Haan Main Theek Thaak Haan : Dr Amarjit Tanda
ਹਾਂ ਮੈਂ ਠੀਕ ਠਾਕ ਹਾਂ (ਹਾਸ ਵਿਅੰਗ) : ਡਾ. ਅਮਰਜੀਤ ਟਾਂਡਾ
ਬੱਸ ਜ਼ਰਾ ਕਈ ਦਿਨ ਹੋਗੇ ਚੰਗੀ ਤਰ੍ਹਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਪਾਸੇ ਲੈ ਲੈ ਕੇ ਨਿਕਲਦੀ ਹੈ।
ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਕਦੇ ਕਦੇ ਕਲਸਟਰ ਉੱਪਰ ਰਹਿੰਦੀ ਹੈ ਸ਼ੂਗਰ ਨਾਲ ਮੱਥਾ ਮਾਰੀ ਜਾਂਦਾ ਹਾਂ। ਗੋਲ਼ੀਆਂ ਦਾ ਡੱਬਾ ਪਾਣੀ ਦੀ ਬੋਤਲ ਨੇੜੇ ਪਿਆ ਹੈ।ਫੋਨ ਤੇ ਗੱਲ ਕਰੋ ਸਿਹਤ ਬਾਰੇ ਪੁਛੋ ਕਹਿਣਗੇ ਚੜ੍ਹਦੀ ਕਲਾ- ਤੁਸੀਂ ਸੁਣਾਉ ਆਪਣਾ।
ਬਿਲਕੁਲ ਠੀਕ ਠਾਕ ਹਾਂ ਫਿਕਰ ਨਾ ਕਰਿਓ।
ਗੋਡੇ ਵਿੱਚ ਦਰਦਾਂ ਨੇ। ਕਦੇ ਕਦੇ ਧੌਣ ਦੁੱਖਦੀ ਰਹਿੰਦੀ ਹੈ। ਅੱਖਾਂ ਤੋਂ ਘੱਟ ਦਿਖਾਈ ਦੇਣ ਲੱਗ ਪਿਆ ਹੈ। ਅੱਖਾਂ ਵਿਚ ਮੋਤੀਆ ਉਤਰ ਆਇਆ ਹੈ।
ਪਰ ਓਦਾਂ ਬਿਲਕੁਲ ਠੀਕ ਠਾਕ ਹਾਂ ਚੜ੍ਹਦੀਆਂ ਕਲਾਂ 'ਚ ਹਾਂ।
ਅਜੇ ਕੱਲ ਹੀ ਡਾਕਟਰ ਕੋਲੋਂ ਹੋ ਕੇ ਆਇਆ ਹਾਂ। ਚੈਕਅੱਪ ਕਰਾਇਆ ਸੀ। ਬਲੱਡ ਪ੍ਰੈਸ਼ਰ ਪਿੱਛਾ ਨਹੀਂ ਛੱਡਦਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ। ਗਿੱਟਿਆਂ ਤੇ ਲੱਕ 'ਚ ਪੀੜ ਬਹੁਤ ਹੁੰਦੀ ਹੈ। ਇਹ ਲੋਕਾਂ ਦਾ ਕਹਿਣਾ ਹੁੰਦਾ ਹੈ।
ਉਂਝ ਤੂੰ ਫਿਕਰ ਨਾ ਕਰੀਂ ਮੈਂ ਬਿਲਕੁਲ ਠੀਕ ਠਾਕ ਹਾਂ।
ਹੌਲੀ ਹੌਲੀ ਤੁਰ ਲੈਨਾ ਹਾਂ। ਹੁਣ ਕਿਹੜਾ ਮੈਂ ਖੇਡਾਂ ਖੇਡਣੀਆਂ ਨੇ ਜਾਂ ਲੜਾਈਆਂ 'ਚ ਜਾਣਾ। ਬੱਸ ਹੌਲੀ ਹੌਲੀ ਆਪੇ ਚਾਹ ਬਣਾ ਲੈਂਦਾ ਹਾਂ।
ਨਿਆਣਿਆਂ ਨੂੰ ਆਦਤਾਂ ਚੰਗੀਆਂ ਨਹੀਂ ਲੱਗਦੀਆਂ ਹੁਣ ਬੁੱਢਿਆਂ ਦੀਆਂ। ਦਰਵਾਜ਼ੇ ਬੰਦ ਕਰ ਜਾਂਦੇ ਨੇ ਥੋੜੀ ਥੋੜੀ ਦੇਰ ਬਾਅਦ। ਕਹਿੰਦੇ ਨੇ ਤੁਸੀਂ ਖੰਘਦੇ ਰਹਿੰਦੇ ਹੋ। ਕਿਸੇ ਨੇ ਸੌਣਾ ਵੀ ਹੁੰਦਾ ਹੈ।
ਤੁਸੀਂ ਸੁਣਾਓ ਆਪਣੇ ਪਰਿਵਾਰ ਬੱਚਿਆਂ ਦਾ ਕਿਸ ਤਰ੍ਹਾਂ ਚੱਲ ਰਹੀ ਹੈ।
ਸਵੇਰੇ ਪੜ੍ਹਦਾ ਰਹਿੰਦਾ ਹਾਂ ਜਾਂ ਚਾਰ ਦੋਸਤਾਂ ਨਾਲ ਸਲਾਹ ਕਰਦਾ ਰਹਿੰਦਾ ਹਾਂ ਕਿ ਤੁਸੀਂ ਦਰਦਾਂ ਨੂੰ ਕਿਵੇਂ ਕੰਟਰੋਲ ਕਰਦੇ ਹੋ। ਘਰੇਲੂ ਇਲਾਜ ਕੇਹੜੇ ਵਰਤਦੇ ਹੋ।
ਐਕਸਰੇ ਕਰਵਾਇਆ ਸੀ ਬਲੱਡ ਦਾ ਵੀ ਸੈਂਪਲ ਦਿੱਤਾ ਸੀ ਚੈਕਅੱਪ ਕਰਵਾਉਣ ਲਈ। ਉੱਪਰ ਹੀ ਦੱਸਿਆ ਸਾਰਾ ਕੁਛ ਨੀਚੇ ਕੁਛ ਨਹੀਂ ਹੈ।
ਸਿੰਘ ਕਿਸੇ ਵੀ ਕੰਮ 'ਚ ਨੀਵੇਂ ਨਹੀਂ ਨਾ ਰਹਿਣਾ ਚਾਹੁੰਦੇ ਖਬਰੇ ਟੈਸਟ ਵਿੱਚ ਕਿੱਥੋਂ ਹਰ ਵੇਲੇ ਸਭ ਕੁਝ ਉੱਪਰ ਹੀ ਆਈ ਜਾਂਦਾ ਰਹਿੰਦਾ ਹੈ। ਸਮਝ ਨਹੀਂ ਆਉਂਦੀ !
ਮੈਂ ਬਿਲਕੁਲ ਠੀਕ ਠਾਕ ਹਾਂ ਘੋੜੇ ਵਰਗਾ। ਤੁਸੀਂ ਆਪਣੀ ਸਿਹਤ ਬਾਰੇ ਦੱਸਣਾ।
ਇਨ੍ਹਾਂ ਦੀ ਚੜ੍ਹਦੀ ਕਲਾ ਦਾ ਮਤਲਬ ਦੇਖ ਲੋ !