Ghairat (Punjabi Story) : Akmal Shehzad Ghumman

ਗ਼ੈਰਤ (ਕਹਾਣੀ) : ਅਕਮਲ ਸ਼ਹਿਜ਼ਾਦ ਘੁੰਮਣ

ਪੰਦਰਾਂ-ਸੋਲ੍ਹਾਂ ਵਰ੍ਹਿਆਂ ਦੀ ਪਟੋਲਾ ਤੇ ਮਲੂਕ ਜਿਹੀ ਨੂਰੀ ਜਿਹਨੂੰ ਇਹ ਵੀ ਪਤਾ ਨਹੀਂ ਸੀ ਪਈ ਉਹ ਜਵਾਨੀ ਦੀ ਬਰੂੰਹਾਂ ਉੱਤੇ ਪੈਰ ਰੱਖ ਚੁੱਕੀ ਏ। ਛਾਊਂ ਮਾਊਂ, ਭੋਲੀ ਭਾਲੀ ਤੇ ਸ਼ਰਮੀਲੀ ਜਿਹੀ ਨੂਰੀ ਰੋਜ਼ ਸ਼ਾਮ ਵੇਲੇ ਆਪਾਂ ਹਮੀਦਾਂ ਕੋਲ ਪੜ੍ਹਨ ਆਉਂਦੀ ਸੀ। ਆਪਾਂ ਜੀ ਕੋਲ ਸਵੇਰੇ-ਸ਼ਾਮੀਂ ਹੋਰ ਵੀ ਬਥੇਰੇ ਬਾਲ ਪੜ੍ਹਨ ਆਉਂਦੇ। ਲੋਕ ਆਪਣੀਆਂ ਕੁੜੀਆਂ ਨੂੰ ਬੇ-ਧੜਕ ਹੋ ਕੇ ਉਨ੍ਹਾਂ ਕੋਲ ਸਬਕ ਪੜ੍ਹਨ ਲਈ ਘੱਲਦੇ ਸਨ। ਆਪਾਂ ਹੋਰੀਂ ਹੈ ਵੀ ਤਾਂ ਪਿੰਡ ਦੀ ਬਹੁਤ ਈ ਨੇਕੋ-ਕਾਰ ਬੀਬੀ ਸਨ। ਉਨ੍ਹਾਂ ਉੱਤੇ ਇਤਬਾਰ ਨਾ ਕਰਦੇ ਤਾਂ ਹੋਰ ਕੀਹਦੇ ਉੱਤੇ ਕਰਨਾ ਸੀ। ਆਪਾਂ ਜੀ ਦਾ ਘਰ ਵਾਲਾ ਸਾਦਿਕ ਮਸਕਟ ਵਿੱਚ ਡਰਾਈਵਰੀ ਕਰਦਾ ਸੀ ਤੇ ਉਹ ਆਪ ਦੋ ਇਆਣੀਆਂ ਨਾਲ ਇਕੱਲੇ ਈ ਰਹਿੰਦੇ ਸਨ। ਵਿਆਹ ਕੇ ਉਹ ਸਾਂਝੇ ਟੱਬਰ ਵਿੱਚ ਸਹੁਰੇ ਘਰ ਈ ਆਏ। ਮਦਰਸੇ ਦੇ ਪੜ੍ਹੇ ਸਨ, ਇਸ ਲਈ ਉਨ੍ਹਾਂ ਦਾ ਆਪਣਾ ਵੱਖਰਾ ਹੀ ਸੁਭਾਅ ਸੀ। ਹਰ ਮਸਲੇ ਦਾ ਉਨ੍ਹਾਂ ਨੂੰ ਪਤਾ ਸੀ ਪਰ ਘਰ ਦੇ ਪੀਰ ਨੂੰ ਕੌਣ ਮੰਨਦਾ ਏ! ਨਾ ਇਹ ਸਹੁਰਿਆਂ ਵਿੱਚ ਰੱਲੇ ਤੇ ਨਾ ਉਨ੍ਹਾਂ ਰਲਾਇਆ। ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ। ਅਖ਼ੀਰ ਭੰਡੀ ਮੁਕਾਉਣ ਲਈ ਸਾਦਿਕ ਨੇ ਇਹ ਵੱਖਰਾ ਮਕਾਨ ਬਣਾ ਲਿਆ, ਜਿੱਥੇ ਹੁਣ ਉਹਦਾ ਬਾਲ-ਬੱਚਾ ਰਹਿੰਦਾ ਪਿਆ ਏ।

ਆਪਾਂ ਹਮੀਦਾਂ ਦੇ ਘਰ ਦੇ ਸਾਹਮਣੇ ਈ ਗੋਗੇ ਦੀ ਵੀਡੀਓ-ਸ਼ਾਪ ਸੀ। ਜਿੱਥੇ ਉਹ ਸੀ. ਡੀ. ਪਲੇਅਰ, ਫ਼ਿਲਮਾਂ ਤੇ ਡਰਾਮਿਆਂ ਦੀਆਂ ਸੀਡੀਆਂ ਕਿਰਾਏ ’ਤੇ ਦਿੰਦਾ। ਜੇ ਕਿਸੇ ਸੀ. ਡੀ. ਮੁੱਲ ਲੈਣੀ ਹੁੰਦੀ, ਉਹ ਵੀ ਉਹਦੇ ਕੋਲੋਂ ਲੱਭ ਜਾਂਦੀ। ਦੁਕਾਨ ਉੱਤੇ ਡੈੱਕ ਚਲਦਾ ਰਹਿੰਦਾ। ਉਹਦਾ ਵਾਹਵਾ ਕੰਮ ਚੱਲਿਆ ਹੋਇਆ ਸੀ। ਮੈਟ੍ਰਿਕ ਫ਼ੇਲ੍ਹ ਗੋਗਾ ਚੌਵੀ ਪੰਜੀ ਵਰ੍ਹਿਆਂ ਦਾ ਦਰਮਿਆਨੀ ਸ਼ਕਲ-ਸੂਰਤ ਦਾ ਮੁੰਡਾ ਸੀ। ਠੀਹਾ ਉਹਦਾ ਆਪਣਾ ਸੀ ਤੇ ਆਮਦਨੀ ਗੁਜ਼ਾਰੇ ਮਾਫ਼ਕ ਚੰਗੀ, ਪਰ ਫ਼ਿਰ ਵੀ ਉਹ ਬਾਹਰ ਜਾਣਾ ਚਾਹੁੰਦਾ ਸੀ ਤਾਂ ਜੇ ਰੱਜ ਕੇ ਕਮਾਈ ਕਰ ਸਕੇ।

ਦੁਕਾਨ ’ਤੇ ਕਦੀ ਕੋਈ ਲੱਸੀ-ਪਾਣੀ ਦੀ ਜਾਂ ਕੋਈ ਛੋਟੀ ਮੋਟੀ ਲੋੜ ਪੈਂਦੀ ਤਾਂ ਆਪਾਂ ਹਮੀਦਾਂ ਕਦੀ ਨੱਕ-ਦੰਦੀ ਨਹੀਂ ਸੀ ਵੱਢਦੀ। ਗੋਗੇ ਦਾ ਵੀ ‘ਆਪਾਂ, ਆਪਾਂ’ ਆਖਦਿਆਂ ਮੂੰਹ ਸੁੱਕਦਾ ਸੀ। ਹਮੀਦਾਂ ਦੀ ਜ਼ਰਾ ਜਿੰਨੀ ਆਵਾਜ਼ ਉੱਤੇ ਵੀ ਉਹ ਹਰ ਵੇਲੇ ਹਾਜ਼ਰ ਹੁੰਦਾ। ਗੋਗੇ ਨੂੰ ਥੋੜ੍ਹਾ ਇਹ ਵੀ ਲਾਲਚ ਹੋਵੇਗਾ ਪਈ ਸਾਦਿਕ ਉਹਨੂੰ ਬਾਹਰ ਲੈ ਜਾਏ। ਉਂਜ ਵੀ ਗੁਆਂਢ ਚੰਗਾ ਹੋਵੇ ਤਾਂ ਬੰਦਾ ਇੱਕ ਦੂਜੇ ਦੀ ਲੋੜ ਬਣ ਜਾਂਦਾ ਏ। ਵੇਲੇ ਨੇ ਆਪਾਂ ਹਮੀਦਾਂ ਤੇ ਗੋਗੇ ਨੂੰ ਵੀ ਇੱਕ ਦੂਜੇ ਦੀ ਲੋੜ ਬਣਾ ਛੱਡਿਆ। ਸੀਮਾ ਤੇ ਗੋਗੇ ਨੂੰ ਹੁੱਜਤਾਂ ਕਰਦਾ ਰਹਿੰਦਾ ਸੀ ਪਈ, “ਨਿਰਾ ਸੁੱਕੇ ’ਤੇ ਮਿਲ ਮਾਹੀਆ ਏ! ਜਾਂ ਹਮੀਦਾਂ ਕੋਲੋਂ ਤੂੰ ਵੀ ਕੋਈ ਸਬਕ ਲੈਣਾ ਐਂ?”

ਗੋਗਾ ਅੱਗੋਂ ਹੱਸ ਕੇ ਗੱਲ ਟਾਲ ਦਿੰਦਾ।

ਸ਼ਾਮ ਤੋਂ ਬਾਅਦ ਗੋਗੇ ਦੀ ਦੁਕਾਨ ’ਤੇ ਬਹੁਤਾ ਰਸ਼ ਹੁੰਦਾ ਤੇ ਕੁਫ਼ਤਾਂ ਵੇਲੇ ਤੱਕ ਗਾਹਕਾਂ ਦਾ ਆਉਣ-ਜਾਣ ਲੱਗਾ ਰਹਿੰਦਾ। ਉਹਦੀ ਦੁਕਾਨ ਉੱਤੇ ਮੁੰਡੀਕੇ ਦੀ ਵੀ ਮੰਡਲੀ ਲੱਗੀ ਰਹਿੰਦੀ ਪਰ ਸੀਮਾ ਈ ਉਹਦਾ ਇਕੱਲਾ ਜਿਗਰੀ ਯਾਰ ਸੀ ਜਿਹਦੇ ਨਾਲ ਉਹ ਦੁੱਖ-ਸੁਖ ਵੀ ਫੋਲ ਲੈਂਦਾ ਸੀ।

ਸਾਰਾ ਦਿਨ ਉਹ ਡੈੱਕ ਚਲਾਈ ਰੱਖਦਾ ਪਰ ਜਦੋਂ ਆਪਾਂ ਜੀ ਕੋਲ਼ ਬੱਚੀਆਂ ਤੇ ਕੁੜੀਆਂ ਦੇ ਸਬਕ ਪੜ੍ਹਨ ਦਾ ਵੇਲਾ ਹੁੰਦਾ, ਉਹ ਆਵਾਜ਼ ਹੌਲੀ ਕਰ ਦਿੰਦਾ।

ਆਪਾਂ ਜੀ ਵੱਲ ਪੜ੍ਹਨ ਲਈ ਆਉਂਦੀ-ਜਾਂਦੀ ਨੂਰੀ ਵੱਲ ਕਦੀ ਗੋਗੇ ਦੀ ਝਾਤੀ ਪੈ ਜਾਨੀ ਤੇ ਉਹਦੇ ਦਿਲ ਨੂੰ ਇੱਕ ਖਿੱਚ ਜਿਹੀ ਪੈਣੀ। ਜਿੰਨੀ ਦੇਰ ਨੂਰੀ ਨਜ਼ਰਾਂ ਤੋਂ ਓਹਲੇ ਨਾ ਹੋਣਾ, ਗੋਗੇ ਨੇ ਉਹਦੇ ਵੱਲ ਵੇਖਦਿਆਂ ਈ ਰਹਿਣਾ।

ਕਦੀ ਮੁੰਡਿਆਂ ਨੂਰੀ ਦੀ ਅੱਲ੍ਹੜ ਜਵਾਨੀ ਦੀ ਗੱਲ ਛੋਹਣੀ ਤਾਂ ਗੋਗੇ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪੈਣਾ। ਨੂਰੀ ਦੇ ਇੱਕ ਫੇਰੇ ਤੋਂ ਬਾਅਦ ਉਹਦੇ ਦੂਜੀ ਵਾਰ ਆਉਣ ਨੂੰ ਉਹ ਉਡੀਕਦਾ ਰਹਿੰਦਾ।

ਇੱਕ ਦਿਨ ਉਹ ਦੁਕਾਨ ‘ਤੇ ਇਕੱਲਾ ਈ ਸੀ, ਉਹਨੇ ਨੂਰੀ ਨੂੰ ਲੰਘਦਿਆਂ ਵੇਖਿਆ ਤਾਂ ਮਾੜਾ ਜਿਹਾ ਖੰਘਿਆ। ਨੂਰੀ ਨੇ ਮੁੜ ਕੇ ਵੇਖਿਆ ਤੇ ਨਾਲ ਈ ਆਪਾਂ ਦੇ ਘਰ ਵੜ ਗਈ। ਫ਼ਿਰ ਕੁੱਝ ਦਿਨਾਂ ਮਗਰੋਂ ਢੋਹ ਲੱਗਿਆ; ਗੋਗੇ ਕੋਲ ਕੋਈ ਵੀ ਗਾਹਕ ਨਹੀਂ ਸੀ। ਨੂਰੀ ਉਹਨੂੰ ਆਪਾਂ ਜੀ ਵੱਲ ਜਾਂਦੀ ਦਿਸੀ ਤੇ ਉਹ ਜ਼ੋਰ-ਜ਼ੋਰ ਦੀ ਖੰਘਿਆ। ਨੂਰੀ ਮੁੜੀ, ਹੱਸ ਕੇ ਵੇਖਿਆ ਅਤੇ ਨੱਸ ਕੇ ਬੂਹਾ ਟੱਪ ਗਈ।

