Ghundwali Bahu (Hindi Story in Punjabi) : Kamleshwar

ਘੁੰਡਵਾਲੀ ਬਹੂ (ਹਿੰਦੀ ਕਹਾਣੀ) : ਕਮਲੇਸ਼ਵਰ

ਗੱਲ ਵ੍ਰਿੰਦਾਵਨ ਦੀ ਹੈ। ਮੈਂ ਮੰਦਰਾਂ ਵਿੱਚ ਨਹੀਂ ਜਾਂਦਾ। ਵੇਖਣਾ ਹੋਵੇ ਤਾਂ ਜਾਣ ਤੋਂ ਪਰਹੇਜ਼ ਵੀ ਨਹੀਂ ਕਰਦਾ। ਕਿਹਾ ਗਿਆ ਕਿ ਬਿਹਾਰੀ ਜੀ ਦਾ ਮੰਦਰ ਤਾਂ ਵੇਖ ਹੀ ਲਓ। ਯਾਨੀ ਦਰਸ਼ਨ ਕਰ ਹੀ ਲਓ। ਮੈਂ ਗਿਆ। ਪਰ ਰਾਹ ਅਤੇ ਆਲ਼ੇ-ਦੁਆਲ਼ੇ ਦੀ ਗੰਦਗੀ ਤੋਂ ਜੀ ਘਬਰਾ ਗਿਆ। ਵਾਪਸ ਆ ਗਿਆ। ਮੰਦਰ ਟਰੱਸਟ ਦੇ ਮੈਂਬਰ, ਇੱਕ ਪੱਤਰਕਾਰ ਮਿੱਤਰ ਯੋਗੇਸ਼ ਨੇ ਕਿਹਾ—ਭਾਈ ਸਾਹਿਬ! ਪ੍ਰਸਾਦ ਤਾਂ ਲੈਂਦੇ ਜਾਓ। ਮੈਂ ਘਰ ਹੀ ਮੰਗਵਾ ਲਿਆ ਹੈ। ਬੱਚਿਆਂ ਨਾਲ ਵੀ ਮਿਲ ਲਓ।

ਅਸੀਂ ਘਰ ਪੁੱਜੇ। ਦੇਸੀ ਘਿਉ ਦੀਆਂ ਵੱਡੀਆਂ ਪੂੜੀਆਂ ਸਮੇਤ ਐਨਾ ਜ਼ਿਆਦਾ ਅਤੇ ਐਨੀ ਕਿਸਮ ਦਾ ਪ੍ਰਸਾਦ ਸੀ ਕਿ ਉਸਨੂੰ ਖਾਣਾ ਨਾਮੁਮਕਿਨ ਸੀ। ਇਹ ਤਾਂ ਪੱਕਾ ਹੀ ਹੈ ਕਿ ਉਹ ਗਿਰਧਾਰੀ ਬਾਂਕੇ ਬਿਹਾਰੀ ਜੀ ਦਾ ਭੋਗ ਹੋਵੇਗਾ। ਅਸੀਂ ਪ੍ਰਸਾਦ ਲਿਆ। ਬੱਚਿਆਂ ਨੂੰ ਮਿਲੇ। ਓਦੋਂ ਹੀ ਲੰਬਾ ਘੁੰਡ ਕੱਢੀਂ ਘਰ ਦੀ ਬਹੂ ਆਈ। ਉਹਨੇ ਸਾਡੇ ਦੋਵਾਂ ਦੇ ਪੈਰ ਛੂਹੇ। ਅਸੀਂ ਉਹਨੂੰ ਭਰਪੂਰ ਦੁਆਵਾਂ ਦਿੱਤੀਆਂ। ਬਹੂ ਗਾਇਤਰੀ ਦੇ ਕੋਲ ਬੈਠ ਗਈ। ਲੰਬਾ ਘੁੰਡ ਜਿਉਂ ਦਾ ਤਿਉਂ ਕੱਢਿਆ ਹੋਇਆ ਸੀ।

ਜਾਣ ਲੱਗੇ ਤਾਂ ਬਹੂ ਨੇ ਫੇਰ ਪੈਰ ਛੂਹੇ। ਰਾਹ ਵਿੱਚ ਪ੍ਰਦੀਪ ਨੇ ਦੱਸਿਆ—ਭਾਈ ਸਾਹਿਬ! ਯੋਗੇਸ਼ ਦੀ ਬਹੂ (ਪਤਨੀ) ਵ੍ਰਿੰਦਾਵਨ ਦੀ ਨਗਰ ਪਾਰਸ਼ਦ ਹੈ। ਮੈਂ ਬੜਾ ਹੈਰਾਨ ਹੋਇਆ—ਬਹੂ? ਨਗਰ ਪਾਰਸ਼ਦ? ਓਹ ਘੁੰਡਵਾਲੀ ਬਹੂ! ਕੀ ਗੱਲ ਕਰ ਰਿਹਾ ਏਂ!

—ਮੈਂ ਠੀਕ ਕਹਿ ਰਿਹਾ ਹਾਂ ਭਾਈ ਸਾਹਿਬ...ਹਾਲ ਹੀ ਵਿੱਚ ਦੋ-ਤਿੰਨ ਹਫ਼ਤੇ ਪਹਿਲਾਂ ਹੀ ਚੋਣਾਂ ਹੋਈਆਂ ਨੇ। ਬਹੂ ਬਹੁਤ ਵੋਟਾਂ ਨਾਲ ਜਿੱਤੀ ਹੈ।

ਹੁਣ ਅਸੀਂ ਬਜ਼ਾਰ ਤੋਂ ਹੁੰਦੇ ਹੋਏ ਮੁੱਖ ਸੜਕ ਵੱਲ ਜਾ ਰਹੇ ਸਾਂ। ਪ੍ਰਦੀਪ ਨੇ ਕਿਹਾ—ਓਹ ਵੇਖੋ ਭਾਈ ਸਾਹਿਬ!

ਦੀਵਾਰ 'ਤੇ ਪ੍ਰਚਾਰ ਪੋਸਟਰ ਚਿਪਕਿਆ ਹੋਇਆ ਸੀ। ਘੁੰਡਵਾਲੀ ਬਹੂ ਜੋਸ਼ ਨਾਲ ਭਾਸ਼ਣ ਦੇ ਰਹੀ ਸੀ!

  • ਮੁੱਖ ਪੰਨਾ : ਕਮਲੇਸ਼ਵਰ ਦੀਆਂ ਹਿੰਦੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •