The Home-Coming (Bangla Story in Punjabi) : Rabindranath Tagore
ਘਰ-ਵਾਪਸੀ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ
ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਦਾ ਮੂਹਰੀ ਸੀ। ਇਕ ਦਿਨ
ਉਸ ਨੂੰ ਨਵੀਂ ਸ਼ਰਾਰਤ ਸੁੱਝੀ। ਦਰਿਆ ਦੇ ਬਰੇਤੇ ਤੇ ਇਕ ਭਾਰੀ ਗੇਲੀ ਪਈ
ਸੀ। ਇਸ ਗੇਲੀ ਤੋਂ ਬੇੜੀ ਦਾ ਖੰਭਾ ਘੜਿਆ ਜਾਣਾ ਸੀ। ਉਸ ਨੇ ਇਹ ਵਿਉਂਤ
ਬਣਾਈ ਕਿ ਇਸ ਗੇਲੀ ਨੂੰ ਜ਼ੋਰ ਲਾ ਕੇ ਰੇੜ੍ਹ ਲਿਆ ਜਾਵੇ ਤੇ ਆਪਣੀ ਹੁਣ
ਵਾਲੀ ਥਾਂ ਤੋਂ ਦੂਰ ਲੈ ਜਾ ਕੇ ਛੱਡ ਦਿੱਤਾ ਜਾਵੇ। ਗੇਲੀ ਦਾ ਮਾਲਕ ਗੇਲੀ
ਨੂੰ ਨਾ ਵੇਖ, ਨਾਲੇ ਹੈਰਾਨ ਹੋਵੇਗਾ, ਨਾਲੇ ਗੁੱਸੇ ਨਾਲ ਪਿਆ ਝੱਗ ਸੁੱਟੇਗਾ,
ਅਤੇ ਇਹ ਸਾਰੇ ਉਸ ਦਾ ਮੌਜੂ ਬਣਾ ਕੇ ਹੱਸ ਹੱਸ ਦੂਹਰੇ ਹੋਣਗੇ। ਸਾਰਿਆਂ
ਮੁੰਡਿਆਂ ਉਸ ਦੀ ਇਸ ਵਿਉਂਤ ਦੀ ਪੁਸ਼ਟੀ ਕੀਤੀ ਤੇ ਇਰ ਗਲ ਸਰਬ ਸੰਮਤੀ
ਨਾਲ ਪਾਸ ਹੋ ਗਈ।
ਠੀਕ ਉਸ ਵੇਲੇ ਜਦ ਉਨ੍ਹਾਂ ਇਹ ਸ਼ਰਾਰਤ ਸ਼ੁਰੂ ਕਰਨੀ ਸੀ, ਫਾਟਿਕ
ਦਾ ਛੋਟਾ ਭਰਾ ਮੱਖਨ ਘੁੰਮਦਾ ਫਿਰਦਾ ਉਧਰ ਆ ਨਿਕਲਿਆ ਤੇ ਬਿਨਾ ਕੋਈ
ਗੱਲਬਾਤ ਕੀਤੇ ਉਨ੍ਹਾਂ ਦੇ ਸਾਹਮਣੇ ਗੇਲੀ ਤੇ ਆ ਕੇ ਬੈਠ ਗਿਆ। ਥੋੜ੍ਹੇ ਚਿਰ
ਲਈ ਸਾਰੇ ਮੁੰਡੇ ਉਲਝਣ ਵਿਚ ਪੈ ਗਏ। ਉਨ੍ਹਾਂ ਵਿੱਚੋਂ ਇਕ ਨੇ ਡਰਦਿਆਂ
ਡਰਦਿਆਂ ਮੱਖਨ ਨੂੰ ਪਰੇ ਧੱਕਿਆ ਤੇ ਉਥੋਂ ਉਠ ਜਾਣ ਲਈ ਕਿਹਾ, ਪਰ ਮੱਖਨ
ਨੇ ਉਸ ਦੀ ਗੱਲ ਵੱਲ ਕੋਈ ਧਿਆਨ ਹੀ ਨਾ ਦਿੱਤਾ। ਉਹ ਫਿਲਾਸਫ਼ਰਾਂ ਵਾਂਗ
ਚੁੱਪ ਚਾਪ ਸੋਚਾਂ ਵਿਚ ਡੁੱਬਾ ਉੱਤੇ ਬੈਠਾ ਰਿਹਾ ਜਿਵੇਂ ਕਿਤੇ ਖੇਡਾਂ ਦੀ
ਨਿਰਾਰਥਕਤਾ ਬਾਰੇ ਸੋਚ ਰਿਹਾ ਹੁੰਦਾ ਹੈ। ਫਾਟਿਕ ਗੁੱਸੇ ਵਿਚ ਭਰ ਗਿਆ।
'ਮੱਖਨ! ਉਸ ਚਿਲਕ ਕੇ ਕਿਹਾ, "ਜੇ ਤੂੰ ਹੁਣ ਨਾ ਉਠਿਆ, ਤਾਂ ਮੈਂ ਮਾਰ ਮਾਰ
ਤੇਰਾ ਚੰਮ ਲਾਹ ਦਿਆਂਗਾ।"
ਮੱਖਨ ਸਗੋਂ ਸੌਖਾ ਹੇ ਕੇ ਬੈਠ ਗਿਆ।
ਹੁਣ ਜੇ ਫਾਟਿਕ ਨੂੰ ਮੁੰਡਿਆਂ ਵਿਚ ਆਪਣਾ ਰੁਅਬ ਸਚਮੁਚ ਬਣਾਈ
ਰਖਣ ਦੀ ਲੋੜ ਸੀ ਤਾਂ ਉਸ ਨੂੰ ਆਪਣਾ ਡਰਾਵਾ ਪੂਰਾ ਕਰਨਾ ਚਾਹੀਦਾ ਸੀ
ਪਰ ਇਸ ਪਰੀਖਿਆ ਦੀ ਘੜੀ ਉਸ ਦਾ ਹੌਂਸਲਾ ਜਾਂਦਾ ਰਿਹਾ। ਉਸ ਦੇ ਚੁਸਤ
ਦਿਮਾਗ ਨੇ ਇਕ ਝਟ ਨਵੀਂ ਚਾਲ ਸੋਚ ਲਈ, ਜਿਸ ਨਾਲ ਮੱਖਨ ਬੇਅਰਾਮ ਹੋ
ਉਠੇ ਅਤੇ ਉਸ ਦੇ ਸਾਥੀਆਂ ਦੇ ਦਿਲ-ਪਰਚਾਵੇ ਵਿਚ ਵੀ ਵਾਧਾ ਹੋ ਜਾਵੇ।
ਉਸ ਆਪਣੇ ਸਾਥੀਆਂ ਨੂੰ ਮੱਖਣ ਸਮੇਤ ਗੋਲੀ ਨੂੰ ਰੇੜ੍ਹਨ ਦਾ ਹੁਕਮ ਦਿੱਤਾ।
ਮੱਖਨ ਨੇ ਇਹ ਹੁਕਮ ਸੁਣਿਆ ਪਰ ਉਸ ਉਠਣ ਦਾ ਨਾਂ ਨਾ ਲਿਆ, ਸਗੋਂ
ਇਸ ਨੂੰ ਆਪਣੀ ਇੱਜ਼ਤ ਦਾ ਸੁਆਲ ਬਣਾ ਬੈਠਾ। ਉਸ ਉਨ੍ਹਾਂ ਲੋਕਾਂ ਵਾਂਗ
ਜੇਹੜੇ ਕਈ ਹੋਰ ਗੱਲਾਂ ਵਿਚ ਦੁਨਿਆਵੀ ਪ੍ਰਸਿੱਧੀ ਖੱਟਣ ਦਾ ਯਤਨ ਕਰਦੇ ਹਨ,
ਇਸ ਗੱਲ ਵਲੋਂ ਉਕਾ ਅੱਖਾਂ ਮੀਚ ਲਈਆਂ ਕਿ ਇਸ ਤਰ੍ਹਾਂ ਬੈਠੇ ਰਹਿਣ ਨਾਲ
ਉਸ ਦੇ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ।
ਮੁੰਡਿਆਂ 'ਇਕ, ਦੋ ਤਿੰਨ, ਹਈ ਸ਼ਾਵਾ। ਕਹਿ, ਸਾਰਾ ਜ਼ੋਰ ਲਾ, ਗੇਲੀ
ਨੂੰ ਧੱਕਣਾ ਸ਼ੁਰੂ ਕੀਤਾ। 'ਹਈ ਸ਼ਾਵਾ' ਦੇ ਬੋਲ ਨਾਲ ਹੀ ਗੇਲੀ ਰਿੜ੍ਹ ਪਈ ਅਤੇ
ਨਾਲ ਹੀ ਰਿੜ੍ਹ ਗਈ ਮੱਖਨ ਦੀ ਫ਼ਿਲਾਸਫ਼ੀ, ਸ਼ਾਨ ਤੇ ਹੋਰ ਸਾਰਾ ਕੁਝ ।
ਬਾਕੀ ਦੇ ਮੁੰਡੇ ਤਾਂ ਖੁਸ਼ੀ ਨਾਲ ਚਾਂਗਰਾਂ ਮਾਰਨ ਲੱਗ ਪਏ ਪਰ ਫਾਟਿਕ
ਨੂੰ ਕੁਝ ਡਰ ਭਾਸਣ ਲੱਗਾ। ਉਸ ਨੂੰ ਪਤਾ ਸੀ ਕਿ ਹੁਣ ਕੀ ਹੋਵੇਗਾ। ਉਸ
ਦੀ ਸੋਚ ਠੀਕ ਸੀ, ਕਿਉਂ ਜੋ ਮੱਖਨ ਕਿਸਮਤ ਵਾਂਗ ਅੰਨ੍ਹਾ ਹੋਇਆ ਤੇ ਚੁੜੇਲਾਂ
ਵਾਂਗ ਚੀਕਦਾ ਧਰਤੀ ਤੋਂ ਉਠਿਆ। ਉਹ ਫਾਟਿਕ ਤੇ ਟੁੱਟ ਪਿਆ, ਉਸ ਫਾਟਿਕ
ਦਾ ਮੂੰਹ ਨਹੁੰਦਰਾਂ ਨਾਲ ਝਰੀਟ ਸੁੱਟਿਆ, ਉਸ ਨੂੰ ਮੁੱਕੇ ਮਾਰੇ, ਠੁੱਡੇ ਮਾਰੇ ਅਤੇ
ਫਿਰ ਰੋਂਦਾ ਕੁਰਲਾਂਦਾ ਘਰ ਨੂੰ ਹੋ ਲਿਆ। ਇੰਜ ਨਾਟਕ ਦਾ ਪਹਿਲਾ ਅੰਕ ਖ਼ਤਮ
ਹੋਇਆ।
ਫਾਟਿਕ ਨੇ ਆਪਣਾ ਮੂੰਹ ਪੂੰਝਿਆ ਅਤੇ ਨਦੀ ਦੇ ਕੰਢੇ ਤੇ ਡੁੱਬੀ ਇਕ
ਭਾਰ ਢੋਣ ਵਾਲੀ ਬੇੜੀ ਤੇ ਬਹਿ, ਘਾਹ ਦੇ ਤੀਲੇ ਚਿੱਥਣ ਡਹਿ ਪਿਆ। ਹੁਣ,
ਘਾਟ ਨਾਲ ਇਕ ਬੇੜੀ ਆਣ ਲੱਗੀ, ਜਿਸ ਵਿੱਚੋਂ ਇਕ ਅਧਖੜ ਉਮਰ ਦਾ
ਬੰਦਾ ਕੰਢੇ ਤੇ ਉਤਰਿਆ। ਉਸ ਦੇ ਸਿਰ ਤੇ ਵਾਲ ਧੌਲੇ ਹੋ ਚੁੱਕੇ ਸਨ, ਪਰ ਮੁੱਛਾਂ
ਉਸਦੀਆਂ ਹਾਲੀ ਕਾਲੀਆਂ ਹੀ ਸਨ, ਉਸ ਮੁੰਡੇ ਨੂੰ ਉਥੇ ਵਿਹਲਿਆਂ ਬੈਠਿਆਂ
ਵੇਖਿਆ ਤੇ ਝੱਟ ਕੁ ਪਿੱਛੋਂ ਚੱਕਰਵਰਤੀਆਂ ਦੇ ਘਰ ਦਾ ਪਤਾ ਪੁੱਛਿਆ । ਫਾਟਿਕ
ਘਾਹ ਚਿਥਦਾ ਰਿਹਾ ਅਤੇ ਬੋਲਿਆ, "ਉਥੇ ਕਰਕੇ ਹੈ", ਪਰ ਉਸਦਾ ਇਸ਼ਾਰਾ
ਸਪਸ਼ਟ ਨਹੀਂ ਸੀ। ਇਸ ਲਈ ਓਪਰੇ ਆਦਮੀ ਨੇ ਫਿਰ ਪੁੱਛਿਆ। ਪਰ ਫਾਟਿਕ
ਬੇੜੀ ਤੇ ਬੈਠਾ ਲੱਤਾਂ ਹਿਲਾਉਂਦਾ ਰਿਹਾ ਅਤੇ ਬੋਲਿਆ, "ਜਾਹ ਜਾ ਕੇ ਲੱਭ
ਲੈ!" ਉਹ ਆਪ ਘਾਹ ਦਾ ਤੀਲਾ ਚਿੱਥਦਾ ਰਿਹਾ।
ਉਸੇ ਵੇਲੇ ਘਰੋਂ ਇਕ ਨੌਕਰ ਆਇਆ ਤੇ ਉਸ ਫਾਟਿਕ ਨੂੰ ਕਿਹਾ,
"ਫਾਟਿਕ ਚਲ ਘਰ, ਮਾਂ ਜੀ ਸੱਦਦੇ ਹਨ।" ਫਾਟਿਕ ਨੇ ਹਿੱਲਣੋ ਨਾਂਹ ਕਰ
ਦਿੱਤੀ। ਪਰ ਹੁਣ ਨੌਕਰ ਵੀ ਮਾਲਿਕ ਬਣ ਗਿਆ। ਉਸ ਗੁੱਸੇ ਵਿਚ ਝੱਲੇ ਹੋਏ,
ਲੱਤਾਂ ਮਾਰਦੇ ਤੇ ਚੀਕਦੇ ਫਾਟਿਕ ਨੂੰ ਗਰਦਨੋਂ ਫੜਿਆ ਤੇ ਘਰ ਨੂੰ ਲੈ ਤੁਰਿਆ।
ਜਦ ਫਾਟਿਕ ਘਰ ਅੰਦਰ ਵੜਿਆ ਤਾਂ ਉਸਦੀ ਮਾਂ ਨੇ ਵੇਖਦਿਆਂ ਹੀ
ਗੁੱਸੇ ਨਾਲ ਕਿਹਾ, "ਤੂੰ ਮੱਖਨ ਨੂੰ ਫੇਰ ਮਾਰਿਆ ਹੈ ਨਾ ?"
ਫਾਟਿਕ ਨੇ ਗੁੱਸੇ ਵਿਚ ਕਿਹਾ, "ਨਹੀਂ ਮੈਂ ਕੋਈ ਨਹੀਂ ਮਾਰਿਆ, ਤੈਨੂੰ
ਕਿੰਨ ਦੱਸਿਆ ਹੈ ?"
