Pandit Shardha Ram Phillauri
ਪੰਡਤ ਸ਼ਰਧਾ ਰਾਮ ਫਿਲੌਰੀ

ਪੰਡਤ ਸ਼ਰਧਾ ਰਾਮ ਫਿਲੌਰੀ (1807-25 ਜੂਨ 1881) ਦਾ ਜਨਮ ਫਿਲੌਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ ਹੋਇਆ। ਬਚਪਨ ਵਿੱਚ ਪੰਡਤ ਰਾਮ ਚੰਦਰ ਤੋਂ ਸੰਸਕ੍ਰਿਤ ਤੇ ਸੱਯਦ ਅਬਦੁੱਲੇ ਸ਼ਾਹ ਤੋਂ ਫ਼ਾਰਸੀ ਪੜ੍ਹੀ। ਪਿਤਾ ਜੀ ਦੇ ਪ੍ਰਭਾਵ ਕਾਰਨ ਸੰਗੀਤ ਦਾ ਅਭਿਆਸ ਕੀਤਾ। ਨੱਚਣ, ਗਾਉਣ, ਸਾਂਗ ਰਚਾਉਣ ਤੇ ਤਰਨ ਦਾ ਡਾਢਾ ਸ਼ੌਕ ਸੀ। ਵਿਦਵਾਨ ਪਾਦਰੀ ਨਿਊਟਨ ਦੀ ਸੰਗਤ ਸਦਕਾ ਸ਼ਰਧਾ ਰਾਮ ਫਿਲੌਰੀ ਨੂੰ ਲਿਖਾਰੀ ਬਣਨ ਦੀ ਜਾਗ ਲੱਗੀ। ਆਪ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲਿਖਾਰੀਆਂ ਵਿੱਚੋਂ ਹਨ।
ਪੰਡਤ ਸ਼ਰਧਾ ਰਾਮ ਫਿਲੌਰੀ ਨੇ ਹਿੰਦੀ, ਉਰਦੂ ਅਤੇ ਪੰਜਾਬੀ ਤਿੰਨਾਂ ਜ਼ੁਬਾਨਾਂ ਵਿੱਚ ਸਾਹਿਤਿਕ ਰਚਨਾ ਕੀਤੀ ਹੈ। ਪੰਜਾਬੀ ਵਿੱਚ ਪੰਡਤ ਜੀ ਦੀਆਂ ਦੋ ਪ੍ਰਸਿੱਧ ਪੁਸਤਕਾਂ : ਸਿੱਖਾਂ ਦੇ ਰਾਜ ਦੀ ਵਿਥਿਆ’ ਅਤੇ ‘ਪੰਜਾਬੀ ਬਾਤ-ਚੀਤ’ ਹਨ। ਇਹ ਦੋਵੇਂ ਪੁਸਤਕਾਂ ਉਹਨਾਂ ਨੇ ਅੰਗਰੇਜ਼ ਹਾਕਮਾਂ ਦੇ ਕਹਿਣ 'ਤੇ ਲਿਖੀਆਂ। ਇਹਨਾਂ ਪੁਸਤਕਾਂ ਦਾ ਮਨੋਰਥ ਅੰਗਰੇਜ਼ ਅਫ਼ਸਰਾਂ ਜਾਂ ਪਾਦਰੀਆਂ ਨੂੰ ਪੰਜਾਬੀ ਸਿਖਾਉਣਾ ਸੀ। ‘ਪੰਜਾਬੀ ਬਾਤ-ਚੀਤ’ 1875 ਈਸਵੀ ਵਿੱਚ ਲਿਖੀ ਗਈ।ਇਹ ਪੁਸਤਕ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੀ ਹੈ। ਇਸ ਕੰਮ ਲਈ ਆਪ ਵਰ੍ਹਿਆਂਬੱਧੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਦੀ ਗੱਲ-ਬਾਤ, ਮੁਹਾਵਰੇ ਤੇ ਰਹਿਣ-ਸਹਿਣ ਦੇ ਢੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ। ਅੰਗਰੇਜ਼ਾਂ ਨੂੰ ਇਹ ਗਿਆਨ ਪਹੁੰਚਾਉਣ ਲਈ ਆਪ ਨੇ ਇੱਕ ਲੜੀਵਾਰ ਕਹਾਣੀ ਚਲਾਉਣ ਦਾ ਜਤਨ ਕੀਤਾ । ਕੋਈ ਖ਼ਾਸ ਦ੍ਰਿਸ਼ ਚੁਣ ਕੇ ਅਤੇ ਕੁਝ ਪਾਤਰ ਉਸਾਰ ਕੇ ਉਹਨਾਂ ਦੀ ਸੁਭਾਵਿਕ ਗੱਲ-ਬਾਤ ਰਾਹੀਂ ਆਪ ਸਥਾਨਿਕ ਰੰਗ ਉਘਾੜਨ ਵਿੱਚ ਬਹੁਤ ਸਫਲ ਹੋਏ ਹਨ।

ਪੰਡਤ ਸ਼ਰਧਾ ਰਾਮ ਫਿਲੌਰੀ : ਪੰਜਾਬੀ ਲੇਖ

Pandit Shardha Ram Phillauri : Punjabi Lekh