George Pancham Da Nakk (Hindi Story in Punjabi) : Kamleshwar
ਜਾਰਜ ਪੰਚਮ ਦਾ ਨੱਕ (ਹਿੰਦੀ ਕਹਾਣੀ) : ਕਮਲੇਸ਼ਵਰ
ਇਹ ਗੱਲ ਉਦੋਂ ਦੀ ਹੈ, ਜਦੋਂ ਇੰਗਲੈਂਡ ਦੀ ਰਾਣੀ ਇਲਿਜਬਥ ਦੂਜੀ ਆਪਣੇ ਪਤੀ ਸਮੇਤ ਭਾਰਤ ਤਸ਼ਰੀਫ ਲਿਆਉਣ ਵਾਲ਼ੀ ਸੀ। ਅਖ਼ਬਾਰਾਂ ’ਚ ਉਨ੍ਹਾਂ ਦੀ ਚਰਚਾ ਹੋ ਰਹੀ ਸੀ। ਰੋਜ ਲੰਡਨ ਦੇ ਅਖ਼ਬਾਰਾਂ ਰਾਹੀਂ ਖ਼ਬਰਾਂ ਆ ਰਹੀਆਂ ਸਨ ਕਿ ਸ਼ਾਹੀ ਦੌਰੇ ਲਈ ਕਿਹੋ ਜਹੀਆਂ ਤਿਆਰੀਆਂ ਹੋ ਰਹੀਆਂ ਨੇ। ਰਾਣੀ ਇਲਿਜਬਥ ਦਾ ਦਰਜੀ ਪਰੇਸ਼ਾਨ ਸੀ ਕਿ ਹਿੰਦੁਸਤਾਨ, ਪਾਕਿਸਤਾਨ ਅਤੇ ਨੇਪਾਲ ਦੇ ਦੌਰੇ ’ਤੇ, ਰਾਣੀ ਕਦੋਂ ਕੀ ਪਹਿਨੇਗੀ? ਉਨ੍ਹਾਂ ਦਾ ਸਕੱਤਰ ਅਤੇ ਸ਼ਾਇਦ ਜਾਸੂਸ ਵੀ ਉਨ੍ਹਾਂ ਤੋਂ ਪਹਿਲਾਂ ਹੀ ਇਸ ਮਹਾਂਦੀਪ ਦਾ ਤੂਫਾਨੀ ਦੌਰਾ ਕਰਨ ਵਾਲ਼ਾ ਸੀ। ਆਖਿਰ ਕੋਈ ਮਖੌਲ ਤਾਂ ਨਹੀਂ ਸੀ।… ਜਮਾਨਾ ਕਿਉਂਕਿ ਨਵਾਂ ਸੀ। ਫੌਜ ਸਮੇਤ ਨਿੱਕਲ਼ਣ ਦੇ ਦਿਨ ਬੀਤ ਗਏ ਸਨ। ਇਸ ਲਈ ਫੋਟੋਗਰਾਫਰਾਂ ਦੀ ਫੌਜ ਤਿਆਰ ਹੋ ਰਹੀ ਸੀ।
ਇੰਗਲੈਂਡ ਦੇ ਅਖ਼ਬਾਰਾਂ ਦੀਆਂ ਕਤਰਨਾਂ ਅਗਲੇ ਦਿਨ ਭਾਰਤੀ ਅਖ਼ਬਾਰਾਂ ’ਚ ਚੁੰਬੜੀਆਂ ਹੋਈਆਂ ਨਜਰ ਆਉਂਦੀਆਂ ਕਿ ਰਾਣੀ ਨੇ ਇੱਕ ਅਜਿਹੇ ਹਲਕੇ ਨੀਲੇ ਰੰਗ ਦਾ ਸੂਟ ਸਵਾਇਆ ਹੈ ਜਿਸ ਦਾ ਕੱਪੜਾ ਭਾਰਤ ’ਚੋਂ ਮੰਗਵਾਇਆ ਗਿਆ… ਅਤੇ ਉਸ ਸੂਟ ’ਤੇ ਤਕਰੀਬਨ ਚਾਰ ਸੌ ਪੌਂਡ ਖਰਚ ਹੋਇਆ ਹੈ।
ਰਾਣੀ ਇਲਿਜਬਥ ਦੀ ਜਨਮ ਪੱਤਰੀ ਵੀ ਛਪੀ। ਪਿ੍ਰੰਸ ਫਿਲਿਪ ਦੇ ਕਾਰਨਾਮੇ ਛਪੇ, ਹੋਰ ਤਾਂ ਹੋਰ ਉਨ੍ਹਾਂ ਦੇ ਨੌਕਰਾਂ, ਬਾਵਰਚੀ-ਖਾਨਸਾਮਿਆਂ ਅਤੇ ਅੰਗ ਰੱਖਿਅਕਾਂ ਦੀਆਂ ਪੂਰੀਆਂ ਜੀਵਨੀਆਂ ਵੇਖਣ ’ਚ ਆਈਆਂ। ਸ਼ਾਹੀ ਮਹਿਲਾਂ ’ਚ ਰਹਿਣ ਵਾਲ਼ੇ ਪਾਲਤੂ ਕੁੱਤਿਆਂ ਦੀਆਂ ਤਸਵੀਰਾਂ ਵੀ ਅਖ਼ਬਾਰਾਂ ’ਚ ਛਪੀਆਂ।
ਬੜੀ ਧੂਮ ਸੀ। ਬੜਾ-ਹੋ ਹੱਲਾ ਸੀ। ਸੰਖ ਇੰਗਲੈਂਡ ’ਚ ਵੱਜ ਰਿਹਾ ਸੀ, ਗੂੰਜ ਹਿੰਦੁਸਤਾਨ ’ਚ ਆ ਰਹੀ ਸੀ।
