Handhi-Varti (Punjabi Story) : Simmipreet Kaur
ਹੰਢੀ-ਵਰਤੀ (ਕਹਾਣੀ) : ਸਿੰਮੀਪ੍ਰੀਤ ਕੌਰ
ਪਿੱਠ ਕਰ ਕੇ ਪਏ ਸੁਰਜੀਤ ਨੂੰ ਪਲੋਸਣ ਦੀ ਤਾਂਘ ਮਨ ਵਿਚ ਮਾਰ ਮੈਂ ਮੂੰਹ ਦੂਜੇ ਪਾਸੇ ਕਰ ਲਿਆ ਸੀ।
ਇੰਝ ਹੀ ਤਾਂ ਸੱਧਰਾਂ ਮਰਦੀਆਂ ਨੇ। ਮਨ ਸੜ ਕੇ ਸੁਆਹ ਹੋ ਜਾਂਦੈ। ਹੰਝੂਆਂ ਦੀ ਧਾਰ ਨੇ ਸਿਰਹਾਣੇ ਦੀ
ਕੰਨੀਂ ਗਿੱਲੀ ਕਰ ਦਿੱਤੀ ਸੀ। ਸਰੀਰ ਦੀ ਦੁਖਦੀ ਰਗ਼-ਰਗ਼ ਟੱਸ-ਟੱਸ ਕਰ ਰਹੀ ਸੀ। ਮਨ ਭਰਿਆ
ਪਿਆ ਸੀ ਦੁਖਦੀਆਂ ਪਰਤਾਂ ਨਾਲ। ਜੀਅ ਕਰਦਾ ਸੀ ਇਕ ਵੇਰ ਉੱਚੀ ਉੱਚੀ ਰੋ ਲਵਾਂ ਤੇ ਆਪਣੇ ਅੰਦਰ
ਭਰੇ ਬੇਬਸੀਆਂ ਦੇ ਢੇਰ ਨੂੰ ਸਾੜ ਦੇਵਾਂ। ਕੋਈ ਗਲ਼ ਲਾਉਣ ਵਾਲਾ ਵੀ ਤਾਂ …। ਉਹ ਨੀਂ ਜਾਣਦਾ ਕਈ
ਗੁੰਝਲਾਂ ਹੁੰਦੀਆਂ ਨੇ ਜਿਹੜੀਆਂ ਉਸੇ ਨਾਲ ਈ ਫਰੋਲੀਆਂ ਜਾ ਸਕਦੀਆਂ ਨੇ। ਪਰ ਕਿੰਝ ਫਰੋਲਾਂ?
ਗੁੰਝਲਾਂ ਤੇ ਗੰਢਾਂ ਪਾਉਣ ਵਾਲਾ ਕਿਉਂ ਖੋਲੂ? ਖੋਲਣੀਆਂ ਈ ਹੋਣ ਤਾਂ ਪਾਵੇ ਕਿਉਂ? ਇਹੀ ਸੋਚ ਮਾਰ ਲੈਂਦੀ
ਹਾਂ ਆਪਣੇ ਅੰਦਰੋਂ ਉੱਠੇ ਹੜ੍ਹ ਨੂੰ।
"ਬੱਸ ਸੁਰਜੀਤ! ਮੈਂਥੋਂ ਹੋਰ ਸਹਿ ਨੀਂ ਹੁੰਦਾ। ਬਖ਼ਸ਼ ਦੇ ਮੈਨੂੰ। ਜਾਂ…। ਮੌਤ ਦੇ-ਦੇ ਮੈਨੂੰ। ਜ਼ਹਿਰ ਦੇ ਕੇ
ਮਾਰ ਦੇ ਮੈਨੂੰ। ਮੁੱਕ ਗਿਆ ਮੇਰੇ ਜੀਣ ਦਾ ਚਾਅ। ਨਹੀਂ ਕੋਈ ਸ਼ੌਕ ਰਿਹਾ ਮੇਰਾ। ਦੇਖ! ਮੇਰੀ ਜ਼ਿੰਦਗੀ ਕੀ
ਤੋਂ ਕੀ ਹੋ ਗਈ?"
ਕੁਝ ਪਲਾਂ ਮਗਰੋਂ ਸੁਰਜੀਤ ਦੇ ਘੁਰਾੜਿਆਂ ਨੇ ਨੀਂਦ ਉਡਾ ਦਿੱਤੀ। ਨੀਂਦਾਂ ਤਾਂ ਪਹਿਲਾਂ ਈ ਉੱਡੀਆਂ
ਪਈਆਂ। ਇਹ ਪਹੁੰਚ ਚੱਲਿਆ ਕਿਸੇ ਪਰੀ ਦੇਸ਼ ਦੀਆਂ ਸਰਹੱਦਾਂ ਪਾਰ ਕਰਨ? "ਨਹੀਂ ਇਹੋ ਜੇਹੇ ਲੋਕਾਂ
ਦੇ ਸੁਪਨਿਆਂ ਵਿਚ ਤਾਂ ਪਰੀਆਂ ਵੀ ਆਉਣੋਂ ਡਰਦੀਆਂ ਹੋਣ 'ਗੀਆਂ।" ਅੰਦਰੋਂ ਉੱਠੇ ਗੁੱਸੇ ਨੇ ਦੁਹਾਈ
ਦਿੱਤੀ। ਜੀਅ ਕਰਦਾ ਸੀ ਉੱਠ ਕੇ ਭੱਜ ਜਾਵਾਂ ਦੂਰ ਕਿਧਰੇ। ਜਿੱਥੇ ਉਹ ਚਿਹਰੇ ਨਾ ਦਿਸਣ…। ਪਰ ਕਿੱਥੇ
ਹੋਏਗੀ ਐਸੀ ਥਾਂ? ਮਨ ਅੰਦਰ ਚੱਲਦੇ ਉਸਲ-ਵੱਟਿਆਂ ਦੀ ਦੀਵਾਰ ਹੋਰ ਉੱਚੀ ਹੁੰਦੀ ਜਾ ਰਹੀ ਸੀ।
ਮੈਂ ਸੁਰਜੀਤ ਕਦੋਂ ਤੋਂ ਕਹਿਣ ਲੱਗ 'ਗੀ? ਮਨ 'ਚ ਕੋਈ ਚੀਸ ਉੱਠੀ।
"ਹਾਂ!ਮੈਂ ਉਸ ਨੂੰ ਕੀ ਆਖ ਬੁਲਾਇਆ ਕਰਾਂਗੀ?" ਇਹੀ ਖੁੜਕੀ ਸੀ ਸੇਜ ਦੀ ਪਹਿਲੀ ਰਾਤ। ਅੰਦਰ
ਚਲਦੇ ਡਰ ਨੂੰ ਦਬੋਚੀ ਤਰ੍ਹਾਂ-ਤਰ੍ਹਾਂ ਦੇ ਖ਼ਿਆਲਾਂ ਨਾਲ ਭਰੀ ਹੋਈ। ਆਪਣੇ ਆਪ ਨਾਲ ਹੀ ਡਰਾਮਾ
ਰਚਾਉਂਦੀ। ਫਿਰ ਅੰਦਰ ਉੱਠ ਰਹੇ ਖੂਬਸੂਰਤ ਵਲ਼ਵਲਿਆਂ ਨੂੰ ਖੰਭ ਦਿੰਦੀ।
"ਜੀ" ਆਖ ਬੁਲਾ ਲਿਆ ਕਰੂ।
"ਨਹੀਂ ਅਜਕੱਲ ਕੁੜੀਆਂ ਨਾਂ ਲੈਂਦੀਆਂ ਨੇ"
"ਹਾਂ! ਮੈਂ ਸੁਰਜੀਤ ਆਖ ਬੁਲਾ ਲਿਆ ਕਰੂ।
"ਇਹੀ ਠੀਕ ਰਹੂ"
"ਪਰ ਤੈਨੂੰ ਨਾਂ ਲੈਂਦੀ ਨੂੰ ਸ਼ਰਮ ਨਾਂ ਆਊ"
"ਹੋਰ ਕੀ ਆਖ ਬੁਲਾਊ?
"ਸਰਦਾਰ ਜੀ"
"ਨਹੀਂ"
"ਹੈਂ ਜੀ"
"ਹਾਂ। ਇਹੀ ਠੀਕ ਰਹੂ।"
ਇਹ ਤਾਂ ਭੁਲਰੀਆਂ-ਵਿੱਸਰੀਆਂ ਗੱਲਾਂ ਨੇ। ਮੇਰਾ ਅੰਦਰ ਇਹੋ ਜਿਹੇ ਸੁਪਨਿਆਂ ਵਾਲਾ ਚਾਅ ਤਾਂ ਕਦੋਂ ਦਾ
ਮਰ ਗਿਆ। ਸ਼ਾਇਦ ਉਸੇ ਰਾਤ ਹੀ।"ਖੋਦਿਆ ਪਹਾੜ ਤੇ ਨਿਕਲਿਆ ਚੂਹਾ। ਅਖੇ, ਪੜ੍ਹਿਆ-ਲਿਖਿਆ
ਤੇਰੇ ਬਰੋਬਰ। ਹਾਂ! ਮੇਰੇ ਬਰੋਬਰ ਪੂਰੀਆਂ ਦਸ ਜਮਾਤਾਂ। ਅਕਲ ਧੇਲੇ ਦੀ ਨੀਂ। ਅਨਪੜ੍ਹਾਂ ਨਾਲੋਂ ਕਿਤੇ
ਗਿਆ-ਗੁਜ਼ਰਿਆ।"
"ਗੱਲ ਸੁਣ ਲੈ ਕੰਨ ਖੋਲ੍ਹ। ਆਹ 'ਹੈਂਜੀ-ਹੈਜੀ" ਵਾਲਾ ਜਿਹੜਾ ਪਖੰਡ ਫੜਿਆ ਨਾ। ਇਹ ਲਾਹ ਕੇ ਕਿੱਲੀ
'ਤੇ ਟੰਗ ਦੇ। ਐਵੇਂ ਮੈਥੋਂ..? ਨਾਂ ਲਿਆ ਕਰਨਾ ਬਾਹਰ ਤਾਂ ਖਾਸ ਕਰ ਕੇ।" ਇਹੀ ਆਖ ਮੇਰੇ ਅੰਦਰੋਂ
ਰਹਿੰਦੀ ਇੱਜ਼ਤ ਉਸੇ ਦਿਨ ਹੀ ਉਹਨੇ ਗੁਆ ਲਈ ਸੀ। "ਦੇ ਲਉ ਇਹਨੂੰ ਮਾਨ-ਸਤਿਕਾਰ।
ਬੇਗ਼ੈਰਤ…?" ਦਿਲੋਂ ਕਈ ਭੈੜੇ-ਭੈੜੇ ਨਾਂ ਨਿਕਲੇ ਉਹਦੀ ਔਕਾਤ ਦੇ ਮੇਚ ਦੇ।
ਕਿੰਨੇ ਸੁਪਨੇ ਲੈ ਕੇ ਮੈਂ ਵਿਆਹ ਵਾਲੇ ਡੋਲੇ ਬੈਠੀ ਸੀ। ਸੋਚਿਆ ਸੀ ਸ਼ਾਇਦ ਹੁਣ ਦੁੱਖਾਂ ਦੇ ਭਾਰ ਘਟ ਜਾਣ
ਗੇ। ਦੁੱਖ ਵੰਡਾਉਣ ਵਾਲਾ ਮਿਲ ਗਿਆ ਸੀ। ਸੁਰਜੀਤ ਦੀ ਨੇੜਤਾ ਮਾਨਣ ਲਈ ਮੈਂ ਕਿੱਡੀ ਉਤਸੁਕ ਸੀ?
