੀਲੇ, ਬੜਬੋਲੇ, ਤਬੀਅਤ ਦੇ ਤੱਤੇ ਅਤੇ ਪੱਕੇ ‘ਸਿੱਕ’ ਨੌਜਵਾਨ ਨੇ, ਕਿਸੇ ਸੈਮੀਨਾਰ ‘ਚ, ਉਹਦੀ ਸ਼ਾਨ ਦੇ ਖਿਲਾਫ ਬਠਿੰਡੇ ਦੀ ਬੋਲੀ ਵਿਚ ਕੋਈ ਕੁਬੋਲ ਬੋਲ ਦਿੱਤਾ ਸੀ, ਜਿਹਦਾ ਸਿੱਧਾ ਪੱਛ, ਉਹਦੇ ਹੁਸ਼ਿਆਰਪੁਰੀ ਦਿਲ ‘ਤੇ ਜਾ ਲੱਗਿਆ ਸੀ। ਮੈਂ ਪੁੱਛਿਆ, ਪਰ ਉਹਨੇ ਨਾਂ ਨਾ ਦੱਸਿਆ। ਉਹਨੇ ਸੰਕੇਤ ਕੀਤਾ ਕਿ ਉਹ ਕੁਲਹਿਣਾ ਅੱਜਕਲ ਅਮਰੀਕਣ ਗਲ਼ੀਆਂ ਦੀ ਰੀਣ ਫੱਕ ਰਿਹਾ ਹੈ ਤੇ ਖ਼ੁਦ ਨੂੰ ਸਿੱਖੀ ਦਾ ਅਤੇ ਉੱਤਰ ਆਧੁਨਿਕਤਾ ਦਾ ਅਣਐਲਾਨਿਆ ਅਫ਼ਲਾਤੂਨ ਮੰਨੀ ਬੈਠਾ ਹੈ। ਉਹਨੇ ਆਖਿਆ ਕਿ, ‘ਮੈਂ ਉਸ ਟੀਸ ਤੋਂ ਮੁਕਤ ਹੋਣ ਲਈ, ਸਿਰਫ ਇੱਕੋ ਵੇਰ ਅਰਦਾਸ ਕੀਤੀ ਸੀ, ਕਿ ਵਾਹਿਗੁਰੂ ਉਹਦੀ ਉੱਖਲ਼ ਮੱਤ ਨੂੰ ਸੁਮੱਤ ਬਖ਼ਸ਼ੇ’। ਇਹੋ ਜਹੀ ਅਰਦਾਸ ਸਲੀਬ ‘ਤੇ ਟੰਗਿਆ ਈਸਾ ਕਰ ਸਕਦਾ ਹੈ ਜਾਂ ਅਹਿਸਾਸ ਦੀ ਸੂਲ਼ੀ ‘ਤੇ ਅਟਕਿਆ ਗੌਤਮ।
ਤਪਾਕ ਭਰਪੂਰ ਮੁਬਾਇਲ ਮਿਲਣੀ ਹੋਈ। ਉਹਨੇ ਮੈਨੂੰ ਸ਼ਾਬਾਸ਼ ਦਿੱਤੀ; ਲਿਖਦੇ ਰਹਿਣ ਲਈ ਪ੍ਰੇਰਿਆ। ਮੇਰਾ ਮਾਣ ਵਧਿਆ, ਦ੍ਰਿੜਤਾ ਵਧੀ। ਦਿਲ ‘ਚ ਲੋ ਹੋਈ ਤੇ ਮੇਰੀ ਕਲਮ ‘ਚ ਚਮਕ ਆਈ।
ਅੱਜ ਅਚਾਨਕ ਪਤਾ ਲੱਗਾ ਕਿ ਉਹ ਨਹੀਂ ਰਿਹਾ। ਪ੍ਰੋ ਸੱਤਪਾਲ ਗੌਤਮ, ਧਨੀਰਾਮ ਚਾਤ੍ਰਿਕ ਵਾਲ਼ੇ, ਸਾਂਝੇ ਪੰਜਾਬ ਦਾ ਉਪਾਸ਼ਕ ਅਤੇ ਗੌਰਵ ਸੀ। ਉਹ ਪੰਜਾਬ ਦਾ ਪੜ੍ਹਨ ਲਿਖਣ ਵਾਲਾ ਸੁਪੁੱਤਰ ਸੀ। ਉਹਦੇ ਜਹੇ ਫਰਾਖ ਇਨਸਾਨ ਤੇ ਪ੍ਰਤਿਬੱਧ ਵਿਦਵਾਨ ਵਾਰ ਵਾਰ ਜਹਾਨ ‘ਚ ਨਹੀਂ ਆਉਂਦੇ; ਜੇ ਆਉਂਦੇ ਹਨ ਤਾਂ ਜਲਦੀ ਚਲੇ ਜਾਂਦੇ ਹਨ।