ਇਨ੍ਹਾਂ ਖ਼ਬਰਾਂ ਨਾਲ਼ ਹਿੰਦੁਸਤਾਨ ’ਚ ਸਨਸਨੀ ਫੈਲ ਰਹੀ ਸੀ। ਰਾਜਧਾਨੀ ’ਚ ਤਰਥੱਲੀ ਮੱਚੀ ਹੋਈ ਸੀ। ਜਿਹੜੀ ਰਾਣੀ ਪੰਜ ਹਜਾਰ ਦਾ ਰੇਸ਼ਮੀ ਸੂਟ ਪਹਿਨ ਕੇ ਪਾਲਮ ਦੇ ਹਵਾਈ ਅੱਡੇ ’ਤੇ ਉੱਤਰੇਗੀ ਉਹਦੇ ਲਈ ਕੁੱਝ ਤਾਂ ਹੋਣਾ ਹੀ ਚਾਹੀਦਾ। ਕੁੱਝ ਕੀ, ਬਹੁਤ ਕੁੱਝ ਹੋਣਾ ਚਾਹੀਦਾ। ਜਿਸ ਦੇ ਬਾਵਰਚੀ ਪਹਿਲੇ ਮਹਾਂ ਯੁੱਧ ’ਚ ਜਾਨ ਤਲੀ ’ਤੇ ਲੈ ਕੇ ਲੜ ਚੁੱਕੇ ਨੇ, ਉਹਦੀ ਸ਼ਾਨ ਸੌਕਤ ਦੇ ਕੀ ਕਹਿਣੇ ਅਤੇ ਉਹੋ ਹੀ ਰਾਣੀ ਦਿੱਲੀ ਆ ਰਹੀ ਸੀ।
ਨਵੀਂ ਦਿੱਲੀ ਨੇ ਆਪਣੇ ਵੱਲ ਤੱਕਿਆ ਤੇ ਆਪ ਮੁਹਾਰਾ ਮੂੰਹੋਂ ਨਿੱਕਲ਼ ਗਿਆ “ਵੋ ਆਏਂ ਹਮਾਰੇ ਘਰ, ਖੁਦਾ ਕੀ ਰਹਿਮਤ ਕਭੀ ਹਮ ਉਨ ਕੋ ਕਭੀ ਅਪਨੇ ਘਰ ਕੋ ਦੇਖਤੇ ਹੈਂ…” ਅਤੇ ਵੇਖਦਿਆਂ ਹੀ ਨਵੀਂ ਦਿੱਲੀ ਦੀ ਕਾਇਆ ਪਲਟ ਗਈ।
ਅਤੇ ਕ੍ਰਿਸ਼ਮਾ ਇਹ ਸੀ ਕਿ ਕਿਸੇ ਨੇ ਕਿਸੇ ਨੂੰ ਨਹੀਂ ਕਿਹਾ, ਕਿਸੇ ਨੇ ਕਿਸੇ ਨੂੰ ਨਹੀਂ ਤੱਕਿਆ, ਪਰ ਸੜਕਾਂ ਜਵਾਨ ਹੋ ਗਈਆਂ। ਬੁਢੇਪੇ ਦੀ ਧੂੜ ਸਾਫ ਹੋ ਗਈ। ਇਮਾਰਤਾਂ ਨੇ ਨਖਰੇਲੀਆਂ ਨਾਰਾਂ ਵਾਂਗ ਸ਼ਿੰਗਾਰ ਕੀਤਾ।
ਪਰ ਇੱਕ ਬੜੀ ਵੱਡੀ ਮੁਸ਼ਕਲ ਸਾਹਮਣੇ ਸੀ ਉਹ ਸੀ ਜਾਰਜ ਪੰਚਮ ਦਾ ਨੱਕ!… ਨਵੀਂ ਦਿੱਲੀ ’ਚ ਸਭ ਕੁੱਝ ਸੀ। ਸਭ ਕੁੱਝ ਹੁੰਦਾ ਜਾ ਰਿਹਾ ਸੀ। ਸਭ ਕੁੱਝ ਹੋ ਜਾਣ ਦੀ ਉਮੀਦ ਸੀ। ਪਰ ਜਾਰਜ ਪੰਚਮ ਦੇ ਨੱਕ ਦੀ ਬੜੀ ਮੁਸੀਬਤ ਸੀ। ਨਵੀਂ ਦਿੱਲੀ ’ਚ ਸਭ ਕੁੱਝ ਸੀ… ਸਿਰਫ ਨੱਕ ਨਹੀਂ ਸੀ।
ਇਸ ਨੱਕ ਦੀ ਵੀ ਲੰਮੀ ਕਹਾਣੀ ਹੈ। ਇਸ ਨੱਕ ਲਈ ਬੜੇ ਥਲਕੇ ਮਚੇ ਸਨ। ਅੰਦੋਲਨ ਹੋਏ ਸਨ। ਰਾਜਨੀਤਕ ਪਾਰਟੀਆਂ ਨੇ ਮਤੇ ਪਾਸ ਕੀਤੇ ਸਨ। ਚੰਦਾ ਜਮ੍ਹਾ ਹੋਇਆ ਸੀ। ਕੁੱਝ ਨੇਤਾਵਾਂ ਨੇ ਭਾਸ਼ਣ ਵੀ ਦਿੱਤੇ ਸਨ। ਗਰਮਾ ਗਰਮ ਬਹਿਸਾਂ ਹੋਈਆਂ ਸਨ। ਅਖ਼ਬਾਰਾਂ ਦੇ ਸਫੇ ਰੰਗੇ ਗਏ ਸਨ। ਬਹਿਸ ਇਸ ਗੱਲ ਦੀ ਸੀ ਕਿ ਜਾਰਜ ਪੰਚਮ ਦਾ ਨੱਕ ਰਹਿਣ ਦਿਤਾ ਜਾਵੇ ਜਾਂ ਹਟਾ ਦਿੱਤਾ ਜਾਵੇ ਅਤੇ ਜਿਹਾ ਕਿ ਹਰ ਰਾਜਨੀਤਕ ਅੰਦੋਲਨ ’ਚ ਹੁੰਦਾ ਹੈ, ਕੁੱਝ ਹੱਕ ਵਿੱਚ ਸਨ ਤੇ ਕੁੱਝ ਵਿਰੋਧ ਵਿੱਚ ਅਤੇ ਬਹੁਤੇ ਲੋਕ ਖਾਮੋਸ਼ ਸਨ ਖਾਮੋਸ਼ ਰਹਿਣ ਵਾਲ਼ਿਆਂ ਦੀ ਤਾਕਤ ਦੋਵੇਂ ਪਾਸੇ ਸੀ।