ਸੁਰਜੀਤ ਦੇ ਕਮਰੇ 'ਚ ਵੜਦਿਆ ਹੀ ਮੇਰੇ ਅੰਦਰ ਚੱਲਦਾ ਭਵਜਲ ਇਕ ਦਮ ਥੰਮ ਗਿਆ ਸੀ। ਉਸ ਨੇ
ਮੇਰੇ ਮੁਸਕਰਾਹਟ ਦਾ ਜਵਾਬ ਬਾਛਾਂ ਖਿਲਾਰ ਕੇ ਦੇ ਦਿੱਤਾ ਸੀ। ਸ਼ਾਇਦ ਮੈਨੂੰ ਹੀ ਸਮਝ ਨੀਂ ਆਈ ਸੀ
ਉਸ ਦੇ ਅੰਦਰ ਦੀ ਹੈਵਾਨੀਅਤ। ਦਿਲ ਤਾਂ ਅੰਦਰ ਅਣਗਿਣਤ ਸਵਾਲਾਂ ਦੇ ਜਵਾਬ ਪੁੱਛਣ ਲਈ ਭਰਿਆ
ਪਿਆ। ਉਸ ਦੀ ਪਸੰਦ ਤੇ ਨਾ-ਪਸੰਦ ਦੇ ਜਾਨਣ ਬਾਰੇ। ਖ਼ਿਆਲਾਂ ਦੀ ਪਟਾਰੀ ਨੱਕੋ-ਨੱਕ ਭਰੀ ਹੋਈ
ਸੀ। ਪਰ ਟੁੱਟ ਕੇ ਪਏ ਬਾਜ਼ ਨੇ ਸਾਰੇ ਖੰਭਾਂ ਨੂੰ ਖਿਲਾਰ ਹੀ ਨਹੀਂ ਦਿੱਤਾ ਸੀ ਸਗੋਂ ਲਹੂ-ਲੁਹਾਣ ਵੀ ਕਰ
ਦਿੱਤਾ ਸੀ। ਦਰਦ ਨਾਲ ਤੜਪ-ਤੜਪ ਜਾਂਦੀ ਆਤਮਾ ਨੂੰ ਦਿਲਾਸੇ ਦੇਣ ਵਾਲਾ ਕੌਣ ਸੀ? ਮੇਰੇ ਦੁਆਲੇ
ਬਿਖਰੇ ਪਏ ਸਨ ਮੇਰੇ ਸਾਰੇ ਅਰਮਾਨ। ਮੇਰੇ ਟੁੱਟੇ ਹੋਏ ਸੁਪਨੇ ਮੇਰੇ ਦੁੱਖ 'ਚ ਸ਼ਰੀਕ ਬਣੇ ਅੱਥਰੂਆਂ ਦੀ
ਦੌੜ ਵਿਚ ਸ਼ਾਮਲ ਹੋ ਗਏ ਸਨ। ਹਿੰਮਤ ਜਵਾਬ ਦੇ ਚੁੱਕੀ ਸੀ। ਆਪਣੇ ਪਰਸ 'ਚੋਂ ਗੋਲੀ ਕੱਢ ਬਿਨਾਂ
ਪਾਣੀ ਤੋਂ ਹੀ ਅੰਦਰ ਨਿਗਲ ਲਈ ਸੀ। ਗੋਲੀਆਂ ਵੀ ਗੁਆਂਢਣ ਭਾਬੀ ਨੇ ਪਾ ਦਿੱਤੀਆਂ ਸੀ ਪਰਸ 'ਚ
ਮੱਲੋਂ-ਜ਼ੋਰੀ। "ਐਵੇਂ ਕਿਤੇ ਲੋੜ ਪੈ 'ਗੀ ਰਾਤ-ਬਰਾਤੇ'। ਕੁੜੇ ਕੀਹਨੂੰ ਆਖੇਂਗੀ?" ਆਖਦੀ ਨੇ।
ਇਹਨੂੰ ਭੁੱਲ ਜਾਂਦੀ ਜੇ ਅੱਗਾ ਸੁੰਭਰਿਆ ਪਿਆ ਹੁੰਦਾ। ਬਜ਼ੁਰਗ ਸੱਸ-ਸਹੁਰੇ ਮੂਹਰੇ ਕੀ ਰੋਣਾ ਰੋਂਦੀ ?
ਜਾਗੋ-ਮੀਟੀ 'ਚ ਦਿਨ ਚੜ੍ਹ ਗਿਆ ਸੀ। ਮਨ ਤਗੜਾ ਕਰ ਲਿਆ ਸੀ ਮੈਂ। ਗੱਲ ਨਿਬੇੜਨ ਦਾ…। ਗੱਲ
ਤਾਂ ਰਾਤ ਹੀ ਨਿਬੇੜਨੀ ਸੀ। ਪਰ ਨਸ਼ੇੜੀ ਨੂੰ ਸੁਰਤ ਕਿੱਥੇ ਸੀ? ਸੁਰਤ ਟਿਕਾਣੇ ਤਾਂ ਪੈਸੇ ਤਲੀ 'ਤੇ ਵੇਖਣ
ਮਗਰੋਂ ਰਹਿੰਦੀ ਹੀ ਨੀਂ। ਤਰ੍ਹਾਂ-ਤਰ੍ਹਾਂ ਦੇ ਨਸ਼ੇ ਉਹਦੇ ਆਸ-ਪਾਸ ਸੁਰਤਮੰਦ ਤੋਂ ਬੇਸੁਰਤ ਕਰ ਦਿੰਦੇ।
ਗਿੜਗਿੜਾ ਰਹੀ ਸਾਂ ਮੈਂ। ਸੁਰਜੀਤ ਟਸ ਤੋਂ ਮਸ ਹੁੰਦਾ ਮੈਨੂੰ ਨਜ਼ਰ ਨੀਂ ਆ ਰਿਹਾ ਸੀ। ਅੱਗੋਂ ਕੀ ਜਵਾਬ
ਹੋਊ ਇਹ ਵੀ ਸ਼ਾਇਦ ਮੈਨੂੰ ਪਤਾ ਸੀ । ਫਿਰ ਕਿਸ ਆਸ ਨਾਲ ਮੈਂ ਉਸ ਅੱਗੇ ਤਰਲੇ ਪਾ ਰਹੀ ਸਾਂ।
ਸਰੀਰ ਵਾਕਿਆ ਹੀ ਭੰਨਿਆ ਪਿਆ ਸੀ। ਹੋਰ ਜ਼ਰ ਨੀਂ ਹੁੰਦਾ ਸੀ।
ਉਹੀ ਗੱਲ ਹੋਈ। ਸੁਰਜੀਤ ਐਨਾ ਕੁਝ ਸੁਣਨ ਵਾਲਾ ਕਿੱਥੇ ਸੀ ? 'ਠਾਹ' ਕਰਦੀ ਚਪੇੜ ਮੇਰੀ ਗੱਲ੍ਹ ਤੇ
ਨਿਸ਼ਾਨ ਪਾ ਗਈ। ਇਹ ਨਿਸ਼ਾਨ ਵੀ ਕਿਹੜਾ ਪਹਿਲੀ ਵੇਰ ਪਏ ਸੀ।
ਗੋਰੀ ਗੱਲ੍ਹ 'ਤੇ ਛਪੀਆਂ ਉਗਲਾਂ ਸੱਸ-ਸਹੁਰੇ ਤੋਂ ਵੀ ਬਹੁਤਾ ਚਿਰ ਲੁਕ ਨਾ ਸਕੀਆਂ। ਬਜ਼ੁਰਗ ਧੌਲਿਆਂ
ਨੇ ਵਾਸਤਾ ਪਾ ਕੇ ਵੇਖ ਲਿਆ ਸੀ ਪਰ…?
