Gali Vich (Punjabi Lekh) : Shardha Ram Phillauri
ਗਲ਼ੀ ਵਿੱਚ (ਲੇਖ) : ਸ਼ਰਧਾ ਰਾਮ ਫਿਲੌਰੀ
ਅਹਿ ਸੁਣ ਕੇ ਪੰਜ ਸਤ ਕੁੜੀਆਂ, ਤ੍ਰੀਮਤਾਂ ਉਸ ਗਲ਼ੀ ਵਿੱਚੋਂ ਨਿਕਲ ਕੇ ਉਸ ਦੀ ਛਾਬੜੀ ਆਣ ਘੇਰੀ। ਕਿਸੇ ਆਖਿਆ ਭਾਈ ਮੈਨੂੰ ਛੁਕੜ ਦੇ, ਸਲੂਣੇ ਦੇਹ, ਤੇ ਕੋਈ ਬੋਲੀ ਮੇਰੇ ਲਈ ਦਮੜੀ ਦੀਆਂ ਸੇਮੀਆਂ ਚਾ ਤੋਲ, ਕਿਸੇ ਚਹੁੰ ਕੌਡਾਂ ਦਾ ਪਾਪੜ ਚਾ ਲੀਤਾ, ਤੇ ਕਿਸੇ ਅੱਧੀ ਦੀ ਦਾਲ ਪੱਤਰ ਪੁਰ ਚਾ ਪਵਾਈ। ਫੇਰ ਆਪੋ ਆਪਣੀਆਂ ਸਹੇਲੀਆਂ ਨੂੰ ਵਾਜਾਂ ਮਾਰਕੇ ਬੋਲੀਆਂ, ਨੀ ਬਸੰਤੇ ਦੀ ਮਾਂ, ਆ ਸਲੂਣੇ ਲੈ ਲੈ।ਕਿਸੇ ਆਖਿਆ, ਨੀ ਬੇਬੇ ! ਮਣਸਾ ਦੇਈ ਆ ਪਾਪੜ ਵਿਕਦੇ ਹੈਨੇ। ਏਹਿ ਸੁਣਕੇ ਕੋਈ ਅੱਧੜਵੰਜੇ ਤੇ ਕੋਈ ਘੱਗਰੀ ਸੁੱਥਣ ਪਹਿਨਕੇ ਆਣ 'ਕਠੀਆਂ ਹੋਈਆਂ। ਜਾ ਛਾਬੜੀ ਵਾਲੇ ਵੇਖਿਆ ਕਿ ਕਿਧਰੇ ਮੂਲੋ ਮਣਸੀ ਅਤੇ ਉੱਡੀ ਵਹੁਕੜ ਬੈਠੀਆਂ ਹੈਨ ਅਤੇ ਕਿਧਰੇ ਗੁਜਰੀ ਮਾਲਣ ਤੇ ਨੰਦੋ ਰੂੜੀ ਖਲੋਤੀਆਂ ਹੈਨ ਤਾਂ ਆਖਿਆ ਹੁਣ ਤਾਂ ਮੇਰੀ ਛਾਬੜੀ ਵਿੱਚ ਥੁਹੜਾ ਹੀ ਸੌਦਾ ਰਹਿ ਗਿਆ ਏ ਏਹ ਬੀ ਤੁਸਾਂ ਨੂੰ ਖਰੀਦ ਲੈਣਾ ਚਾਹੀਯੇ। ਤੁਹਾਡੇ ਭਾਗਵਾਨਾਂ ਵਿਚੋਂ ਚੁੱਕਕੇ ਹੁਣ ਹੋਰ ਗਲ਼ੀ ਜਾਣਾ ਹੱਛਾ ਨਹੀਂ। ਸੋ ਕਿਸੇ ਹੋਰ ਗੁਆਂਢਣ ਨੂੰ ਵਾਜ ਮਾਰੋ ਖਾਂ ਜੋ ਏਹਿ ਸੌਦਾ ਬੀ ਇੱਥੇ ਹੀ ਵੇਚ ਜਾਵਾਂ ਤਾਂ ਆਪਸ ਵਿਚੀ ਆਖਣ ਲੱਗੀਆਂ ਭੈਣੋ ਸੱਚ ਆਖਦਾ ਜੇ ਦਮੜੀ ਦਮੜੀ ਹੋਰ ਖਰਚੋ। ਇੱਕ ਬੋਲੀ ਖਲੋ ਬੇ ਭਾਈ ਮੈਂ ਉਧਰ ਜਾ ਕੇ ਹੋਰਨਾਂ ਤ੍ਰੀਮਤਾਂ ਨੂੰ ਬੀ ਖਬਰ ਕਰਨੀ ਹਾਂ। ਜਾਂ ਉਸ ਉੱਪਰ ਜਾ ਕੇ ਛਾਬੜੀ ਵਾਲੇ ਦੀ ਗੱਲ ਕੀਤੀ ਤਾਂ ਕਈਆਂ ਵਹੁਟੀਆਂ ਬੀ ਕੁਝ ਖਰੀਦਣਾ ਚਾਹਿਆ। ਕਿਸੇ ਤਾਂ ਛਿੱਕੂ ਵਿਚ ਪੈਸਾ ਪਾ ਕੇ ਹੇਠਾਂ ਛਾਬੜੀ ਵਾਲੇ ਵਲ ਲਮਕਾ ਦਿੱਤਾ ਅਤੇ ਕਿਸੇ ਅਧੇਲੇ ਦਮੜੀ ਦੀਆਂ ਕੌਡੀਆਂ ਪਾ ਕੇ ਛਿੱਕੂ ਲਮਕਾਇਆ। ਛਾਬੜੀ ਵਾਲੇ ਪੈਸਾ ਕੌਡਾਂ ਕੱਢਕੇ ਜਾਂ ਛਿੱਕੂ ਵਿੱਚ ਸਲੂਣੇ ਪਕੌੜੇ ਚਾ ਪਾਏ ਤਾਂ ਉਨ੍ਹਾਂ ਮੋਘੇ ਵਿਚਦੋ ਉੱਤੇ ਖਿਚ ਲਿਆ ਅਤੇ ਆਖਿਆ ਭਾਈ ਭਲਕੇ ਘੁੰਙਣੀਆਂ ਲੈ ਕੇ ਅਸਾਡੀ ਗਲ਼ੀ ਜਰੂਰ ਆਮੀ।
ਵਡੇ ਵੇਲੇ ਮੂਲੋ ਅਤੇ ਪੰਜ ਸੱਤ ਹੋਰ ਕੁੜੀਆਂ ਅਤੇ ਤ੍ਰੀਮਤਾਂ ਜਾਂ ਘਰੋਂ ਨਿਕਲਕੇ ਦਰਬਾਰ ਸਾਹਬ ਵਲ ਟੁਰੀਆਂ ਤਾਂ ਅਗੋਂ ਹਿੱਕ ਖੋਤਾ ਹਿਣਕਿਆ ਉਸ ਦੀ ਵਾਜ ਸੁਣਕੇ ਸਭਨਾਂ ਤ੍ਰੀਮਤਾਂ ਥੁਕਿਆ ਅਤੇ ਆਖਿਆ ਮਰ ਔਤਿੜਿਆਂ ਦਾ ਸਵੇਰੇ ਪਰਮੇਸ਼ੁਰ ਦੇ ਵੇਲੇ ਕਿੱਥੋਂ ਆਣ ਮਰਿਆ ਏ।
