Ghar Ja Aapne (Punjabi Story) : Gulzar Singh Sandhu

ਘਰ ਜਾ ਆਪਣੇ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਇਸ ਘਰ ਵਿੱਚ ਪਿਛਲੇ ਚਾਲੀ ਵਰ੍ਹਿਆਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ । ਚਾਲੀ ਕੁ ਵਰ੍ਹੇ ਪਹਿਲਾਂ ਜੀਤੋ ਦੇ ਬਾਪੂ ਦਾ ਵਿਆਹ ਹੋਇਆ ਸੀ ਤੇ ਹੁਣ ਮਸਾਂ-ਮਸਾਂ ਉਸ ਦੇ ਵੀਰ ਦੀ ਉਮਰ ਆਈ ਸੀ, ਵਿਆਹ ਕਰਵਾਉਣ ਦੀ । ਪਰ ਉਹ ਮੰਨਦਾ ਹੀ ਨਹੀਂ ਸੀ । ਜੀਤੋ ਦੇ ਚਾਚੇ-ਚਾਚੀਆਂ, ਮਾਮੇ-ਮਾਮੀਆਂ, ਜੀਤੋ ਦੀਆਂ ਦੂਰੋਂ ਨੇੜਿਉਂ ਲੱਗਦੀਆਂ ਭਾਬੀਆਂ, ਜੀਤੋ ਦੀਆਂ ਆਪਣੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਉਲਾਂਭੇ ਦਿੰਦੀਆਂ ਕਿ ਉਹ ਉਹਨਾਂ ਨੂੰ ਇਕੱਠੇ ਮਿਲ਼ ਕੇ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ । ਵਿਆਹ ਇੱਕੋ-ਇੱਕ ਮੌਕਾ ਹੁੰਦਾ ਹੈ ਜਦੋਂ ਇਕੱਠੇ ਹੋ ਕੇ ਬੈਠੀਦਾ ਹੈ । ਪਰ ਜੀਤੋ ਦਾ ਵੀਰ ਸੀ ਕਿ ਮੰਨਣ ਵਿੱਚ ਹੀ ਨਹੀਂ ਸੀ ਆਉਂਦਾ ।
ਤੇ ਫੇਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਦਾ ਇੱਕ ਹੋਰ ਤਰੀਕਾ ਲੱਭ ਲਿਆ । ਜੀਤੋ ਦੇ ਵੀਰ ਦੀ ਥਾਂ ਜੀਤੋ ਦਾ ਹੀ ਵਿਆਹ ਰਚਾ ਦਿੱਤਾ । ਅੰਗਾਂ ਸਾਕਾਂ ਨੇ ਵੀ ਸੋਚਿਆ ਕਿ ਰਲ਼ ਬੈਠਣ ਦਾ ਚੰਗਾ ਬਹਾਨਾ ਸੀ । ਵੱਡੀ ਗੱਲ ਇਹ ਕਿ ਸਭ ਦੇ ਸਿਰ ਦਾ ਭਾਰ ਹੌਲ਼ਾ ਹੁੰਦਾ ਸੀ । ਕਿਸੇ ਦੀ ਜੀਤੋ ਭਾਣਜੀ ਸੀ । ਕਿਸੇ ਦੀ ਭਤੀਜੀ ਸੀ । ਕਿਸੇ ਦੀ ਜੀਤੋ ਨਣਾਨ ਸੀ, ਕਿਸੇ ਦੀ ਜੀਤੋ ਪੋਤਰੀ ਤੇ ਕਿਸੇ ਦੀ ਦੋਹਤਰੀ ਸੀ । ਇੱਕ ਜੀਤੋ ਨੂੰ ਵਿਆਹਿਆਂ ਸਭ ਦਾ ਪੁੰਨ ਹੁੰਦਾ ਸੀ ਤੇ ਸਾਰਿਆਂ ਦੇ ਸਿਰ ਦਾ ਬੋਝ ਹੌਲ਼ਾ ਹੁੰਦਾ ਸੀ । ਤੇ ਨਾਲ਼ੇ ਜੀਤੋ ਦੇ ਵੀਰ ਦਾ ਕੀ ਪਤਾ ਸੀ, ਕਦੋਂ ਮੰਨਦਾ । ਕੁੜੀਆਂ ਨੂੰ ਕੋਈ ਘਰ ਥੋੜ੍ਹੀ ਬਿਠਾਈ ਰੱਖਦਾ ਹੈ । ਸਤਾਰ੍ਹਵਾਂ ਸਾਲ ਜੀਤੋ ਨੂੰ ਲੱਗ ਗਿਆ ਸੀ, ਕੋਈ ਨਿਆਣੀ ਥੋੜ੍ਹੀ ਸੀ, ਸਾਰੇ ਅੰਗ-ਸਾਕ ਤੇ ਰਿਸ਼ਤੇਦਾਰ ਕਹਿੰਦੇ । ਜੀਤੋ ਲਈ ਮੁੰਡਾ ਲੱਭ ਲਿਆ ਗਿਆ ਤੇ ਘਰ ਵਿੱਚ ਜੀਤੋ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗ ਪਈਆਂ ।
ਕਰਦਿਆਂ-ਕਰਾਉਂਦਿਆਂ ਵਿਆਹ ਵੀ ਸਿਰ 'ਤੇ ਆ ਗਿਆ । ਵਿਆਹ ਦੇ ਘਮਸਾਣ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ । ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ । ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੀ ਗਈ ਸੀ । ਬਾਹਰ ਦਾ ਸਾਰਾ ਕੰਮ ਜੀਤੋ ਦੇ ਵੀਰ ਨੇ ਹੀ ਕਰਨਾ ਸੀ । ਬਰਾਤ ਢੁੱਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ । ਘਰ ਵਿੱਚ ਭੱਜ-ਦੌੜ ਹੋਰ ਵੀ ਤੇਜ਼ ਹੋ ਗਈ । ਅਨੰਦ ਕਾਰਜ ਉੱਤੇ ਆਉਣ ਵਾਲ਼ੇ ਰਾਗੀਆਂ ਨੇ ਵੀ ਹਾਲੀ ਪੱਕੀ ਤਰ੍ਹਾਂ ਹਾਂ ਨਹੀਂ ਸੀ ਕੀਤੀ । ਖਾਣੇ ਤੋਂ ਪਿੱਛੋਂ ਬਰਾਤੀਆਂ ਨੂੰ ਫਲ਼ ਦੇਣੇ ਵੀ ਜ਼ਰੂਰੀ ਸਨ । ਤੇ ਖ਼ਰੀਦਣ ਦਾ ਹਾਲੀ ਕਿਸੇ ਨੂੰ ਚਿੱਤ-ਚੇਤਾ ਨਹੀਂ ਸੀ । ਨਾਲ਼ ਦੇ ਪਿੰਡਾਂ ਵਿੱਚੋਂ ਖਾਣਾ ਖੁਆਉਣ ਲਈ ਮੇਜ਼-ਕੁਰਸੀਆਂ ਵੀ ਇਕੱਠੀਆਂ ਕਰਨੀਆਂ ਸਨ । ਧਾਤ ਦੇ ਬਰਤਨਾਂ ਵਿੱਚ ਅੱਜ-ਕੱਲ੍ਹ ਕੋਈ ਨਹੀਂ ਸੀ ਖੁਆਉਂਦਾ । ਤੇ ਪਿਰਚ-ਪਿਆਲੀਆਂ ਆਦਿ ਸਮਾਨ ਵੱਡੇ ਸ਼ਹਿਰ ਤੋਂ ਨੇੜੇ ਕਿਧਰੇ ਮਿਲ਼ਦਾ ਨਹੀਂ ਸੀ । ਹੁਣੇ-ਹੁਣੇ ਡਾਕੀਆ ਚਿੱਠੀ ਫੜਾ ਗਿਆ ਸੀ । ਮੁੰਡੇ ਵਾਲ਼ਿਆਂ ਨੇ ਲਿਖਿਆ ਸੀ ਕਿ ਉਹ ਬਿਸਤਰੇ ਨਹੀਂ ਲਿਆ ਰਹੇ । ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨਾ ਹੋਰ ਵੀ ਔਖਾ ਸੀ । ਵਿਆਹ ਵਾਲ਼ੇ ਘਰ ਆਈ ਚੀਜ਼ ਦਾ ਮੇਲ਼ੀ ਤੇ ਬਰਾਤੀ ਛੱਡਦੇ ਹੀ ਕੀ ਨੇ ? ਇੱਕ ਦਿਨ ਵਿੱਚ ਹੀ ਸੁਆਹ ਵਰਗੀ ਕਰ ਦਿੰਦੇ ਹਨ । ਜੁੱਤੀਆਂ ਸਾਰਖੀਆਂ ਉਹ ਬਿਸਤਰਿਆਂ ਦੀਆਂ ਚਾਦਰਾਂ ਨਾਲ਼ ਪੂੰਝਦੇ ਹਨ । ਇਸ ਲਈ ਮੰਗਣ 'ਤੇ ਵੀ ਕਿਹੜੀ ਕੋਈ ਚੀਜ਼ ਸੌਖੀ ਮਿਲ਼ ਜਾਣੀ ਸੀ । ਮੁੱਠੀ ਕੁ ਸਾਨ ਪਿੰਡ ਸੀ ਉਹਨਾਂ ਦਾ । ਉਸ ਵਿੱਚੋਂ ਤਾਂ ਭਲਾ ਲੱਭਣਾ ਹੀ ਕੀ ਸੀ?
ਸ਼ਾਮ ਨੂੰ ਨਾਨਕੀ ਛੱਕ ਲੈ ਕੇ ਨਾਨਕੇ ਆ ਗਏ । ਆਪਣੇ-ਆਪਣੇ ਤਿਆਰ ਕੀਤੇ ਕੱਪੜੇ-ਲੱਤੇ ਲੈ ਕੇ ਜੀਤੋ ਦੀਆਂ ਭੂਆਂ ਆ ਗਈਆਂ । ਬਣਦਾ-ਸਰਦਾ ਕੰਨਿਆਦਾਨ ਲੈ ਕੇ ਸਾਰੇ ਅੰਗ-ਸਾਕ ਜੀਤੋ ਦੇ ਪਿੰਡ ਪਹੁੰਚ ਗਏ—ਉਸ ਪਿੰਡ ਜਿੱਥੇ ਹੁਣ ਤੱਕ ਜੀਤੋ ਨੇ ਸਹੇਲ ਹੰਢਾਏ ਸਨ, ਜਿੱਥੇ ਜੀਤੋ ਗੁੱਡੀਆਂ-ਪਟੋਲਿਆਂ ਨਾਲ਼ ਖੇਡੀ ਸੀ, ਜਿੱਥੇ ਹੁਣ ਤੱਕ ਜੀਤੋ ਨੇ ਤ੍ਰਿੰਞਣਾਂ ਵਿੱਚ ਬਹਿ ਕੇ ਕੱਤਿਆ ਸੀ, ਜਿੱਥੇ ਜੀਤੋ ਨੇ ਤੀਆਂ ਦੀਆਂ ਪੀਂਘਾਂ ਝੂਟੀਆਂ ਸਨ, ਤੇ ਜਿੱਥੋਂ ਦੇ ਕੱਖਾਂ ਸਾਰਖਿਆਂ ਨਾਲ਼ ਜੀਤੋ ਦਾ ਮੋਹ ਪੈ ਗਿਆ ਸੀ । ਇਸ ਸਭ ਕੁਝ ਬਾਰੇ ਸੋਚ ਕੇ ਜੀਤੋ ਉਦਾਸ ਹੋ ਗਈ ।