"ਬਕਵਾਸ ਬੰਦ ਕਰ। ਕੁੱਤੀ ਕਿਸੇ ਥਾਂ ਦੀ। ਸਵੇਰੇ ਸਵੇਰੇ ਰੋਣ-ਪਿੱਟਣ ਬਹਿ 'ਗੀ। ਚਾਹ ਬਣਾ ਏ ਲਿਆ
ਕੇਰਾਂ। ਫੇਰ ਦਿੰਨਾਂ ਤੈਨੂੰ ਫਾਹਾ। ਅੱਜ ਦੇਖ ਤੇਰਾ ਕੀ ਬਣਾਉਨਾਂ?" ਮੂੰਹੋਂ ਅੱਗ ਹੀ ਕੱਢ ਸਕਦਾ ਸੀ।
"ਮੈਂ ਥੱਕ 'ਗੀ ਸੁਰਜੀਤ। ਮੈਂ ਕੁਝ ਹੋਰ…।" ਫਟੱਕ ਦੇਣੇ ਖੜ੍ਹਾ ਹੁੰਦਾ ਸੁਰਜੀਤ ਮੇਰੇ ਵਾਲਾਂ ਤੋਂ ਫੜ੍ਹ ਰਸੋਈ
'ਚ ਲੈ ਗਿਆ ਸੀ।
"ਚਾਹ ਬਣਾ ਤੇ ਤਿਆਰ ਹੋ ਜਾ। ਐਵੇਂ ਮੈਥੋਂ ਜੂਤ ਨਾ ਫਰਾ 'ਲੀ।"
"ਮੈਂ ਕਿਤੇ ਨੀਂ ਜਾਣਾ ਅੱਜ" ਮੈਂ ਵੀ ਅੱਜ ਜ਼ਿੱਦ ਤੇ ਅੜਨਾ ਚਾਹੁੰਦੀ ਸੀ। ਪਰ ਉਸਦਾ ਪਲਟਵਾਂ ਵਾਰ ਮੈਨੂੰ
ਅੱਗ ਦੇ ਗੋਲੇ ਤੋਂ ਪਾਣੀ ਦਾ ਬੁਲਬੁਲਾ ਕਰ ਜਾਂਦਾ।
"ਤੈਨੂੰ ਚੰਗਾ ਭਲਾ ਪਤੈ ਬਈ ਮੇਰੇ ਕੋਲ ਤਾਂ ਇਕ ਹੀ ਹਥਿਆਰ ਹੈਗਾ। ਜੇ ਤੂੰ ਆਖੇਂ ਤਾਂ…?" ਇਹ ਤਾਂ
ਜਾਦੂ ਦੀ ਛੜੀ ਸੀ ਉਸ ਕੋਲ ਕਿ ਮੈਂ ਨਵਜੋਤ ਤੋਂ 'ਨਵੀ' ਬਣ ਕੇ ਤੁਰਨ ਲਈ ਤਿਆਰ ਹੋ ਜਾਂਦੀ।
"ਆਹ ਗਲੇਡੂ ਜੇ ਸਾਫ ਕਰ ਲੈ ਆਪਣੇ। ਬਾਹਰ ਨੀਂ ਵਿਕਦੇ ਇਹ।" ਇਹ ਆਖਣਾ ਤਾਂ ਬੜਾ ਸੌਖਾ
ਲੱਗਦਾ ਉਹਨੂੰ। "ਹਾਂ। ਸੱਚ ਆਖਦੈਂ । ਬਾਹਰ ਕਿਹਨੇ ਖਰੀਦਣੈ ਅੱਥਰੂਆਂ ਨੂੰ। ਜਦੋਂ ਤੇਰੇ ਵਰਗੇ ਘਰ ਦੇ
ਇਹਦੀ ਕੀਮਤ ਨੀਂ ਜਾਣਦੇ।" ਅੰਦਰ ਦਬੋਚ ਲੈਂਦੀ ਇਹੀ ਸੋਚ।
ਲਵਲੀ ਆਰਕੈਸਟਰਾ ਗਰੁੱਪ ਦਾ ਲੱਗਾ ਵੱਡਾ ਬੋਰਡ ਪੜ੍ਹ ਕੇ ਵਿਉਂ ਚੜ੍ਹ ਜਾਂਦੀ ਐ ਮੈਨੂੰ। ਹਰ ਰੋਜ਼ ਹੀ
ਤਾਂ ਇਥੇ ਨੁਮਾਇਸ਼ ਲੱਗਦੀ ਹੈ ਮੇਰੀ। ਕਾਲੇ ਸੋਨੇ ਦੀ ਖਾਨ। ਸੁਰਜੀਤ ਵਾਸਤੇ ਤਾਂ ਸੋਨੇ ਦੀ ਹੀ ਹੋਈ। ਮਾਂ
ਵਾਸਤੇ ਧਾਗਾ ਮਿੱਲ ਜਿੱਥੇ ਕੰਮ ਕਰਦੀ ਹਾਂ ਮੈਂ। ਮਾਂ ਚਿੰਤਾ ਬੜੀ ਕਰਦੀ।
ਆਖਦੀ "ਪਤਾ ਨੀਂ ਕਿਵੇਂ ਕਮਾਉਂਦੀ ਐਂ ਪੈਸਾ?" ਕਈ ਵੇਰ ਪੁੱਛਦੀ ਮਿੱਲ ਬਾਰੇ। "ਸੁਣਿਆ ਧਾਗਾ
ਬਣਾਉਂਦੇ ਹੋਏ ਰੂੰ ਬੜੀ ਉੱਡਦੀ ਐ। ਤੇ ਸੰਘ ਨੂੰ ਵੀ ਚੜਦੀ ਐ। ਕੱਲ੍ਹ ਮਿੰਦੋ ਦੀ ਪੋਤੀ ਆਖਦੀ ਸੀ ਇਹਦੇ
ਨਾਲ ਬਿਮਾਰੀਆਂ ਬੜੀਆਂ ਲੱਗ ਜਾਂਦੀਆਂ। ਉਹ ਚੰਡੀਗੜ੍ਹ ਪੜ੍ਹਦੀ ਐ। ਬਾਹਲਾ ਪਤਾ ਉਹਨੂੰ। ਤੂੰ ਵੀ
ਕਿਤੇ ਹੋਰ ਨੌਕਰੀ ਕਿਉਂ ਨੀਂ ਕਰ ਲੈਂਦੀ?" ਕਿੰਨੀਆਂ ਉਲਝਣਾਂ ਦੇ ਭਵਜਲ ਵਿਚ ਫਸੀ ਏ ਨਾ ਮਾਂ? ਉਹ
ਵੀ ਜਾਣਦੀ ਏ ਨੌਕਰੀ ਛੱਡ ਕੇ ਗ਼ੁਜਾਰਾ ਹੋਣ ਵਾਲਾ ਨਹੀਂ।
ਕਿੰਝ ਸਮਝਾਵਾਂ? "ਮਾਂ ਇਹ ਵੀ ਮਿੱਲ ਈ ਐ। ਰੂੰ ਦੀ ਥਾਂ ਤੇਰੀ ਧੀ ਪੈਂਦੀ ਐ ਵੇਲਣੇ 'ਚ। ਰੂੰ ਨੀਂ ਤੇਰੀ ਧੀ
ਕੱਤੀ ਜਾਂਦੀ ਐ। ਸੂਤ ਵੇਚ ਕੇ ਤੇਰਾ ਜਵਾਈ ਗੁਜ਼ਾਰਾ ਕਰਦੈ। ਬਿਮਾਰੀਆਂ ਦਾ ਤਾਂ ਉਹਨੂੰ ਵੀ ਨੀਂ ਪਤਾ
ਕਿਹੜੀਆਂ-ਕਿਹੜੀਆਂ ਲੱਗ ਗਈਆਂ ਨੇ। "
"ਚੱਲ ਰੱਬ ਤੇਰੇ ਘਰੇ ਮੇਹਰ ਕਰ ਦੇਵੇ। ਜੜ੍ਹ ਲੱਗ ਜੇ ਤੇਰੀ। ਜਵਾਕ ਨਾਲ ਮਨ ਆਹਰੇ ਲੱਗਿਆ
ਰਹਿੰਦਾ। ਤੇਰੇ ਨਾਲ ਦੀਆਂ ਤਾਂ ਕਿੰਨੀਆਂ ਅਜੇ ਕੁਆਰੀਆਂ ਫਿਰਦੀਆਂ ਨੇ। ਤੇ ਤੂੰ…? ਐਵੇਂ ਨਿੱਕੀ ਜੇਹੀ
ਜਿੰਦ ਨੂੰ…।" ਮਾਂ ਦਾ ਫ਼ਿਕਰ ਮੈਨੂੰ ਮਾਂ ਦੇ ਫ਼ਿਕਰਾਂ ਵਿਚ ਲੈ ਜਾਂਦਾ।" ਮੈਂ ਨੂੰ ਕੀ ਦੱਸਾਂ ਬਈ ਤੇਰਾ ਜਵਾਈ
ਮੇਰੇ ਅੰਦਰ ਬੀਜ ਉੱਗਣ ਜੋਗੀ ਜਮੀਨ ਨੂੰ ਵੱਤਰ ਹੋਣ ਈ ਨੀਂ ਦਿੰਦਾ।
"ਤਿਆਰ ਐਂ ਸੁਰਜੀਤ", ਦਫ਼ਤਰ ਦੇ ਅੰਦਰ ਵੜਦਿਆਂ ਸਤੀਸ਼ ਰਾਏ ਚੇਅਰ ਘੁਮਾਉਂਦਿਆਂ ਬੋਲਦੈ। ਮੈਨੂੰ
ਲੱਗਦਾ ਅੰਦਰੋਂ ਇਹ ਮਸ਼ਕਰੀ ਹਾਸਾ ਹੱਸਦਾ ਹੋਣੈ। ਕਮੀਨਾ ਅੱਤ ਦਰਜੇ ਦਾ। ਵੈਸੇ ਵੀ ਇਹੋ ਜਿਹੇ ਧੰਦੇ
ਵਾਲੇ ਭਲਾਮਾਣਸ ਹੁੰਦੇ ਤਾਂ ਇਥੇ ਬੈਠ ਇੱਜ਼ਤਾਂ ਦੇ ਸੌਦੇ ਨਾ ਕਰਦੇ। ਫੇਰ ਵੀ ਅੰਦਰ ਖਾਤੇ ਮੈਨੂੰ ਵੀ ਉਸ
ਨਾਲ ਗੰਢ-ਤੁੱਪ ਕਰਨੀ ਪੈਂਦੀ ਹੈ। ਮਾਂ ਨੂੰ ਪੈਸੇ ਜੁ ਭੇਜ ਦਿੰਦੈ ਸੁਰਜੀਤ ਤੋਂ ਲੁਕਾ ਕੇ।
"ਆਪਣੇ ਵੱਲੋਂ ਕਦੋਂ ਨਾਂਹ ਹੁੰਦੀ ਐ ਰਾਏ ਸਾਹਿਬ। ਲੈ ਸਾਂਭ…," ਸੁਰਜੀਤ ਮੈਨੂੰ ਬਾਹੋਂ ਖਿੱਚ ਰਾਏ ਅੱਗੇ
ਇੰਝ ਕਰਦੈ ਜਿਵੇਂ ਮੈਂ ਕੋਈ ਪਸ਼ੂ ਹੋਵਾਂ। ਜਿਹਦਾ ਰੱਸਾ…?
