Punjabi Stories/Kahanian
ਪਰਗਟ ਸਿੰਘ ਸਤੌਜ
Pargat Singh Satauj
Punjabi Kavita
  

Ghalat-Malat Zindgi Pargat Singh Satauj

ਗ਼ਲਤ-ਮਲਤ ਜ਼ਿੰਦਗੀ ਪਰਗਟ ਸਿੰਘ ਸਤੌਜ

ਮੌਸਮ ਹੁੰਮਸ ਭਰਿਆ ਹੈ, ਐ...ਨ ਤੂਫ਼ਾਨ ਆਉਣ ਤੋਂ ਪਹਿਲਾਂ ਵਰਗੀ ਸ਼ਾਂਤੀ। ਪਰ ਮੈਂ ਉਸਦੇ ਘਰ ਅੱਜ ਤੂਫ਼ਾਨ ਜ਼ਰੂਰ ਲਿਆ ਦੇਣਾ ਹੈ। ਉਸ ਨੇ ਮੈਨੂੰ ਸਮਝਿਆ ਕੀ ਹੈ? ਮੈਂ ਐਨਾ ਵੀ ਗਿਆ-ਗੁਜ਼ਰਿਆ ਨਹੀਂ ਹੋਇਆ ਕਿ ਆਪਣਾ ਹੱਕ ਖੁਹਾ ਕੇ ਅਜੇ ਵੀ ਚੁੱਪ ਬੈਠਾ ਰਹਾਂਗਾ। ਮੈਂ ਵੀ ਉਸਨੂੰ ਅੱਜ ਦਿਖਾ ਦੇਣੈ, ਜੇ ਤੂੰ ਮੇਰੇ ਨਾਲ ਐਨੀਆਂ ਕਰ ਸਕਦੈ ਤਾਂ ਬਾਣੀਏ ਦੇ ਮੈਂ ਵੀ ਨਹੀਂ ਜੰਮਿਆ। ਧਿਆ ਲੈ ਅੱਜ ਜਿਹੜੇ ਭਗਵਾਨ ਨੂੰ ਧਿਆਉਣੈ....! ਮੰਨ ਲੈ ਜਿਹੜੀਆਂ ਮਨੌਤਾਂ ਮੰਨਣੀਆਂ ਨੇ....!
''ਮੈਂ ਕਿਹਾ ਸੁਣ ਲਓ! ਮੈਂ ਕਦੋਂ ਦੀ ਬੋਲ ਮਾਰੀ ਜਾਨੀ ਆਂ।'' ਮੇਰੀ ਪਤਨੀ ਰਸੋਈ 'ਚ ਰੋਟੀਆਂ ਲਾਹੁੰਦੀ ਹਟ ਕੇ ਮੇਰੇ ਸਿਰ 'ਤੇ ਆ ਖੜੀ ਹੈ। ਮੈਂ ਤ੍ਰਬਕ ਕੇ ਉਸ ਵੱਲ ਵੇਖਦਾ ਹਾਂ ਜਿਵੇਂ ਕਈ ਸਾਲਾਂ ਤੋਂ ਵਿਛੜੀ ਨੂੰ ਮਸਾਂ ਮਸਾਂ ਪਹਿਚਾਣ ਰਿਹਾ ਹੋਵਾਂ।
''ਬਾਹਰ ਮੁੰਡਾ ਰੋਈ ਜਾਂਦੈ ਉਹਨੂੰ ਦੇਖ ਲੋ ਜਾ ਕੇ, ਮੈਂ ਰੋਟੀਆਂ ਲੱਗ ਰਹੀ ਆਂ।'' ਪਤਨੀ ਮੇਰੇ ਵੱਲ ਵੱਖਰੀ ਜਿਹੀ ਤਰ੍ਹਾਂ ਵੇਖਦੀ ਮੁੜ ਰਸੋਈ ਵਿੱਚ ਜਾ ਵੜਦੀ ਹੈ।
ਮੈਂ ਬਾਹਰੋਂ ਆਪਣੇ ਤਿੰਨ ਸਾਲ ਦੇ ਮੁੰਡੇ ਨੂੰ ਚੁੱਕ ਅੰਦਰ ਕਮਰੇ ਵਿੱਚ ਆ ਗਿਆ ਹਾਂ। ਥੋੜ੍ਹੀ ਦੇਰ ਬਾਅਦ ਪਤਨੀ ਗਿੱਲੇ ਹੱਥ ਤੌਲੀਏ ਨਾਲ ਪੂੰਝਦੀ ਅੰਦਰ ਆ ਜਾਂਦੀ ਹੈ।
''ਥੋਡੀ ਝਾਕਣੀ ਅੱਜ ਕਿਮੇਂ ਓਪਰੀ ਓਪਰੀ ਜੀ ਲੱਗ ਰਹੀ ਐ?'' ਪਤਨੀ ਮੇਰੀਆਂ ਅੱਖਾਂ ਵਿੱਚ ਵੇਖਦੀ, ਮੇਰੀ ਅੰਦਰਲੀ ਉਥਲ-ਪੁਥਲ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ।
''ਨਾਂਹ ਤੈਨੂੰ ਊਈਂ ਵਹਿਮ ਐ।'' ਮੈਂ ਆਪਣੇ ਆਲੇ-ਦੁਆਲੇ ਝੂਠ ਦੀ ਦੀਵਾਰ ਚਿਣਦਾ ਹਾਂ ਤਾਂ ਕਿ ਉਹ ਮੇਰੇ ਅੰਦਰ ਪ੍ਰਵੇਸ਼ ਨਾ ਕਰ ਜਾਵੇ।
''ਰੋਟੀ ਲਿਆਮਾਂ?'' ਪਤਨੀ ਪੁੱਛਦੀ ਹੈ।
''ਹੈਂ! ਹਾਂ....।'' ਮੈਂ ਆਪਣੇ ਅੰਦਰਲੇ ਸਮੁੰਦਰ 'ਚ ਤਿਲਕਦਾ ਤਿਲਕਦਾ ਮੁੜ ਪਰਤ ਕੇ ਉਸ ਨੂੰ 'ਹਾਂ' ਕਰ ਦਿੰਦਾ ਹਾਂ ਤੇ ਮੁੜ ਉਸੇ ਸਮੁੰਦਰ ਵਿੱਚ ਟੁੱਭੀ ਮਾਰ ਜਾਂਦਾ ਹਾਂ।
……
'ਕਦੇ ਮਾਂ ਵੀ ਐਨੀ ਨਿਰਮੋਹੀ ਬਣ ਜਾਵੇਗੀ?' ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਜੇ ਕਦੇ ਇਹ ਸੱਚ ਹੋ ਜਾਵੇ ਤਾਂ....? ਤਾਂ ਬੰਦੇ ਅੰਦਰ ਅਜਿਹੇ ਝੱਖੜ ਝੂਲਦੇ ਹਨ ਕਿ ਜਿੱਥੋਂ ਦੀ ਇਹ ਲੰਘ ਜਾਣ ਸਭ ਕੁਝ ਪਲਾਂ ਵਿੱਚ ਤਹਿਸ-ਨਹਿਸ!