ਮਨ ਉਦਾਸ ਹੈ, ਦਿਲ ਗ਼ਮਗੀਨ ਹੈ। ਪੰਜਾਬ ਦੇ ਪਿਆਰੇ ਸੁਪੂਤ ਇੱਕ ਇੱਕ ਕਰਕੇ ਕਿਰ ਰਹੇ ਹਨ। ਕਿਸੇ ਨੂੰ ਕੋਈ ਖ਼ਬਰ ਨਹੀਂ। ਇੱਥੇ ਕਿਸੇ ਗੈਗਸਟਰ ਦਾ ਮਰ ਜਾਣਾ ਹੀ ਵੱਡੀ ਖ਼ਬਰ ਹੈ। ਕਿਸੇ ਦਾਨਿਸ਼ਵਰ ਦਾ ਤੁਰ ਜਾਣਾ ਤਾਂ ਏਸ ਤਰਾਂ ਹੈ, ਜਿਵੇਂ ਮਹਿਜ ਕਿਸੇ ਰੁੱਖ ਤੋਂ ਕੋਈ ਚਿੜੀ ਉੜ ਗਈ ਹੋਵੇ।
ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ਨਿੱਤ ਮਰ ਰਹੀ ਹੈ। ਪੰਜਾਬ ਦੇਹ ਨਹੀਂ, ਧੜਕਦਾ ਦਿਲ ਸੀ। ਸਿਆਸਤ ਨੇ ਇਸ ਵੱਡੇ ਦਿਲ ਨੂੰ ਨਿੱਕੀ ਜਹੀ ਦੇਹ ਬਣਾ ਲਿਆ ਹੈ।
ਇੰਜ ਮਹਿਸੂਸ ਹੋ ਰਿਹਾ ਹੈ, ਜਿਵੇਂ ਪੰਜਾਬ ਦੀ ਸਿਆਸਤ ਬਲ਼ਦੀ ਹੋਈ ਚਿਖਾ ਹੋਵੇ, ਜਿਸ ਵਿੱਚ ਗੌਤਮ ਜਹੇ ਪੰਜਾਬ ਦੇ ਲਾਡਲੇ ਪੁੱਤਰ, ਉਦਰੇਵੇਂ ਅਤੇ ਨਿਰਾਸ਼ਤਾ ਵਿੱਚ, ਰੋਜ ਸਤੀ ਹੋ ਰਹੇ ਹੋਣ। ਲੋਕ ਸਮਝਦੇ ਹਨ ਕਿ ਪੰਜਾਬ ਵਿੱਚ ਕਿਤਾਬਾਂ ਮਰ ਰਹੀਆਂ ਹਨ ਜਾਂ ਕਿਤਾਬਾਂ ਪੜ੍ਹਨ ਵਾਲੇ ਮਰ ਰਹੇ ਹਨ; ਅਸਲ ਵਿਚ ਪੰਜਾਬ ਮਰ ਰਿਹਾ ਹੈ।
ਇਸਦਾ ਇੱਕ ਸਬੂਤ ਇਹ ਵੀ ਹੈ ਕਿ ਪ੍ਰੋ. ਸੱਤਪਾਲ ਗੌਤਮ ਦੇ ਤੁਰ ਜਾਣ ਦੀ ਖ਼ਬਰ, ਦਿੱਲੀ ਦੇ ਫ਼ਲੈਟ ਤੋਂ, ਜਪਾਨ ‘ਚ ਹੋ ਕੇ ਆਈ; ਉਹ ਵੀ ਫੇਸਬੁੱਕ ਰਾਹੀਂ। ਪਰਮਿੰਦਰ ਸੋਢੀ ਨਾ ਦੱਸਦੇ ਤਾਂ ਖ਼ਬਰੇ ਹੋਰ ਕਿੰਨੇ ਦਿਨ ਇਸ ਖਬਰ ਦਾ ਪਤਾ ਹੀ ਨਾ ਲਗਦਾ।
