Ghotana (Punjabi Story) : Mohan Bhandari

ਘੋਟਣਾ (ਕਹਾਣੀ) : ਮੋਹਨ ਭੰਡਾਰੀ

ਕਿਸ਼ਨਾ ਤਰਖਾਣ ਉਸ ਦਿਨ ਬਹੁਤ ਉਦਾਸ ਸੀ। ਬਹੁਤ ਉਦਾਸ! ਉਹਦਾ ਦਿਲ ਕਰਦਾ ਸੀ ਕਿ ਜੀਅ ਭਰ ਕੇ ਰੋਵੇ। ਬੱਸ ਰੋਈ ਜਾਵੇ! ਰੋਈ ਜਾਵੇ! ਉਸ ਦਿਨ ਛੁੱਟੀ ਸੀ। ਕਿਸ਼ਨਾ ਤਰਖਾਣ ਤੇ ਉਹਦਾ ਜੁਆਈ ਬੈਠੇ ਗ਼ਮ ਗ਼ਲਤ ਕਰ ਰਹੇ ਸਨ। ਤੜਕੇ ਤੋਂ ਹੀ ਉਹ ਪੀ ਰਹੇ ਸਨ ਪਰ ਸ਼ਰਾਬ ਉਨ੍ਹਾਂ ਨੂੰ ਚੜ੍ਹ ਨਹੀਂ ਸੀ ਰਹੀ। ਤੇ ਕਿਸ਼ਨਾ ਤਰਖਾਣ ਚੁੱਪ-ਚਾਪ ਉਠ ਕੇ ਬਾਹਰ ਨੂੰ ਤੁਰ ਪਿਆ ਸੀ।
ਉਹਦੇ ਜੁਆਈ ਨੇ ਉਹਨੂੰ ਰੋਕਿਆ ਨਾ। ਉਹ ਜਾਣਦਾ ਸੀ ਕਿ ਕਿਸ਼ਨਾ ਏਦਾਂ ਰੁਕਣ ਵਾਲਾ ਨਹੀਂ। ਉਹ ਸਿੱਧਾ ਠੇਕੇ ਜਾਵੇਗਾ। ਹੋਰ ਬੋਤਲ ਲੈ ਕੇ ਆਵੇਗਾ। ਅੱਗੇ ਵੀ ਤਾਂ ਉਹ ਇਸੇ ਤਰ੍ਹਾਂ ਕਰਦਾ ਹੁੰਦਾ ਸੀ। ਜਦੋਂ ਉਨ੍ਹਾਂ ਨੂੰ ਸ਼ਰਾਬ ਨਹੀਂ ਸੀ ਚੜ੍ਹਦੀ ਹੁੰਦੀ, ਕਿਸ਼ਨਾ ਮਲਕੜੇ ਉਠ ਜਾਂਦਾ। ਹੋਰ ਬੋਤਲ ਆ ਜਾਂਦੀ। ਉਹ ਦੋਵੇਂ ਗਈ ਰਾਤ ਤਕ ਪੀਂਦੇ ਰਹਿੰਦੇ। ਤੇ ਇੰਜ ਛੁੱਟੀ ਬੀਤ ਜਾਂਦੀ।
ਕਿਸ਼ਨੇ ਦਾ ਜੁਆਈ ਉਹਨੂੰ ਉਡੀਕਦਾ ਉਡੀਕਦਾ ਮੰਜੇ 'ਤੇ ਪੈ ਗਿਆ। ਉਹ ਅਜੇ ਤਕ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ।
ਤੇ ਉਸ ਦਿਨ ਕਿਸ਼ਨਾ ਬਹੁਤ ਉਦਾਸ ਸੀ।
ਉਹ ਆਪਣੀ ਸਾਰੀ ਜ਼ਿੰਦਗੀ 'ਚ ਐਨਾ ਉਦਾਸ ਕਦੇ ਨਹੀਂ ਸੀ ਹੋਇਆ। ਉਹਨੂੰ ਲੱਗਿਆ ਜਿਵੇਂ ਉਹਦੇ ਅੰਦਰ ਕੋਈ ਫੋੜਾ ਰਿਸ ਰਿਹਾ ਹੋਵੇ। ਕੋਈ ਖਲਾਅ ਜਿਹਾ ਪੈ ਗਿਆ ਹੋਵੇ। ਉਹਦੇ ਜੁਆਈ ਕੋਲ ਐਨਾ ਧਨ ਸੀ ਕਿ ਉਹ ਦੁਨੀਆਂ 'ਚ ਬਣੀ ਹਰ ਐਸ਼ ਦੇਣ ਵਾਲੀ ਚੀਜ਼ ਖਰੀਦ ਸਕਦਾ ਸੀ ਪਰ ਉਹ ਉਹਦੇ ਵਾਸਤੇ ਪਲ ਭਰ ਦਾ ਚੈਨ ਨਹੀਂ ਖਰੀਦ ਸਕਿਆ।
ਉਹਦਾ ਜੁਆਈ ਹੈਰਾਨ ਸੀ। ਉਹਦੀ ਧੀ ਪਰੇਸ਼ਾਨ ਸੀ। ਤੇ ਕਿਸ਼ਨਾ ਤਰਖਾਣ ਉਸ ਦਿਨ ਬਹੁਤ ਉਦਾਸ ਸੀ। ਬਹੁਤ ਉਦਾਸ। ਉਹਦਾ ਦਿਲ ਕਰਦਾ ਸੀ ਕਿ ਜੀ ਭਰ ਕੇ ਰੋਵੇ। ਬੱਸ ਰੋਈ ਜਾਵੇ! ਰੋਈ ਜਾਵੇ! ਉਹਨੂੰ ਆਪਣਾ ਪੁੱਤਰ ਯਾਦ ਆਇਆ। ਉਹਨੂੰ ਆਪਣੀ ਘਰਵਾਲੀ ਯਾਦ ਆਈ। ਅੱਜ ਤੋਂ ਪੰਜ ਵਰ੍ਹੇ ਪਹਿਲਾਂ ਦੀ ਗੱਲ ਹੈ, ਉਹਦੇ ਘਰਵਾਲੀ ਮਰ ਗਈ ਸੀ। ਉਹਦਾ ਇੱਕੋ-ਇੱਕ ਪੁੱਤ ਤਾਂ ਨਿਆਣਾ ਹੁੰਦਾ ਹੀ ਚੱਲ ਵਸਿਆ ਸੀ।