ਮਾਂ ਨੂੰ ਤਾਂ ਮੈਂ ਦੂਜਾ ਨਹੀਂ ਪਹਿਲਾ ਰੱਬ ਮੰਨਦਾ ਸੀ। ਫੇਰ ਉਸ ਨੂੰ ਕੀ ਮਜਬੂਰੀ ਆ ਪਈ ਸੀ ਕਿ ਉਸ ਨੇ ਮੇਰਾ ਮਾਸ ਵੱਢ ਕੇ ਦੂਜੇ ਨੂੰ ਖਵਾ ਦਿੱਤਾ? ਜਦ ਮੈਨੂੰ ਪਤਾ ਲੱਗਿਆ ਤਾਂ ਮੈਂ ਜਿਉਦਾ ਹੀ ਮਰ ਗਿਆ ਸੀ। ਮਾਂ ਨੇ ਮਾਰ ਦਿੱਤਾ ਸੀ। ਮਾਂ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਵੱਡੇ ਦੇ ਨਾਮ ਲਗਵਾ ਦਿੱਤੀ। ਮੈਂ ਰਿਸ਼ਤੇਦਾਰ ਵੀ ਵਥੇਰੇ ਬੁਲਾਏ ਪਰ ਉਸ ਨੇ ਕਿਸੇ ਦੀ ਨਾ ਮੰਨੀ। ਉਲਟਾ ਮੇਰਾ ਭਰਾ ਮੈਨੂੰ ਮਾਰਨ ਆਇਆ।
ਪਤਨੀ ਨੇ ਤਾਂ ਮੈਨੂੰ ਪਹਿਲਾਂ ਵਥੇਰਾ ਸਮਝਾਇਆ ਸੀ, ''ਇਹ ਕਾਲ਼ਾ ਨਾਗ ਐ, ਕਾਲ਼ਾ ਨਾਗ! ਇਹਨੂੰ ਦੁੱਧ ਨਾ ਪਿਲਾ, ਇੱਕ ਦਿਨ ਤੈਨੂੰ ਈ ਡੰਗੂ।''
''ਲੈ ਹੈਂ ਬੌਲ਼ੀ! ਖ਼ੂਨ ਦੇ ਰਿਸ਼ਤੇ ਐਂ ਕਦੇ ਟੁੱਟਦੇ ਨੇ।'' ਮੈਨੂੰ ਉਸਦੀਆਂ ਗੱਲਾਂ ਭੈੜੀਆਂ ਲਗਦੀਆਂ।
''ਤੂੰ ਤਾਂ ਸਤਜੁਗ ਦੀਆਂ ਗੱਲਾਂ ਕਰਦੈਂ। ਹੁਣ ਪਹਿਲਾਂ ਦੇ ਸਮੇਂ ਆਲ਼ਾ ਖ਼ੂਨ ਨੀ ਰਿਹਾ।'' ਉਹ ਸਮਾਜ ਦੇ ਅਜੋਕੇ ਸੱਚ ਦਾ ਸ਼ੀਸ਼ਾ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਅੱਖਾਂ ਮੀਟ ਲੈਂਦਾ।
ਪਰ ਜਦ ਜ਼ਮੀਨ ਵੱਡੇ ਦੇ ਨਾਂ ਲੱਗ ਗਈ ਤਾਂ ਮੇਰੀਆਂ ਅੱਖਾਂ, ਮੂੰਹ, ਕੰਨ ਸਭ ਕੁਝ ਖੁੱਲ੍ਹ ਗਿਆ, ਮੁੜ ਬੰਦ ਨਾ ਹੋਇਆ।
ਮੈਨੂੰ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਮੇਰੇ ਨਾਲ ਕੀਤੀਆਂ ਵਧੀਕੀਆਂ ਇਸ ਅਣਹੋਣੀ ਲਈ ਉਨ੍ਹਾਂ ਦਾ ਅਭਿਆਸ ਲੱਗੀਆਂ। ਜੇ ਮੈਂ ਪਹਿਲਾਂ ਹੀ ਸੁਚੇਤ ਹੋ ਜਾਂਦਾ ਤਾਂ....!
ਪਹਿਲੀ ਵਾਰ ਵੱਡੇ ਨੇ ਮੇਰੇ ਨਾਲ ਓਦੋਂ ਕੀਤੀ ਜਦ ਮੈਂ ਕਿਸੇ ਦੋਸਤ ਕੋਲ ਤਿੰਨ-ਚਾਰ ਦਿਨਾਂ ਲਈ ਬਾਹਰ ਗਿਆ ਸੀ। ਮੈਨੂੰ ਪਿੰਡੋਂ ਮਾਮੇ ਦਾ ਫੋਨ ਆਇਆ, ''ਮੱਖਣ ਅੱਡ ਹੁੰਦੈ। ਕਹਿੰਦੈ, ਪਿਆ ਹੋਇਆ ਘਰ ਮੈਂ ਲੈਣੈ। ਹੁਣ ਕਿਮੇਂ ਕਰੀਏ?''
''ਮਾਮਾ ਜੀ ਅਜੇ ਉਸ ਨੂੰ ਅੱਡ ਹੋਣ ਨੂੰ ਕੀ ਹੋਇਆ ਸੀ? ਤਿੰਨ ਮਹੀਨੇ ਤਾਂ ਵਿਆਹ ਨੂੰ ਹੋਏ ਨੇ।''
''ਅਸੀਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ, ਮੰਨਦਾ ਤਾਂ ਹੈ ਨੀ ਕਿਸੇ ਦੀ।''
''ਚਲ ਐਂ ਕਰੋ ਫੇਰ, ਜੇ ਨਹੀਂ ਮੰਨਦਾ ਤਾਂ ਜਿਹੜਾ ਘਰ ਕਹਿੰਦੈ ਦੇ ਦੋ।'' ਮੈਂ ਬਹੁਤਾ ਬਖੇੜੇ ਵਿੱਚ ਪੈਣਾ ਠੀਕ ਨਾ ਸਮਝਿਆ।
ਜਦ ਮੈਂ ਵਾਪਸ ਪਿੰਡ ਆਇਆ ਤਾਂ ਮਾਂ-ਬਾਪ ਨਾਲ ਮੇਰਾ ਸਮਾਨ ਤੂੜੀ ਵਾਲੇ ਕਮਰੇ ਵਿੱਚ ਪਿਆ ਸੀ। ਫੇਰ ਕਿੰਨੇ ਸਮੇਂ ਵਿੱਚ ਹੌਲੀ ਹੌਲੀ ਮੈਂ ਉਸਨੂੰ ਬੈਠਣ ਜੋਕਰਾ ਕੀਤਾ।
''ਲਓ ਜੀ ਰੋਟੀ।''
''.....।''
''ਰੋਟੀ....! ਕਿੱਥੇ ਖੋ ਗਏ?'' ਪਤਨੀ ਨੇ ਮੁਸਕਰਾਉਦਿਆਂ ਕਿਹਾ। ਉਸਦੀ ਮੁਸਕਰਾਹਟ ਪਿੱਛੇ ਛੁਪਿਆ ਵਿਅੰਗ ਮੈਨੂੰ ਪ੍ਰਤੱਖ ਦਿਸ ਗਿਆ।
ਮੈਂ ਰੋਟੀ ਖਾਣ ਲੱਗ ਪਿਆ। ਉਹ ਪਤਾ ਨਹੀਂ ਕੀ ਬੋਲਦੀ ਗਈ। ਮੈਨੂੰ ਉਸਦੀ ਕੋਈ ਗੱਲ ਸਮਝ ਨਾ ਆਈ। ਮੈਂ ਬੱਸ ਓਪਰੀ ਜਿਹੀ 'ਹਾਂ-ਹੂੰ' ਕਰਦਾ ਰਿਹਾ। ਮੇਰੇ ਮਨ 'ਚ ਤਾਂ ਉਸਦੀ ਇੱਕੋ ਗੱਲ, ਗੁਲ ਮੇਖ ਵਾਂਗ ਗੱਡੀ ਪਈ ਹੈ, ''ਤੂੰ ਬੰਦਾ ਬਣਾਇਐਂ ਕਿਸੇ ਨੇ। ਤੂੰ ਤਾਂ ਨਾਮਰਦ ਐਂ, ਨਾਮਰਦ! ਸ਼ਰੀਕ ਚਾਹੇ ਤੇਰੇ ਸਿਰ 'ਤੇ ਹੱਗ ਜਾਣ। ਤੈਨੂੰ ਫੇਰ ਵੀ ਸੁਰਤ ਨੀ ਆਉਂਦੀ। ਹੁਣ ਜਦੋਂ ਓਹੋ ਆਪਣੇ ਹਿੱਸੇ ਦੀ ਜ਼ਮੀਨ ਵੀ ਲੈ ਗਿਆ ਫੇਰ ਏਦੂੰ ਉੱਤੇ ਕੀ ਹੋਊ? ਹੁਣ ਆਪ ਤਾਂ ਮਰੇ ਈ ਪਏ ਆਂ, ਸ਼ਰੀਕ ਤਾਂ ਨਾ ਸਿਰ ਉੱਚਾ ਚੱਕ ਕੇ ਤੁਰ ਲੇ ਪਰ ਤੇਰੇ 'ਤੇ ਮਿੱਟੀ ਦੀ ਢੇਰੀ 'ਤੇ ਕੀ ਅਸਰ ਐ ਇਨ੍ਹਾਂ ਗੱਲਾਂ ਦਾ।''
ਜਦੋਂ ਦੀ ਪਤਨੀ ਨੇ ਇਹ ਗੱਲ ਕਹੀ ਹੈ ਓਦੋਂ ਦੇ ਮੇਰੇ ਅੰਦਰ ਭਾਂਬੜ ਮੱਚਣ ਲੱਗ ਪਏ ਹਨ। ਕ੍ਰੋਧ ਦਾ ਗੋਲ਼ਾ ਮੇਰੇ ਸਿਰ ਨੂੰ ਚੜ੍ਹਨ ਲੱਗਿਆ ਹੈ। ਜੀਅ ਕਰਨ ਲਗਦਾ ਹੈ, ਬੰਬ ਵਾਂਗ ਫਟ ਜਾਵਾਂ। ਆਪ ਤਬਾਹ ਹੋ ਜਾਵਾਂ ਅਤੇ ਆਪਣੇ ਆਲੇ-ਦੁਆਲੇ ਦਾ ਸਭ ਕੁਝ ਤਹਿਸ-ਨਹਿਸ ਕਰ ਦੇਵਾਂ। ਮੈਂ ਆਪਣੀ ਪਤਨੀ ਸਾਹਮਣੇ ਨੀਵਾਂ ਨਹੀਂ ਹੋਣਾ ਚਾਹੁੰਦਾ। ਮੈਂ ਤਾਂ ਹਰ ਬਾਰੀ ਲੰਬੀ ਸੋਚਦਾ ਚੁੱਪ ਕਰਦਾ ਰਿਹਾ ਸੀ ਪਰ ਮੇਰੀ ਇਸੇ ਸੋਚ ਨੇ ਮੈਨੂੰ ਮੇਰੀ ਪਤਨੀ ਅੱਗੇ ਨਾਮਰਦ ਬਣਾ ਦਿੱਤਾ। ਡਰਪੋਕ ਤੇ ਕਮਜ਼ੋਰ। ਹੁਣ ਮੈਂ ਉਸ ਨੂੰ ਵਿਖਾ ਦੇਣਾ ਹੈ, ਤੇਰਾ ਸੁੱਖਾ ਕਮਜ਼ੋਰ ਨਹੀਂ। ਮੈਂ ਆਪਣੀ ਮਰਦਾਨਗੀ ਦੇ ਡਿੱਗ ਰਹੇ ਮੀਨਾਰ ਨੂੰ ਉਸਦੀਆਂ ਅੱਖਾਂ ਅੱਗੇ ਮੁੜ ਉਸਾਰਾਂਗਾ। ਅੱਜ ਤੋਂ ਬਾਅਦ ਉਹ ਮੈਨੂੰ ਕਦੇ ਨਹੀਂ ਕਹੇਗੀ, ''ਤੇਰੇ 'ਚ ਤਾਂ ਭੋਰਾ ਅਣਖ ਨੀ ਹੈ।''
'ਮੇਰੇ 'ਚ ਅਣਖ ਹੈ ਰਾਜੀ। ਕੱਲ੍ਹ ਦਾ ਸੂਰਜ ਤੇਰੇ ਸੁੱਖੇ ਦੀ ਅਣਖ ਦੀ ਗਵਾਹੀ ਲੈ ਕੇ ਚੜ੍ਹੇਗਾ। ਤੂੰ ਦੇਖਦੀ ਜਾਈਂ।' ਮੇਰਾ ਅੰਦਰ ਬੋਲਦਾ ਹੈ।
ਪਤਨੀ ਭਾਂਡੇ ਮਾਂਜ ਕੇ ਮੰਜੇ ਉੱਤੇ ਆ ਬੈਠੀ ਹੈ। ਮੈਂ ਆਉਣ ਵਾਲੇ ਸਮੇਂ ਬਾਰੇ ਉਸ ਦਾ ਮਨ ਪੜ੍ਹਨ ਲਈ ਗੱਲ ਤੋਰਦਾ ਹਾਂ, ''ਜੇ ਮੈਂ ਮਰਜਾਂ ਫੇਰ ਤੂੰ ਕੀ ਕਰੇਂਗੀ?''
