ਗੁਬਾਰੇ (ਕਹਾਣੀ) : ਬਲੀਜੀਤ

ਪੰਜ ਮੈਨੇਜਰ ਤਾਂ ਦੇਖ ਚੁੱਕੀ ਆਂ । ਅਗਨੀਹੋਤਰੀ ਨੂੰ ਛੱਡ ਕੇ ਸਾਰੇ ਈ ਚੰਗੇ ਸਨ । ਬਾਕੀ ਸਭ ਨੇ ਹਰ ਸਾਲ ਮੇਰੀ ਤਨਖ਼ਾਹ ਤੇ ਬੋਨਸ ਵਧਾਉਣ ਲਈ ਹੈੱਡ ਆਫ਼ਿਸ ਮੁੰਬਈ ਨੂੰ ਲੈਟਰ ਲਿਖ ਦਿੱਤਾ ਸੀ । ਤੇ ਫੇਰ ਟੈਲੀਫੋਨ ਉੱਤੇ ਪ੍ਰਵਾਨਗੀ ਦੇਣ ਦੀ ਸਿਫ਼ਾਰਸ਼ ਵੀ ਕੀਤੀ ਸੀ । ਪ੍ਰਵਾਨਗੀ ਫੈਕਸ 'ਤੇ ਮੰਗਵਾਈ ਸੀ । ਇਹ ਸੰਜੀਵ ਛੇਵਾਂ ਮੈਨੇਜਰ ਐ । ਜੱਬਲਪੁਰ ਤੋਂ ਬਦਲ ਕੇ ਆਇਐ । ਸਾਨੂੰ ਦਫ਼ਤਰ 'ਚ ਪਤਾ ਨਹੀਂ ਕੀ ਆਦਤ ਐ ਕਿ ਅਸੀਂ ਸਾਰੇ ਇੱਕ ਦੂਸਰੇ ਦਾ ਬਾਓ ਡੈਟਾ ਹੀ ਇਕੱਠੇ ਕਰਦੇ ਰਹਿੰਦੇ ਹਾਂ । ਮਨ ਵਿੱਚ ਇੱਕ ਦੂਸਰੇ ਦੀਆਂ ਉਮਰਾਂ, ਘਰਵਾਲੀਆਂ ਤੇ ਉਹਨਾਂ ਦੇ ਬੱਚਿਆਂ... ਸ਼ਹਿਰਾਂ ਦੇ ਡੈਟੇ... ਪੁੱਛ ਪੁੱਛ... ਸੁਣ ਸੁਣ ਸਾਂਭੀ ਜਾਂਦੇ ਆਂ । ਕੀ ਕਰੀਏ... ਅਛੋਪਲੇ ਜਹੇ ਹੀ ਕੰਪਿਊਟਰ 'ਤੇ ਬੈਠੀ ਦੇ ਦਿਮਾਗ਼ ਵਿੱਚ ਫਾਈਲਾਂ ਖੁੱਲ੍ਹੀ ਜਾਂਦੀਆਂ । ਸਿਰ ਦਫ਼ਤਰ ਬਣਿਆ ਪਿਆ ਐ... ਟੇਢੀ ਗਰਦਣ ਵਾਲੀ ਫਾਈਲ ਫੇਰ ਮੁੜ ਮੁੜ ਮੇਰੇ ਦਿਮਾਗ਼ 'ਚ ਖੁੱਲ੍ਹੀ ਜਾਂਦੀ । ਕਦੇ ਜੀਅ ਕਰਦੈ ਕਿ ਸੰਜੀਵ ਦੀ ਟੇਢੀ ਗਰਦਣ ਬਾਰੇ ਉਸ ਤੋਂ ਪੁੱਛ ਹੀ ਲਵਾਂ ਪਰ ਫੇਰ ਸੋਚਦੀ ਆਂ ਕਿ ਬਹੁਤੀ ਟੇਢੀ ਤੇ ਨਹੀਂ । ਜਾਂ ਮੈਨੂੰ ਉਂਜ ਈ ਲਗਦੀ ਏ । ਮੈਂ ਨਿਗ੍ਹਾ ਵੀ ਚੈੱਕ ਕਰਵਾਉਣੀ ਏ । ਪਤਾ ਨਹੀਂ ਮੇਰੇ ਪੁੱਛਣ ਦਾ ਉਹ ਕੀ ਅਰਥ ਕੱਢ ਲਵੇ... ਉਂਜ ਦਸਾਂ ਕੁ ਦਿਨਾਂ 'ਚ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਆਈ. ਆਈ. ਟੀ. ਰੁੜਕੀ ਤੋਂ ਕੁਆਲੀਫਾਈਡ ਇੰਜੀਨੀਅਰ ਐ । ਬੁੱਢੀ ਚਪੜਾਸਣ ਮੈਨੂੰ ਇਹ ਵੀ ਦੱਸ ਗਈ ਸੀ ਕਿ ਉਸ ਨੂੰ ਹਰ ਮਹੀਨੇ ਇੱਕ ਲੱਖ ਬਾਹਟ ਹਜ਼ਾਰ ਰੁਪਏ ਸੈਲਰੀ ਮਿਲਦੀ ਐ । ਮੇਰਾ ਧਿਆਨ ਬਾਰ ਬਾਰ ਉਸ ਦੀ ਟੇਢੀ ਗਰਦਨ ਵੱਲ ਜਾਈ ਜਾਂਦਾ । ਤੇ ਸਿਰ ਵਿੱਚ ਚਿੱਟੇ ਵਾਲਾਂ ਦੀ ਇੱਕ ਲਕੀਰ ਜਹੀ ਜੋ ਮੱਥੇ ਤੋਂ ਪਿਛਾਂਹ ਨੂੰ ਘੁੰਮਦੀ ਉਸ ਦੇ ਖੱਬੇ ਕੰਨ ਉੱਤੋਂ ਹੇਠਾਂ ਨੂੰ ਡਿੱਗਦੀ ਗੁੰਮ ਹੋ ਜਾਂਦੀ । ਸ਼ਿਵ ਜੀ ਦੀ ਫ਼ੋਟੋ ਵਿੱਚ ਜਟਾਂ 'ਚੋਂ ਨਿਕਲੀ ਗੰਗਾ ਵਾਂਗ ।

ਹੁਣ ਦਿਨਾਂ ਦਾ ਖ਼ਿਆਲ ਆਉਂਦਾ ਐ । ਜਿਸ ਦਿਨ ਉਸਦਾ ਨਾਮ ਸੁਣਿਆ ਸੀ... ਉਹ ਪਹਿਲਾ ਦਿਨ ਸੀ... ਕਿਸੇ ਕਿਤਾਬ ਦਾ ਪਹਿਲਾ ਵਰਕਾ... ਫੇਰ ਤਾਂ ਉਹ ਰੋਜ਼ ਹਰ ਨਵੇਂ ਦਿਨ... ਕਿਤਾਬ ਵਾਂਗ ਰੋਜ਼ ਮੇਰੇ ਅੱਗੇ ਵਰਕਾ ਵਰਕਾ ਥੱਲ ਹੋਈ ਗਿਆ... ਮੈਂ ਕਿੱਥੇ ਪੜ੍ਹਦੀ ਆਂ ਕਿਤਾਬਾਂ । ਬੀ ਕੌਮ ਕੀਤੀ । ਫੇਰ ਇੰਗਲਿਸ਼ ਸ਼ੌਰਟਹੈਂਡ ਦਾ ਕੋਰਸ ਕੀਤਾ । ਐੱਮ ਕੌਮ ਸਿਰੇ ਨਹੀਂ ਲੱਗੀ... ਤੇ ਅਖ਼ਬਾਰ ਵਿੱਚ ਛਪੀ 'ਵਾਕ ਇਨ' ਦੀ ਐਡ ਤੋਂ ਮੈਨੂੰ ਆਹ ਨੌਕਰੀ ਮਿਲ ਗਈ... ਫੇਰ ਕੀਹਨੇ ਪੜ੍ਹਨੀਆਂ ਸੀ ਕਿਤਾਬਾਂ । ਮੈਂ ਕੁੜੀ ਸੀ । ਮੈਨੂੰ ਨੌਕਰੀ ਕਰਨ 'ਚ ਕੋਈ ਮੁਸ਼ਕਿਲ ਨਹੀਂ ਆਈ... ਹਰ ਪੱਧਰ 'ਤੇ ਮੇਰਾ ਵਜੂਦ ਹੀ ਮੇਰੀ ਹਰ ਮੁਸ਼ਕਿਲ ਦਾ ਹੱਲ ਲੱਭ ਲੈਂਦਾ । ਮੈਨੂੰ ਉਦੋਂ ਇਹ ਅਹਿਸਾਸ ਹੁੰਦਾ ਕਿ ਮਰਦ ਤਾਂ ਹੁੰਦੇ ਈ ਗਧੇ ਦੀ ਤੁਖ਼ਮ ਨੇ । ਕਹਿਣ ਨੂੰ ਜੋ ਮਰਜ਼ੀ ਕਹੀ ਜਾਣ । ਔਰਤਾਂ ਦੇ ਕੱਪੜੇ ਸੁੰਘਦੇ ਰਹਿੰਦੇ ਐ... ਮੈਂ ਕਈ ਵਾਰ ਖ਼ੁਸ਼ ਹੋ ਕੇ ਹੱਸਦੀ ਹਾਂ ਕਿ ਮੇਰਾ ਛੇ ਸੌ ਰੁਪਏ ਦੇ ਸੂਟ ਦਾ ਰੰਗ ਤੇ ਹੋਰ ਮੈਚਿੰਗ ਹੀ ਵੱਡੇ ਆਹਲਾ ਬੰਦੇ ਦੀ ਧੌਣ ਮਰੋੜ ਕੇ ਟੇਢੀ ਕਰ ਦਿੰਦੇ... ਤੇ ਸੰਜੀਵ ਦੀ ਗਰਦਣ ਤਾਂ ਪਹਿਲਾਂ ਹੀ ਟੇਢੀ ਸੀ... ਪਤਾ ਨਹੀਂ ਕਿਉਂ ਉਸ ਦੀ ਆਦਤ ਸੀ... ਪਤਾ ਨਹੀਂ ਜਾਣ ਬੁੱਝ ਕੇ ਹੀ... ਮੇਰੇ ਵੱਲ ਨੂੰ ਬੀਂਗੀ ਕਰਕੇ ਰੱਖਦਾ ਤੇ ਕਦੇ ਲੱਗਦਾ ਕਿ ਉਸ ਦੀ ਗਰਦਣ ਟੇਢੀ ਹੋਣ ਕਰਕੇ ਵਾਲਾਂ ਦੀ ਚਿੱਟੀ ਗੰਗਾ ਮੇਰੇ 'ਤੇ ਆ ਡਿੱਗੇਗੀ... ਤੇ ਪੰਡਿਤਾਂ ਦੇ ਕਹਿਣ 'ਤੇ ਮੇਰਾ ਵੀਰਵਾਰ ਨੂੰ ਪਾਇਆ ਪੀਲੇ ਰੰਗ ਦਾ ਸੂਟ ਚਾਂਦੀ ਰੰਗਾ ਕਰ ਦੇਵੇਗੀ ।