ਦੂਜੇ ਦਿਨ ਸਵੇਰੇ ਤਿੰਨ ਵਜੇ ਜੀਤੋ ਨੂੰ ਉਠਾ ਲਿਆ ਗਿਆ । ਉਸ ਨੂੰ ਫੇਰਿਆਂ ਵਾਲ਼ਾ ਲਾਲ ਸੂਟ ਪਹਿਨਾਇਆ ਗਿਆ । ਲਾਲ ਪਰਾਂਦਾ ਉਸ ਦੀ ਗੁੱਤ ਵਿੱਚ ਗੁੰਦਿਆ ਗਿਆ । ਕੁਝ ਸਹੁਰਿਆਂ ਵੱਲੋਂ ਆਏ ਕੁਝ ਨਾਨਕਿਆਂ ਤੋਂ ਆਏ ਕਈ ਪ੍ਰਕਾਰ ਦੇ ਗਹਿਣਿਆਂ ਨਾਲ਼ ਉਸ ਨੂੰ ਸ਼ਿੰਗਾਰ ਦਿੱਤਾ ਗਿਆ । ਜੀਤੋ ਨੂੰ ਇਹ ਸਭ ਕੁਝ ਵੇਖ ਕੇ ਰੋਣ ਆ ਗਿਆ ਕਿ ਸਾਰੇ ਦੇ ਸਾਰੇ ਅੰਗ-ਸਾਕ ਤੇ ਸਖੀਆਂ-ਸਹੇਲੀਆਂ ਉਸ ਨੂੰ ਉਸ ਦੀ ਜਨਮ ਭੋਂ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਸਨ । ਕਿਵੇਂ ਕੋਈ ਵੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ । ਰੋਂਦੀ-ਕੁਰਲਾਂਦੀ ਜੀਤੋ ਨੂੰ ਚੁੱਪ ਕਰਵਾ ਕੇ ਅਨੰਦਾਂ ਵਾਸਤੇ ਬਿਠਾ ਦਿੱਤਾ ਗਿਆ । ਹੁਣ ਉਸ ਨੂੰ ਪਰਣਾ ਕੇ ਲੈ ਜਾਣ ਵਾਲ਼ਾ ਉਸ ਦੇ ਬਰਾਬਰ ਬੈਠਾ ਸੀ । ਉਹ ਇਸ ਵੇਲ਼ੇ ਕੁਝ ਸੋਚ ਰਹੀ ਸੀ, ਸ਼ਾਇਦ ਕੁਝ ਵੀ ਨਹੀਂ ਸੀ ਸੋਚ ਰਹੀ ।
ਅਨੰਦ-ਕਾਰਜ ਕਰਵਾਉਣ ਵਾਲ਼ਾ ਭਾਈ ਉਸ ਨੂੰ ਸਿੱਖਿਆ ਦੇ ਰਿਹਾ ਸੀ ਕਿ ਹੁਣ ਜੀਤੋ ਨੇ ਆਪਣੇ ਮਾਪੇ ਛੱਡ ਕੇ ਆਪਣੇ ਸਹੁਰੇ ਘਰ ਚਲੇ ਜਾਣਾ ਸੀ । ਉੱਥੇ ਉਸ ਲਈ ਉਸ ਦਾ ਪਤੀ ਹੀ ਪਰਮੇਸ਼ਰ ਸੀ । ਉਸ ਨੂੰ ਹਰ ਕੰਮ ਵਿੱਚ ਉਸ ਦੀ ਸਲਾਹ ਲੈਣੀ ਚਾਹੀਦੀ ਸੀ । ਉਸ ਨੂੰ ਪੁੱਛੇ ਬਿਨਾਂ ਆਪਣੀ ਮਰਜ਼ੀ ਨਾਲ਼ ਕੋਈ ਕੰਮ ਨਹੀਂ ਸੀ ਕਰਨਾ । ਪਤੀ ਪਰਮੇਸ਼ਰ ਨੂੰ ਖ਼ੁਸ਼ ਰੱਖਣਾ ਸੀ ਤੇ ਅਜਿਹਾ ਕਰਨ ਲਈ ਉਸ ਨੂੰ ਨਿਵਣ, ਖਿਵਣ ਆਦਿ ਗੁਣ ਪੈਦਾ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ ।
ਨਿਵੁਣ ਸੁ ਅਖਰੁ ਖਵਣ ਗੁਣ ਜਿਹਬਾ ਮਣੀਆਂ ਮੰਤੁ
ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸੁ ਆਵੈ ਕੰਤੁ

ਇਹ ਤੁਕਾਂ ਭਾਈ ਜੀ ਨੇ ਕੁਝ ਇਸ ਪ੍ਰਕਾਰ ਦੇ ਵੈਰਾਗ ਵਿੱਚ ਕਹੀਆਂ ਕਿ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸਾਰੀਆਂ ਕੁਆਰੀਆਂ ਕੁੜੀਆਂ ਉਦਾਸ ਜਿਹੀਆਂ ਹੋ ਗਈਆਂ । ਉਹਨਾਂ ਨੂੰ ਆਪਣਾ ਆਉਣ ਵਾਲ਼ਾ ਉਹ ਸਮਾਂ ਚੇਤੇ ਆ ਗਿਆ ਜਦ ਉਹਨਾਂ ਨੇ ਵੀ ਮਾਪਿਆਂ ਦੀ ਜਾਣੀ-ਪਛਾਣੀ ਧਰਤੀ ਨੂੰ ਛੱਡ ਕੇ ਅਣਜਾਣ ਭੋਂ ਵਿੱਚ ਕਿਸੇ ਅਨਜਾਣ ਬੰਦੇ ਨਾਲ਼ ਜਾ ਵੱਸਣਾ ਸੀ । ਉਸ ਬੰਦੇ ਨਾਲ਼ ਜਿਸ ਨੂੰ ਉਹਨਾਂ ਨੇ ਕਦੀ ਨਹੀਂ ਸੀ ਵੇਖਿਆ । ਜਿਹੜਾ ਪਤਾ ਨਹੀਂ ਕਿਹੋ-ਜਿਹੇ ਸੁਭਾਅ ਦਾ ਸੀ । ਉਹ ਸਭ ਉਦਾਸ ਸਨ, ਉਹਨਾਂ ਦੇ ਮਾਪੇ ਉਦਾਸ ਸਨ ਤੇ ਉਹਨਾਂ ਦੇ ਭੈਣਭਰਾ ਉਦਾਸ ਸਨ । ਜੀਤੋ ਦੇ ਇਹ ਸਮਾਂ ਬਿਲਕੁਲ ਸਿਰ ਉੱਤੇ ਆ ਗਿਆ ਸੀ । ਉਸ ਨੇ ਤਾਂ ਉਸੇ ਦੁਪਹਿਰ ਨੂੰ ਤੁਰ ਜਾਣਾ ਸੀ—ਆਪਣੀ ਅੰਮੜੀ ਦੇ ਵਿਹੜੇ ਤੇ ਤ੍ਰਿੰਞਣ ਦੀਆਂ ਸਹੇਲੀਆਂ ਤੋਂ ਦੂਰ ।
ਸੰਗਤ ਵਿੱਚ ਛਾਈ ਉਦਾਸੀ ਹੋਰ ਵੀ ਤੀਬਰ ਹੋ ਗਈ । ਜਦ ਇੱਕ ਹਰਮੋਨੀਅਮ ਵਾਲ਼ੇ ਗਵੱਈਏ ਨੇ ਫ਼ਿਲਮੀ ਗੀਤ ਦੀ ਤਰਜ਼ ਉੱਤੇ ਗਾ ਕੇ ਸਹੁਰੇ ਜਾਣ ਵਾਲ਼ੀ ਕੁੜੀ ਦੇ ਆਉਣ ਵਾਲ਼ੇ ਸਮੇਂ ਦਾ ਚਿਤਰ ਦਰਦਮਈ ਸ਼ਬਦਾਂ ਵਿੱਚ ਖਿੱਚਣਾ ਸ਼ੁਰੂ ਕਰ ਦਿੱਤਾ । ਹਰਮੋਨੀਅਮ ਦੀ ਉਦਾਸ ਤੇ ਵੈਰਾਗੀ ਸੁਰ ਦੇ ਨਾਲ਼ ਉਸ ਨੇ ਵੈਣ ਜਿਹੇ ਪਾ ਕੇ ਗਾਂਵਿਆ ਕਿ ਕਿਸ ਤਰ੍ਹਾਂ ਨਵੀਂ ਥਾਂ ਜਾ ਕੇ ਵਿਆਹੁਲੀ ਜੀਤੋ ਨੇ ਆਪਣੇ ਮਾਪਿਆਂ ਤੇ ਮਾਂ-ਪਿਉ ਜਾਇਆਂ ਨੂੰ ਤਾਂਘਣਾ ਸੀ ਤੇ ਕਿਸ ਤਰ੍ਹਾਂ ਜਦ ਉਹਨਾਂ ਨੇ ਨਹੀਂ ਸੀ ਬਹੁੜਨਾ ਤਾਂ ਉਸ ਵਿਚਾਰੀ ਨੇ ਵਿਅਰਥ ਹੀ ਬਨੇਰੇ ਤੋਂ ਕਾਂ ਉਡਾਂਦੀ ਰਹਿਣਾ ਸੀ । ਕਾਂਵਾਂ ਰਾਹੀਂ ਵੀਰਾਂ ਨੂੰ ਮਿਲਣ ਵਾਸਤੇ ਜੀਤੋ ਨੇ ਸੁਨੇਹੇ ਘੱਲਣੇ ਸਨ । ਰਾਗੀ ਦੀ ਵੈਰਾਗੀ ਤੇ ਭਰੜਾਈ ਅਵਾਜ਼ ਨੇ ਸਾਰੀ ਦੀ ਸਾਰੀ ਸਾਜੀ-ਨਿਵਾਜੀ ਸਾਧ-ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ, ਨਜ਼ਦੀਕੀਆਂ ਦੇ ਨੈਣਾਂ ਵਿੱਚ ਜ਼ਰਾ ਵਧੇਰੇ ਤੇ ਬਾਕੀਆਂ ਦੇ ਨੈਣਾਂ ਵਿੱਚ ਘੱਟ ।
ਜੀਤੋ ਦਾ ਵੀਰ ਵੀ ਇਸ ਸਭ ਕੁਝ ਨੂੰ ਸੁਣ ਰਿਹਾ ਸੀ । ਉਸ ਦਾ ਮਨ ਵੀ ਉਦਾਸ ਹੋ ਗਿਆ ਸੀ । ਉਸ ਦੀ ਸਕੀ ਭੈਣ ਨੇ ਉਸ ਟੱਬਰ ਵਿੱਚ ਤੁਰ ਜਾਣਾ ਸੀ, ਜਿਸ ਬਾਰੇ ਉਹ ਕੁਝ ਨਹੀਂ ਸੀ ਜਾਣਦੀ ਤੇ ਜਿੱਥੇ ਜਾ ਕੇ ਉਸ ਆਪਣੀ ਮਰਜ਼ੀ ਨਹੀਂ ਸੀ ਕਰ ਸਕਣੀ । ਉਸ ਦਾ ਦਿਲ ਭਾਰਾ ਹੋ ਗਿਆ । ਉਸ ਨੇ ਗਾਉਣ ਵਾਲ਼ੇ ਨੂੰ ਝਿੜਕਵੇਂ ਜਿਹੇ ਲਹਿਜੇ ਵਿੱਚ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ । ਉਹ ਕਿਸੇ ਅੱਗੇ ਇਹ ਨਹੀਂ ਸੀ ਜ਼ਾਹਰ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਤੇ ਜਜ਼ਬਾਤੀ ਹੈ । ਉਹ ਦ੍ਰਿੜ੍ਹ ਸੀ ਤੇ ਉਹ ਆਪਣੇ ਨੈਣਾਂ ਵਿੱਚ ਆਉਣ ਵਾਲ਼ੇ ਹੰਝੂਆਂ ਨੂੰ ਰੋਕ ਕੇ ਆਪਣੀ ਦ੍ਰਿੜ੍ਹਤਾ ਕਾਇਮ ਰੱਖਣੀ ਚਾਹੁੰਦਾ ਸੀ ।
ਉਸ ਨੇ ਆਪਣੇ ਆਪ 'ਤੇ ਕਾਬੂ ਜਿਹਾ ਪਾ ਕੇ ਜਿਸ ਬੇਪ੍ਰਵਾਹੀ ਨਾਲ਼ ਹਰਮੋਨੀਅਮ ਵਾਲ਼ੇ ਮੁੰਡੇ ਨੂੰ ਕਿਹਾ ਸੀ, ਮੁੰਡੇ ਨੂੰ ਮੰਨਣਾ ਪਿਆ । ਅਨੰਦ-ਕਾਰਜ ਦੀ ਰਸਮ ਖ਼ਤਮ ਹੋ ਗਈ । ਸਾਰੇ ਆਪਣੀਆਂ ਅੱਖਾਂ ਪੂੰਝਦੇ ਭੋਗ ਦਾ ਪ੍ਰਸ਼ਾਦ ਲੈ ਕੇ ਦੁਪਹਿਰ ਦੀ ਰੋਟੀ ਦਾ ਬੰਦੋਬਸਤ ਕਰਨ ਲੱਗ ਪਏ । ਜੀਤੋ ਦੇ ਵੀਰ ਨੇ ਆਪਣੇ ਤੋਂ ਅੱਠ-ਦਸ ਵਰ੍ਹੇ ਛੋਟੀ ਭੈਣ ਨੂੰ ਬੁੱਕਲ਼ ਵਿੱਚ ਲੈ ਕੇ ਮਹਾਰਾਜ ਦੇ ਹਜ਼ੂਰ ਤੋਂ ਉਠਾਇਆ ਤੇ ਲਿਜਾ ਕੇ ਆਪਣੇ ਘਰ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ । ਉਸ ਨੇ ਤੱਕਿਆ ਕਿ ਜੀਤੋ ਨੇ ਰੋ-ਰੋ ਕੇ ਅੱਖਾਂ ਸੁਜਾ ਲਈਆਂ ਸਨ । ਵਿਆਹ ਵਾਲ਼ਾ ਉਸ ਦਾ ਚੋਪ ਹੰਝੂਆਂ ਨਾਲ਼ ਤਰੋ-ਤਰ ਹੋਇਆ ਪਿਆ ਸੀ । ''ਬੱਚੀ ਹੈ ਵਿਚਾਰੀ'', ਉਸ ਨੇ ਮਨ ਹੀ ਮਨ ਵਿੱਚ ਕਿਹਾ ਸੀ । ''ਮੂਰਖ ਨਹੀਂ ਬਣੀਂਦਾ ਚੁੱਪ ਕਰ'' ਉਸ ਨੇ ਆਪਣੀ ਛੋਟੀ ਭੈਣ ਨੂੰ ਝਿੜਕਿਆ ਤੇ ਦੁਪਹਿਰ ਦੀ ਰੋਟੀ ਦੀ ਤਿਆਰੀ ਲਈ ਝਿਊਰੀਆਂ ਤੇ ਪਕਾਵੀਆਂ ਨੂੰ ਤਾੜਨ ਲੱਗ ਪਿਆ ।
ਰੋਟੀ ਬਣੀ । ਬਰਾਤੀ ਖਾ ਗਏ । ਉਸ ਤੋਂ ਪਿੱਛੋਂ ਦੂਰੋਂ-ਨੇੜਿਉਂ ਆਏ ਮੇਲੀ ਵੀ ਖਾ ਬੈਠੇ ਤੇ ਪਿੰਡ ਦਾ ਭਾਈਚਾਰਾ ਤੇ ਕੰਮੀ-ਕਮੀਣ ਵੀ । ਫਟਾ-ਫਟ ਖੱਟ ਵਿਛਾ ਦਿੱਤੀ ਗਈ । ਪਿੰਡ ਵਾਲ਼ੇ ਤੇ ਬਰਾਤੀ ਖੱਟ ਦੀ ਸ਼ਲਾਘਾ ਕਰਦੇ ਚਲੇ ਗਏ । ਜੀਤੋ ਦੇ ਵੀਰ ਨੂੰ ਅਨੰਦ-ਕਾਰਜ ਸਮੇਂ ਦੀ ਉਦਾਸੀ ਤੇ ਜੀਤੋ ਦੇ ਹੰਝੂਆਂ ਨਾਲ਼ ਭਿੱਜੇ ਚੋਪ ਸਭ ਭੁੱਲਭੁਲਾ ਗਏ ।
ਐਨ ਉਸ ਸਮੇਂ ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਸ਼ੁਰੂ ਹੋ ਗਈ । ਵਿਆਂਹੜ ਲਾੜੇ ਨੂੰ ਬੁਲਾ ਕੇ ਭਾਈਚਾਰੇ ਤੇ ਅੰਗਾਂ-ਸਾਕਾਂ ਨੇ ਸਲਾਮੀਆਂ ਪਾਈਆਂ । ਜੀਤੋ ਦੀ ਮਾਂ ਨੇ ਜੀਤੋ ਦੇ ਪਰਾਹੁਣੇ ਨੂੰ ਬੜੇ ਪਿਆਰ ਨਾਲ਼ ਪਿਆਰ ਦਿੱਤਾ ਤੇ ਸਲਾਮੀ ਦੇ ਗਿਆਰਾਂ ਰੁਪਏ ਉਸ ਦੀ ਝੋਲੀ ਵਿੱਚ ਪਾ ਦਿੱਤੇ । ਪਿੰਡ ਦੀਆਂ ਹੋਰ ਕੁੜੀਆਂ ਜਿਹੜੀਆਂ ਸ਼ਰੀਕੇ ਵਿੱਚ ਜੀਤੋ ਦੀਆਂ ਭੈਣਾਂ ਹੀ ਲਗਦੀਆਂ ਸਨ, ਆਪਣੇ ਨਵੇਂ ਬਣੇ ਜੀਜੇ ਨੂੰ ਟਿਚਕਰਾਂ ਤੇ ਮਖ਼ੌਲ ਕਰਨ ਲੱਗ ਪਈਆਂ ਤੇ ਜੀਤੋ ਦਾ ਵੀਰ ਵੀ ਉਹਨਾਂ ਦੇ ਨਾਲ਼ ਰਲ ਗਿਆ ।