ਹੋਰ ਉਹਦਾ ਏਸ ਲੰਮੀ-ਚੌੜੀ ਦੁਨੀਆਂ 'ਚ ਕੌਣ ਸੀ? ਬੱਸ ਇੱਕ ਧੀ ਰਹਿ ਗਈ ਸੀ, ਜੁਆਈ ਰਹਿ ਗਿਆ ਸੀ। ਅਖੀਰ ਉਹਦਾ ਜੁਆਈ ਉਹਨੂੰ ਸ਼ਹਿਰ ਲੈ ਆਇਆ ਸੀ। ਨਵੇਂ-ਨਵੇਂ ਕੱਪੜੇ ਪੁਆ ਕੇ। ਨਵਾਂ-ਨਵਾਂ ਸ਼ਹਿਰ ਸੀ। ਗਹਿਮਾ-ਗਹਿਮ ਕਰਦਾ ਸ਼ਹਿਰ। ਜਿੱਥੇ ਬਿਜਲੀ ਦੇ ਲਾਟੂ ਉਹਦੀਆਂ ਅੱਖਾਂ 'ਚ ਵੜਦੇ ਜਾਂਦੇ ਸਨ। ਜਿੱਥੇ ਪਿੰਡਾਂ ਵਰਗੀ ਸ਼ਾਂਤੀ ਨਹੀਂ ਸੀ। ਜਿੱਥੇ ਪਿੰਡਾਂ ਜਿਹਾ ਠਰ੍ਹੰਮਾ ਨਹੀਂ ਸੀ। ਜਿੱਥੇ ਲੋਕੀਂ ਹਰਲ-ਹਰਲ ਕਰਦੇ ਫਿਰਦੇ ਸਨ। ਹਫੇ-ਹਫ਼ੇ। ਘਬਰਾਏ ਹੋਏ। ਜਿਵੇਂ ਕਿਤੇ ਅੱਗ ਲੱਗ ਗਈ ਹੋਵੇ।
ਨਵੇਂ-ਨਵੇਂ ਕੱਪੜੇ ਜਿਨ੍ਹਾਂ ਦੀ ਡੁੱਸ ਹਾਲਾਂ ਨਹੀਂ ਸੀ ਫੁੱਟੀ, ਉਹਨੇ ਗਲ ਪਾਏ ਹੋਏ ਸਨ। ਉਨ੍ਹਾਂ ਦੀ ਖੜ-ਖੜ ਉਹਨੂੰ ਮਹਿਸੂਸ ਹੋ ਰਹੀ ਸੀ। ਰੜਕਵੀਂ ਖੜ-ਖੜ ਜਿਵੇਂ ਕੋਈ ਉਹਦੇ ਸਿਰ 'ਚ ਵਦਾਣ ਮਾਰ ਰਿਹਾ ਹੋਵੇ। ਉਹਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹਦੇ ਗਲ ਪਏ ਨਵੇਂ-ਨਵੇਂ ਕੱਪੜੇ ਹੁਣੇ ਸੜਕ 'ਤੇ ਡਿੱਗ ਪੈਣਗੇ। ਤੇ ਉਹ ਲੋਕਾਂ ਸਾਹਮਣੇ ਨੰਗਾ ਹੋ ਜਾਵੇਗਾ। ਉਹ ਲੜਖੜਾ ਗਿਆ। ਉਹ ਸਿਰ ਤੋਂ ਲੈ ਕੇ ਪੈਰਾਂ ਤਕ ਪਸੀਨੇ ਨਾਲ ਗੱਚ ਹੋ ਗਿਆ। ਪਸੀਨਾ ਉਹਦੀਆਂ ਲੱਤਾਂ ਤੋਂ ਤਤੀਰੀਆਂ ਬੰਨ੍ਹ ਕੇ ਵਹਿ ਤੁਰਿਆ।
ਐਡੇ ਵੱਡੇ ਸ਼ਹਿਰ 'ਚ ਬੀਤਿਆ ਇਹ ਪਹਿਲਾ ਦਿਨ ਉਹਨੂੰ ਕਦੇ ਨਹੀਂ ਭੁੱਲ ਸਕਦਾ। ਪਰ ਸ਼ਹਿਰ 'ਚ ਰਹਿੰਦਿਆਂ ਹੁਣ ਉਹਨੂੰ ਪੰਜ ਸਾਲ ਹੋ ਚੱਲੇ ਸਨ। ਇਨ੍ਹਾਂ ਪੰਜਾਂ ਸਾਲਾਂ 'ਚ ਉਹਨੇ ਆਪਣੇ ਜੁਆਈ ਦਾ ਦਿਲ ਜਿੱਤ ਲਿਆ ਸੀ। ਸਾਰੇ ਕਾਰਖਾਨੇ ਦਾ ਕੰਮ ਉਹ ਇਕੱਲਾ ਸੰਭਾਲਦਾ ਸੀ। ਹੁਣ ਤਕ ਉਹਨੇ ਜਿੰਨੇ ਵੀ ਸੌਦੇ ਕੀਤੇ ਸਨ, ਕਦੇ ਘਾਟਾ ਨਹੀਂ ਸੀ ਪਿਆ।
ਉਹਦੇ ਹੱਥ ਜੱਸ ਸੀ। ਇਹ ਗੱਲ ਉਹਦੀ ਧੀ ਕਹਿੰਦੀ ਸੀ, ਉਹਦਾ ਜੁਆਈ ਕਹਿੰਦਾ ਸੀ। ਗੱਲ ਕੀ ਸੌਦੇਬਾਜ਼ੀ 'ਚ ਉਹ ਵੱਡਿਆਂਵੱਡਿਆਂ ਨੂੰ ਮਾਤ ਪਾ ਜਾਂਦਾ ਸੀ। ਇਸੇ ਕਰ ਕੇ ਉਹਦਾ ਜੁਆਈ ਉਹਨੂੰ ਛੱਡਣਾ ਨਹੀਂ ਸੀ ਚਾਹੁੰਦਾ।