"ਤੇਰੇ ਤੋਂ ਬਿਨਾਂ ਮੈਨੂੰ ਉਮੀਦ ਵੀ ਨੀਂ ਸੀ। ਵੇਲੇ ਸਿਰ ਤੇਰੇ ਬਿਨਾਂ ਕੋਈ ਬਹੁੜਦਾ ਵੀ ਨੀਂ। ਕੋਈ ਕੁੜੀ
ਬਾਹਰ ਜਾਣ ਨੂੰ…।" ਰਾਏ ਹੱਥ 'ਚ ਫੜੇ ਪੇਪਰ ਵੇਟ ਨੂੰ ਘਮਾਉਂਦਾ ਟੀਰੀ ਅੱਖ ਨਾਲ ਮੈਨੂੰ ਵੇਖਦੈ।
ਦਿਲ ਕਰਦਾ ਅੱਖਾਂ ਨੋਚ ਲਵਾਂ। ਪਰ ਇਹਦਾ ਕੀ ਕਸੂਰ? ਕਸੂਰਵਰ ਤਾਂ…।
" ਰਾਏ ਸਾਹਿਬ, ਮੈਨੂੰ ਪੇਮੈਂਟ ਦੁੱਗਣੀ ਤੇ ਅਡਵਾਂਸ ਚਾਹੀਦੀ ਐ। ਜੇ ਹੋਏਗੀ ਤਾਂ ..? ਨਹੀਂ ਤਾਂ ਅਸੀਂ…।
ਕੱਲ੍ਹ ਮੈਨੂੰ ਚਾਂਦਨੀ ਡੀ.ਜੇ ਗਰੁੱਪ ਵਾਲੇ ਕੰਮ ਲਈ ਆਖਦੇ ਸੀ। ਤੇਰੇ ਨਾਲੋਂ ਜ਼ਿਆਦਾ ਕੰਮ ਵੀ ਦੇਣਗੇ ਤੇ
ਪੈਸੇ…। ਅਸਾਂ ਤਾਂ ਸੌਦਾ ਕਰਨਾ ਜਿਧਰ ਚੰਗਾ ਮਿਲੂ ਉਧਰ…।"
"ਲੈ-ਲੈ ਸੁਰਜੀਤ ਆ ਕੀ ਗੱਲਾਂ ਕਰਨ ਲੱਗ ਗਿਆ ਤੂੰ। ਪੇਮੈਂਟ ਦੀ ਫਿਕਰ ਨਾ ਕਰ।" ਰਾਏ ਨੂੰ ਵੀ
ਭਾਜੜਾਂ ਪੈ ਜਾਣੀਆਂ ਸੀ। ਅੰਦਰੋਂ ਉਹ ਵੀ ਗੁੱਸੇ ਨਾਲ ਭੁੱਜ ਰਿਹਾ ਸੀ। "ਮੈਂ ਤੈਨੂੰ ਰੋਟੀ ਦੇ ਆਹਰੇ
ਲਾਇਆ ਤੇ ਅੱਜ ਤੂੰ ਹੀ ਮੈਨੂੰ ਬਿਜਨੈੱਸ ਦੇ ਗੁਰ ਦੱਸਣ ਲੱਗ ਪਿਆ।" ਪੈਸਿਆਂ ਦੀ ਗੱਥੀ ਕੱਢ ਉਹਨੇ
ਸੁਰਜੀਤ ਦੇ ਮੂਹਰੇ ਕਰ ਦਿੱਤੀ।
ਗੁੜ ਦੀ ਡਲੀ ਨੂੰ ਕਿਸ ਨੇ ਪੁੱਛਣਾ ਸੀ ਕਿ ਤੇਰਾ ਸੌਦਾ ਹੋ ਰਿਹਾ ਏ। ਤੂੰ ਦਸ… ? ਉਸ ਨੂੰ ਤਾਂ ਕੀੜੀਆਂ
ਦਾ ਪਤਾ ਸੀ। ਖਾਣ ਗੀਆਂ ਉਹਨੂੰ ਭੋਰ-ਭੋਰ ਕੇ।
"ਮੁੜਨਾ ਕਦੋਂ?" ਸੁਰਜੀਤ ਦੇ ਇਹ ਸ਼ਬਦ ਮੈਨੂੰ ਹੈਰਾਨ ਕਰ'ਗੇ।
"ਕੱਲ੍ਹ ਸ਼ਾਮ ਤੀਕ"
ਸੁਰਜੀਤ ਐਥੋਂ ਤੀਕ ਵੀ ਗਿਰ ਗਿਆ ਇਹ ਮੈਂਨੂੰ ਸੁਣ ਕੇ ਪਤਾ ਚੱਲਿਆ। ਪੈਸਿਆਂ ਦੀ ਖਾਤਰ ਮੈਨੂੰ ਕਿਸੇ
ਹਵਾਲੇ ਕਰ ਰਿਹਾ ਸੀ ਉਹ ਵੀ ਦੋ ਦਿਨ ਲਈ।
"ਮੈਂ…? ਕੱਲੀ...? ਕਿਸੇ ਨਾਲ ?"
ਮੇਰਾ ਬੋਲਣਾ ਸੁਰਜੀਤ ਨੂੰ ਕਦੋਂ ਪਸੰਦ ਸੀ ? ਚਿੜ ਗਿਆ ਮੇਰੇ ਮੂੰਹੋਂ ਐਨਾ ਸੁਣ ਕੇ।
"ਹੋਰ ਤੇਰੇ ਨਾਲ ਪਚੈਂਤ ਭੇਜਾਂ। ਉਥੇ ਵੀ ਉਹੀ ਕੁਛ ਆ ਜੋ ਇਥੇ ਹੁੰਦਾ। ਚੁੱਪ ਕਰ ਕੇ ਤੁਰ 'ਪੀ। ਮੈਂ
ਜਾਨਾਂ," ਆਖਦਾ ਸੁਰਜੀਤ ਪੈਸਿਆਂ ਦੀ ਗੁੱਟੀ ਗੀਝੇ 'ਚ ਪਾਉਂਦਾ ਤੁਰ ਗਿਆ।
ਹਰ ਰੋਜ ਹੀ ਉਹ ਮੈਨੂੰ ਇੰਝ ਛੱਡ ਜਾਂਦੈ। ਤਰ੍ਹਾਂ-ਤਰ੍ਹਾਂ ਦਿਆਂ ਸ਼ਿਕਰਿਆਂ ਨਾਲ ਖਹਿੰਦਿਆਂ ਬੀਤ ਰਹੀ
ਸੀ ਜ਼ਿੰਦਗੀ। ਨਾਲ ਦੀਆਂ ਚਾਰ-ਪੰਜ ਸਾਥਣਾਂ ਮੈਨੂੰ ਅਕਸਰ ਹੌਂਸਲਾ ਦਿੰਦੀਆਂ ਨੇ। ਉਹਨਾਂ ਨੂੰ ਵੇਖ ਮੈਨੂੰ
ਹੋਰ ਵਿਉਂ ਚੜਦੀ। ਇਹ ਵਿਚਾਰੀਆਂ ਕੱਚ-ਕੁਆਰੀਆਂ ਕਿੱਥੇ ਫਸ 'ਗੀਆਂ। ਮਨ 'ਚ ਆਉਂਦਾ ਇਹਨਾਂ ਨੂੰ
ਨਾਲ ਲੈ ਭੱਜ ਜਾਵਾਂ। ਪਰ ਕਿੱਥੇ ਭੱਜ ਜਾਵਾਂ? ਉਹ ਤਾਂ ਆਪਣੇ ਆਪ ਆਉਂਦੀਆਂ ਨੇ ਇਥੇ। ਨਹੀਂ ?
ਉਹਨਾਂ ਨਾਲ ਚਿੰਬੜੀਆਂ ਮੁਸੀਬਤਾਂ ਧੱਕ ਲਿਆਉਂਦੀਆਂ ਨੇ ਇਥੇ ਨਰਕ 'ਚ। ਮਨ ਤੇ ਤਨ ਵੇਚ ਕੇ।
ਲੋਕਾਂ ਦਾ ਦਿਲ ਬਹਿਲਾ ਕੇ। ਰੋਟੀ ਕਮਾਉਣ ਦਾ ਸਾਧਨ। ਸਟੇਜ 'ਤੇ ਨਕਲੀ ਹਾਸੇ ਦਾ ਡਰਾਮਾ ਕਰਨਾ
ਕਿਹੜਾ ਸੌਖਾ ਹੁੰਦੈ? ਨੱਚ ਕੇ ਵੀ ਪੈਸੇ ਥੋੜ੍ਹੇ ਨੀਂ ਮਿਲਦੇ। ਪਰ ਐਨੇ ਕੁ ਪੈਸਿਆਂ ਨਾਲ ਸੁਰਜੀਤ ਦਾ ਢਿੱਡ
ਨੀਂ ਭਰਦਾ। ਤਾਹੀਂ ਤਾਂ…। ਤਨ ਦਾ ਵਪਾਰ ਕਰਨਾ ਪੈਂਦਾ।
ਉਹਦੇ ਐਬੀਪੁਣੇ ਤਾਂ ਮੈਂਨੂੰ ਛੇਤੀ ਹੀ ਪਤਾ ਚੱਲ ਗਿਆ ਸੀ। ਪਰ ਇਹ ਐਬ ਐਨੀ ਛੇਤੀ ਦੂਣੇ ਚੌਣੇ ਕਿਵੇਂ
ਹੋਏ ?
ਕਈ ਕਹਾਣੀਆਂ ਦੇ ਭੇਤ ਤਾਂ ਬੜਾ ਬਾਅਦ 'ਚ ਖੁੱਲੇ ਸੀ। ਮਾਂ ਦੀ ਭੂਆ ਦਾ ਮੁੰਡਾ। ਲੱਗਦਾ ਸੀ ਮਾਮਾ।
ਹਾਂ! ਕੰਸ ਮਾਮਾ। ਸੁਰਜੀਤ ਨਾਲ ਮੇਰਾ ਰਿਸ਼ਤਾ ਗੰਢਣ ਵਾਲਾ। ਕੰਸ ਨੂੰ ਪਤਾ ਸੀ ਕਿ ਸੁਰਜੀਤ ਦਾ
ਰਹਿਣ-ਬਹਿਣ ਕੀ ਹੈ? ਮਾਮੇ ਦੀ ਕੁੜੀ ਦੇ ਵਿਆਹ ਵਿਚ ਮੇਰੀਆਂ ਪਾਈਆਂ ਦੋ ਬੋਲੀਆਂ, "ਲੱਕ ਮੇਰਾ
ਪਤਲਾ ਜੇਹਾ ਭਾਰ ਸਹਿਣ ਨੀਂ ਜੋਗਾ"। "ਲਜ਼ਕ ਹਿੱਲੇ ਮਜ਼ਾਜਣ ਜਾਂਦੀ ਦਾ" ਲੱਕ ਦੇ ਹੁਲਾਰੇ ਮਾਮੇ ਨੂੰ
ਲਲਚਾ ਗਏ। ਉੁਹ ਵੀ ਤਾਂ ਆਰਕੈਸਟਰਾਂ ਕੋਲ ਦਿਨ ਗੁਜ਼ਾਰਦਾ ਸੀ। ਸੁਰਜੀਤ ਨਾਲ ਸੌਦਾ ਕਰ ਲਿਆ
ਮੇਰਾ।
ਭੋਲੀ ਮਾਂ ਨੇ ਭਰਾ ਦੇ ਕਹੇ ਤੇ ਭਰੋਸਾ ਕਰ ਲਿਆ। ਭਰਾ ਮਾੜਾ ਥੋੜ੍ਹਾ ਕਰੂ? ਪਰ ਮਾਂ ਨੇ ਕਦੇ ਬੋਲੀ ਨੀਂ
ਪਾਈ ਹੋਣੀ, "ਛੱਕਾਂ ਪੂਰਦੇ ਅੰਮਾਂ ਦੇ ਜਾਏ ਚਾਚੇ ਤਾਏ ਮਤਲਬ ਦੇ"। ਨਹੀ ਤਾਂ ਅੱਖਾਂ ਬੰਦ ਕਰ ਕੇ
ਵਿਸ਼ਵਾਸ ਨਾ ਕਰਦੀ। ਅਜੇ ਤਾਂ ਮੈਂ ਦੱਸਵੀਂ ਪਾਸ ਕੀਤੀ ਸੀ। ਪਰ ਮਾਂ ਦੀ ਚਿੱਟੀ ਚੁੰਨੀ ਮਾਂ ਨੂੰ ਹਾਂ ਕਰਵਾ
ਗਈ। ਚਾਰ ਜਣਿਆਂ ਦੀ ਹਾਜ਼ਰੀ 'ਚ ਲਾਵਾਂ ਪੜ੍ਹਾ ਮਾਂ ਇਕ ਬੋਝ ਤੋਂ ਸੁਰਖ਼ੁਰੂ ਹੋਣਾ ਚਾਹੁੰਦੀ ਸੀ। ਮਾਂ ਨੂੰ
ਰੋਟੀ ਵਾਲੇ ਅੱਡੇ ਤੋਂ ਕੌੜੀ ਹਵਾੜ ਆਉਂਦੀ ਸੀ। "ਵੱਡਿਆਂ ਨਾਲ ਕੌਣ ਆਢਾ ਲਊ। ਕੱਲ੍ਹ ਨੂੰ ਜੇ ਉੱਚੀ-
ਨੀਵੀਂ ਹੋ'ਗੀ ਤਾਂ। ਗਰੀਬ ਦੀ ਧੀ ਪਿੰਡ 'ਚ ਕਿਸੇ ਦੀ ਧੀ ਚਾਹੇ ਭੈਣ ਲੱਗਦੀ ਹੋਵੇ। ਕਦੋਂ ਸਾਰਿਆਂ ਦੀ
ਸਾਲੀ ਬਣ ਜੇ..?" ਵੱਡੇ ਵਿਹੜੇ 'ਚ ਗੋਹਾ-ਕੂੜਾ ਕਰਦੀ ਮਾਂ ਅਕਸਰ ਸੋਚਦੀ ਤੇ ਸਾਡੇ ਛੋਟੇ ਜੇਹੇ ਵਿਹੜੇ
ਦੀਆਂ ਦੋ ਡੇਕਾਂ ਨੂੰ ਤੱਤੀਆਂ ਹਵਾਵਾਂ ਤੇ ਝੱਖੜ ਤੋਂ ਬਚਾਉਣ ਦੀ ਚਿੰਤਾ ਕਰਦੀ ਰਹਿੰਦੀ।
"ਕਿਉਂ ਫ਼ਿਕਰ ਕਰਦੀ ਐ ਮੇਰੀ ਜਾਨ", ਸਤੀਸ਼ ਆਪਣੀ ਕੁਰਸੀ ਤੋਂ ਉੱਠ ਮੇਰੀ ਬੈਠੀ ਦੇ ਗਲੇ 'ਚ ਬਾਹਾਂ
ਪਾਉਂਦੈ। ਮੇਰੀਆਂ ਯਾਦਾਂ ਦੀ ਤੰਦ ਟੁੱਟੀ।
"ਪਰ…। ਪਰ ਮੈਂ ਨੀਂ ਜਾਣਾ। ਕਿਤੇ ਬਾਹਰ।"
"ਛੱਡ ਜਾਣ ਵਾਲੀ ਗੱਲ ਨੂੰ। ਉਹਨਾਂ ਨੇ ਸ਼ਾਮੀਂ ਆਉਣਾ। ਚੱਲ ਜਾਣ ਤੋਂ ਪਹਿਲਾਂ ਆਪਾਂ ਫੰਨ-ਸ਼ੰਨ ਕਰ
ਲਈਏ," ਰਾਏ ਦੀ ਆਪਣੀ ਨੀਤ ਹਮੇਸ਼ਾਂ ਡਿੱਗੀ ਰਹਿੰਦੀ ਐ। ਚੰਗੀ-ਭਲੀ ਸੁਨੱਖੀ ਘਰਵਾਲੀ। ਪਰ ਇਹੋ
ਜੇਹਿਆਂ ਦਾ ਘਰੇ ਢਿੱਡ ਭਰਦਾ ਹੁੰਦੈ ਤਾਂ…।
"ਜਾਣਾ ਕਿੱਥੇ ਐ?
"ਮੋਟਰ ਤੇ ਆਖਦੇ ਸੀ। ਹੋਰ ਕੀ ਸ਼ਿਮਲੇ ਲੈ ਕੇ ਜਾਣਗੇ। ਕੱਲ੍ਹ ਸ਼ਾਮੀਂ ਛੱਡ ਜਾਣਗੇ," ਆਖਦਾ ਰਾਏ ਮੇਰੇ
ਉੱਤੇ ਹਾਵੀ ਹੋਇਆ ਪਿਆ ਸੀ।
----------
ਤੀਜੇ ਦਿਨ ਬੇਹੋਸ਼ੀ ਦੀ ਹਾਲਤ ਵਿਚ ਮੈਂ ਕਾਲੀ ਖਾਨ 'ਚ ਪਈ ਸਾਂ। ਤਿੰਨ ਦਿਨਾਂ ਬਾਅਦ ਛੱਡ ਕੇ ਗਏ
ਸੀ। ਬੁਰਾ ਹਾਲ ਸੀ ਮੇਰਾ। ਸੁਰਜੀਤ ਤੇ ਰਾਏ ਨੂੰ ਮੇਰੀ ਹਾਲਤ ਦੀ ਕੋਈ ਚਿੰਤਾ ਨੀਂ ਸੀ। ਉਹਨਾਂ ਨੂੰ ਤਾਂ
ਕੋਈ ਹੋਰ ਈ ਘੋੜ-ਦੌੜ ਦੜਾਈ ਜਾਂਦੀ ਸੀ। ਮੇਰੇ ਨਾਲ ਕੀ ਬੀਤੀ? ਇਸ ਦੀ ਕਿਸ ਨੂੰ ਚਿੰਤਾ ਹੁੰਦੀ?