ਮਾਂ ਨੇ ਉਚੀ ਸਾਰੀ ਕਿਹਾ, "ਝੂਠ ਬੋਲਦੈਂ! ਤੂੰ ਮਾਰਿਆ ਏ।"
ਫਾਟਿਕ ਨੇ ਮੂੰਹ ਸੁਜਾ ਕੇ ਕਿਹਾ, "ਮੈਂ ਜੁ ਆਖਦਾ ਹਾਂ, ਮੈਂ ਨਹੀਂ
ਮਾਰਿਆ। ਬੇਸ਼ੱਕ ਮੱਖਨ ਨੂੰ ਪੁੱਛ ਲੈ" ਪਰ ਮੱਖਨ ਨੇ ਸੋਚਿਆ ਕਿ ਆਪਣੀ
ਪਹਿਲੀ ਕਹੀ ਗੱਲ ਤੇ ਅੜੇ ਰਹਿਨਾ ਚਾਹੀਦਾ ਹੈ। ਇਸ ਲਈ ਉਹ ਕਹਿਣ
ਲੱਗਾ, "ਮਾਰਿਆ ਕਿਉਂ ਨਹੀਂ ? ਮਾਂ ਜੀ, ਇਸੇ ਮੈਨੂੰ ਮਾਰਿਆ ਸੀ।"
ਫਾਟਿਕ ਦਾ ਸਬਰ ਅੱਗੇ ਹੀ ਮੁਕ ਚੁੱਕਾ ਸੀ। ਇਸ ਬੇ-ਇਨਸਾਫ਼ੀ ਨੂੰ
ਉਹ ਹੋਰ ਨਾ ਜਰ ਸਕਿਆ। ਉਹ ਟੁੱਟ ਕੇ ਮੱਖਨ ਦੇ ਜਾ ਪਿਆ ਅਤੇ ਮੁੱਕਿਆਂ
ਹੂਰਿਆਂ ਦਾ ਮੀਂਹ ਵਰ੍ਹਾ ਦਿੱਤਾ, "ਆਹ ਲੈ, ਹੋਰ ਲੈ, ਆਹ ਹੋਰ ਲੈ, ਝੂਠ ਮਾਰਨ
ਦਾ ਇਨਾਮ।"
ਮਾਂ ਝੱਟ ਮੱਖਨ ਦੇ ਪੱਖ ਤੇ ਆ ਗਈ। ਫਾਟਿਕ ਨੂੰ ਮੱਖਨ ਤੋਂ ਪਰੇ ਖਿੱਚਣ
ਲੱਗੀ ਤੇ ਮੁੱਕੇ ਨਾਲ ਮੁੱਕਾ ਤੇ ਹੂਰੇ ਨਾਲ ਹੂਰਾ, ਪੂਰੇ ਜ਼ੋਰ ਨਾਲ ਫਾਟਿਕ ਤੇ
ਵਰ੍ਹਾਉਣ ਲੱਗੀ। ਫਾਟਿਕ ਨੇ ਮਾਂ ਨੂੰ ਜ਼ੋਰ ਨਾਲ ਧੱਕ ਕੇ ਪਰੇ ਕਰ ਦਿੱਤਾ। ਉਹ
ਗੁੱਸੇ ਵਿਚ ਬੋਲੀ, "ਅੱਛਾ, ਲੁੱਚਿਆ ਕੁਪੱਤਿਆ! ਆਪਣੀ ਮਾਂ ਤੇ ਵੀ ਹੱਥ
ਚੁੱਕਣਾ ਚਾਹੁੰਦਾ ਹੈਂ ?"
ਐਨ ਇਸ ਨਾਜ਼ੁਕ ਸਮੇਂ ਧੌਲੇ ਵਾਲਾਂ ਵਾਲਾ ਓਪਰਾ ਆਦਮੀ ਅੰਦਰ
ਆਣ ਵੜਿਆ। "ਇਹ ਕੀ ਮਾਮਲਾ ਵਰਤ ਗਿਆ ਏ ?" ਉਸ ਪੁੱਛਿਆ। ਫਾਟਿਕ
ਸ਼ਰਮ ਨਾਲ ਝੇਂਪ ਖਾ ਗਿਆ।
ਪਰ ਜਦ ਉਸਦੀ ਮਾਂ ਨੇ ਪਿੱਛੇ ਮੁੜ ਕੇ ਓਪਰੇ ਆਦਮੀ ਵੱਲ ਤੱਕਿਆ
ਤਾਂ ਉਸਦਾ ਗੁੱਸਾ ਅਚੰਬੇ ਵਿਚ ਬਦਲ ਗਿਆ। ਉਸ ਆਪਣੇ ਭਰਾ ਨੂੰ ਪਛਾਣ
ਲਿਆ ਤੇ ਲਿਲਕ ਕੇ ਬੋਲੀ, "ਇਹ ਕੀ, ਦਾਦਾ! ਤੂੰ ਕਿੱਧਰੋਂ ਆ ਨਿਕਲਿਆ ?"
ਇਹ ਗੱਲ ਕਹਿੰਦੇ ਸਾਰ ਉਸਨੇ ਝੁਕ ਕੇ ਉਸਦੇ ਪੈਰੀਂ ਹੱਥ ਲਾਇਆ।
ਉਸਦੇ ਵਿਆਹ ਤੋਂ ਛੇਤੀ ਪਿੱਛੋਂ, ਉਸ ਦਾ ਭਰਾ ਬਿਸ਼ੰਬਰ ਪਰਦੇਸ ਚਲਾ ਗਿਆ
ਸੀ ਤੇ ਬੰਬਈ ਜਾ ਕੇ ਉਸ ਆਪਣਾ ਕਾਰ-ਵਿਹਾਰ ਚਲਾ ਲਿਆ ਸੀ। ਭਰਾ ਹਾਲੀ
ਪਰਦੇਸ ਹੀ ਸੀ ਕਿ ਪਿੱਛੋਂ ਉਸਦਾ ਪਤੀ ਚਲਾਣਾ ਕਰ ਗਿਆ। ਬਿਸ਼ੰਬਰ ਹੁਣ
ਕਲਕੱਤੇ ਪਰਤ ਆਇਆ ਸੀ ਤੇ ਆਉਂਦਿਆਂ ਹੀ ਉਸ ਆਪਣੀ ਭੈਣ ਬਾਰੇ ਪੁੱਛ
ਗਿੱਛ ਕੀਤੀ। ਜੇਹੜੇ ਵੇਲੇ ਉਸ ਨੂੰ ਭੈਣ ਦੇ ਟਿਕਾਣੇ ਦਾ ਪਤਾ ਚੱਲਿਆ ਉਸੇ
ਵੇਲੇ ਉਹ ਉਸ ਨੂੰ ਮਿਲਣ ਲਈ ਆ ਗਿਆ।
ਅਗਲੇ ਕੁਝ ਦਿਨ ਬੜੇ ਆਨੰਦ ਵਿਚ ਬੀਤੇ। ਭਰਾ ਨੇ ਮੁੰਡਿਆਂ ਦੀ
ਪੜ੍ਹਾਈ ਲਿਖਾਈ, ਪਾਲਣ ਪੋਸ਼ਣ ਬਾਰੇ ਹਾਲ ਪੁੱਛਿਆ। ਭੈਣ ਨੇ ਭਰਾ ਨੂੰ
ਦੱਸਿਆ ਕਿ ਫਾਟਿਕ ਤਾਂ ਬੜਾ ਉਪਦਰਵੀ ਤੇ ਅੱਠੇ ਪਹਿਰ ਦੀ ਸਿਰ-ਦਰਦੀ
ਹੈ, ਪਰ ਮੱਖਨ ਸੋਨੇ ਵਰਗਾ ਖਰਾ ਤੇ ਲੇਲੇ ਵਰਗਾ ਧੀਰਜਵਾਨ ਹੈ ਅਤੇ ਪੜ੍ਹਨ
ਲਿਖਣ ਦਾ ਵੀ ਸ਼ੌਕੀਨ ਹੈ। ਬਿਸ਼ੰਬਰ ਨੂੰ ਭੈਣ ਤੇ ਤਰਸ ਆਇਆ ਤੇ ਉਸ ਫਾਟਿਕ
ਨੂੰ ਨਾਲ ਕਲਕੱਤੇ ਲਿਜਾ ਕੇ ਉਥੇ ਪੜ੍ਹਾਉਣ ਦਾ ਜਿੰਮਾ ਲਿਆ। ਵਿਧਵਾ ਭੈਣ
