ਹਮ ਅਗਿਆਨਹੀਣ ਅਗਿਆਨੀ (ਵਿਅੰਗ) : ਬੁੱਧ ਸਿੰਘ ਨੀਲੋਂ

ਗਿਆਨ ਤੇ ਡਿਗਰੀਆਂ ਹਾਸਲ ਕਰਨ ਵਿੱਚ ਅੰਤਰ ਬਹੁਤ ਹੈ। ਗਿਆਨ ਹਾਸਲ ਕਰਨ ਲਈ ਜ਼ਿੰਦਗੀ ਗੁਜਰ ਜਾਂਦੀ ਹੈ। ਡਿਗਰੀਆਂ ਮੁੱਲ ਲਈਆਂ ਜਾ ਸਕਦੀਆਂ ਹਨ। ਨੋਟ ਦੇ ਕੇ ਨੌਕਰੀ ਖਰੀਦੀ ਜਾ ਸਕਦੀ ਹੈ ਪਰ ਨੌਕਰ ਬਣ ਕੇ ਕੰਮ ਸੌਖਾ ਨਹੀਂ ਹੁੰਦਾ। ਸੌਹਰਤ ਹਾਸਲ ਕਰਨੀ ਸੌਖੀ ਹੈ ਪਰ ਸੰਭਾਲ ਕੇ ਰੱਖਣੀ ਹੁੰਦੀ ਹੈ । ਹਥਿਆਰ ਇੱਕ ਵਾਰ ਵਰਤੇ ਜਾਂਦੇ ਹਨ, ਸਾਰੀ ਜ਼ਿੰਦਗੀ ਸੰਭਾਲ ਕੇ ਰੱਖਣੇ ਪੈਦੇ ਹਨ । ਮਨੁੱਖ ਦਾ ਗੁਰੂ ਮਾਂ ਹੁੰਦੀ ਹੈ । ਮਾਂ ਨੂੰ ਪੁੱਤ ਦੇ ਚੰਗੇ ਮੰਦੇ ਲੱਛਣ ਪਤਾ ਹੁੰਦੇ ਹਨ । ਫੋੜਾ ਤੇ ਘੋੜਾ ਪਲੋਸਿਆਂ ਵੱਡੇ ਹੁੰਦੇ ਹਨ ।

ਜ਼ਿੰਦਗੀ ਦੇ ਵਿੱਚ ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਮਹੱਤਵਪੂਰਣ ਹੈ..ਚੰਗਾ ਗੁਰੂ ਹੀ ਤੁਹਾਨੂੰ ਵਧੀਆ ਇਨਸਾਨ ਬਣਾ ਸਕਦਾ ਹੈ। ਹਰ ਪ੍ਰਤੀਵੱਧ ਗੁਰ ਦੀ ਇੱਛਾ ਹੁੰਦੀ ਹੈ ਕਿ ਉਸਦੇ ਚੇਲੇ ਉਸ ਤੋਂ ਚਾਰ ਕਦਮ ਅੱਗੇ ਜਾਣ।

ਪਹਿਲਾਂ ਗੁਰੂ ਆਪਣੇ ਕਿੱਤੇ ਪ੍ਰਤੀਵੱਧ ਹੁੰਦੇ ਸਨ ਪਰ ਸਮਾਂ ਬਦਲਣ ਦੇ ਨਾਲ ਗੁਰੂ ਤਾ ਰਹਿ ਗਏ ਪਰ ਪ੍ਰਤੀਵੱਧਤਾ ਖਤਮ ਹੋ ਗਈ ਹੈ। ਗੁਰੂ ਨੂੰ ਪਤਾ ਹੁੰਦਾ ਹੈ ਕਿ ਉਸਦੇ ਚੇਲਿਆਂ ਦੇ ਵਿੱਚ ਕੀ ਗੁਣ ਤੇ ਅੌਗੁਣ ਹਨ। ਉਸ ਨੇ ਔਗੁਣ ਦੂਰ ਕਰਨੇ ਹੁੰਦੇ ਹਨ ਜਿਵੇਂ ਮੂਰਤੀ ਤਾਂ ਪੱਥਰ ਵਿੱਚ ਹੁੰਦੀ ਹੈ ਮੂਰਤੀਕਾਰ ਨੇ ਤਾਂ ਵਾਧੂ ਮਲਬਾ ਉਤਾਰਨਾ ਹੁੰਦਾ ਹੈ। ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ !

ਸੋ ਗੁਰੂ ਕਰਹੁ ਜਿ ਬਾਹੁਰਿ ਨਾ ਕਰਨਾ

ਪਰ ਜੇ ਗੁਰੂ ਆਪ ਹੀ ਅੰਨ੍ਹਾ ਹੋਵੇ ਤੇ ਉਹ ਦੂਸਰੇ ਕੀ ਸਿੱਖਿਆ ਦੇਵੇਗਾ? ਉਸ ਦੀ ਹਾਲਤ ਇਸ ਸ਼ਬਦ ਵਰਗੀ ਹੁੰਦੀ ਹੈ।

ਗੁਰੂ ਜਿੰਨਾਂ ਕਾ ਅੰਧਲਾ
ਚੇਲੇ ਨਾਹੀ ਠਾਉ।
ਬਿਨੁ ਸਤਿਗੁਰ ਨਾਉ
ਨਾ ਪਾਈਐ ਬਿਨੁ
ਲਾਵੈ ਕਿਆ ਸੁਆਉ।।

ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਕਿੱਤੇ ਦੇ ਵਿੱਚ ਗੁਰੂ ਤੇ ਚੇਲੇ ਦੀ ਪ੍ਰੰਪਰਾ ਹੈ। ਬਿਨ ਗੁਰੂ ਦੇ ਤੁਸੀਂ ਕੋਈ ਵੀ ਮੈਦਾਨ ਸਰ ਨਹੀ ਕਰ ਸਕਦੇ। ਜਿਵੇਂ ਤੱਗੜੀ ਫੌਜ ਦਾ ਬੇਸਮਝ ਕਪਤਾਨ ਜਾਨ ਦਾ ਖੌਹ ਬਣ ਜਾਂਦਾ ਹੈ। ਜੰਗ ਕੋਈ ਵੀ ਹੋਵੇ ਤਾਕਤ ਦੇ ਨਾਲ ਨਹੀਂ, ਜੁਗਤ ਤੇ ਸਿਆਣਪ ਦੇ ਨਾਲ ਲੜੀ ਤੇ ਜਿੱਤੀ ਜਾਂਦੀ ਹੈ। ਬਹੁਤ ਵਾਰ ਜ਼ੋਰਾਵਰ ਪਹਿਲਵਾਨ ਆਪਣੀ ਤਾਕਤ ਦੇ ਨਾਲ ਬਿਨਾ ਦਾਅ ਦੇ ਹੁੰਦਿਆਂ ਢਹਿ ਜਾਂਦਾ ਹੈ। ਜ਼ਿੰਦਗੀ ਦੇ ਵਿੱਚ ਹਰ ਜੰਗ ਜਿੱਤਣ ਦੇ ਲਈ ਨਹੀਂ ਸਗੋਂ ਆਪਣੀ ਹੋੰਦ ਬਚਾਈ ਰੱਖਣ ਤੇ ਅਜ਼ਾਦ ਜਿਉਣ ਦੇ ਲਈ ਲੜੀ ਜਾਂਦੀ ਹੈ।ਬਹੁਗਿਣਤੀ ਲੋਕ ਤਾਂ ਗੁਰਬਾਣੀ ਦੇ ਇਸ ਸਲੋਕ ਦੀ ਹੀ ਪ੍ਰਕਰਮਾ ਕਰਦੇ ਹਨ। ਬਹੁਤ ਘੱਟ ਸ਼ਖਸੀਅਤਾਂ ਹੁੰਦੀਆਂ ਹਨ ਜੋ ਲੋਕਾਂ ਦੇ ਲਈ ਕਾਰਜਸ਼ੀਲ ਹੁੰਦੀਆਂ ਹਨ।