ਇਹ ਅੰਦੋਲਨ ਚਲ ਰਿਹਾ ਸੀ। ਜਾਰਜ ਪੰਚਮ ਦੇ ਨੱਕ ਲਈ ਹਥਿਆਰਬੰਦ ਪਹਿਰੇਦਾਰ ਖੜ੍ਹੇ ਕਰ ਦਿੱਤੇ ਗਏ ਸਨ। ਕੀ ਮਜਾਲ ਕਿ ਕੋਈ ਉਨ੍ਹਾਂ ਦੇ ਨੱਕ ਤੱਕ ਪਹੁੰਚ ਸਕੇ। ਹਿੰਦੁਸਤਾਨ ’ਚ ਥਾਂ ਪੁਰ ਥਾਂ ਅਜਿਹੇ ਨੱਕ ਖੜ੍ਹੇ ਸਨ। ਅਤੇ ਜਿਨ੍ਹਾਂ ਤੱਕ ਲੋਕਾਂ ਦੇ ਹੱਥ ਪਹੁੰਚ ਗਏ, ਉਨ੍ਹਾਂ ਨੂੰ ਪੂਰੀ ਸ਼ਾਨ ਨਾਲ਼ ਉਤਾਰਕੇ ਅਜਾਇਬ ਘਰਾਂ ’ਚ ਪਹੁੰਚਾ ਦਿਤਾ ਗਿਆ। ਕਿਤੇ ਕਿਤੇ ਤਾਂ ਸ਼ਾਹੀ ਲਾਟਾਂ ਦੇ ਨੱਕਾਂ ਲਈ ਗੁਰੀਲਾ ਯੁੱਧ ਵੀ ਹੁੰਦਾ ਰਿਹਾ।
ਉਸ ਸਮੇਂ ਇਹ ਹਾਦਸਾ ਹੋਇਆ। ਇੰਡੀਆ ਗੇਟ ਦੇ ਸਾਹਮਣੇ ਵਾਲ਼ੀ ਜਾਰਜ ਪੰਚਮ ਦੀ ਲਾਟ ਦਾ ਨੱਕ ਅਚਾਨਕ ਗਾਇਬ ਹੋ ਗਿਆ। ਹਥਿਆਰਬੰਦ ਪਹਿਰੇਦਾਰ ਆਪਣੀ ਥਾਂ ਖਲੋਤੇ ਰਹੇ। ਗਸ਼ਤ ਕਰਦੇ ਰਹੇ, ਪਰ ਲਾਟ ਦਾ ਨੱਕ ਖਿਸਕ ਗਿਆ।
ਰਾਣੀ ਆਵੇ ਤੇ ਨੱਕ ਨਾ ਹੋਵੇ! ਇਹ ਪਰੇਸ਼ਾਨੀ ਅਚਾਨਕ ਵਧ ਗਈ ਅਤੇ ਮਸਲਾ ਪੇਸ਼ ਕੀਤਾ ਗਿਆ ਕਿ ਕੀ ਕੀਤਾ ਜਾਵੇ? ਇਸ ਗੱਲ ’ਤੇ ਸਾਰੇ ਹੀ ਸਹਿਮਤ ਸਨ ਕਿ ਜੇ ਕਰ ਉੱਥੇ ਨੱਕ ਨਾ ਹੋਵੇ ਤਾਂ ਸਾਡਾ ਨੱਕ ਵੀ ਨਹੀਂ ਰਹਿਣਾ।
ਵੱਡੇ ਪੈਮਾਨੇ ’ਤੇ ਸੋਚ ਵਿਚਾਰ ਹੋਈ। ਦਿਮਾਗ ਖਰਚੇ ਗਏ ਅਤੇ ਇਹ ਫੈਸਲਾ ਹੋਇਆ ਕਿ ਇਸ ਨੱਕ ਦਾ ਹੋਣਾ ਹਰ ਹਾਲਤ ’ਚ ਬਹੁਤ ਜਰੂਰੀ ਹੈ। ਇਹ ਫੈਸਲਾ ਹੁੰਦਿਆਂ ਹੀ ਇੱਕ ਬੁੱਤ ਘਾੜੇ ਨੂੰ ਹੁਕਮ ਦਿੱਤਾ ਗਿਆ ਕਿ ਫੌਰਨ ਦਿੱਲੀ ਹਾਜਰ ਹੋਵੇ।
ਬੁੱਤ ਘਾੜਾ ਉਂਝ ਤਾਂ ਕਲਾਕਾਰ ਸੀ, ਪਰ ਜਰਾ ਪੈਸੇ ਤੋਂ ਤੰਗ। ਆਉਂਦਿਆਂ ਹੀ ਉਸ ਨੇ ਹਾਕਮਾਂ ਦੇ ਚਿਹਰੇ ਵੇਖੇ। ਅਜੀਬ ਪਰੇਸ਼ਾਨੀ ਸੀ ਉਨ੍ਹਾਂ ਚਿਹਰਿਆਂ ’ਤੇ… ਕੁੱਝ ਢੱਠੇ ਹੋਏ, ਕੁੱਝ ਉਦਾਸ ਤੇ ਕੁੱਝ ਬਦਹਵਾਸ। ਉਨ੍ਹਾਂ ਦੀ ਹਾਲਤ ਵੇਖ ਕੇ ਕਲਾਕਾਰ ਦੀਆਂ ਅੱਖਾਂ ’ਚ ਅੱਥਰੂ ਆ ਗਏ।… ਇੱਕ ਅਵਾਜ ਸੁਣਾਈ ਦਿੱਤੀ ‘‘ਬੁੱਤ ਘਾੜੇ! ਜਾਰਜ ਪੰਚਮ ਦਾ ਨੱਕ ਲਾਉਣਾ ਹੈ…!”
ਬੁੱਤ ਘਾੜੇ ਨੇ ਕਿਹਾ -“ਨੱਕ ਲੱਗ ਜਾਵੇਗਾ ਪਰ ਮੈਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਲਾਟ ਕਦੋਂ ਤੇ ਕਿੱਥੇ ਬਣੀ ਸੀ ?… ਇਸ ਲਾਟ ਲਈ ਪੱਥਰ ਕਿੱਥੋਂ ਆਇਆ ਸੀ?”
ਸਭ ਹਾਕਮਾਂ ਨੇ ਇੱਕ ਦੂਸਰੇ ਵੱਲ ਤੱਕਿਆ।… ਇੱਕ ਦੀ ਨਜਰ ਨੇ ਦੂਸਰੇ ਨੂੰ ਕਿਹਾ ਕਿ ਇਹ ਗੱਲ ਦੱਸਣ ਦੀ ਜਿੰਮੇਵਾਰੀ ਤੇਰੀ ਹੈ। ਖੈਰ! ਮਸਲਾ ਹੱਲ ਹੋ ਗਿਆ। ਇੱਕ ਕਲਰਕ ਨੂੰ ਫੋਨ ਕਰਕੇ ਇਹਦੇ ਬਾਰੇ ਜਾਂਚ ਪੜਤਾਲ ਦਾ ਕੰਮ ਸੰਭਾਲ਼ਿਆ ਗਿਆ। ਪੁਰਾਣੀਆਂ ਇਮਾਰਤਾਂ ਦੀ ਸੰਭਾਲ਼ ਦੇ ਮਹਿਕਮੇ ਦੀਆਂ ਫਾਈਲਾਂ ਦੇ ਪੇਟ ਚੀਰੇ ਗਏ। ਪਰ ਕੁੱਝ ਵੀ ਪਤਾ ਨਹੀਂ ਲੱਗਾ। ਕਲਰਕ ਨੇ ਵਾਪਸੀ ’ਤੇ ਕਮੇਟੀ ਦੇ ਸਾਹਮਣੇ ਕੰਬਦਿਆਂ ਬਿਆਨ ਦਿਤਾ “ਜਨਾਬ! ਮੇਰੀ ਖਤਾ ਮਾਫ, ਫਾਈਲਾਂ ਸਭ ਕੁੱਝ ਹਜਮ ਕਰ ਗਈਆਂ ਨੇ।’’
ਹਾਕਮਾਂ ਦਿਆਂ ਚਿਹਰਿਆਂ ’ਤੇ ਉਦਾਸੀ ਦੇ ਬੱਦਲ ਛਾ ਗਏ। ਇੱਕ ਖਾਸ ਕਮੇਟੀ ਬਣਾਈ ਗਈ ਅਤੇ ਉਹਨੂੰ ਇਹ ਕੰਮ ਸੰਭਾਲ਼ਿਆ ਗਿਆ ਕਿ ਜਿਵੇਂ ਵੀ ਹੋਵੇ ਇਹ ਕੰਮ ਕਰਨਾ ਹੀ ਹੈ ਅਤੇ ਇਸ ਨੱਕ ਦਾ ਦਾਰੋਮਦਾਰ ਤੁਹਾਡੇ ਸਿਰ ’ਤੇ ਹੈ…..।
ਬੁੱਤ ਘਾੜੇ ਨੂੰ ਫਿਰ ਬੁਲਾਇਆ ਗਿਆ। ਉਸ ਨੇ ਮਸਲਾ ਹੱਲ ਕਰ ਦਿੱਤਾ। ਬੋਲਿਆ, ‘‘ਪੱਥਰ ਦੀ ਨਸਲ ਦਾ ਠੀਕ ਪਤਾ ਨਹੀਂ ਲੱਗਦਾ ਤਾਂ ਪਰੇਸ਼ਾਨ ਨਾ ਹੋਵੋ, ਮੈਂ ਹਿੰਦੁਸਥਾਨ ਦੇ ਹਰ ਪਹਾੜ ’ਤੇ ਜਾਵਾਂਗਾ ਅਤੇ ਅਜਿਹਾ ਪੱਥਰ ਲੱਭ ਲਿਆਵਾਂਗਾ।”
ਕਮੇਟੀ ਦੇ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ। ਪ੍ਰਧਾਨ ਨੇ ਤੁਰਦਿਆਂ ਕਿਹਾ ‘‘ਅਜੇਹੀ ਕਿਹੜੀ ਚੀਜ ਹੈ ਜਿਹੜੀ ਸਾਡੇ ਹਿੰਦੁਸਤਾਨ ’ਚ ਨਹੀਂ ਮਿਲ਼ਦੀ। ਹਰ ਚੀਜ ਇਸ ਦੇਸ਼ ਦੇ ਗਰਭ ’ਚ ਲੁਕੀ ਹੋਈ ਹੈ। ਜਰੂਰਤ ਲੱਭਣ ਦੀ ਹੈ। ਲੱਭਣ ਲਈ ਮਿਹਨਤ ਕਰਨੀ ਪਵੇਗੀ। ਇਸ ਮਿਹਨਤ ਦਾ ਫਲ ਸਾਨੂੰ ਮਿਲ਼ੇਗਾ। ਆਉਣ ਵਾਲ਼ਾ ਜਮਾਨਾ ਖੁਸ਼ਹਾਲ ਹੋਵੇਗਾ…।”