''ਲੈ....! ਇਹੇ ਜੀਆਂ ਗੱਲਾਂ ਕਿਉ ਕਰਦੈਂ। ਮਰਨ ਤੇਰੇ ਦੁਸ਼ਮਣ।'' ਪਤਨੀ ਦੇ ਇਸ ਜਵਾਬ 'ਤੇ ਮੈਨੂੰ ਲਗਦਾ ਹੈ ਜਿਵੇਂ ਮੈਂ ਗੱਲ ਬਹੁਤੀ ਕਰੜੀ ਪੁੱਛ ਗਿਆ ਹੋਵਾਂ। ਫਿਰ ਮੈਂ ਗੱਲ ਨੂੰ ਹੋਰ ਨਰਮ ਕਰ ਕੇ ਦੁਹਰਾਉਦਾ ਹਾਂ, ''ਜੇ ਮੈਂ ਕਈ ਸਾਲਾਂ ਲਈ ਬਾਹਰ ਬਗਜਾਂ, ਘਰ ਨੂੰ ਤੂੰ 'ਕੱਲੀ ਸਾਂਭਲੇਂ?'' ਮੇਰੀਆਂ ਅੱਖਾਂ ਅੱਗੇ ਜੇਲ੍ਹ ਦਿਸ ਰਹੀ ਸੀ।
''ਬਾਹਰ ਕਿੱਥੇ?'' ਉਹ ਮੇਰੀਆਂ ਬਿਨਾਂ ਸਿਰੋਂ-ਪੈਰੋਂ ਗੱਲਾਂ 'ਤੇ ਹੈਰਾਨ ਹੁੰਦੀ ਹੈ।
''ਨਾਹ, ਮੰਨ ਲਓ ਜੇ ਮੈਂ ਬਗਜਾਂ?''
''ਮੈਨੂੰ ਨੀ ਤੇਰੀ ਕੋਈ ਸਮਝ ਆਉਦੀ।'' ਉਹ ਨਰਾਜਗੀ ਜਿਹੀ ਵਿਖਾਉਂਦੀ ਪਾਸਾ ਵੱਟ ਜਾਂਦੀ ਹੈ ਜਿਵੇਂ ਮੈਨੂੰ ਵੇਖ ਕੇ ਆਪਣੇ ਮਨ ਦਾ ਬੂਹਾ ਭੇੜ ਲਿਆ ਹੋਵੇ। ਉਸ ਨੇ ਮੈਨੂੰ ਆਪਣਾ ਮਨ ਪੜ੍ਹਨ ਤੋਂ ਪਹਿਲਾਂ ਹੀ ਦਰਾਂ ਵਿੱਚੋਂ ਵਾਪਸ ਮੋੜ ਦਿੱਤਾ।
ਹੁਣ ਮੈਂ ਉਸਦੇ ਸੌਂ ਜਾਣ ਦਾ ਇੰਤਜ਼ਾਰ ਕਰਦਾ ਹਾਂ। ਉਹ ਮੇਰੇ ਨਾਲ ਕੁਝ ਦੇਰ ਗੱਲਾਂ ਕਰਦੀ ਹੈ ਤੇ ਫਿਰ ਮੁੰਡੇ ਨੂੰ ਦੁੱਧ ਦੇ ਕੇ ਸੌਂ ਜਾਂਦੀ ਹੈ। ਮੈਨੂੰ ਉਸ ਸਮੇਂ ਦੀ ਏਨੀ ਬੇਸਬਰੀ ਹੋ ਰਹੀ ਹੈ ਕਿ ਮੈਂ ਬੀਤ ਰਹੇ ਇਕੱਲੇ ਇਕੱਲੇ ਮਿੰਟ ਨੂੰ ਗਿਣ ਰਿਹਾ ਹਾਂ। ਸਮਾਂ ਕੀੜੀ ਦੀ ਚਾਲ ਤੁਰਦਾ ਮਸਾਂ ਬਾਰਾਂ 'ਤੇ ਪਹੁੰਚਿਆ ਹੈ। ਮੈਂ ਮੱਲਕ ਦੇਣੇ ਚੱਪਲਾਂ ਪਾਉਦਾ ਹਾਂ ਤੇ ਅੰਦਰ ਆ ਜਾਂਦਾ ਹਾਂ। ਅਲਮਾਰੀ ਓਹਲਿਓਂ ਕਿਰਚ ਚੁੱਕ ਲਈ ਹੈ। ਉਸ ਨੂੰ ਉਲਟਾ-ਪੁਲਟਾ ਕੇ ਕਿਸੇ ਕੀਮਤੀ ਸ਼ੈਅ ਵਾਂਗ ਨਿਹਾਰਦਾ ਹਾਂ ਤੇ ਫਿਰ ਡੱਬ ਵਿੱਚ ਦੇ ਲੈਂਦਾ ਹਾਂ। ਅਲਮਾਰੀ ਕੋਲੋਂ ਗੁਜ਼ਰਨ ਲਗਦਾ ਹਾਂ ਤਾਂ ਮੈਨੂੰ ਆਦਮ ਕੱਦ ਸ਼ੀਸ਼ੇ ਵਿੱਚੋਂ ਅਪਣਾ ਚਿਹਰਾ ਨਜ਼ਰ ਆਉਦਾ ਹੈ। ਇੱਕ ਪਲ ਰੁਕ ਕੇ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਿਹਾਰਦਾ ਹਾਂ। ਮੈਨੂੰ ਆਪਣਾ ਚਿਹਰਾ ਹੀ ਆਪਣਾ ਨਹੀਂ ਲਗਦਾ। ਮੈਂ ਹੋਰ ਨੇੜੇ ਹੁੰਦਾ ਹਾਂ ਤਾਂ ਮੱਥੇ ਵਿੱਚ ਪਿਆ ਟੱਕ ਦਾ ਪੱਕਾ ਨਿਸ਼ਾਨ ਮੈਨੂੰ ਯਕੀਨ ਦਵਾ ਜਾਂਦਾ ਹੈ ਕਿ ਤੂੰ ਸੁੱਖਾ ਹੀ ਹੈਂ। ਮੈਂ ਨਿਸ਼ਾਨ ਉੱਪਰ ਹੱਥ ਫੇਰਦਾ ਹਾਂ ਜਿਵੇਂ ਉਹ ਦੁਬਾਰਾ ਤਾਜਾ ਹੋ ਗਿਆ ਹੋਵੇ ਤੇ ਉਸ ਵਿੱਚੋਂ ਲਹੂ ਸਿੰਮ ਸਿੰਮ ਮੇਰੇ ਮੂੰਹ ਉੱਤੇ ਘਰਾਲਾਂ ਚੱਲ ਪਈਆਂ ਹੋਣ।
ਉਸ ਦਿਨ ਵੀ ਇਸੇ ਤਰ੍ਹਾਂ ਘਰਾਲਾਂ ਚੱਲੀਆਂ ਸਨ ਜਦ ਕੰਧ ਦੀ ਲੜਾਈ ਪਿੱਛੇ ਵੱਡਾ ਮੇਰੇ ਸੁੱਤੇ ਪਏ ਦੇ ਸਿਰ ਵਿੱਚ ਗੰਡਾਸਾ ਮਾਰ ਗਿਆ ਸੀ। ਉਹ ਆਇਆ ਤਾਂ ਮੈਨੂੰ ਮਾਰਨ ਦੇ ਇਰਾਦੇ ਨਾਲ ਹੀ ਸੀ ਪਰ ਨਿਸ਼ਾਨਾ ਗ਼ਲਤ ਲੱਗਣ ਕਾਰਨ ਮੈਂ ਛੇਤੀ ਨਾਲ ਉੱਠ ਕੇ ਪਰ੍ਹਾਂ ਹੋ ਗਿਆ। ਉਹ ਉਹਨੀਂ ਪੈਰੀਂ ਵਾਪਸ ਦੌੜ ਗਿਆ ਸੀ।