ਉਨ੍ਹਾਂ ਹੀ ਲੋਕਾਂ ਨੂੰ ਅਸੀਂ ਲੋਕ ਨਾਇਕ ਆਖਦੇ ਹਾਂ। ਪਹਿਲੇ ਸਮਿਆਂ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਗਾਇਕਾਂ ਨੂੰ ਲੋਕ ਗਾਇਕ ਆਖਿਆ ਜਾਂਦਾ ਸੀ। ਉਹ ਲੋਕ ਗਾਇਕ ਨਹੀਂ ਸੀ ਹੁੰਦੇ ਸਨ। ਉਹ ਤੇ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਹੁੰਦੇ ਸਨ। ਸਾਡੇ " ਬਿਧਮਾਨਾਂ ਤੇ ਮੁਰਗੇ ਦੀ ਟੰਗ " ਦੇ ਨਾਲ ਲਿਖਣ ਵਾਲੇ ਪੱਤਰਕਾਰਾਂ ਨੇ ਉਹਨਾਂ ਨੂੰ ਲੋਕ ਗਾਇਕ ਬਣਾ ਦਿੱਤਾ। ਉਹਨਾਂ ਦਾ ਕਿਹਾ ਤੇ ਲਿਖਿਆ ਅਸੀਂ ਸੱਚ ਮੰਨ ਲਿਆ ਪਰ ਅਸੀਂ ਸੱਚ ਦੀ ਖੋਜ ਨਹੀਂ ਕੀਤੀ ਤੇ ਅਸੀਂ ਖੋਜਾਰਥੀ ਬਣ ਕੇ "ਬਿਧਮਾਨ "ਬਣ ਗਏ।

ਇਕ ਵਾਰ ਮੈਂ \ਇਕ ਖੋਜਾਰਥੀ ਨੂੰ ਪੁੱਛਿਆ ਕਿ " ਤੇਰੇ ਐਨੇ ਨੰਬਰ ਘੱਟ ਕਿਓ ਆਏ...ਹੁਣ ਤੂੰ ਕਵਿਤਾ ਦੇ ਵਿੱਚ ਪ੍ਰਗਤੀਵਾਦੀ ਵਿਚਾਰਧਾਰਾ ਦੇ ਨਾਲ ਜੁੜੇ ਕਵੀਆਂ ਦੇ ਬਾਰੇ ਖੋਜ ਕਰ ਰਿਹਾ। ਮੈਨੂੰ ਅੈ ਦੱਸ ਕਿ ਮਾਰਕਸ ਤੇ ਏਗਲਜ਼ ਦੇ ਵਿੱਚ ਕੀ ਅੰਤਰ ਤੇ ਵਿਰੋਧ ਹੈ?"

ਉਹ ਬੋਲਿਆ " ਸਰ.! ਜੇ ਕਿਤੇ ਪੇਪਰਾਂ ਵੇਲੇ ਮੇਰਾ ਐਗਲ ਠੀਕ ਹੁੰਦਾ ਤਾਂ ਘੱਟੋ ਘੱਟ ਸੱਤਰ ਪਰਸੈਟ ਮਾਰਸਕ ਆਉਦੇ...ਤੇ ਰਹੀ ਗੱਲ ਪ੍ਰਤੀਵਾਦ ਦੀ ਇਹ ਤੇ ਜੀ ਆਪਾਂ ਏਧਰੋੰ ਓਧਰੋਂ ਚੇਪ ਦੇਣਾ..ਆਪਾਂ ਕਾਪੀ ਕਰਨ ਦੇ ਵਿੱਚ ਪੂਰੇ ਮਾਸਟਰ ਹਾਂ ! ਹੋਰ ਸੁਣਾਓ....ਕਿਵੇਂ ਚੱਲਦੀ ਹੈ..ਘਰ ਦੀ ਗੱਡੀ ...?"

ਹੁਣ ਉਹ ਸੱਜਣ ਪੁਰਸ਼ ਕਿਸੇ ਯੂਨੀਵਰਸਿਟੀ ਦਾ ਵਿਭਾਗ ਦਾ ਮੁਖੀ ਹੈ। ਦਸ ਲੈਕਚਰਾਰ ਉਸਦੇ ਥੱਲੇ ਹਨ।.ਸਿਆਣੇ ਕਹਿੰਦੇ ਹਨ ਕਿ " ਜਿਹੇ ਕੁੱਜੇ,ਓਹ ਜਿਹੇ ਆਲੇ....ਜਿਹੇ ਜੀਜੇ ਓਹ ਜਿਹੇ ਸਾਲੇ...ਕਰਦੇ ਘਾਲੇ ਮਾਲੇ।" ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਹੈ...ਪਰ ਹੁਣ ਇਹ ਰਿਸ਼ਤਾ ਕੁੱਝ ਕਾਮ ਦੇ ਅੰਨ੍ਹਿਆਂ ਨੇ ਅਪਵਿੱਤਰ ਕਰ ਦਿੱਤਾ। ਉਹ ਕਿਵੇਂ ਅਪਵਿੱਤਰ ਹੋਇਆ ਹੈ ? ਇਹ ਤੇ ਉਹ ਹੀ ਦੱਸ ਸਕਦੇ ਹਨ ਜਿਹੜੇ ਆਪਣੇ ਧੀਆਂ ਤੇ ਪੁੱਤਰਾਂ ਵਰਗਿਆਂ ਦੇ ਨਾਲ......!"

ਸਾਵਲ ਧਾਮੀ ਨੇ ਇਸ ਵਰਤਾਰੇ ਬਾਰੇ ਦੋ ਕਹਾਣੀਆਂ ਲਿਖੀਆਂ ਹਨ। ਜੋ ਉਸਦੀ ਪੁਸਤਕ " ਤੂੰ ਨਿਹਾਲਾ ਨਾ ਬਣੀ।"" ਦੇ ਵਿੱਚ ਹਨ...ਗਾਈਡ ...ਤੇ ਦੂਜੀ....ਪੇੰਜੀ ਦੇ ਫੁੱਲ ....। ਉਸਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦੇ ਅਸਲੀ ਕਿਰਦਾਰ ਨੂੰ ਉਸਦੇ ਵਿੱਚ ਚਿਤਰਿਆ ਹੈ। ਕਦੇ ਮੌਕਾ ਲੱਗੇ ਤਾਂ ਪੜ੍ਹ ਲਿਓ...ਤੇ ਉਹ ਵਿਦਵਾਨਾਂ ਨੂੰ ਪਛਾਣਿਓ..ਕਿ ਕੌਣ ਹਨ?" ਤੁਸੀਂ ਚੰਡੀਗੜ੍ਹ ਦੇ ਇਕ ਵਿਦਵਾਨ ਦੀ ਰਜਾਈ ਵਾਲੀ ਗੱਲ ਤੇ ਸੁਣੀ ਹੋਵੇਗੀ...ਕੀ ਕਿਹਾ ਸੁਣੀ ਨਹੀਂ ..?...ਅੱਛਾ ਜੀ....ਉਹ ਵਿਦਵਾਨ ਰਜਾਈ ਵਿੱਚ ਬੈਠ ਕੇ ਹੀ ਲਿਖਿਆ ਚੈਕ ਕਰਦਾ ਹੁੰਦਾ ਸੀ...ਪਤਾ ਨਹੀ ਉਸਨੂੰ ਠੰਡ ਲੱਗਦੀ ਜਾਂ ਫਿਰ ਕੋਈ ਹੋਰ ਚੱਕਰ ਸੀ...ਬਹੁਤ ਦੇਰ ਤਾਂ ਢਕੀ ਰਿਝਦੀ ਰਹੀ. ਤੇ ਇਕ ਦਿਨ ਭਾਣਾ ਵਾਪਰ ਗਿਆ। ਦਹੀ ਦੇ ਭੁਲੇਖੇ ਉਸ ਨੇ ਕਪਾਹ ਦੀ ਫੁੱਟ ਨੂੰ ਮੂੰਹ ਪਾ ਲਿਆ ..ਬਸ ਫੇਰ ਜੀ ਜੋ ਹੋਇਆ, ਓਹੀ ਹੋਇਆ, ਬਚਾ ਇਹ ਹੋ ਗਿਆ ਕਿ ਉਸ ਦੀ ਯੂਨੀਵਰਸਿਟੀ ਦੇ ਵਿੱਚ ਉਸ ਫੁੱਟ ਵਰਗੀ ਨੇ ਸ਼ਿਕਾਇਤ ਨਾ ਕੀਤੀ ....ਤੇ ਉਸ ਤੇ ਉਲਟਾ ਵੱਟਾ ਇਹ ਰੱਖ ਗਈ ਕਿ ਹੁਣ ਥੀਸਿਸ ਆਪ ਹੀ ਲਿਖੀ, ਜਿਸ ਦਿਨ ਜਮਾਂ ਕਰਵਾਉਣਾ ਹੋਇਆ ਦੱਸ ਦੇਵੀ, ਨਹੀਂ ਮੇਰੇ ਸਾਲੇ ਦਾ ਜਲੂਸ ਕੱਢ ਦੂ ਤੇਰੀ ਆਪਣੀ ਯੂਨੀਵਰਸਿਟੀ ਦੇ ਵਿੱਚ !"