ਝੱਟ ਇਸ ਗੱਲ ਤੇ ਰਾਜ਼ੀ ਹੋ ਗਈ। ਜਦ ਮਾਮੇ ਨੇ ਫਾਟਿਕ ਤੋਂ ਕਲਕੱਤੇ ਜਾਣ
ਬਾਰੇ ਪੁਛਿਆ, ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਸ ਕਿਹਾ, "ਹਾਂ,
ਮਾਮਾ ਜੀ! ਜ਼ਰੂਰ ਜ਼ਰੂਰ!" ਉਸ ਦਾ ਲਹਿਜਾ ਉਸ ਦੇ ਬੋਲਾਂ ਦੀ ਪੂਰੀ ਪੂਰੀ ਪੁਸ਼ਟੀ
ਕਰ ਰਿਹਾ ਸੀ।
ਫਾਟਿਕ ਤੋਂ ਛੁਟਕਾਰਾ ਪ੍ਰਾਪਤ ਕਰਕੇ ਮਾਂ ਦਾ ਕਿੰਨਾ ਸਾਰਾ ਭਾਰ ਹੌਲਾ
ਹੋ ਗਿਆ। ਉਸ ਦੇ ਮਨ ਵਿਚ ਫਾਟਿਕ ਬਾਰੇ ਬਦਗੁਮਾਨੀ ਸੀ। ਦੋਹਾਂ ਭਰਾਵਾਂ
ਵਿਚ ਵੀ ਕੋਈ ਪਿਆਰ ਨਹੀਂ ਸੀ। ਮਾਂ ਦੇ ਦਿਲ ਵਿਚ ਇਹੋ ਧੜਕੂ ਲਗਾ ਰਹਿੰਦਾ
ਸੀ ਕਿ ਫਾਟਿਕ ਕਿਤੇ ਮੱਖਨ ਨੂੰ ਦਰਿਆ ਵਿਚ ਨਾ ਡੋਬ ਦੇਵੇ, ਜਾਂ ਲੜਾਈ
ਕਰਕੇ ਉਸਦਾ ਸਿਰ ਹੀ ਨਾ ਪਾੜ ਦੇਵੇ, ਜਾਂ ਕਿਸੇ ਹੋਰ ਖਤਰੇ ਵਿਚ ਹੀ ਨਾ
ਪਾ ਦੇਵੇ। ਨਾਲ ਹੀ ਫਾਟਿਕ ਦਾ ਘਰ ਛੱਡਣ ਵਿਚ ਇੰਨਾ ਉਤਸ਼ਾਹ ਵੇਖ ਕੇ
ਉਸ ਦੇ ਮਨ ਨੂੰ ਠੇਸ ਵੀ ਲੱਗੀ।
ਜਦ ਸਾਰੀ ਗੱਲ ਪੱਕੀ ਹੋ ਗਈ ਤਾਂ ਫਾਟਿਕ ਹਰ ਵੇਲੇ ਆਪਣੇ ਮਾਮੇ
ਤੋਂ ਪੁੱਛਦਾ ਰਹਿੰਦਾ ਕਿ ਕਲਕੱਤੇ ਕਦੋਂ ਚੱਲਣਾ ਹੈ। ਚਾਅ ਨਾਲ ਸਾਰਾ ਦਿਨ
ਉਸ ਨੂੰ ਜ਼ਰਾ ਅਰਾਮ ਪ੍ਰਾਪਤ ਨਾ ਹੁੰਦਾ, ਨਾ ਹੀ ਰਾਤ ਨੂੰ ਉਸ ਦੀ ਪਲ ਦੀ ਪਲ
ਭਰ ਅੱਖ ਲੱਗਦੀ। ਉਸ ਮੱਖਨ ਨੂੰ ਆਪਣੀ ਮੱਛੀਆਂ ਫੜਨ ਦੀ ਕੁੰਡੀ ਸਦਾ
ਲਈ ਸੌਂਪ ਦਿੱਤੀ, ਆਪਣਾ ਵੱਡਾ ਚਾਕੂ ਤੇ ਪੱਥਰ ਦੇ ਗੀਟੇ ਵੀ ਬਖਸ਼ ਦਿੱਤੇ।
ਸੱਚੀ ਗੱਲ ਤਾਂ ਇਹ ਹੈ ਕਿ ਇਸ ਵਿਦਾਇਗੀ ਸਮੇਂ ਫਾਟਿਕ ਦੀ ਮੱਖਨ ਲਈ
ਖੁੱਲ੍ਹ-ਦਿਲੀ ਦਾ ਕੋਈ ਹੱਦ-ਬੰਨਾ ਹੀ ਨਹੀਂ ਸੀ ਰਿਹਾ।
ਜਦ ਉਹ ਕਲਕੱਤੇ ਪਹੁੰਚੇ ਤਾਂ ਫਾਟਿਕ ਪਹਿਲੀ ਵਾਰ ਆਪਣੀ ਮਾਮੀ
ਨੂੰ ਮਿਲਿਆ। ਮਾਮੀ ਨੂੰ ਟੱਬਰ ਤੇ ਇਹ ਬੇਲੋੜਾ ਭਾਰ ਜ਼ਰਾ ਨਾ ਭਾਇਆ। ਉਸ
ਨੂੰ ਆਪਣੇ ਤਿੰਨ ਮੁੰਡਿਆਂ ਦੀ ਸੰਭਾਲ ਹੀ ਪਹਾੜ ਦਿਸਦੀ ਸੀ, ਉਹ ਨਵੇਂ ਨੂੰ
ਕੀ ਕਰੇ? ਫਿਰ ਚੌਦਾਂ ਸਾਲਾਂ ਦੇ ਪੇਂਡੂ ਮੁੰਡੇ ਨੂੰ ਉਨ੍ਹਾਂ ਵਿਚ ਲਿਆ ਰਲਾਉਣਾ
ਤਾਂ ਸਚਮੁੱਚ ਹੀ ਛਿੱਥਿਆਂ ਪਾਣ ਵਾਲੀ ਗੱਲ ਸੀ। ਅਸਲ ਵਿਚ ਬਿਸ਼ੰਬਰ ਨੂੰ
ਇਹੋ ਜੇਹੀ ਬੇ-ਸਮਝੀ ਵਰਤਣ ਤੋਂ ਪਹਿਲਾਂ ਇਕ ਵਾਰ ਮੁੜ ਸੋਚ ਲੈਣਾ ਚਾਹੀਦਾ
ਸੀ।
ਇਸ ਦੁਨੀਆਂ ਵਿਚ ਚੌਦਾਂ ਸਾਲ ਦੇ ਮੁੰਡੇ ਤੋਂ ਵਧ ਤੰਗੀ ਦੇਣ ਵਾਲੀ
ਕੋਈ ਚੀਜ਼ ਨਹੀਂ ਹੋ ਸਕਦੀ। ਨਾ ਉਹ ਘਰ ਦਾ ਸ਼ਿੰਗਾਰ ਬਣ ਸਕਦਾ ਹੈ, ਨਾ
ਕੋਈ ਹੋਰ ਕੰਮ ਸਵਾਰ ਸਕਦਾ ਹੈ। ਛੋਟੇ ਬਚੇ ਵਾਂਗ ਉਸ ਨਾਲ ਲਾਡ ਪਿਆਰ
ਨਹੀਂ ਕੀਤਾ ਜਾ ਸਕਦਾ, ਸਗੋਂ ਉਹ ਹਰ ਵੇਲੇ ਰਾਹ ਦਾ ਰੋੜ ਬਣਿਆ ਰਹਿੰਦਾ
ਹੈ। ਜੇ ਉਹ ਬਚੇ ਦੀ ਤੋਤਲੀ ਬੋਲੀ ਬੋਲੇ ਤਾਂ ਕਹਿੰਦੇ ਹਨ, 'ਉਸ ਵਿਚ ਬੜਾ
ਬਚਪਨ ਹੈ', ਤੇ ਜੇ ਬਾਲਗ਼ਾਂ ਦੀ ਬੋਲੀ ਬੋਲੇ ਤਾਂ ਕਹਿੰਦੇ ਹਨ, 'ਬੇ-ਅਦਬ ਹੈ,