ਦੋਹਾਂ ਵਿੱਚ ਹੱਸਣ-ਵੇਖਣ ਦਾ ਮਾਮਲਾ ਚੱਲ ਪਿਆ। ਗੋਗੇ ਨੇ ਬੜੇ ਚਾਅ ਨਾਲ ਆਪਣੇ ਗੂੜ੍ਹੇ ਬੇਲੀ ਸੀਮੇ ਨੂੰ ਦੱਸਿਆ, “ਲੈ ਭਈ ਮਿੱਤਰਾ! ਸਰਬਾਲ੍ਹਾ ਬਣਨ ਦੀ ਤਿਆਰੀ ਫੜ ਲੈ।”

ਸੀਮਾ ਬੜਾ ਖੋਚਲ ਬੰਦਾ ਸੀ। ਉਸ ਗੋਗੇ ਨੂੰ ਸਮਝਾਇਆ, “ਝੱਲਾ ਹੋਇਆ ਐਂ? ਏਡਾ ਰਾਂਝਾ ਬਣਨ ਦੀ ਲੋੜ ਨਹੀਂ। ਰਲ-ਮਿਲ ਕੇ ਮੌਜ-ਮੇਲਾ ਕਰਨੇ ਆਂ। ਚੋਪੜੀਆਂ ਤੇ ਦੋ-ਦੋ, ਇੰਜ ਨਾ ਕਰ!”

ਸੀਮੇ ਨੂੰ ਯਕੀਨ ਸੀ ਕਿ ਹਮੀਦਾਂ ਤੇ ਗੋਗੇ ਵਿਚਕਾਰ ਕੋਈ ਪੱਕੀ ਗੰਢ ਵੱਜੀ ਏ।

ਗੋਗੇ ਨੇ ਸੀਮੇ ਦੀ ਇਸ ਗੱਲ ਦਾ ਗੁੱਸਾ ਕੀਤਾ। ਉਸ ਸਮਝਾਇਆ ਕਿ ਮੇਰਾ ਨੂਰੀ ਨਾਲ ਕਿਸੇ ਲੋੜ ਦਾ ਰਿਸ਼ਤਾ ਨਹੀਂ। ਮੈਂ ਤਾਂ ਉਹਨੂੰ ਆਪਣੀ ਘਰ ਵਾਲੀ ਬਣਾਉਣਾ ਚਾਹੁਣਾਂ।

ਅਜੇ ਗੋਗੇ ਤੇ ਨੂਰੀ ਦੀ ਗੱਲ ਟੁਰੀ ਈ ਸੀ ਕਿ ਗੋਗੇ ਦੇ ਮਾਮੇ ਨੇ ਉਹਦਾ ਕੁਵੇਤ ਦਾ ਵੀਜ਼ਾ ਘੱਲ ਦਿੱਤਾ। ਗੋਗੇ ਨੇ ਬੜੇ ਚਾਅ ਨਾਲ ਇਹ ਨੂਰੀ ਨੂੰ ਦੱਸਿਆ ਤੇ ਖ਼ੁਸ਼ ਹੋਣ ਦੀ ਥਾਂ ਉਹ ਪ੍ਰੇਸ਼ਾਨ ਹੋ ਕੇ ਕਹਿਣ ਲੱਗੀ, “ਤੇ ਮੇਰਾ ਕੀ ਬਣੇਗਾ?”

ਅੱਗੋਂ ਗੋਗਾ ਆਖਣ ਲੱਗਾ, “ਤੂੰ ਦਿਲ ਛੋਟਾ ਨਾ ਕਰ, ਤੈਨੂੰ ਮੈਂ ਕੋਈ ਹਮੇਸ਼ ਲਈ ਛੱਡ ਕੇ ਥੋੜ੍ਹਾ ਜਾਣਾ ਏ! ਵਿਆਹ ਜੋਗੇ ਪੈਸੇ ਇਕੱਠੇ ਕਰ ਕੇ ਮੈਂ ਪਰਤ ਆਉਣਾ ਏ।” ਨਾਲ ਈ ਉਹਨੇ ਨੂਰੀ ਨੂੰ ਇਕੱਲਿਆਂ ਮਿਲਣ ਦੀ ਫ਼ਰਮਾਇਸ਼ ਪਾ ਦਿੱਤੀ। ਨੂਰੀ ਨੇ ਕਿਹਾ, “ਮੈਨੂੰ ਡਰ ਲੱਗਦਾ ਏ।” ਗੋਗਾ ਕਹਿਣ ਲੱਗਾ, “ਮੇਰੇ ਹੁੰਦਿਆਂ ਤੈਨੂੰ ਡਰਨ ਦੀ ਕਿਹੜੀ ਲੋੜ ਏ। ਅਸੀਂ ਆਪਾਂ ਦੇ ਘਰ ਮਿਲਾਂਗੇ, ਹੁਣ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਨਾ!”

ਜੇਠ-ਹਾੜ ਦੇ ਦਿਨੀਂ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਸਨ। ਇਹਨੀਂ ਦਿਨੀਂ ਜ਼ੋਰਾਂ ਦੀ ਲੂ ਵਗਦੀ ਏ ਤੇ ਗਲੀਆਂ ਵੀ ਸੁੰਞੀਆਂ ਹੁੰਦੀਆਂ ਜਾਂਦੀਆਂ ਨੇਂ, ਆਲੇ ਦੁਆਲੇ ਕੋਈ ਬੰਦਾ-ਬਸ਼ਰ ਔਖਾ ਈ ਲੱਭਦਾ ਏ। ਬਹੁਤੇ ਲੋਕ ਗਰਮੀ ਤੇ ਲੋਅ ਤੋਂ ਬਚਣ ਲਈ ਘਰਾਂ ਵਿੱਚ ਈ ਪਏ ਰਹਿੰਦੇ ਨੇਂ।

ਮਿਥੇ ਹੋਏ ਵੇਲੇ ਉੱਤੇ ਨੂਰੀ ਚੁੱਪ ਕਰਕੇ ਆਪਾਂ ਦੇ ਘਰ ਆ ਗਈ। ਆਪਾਂ ਦੇ ਇਆਣੇ ਨਾਨਕੇ ਗਏ ਹੋਏ ਸਨ। ਆਪਾਂ ਨੇ ਹੱਥ ਵਿੱਚ ਕੱਪੜਿਆਂ ਵਾਲਾ ਸ਼ਾਪਰ ਫੜਿਆ ਕਿ ਜਿਵੇਂ ਉਹ ਦਰਜ਼ੀ ਵੱਲ ਜਾ ਰਹੀ ਹੋਵੇ ਤੇ ਬਾਹਰ ਟੁਰ ਪਈ। ਨੂਰੀ ਅੰਦਰ ਬੈਠਕ ਵਿੱਚ ਘਾਬਰੀ ਜਿਹੀ ਬਹਿ ਗਈ। ਉਹਨੂੰ ਆਪਾਂ ਜੀ ਕੋਲੋਂ ਸ਼ਰਮ ਆ ਰਹੀ ਸੀ। ਪਰ ਆਪਾਂ ਨੇ ਉਹਦੇ ਨਾਲ ਕੋਈ ਗੱਲ ਨਾ ਕੀਤੀ, ਜਿਵੇਂ ਕੁੱਝ ਵੀ ਵੱਖਰਾ ਤੇ ਨਵਾਂ ਨਹੀਂ ਹੋ ਰਿਹਾ। ਹਮੀਦਾਂ ਨੇ ਘਰ ਵਾਲੇ ਪਾਸਿਉਂ ਬੈਠਕ ਨੂੰ ਕੁੰਡੀ ਮਾਰੀ ਤੇ ਗਲੀ ‘ਚ ਨਿਕਲ ਕੇ ਬਾਹਰਲੇ ਗੇਟ ਨੂੰ ਜਿੰਦਰਾ ਮਾਰਨ ਲੱਗ ਪਈ।