ਪਹਿਲੇ ਦਿਨ ਤਾਂ ਮੈਂ ਡਰ ਹੀ ਗਈ । ਮੈਨੂੰ ਕਹਿੰਦਾ: ''ਤੁਸੀਂ ਕੌਣ ਓ?" ਮੈਨੂੰ ਪਤਾ ਸੀ ਕਿ ਉਸ ਮੂਹਰੇ ਬੈਠੇ ਸਟਾਫ਼ ਵਿੱਚੋਂ ਉਸ ਦੀ ਨਿਗ੍ਹਾ ਸਭ ਤੋਂ ਪਹਿਲਾਂ ਮੇਰੇ 'ਤੇ ਹੀ ਰੁਕੇਗੀ । ਫੇਰ ਵੀ ਹਰ ਕੋਈ ਚਾਹੁੰਦਾ ਐ ਕਿ ਉਸ ਨੂੰ ਇਹ ਸੁਆਲ ਪੁੱਛਿਆ ਜਾਵੇ । ਇਸ ਸੁਆਲ ਦਾ ਪੂਰਾ ਜਵਾਬ ਕਿਸੇ ਕੋਲੇ ਨਹੀਂ ਹੁੰਦਾ । ਬੰਦਾ ਲੱਖਾਂ... ਕਰੋੜਾਂ... ਅਣਗਿਣਤ 'ਕੌਣ' ਹੁੰਦਾ ਐ । ਉਸ ਕੌਣ ਦਾ ਜੁਆਬ ਕੰਮ ਵਾਲੀ ਥਾਂ ਤੇ ਸੁੰਗੜ ਕੇ ਛੋਟਾ ਜਿਹਾ ਹੋ ਜਾਂਦਾ । ਮੈਂ ਆਪਣੀ ਚੁੰਨੀ ਹਿੱਕ 'ਤੇ ਠੀਕ ਕਰਦੀ ਨੇ ਕਿਹਾ:

''ਪਰਸਨਲ ਸੈਕਟਰੀ । ਸਰ ਮੈਂ ਤੁਹਾਡੀ ਪਰਸਨਲ ਸੈਕਟਰੀ ਆਂ ।" ਜਿਸ ਦੀ ਤਨਖ਼ਾਹ ਪੰਜ ਹਿੱਸਿਆਂ 'ਚ ਦਸ ਤੋਂ ਨੜਿਨਵੇਂ ਹਜ਼ਾਰ ਦੇ ਵਿਚਕਾਰ ਕਿਤੇ ਵੀ ਹੋ ਸਕਦੀ ਐ... ਤੇ ਉਸ 'ਅੱਛਿਆ' ਕਹਿਣ ਵਾਂਗ ਸਿਰ ਹਿਲਾਉਂਦੇ ਨੇ ਟੇਢੀ ਗਰਦਣ ਮੇਰੇ ਵੱਲ ਹੋਰ ਬੀਂਗੀ ਕਰ ਦਿੱਤੀ । ਇਲੈਕਟਰੌਨਿਕਸ ਦਾ ਸਮਾਨ ਵੇਚਣ ਵਾਲੀ ਕੰਪਨੀ ਦਾ ਇਹ ਕੋਈ ਨਵਾਂ ਮੈਨੇਜਰ ਨਹੀਂ ਸੀ । ਮਰਦਾਂ ਵਰਗਾ ਮਰਦ । ਬਾਰਾਂ ਸਾਲ ਹੋ ਗਏ ਮੈਨੂੰ ਇਸੇ ਕੁਰਸੀ 'ਤੇ ਬੈਠੇ ਐਹੋ ਜਹੇ ਭੁੱਖੜਾਂ ਨੂੰ ਦੇਖਦੇ ਹੋਏ । ਹੋਰ ਵੀ ਹੈਗੀਆਂ ਲੇਡੀ ਸਟਾਫ਼... ਕੁੜੀਆਂ, ਅਧਖੜ... ਤੇ ਉਹ ਬੁੱਢੀ ਚਪੜਾਸਣ... ਜਿਸ ਦੇ ਹੇਠਲੇ ਜਬਾੜੇ 'ਚ ਤਿੰਨ ਹੀ ਦੰਦ ਰਹਿ ਗਏ ਨੇ... ਜਿਸ ਦਾ ਬੰਦ ਮੂੰਹ ਐਂ ਲੱਗਦਾ ਜਿਵੇਂ ਸੜਕ 'ਤੇ ਟਾਇਰ ਪੈਂਚਰ ਹੋਇਆ ਟਰੱਕ ਖੜ੍ਹਾ ਹੋਵੇ । ਉਹ ਸਭ 'ਤੇ ਨਿਗ੍ਹਾ ਰੱਖਦੀ ਐ । ਉਸ ਦੇ ਮਗਜ ਵਿੱਚ ਸਾਰੇ ਦਫ਼ਤਰ ਦੇ ਹਰ ਉਮਰ ਦੇ ਮਰਦ, ਔਰਤ ਦੀ 'ਕੱਲੀ 'ਕੱਲੀ ਗੱਲ ਫੀਡ ਹੋਈ ਪਈ ਐ । ਉਹਦੇ ਸਾਹਮਣੇ ਕੰਪਿਊਟਰ ਦੀ ਮੈਮਰੀ ਕੀ ਚੀਜ਼ ਐ । ਉਹੀ ਬਹੁਤਾ ਮੈਨੇਜਰਾਂ ਦੇ ਕਮਰਿਆਂ 'ਚੋਂ ਸੁਨੇਹੇ ਲਿਆਉਂਦੀ... ਲਿਜਾਂਦੀ ਐ ।

ਪਰ ਮੈਂ ਤਾਂ ਨਾ ਬੁੱਢੀ ਆਂ... ਨਾ ਕੁੜੀ... ਨਾ ਅਧਖੜ... ਪਤਾ ਨਹੀਂ ਮੈਂ ਕਿਹੜੀ ਕੈਟੇਗਰੀ 'ਚ ਆਉਂਦੀ ਆਂ... ਮੇਰੇ ਦੋ ਬੱਚੇ, ਬੇਟਾ ਬੇਟੀ ਨੇ... ਕਿੰਨੇ ਹੀ ਸੱਚ ਲੁਕਾ ਕੇ ਛਿਆਨਵੇਂ 'ਚ ਮੇਰੀ ਸ਼ਾਦੀ ਹੋ ਗਈ ਸੀ... 'ਇਹ' ਇੰਡੀਅਨ ਰੇਲਵੇ ਦੇ ਕਲੈਰੀਕਲ ਕੇਡਰ ਵਿੱਚ ਸਰਕਾਰੀ ਨੌਕਰ ਸਨ । ਨੌਂ ਸਾਲ ਹੋ ਗਏ ਸ਼ਾਦੀ ਹੋਏ ਨੂੰ ... ਬਾਪ ਮੇਰਾ ਲਫੰਡਰ ਸੀ... ਆਪਣੇ ਪੁੱਤ, ਵੱਡੀ ਧੀ ਤੇ ਬਚਦੀ ਮੈਨੂੰ ਵਿਆਹ ਕੇ ਉਸ ਨੇ ਸਮਾਜ ਵਿੱਚ ਜ਼ਿੰਮੇਦਾਰ ਬਾਪ ਹੋਣ ਦਾ ਭਰਮ ਪੈਦਾ ਕਰ ਦਿੱਤਾ ਸੀ । ਜਿਸ ਸਮਾਜ ਦੇ ਬਣਾਏ ਨਿਯਮ ਉਸ ਨੇ ਕੁਤਰ ਕੁਤਰ ਕੇ ਖਾਧੇ ਸਨ ਉਸੇ ਸਮਾਜ ਵਿੱਚ ਬਹਿ ਕੇ, ਘੁੱਟ ਪੀ ਕੇ ਹੋਰ ਸੌ ਗੱਲਾਂ ਬੋਲਦਾ ਉਹ ਇਹੀ ਕਹਿੰਦਾ ਲੱਗਦਾ 'ਸਾਰੇ ਬੱਚੇ ਪੜ੍ਹਾ ਦਿੱਤੇ । ਸਾਰੇ ਜੋਬਾਂ ਕਰਦੇ । ਵਿਆਹ ਦਿੱਤੇ । ਸਭ ਸੈਟਲਡ । ਸੁਰਖ਼ਰੂ ।'... ਮੇਰੀ ਮਾਂ ਨੂੰ ਉਹ ਆਪਣੇ ਇੱਕ ਪੈਰ ਦੀ ਜੁੱਤੀ ਦਾ ਪਤਾਵਾ ਵੀ ਨਹੀਂ ਸੀ ਸਮਝਦਾ... ਤਾਂ ਵੀ ਬਾਪ ਸੀ ਮੇਰਾ... ਸਾਰੇ ਮਰਦ... ਹੰਡਰਡ ਪਰਸੈਂਟ ਹੁੰਦੇ ਈ ਗਧੇ ਦੀ ਤੁਖ਼ਮ ਨੇ । ਹੁਣ ਮੈਨੂੰ ਖ਼ਿਆਲ ਆਉਂਦਾ ਕਿ ਜਦੋਂ ਕਦੇ ਮੇਰਾ ਬਾਪ ਸਾਡੇ ਘਰ ਦਾ ਜੀਅ ਬਣ ਕੇ ਮੇਰੀ ਮਾਂ ਨੂੰ ਨਾਮ ਲੈ ਕੇ ਆਵਾਜ਼ ਮਾਰਦਾ ਮੇਰੇ ਬਾਰੇ ਪੁੱਛਦਾ ਹੁੰਦਾ ਸੀ ਤੇ ਮੈਨੂੰ ਚਾਅ 'ਚ ਆਪਣੀਆਂ ਬਾਂਹਾਂ 'ਚ ਘੁੱਟ ਲੈਂਦਾ ਸੀ ਤਾਂ ਆਹ ਗਧੇ ਜਹੇ... ਪਰ ਸਿੱਧੀ ਗਰਦਣ ਵਾਲਾ ਮੈਨੇਜਰ ਹੀ ਤਾਂ ਲੱਗਦਾ ਸੀ... ਹੋਰ ਕੀ ਨੇ ਇਹ ਕੁੱਤੇ... ਦੁਨੀਆ ਦੀ ਕੁੱਤੀ ਮਰਦ... ਹਰਾਮਦੀ ਜਾਤ ਨੂੰ ਮੇਰੇ ਵੱਡੇ ਭਾਈ ਰਾਹੀਂ ਪਤਾ ਲੱਗ ਗਿਆ ਸੀ ਕਿ ਮੈਨੂੰ ਮਾਂਹਵਾਰੀ ਆਉਣੀ ਸ਼ੁਰੂ ਹੋ ਗਈ ਐ... ਇਹਨੂੰ ਮੈਨੇਜਰ ਨੂੰ ਕੀ ਕਹਿਣਾ...

***

ਮੈਨੂੰ ਪਤਾ ਐ ਕਿ ਇਹਨਾਂ ਮਰਦਾਂ ਤੇ ਔਰਤਾਂ ਦਾ ਕਈ ਚੀਜ਼ਾਂ ਤੋਂ ਵਗੈਰ ਨਹੀਂ ਸਰਦਾ । ਜਿਵੇਂ ਮੇਰਾ ਚੰਗੇ ਮੈਚਿੰਗ ਸੂਟ ਪਾਉਣ, ਸ਼ੌਪਿੰਗ ਕਰਨ ਤੇ ਮਹੀਨੇ 'ਚ ਦੋ ਵਾਰ ਬਿਊਟੀ ਪਾਰਲਰ ਜਾਏ ਵਗੈਰ ਨਹੀਂ ਸਰਦਾ । ਜਦੋਂ ਵੀ ਮੇਰਾ ਨਵਾਂ ਬੋਸ ਆਉਂਦਾ ਐ ਤਾਂ ਮੇਰਾ ਬਾਥਰੂਮ 'ਚ ਨਹਾਉਂਦੀ ਤੇ ਕੱਪੜੇ ਪਾਉਂਦੀ ਦਾ ਮਨ ਹੋਰ ਈ ਤਰ੍ਹਾਂ ਦਾ ਹੋ ਜਾਂਦਾ ਐ... ਮੇਰਾ ਹੋਰ ਕੱਪੜੇ ਲੈਣ ਨੂੰ ਜੀਅ ਕਰਦਾ ਐ । ਭਾਵੇਂ ਮੇਰਾ ਹੱਬੀ ਮੇਰੇ ਨਾਲ ਗਰਮ ਹੋ ਜਾਂਦਾ ਐ ਕਿ ਮੈਂ ਕੱਪੜੇ ਖ਼ਰੀਦ ਖ਼ਰੀਦ ਕੇ ਘਰ ਭਰ ਦਿੱਤਾ ਐ । ਮੈਂ ਬੱਚਿਆਂ ਲਈ ਵੀ ਖ਼ਰੀਦਦੀ ਆਂ । ਹਰ ਮਹੀਨੇ ਉਨ੍ਹਾਂ ਦੇ ਜੁੱਤੇ । ਸ਼ਰਟਾਂ । ਪੈਂਟਾਂ ਛੋਟੀਆਂ... ਤੰਗ ਹੋਈ ਜਾਂਦੀਆਂ । ਛੇ ਮਹੀਨੇ ਪਿੱਛੋਂ ਛਾਂਟ ਕੇ ਧੋਬਣ ਤੇ ਝਾੜੂ ਪੋਚੇ ਵਾਲੀ ਨੂੰ ਦੇ ਦਿੰਦੀ ਹਾਂ । ਇਨ੍ਹਾਂ ਨੂੰ ਤਾਂ ਹੁਣ ਸ਼ੌਕ ਈ ਨਹੀਂ । ਮਰਦਾਂ ਦਾ ਕੀ ਐ । ਇਹ ਤਾਂ ਜਿਹੋ ਜਹੇ ਮਰਜ਼ੀ ਪਾਈ ਜਾਣ । ਪਰ ਔਰਤਾਂ ਨੂੰ ਤਾਂ ਬੜਾ ਕੁੱਝ ਦੇਖਣਾ ਪੈਂਦਾ ।

***

ਇੱਕ ਦਿਨ ਮੇਰਾ ਸਮਾਰਟ ਫੋਨ ਰੱਖਣ ਨੂੰ ਜੀਅ ਕਰ ਆਇਆ । ਮੈਂ ਖ਼ਰੀਦ ਲਿਆ । ਸੋਚਿਆ ਮੈਂ ਕਿਸੇ ਨੂੰ ਨੰਬਰ ਨਹੀਂ ਦਿਆਂਗੀ । ਉਂਜ ਹੀ ਦੋ ਦਿਨ ਕੋਲ ਰੱਖ ਛੱਡਿਆ । ਸੰਜੀਵ ਜਦੋਂ ਇਕੱਲਾ ਸੀ ਤਾਂ ਮੈਂ ਉਸ ਨੂੰ ਨੰਬਰ ਦਸ ਦਿੱਤਾ । ਦੱਸਦੇ ਦੱਸਦੇ ਉੱਤੋਂ ਅਕਾਊਂਟੈਂਟ ਵਰਿੰਦਰ ਵਾਲੀਆ ਵੀ ਕਮਰੇ 'ਚ ਆ ਵੜਿਆ ਤੇ ਮੇਰੇ ਤੋਂ ਨੰਬਰ ਪੁੱਛੇ । ਓਹ ਕਦੋਂ ਦਾ ਮੇਰੇ 'ਤੇ ਲਾਇਨ ਮਾਰਦਾ... ਸ਼ੂੰਕਦਾ ਫਿਰਦਾ ਰਹਿੰਦਾ ਮੇਰੇ ਦੁਆਲੇ ਹਰਾਮੀ ਕਿਸੇ ਥਾਂ ਦਾ । ਮੈਂ ਕਿਹਾ ਮੈਂ ਕਿਸੇ ਨੂੰ ਨੰਬਰ ਨਹੀਂ ਦੇਣਾ । ਜਿਹਨੂੰ ਦੇਣਾ ਸੀ ਦੇ ਦਿੱਤਾ... ਤੇ ਸੰਜੀਵ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਟਿਕਾ ਕੇ ਦੇਖਿਆ । ਮੈਂ ਉਸੇ ਵੱਲ ਹੀ ਦੇਖ ਰਹੀ ਸਾਂ । ਉਹ ਸੱਪ ਵਾਂਗ ਅੱਖਾਂ ਹੀ ਨਾ ਝਪਕੇ । ਮੈਂ ਨੀਂਵੀਂ ਪਾ ਲਈ । ਮੈਥੋਂ ਕਿਹੜਾ ਹਟ ਹੁੰਦਾ ਪੰਗੇ ਲੈਣ ਤੋਂ । ਕਿੰਨੀ ਵਾਰ ਸੋਚਿਆ ਕੋਈ ਪੰਗਾ ਨਹੀਂ ਲੈਣਾ । ਪਰ ਸਰਦਾ ਨਹੀਂ ਨਾ । ਕਿਸੇ ਦਾ ਵੀ ਨਹੀਂ ਸਰਦਾ । ਨਵਾਂ ਨਵਾਂ ਆਇਆ ਤਾਂ ਕਾਗਜ਼ ਫਰੋਲਦਾ ਮੈਨੂੰ ਡਿਕਟੇਸ਼ਨ ਦਈ ਜਾਂਦਾ । ਮਾਰਕੀਟਿੰਗ । ਨਵੇਂ ਕਸਟਮਰ । ਪਰੈੱਸ ਰਲੀਜ਼ । ਐਡਵਰਟਾਈਜ਼ਮੈਂਟ । ਸਰਵੇ । ਆਬਾਦੀ ਦੇ ਅੰਕੜੇ ਢੇਰਾਂ ਦੇ ਢੇਰ । ਪਤਾ ਨਹੀਂ ਦੁਨੀਆ ਭਰ ਦੀਆਂ ਚਿੱਠੀਆਂ ਲਿਖਾ ਦਿੱਤੀਆਂ । ਸੇਲ ਗਰਾਫ਼ 'ਤੇ ਥੋੜ੍ਹਾ ਬਹੁਤਾ ਫ਼ਰਕ ਤਾਂ ਪੈਂਦੈ ਈ ਐ ਇਹਨਾਂ ਗੱਲਾਂ ਦਾ । ਪਰ ਹੁਣ ਕੰਪੀਟੀਸ਼ਨ ਬਹੁਤ ਐ । ਮੈਂ ਤਾਂ ਤੰਗ ਆ ਗਈ । ਡਿਕਸ਼ਨਰੀ 'ਚੋਂ ਸਪੈਲਿੰਗ ਦੇਖ ਦੇਖ ਲੈਟਰ ਦਰੁਸਤ ਕਰਦੀ ਥੱਕ ਗਈ । ਉਹ ਦੋ ਦੋ ਘੰਟੇ ਫੁੱਲ ਸਪੀਡ 'ਤੇ ਅੰਗਰੇਜ਼ੀ ਬੋਲੀ ਜਾਂਦਾ । ਘੜੀ ਕੁ ਪਿੱਛੋਂ ਬੁੱਢੀ ਫਾਫਾਂ ਨੂੰ ਭੇਜਦਾ:

''ਮੈਡਮ ਨੂੰ ਬੁਲਾਓ ।", ਮੇਰਾ ਪਹਿਲਾ ਅੜਿਆ ਕੰਮ ਈ ਨਹੀਂ ਮੁੱਕਿਆ ਹੁੰਦਾ । ਦਸਖ਼ਤ ਕਰਨ ਤੋਂ ਪਹਿਲਾਂ ਛੱਤੀ ਨਖ਼ਰੇ ਲਾਉਂਦਾ । ਗ਼ਲਤੀਆਂ ਨਹੀਂ ਸੀ ਛੱਡਦਾ । ਜੇ ਦੂਸਰੀ ਵਾਰ ਚਿੱਠੀ ਸਿਰੇ ਨਾ ਚੜ੍ਹਦੀ ਤਾਂ ਕਹਿੰਦਾ ਤਾਂ ਕੁਝ ਨਾ ਪਰ ਮੈਨੂੰ ਉਸ ਦੀਆਂ ਅੱਖਾਂ ਚੋਂ ਸ਼ਿਵ ਜੀ ਦਾ ਤਾਂਡਵ ਨਾਚ ਦਿਸਣ ਲੱਗਦਾ ।

''ਸਰ ਜੇ ਕੋਈ ਗ਼ਲਤੀ ਰਹਿ ਜਾਵੇ ਤਾਂ ਦਸ ਦਿਓ ਪਲੀਜ਼"