ਬੋਲਣ ਦੀ ਜਾਚ ਨਹੀਂ।' ਸੱਚੀ ਗੱਲ ਤਾਂ ਇਹ ਹੈ ਕਿ ਉਸ ਦੀ ਹਰ ਗੱਲ ਤੇ
ਨੱਕ ਚਾੜ੍ਹਿਆ ਜਾਂਦਾ ਹੈ। ਫਿਰ ਉਮਰ ਵੀ ਉਸ ਦੀ ਉਹ ਹੁੰਦੀ ਹੈ ਜਦ ਉਹ
ਵਾਧੇ ਪਿਆ ਹੁੰਦਾ ਹੈ, ਜਿਸ ਕਰਕੇ ਉਸ ਦੀ ਡੀਲ ਡੌਲ ਵਿਚ ਨਾ ਕੋਈ ਸੁਹਜ
ਹੁੰਦਾ ਹੈ, ਨਾ ਕੋਈ ਖਿੱਚ। ਉਸ ਨੂੰ ਵਧਣ ਦੀ ਇੰਨੀ ਬੇ-ਸ਼ਰਮੀ ਚੜ੍ਹੀ ਹੁੰਦੀ
ਹੈ, ਇੰਨੀ ਕਾਹਲੀ ਹੂੰਦੀ ਹੈ ਕਿ ਕੋਈ ਵੀ ਕਪੜਾ ਉਸ ਨੂੰ ਪੂਰੀ ਤਰ੍ਹਾਂ ਕੱਜ
ਨਹੀਂ ਸਕਦਾ। ਉਸ ਦੀ ਆਵਾਜ਼ ਭਾਰੀ ਹੋ ਜਾਂਦੀ ਹੈ, ਪਾਟਵੀਂ ਤੇ ਥਰਥਰਾਂਦੀ।
ਉਸ ਦਾ ਮੂੰਹ ਇਕ ਦਮ ਲੰਬੂਤਰਾ ਤੇ ਭੌਂਦਾ ਹੋ ਜਾਂਦਾ ਹੈ। ਬਾਲਪੁਣੇ ਦੇ ਨੂਕਸਾਂ
ਨੂੰ ਸੌਖੀ ਤਰ੍ਹਾਂ ਅੱਖੋਂ ਓਹਲੇ ਕੀਤਾ ਜਾ ਸਕਦਾ ਹੈ, ਪਰ ਚੌਦਾਂ ਸਾਲ ਦੇ ਬਾਲ
ਵਿਚ ਪਾਏ ਜਾਂਦੇ ਕਿਸੇ ਬੇ-ਬਸ ਨੁਕਸ ਨੂੰ ਵੀ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ
ਹੈ। ਇਸ ਉਮਰ ਵਿਚ ਉਹ ਆਪਣੇ ਆਪ ਨੂੰ ਵੀ ਪਛਾਣਦਾ ਹੈ ਅਤੇ ਉਹ
ਆਪਣੇ ਤੋਂ ਵੱਡਿਆ ਨਾਲ ਗੱਲਬਾਤ ਕਰਦਾ ਹੈ, ਤਾਂ ਉਹ ਬੇ-ਲੋੜੀ ਵਧ ਚੜ੍ਹ
ਕੇ ਹੁੰਦੀ ਹੈ, ਜਾਂ ਫਿਰ ਇੰਨੀ ਸ਼ਰਮੀਲੀ ਕਿ ਆਪਣੀ ਹੋਦ ਤੋਂ ਵੀ ਲੱਜਿਤ ਜਾਪਦਾ
ਹੈ।
ਫਿਰ ਵੀ ਇਹੋ ਉਮਰ ਹੁੰਦੀ ਹੈ ਜਦ ਇਕ ਬਾਲ ਆਪਣੇ ਹਿਰਦੇ ਦੀਆਂ
ਡੂੰਘਾਈਆਂ ਵਿਚ ਪਿਆਰ ਲੈਣ ਅਤੇ ਆਪਣੇ ਕੰਮ ਦੀ ਪ੍ਰਵਾਨਗੀ ਲੈਣ ਦੀ
ਇੱਛਾ ਰੱਖਦਾ ਹੈ। ਜੇਹੜਾ ਉਸ ਦੀ ਥੋੜੀ ਬਹੁਤ ਦਿਲ-ਰੱਖਣੀ ਤੇ ਲਿਹਾਜ਼ ਕਰਦਾ
ਹੈ, ਉਸ ਦਾ ਉਹ ਗ਼ੁਲਾਮ ਬਣ ਹੀ ਜਾਂਦਾ ਹੈ। ਪਰ ਕੋਈ ਵੀ ਖੁੱਲ੍ਹ ਕੇ ਉਸ
ਨਾਲ ਪਿਆਰ ਨਹੀਂ ਕਰਦਾ। ਇਹ ਬੇਲੋੜੀ ਮਿਹਰਬਾਨੀ ਸਮਝੀ ਜਾਂਦੀ ਹੈ, ਜੋ
ਮੁੰਡੇ ਲਈ ਪਿਆਰ ਦੀ ਥਾਂ ਵਿਗਾੜ ਪੈਦਾ ਕਰਦੀ ਹੈ। ਇਸੇ ਕਰਕੇ ਉਸ ਦੇ
ਹਿੱਸੇ ਝਿੜਕਾਂ ਝੰਬਾਂ ਹੁੰਦੀਆਂ ਹਨ ਤੇ ਉਹ ਉਸ ਕੁੱਤੇ ਵਾਂਗ ਅਵਾਰਾ ਹੋ ਜਾਂਦਾ
ਹੈ, ਜਿਸ ਦਾ ਮਾਲਕ ਕੋਈ ਨਾ ਹੋਵੇ।
ਚੌਦਾਂ ਸਾਲਾਂ ਦੇ ਬੱਚੇ ਲਈ ਆਪਣਾ ਘਰ ਹੀ ਸੁਰਗ ਦਾ ਝੂਟਾ ਦੇ
ਸਕਦਾ ਹੈ। ਓਪਰੇ ਆਦਮੀਆਂ ਨਾਲ ਓਪਰੇ ਘਰ ਵਿਚ ਰਹਿਣਾ ਤਾਂ ਮਾਨੋਂ ਦੁੱਖਾਂ
ਦੀ ਚੱਕੀ ਵਿਚ ਦਲਿਆ ਜਾਣਾ ਹੈ। ਇਸਦੇ ਉਲਟ ਇਸਤਰੀ ਦੀਆਂ ਤਰਸ
ਤੇ ਮਿਹਰ ਭਰੀਆਂ ਨਜ਼ਰਾਂ ਪ੍ਰਾਪਤ ਹੋਣੀਆਂ ਤੇ ਉਸ ਤੋਂ ਕਦੇ ਕੋਈ ਝਿੜਕ ਨਾ
ਮਿਲਣੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ।
ਫਾਟਿਕ ਲਈ ਆਪਣੀ ਮਾਮੀ ਦੇ ਘਰ ਅਣਚਾਹਿਆ ਪਾਹੁਣਾ ਬਣਨਾ
ਤੇ ਵੱਡੇਰੀ ਉਮਰ ਦੀ ਇਸ ਇਸਤਰੀ ਤੋਂ ਸਦਾ ਮਿਹਣੇ ਤੇ ਝਿੜਕਾਂ ਸਹਿਣਾ ਇਕ
ਪੀੜ ਬਣ ਗਈ ਸੀ। ਜੇ ਉਹ ਉਸ ਨੂੰ ਕੋਈ ਆਪਣਾ ਕੰਮ ਦਸਦੀ ਤਾਂ ਉਸਨੂੰ
ਉਹ ਕਹਿੰਦੀ, "ਇਨਾ ਮੂਰਖ਼ ਨਹੀਂ ਬਣੀਦਾ ਜਾ ਆਪਣੀ ਪੜ੍ਹਾਈ ਕਰ।'
ਫਾਟਿਕ ਤੇ ਹੋ ਰਹੀ ਇਸ ਨਿੱਤ ਦੀ ਅਣਗਹਿਲੀ ਨੇ ਉਸ ਅੰਦਰ ਇਹ
