ਘਰਾਂ 'ਚੋਂ ਘਰ (ਕਹਾਣੀ) : ਬਲੀਜੀਤ

''ਤੇਰੀ ਦਾਦੀ ਨਾਲ ਸਲਾਹ ਕਰੂੰਗੀ, ਰਾਤ ਨੂੰ '', ਜਦੋਂ ਵੀ ਅਸੀਂ ਤਿੰਨੋਂ ਕੋਈ ਗੱਲ ਕਰਦੇ, ਜਿਸ ਵਿੱਚ ਕੋਈ ਫੈਸਲਾ ਛੁਪਿਆ ਹੁੰਦਾ ਜਾਂ ਪੈਸੇ ਖ਼ਰਚ ਹੋਣੇ ਹੁੰਦੇ ਤਾਂ ਮਾਂ ਇਹੀ ਕਹਿੰਦੀ ਹੁੰਦੀ ਸੀ । ਮੈਨੂੰ ਕਦੇ ਪਤਾ ਨਾ ਲੱਗਦਾ ਕਿ ਉਹ ਦੋਵੇਂ ਕਦੋਂ ਸਲਾਹ ਕਰਦੀਆਂ ਸਨ । ਅਸੀਂ ਪੰਜ ਜਣੇ ਬਾਲੇ ਸ਼ਤੀਰੀਆਂ ਦੇ ਕੁੱਠਲੇ 'ਚ ਬਾਕੀ ਟੱਬਰ ਤੋਂ ਅਲੱਗ ਸੌਂਦੇ । ਘਰ 'ਚ ਸਾਡਾ ਬਾਪ ਕਦੇ ਕਦੇ ਈ ਦਿਸਦਾ । ਕਹਿੰਦੇ ਉਹ ਕਲਕੱਤੇ ਕਿਸੇ ਬੰਗਾਲਣ ਨਾਲ ਰਹਿੰਦਾ ਐ ਜਿਸ ਦੇ ਨਿਆਣੇ ਵੀ ਹਨ । ਪਰ ਮੇਰੀ ਮਾਂ ਮੈਨੂੰ ਦੱਸਦੀ ਕਿ ਉਹ ਕਲਕੱਤੇ ਡਰਾਈਵਰੀ ਕਰਦਾ ਹੈ । ਉਸ ਨੂੰ ਉੱਥੇ ਬਹੁਤ ਕੰਮ ਐ ।

ਸਿਆਲ ਦੀ ਇੱਕ ਰਾਤ ਨੂੰ ਮੇਰੀ ਮਾਂ ਤੇ ਦਾਦੀ ਚੁੱਲ੍ਹੇ ਮੂਹਰੇ ਰੋਟੀ ਖਾ ਕੇ, ਬੁੱਝਦੇ ਗੋਹਿਆਂ ਦੀ ਅੱਗ ਨਾਲ ਪੈਰ ਸੇਕਦੀਆਂ ਕਿਸੇ ਗਰੀਬ ਦੀ ਗੱਲ ਕਰ ਰਹੀਆਂ ਸਨ:

''ਹੈ ਤਾਂ ਗਰੀਬ''

''ਥਾਓਂ ਥੂੰ ਬੀ ਨੀ ਬਹੁਤਾ''

''ਬੜੀ ਕੁੜੀ ਬੀ ਗਰੀਬ ਘਰੇ ਐ''

''ਛੋਟਾ ਮੁੰਡਾ ਪੜ੍ਹਦਾ''

''ਦਸ ਪਾਸ ਐ । ਦੋਹੇ ਬਾ'-ਪੁੱਤ ਦਿਹਾੜੀ ਜੋਤਾ ਕਰਦੇ ਐ ।''

''ਮਾਮਾ ਕਰਾਉਂਦਾ ਐ । ਖੂਹ 'ਚ ਤਾਂ ਨੀਂ ਸਿੱਟਣ ਲੱਗਿਆ ।''

'' ਉਹਨੇ ਔਣਾ ਨੀ । ਕਿ ਆ ਜੂ?''

''ਬੰਗਾਲਣਾਂ ਨੂੰ ਜਾਦੂ ਆਉਂਦਾ । ਮੀਂਢਾ ਬਣਾ ਕੇ ਬੰਨ੍ਹ ਲਿੰਦੀਆਂ ।''

***

''ਮੁੰਡੇ ਨੂੰ ਤਾਂ ਕਹਿੰਦੇ ਸੈਕਲ ਵੀ ਨੀਂ ਚਲਾਉਣਾ ਆਉਂਦਾ'', ਪਰ ਮੇਰੀ ਮਾਂ ਨੇ 'ਆਪੇ ਸਿੱਖ ਜਾਣਾ' ਕਹਿ ਕਹਿ ਕੇ ਬੜੀ ਭੈਣ ਦੇ ਦਾਜ ਵਿੱਚ ਜੀਜਾ ਜੀ ਨੂੰ ਸਾਈਕਲ ਦੁਆ ਦਿੱਤਾ ਸੀ ।

''ਗਰੀਬੀ ਦਾਵਾ ਐ, ਸਰਦਾਰ''

''ਬੜਾ ਕੁਸ ਐ, ਮਹਾਰਾਜ'', ਮਾਸੜ ਨੇ ਹੱਥ ਜੋੜ ਦਿੱਤੇ ਸਨ ।

ਤੀਹ ਕੁ ਬੰਦਿਆਂ ਦੀ ਬਰਾਤ ਸੀ । ਟਰੱਕ ਵਿੱਚ । ਟਰੱਕ ਵਿੱਚ ਈ ਪੇਟੀ, ਟਰੰਕ ਤੇ ਹੋਰ ਨਿੱਕ-ਸੁੱਕ ਲੱਦ ਦਿੱਤਾ । ਸਾਈਕਲ ਵੀ । ...ਤੇ ਬੜੀ ਭੈਣ ਦਾ ਵਿਆਹ ਹੋ ਗਿਆ ਸੀ...

... ਮੇਰਾ ਬਾਪ ਵਿਆਹ ਵਿੱਚ ਵੀ ਨਹੀਂ ਆਇਆ ਸੀ । ਮੇਰੀ ਮਾਂ ਨੇ ਸੋਚਿਆ ਕਿ ਬੰਗਾਲਣ ਨੇ ਬਾਪੂ ਦੇ ਪੰਜਾਬ ਜਾ ਕੇ ਪੈਸੇ ਖਰਚਣ ਤੋਂ ਕਲੇਸ ਪਾ ਲਿਆ ਹੋਣਾ ਐ ।

***

... ਤੇ ਫੇਰ ਜੀਜਾ ਜੀ ਨੂੰ ਸਾਈਕਲ ਸਿੱਖਣਾ ਈ ਪਿਆ । ਉਹਨਾਂ ਨੇ ਸਾਡੇ ਘਰ ਈ ਤਾਏ ਦੇ ਮੁੰਡੇ ਦਾ ਸਾਈਕਲ ਲੈ ਕੇ ਚਲਾਉਣਾ ਸਿੱਖਿਆ । ਮੈਂ, ਬੜੀ ਭੈਣ ਤੇ ਛੋਟੀ ਜਸਬੀਰ ਉਹਨਾਂ ਨੂੰ ਸਾਈਕਲ ਸਿੱਖਦੇ ਦੇਖ ਕੇ ਹੱਸ ਹੱਸ ਦੂਹਰੇ ਹੋ ਗਏ ।

''ਸ਼ੁਕਰ ਐ ਤੇਰਾ ਦਾਤਿਆ'', ਮਾਂ ਨੇ ਬੁੱਕਲ ਵਿੱਚੋਂ ਈ ਹੱਥ ਜੋੜ ਕੇ ਉਪਰ ਨੂੰ ਚੁੱਕ ਦਿੱਤੇ ।

ਜੀਜਾ ਜੀ ਨੂੰ ਡਾਕਖ਼ਾਨੇ ਵਿੱਚ ਪੋਸਟਮੈਨ ਦੀ ਨੌਕਰੀ ਮਿਲ ਗਈ ਸੀ ।

... ਦਸਵੀਂ ਕਰਨ ਤੋਂ ਬਾਅਦ ਮੈਂ ਆਪਣੀ ਵੱਡੀ ਭੈਣ ਕੋਲ ਸ਼ਹਿਰ ਚਲਾ ਗਿਆ । ਮਾਂ ਓਦਰਦੀ ਸੀ । ਭੈਣ ਨੇ ਜ਼ੋਰ ਪਾ ਕੇ ਮਾਂ ਨੂੰ ਸਮਝਾ ਲਿਆ ਸੀ ।

''ਪੜ੍ਹ ਲਿਖ ਕੇ ਕਿਸੇ ਕੰਢੇ ਤਾਂ ਲੱਗ ਜੂ ਗਾ । ਉਰੇ ਕਿਆ ਪਿੰਡ 'ਚ ।''

ਅੱਤ ਦੀ ਗਰਮੀ । ਜੁਲਾਈ ਅਗਸਤ । ਵੱਡੇ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਵਿੱਚੀਂ ਲੰਘਦੇ, ਜੀਜਾ ਜੀ ਦੇ ਸਾਈਕਲ ਦੇ ਪਿੱਛੇ ਬਹਿ ਕੇ ਮੈਂ ਇੱਕ ਬਹੁਤ ਵੱਡੇ ਸਕੂਲ ਵਿੱਚ ਪੁੱਜ ਗਿਆ । ਸਕੂਲ ਦੇ ਬਾਹਰ ਕੋਈ ਨਹੀਂ ਸੀ ਦਿੱਸ ਰਿਹਾ । ਅਸੀਂ ਦੋਵੇਂ ਡਰੇ ਖੜ੍ਹੇ ਰਹੇ ।

''ਸਾਸਰੀ ਕਾਲ ਜੀ''

''ਹਾਂ ਜੀ, ਆਓ... ਆਓ'', ਸਕੂਲ ਦੇ ਅੰਦਰੋਂ ਇੱਕ ਬਣਿਆ ਠਣਿਆ ਸਰਦਾਰ, ਪੈਂਟ ਠੀਕ ਕਰਦਾ ਸਾਡੇ ਕੋਲ ਰੁੱਕ ਗਿਆ । ਜੀਜਾ ਜੀ ਨੇ ਬਹੁਤ ਹੀ ਨੀਵਾਂ ਹੋ ਕੇ ਸਰਦਾਰ ਨੂੰ ਬੇਨਤੀ ਕੀਤੀ ਕਿ ਮੈਂ ਉਹਨਾਂ ਦੀ ਘਰਵਾਲੀ ਦਾ ਛੋਟਾ ਭਾਈ ਹਾਂ । ਬਾਪ ਹੈ ਨਹੀਂ । ਦਸਵੀਂ ਕੀਤੀ ਹੋਈ ਐ । ਪਿੰਡੋਂ ਆਇਆਂ । ਇਸ ਸਕੂਲ 'ਚ ਦਾਖਲਾ ਲੈਣਾ, ਪਲੱਸ ਵਨ 'ਚ ।

''ਦਾਖਲੇ ਤਾਂ ਬੰਦ ਹੋ ਗਏ । ਅੱਜ ਪਹਿਲੀ ਐ । ਕੱਲ ਲਾਸਟ ਡੇਟ ਸੀ ।''

ਅਸੀਂ ਦੋਵੇਂ ਅੱਧੇ ਜਹੇ ਰਹਿ ਗਏ । ਮੇਰੀ ਜੀਭ ਪਿਛਾਂਹ ਨੂੰ ਹੱਟਣ ਲੱਗੀ । ਜੇ ਮੈਨੂੰ ਦਾਖਲਾ ਨਾ ਮਿਲਿਆ, ਤਾਂ ਮੈਨੂੰ ਪਿੰਡ ਵਾਪਸ ਜਾਣਾ ਪੈਣਾ ਸੀ । ਵਾਪਸ ਜਾਣਾ ਮੇਰੇ ਲਈ ਬਹੁਤ ਔਖਾ ਸੀ । ਮਾਂ ਨੇ ਕਈਆਂ ਨੂੰ ਮੇਰੇ ਬਾਰੇ ਕਹਿ ਦਿੱਤਾ ਸੀ ਕਿ ਮੈਂ ਬੜਾ ਕੋਰਸ ਕਰਨ ਸ਼ਹਿਰ ਗਿਆ ਹਾਂ ।

ਅਸੀਂ ਦੋਵੇਂ ਗੂੰਗਿਆਂ ਵਾਂਗ ਖੜ੍ਹੇ ਰਹੇ ।

ਸਰਦਾਰ ਸਾਨੂੰ ਛੱਡ ਕੇ ਤੁਰਨ ਲੱਗਿਆ ।

''ਕੋਈ ਹੱਲ ਦੱਸੋ ਸਰਦਾਰ ਸਾਹਿਬ । ਗਰੀਬ ਆਦਮੀ ਆਂ । ਮੁੰਡੇ ਦੀ ਜ਼ਿੰਦਗੀ ਦਾ ਸੁਆਲ ਐ ।''

''ਗੇਟ ਤੋਂ ਐਧਰ ਆ ਜਾਓ'', ਉਹ ਸਾਨੂੰ ਗੇਟ ਦੇ ਖੱਬੇ ਪਾਸੇ ਦਰਖ਼ਤਾਂ ਦੀ ਛਾਂ ਵਿੱਚ ਲੈ ਗਿਆ ।

''ਤੁਸੀਂ ਲੇਟ ਐਂ । ਦਸ ਦਿਨ ਤਾਂ ਹੋ ਗੇ ਪਲੱਸ ਵਨ ਦੀਆਂ ਕਲਾਸਾਂ ਸਟਾਰਟ ਹੋਏ ਨੂੰ ... ਕਿਹੜੀ ਡਵੀਜ਼ਨ ਐ ਮੈਟ੍ਰਿਕ 'ਚ ... ਥਰਡ? ..... ਥਰਡ ਡਵੀਜ਼ਨ ਵਾਲਿਆਂ ਨੂੰ ਤਾਂ ਇਸੇ ਸਕੂਲ ਵਿੱਚ ਵੀ ਦਖਲਾ ਨਹੀਂ ਮਿਲਿਆ । ਪ੍ਰਿੰਸੀਪਲ ਸਾਹਿਬ ਨੇ ਜੁਆਬ ਦੇ ਦਿੱਤਾ । ਰੀਜ਼ਲਟ ਵੀ ਤਾਂ ਦੇਖਣੈ । ਉਰੇ ਤਾਂ ਦਾਖਲਾ ਤੁਸੀਂ ਭੁੱਲੇ ਜਾਓ । ਇੱਥੇ ਪਲੱਸ ਵਨ ਦੇ ਛੇ ਸੈਕਸਨ ਐ । ਇੱਕ 'ਚ ਸੱਤਰ ਸੱਤਰ ਸਟੂਡੈਂਟ ਐ । ਕਿਆ ਕਰਨਗੇ ਟੀਚਰ ।... ਥਰਡ ਡਵੀਜ਼ਨ, ਇੰਮਪੌਸੀਬਲ । ਤੁਸੀਂ ਈਹਨੂੰ ਉੱਥੇ ਈ ਦਾਖਲ ਕਰਾਓ ਜਿੱਥੋਂ ਇਹ ਆਇਐ...''

''ਸਰ ਪਿੰਡਾਂ 'ਚ ਕਿਹੜੀ ਪੜ੍ਹਾਈ ਹੁੰਦੀ ਐ । ਨਾ ਘਰ 'ਚ । ਨਾ ਸਕੂਲ 'ਚ...'', ਮੈਨੂੰ ਨਹੀਂ ਲੱਗਿਆ ਕਿ ਜੀਜਾ ਜੀ ਦੀ ਗੱਲ ਦਾ ਸਰਦਾਰ 'ਤੇ ਕੋਈ ਅਸਰ ਹੋਇਆ ਹੋਵੇ । ਮੈਂ ਆਪਣੇ ਸੁੱਕਦੇ ਬੁੱਲਾਂ ਨੂੰ ਜੀਭ ਨਾਲ ਗਿੱਲਾ ਕੀਤਾ ।

''ਤੁਸੀਂ... ਮੈਂ ਦੱਸਾਂ... ਤੁਸੀਂ ਐਂਜ ਕਰੋ...'', ਮੇਰੇ ਵਿੱਚ ਫੇਰ ਹਲਕੀ ਜਹੀ ਠੰਡੀ ਜੀਵਨ ਦੀ ਧਾਰਾ ਵਹਿ ਗਈ ।

''ਐਂ ਕਰੋ... ਟਰਾਈ ਕਰਨ 'ਚ ਕੀ ਹਰਜ਼ ਐ । ਨੌਂ ਵੱਜੇ ਐ । ਬਸਤੀ ਸ਼ੇਖਾਂ ਦੇ ਸਕੂਲ ਵਿੱਚ ਚਲੇ ਜਾਓ । ਮੈਨੂੰ ਉਮੀਦ ਐ ਬਈ ਉੱਥੇ ਸਕੂਲ 'ਚ ਸੀਟਾਂ ਖਾਲੀ ਹੋਣੀਆਂ ।... ਦੂਰ ਐ... ਉੱਥੇ ਕੋਈ ਜਾਂਦਾ ਨਹੀ ।''

''ਕਿਹੜਾ ਸਕੂਲ ਐ? ''

''ਬਸਤੀ ਸ਼ੇਖਾਂ । ਨਵਾਂ ਖੁੱਲਿ੍ਹਆ, ਐਹੋ ਜਿਹਾ ਈ ਸਰਕਾਰੀ ਸੈਕੰਡਰੀ ਸਕੂਲ ਐ । ਪ੍ਰਿੰਸੀਪਲ ਟਿਵਾਣਾ ਪਰਸੋਂ ਮਿਲਿਆ ਸੀ...''

ਜੀਜਾ ਜੀ ਨੇ 'ਬਹੁਤ ਮਿਹਰਬਾਨੀ' ਕਹਿ ਕੇ ਸਾਈਕਲ ਰੇੜ੍ਹ ਲਿਆ, ''ਝੱਟ ਕਰ'', ਮੈਂ ਪਲਾਕੀ ਮਾਰ ਕੇ ਫੇਰ ਸਾਈਕਲ ਪਿੱਛੇ ਸੁਆਰ ਹੋ ਗਿਆ । ਗਰਮੀ-ਓ-ਗਰਮੀ । ਮੈਨੂੰ ਪਿੱਛੇ ਬੈਠੇ ਨੂੰ ਹੀ ਸਾਹ ਚੜ੍ਹੀ ਜਾਵੇ । ਜੀਜਾ ਜੀ ਥੱਕ ਗਏ । ਸਾਈਕਲ ਰੋਕ ਲਿਆ । ਮੈਂ ਉੱਤਰਨ ਲੱਗਾ ਤਾਂ ਦੋ ਵਾਰ ਕਿਹਾ: ਬੈਠਾ ਰਹਿ, ਬੈਠਾ ਰਹਿ ।

''ਬਾਬਾ ਜੀ, ਬਸਤੀ ਸ਼ੇਖਾਂ ਕਿੱਧਰ ਐ? ਕਿੰਨਾ ਕ ਟੈਮ ਲੱਗ ਜੂ''

''ਸਿੱਧਾ । ਨੱਕ ਦੀ ਸੀਧ । ਲੱਗ ਜੂ ਘੰਟਾ ਤਾਂ । ਖਾਸੀ ਵਾਟ ਐ । ਊਂ ਤੂੰ ਨੌਜੁਆਨ ਐਂ ।''

ਸਾਈਕਲ ਨੇ ਫੇਰ ਸਪੀਡ ਫੜ ਲਈ ।

''ਤੁਸੀਂ ਆਪਣੇ ਦਫ਼ਤਰ ਪੁੱਛ ਲਿੰਦੇ?''

''ਦਫ਼ਤਰ 'ਚ ਨੀਂ ਕਰੇ ਕਰਦੇ ਸਾਰੀਆਂ ਗੱਲਾਂ '', ਪੈਡਲ ਨਹੀਂ ਰੁੱਕੇ । ਚੈਨ 'ਚੜ ਚੜ' ਕਰਦੀ ਰਹੀ ।

''ਚੜ ਚੜ''...''ਚੜ ਚੜ''

''ਵਾਹਿਗੁਰੂ''...''ਚੜ ਚੜ''

''ਵਾਹਿਗੁਰੂ... ਵਾਹਿਗੁਰੂ''

''ਬਾਈ ਜੀ, ਬਸਤੀ ਸ਼ੇਖਾਂ? ਸਰਕਾਰੀ ਸਕੂਲ ਕਿਧਰ ਐ?''

''ਔਹ ਬੜੀ ਬਿਲਡਿੰਗ ਨੀਂ ਦਿਖਦੀ? ਸਕੂਲੇ ਐ ।''

ਪ੍ਰਿੰਸੀਪਲ ਸਾਹਿਬ ਦੇ ਨਾਲ ਵਾਲੇ ਕਮਰੇ 'ਚ ਬੈਠੀ ਮੈਡਮ ਨੂੰ ਜੀਜਾ ਜੀ ਨੇ ਆਪਣੀ ਸਾਰੀ ਵਿੱਥਿਆ ਮੁੜ ਕੇ ਸੁਣਾ ਦਿੱਤੀ । ਸਰਟੀਫਿਕੇਟ ਮੇਜ਼ 'ਤੇ ਰੱਖ ਦਿੱਤੇ । ਘਸੇ ਜਹੇ ਰੁਮਾਲ ਨਾਲ ਪਸੀਨਾ ਪੂੰਝਣ ਲੱਗੇ ਰਹੇ ।

''ਬਣ ਵੀ ਸਕਦੈ... ਨਹੀਂ...ਵੀ... ਸਰ ਦੀ ਮਰਜ਼ੀ ਐ ..."

"ਥਰਡ ਡਿਵੀਜ਼ਨ... ਮੈਥ 'ਚੋਂ ਫ਼ੇਲ੍ਹ... ਤੁਸੀਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰ ਲਓ... ਹੁਣੇ ਆ ਜਾਂਦੇ ਐ... ਆਹ ਆਪਣੇ ਕਾਗਜ਼ ਉਹਨਾਂ ਨੂੰ ਹੀ ਦਿਖਾ ਦਿਓ...''

ਮੈਂ ਬਾਹਰ ਪ੍ਰਿੰਸੀਪਲ ਸਾਹਿਬ ਦੇ ਕਮਰੇ ਅੱਗੇ ਲੱਗੀ ਤਖ਼ਤੀ ਉੱਤੇ 'ਉਜਾਗਰ ਸਿੰਘ ਟਿਵਾਣਾ' ਪੜ੍ਹ ਕੇ ਡਰ ਗਿਆ । ਜੀਜਾ ਜੀ ਕਮਰੇ ਦੇ ਨਾਲ ਬੈਂਚ ਉੱਤੇ ਬੈਠੀ ਔਰਤ ਕੋਲ ਚਲੇ ਗਏ । ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਫੁਸ ਫੁਸ ਕੀਤੀ । ਇੱਕ ਕਾਰ ਹੌਲੀ ਹੌਲੀ ਸਕੂਲ 'ਚ ਦਾਖਲ ਹੋਈ । ਕਾਰ ਵਿਚਲਾ ਬੰਦਾ ਕਿੰਨੀ ਦੇਰ ਵਿੱਚੇ ਬੈਠਾ ਆਪਣੇ ਕਾਗਜ ਜਹੇ ਸੂਤ ਕਰਦਾ ਰਿਹਾ । ਫੇਰ ਬਿਲਕੁਲ ਹੌਲੀ ਹੌਲੀ ਕਾਰ 'ਚੋਂ ਬਾਹਰ ਨਿਕਲਿਆ । ਬਹੁਤ ਰੋਅਬ ਵਾਲਾ, ਹੱਥ 'ਚ ਫਾਈਲ ਫੜੀ ਪ੍ਰਿੰਸੀਪਲ ਦੇ ਕਮਰੇ ਵੱਲ ਨੂੰ ਵਧਿਆ । ਔਰਤ ਖੜ੍ਹੀ ਹੋ ਗਈ । ਉਸ ਔਰਤ ਨੇ ਬਹੁਤ ਚਿੱਟੇ ਕੱਪੜੇ ਪਾਏ ਹੋਏ ਸਨ । ਜੀਜਾ ਜੀ ਵੀ ਖੜੇ ਹੋ ਗਏ । ਕੋਲੋਂ ਲੰਘਦਿਆਂ ਨੂੰ ਦੋਵਾਂ ਨੇ ਸਿਰ ਝੁਕਾ ਕੇ ਬੁੱਲ੍ਹ ਹਿਲਾਏ । ਬਿੰਦ ਕੁ ਮਗਰੋਂ ਬੜੇ ਜ਼ੋਰ ਨਾਲ ਘੰਟੀ ਵੱਜੀ । ਮੈਂ ਡਰ ਨਾਲ ਕੰਬ ਗਿਆ । ਔਰਤ ਅੰਦਰ ਚਲੇ ਗਈ । ਥੋੜੀ ਦੇਰ ਮਗਰੋਂ ਕਾਗਜ ਫੜੀ ਬਾਹਰ ਆ ਗਈ । ਉਸ ਨੇ ਜੀਜਾ ਜੀ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ । ਜੀਜਾ ਜੀ ਨੇ ਮੈਨੂੰ ਆਪਣੇ ਪਿੱਛੇ ਆਉਣ ਲਈ ਹੱਥ ਮਾਰਿਆ । ਮੈਂ ਮਸਾਂ ਆਪਣੀ ਜਗ੍ਹਾ ਤੋਂ ਹਿੱਲਿਆ । ਕੰਨਾਂ ਵਿੱਚ ਬੁੱਜੇ ਫਸੇ ਹੋਏ ਸਨ । ਕੁਝ ਕੁਝ ਧੱਕੇ ਨਾਲ ਈ ਕੰਨਾਂ 'ਚ ਵੜ ਕੇ ਓਪਰਾ ਓਪਰਾ ਸੁਣ ਰਿਹਾ ਸੀ :

''ਮੈਟ੍ਰਿਕ... ਥਰਡ ਕਲਾਸ... ਸ਼ਡਿਊਲਡ ਕਾਸਟ... ਇਨ ਆਰਟਸ ... ਸੋ ਹਿੱਜ਼ ਫਾਦਰ ਇਜ਼ ਨੋ ਮੋਰ... ਆਈ ਡੂ ਨੌਟ ਅੰਡਰਸਟੈਂਡ ਵ੍ਹਾਈ ਯੂ ਪੀਪਲ ਆਲਵੇਜ ਗੈੱਟ ਥਰਡ ਡਵੀਜ਼ਨ...'' ਮੈਨੂੰ ਮਾੜਾ ਮੋਟਾ ਹੀ ਪੱਲੇ ਪਿਆ ।

''ਜੀ ਸਰ'', ਜੀਜਾ ਜੀ ਨੇ ਬਿਨਾਂ ਕੁਝ ਸਮਝੇ ਹੀ ਕਹਿ ਦਿੱਤਾ ।

''ਆਈ ਕੁੱਡ ਹੈਲਪ ਹਿੱਮ । ਬੱਟ ਦੇਅਰ ਇਜ਼ ਨੋ ਟਾਈਮ... ਤੁਸੀਂ ਬਹੁਤ ਲੇਟ ਆਏ ਹੋ...'' ਜੋ ਪੰਜਾਬੀ ਚ' ਕਿਹਾ ਓਹੀ ਸਮਝ ਆਇਆ ।

''ਸਰ, ਸਾਨੂੰ ਨੰਬਰਾਂ ਦਾ ਕਾਰਡ ਲੇਟ ਮਿਲਿਆ'' ਜੀਜਾ ਜੀ ਹੱਥ ਬੰ੍ਹਨੀ ਥੋੜ੍ਹਾ ਅੱਗੇ ਨੂੰ ਹੋਏ ।

''ਇਹ ਲੜਕਾ ਕਿੱਥੇ ਰਹੇਗਾ ?''

''ਮੇਰੇ ਕੋਲ ਸਰ''

''ਐਡਮੀਸ਼ਨਜ ਤਾਂ ਕੱਲ ਖ਼ਤਮ ਹੋ ਗਈਆਂ... ਪਰ... ਮੈਂ ਕੱਲ ਦੀ ਡੇਟ ਵਿੱਚ ਇਹਨੂੰ ਦਾਖਲ ਕਰ ਸਕਨਾਂ... ਜੇ... ਪਤਾ ਕਰਵਾਨਾ... ਜੇ ਦਫ਼ਤਰ ਵਾਲਿਆਂ ਕੱਲ ਦੀ ਰਸੀਟ ਜਮਾਂ ਨਾ ਕਰਵਾਈ ਹੋਵੇ...ਮੈਂ ਪਤਾ ਕਰਾਨਾਂ... ਫ਼ੋਟੋ ਹੈ ਤੁਹਾਡੇ ਕੋਲ? ''

''ਨਹੀਂ ਸਰ''

''ਫ਼ੋਟੋ ਤੋਂ ਬਿਨਾਂ ਤਾਂ ਨਹੀਂ ਹੋ ਸਕਦਾ'', ਉਹਨਾਂ ਨੇ ਘੰਟੀ ਵਜਾ ਦਿੱਤੀ ।

''ਅਸੀਂ ਹੁਣੇ ਖਿੱਚਾ ਲੈਂਦੇ ਐਂ, ਸਰ''

''ਪਤਾ ਕਰੋ, ਕੱਲ ਦੀ ਰਸੀਟ ਜਮਾਂ ਹੋ ਗਈ ਹੈ? '' ਉਹਨਾਂ ਨੇ ਚਿੱਟੇ ਵਸਤਰਾਂ ਵਾਲੀ ਔਰਤ ਨੂੰ ਖੜ੍ਹਨ ਵੀ ਨਹੀਂ ਦਿੱਤਾ ।

''ਕੋਸ਼ਿਸ ਕਰ ਕੇ ਦੇਖ ਲਓ... ਤੁਹਾਡੀ ਹਿੰਮਤ ਐ ।''

ਅਸੀ ਫੇਰ ਬਾਹਰ ਖੜੇ ਹੋ ਗਏ । ਜੀਜਾ ਜੀ ਪੈਂਟ ਦੀਆਂ ਜੇਬਾਂ ਵਿੱਚ ਮੁੱਠੀਆਂ ਬੰਦ ਕਰ ਕਰ ਖੋਲ੍ਹੀ ਜਾ ਰਹੇ ਸਨ । ਪ੍ਰਿੰਸੀਪਲ ਸਾਹਿਬ ਦੇ ਕਮਰੇ 'ਚੋਂ ਬਾਹਰ ਆਉਂਦੀ ਮੈਡਮ ਨੇ ਸਾਨੂੰ ਕਿਹਾ ਕਿ ਫਾਰਮ ਲੈ ਲਓ । ਫਾਰਮ ਭਰ ਕੇ, ਫ਼ੋਟੋਆਂ ਅਤੇ ਸਰਟੀਫਿਕੇਟ ਅਟੈੱਸਟ ਕਰਾ ਕੇ, ਸਰ ਤੋਂ ਸਾਈਨ ਕਰਾ ਕੇ, ਫੀਸ ਦੀ ਰਸੀਦ ਨਾਲ ਲਾ ਕੇ, ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ ਉਸ ਨੂੰ ਦੇ ਦਈਏ ਕਿਉਂਕਿ ਉਸ ਨੇ ਬੰਦੇ ਨੂੰ ਬੈਂਕ ਵਿੱਚ ਪੈਸੇ ਜਮਾਂ ਕਰਾਉਣ ਭੇਜਣਾ ਹੈ ।

'ਬਾਰਾਂ ਵਜੇ ਤੋਂ ਪਹਿਲਾਂ ਪਹਿਲਾਂ' ਨੇ ਜੀਜਾ ਜੀ ਦੇ ਪੈਰਾਂ ਨੂੰ ਅੱਗ ਲਾ ਦਿੱਤੀ । ਦੋ ਮਿੰਟ ਬਾਅਦ ਅਸੀਂ ਸਕੂਲ ਦੇ ਨਾਲ ਈ ਫ਼ੋਟੋਗਰਾਫ਼ਰ ਦੀ ਦੁਕਾਨ ਉੱਤੇ ਪੁੱਜ ਗਏ ।

''ਐਨੀ ਛੇਤੀ ਤਾਂ ਨੀ ਬਣਨੀਆਂ ।''

''ਦੋ ਫੋਟੋਆਂ ਚਾਹੀਦੀਆਂ । ਹੁਣੇ । ਹੋਰ ਪੈਸੇ ਲਾ ਲੀਂ '', ਪੈਰਾਂ ਨੂੰ ਲੱਗੀ ਅੱਗ ਹੁਣ ਮੂੰਹ ਤੱਕ ਪੁੱਜ ਚੁੱਕੀ ਸੀ ।

''ਰੀਲ ਕੱਟਣੀ ਪੈਣੀ ਐ । ਛੇ ਨੈਗੇਟਿਵ ਖਰਾਬ ਹੋ ਜਾਣੇ ਐ । ਪੰਜਾਹ ਰੁਪਏ ਖਰਚਾ ਆ ਜਾਣਾ ਸਾਰਾ ।''

''ਆਹ ਫੜ ਪੰਜਾਹ ਦਾ ਨੋਟ'' ਪਰਸ ਜੇਬ 'ਚ ਪਾ ਲਿਆ, ''ਐਥੇ ਕੋਈ ਫ਼ੋਟੋਸਟੇਟ ਦੀ ਦੁਕਾਨ ਹੈ ਗੀ ਐ? ''

''ਹੈ ਗੀ ਐ । ਮੇਨ ਸੜਕ 'ਤੇ । ਜਿੱਥੇ ਐੱਸ ਟੀ ਡੀ ਲਿਖਿਆ ।''

''ਕਾਕੇ ਤੂੰ ਫ਼ੋਟੋਆਂ ਖਿੱਚਾ । ਦੇਰ ਨਾ ਲਾਈਂ ਬੜੇ ਭਾਈ । ਆਹ ਲਫਾਫਾ ਸਰਟੀਫਿਕੇਟਾਂ ਆਲਾ ਫੜਾ । ਐਥੀ ਖੜ੍ਹੀਂ । ਮੈਂ ਆਉਨਾਂ '', ਤੇ ਜੀਜਾ ਜੀ ਲੱਤ ਘੁੰਮਾ ਕੇ ਐਂ ਸਾਈਕਲ 'ਤੇ ਚੜ੍ਹੇ ਜਿਵੇਂ ਘੋੜੇ 'ਤੇ ਸੁਆਰ ਹੋਈਦਾ ਐ ।

ਮੈਂ ਉੱਡੇ ਹੋਏ ਮੂੰਹ ਨਾਲ ਫ਼ੋਟੋ ਖਿਚਾਉਣ ਬਹਿ ਗਿਆ ।

''ਥੋੜਾ... ਸਮਾਈਲ ਕਰੋ,'' ਮੈਂ ਹੱਸਣ ਦੀ ਕੋਸ਼ਿਸ ਕੀਤੀ, ''ਇੰਨਾ ਨਹੀਂ... ਥੋ੍ਹੜਾ ... ਹਾਂਅ... ਸ੍ਹਾਮਣੇ... ਰੈਡੀ ? '' ਕਲਿੱਕ ।

''ਬੈਠੋ ਬਾਹਰ'', ਮੈਂ ਉਸ ਦੇ ਡੱਬੇ ਵਰਗੇ ਸਟੂਡਿਓ ਤੋਂ ਬਾਹਰ ਆ ਗਿਆ । ਬੈਂਚ 'ਤੇ ਬੈਠਾ ਰਿਹਾ । ਬਹਿਣਾ ਔਖਾ ਲੱਗ ਰਿਹਾ ਸੀ । ਫ਼ੋਟੋਗਰਾਫ਼ਰ ਕਿੰਨੀ ਦੇਰ ਲਾਏਗਾ? ਅੰਦਰ? ਮੈਂ ਉਸ ਨੂੰ ਕੁਝ ਨਹੀਂ ਸਾਂ ਕਹਿ ਸਕਦਾ । ਮੈਂ ਚਾਹੁੰਦਾ ਸਾਂ ਕਿ ਉਹ ਮੈਨੂੰ ਦੇਖ ਕੇ, ਸਮਝ ਕੇ ਆਪਣੇ ਆਪ ਹੀ ਫ਼ਟਾਫ਼ਟ ਫ਼ੋਟੋਆਂ ਮੇਰੇ ਹੱਥ 'ਤੇ ਧਰ ਦੇਵੇ । ... ਪਰ ਉਹ ਅੰਦਰੋਂ ਤਾਂ ਨਿਕਲੇ । ਨਾ ਅਜੇ ਜੀਜਾ ਜੀ ਮੁੜੇ ਸਨ ... ਉਹ ਹੱਥ ਦੀ ਪਹਿਲੀ ਉਂਗਲ ਤੇ 'ਗੂਠੇ ਦੇ ਪੋਟਿਆਂ 'ਚ ਨੈਗੇਟਿਵ ਦਾ ਤਿੱਖਾ ਖੂੰਜਾ ਫੜੀ ਹਿਲਾਉਂਦਾ ਹਿਲਾਉਂਦਾ ਬਾਹਰ ਆਇਆ ਤੇ ਡਾਕਟਰਾਂ ਦੇ ਐਕਸ-ਰੇ ਵੇਖਣ ਵਾਂਗ ਹੱਥ ਉਤਾਂਹ ਨੂੰ ਚੁੱਕ ਕੇ ਉਸ ਵਿੱਚੋਂ ਝਾਕਣ ਲੱਗਾ । ਨੇਗੇਟਿਵ ਵਿੱਚ ਆਪਣਾ ਭੂਤ ਮੇਰੇ ਵੀ ਨਿਗ੍ਹਾ ਪਿਆ । ਉਹ ਫੇਰ ਅੰਦਰ ਚਲਾ ਗਿਆ ।

ਮੈਂ ਦੁਕਾਨ ਤੋਂ ਬਾਹਰ ਦੇਖਿਆ ਤਾਂ ਜੀਜਾ ਜੀ ਜ਼ੋਰੋ-ਜ਼ੋਰ ਸਾਈਕਲ ਦੱਬੀ ਆ ਰਹੇ ਸਨ । ਮੇਰਾ ਧਿਆਨ ਫੇਰ ਫ਼ੋਟੋਗਰਾਫ਼ਰ ਦੇ ਡੱਬੇ ਵਿੱਚ ਚਲਾ ਗਿਆ । ਅੰਦਰੋਂ ਪਾਣੀ ਵਿੱਚ ਹੱਥ ਹਿੱਲਣ ਦੀ ਆਵਾਜ਼ ਆਈ ।

''ਮਿਲ ਗੀਆਂ? ''

''ਨਹੀਂ''

''ਕਿਆ ਕਰਦਾ... ਸਲਾ'', ਇੰਨੇ ਨੂੰ ਫ਼ੋਟੋਗਰਾਫ਼ਰ ਦੋ ਫ਼ੋਟੋਆਂ ਦੋਵੇਂ ਹੱਥਾਂ 'ਚ ਫੜੀ ਹਿਲਾਉਂਦਾ ਬਾਹਰ ਆ ਗਿਆ ।

''ਲੈ ਕਾਕੇ, ਇਹਨਾਂ ਨੂੰ ਹੱਥਾਂ 'ਚ ਫੜੀ ਰੱਖੀਂ । ਜਾਂਦੇ ਜਾਂਦੇ ਸੁੱਕ ਜਾਣੀਆਂ ।''

''ਛੇਤੀ ਕਰ''

ਮੈਂ ਫ਼ੋਟੋਆਂ ਦੇਖਣ ਲੱਗ ਪਿਆ । ਗਿੱਲੀਆਂ ਸਨ ।

'' ਓ ਅ ਜੀਜਾ ਜੀ, ਮੈਨੂੰ ਬਹਿ ਤਾਂ ਜਾਣ ਦਿਓ'' ਮੇਰਾ ਸੰਘ ਸੁੱਕਿਆ ਹੋਇਆ ਸੀ, ਪਰ ਫੇਰ ਵੀ ਮੈਂ ਉੱਚਾ ਬੋਲਣ ਜੋਗੀ ਤਾਕਤ ਪਤਾ ਨਹੀਂ ਆਪਣੇ ਅੰਦਰ ਕਿੱਥੋਂ ਇਕੱਠੀ ਕਰ ਲਈ ਸੀ । ਜੀਜਾ ਜੀ ਮੈਨੂੰ ਬਿਠਾਏ ਬਗ਼ੈਰ ਈ ਸਾਈਕਲ ਦੁੜਾ ਕੇ ਨਿਕਲ ਚੱਲੇ ਸਨ ।

''ਹੋ ਲਿਆ ਕੰਮ? ਝੱਟ ਕਰ'', ਜੀਜਾ ਜੀ ਨੇ ਫੇਰ ਸਾਈਕਲ ਦੱਬ ਦਿੱਤਾ । ਤੇਜੋ ਤੇਜ । 'ਹੋ ਲਿਆ ਕੰਮ' । 'ਹੋ ਲਿਆ ਕੰਮ' । ਸਕੂਲ ਤਾਂ ਪਿੱਛੇ ਰਹਿ ਗਿਆ । ਘਬਰਾਹਟ ਕਾਰਨ ਮੇਰੇ ਵਿੱਚ ਐਨਾ ਦਮ ਨਹੀਂ ਸੀ ਕਿ ਪੁੱਛ ਸਕਾਂ : ਕਿੱਧਰ ਨੂੰ ਜਾ ਰਹੇ ਹਾਂ । ਸ਼ਾਇਦ ਮੈਨੂੰ ਦਾਖਲਾ ਨਾ ਮਿਲਣਾ ਹੋਵੇ । ਮੇਰੇ ਦਿਲ ਵਿੱਚੋਂ ਹੂਕ ਜਹੀ ਨਿਕਲ ਗਈ । ਸਭ ਕੀਤੀਆਂ, ਸੁਣੀਆਂ ਗੱਲਾਂ ਝੂਠੀਆਂ ਸਨ । ਬੇਅਰਥ । ਅਸੀਂ ਕਿਸੇ ਹੋਰ ਈ ਦਫ਼ਤਰ ਵਿੱਚ ਵੜ ਗਏ । ਜਿੱਥੇ ਇੱਕ ਪਾਸੇ ਬਿਲਡਿੰਗ ਵੱਲ ਨੂੰ ਮੂੰਹ ਕੀਤੇ ਬੰਦਿਆਂ ਦੀ ਲੰਬੀ ਲਾਈਨ ਹਿੱਲ ਰਹੀ ਸੀ । ਇਹ ਲਾਈਨ ਤਾਂ ਰਾਤ ਤੱਕ ਨੀਂ ਮੁੱਕਣੀ... ਚਲੋ... ਨਾ ਮਿਲੇ ਦਾਖਲਾ... ਨਹੀਂ ਮਿਲਣਾ... ਨਾ ਮਿਲੇ, ਮੈਂ ਬੇਆਸ ਹੋ ਕੇ, ਸੌਖਾ ਜਿਹਾ ਹੋ ਕੇ ਖੜ੍ਹ ਗਿਆ । ਜੀਜਾ ਜੀ ਮੇਰੇ ਹੱਥਾਂ ਵਿੱਚੋਂ ਫ਼ੋਟੋਆਂ ਖੋਹ ਕੇ, ਬੀਂਗੇ ਬੀਂਗੇ ਤੁਰਦੇ ਅੰਦਰ ਜਾ ਵੜੇ । ਮੈਨੂੰ ਲੱਗਿਆ ਉਹਨਾਂ ਦੇ ਇੱਕ ਗੋਡੇ ਵਿੱਚ ਦਰਦ ਹੋ ਰਹੀ ਸੀ । ਮੈਂ ਆਲੇ ਦੁਆਲੇ ਨਿਗ੍ਹਾ ਮਾਰੀ । ਇਹ ਬਿਜਲੀ ਬੋਰਡ ਦਾ ਦਫ਼ਤਰ ਸੀ । ਸਿਰ ਉੱਤੋਂ ਲੰਘਦੀਆਂ ਮੋਟੀਆਂ ਤਾਰਾਂ ਵਿੱਚ ਸ਼ੂਕਦੇ ਕਰੰਟ ਤੋਂ ਮੈਨੂੰ ਭੈਅ ਆਈ । ਬੰਦਿਆਂ ਦੀ ਲਾਈਨ ਹੋਰ ਲੰਬੀ ਹੋ ਗਈ ...

''ਮਹਿੰਦਰ - ਰ - ਓ - ਮਹਿੰਦਰ - ਅ - ਅ,'' ਜੀਜਾ ਜੀ ਮੈਨੂੰ ਅੰਦਰ ਆਉਣ ਲਈ ਹੱਥ ਮਾਰ ਰਹੇ ਸਨ । ਤੇ ਮੇਰਾ ਹੱਥ ਫੜ ਕੇ ਮੈਨੂੰ ਧੂਹ ਕੇ ਇੱਕ ਕਮਰੇ 'ਚ ਲੈ ਗਏ ਜਿੱਥੇ ਵੱਡੇ ਮੇਜ ਪਿੱਛੇ, ਘੁੰਮਦੀ ਕੁਰਸੀ ਉੱਤੇ ਬੈਠੇ ਅਫ਼ਸਰ ਨੇ ਮੇਰੇ ਵੱਲ ਦੇਖਿਆ ।

''ਇਹ ਐ ਸਰ ਮਹਿੰਦਰ ਸਿੰਘ'', ਮੈਂ ਅਫ਼ਸਰ ਦੀ ਪਿੱਠ ਪਿੱਛੇ ਕੰਧ ਉੱਤੇ ਲਟਕਦੀਆਂ ਹੱਸਦੇ ਗਾਂਧੀ ਤੇ ਚੁੱਪ ਅੰਬੇਦਕਰ ਦੀਆਂ ਫ਼ੋਟੋਆਂ ਦੇਖਣ ਲੱਗਾ ।

''ਗੂੰਦ ਸੁੱਕੀ ਨਹੀਂ, ਤੇ ਉਪਰੋਂ ਗਿੱਲੀ ਫੋਟੋ ਲਾ ਦਿੱਤੀ,'' ਅਫ਼ਸਰ ਨੇ ਫਾਰਮ 'ਤੇ ਚਿਪਕੀ ਮੇਰੀ ਫ਼ੋਟੋ ਉੱਤੇ ਜਦੋਂ ਜ਼ੋਰ ਨਾਲ ਪੈੱਨ ਘਸਾ ਕੇ ਦਸਤਖ਼ਤ ਕੀਤੇ, ਤਾਂ ਫਾਰਮ ਉੱਤੇ ਫ਼ੋਟੋ ਥ੍ਹੋੜਾ ਜਿਹਾ ਅੱਗੇ ਖਿਸਕ ਗਈ ।

''ਬੜੀ ਕਿਰਪਾ ਕੀਤੀ, ਸਰ''

ਸਾਈਕਲ ਫੇਰ ਪਿਛਾਹ ਨੂੰ ਮੁੜ ਪਿਆ । ਪਤਾ ਨਹੀਂ ਹੁਣ ਕੀ ਹੋਣਾ ਸੀ । ਕਿਧਰ ਜਾਣਾ ਸੀ । ਮੈਂ ਪਿੱਛੇ ਬੈਠੇ ਬੈਠੇ ਅਗਲੇ ਚੱਕੇ 'ਤੇ ਨਿਗ੍ਹਾ ਮਾਰੀ ਤਾਂ ਧੁੱਪ 'ਚ ਘੁੰਮਦੀਆਂ ਤਾਰਾਂ ਨੇ ਮੇਰਾ ਸਿਰ ਘੁੰਮਾ ਦਿੱਤਾ ।

''ਹਿੱਲ ਨਾ''