ਚਲੋ ਤੁਸੀਂ ਵੀ ਚੁਰਚਰੀਆਂ ਗੱਲਾਂ ਪੜ੍ਹਨ, ਸੁਨਣ ਤੇ ਦੇਖਣ ਦੇ ਆਦੀ ਹੋ ਗਏ। ਤੁਹਾਡੀਆਂ ਆਦਤਾਂ ਸਾਡੇ ਟੀਵੀ 'ਤੇ ਚੱਲਦੇ ਲੜੀਵਾਰ ਸੀਰੀਅਲ ਤੇ ਸਨਸਨੀਖੇਜ ਖਬਰਾਂ ਦਿਖਾਉਣ ਵਾਲੇ ਨਿਊਜ ਚੈਨਲਾਂ ਨੇ ਵਿਗਾੜੀਆਂ ਹਨ! ਸਮਾਜ ਦਾ ਚਿੰਤਕ ਤੇ ਖੋਜੀ ਪੱਤਰਕਾਰ ਰਵੀਸ਼ ਕੁਮਾਰ ਇਹ ਕਹਿ ਕੇ ਹੱਭ ਗਿਆ ਕਿ ਤੁਸੀਂ ਟੀਵੀ ਦੇਖਣਾ ਬੰਦ ਕਰਦੋ..ਤਾਂ ਤੁਹਾਡੇ ਮਨ ਦੀ ਮਰ ਚੁੱਕੀ ਸੰਵੇਦਨਾ ਜਾਗ ਪਵੇਗੀ ਤੇ ਜੇ ਤੁਸੀਂ ਦੇਖਦੇ ਰਹੋਗੇ ਤਾਂ ਤੁਸੀਂ ਕਦੇ ਵੀ ਕਾਤਲ ਬਣ ਸਕਦੇ ਹੋ!"

ਅਸੀਂ ਕਿਸੇ ਦੇ ਦੱਸਣ "ਤੇ ਬਹੁਤ ਜਲਦੀ ਪ੍ਰਭਾਵ ਕਬੂਲ ਕਰਦੇ ਹਾਂ ਤੇ ਸਾਡੀ ਚੇਤਨਾ ਬੰਦ ਹੋ ਜਾਂਦੀ ਹੈ। ਹੁਣ ਚੇਤਨਾ ਤਾਂ ਹੀ ਪੈਦਾ ਹੋ ਸਕਦੀ ਹੈ ਜੇ ਅਸੀਂ ਗਿਆਨ ਹਾਸਲ ਕਰਾਂਗੇ। ਗਿਆਨ ਕਿਤਾਬਾਂ ਤੇ ਤਜਰਬੇਕਾਰ ਇਨਸਾਨਾਂ ਕੋਲੋਂ ਹੀ ਹਾਸਲ ਹੋ ਸਕਦਾ ਹੈ। ਸਿਲੇਬਸ ਦੀਆਂ ਕਿਤਾਬਾਂ ਸਾਨੂੰ ਫਰਜ਼ੀ ਗਿਆਨ ਦੇੰਦੀਆਂ ਹਨ ਜੋ ਨੌਕਰੀ ਤੇ ਲੱਗਣ ਤੇ ਵਿਆਹ ਕਰਵਾਉਣ ਦੇ ਹੀ ਕੰਮ ਆਉਦਾ ਹੈ ਪਰ ਜ਼ਿੰਦਗੀ ਦੇ ਵਿੱਚ ਫੇਰ ਕਦੇ ਕੰਮ ਨਹੀਂ ਆਉਦਾ।