ਮਹੀਨੇ 'ਚ ਹੀ ਉਸ ਨੇ ਮੇਰੀ ਮੱਤ ਮਾਰ ਦਿੱਤੀ । ਜਾਂ ਉਂਜ ਹੀ ਮੇਰੀ ਮੱਤ ਵੱਜੀ ਰਹਿੰਦੀ । ਵਰਕਿੰਗ ਲੇਡੀ ਦੀ ਤਾਂ ਘਰੇ ਰੇਲ ਬਣੀ ਰਹਿੰਦੀ ਐ । ਸਵੇਰੇ ਬੱਚੇ ਲਹੂ ਪੀ ਲੈਂਦੇ ਐ । ਮੇਰੇ ਕੋਲ ਤਾਂ ਅਖ਼ਬਾਰ ਖੋਲ੍ਹਣ ਦੀ ਵਿਹਲ ਵੀ ਨਹੀਂ । ਟੀ.ਵੀ. ਦੇ ਰਿਮੋਟ ਨੂੰ ਬੱਚੇ ਹੱਥ ਨਹੀਂ ਲਾਣ ਦਿੰਦੇ । ਕਦੇ ਮੇਰੀ ਸਬਜ਼ੀ ਥੱਲੇ ਲੱਗ ਜਾਂਦੀ ਐ । ਕਦੇ ਰੋਟੀ ਤਵੇ 'ਤੇ ਸੜ ਜਾਂਦੀ ਐ । ਦਿਨੇ ਦਫ਼ਤਰ ਤੇ ਰਾਤ ਨੂੰ ... ਰੋਜ਼ ਉਹੀ ਕਾਟੋ ਕਲੇਸ... ਸ਼ਾਦੀ??? ਸ਼ਾਦੀ ਹੋ ਜਾਂਦੀ ਐ... ਪਰ ਪੂਰੀ ਤਰ੍ਹਾਂ ਅਡਜਸਟਮੈਂਟ ਨਹੀਂ ਹੁੰਦੀ । ਇਹ ਆ ਜਾਂਦੇ ਐ ਰਾਤ ਨੂੰ ਬਾਰਾਂ ਵਜੇ । ਡਰਿੰਕ ਕੀਤੀ ਓ ਹੁੰਦੀ ਐ । ਲੱਗ ਜਾਣਗੇ ਉੱਚੀ ਉੱਚੀ ਵਾਜਾਂ ਮਾਰਨ । ਮੇਰੀ ਨੀਂਦ ਖ਼ਰਾਬ ਹੋ ਜਾਂਦੀ ਐ । ਮੈਂ ਸਵੇਰੇ ਡਿਊਟੀ 'ਤੇ ਜਾਣਾ ਹੁੰਦੈ । ਘਰ ਦੇ ਕੰਮ । ਮੈਨੂੰ ਮੁੜ ਕੇ ਨੀਂਦ ਨੀਂ ਪੈਂਦੀ । ਮਸ਼ੀਨ ਬਣੀ ਪਈ ਆਂ ਮੈਂ ਤਾਂ ।

***

'ਇਨ੍ਹਾਂ' ਨੂੰ ਕੀ ਪਤਾ? ਇਹ ਹੁਣ ਦਾੜ੍ਹੀ ਤੇ ਵਾਲਾਂ ਨੂੰ ਕਲਫ਼ ਲਾਉਣ ਲੱਗ ਪਏ ਹਨ । ਮੇਰੇ ਸਿਰ ਵਿੱਚ ਵੀ ਕਿਤੇ ਕਿਤੇ ਵਾਲਾਂ ਦਾ ਚਿੱਟਾ ਰੰਗ ਚਮਕਦਾ ਐ । ਪਰ ਮੈਂ ਇਹ ਕਿਸੇ ਨੂੰ ਦਿਸਣ ਨਹੀਂ ਦਿੰਦੀ । ਮੈਨੂੰ ਪਤਾ ਐ ਕਿ ਮਰਦਾਂ ਦੀ ਨਿਗ੍ਹਾ ਨੂੰ ਮੇਰੇ ਸਰੀਰ ਉੱਪਰਲੀਆਂ ਹੋਰ ਚਮਕਦੀਆਂ ਰੰਗ ਰੰਗੀਲੀਆਂ ਈ ਘੇਰ ਲੈਂਦੀਆਂ ਨੇ । ਮੈਂ ਰੋਜ਼ ਆਪਣੇ ਆਪ ਦਾ ਕੁੱਝ ਲੁਕਾਉਣ ਤੇ ਕੁਝ ਦਿਖਾਉਣ ਦੇ ਯਤਨਾਂ ਵਿੱਚ ਮਸ਼ਰੂਫ ਅੰਦਰੋਂ ਪਲ ਪਲ ਬਦਲਦੀ ਰਹਿੰਦੀ ਆਂ । ਮੈਂ ਦੁਨੀਆ ਨੂੰ ਕੁੱਝ ਕਰਕੇ ਵਿਖਾਉਣਾ ਐ । ਸਮਾਜ ਨੇ ਇੱਕ ਖ਼ਾਕਾ ਬਣਾਇਆ ਹੋਇਐ । ਸਮਾਜ ਦੇ ਉਸ ਖ਼ਾਕੇ 'ਚ ਫਿੱਟ ਹੋ ਕੇ ਸਿਰ ਉੱਚਾ ਚੁੱਕ ਕੇ ਜਿਊਣਾ ਐ । ਵੱਡਾ ਫਲੈਟ ਵਧੀਆ ਏਰੀਏ 'ਚ ਲੈਣਾ । ਕਾਰ ਵੀ ਰੱਖੀ ਹੋਈ ਐ । ਮੋਟਰ ਸਾਈਕਲ ਵੀ । ਏ.ਸੀ. ਲੁਆਇਆ ਐ ਹੁਣੇ । ਹੌਲੀ ਹੌਲੀ ਬੰਦਾ ਆਪਣੀਆਂ ਲੋੜਾਂ ਕਿਵੇਂ ਵਧਾ ਲੈਂਦਾ ਐ । ਤਨਖ਼ਾਹ ਦਾ ਤਾਂ ਪਤਾ ਹੀ ਨਹੀਂ ਲੱਗਦਾ, ਕਿੱਥੇ ਵੜ ਜਾਂਦੀ ਐ । ਚਾਰ ਤਰੀਕ ਨੂੰ ਠਣ ਠਣ ਗੋਪਾਲ । ਬਿਜਲੀ... ਟੈਲੀਫੋਨ ਦੇ ਬਿਲ... ਬੱਚਿਆਂ ਦੀਆਂ ਫ਼ੀਸਾਂ । ਬਿਊਟੀ ਪਾਰਲਰ ਵੀ ਜਾਣਾ ਬਣਦਾ । ਬੱਚੇ ਵੱਡੇ ਹੋ ਰਹੇ ਨੇ । ਵੱਡੀ ਬੇਟੀ ਕਾਨਵੈਂਟ 'ਚ ਜਾਂਦੀ ਏ । ਬੇਟਾ ਬੀਮਾਰ ਹੋ ਗਿਆ । ਤਿੰਨ ਲੱਖ ਰੁਪਿਆ ਲੱਗ ਗਿਆ । ਮੇਰਾ ਬੇਟਾ ਬੀਮਾਰ ਨਾ ਹੋਵੇ, ਮੈਨੂੰ ਹੀ ਹੋ ਜਾਵੇ ਜੋ ਹੋਣੈ । ਕੀ ਕਰੇ ਬੰਦਾ... ਹੁਣ ਜੇ ਇੱਕ ਅੱਖ ਤੋਂ ਘੱਟ ਦਿਖਦਾ ਤਾਂ ਬੰਦਾ ਨਿਗ੍ਹਾ ਚੈੱਕ ਕਰਾਉਣ ਵੀ ਨਾ ਜਾਵੇ । ਐਨਕ ਵੀ ਨਾ ਲੁਆਏ । ਮੇਰਾ ਬਲੱਡ ਪ੍ਰੈਸ਼ਰ ਵਧਣ ਲੱਗ ਪਿਆ ਐ । ਮੈਂ ਅਪਸੈੱਟ... ਫੁੱਲ ਆਫ਼ ਟੈਨਸ਼ਨ... ਕਈ ਵਾਰ ਗੋਲੀ ਲੈਣੀ ਪੈਂਦੀ ਐ । ਐਦਾਂ ਈ ਅੱਧੀ ਉਮਰ ਲੰਘ ਗਈ ਏ । ਬੱਚਿਆਂ ਦੀ ਮੈਰਿਜ਼ ਤੱਕ ਤਾਂ ਪਤਾ ਨਹੀਂ ਬਚਣਾ ਵੀ ਐ ਕਿ ਨਹੀਂ... ਪਤਾ ਨਹੀਂ ਮਰ ਈ ਜਾਣਾ ਐ ।

ਉਫ਼! ਇਹ ਸਮਾਜ!! ਐਨਾ ਬੋਝ!!!

***

ਮੈਂ ਜਦੋਂ ਦਾ ਕੋਲੇ ਸਮਾਰਟ ਫੋਨ ਰੱਖਿਆ ਉਦੋਂ ਦੀ ਹੀ ਤੰਗ ਹੋਈ ਪਈ ਆਂ । ਐਵੇਂ ਜਾਨ ਸੌ ਗੱਲਾਂ 'ਚ ਫਸੀ ਹੁੰਦੀ ਐ ਤੇ ਉੱਤੋਂ ਦੋਸਤ, ਰਿਸ਼ਤੇਦਾਰ ਜਾਣ ਪਛਾਣ ਊਟ ਪਟਾਂਗ ਫੋਨ ਕਰੀ ਜਾਣਗੇ... ਵ੍ਹਟਸਐਪ ਸੁੱਟੀ ਜਾਣਗੇ । ਫੋਨ 'ਤੇ ਹੀ ਬੈਠੀ ਨੂੰ ਕੰਮ ਲਾਈ ਜਾਂਦੇ ਨੇ । ਬੈਂਕਾਂ... ਕੰਪਨੀਆਂ... ਮੌਲਾਂ ਵਾਲੇ ਆਪਣੀਆਂ ਸਕੀਮਾਂ ਦੇ ਮੈਸੇਜ ਭੇਜੀ ਜਾਂਦੇ ਨੇ... ਟਰਨ... ਟਰਨ... ਉੱਤੋਂ ਸੰਜੀਵ ਨੇ ਮੈਸੇਜ ਭੇਜ ਭੇਜ ਕੇ, ਮੈਨੂੰ ਪੜ੍ਹਨ ਲਾ ਰੱਖਿਆ ਐ । ਉਸ ਵਿੱਚ ਬੀਂਗੇ ਬੀਂਗੇ ਲਿਖੇ ਮੈਸੇਜ ਆਉਂਦੇ ਨੇ । ਹਿੰਦੀ 'ਚ । ਪਹਿਲਾਂ ਸੰਜੀਵ ਫ਼ੀਲਡ ਵਿੱਚ ਟੂਰ ਕਰਨ ਗਿਆ ਦਫ਼ਤਰੀ ਫੋਨਾਂ ਦੇ ਬਿਜ਼ੀ ਹੋਣ ਕਰਕੇ ਮੈਨੂੰ ਬਿਜ਼ਨਸ ਤੇ ਬਿਜਨਸ ਦੀ ਵਰਕਿੰਗ ਨਾਲ ਰੀਲੇਟਡ ਮੈਸੇਜ ਹੀ ਸੈਂਡ ਕਰਦਾ ਹੁੰਦਾ ਸੀ... ਪਰ ਹੁਣ... ਹੁਣ ਉਹ ਮੇਰੇ ਅੰਦਰ ਵੜ ਕੇ, ਮੇਰੇ ਜੀਵਨ 'ਚ ਰਲਣ ਲੱਗ ਪਿਆ ਹੈ । ਮੇਰੇ ਆਲੇ ਦੁਆਲੇ ਉਸ ਦਾ ਘੇਰਾ ਪੈ ਰਿਹਾ ਐ । ਦਫ਼ਤਰ 'ਚ... ਘਰ 'ਚ... ਹਰ ਚੀਜ਼ ਮੈਨੂੰ ਅਜੀਬ ਦਿਸਦੀ ਐ । ਮੋਬਾਈਲ ਨੂੰ ਹੱਥ 'ਚ ਫੜੀ ਰੱਖਦੀ ਆਂ । ਪਤਾ ਨਹੀਂ ਉਸ ਨੇ ਕਿਹੜੇ ਵੇਲੇ ਕੀ ਮੈਸੇਜ ਲਿਖ ਕੇ ਮੇਰੇ ਉੱਤੇ ਠਾਹ ਕਰਦਾ ਮਾਰ ਦੇਣਾ ਐ । ਮੇਰੇ ਘਰ ਵਾਲਾ ਤਾਂ ਪਹਿਲਾਂ ਹੀ ਮੇਰੇ 'ਤੇ ਸ਼ੱਕ ਕਰਦੈ । ਪਰ ਮੈਂ ਸਭ ਕੁਝ ਨਾਲ ਦੀ ਨਾਲ ਡਲੀਟ ਕਰੀ ਜਾਂਦੀ ਆਂ... ਮਨ ਵਿੱਚੋਂ ਕੁਝ ਵੀ ਡਲੀਟ ਨਹੀਂ ਹੁੰਦਾ... ਉੱਥੇ ਮਣਾਂ ਦੇ ਮਣ ਮੈਟਰ ਰੋਜ਼ ਜੁੜੀ ਜਾਂਦੈ ।

***

''ਕੈਸੀ ਹੈਂ ਆਪ?" ਸੰਜੀਵ ਮੈਨੂੰ ਕੁਰਸੀ 'ਤੇ ਬੈਠਦੀ... ਆਪਣੀ ਸ਼ੌਰਟਹੈਂਡ ਨੋਟਪੈਡ ਤੇ ਪੈਂਸਿਲ ਸੰਭਾਲਦੀ ਨੂੰ ਰੋਜ਼ ਪੁੱਛਦਾ ।

''ਠੀਕ ਐ ਸਰ" ਮੇਰਾ ਸਭ ਕੁਝ ਹਿੱਲਿਆ ਪਿਆ ਹੁੰਦਾ ।

''ਆਪ ਕਭੀ ਮੇਰਾ ਹਾਲ ਨਹੀਂ ਪੂਛਤੇ । "

''ਅਫ਼ਸਰਾਂ ਦਾ ਹਾਲ ਤਾਂ ਠੀਕ ਏ ਹੁੰਦਾ ਸਰ", ਕਹਿਕੇ ਮੈਂ ਉਸ ਵੱਲ ਨਹੀਂ ਵੇਖਿਆ । ਮੇਰੀ ਹਿੰਮਤ ਨਹੀਂ ਪਈ ਇਹ ਦੇਖਣ ਦੀ ਕਿ ਉਸ ਬੀਂਗੜ ਜਹੇ 'ਤੇ ਮੇਰੇ ਇਸ ਬੋਲ ਦਾ ਕੀ ਅਸਰ ਹੋਇਆ ਪਰ ਮੈਨੂੰ ਗ਼ਲਤ ਕਮਾਂਡ ਦਿੱਤੇ ਕੰਪਿਊਟਰ ਦੀ ਤਿੱਖੀ ਬੀਪ 'ਹੂੰ ਆ ਆ' ਦੀ ਆਵਾਜ਼ ਸੁਣੀ ।

ਇੱਕ ਦਿਨ ਮੈਂ ਇਕੱਲੇ ਬੈਠੇ ਸੰਜੀਵ ਨੂੰ ਪੁੱਛ ਲਿਆ, ''ਸਰ, ਤੁਹਾਨੂੰ ਮੇਰਾ ਨਾਮ ਨਹੀਂ ਪਤਾ", ਬਿਨਾਂ ਕੁਝ ਬੋਲੇ ਉਸ ਨੇ ਸਿਰ ਚੁੱਕਿਆ ਜੋ ਮੈਨੂੰ ਸੁਆਲੀਆ ਨਿਸ਼ਾਨ ਵਰਗਾ ਲੱਗਿਆ ਤੇ ਉਹਨੇ ਮੁਸਕਰਾ ਕੇ ਹੋਰ ਈ ਤਰਾਂ ਦਾ ਮੂੰਹ ਬਣਾ ਲਿਆ... ਅੱਖਾਂ ਸੁੰਗੜ ਕੇ ਬੰਦ ਹੁੰਦੀਆਂ ਛੋਟੀਆਂ, ਤਿਰਛੀਆਂ ਹੋ ਗਈਆਂ... ਜਿਵੇਂ ਦੀਆਂ ਨਿਪਾਲੀਆਂ ਦੀਆਂ ਹੁੰਦੀਆਂ, ''ਨਹੀਂ ਸਰ, ਮਤਲਬ ਮੈਂ ਤਾਂ ਪੁੱਛਿਆ ਕਿ ਤੁਸੀਂ ਹਰ ਵਾਰ ਕਹਿੰਦੇ ਓ... ਮੈਡਮ ਨੂੰ ਬੁਲਾਓ" । ਕਹਿੰਦਾ 'ਮੈਨੂੰ ਨਾਮ ਯਾਦ ਨਹੀਂ ਰਹਿੰਦੇ ।' ਮੇਰਾ ਚਿਹਰਾ ਉਤਰ ਗਿਆ । ਉਹ ਪ੍ਰੇਸ਼ਾਨ ਹੋ ਗਿਆ....

''ਸਰ, ਤੁਹਾਡੇ ਮਿਸਿਜ਼"

''ਇਨਟੀਰੀਅਰ ਡੈਕੋਰੇਟਰ ਐ"

''ਬੱਚੇ?"

''ਬੇਟੀਆਂ... ਦੋ"

''ਕਿਹੜੀ ਕਲਾਸ 'ਚ ਨੇ?"

''ਸੈਵਨਥ... ਟੈਨਥ"

''ਦਿੱਲੀ 'ਚ?"

''ਦਿੱਲੀ ਸਾਡਾ ਘਰ ਹੈ ਛੋਟਾ ਜਿਹਾ ਕਿਰਾਏ 'ਤੇ ।... ਪੁਰਾਣੀ ਦਿੱਲੀ 'ਚ ਐ, ਐਕਚੂਅਲੀ ... ਮਾਈ ਡੈਡ ਡਿਸਓਨਡ ਮੀਂ" ਸੁਣਕੇ ਮੈਂ ਤਾਂ ਪੱਥਰ ਦੀ ਹੋ ਗਈ । ਪਤਾ ਨਹੀਂ ਦਿੱਲੀ 'ਚ ਲੋਗ ਕੈਹੋ ਜਹੇ ਨੇ । ਐਡੀ ਬੋਝਲ ਗੱਲ ਉਸਨੇ ਘੜਿੱਚ ਕਰਕੇ ਬੋਲ ਦਿੱਤੀ । ਮੈਨੂੰ ਕੁੱਝ ਸਮਝ ਨਾ ਲੱਗੇ । ਮੇਰੇ ਦਿਮਾਗ਼ ਵਿੱਚ, ਸੰਜੀਵ ਬਾਰੇ ਘੁੰਮਦੀ ਸੀ.ਡੀ. ਮੁੜ ਤੋਂ ਲਿਖੀ ਜਾਣ ਲੱਗ ਪਈ । ਮੇਰੀ ਮਾਂ ਤੇ ਮੇਰੇ ਭੈਣ ਭਾਈਆਂ ਨੇ ਕਿੰਨਾ ਹੀ ਮਾਨਸਿਕ ਸੰਤਾਪ ਭੋਗਿਆ । ਫੇਰ ਮੈਨੂੰ ਲੱਗਿਆ ਕਿ ਉਹੀ ਸੰਤਾਪ ਸੰਜੀਵ ਨੇ ਵੀ ਭੋਗਿਆ ਐ । ਤੇ ਮੈਂ ਸੰਜੀਵ ਦੀ ਸੀ ਡੀ ਉੱਤੇ ਆਪਣੀ ਜ਼ਿੰਦਗੀ ਦੀ ਕਹਾਣੀ ਪੂਰੀ ਦੀ ਪੂਰੀ ਓਵਰ-ਰਾਈਟ ਕਰ ਦਿੱਤੀ ਤੇ ਰੋਜ਼ ਕਿਤਾਬ ਵਾਂਗ ਪੇਜ ਥੱਲ ਥੱਲ ਪੜ੍ਹਨ ਲੱਗੀ । ਉਂਜ ਮੈਨੂੰ ਪੜ੍ਹਨ ਦੀ ਆਦਤ ਬਿਲਕੁਲ ਨਹੀਂ ।

***

ਮੇਰੇ ਅੰਦਰ ਉਸ ਦੇ ਲਿਖੇ ਮੈਸੇਜ ਫੈਲਣ ਲੱਗ ਪਏ ਹਨ ।

... ਮੈਂ ਆਪ ਕੋ ਹੀ ਯਾਦ ਕਰ ਰਹਾ ਥਾ

... ਪਲੀਜ਼ ਕਾਲ ਬੈਕ

ਜਦੋਂ ਮੈਂ ਫੋਨ ਕੀਤਾ ਤਾਂ ਚੁੱਕਿਆ ਨਾ ।

... ਮੈਂ ਆਪ ਕੇ ਸਾਥ ਸ਼ਰਾਰਤ ਕਰ ਰਹਾ ਹੂੰ

... ਮੁਝੇ ਆਪ ਸੇ ਬਾਤ ਕਰਤੇ ਹੂਏ ਬਹੁਤ ਡਰ ਲਗਤਾ ਹੈ ।

... ਡਰਤਾ ਹੂੰ ਕਿ ਆਪ ਕਹੀਂ ਮੇਰਾ ਦਿਲ ਨਾ ਤੋੜ ਦੇਂ । ਮੇਰੀ ਪਿਆਰ ਕੀ ਛੋਟੀ ਸੀ ਦੁਨੀਆ ਹੈ । ਇਸ ਕੇ ਟੂਟਨੇ ਸੇ ਮੇਰੀ ਸਾਂਸ ਰੁਕ ਜਾਏਗੀ । ਬਤਾਓ ਆਪ ਮੇਰੇ ਸੇ ਪਿਆਰ ਕਰਤੀ ਹੋ?

.. ਆਪ ਕੋ ਭਲੇ ਯਹ ਅਹਿਸਾਸ ਨਾ ਹੋ, ਪਰ ਫਿਰ ਭੀ ਆਪ ਜਾਨਤੀ ਹੈਂ ਕਿ ਮੈਂ ਆਪ ਕੇ ਜੀਵਨ ਕਾ ਹਿੱਸਾ ਹੂੰ ।

... ਆਪ ਕੈਸੀ ਹੈਂ । ਆਪ ਤੋ ਕਭੀ ਮੇਰਾ ਹਾਲ ਨਹੀਂ ਪੂਛਤੀ । ਬਾਤ ਨਹੀਂ ਕਰੋਗੀ ਮੁਝ ਸੇ । ਸੈਂਡਲ ਤੋਂ ਨਹੀਂ ਮਾਰੋਗੀ ।

ਸੰਜੀਵ ਦੇ ਮੋਬਾਇਲ ਤੋਂ ਭੇਜੇ ਵ੍ਹਟਸਐਪ ਸੁਨੇਹਿਆਂ ਦੀ ਇਬਾਰਤ ਦਾ ਅਸਰ ਮੇਰੇ ਚਿਹਰੇ 'ਤੇ ਲਿਖਿਆ ਪੜਿ੍ਹਆ ਜਾ ਸਕਦਾ । ਇਹ ਸਭ ਤੋਂ ਪਹਿਲਾ ਮੈਸੇਜ ਉਸ ਨੇ ਮੈਨੂੰ ਮੇਰਾ ਨਾਮ ਲਿਖ ਕੇ ਭੇਜਿਆ ਸੀ ਜਿਸ ਨਾਲ ਉਸ ਨੇ ''ਆਈ ਲਵ ਯੂ" ਜੋੜਿਆ ਹੋਇਆ ਸੀ । ਮੈਂ ਮੈਟਰੋ 'ਚ ਬੈਠੀ, ਤੈਰਦੀ ਘਰ ਨੂੰ ਜਾ ਰਹੀ ਸਾਂ । ਮੈਨੂੰ ਇਸ ਮੈਸੇਜ ਦਾ ਪਤਾ ਹੀ ਨਾ ਲੱਗਿਆ । ਮੇਰਾ ਧਿਆਨ ਮੇਰੇ ਸਾਹਮਣੇ ਖੜ੍ਹੀ ਯੰਗ ਲੜਕੀ ਨੇ ਖਿੱਚਿਆ ਹੋਇਆ ਸੀ ਜੋ ਫੋਨ ਉੱਤੇ ਆਪਣੇ ਬੁਆਏ ਫਰੈਂਡ ਨੂੰ ਗਾਲ੍ਹਾਂ ਕੱਢ ਰਹੀ ਸੀ । ਮੇਰੇ ਫੋਨ ਉੱਤੇ ਉਸਨੇ ਰਿੰਗ ਮਾਰ ਕੇ ਕਿਹਾ ਕਿ ਮੈਂ ਆਪਣੇ ਮੁਬਾਇਲ 'ਚੋਂ ਮੈਸੇਜ ਪੜ੍ਹਕੇ ਡਲੀਟ ਕਰ ਦਿਆਂ:

... ਹਮ ਨੇ ਕਭੀ ਆਪ ਕੋ ਪ੍ਰੇਸ਼ਾਨ ਨਹੀਂ ਕਰਨਾ ਹੈ । ਆਪ ਸੇ ਕਭੀ ਕੁਸ਼ ਲੇਨਾ ਯਾ ਮਾਂਗਨਾ ਨਹੀਂ ਹੈ । ਆਪ ਮੇਰੇ ਅਪਣੇ ਹੋ । ਆਪ ਮੇਰੇ ਜੀਵਨ ਕਾ ਹਿੱਸਾ ਹੋ । ਆਪ ਕੋ ਯਾਦ ਕਰਕੇ ਮੇਰਾ ਦਿਲ ਖ਼ੁਸ਼ ਹੋ ਜਾਤਾ ਹੈ । ਆਪ ਕਿਤਨੀ ਸੁੰਦਰ ਹੈਂ । ਕਿਤਨੀ ਅੱਛੀ ਹੈਂ । ਆਪ ਖੁਸ਼ ਰਹੇਂ । ਕਭੀ ਕੋਈ ਐਸਾ ਪਿਆਰ ਕਰਨੇ ਵਾਲਾ ਰਾਸਤੇ ਪਰ ਜਾਤਾ ਹੂਆ ਮਿਲਤਾ ਹੈ । ਆਪ ਨੇ ਕਭੀ ਕੋਈ ਗਿਫ਼ਟ ਮੇਰੇ ਕੋ ਨਹੀਂ ਦੀਆ । ਕਿਸੀ ਨੇ ਕਭੀ ਮੇਰੇ ਸੇ ਪਿਆਰ ਨਹੀਂ ਕੀਆ । ਅਬ ਤੱਕ ਆਪ ਨੇ ਮੇਰੇ ਕੋ ਪਿਆਰ ਕਾ ਏਕ ਸ਼ਬਦ ਨਹੀਂ ਬੋਲਾ ਹੈ । ਆਪ ਮੇਰੇ ਅਪਨੇ ਹੋ ਤੋ ਮੂਝੇ ਜਿੰਦਗੀ ਮੇਂ ਇਸ ਸੇ ਜ਼ਿਆਦਾ ਯਾ ਕਮ ਕੁਛ ਨਹੀਂ ਚਾਹੀਏ । ਆਈ ਲਵ ਯੂ ... ਯੂਅਰ ... ਸੰਜੀਵ...

ਉਸ ਨੂੰ ਡਰ ਸੀ ਕਿ ਮੈਸੇਜ ਕਿਤੇ ਮੇਰਾ ਹੱਬੀ ਨਾ ਪੜ੍ਹ ਲਵੇ । ਮੈਨੂੰ ਲੱਗਿਆ ਇਹ ਮੋਬਾਇਲ ਨਹੀਂ ਇੱਕ ਐਟਮ ਬੰਬ ਮੈਂ ਪਰਸ 'ਚ ਆਪਣੇ ਨਾਲ ਚੁੱਕੀ ਫਿਰ ਰਹੀ ਹਾਂ । ਅਗਲੇ ਦਿਨ ਮੈਨੂੰ ਦਫ਼ਤਰ ਆਉਣ ਭਾਰਾ ਲੱਗਿਆ ਸੀ । ਸੰਜੀਵ ਦਾ ਰੰਗ ਵੀ ਕਈ ਦਿਨ ਬਦਲਿਆ ਰਿਹਾ ਸੀ । ਡਿਕਟੇਸ਼ਨ ਦਿੰਦਾ ਉਹ ਅਟਕ ਜਾਂਦਾ । ਕਾਗਜ਼ਾਂ ਦੇ ਘਸਮਾਣ ਵਿੱਚ ਉਲਝ ਜਾਂਦਾ । ਭੁੱਲ ਜਾਂਦਾ ਤੇ ਫੇਰ ਮੈਨੂੰ ਪਿੱਛੇ ਤੋਂ ਮੁੜ ਕੇ ਪੜ੍ਹਕੇ ਸੁਣਾਉਣ ਨੂੰ ਕਹਿੰਦਾ... ਦੋ ਦੋ ਵਾਰ । ਮੈਨੂੰ ਰੋਜ਼ ਉਸ ਦਾ ਰੰਗ ਬਦਲਦਾ ਲੱਗਦਾ... ਕਦੇ ਚਿਹਰਾ ਕਾਲਾ ਲੱਗਦਾ... ਕਦੇ ਬੈਂਗਣੀ... ਕਦੇ ਭੂਕ ਪੀਲਾ... ਅਜੇ ਵੀ ਮੈਨੂੰ ਉਹ ਦਾ ਅਸਲ ਰੰਗ, ਚਿਹਰਾ ਯਾਦ ਕਰਕੇ ਦੱਸਣਾ ਅਸੰਭਵ ਲੱਗ ਰਿਹਾ ਹੈ । ਪਰ ਦੁੱਖ ਤਾਂ ਮੈਨੂੰ ਇਸੇ ਗੱਲ ਦਾ ਐ ਕਿ ਇਹ ਮੈਂ ਦੱਸਣਾ ਕਿਸ ਨੂੰ ਐ! ਆਹੀ ਤਾਂ ਸੰਕਟ ਐ... ਕਿਸ ਸੰਕਟ 'ਚ ਪਾ ਲਿਐ ਮੈਂ ਆਪਣੇ ਆਪ ਨੂੰ !! ਐਨਾ ਬੋਝ!!!