ਮੈਂ ਅੱਖਾਂ ਬੰਦ ਕਰ ਲਈਆਂ । ਅੱਖਾਂ ਮੈਂ ਬੰਦ ਹੀ ਕਰੀ ਰੱਖੀਆਂ । ਇਹੀ ਮੈਨੂੰ ਚੰਗਾ ਲੱਗਦਾ ਸੀ । ਕਈ ਝਟਕੇ ਵੱਜੇ । ਮੈਂ ਸਾਈਕਲ ਨੂੰ ਘੁੱਟ ਕੇ ਫੜੀ ਰੱਖਿਆ । ਸਾਈਕਲ ਨਾਲ ਕੋਈ ਲੜ ਰਿਹਾ ਸੀ ।

''ਮਾਰ ਛਾਲ'', ਮੈਂ ਅੱਖਾਂ ਖੋਲੀਆਂ ਤਾਂ ਉਹੀ ਬਸਤੀ ਸ਼ੇਖਾਂ ਵਾਲਾ ਸਕੂਲ ਸੀ ।

'' ਛੇਤੀ ਕਰੋ । ਮੈਂ ਬੰਦੇ ਨੂੰ ਬੈਂਕ ਭੇਜਣਾ । ਤੁਹਾਡੀ ਈ ਵ੍ਹੇਟ ਕਰ ਰਹੀ ਆਂ । ਸਰ ਤੋਂ ।''

ਪ੍ਰਿੰਸੀਪਲ ਸਾਹਿਬ ਐਨਕਾਂ ਲਾ ਕੇ ਪੜ੍ਹਦੇ ਪੜ੍ਹਦੇ ਜਿਹੜੇ ਕਾਗਜ ਥੱਲ ਰਹੇ ਸਨ, ਉਹਨਾਂ ਉੱਤੇ ਕਿੰਨੀਆਂ ਹੀ ਜਾਮਣੀ ਰੰਗ ਦੀਆਂ ਮੋਹਰਾਂ ਉੱਤੇ ਹਰੇ ਰੰਗ ਦੀ ਸਿਆਹੀ ਨਾਲ ਦਸਤਖ਼ਤ ਕੀਤੇ ਹੋਏ ਸਨ । ਫੇਰ ਉਹਨਾਂ ਨੇ ਸਾਰੇ ਕਾਗ਼ਜ ਬੰਨ੍ਹੇ-ਬਨ੍ਹਾਏ ਜੀਜਾ ਜੀ ਵੱਲ ਨੂੰ ਮੇਜ਼ ਉੱਤੇ ਵਗਾਹ ਦਿੱਤੇ । ਮੇਰੀ ਮਿੱਟੀ ਬਣ ਗਈ ।

''ਤੁਸੀਂ ਆਪਣੇ ਦਸਤਖ਼ਤ ਤਾਂ ਕਰੋ । ਕਾਕੇ ਤੂੰ ਵੀ ਕਰ ।''

ਪ੍ਰਿੰਸੀਪਲ ਸਾਹਿਬ ਨੇ ਸਭ ਤੋਂ ਉਪਰਲੇ ਫਾਰਮ ਉੱਤੇ ਬਿਲਕੁਲ ਹੇਠਾਂ ਸੱਜੇ ਪਾਸੇ ਲੀਕ ਵਾਹ ਕੇ ਦਸਤਖ਼ਤ ਕਰ ਦਿੱਤੇ ।

''ਯੂ ਆਰ ਵੈਲਕਮ । ਬੜੀ ਹਿੰਮਤ ਕੀਤੀ''

''ਬੜੀ ਕਿਰਪਾ ਹੋਗੀ ਸਰ '', ਜੀਜਾ ਜੀ ਕਾਗਜ਼ ਚੁੱਕ ਕੇ ਮੁੜ ਮੈਡਮ ਦੇ ਕਮਰੇ 'ਚ ਆ ਗਏ ।

ਮੈਂ ਮਗਰੇ ਮਗਰ । ਮੇਰੇ ਫਾਰਮਾਂ ਵਿੱਚੋਂ ਦੇਖ ਦੇਖ ਕੇ ਮੈਡਮ ਆਪਣੀ ਲੰਬੀ ਜਹੀ ਕਾਪੀ ਵਿੱਚ ਲਿਖਣ ਲੱਗ ਪਈ ।

''ਇਹ ਕਾਹਦੇ 'ਤੇ ਆਇਆ ਕਰੇਗਾ''

''ਮੈਂ ਇਸ ਨੂੰ ਮੋਪਡ ਲੈ ਦਿਆਂਗਾ ''

''ਮਤਲਬ... ਹੁਣ ਮੈਂ ਤਾਂ ਪੁੱਛ ਰਹੀ ਆਂ ਕਿ ਰਸੀਦ ਵਿੱਚ ਸਾਈਕਲ ਸਟੈਂਡ ਦੇ ਚਾਰਜਿਜ਼ ਭਰਨੇ ਐ''

''ਸਾਈਕਲ, ਸਾਈਕਲ 'ਤੇ ਆਏਗਾ''

ਰਸੀਦ ਉੱਤੇ ਲਿਖੇ ਪੈਸੇ ਉਹਨਾਂ ਨੇ ਪਹਿਲਾਂ ਹੀ ਪੜ੍ਹ ਲਏ । ਉਹਨਾਂ ਨੇ ਝੱਟ ਬਟੂਆ ਕੱਢ ਲਿਆ । ਜੇਬ ਵਿੱਚ ਪਾ ਪਾ ਕੇ, ਕੱਢ ਕੱਢ ਕੇ, ਉਹਨਾਂ ਦਾ ਬਟੂਆ ਪਾਲਿਸ਼ ਕੀਤੀ ਪੁਰਾਣੀ ਜੁੱਤੀ ਵਾਂਗ ਲਿਸ਼ਕਿਆ ਪਿਆ ਸੀ । ਉਹਨਾਂ ਨੂੰ ਰਸੀਦ ਫੜਨ ਦੀ ਬੜੀ ਕਾਹਲ ਸੀ । ਮੈਡਮ ਨੇ ਰਸੀਦ ਫਾੜੀ ਨਹੀਂ ਕਿ ਜੀਜਾ ਜੀ ਨੇ ਮੈਡਮ ਦੇ ਹੱਥੋਂ ਈ ਖਿੱਚ ਕੇ ਦੂਹਰੀ ਤੀਹਰੀ ਕਰ ਕੇ ਬਟੂਏ 'ਚ ਘੋਸ ਦਿੱਤੀ । ਕੁਝ ਰੁਪਏ ਮੈਡਮ ਨੇ ਵਾਪਸ ਕੀਤੇ, ਉਹ ਵੀ ਫ਼ਟਾਫ਼ਟ ਬਟੂਏ 'ਚ ਤੁੰਨ ਕੇ, ਬਟੂਆ ਪੈਂਟ ਦੀ ਪਿਛਲੀ ਜੇਬ 'ਚ ਵਾੜ ਦਿੱਤਾ ।

''ਬਸ ਹੋ ਗਿਆ ਜੀ ਕੰਮ? '', ਜੀਜਾ ਜੀ ਦੀ ਆਵਾਜ ਭਾਰੀ ਹੋ ਗਈ ਸੀ ।

''ਹਾਂ ਜੀ, ਉਮੀਦ ਨਹੀਂ ਸੀ । ਲੱਕੀ । ਕੱਲ੍ਹ ਲਾਸਟ ਸੀ ।''

ਕਿਸੇ ਨੇ ਲੰਮਾ ਸਾਹ ਲੈ ਕੇ ਛੱਡ ਦਿੱਤਾ ਸੀ । ਅਸੀਂ ਬਾਹਰ ਆ ਕੇ ਸਕੂਲ ਦੀ ਟੂਟੀ ਤੋਂ ਰੱਜ ਕੇ ਪਾਣੀ ਪੀਤਾ ।

''ਲੈ ਬਣ ਗਿਆ, ਤੇਰਾ ਕੰਮ । ਕਿਤਾਬਾਂ ਕਾਪੀਆਂ ਲੇ ਲੈ । ਮੈਂ ਤਾਂ ਸਵੇਰੇ ਡਿਊਟੀ ਜਾਉਂਗਾ । ਤੁਸੀਂ ਦੋਹੇ ਜਣੇ ਵਰਦੀ ਵੁਰਦੀ ਖਰੀਦ ਲਿਓ । ਪਰ ਪੜ੍ਹਾਈ 'ਪਰ ਬਿੜ੍ਹ ਜਾ '', ਉਹਨਾਂ ਦੀ ਆਵਾਜ਼ ਅਜੇ ਵੀ ਭਾਰੀ ਸੀ ।

***

... ਬਸ ਇੱਕ ਦਿਨ ਹੀ ਜੀਜਾ ਜੀ ਮੇਰੇ ਨਾਲ ਸਕੂਲ ਗਏ ਸਨ... ਸਿਰਫ਼ ਇੱਕ ਦਿਨ ...

ਅੱਜ ਹੋਰ । ਕੱਲ੍ਹ ਹੋਰ । ਮੈਂ 'ਬਿੜ੍ਹ' ਗਿਆ । ਤੇ ਅਗਲੇ ਮਹੀਨੇ ਮੈਂ ਸਕੂਲ ਵਿੱਚ ਹਰ ਪੱਖੋਂ ਬਾਕੀ ਬੱਚਿਆਂ ਦੇ 'ਬਰਾਬਰ' ਹੋ ਗਿਆ ।

ਅਗਲੇ ਸਾਲ ਮੈਂ ਪਲੱਸ ਟੂ 'ਚ ਹੋ ਗਿਆ । ਸਕੂਲ ਤਾਂ ਸਾਰਾ ਸ਼ਹਿਰ ਲੰਘ ਕੇ ਦੂਰ ਸੀ । ਪਰ ਕਾਲਜ ਬਿਲਕੁਲ ਨੇੜੇ ਸੀ । ਅੰਗਰੇਜਾਂ ਦੇ ਜ਼ਮਾਨੇ ਦਾ ਬਣਿਆ ਕਾਲਜ, ਹੋਸਟਲ ਤੇ ਗਰਾਂਊਡ ਦੇਖਦੇ ਨਿਗ੍ਹਾ ਥੱਕ ਜਾਂਦੀ । ਕਾਲਜ ਦੇ ਫਾਰਮ ਮੈਂ ਆਪੇ ਕੰਪਲੀਟ ਕਰ ਲਏ ਸਨ । ਜੀਜਾ ਜੀ ਤੋਂ ਬੱਸ ਦਸਤਖ਼ਤ ਹੀ ਕਰਾਏ ਸਨ । ਭੈਣ ਤੋਂ ਪੈਸੇ ਲੈ ਕੇ ਮੈਂ ਆਪੇ ਸਾਰਾ ਕੁਝ ਕਰ ਲਿਆ ਸੀ ।

ਆਪੇ ਸਭ ਕੁਝ ਵਧੀਆ ਤੁਰੀ ਗਿਆ ।

ਵਿੱਚ ਵਿੱਚ ਮੈਂ ਮਾਂ ਕੋਲ ਪਿੰਡ ਵੀ ਗੇੜਾ ਮਾਰ ਆਉਂਦਾ । ਛੋਟੀ ਕੁੜੀ ਨੂੰ ਸਿਆਣਿਆਂ ਵਾਂਗ ਪੜ੍ਹੀ ਜਾਣ ਲਈ ਕਹਿ ਆਉਂਦਾ । ਬਸ ਇੱਕ ਵਾਰ ਥ੍ਹੋੜਾ ਘਸਮਾਣ ਪਿਆ ਸੀ ਜਦੋਂ ਭੈਣ ਦੇ ਲੜਕੀ ਹੋਈ ਸੀ, ਤਾਂ ਮੈਂ ਤਿੰਨ ਦਿਨ ਕਾਲਜ ਨਹੀਂ ਜਾ ਸਕਿਆ ਸੀ । ਫੇਰ ਜਦੋਂ ਭੈਣ ਦੇ ਮੁੰਡਾ ਹੋਇਆ ਤਾਂ ਜਸਬੀਰ ਨੇ ਦਸਵੀਂ ਦੇ ਪੇਪਰ ਦਿੱਤੇ ਹੋਏ ਸਨ । ਉਹ ਮਾਂ ਸਮੇਤ ਜਣੇਪਾ ਕਟਾਉਣ ਆ ਗਈ ਸੀ । ਮੇਰੇ ਬੀ.ਏ. ਫਾਈਨਲ ਦੇ ਪੇਪਰ ਅਜੇ ਹੋਣੇ ਸਨ । ਹਾਂ... ਜਗ੍ਹਾ ਦੀ ਤੰਗੀ ਮਹਿਸੂਸ ਹੋਈ ਸੀ । ਕਿਰਾਏ ਦਾ ਛੋਟਾ ਜਿਹਾ ਮਕਾਨ, ਜਿਵੇਂ ਇੱਕ ਕਮਰੇ ਦੇ ਹੀ ਦੋ ਬਣਾਏ ਹੋਣ, ਮੈਨੂੰ ਪਹਿਲੀ ਵਾਰ ਹੋਰ ਵੀ ਛੋਟਾ ਲੱਗਿਆ । ਛੋਟੀ ਜਹੀ ਰਸੋਈ, ਮਾੜਾ ਜਿਹਾ ਬਾਥਰੂਮ, ਟੂਆਏਲੈੱਟ ਵੀ ਉਸ ਦੇ ਅੰਦਰ ਹੀ ਸੀ । ਔਖੇ ਸੌਖੇ ਮਹੀਨਾ ਕੱਢਿਆ । ਇੱਕ-ਅੱਧ ਦਿਨ ਨਹਾਉਣ ਤੋਂ ਰਹਿ ਗਿਆ । ਜਾਂ ਲੇਟ ਹੋ ਗਿਆ... ਬਸ ...