ਅਹਿਸਾਸ ਪੈਦਾ ਕਰ ਦਿੱਤਾ ਕਿ ਉਸਦਾ ਸਰੀਰ ਸ਼ਿਕੰਜੇ ਵਿਚ ਕੱਸਿਆ ਜਾ ਰਿਹਾ
ਹੈ। ਉਸਦਾ ਜੀ ਕਰਦਾ ਕਿ ਬਾਹਰ ਖੇਤਾਂ ਵਿਚ ਜਾ ਕੇ ਆਪਣਿਆਂ ਫੇਫੜਿਆਂ
ਨੂੰ ਤਾਜ਼ੀ ਹਵਾ ਨਾਲ ਭਰੇ । ਪਰ ਉਥੇ ਖੁਲ੍ਹੇ ਖੇਤਾਂ ਵਾਲੀ ਥਾਂ ਹੀ ਕਿੱਥੇ ਸੀ।
ਚਾਰੇ ਪਾਸਿਓਂ ਕਲਕੱਤੇ ਦੀਆਂ ਕੰਧਾਂ ਕੋਠਿਆਂ ਨਾਲ ਘਿਰਿਆ, ਉਹ ਦਿਨ ਰਾਤ
ਆਪਣੇ ਪਿੰਡ ਵਾਲੇ ਘਰ ਦੇ ਸੁਪਨੇ ਲੈਂਦਾ, ਅਤੇ ਉਥੇ ਵਾਪਸ ਪਰਤ ਜਾਣ
ਲਈ ਸੱਧਰਾਇਆ ਰਹਿੰਦਾ। ਉਸ ਨੂੰ ਆਪਣੇ ਪਿੰਡ ਦੀ ਸ਼ਾਨਦਾਰ ਚਰਾਗਾਹ
ਨਦੀ ਦੇ ਚੌੜੇ ਕੰਢੇ ਯਾਦ ਆਉਂਦੇ, ਜਿੱਥੇ ਉਹ ਪ੍ਰਭਾਤ ਤੋਂ ਲੈ ਕੇ ਸ਼ਾਮ ਤੱਕ
ਖ਼ੁਸ਼ੀਆਂ ਨਾਲ ਗੀਤ ਗਾਉਂਦਾ ਤੇ ਕਿਲਕਾਰੀਆਂ ਮਾਰਦਾ, ਭੌਂਦਾ ਰਹਿੰਦਾ, ਛੋਟੇ
ਛੋਟੇ ਨਾਲੇ ਯਾਦ ਆਉਂਦੇ, ਜਿਨ੍ਹਾਂ ਵਿਚ ਜਦ ਜੀ ਆਉਂਦਾ ਟੁੱਭੀਆਂ ਮਾਰਦਾ
ਤੇ ਤਰਦਾ ਰਹਿੰਦਾ। ਉਸਨੂੰ ਮੁੰਡਿਆਂ ਦੀ ਉਹ ਢਾਣੀ ਯਾਦ ਆਉਂਦੀ, ਜਿਨ੍ਹਾਂ
ਉਤੇ ਉਸਦੀ ਸਰਦਾਰੀ ਚਲਦੀ। ਇਨ੍ਹਾਂ ਤੋਂ ਬਿਨਾਂ ਉਸ ਨੂੰ ਆਪਣੀ ਜ਼ਾਲਮ
ਮਾਂ ਵੀ ਯਾਦ ਆਉਂਦੀ, ਜੋ ਸਦਾ ਉਸ ਦਾ ਉਲਟ ਪੱਖ ਲੈਂਦੀ ਸੀ। ਇਨ੍ਹਾਂ
ਖਿਆਲਾਂ ਨੇ ਉਸ ਦਾ ਦਿਨ ਰਾਤ ਮੱਲ ਲਿਆ ਹੋਇਆ ਸੀ। ਇਕ ਤਰ੍ਹਾਂ ਦਾ
ਸਥੂਲ ਪਿਆਰ, ਜੇਹੋ ਜਿਹਾ ਪਸ਼ੂਆਂ ਵਿਚ ਹੁੰਦਾ ਹੈ- ਆਪਣੇ ਪਿਆਰਿਆਂ ਦੇ
ਨੇੜੇ ਹੋਣ ਦੀ ਸੱਧਰ, ਉਨ੍ਹਾਂ ਦੇ ਪਾਸ ਨਾ ਹੋਣ ਤੇ ਅਕਹਿ ਜੇਹੀ ਛਾਈ ਉਦਾਸੀ,
ਅੰਦਰਲੀਆਂ ਡੂੰਘਾਈਆਂ ਵਿੱਚੋਂ ਉੱਠੀ ਮਾਂ ਲਈ ਵਿਲਕਣੀ, (ਜਿਵੇਂ ਘੁਸਮੁਸੇ ਵੇਲੇ
ਕੋਈ ਵੱਛਾ ਅੜਾਉਂਦਾ ਹੋਵੇ)- ਇਹੋ ਜੇਹੇ ਪਿਆਰ ਨੇ, ਜੋ ਨਿਰਾ ਪਸ਼ੂ ਬਿਰਤੀ
ਵਾਲਾ ਸੀ, ਇਸ ਪਤਲੇ, ਸ਼ਰਮਾਕਲ, ਘਾਬਰੇ, ਭੱਦੇ ਤੇ ਬੋਂਤਰੇ ਮੁੰਡੇ ਨੂੰ ਝੂਣ
ਦਿੱਤਾ। ਉਸ ਦੀ ਵੇਦਨਾ ਦੀ ਕਿਸੇ ਨੂੰ ਸਮਝ ਨ ਆਈ, ਤੇ ਇਸ ਨੇ ਦਿਨ
ਰਾਤ ਉਸ ਨੂੰ ਘੁਣ ਵਾਂਗ ਖਾ ਲਿਆ।
ਸਾਰੇ ਸਕੂਲ ਵਿਚ ਫਾਟਿਕ ਨਾਲੋਂ ਢਿੱਲਾ ਮੁੰਡਾ ਹੋਰ ਕੋਈ ਨਹੀਂ ਸੀ।
ਜਦ ਅਧਿਆਪਕ ਉਸ ਤੋਂ ਕੋਈ ਪ੍ਰਸ਼ਨ ਪੁੱਛਦਾ ਤਾਂ ਉਹ ਚੁੱਪ-ਚਾਪ ਬਿਟਰ
ਬਿਟਰ ਤਕਦਾ ਰਹਿੰਦਾ ਤੇ ਮੂੰਹ ਅੱਡ ਛੱਡਦਾ, ਤੇ ਇਸ ਦੇ ਬਦਲੇ ਜੇਹੜੀ ਕੁੱਟ
ਪੈਂਦੀ ਉਸਨੂੰ ਵਿਚਾਰਾ ਸਬਰ ਨਾਲ ਸਹਿ ਲੈਂਦਾ, ਜਿਵੇਂ ਇਕ ਖੋਤਾ ਬਾਹਲੇ ਭਾਰ
ਨੂੰ ਵੀ ਚੁੱਪ-ਚਾਪ ਸਬਰ ਨਾਲ ਸਹੀ ਜਾਂਦਾ ਹੈ। ਜਦ ਬਾਕੀ ਮੁੰਡੇ ਬਾਹਰ ਖੇਡ
ਰਹੇ ਹੁੰਦੇ ਤਾਂ ਉਹ ਬਾਰੀ ਨਾਲ ਲੱਗਾ ਉਦਾਸ ਜਿਹਾ ਖੜ੍ਹਾ ਰਹਿੰਦਾ ਤੇ ਦੂਰ ਬਾਹਰ
ਦਿਸ ਰਹੇ ਮਕਾਨਾਂ ਦੀਆਂ ਛੱਤਾਂ ਵੱਲ ਝਾਕਦਾ ਰਹਿੰਦਾ। ਜੇ ਕਿਤੇ ਖੁੱਲ੍ਹੀਆਂ ਛੱਤਾਂ
ਉਤੇ ਬਚਿਆਂ ਨੂੰ ਖੇਡਦਾ ਤੱਕ ਲੈਂਦਾ ਤਾਂ ਉਸਦਾ ਹਿਰਦਾ ਸੱਧਰ ਨਾਲ ਤੜਫ਼
ਉਠਦਾ।
ਇਕ ਦਿਨ ਉਸ ਨੇ ਦਿਲ ਕੱਢਿਆ ਤੇ ਆਪਣੇ ਮਾਮੇ ਕੋਲੋਂ ਪੁੱਛਿਆ,
"ਮਾਮਾ ਜੀ! ਮੈਂ ਘਰ ਕਦੋਂ ਜਾਵਾਂਗਾ ?"