ਗੋਗੇ ਨੇ ਜਦੋਂ ਇੱਧਰ-ਉੱਧਰ ਵੇਖਿਆ ਤਾਂ ਗਲੀ ਵਿੱਚ ਹਮੀਦਾਂ ਤੋਂ ਅੱਡ ਹੋਰ ਕੋਈ ਵੀ ਨਹੀਂ ਸੀ। ਅਡੋਲ ਬੂਹਾ ਖੋਲ੍ਹ ਕੇ ਹਮੀਦਾਂ ਦੀ ਬੈਠਕ ‘ਚ ਵੜਦਿਆਂ ਈ ਉਸ ਅੰਦਰੋਂ ਕੁੰਡੀ ਲਾ ਲਈ। ਅੱਗੇ ਨੂਰੀ ਨੂੰ ਬੈਠਾ ਵੇਖ ਕੇ ਉਹਨੂੰ ਚਾਅ ਚੜ੍ਹ ਗਿਆ।

ਗੋਗਾ ਜਦੋਂ ਹਮੀਦਾਂ ਦੀ ਬੈਠਕੇ ਵੜ ਰਿਹਾ ਸੀ ਤਾਂ ਉਹ ਬਾਹਰਲੇ ਬੂਹੇ ਨੂੰ ਜਿੰਦਰਾ ਲਾ ਰਹੀ ਸੀ। ਹੋਣੀ ਨੂੰ ਉਸੇ ਵੇਲੇ ਮਾਈ ਫੱਤੋ ਫਿਰਦੀ-ਫਿਰਾਉਂਦੀ ਗਲੀ ਵਿੱਚ ਆ ਵੜੀ। ਉਹਦੇ ਕੰਨ ਖਲੋ ਗਏ। ਉਹ ਸਾਰੇ ਪਿੰਡ ਦੀ ਫੁੱਫੀ ਸੀ। ਉਹਨੇ ਆਪਣੇ ਵਿਆਹ ਦੇ ਚੌਥੇ ਮਹੀਨੇ ਤਲਾਕ ਲੈ ਲਈ ਸੀ। ਆਪਣਾ ਵਿਆਹ ਟੁੱਟਣ ਤੋਂ ਬਾਅਦ ਉਹ ਹੁਣ ਲੋਕਾਂ ਦੇ ਵਿਆਹ ਕਰਵਾਉਂਦੀ ਸੀ। ਇੱਧਰ ਦੀ ਗੱਲ ਉੱਧਰ ਕਰਨਾ ਉਹਦੀ ਆਦਤ ਸੀ। ਗਲੀ ਮੁੱਕਣ ਤੋਂ ਪਹਿਲਾਂ ਅੱਗੋਂ ਆਉਂਦਾ ਸੀਮਾ ਉਹਨੂੰ ਟੱਕਰ ਗਿਆ।

ਫੁੱਫੀ ਨੇ ਮਿਲਦਿਆਂ ਈ ਸੀਮੇ ਨੂੰ ਕਿਹਾ, “ਕੀ ਗੱਲ ਏ? ਤੇਰਾ ਯਾਰ ਦੁਕਾਨ ਬੰਦ ਕਰਕੇ ਹਮੀਦਾਂ ਦੇ ਘਰ ਵੜ ਗਿਆ ਏ ਤੇ ਹਮੀਦਾਂ ਆਪਣਾ ਬੂਹਾ ਬੰਦ ਕਰਕੇ ਪਤਾ ਨਹੀਂ ਵਗਦੀ ਲੂ ਵਿੱਚ ਕਿਸ ਕੰਮੇਂ ਟੁਰ ਗਈ ਏ। ਹੱਥ ਵਿੱਚ ਉਹਨੇ ਕੱਪੜਿਆਂ ਵਾਲਾ ਸ਼ਾਪਰ ਫੜਿਆ ਸੀ। ਸਿਖਰ ਦੁਪਹਿਰੇ ਕੌਣ ਕੱਪੜੇ ਸਿਲਾਈ ਕਰਾਉਣ ਜਾਂਦਾ ਏ?”

ਫੁੱਫੀ ਦੀ ਗੱਲ ਸੁਣ ਕੇ ਸੀਮਾ ਜਿਵੇਂ ਗੂੰਗਾ-ਥੱਥਾ ਹੋ ਗਿਆ। ਉਹ ਅੱਗੋਂ ਜਵਾਬ ਦੇਣ ਜੋਗਾ ਈ ਨਾ ਰਿਹਾ। ਉਹਦੀ ਤੇ ਜਿਵੇਂ ਜੀਭ ਤਾਲੂ ਨਾਲ਼ ਸੀਪ ਗਈ ਹੋਵੇ। ਸੀਮੇ ਨੇ ਅਸਲ’ਚ ਨੂਰੀ ਨੂੰ ਆਪਣੇ ਘਰੋਂ ਨਿਕਲਦਿਆਂ ਵੇਖ ਲਿਆ ਸੀ।

ਪਤਾ ਨਹੀਂ ਕਿਉਂ ਉਹਨੂੰ ਸੁੱਝ ਗਈ ਪਈ ਨੂਰੀ ਗੋਗੇ ਨੂੰ ਈ ਮਿਲਣ ਚੱਲੀ ਏ। ਇਹ ਤਾਂ ਸੀਮੇ ਨੂੰ ਪਤਾ ਸੀ ਪਈ ਗੋਗਾ ਬਾਹਰਲੇ ਦੇਸ ਉਡਾਰੀ ਭਰਨ ਵਾਲਾ ਏ। ਨੂਰੀ ਦਾ ਖੁਰਾ ਨੱਪਦਾ ਹੋਇਆ ਸੀਮਾ ਗੋਗੇ ਤੇ ਆਪਾਂ ਹਮੀਦਾਂ ਵਾਲੀ ਗਲੀ ਵਿੱਚ ਆ ਵੜਿਆ। ਤੇ ਅੱਗੋਂ ਉਹਨੂੰ ਫੁੱਫੀ ਨੇ ਇਹ ਲੂਤੀ ਲਾ ਦਿੱਤੀ।