ਬੇਗਾਨਿਆਂ ਨੇ ਤਾਂ ਪੈਸੇ ਭਰੇ ਸੀ। ਮੈਥੋਂ ਚੰਗਾ ਮੁੱਲ ਮੋੜਿਆ ਉਹਨਾਂ। ਹੁਣ ਤਾਂ ਸਾਰੇ ਹੀ ਪਰਾਏ ਜਾਪਦੇ
ਮੈਨੂੰ। ਆਪਣਾ ਤਾਂ ਕੋਈ ਦਿਸਦਾ ਈ ਨੀਂ ਸੀ।
" ਆਹ ਸੁਸਤੀਆਂ ਛੱਡੋ ਮੈਡਮ ਜੀ। ਰਾਤ ਦਾ ਪ੍ਰੋਗਰਾਮ ਬੁੱਕ ਐ, " ਮੇਰੀ ਗੱਲ੍ਹ ਉੱਤੇ ਬੁੱਲ੍ਹ ਧਰਦੇ ਹੋਏ
ਰਾਏ ਨੇ ਚਿੰਤਾ ਜ਼ਾਹਰ ਕੀਤੀ।
ਕਿੱਡਾ ਬੇਸ਼ਰਮ ਐ ? ਤੇਰੀ ਘਰਵਾਲੀ ਨੂੰ ਕੋਈ ਪਰਾਇਆ ਇੰਝ ਤੇਰੇ ਸਾਹਮਣੇ ਛੇੜੀ ਜਾਂਦੈ ਕੁਝ ਤਾਂ
ਆਖ। ਪਰ ਨਸ਼ੇ ਦਾ ਖਾਧਾ…? ਕੋਲ ਖੜ੍ਹਾ ਸੁਰਜੀਤ ਵੇਖਦਾ ਰਹਿੰਦਾ ਸਭ ਕੁਝ ਪਰ…। ਮੈਨੂੰ ਚਿੜ
ਚੜ੍ਹਦੀ।
"ਮੈਂ ਨੀਂ ਕਰ ਸਕਦੀ ਅੱਜ ਦਾ…"। ਮੇਰੀ ਆਵਾਜ਼ ਵੀ ਜਵਾਬ ਦੇਣ ਲੱਗੀ।
"ਸੁਰਜੀਤ ਕੁਝ ਕਰ। ਇਹਨੂੰ ਕਿਸੇ ਵੀ ਤਰ੍ਹਾਂ ਤਿਆਰ ਕਰ। ਤੈਨੂੰ ਪਤਾ ਇਹਦੇ ਬਿਨਾਂ ਪਰੋਗਰਾਮ ਨੀਂ ਹੋ
ਸਕਣਾ। ਪਾਰਟੀ ਨੇ ਖਾਸ ਡਿਮਾਂਡ ਤੇ ਪ੍ਰੋਗਰਾਮ ਬੁੱਕ ਕਰਾਇਆ। ਰਾਤ ਦਾ ਪ੍ਰੋਗਰਾਮ ਐ। ਮੁੰਡਿਆਂ-
ਖੁੰਡਿਆਂ ਨੇ ਛੇੜ-ਛਾੜ ਵੀ ਕਰਨੀ ਹੁੰਦੀ ਐ। ਇਹਦੇ ਕਰ ਕੇ ਤਾਂ ਚੰਗੀ ਪਾਰਟੀ ਕੋਈ ਹੱਥ ਆਈ ਐ।
ਯਰ, ਮੈਂ ਕੀ ਜਵਾਬ ਦੇਊ? ਰਾਏ ਨੂੰ ਤਾਂ ਆਪਣੀ ਚਿੰਤਾ ਮਾਰਦੀ ਐ ਦੂਜੇ ਬਾਰੇ ਕਦੋਂ ਸੋਚਦੈ ?
ਸੁਰਜੀਤ ਤਾਂ ਮਿੰਟ ਵੀ ਨੀਂ ਲਾਉਂਦਾ ਹੈਵਾਨ ਬਣਨ ਲੱਗਿਆਂ। "ਮੈਂ ਸੰਘਾਉਂਨਾਂ ਇਹਨੂੰ ਗਿੱਦੜ-ਸਿੰਗੀ।"
ਲੋੜ ਪੈਣ ਤੇ ਸੁਰਜੀਤ ਕੋਲ ਤਾਂ ਮੈਨੂੰ ਨਸ਼ਾ ਦੇਣ ਤੋਂ ਇਲਾਵਾ ਕੋਈ ਸਾਧਨ ਹੈ ਈ ਨੀਂ ਸੀ।
ਬੜਾ ਸੋਚਦੀ ਸਾਂ ਕਿੰਨਾ ਚਿਰ ਇੰਝ ਦੱਬੀ-ਘੁੱਟੀ ਜੀਂਦੀ ਰਹਾਂਗੀ। ਦਫ਼ਾ ਕਰਾਂ ਇਹੋ ਜੇਹੀ ਜ਼ਿੰਦਗੀ ਨੂੰ।
ਪੱਖੇ ਨਾਲ ਚੁੰਨੀ ਬੰਨ੍ਹ ਲਈ ਸੀ। ਸਾਹ ਘੁੱਟਿਆ ਗਿਆ ਸੀ।
"ਮੇਰੇ ਸਾਲੇ ਦੀਏ…। ਮਰਨ ਦਾ ਬੜਾ ਚਾਅ ਐ ਨਾ ਤੈਨੂੰ। ਠਹਿਰ ਕੇਰਾਂ ਮੈਂ ਦਿੰਨਾਂ ਤੈਨੂੰ…? ਆਖਦੇ ਨੇ
ਗਾਲਾਂ ਦਾ ਜੋ ਮੀਂਹ ਵਰਸਾਇਆ ਉਹ ਤਾਂ ਅੱਡ। ਮਾਰ-ਕੁਟਾਈ ਵੱਖ।
"ਇਕ ਗੱਲ ਸੁਣ ਲੈ ਮੇਰੀ ਫਿਰ ਮਰ 'ਜੀਂ ਜਿਵੇਂ ਮਰਜ਼ੀ। ਤੂੰ ਮਰੀ ਤਾਂ ਤੇਰੀ ਭੈਣ ਲੈ ਕੇ ਆਊ। ਤੂੰ ਨੀਂ ਤਾਂ
ਉਹ ਕਰੂ ਇਹੀ ਸਭ ਕੁਛ। ਨੌਵੀਂ 'ਚ ਪੜ੍ਹਦੀ ਭੈਣ ਦੀ ਮਾਸੂਮੀਅਤ ਮੈਨੂੰ ਮਰਨ ਨੀਂ ਦਿੰਦੀ ਸੀ। ਦੂਜਾ ਮਾਂ
ਦਾ ਦੁੱਖ ਵੱਖ। ਪਹਿਲਾਂ ਤਾਂ ਉਹ ਘਰਾਂ ਤੇ ਖੇਤਾਂ 'ਚ ਕੰਮ ਕਰ ਘਰ ਤੋਰੀ ਜਾਂਦੀ ਸੀ। ਪਰ ਮਾਂ ਦੀ
ਬਿਮਾਰੀ ਨੂੰ ਮੰਜੇ ਜੋਗੀ ਕਰ ਦਿੱਤਾ ਸੀ। ਉਹਨਾਂ ਦਾ ਖਰਚਾ ਵੀ ਮੇਰੀ ਜ਼ਿੰਮੇਵਾਰੀ ਸੀ।
-----------
ਅੱਜ ਤਾਈ ਬਿਸ਼ਨੀ ਦੁੱਖ ਵੰਡਾਉਣ ਆਈ ਸੀ ਜਾਂ ਸਾਰੇ ਰਾਜ ਤੋਂ ਪਰਦਾ ਚੁੱਕਣ। ਉਸ ਦੀਆਂ ਬੁਝਾਰਤਾਂ
ਸੀਨੇ ਜਾ ਲੱਗਦੀਆਂ।
"ਦੇਖ ਭਾਈ ਕੁੜੇ। ਜੋ ਹੋਇਆ ਸੋ ਮਾੜਾ ਈ ਐ। ਐਡੀ ਪਹਾੜ ਜਿੱਡੀ ਜ਼ਿੰਦਗੀ ਕੱਟਣੀ ਔਖੀ ਆ ਬੀਬਾ।
ਊ ਤੂੰ ਆਪ ਵੀ ਹੰਡੀ-ਵਰਤੀ…?" ਹੰਢੀ-ਵਰਤੀ ਸ਼ਬਦ ਹੋ ਸਕਦੈ ਤਾਈ ਦੀ ਸੋਚੇ ਹੋਰ ਹੋਣ ਪਰ ਮੇਰਾ
ਕੋਈ ਪਿਛੋਕੜ ਖੋਲ ਗਏ ਸਨ।
ਅੱਖਾਂ ਮੂਹਰੇ ਆ ਖੜ੍ਹੀ ਵਿਆਹ ਦੀ ਦੂਜੀ ਰਾਤ। ਜਿਉਂ-ਜਿਉਂ ਦਿਨ ਛਿਪ ਰਿਹਾ ਸੀ ਡਰ ਵੱਧਦਾ ਜਾ
ਰਿਹਾ ਸੀ। ਜਿਵੇਂ ਰਾਤ ਨੀਂ ਆ ਰਹੀ ਸੀ ਸੱਪਾਂ ਦਾ ਝੁੰਡ ਹੋਵੇ। ਸਾਰੇ ਸੱਪ ਮੈਨੂੰ ਹੁਣੇ ਡੱਸ ਲੈਣਗੇ। ਘਰ 'ਚ
ਸਿਰਫ਼ ਚਾਰ ਜੀਅ ਹੀ ਰਹਿ ਗਏ ਸੀ। ਰਿਸ਼ਤੇਦਾਰ ਸਾਰੇ ਜਾ ਚੁੱਕੇ ਸਨ। ਰੋਟੀਆਂ ਦੀਆਂ ਦੋ ਬੁਰਕੀਆਂ
ਈ ਮਸਾਂ ਅੰਦਰ ਸੁੱਟੀਆਂ। ਪਹਿਲੀ ਰਾਤ ਦਾ ਦਰਦ ਭੁੱਲ ਕੇ ਦੂਜੀ ਰਾਤ ਦੇ ਮੋਤੀ ਪਰੋਏ ਸਨ। "ਹੋ
ਸਕਦੈ ਸੁਰਜੀਤ ਕੱਲ੍ਹ ਥੋੜ੍ਹਾ ਘਾਬਰਿਆ ਹੋਵੇ। ਵਿਆਹ ਵਾਲੇ ਦਿਨ ਉਂਝ ਹੀ ਘਾਬਰ ਜਾਈਦੈ। ਅੱਜ ਮੈਂ