ਉਸਦੇ ਮਾਮੇ ਨੇ ਉਤਰ ਦਿੱਤਾ, "ਬਸ ਛੁੱਟੀਆਂ ਹੋਣ ਤਕ ਸਬਰ ਕਰ।"
ਪਰ ਅਕਤੂਬਰ ਤੋਂ ਪਹਿਲਾਂ ਛੁੱਟੀਆਂ ਨਹੀਂ ਸਨ ਹੋਣੀਆਂ, ਤੇ ਅਕਤੂਬਰ
ਚੜ੍ਹਨ ਵਿਚ ਹਾਲੀ ਬੜਾ ਸਮਾਂ ਪਿਆ ਸੀ।
ਇਕ ਦਿਨ ਫਾਟਿਕ ਦੀ ਪਾਠ-ਪੁਸਤਕ ਗੁਆਚ ਗਈ। ਵਿਚਾਰਾ
ਕਿਤਾਬਾਂ ਦੇ ਹੁੰਦਿਆਂ ਵੀ ਆਪਣਾ ਪਾਠ ਯਾਦ ਨਹੀਂ ਸੀ ਕਰ ਸਕਦਾ, ਹੁਣ
ਪੋਥੀ ਗੁਆਚ ਜਾਣ ਨਾਲ ਤਾਂ ਉਸ ਲਈ ਉਕਾ ਹੀ ਅਸੰਭਵ ਹੋ ਗਿਆ। ਉਸਦਾ
ਅਧਿਆਪਕ ਉਸਨੂੰ ਨਿੱਤ ਬੇਦਰਦੀ ਨਾਲ ਬੈਂਤ ਮਾਰਦਾ। ਉਹ ਇੰਨਾ ਹੀਣ ਤੇ
ਨਿਕੰਮਾ ਹੋ ਗਿਆ ਕਿ ਉਸਦੇ ਆਪਣੇ ਭਰਾਵਾਂ ਨੇ ਵੀ ਉਸਨੂੰ ਅਪਨਾਉਣਾ
ਛੱਡ ਦਿੱਤਾ। ਉਨ੍ਹਾਂ ਨੇ ਦੂਜੇ ਮੁੰਡਿਆਂ ਨਾਲੋਂ ਵੀ ਵਧ ਉਸ ਨੂੰ ਚਿੜਾਉਣਾ ਤੇ
ਮਖੌਲ ਕਰਨਾ ਸ਼ੁਰੂ ਕਰ ਦਿੱਤਾ। ਅੰਤ ਉਹ ਆਪਣੀ ਮਾਮੀ ਕੋਲ ਗਿਆ ਤੇ ਦੱਸ
ਦਿੱਤਾ ਕਿ ਉਸਦੀ ਕਿਤਾਬ ਗੁਆਚ ਗਈ ਹੈ।
ਬੜੇ ਨਿਰਾਦਰ ਭਰੇ ਲਹਿਜੇ ਨਾਲ ਉਹ ਬੋਲੀ, "ਤੂੰ ਉਕਾ ਉਜੱਡ ਤੇ
ਗੰਵਾਰ ਹੀ ਰਹਿਓਂ। ਮੈਂ ਮਹੀਨੇ ਵਿਚ ਐਨੀ ਵਾਰੀ ਤੇਰੇ ਲਈ ਕਿਤਾਬਾਂ ਕਿੱਥੋਂ
ਲਿਆਵਾਂ ? ਮੈਂ ਆਪਣੇ ਮੁੰਡਿਆਂ ਦਾ ਖਰਚਾ ਵੀ ਤਾਂ ਤੋਰਨਾ ਹੈ ?"
ਉਸ ਦਿਨ ਫਾਟਿਕ ਜਦ ਸਕੂਲੋਂ ਮੁੜਿਆ ਤਾਂ ਰਾਤੀਂ ਉਸ ਨੂੰ
ਸਖ਼ਤ ਸਿਰ ਦਰਦ ਹੋਣ ਲੱਗੀ ਤੇ ਕਾਂਬਾ ਚੜ੍ਹ ਗਿਆ। ਉਸਨੂੰ ਇੰਝ ਜਾਪਿਆ
ਜਿਵੇਂ ਮਲੇਰੀਆ ਬੁਖਾਰ ਚੜ੍ਹ ਗਿਆ ਹੁੰਦਾ ਹੈ। ਉਸ ਨੂੰ ਇਕੋ ਡਰ ਭਾਸ ਰਿਹਾ
ਸੀ ਕਿ ਉਹ ਕਿਤੇ ਆਪਣੀ ਮਾਮੀ ਲਈ ਵਖਤ ਨਾ ਬਣ ਜਾਏ।
ਅਗਲੀ ਸਵੇਰੇ ਫਾਟਿਕ ਕਿਧਰੇ ਨਜ਼ਰ ਨਹੀਂ ਸੀ ਆਉਂਦਾ। ਆਲੇ
ਦੁਆਲੇ ਭਾਲ ਕੀਤੀ ਗਈ ਪਰ ਉਸਦਾ ਕੋਈ ਫਲ ਨਾ ਨਿਕਲਿਆ। ਸਾਰੀ ਰਾਤ
ਜ਼ੋਰ ਦਾ ਮੀਂਹ ਵਰ੍ਹਦਾ ਰਿਹਾ ਸੀ ਤੇ ਜੇਹੜੇ ਵੀ ਉਸ ਨੂੰ ਲੱਭਣ ਗਏ, ਮੀਂਹ ਨਾਲ
ਗੜੁੱਚੇ ਹੋ ਕੇ ਮੁੜੇ। ਅੰਤ ਬਿਸ਼ੰਬਰ ਨੇ ਪੁਲਸ ਵਿਚ ਉਸਦੇ ਗੁਆਚਣ ਦੀ ਰਿਪੋਰਟ
ਲਿਖਾ ਦਿੱਤੀ।
ਰਾਤ ਪੈਣ ਵੇਲੇ ਪੁਲਿਸ ਦੀ ਲਾਰੀ ਉਨ੍ਹਾਂ ਦੇ ਬੂਹੇ ਅੱਗੇ ਆਣ ਕੇ ਖਲੋ
ਗਈ। ਹਾਲੀ ਵੀ ਮੀਂਹ ਵਰ੍ਹ ਰਿਹਾ ਸੀ ਤੇ ਗਲੀਆਂ ਵਿਚ ਹੜ੍ਹ ਆਇਆ ਜਾਪਦਾ
ਸੀ। ਦੋ ਸਿਪਾਹੀਆਂ ਫਾਟਿਕ ਨੂੰ ਆਪਣੀਆਂ ਬਾਹਵਾਂ ਵਿਚ ਚੁਕਿਆ ਹੋਇਆ
ਸੀ ਤੇ ਉਨ੍ਹਾਂ ਉਸ ਨੂੰ ਬਿਸ਼ੰਬਰ ਅੱਗੇ ਆਣ ਰੱਖਿਆ। ਫਾਟਿਕ ਪੈਰਾਂ ਤੋਂ ਸਿਰ
ਤਕ ਪਾਣੀ ਨਾਲ ਗੜੁੱਚ ਤੇ ਚਿੱਕੜ ਨਾਲ ਲੱਥ ਪੱਥ ਹੋਇਆ ਹੋਇਆ ਸੀ।
ਉਸਦੀਆਂ ਅੱਖਾਂ ਤੇ ਮੂੰਹ ਬੁਖਾਰ ਕਰਕੇ ਲਾਲ ਸੂਹੇ ਹੋਏ ਹੋਏ ਸਨ। ਉਸਦਾ ਅੰਗ
ਅੰਗ ਕੰਬ ਰਿਹਾ ਸੀ। ਬਿਸ਼ੰਬਰ ਨੇ ਉਸਨੂੰ ਬਾਹਵਾਂ ਵਿਚ ਚੁਕ ਲਿਆ ਤੇ ਅੰਦਰ
ਲੈ ਗਿਆ। ਜਦ ਉਸਦੀ ਵਹੁਟੀ ਨੇ ਉਸਨੂੰ ਤੱਕਿਆ ਤਾਂ ਉਹ ਬੋਲ ਉਠੀ, "ਇਸ
ਮੁੰਡੇ ਨੇ ਸਾਨੂੰ ਕਿੰਨਾ ਦੁੱਖ ਦੇ ਰੱਖਿਆ ਹੈ। ਕੀ ਇਹ ਚੰਗਾ ਨਾ ਹੋਵੇ ਜੇ ਤੁਸੀਂ
ਇਸਨੂੰ ਵਾਪਸ ਘਰ ਭੇਜ ਦੇਵੇ ?"
ਫਾਟਿਕ ਨੇ ਇਹ ਸ਼ਬਦ ਸੁਣ ਲਏ ਤੇ ਸਿਸਕੀਆਂ ਭਰਦਿਆਂ ਕਿਹਾ,
"ਮਾਮਾ ਜੀ ਮੈਂ ਘਰ ਨੂੰ ਹੀ ਜਾ ਰਿਹਾ ਸਾਂ, ਪਰ ਪੁਲਿਸ ਵਾਲੇ ਮੈਨੂੰ ਖਿੱਚ ਕੇ
ਵਾਪਸ ਲੈ ਆਏ ਹਨ।"
ਬੁਖਾਰ ਤੇਜ਼ੀ ਨਾਲ ਵਧਦਾ ਗਿਆ ਤੇ ਸਾਰੀ ਰਾਤ ਮੁੰਡਾ ਬੁੜ-
ਬੁੜਾਉਂਦਾ ਰਿਹਾ । ਬਿਸ਼ੰਬਰ ਨੇ ਡਾਕਟਰ ਨੂੰ ਸੱਦਿਆ। ਫਾਟਿਕ ਨੇ ਅੱਖਾਂ ਖੋਲ੍ਹੀਆਂ
ਤੇ ਛੱਤ ਵੱਲ ਝਾਕਦਿਆਂ ਸੱਖਣੀ ਜੇਹੀ ਆਵਾਜ਼ ਵਿਚ ਬੋਲਿਆ, "ਮਾਮਾ ਜੀ,
ਹਾਲੀ ਛੁੱਟੀਆਂ ਨਹੀਂ ਹੋਈਆਂ ?"