ਵਪਾਰ 'ਚ ਕਈ ਤਰ੍ਹਾਂ ਦੇ ਭੇਤ ਹੁੰਦੇ ਹਨ ਜੋ ਹਰ ਕਿਸੇ ਨੂੰ ਦੱਸੇ ਨਹੀਂ ਜਾ ਸਕਦੇ। ਫੇਰ ਕਿਸ਼ਨਾ ਤਾਂ ਉਹਦਾ ਸਹੁਰਾ ਸੀ। ਉਹ ਆਪਣੇ ਜੁਆਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ। ਇਸੇ ਕਰ ਕੇ ਉਹ ਉਹਨੂੰ ਹਰ ਤਰੀਕੇ ਨਾਲ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਗੱਲੇ 'ਚੋਂ ਪੈਸੇ ਕੱਢਣ ਲੱਗਿਆਂ ਉਹਦਾ ਹੱਥ ਨਾ ਫੜਦਾ। ਉਹਨੂੰ ਕਿਸੇ ਗੱਲ 'ਤੇ ਟੋਕਦਾ ਨਾ। ਦੁਨੀਆਂ ਦੀ ਹਰ ਐਸ਼ ਜੋ ਪੈਸੇ ਨਾਲ ਖਰੀਦੀ ਜਾ ਸਕਦੀ ਹੈ, ਉਹ ਉਹਨੂੰ ਦੇ ਸਕਦਾ ਸੀ ਪਰ ਜ਼ਿੰਦਗੀ ਦੀ ਤਸੱਲੀ, ਜ਼ਿੰਦਗੀ ਦਾ ਚੈਨ ਉਹ ਉਹਨੂੰ ਕਿੱਥੋਂ ਲਿਆ ਕੇ ਦਿੰਦਾ। ਜ਼ਿੰਦਗੀ ਦੀ ਤਸੱਲੀ, ਜ਼ਿੰਦਗੀ ਦਾ ਚੈਨ, ਜੀਹਦਾ ਕੋਈ ਮੁੱਲ ਨਹੀਂ। ਜੀਹਨੂੰ ਪੈਸਾ ਖਰੀਦ ਨਹੀਂ ਸੀ ਸਕਦਾ! ਉਹ ਉਹਨੂੰ ਦੇਣੋਂ ਅਸਮਰੱਥ ਸੀ। ਸ਼ਾਇਦ ਪਲ ਭਰ ਦਾ ਚੈਨ ਤਾਂ ਉਹਦੀ ਆਪਣੀ ਜ਼ਿੰਦਗੀ 'ਚ ਵੀ ਨਹੀਂ ਸੀ। ਤੇ ਉਂਜ ਉਹ ਸ਼ਹਿਰ ਦਾ ਸਭ ਤੋਂ ਵੱਡਾ ਕਾਰਖਾਨੇਦਾਰ ਸੀ। ਨੰਬਰ ਇੱਕ ਅਮੀਰ ਸੀ! ਹਾਂ...! ਕਿਸ਼ਨਾ ਤਰਖਾਣ ਉਸ ਦਿਨ ਬਹੁਤ ਉਦਾਸ ਸੀ। ਬਹੁਤ ਉਦਾਸ। ਬੀਤੀ ਜ਼ਿੰਦਗੀ ਦਾ ਇੱਕ-ਇੱਕ ਪਲ, ਇੱਕ-ਇੱਕ ਘਟਨਾ ਉਹਨੂੰ ਯਾਦ ਆਉਣ ਲੱਗੀ।
ਪਿੰਡ ਉਹ ਘੋਟਣੇ ਬਣਾਉਂਦਾ ਹੁੰਦਾ ਸੀ।
ਪਿੰਡ ਦੇ ਗੱਭੇ ਉਹਦਾ ਘਰ ਸੀ। ਘਰ ਮੂਹਰੇ ਛੋਟਾ ਜਿਹਾ ਵਿਹੜਾ। ਵਿਹੜੇ 'ਚ ਸੰਘਣਾ ਤੂਤ। ਤੂਤ ਦੀ ਠੰਢੀ-ਠੰਢੀ ਛਾਂ। ਤੇੜ ਖੱਦਰ ਦੀ ਸਾਫ਼ੀ ਪਾਈ ਢਿੱਡੋਂ ਤੇ ਪੈਰੋਂ ਨੰਗਾ, ਤੂਤ ਦੀ ਠੰਢੀ-ਠੰਢੀ ਛਾਂ 'ਚ ਬੈਠਾ ਉਹ ਘੋਟਣੇ ਬਣਾਈ ਜਾਂਦਾ। ਮੱਥੇ ਤੋਂ ਪਸੀਨਾ ਪੂੰਝਦਾ ਰਹਿੰਦਾ।
ਜੇ ਕੋਈ ਕਹਿੰਦਾ, "ਓਏ ਕਿਸ਼ਨਿਆਂ, ਸਹੁਰਿਆ ਕੀਹਦੀ ਖਾਤਰ ਟੁੱਟ-ਟੁੱਟ ਮਰਦੈਂ ਦਿਨਰਾਤ। ਦੋ ਘੜੀ ਗਰਮੀ 'ਚ ਤਾਂ 'ਰਾਮ ਕਰ ਲਿਆ ਕਰ। ਦੇਖ ਕਿਮੇਂ ਪਸੀਨਾ-ਪਸੀਨਾ ਹੋਇਆ ਪਿਐਂ।" ਉਹ ਹੱਸ ਕੇ ਜਵਾਬ ਦਿੰਦਾ, "ਓਹ ਭਲਿਆ ਲੋਕਾ, ਕੰਮ ਤਾਂ ਬੰਦੇ ਦਾ ਕਰਮ ਐਂ। ਮਿਹਨਤ ਕਰਨ ਨਾਲ ਨਾਲੇ ਤਾਂ ਮਨ ਨੂੰ ਤਸੱਲੀ ਰਹਿੰਦੀ ਐ, ਨਾਲੇ ਦੇਹ ਕੰਗਣ ਵਰਗੀ ਰਹਿੰਦੀ ਐ। ਸਹੀ ਮਿਹਨਤ ਦਾ ਪਤਾ ਹੀ ਆਦਮੀ ਦੇ ਪਸੀਨੇ ਤੋਂ ਲੱਗਦਾ। ਕਦੇ ਸੁਣੀ ਨਹੀਂ ਉਹ ਕਹਾਣੀ।"
ਫੇਰ ਉਹ ਆਪੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ: ਇੱਕ ਵਾਰ ਇੱਕ ਦੇਵਤਾ ਸੁਰਗ ਲੋਕ ਤੋਂ ਮਾਤ ਲੋਕ 'ਚ ਉਤਰ ਆਇਆ। ਇੱਥੇ ਉਹਨੂੰ ਬਹੁਤ ਗਰਮੀ ਲੱਗੀ। ਤੇਹ ਨੇ ਉਹਨੂੰ ਸਤਾ ਮਾਰਿਆ। ਪਰੀਆਂ ਨੇ ਉਹਦੇ ਵਾਸਤੇ ਤ੍ਰੇਲ ਤੇ ਫੁੱਲਾਂ ਦਾ ਰਸ ਇਕੱਠਾ ਕਰ ਕੇ ਲਿਆਂਦਾ ਪਰ ਤੇਹ ਉਹਦੀ ਫੇਰ ਵੀ ਨਾ ਬੁਝੀ। ਪਰੀਆਂ ਫੇਰ ਪਾਣੀ ਦੀ ਭਾਲ 'ਚ ਨਿਕਲੀਆਂ। ਕੱਖਾਂ ਤੋਂ ਤ੍ਰੇਲ ਉਡ ਚੁੱਕੀ ਸੀ। ਫੁੱਲਾਂ ਦਾ ਰਸ ਮੁੱਕ ਚੁੱਕਾ ਸੀ।