ਭੈਣ ਦੇ ਛੋਟੇ ਮੁੰਡੇ ਨੂੰ ਅਸੀਂ ਭਾਗਾਂ ਵਾਲਾ ਕਹਿੰਦੇ । ਉਸ ਦੇ ਜਨਮ ਤੋਂ ਬਾਅਦ ਮੇਰੀ ਬੀ.ਏ. ਹਾਈ ਸੈਕਿੰਡ ਡਵੀਜ਼ਨ 'ਚ ਕਲੀਅਰ ਹੋ ਗਈ । ਤੇ ਜੀਜਾ ਜੀ ਦੀ ਤਰੱਕੀ ਹੋ ਗਈ । ਉਹ ਕਲਰਕ ਬਣ ਗਏ । ਤਨਖ਼ਾਹ ਥੋ੍ਹੜੀ ਵਧੀ ਤੇ ਕਲਾਸ ਫੋਰ ਦੀ ਵਰਦੀ ਮਿਲਣੀ ਬੰਦ ਹੋ ਗਈ । ਮੈਂ ਸ਼ੁਕਰ ਕੀਤਾ । ਮੈਨੂੰ ਉਹਨਾਂ ਦੀ ਖ਼ਾਖ਼ੀ ਵਰਦੀ ਤੋਂ ਸ਼ਰਮ ਜਹੀ ਆਇਆ ਕਰਦੀ ਸੀ ।

***

ਰੁਜ਼ਗਾਰ ਦੇਣ ਵਾਲੀਆਂ ਸਾਰੀਆਂ ਸਰਕਾਰੀ ਏਜੰਸੀਆਂ ਵਿੱਚ ਮੈਂ ਆਪਣਾ ਨਾਂਓ ਦਰਜ ਕਰਾ ਦਿੱਤਾ ਸੀ । ਜੇ ਕਿਤੇ ਨੌਕਰੀ ਲਈ ਅਪਲਾਈ ਕਰਨਾ ਹੁੰਦਾ ਤਾਂ ਮੈਨੂੰ ਅਪਲਾਈ ਕਰਨ ਲਈ ਥੱਬਾ ਕਾਗਜ਼ ਅਟੈੱਸਟ ਕਰਾਉਣੇ ਪੈਂਦੇ । ਹਫ਼ਤਾ ਲੱਗਦਾ । ਚਿੱਠੀਆਂ ਉਸੇ ਛੋਟੇ ਜਹੇ ਘਰ ਦੇ ਪਤੇ 'ਤੇ ਆਉਂਦੀਆਂ । ਇੰਟਰਵਿਊਆਂ ਦਿੰਦਾ ਤੇ ਫੇਰ ਬੱਸ ... ਉਸ ਅਫ਼ਸਰ ਦਾ ਨਾਂਓ ਮੈਨੂੰ ਕਬਰ ਤੱਕ ਨਹੀਂ ਭੁੱਲਣਾ । ਸੁੱਚਾ ਰਾਮ ਬੰਗੜ । ਮੈਨੂੰ ਸਰਕਾਰ ਦੇ ਵੈਲਫੇਅਰ ਵਿਭਾਗ ਵੱਲੋਂ ਪੁੱਛਿਆ ਗਿਆ ਕਿ ਮੈਂ ਜੇ ਅਜੇ ਤੱਕ ਵੀ ਬੇ-ਰੁਜਗਾਰ ਹਾਂ? ਤਾਂ ਮੈਂ ਮੋਟੀ ਸਾਰੀ 'ਹਾਂ' ਲਿਖ ਕੇ ਭੇਜ ਦਿੱਤੀ ਸੀ ... ਤੇ ਮੈਨੂੰ ਐਮ.ਏ. ਪਾਸ ਬੇਰੁਜ਼ਗਾਰਾਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਗਿਆ । ਮੈਨੂੰ ਛੇ ਮਹੀਨੇ ਬਾਅਦ ਉਦਯੋਗ ਵਿਭਾਗ ਵੱਲੋਂ ਇੰਟਰਵਿਊ ਲਈ ਬੁਲਾਇਆ ਗਿਆ । ਗੋਡਾਊਨ ਸੁਪਰਵਾਈਜ਼ਰ ਦੀਆਂ ਦੋ ਪੋਸਟਾਂ ਸਨ । ਇੱਕ ਜਨਰਲ । ਤੇ ਇੱਕ ਰੀਜ਼ਰਵ... ਮੈਂ ਦੌੜ ਭੱਜ ਕੀਤੀ । ਇੱਕ ਮਹਾਂ-ਪੁਰਖ ਨੇ ਮੈਨੂੰ ਬੰਗੜ ਨਾ ਗੱਲਬਾਤ ਕਰਨ ਦਾ ਢੰਗ ਵੀ ਦੱਸ ਦਿੱਤਾ...ਤੇ...ਤੇ ਜੀਜਾ ਜੀ ਨੇ ਇੰਟਰਵਿਊ ਵਾਲੇ ਦਿਨ ਹੀ ਪਤਾ ਨਹੀਂ ਕਿਵੇਂ ਪਤਾ ਕਰਾ ਲਿਆ ਸੀ ਕਿ ਮਲੇਰਕੋਟਲੇ ਦੇ ਕਿਸੇ ਮਹਿੰਦਰ ਸਿੰਘ ਨੂੰ ਸੀਲੈਕਟ ਕੀਤਾ ਗਿਆ ਹੈ... ਫੋਕੀ ਜਹੀ ਟ੍ਰੇਨਿੰਗ ਲੈਣ ਤੋਂ ਬਾਅਦ ਮੈਂ ਸਰਕਾਰੀ ਲੋਹੇ ਦੇ ਗੋਡਾਊਨ ਦਾ ਇੰਚਾਰਜ ਲੱਗ ਗਿਆ ।

ਮੈਂ ਰੋਜ਼ ਪਿੰਡੋਂ ਮਾਂ ਕੋਲੋਂ ਹੀ ਦਫ਼ਤਰ ਆਉਂਦਾ ਜਾਂਦਾ । ਬੱਸ 'ਤੇ । ਪੈਂਤੀ ਮੀਲ ਦਾ ਸਫ਼ਰ ਸੀ । ਲੋਹਾ ਅਲੱਗ-ਅਲੱਗ ਕਿਸਮਾਂ ਦਾ ਟਰੱਕਾਂ ਵਿੱਚ ਆਉਂਦਾ । ਮਹੀਨੇ 'ਚ ਦੋ ਵਾਰੀ ਦੇਗ ਦੀ ਰੇਲ ਗੱਡੀ ਬੁਖ਼ਾਰੋ ਤੋਂ ਸਿੱਧੀ ਆਉਂਦੀ ਤਾਂ ਰੇਲ ਗੱਡੀ ਪੁੱਜਣ ਤੋਂ ਪਹਿਲਾਂ ਹੀ ਲੁਧਿਆਣੇ ਤੋਂ ਫੀਲਡ ਅਫ਼ਸਰ ਤੇ ਹੈੱਡਆਫਿਸ ਤੋਂ ਅਧਿਕਾਰੀ ਰਾਤ ਨੂੰ ਕਿਸੇ ਹੋਟਲ 'ਚ ਪੁੱਜ ਕੇ ਮੈਨੂੰ ਬੁਲਾ ਲੈਂਦੇ । ਦਾਰੂ ਪੀਂਦੇ... ਮੀਟ ਖਾਂਦੇ... ਤੇ ਦੂਸਰੇ ਦਿਨ ਗੱਡੀ ਤੋਂ ਮਾਲ ਲਾਹਉਣ ਵਾਲੇ ਠੇਕੇਦਾਰ ਨਾਲ ਰੇਲਵੇ ਸਟੇਸ਼ਨ 'ਤੇ ਚਲੇ ਜਾਂਦੇ । ਮੈਨੂੰ ਨਾਲ ਲੈ ਜਾਂਦੇ । ਮੇਰੇ ਵੱਲ ਦੇਖ ਕੇ, ਹੱਸ ਕੇ ਰੇਲਵੇ ਦੇ ਅਧਿਕਾਰੀਆਂ ਨਾਲ ਗੱਲਾਂ ਕਰੀ ਜਾਂਦੇ ਤੇ... ਫੇਰ ਹੋਟਲ ਦਾ ਬਿੱਲ ਦਏ ਬਗ਼ੈਰ ਈ ਚਲੇ ਜਾਂਦੇ ।

ਜਦੋਂ ਹੋਟਲ ਵਾਲੇ ਦੇ ਬਿੱਲ ਦਾ ਮੈਨੂੰ ਫੋਨ ਆਉਂਦਾ ਤਾਂ ਠੇਕੇਦਾਰ ਮੈਨੂੰ ਕਹਿੰਦਾ: ''ਫ਼ਿਕਰ ਨਾ ਕਰੋ'', ਤੇ ਫੇਰ ਕਦੇ ਮੈਨੂੰ ਹੋਟਲ ਵਾਲੇ ਦਾ ਫੋਨ ਨਹੀਂ ਆਇਆ । ਨਾ ਰੇਲਵੇ ਵਾਲਿਆਂ ਦਾ । ਨਾ ਕਿਸੇ ਹੋਰ ਦਾ... ਠੇਕੇਦਾਰ ਸ਼ਰਾਬ ਦੀ ਪੇਟੀ ਮੁੱਕਣ ਨਹੀਂ ਸੀ ਦਿੰਦਾ । ਅਸੀਂ ਸਾਰੇ ਮਿਲ ਕੇ ਲਿਖ ਦਿੰਦੇ ਸਾਂ ਕਿ ਮਾਲ ਰੇਲ ਗੱਡੀ ਵਿੱਚੋਂ ਰਾਹ 'ਚ ਚੋਰੀ ਹੋ ਕੇ ਘੱਟ ਪੁੱਜਿਆ । ਜਿੰਨੀਆਂ ਰੇਲ ਗੱਡੀਆਂ ਆਉਂਦੀਆਂ, ਉਨੀਂਆਂ ਹੀ ਫਾਈਲਾਂ ਬਣ ਕੇ, ਦਫ਼ਤਰਾਂ 'ਚ ਘੁੰਮਦੀਆਂ ਰਹਿੰਦੀਆਂ । ਕੁਝ ਫਾਈਲਾਂ ਉਹਨਾਂ ਰੇਲਾਂ ਦੇ ਮਗਰ ਹੌਲੀ ਹੌਲੀ ਤੁਰਦੀਆਂ ਮੇਰੇ ਤੱਕ ਪੁੱਜੀਆਂ, ਜੋ ਮੇਰੇ ਤੋਂ ਸਾਲਾਂ ਪਹਿਲਾਂ ਮਾਲ ਸੁੱਟ ਕੇ ਤੇਜ ਤੇਜ ਦੌੜ ਗਈਆਂ ਸਨ... ਜਿਹਨਾਂ ਦੇ ਫੀਲਡ ਅਫ਼ਸਰ ਰਿਟਾਇਰ ਹੋ ਕੇ ਮਰ ਗਏ ਸਨ ਜਾਂ ਗੋਡਾਊਨ ਸੁਪਰਵਾਈਜਰ ਬਦਲ ਗਏ ਸਨ, ਪਰਮੋਟ ਹੋ ਗਏ ਸਨ ਜਾਂ... ਜਾਂ...