ਜਾਂ ਦਰਬਾਰ ਸਾਹਿਬ ਦੇ ਪੋਣੇ ਇਸ਼ਨਾਨ ਕਰ ਚੁਕੀਆਂ ਤਾਂ ਬੋਲੀਆਂ ਭੈਣੇ ਦਿਨ ਵੱਡਾ ਆ ਗਿਆ ਸੀ ਤੇ ਅਸੀਂ ਅਜੇ ਅੱਜ ਐਤਵਾਰ ਦੀ ਕਥਾ ਬੀ ਨਹੀਂ ਸੁਣੀ ਕਦ ਬੇਹਲੀਆਂ ਹੋਮਾਂਗੀਆਂ ਤੇ ਕਦ ਚਲ ਕੇ ਰੋਟੀ ਚੜਾਵਾਂਗੀਆਂ? ਵਿਚੋਂ ਹੀ ਇੱਕ ਮਿਸਰਾਣੀ ਕਥਾ ਸੁਣਾਉਣ ਲਗੀ ਤੇ ਥੁਹੜੇ ਚਿਰ ਪਿੱਛੋਂ ਇੱਕ ਤ੍ਰੀਮਤ ਬੋਲੀ ਮਿਸਰਾਣੀ ਅਸਾਂ ਪਿਛਲੇ ਐਤਵਾਰ ਆਪਣੀ ਪੁਰਤਾਣੀ ਤੇ ਕਥਾ ਸੁਣੀ ਸਾਈ ਉਸ ਤੇ ਛੇਤੀ ਹੀ ਨਿਵੇਰ ਦਿੱਤੀ ਸੀ ਤੂੰ ਵਡੀ ਜਿਲਮਿਲ ਕਰਨੀ ਏਂ। ਬੇਬੇ ਸੁਖਾਲੀ ਏ ਨਾ ਜਜਮਾਨਾ ਦੇ ਘਰ ਰਾਮ ਰੱਖੋ ਬਥੇਰੇ ਹੈਨ ਹੰਤਕਾਰੀ ਆ ਜਾਣਗੀਆਂ ਜਾਂਦੀ ਹੀ ਖਾ ਲਮੇਂਗੀ ਔਖੀ ਤੇ ਅਸਾਂ ਨੂੰ ਬਣੇਗੀ ਨਾ ਕਿ ਜਿਨਾਂ ਆਪਣੇ ਹੱਥੀਂ ਜਾ ਕੇ ਪਕਾਉਣੀਆਂ ਹੈਨ।
ਜਾਂ ਮਿਸਰਾਣੀ ਛੇਤੀ ਛੇਤੀ ਦੋ ਤ੍ਰੈ, ਟੱਪੇ ਸੁਣਾ ਦਿੱਤੇ ਤਾਂ ਸਭੇ ਘਰ ਆਈਆਂ ਰਸੋਈ ਕਰ ਖਾ ਕੇ ਵੇਹਲੀਆ ਹੋਈਆਂ ਤੇ ਹਿੱਕ ਵਣਜਾਰਾ ਗਲ਼ੀ ਵਿੱਚ ਆਣ ਬੈਠਾ। ਕਿਸੇ ਪੁੱਛਿਆ ਭਾਈ ਤੇਰੇ ਕੋਲ ਦਦਾਸਾ ਹਈ ਵਿਖਾ ਖਾਂ ਕੇਹਾ ਕੁ ਰੰਗਲਾ ਜੇ। ਕਿਸੇ ਆਖਿਆ ਭਾਈ ਮੁਲੰਮੇ ਦੇ ਵਾਲਿਆਂ ਦਾ ਕੀ ਮੁੱਲ ਜੇ। ਕੋਈ ਬੋਲੀ ਵਿਖਾ ਖਾਂ ਤੇਰੇ ਪਾਸ ਬਿੰਦੀਆਂ ਕੇਹੀਆਂ ਕੁ ਹੁੰਦੀਆਂ ਨੇ।ਕਿਸੇ ਛੱਲੇ ਤੇ ਕਿਸੇ ਛਾਪਾਂ ਦਾ ਭਾਉ ਪੁੱਛਿਆ। ਜਾਂ ਵਣਜਾਰਾ ਕਿਸੇ ਵਲ ਵੇਖ ਕੇ ਹੱਸ ਪੈਂਦਾ ਅਤੇ ਕਿਸੇ ਵਲ ਅੱਖਾਂ ਮਟਕਾਉਂਦਾ ਜਾਪਿਆ ਤਾਂ ਹਿੱਕ ਬੋਲੀ ਵੇਖ ਕੁੜੇ ਗੰਗੀ ਮੋਇਆ ਵਣਜਾਰਾ ਕੇਹਾ ਖਚਰਾ ਹਈ। ਔਤੜਿਆਂ ਦਾ ਕੁੜੀਆਂ ਵੱਲ ਅੱਖ ਮਟੱਕੇ ਮਾਰਦਾ ਜੇ।