ਨੇੜੇ-ਤੇੜੇ ਖੂਹ ਕੋਈ ਨਹੀਂ ਸੀ। ਟੋਭਿਆਂ-ਢਾਬਾਂ ਦਾ ਪਾਣੀ ਸੂਰਜ ਨੇ ਚੂਸ ਲਿਆ ਸੀ। ਫਿਰਦਿਆਂ ਫਿਰਦਿਆਂ ਪਰੀਆਂ ਨੂੰ ਇੱਕ ਦਰੱਖਤ ਥੱਲੇ ਕੁਝ ਗਿੱਲੇ ਕੱਪੜੇ ਦਿਸੇ। ਉਨ੍ਹਾਂ ਉਹ ਕੱਪੜੇ ਇੱਕ ਭਾਂਡੇ 'ਚ ਨਚੋੜ ਲਏ। ਪਾਣੀ ਦਾ ਭਰਿਆ ਉਹ ਭਾਂਡਾ ਉਨ੍ਹਾਂ ਦੇਵਤੇ ਮੂਹਰੇ ਜਾ ਰੱਖਿਆ। ਜਦੋਂ ਉਹਨੇ ਪਾਣੀ ਪੀਤਾ ਤਾਂ ਉਹਨੂੰ ਬਹੁਤ ਸੁਆਦ ਆਇਆ। ਉਹਨੇ ਪਰੀਆਂ ਨੂੰ ਕਿਹਾ, ਇਸ ਪਾਣੀ ਨੇ ਤਾਂ ਮੇਰੀ ਜਨਮਾਂ-ਜਨਮਾਂ ਦੀ ਪਿਆਸ ਬੁਝਾ ਦਿੱਤੀ ਹੈ। ਇਸ 'ਚੋਂ ਚਰਨਾਮਤ ਵਰਗਾ ਸੁਆਦ ਆਇਐ। ਜਿੱਥੋਂ ਇਹ ਪਾਣੀ ਲਿਆਂਦਾ ਹੈ, ਮੈਨੂੰ ਉਥੇ ਲੈ ਚੱਲੋ।" ਜਦੋਂ ਉਹ ਉਸ ਥਾਂ ਪੁੱਜੇ ਤਾਂ ਕੱਪੜੇ ਉਥੇ ਨਹੀਂ ਸਨ।
ਲੱਕੜਹਾਰਾ ਸ਼ਹਿਰ ਜਾ ਚੁਕਾ ਸੀ। ਕੱਪੜਿਆਂ 'ਚ ਉਹਦੀ ਮਿਹਨਤ ਦਾ ਪਸੀਨਾ ਸੀ। ਇਹ ਕਹਾਣੀ ਸੁਣ ਕੇ ਆਉਣ ਵਾਲਾ ਜਦੋਂ ਨੀਵੀਂ ਪਾ ਲੈਂਦਾ ਤਾਂ ਕਿਸ਼ਨਾ ਉਹਦਾ ਮੋਢਾ ਝੰਜੋੜ ਕੇ ਕਹਿੰਦਾ, "ਪੁੱਤ ਜਿਹੜੇ ਪਸੀਨੇ ਤੋਂ ਤੂੰ ਨੱਕ ਵੱਟਦੈਂ, ਦੇਵਤੇ ਇਹਨੂੰ ਤਰਸਦੇ ਫਿਰਦੇ ਨੇ।" ਆਉਣ ਵਾਲਾ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕਰਦਾ।
ਕਿਸ਼ਨਾ ਤਰਖਾਣ ਫੇਰ ਘੋਟਣਾ ਬਣਾਉਣ ਲੱਗ ਪੈਂਦਾ। ਜਦੋਂ ਉਹ ਇਸ ਕੰਮ ਤੋਂ ਵਿਹਲਾ ਹੁੰਦਾ ਤਾਂ ਹੋਰ ਨਿੱਕੇ-ਮੋਟੇ ਕੰਮ ਕਰਨ ਲੱਗ ਪੈਂਦਾ। ਕਾਰਖਾਨੇ 'ਚ ਪਏ, ਲੋਕਾਂ ਦੇ ਧਰੇ ਮੰਜਿਆਂਪੀੜ੍ਹੀਆਂ ਦੀਆਂ ਚੂਲਾਂ 'ਚ ਫਾਲ ਦਿੰਦਾ ਰਹਿੰਦਾ। ਨਵੀਆਂ ਬਾਹੀਆਂ, ਸੇਰੂ ਪਾਉਂਦਾ ਰਹਿੰਦਾ। ਪੰਜਾਲੀਆਂ 'ਚ ਨਵੀਆਂ ਅਰਲੀਆਂ ਘੜ-ਘੜ ਪਾਉਂਦਾ ਰਹਿੰਦਾ। ਵਿਗੜੇ ਚਉ ਸੰਵਾਰਦਾ ਰਹਿੰਦਾ। ਚਰਖਿਆਂ ਦੀਆਂ ਮੁੰਨੀਆਂ ਬਦਲਦਾ ਰਹਿੰਦਾ।
ਨਿਆਣਿਆਂ ਦੀਆਂ ਗੁੱਲੀਆਂ ਘੜਦਾ ਰਹਿੰਦਾ। ਟੁੱਲਾਂ ਮਾਰ-ਮਾਰ ਉਹ ਗੁੱਲੀਆਂ ਗੁਆ ਦਿੰਦੇ। ਉਹ ਹੋਰ ਘੜ ਦਿੰਦਾ। ਇਸ ਤਰ੍ਹਾਂ ਉਹ ਰੁੱਝਿਆ ਰਹਿੰਦਾ। ਉਹਦੇ ਮਨ ਨੂੰ ਤਸੱਲੀ ਰਹਿੰਦੀ।
ਜਦੋਂ ਉਹ ਵਿਹੜੇ 'ਚ ਬੈਠਾ ਥੱਕ ਜਾਂਦਾ ਤਾਂ ਉਠ ਕੇ ਪਿੰਡ 'ਚ ਚੱਕਰ ਮਾਰਨ ਲੱਗ ਪੈਂਦਾ।