ਸੀਮੇ ਨੇ ਗੋਗੇ ਦੀ ਦੁਕਾਨ ਵੇਖੀ ਤੇ ਉਹਦਾ ਸ਼ਟਰ ਥੱਲੇ ਸੀ। ਮਤਲਬ ਪਈ ਗੋਗਾ ਕਿਤੇ ਨੇੜੇ-ਤੇੜੇ ਈ ਏ। ਉਹਦਾ ਧਿਆਨ ਸਿੱਧਾ ਆਪਾਂ ਹਮੀਦਾਂ ਦੇ ਬਾਹਰਲੇ ਬੂਹੇ ਵੱਲ ਗਿਆ ਜਿੱਥੇ ਜਿੰਦਰਾ ਲੱਗਾ ਸੀ।

ਸੀਮਾ ਗਵੇੜ ਲਾਉਣ ਲੱਗ ਪਿਆ, ‘ਨੂਰੀ ਗਲੀ ’ਚ ਵੜਦਿਆਂ ਈ ਗ਼ਾਇਬ ਹੋ ਗਈ। ਗੋਗੇ ਦੀ ਦੁਕਾਨ ਦਾ ਬਸ ਸ਼ਟਰ ਥੱਲੇ ਹੈ, ਤਾਲੇ ਨਹੀਂ ਵਜੇ ਹੋਏ, ਤੇ ਆਪਾਂ ਦੇ ਘਰ ਨੂੰ ਜਿੰਦਰਾ ਵਜਾ ਏ?’ ਉਹਨੂੰ ਕੋਈ ਗੱਲ ਸਮਝ ਨਾ ਆਈ। ਫ਼ਿਰ ਉਹਨੂੰ ਫੁੱਫੀ ਫੱਤੋ ਦੀ ਗੱਲ ਯਾਦ ਆ ਗਈ। ਉਹਦੇ ਲੂੰ ਕੰਡੇ ਖਲੋ ਗਏ ਤੇ ਰੰਗ ਉੱਡ ਗਿਆ। ਉਹ ਪੋਲੇ ਪੈਰਾਂ ਨਾਲ ਆਪਾਂ ਹਮੀਦਾਂ ਦੀ ਬੈਠਕ ਵਾਲੀ ਗਲੀ ਵੱਲ ਖੁੱਲ੍ਹਦੀ ਬਾਰੀ ਨਾਲ ਜਾ ਕੇ ਖਲੋ ਗਿਆ। ਉਹਨੇ ਕੰਨ ਲਾ ਕੇ ਸੁਣਿਆ ਤੇ ਘੁਸਰ-ਮੁਸਰ ਜਿਹੀਆਂ ਗੱਲਾਂ ਦੀ ਆਵਾਜ਼ ਉਹਨੂੰ ਆਉਣ ਲੱਗ ਪਈ। ਉਹਨੇ ਗੋਹ ਨਾਲ ਸੁਣਿਆ ਤੇ ਇਹ ਗੋਗੇ ਅਤੇ ਨੂਰੀ ਦੀਆਂ ਆਵਾਜ਼ਾਂ ਸਨ। ਪਤਾ ਨਹੀਂ ਸੀਮੇ ਨੂੰ ਕੀ ਸੁੱਝੀ ਕਿ ਉਹਨੇ ਗਲੀ ਵਿੱਚ ਖੁੱਲ੍ਹਣ ਵਾਲੇ ਬੈਠਕ ਦੇ ਬੂਹੇ ਦੀ ਬਾਹਰੋਂ ਇਸ ਤਰ੍ਹਾਂ ਹੌਲੀ-ਹੌਲੀ ਕੁੰਡੀ ਮਾਰ ਦਿੱਤੀ ਕਿ ਅੰਦਰ ਬੈਠਿਆਂ ਨੂੰ ਕਿੜ ਵੀ ਨਾ ਹੋਈ। ਇਸੇ ਵੇਲੇ ਗਲੀ ‘ਚੋਂ ਲੰਘਦੇ ਝਾਰੀ ਤੇ ਮਾਜੂ ਓਥੇ ਆ ਗਏ। ਉਨ੍ਹਾਂ ਨੂੰ ਵੇਖ ਕੇ ਉਹ ਕੱਚਾ ਪੈ ਗਿਆ ਜਿਵੇਂ ਉਹਦੀ ਕੋਈ ਚੋਰੀ ਫੜੀ ਗਈ ਹੋਵੇ। ਉਹ ਫ਼ੱਟਾ ਫ਼ਟ ਇੰਜ ਖਲੋ ਗਿਆ ਜਿਵੇਂ ਅੰਦਰੋਂ ਕੋਈ ਗੱਲ ਸੁਣਨ ਦਾ ਚਾਰਾ ਕਰ ਰਿਹਾ ਹੋਵੇ। ਉਹ ਉਹਨੂੰ ਪੁੱਛਣ ਲੱਗੇ ਕਿ ਤੂੰ ਇੰਨੀ ਗਰਮੀ ‘ਚ ਕਿੱਥੇ ਕੰਧਾਂ ਨੂੰ ਕੰਨ ਲਾ ਕੇ ਸੂਹਾਂ ਲੈਂਦਾ ਫਿਰਦਾ ਐਂ! ਖ਼ੈਰ ਤਾਂ ਹੈ?

ਸੀਮਾ ਘਾਬਰ ਗਿਆ, ਅਗਲੀਆਂ-ਪਿਛਲੀਆਂ ਮਾਰਨ ਲੱਗਾ ਪਰ ਉਹ ਦੋਵੇਂ ਖੱਡ ਕਾਰ ਸਨ। ਉਨ੍ਹਾਂ ਸਾਰੀ ਗੱਲ ਪੁੱਛ ਕੇ ਈ ਸਾਹ ਲਿਆ।

ਆਖਦੇ ਨੇਂ ਕਿ ਗੱਲ ਆਂਹਦੀ ਏ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂਗੀ। ਇੱਕ ਦੂਜੇ ਤੋਂ ਹੁੰਦੀ-ਹਵਾਉਂਦੀ ਪਲਾਂ-ਛੰਨਾਂ ਵਿੱਚ ਗੱਲ ਪੂਰੇ ਪਿੰਡ ਵਿੱਚ ਫੈਲ ਗਈ। ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਪਈ ਆਪਾਂ ਹਮੀਦਾਂ ਦੇ ਘਰ ਕੀ ਚੰਨ ਚੜ੍ਹਿਆ ਏ। ਪਤਾ ਨਹੀਂ ਸੀ ਤਾਂ ਬਸ ਗੋਗੇ ਤੇ ਨੂਰੀ ਦੇ ਘਰ ਦਿਆਂ ਨੂੰ। ਉਨ੍ਹਾਂ ਦੇ ਘਰੀਂ ਕੋਈ ਦੱਸਦਾ ਵੀ ਕਿੰਜ?