ਮੈਂ ਆਪਣਾ ਪੁਰਾਣਾ ਘਰ ਢਾਹ ਕੇ ਨਵਾਂ ਬਣਾ ਲਿਆ । ਹੀਰੋ ਹੌਂਡਾ ਲੈ ਲਿਆ । ਹੁਣ ਮੈਂ ਹੋਰਾਂ ਨੂੰ ਸਿਖਾਉਣ ਲੱਗ ਪਿਆ ਸਾਂ । ਆਪਣੇ ਜੁਆਨ ਹੋਣ ਦਾ ਖ਼ਿਆਲ ਆਇਆ ਤਾਂ ਮੈਂ ਜੀਨਾਂ ਤੇ ਟੀ ਸ਼ਰਟਾਂ ਪਾਉਣ ਲੱਗ ਪਿਆ... ਵਿੰਡ ਚੀਟਰ... ਜੈਕਟਾਂ... ਤੇ ਅੱਖ ਮਟੱਕਾ...

ਜਦੋਂ ਮੇਰੀਆਂ ਅੱਖਾਂ ਜੁਆਨ ਕੁੜੀਆਂ ਦੇ ਕੱਪੜੇ ਪਾਰ ਕਰ ਕੇ ਉਹਨਾਂ ਦੇ ਜਿਸਮ 'ਤੇ ਪੁੱਜ ਜਾਂਦੀਆਂ... ਤਾਂ ਮੇਰੀ ਸੁਰਤ ਝੱਟ ਮੇਰੀ ਛੋਟੀ ਭੈਣ ਵੱਲ ਚਲੇ ਜਾਂਦੀ । ਇੱਕ ਬੋਝ ਜਿਹਾ ਮਨ ਉੱਤੇ ਤੈਰਨ ਲੱਗਦਾ । ਕੋਈ ਉਸ ਨਾਲ ਵੀ ਤਾਂ... ਜੱਸੀ ਨਾਲ ਵੀ ਤਾਂ...

ਪਰ ਇਹ ਖ਼ਿਆਲ ਮੈਂ ਝੱਟ ਹੀ ਮਨ 'ਚੋਂ ਛਿੜਕ ਦਿੰਦਾ ।

ਮਾਂ ਕੋਈ ਹੀ ਦਿਨ ਲੰਘਣ ਦਿੰਦੀ ਜਿਸ ਦਿਨ ਜੱਸੀ ਦੇ ਵਿਆਹ ਦੀ ਗੱਲ ਨਾ ਕਰਦੀ । ਜਦੋਂ ਸਾਨੂੰ ਕਿਸੇ ਦੇ ਵਿਆਹ ਦਾ ਕਾਰਡ ਆ ਜਾਂਦਾ ਤਾਂ ਉਹ ਹਉਂਕੇ ਲੈਣ ਲੱਗ ਪੈਂਦੀ । ਤੇ ਵਿਆਹਾਂ ਦੇ ਕਾਰਡ ਤਾਂ ਹੁਣ ਤੁਰੇ ਈ ਰਹਿੰਦੇ ਸਨ...

***

ਵਿਧਵਾ ਵਰਗੀ ਮਾਂ । ਬੁਰਛੇ ਵਰਗੀ ਜੁਆਨ ਭੈਣ । ਮੈਂ ਸੋਚੀ ਜਾਂਦਾ । ਬਾਪ ਤਾਂ ਸਮਝੋ ਮਰਿਆਂ ਤੋਂ ਵੀ ਪਰ੍ਹੇ ਸੀ । ਚਲੋ ਫੇਰ ਵੀ ਸਭ ਕੁਝ ਟਿਕਾਣੇ ਹੋ ਗਿਆ ਸੀ । ਵੱਡੀ ਭੈਣ ਆਪਣੇ ਘਰ ਸੀ । ਦੋਵੇਂ ਬੱਚੇ ਪੜ੍ਹਦੇ ਸਨ । ਮੇਰੀ ਨੌਕਰੀ ਨੂੰ ਦੇਖ ਰਿਸ਼ਤੇ ਆਉਂਦੇ ਸਨ... ਪਰ... ਜੱਸੀ ... ਪਹਿਲਾਂ ਜੱਸੀ ਨੂੰ ਕੋਈ ਵਧੀਆ ਜਿਹਾ ਨਾਤਾ ਹੋ ਜਾਵੇ । ਉਸ ਨੂੰ ਦਸਵੀਂ ਕੀਤਿਆਂ ਪੰਜ ਸਾਲ ਹੋ ਗਏ ਸਨ । ਕਈਆਂ ਨੂੰ ਕਿਹਾ । ਕੋਈ ਚੱਜ ਦਾ ਮਿਲੇ ਤਾਂ ਸਈ । ਧੀ ਭੈਣ ਨੂੰ ਘਰੋਂ ਧੱਕਾ ਥੋ੍ਹੜਾ ਦੇ ਹੁੰਦਾ । ਹੁਣ ਮੈਂ ਮਾਂ ਵਾਂਗ ਸੋਚਣ ਲੱਗ ਪਿਆ ਸਾਂ ।

... ਤੇ ਫੇਰ ਜਿਵੇਂ ਹੋਣਾ ਈ ਹੁੰਦਾ... ਜੱਸੀ ਲਈ ਵੀ ਮੁੰਡਾ ਲੱਭ ਪਿਆ । ਜੀਜਾ ਜੀ ਦੀ ਵੱਡੀ ਭੈਣ ਨੇ ਹੀ ਨਾਤਾ ਕਰਾ ਦਿੱਤਾ ਸੀ । ਮੁੰਡੇ ਵਾਲੇ ਉਹਨਾਂ ਦੇ ਪੁਰਾਣੇ ਜਾਣ-ਪਛਾਣ ਸਨ । ਉਹ ਆਪ ਵਿਚੋਲਗੀ ਕਰਨ ਤੋਂ ਟਲਦੀ ਸੀ । ਕਹਿੰਦੀ: ਬਚੋਲਿਆਂ ਦੇ ਬਾਅਦ 'ਚ ਛਿੱਤਰ ਪੈਂਦੇ ਐ । ਪਰ ਜੀਜਾ ਜੀ ਨੇ ਆਪਣੀ ਭੈਣ ਉੱਤੇ ਜ਼ੋਰ ਪਾ ਦਿੱਤਾ ਸੀ ਅਤੇ ਆਖ਼ਰ 'ਚ ਤਾਂ ਹੱਸਦਿਆਂ ਹੋਇਆਂ ਦਬਕਾ ਜਿਹਾ ਵੀ ਮਾਰ ਦਿੱਤਾ ਸੀ ।

''ਆਪਣੀ ਕੁੜੀ ਦਾ ਰਿਸ਼ਤਾ ਤੂੰ ਆਪੇ ਕਰ ਲੂੰਗੀ? ਤੂੰ ਹੋ ਮੂਹਰੇ । ਬਣ ਬਚੋਲਣ । ਮੂੰਦੀ ਪਊ ਤੈਨੂੰ ਤੋਲੇ ਦੀ । ਪੂਰੇ ਤੋਲੇ ਦੀ । ਇੱਕ ਤੈਨੂੰ । ਇੱਕ ਤੇਰੇ ਘਰਵਾਲੇ ਨੂੰ ।''

ਮੁੰਡੇ ਦਾ ਪਿਓ... ਮਤਲਬ ਮਾਸੜ ਜੀ ਜੰਗਲਾਤ ਮਹਿਕਮੇ 'ਚੋਂ ਅਫ਼ਸਰ ਰਿਟਾਇਰ ਹੋਏ ਸਨ । 'ਇਧਰ' ਤਾਂ ਉਹ ਦੋਏਾ ਜੀਅ ਸਨ । ਬਾਕੀ ਸਾਰਾ ਟੱਬਰ 'ਬਾਹਰ' ਸੀ । ਜਰਮਨੀ 'ਚ ... ਦੋਵੇਂ ਕੁੜੀਆਂ, ਜੁਆਈ, ਮੁੰਡੇ ਤੇ ਵੱਡੀ ਨੂੰਹ । ਜ਼ਮੀਨ, ਕਾਰ, ਕੋਠੀ । ਉਹਨਾਂ ਦੀ ਤਾਂ ਪੈਨਸ਼ਨ ਹੀ ਨਹੀਂ ਸੀ ਮੁੱਕਦੀ । ਮੁੰਡਾ ਚਾਰਾਂ ਚੋਂ ਤੀਸਰੇ ਥਾਓਂ ਉੱਤੇ ਸੀ । ਉਮਰ ਥੋੜ੍ਹੀ ਵੱਧ ਸੀ । ਸਾਰੀਆਂ ਚੀਜ਼ਾਂ ਤਾਂ ਇੱਕੋ ਥਾਓਂ ਮਿਲਦੀਆਂ ਨੀ ਕਿਸੇ ਨੂੰ । ਉਹਨਾਂ ਨੂੰ ਤਾਂ ਸੁਹਣੀ ਸੁਨੱਖੀ ਲੰਬੀ ਲੰਝੀ ਕੁੜੀ ਦੀ ਹੀ ਲੋੜ ਸੀ । 'ਇਧਰ' ਦੋ ਮਹੀਨੇ ਦੀ ਛੁੱਟੀ ਆ ਕੇ, ਉਹਨਾਂ ਨੇ ਮਹੀਨਾ ਤਾਂ ਮੈਟਰੀਮੋਨੀਅਲ ਦਿੰਦੇ, ਪੜ੍ਹਦੇ ਤੇ ਕੁੜੀਆਂ ਦੇਖਦੇ ਹੀ ਲੰਘਾ ਦਿੱਤਾ ਸੀ । ਕਾਰਾਂ 'ਚ ਦੌੜੇ ਫਿਰੀ ਜਾਂਦੇ... ਮੇਰੀ ਭੈਣ ਨੂੰ ਦੇਖਦੇ ਸਾਰ ਈ ਉਹਨਾਂ ਨੇ ਹਾਂ ਕਰ ਦਿੱਤੀ ਸੀ । ਸ਼ਰਤ ਇੱਕੋ ਲਾਈ ਸੀ ਕਿ ਅਸੀਂ ਵਿਆਹ ਫਰਵਰੀ 'ਚ ਹੀ ਕਰ ਦਈਏ ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਉਹਨਾਂ ਦੀ ਵਾਪਸੀ ਫ਼ਲਾਈਟ ਸੀ ।

ਬਸ ਫੇਰ ਕੀ ਸੀ ।

ਹਾਂ ਹੋਈ ਤੋਂ ਤੀਸਰੇ ਦਿਨ ਵਿਚੋਲੇ ਆ ਗਏ ।

''ਦੇਖ ਮਾਸੀ ਮੁੰਡੇ ਆਲਿਆਂ ਨੇ ਕੁਸ ਨੀ ਲੈਣਾ । ਨਾ ਦਾਜ । ਨਾ ਵਰੀ । ਉਹਨਾਂ ਦਾ ਘਰ ਤਾਂ ਪਹਿਲਾਂ ਈ ਦੇਖ ਲੈ ਭਰਿਆ ਪਿਆ । ਟੱਬਰ ਸਾਰਾ 'ਬਾਹਰ' ਏ ਐ । ੲ੍ਹੀਨੇ ਵੀ 'ਬਾਹਰ' ਏ ਚਲੇ ਜਾਣਾ । ਬਸ ਤੁਸੀਂ ਪਾਸਪੋਰਟ ਬਣਾ ਦਿਓ । ਵਿਆਹ ਕਰਨਾ ਵਧੀਆ ਜੇ ਮੈਰਿਜ ਪੈਲਸ ਵਿੱਚ । ਐਂ ਨਾ ਬੀ ਫਿਲਮ ਫੂਲਮ ਬਣਾਉਣੀ ਐ । 'ਬਾਹਰ' ਜਾ ਕੇ ਦੇਖੂੰਗੇ । ਬਾਕੀ ਬਰਾਤ ਦੀ ਸੇਵਾ ਫੁੱਲ । ਹੈ ਨਾ ਬਈ । ਦੋ ਸੌ ਬੰਦੇ ਦੀ ਸੇਵਾ ਫੁੱਲ । ਅਫ਼ਸਰ ਰਟੈਰ ਐ । ਆਖ਼ਰੀ ਵਿਆਹ ਐ ... ਦੋ ਸੌ ਤੋਂ ਵੀਹ ਭਮਾਂ ਵੱਧ ਹੋ ਜਾਣ... ਜਿਹੜੇ ਥੁਆੜੇ ਕਿੰਨੀ ਤੇ ਆਉਣੇ ਐ ਉਹ ਵੱਖਰੇ...''

ਮੈ ਕਿਹਾ ਜਿੰਨੀ ਮਰਜ਼ੀ ਬਰਾਤ ਆਉਂਦੀ ਆ ਜਾਵੇ ।

ਐਥੇ ਕੋਈ ਘਾਟਾ ।

ਜਿਸ ਦਿਨ ਦਾ ਮੈਰਿਜ ਪੈਲੇਸ ਖ਼ਾਲੀ ਮਿਲਿਆ ਉਸੇ ਦਿਨ ਦਾ ਵਿਆਹ ਧਰ ਦਿੱਤਾ । ਮੀਨੂੰ ਮੁੰਡੇ ਦੇ ਬਾਪ ਨਾਲ ਮੋਬਾਇਲ 'ਤੇ ਸਲਾਹ ਕਰ ਕੇ ਬਣਾਇਆ... ਮੁਰਗਾ, ਬੱਕਰਾ, ਮੱਛੀ, ਵਿ੍ਹਸਕੀ । ਨੱਚਣ ਆਲੀਆਂ ਤੇ ਹੋਰ ਅੱਲਮ... ਗੱਲਮ...

ਮੈਰਿਜ ਪੈਲੇਸ ਐਂ ਚਮਕਿਆ ਪਿਆ ਸੀ ਜਿਵੇਂ ਫੁੱਲ ਝੜੀਆਂ ਚਲ ਰਹੀਆਂ ਹੋਣ । ਬਰਾਤ ਆਈ । ਬਿਆਲੀ ਗੱਡੀਆਂ ਦਾ ਕਾਫ਼ਲਾ ਸੀ ।

ਇੱਕ ਵੱਡੀ ਗੱਡੀ 'ਚ ਤਾਂ ਫੌਜੀ ਬੈਂਡ ਵਾਲੇ ਈ ਸਨ ।

ਇੱਕ ਤੋਂ ਇੱਕ ਟਿਊਨਾਂ ।

ਮਿਲਣੀ 'ਤੇ ਪੰਦਰਾਂ ਮੁੰਦੀਆਂ । ਕੰਬਲਾਂ 'ਤੇ ਰੱਖ ਕੇ ।

ਦੋ ਮੂਵੀ ਬਣਾਉਣ ਵਾਲੇ । ਦੋ ਫ਼ੋਟੋਆਂ ਖਿੱਚਣ ਵਾਲੇ ।

''ਮਿੱਤਰਾਂ ਦੇ ਚਾਦਰੇ 'ਤੇ ਪਾਵੇ ਮੋਰ ਨੀਂ'', ਬਰਾਤੀ ਮੁੰਡੇ ਪੀ ਪੀ ਨੱਚੀ ਗਏ । ਤਸਲਿਆਂ ਦੇ ਤਸਲੇ ਮਠਿਆਈ, ਮੀਟ... ਪਨੀਰ... ਸਬਜ਼ੀਆਂ...

ਉੱਚੀ ਥਾਂ ਉੱਤੇ ਖੂੰਜੇ ਵਿੱਚ ਪਰਾਹੁਣੇ ਨਾਲ ਬੈਠੀ ਮੇਰੀ ਭੈਣ ਪਰੀਆਂ ਵਰਗੀ ਲੱਗਦੀ ਸੀ ।

''ਜੱਟਾਂ ਵਰਗਾ ਵਿਆਹ ਕਰ 'ਤਾ'', ਮੇਰਾ ਫੌਜੀ ਮਾਮਾ ਪੀ ਕੇ ਭੁੜਕ ਪਿਆ ਸੀ ।

ਐਨ ਧੂੰਮ-ਧਾਮ ਨਾਲ ਵਿਆਹ ਹੋ ਗਿਆ । ਕੋਈ ਚੀਜ਼ ਘਟੀ ਨਹੀਂ । ਕੋਈ ਗੜਬੜ ਨਹੀਂ ਹੋਈ । ਮੇਰੇ ਸਿਰ ਥੋ੍ਹੜੇ ਪੈਸੇ ਚੜ੍ਹ ਗਏ ਸਨ । ਆਪੇ ਉਤਰ ਜਾਣੇ ਐ । ਇੱਥੇ ਕਿਹੜਾ ਰੋਜ਼ ਰੋਜ਼ ਵਿਆਹ ਕਰਨੇ ਐ ।

ਮੈਂ ਥੱਕ ਗਿਆ । ਗੋਡੇ ਆਕੜ ਗਏ । ਮੇਰੀ ਭੂਆ ਦੇ ਪੁੱਤ ਤੇ ਉਸ ਦੀ ਘਰਵਾਲੀ ਨੂੰ ਗੱਡੀ ਨਾਲ ਭੇਜਿਆ ।

''ਧੀਆਂ ਤੋਰਨੀਆਂ ਕਿਹੜਾ ਸੌਖੀਆਂ''

ਜਦੋਂ ਕਾਰਾਂ ਜੀਪਾਂ ਦਾ ਕਾਫ਼ਲਾ ਕੁੜੀ ਲੈ ਕੇ ਮੁੜ ਗਿਆ ਤਾਂ ਮੇਰਾ ਅੰਦਰ ਖ਼ਾਲੀ ਖ਼ਾਲੀ ਹੋ ਗਿਆ ।

ਦੂਸਰੇ ਦਿਨ ਸਵੇਰੇ ਸਵੇਰੇ ਹੀ ਮਾਂ ਨੇ ਮੈਨੂੰ ਜੱਫੀ ਪਾ ਕੇ ਅੱਖਾਂ ਭਰ ਲਈਆਂ, ''ਪੁੱਤ ਅੱਜ ਅਸੀਂ ਜਿਊਂਦਿਆਂ ਵਿੱਚ ਹੋਗੇ । ਸੁਰਖ਼ਰੂ ।''

''ਬੀਬੀ, ਤੂੰ ਤਿਆਰੀ ਕਰ । ਮੁੜਦੀ ਗੱਡੀ ਬਾਰਾਂ ਵਜੇ ਆ ਜਾਣੀ ਐ ।''

ਮੈਨੂੰ ਘਰ ਮੁੜ ਤੋਂ ਭਰਿਆ ਭਰਿਆ ਲੱਗਣ ਲੱਗ ਪਿਆ । ਘਰ ਟੈਂਟ ਲੱਗ ਗਿਆ । ਹਲਵਾਈ ਤੇ ਪਕਾਵੇ ਆ ਗਏ । ਸੱਠ ਦੇ ਕਰੀਬ ਬੰਦੇ 'ਕੱਠੇ ਹੋ ਗਏ ।

''ਤੂੰ ਵੀ ਦੇਖ ਲੈ ਪੁੱਤ'', ਮੈਂ ਆਪਣੀ ਭੈਣ ਨੂੰ ਮੁੰਡੇ ਵਾਲਿਆਂ ਦੇ 'ਬਰਾਬਰ' ਦਾ ਸੈੱਟ ਪਾ ਦਿੱਤਾ ਸੀ ।

ਬਰਫ਼ੀਆਂ । ਠੰਡੇ । ਕੌਫ਼ੀ । ਖਾਓ ਪੀਓ ਹੋਈ । ਹੌਲੀ ਹੌਲੀ ਬਹੁਤੇ ਦੋਸਤ ਮਿੱਤਰ ਰਿਸ਼ਤੇਦਾਰ 'ਚੰਗਾ ਫੇਰ' ਕਹਿ ਕੇ ਵਿਦਾ ਹੋ ਗਏ । 'ਕੁੜੀ' ਵੀ ਵਿਦਾ ਹੋ ਗਈ । ਸਕਿਆਂ ਵਿੱਚੋਂ ਮੇਰੀ ਵੱਡੀ ਭੈਣ, ਭਣੋਈਆ ਤੇ ਉਹਨਾਂ ਦੇ ਬੱਚੇ ਹੀ ਰਹਿ ਗਏ ।

ਕੱਲ੍ਹ ਨਾਲੋਂ ਅੱਜ ਮੇਰਾ ਚਿੱਤ ਕੁਝ ਠੀਕ ਸੀ ।

ਥਕਾਵਟ ਉੱਤਰ ਰਹੀ ਸੀ ।

ਵਿਆਹ ਤੇ 'ਕੱਠਾ ਕੀਤਾ ਸਮਾਨ ਵੀ 'ਵਿਦਾ' ਹੋ ਰਿਹਾ ਸੀ ।

ਮੈਂ ਖੁਸ਼ ਸਾਂ । ਹੌਂਸਲੇ 'ਚ ।

ਸਮ੍ਹੀਂ-ਸੰਝ ਮੈਂ ਬਾਣ ਦੇ ਮੰਜੇ 'ਤੇ ਵਿਹੜੇ ਵਿੱਚ ਲੇਟਿਆ ਸੁਸਤਾ ਰਿਹਾ ਸਾਂ । ਪੰਜ-ਸੱਤ ਬੱਚੇ ਇੱਕ ਦੂਜੇ ਮਗਰ ਊਂਈ ਰੌਲਾ ਪਾਉਂਦੇ ਦੌੜੇ ਫਿਰ ਰਹੇ ਸਨ ।

''ਓ-ਏ-ਅ, ਟਿਕ ਕੇ ਨੀਂ ਬੈਠ ਹੁੰਦਾ'', ਮੈਂ ਸਿਆਣਿਆਂ ਵਾਂਗ ਹਾਕ ਮਾਰ ਦਿੱਤੀ । ਐਨੇ ਨੂੰ ਮੇਰੀ ਵੱਡੀ ਭੈਣ ਖੁਸ਼ੀ ਤੇ ਉਦਾਸੀ ਵਿੱਚ ਲਟਕੀ ਹੋਈ, ਪਲਾਸਟਿਕ ਦੇ ਕੱਪ ਵਿੱਚ ਚਾਹ ਪੀਂਦੀ ਕੁਰਸੀ ਘੜੀਸ ਕੇ ਮੇਰੇ ਕੋਲ ਬੈਠ ਗਈ । ਚਾਹ ਖ਼ਤਮ ਕਰ ਕੇ, ਉਸ ਨੇ ਕੱਪ ਥੱਲੇ ਰੱਖ ਦਿੱਤਾ ।

''ਦੇਖ ਲੈ ਭੈਣ, ਜੱਸੀ ਨੂੰ ਤੇਰੇ ਨਾਲੋਂ ਵੀ ਵੱਡਾ ਘਰ ਮਿਲ ਗਿਆ,'' ਚਾਹ ਦਾ ਆਖ਼ਰੀ ਘੁੱਟ ਅਜੇ ਭੈਣ ਦੇ ਮੂੰਹ ਵਿੱਚ ਹੀ ਸੀ । ਅਸੀਂ ਦੋਵੇਂ ਮੁਸਕਰਾ ਪਏ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