ਜੀਤੋ ਦੀ ਇੱਕ ਬਹੁਤ ਗੂੜ੍ਹੀ ਸਹੇਲੀ ਜਿਹੜੀ ਗੁਆਂਢੀ ਪਿੰਡ ਤੋਂ ਚੱਲ ਕੇ ਆਈ ਸੀ ਤੇ ਜਿਹੜੀ ਪੰਜਵੀਂ ਜਮਾਤ ਵਿੱਚ ਜੀਤੋ ਦੀ ਜਮਾਤਣ ਰਹੀ ਸੀ, ਜੀਤੋ ਦੇ ਵੀਰ ਕੋਲ਼ ਆ ਕੇ ਰੋਣ ਲੱਗ ਪਈ । ਜੀਤੋ ਦੇ ਵੀਰ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ਼ ਸਹੁਰੀਂ ਜਾਣਾ ਚਾਹੀਦਾ ਹੈ । ਜੀਤੋ ਦੇ ਵੀਰ ਨੇ ਜੀਤੋ ਦੇ ਹਾਣ ਦੀ ਇਸ ਕੁੜੀ ਨੂੰ ਉਸੇ ਤਰ੍ਹਾਂ ਝਿੜਕ ਕੇ ਭੇਜ ਦਿੱਤਾ ਜਿਸ ਤਰ੍ਹਾਂ ਕਿ ਉਹ ਜੀਤੋ ਨੂੰ ਭੇਜ ਦਿਆ ਕਰਦਾ ਸੀ । ਤੇ ਫੇਰ ਉਦਾਸੀ ਹੋਈ ਜੀਤੋ ਦੀ ਮਾਂ ਆਈ, ਉਸ ਦੀ ਆਪਣੀ ਮਾਂ । ਉਸ ਨੇ ਉਹਦੀ ਗੱਲ ਸੁਣੀਅਣਸੁਣੀ ਕਰ ਦਿੱਤੀ । ਵਿਆਹ ਦੀ ਰੀਤ ਅਨੁਸਾਰ ਕਿਸੇ ਨਾ ਕਿਸੇ ਭਰਾ ਨੇ ਜੀਤੋ ਦੇ ਨਾਲ਼ ਸਹੁਰੀਂ ਜ਼ਰੂਰ ਜਾਣਾ ਸੀ ਤੇ ਜੀਤੋ ਦੇ ਵੀਰ ਨੇ ਆਪਣੇ ਸਭ ਤੋਂ ਛੋਟੇ ਭਰਾ ਦਾ ਨਾਂ ਲੈ ਕੇ ਸਭ ਨੂੰ ਪਰ੍ਹੇ ਹਟਾ ਦਿੱਤਾ । ਜਦ ਬੜੇ ਮਾਣ ਨਾਲ਼ ਉਸ ਦੇ ਤਾਏ ਦੀ ਵੱਡੀ ਧੀ ਮਨਾਉਣ ਆਈ ਤਾਂ ਜੀਤੋ ਦੇ ਵੀਰ ਨੇ ਉਸ ਨੂੰ ਵੀ ਨਾਂਹ ਕਰ ਦਿੱਤੀ । ਜੇ ਉਸ ਦੇ ਮੂੰਹੋਂ ਇੱਕ ਵਾਰੀ ਨਾਂਹ ਨਿਕਲ਼ ਜਾਵੇ, ਉਹ ਕਦੀ ਹਾਂ ਨਹੀਂ ਸੀ ਕਰਦਾ । ਤਾਏ ਦੀ ਧੀ ਆਪਣਾ ਜਿਹਾ ਮੂੰਹ ਲੈ ਕੇ ਪਰ੍ਹੇ ਚਲੀ ਗਈ । ਉਸ ਤੋਂ ਪਿੱਛੋਂ ਹੋਰ ਕਿਸੇ ਦੀ ਹਿੰਮਤ ਨਾ ਪਈ ਕਿ ਜੀਤੋ ਦੇ ਵੀਰ ਨੂੰ ਕੋਈ ਕੁਝ ਕਹੇ ।
ਸਾਰੀ ਦੀ ਸਾਰੀ ਜੰਞ ਵਿਦਾ ਹੋਣ ਲਈ ਤਿਆਰ ਹੋ ਕੇ ਬੱਸ ਵਿੱਚ ਬੈਠ ਗਈ । ਜੀਤੋ ਦਾ ਪਰਾਹੁਣਾ ਵੀ ਆ ਕੇ ਕਾਰ ਵਿੱਚ ਬੈਠ ਗਿਆ । ਜੀਤੋ ਸੀ ਕਿ ਰੋਣ ਤੋਂ ਹੀ ਨਹੀਂ ਸੀ ਹਟਦੀ । ਉਸ ਦੀਆਂ ਸਹੇਲੀਆਂ ਤੇ ਛੋਟੀਆਂ ਭੈਣਾਂ ਏਨੀ ਉੱਚੀ-ਉੱਚੀ ਰੋ ਰਹੀਆਂ ਸਨ ਕਿ ਕਿਸੇ ਨੂੰ ਕੁਝ ਸੁਣਾਈ ਨਹੀਂ ਸੀ ਦਿੰਦਾ । ਜੀਤੋ ਵੀ ਪਰਲ-ਪਰਲ ਰੋਈ ਜਾ ਰਹੀ ਸੀ ਤੇ ਘਰੋਂ ਕਾਰ ਵੱਲ ਪੈਰ ਪੁੱਟਣ ਦਾ ਨਾਂ ਹੀ ਨਹੀਂ ਸੀ ਲੈਂਦੀ । ਉਹ ਕਿਸੇ ਦੀ ਸਲਾਮੀ ਸਾਰਖੀ ਆਪਣੇ ਪੱਲੇ ਨਹੀਂ ਸੀ ਪੁਆ ਰਹੀ ਤੇ ਇਹ ਪੈਸੇ ਵੀ ਨੈਣ ਹੀ ਸੰਭਾਲ਼ ਰਹੀ ਸੀ । ਜੀਤੋ ਦਾ ਵੀਰ ਸੀ ਕਿ ਹਾਲੀਂ ਤੱਕ ਸਲਾਮੀ ਪਾਉਣ ਨਹੀਂ ਸੀ ਆਇਆ । ਉਸ ਦਾ ਵਿਚਾਰ ਸੀ ਕਿ ਉਹ ਸਭ ਤੋਂ ਪਿੱਛੋਂ, ਜਦ ਜੀਤੋ ਕਾਰ ਵਿੱਚ ਬੈਠ ਕੇ ਜਾਣ ਲੱਗੇਗੀ, ਉਸ ਵੇਲ਼ੇ ਉਸ ਨੂੰ ਸਲਾਮੀ ਪਾਵੇਗਾ ਤੇ ਪਿਆਰ ਦੇ ਕੇ ਤੋਰ ਦਏਗਾ । ਜੀਤੋ ਦੇ ਤਾਇਆ-ਚਾਚਿਆਂ ਤੇ ਪਿਉ ਨੇ ਵੀ ਜੀਤੋ ਦੇ ਵੀਰ ਨੂੰ ਸਮਝਾਇਆ ਕਿ ਉਸ ਨੂੰ ਨਾਲ਼ ਜਾਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ । ਜੇ ਨਿਆਣੀ ਕੁੜੀ ਜ਼ਿਦ ਕਰਦੀ ਹੈ ਤਾਂ ਵਿਆਹ ਵਾਲ਼ੇ ਦਿਨ ਉਸ ਦੀ ਇਹ ਜ਼ਿਦ ਵੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ । ਪਰ ਜੀਤੋ ਦੇ ਵੀਰ ਨੇ ਨਾ ਹਾਂ ਕੀਤੀ ਨਾ ਨਾਂਹ, ਪੱਥਰ ਦਾ ਪੱਥਰ ਉਸੇ ਤਰ੍ਹਾਂ ਖਲੋਤਾ ਰਿਹਾ ।