ਜਗਤ ਫੁੱਫੀ ਫਾਤਾਂ ਨੇ ਪਿੰਡ ਦੀ ਦੂਜੀ ਬਾਹੀ ਨੂਰੀ ਦੀ ਚਾਚੀ ਜੀਜਾਂ ਦੇ ਘਰ ਜਾ ਕੇ ਆਨੇ-ਬਹਾਨੇ ਗੋਲ-ਮੋਲ ਗੱਲ ਕੀਤੀ ਤੇ ਜੀਜਾਂ ਨੇ ਆਪਣੇ ਸੱਤਵੀਂ ਜਮਾਤੇ ਪੜ੍ਹਦੇ ਪੁੱਤਰ ਨੂੰ ਪਿਓ ਨੂੰ ਸੱਦਣ ਲਈ ਡੇਰੇ ਟੋਰ ਦਿੱਤਾ।

ਆਪਾਂ ਹਮੀਦਾਂ ਦੇ ਘਰ ਨੂਰੀ ਤੇ ਗੋਗਾ ਆਪਣੇ ਵਿਆਹ ਦੀਆਂ ਸਲਾਹਾਂ ਬਣਾ ਰਹੇ ਸਨ ਤੇ ਉੱਧਰ ਗੱਲਾਂ ਕਰ-ਕਰ ਲੋਕਾਂ ਦੀਆਂ ਵਰਾਛਾਂ ਪਾਟ ਚੱਲੀਆਂ ਸਨ।

ਕੋਈ ਕਹਿ ਰਿਹਾ ਸੀ, “ਹਮੀਦਾਂ ਤੇ ਬੜੀ ਨੇਕ ਬੀਬੀ ਸੀ ਇਹ ਉਹਨੇ ਕੀ ਹਨੇਰ ਪਾਇਆ ਏ?”

ਕਿਸੇ ਹੋਰ ਨੇ ਕਿਹਾ, “ਗੋਗੇ ਦੀ ਦੁਕਾਨ ਤਾਂ ਐਵੇਂ ਬਹਾਨਾ ਸੀ, ਖ਼ਰੇ ਅੰਦਰ ਖਾਤੇ ਉਹ ਕੀ ਗੰਦ ਘੋਲ਼ ਰਿਹਾ ਸੀ?”

ਬੀਬੀਆਂ ਗੱਲ ’ਚੋਂ ਗੱਲ ਕੱਢ ਰਹੀਆਂ ਸਨ। ਇੱਕ ਕਹਿਣ ਲੱਗੀ, “ਵੇਖੋ ਨੀ! ਭੈਣ ਹਮੀਦਾਂ ਦੀ ਚੰਗਿਆਈ ਦੀਆਂ ਤੇ ਲੋਕ ਮਿਸਾਲਾਂ ਦਿੰਦੇ ਸਨ।”

ਦੂਜੀ ਬੋਲੀ, “ਬਸ ਇਸਬਗੋਲ ਤੇ ਕੁੱਝ ਨਾ ਫੋਲ। ਮੈਨੂੰ ਤੇ ਪਹਿਲਾਂ ਈ ਸ਼ੱਕ ਸੀ ਮੀਸਣੀ-ਘੜੀਸਣੀ ਉੱਤੇ।”

ਕੋਈ ਹੋਰ ਬੋਲ ਪਈ, “ਉਹ ਕਿੰਨੀ ਪਵਿੱਤਰ ਏ? ਚਲੋ ਇਹ ਵੀ ਪਤਾ ਚੱਲ ਗਿਆ!”

ਇੱਕ ਹੋਰ ਆਖਣ ਲੱਗੀ, “ਭੈਣਾਂ, ਮੈਨੂੰ ਤੇ ਅਜੇ ਵੀ ਹਮੀਦਾਂ ਉੱਤੇ ਯਕੀਨ ਏ। ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਆਂ। ਉਹ ਇੰਜ ਦੀ ਨਹੀਂ। ਮੈਨੂੰ ਤੇ ਇਹ ਔਂਤਰਾ ਕੋਈ ਹੋਰ ਈ ਚੱਕਰ ਲੱਗਦਾ ਏ।”

ਲੋਕ ਗਲੀ ਦੇ ਚੱਕਰ ਲਾ ਰਹੇ ਸਨ। ਖ਼ਾਸ ਕਰ ਮੁੰਡੇ ਟੋਲੀਆਂ ਬਣਾ ਕੇ ਘੁਸਰ-ਮੁਸਰ ਕਰ ਰਹੇ ਸਨ।

ਉੱਧਰ ਗੋਗਾ ਤੇ ਨੂਰੀ ਉੱਕਾ ਬੇਖ਼ਬਰੇ ਸਨ ਪਈ ਬਾਹਰ ਕੀ ਹੋ ਰਿਹਾ ਏ? ਉਨ੍ਹਾਂ ਨੂੰ ਇਸ਼ਕ ਨੇ ਅੰਨ੍ਹਿਆਂ ਕੀਤਾ ਸੀ। ਗੋਗਾ ਨੂਰੀ ਨੂੰ ਕਹਿ ਰਿਹਾ ਸੀ, “ਆਪਾਂ ਵੀ ਆਉਣ ਵਾਲੀ ਏ।”

ਨੂਰੀ ਨੇ ਕਿਹਾ, “ਫ਼ਿਰ?”

ਗੋਗੇ ਨੇ ਆਪਣਾ ਹੱਥ ਅੱਗੇ ਵਧਾਉਂਦਿਆਂ ਆਖਿਆ, “ਆਪਣਾ ਹੱਥ ਮੇਰੇ ਹੱਥ ਵਿੱਚ ਦੇ ਅਤੇ ਦੋਵੇਂ ਇਕੱਠੇ ਜਿਊਣ-ਮਰਨ ਦੀ ਸਹੁੰ ਖਾਈਏ।”

ਨੂਰੀ ਦੁਪੱਟੇ ਵਿੱਚ ਮੂੰਹ ਲੁਕਾਉਂਦੀਆਂ ਬੋਲੀ, “ਮੈਨੂੰ ਸ਼ਰਮ ਆਉਂਦੀ ਏ।” ਗੋਗਾ ਕਹਿਣ ਲੱਗਾ, “ਹੁਣ ਮੇਰੇ ਅੱਗੇ ਕੀਤੇ ਹੱਥ ਦੀ ਲਾਜ ਰੱਖੀਂ, ਲਿਆ ਆਪਣਾ ਹੱਥ ਮੇਰੇ ਹੱਥ ਵਿੱਚ ਦੇ।”

ਨੂਰੀ ਨੇ ਅਜੇ ਆਪਣਾ ਹੱਥ ਗੋਗੇ ਦੇ ਹੱਥ ਵੱਲ ਵਧਾਇਆ ਈ ਸੀ ਕਿ ਬਾਹਰ ਗਲੀ ਵਿੱਚ ਰੌਲ਼ਾ ਪੈ ਗਿਆ। ਨੂਰੀ ਦਾ ਚਾਚਾ ਲਲਕਾਰਾ ਮਾਰ ਕੇ ਗੱਜਿਆ, “ਜਿਸ ਨੇ ਜਿੰਦਰਾ ਖੋਲ੍ਹਿਆ ਉਹ ਸਮਝੇ ਉਹਦੀ ਮੌਤ ਆ ਗਈ ਏ!”

ਨੂਰੀ ਦੀ ਜਿਵੇਂ ਜਾਣ ਈ ਨਿਕਲ ਗਈ। ਨੂਰੀ ਤੇ ਗੋਗਾ ਭੁੱਲ ਈ ਗਏ ਕਿ ਉਨ੍ਹਾਂ ਦੇ ਹੱਥ ਕਿੱਥੇ ਨੇਂ? ਉਨ੍ਹਾਂ ਨੂੰ ਆਪਣੀ ਜਾਨ ਦੀ ਪੈ ਗਈ ਸੀ। ਗੋਗੇ ਫ਼ੱਟਾ ਫ਼ਟ ਗਲੀ ’ਚ ਖੁੱਲ੍ਹਣ ਵਾਲੀ ਬਾਰੀ ਦੀ ਤਾਕੀ ਖੋਲ੍ਹੀ ਤੇ ਵੇਖਿਆ ਕਿ ਬਾਹਰ ਤਾਂ ਮੇਲਾ ਲੱਗਿਆ ਸੀ। ਨੂਰੀ ਦਾ ਚਾਚਾ ਗੁੱਸੇ ਨਾਲ ਕਿੱਲ੍ਹ ਰਿਹਾ ਸੀ, “ਅੱਜ ਰੱਤ ਵਗੇਗੀ ਗਲੀਆਂ ਵਿੱਚ!”

ਗੋਗੇ ਨੇ ਦੌੜ ਕੇ ਬੈਠਕ ਦਾ ਵਿਹੜੇ ਵਾਲਾ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਬਾਹਰੋਂ ਕੁੰਡੀ ਵੱਜੀ ਹੋਈ ਸੀ। ਫ਼ਿਰ ਵੀ ਉਹਨੇ ਬੜਾ ਜ਼ੋਰ ਲਾਇਆ ਪਰ ਬੂਹਾ ਕਿੱਥੋਂ ਖੁੱਲ੍ਹਣਾ ਸੀ? ਉਹ ਫ਼ੱਟਾ ਫ਼ਟ ਗਲੀ ’ਚ ਖੁੱਲ੍ਹਣ ਵਾਲਾ ਬੂਹਾ ਖੋਲ੍ਹਣ ਲੱਗਾ ਤੇ ਉਹ ਵੀ ਬਾਹਰੋਂ ਬੰਦ ਸੀ। ਗੋਗੇ ਦੇ ਤੋਤੇ ਉੱਡ ਗਏ। ਉਹ ਕਾਹਲ ਨਾਲ ਬਾਰੀ ਵੱਲ ਆਇਆ ਤੇ ਉਹਦਾ ਧਿਆਨ ਆਪਣੇ ਯਾਰ ਸੀਮੇ ਵੱਲ ਪਿਆ ਹੁਣ ਉਸ ਸੀਮੇ ਨੂੰ ਆਵਾਜ਼ ਮਾਰੀ, “ਯਾਰਾ! ਖ਼ੁਦਾ ਵਾਸਤੇ ਬਾਹਰਲਾ ਬੂਹਾ ਤੇ ਖੋਲ੍ਹਦੇ।”

ਸੀਮੇ ਨੇ ਗੋਗੇ ਦੀ ਗੱਲ ਸੁਣ ਕੇ ਮੂੰਹ ਦੂਜੇ ਪਾਸੇ ਕਰ ਲਿਆ ਜਿਵੇਂ ਉਸ ਗੱਲ ਈ ਨਾ ਸੁਣੀ ਹੋਵੇ। ਗੋਗੇ ਨੇ ਘਾਬਰ ਕੇ ਬਾਰੀ ਬੰਦ ਕਰ ਦਿੱਤੀ। ਨੂਰੀ ਪਹਿਲਾਂ ਕੰਬਦੀ ਰਹੀ ਫ਼ਿਰ ਉਸ ਰੋਣਾ ਸ਼ੁਰੂ ਕਰ ਦਿੱਤਾ।

ਏਨੇ ਚਿਰ ਵਿੱਚ ਪਿੰਡ ਦੇ ਪ੍ਰਧਾਨ ਬੰਦੇ ਆ ਗਏ। ਉਨ੍ਹਾਂ ਵਿੱਚੋਂ ਇੱਕ ਕੌਂਸਲਰ ਸੀ। ਉਸ ਪਹਿਲਾਂ ਈ ਥਾਣੇ ਇਤਲਾਹ ਕਰਨ ਲਈ ਬੰਦਾ ਟੋਰ ਦਿੱਤਾ ਸੀ। ਥਾਣਾ ਪੰਜ-ਛੇ ਮੀਲ ਦੂਰ ਸੀ।

ਪਿੰਡ ਦੇ ਪ੍ਰਧਾਨ ਬੰਦਿਆਂ ਨੇ ਜਦੋਂ ਨੂਰੀ ਦੇ ਚਾਚੇ ਨੂੰ ਮੂੰਹ ’ਚੋਂ ਅੱਗ ਕੱਢਦਿਆਂ ਵੇਖਿਆ ਤਾਂ ਉਹ ਆਪਣੀ ਇੱਜ਼ਤ ਬਚਾਉਣ ਲਈ ਇੱਕ ਪਾਸੇ ਹੋ ਗਏ। ਕੌਂਸਲਰ ਨੇ ਵੀ ਕਿਹਾ, “ਇਹ ਗ਼ੈਰਤ ਦਾ ਮਸਲਾ ਏ, ਇੱਥੇ ਹੁਣ ਬੰਦਾ ਕੀ ਕਰੇ?”

ਗੋਗੇ ਨੇ ਅੰਦਰੋਂ ਲੱਕੜ ਦਾ ਬੂਹਾ ਮੋਢੇ ਦੇ ਜ਼ੋਰ ਨਾਲ ਤੋੜਨ ਦਾ ਬੜਾ ਚਾਰਾ ਕੀਤਾ ਪਰ ਉਹਦੀ ਵਾਹ ਨਾ ਗਈ।

ਗੋਗੇ ਦੇ ਘਰ ਵਾਲਿਆਂ ਨੂੰ ਵੀ ਮਾਮਲੇ ਦੀ ਸੂਹ ਲੱਗ ਗਈ ਸੀ ਪਰ ਘਰ ਦਾ ਕੋਈ ਵੀ ਬੰਦਾ ਇਸ ਵੇਲੇ ਪਿੰਡ ਵਿੱਚ ਨਹੀਂ ਸੀ। ਗੋਗੇ ਦੀ ਮਾਂ ਰੋਂਦੀ ਹੋਈ ਹਮੀਦਾਂ ਦੇ ਘਰ ਵੱਲ ਨੱਸੀ। ਏਨੇ ਚਿਰ ਵਿੱਚ ਨੂਰੀ ਕੇ ਟੱਬਰ ਦੇ ਕਈ ਜਣੇ ਹੱਥਾਂ ਵਿੱਚ ਸੋਟੇ, ਡਾਂਗਾਂ, ਛਵੀਆਂ, ਕੁਹਾੜੀਆਂ ਤੇ ਪਿਸਤੌਲ, ਬੰਦੂਕਾਂ ਫੜੀ ਹਮੀਦਾਂ ਦੇ ਘਰ ਆ ਗਏ। ਬਾਹਰਲਾ ਜਿੰਦਰਾ ਉਨ੍ਹਾਂ ਤੋੜ ਦਿੱਤਾ। ਕੁੱਝ ਜਣਿਆਂ ਨੇ ਅੰਦਰ ਵੜ ਕੇ ਬੈਠਕ ਦਾ ਵਿਹੜੇ ਵਾਲਾ ਬੂਹਾ ਖੋਲ੍ਹ ਦਿੱਤਾ। ਤੇ ਬਾਕੀ ਗਲੀ ਵਾਲੇ ਬੂਹੇ ਰਾਹੀਂ ਅੰਦਰ ਆਨ ਵੜੇ।