ਗੰਗੀ ਆਖਿਆ ਹਊਂ ਭੈਣ ਬੁਰਿਆਂ ਨੂੰ ਡਰ ਅਸਾਂ ਨੂੰ ਕੀ ਵਿਖਾਲਨੀ ਏਂ ਆਪਣਾ ਮਨ ਚੰਗਾ ਹੋਊ ਤੇ ਕੋਈ ਕਿਸੇ ਨੂੰ ਮੂੰਹ ਨਹੀਂ ਪਾਉਂਦਾ। ਮਨ ਚੰਗਾ ਤੇ ਕਠੋਤੀ ਗੰਗਾ।
ਫੇਰ ਹਿੱਕ ਬੁੱਢੀ ਆ ਕੇ ਆਖਿਆ ਭਾਈ ਵਣਜਾਰਿਆ ਅਹਿ ਕੇਹਾ ਚੁਟਾਹਲਾ ਪਾ ਛੱਡਿਆ ਈ ਚੱਕ ਕਿਸੀ ਹੋਰਸੀ ਗਲ਼ੀ ਹੁਣ ਸੌਦਾ ਜਾ ਵੇਚ ਅਜਿਹਾ ਤਾਂ ਕਦੀ ਕੋਈ ਨਹੀਂ ਵੇਖਿਆ ਕਿ ਜੋ ਸਾਰਾ ਦਿਨ ਤ੍ਰੀਮਤਾਂ ਕੋਲ ਬੈਠਾ ਰਹੇ।ਅਰ ਜਿਹੀਆਂ ਹੀ ਏਹ ਮੋਈਆਂ ਹੈਨ ਕਿ ਆਪਣਾ ਬਿਗਾਨਾ ਕੁਝ ਨਹੀਂ ਵੇਖਦੀਆਂ ਦੁੰਹ ਪਹਿਰਾਂ ਤੇ ਤੇਰੇ ਅੱਗੇ ਪਿੱਛੇ ਖਲੋਤੀਆਂ ਗੁਆਰਾਂ ਵਾਂਙੂ ਖਿੜ ਖਿੜ ਲਾ ਛੱਡੀ ਨੇ।
ਵਣਜਾਰੇ ਆਖਿਆ ਭਲਾ ਮਾਈ ਚਲੇ ਜਾਨੇ ਹਾਂ ਹੱਥ ਧੋ ਕੇ ਮਗਰ ਕਿਉਂ ਪੈ ਗਈ ਏ ਅਸਾਂ ਕਿਸੇ ਦਾ ਕੁਝ ਚੁੱਕ ਖੜਿਆ ਜੇ? ਬੁੱਢੀ ਆਖਿਆ ਚੁਕ ਖੜਿਆ ਦਾ ਬੱਚਾ ਅਸਾਂ ਮੱਤ ਦੀ ਗੱਲ ਆਖੀ ਔਤੜਿਆਂ ਦਾ ਅਗੋਂ ਗੱਲਾਂ ਮੜਾਕਦਾ ਏ ਚਲ ਦੂਰ ਹੋ ਨਹੀਂ ਤਾਂ ਹੁਣੇ ਆਪਣੇ ਪੁੱਤਰ ਨੂੰ ਸੱਦਕੇ ਮਝੀਟੀਆਂ ਪੁਟਾ ਦੇਵਾਂਗੀ।ਫੇਰ ਬੋਲੀ ਚਲੋ ਨੀ ਕੁੜੀਓ ਬਹੁਤ ਆਪਹੁਦਰੀਆਂ ਨਾ ਬਣੋ ਇਸ ਦਾ ਕੀ ਜਾਣਾ ਏ ਪੱਤ ਤੁਹਾਡੇ ਪੇਮਾਂ ਭਿਰਾਮਾਂ ਦੀ ਵਿਗੜੇਗੀ।
ਵਣਜਾਰਾ ਤੇ ਚਲਾ ਗਿਆ ਪਰ ਹਿੱਕ ਪਾਂਡਾ ਹੱਥ ਵਿੱਚ ਪੁਰਾਣੀ ਪੱਤਰੀ ਜੇਹੀ ਫੜਕੇ ਹਿੱਕ ਦੇ ਬੂਹੇ ਆ ਖਲੋਤਾ ਅਤੇ ਬੋਲਿਆ ਏਹ ਘਰ ਤੇ ਵਡਾ ਭਾਗਵਾਨ ਜਾਪਦਾ ਈ ਅਤੇ ਏਹ ਜੋ ਪੌੜੀ ਪਰ ਬੈਠਾ ਚੜਦੀ ਵਖਾਂ ਮੂੰਹ ਕਰੀ ਕਾਗ ਬੋਲਦਾ ਜੇ ਇਹ ਇਸ ਘਰ ਦੀ ਸੁਖ ਮਨਾਉਂਦਾ ਰਹਿੰਦਾ ਨੇ।ਉਸ ਘਰ ਵਾਲੀ ਝੱਟ ਉੱਤਰ ਕੇ ਆਪਣਾ ਹੱਥ ਉਸ ਦੇ ਅੱਗੇ ਕੀਤਾ ਅਤੇ ਪੁਛਿਆਸੁ ਪਾਂਡਾ ਵੇਖ ਖਾਂ ਮੇਰਾ ਲੇਖ ਕੇਹਾਕੁ ਜੇ।
ਪਾਂਡੇ ਤਾਂ ਬਾਹਰਲੇ ਬੂਹੇ ਬੈਠ ਕੇ ਇਸ ਘਰ ਦੇ ਮੁੰਡੇ ਕੁੜੀਆਂ ਅਤੇ ਉਹਨਾਂ ਦੇ ਨਾਮ ਪੁਛ ਹੀ ਲੀਤੇ ਸਾਨ। ਹੱਥ ਫੜਦਾ ਹੀ ਬੋਲਿਆ ਮੂਲੇ ਦੀ ਮਾਂ ਲੇਖ ਤੇ ਤੇਰਾ ਬਹੁਤ ਹੱਛਾ ਅਤੇ ਦਿਲ ਬੀ ਭੈੜਾ ਨਹੀਂ ਪਰ ਆਹਿ ਜੋ ਬਸੰਤੀ ਨਾਮੇਂ ਤੇਰੀ ਦਰਾਨੀ ਤੇਰੇ ਵਿੱਚ ਵਸਦੀ ਜੇ ਇਸ ਤੈਨੂੰ ਦਗਾ ਦੇਣਾਈ। ਅਰ ਹਿੱਕ ਗੁਆਂਢਣ ਤੇਰੇ ਭਲੇ ਵਿਚ ਜਾਪਦੀ ਏ ਹੁਣ ਤੇਰੇ ਮੂਲੇ ਛੇਤੀ ਹੀ ਵਿਆਹੇ ਜਾਣਾ ਏ। ਤੁਧ ਜਿਸ ਨਾਲ ਨੇਕੀ ਕੀਤੀ ਤੈਨੂੰ ਉਸ ਥੀਂ ਕੁਝ ਨਫਾ ਨਹੀਂ ਹੋਇਆ। ਮੇਰੀ ਪੱਤਰੀ ਆਖਦੀ ਜੇ ਕਿ ਥੁਹੜਾ ਜੇਹਾ ਤੇਲ ਤੇ ਤਨ ਦਾ ਕਪੜਾ ਅਤੇ ਕੁਝ ਚਾਂਦੀ ਆਪਣੇ ਸਿਰ ਛੁਆਕੇ ਐਸ ਵੇਲੇ ਪਾਂਡੇ ਨੂੰ ਦਿਹ ਤਾਂ ਸਭੋ ਦਲਿਦਰ ਦੂਰ ਹੋ ਜਾਣਗੇ। | ਉਸ ਤ੍ਰੀਮਤ ਝੱਟ ਸਭ ਕੁਝ ਦੇ ਦਿੱਤਾ ਅਤੇ ਹੋਰਨਾਂ ਗੁਆਂਢਣਾਂ ਨੂੰ ਸੱਦ ਕੇ ਆਖਿਆ ਅੜੀਓ ਪਾਂਡਾ ਵਡਾ ਸੱਚਾ ਤੇ ਇਸ ਦੀ ਪੱਤਰੀ ਬਹੁਤ ਸੱਚੀਆਂ ਖਬਰਾਂ ਦੇਂਦੀ ਜੇ ਮੇਰੇ ਸਭ ਪਤੇ ਇਸ ਤੁਰਤ ਫੁਰਤ ਲਾ ਦਿੱਤੇ ਤੁਸਾਂ ਬੀ ਕੁਝ ਪੁੱਛ ਲਉ।
ਕਿਸੇ ਆਖਿਆ ਭਾਈ ਵੇਖ ਖਾਂ ਮੇਰੀ ਸੱਸ ਮੇਰੇ ਨਾਲ ਰਾਜੀ ਕਦੋਂ ਹੁੰਦੀ ਏ? ਕਿਸੇ ਪੁੱਛਿਆ ਮੇਰੇ ਭਿਰਾਉ ਦੀ ਕੁੜਮਾਈ ਕਦੋਂ ਹੋਵੇਗੀ? ਕਿਸੇ ਆਖਿਆ ਪਾਂਡਾ ਮੇਰੇ ਲੇਖ ਵਿਚ ਕੁਝ ਧੰਨ ਵੀ ਹੈ ਕੇ ਨਹੀਂ? ਕੋਈ ਬੋਲੀ ਭਲਾ ਵੇਖ ਖਾਂ ਮੇਰੇ ਛੱਛੂ ਦੇ ਨਾਲ ਕਦੀ ਹੋਰ ਭਿਰਾਉ ਬੀ ਰਲੂਗੂ ਕੇ ਨਹੀਂ?
ਪਾਂਡੇ ਐਧਰ ਉਧਰ ਦੀਆਂ ਗਲਾਂ ਬਣਾਕੇ ਕਿਸੇ ਦਾ ਛੱਲਾ ਅਤੇ ਕਿਸੇ ਦੀ ਛਾਪ ਅਤੇ ਕਿਸੇ ਦੇ ਕੰਨ ਦੀ ਵਾਲੀ ਤੇ ਕਿਸੇ ਦੀ ਚਾਦਰ ਉਤਾਰ ਕੇ ਆਪਣਾ ਰਸਤਾ ਫੜਿਆ।
(ਅਰਥਾਵਲੀ : ਸਲੂਣੇ - ਨਮਕੀਨ। ਅੱਧੜਵੰਜੇ - ਅਧਨੰਗੇ। ਵਿੱਚਦੋ - ਵਿੱਚੋਂ । ਘੁੰਙਣੀਆਂ - ਬੱਕਲੀਆਂ। ਆਮੀ - ਆਵੀਂ। ਔਤਿੜਿਆਂ - ਔਂਤਰਿਆ, ਜਿਸ ਦੇ ਉਲਾਦ ਨਹੀਂ।ਮਿਸਰਾਣੀ - ਮਿਸਰ ਦੀ ਘਰਵਾਲੀ, ਬਾਹਮਣੀ, ਪੰਡਤਾਣੀ। ਪੁਰਤਾਣੀ - ਪੁਰੋਹਤਣੀ। ਬਥੇਰੇ - ਬਹੁਤੇਰੇ । ਹੰਤਕਾਰੀ - ਹਿਤਕਾਰੀ, ਹਿਤੈਸ਼ੀ। ਹਿੱਕ - ਇੱਕ। ਵਣਜਾਰਾ - ਵਪਾਰੀ। ਚੁਟਾਹਲਾ - ਭੀੜ-ਭੜੱਕੇ ਦਾ ਸ਼ੋਰ ।ਮਝਾਟੀਆਂ - ਮੀਢੀਆਂ। ਦਲਿਦਰ - ਦੁੱਖ।)