ਜੰਞ ਦੇ ਤੁਰਨ ਵਿੱਚ ਦੇਰ ਹੋ ਰਹੀ ਸੀ । ਸ਼ਾਮ ਦੇ ਚਾਰ ਵੱਜ ਚੁੱਕੇ ਸਨ ਤੇ ਪੂਰੇ ਤੀਹ ਮੀਲ ਜਾਂਞੀਆਂ ਨੇ ਜਾਣਾ ਸੀ । ਵਿੱਚੋਂ ਯਾਰਾਂ ਮੀਲ ਕੱਚਾ ਰਸਤਾ ਸੀ ਤੇ ਦੋ ਮੀਲ ਬਿਲਕੁਲ ਰੇਤਾ ਜਿੱਥੋਂ ਕਦੀ ਕੋਈ ਬਸ ਥੋੜ੍ਹੇ ਕੀਤੇ ਪਾਰ ਨਹੀਂ ਸੀ ਲੰਘੀ । ਜੀਤੋ ਕਾਰ ਵੱਲ ਪੈਰ ਪੁੱਟਣ ਵਿੱਚ ਨਹੀਂ ਸੀ ਆਉਂਦੀ । ਜੀਤੋ ਦੇ ਵੀਰ ਨੇ ਘੜੀ ਵੱਲ ਤੱਕਿਆ ਤਾਂ ਸਾਢੇ ਪੰਜ ਹੋ ਚੁੱਕੇ ਸਨ । ਉਸ ਨੂੰ ਕੁੜੀਆਂ ਦੀ ਮੱਤ ਉੱਤੇ ਗੁੱਸਾ ਜਿਹਾ ਆਇਆ ਤੇ ਫਟਾ-ਫਟ ਘਰ ਜਾ ਕੇ ਰੋਂਦੀ ਕੁਰਲਾਂਦੀ ਸਾਲੂ ਵਿੱਚ ਵਲ੍ਹੇਟੀ ਜੀਤੋ ਨੂੰ ਆਪਣੇ ਕਲ਼ਾਵੇ ਵਿੱਚ ਚੁੱਕ ਲਿਆਇਆ ਤੇ ਲਿਆ ਕੇ ਕਾਰ ਵਿੱਚ ਬਿਠਾ ਦਿੱਤਾ । ਜੀਤੋ ਦੇ ਵੱਡੇ ਤਾਏ ਤੇ ਛੋਟੇ ਚਾਚੇ ਨੇ ਬੜੇ ਪਿਆਰ ਨਾਲ਼ ਜੀਤੋ ਨੂੰ ਦਿਲਾਸਾ ਦਿੱਤਾ ਅਤੇ ਸਲਾਮੀ ਪਾ ਕੇ ਪਰ੍ਹੇ ਹਟ ਗਏ ।
ਆਪਣੇ ਵੀਰ ਦੇ ਲੱਕ ਦੁਆਲ਼ੇ ਲਿਪਟੀ ਜੀਤੋ ਨੇ ਜਦ ਆਪਣੀਆਂ ਬਾਹਾਂ ਦੀ ਕੱਸ ਢਿੱਲੀ ਕੀਤੀ ਤਾਂ ਜੀਤੋ ਦਾ ਵੀਰ ਵੀ ਆਪਣੀ ਨਿੱਕੀ ਜਿਹੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬਟੂਆ ਫਰੋਲਣ ਲੱਗ ਪਿਆ । ਜੀਤੋ ਅਤੇ ਉਸ ਦੀਆਂ ਸਹੇਲੀਆਂ ਦੇ ਰੋ-ਰੋ ਕੇ ਲਾਲ ਹੋਏ ਮੂੰਹ ਵੇਖ ਕੇ ਉਸ ਦਾ ਮਨ ਭਾਰੀ ਜਿਹਾ ਹੋ ਗਿਆ । ਤੇ ਫੇਰ ਉਸ ਨੂੰ ਆਪਣਾ ਚੇਤਾ ਆ ਗਿਆ ਕਿ ਕਿਸ ਤਰ੍ਹਾਂ ਵਿਆਹ ਲਈ ਤਿਆਰ ਹੁੰਦਾ-ਹੁੰਦਾ ਉਹ ਵਿਆਹ ਤੋਂ ਡਰ ਜਾਂਦਾ ਸੀ । ਉਹ ਕਿਸੇ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਸੀ ਜਿਸ ਨੂੰ ਉਹ ਨੇੜਿਉਂ ਨਹੀਂ ਸੀ ਜਾਣਦਾ । ਕਿਸੇ ਅਨਜਾਣ ਬੰਦੇ ਨੂੰ ਅਪਣਾ ਸਕਣਾ ਕਿੰਨਾ ਔਖਾ ਸੀ, ਹਾਲਾਂਕਿ ਉਸ ਦੀ ਵਹੁਟੀ ਨੇ ਤਾਂ ਉਸ ਦੇ ਘਰ ਆ ਕੇ ਭਾਰਤੀ ਮਰਯਾਦਾ ਅਨੁਸਾਰ ਉਸ ਦੀ ਦਾਸੀ ਬਣ ਕੇ ਰਹਿਣਾ ਸੀ । ਹੁਣ ਉਸ ਦੀ ਛੋਟੀ ਭੈਣ, ਉਸ ਤੋਂ ਅੱਠ-ਦਸ ਵਰ੍ਹੇ ਛੋਟੀ ਭੈਣ, ਕਿਸੇ ਅਨਜਾਣ ਮੁੰਡੇ ਕੋਲ਼ ਜਾ ਰਹੀ ਸੀ, ਉਸ ਦਾ ਕਹਿਣਾ ਮੰਨਣ ਲਈ ਤਿਆਰ ਹੋ ਕੇ ਉਸ ਦੀ ਦਾਸੀ ਬਣਨ ਲਈ । ਜੀਤੋ ਦੇ ਵੀਰ ਨੂੰ ਭਾਈ ਤੇ ਗਵੱਈਏ ਦੇ ਵੈਰਾਗ ਵਿੱਚ ਪੜ੍ਹੇ ਗਏ ਸਲੋਕ ਤੇ ਗੀਤ ਚੇਤੇ ਆ ਗਏ । ਤੇ ਫੇਰ ਉਸ ਨੂੰ ਇਹ ਗੱਲ ਵੀ ਚੇਤੇ ਆਈ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਭੈਣ ਨੂੰ ਕਦੀ ਕਿਸੇ ਗੱਲੋਂ ਤੰਗ ਨਹੀਂ ਸੀ ਰੱਖਿਆ । ਉਦੋਂ ਵੀ ਤੰਗ ਨਹੀਂ ਸੀ ਰੱਖਿਆ, ਜਦੋਂ ਉਹ ਨੀਲੋਖੇੜੀ ਉਸ ਦੇ ਕੋਲ਼ ਆ ਕੇ ਚਾਰ ਮਹੀਨੇ ਰਹੀ ਸੀ ਤੇ ਜਦੋਂ ਜੀਤੋ ਨੇ ਚਾਰ ਮਹੀਨੇ ਆਪਣੇ ਹੱਥੀਂ ਪਕਾ ਚਾਈਾ-ਚਾਈਾ ਉਸ ਨੂੰ ਰੋਟੀਆਂ ਖੁਆਈਆਂ ਸਨ ਤੇ ਜਦੋਂ ਉਹ ਮਾਪਿਆਂ ਤੋਂ ਦੂਰ ਬੈਠਾ ਵੀ ਜੀਤੋ ਕਾਰਨ ਮਾਪਿਆਂ ਦਾ ਉਦਰੇਵਾਂ ਨਹੀਂ ਸੀ ਕਰਦਾ । ਹੁਣ ਜੀਤੋ ਦੂਰ ਜਾ ਰਹੀ ਸੀ, ਜਿੱਥੇ ਉਸ ਨੂੰ ਸ਼ਾਇਦ ਛੇਤੀ ਮਿਲਣ ਨਹੀਂ ਸੀ ਜਾ ਸਕਣਾ ਤੇ ਸ਼ਾਇਦ ਚਿੱਠੀ ਵੀ ਨਹੀਂ ਸੀ ਲਿਖ ਸਕਣੀ । ਜਿੱਥੇ ਜੀਤੋ ਦੀ ਕੋਈ ਸਹੇਲੀ ਨਹੀਂ ਸੀ ਤੇ ਜਿੱਥੇ ਉਸ ਨੇ ਕੋਈ ਗੱਲ ਆਪਣੀ ਮਨ-ਮਰਜ਼ੀ ਨਾਲ਼ ਥੋੜ੍ਹੇ ਕੀਤੇ ਨਹੀਂ ਸੀ ਕਰ ਸਕਣੀ ।
ਛਿਣ ਭਰ ਵਿੱਚ ਹੀ ਇਹ ਸਾਰੇ ਦੇ ਸਾਰੇ ਵਿਚਾਰ ਉਸ ਦੇ ਦਿਲ ਵਿੱਚ ਆਏ ਤੇ ਉਹ ਉਦਾਸ ਹੋ ਗਿਆ । ਉਦਾਸ ਜਿਹੇ ਮਨ ਨਾਲ਼ ਉਸ ਨੇ ਆਪਣੇ ਬਟੂਏ ਵਿੱਚੋਂ ਸਾਰੇ ਦੇ ਸਾਰੇ ਪੈਸੇ ਬਿਨਾਂ ਕਿਸੇ ਗਿਣਤੀ ਕਰਨ ਦੇ ਕੱਢੇ ਤੇ ਜੀਤੋ ਦੇ ਹੱਥ ਉੱਤੇ ਧਰੇ । ਜੀਤੋ ਨੂੰ ਪਤਾ ਨਹੀਂ ਕੀ ਹੋਇਆ, ਚੰਗੀ-ਭਲੀ ਚੁੱਪ ਹੋਈ ਜੀਤੋ ਇਕਦਮ ਫਿੱਸ ਪਈ ਤੇ ਉਸ ਨੇ ਆਪਣੀ ਹਥੇਲੀ ਉੱਤੇ ਖਿੱਲਰੇ ਰੁਪਏ ਕਾਰ ਦੇ ਬਾਹਰ ਸੁੱਟ ਦਿੱਤੇ ਅਤੇ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਪਈ ।
ਜੀਤੋ ਦੇ ਵੀਰ ਨੂੰ ਗੱਚ ਆ ਗਿਆ । ਡ੍ਰਾਈਵਰ ਨੂੰ ਉਸ ਨੇ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ ਤੇ ਭਾਰੇ ਜਿਹੇ ਮਨ ਨਾਲ਼ ਆਪਣੇ ਛੋਟੇ ਭਰਾ ਨੂੰ ਜੀਤੋ ਕੋਲ਼ੋਂ ਉਠਾ ਕੇ ਆਪਣੇ ਬਾਪੂ ਨੂੰ ਫੜਾ ਦਿੱਤਾ ਅਤੇ ਆਪ ਜੀਤੋ ਦੇ ਨਾਲ਼ ਵਾਲ਼ੀ ਸੀਟ ਉੱਤੇ ਬੈਠ ਗਿਆ ।
''ਅਹਿ ਕੱਪੜੇ ਤਾਂ ਬਦਲ ਲੈ, ਸਬਜ਼ੀ ਨਾਲ਼ ਖ਼ਰਾਬ ਹੋਏ ਪਏ ਨੇ,'' ਪਿਉ ਨੇ ਛੋਟੇ ਪੁੱਤਰ ਨੂੰ ਕੁੱਛੜ ਚੁੱਕਦਿਆਂ ਜੀਤੋ ਦੇ ਵੱਡੇ ਵੀਰ ਨੂੰ ਕਿਹਾ ।
''ਚੁੱਪ ਕਰ ਹੁਣ, ਨਹੀਂ ਤਾਂ ਮਾਰੂੰਗਾ ਮੈਂ,'' ਆਪਣੇ ਬਾਪ ਦੇ ਬੋਲਾਂ ਨੂੰ ਅਣਸੁਣੇ ਕਰਕੇ ਉਸ ਨੇ ਜੀਤੋ ਨੂੰ ਕਿਹਾ ਤੇ ਉਹਨਾਂ ਹੀ ਕੱਪੜਿਆਂ ਨਾਲ਼ ਜੀਤੋ ਦੇ ਨਾਲ਼ ਤੁਰ ਗਿਆ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