ਆਪ ਗੱਲ ਛੇੜੂੰ। ਮੇਰੇ ਅੰਦਰ ਬੈਠੀ ਪਤੀ-ਪ੍ਰਮੇਸ਼ਵਰ ਦੀ ਛਵੀ ਬਰਕਰਾਰ ਸੀ। ਆਪਣੇ ਅੰਦਰ ਮੋਏ
ਸੁਪਨਿਆਂ ਨੂੰ ਕਬਰਾਂ ਵਿਚੋਂ ਉਠਾਲ ਲਿਆਈ ਸਾਂ। ਆਦਮੀ ਗਲਤੀ ਦਾ ਪੁਤਲਾ ਏ ਔਰਤ ਉਸ ਪੁਤਲੇ ਨੂੰ
ਮਾਫ ਕਰਨ ਵਾਲੀ ਕਠਪੁਤਲੀ।
"ਲੈ ਇਹ ਕਿਹੜੀ ਨਵੀਂ ਗੱਲ ਸੀ ਜੋ ਤੇਰੇ ਵਰਗੀ ਨਾਲ ਈ ਵਾਪਰੀ ਹੋਵੇ। ਸਾਰਾ ਕੁਛ ਪਤਾ ਈ ਹੁੰਦੈ
ਕੁੜੀਆਂ ਨੂੰ। ਐਵੇਂ ਤੇਰੇ ਵਰਗੀਆਂ ਪਖੰਡ ਕਰਦੀਆਂ। ਸਾਰੀਆਂ ਵਿਆਹੋਂ ਪਹਿਲਾਂ ਹੰਢੀਆਂ-ਵਰਤੀਆਂ
ਹੁੰਦੀਆਂ। ਮੈਨੂੰ ਤਾਂ ਇਹੀ ਲੱਗਦਾ ਤੂੰ ਵੀ ਹੰਢੀ-ਵਰਤੀ…।" ਉਹਦੀ ਕਿੱਲਰੀਆਂ ਬਾਛਾਂ ਦੀ ਮਸ਼ਕਰੀ ਮੈਨੂੰ
ਵਲੂੰਧਰ ਗਈ ਸੀ। ਉਹਨੇ ਬਿਨਾ ਪਰਖੇ ਮੇਰੇ 'ਤੇ ਇਲਜ਼ਾਮ ਲਾਉਣ ਲੱਗਿਆਂ ਰਤਾ ਸ਼ਰਮ ਨਾ ਕੀਤੀ।
ਬੜੇ ਆਸਾਨ ਸੀ ਉਸ ਲਈ ਇਹ ਸ਼ਬਦ ਕਹਿਣੇ।
ਹਾਂ ਹੋ ਸਕਦੀ ਸੀ ਹੰਢੀ-ਵਰਤੀ ਜੇ ਉਹ ਖੇਤਾਂ ਵਿਚ ਕੰਮ ਗਈ ਜਿੰਮੀਦਾਰ ਦੀ ਮੋਟਰ ਤੋਂ ਪਾਣੀ ਭਰਨ
ਲਈ ਗਈ, ਫੜੀ ਬਾਂਹ ਤੇ ਚਪੇੜ ਨਾ ਮਾਰਦੀ ਤੇ ਪਾਣੀ ਦਾ ਭਰਿਆ ਡੋਲ ਉਹਦੇ ਪੈਰਾਂ 'ਚ ਡੋਲ੍ਹ ਕੇ ਨਾ
ਆਉਂਦੀ। ਹੰਢੀ-ਵਰਤੀ ਹੋ ਸਕਦੀ ਸੀ ਦਸਵੀਂ 'ਚ ਨਾਲ ਪੜ੍ਹਦੇ ਹਰੀਸ਼ ਦੀਆਂ ਚੋਪੜੀਆਂ ਗੱਲਾਂ 'ਚ ਆ
ਜਾਂਦੀ ਜੋ ਵਿਆਹ ਦੇ ਸੁਪਨੇ ਦਿਖਾਉਂਦਾ ਸੀ। ਵਿਚਾਰੀ ਨਿਸ਼ਾ …? ਕਿੱਡੀ ਕੰਵਲੀ ਨਿਕਲੀ। ਮੈਂ ਉਹਨੂੰ
ਸਮਝਾਇਆ ਸੀ ਬਈ ਹਰੀਸ਼ ਤੋਂ ਦੂਰ ਈ ਰਹੀ। ਆਪਣੇ ਔਬਰਸ਼ਨ ਦੀ ਅਸਲੀਅਤ ਦੱਸੀ ਸੀ ਉਹਨੇ
ਮੈਨੂੰ। ਵਿਚਾਰੀਆਂ ਮਾਵਾਂ-ਧੀਆਂ ਨੇ ਮਸਾਂ ਨੱਕ ਡੁਬਣੋਂ ਬਚਾਇਆ। ਭਰਾ ਨੂੰ ਪਤਾ ਚੱਲ ਜਾਂਦਾ ਤਾਂ ਉਹਨੇ
ਵੱਡ ਈ ਦੇਣਾ ਸੀ। ਕੰਬ ਗਈ ਸਾਂ ਮੈਂ ਨਿਸ਼ਾ ਦੀ ਹਾਲਤ ਵੇਖ ਕੇ। ਹੰਢੀ-ਵਰਤੀ ਹੋ ਸਕਦੀ ਸਾਂ ਪਰ ਨਹੀਂ
ਸਾਂ। ਤਾਂ ਈ ਸੁਰਜੀਤ ਐਡੀ ਹਿੰਮਤ ਰੱਖਦਾ ਸੀ।
ਅੱਜ ਤਾਈ ਨੇ ਹੰਢੀ-ਵਰਤੀ ਆਖ ਦੁਖਦੀ ਰਗ਼ ਨੂੰ ਫਰੋਲ ਦਿੱਤਾ ਸੀ।
ਮੁੱਕ ਗਿਆ ਸੀ ਨਿੱਤ ਦਾ ਪਿੱਟ-ਸਿਆਪਾ। ਭੋਗ ਪਏ ਨੂੰ ਵੀ ਮਹੀਨਾ ਲੰਘ ਗਿਆ ਸੀ। ਗੁਆਂਢਣਾਂ ਆ
ਹੌਂਸਲਾ ਦੇਣੋਂ ਨਾ ਹੱਟਦੀਆਂ।
"ਨਹੀਂ ਲੋੜ ਮੈਨੂੰ ਹੌਂਸਲਿਆਂ ਦੀ। ਬੱਸ ਕੋਈ ਨਾ ਆਉ ਮੇਰੇ ਨੇੜੇ। ਮੈਂ ਤਪਦੀ ਭੱਠੀ 'ਚੋਂ ਰੜ੍ਹ ਕੇ ਨਿਕਲੀ
ਹਾਂ। ਐਨੀ ਕਮਜ਼ੋਰ ਨੀਂ ਰਹੀ। ਆਪਣੀਆਂ ਦੋ ਥੱਪਣੀਆਂ ਦਾ ਵਸੀਲਾ ਕਰਨਾ ਆਉਂਦੈ ਮੈਨੂੰ। ਉਦੋਂ ਕਿੱਥੇ
ਸੀ? ਕੋਈ ਨੀਂ ਬਹੁੜਦਾ ਸੀ ਜਦੋਂ ਮੇਰੀਆਂ ਦੁਹਾਈਆਂ ਤਰਲਾ ਪਾਉਂਦੀਆਂ ਸੀ।"
"ਆਹੀਂ ਦਿਨ ਸੀ ਤੇਰੇ ਕੁੜੇ। ਚਾਰ ਦਿਨ ਖਾਣ-ਪੀਣ ਦੇ। ਰੰਡੇਪਾ ਕੱਟਣਾ ਬੜਾ ਔਖਾ ਧੀਏ। ਝੋਲੀ ਭਰੀ
ਹੁੰਦੀ ਤਾਂ ਉਹ ਜਾਣੇ ਨਿੱਕੇ ਮੂੰਹ ਨੂੰ ਵੇਖ ਕੱਟ ਲੈਂਦੀ। ਪਰ…?" ਨਹੀਂ ਚਾਹੀਦੀ ਲੋਕਾਂ ਦੀ ਹਮਦਰਦੀ
ਮੈਨੂੰ।
ਬੜੀਆਂ ਬੇਤੁਕੀਆਂ ਲੱਗਦੀਆਂ ਨੇ ਮੈਨੂੰ ਉਹਨਾਂ ਦੀਆਂ ਇਹ…। ਸੱਸ-ਸਹੁਰੇ ਦਾ ਵਿਗੋਚਾ ਮਾਰ ਜਾਂਦੈ
ਮੈਨੂੰ। ਉਹਨਾਂ ਦੇ ਧੌਲੇ ਰੰਗ ਦਾ ਕੀ ਕਸੂਰ? ਸਿਵਿਆਂ ਦਾ ਰਾਹ 'ਡੀਕਦੀਆਂ ਨਜ਼ਰਾਂ ਕੀ ਜਾਣਨ ਪੁੱਤ ਦੇ
ਕਾਰਨਾਮੇ। ਵਿਲਕਦੇ ਰਹਿ ਜਾਂਦੇ ਮੇਰੇ ਉੱਤੇ ਬੇਮੌਸਮੀ ਆਈ ਬਰਸਾਤ ਦੇ ਛਰਾਟੇ ਦੇਖ ਕੇ। ਉਹਨਾਂ ਦਾ
ਹੌਂਸਲਾ ਮੈਂ ਬਣਨਾ ਸੀ। ਹਾਂ! ਪਰ ਬੁਝੀਆਂ ਅੱਖੀਆਂ ਨੂੰ ਕੀ ਆਖ ਸੁਣਾਵਾਂ? ਚੰਗਾ ਹੋਇਆ ਜੂਠ ਤੋਂ
ਖਹਿੜਾ ਛੁਟਿਆ।
ਥੋੜ੍ਹਾ ਈ ਫ਼ਰਕ ਪਿਆ ਸੀ ਉਹਦੇ ਜਾਣ ਨਾਲ। ਮੇਰੇ ਲਈ ਤਾਂ ਵੈਸੇ ਵੀ ਰੰਗ ਮੁੱਕ ਗਏ ਸਨ। ਕੀ ਫ਼ਰਕ
ਪੈਣ ਲੱਗਾ ਸੀ ਮੈਨੂੰ ਸਿਰ 'ਤੇ ਚਿੱਟਾ ਵੇਖ ਕੇ?