***

ਉਸ ਦੇ ਮਨ 'ਚ ਜਦੋਂ ਵੀ ਮੇਰੇ ਪ੍ਰਤੀ ਕੋਈ ਵਿੰਗਾ ਟੇਢਾ ਖਿਆਲ ਆਉਂਦਾ... ਉਹ ਮੈਨੂੰ ਵ੍ਹਟਸਐਪ ਸੁੱਟੀ ਜਾਂਦਾ । ਜਦੋਂ ਵੀ ਸਵੇਰੇ ਮਿਲਦਾ ਤਾਂ ਮੈਨੂੰ ਪੁੱਛਦਾ ਤੁਹਾਡਾ ਮੁਬਾਇਲ ਕਿੱਥੇ ਐ । ਮੈਂ ਆਪ ਕਦੇ ਉਸ ਨੂੰ ਕੋਈ ਵ੍ਹਟਸਐਪ ਨਹੀਂ ਭੇਜਿਆ । ਉਸ ਦੇ ਵ੍ਹਟਸਐਪ ਤੋਂ ਮੈਨੂੰ ਡਰ ਲੱਗਦਾ । ਕੋਈ ਪੜ੍ਹ ਲਏ । ਚਲੋ ਬੱਚੇ ਤਾਂ ਹਲੇ ਛੋਟੇ ਹਨ । ਪਰ ਇਹ? ਮੇਰਾ ਹੱਬੀ? ਇੱਕ ਦਿਨ ਮੋਬਾਇਲ ਘਰੇ ਭੁੱਲ ਆਈ ਸੀ । ਮੈਂ ਤਾਂ ਸਾਰਾ ਦਿਨ ਡਰੀ ਰਹੀ ਕਿ ਕਿਤੇ ਇਹ ਨਾ ਦੇਖ ਲੈਣ । ਵਾਪਸ ਜਾ ਕੇ ਦੇਖਿਆ । ਸ਼ੁਕਰ ਐ ਉਸ ਵਿੱਚ ਐਸਾ ਕੁੱਝ ਵੀ ਨਹੀਂ ਸੀ । ਕਦੇ ਕਦੇ ਤਾਂ ਮੁਬਾਇਲ ਇਨ੍ਹਾਂ ਦੇ ਹੱਥ ਵਿੱਚ ਹੀ ਹੁੰਦਾ । ਮੈਨੂੰ ਬ-ਹੁ-ਤ ਡਰ ਲੱਗਦਾ । ਫੋਨ ਦੇ ਡਲੀਟ ਵਾਲੇ ਬਟਣ ਉੱਤੇ ਘਾਸ ਜਹੀ ਪੈਣ ਲੱਗ ਪਈ ਐ । ਮੈਨੂੰ ਮੋਬਾਇਲ ਹੱਥ 'ਚ ਜਾਂ ਪਰਸ 'ਚ ਜਿੱਪ ਖੋਲ੍ਹ ਕੇ ਰੱਖਣਾ ਪੈਂਦਾ । ਮੋਬਾਇਲ ਤਾਂ ਸੰਭਾਲਿਆ ਹੋਇਆ... ਤਾਂ ਵੀ ਕਈ ਵਾਰ ਮੇਰਾ ਕੋਈ ਮੈਸੇਜ ਡਲੀਟ ਕਰਨ ਨੂੰ ਦਿਲ ਨਹੀਂ ਕਰਦਾ ।

'' ਜੀਵਨ ਮੇਂ ਕਭੀ ਕੋਈ ਐਸਾ ਮਿਲਤਾ ਹੈ ਜੋ ਆਪ ਸੇ ਪਿਆਰ ਕਰੇ ।"

***

ਮੇਰੇ 'ਤੇ ਬੰਦਸ਼ਾਂ ਹਨ । ਕਾਸ਼ ਕਿ ਮੈਨੂੰ ਵੀ ਮਨ ਚਾਹਿਆ ਕਰਨ... ਮਾਣਨ ਤੇ ਕਹਿਣ ਦੀ ਖੁੱਲ੍ਹ ਹੁੰਦੀ । ਮੈਂ ਖੁਦ ਉਸ ਨੂੰ ਕੁੱਝ ਕਹਿਣ ਤੋਂ ਹਿਚਕਚਾਉਂਦੀ ਆਂ । ਉਹ ਵੀ ਮੈਨੂੰ ਕੋਈ ਸਿੱਧੀ ਗੱਲ ਕਹਿਣ ਤੋਂ ਹਿਚਕਚਾਉਂਦਾ ਐ । ਤਾਂ ਵੀ ਜਦੋਂ ਦਾ ਉਹ ਮੇਰੇ ਜੀਵਨ ਵਿੱਚ ਆਇਆ... ਹਰ ਥਾਂ ਮੇਰਾ ਸਾਹ ਕਾਫ਼ੀ ਸੌਖਾ ਹੋ ਗਿਆ । ਉਸ ਨੇ ਮੇਰਾ ਸਭ ਕੁਝ ਬਦਲ ਦਿੱਤਾ । ਇਹ ਵੀ ਮੈਨੂੰ ਪਤਾ ਕਿ ਮੈਂ ਵੀ ਉਸ ਦੇ ਪੂਰੇ ਵਜੂਦ ਉੱਤੇ ਕਬਜ਼ਾ ਕੀਤਾ ਹੋਇਐ । ਪਹਿਲਾਂ ਉਹ ਹਮੇਸ਼ਾ ਦਫ਼ਤਰ ਲੇਟ ਆਉਂਦਾ ਹੁੰਦਾ ਸੀ... ਪਰ ਹੁਣ ਜਦੋਂ ਵੀ ਮੇਰਾ ਧਿਆਨ ਆਪਣੇ ਮੋਬਾਇਲ 'ਚ ਚਲਦੇ ਕਲੌਕ 'ਤੇ ਜਾਂਦੈ ਤਾਂ ਉਹ ਦਫ਼ਤਰ ਦੀਆਂ ਪੌੜੀਆਂ ਚੜ੍ਹ ਰਿਹਾ ਹੁੰਦਾ । ਆਪਣੇ ਵਾਲਾਂ ਨੂੰ ਮੋਟੀਆਂ ਮੋਟੀਆਂ ਉਂਗਲਾਂ ਤੇ ਅੰਗੂਠੇ ਨਾਲ ਪਿਛਾਂਹ ਨੂੰ ਹਟਾਉਂਦਾ ਕਦੇ ਮੈਨੂੰ ਨਮਸਤੇ ਵੀ ਨਾ ਬੋਲਣ ਦਿੰਦਾ ਤੇ ਪਹਿਲਾਂ ਹੀ 'ਮੋਰਨਿੰਗ' ਕਹਿਕੇ ਮੈਨੂੰ ਮੁਸਕਰਾ ਦਿੰਦਾ । ਉਸ ਦੇ ਦਫ਼ਤਰ ਆਉਂਦੇ ਸਾਰ ਹੀ ਸਾਡੇ ਵਿਚਾਲੇ ਚੁੱਪ ਦਾ ਪਿਆਰਾ ਰਿਸ਼ਤਾ ਖੜ੍ਹਾ ਹੋ ਜਾਂਦਾ । ਤੇ ਫੈਲਣ ਲੱਗਦਾ... ਮੈਨੂੰ ਇਸ ਮੋਹ ਦੇ ਰਿਸ਼ਤੇ ਦੀ ਤਾਰ ਨੂੰ ਤੁਣਕਾ ਮਾਰ ਕੇ ਦੇਖਣਾ ਚੰਗਾ ਲੱਗਦਾ...

'' ਸਰ... ਲੰਚ... ਕਰ ਲਿਆ "

'' ਤੁਸੀਂ ਕਰ ਲਓ ... ਸੌਰੀ ... ਤੁਹਾਡਾ ਟਾਈਮ ਹੋ ਗਿਆ "

ਤੇ ਉਸ ਦਿਨ ਇਕੱਤੀ ਮਾਰਚ ਨੂੰ ਫਾਈਨਾਂਸ਼ੀਅਲ ਯੀਅਰ ਦੀ ਕਲੋਜਿੰਗ ਦੇ ਰੁਝੇਵਿਆਂ ਕਾਰਨ ਕਾਫ਼ੀ ਚਿਰ ਉਸ ਨੇ ਮੈਨੂੰ ਯਾਦ ਈ ਨਾ ਕੀਤਾ... ਮਤਲਬ ਬੁੱਢੀ ਫਾਫਾਂ ਨੂੰ ''ਮੈਡਮ" ਲਈ ਸੁਨੇਹਾ ਹੀ ਨਾ ਭੇਜਿਆ । ਤਾਂ ਮੇਰਾ ਚਿੱਤ ਬਿਨਾਂ ਸੋਚੇ ਸਮਝੇ ਕਾਹਲਾ ਪੈ ਗਿਆ । ਕੱਲ੍ਹ ਦੀ ਫੀਡ ਕੀਤੀ ਸਟੇਟਮੈਂਟ ਦਾ ਪਿ੍ੰਟ ਕੱਢ ਕੇ ਮੈਂ ਆਪ ਹੀ ਉੱਠ ਕੇ ਉਸ ਦੇ ਕਮਰੇ 'ਚ ਚਲੀ ਗਈ... ਉਹ ਆਪ ਹੀ ਹੱਥ 'ਚ ਕੈਲਕੂਲੇਟਰ ਫੜੀ ਅਕਾਉਂਟੈਂਟ ਵਰਿੰਦਰ ਵਾਲੀਏ ਨੂੰ ਇਨਵਾਇਸਜ਼ ਬਣਾਓਣ ਦੀਆਂ ਹਿਦਾਇਤਾਂ, ਹਿਸਾਬ ਦੇ ਅੰਕੜੇ ਬੋਲ ਕੇ ਦੇ ਰਿਹਾ ਸੀ ।

'' ਥਰੀ, ਟਰਿੱਪਲ ਏਟ, ਟਰਿੱਪਲ ਟੂ, ਜ਼ੀਰੋ ਜ਼ੀਰੋ । ਓ ਕੇ?"

ਮੈਂ ਕੱਲ ਦੀ ਸਟੇਟਮੈਂਟ ਉਨ੍ਹਾਂ ਦੇ ਮੂਹਰੇ ਰੱਖ ਦਿੱਤੀ ਤੇ ਅੰਦਰ ਜ਼ੋਰ ਮਾਰਦੀ ਕੋਈ ਗੱਲ ਐਂਜ ਨਿਕਲੀ: ''ਸਰ, ਅੱਜ ਚੁੱਪ ਜਹੇ ਲਗਦੇ ਓ... ਚੁੱਪ ਜਹੇ ਨਹੀਂ...? ਲਗਦੇ...? ਹੈ ਨਾ?" ਤਾਂ ਉਹ ਬਿਲਕੁਲ ਚੁੱਪ ਹੋ ਗਿਆ ਸੀ । ਮੈਂ ਵਾਲੀਏ ਵੱਲ 'ਹਾਂ' ਸੁਣਨ ਲਈ ਵੇਖਿਆ । ਪਰ ਉਹ ਪੈੱਨ ਚੁੱਕ ਕੇ ਸਟੇਟਮੈਂਟ 'ਤੇ ਦਸਤਖ਼ਤ ਕਰਨ ਡਹਿ ਪਿਆ । ਮੈਨੂੰ ਲੱਗਿਆ ਉਸ ਸਮੇਂ ਦੋਵਾਂ ਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ ।

''ਲਓ, ਇਹਨੂੰ ਫੈਕਸ ਕਰਾ ਦਿਓ", ਸੰਜੀਵ ਨੇ ਦਸਖ਼ਤ ਕੀਤੀ ਸਟੇਟਮੈਂਟ ਮੈਨੂੰ ਫੜਾਉਂਦਿਆਂ ਮੈਨੂੰ ਸਾਰੀ ਦੀ ਸਾਰੀ ਨੂੰ ਅੱਖਾਂ ਨਾਲ ਹੀ ਅੰਦਰ ਨਿਗਲ ਲਿਆ । ਇਹੀ ਤਾਂ ਮੇਰਾ ਕਮਾਲ ਸੀ । ਤਾਂ ਹੀ ਤਾਂ ਮੈਨੂੰ ਮੋਹ ਦਾ ਕਮਲ ਚੜ੍ਹ ਜਾਂਦਾ ਤੇ ਕਦੀ ਉਹ ਐਹੋ ਜਿਹਾ ਕਮਲ ਕੁੱਟਦਾ ਮੇਰੇ ਕੈਬਿਨ 'ਚ ਆ ਵੜਦਾ:

''ਫ਼ਰੀ ਹੋ... ਤਾਂ ਆਓ, ਚਾਹ ਪੀਵੀਏ ।"

ਮੈਂ ਕਦੇ ਉਸ ਨੂੰ ਰੋਟੀ ਖਾਂਦਾ ਨਹੀਂ ਦੇਖਿਆ । ਪਰ ਚਾਹ ਉਹ ਸਾਰਾ ਦਿਨ ਪੀਵੀ ਜਾਂਦਾ । ਜਦੋਂ ਵੀ ਮੈਂ ਉਸ ਕੋਲ ਬੈਠਦੀ ਤਾਂ ਬੁੱਢੀ ਫਾਫਾਂ ਨੂੰ ਚਾਹ ਲਿਆਉਣ ਲਈ ਕਹਿੰਦਾ:

''ਚਾਹ?" ਮੈਂ ਉਸ ਵੱਲ ਨੂੰ ਸੁਆਲੀਆ ਬੋਲਦੀ ।

"ਇਹ ਇਕੱਲੀ ਦੁੱਧ ਪੱਤੀ ਦੀ ਚਾਹ ਨਹੀਂ । ਇਸ ਵਿੱਚ ਕੁਝ ਹੋਰ ਵੀ ਪਾਇਐ!"