ਉਥੇ ਕਿਸੇ ਦੀ ਪੀਹੜੀ ਠੋਕ ਆਉਂਦਾ। ਚੱਕੀਆਂ ਦੇ ਘਸੇ ਪੁੜੇ ਰਾਹ ਦਿੰਦਾ। ਰਾਹ 'ਚ ਮਿਲਦੇ ਤੀਵੀਆਂ-ਮਰਦਾਂ ਨੂੰ ਟਿੱਚਰਾਂ ਕਰਦਾ ਉਹ ਘਰ ਨੂੰ ਮੁੜ ਪੈਂਦਾ। ਕੋਈ ਦਾਣੇ ਦਿੰਦੀ, ਕੋਈ ਗੁੜ ਦਿੰਦੀ, ਕੋਈ ਦੁੱਧ ਦਾ ਗਿਲਾਸ ਦਿੰਦੀ ਤੇ ਕੋਈ ਉਂਜ ਹੀ 'ਦਿਉਰਾ' ਕਹਿ ਕੇ ਸਾਰ ਦਿੰਦੀ! ਉਹ ਸੁਆਦ-ਸੁਆਦ ਹੋ ਉਠਦਾ।
ਜਦੋਂ ਕਦੇ ਸ਼ੀਸ਼ੇ 'ਚ ਉਹ ਆਪਣਾ ਮੂੰਹ ਦੇਖਦਾ ਤਾਂ ਮੱਥੇ 'ਤੇ ਚੰਨ ਵਰਗਾ ਤਿਰਛਾ ਦਾਗ਼ ਦੇਖ ਕੇ ਲਹਿਰ-ਲਹਿਰ ਹੋ ਉਠਦਾ। ਜਿਵੇਂ ਉਹਦੇ ਹਿਰਦੇ 'ਚ ਕੋਈ ਕਾਂਗ ਉਠ ਖੜ੍ਹੀ ਹੋਵੇ। ਇਕਦਮ ਸਾਰੀ ਘਟਨਾ ਉਹਦੀਆਂ ਅੱਖਾਂ ਸਾਹਮਣੇ ਆ ਜਾਂਦੀ। ਵਿਹੜੇ 'ਚ ਬੈਠਾ ਉਹ ਘੋਟਣਾ ਬਣਾ ਰਿਹਾ ਸੀ। ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦਿਆਂ ਅਜਿਹੇ ਜ਼ੋਰ ਦੀ ਵੱਗ੍ਹਾ ਮਾਰੀ ਕਿ ਗੁੱਲੀ ਦਾ ਤਿੱਖਾ ਸਿਰਾ ਕਿਸ਼ਨੇ ਦੇ ਮੱਥੇ 'ਚ ਆ ਵੱਜਾ। ਉਹ ਲੂਹਲੁਹਾਨ ਹੋ ਗਿਆ।
ਮੇਲੂ ਦੀ ਮਾਂ ਕਰਤਾਰੋ ਭੱਜੀ ਆਈ। ਉਹਨੇ ਇਕਦਮ ਆਪਣੀ ਮਲਮਲ ਦੀ ਨਵੀਂ ਚੁੰਨੀ ਨਾਲੋਂ ਲੀਰ ਪਾੜੀ ਤੇ ਠੰਢੇ ਪਾਣੀ 'ਚ ਭਿਉਂਕੇ ਕਿਸ਼ਨੇ ਦੇ ਮੱਥੇ 'ਤੇ ਬੰਨ੍ਹ ਦਿੱਤੀ। ਪਾਣੀ-ਮਿੱਟੀ ਨਾਲ ਕਿਸ਼ਨੇ ਨੂੰ ਠੰਢ ਜਿਹੀ ਪੈ ਗਈ। ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ। ਇਕਦਮ ਇਹ ਸਾਰਾ ਕੁਝ ਕਿਵੇਂ ਹੋ ਗਿਆ ਸੀ! ਕਿਸ਼ਨੇ ਨੂੰ ਲੱਗਿਆ ਜਿਵੇਂ ਹੁਣ ਵੀ ਘੁੰਡ ਕੱਢੀ ਕੰਬਦੇ ਹੱਥਾਂ ਨਾਲ ਉਹਦੇ ਮੱਥੇ 'ਤੇ ਪਾਣੀ-ਪੱਟੀ ਬੰਨ੍ਹ ਰਹੀ ਹੋਵੇ।
ਉਹ ਹਰ ਰੋਜ਼ ਵਿਹੜੇ 'ਚ ਬੈਠਾ ਘੋਟਣਾ ਬਣਾਉਂਦਾ। ਫੁੱਲਦਾਰ ਘੋਟਣੇ ਜਿਨ੍ਹਾਂ 'ਤੇ ਹੱਥ ਧਰਿਆ ਤਿਲ੍ਹਕ-ਤਿਲ੍ਹਕ ਜਾਂਦਾ ਸੀ। ਜਿਨ੍ਹਾਂ ਦੀਆਂ ਗੱਲਾਂ ਦੂਰ-ਦੂਰ ਦੇ ਪਿੰਡਾਂ 'ਚ ਹੋ ਰਹੀਆਂ ਸਨ। ਪਿੰਡਾਂ ਦੇ ਲੋਕ ਜਦੋਂ ਕਿਸ਼ਨੇ ਦੇ ਪਿੰਡ ਵਿਚ ਦੀ ਲੰਘਦੇ ਤਾਂ ਉਹ ਤੂਤ ਦੀ ਛਾਵੇਂ ਘੜੀ-ਪਲ ਸੁਸਤਾਉਂਦੇ, ਉਹਦੇ ਨਾਲ ਗੱਲਾਂ ਕਰਦੇ। ਜਾਂਦੇਜਾਂਦੇ ਇੱਕ-ਇੱਕ ਘੋਟਣਾ ਖਰੀਦ ਕੇ ਲੈ ਜਾਂਦੇ।
ਰਾਹ 'ਚ ਤੁਰੇ ਜਾਂਦੇ ਕਿਸ਼ਨੇ ਦੀਆਂ ਗੱਲਾਂ ਕਰਦੇ ਰਹਿੰਦੇ। ਏਦਾਂ ਵਾਟ ਮੁੱਕ ਜਾਂਦੀ।
ਮੁਕਲਾਵੇ ਤੁਰਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਨ੍ਹਾਂ ਦੇ ਦਾਜ 'ਚ ਕਿਸੇ ਨੇ ਘੋਟਣਾ ਨਹੀਂ ਰੱਖਿਆ ਤਾਂ ਉਹ ਰੁੱਸ-ਰੁੱਸ ਬਹਿੰਦੀਆਂ, ਰੋਟੀ ਨਾ ਖਾਂਦੀਆਂ। ਦਾਜ ਦੇਖਣ ਆਈਆਂ ਤੀਵੀਆਂ ਠੋਡੀਆਂ 'ਤੇ ਹੱਥ ਰੱਖ-ਰੱਖ ਕਹਿੰਦੀਆਂ, "ਕੀ ਸੁਆਹ ਦਿੱਤੀ ਐ, ਕੁੜੀ ਨੂੰ। ਘੋਟਣਾ ਤਾਂ ਰੱਖਿਆ ਨੀ, ਜਿਹੜਾ ਦਾਜ ਦਾ ਸ਼ਿੰਗਾਰ ਐ।"
ਇਸੇ ਤਰ੍ਹਾਂ ਪਿੰਡ ਦੀ ਇੱਕ ਕੁੜੀ ਰੁੱਸ ਕੇ ਬੈਠ ਗਈ ਸੀ। ਪਿੰਡ 'ਚ ਬੜੀ ਚਰਚਾ ਹੋਈ। ਲੋਕ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਜਦੋਂ ਸੱਥ 'ਚ ਬੈਠੇ ਤਾਂ ਇਸ ਘਟਨਾ ਬਾਰੇ ਗੱਲਾਂ ਚੱਲ ਪਈਆਂ। ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਗੱਲ ਸੁਣਾਉਂਦਾ ਸੀ। ਲੋਕ ਸੁਆਦ ਲੈ ਰਹੇ ਸਨ। ਗੱਜਣ ਨੇ ਕੰਨ 'ਤੇ ਹੱਥ ਰੱਖ ਲਿਆ। ਅੱਖਾਂ ਮੀਚ ਲਈਆਂ ਤੇ ਬੋਲੀ ਪਾਉਣੀ ਸ਼ੁਰੂ ਕੀਤੀ:
ਤਾਵੇ, ਤਾਵੇ, ਤਾਵੇ।
ਪਿੰਡ ਦੀ ਧੀ ਰੁੱਸਗੀ,
ਜਦੋਂ ਤੁਰਨ ਲੱਗੀ ਮੁਕਲਾਵੇ।
ਦਾਜ ਵਿਚ ਘੋਟਣਾ ਨਹੀਂ,
ਝੋਰਾ ਉਹਦਿਆਂ ਹੱਡਾਂ ਨੂੰ ਖਾਵੇ।
'ਦੇਖੀ ਬਾਪੂ ਤੋਰ ਦਮੇਂ,
ਵਿਚ ਧਰ ਕੇ ਮੰਜੇ ਦੇ ਪਾਵੇ।'
ਨਿੰਮ ਦਿਆ ਘੋਟਣਿਆ,
ਤੇਰੀ ਸਿਫ਼ਤ ਕਰੀ ਨਾ ਜਾਵੇ।
ਨਿੰਮ ਦਿਆ ਘੋਟਣਿਆ...।
ਕਿਸ਼ਨਾ ਤਰਖਾਣ ਬੋਲੀ ਸੁਣ ਕੇ ਝੂਮ ਉਠਿਆ। ਉਹਨੇ ਉਠ ਕੇ ਮੁੰਡੇ ਨੂੰ ਥਾਪੀ ਦਿੱਤੀ ਤੇ ਤੇੜ ਪਾਈ ਖੱਦਰ ਦੀ ਸਾਫੀ ਲੜੋਂ ਖੋਲ੍ਹ ਕੇ ਰੁਪਈਆ ਉਹਨੂੰ ਫੜਾ ਦਿੱਤਾ।
ਲੋਕ ਹੋਰ ਵੀ ਖ਼ੁਸ਼ ਹੋਏ।
ਕਿਸ਼ਨੇ ਤਰਖਾਣ ਦੀ ਜ਼ਿੰਦਗੀ ਨਿੱਕੇ-ਨਿੱਕੇ ਹਾਸਿਆਂ, ਰੋਸਿਆਂ 'ਚੋਂ ਲੰਘ ਰਹੀ ਸੀ। ਉਹਦੀ ਜ਼ਿੰਦਗੀ ਪਾਣੀ 'ਚ ਤਰਦੀ ਉਸ ਕਿਸ਼ਤੀ ਵਾਂਗ ਸੀ ਜਿਹਨੂੰ ਪਾਣੀ 'ਚ ਉਠਦੀਆਂ ਛੋਟੀਆਂ-ਛੋਟੀਆਂ ਲਹਿਰਾਂ ਡੋਬਣ ਦਾ ਦਹਿਲ ਦੇਣ ਦੀ ਥਾਂ ਇੱਕ ਹੁਲਾਰਾ ਜਿਹਾ ਦੇ ਜਾਣ ਪਰ ਇੱਕ ਦਿਨ ਕਿਸ਼ਨੇ ਨੂੰ ਆਪਣੀ ਜ਼ਿੰਦਗੀ ਦੀ ਕਿਸ਼ਤੀ ਡਾਵਾਂਡੋਲ ਹੁੰਦੀ ਲੱਗੀ। ਉਹਦੇ ਘਰਵਾਲੀ ਅਚਾਨਕ ਬਿਮਾਰ ਹੋ ਗਈ। ਉਹਨੇ ਉਸ ਦੇ ਇਲਾਜ 'ਚ ਕੋਈ ਕਸਰ ਨਾ ਛੱਡੀ। ਉਹ ਦਿਨ-ਰਾਤ ਉਹਦੀ ਸੇਵਾ ਕਰਦਾ ਰਿਹਾ ਪਰ ਇੱਕ ਦਿਨ ਉਹ ਕਿਸ਼ਨੇ ਨੂੰ ਐਡੀ ਲੰਮੀ ਚੌੜੀ ਦੁਨੀਆਂ 'ਚ ਇਕੱਲਾ ਛੱਡ ਕੇ ਤੁਰਦੀ ਹੋਈ। ਕਿਸ਼ਨੇ ਨੇ ਇਹਨੂੰ ਰੱਬ ਦਾ ਭਾਣਾ ਸਮਝਿਆ ਤੇ ਦੁੱਖ ਅੰਦਰ ਹੀ ਅੰਦਰ ਪੀ ਲਿਆ। ਰੁਝੇਵਾਂ ਉਹਦੀ ਜ਼ਿੰਦਗੀ 'ਚ ਫੇਰ ਆ ਗਿਆ। ਉਹ ਆਪਣੇ ਕੰਮ 'ਚ ਮਗਨ ਰਹਿਣ ਲੱਗ ਪਿਆ।