ਇਹ ਛੋਟਾ ਜਿਹਾ ਭਾਸ਼ਣ ਫੌਰਨ ਅਖ਼ਬਾਰਾਂ ’ਚ ਛਪ ਗਿਆ।
ਬੁੱਤ ਘਾੜਾ ਹਿੰਦੁਸਤਾਨ ਦੇ ਪਹਾੜੀ ਇਲਾਕਿਆਂ ’ਤੇ ਪੱਥਰ ਦੀਆਂ ਖਾਣਾਂ ਦੇ ਦੌਰੇ ਲਈ ਚਲ ਪਿਆ। ਕੁੱਝ ਦਿਨਾਂ ਬਾਅਦ ਉਹ ਹੈਰਾਨ ਪਰੇਸ਼ਾਨ ਪਰਤਿਆ। ਉਹਦੇ ਚਿਹਰੇ ’ਤੇ ਲਾਹਨਤ ਉੱਕਰੀ ਹੋਈ ਸੀ। ਸਿਰ ਸੁੱਟਕੇ ਉਸ ਨੇ ਖ਼ਬਰ ਦਿੱਤੀ ਹਿੰਦੁਸਤਾਨ ਦਾ ਚੱਪਾ ਚੱਪਾ ਲੱਭ ਮਾਰਿਆ, ਪਰ ਇਸ ਨਸਲ ਦਾ ਪੱਥਰ ਕਿਤੇ ਨਹੀਂ ਮਿਲ਼ਿਆ। ਇਹ ਪੱਥਰ ਵਿਦੇਸ਼ੀ ਹੈ।
ਪ੍ਰਧਾਨ ਨੇ ਗੁੱਸੇ ’ਚ ਕਿਹਾ “ਲਾਹਨਤ ਹੈ ਤੇਰੀ ਅਕਲ ’ਤੇ! ਵਿਦੇਸ਼ਾਂ ਦੀਆਂ ਸਾਰੀਆਂ ਚੀਜਾਂ ਅਸੀਂ ਅਪਣਾ ਚੁੱਕੇ ਹਾਂ ਦਿਲ, ਦਿਮਾਗ, ਤੌਰ ਤਰੀਕੇ ਅਤੇ ਰਹਿਣ ਸਹਿਣ। ਜਦੋਂ ਹਿੰਦੁਸਤਾਨ ’ਚ ਬਾਲ-ਡਾਂਸ ਤੱਕ ਮਿਲ ਜਾਂਦਾ ਹੈ ਤਾਂ ਪੱਥਰ ਕਿਉਂ ਨਹੀਂ ਮਿਲ਼ ਸਕਦਾ?”
ਬੁੱਤ ਘਾੜਾ ਚੁੱਪ ਖੜਾ ਸੀ। ਅਚਾਨਕ ਉਹਦੀਆਂ ਅੱਖਾਂ ’ਚ ਚਮਕ ਆ ਗਈ। ਉਹਨੇ ਕਿਹਾ, ‘‘ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ, ਪਰ ਇਸ ਸ਼ਰਤ ’ਤੇ ਕਿ ਇਹ ਗੱਲ ਅਖ਼ਬਾਰਾਂ ਤੱਕ ਨਾ ਪੁੱਜੇ…”
ਪ੍ਰਧਾਨ ਦੀਆਂ ਅੱਖਾਂ ’ਚ ਵੀ ਚਮਕ ਆ ਗਈ। ਚਪੜਾਸੀ ਨੂੰ ਹੁਕਮ ਹੋਇਆ ਤੇ ਕਮਰੇ ਦੇ ਸਾਰੇ ਦਰਵਾਜੇ ਬੰਦ ਕਰ ਦਿੱਤੇ ਗਏ। ਬੁੱਤ ਘਾੜੇ ਨੇ ਕਿਹਾ- “ਦੇਸ਼ ’ਚ ਆਪਣੇ ਨੇਤਾਵਾਂ ਦੇ ਬੁੱਤ ਵੀ ਹੈਨ… ਜੇਕਰ ਇਜਾਜਤ ਹੋਵੇ ਅਤੇ ਤੁਸੀਂ ਠੀਕ ਸਮਝੋ ਤਾਂ ਮੇਰਾ ਮਤਲਬ ਹੈ ਕਿ ਜਿਸ ਦਾ ਨੱਕ ਇਸ ਲਾਟ ’ਤੇ ਫਿੱਟ ਬੈਠੇ ਉਹਨੂੰ ਲਾਹ ਲਿਆ ਜਾਵੇ…।’’
ਸਾਰਿਆਂ ਨੇ ਸਾਰਿਆਂ ਵੱਲ ਤੱਕਿਆ। ਸਾਰਿਆਂ ਦੀਆਂ ਅੱਖਾਂ ’ਚ ਇੱਕ ਪਲ ਦੀ ਪਰੇਸ਼ਾਨੀ ਤੋਂ ਬਾਅਦ ਖੁਸ਼ੀ ਤੈਰ ਗਈ। ਪ੍ਰਧਾਨ ਨੇ ਮਲਕੜੇ ਜਿਹੇ ਕਿਹਾ ‘‘ਪਰ ਬੜੀ ਹੁਸ਼ਿਆਰੀ ਨਾਲ਼।’’
ਬੁੱਤ ਘਾੜਾ ਫੇਰ ਦੇਸ਼ਦੌਰੇ ’ਤੇ ਚਲ ਪਿਆ। ਜਾਰਜ ਪੰਚਮ ਦੇ ਗੁਆਚੇ ਨੱਕ ਦਾ ਨਾਪ ਉਹਦੇ ਕੋਲ਼ ਸੀ। ਦਿੱਲੀਉਂ ਉਹ ਬੰਬਈ ਪੁੱਜਾ। ਦਾਦਾ ਭਾਈ ਨਾਰੋ ਜੀ, ਗੋਖਲੇ, ਸ਼ਿਵਾ ਜੀ, ਕਾਸਵਜੀ ਜਹਾਂਗੀਰ ਸਭ ਦੇ ਨੱਕ ਉਹਨੇ ਟੋਹੇ, ਨਾਪੇ ਅਤੇ ਗੁਜਰਾਤ ਵੱਲ ਨੱਸਿਆ। ਗਾਂਧੀ ਜੀ, ਸਰਦਾਰ ਪਟੇਲ, ਬਿਠਲ ਭਾਈ ਪਟੇਲ, ਮਹਾਂ ਦੇਵ ਦਿਸਾਈ ਦੇ ਬੁੱਤਾਂ ਨੂੰ ਪਰਖਿਆ ਅਤੇ ਬੰਗਲ ਵੱਲ ਤੁਰ ਪਿਆ। ਗੁਰੂ ਦੇਵ ਰਵਿੰਦਰ ਨਾਥ, ਸੁਭਾਸ਼ ਚੰਦਰ ਬੋਸ, ਰਾਜਾ ਰਾਮ ਮੋਹਨ ਰਾਇ ਆਦਿ ਨੂੰ ਵੀ ਤੱਕਿਆ। ਨਾਪ ਤੋਲ ਕੀਤੀ ਤੇ ਬਿਹਾਰ ਵੱਲ ਮੁੜਿਆ। ਬਿਹਾਰ ਹੁੰਦਾ ਹੋਇਆ ਉੱਤਰ ਪ੍ਰਦੇਸ਼ ਵੱਲ ਆਇਆ – ਚੰਦਰ ਸ਼ੇਖਰ ਅਜਾਦ, ਵਿਸਮਿਲ, ਮੋਤੀ ਲਾਲ ਨਹਿਰੂ, ਮਦਨ ਮੋਹਨ ਮਾਲਵੀਆ ਦੀਆਂ ਲਾਟਾਂ ਕੋਲ਼ ਗਿਆ। ਘਬਰਾ ਕੇ ਮਦਰਾਸ ਵੀ ਪੁੱਜਾ। ਸਤਯ ਮੂਰਤੀ ਨੂੰ ਵੀ ਤੱਕਿਆ ਅਤੇ ਮੈਸੂਰ-ਕੇਰਲ ਆਦਿ ਪ੍ਰਦੇਸ਼ਾਂ ਦਾ ਦੌਰਾ ਕਰਦਾ ਹੋਇਆ ਪੰਜਾਬ ਪੁੱਜਾ। ਲਾਲਾ ਲਾਜਪਤ ਰਾਇ ਤੇ ਭਗਤ ਸਿੰਘ ਦੀਆਂ ਲਾਟਾਂ ਨਾਲ਼ ਵੀ ਸਾਹਮਣਾ ਹੋਇਆ। ਅਖੀਰ ਦਿੱਲੀ ਪੁੱਜਾ ਤੋਂ ਉਹਨੇ ਆਪਣੀ ਮੁਸ਼ਕਲ ਬਿਆਨ ਕੀਤੀ ‘ਪੂਰੇ ਹਿੰਦੁਸਤਾਨ ਦੀ ਪ੍ਰਕਰਮਾ ਕਰ ਆਇਆ ਹਾਂ। ਸਭ ਬੁੱਤ ਵੇਖ ਲਏ। ਸਭ ਦੇ ਨੱਕਾਂ ਦਾ ਨਾਪ ਲਿਆ ਪਰ ਜਾਰਜ ਪੰਚਮ ਦੇ ਨੱਕ ਨਾਲ਼ੋਂ ਉਹ ਸਾਰੇ ਹੀ ਵੱਡੇ ਸਨ।
ਸੁਣ ਕੇ ਸਾਰੇ ਹੀ ਪਰੇਸ਼ਾਨ ਹੋ ਗਏ। ਬੁੱਤ ਘਾੜੇ ਨੇ ਤਸੱਲੀ ਦੁਆਂਦਿਆਂ ਕਿਹਾ “ਸੁਣਿਐਂ ਬਿਹਾਰ ਸਕੱਤਰੇਤ ਦੇ ਸਾਹਮਣੇ ਸੰਨ ਬਿਆਲੀ ’ਚ ਸ਼ਹੀਦ ਬੱਚਿਆਂ ਦੇ ਬੁੱਤ ਬਣੇ ਹੋਏ ਨੇ। ਸ਼ਾਇਦ ਬੱਚਿਆਂ ਦਾ ਨੱਕ ਹੀ ਫਿੱਟ ਬੈਠ ਜਾਵੇ… ਇਹ ਸੋਚਕੇ ਉੱਥੇ ਵੀ ਪੁੱਜਾ। ਉਨ੍ਹਾਂ ਬੱਚਿਆਂ ਦੇ ਨੱਕ ਵੀ ਇਸ ਨਾਲ਼ੋਂ ਕਿਤੇ ਵੱਡੇ ਹਨ। ਹੁਣ ਦੱਸੋ ਮੈਂ ਕੀ ਕਰਾਂ?”