ਇਹ ਨਿਸ਼ਾਨ ਵੇਖ ਕੇ ਮੇਰਾ ਕਰੋਧ ਹੋਰ ਉਬਾਲੀ ਖਾ ਗਿਆ ਹੈ। ਮੈਂ ਬਾਹਰ ਨਿਕਲਦਾ ਹਾਂ। ਰਾਜੀ ਅਤੇ ਜੋਨੀ ਸੁੱਤੇ ਪਏ ਹਨ। ਮੈਂ ਉਹਨਾਂ ਦੇ ਸਿਰਹਾਣੇ ਜਾ ਖੜ੍ਹਿਆ ਹਾਂ। ਜੋਨੀ ਸੁੱਤਾ ਪਿਆ ਹੱਸ ਰਿਹਾ ਹੈ। ਮੈਨੂੰ ਉਸਦੇ ਭੋਲ਼ੇ ਚਿਹਰੇ 'ਤੇ ਤਰਸ ਆਉਦਾ ਹੈ। ਫਿਰ ਉਸਦਾ ਹੱਸਦਾ ਚਿਹਰਾ ਮੈਨੂੰ ਰੋਂਦਾ ਮਹਿਸੂਸ ਹੁੰਦਾ ਹੈ। ਉਸਦੇ ਪਾਟੇ, ਮੈਲੇ-ਕੁਚੈਲੇ ਕੱਪੜੇ ਹਨ। ਰਾਜੀ ਦਾ ਵੀ ਇਹੀ ਹਾਲ ਹੈ। ਖਿੱਲਰੇ ਵਾਲ, ਟੁੱਟੀਆਂ ਚੱਪਲਾਂ, ਪੈਰਾਂ 'ਚ ਮੋਟੀਆਂ ਮੋਟੀਆਂ ਬਿਆਈਆਂ। ਚਿਹਰੇ 'ਤੇ ਬਿਆਈਆਂ ਜਿੰਨੀਆਂ ਕਰੂਰ ਝੁਰੜੀਆਂ ਜਿਵੇਂ ਕੋਈ ਭਿਖਾਰਨ ਹੋਵੇ। ਉਹ ਦੋਵੇਂ ਬਾਰ ਵਿੱਚ ਖੜ੍ਹੇ ਮੇਰਾ ਇੰਤਜ਼ਾਰ ਕਰ ਰਹੇ ਹਨ ਪਰ ਮੈਂ ਨਹੀਂ ਆਉਦਾ। ਜਦ ਮੈਂ ਵਾਪਸ ਪਰਤਦਾ ਹਾਂ ਓਦੋਂ ਤੱਕ ਉਹ ਖੜ੍ਹੇ ਖੜ੍ਹੇ ਹੀ ਪੱਥਰ ਦੇ ਬੁੱਤਾਂ ਵਿੱਚ ਬਦਲ ਜਾਂਦੇ ਹਨ।
ਰਾਜੀ ਪਾਸਾ ਪਰਤਦੀ ਮੈਨੂੰ ਵਹਿਣਾਂ ਵਿੱਚੋਂ ਬਾਹਰ ਕੱਢ ਲੈਂਦੀ ਹੈ। ਮੈਂ ਜੋਨੀ ਦਾ ਇੱਕ ਵਾਰ ਮੂੰਹ ਚੁੰਮਦਾ ਹਾਂ ਤੇ ਕਿਰਚ ਨੂੰ ਸੰਭਾਲਦਾ ਬਾਹਰ ਨਿਕਲ ਜਾਂਦਾ ਹਾਂ।
ਬਾਹਰ ਫਿਰਨੀ 'ਤੇ ਆਉਦਾ ਹਾਂ ਤਾਂ ਅਮਰੂ ਬਾਬੇ ਦੇ ਘਰ ਦਾ ਬਾਹਰਲਾ ਬੱਲਬ ਜਗਦਾ ਦਿਸਦਾ ਹੈ। ਉਸ ਦੇ ਬਾਰ ਅੱਗੇ ਚੌਕੜੀ ਸੁੰਨੀ ਪਈ ਹੈ। ਮੈਨੂੰ ਬਾਬੇ ਅਮਰੂ ਦੀ ਗੱਲ ਯਾਦ ਆਉਦੀ ਹੈ। ਉਹ ਪਰਸੋਂ ਚੌਕੜੀ 'ਤੇ ਬੈਠਾ ਮੇਰੀ ਸੁਣਾਈ ਕਿਸੇ ਘਟਨਾ 'ਤੇ ਟਿੱਪਣੀ ਕਰਦਾ ਜਿਵੇਂ ਮੈਨੂੰ ਸਮਝਾ ਰਿਹਾ ਸੀ, ''ਹੁਣ ਉਹ ਵੇਲੇ ਨੀ ਰਹੇ ਪੁੱਤਰਾ ਸਤ-ਯੁੱਗ ਆਲੇ। ਹੁਣ ਤਾਂ ਸਾਰੀ ਜ਼ਿੰਦਗੀ ਗ਼ਲਤ-ਮਲਤ ਜੀ ਹੋਈ ਪਈ ਐ। ਜਿਵੇਂ ਕਈ ਰੰਗ ਡੁੱਲ ਕੇ 'ਕੱਠੇ ਹੋ ਜਾਣ ਨਾ, ਫੇਰ ਉਨ੍ਹਾਂ ਦੀ ਕੋਈ ਪਹਿਚਾਣ ਨੀ ਰਹਿੰਦੀ। ਅੱਜ ਦੇ ਜਮਾਨੇ ਦੇ ਬੰਦੇ ਵੀ ਬੱਸ ਅਈਂ ਹੋਏ ਪਏ ਨੇ। ਸਾਨੂੰ ਕੋਈ ਪਤਾ ਨੀ ਲੱਗਦਾ ਆਪਣਾ ਕਿਹੜੈ, ਬਿਗਾਨਾ ਕਿਹੜੈ? ਇਹ ਨੀ ਪਤਾ ਆਵਦਾ ਭਰਾ ਦੁਸ਼ਮਣ ਆਲ਼ਾ ਕੰਮ ਕਰ ਜੇ। ਕੋਈ ਗ਼ੈਰ ਭਰਾਵਾਂ ਨਾਲੋਂ ਵੱਧ ਨਿਕਲ ਜੇ। ਏਸ ਸਮੇਂ 'ਚ ਤਾਂ ਆ ਕੇ ਪੁਰਾਣੀਆਂ ਅਖੌਤਾਂ ਦੇ ਅਰਥ ਵੀ ਸਾਰੇ ਉਲਟ ਹੋ ਗਏ ਸਾਲੇ! ਬੱਸ ਰੱਬ ਭਲੀ ਕਰੇ!'' ਬਾਬੇ ਨੇ ਕਿਲੋਮੀਟਰ ਜਿੱਡਾ ਲੰਬਾ ਸਾਹ ਲਿਆ ਸੀ ਜਿਵੇਂ ਉਹ ਸਾਰੇ ਰਿਸ਼ਤਿਆਂ ਦੀ ਕੁੜੱਤਣ ਨੂੰ ਆਪਣੇ ਅੰਦਰ ਭਰ ਕੇ ਖ਼ਤਮ ਕਰਨੀ ਚਾਹੁੰਦਾ ਹੋਵੇ।
''ਹਾਂ ਬਾਬਾ ਤੇਰੀ ਗੱਲ ਸੋਲ੍ਹਾਂ ਆਨੇ ਸੱਚ ਨਿਕਲੀ।'' ਇਹ ਬੋਲ ਮੇਰੇ ਅੰਦਰੋਂ ਉੱਠੇ ਤੇ ਫਿਰ ਅੰਦਰ ਹੀ ਜ਼ਬਤ ਹੋ ਗਏ।