ਕਈ ਸਵਾਲਾਂ ਦੀ ਗੁੱਥੀਆਂ ਮੈਂ ਸੁਲਝਉਣ 'ਚ ਜਾਣਾ ਨੀਂ ਚਾਹੁੰਦੀ। "ਕੁੜੇ ਤੈਨੂੰ ਸੁੱਤੀ ਨੂੰ ਪਤਾ ਈ ਨੀਂ
ਲੱਗਿਆ। ਨਾਲੋਂ ਉੱਠੇ ਬੰਦੇ ਦੀ ਬਿੜਕ ਤਾਂ ਪੈ ਈ ਜਾਂਦੀ ਐ। ਸ਼ਰਾਬ ਤਾਂ ਊ ਈ ਬੜੀ ਪੀਂਦਾ ਸੀ ਉਦ੍ਹੇ
ਕਿਹੜੀ ਪੀ ਲੀ ਬਈ ਸੁਰਤ ਟਿਕਾਣੀ ਨੀਂ ਰਹੀ।" ਆਈਆਂ ਔਰਤਾਂ ਪਤਾ ਨੀਂ ਕਿਹੜੀਆਂ ਪਰਤਾਂ ਫਰੋਲ
ਕੇ ਵੇਖਣਾ ਚਾਹੁੰਦੀਆਂ ।
ਮਹੀਨਾ ਹੋ ਚੱਲਿਆ ਸੀ। ਪਰ ਪਿੰਡ ਦੀ ਕਿਸੇ ਜਾਨ ਕੋਲ ਘਰ 'ਚ ਕੋਈ ਹੋਰ ਕੰਮ ਨਾ ਥਿਆਂਉਂਦਾ ਆ
ਬਹਿੰਦੀਆਂ ਮੇਰੇ ਸਿਰਹਾਣੇ। ਮੈਂ ਕਿਸੇ ਹਾਦਸੇ ਨੂੰ ਭੁੱਲ ਜਾਣਾ ਚਾਹੁੰਦੀ ਸੀ। ਪਰ ਕਿਸੇ ਨੂੰ ਮੇਰੇ ਚਿਹਰੇ 'ਤੇ
ਖੁਸ਼ੀਆਂ ਘੱਟ ਦੁੱਖਾਂ ਦੀ ਝੁਰੜੀਆਂ ਜ਼ਿਆਦਾ ਦਿਸਦੀਆਂ।
"ਸਾਡੀ ਛਿੰਦਰ ਦੇ ਚਾਚੇ ਸਹੁਰਾ ਦਾ ਹੈਗਾ ਛੁੱਟੜ। ਦੋ ਜਵਾਕ ਨੇ। ਚੱਲ ਉਹ ਜਾਣੇ ਦੋਨਾਂ ਦੇ ਘਰ
ਸੱਜਦਾ-ਪੁਜਦਾ ਹੋ ਜੂ।"
"ਮੇਰੇ ਭਾਈ ਦਾ ਸਾਲਾ ਹੈਗਾ। ਉਮਰ ਤਾਂ ਭਾਵੇਂ ਥੋੜੀ ਹੈਗੀ ਆ ਪਰ ਘਰ ਰੱਜਵਾਂ ਐ।"
ਕਿੰਨੇ ਸਾਕਾਂ ਦੀਆਂ ਉਲਝਣਾਂ ਮੇਰੇ ਦੁਆਲੇ ਵਲ ਕੇ ਤੁਰ ਜਾਂਦੀਆਂ। ਅਜੇ ਤਾਂ ਪਹਿਲੇ ਜ਼ਖਮ ਦੇ ਉੱਤੇ
ਪੱਟੀਆਂ ਬੰਨ੍ਹੀ ਜਾਂਦੀ ਹਾਂ ਤੇ ਇਹ ਲੋਕ…? ਸੱਸ ਮੇਰੇ ਮੱਥੇ ਨੂੰ ਪੜਂਨ ਦੀ ਕੋਸ਼ਿਸ਼ ਕਰਦੀ ਕਿਤੇ ਮੈਂ…।
ਪਰ ਉਹਦੇ ਮੱਥੇ 'ਤੇ ਉਕਰੀ ਲਕੀਰ ਮੈਨੂੰ ਆਖਦੀ, "ਸਾਡੀ ਤਾਂ ਦੁਨੀਆਂ ਈ…? ਦਿਲ ਕਰਦਾ ਉਹਨੂੰ
ਬਾਹਾਂ 'ਚ ਘੁੱਟ ਕੇ ਉੱਚੀ-ਉਚੀ ਰੋ ਲਵਾਂ। ਐਨੀ ਤਾਂ ਮੈਂ ਉਹਦੇ ਮਰਨੇ ਤੇ ਨੀਂ ਰੋਈ। ਰੋਂਦੀ ਵੀ ਕਿਵੇਂ? ਰੋਣਾ
ਵੀ ਆਪਣਿਆਂ ਦੇ ਮਰਨ 'ਤੇ ਈ ਆਉਂਦੈ।
ਤਾਈ ਬਿਸ਼ਨੀ ਦੀ ਤੱਕਣੀ ਮੈਨੂੰ ਕਈ ਸਵਾਲ ਕਰੀਂ ਜਾਂਦੀ ਸੀ। ਆਖਰ ਮੈਂਨੂੰ ਕੱਲੀ ਵੇਖ ਢਿੱਡ 'ਚ ਬਣੇ
ਗੋਲੇ ਨੂੰ ਉਧੇੜਨ ਵਿਚ ਕਾਮਯਾਬ ਹੋ ਗਈ। "ਜਿੱਦਣ ਸੁਰਜੀਤ …? ਉਦ੍ਹੇ ਮੇਰਾ ਪੋਤਾ ਬਾਹਲਾ ਵ੍ਹੀਰ
ਗਿਆ ਸੀ। ਟੀਕਾ ਲਵਾ ਕੇ ਲਿਆਈ ਸੀ ਬਹੂ ਦਿਨੇ। ਕਹਿੰਦੇ ਜਵਾਕ ਨੂੰ ਦੁਖਦਾ ਹੁੰਦੈ। ਮੈਂ ਉਹਨੂੰ ਵਰੌਂਦੀ
ਕੋਠੇ 'ਤੇ ਆ ਗਈ। ਮੱਸਿਆ ਲੰਘੇ ਨੂੰ ਬਹੁਤੇ ਦਿਨ ਤਾਂ ਨੀਂ ਹੋਏ ਸੀ। ਪਰ ਮੈਨੂੰ ਦੋ ਝਾਉਲੇ ਜਰੂਰ ਦਿਸੇ
ਸੀ। ਇੱਕ ਥੱਲੇ ਡਿੱਗਦਾ ਤੇ ਦੂਜਾ ਪਿਛਾਂਹ ਮੁੜਦਾ। ਬਾਕੀ ਰੱਬ ਜਾਣਦੈ। ਭਾਈ ਰੱਬ ਨੂੰ ਜਾਨ ਦੇਣੀ ਐ।
ਦੂਜਾ ਕੌਣ ਸੀ? ਊ ਕੁੜੇ ਥੋਡੀ ਕਿਸੇ ਨਾਲ ਲੈ-ਗੈ ਤਾਂ ਹੈਨੀ ਸੀ ਜਿਹੜਾ ਕੋਈ…?"
ਉਸ ਰਾਤ ਵੀ ਨਸ਼ਿਆਂ ਦਾ ਮਾਰਿਆ ਰੱਜ ਕੇ ਪਿਆ ਸੀ। ਅੱਧੀ ਰਾਤ ਨੂੰ ਪਾਣੀ ਮੰਗਿਆ। ਮੈਂ ਤਾਂ ਗਲਾਸ
ਧਿਆਨ ਨਾਲ ਫੜਾਇਆ । ਗਲਾਸ ਉਹਦੇ ਹੱਥੋਂ ਛੁੱਟਿਆ। ਐਡੀ ਵੀ ਕੀ ਗੱਲ ਹੋ 'ਗੀ ਜੇ ਭੋਰਾ ਪਾਣੀ
ਉੱਤੇ ਪੈ ਗਿਆ। ਬਸ ਬਹਾਨਾ ਚਾਹੀਦਾ ਉਹਨੂੰ ਮੇਰੇ ਉੱਤੇ ਟੁਟ ਪੈਣ ਦਾ। ਮੂਹਰਲੇ ਵਾਲਾਂ ਤੋਂ ਫੜਿਆ
ਲਿਆ ਮੈਨੂੰ। ਅਕਸਰ ਮੈਨੂੰ ਮੂਹਰਲੇ ਵਾਲਾਂ ਤੋਂ ਈ ਫੜ੍ਹਦੈ। ਗਲਾਸ ਤਾਂ ਫੜਿਆ ਨੀਂ ਗਿਆ ਸੀ ਤੇ ਮੈਨੂੰ
ਪਤਾ ਨੀਂ ਕਿੰਝ ਖਿੱਚ ਕੇ ਲੈ ਗਿਆ ਬਨੇਰੇ ਤੇ। ਸੁੱਟ ਦਿੰਦਾ ਮੈਨੂੰ ਕਿਹੜਾ ਕੋਈ ਫ਼ਰਕ ਪੈਣ ਵਾਲਾ ਸੀ।
ਅਗਲੇ ਹੀ ਪਲ਼ ਝਟਕਾ ਵੱਜਿਆ। ਮੇਰੀ ਥਾਂ ਉਹ ਹੇਠਾਂ ਜਾ ਡਿੱਗਿਆ ਸੀ।
"ਦੇਖ ਧੀਏ ਮੈਂ ਤੇਰਾ ਮਾੜਾਂ ਨੀਂ ਕਰੂੰ। ਰੱਬ ਨੂੰ ਜਾਣ ਦੇਣੀ ਐ। ਪਰ ਤਾਰਾ ਆਖਦਾ ਸੀ ਮੈਂ ਤਿਆਰ ਆਂ।
ਊ ਤਾਂ ਮੈਨੂੰ ਪਤਾ ਬਈ ਉਹ ਕਿਹੋ ਜੇਹਾ? ਪਰ ਉਹ ਕਹਿੰਦਾ ਮੈਂ ਆਪਣੀ ਘਰ ਦੀ ਨੂੰ ਥੋੜ੍ਹਾ ਧੰਦੇ ਲਾਊ।
ਮੈਂ ਕਮਾਊ। ਜੇ ਤੂੰ ਆਖੇ ਤਾਂ ਗੱਲ ਤੋਰ ਲੈਂਨੀ ਆ। ਊ ਉਹ ਸੌਹਾਂ ਖਾਂਦਾ ਬਈ…। ਬਾਕੀ ਬੀਬਾ ਤੂੰ ਆਪ
ਹੰਡੀ-…? ਵਿਚਾਰ ਕਰ ਲੈ ਮਨ ਨਾਲ। ਦੋ ਦਿਨ ਠਹਿਰ ਕੇ ਆਊ ਮੈ। ਭੁੱਲ ਜਾ ਜੋ ਹੋਇਆ…?