ਰਾਜਧਾਨੀ ’ਚ ਸਭ ਤਿਆਰੀਆਂ ਸਨ। ਜਾਰਜ ਪੰਚਮ ਦੀ ਲਾਟ ਨੂੰ ਮਲ਼-ਮਲ਼ ਕੇ ਨੁਹਾਇਆ ਗਿਆ ਅਤੇ ਰੋਗਨ ਵੀ ਕੀਤਾ ਗਿਆ। ਸਭ ਕੁੱਝ ਹੋ ਚੁੱਕਾ ਸੀ। ਸਿਰਫ ਨੱਕ ਨਹੀਂ ਸੀ।
ਗੱਲ ਫੇਰ ਵੱਡੇ ਹਾਕਮਾਂ ਕੋਲ਼ ਪੁੱਜੀ। ਬੜੀ ਖਲਬਲੀ ਮਚੀ। ਜੇਕਰ ਜਾਰਜ ਪੰਚਮ ਦਾ ਨੱਕ ਨਾ ਲੱਗ ਸਕਿਆ ਤਾਂ ਰਾਣੀ ਦਾ ਸਵਾਗਤ ਕਰਨ ਦਾ ਕੀ ਮਤਲਬ? ਇਹ ਤਾਂ ਆਪਣਾ ਨੱਕ ਵਢਾਣ ਵਾਲ਼ੀ ਗੱਲ ਹੋਈ।
ਪਰ ਬੁੱਤ ਘਾੜਾ ਪੈਸਿਆਂ ਤੋਂ ਔਖਾ ਸੀ… ਯਾਨੀ ਹਾਰ ਮੰਨਣ ਵਾਲ਼ਾ ਕਲਾਕਾਰ ਨਹੀਂ ਸੀ। ਇੱਕ ਹੈਰਾਨ ਕਰਨ ਵਾਲ਼ਾ ਖਿਆਲ ਉਹਦੇ ਦਿਮਾਗ ’ਚ ਚਮਕਿਆ ਅਤੇ ਉਹਨੇ ਪਹਿਲੀ ਸ਼ਰਤ ਫੇਰ ਦੁਹਰਾਈ। ਜਿਸ ਕਮਰੇ ’ਚ ਕਮੇਟੀ ਬੈਠੀ ਹੋਈ ਸੀ, ਉਹਦੇ ਦਰਵਾਜੇ ਫੇਰ ਬੰਦ ਹੋਏ ਤੇ ਬੁੱਤ ਘਾੜੇ ਨੇ ਆਪਣੀ ਯੋਜਨਾ ਪੇਸ਼ ਕਰ ਦਿੱਤੀ, ‘‘ਕਿਉਂਕਿ ਨੱਕ ਲਾਉਣਾ ਬਹੁਤ ਜਰੂਰੀ ਹੈ। ਇਸ ਲਈ ਮੇਰੀ ਰਾਇ ਹੈ ਕਿ ਚਾਲੀ ਕਰੋੜਾਂ ’ਚੋਂ ਕੋਈ ਇੱਕ ਜੀਂਦਾ ਨੱਕ ਵੱਢ ਕੇ ਲਾ ਦਿਤਾ ਜਾਵੇ…”
ਗੱਲ ਦੇ ਨਾਲ ਹੀ ਚੁੱਪ ਵਰਤ ਗਈ। ਕੁੱਝ ਪਲਾਂ ਬਾਅਦ ਪ੍ਰਧਾਨ ਨੇ ਸਾਰਿਆਂ ਵੱਲ ਤੱਕਿਆ। ਸਾਰਿਆਂ ਨੂੰ ਪਰੇਸ਼ਾਨ ਵੇਖ ਕੇ ਬੁੱਤ ਘਾੜਾ ਕੁੱਝ ਸੁੰਗੜਿਆ ਪਰ ਫੇਰ ਹੌਲ਼ੀ ਜਿਹੀ ਬੋਲਿਆ “ਤੁਸੀਂ ਕਿਉਂ ਘਬਰਾਉਂਦੇ ਹੋ… ਇਹ ਕੰਮ ਮੇਰੇ ’ਤੇ ਛੱਡ ਦਿਉ ਨੱਕ ਚੁਣਨਾ ਮੇਰਾ ਕੰਮ ਹੈ। ਤੁਹਾਡੀ ਤਾਂ ਇਜਾਜਤ ਚਾਹੀਦੀ ਹੈ…।”
ਘੁਸਰ ਮੁਸਰ ਹੋਈ ਤੇ ਬੁੱਤ ਘਾੜੇ ਨੂੰ ਇਜਾਜਤ ਦੇ ਦਿੱਤੀ ਗਈ।
ਅਖ਼ਬਾਰਾਂ ’ਚ ਕੇਵਲ ਏਨਾ ਛਪਿਆ ਕਿ ਨੱਕ ਦਾ ਮਸਲਾ ਹੱਲ ਹੋ ਗਿਆ ਹੈ ਅਤੇ ਰਾਜਪਥ ਇੰਡੀਆ ਗੇਟ ਦੇ ਕੋਲ਼ ਵਾਲ਼ੇ ਜਾਰਜ ਪੰਚਮ ਦਾ ਨੱਕ ਲੱਗ ਰਿਹਾ ਹੈ!