ਸਾਡੀ ਸਿੱਖਿਆ ਪ੍ਰਣਾਲੀ ਮੈਕਾਲਿਆ ਦੀ ਬਣਾਈ ਹੋਈ ਹੈ...ਜੋ ਅੱਜ ਤੱਕ ਚੱਲ ਰਹੀ ਹੈ। ਤੁਸੀਂ ਕੰਮ ਧੰਦਾ ਉਹ ਹੀ ਸਿੱਖਦੇ ਹੋ ਜੋ ਅੱਗੇ ਜ਼ਿੰਦਗੀ ਦੇ ਵਿੱਚ ਕੰਮ ਆਵੇ...ਇਹ ਨਹੀਂ ਕਿ..ਤੁਸੀਂ ਕੱਪੜੇ ਵੇਚਦੇ ਹੋਵੋ ਤੇ ਕਹੋ ਮੈਂ ਜਹਾਜ਼ ਚਲਾ ਸਕਦਾ। ਇਹ ਤਾਂ ਨਹੀਂ ਹੋ ਸਕਦਾ ਪਰ ਹੋ ਰਿਹਾ ਬਗੈਰ ਤਜਰਬੇ ਸਭ ਕੁੱਝ ਚੱਲੀ ਜਾ ਰਿਹਾ ਹੈ।

ਗਿਆਨ ਗੁਰੂ ਨੇ ਦੇਣਾ ਹੈ। ਚੇਲੇ ਦੇ ਮਨ ਤੇ ਮਸਤਕ ਤੇ ਪਈ ਕਈ ਤਰ੍ਹਾਂ ਦੇ ਕੰਪਲੈਕਸ ਦੀ ਧੂੜ ਨੂੰ ਸਾਫ ਕਰਨਾ ਹੁੰਦਾ ਹੈ। ਗੁਰੂ ਤਾਂ ਉਹ ਧੂੜ ਸਾਫ ਕਰ ਸਕਦਾ ਹੈ ਜੇ ਉਸ ਦਾ ਮਸਤਕ ਸਾਫ ਤੇ ਸੁਥਰਾ ਹੋਵੇਗਾ ਤਾਂ ਉਹ ਦੂਸਰੇ ਦੇ ਮੱਥੇ ਦੇ ਵਿੱਚ ਗਿਆਨ ਤੇ ਵਿਗਿਆਨ ਦਾ ਦੀਵਾ ਜਗਾ ਸਕਦਾ ਹੈ। ਗੁਰੂ ਨੇ ਚੇਲੇ ਦਾ ਬੁੱਝਿਆ ਦੀਵਾ ਇਕ ਵਾਰ ਜਗਾਉਣਾ ਹੁੰਦਾ ਤੇ ਫੇਰ ਚੇਲੇ ਨੇ ਆਪ ਹੀ ਦੀਵੇ ਵਿੱਚ ਆਪਣਾ ਤੇਲ ਪਾਉਣਾ ਹੁੰਦਾ । ਗਿਆਨ ਹਾਸਲ ਕਰਨ ਲਈ ਤਪ ਕਰਨਾ ਪੈਦਾ ਹੈ। ਜਿਸਨੂੰ ਸਾਧ ਭਾਸ਼ਾ ਦੇ ਵਿੱਚ ਤਪੱਸਿਆ ਕਰਨੀ ਕਹਿੰਦੇ ਹਨ। ਗਿਆਨ ਦਾ ਘਰ ਦੂਰ ਬਹੁਤ ਹੈ ਪਰ ਇਸਨੂੰ ਸਾਧਨਾ ਤੇ ਤਪੱਸਿਆ ਦੇ ਨਾਲ ਨੇੜੇ ਕੀਤਾ ਜਾ ਸਕਦਾ ਹੈ ।

