Gur Bhagti Te Rehat (Punjabi Article) : Principal Ganga Singh
ਗੁਰ ਭਗਤੀ ਤੇ ਰਹਿਤ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ
ਗੁਰ ਕੀ ਮਤਿ ਤੂੰ ਲੇਹਿ ਇਆਨੇ॥
ਭਗਤਿ ਬਿਨਾ ਬਹੁ ਡੂਬੇ ਸਿਆਨੇ॥
(ਗਉੜੀ ਸੁਖਮਨੀ ਮਹਲਾ ੫, ਪੰਨਾ ੨੮੮)
ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਤਰੱਕੀ ਜਾਂ ਵਾਧੇ ਲਈ ਯਤਨ ਕਰਦਾ ਨਜ਼ਰ ਆ ਰਿਹਾ ਹੈ, ਤੇ ਹਰ ਇਕ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਵਿਤ ਅਨੁਸਾਰ ਕੀਮਤ ਅਦਾ ਕਰਨ ਲਈ ਤਤਪਰ ਦਿਸਦਾ ਹੈ। ਸਿੱਪੀਆਂ, ਮੋਤੀ ਪੈਦਾ ਕਰਨ ਲਈ ਸਾਲਾਂ ਬੱਧੀ ਸੁਮੰਦਰ ਦੀਆਂ ਲਹਿਰਾਂ ਵਿਚ ਥਪੇੜੇ ਖਾਂਦੀਆਂ ਹਨ, ਕੰਘਾ ਤੇ ਕੰਘੀ ਸੁੰਦਰਾਂ ਦੀਆਂ ਜ਼ੁਲਫ਼ਾਂ ਵਿਚ ਫਿਰਨ ਲਈ ਤਨ ਚਿਰਵਾਂਦੇ ਤੇ ਮਹਿੰਦੀ ਰੰਗਲੀ ਹੋਣ ਲਈ ਆਪਾ ਪਿਸਾਂਦੀ ਚਲੀ ਆ ਰਹੀ ਹੈ। ਤਰੱਕੀ ਦੇ ਪ੍ਰਕਿਰਤਕ ਮੰਡਲਾਂ ਵਿਚ ਦਿਸ ਆਉਂਦੇ ਰੂਪ ਤੋਂ ਅਗਾਂਹ ਵਧ ਕੇ ਜਿਉਂ ਜਿਉਂ ਅਸੀਂ ਸੂਖਮ ਮੰਡਲਾਂ ਵਿਚ ਇਸ ਨੂੰ ਤੱਕਾਂਗੇ, ਤਿਉਂ ਤਿਉਂ ਹੀ ਇਸ ਦੀ ਪ੍ਰਾਪਤੀ ਲਈ ਯਤਨ ਵੀ ਵਡੇਰਾ ਤੇ ਮੁੱਲ ਵੀ ਜ਼ਿਆਦਾ ਹੁੰਦਾ ਚਲਾ ਜਾਵੇਗਾ। ਮਾਨਸਿਕ ਮੰਡਲ ਵਿਚ ਵਾਧੇ ਦੀ ਚਾਲ ਬੁੱਧੀ ਦੇ ਅਧੀਨ ਹੁੰਦੀ ਹੈ। ਬੁੱਧੀ ਦੇ ਉਤਾਂਹ ਉਠਣ ਨਾਲ ਥੱਲੇ ਡਿਗਦਾ ਹੈ। ਬੁੱਧੀ ਮੂਲ ਰੂਪ ਵਿਚ ਮਨੁੱਖ ਨੂੰ ਧੁਰੋਂ ਮਿਲੀ ਹੋਈ ਇਕ ਸ਼ਕਤੀ ਹੈ, ਪਰ ਸਹਿਜੇ ਸਹਿਜੇ ਮਨੁੱਖ ਦੀਆਂ ਦੂਸਰੀਆਂ ਸ਼ਕਤੀਆਂ ਵਾਂਗ ਉੱਨਤ (develop) ਹੁੰਦੀ ਹੈ। ਇਸ ਦਾ ਸੁਭਾਉ ਰੁੱਖ 'ਤੇ ਚੜ੍ਹਾਈ ਗਈ ਵੇਲ ਵਾਂਗ ਹੈ, ਜਿਤਨੇ ਉੱਚੇ ਰੁੱਖ 'ਤੇ ਵੇਲ ਚੜ੍ਹਾਈ ਜਾਵੇ ਉਹ ਉਤਨੀ ਹੀ ਉੱਚੀ ਹੋ ਜਾਂਦੀ ਹੈ। ਮਨੁੱਖ-ਜੀਵਨ ਦੇ ਪਹਾਰੇ ਵਿਚ ਬੁੱਧੀ ਘੜੀ ਜਾਂਦੀ ਹੈ, ਜੇ ਯੋਗ ਸੁਨਿਆਰੇ ਦੇ ਹੱਥ ਆ ਜਾਵੇ ਤਾਂ ਸੁੰਦਰ ਤੇ ਸ਼ੋਭਨੀਕ ਰੂਪ ਲੈ ਲੈਂਦੀ ਹੈ, ਪਰ ਜੇ ਅਣਜਾਣ ਦੇ ਹੱਥ ਆ ਜਾਵੇ ਤਾਂ ਅਲ੍ਹੜ ਸੁਨਿਆਰੇ ਦੇ ਘੜੇ ਹੋਏ ਗਹਿਣੇ ਵਾਂਗ ਅੱਗੇ ਨਾਲੋਂ ਵੀ ਘੱਟ ਕੀਮਤ ਹੋ ਜਾਂਦੀ ਹੈ।
ਇਹ ਗੱਲ ਤਾਂ ਪਰਤੱਖ ਹੀ ਹੈ ਕਿ ਬੁੱਧੀ ਇਕ ਚਾਨਣ ਹੈ, ਜਿਸਦੀ ਹੋਂਦ ਕਰਕੇ ਅਗਿਆਨ ਤੇ ਜੜ੍ਹਤਾ ਦਾ ਹਨੇਰਾ ਦੂਰ ਹੁੰਦਾ ਹੈ। ਪਰ ਇਹ ਚਾਨਣ-ਰੂਪ ਬੁੱਧੀ ਵਧਦੀ ਸਹਿਜੇ ਸਹਿਜੇ ਹੈ। ਜਦੋਂ ਇਹਦਾ ਅਰੰਭ ਹੋਵੇ ਤਦ ਇਸ ਦੇ ਧਾਰਨੀ ਨੂੰ ਅੰਞਾਣਾ ਕਹਿੰਦੇ ਹਨ। ਅੰਞਾਣੇ ਦੇ ਅਰਥ ਕਦੇ ਵੀ ਪਾਗਲ ਨਹੀਂ ਹੁੰਦੇ, ਸਗੋਂ ਬੁੱਧੀ ਦੀ ਕੱਚੀ ਅਵਸਥਾ ਵਾਲੇ ਮਨੁੱਖ ਨੂੰ ਅੰਞਾਣਾ ਕਿਹਾ ਜਾਂਦਾ ਹੈ। ਇਹ ਆਮ ਕਹਾਵਤ ਹੈ, “ਉਹ ਅਜੇ ਅੰਞਾਣਾ ਹੈ, ਸਹਿਜੇ ਸਹਿਜੇ ਸਿਆਣਾ ਹੋ ਜਾਵੇਗਾ।” ਸੋ, ਬੁੱਧੀ ਦਾ ਅਰੰਭ ਕਰ ਰਿਹਾ ਪੁਰਖ ਅੰਞਾਣਾ ਅਤੇ ਇਸ ਚਾਨਣ ਦਾ ਅੰਤਮ ਪਦ ਗ੍ਰਹਿਣ ਕਰ ਚੁੱਕਾ ਪੁਰਖ ‘ਗੁਰੂ’ ਕਿਹਾ ਜਾਂਦਾ ਹੈ। ਭਾਵੇਂ ਗੁਰੂ, ਬੁੱਧੀ ਮੰਡਲ ਤੋਂ ਲੰਘ ਕੇ ਰਸ-ਆਦਿਕ ਮੰਡਲ ਦਾ ਮਾਲਕ ਵੀ ਹੁੰਦਾ ਹੈ, ਪਰ ਗੁਰੂ ਤੇ ਸਿੱਖ ਦਾ ਜੋੜ ਪਹਿਲੇ ਪਹਿਲ ਧਰਮ ਵਿਚ ਬੁੱਧੀ ਮੰਡਲ ਵਿਚ ਆਣ ਕੇ ਹੀ ਜੁੜਦਾ ਹੈ। ਸੋ, ਸਿੱਖ ਨੂੰ ਆਪਣੀ ਬੁੱਧੀ ਦੀ ਵੇਲ ਵਧਾਣ ਲਈ ਗੁਰੂ-ਬੁਧਿ ਨਾਲ ਜੋੜ ਜੋੜਨਾ ਪੈਂਦਾ ਹੈ ਤੇ ਉਸੇ ਪਹਾਰੇ ਵਿਚ ਹੀ ਇਸ ਦੀ ਬੁੱਧੀ ਘੜੀ ਜਾ ਸਕਦੀ ਹੈ। ਜਿਤਨਾ ਚਿਰ ਮਨੁੱਖ ਕਿਸੇ ਸੁਜਾਨ ਗੁਰੂ ਦੀ ਮਤ ਨਹੀਂ ਲੈਂਦਾ ਤੇ ਆਪਣੀ ਕੱਚੀ ਮਤ ਉਤੇ ਭਰੋਸਾ ਰਖਦਾ ਹੈ, ਉਤਨਾ ਚਿਰ ਕਦਮ ਕਦਮ 'ਤੇ ਉਸ ਦੇ ਡਿੱਗ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਸ੍ਰਿਸ਼ਟੀ ਨਿਯਮ ਵਿਚ ਜਦੋਂ ਅਸੀਂ ਵਾਧੇ ਦੇ ਕਾਨੂੰਨ ਦੀ ਵਿਚਾਰ ਕਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਹਰ ਇਕ ਸ਼ੈ ਆਪਣੇ ਆਪਣੇ ਵਾਧੇ ਲਈ ਉਠਦੀ ਤੇ ਦੂਜੀਆਂ ਚੀਜ਼ਾਂ ਨੂੰ ਥਲੇ ਗਿਰਾ ਜਾਂ ਲਾਂਭੇ ਹਟਾ ਕੇ ਆਪਣਾ ਰਸਤਾ ਕਢਣਾ ਚਾਹੁੰਦੀ ਹੈ। ਇਸ ਨਿਯਮ ਅਨੁਸਾਰ ਵਿਰੋਧੀ ਤਾਕਤਾਂ ਮਨੁੱਖ ਦੀ ਬੁੱਧੀ ਨੂੰ ਕੱਚਾ ਜਾਣ ਕੇ ਹਰ ਵੇਰ ਥੱਲੇ ਸੁਟਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ। ਮਨੁੱਖ ਨੇ ਆਪਣੇ ਬਚਾਅ ਲਈ ਅਗੋਂ ਕਰੜਾ ਟਾਕਰਾ ਕਰਨਾ ਹੈ ਤੇ ਇਸ ਟਾਕਰੇ ਦੇ ਰਣ-ਖੇਤਰ ਦਾ ਨਾਮ ਹੀ ਜੀਵਨ ਦਾ ਕਾਰਨ ਕਿਹਾ ਜਾ ਸਕਦਾ ਹੈ। ਰਣ ਵਿਚ ਤਕੜਿਆਂ ਦੀ ਓਟ ਲੈਣੀ ਸਦਾ ਤੋਂ ਚਲੀ ਆਈ ਹੈ, ਸੋ ਬੁੱਧੀ ਮੰਡਲ ਦੇ ਇਸ ਖੇਤਰ ਵਿਚ ਵੀ ਤਕੜੇ ਗੁਰੂ ਦੀ ਮਦਦ ਲੈਣੀ ਬੜੀ ਜ਼ਰੂਰੀ ਹੈ। ਇਸ ਖ਼ਿਆਲ ਦੇ ਉਤੇ ਹੀ ਗੁਰੂ ਚੇਲੇ ਦੀ ਸੰਧੀ ਕਾਇਮ ਹੁੰਦੀ ਹੈ ਤੇ ਕਮਜ਼ੋਰ ਚੇਲਾ ਗੁਰੂ ਨੂੰ ਸਾਥੀ ਬਣਾ ਕੇ ਇਸ ਛਿੰਝ ਵਿਚ ਹਨੇਰੇ ਦੀਆਂ ਵਿਰੋਧੀ ਤਾਕਤਾਂ 'ਤੇ ਪ੍ਰਬਲ ਹੋ ਸਕਦਾ ਹੈ।
ਕਈ ਵੇਰਾਂ ਅਸੀਂ ਮਜ਼ਹਬ ਦਾ ਵਿਚਾਰ ਕਰਨ ਲਈ ਦੂਸਰੀ ਕਿਸਮ ਦੇ ਤਰਾਜ਼ੂ ਵਰਤਦੇ ਹਾਂ ਤੇ ਬਹੁਤ ਵੇਰੀ ਆਪਣੀ ਕੱਚੀ ਸਮਝ ਤੇ ਦਲੀਲ ਨੂੰ ਹੀ ਪਰਖ ਦੀ ਕਸਵੱਟੀ ਕਰਾਰ ਦੇਂਦੇ ਹਾਂ। ਪਰ ਜਿਸ ਤਰ੍ਹਾਂ ਹੋਰਨਾਂ ਕਈ ਇਕ ਮਾਮਲਿਆਂ ਵਿਚ ਸਾਨੂੰ ਆਪਣੀ ਸਮਝ ਤੇ ਅੰਦਰਲਿਆਂ ਭਾਵਾਂ ਨੂੰ ਰੋਕਣਾ ਤੇ ਕਿਸੇ ਦੂਸਰੇ ਦੇ ਮਗਰ ਲਗਣਾ ਪੈਂਦਾ ਹੈ, ਉਹੋ ਹੀ ਸੂਰਤ ਮਜ਼ਹਬੀ ਵਿਚਾਰ ਦੀ ਵੀ ਹੈ। ਮਿਸਾਲ ਦੇ ਤੌਰ 'ਤੇ, ਅਸੀਂ ਬਿਮਾਰੀ ਦੀ ਹਾਲਤ ਵਿਚ ਕਿਸੇ ਹਕੀਮ ਕੋਲ ਜਾਂਦੇ ਹਾਂ, ਉਹ ਸਾਨੂੰ ਦੇਖ ਕੇ ਕਿਸੇ ਖ਼ਾਸ ਰੋਗ ਦੀ ਹੋਂਦ ਸਾਡੇ ਸਰੀਰ ਵਿਚ ਦਸਦਾ ਹੈ ਤੇ ਨਾਲ ਹੀ ਖ਼ਾਸ ਕਿਸਮ ਦਾ ਪਥ-ਪਰਹੇਜ਼ ਬਿਆਨ ਕਰਦਾ ਹੈ। ਸਾਡੇ ਆਪਣੇ ਸਰੀਰ ਦੀਆਂ ਮੰਗਾਂ ਤੇ ਮਾਨਸਿਕ ਖ਼ਾਹਸ਼ਾਂ ਉਸ ਦੱਸੇ ਹੋਏ ਪਥ ਕਈ ਵੇਰਾਂ ਬਰਖ਼ਿਲਾਫ਼ ਜਾਂਦੀਆਂ ਹਨ, ਪਰ ਅਸੀਂ ਇਹ ਜਾਣਦੇ ਹੋਏ ਕਿ ਇਹ ਹਕੀਮ ਨੇ ਦੱਸੀਆਂ ਹਨ ਤੇ ਹਕੀਮ ਸਰੀਰ ਦੀ ਬਣਤਰ ਸਮਝਣ ਵਿਚ ਸਾਥੋਂ ਵਿਸ਼ੇਸ਼ ਬੁੱਧੀ ਰਖਦਾ ਹੈ, ਉਸ ਦੇ ਪਿਛੇ ਲਗ ਟੁਰਦੇ ਹਾਂ। ਸਾਨੂੰ ਬੁਖ਼ਾਰ ਵਿਚ ਪਿਆਸ ਲਗਦੀ ਹੈ, ਦਿਲ ਪਾਣੀ ਪੀਣ ਨੂੰ ਲੋਚਦਾ ਹੈ, ਪਰ ਹਕੀਮ ਦੇ ਇਹ ਕਹਿਣ ਤੇ ਕਿ 'ਪਾਣੀ ਨਹੀਂ ਪੀਣਾ, ਫਲਾਣੀ ਕਿਸਮ ਦਾ ਉਬਲਿਆ ਹੋਇਆ ਦੁਸ਼ਾਂਦਾ ਪੀਣਾ,' ਚਿਤ ਦੀ ਘਿਰਣਾ ਦੇ ਹੁੰਦਿਆਂ ਸੁੰਦਿਆਂ ਵੀ ਪਾਣੀ ਦੀ ਥਾਂ ਅਸੀਂ ਦੁਸ਼ਾਂਦਾ ਹੀ ਪੀਂਦੇ ਹਾਂ। ਜਿਸ ਤਰ੍ਹਾਂ ਅਸੀਂ ਹਕੀਮ ਦੇ ਪਾਸ ਜਾ ਕੇ ਆਪਣੇ ਸਰੀਰ ਦੀ ਅਰੋਗਤਾ ਲਈ ਆਪਣੇ ਰੋਗੀ ਸਰੀਰ ਵਾਲੇ ਮਨ ਦੀਆਂ ਸਮਝਾਂ ਛੱਡ ਬੈਠਦੇ ਹਾਂ, ਉਸੇ ਤਰ੍ਹਾਂ ਹੀ ਮਾਨਸਿਕ ਮੰਡਲ ਵਿਚ ਅਰੋਗ ਬਿਬੇਕ-ਬੁੱਧੀ ਦੀ ਪ੍ਰਾਪਤੀ ਲਈ ਕੱਚੀ ਬੁੱਧੀ ਨੂੰ ਅਗਵਾਈ ਕਰਨ ਤੋਂ ਰੋਕਣਾ ਪਵੇਗਾ ਤੇ ਪੱਕਿਆਂ ਦੇ ਮਗਰ ਲੱਗਣਾ ਹੋਵੇਗਾ:
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
(ਵਾਰ ਮਾਰੂ ਡਖਣੇ ਮ: ੫, ਪੰਨਾ ੧੧੦੨)
ਦਾ ਪਵਿਤਰ ਗੁਰਵਾਕ ਇਸੇ ਗੱਲ ਨੂੰ ਸਾਡੇ ਤੇ ਪ੍ਰਗਟ ਕਰਦਾ ਹੈ। ਮਜ਼ਹਬੀ ਦੁਨੀਆ ਵਿਚ ਇਸ ਚਲਨ ਦਾ ਨਾਮ ਹੀ ਸ਼ਰਧਾ ਰਖਿਆ ਗਿਆ ਹੈ।
ਸ਼ਰਧਾ ਪਿਛੇ ਲੱਗ ਤੁਰਨ ਦਾ ਨਾਂ ਹੈ, ‘ਹਮ ਪੀਛੈ ਲਾਗਿ ਚਲੀ' ਅਤੇ ਇਹ ਹੁਕਮ ਰੱਬੀ ਬਾਣੀ ਵਿਚ ਆਇਆ ਹੈ। ਭਾਵੇਂ ਸੰਸਾਰ ਦੇ ਹੋਰ ਸਾਰਿਆਂ ਸ੍ਰੇਸ਼ਟ ਕੰਮਾਂ ਦੀ ਨਕਲ ਵਾਂਗ ਇਸ ਉੱਚੇ ਚਲਨ ਦੀ ਨਕਲ ਵੀ ਬਹੁਤ ਵੇਰਾਂ ਕੀਤੀ ਜਾਂਦੀ ਹੈ ਤੇ ਬਿਬੇਕ-ਬੁੱਧੀ ਦੇ ਲੋੜਵੰਦ ਪੁਰਖ ਦੀ ਤੀਬਰਤਾ ਨੂੰ ਤੱਕ ਕੇ ਉਸ ਨੂੰ ਧੋਖਾ ਵੀ ਦਿੱਤਾ ਜਾਂਦਾ ਹੈ। ਮੈਲੀ ਤੋਂ ਵਧੇਰੀ ਕੱਚੀ ਬੁੱਧੀ ਵਾਲੇ ਲੋਕ ਕਈ ਵੇਰਾਂ ਭਰਮਾ ਕੇ ਜਗਿਆਸੂਆਂ ਨੂੰ ਮਗਰ ਲਾ ਲੈਂਦੇ ਹਨ, ਤੇ ਅੰਧ-ਵਿਸ਼ਵਾਸ ਦੇ ਜਾਲ ਵਿਚ ਫਸ ਕੇ ਦੁਖੀ ਹੋ ਰਹੇ ਲੋਕ ਇਸ ਗੱਲ ਦਾ ਪ੍ਰਤੱਖ ਪਰਮਾਣ ਹਨ, ਪਰ ਇਸ ਦੇ ਇਹ ਅਰਥ ਨਹੀਂ ਕਿ ਸ਼ਰਧਾ ਆਪਣੀ ਜ਼ਾਤ ਵਿਚ ਦੁਖਦਾਈ ਸ਼ੈ ਹੈ। ਜਿਸ ਤਰ੍ਹਾਂ ਮੁਲੰਮੇ ਦੇ ਗਹਿਣਿਆਂ ਦੀ ਝੂਠੀ ਨੁਮਾਇਸ਼ ਤਕ ਸੋਨੇ ਕੇ ਦੀ ਬਹੁਮੁੱਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਾਗ਼ਜ਼ਾਂ ਦੇ ਫੁੱਲ ਵੇਖ ਕੇ ਸੱਚੀ ਮੁੱਚੀ ਦੇ ਫੁੱਲਾਂ ਦੀ ਹੋਂਦ ਤੋਂ ਮੁੱਕਰ ਨਹੀਂ ਜਾਣਾ ਚਾਹੀਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਭਗਤਾਂ ਨੂੰ ਚੋਟਾਂ ਖਾਂਦਿਆਂ ਵੇਖ ਕੇ ਸੱਚੀ ਸ਼ਰਧਾ ਤੋਂ ਕੰਨੀ ਨਹੀਂ ਕਤਰਾਈ ਜਾ ਸਕਦੀ। ਇਹ ਗੱਲ ਤਾਂ ਸੰਤਾਂ ਨੇ ਵੀ ਕਹੀ ਹੈ ਕਿ ਰੋਗੀ ਦੇ ਦਰ 'ਤੇ ਢੱਠਾ ਮਰੀਜ਼ ਅਰੋਗਤਾ ਪ੍ਰਾਪਤ ਨਹੀਂ ਕਰ ਸਕਦਾ।
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥
(ਵਾਰ ਮਲਾਰ ਮ: ੧, ਪੰਨਾ ੧੨੭੯)
ਦੇ ਮਹਾਂਵਾਕ ਅਨੁਸਾਰ ਰੋਗ ਰਹਿਤ ਹੀ ਵੈਦ ਹੋ ਸਕਦਾ ਹੈ ਤੇ ਉਸੇ ਤੋਂ ਹੀ ਮਰੀਜ਼ ਨੂੰ ਲਾਭ ਪੁੱਜ ਸਕਦਾ ਹੈ। ਮਾਨਸਿਕ ਤੌਰ 'ਤੇ ਰੋਗੀ ਗੁਰੂ ਵੀ ਮਾਨਸਿਕ ਰੋਗੀ ਜਗਿਆਸੂ ਨੂੰ ਸੁਖੀ ਨਹੀਂ ਕਰ ਸਕਦਾ। ਉਸ 'ਤੇ ਸ਼ਰਧਾ ਕਰਨਾ ‘ਰਸੁ ਮਿਸੁ ਮੇਧ ਅੰਮ੍ਰਿਤੁ ਬਿਖੁ ਚਾਖੀ' ਦੇ ਵਾਕ ਅਨੁਸਾਰ ਅੰਮ੍ਰਿਤ ਦੇ ਭੁਲਾਵੇ ਬਿਖਿਆ ਦਾ ਖਾਣਾ ਹੈ। ਸੋ ਕਬੀਰ ਜੀ ਦੇ ਕਥਨ ਅਨੁਸਾਰ ਕਿ ‘ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥' ਕੱਚੇ ਗੁਰੂ 'ਤੇ ਸ਼ਰਧਾ ਲਿਆਉਣੀ ਵੀ ਜ਼ਰੂਰ ਦੁੱਖ ਰੂਪ ਹੈ। ਪਰ:
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥
(ਸਵਈਏ ਮ: ੪, ਪੰਨਾ ੧੩੯੯)
ਦੇ ਪਵਿੱਤਰ ਬਚਨ ਅਨੁਸਾਰ ਸੱਚੇ ਗੁਰੂ 'ਤੇ ਸ਼ਰਧਾ ਦੀ, ਜਗਿਆਸੂ ਨੂੰ ਉਸੇ ਤਰ੍ਹਾਂ ਦੀ ਲੋੜ ਹੈ, ਜਿਸ ਤਰ੍ਹਾਂ ਅੰਨ੍ਹੇ ਮੁਸਾਫ਼ਰ ਨੂੰ ਅੱਖਾਂ ਵਾਲੇ ਆਗੂ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਹੀ ਮੂਲ ਮੰਤਰ ਵਿਚ ਈਸ਼ਵਰ ਦਾ ਰੂਪ ਬਿਆਨ ਕਰਨ ਦੇ ਬਾਅਦ ਉਸਦੀ ਪ੍ਰਾਪਤੀ ਦੇ ਕਥਨ ਨੂੰ ਪਹਿਲਾਂ ਅਰੰਭ ਹੀ ‘ਗੁਰ ਪ੍ਰਸਾਦਿ’ ਤੋਂ ਕੀਤਾ ਗਿਆ ਹੈ। ਸੋ, ਗੁਰੂ ਦਾ ਪ੍ਰਸਾਦਿ ਗੁਰੂ 'ਤੇ ਸ਼ਰਧਾ ਕਰ ਕੇ ਹੀ ਲਿਆ ਜਾ ਸਕਦਾ ਹੈ।
ਜੀਵਨ ਦੇ ਸੰਗ੍ਰਾਮ ਵਿਚ ਪੰਜ ਮਹਾਂ ਬਲੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਹੀ ਮਨੁੱਖ ਨੂੰ ਥੱਲੇ ਡੇਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਪ੍ਰਸ਼ਨ ਆਇਆ ਹੈ:
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥
(ਆਸਾ ਮ: ੫, ਪੰਨਾ ੪੦੪)
ਜੇ ਗਿਆਨ ਨੂੰ ਛੱਡ ਕੇ ਇਤਿਹਾਸ ਕੋਲ ਇਹ ਪ੍ਰਸ਼ਨ ਕੀਤਾ ਜਾਵੇ ਤਾਂ ਇਕ-ਦਮ ਉੱਤਰ ਮਿਲੇਗਾ ਕਿ ਐਸਾ ਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਹੈ। ਮਾਤਾ ਸਾਹਿਬ ਦੇਵਾਂ ਨਾਲ ਰੂਹਾਨੀ ਵਿਆਹ, ਮੁਗ਼ਲਾਂ ਦੇ ਖ਼ਿਰਾਜ ਮੰਗਣ ਤੋਂ ਤੰਗ ਆਏ ਹੋਏ ਪਹਾੜੀ ਰਾਜਿਆਂ ਦਾ ਮਦਦ ਦੇ ਜਾਚਕ ਹੋ ਕੇ ਸਤਿਗੁਰਾਂ ਨੂੰ ਰਣ-ਭੂਮੀ ਵਿਚ ਲੈ ਜਾਣਾ, ਬਹਾਦਰ ਸ਼ਾਹ ਦੇ ਭੇਟ ਕੀਤੇ ਕੀਮਤੀ ਹੀਰੇ ਨੂੰ ਦਰਿਆ ਵਿਚ ਸੁਟ ਪਾਣਾ, ਭੰਗਾਣੀ ਦੇ ਯੁਧ ਨੂੰ ਲਿਖਦਿਆਂ ਆਪਣੇ ਆਪ ਨੂੰ ਕੀਟ ਕਰ ਲਿਖਣਾ, ਚਮਕੌਰ ਵਿਚ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਾਣਾ, ਇਸ ਉੱਤਰ ਦੇ ਜਿਊਂਦੇ ਜਾਗਦੇ ਸਬੂਤ ਹਨ। ਜਦ ਇਹ ਸਾਬਤ ਹੈ ਕਿ ਗੁਰੂ ਕਲਗੀਧਰ ਜੀ ਪੰਜਾਂ 'ਤੇ ਫ਼ਤਹਿ ਪਾ ਚੁੱਕਾ ਸਤਿਗੁਰੂ ਹੈ ਤਾਂ ਕੋਈ ਵੀ ਵਜਹ ਮਲੂਮ ਨਹੀਂ ਹੁੰਦੀ ਕਿ ਉਹਨਾਂ 'ਤੇ ਕਿਉਂ ਸ਼ਰਧਾ ਨਾ ਕੀਤੀ ਜਾਵੇ। ਸੰਤਾਂ ਨੇ ਸ਼ਰਧਾ ਦੇ ਮਜ਼ਮੂਨ 'ਤੇ ਲਿਖਦਿਆਂ ਹੋਇਆਂ ਇਹ ਬਾਰ ਬਾਰ ਕਿਹਾ ਹੈ ਕਿ ਆਪਣੀ ਕੱਚੀ ਮਤ ਨੂੰ ਠਾਕ ਕੇ ਪਿਛੇ ਲਗਾਣਾ ਹੀ ਪਰਮਾਰਥ ਦੀ ਕਾਮਯਾਬੀ ਦਾ ਰਾਜ਼ ਹੈ:
ਬਮੈ ਸੱਜ਼ਾਦਾਂ ਰੰਗੀਂ ਕੁਨ ਅਗਰ ਪੀਰੇ ਮੁਗ਼ਾਂ ਗੋਯਦ।
ਕਿ ਸਲਿਕ ਬੇਖ਼ਬਰ ਨਬਵਦ ਜ਼ਿ ਰਾਹੋ ਰਸਮੇ ਮੰਜ਼ਿਲ ਹਾ।
(ਹਾਫ਼ਜ਼)
(ਜੇ ਤੈਨੂੰ ਗੁਰੂ ਆਖੇ ਤਾਂ ਮੁਸੱਲਾ ਸ਼ਰਾਬ ਨਾਲ ਰੰਗ ਲੈ, ਕਿਉਂਕਿ ਆਗੂ ਮੰਜ਼ਲਾਂ ਦੀ ਨਿਵਾਣ ਉਚਾਣ ਤੋਂ ਵਾਕਫ ਹੁੰਦਾ ਹੈ।)
ਹਾਫ਼ਜ਼ ਜਹੇ ਸੁਜਾਨ ਪੁਰਖਾਂ ਨੇ ਵੀ ਇਹੀ ਰਸਤਾ ਦੇਖਿਆ ਹੈ।
ਸਿੱਖੀ ਵਿਚ ਖ਼ਾਲਸਾ ਪਦ ਹੀ ਆਦਰਸ਼ਕ ਪਦ ਹੈ, ਤੇ ਉਸੇ ਦੀ ਪ੍ਰਾਪਤੀ ਲਈ ਹੀ ਸਿੱਖ ਦੀ ਬੁੱਧੀ ਉਤਾਂਹ ਉੱਠਦੀ ਹੈ।
ਖ਼ਾਲਸਾ ਪਦ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਲਈ ਕਾਇਮ ਕੀਤਾ ਹੋਇਆ ਹੈ। ਸਤਿਗੁਰਾਂ ਦੇ ਜੀਵਨ ਨੂੰ ਤੱਕ ਕੇ ਹੀ ਜੋ ਉੱਚ ਭਾਵ ਜਗਿਆਸੂ ਦੇ ਚਿਤ ਵਿਚ ਪੈਦਾ ਹੁੰਦੇ ਹਨ, ਉਹੋ ਖ਼ਾਲਸਾ ਪਦ ਦੀ ਪ੍ਰਾਪਤੀ ਲਈ ਸਿੱਖ ਦੀ ਅਗਵਾਈ ਕਰਦੇ ਹਨ। ਸੋ, ਇਸ ਤਰੀਕੇ ਵਿਚ ਉੱਨਤੀ ਕਰਨ ਵਾਲੇ ਜਗਿਆਸੂ ਲਈ ਇਹ ਜ਼ਰੂਰੀ ਹੈ ਕਿ ਉਹ ਸ੍ਰੀ ਗੁਰੂ ਕਲਗੀਧਰ 'ਤੇ ਸ਼ਰਧਾ ਕਰੇ ਤੇ ਉਹਨਾਂ ਦੀ ਦੱਸੀ ਹੋਈ ਰਹਿਤ ਅਨੁਸਾਰ ਰਹਿ ਕੇ ਉੱਚਾ ਹੋਵੇ।
('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)