ਪੰਜਾਬ ਨੂੰ ਉਹਦੀ ਕੋਈ ਖ਼ਬਰ ਨਹੀਂ ਸੀ। ਪਰ ਉਹ ਪੰਜਾਬ ਤੋਂ ਬੇਖ਼ਬਰ ਨਹੀਂ ਸੀ। ਉਹ ਲਗਾਤਾਰ ਪੰਜਾਬ ਨਾਲ ਰਾਬਤੇ ਵਿੱਚ ਰਹਿੰਦਾ। ਪੰਜਾਬ ਨੂੰ ਉਹ ਆਪਣਾ ਮਾਈ ਬਾਪ ਮੰਨਦਾ। ਹਰ ਸਾਲ ਹਰ ਹਾਲ ਉਹ ਆਪਣੇ ਬਾਪ ਦੇ ਜਨਮ ਦਿਨ ‘ਤੇ ਆਉਂਦਾ। ਇਸ ਵਾਰ ਉਹਨੇ ਮਨ੍ਹਾਂ ਕਰ ਦਿੱਤਾ ਸੀ; ਅਖੇ ਕੋਈ ਕਾਨਫਰੰਸ ਹੈ। ਕੀ ਜਾਣੀਏ, ਇਹ ਬਹਾਨਾ ਸੀ ਜਾਂ ਉਹਨੂੰ ਪਤਾ ਸੀ ਕਿ ਗੌਤਮ ਦੇ ਫ਼ਲਸਫ਼ੇ ਦੀ ਆਖਰੀ ਕਾਨਫਰੰਸ, ਉਸ “ਫੈਲਸੂਫ” ਨਾਲ ਹੋਣ ਵਾਲੀ ਹੈ, ਜਿਹਨੂੰ ਲੋਕੀਂ ਰੱਬ ਆਖਦੇ ਹਨ।
ਦੱਸਦੇ ਹਨ ਕਿ ਉਹ ਆਖਰੀ ਵਕਤ, ਇਕੱਲਤਾ ਦੇ ਬਿਸਤਰੇ ਤੋਂ ਹੇਠਾਂ ਡਿੱਗਾ; ਦੋ ਰਾਤਾਂ ਮੱਥਾ ਜ਼ਮੀਨ ਨਾਲ ਲੱਗਾ ਰਿਹਾ। ਇਹ ਉਹਦਾ ਪਹਿਲਾ ਤੇ ਆਖਰੀ ਸਿਜਦਾ ਸੀ। ਉਹਦੇ ਸਿਰ ‘ਤੇ ਕੋਈ ਚੋਟ ਆਈ; ਲਹੂ ਸਿਮਿਆਂ ਤੇ ਉਹਨੇ ਧਰਤੀ ਮਾਂ ਨੂੰ, ਸੁਤੇ ਸਿੱਧ, ਆਪਣਾ ਲਹੂ ਅਰਪਣ ਕੀਤਾ। ਕੇਹਾ ਸਿਜਦਾ ਤੇ ਕੈਸਾ ਅਰਪਣ! ਨਮ ਨੈਣਾਂ ਦੀ ਕਹਾਣੀ ਕਿਵੇਂ ਤਮਾਮ ਹੋਈ।
ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ, ਉਹਦੇ ਪਿੰਡ, ਮਸਾਣੀਆਂ ‘ਚ, ਜ਼ਰੂਰ ਹੀ, ਮਸਾਣਾਂ ਜਹੀ ਚੁੱਪ ਪਸਰ ਗਈ ਹੋਵੇਗੀ। ਉਸ ਸੋਗੀ ਚੁੱਪ ਅਤੇ ਸੁੰਨਮਸਾਨ ਵਿਚ, ਮੇਰੇ ਵੱਲੋਂ ਪ੍ਰੋ ਸਾਹਿਬ ਦੀ ਹਸਤੀ ਅਤੇ ਸ਼ਖਸੀ ਦੇਣ ਨੂੰ ਭਾਵ ਭਿੰਨੀ ਸ਼ਰਧਾਂਜਲੀ ਅਰਪਣ ਹੈ।