ਮੈਨੂੰ ਪਤਾ ਸੀ ਕਿ ਉਸ ਦੀ ਚਾਹ, ਉਸ ਦੀ ਹਰ ਹਰਕਤ ਸਿਰਫ਼... ਸਿਰਫ਼ ਮੈਨੂੰ ਮੁਖ਼ਾਤਿਬ ਸੀ... ਉਹ ਉਮਰ ਭਰ ਮੇਰੇ ਨਾਲ ਬੈਠਣਾ ਚਾਹੁੰਦਾ ਸੀ... ਪਰ ਚਾਹ ਜਾਂ ਡਿਕਟੇਸ਼ਨ ਤਾਂ ਝੱਟ ਮੁੱਕ ਜਾਂਦੀ । ਚਾਹ ਪੀਂਦੇ ਅਮੂਮਨ ਮੇਰੇ ਮਨ ਵਿੱਚ ਇਹ ਖਿਆਲ ਤੁਰੇ ਰਹਿੰਦੇ ਕਿ ਮੇਰਾ ਹਸਬੈਂਡ ਮੇਰੀ ਹਿਆਤੀ ਵਿੱਚ ਆਉਣ ਵਾਲਾ ਪਹਿਲਾ ਮਰਦ ਨਹੀਂ ਸੀ । ਤੇ ਨਾ ਹੀ ਇਹ ਕੜੇ ਕੁਆਰੇ ਸਨ । ਅਸੀਂ ਕਦੇ ਇਸ ਬਾਰੇ ਇੱਕ ਦੂਜੇ ਨਾਲ ਕੋਈ ਗੱਲ ਹੀ ਨਹੀਂ ਕੀਤੀ... ਤੇ ਨਾ ਹੀ ਆਹ ਸੰਜੀਵ ਦੁੱਧ ਧੋਤੈ... ਸਮਝ ਸਭ ਕੁਝ ਐ... ਪਰ ਸਮਝ ਨੂੰ ਬੋਲਾਂ 'ਤੇ ਚਾੜਿ੍ਹਆਂ ਧਰਤੀ ਕੰਬਦੀ ਐ... ਤਾਂ ਵੀ ਮੈਨੂੰ ਯਕੀਨ ਐ ਕਿ ਸੰਜੀਵ ਅਜੇ ਵੀ ਮੇਰਾ ਮੈਸੇਜ 'ਆਈ ਲਵ ਯੂ' ਉਡੀਕਦਾ ਪਿਆ ਹੋਣੈ । ਉਹਨੂੰ ਕੀ ਪਤਾ ਕਿ ਮੈਂ ਉਸ ਦਾ ਨੰਬਰ ਮੁਬਾਇਲ ਵਿੱਚੋਂ ਉਸੇ ਦਿਨ ਹੀ ਡਲੀਟ ਕਰ ਦਿੱਤਾ ਸੀ ਜਿਸ ਦਿਨ ਉਸਦੀ ਬਦਲੀ ਹੋਈ । 'ਇਹ' ਮੇਰੇ ਮੁਬਾਇਲ ਦੀ ਸਕੈਨਿੰਗ ਕਰਦੇ ਹਰ ਨੰਬਰ ਦੀ ਤਫ਼ਤੀਸ਼ ਕਰਦੇ ਰਹਿੰਦੇ ਹਨ । ਇਹ ਪੁੱਛ ਸਕਦੇ ਹਨ ਕਿ ਜਦੋਂ ਸੰਜੀਵ ਇੱਥੋਂ ਬਦਲ ਗਿਐ ਤਾਂ ਹੁਣ ਤੱਕ ਉਸ ਦਾ ਨੰਬਰ ਮੁਬਾਇਲ 'ਚੋਂ ਡਲੀਟ ਕਿਉਂ ਨਹੀਂ ਕੀਤਾ ।

ਇਹਨਾਂ ਖ਼ਿਆਲਾਂ 'ਚ ਉਲਝੀ ਰਾਤੀਂ ਘਰਵਾਲੇ ਨਾਲ ਸੁੱਤੀ ਤਾਂ ਮੈਨੂੰ ਆਨੰਦ ਆ ਗਿਆ । ਮੇਰੇ ਸਰੀਰ ਵਿੱਚ ਅਜੀਬ ਜਹੀ ਅਕੜਾਹਟ ਭਰ ਗਈ ਜਿਹੜੀ ਮੇਰੇ ਘਰ ਵਾਲੇ ਨੂੰ ਬੇਹੱਦ ਪਸੰਦ ਆਉਂਦੀ ਐ । ਪਰ ਉਹ ਆਪ ਇਹ ਉਮੰਗਾਂ... ਤਰੰਗਾਂ ਮੇਰੇ ਮਸ਼ਤਕ... ਮੇਰੇ ਵਜੂਦ ਵਿੱਚ ਕਦੇ ਵੀ ਭਰ ਨਹੀਂ ਸਕਦਾ । ਮੈਂ ਸੁੱਤੀ ਰਹੀ । ਜਾਗਦੀ ਸੁੱਤੀ । ਮੈਨੂੰ ਅਜੀਬ ਹੁਲਾਸ ਨੇ ਘੇਰ ਲਿਆ । ਮਨ ਵਿੱਚ ਗ਼ੁਬਾਰਿਆਂ ਵਾਲਾ ਭਾਈ ਆ ਗਿਆ । ਹੱਥ ਵਿੱਚ ਤਾਗਿਆਂ ਨਾਲ ਬੰਨ੍ਹੇ ਗੁਬਾਰਿਆਂ ਦਾ ਗੁੱਛਾ ਹਵਾ ਵਿੱਚ ਉੱਛਲਿਆ ਹੋਇਆ । ਮੇਰੇ ਮਨ ਵਿੱਚ ਸਭ ਤੋਂ ਉੱਚਾ ਗ਼ੁਬਾਰਾ ਕਿਸੇ ਦੀ ਗਰਦਣ ਵਾਂਗ ਹਿੱਲਦਾ ਲੱਗਿਆ । ਹਵਾ ਨਾਲ ਇੱਧਰ ਉੱਧਰ ਲਹਿਰਾਉਂਦਾ । ਫੈਲਦਾ । ਟੇਢਾ ਹੁੰਦਾ । ਉੱਚਾ... ਹੋਰ ਉੱਚਾ ਹੁੰਦਾ... ਅਸਮਾਨ ਨੂੰ ਛੂੰਹਦਾ... ਜੈ ਹੋ!

ਮੇਰੀ ਜਾਗ ਖੁੱਲੀ ਤਾਂ ਇਹ ਪਏ ਘੁਰਾੜੇ ਮਾਰਨ । ਗਰਦਣ ਬਿਲਕੁਲ ਸਿੱਧੀ ਪਈ । ਕਾਸ਼ ਕਿ ਇਹਨਾਂ ਦੀ ਗਰਦਨ ਵੀ ਮਾੜੀ ਜਹੀ ਵਿੰਗੀ ਟੇਢੀ ਹੁੰਦੀ । ਹੁਣ ਮੈਂ ਉਸ ਟੇਢੀ ਗਰਦਣ ਵਾਲੇ ਕੋਲ ਜਾਣ ਤੋਂ ਤਾਂ ਰਹੀ । ਡਰ ਲੱਗਦਾ । ਬੱਚਿਆਂ ਦਾ । ਇਹਨਾਂ ਦਾ । ਭੰਨ ਤੋੜ ਦਾ... ਤਾਂ ਵੀ ਵਿੰਗਾ ਸਿਰ ਮੈਨੂੰ ਬਹੁਤ ਪਿਆਰਾ ਲੱਗਦਾ । ਉਸ ਦਾ ਨੰਬਰ ਮੈਨੂੰ ਮੂੰਹ ਜ਼ੁਬਾਨੀ ਯਾਦ ਐ । ਮੈਨੂੰ ਆਪਣੇ ਆਪ ਉੱਤੇ ਖਿੱਜ ਚੜ੍ਹਦੀ ਕਿ ਮੈਂ ਡਰਦੀ ਨੇ ਕਿਉਂ ਉਸਦਾ ਨੰਬਰ ਡਲੀਟ ਕਰ ਦਿੱਤਾ । ਹੁਣ ਕਿਉਂ ਨਹੀਂ ਓਹਦੇ ਵ੍ਹਟਸਐਪ ਮੈਸੇਜ ਆਉਂਦੇ? ਇਹ ਫੋਨ ਹੋਰ ਮੈਂ ਕਾਹਦੇ ਲਈ ਚੁੱਕਿਆ ਹੋਇਆ । ਪਰ... ਪਰ ਇਹ ਗੱਲ ਮੈਂ ਕਿਸੇ ਮਾਂ ਦੇ ਖ਼ਸਮ ਨੂੰ ਨਹੀਂ ਕਹਿਣੀ... ਨਾ ਸੁਣਾਉਣੀ । ਨਾ ਕਿਸੇ ਕੁੱਤੇ ਨੂੰ ਦੱਸਣੀ । ਭਾਵੇਂ ਉਹ ਹਰਾਮਦਾ ਸੰਜੀਵ ਮਲਹੋਤਰਾ ਹੀ ਕਿਉਂ ਨਾ ਹੋਵੇ!

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