ਮੈਂ ਬਾਬੇ ਅਮਰੂ ਦੇ ਘਰ ਵੱਲ ਵੇਖਦਾ ਅੱਗੇ ਤੁਰ ਪੈਂਦਾ ਹਾਂ। ਪਰ੍ਹਾਂ ਫੰਮਣ ਕੇ ਡੇਰੇ ਵੱਲੋਂ ਆਏ ਦੋ ਕੁੱਤੇ ਮੈਨੂੰ ਭੌਕਣ ਲੱਗਦੇ ਹਨ ਪਰ ਮੈਂ ਉਹਨਾਂ ਤੋਂ ਬੇਧਿਆਨਾ ਤੁਰਿਆ ਜਾ ਰਿਹਾ ਹਾਂ। ਅੱਗੇ ਜੀ. ਟੀ. ਰੋਡ 'ਤੇ ਵਾਹਨਾਂ ਦੀਆਂ ਲਾਈਟਾਂ ਉਨ੍ਹਾਂ ਦੀ ਗੂੰਜ ਦੇ ਨਾਲ ਨਾਲ ਭੱਜੀਆਂ ਜਾ ਰਹੀਆਂ ਹਨ। ਮੈਂ ਸੜਕ 'ਤੇ ਆ ਗਿਆ ਹਾਂ। ਸਾਹਮਣੇ ਆ ਰਹੇ ਟਰਾਲੇ ਦੀ ਗੂੰਜ ਸੁਣ ਕੇ ਰੁਕ ਜਾਂਦਾ ਹਾਂ। ਉਹ ਖੌਰੂ ਪਾਉਂਦਾ, ਦਿਓ ਵਾਂਗ ਧਰਤੀ ਹਿਲਾਉਦਾ ਲੰਘ ਜਾਂਦਾ ਹੈ। ਉਸ ਦੇ ਲੰਘਣ ਬਾਅਦ ਧਰਤੀ ਮੁੜ ਸ਼ਾਂਤ ਹੋ ਜਾਂਦੀ ਹੈ ਜਿਵੇਂ ਭੂਚਾਲ ਝਟਕੇ ਦੇ ਕੇ ਲੰਘ ਗਿਆ ਹੋਵੇ। ਮੈਂ ਆਲੇ-ਦੁਆਲੇ ਵੇਖਦਾ ਸੜਕ ਪਾਰ ਕਰ ਜਾਂਦਾ ਹਾਂ।
ਮੈਂ ਆਪਣੇ ਖੇਤ ਨੂੰ ਜਾਂਦੀ ਪਹੀ ਪੈ ਗਿਆ ਹਾਂ। ਜੀਰੀਆਂ 'ਚੋਂ ਭੜ੍ਹਦਾਅ ਮਾਰ ਰਹੀ ਹੈ। ਖੇਤਾਂ ਵਿੱਚ ਕੋਠਿਆਂ 'ਤੇ ਲੱਗੇ ਬੱਲਬ ਪਟਬੀਜਣਿਆਂ ਵਾਂਗ ਚਮਕ ਰਹੇ ਹਨ। ਜਿਉ ਜਿਉ ਮੈਂ ਅੱਗੇ ਵੱਧ ਰਿਹਾ ਹਾਂ ਸੜਕ 'ਤੇ ਚਲਦੇ ਵਾਹਨਾਂ ਦੀ ਅਵਾਜ਼ ਕਿਸੇ ਦੇ ਮੂੰਹ 'ਤੇ ਹੱਥ ਰੱਖ ਦੇਣ ਵਾਂਗ ਡੂੰਘੀ ਹੁੰਦੀ ਜਾਂਦੀ ਹੈ। ਮੈਂ ਟਾਈਮ ਵੇਖਦਾ ਹਾਂ, ਇੱਕ ਵੱਜਣ ਵਾਲਾ ਹੈ। ਦੋ ਵਜੇ ਖੇਤਾਂ ਵਾਲੀ ਲਾਈਟ ਨੇ ਚਲੀ ਜਾਣਾ ਹੈ। ਮੱਖਣ ਇੱਕ ਵਜੇ ਕਿਸੇ ਕਿਆਰੇ ਵਿੱਚ ਨੱਕਾ ਕਰਕੇ ਪੈ ਜਾਵੇਗਾ ਤੇ ਫਿਰ ਸਵੇਰੇ ਉੱਠ ਕੇ ਘਰ ਨੂੰ ਜਾਵੇਗਾ। ਜਾਵੇਗਾ ਨਹੀਂ! ਜਾਂਦਾ ਹੁੰਦਾ ਸੀ। ਪਰ ਹੁਣ ਨਹੀਂ ਜਾਵੇਗਾ।
ਮੈਂ ਕੁਝ ਸਮਾਂ ਅਜੇ ਹੋਰ ਲੰਘ ਜਾਣ ਲਈ ਪੱਕੇ ਖਾਲ ਦੀ ਪੁਲੀ 'ਤੇ ਬੈਠ ਜਾਂਦਾ ਹਾਂ ਤੇ ਉਸਦੀ ਮੌਤ ਦੀਆਂ ਘੜੀਆਂ ਗਿਣਨ ਲਗਦਾ ਹਾਂ।
ਮੱਖਣ ਹੁਣ ਤੱਕ ਮੇਰੇ ਉੱਤੇ ਚੜ੍ਹਦਾ ਆਇਆ ਸੀ। ਘਰ ਦੀ ਵੰਡ ਵੇਲੇ ਮੂੰਹ ਪਿਆ ਫੇਰ ਟਰੈਕਟਰ ਦੀ ਵੰਡ ਵੇਲੇ ਤਿੰਗੜ ਕੇ ਖੜ੍ਹ ਗਿਆ। ਮੈਂ 'ਚਲੋ ਭਰਾ ਐ' ਸਮਝ ਕੇ ਉਹ ਵੀ ਛੱਡ ਦਿੱਤਾ। ਫੇਰ ਜ਼ਮੀਨ ਵੀ ਅੱਧ ਦੀ ਵੰਡਾ ਲਈ, ਅਖੇ ਮੈਂ ਤਾਂ ਬਾਪੂ ਹੋਰਾਂ ਨੂੰ ਅੱਧੇ ਕਿੱਲੇ ਦਾ ਠੇਕਾ ਦੇ ਦਿਆ ਕਰੂੰ। ਦੋ ਸਾਲ ਦਿੱਤਾ ਫੇਰ ਠੇਕਾ ਵੀ ਬੰਦ। ਕਹਿੰਦਾ ਜਿੱਧਰ ਕੰਮ ਕਰਦੇ ਨੇ ਉੱਧਰ ਹੀ ਰੋਟੀ ਖਾਣ। ਮੈਂ ਫਿਰ ਮਨ ਸਮਝਾ ਲਿਆ, 'ਜੇ ਉਹ ਕਪੁੱਤ ਬਣ ਗਿਆ ਤਾਂ ਮੈਂ ਨਹੀਂ ਬਣਦਾ। ਮੈਂ ਕਰੂੰ ਸਾਰਾ ਖਰਚ ਮਾਂ-ਬਾਪ ਦਾ।'
ਕੋਈ ਸਾਇਕਲ ਵਾਲਾ ਮੇਰੇ ਕੋਲ ਦੀ ਲੰਘਣ ਲੱਗਦਾ ਹੈ ਤਾਂ ਮੈਂ ਨੀਵੀਂ ਪਾ ਲੈਂਦਾ ਹਾਂ ਤਾਂ ਕਿ ਮੈਨੂੰ ਪਹਿਚਾਣ ਨਾ ਲਏ। ਉਸਦੀ ਮੌਤ ਤੋਂ ਬਾਅਦ ਤਾਂ ਮੈਂ ਖ਼ੁਦ ਹੀ ਪ੍ਰਤੱਖ ਹੋ ਜਾਣਾ ਹੈ।
ਮੈਂ ਫੇਰ ਸਮਾਂ ਵੇਖਦਾ ਹਾਂ, ਇੱਕ ਤੋਂ ਟੱਪ ਗਿਆ ਹੈ। ਮੈਂ ਉੱਠ ਕੇ ਤੁਰ ਪੈਂਦਾ ਹਾਂ। ਵੱਡੀ ਪਹੀ ਤੋਂ ਸਾਡੇ ਖੇਤ ਨੂੰ ਮੁੜਦੀ ਪਹੀ ਮੁੜ ਜਾਂਦਾ ਹਾਂ। ਅੱਗੇ ਸਾਡੀ ਜ਼ਮੀਨ ਹੈ, ਪੂਰਾ ਛੇ ਕਿੱਲਿਆਂ ਦਾ ਟੱਕ। ਮੈਂ ਜੀਰੀ 'ਤੇ ਨਿਗ੍ਹਾ ਮਾਰਦਾ ਹਾਂ। ਮੇਰੇ ਦੋ ਕਿੱਲਿਆਂ ਦੀ ਜੀਰੀ ਮੇਰੇ ਵਾਂਗ ਹੀ ਦਬੂ ਜਿਹੀ ਹੋਈ ਖੜ੍ਹੀ ਹੈ। ਉਸ ਦੇ ਚਾਰ ਕਿੱਲਿਆਂ 'ਚ ਖੜ੍ਹੀ ਫ਼ਸਲ ਮੇਰੀ ਫ਼ਸਲ ਤੋਂ ਦੁੱਗਣੀ ਮੱਲੀ ਹੋਈ ਲਗਦੀ ਹੈ। ਜਿਵੇਂ ਉਹ ਵੀ ਮੱਖਣ ਵਾਂਗ ਹੰਕਾਰੀ ਹੋਈ ਮੇਰੀ ਫ਼ਸਲ ਦੇ ਉੱਪਰੋ ਦੀ ਪੈ ਜਾਣਾ ਚਾਹੁੰਦੀ ਹੋਵੇ। ਮੈਂ ਉੱਧਰੋਂ ਧਿਆਨ ਮੋੜਦਾ ਵੱਟ ਪੈ ਕੇ ਕੋਠੇ ਕੋਲ ਚਲਾ ਜਾਂਦਾ ਹਾਂ।
ਸਾਹਮਣੇ ਮੰਜੇ 'ਤੇ ਉਹ ਪਿਆ ਹੈ। ਕਦੇ ਬਾਪੂ ਦੀ ਲਾਸ਼ ਵੀ ਇੱਥੇ ਹੀ ਪਈ ਸੀ। ਜਦੋਂ ਬਾਪੂ ਰਾਤੀ ਜੀਰੀ 'ਚ ਪਾਣੀ ਪਾਉਣ ਗਿਆ ਸਵੇਰੇ ਮੁੜ ਕੇ ਨਾ ਆਇਆ ਤਾਂ ਮੈਂ ਸਾਇਕਲ ਲੈ ਕੇ ਉਸ ਨੂੰ ਵੇਖਣ ਚਲਾ ਗਿਆ ਸੀ। ਧੁੱਪ ਚੜ੍ਹੀ ਪਈ ਸੀ। ਪਰ ਬਾਪੂ ਅਜੇ ਵੀ ਮੱਛਰਦਾਨੀ ਵਿੱਚ ਇਸ ਤਰ੍ਹਾਂ ਪਿਆ ਸੀ ਜਿਵੇਂ ਉਸ ਲਈ ਅਜੇ ਅੱਧੀ ਰਾਤ ਹੋਵੇ। ਮੈਂ ਨੇੜੇ ਜਾ ਕੇ ਵੇਖਿਆ, ਬਾਪੂ ਦਾ ਚਿਹਰਾ ਮੈਨੂੰ ਬੜਾ ਡਰਾਵਣਾ ਲੱਗਿਆ। ਇੱਕ ਡਰ ਮੇਰੇ ਸਾਰੇ ਸਰੀਰ ਵਿੱਚ ਜ਼ਹਿਰ ਵਾਂਗ ਫੈਲ ਗਿਆ। ਮੈਂ ਮੱਛਰਦਾਨੀ ਲਾਹ ਕੇ ਬਾਪੂ ਨੂੰ ਹਿਲਾਇਆ ਪਰ ਉਹ ਤਾਂ....!
ਮੇਰੀ ਚੀਕ ਨਿਕਲ ਗਈ। ਮੈਨੂੰ ਉੱਚੀ ਉੱਚੀ ਰੋਂਦਾ ਵੇਖ ਕੇ ਬਾਬੇ ਅਮਰੂ ਦਾ ਮੁੰਡਾ ਜਮੇਰ ਮੇਰੇ ਕੋਲ ਆਇਆ। ਭਾਣਾ ਵਰਤਿਆ ਪਿਆ ਸੀ। ਉਸ ਨੇ ਹੀ ਮੈਥੋਂ ਮੋਬਾਇਲ ਲੈ ਕੇ ਮੱਖਣ ਨੂੰ ਫੋਨ ਕੀਤਾ। ਉਹ ਕਈ ਬੰਦਿਆਂ ਨੂੰ ਨਾਲ ਲੈ ਆਇਆ। ਲਾਸ਼ ਘਰ ਲਿਆਂਦੀ ਗਈ।
''ਹੁਣ ਮਿੱਟੀ ਰੋਲਣ ਨਾਲ ਕੀ ਬਣੂਗਾ ਤਾਇਆ। ਆਪਾਂ ਨੂੰ ਸਭ ਦਿਸੀ ਤਾਂ ਜਾਂਦੈ।'' ਜਦੋਂ ਬਾਪੂ ਦੀ ਲਾਸ਼ ਨੂੰ ਡਾਕਟਰ ਦੇ ਲੈ ਕੇ ਜਾਣ ਦੀ ਗੱਲ ਤੁਰੀ ਤਾਂ ਵੱਡੇ ਨੇ ਅੱਖਾਂ ਪੂੰਝਦਿਆਂ, ਘੱਗੀ ਜਿਹੀ ਅਵਾਜ਼ ਵਿੱਚ ਨੱਨਾ ਮਾਰ ਦਿੱਤਾ ਸੀ।
ਬਾਪੂ ਦੀ ਲਾਸ਼ ਨੂੰ ਤਾਂ ਖਪਾ ਦਿੱਤਾ ਸੀ ਪਰ ਲੋਕਾਂ ਦੇ ਮਨਾਂ ਅੰਦਰਲੇ ਸਵਾਲ ਉਨ੍ਹਾਂ ਅੰਦਰ ਨਾ ਖਪੇ। ਥੋੜ੍ਹੇ ਜਿਹੇ ਦਿਨਾਂ ਬਾਅਦ ਗੱਲ ਦੀ ਭਾਫ਼ ਨਿਕਲਣ ਲੱਗ ਪਈ ਸੀ ਜਿਸ ਦਾ ਸਾਰਾ ਸ਼ੱਕ ਮੱਖਣ ਵੱਲ ਜਾਂਦਾ ਸੀ। ਲੋਕ ਗੱਲਾਂ ਕਰਦੇ ਸੀ, ''ਲਾਸ਼ ਦੇ ਗਲ ਉੱਪਰ ਨੀਲ ਪਏ ਹੋਏ ਸਨ, ਅੱਖਾਂ ਬਾਹਰ ਨੂੰ ਨਿਕਲੀਆਂ ਸਨ।'' ਕਿਸੇ ਨੇ ਬਾਪੂ ਨੂੰ ਗਲ-ਗੂਠਾ ਦਿੱਤਾ ਸੀ। ਸਿੰਦਰ ਮਜ੍ਹਬੀ ਨੇ ਤਾਂ ਉਸ ਰਾਤ ਮੱਖਣ ਨੂੰ ਖੇਤ ਵੱਲ ਜਾਂਦਿਆਂ ਵੀ ਵੇਖ ਲਿਆ ਸੀ।
ਲੋਕਾਂ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਸੋਚਣ ਲਾ ਦਿੱਤਾ ਸੀ।
ਪਹਿਲਾਂ ਤਾਂ ਮੈਨੂੰ ਅਜਿਹਾ ਸੋਚਣ ਦੀ ਸੁਰਤ ਹੀ ਨਹੀਂ ਸੀ। ਪਰ ਲੋਕਾਂ ਦੀਆਂ ਅਜੀਬ ਅਜੀਬ ਗੱਲਾਂ ਨੇ ਮੇਰੇ ਅੰਦਰ ਕਈ ਸਵਾਲ ਉਠਾ ਦਿੱਤੇ ਸਨ। ਜਿੰਨ੍ਹਾਂ ਦੀ ਸ਼ੱਕ ਦੀ ਸੂਈ ਮੱਖਣ ਉੱਪਰ ਹੀ ਜਾ ਖੜ੍ਹਦੀ ਸੀ।
ਉਸੇ ਰਾਤ ਮੈਂ ਪਿਸ਼ਾਬ ਕਰਨ ਉੱਠਿਆ ਸੀ ਤਾਂ ਮੈਨੂੰ ਮਾਂ ਅਤੇ ਮੱਖਣ ਦੀ ਘੁਸਰ-ਮੁਸਰ ਸੁਣੀ ਸੀ ਤੇ ਫਿਰ ਉਨ੍ਹਾਂ ਦਾ ਬਾਹਰਲਾ ਬਾਰ ਵੀ ਖੜਕਿਆ ਸੀ। ਇਸ ਸਭ ਵਿੱਚ ਮਾਂ ਵੀ ਸ਼ਾਮਲ ਸੀ।