ਤੁਸੀਂ ਮਿਹਨਤ ਤੇ ਲਗਨ ਨਾਲ ਨਿਸ਼ਾਨਾ ਸਾਧ ਕੇ ਕੋਈ ਵੀ ਕੰਮ ਕਰੋ ਸਫਲ ਹੋ ਜਾਵੋਗੇ। ਸਫਲਤਾ ਦੀ ਕੁੰਜੀ ਗੁਰੂ ਨੇ ਦੇਣੀ ਹੁੰਦੀ ਹੈ ਤੇ ਕਈ ਗੁਰੂ ਚਾਬੀ ਹੀ ਕਿਸੇ ਹੋਰ ਜਿੰਦੇ ਵਿੱਚ ਜਦੋਂ ਪਾਉਣ ਲੱਗ ਜਾਣ ਫੇਰ ਅਗਿਆਨ ਕੀ ਆਂਧੀ ਆਉਦੀ ਹੈ ਜੋ ਹੁਣ ਝੱਖੜ ਬਣ ਚੁੱਕੀ ਹੈ। ਗੁਰੂ ਤੇ ਚੇਲੇ ਦੇ ਵਿੱਚ ਅੰਤਰ ਮਿੱਟ ਗਿਆ ਹੈ। ਇਹ ਸਮਾਜ ਦੇ ਲਈ ਬਹੁਤ ਖਤਰਨਾਕ ਹੈ ਤੇ ਸੱਤਾ ਦੇ ਲਈ ਰਾਮਬਾਣ ਹੈ। ਉਹਨਾਂ ਦਾ ਮਕਸਦ ਹਲ ਹੋ ਰਿਹਾ ਹੈ ਕਿ ਸਟੇਟ ਗਿਆਨ ਵਿਹੂਣੇ ਸਾਖਰ ਸਮਾਜ ਦੀ ਸਿਰਜਣਾ ਦੇ ਵੱਲ ਵੱਧ ਰਹੀ ਤੇ ਅਸੀਂ ਜਾਣੇ ਤਾ ਅਣਜਾਣੇ ਦੇ ਵਿੱਚ ਉਹਨਾਂ ਦੇ ਭਾਈਵਾਲ ਬਣ ਗਏ ਹਾਂ :-

ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾ ਘਰੇ ਮਸੀਤ

ਅਸਲ ਵਿੱਚ ਸਾਰਾ ਵਰਤਾਰਾ ਉਪਜੀਵਕਾ ਤੱਕ ਸੀਮਿਤ ਹੋ ਕੇ ਰਹਿ ਗਿਆ। ਗਿਆਨ ਦੀ ਲਾਲਸਾ ਨਹੀ ਰਹੀ ਨਾ ਹਾਸਿਲ ਕਰਨ ਦੀ ਨਾ ਵੰਡਣ ਦੀ। ਰੋਟੀਆ਼ ਕਾਰਨ ਪੂਰੇ ਤਾਲ ਦੀ ਸਥਿਤੀ ਏ। ਨੌਕਰੀਆ਼ ਮੈਰਿਟਾਂ ਤੇ ਮਿਲਦੀਆ਼ ਮੈਰਿਟਾਂ ਨੰਬਰਾ਼ ਨਾਲ ਆਉਣੀਆ। ਨੰਬਰ ਲੈਣ ਲਈ ਜੋ ਕਰਨਾ ਹੈ, ਕਰੋ ਰੈਡੀ ਮੇਡ ਮਟੀਰੀਅਲ ਖਰੀਦੋ ਨੰਬਰ ਲਵੋ । ਨੌਕਰੀ ਲਵੋ ਗਿਆਨ ਪਿਆ ਢੱਠੇ ਖੂਹ ਵਿੱਚ ਜਦ ਸਭ ਕੁੱਝ ਮੰਡੀ ਦਾ ਹਿੱਸਾ ਫੇਰ ਕੌਣ ਗੁਰੂ ਕੌਣ ਚੇਲਾ।

  • ਮੁੱਖ ਪੰਨਾ : ਬੁੱਧ ਸਿੰਘ ਨੀਲੋਂ : ਪੰਜਾਬੀ ਲੇਖ ਅਤੇ ਵਿਅੰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