ਬਿਸ਼ੰਬਰ ਨੇ ਆਪਣੀਆਂ ਅੱਖਾਂ ਵਿਚੋਂ ਅੱਥਰੂ ਪੂੰਝਦਿਆਂ ਉਸਦਾ ਤਪਦਾ
ਹੱਥ ਆਪਣੇ ਹੱਥਾਂ ਵਿਚ ਘੁੱਟ ਲਿਆ ਤੇ ਸਾਰੀ ਰਾਤ ਉਸ ਦੇ ਕੋਲ ਬੈਠਾ ਰਿਹਾ।
ਮੁੰਡਾ ਫਿਰ ਕੁਝ ਬੁੜ-ਬੁੜਾਇਆ ਤੇ ਅੰਤ ਉਸ ਦੀ ਆਵਾਜ਼ ਇਕ ਚੀਕ ਜੇਹੀ
ਬਣ ਗਈ, "ਮਾਂ! ਮੈਨੂੰ ਇੰਜ ਨਾ ਮਾਰ... ਮਾਂ! ਮੈਂ ਬਿਲਕੁਲ ਸੱਚ ਦੱਸ ਰਿਹਾ
ਹਾਂ!"
ਅਗਲੇ ਦਿਨ ਫਾਟਿਕ ਨੂੰ ਕੁਝ ਸਮੇਂ ਲਈ ਹੋਸ਼ ਆ ਗਈ । ਉਸ ਦੀਆਂ
ਅੱਖਾਂ ਕਮਰੇ ਦੇ ਸਾਰੇ ਪਾਸੇ ਘੁੰਮ ਰਹੀਆਂ ਸਨ, ਜਿਵੇਂ ਉਸ ਨੂੰ ਕਿਸੇ ਦੇ ਆਉਣ
ਦੀ ਆਸ ਹੁੰਦੀ ਹੈ। ਅੰਤ ਨਿਰਾਸ਼ ਹੋ, ਉਸ ਦਾ ਸਿਰ ਫਿਰ ਸਰ੍ਹਾਣੇ ਤੇ ਡਿੱਗ
ਪਿਆ। ਇਕ ਡੂੰਘਾ ਸਾਹ ਭਰ ਕੇ ਉਸ ਨੇ ਆਪਣਾ ਮੂਹ ਕੰਧ ਵੱਲ ਫੇਰ ਲਿਆ।
ਬਿਸ਼ੰਬਰ ਨੇ ਉਸ ਦੇ ਮਨ ਦੀ ਗੱਲ ਬੁਝ ਲਈ। ਉਹ ਉਸ ਉੱਤੇ ਝੁਕ
ਗਿਆ ਤੇ ਹੌਲੀ ਜੇਹੀ ਬੋਲਿਆ, "ਫਾਟਿਕ ਮੈਂ ਤੇਰੀ ਮਾਂ ਨੂੰ ਆਉਣ ਲਈ ਸੁਨੇਹਾ
ਭੇਜ ਦਿੱਤਾ ਹੈ।"
ਦਿਨ ਬੜਾ ਹੌਲੀ ਹੌਲੀ ਬੀਤਣ ਲੱਗਾ। ਡਾਕਟਰ ਨੇ ਬੜੀ ਗੰਭੀਰ
ਆਵਾਜ਼ ਵਿਚ ਦੱਸਿਆ ਕਿ ਮੁੰਡੇ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ।
ਫਾਟਿਕ ਉਚੀ ਆਵਾਜ਼ ਵਿਚ ਕਹਿਣ ਲਗਾ, "ਅੰਕ-ਫੱਟੀ ਦੇ ਹਿਸਾਬ-
ਪਾਣੀ ੧੮ ਫੁਟ ਡੂੰਘਾ। ਅੰਕ-ਫੱਟੀ ਦੇ ਹਿਸਾਬ-ਪਾਣੀ ੨੪ ਫੁੱਟ ਡੂੰਘਾ। ਅੰਕ-
ਫੱਟੀ ਦੇ ਹਿਸਾਬ- ਉਸ ਕਈ ਵਾਰ ਅਗਨ ਬੋਟਾਂ ਦੇ ਮਲਾਹਾਂ ਨੂੰ ਨਦੀ ਵਿਚ
ਸਿੱਕੇ ਦੀ ਅੰਕ-ਫੱਟੀ ਤੇ ਲੱਗੇ ਨਿਸ਼ਾਨਾਂ ਨੂੰ ਬੋਲਦੇ ਸੁਣਿਆ ਸੀ। ਹੁਣ ਉਹ ਆਪ
ਅਥਾਹ ਸਾਗਰ ਦੀਆਂ ਡੂੰਗਾਈਆਂ ਨਾਪ ਰਿਹਾ ਸੀ।
ਦਿਨ ਦੇ ਅਖ਼ੀਰਲੇ ਪਹਿਰ ਫਾਟਿਕ ਦੀ ਮਾਂ ਵਾ-ਵਰੋਲੇ ਵਾਂਗ ਘਰ ਦੇ
ਅੰਦਰ ਆ ਵੜੀ ਅਤੇ ਕਮਰੇ ਦੇ ਅੰਦਰ ਇਧਰ ਉਧਰ ਢਹਿੰਦੀ, ਸਿਸਕੀਆਂ
ਭਰਦੀ ਰੋਂਦੀ ਫਿਰਨ ਲੱਗੀ।
ਬਿਸ਼ੰਬਰ ਨੇ ਉਸ ਨੂੰ ਚੁਪ ਕਾਰਉਣ ਦਾ ਯਤਨ ਕੀਤਾ, ਪਰ ਉਹ ਪਲੰਘ
ਤੇ ਢਹਿ ਪਈ ਤੇ ਰੋਂਦਿਆਂ-ਰੋਂਦਿਆਂ ਬੋਲੀ, "ਫਾਟਿਕ, ਮੇਰੀ ਜਿੰਦ, ਮੇਰੀ ਜਾਨ!"
ਫਾਟਿਕ ਨੇ ਕੁਝ ਪਲ ਲਈ ਤਰਲੋ-ਮੱਛੀ ਹੋਣਾ ਬੰਦ ਕਰ ਦਿੱਤਾ, ਉਸ
ਦੇ ਹੱਥਾਂ ਦੀ ਤੜਫਨੀ ਰੁਕ ਗਈ। ਉਹ ਬੋਲਿਆ "ਹੂੰ ?"
ਮਾਂ ਨੇ ਵਿਰ ਲਿਲਕਣੀ ਲਈ, "ਫਾਟਿਕ, ਮੇਰਾ ਪੁਤਰ ਮੇਰੀ ਜਿੰਦ, ਮੇਰੀ
ਜਾਨ !"
ਹੌਲੀ, ਬੜੀ ਹੌਲੀ, ਫਾਟਿਕ ਦੀਆਂ ਅੱਖਾਂ ਘੁੰਮੀਆਂ, ਪਰ ਹੁਣ ਉਹ
ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਛਾਣ ਨਹੀਂ ਸੀ ਸਕਦਾ। ਅੰਤ ਉਹ
ਬੁੜਬੁੜਾਇਆ, "ਮਾਂ ਛੁੱਟੀਆਂ ਹੋ ਗਈਆਂ ਹਨ ?"
(ਅਨੁਵਾਦਕ: ਗੁਰਮੁਖ ਸਿੰਘ ਜੀਤ-ਗੁਰਬਚਨ ਸਿੰਘ
ਟੈਗੋਰ ਪ੍ਰਤੀਨਿਧ ਕਹਾਣੀਆਂ 'ਵਿੱਚੋਂ')