ਸ਼ਰਾਬੀ ਬਾਪੂ ਕੋਲੋਂ ਕੁੱਟ ਖਾਣ ਤੋਂ ਬਾਅਦ ਮਾਂ ਜਦ ਵੀ ਬਾਪੂ ਨੂੰ ਗਾਲ੍ਹਾਂ ਦਿੰਦੀ ਤਾਂ ਉਹ ਆਪਣੀ ਇਸ ਭੈੜੀ ਨੀਅਤ ਵੱਲ ਸੰਕੇਤ ਜ਼ਰੂਰ ਕਰ ਜਾਂਦੀ ਸੀ, ''ਢੱਠਿਆ! ਮੈਂ ਤਾਂ ਕਹਿਣੀ ਆਂ ਤੂੰ ਪਿਆ ਹੀ ਰਹਿਜੇਂ। ਜੇ ਤੂੰ ਮਰਜੇਂ, ਮੈਂ ਸ਼ੁਕਰ ਮਨਾਵਾਂ! ਤੇਰੇ ਬਿਨਾਂ ਕੋਈ ਮੇਰਾ ਦੇਸ਼ ਸੁੰਨਾ ਨੀ ਹੁੰਦਾ। ਜਿਹੜੀਆਂ ਰੰਡੀਆਂ ਨੇ, ਵਧੀਆਂ ਅਵਦੀ ਨੀਂਦ ਸੌਂਦੀਆਂ ਨੇ, ਅਵਦੀ ਉਠਦੀਆਂ ਨੇ।''
ਕਦੇ ਕਦੇ ਲੜਾਈ ਤੋਂ ਬਿਨਾਂ ਵੀ ਮਾਂ ਦੇ ਅੰਦਰਲੀ ਇਹ ਖ਼ੁਆਇਸ਼ ਬੁੱਲ੍ਹਾਂ 'ਤੇ ਆ ਜਾਂਦੀ ਸੀ। ਉਹ ਕਿੰਨੀ ਕਿੰਨੀ ਦੇਰ ਪਿੰਡ ਦੀਆਂ ਰੰਡੀਆਂ ਤੀਵੀਂਆਂ ਦੇ ਸੁਖੀ ਜੀਵਨ ਦੀਆਂ ਗੱਲਾਂ ਕਰਦੀ ਰਹਿੰਦੀ।
ਹੁਣ ਮੈਨੂੰ ਲਗਦਾ ਹੈ ਬਾਪੂ ਨੇ ਵੀ ਆਪਣੀ ਮੌਤ ਦਾ ਰਾਹ ਆਪ ਹੀ ਤਿਆਰ ਕੀਤਾ ਸੀ। ਬਾਪੂ ਬੜਾ ਜਿੱਦੀ ਸੀ। ਜਿਹੜੀ ਗੱਲ ਕਹਿ ਦਿੰਦਾ, ਕਰਕੇ ਵਿਖਾਉਂਦਾ। ਉਹ ਜਦ ਵੀ ਮੱਖਣ ਨਾਲ ਲੜਦਾ ਤਾਂ ਇਹ ਸੁਣਾਈ ਜ਼ਰੂਰ ਕਰਦਾ, ''ਮੈਂ ਅਵਦੇ ਮਰਨ ਤੋਂ ਪਹਿਲਾਂ ਤੈਨੂੰ ਮੰਗਣ ਜਰੂਰ ਲਾ ਕੇ ਜਾਊਂ। ਦੇਖਦਾ ਜਾਈਂ ਤੂੰ! ਜੇ ਨਾ ਮੰਗਣ ਲਾ ਕੇ ਗਿਆ। ਅੱਖਾਂ 'ਚ ਹੱਥ ਦੇ ਦੇ ਰੋਮੇਂਗਾ।''
ਮੱਖਣ ਨੂੰ ਡਰ ਸੀ ਬਾਪੂ ਜ਼ਮੀਨ ਉਸ ਨੂੰ ਨਹੀਂ ਦੇਵੇਗਾ। ਉਸ ਨੇ ਮਨ 'ਚ ਇਹ ਡਰ ਪਾਲ ਰੱਖਿਆ ਸੀ, ਬਾਪੂ ਸਾਰੀ ਜ਼ਮੀਨ ਮੇਰੇ ਨਾਂ ਲਿਖਵਾ ਕੇ ਜਾਵੇਗਾ। ਮੈਂ ਉਸ ਦੇ ਇਸ ਡਰ ਨੂੰ ਕਿੰਨੇ ਵਾਰ ਕੱਢਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਯਕੀਨ ਦਵਾਇਆ। ਸੌਹਾਂ ਖਾਧੀਆਂ, ਮੈਂ ਬਾਪੂ ਨੂੰ ਇਹ ਨਹੀਂ ਕਰਨ ਦੇਵਾਂਗਾ ਪਰ ਉਹ ਮੇਰੇ ਯਕੀਨ 'ਤੇ ਵੀ ਨਾ ਖੜ੍ਹਿਆ।
ਬਾਪੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ, ਮਾਂ ਅਤੇ ਮੱਖਣ ਨੂੰ ਕਿੰਨੀ ਵਾਰ ਘੁਸਰ-ਮੁਸਰ ਕਰਦੇ ਸੁਣਿਆ ਸੀ ਜਿਵੇਂ ਉਹ ਕੋਈ ਗੁੱਝੀਆਂ ਸਕੀਮਾਂ ਬਣਾ ਰਹੇ ਹੋਣ। ਪਰ ਓਦੋਂ ਮੇਰੇ ਇਹ ਗੱਲ ਚਿੱਤ-ਚੇਤੇ ਵੀ ਨਹੀਂ ਸੀ।
ਹੁਣ ਮੈਨੂੰ ਸਾਹਮਣੇ ਮੌਤ ਵੇਖਦਾ ਬਾਪੂ ਦਾ ਉਹ ਚਿਹਰਾ ਮੁੜ ਦਿਸਣ ਲੱਗ ਪਿਆ ਹੈ। ਬਾਪੂ ਦਾ ਪੀਲਾ ਪਿਆ ਚਿਹਰਾ, ਤਰਲੇ ਲੈਂਦੀਆਂ ਅੱਖਾਂ। ਮੈਨੂੰ ਦਿਸ ਰਿਹਾ ਹੈ, ਮੱਖਣ ਨੇ ਬਾਪੂ ਦੇ ਸਭ ਤਰਲਿਆਂ ਨੂੰ ਪੈਰਾਂ ਹੇਠਾਂ ਮਸਲ ਕੇ ਬਾਪੂ ਦੇ ਗਲ਼ੇ 'ਤੇ ਪਕੜ ਹੋਰ ਮਜ਼ਬੂਤ ਕਰ ਲਈ ਹੈ। ਬਾਪੂ ਲੱਤਾਂ-ਬਾਹਾਂ ਮਾਰਦਾ ਹੈ, ਦੇਹ ਤੋੜਦਾ ਹੈ ਤੇ ਫਿਰ ਸ਼ਾਂਤ ਹੋ ਜਾਂਦਾ ਹੈ। ਮੱਖਣ ਹੱਸ ਰਿਹਾ ਹੈ। ਉਸਦੇ ਇਸ ਹਾਸੇ 'ਚ ਮਾਂ ਵੀ ਸ਼ਾਮਲ ਹੋ ਜਾਂਦੀ ਹੈ ਤੇ ਫਿਰ ਉਸਦੀ ਪਤਨੀ ਵੀ। ਹਸਦਿਆਂ ਉਨ੍ਹਾਂ ਮੈਨੂੰ ਸਾਹਮਣੇ ਖੜ੍ਹਾ ਵੇਖ ਲਿਆ ਹੈ। ਉਨ੍ਹਾਂ ਦੇ ਹੱਸਦੇ ਚਿਹਰੇ ਗੰਭੀਰ ਹੋ ਗਏ ਹਨ। ਉਹ ਤਿੰਨੋਂ ਆਪਸ ਵਿੱਚ ਨਜ਼ਰਾਂ ਮਿਲਾਉਦੇ ਮੇਰੇ ਵੱਲ ਵਧਣ ਲਗਦੇ ਹਨ ਤੇ....!
ਸਾਹਮਣੇ ਟਾਹਲੀ ਤੋਂ ਕੋਈ ਜਾਨਵਰ 'ਚਿਰ.... ਚਿਰ....' ਕਰਦਾ ਉੱਡ ਜਾਂਦਾ ਹੈ। ਮੇਰੀ ਸੁਰਤ ਪਰਤੀ ਹੈ। ਮੈਂ ਕੋਠੇ ਕੋਲ ਖੜ੍ਹਾ ਮੱਖਣ ਨੂੰ ਵੇਖ ਰਿਹਾ ਹਾਂ। ਉਹ ਡਰਾਵਣੇ ਘੁਰਾੜੇ ਮਾਰ ਰਿਹਾ ਹੈ ਜਿਵੇਂ ਕੋਈ ਬਾਤਾਂ ਵਿਚਲਾ ਦਿਓ ਬੰਦਿਆਂ ਦਾ ਖ਼ੂਨ ਪੀ ਕੇ, ਰੱਜ ਕੇ ਡਕਾਰਾਂ ਮਾਰਦਾ ਹੈ।
ਮੈਂ ਕਿਰਚ ਆਪਣੇ ਹੱਥ ਵਿੱਚ ਘੁੱਟ ਲੈਂਦਾ ਹਾਂ। ਇੱਕ ਸੇਕ ਮੇਰੇ ਪੈਰਾਂ ਥੱਲੋਂ ਚੜ੍ਹਦਾ ਸਿਰ ਤੱਕ ਫੈਲ ਗਿਆ ਹੈ। ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਅੰਗਾਂ ਵਿੱਚ ਦੁੱਗਣੀ ਤਾਕਤ ਭਰਦੀ ਜਾ ਰਹੀ ਹੋਵੇ। ਮੈਂ ਹੌਲੀ ਹੌਲੀ ਪੈਰ ਪੁੱਟਦਾ ਉਸ ਦੇ ਮੰਜੇ ਵੱਲ ਵਧਣ ਲੱਗਦਾ ਹਾਂ। ਮੈਂ ਉਸ ਦੇ ਮੰਜੇ ਦੇ ਬਰਾਬਰ ਜਾ ਖੜ੍ਹਿਆ ਹਾਂ। ਉਹ ਮੇਰੀ ਰਾਤਾਂ ਦੀ ਨੀਂਦ, ਦਿਨ ਦਾ ਚੈਨ ਖੋਹ ਕੇ ਆਪ ਬੇਫ਼ਿਕਰ ਹੋਇਆ ਸੁੱਤਾ ਪਿਆ ਹੈ। ਉਸ ਨੂੰ ਇਸ ਤਰ੍ਹਾਂ ਪਿਆ ਵੇਖ ਕੇ ਮੈਨੂੰ ਹੋਰ ਕ੍ਰੋਧ ਚੜ੍ਹ ਜਾਂਦਾ ਹੈ। ਮੇਰਾ ਦਿਲ ਤੇਜ਼ ਤੇਜ਼ ਧੜਕਣ ਲੱਗ ਪਿਆ ਹੈ। ਬੱਸ! ਅੱਜ ਸਭ ਹਿਸਾਬ ਬਰਾਬਰ ਕਰਨ ਦਾ ਮੌਕਾ ਹੈ। ਜੇ ਇਹ ਮੌਕਾ ਖੁੰਝ ਗਿਆ ਤਾਂ....!
ਮੈਂ ਆਪਣੇ ਸਰੀਰ 'ਚ ਏਨੀ ਸ਼ਕਤੀ ਭਰ ਲੈਣੀ ਚਾਹੁੰਦਾ ਹਾਂ ਕਿ ਉਸ ਨੂੰ ਜਾਗਣ ਦਾ ਮੌਕਾ ਵੀ ਨਾ ਮਿਲੇ। ਉਹ ਜਾਗਣ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੌਂ ਜਾਵੇ।
ਮੈਂ ਮੰਜੇ ਦੇ ਹੋਰ ਨੇੜੇ ਹੋ ਗਿਆ ਹਾਂ। ਬਿਜਲੀ ਦੀ ਤੇਜ਼ੀ ਜਿੰਨੀ ਛੇਤੀ ਮੈਂ ਮੱਛਰਦਾਨੀ ਦਾ ਲੜ ਚੁੱਕਦਾ ਹਾਂ ਤੇ ਪਲਾਂ-ਛਿਣਾਂ ਵਿੱਚ ਹੀ ਇੱਕ, ਦੋ, ਤਿੰਨ, ਚਾਰ, ਪੰਜ.... ਪਤਾ ਨਹੀਂ ਕਿੰਨੇ ਹੀ ਵਾਰ ਮੈਂ ਉਸ ਉੱਪਰ ਕਰ ਦਿੰਦਾ ਹਾਂ। ਮੈਂ ਵਾਰ ਏਨੀ ਤੇਜ਼ੀ ਨਾਲ ਕਰਦਾ ਹਾਂ ਕਿ ਮੈਨੂੰ ਖ਼ੁਦ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਸ ਨੇ ਜਾਗ ਕੇ ਮੇਰਾ ਵਿਰੋਧ ਕੀਤਾ ਸੀ ਜਾਂ ਨਾ। ਜਦੋਂ ਮੇਰੀ ਸੁਰਤ ਪਰਤਦੀ ਹੈ, ਉਹ ਮੰਜੇ ਵਿੱਚ ਮਿੱਟੀ ਬਣਿਆ ਪਿਆ ਹੈ।
ਮੈਂ ਜੇਤੂ ਅੰਦਾਜ਼ ਵਿੱਚ ਬਾਹਵਾਂ ਉੱਪਰ ਚੁੱਕਦਾ ਹਾਂ। ਆਪਣੇ ਖੇਤ ਦੀ ਮਿੱਟੀ ਨੂੰ ਚੁੰਮਦਾ ਹਾਂ। ਖੇਤ ਉੱਪਰ ਦੀ ਗੇੜਾ ਦਿੰਦਾ ਹਾਂ। ਮੈਨੂੰ ਲਗਦਾ ਹੈ ਜਿਵੇਂ ਮੇਰੀ ਫ਼ਸਲ ਉਸਦੀ ਫ਼ਸਲ ਨਾਲੋਂ ਅੱਜ ਰਾਤ ਵਿੱਚ ਹੀ ਦੁੱਗਣਾ ਕੱਦ ਕੱਢ ਗਈ ਹੋਵੇ। ਮੈਨੂੰ ਸੁਣਾਈ ਦਿੰਦਾ ਹੈ ਜਿਵੇਂ ਪਿੰਡ ਵਾਲੇ ਕਹਿ ਰਹੇ ਹੋਣ, ''ਵਧੀਆ ਕੀਤਾ ਏਸ ਪਾਪੀ ਨਾਲ ਤਾਂ ਅਈਂ ਹੋਣੀ ਚਾਹੀਦੀ ਸੀ।'' ਜਿਵੇਂ ਮੈਂ ਮੇਰੀ ਪਤਨੀ ਅੱਗੇ ਗਿੱਠ ਉੱਚਾ ਹੋ ਗਿਆ ਹੋਵਾਂ। ਉਹ ਮੈਨੂੰ ਥਾਪੀ ਦਿੰਦੀ ਕਹਿ ਰਹੀ ਹੈ, ''ਵਾਹ ਵੇ ਅਣਖੀਆ!''
ਮੈਂ ਪਿੰਡ ਨੂੰ ਤੇਜ਼ ਕਦਮੀਂ ਤੁਰ ਪਿਆ ਹਾਂ। ਪਰ ਹੈਂ! ਇਹ ਕੀ? ਹੌਲੀ ਹੌਲੀ ਮੇਰੀ ਚਾਲ ਘਟਦੀ ਜਾਂਦੀ ਹੈ। ਮੇਰੇ ਅੰਦਰ ਕੁਝ ਖੁੱਸਣ ਲੱਗਦਾ ਹੈ ਜਿਵੇਂ ਮੈਂ ਆਪਣਾ-ਆਪਾ ਕਿਤੇ ਪਿੱਛੇ ਛੱਡ ਆਇਆ ਹੋਵਾਂ। ਅੰਦਰ ਸੁਨਾਮੀ ਉੱਠਣ ਵਾਂਗ ਉਥਲ-ਪੁਥਲ ਮੱਚ ਪਈ ਹੈ। ਮੈਨੂੰ ਅੱਗੇ ਕਦਮ ਪੁੱਟਣਾ ਔਖਾ ਹੋ ਗਿਆ ਹੈ ਜਿਵੇਂ ਮੇਰੇ ਪੈਰ ਸੁੱਜ ਕੇ ਤੁਰਨੋਂ ਜਵਾਬ ਦੇ ਗਏ ਹੋਣ। ਮੈਂ ਕੁਛ ਦੇਰ ਖੜ੍ਹਾ ਸੋਚਦਾ ਰਹਿੰਦਾ ਹਾਂ। ਫਿਰ ਅਚਾਨਕ ਸਿਰ-ਮੁਧ ਪਿੱਛੇ ਨੂੰ ਭੱਜ ਲੈਂਦਾ ਹਾਂ। ਕੋਠੇ ਕੋਲ ਜਾਂਦਿਆਂ ਹੀ ਮੈਂ ਭਰਾ ਦੀ ਮੱਛਰਦਾਨੀ ਪੁੱਟ ਕੇ ਪਰ੍ਹਾਂ ਵਗਾਹ ਮਾਰਦਾ ਹਾਂ। ਉਸਦੀ ਖ਼ੂਨ ਨਾਲ ਲੱਥ-ਪੱਥ ਹੋਈ ਦੇਹ ਨੂੰ ਚਿੰਬੜ ਜਾਂਦਾ ਹਾਂ। ਟਿਕੀ ਰਾਤ ਵਿੱਚ ਮੇਰੀਆਂ ਧਾਹਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਹਨ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)