ਉਹਦੀ ਜ਼ਿੰਦਗੀ ਦੀ ਤੋਰ ਫਿਰ ਸਾਵੀਂ ਹੋ ਗਈ। ਅਖੀਰ ਉਹਦਾ ਜਵਾਈ ਉਹਨੂੰ ਸ਼ਹਿਰ ਲੈ ਆਇਆ ਤੇ ਸ਼ਹਿਰ 'ਚ ਆਏ ਨੂੰ ਉਹਨੂੰ ਹੁਣ ਪੰਜ ਸਾਲ ਹੋ ਚੱਲੇ ਸਨ। ਇਨ੍ਹਾਂ ਪੰਜਾਂ ਸਾਲਾਂ 'ਚ ਉਹਨੇ ਆਪਣੇ ਜੁਆਈ ਦਾ ਦਿਲ ਜਿੱਤ ਲਿਆ। ਆਖਰ ਉਹਦਾ ਸਹੁਰਾ ਸੀ ਤੇ ਆਪਣੇ ਜੁਆਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ। ਉਹ ਸੋਚਦਾ। ਉਹ ਗੱਦੀ 'ਤੇ ਬੈਠਾ ਰਹਿੰਦਾ। ਬਾਹਰੋਂ ਆਏ ਵਪਾਰੀਆਂ ਨਾਲ ਗੱਲਬਾਤ ਕਰਦਾ। ਕਾਰਖਾਨੇ 'ਚ ਕੰਮ ਕਰਨ ਵਾਲਿਆਂ ਦੇ ਕੰਮ ਦੀ ਨਿਗਰਾਨੀ ਰੱਖਦਾ। ਇਹ ਉਹਦੇ ਜ਼ਿੰਮੇ ਕੰਮ ਸੀ।
"ਇਹ ਵੀ ਕੋਈ ਕੰਮ ਐ। ਕੰਮ ਕਰਦਿਆਂ ਨੂੰ ਦੇਖਣਾ! ਜੇ ਇਹ ਵੀ ਕੰਮ 'ਚ ਸ਼ਾਮਲ ਹੈ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ। ਮੈਂ ਹੈਰਾਨ ਹਾਂ ਕਿ ਇਹ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣਾ ਹੀ ਆਪਣਾ ਕੰਮ ਸਮਝਦੇ ਹਨ, ਜਿਉਂਦੇ ਕਿਵੇਂ ਰਹਿ ਜਾਂਦੇ ਹਨ?" ਉਹਨੂੰ ਸੋਚ ਵੰਗਾਰਦੀ।
ਹੁਣ ਉਹ ਉਦਾਸ ਰਹਿਣ ਲੱਗ ਪਿਆ। ਉਹਦੇ ਹੱਡ-ਗੋਡੇ ਟੁੱਟਦੇ ਰਹਿੰਦੇ। ਉਹਦਾ ਸਿਰ ਚਕਰਾਉਂਦਾ ਰਹਿੰਦਾ। ਉਹ ਨੂੰ ਉਬਾਸੀਆਂ ਆਉਂਦੀਆਂ ਰਹਿੰਦੀਆਂ। ਅੱਖਾਂ 'ਚ ਪਾਣੀ ਭਰਭਰ ਆਉਂਦਾ। ਉਹ ਝੁੰਜਲਾ ਉਠਦਾ।
ਉਹਦੇ ਜੁਆਈ ਨੇ ਉਹਨੂੰ ਖ਼ੁਸ਼ ਰੱਖਣ ਦੀ ਖਾਤਰ ਪੈਸਾ ਪਾਣੀ ਵਾਂਗ ਵਹਾ ਦਿੱਤਾ ਪਰ ਉਹ ਉਦਾਸ ਦਾ ਉਦਾਸ ਰਿਹਾ। ਪੈਸੇ ਨਾਲ ਖਰੀਦਿਆ ਐਸ਼ ਦਾ ਸਾਮਾਨ ਉਹਨੂੰ ਭਰਮਾ ਨਾ ਸਕਿਆ। ਉਹ ਪਲ ਭਰ ਦੇ ਚੈਨ ਨੂੰ ਤਰਸ ਗਿਆ।
ਅਖੀਰ ਉਹਦਾ ਜੁਆਈ ਉਹਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਉਹਦੀ ਨਬਜ਼ ਦੇਖੀ, ਜੀਭ ਦੇਖੀ। ਜਦੋਂ ਕੁਝ ਸਮਝ ਨਾ ਆਇਆ ਤਾਂ ਉਹਨੇ ਕਿਸ਼ਨੇ ਨੂੰ ਪੁੱਛਿਆ, "ਕੀ ਬਿਮਾਰੀ ਹੈ?" ਕਿਸ਼ਨੇ ਨੇ ਜਵਾਬ ਦਿੱਤਾ, "ਬੱਸ ਜੀ ਚਿੱਤ ਉਦਾਸ ਜਿਹਾ ਰਹਿੰਦਾ ਹੈ। ਚਿੱਤ ਖੁੱਲ੍ਹਦਾ ਹੀ ਨਹੀਂ। ਜਿਵੇਂ ਮੇਰੇ ਅੰਦਰ ਕਿਸੇ ਚੀਜ਼ ਦੀ ਕਮੀ ਹੋਵੇ।"
"ਸਮਝ ਗਿਆ, ਸਮਝ ਗਿਆ।" ਡਾਕਟਰ ਨੇ ਕਿਹਾ, "ਵਿਟਾਮਿਨ ਬੀ ਦੀ ਕਮੀ ਹੈ। ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।"
ਉਥੇ ਤਾਂ ਕਿਸ਼ਨਾ ਚੁੱਪ ਕਰ ਰਿਹਾ ਪਰ ਜਦੋਂ ਉਹ ਦੋਵੇਂ ਦੁਕਾਨ ਤੋਂ ਬਾਹਰ ਨਿਕਲੇ ਤਾਂ ਕਿਸ਼ਨੇ ਨੇ ਹੱਸ ਕੇ ਕਿਹਾ, "ਇਹ ਤਾਂ ਹੁਣੇ ਪਤਾ ਲੱਗਿਐ ਬਈ ਦਵਾਈਆਂ ਨਾਲ ਵੀ ਜੀਅ ਲੱਗਣ ਲੱਗ ਪੈਂਦੈ।" ਹੁਣ ਉਹਦੇ ਜੁਆਈ ਕੋਲ ਇੱਕੋ-ਇੱਕ ਇਲਾਜ ਰਹਿ ਗਿਆ ਸੀ-ਸ਼ਰਾਬ। ਜੀਹਨੂੰ ਪੀ ਕੇ ਆਦਮੀ ਉਨ੍ਹਾਂ ਪਲਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਜੋ ਵੱਡਿਆਂ-ਵੱਡਿਆਂ ਦੇ ਗ਼ਮ ਗ਼ਲਤ ਕਰ ਦਿੰਦੀ ਐ।
ਕਿਸ਼ਨਾ ਵੀ ਸ਼ਰਾਬ ਦੇ ਨਸ਼ੇ ਵਿਚ ਸਭ ਦੁੱਖ ਤਕਲੀਫ਼ਾਂ ਭੁੱਲ ਜਾਵੇਗਾ। ਰੰਗੀਨੀ ਉਹਦੀ ਜ਼ਿੰਦਗੀ 'ਚ ਉਤਰ ਆਵੇਗੀ, ਉਹਦੇ ਜਵਾਈ ਨੇ ਸੋਚਿਆ।
ਉਸ ਦਿਨ ਛੁੱਟੀ ਸੀ। ਕਿਸ਼ਨਾ ਤਰਖਾਣ ਤੇ ਉਹਦਾ ਜਵਾਈ ਬੈਠੇ ਗ਼ਮ ਗ਼ਲਤ ਕਰ ਰਹੇ ਸਨ ਕਿ ਅਚਾਨਕ ਕਿਸ਼ਨਾ ਤਰਖਾਣ ਚੁੱਪ-ਚਾਪ ਉਠ ਕੇ ਬਾਹਰ ਨੂੰ ਤੁਰ ਪਿਆ। ਸ਼ਾਇਦ ਉਹ ਹੋਰ ਬੋਤਲ ਲੈਣ ਗਿਆ ਸੀ। ਉਹਦਾ ਜੁਆਈ ਖ਼ੁਸ਼ ਸੀ।
ਕਿਸ਼ਨਾ ਤਰਖਾਣ ਅਜੇ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ। ਅੰਦਰ ਮੰਜੇ 'ਤੇ ਪਿਆ ਉਹਦਾ ਜੁਆਈ ਉਹਨੂੰ ਬੇਸਬਰੀ ਨਾਲ ਉਡੀਕ ਰਿਹਾ ਸੀ। ਉਹਨੂੰ ਤੋੜ ਲੱਗ ਰਹੀ ਸੀ।
ਬਾਹਰ ਠੱਕ-ਠੱਕ ਦੀ ਆਵਾਜ਼ ਹੋਈ।
ਕਿਸ਼ਨੇ ਦੇ ਜੁਆਈ ਨੇ ਪਾਸਾ ਪਰਤ ਲਿਆ। ਬਾਹਰ ਫੇਰ ਠੱਕ-ਠੱਕ ਦੀ ਆਵਾਜ਼ ਹੋਈ। ਉਹ ਖ਼ੁਸ਼ ਹੀ ਤਾਂ ਹੋ ਗਿਆ! ਉਹਦਾ ਸਹੁਰਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ ਸੀ ਸ਼ਾਇਦ। ਤੇ ਉਹ ਦਰਵਾਜ਼ਾ ਖੜਕਾ ਰਿਹਾ ਸੀ। ਉਹਨੇ ਉਠ ਕੇ ਇਕਦਮ ਦਰਵਾਜ਼ਾ ਖੋਲ੍ਹਿਆ।
ਉਹ ਹੱਕਾ-ਬੱਕਾ ਰਹਿ ਗਿਆ। ਬਾਹਰ ਵਿਹੜੇ 'ਚ ਕਿਸ਼ਨਾ ਤਰਖਾਣ ਸ਼ਰਾਬ ਦਾ ਰੱਜਿਆ ਬੈਠਾ ਸੀ। ਕੋਲ ਉਹਦੇ ਸ਼ਰਾਬ ਦੀ ਭਰੀ ਬੋਤਲ ਪਈ ਸੀ। ਇੱਕ ਹੱਥ ਵਿਚ ਉਹਦੇ ਬਹੋਲਾ ਸੀ। ਦੂਜੇ ਹੱਥ ਵਿਚ ਲੱਕੜੀ ਦਾ ਟੋਟਾ। ਤੇ ਉਹ ਘੋਟਣਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਮੋਹਨ ਭੰਡਾਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