ਨੱਕ ਲੱਗਣ ਤੋਂ ਪਹਿਲਾਂ ਫੇਰ ਹਥਿਆਰ ਬੰਦ ਪਹਿਰੇਦਾਰ ਖਲੋਏ। ਬੁੱਤ ਦੇ ਚੁਗਿਰਦੇ ਦਾ ਤਲਾ ਸੁਕਾ ਕੇ ਸਾਫ ਕੀਤਾ ਗਿਆ। ਉਹਦੀ ਰਵਾਬ ਕੱਢੀ ਗਈ ਤੇ ਸੱਜਰਾ ਪਾਣੀ ਪਾਇਆ ਗਿਆ ਤਾਂਕਿ ਜਿਹੜਾ ਜੀਂਦਾ ਨੱਕ ਲਾਇਆ ਜਾਣਾ ਸੀ ਉਹ ਸੁੱਕ ਨਾ ਸਕੇ। ਇਸ ਗੱਲ ਦੀ ਖਬਰ ਜਨਤਾ ਨੂੰ ਨਹੀਂ ਸੀ। ਇਹ ਤਿਆਰੀ ਅੰਦਰੋਂ ਗਤੀ ਹੋ ਰਹੀ ਸੀ। ਰਾਣੀ ਦੇ ਆਉਣ ਦਾ ਦਿਨ ਨੇੜੇ ਆ ਰਿਹਾ ਸੀ। ਬੁੱਤ ਘਾੜਾ ਆਪ ਆਪਣੇ ਦੱਸੇ ਹੋਏ ਹੱਲ ਨਾਲ਼ ਪ੍ਰੇਸ਼ਾਨ ਸੀ। ਜੀਂਦਾ ਨੱਕ ਲਿਆਉਣ ਲਈ ਉਹਨੇ ਕਮੇਟੀ ਵਾਲ਼ਿਆਂ ਕੋਲ਼ੋਂ ਕੁੱਝ ਹੋਰ ਮਦਦ ਮੰਗੀ। ਉਹ ਉਹਨੂੰ ਮਿਲ਼ ਗਈ…। ਪਰ ਇਸ ਨਸੀਹਤ ਨਾਲ਼ ਕਿ ਇੱਕ ਖਾਸ ਦਿਨ ਹਰ ਹਾਲਤ ’ਚ ਇਹ ਨੱਕ ਲੱਗ ਜਾਣਾ ਚਾਹੀਦਾ ਹੈ।
ਅਤੇ ਉਹ ਦਿਨ ਆ ਗਿਆ। ਜਾਰਜ ਪੰਚਮ ਦਾ ਨੱਕ ਲੱਗ ਗਿਆ।
ਸਭ ਅਖ਼ਬਾਰਾਂ ਨੇ ਖ਼ਬਰਾਂ ਛਾਪੀਆਂ ਕਿ ਜਾਰਜ ਪੰਚਮ ਦੇ ਜੀਂਦਾ ਨੱਕ ਲਾਇਆ ਗਿਆ ਹੈ। ਯਾਨੀ ਅਜਿਹਾ ਨੱਕ ਜਿਹੜਾ ਬਿਲਕੁਲ ਪੱਥਰ ਦਾ ਨਹੀਂ ਲੱਗਦਾ।
ਪਰ ਉਸ ਦਿਨ ਦੇ ਅਖ਼ਬਾਰਾਂ ’ਚ ਇੱਕ ਗੱਲ ਵਿਚਾਰਨ ਵਾਲ਼ੀ ਸੀ। ਉਸ ਦਿਨ ਦੇਸ਼ ਭਰ ’ਚ ਕਿਤੇ ਵੀ ਕਿਸੇ ਉਦਘਾਟਨ ਦੀ ਖ਼ਬਰ ਨਹੀਂ ਸੀ। ਕਿਸੇ ਲੀਡਰ ਨੇ ਕੋਈ ਫੀਤਾ ਨਹੀਂ ਕੱਟਿਆ। ਕੋਈ ਲੋਕ ਜਲਸਾ ਨਹੀਂ ਹੋਇਆ! ਕਿਤੇ ਵੀ ਕਿਸੇ ਦਾ ਸੁਆਗਤ ਨਹੀਂ ਹੋਇਆ।
ਕੋਈ ਮਾਣ ਪੱਤਰ ਪੇਸ਼ ਕਰਨ ਦੀ ਨੌਬਤ ਨਹੀਂ ਆਈ। ਕਿਸੇ ਹਵਾਈ ਅੱਡੇ ਜਾਂ ਸਟੇਸ਼ਨ ’ਤੇ ਸੁਆਗਤ ਸਮਾਰੋਹ ਨਹੀਂ ਹੋਇਆ ਕਿਸੇ ਦੀ ਸੱਜਰੀ ਤਸਵੀਰ ਨਹੀਂ ਛਪੀ। ਸਭ ਅਖ਼ਬਾਰਾਂ ਖਾਲੀ ਸਨ। ਪਤਾ ਨਹੀਂ ਅਜਿਹਾ ਕਿਉਂ ਹੋਇਆ? ਨੱਕ ਤਾਂ ਕੇਵਲ ਇੱਕ ਚਾਹੀਦਾ ਸੀ ਅਤੇ ਉਹ ਵੀ ਬੁੱਤ ਲਈ।