ਗੋਗਾ ਦੋਵੇਂ ਹੱਥ ਜੋੜ ਕੇ ਖਲੋ ਗਿਆ। ਨੂਰੀ ਰੋ ਰਹੀ ਸੀ ਤੇ ਗੋਗਾ ਮੁਆਫ਼ੀਆਂ ਮੰਗ ਰਿਹਾ ਸੀ। ਗੋਗੇ ਨੂੰ ਨੂਰੀ ਦੇ ਘਰ ਦੇ ਜੀਆਂ ਨੇ ਡੰਡਿਆਂ-ਸੋਟਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਹ ਥੱਲੇ ਡਿਗ ਪਿਆ। ਨੂਰੀ ਨੂੰ ਉਹਦੇ ਭਰਾ ਨੇ ਪੁੱਛਿਆ, ਨਾ ਕਵਾਇਆ, ਸਿੱਧੀ ਗੋਲੀ ਮਾਰੀ ਤੇ ਉਹ ਥਾਂ ਉੱਤੇ ਈ ਮੂੰਦੀ ਹੋ ਕੇ ਜਾ ਪਈ। ਨਾਲ਼ ਈ ਨੂਰੀ ਦਾ ਭਰਾ ਗੋਗੇ ਵੱਲ ਮੁੜਿਆ ਤੇ ਹੇਠ-ਉੱਤੇ ਤਿੰਨ ਗੋਲੀਆਂ ਉਹਦੀ ਹਿੱਕ ਵਿੱਚ ਮਾਰ ਦਿੱਤੀਆਂ। ਜਦੋਂ ਗੋਗਾ ਦੋਹਰਾ ਹੋ ਕੇ ਲੁੱੜਛ ਰਿਹਾ ਸੀ, ਕਿਸੇ ਨੇ ਉਹਦੇ ਸਿਰ ਵਿੱਚ ਕੁਹਾੜੀ ਮਾਰ ਕੱਢੀ। ਲਹੂ ਦੀਆਂ ਫੁਹਾਰਾਂ ਛੁੱਟ ਪਈਆਂ। ਨੂਰੀ ਦੇ ਨਾਲ਼ ਈ ਗੋਗਾ ਵੀ ਮੁੰਦੜੇ ਮੂੰਹ ਢਹਿ ਗਿਆ।

ਨੂਰੀ ਕੇ ਟੱਬਰ ਦੇ ਸਾਰੇ ਜਣੇ ਕੁਦਾੜਦੇ ਹੋਏ ਬਾਹਰ ਨਿਕਲੇ ਤੇ ਗੋਗੇ ਦੀ ਮਾਂ ਪਿੱਟਦੀ, ਦੁਹੱਥੜ ਮਾਰਦੀ ਅੰਦਰ ਵੜੀ। ਗਲੀ ਵਿੱਚ ਤੇ ਘਰ ਦੇ ਆਲ ਦੁਆਲੇ ਖਲੋਤੇ ਲੋਕਾਂ ਦੇ ਚਿਹਰਿਆਂ ’ਤੇ ਕਨਸੋ ਲੈਣ ਦੀ ਥਾਂ ਖ਼ੌਫ਼ ਤੇ ਸਦਮੇ ਦੇ ਪਰਛਾਵਿਆਂ ਨੇ ਛਾਂ ਕਰ ਦਿੱਤੀ। ਏਨੇ ਚਿਰ ਵਿੱਚ ਪੁਲਿਸ ਦੀ ਹੂਟਰ ਵਜਾਉਂਦੀ ਤੇ ਧੂੜ ਉਡਾਉਂਦੀ ਗੱਡੀ ਪਿੰਡ ਆ ਵੜੀ ਸੀ। ਸਿਪਾਹੀ ਇੰਜ ਡਾਲੇ ਵਿੱਚੋਂ ਛਾਲਾਂ ਮਾਰਦੇ ਉੱਤਰੇ ਜਿਵੇਂ ਉਹ ਕੋਈ ਵੱਡਾ ਨੁਕਸਾਨ ਹੋਣ ਤੋਂ ਡੱਕ ਲੈਣਗੇ।

ਛੋਟੇ ਥਾਣੇਦਾਰ ਤੇ ਸਿਪਾਹੀਆਂ ਨੇ ਬੈਠਕ ਨੂੰ ਘੇਰ ਲਿਆ। ਅੰਦਰ ਗੋਗੇ ਦੀ ਮਾਂ ਉਹਦੀ ਲਾਸ਼ ਨਾਲ ਜੱਫੇ ਮਾਰ-ਮਾਰ ਕੇ ਵੈਣ ਪਾ ਰਹੀ ਸੀ। ਥਾਣੇਦਾਰ ਨੇ ਦੋ ਸਿਪਾਹੀਆਂ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ। ਸਿਪਾਹੀ ਅੰਦਰ ਵੜੇ ਤੇ ਵਿੱਚੋਂ ਇੱਕ ਨੇ ਮਾਈ ਨੂੰ ਮੋਢੇ ਤੋਂ ਫੜ ਕੇ ਲਾਸ਼ ਤੋਂ ਹਟਾਉਂਦਿਆਂ ਦਾਬਾ ਮਾਰਿਆ, “ਮਾਈ ਬਾਹਰ ਚਲੀ ਜਾ। ਵਕੂਆ ਨਾ ਖ਼ਰਾਬ ਕਰ!”

ਗਲੀ ’ਚ ਨਿਕਲ ਕੇ ਗੋਗੇ ਦੀ ਮਾਂ ਨੇ ਅਜਿਹੀ ਚੀਕ ਮਾਰੀ ਕਿ ਰੁੱਖਾਂ ’ਤੇ ਕਲੋਲ ਕਰਦੀਆਂ ਘੁੱਗੀਆਂ ਤੇ ਲਾਲੜੀਆਂ ਦਾ ਤ੍ਰਾਹ ਨਿਕਲ ਗਿਆ।

  • ਮੁੱਖ ਪੰਨਾ : ਕਹਾਣੀਆਂ, ਅਕਮਲ ਸ਼ਹਿਜ਼ਾਦ ਘੁੰਮਣ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •