ਹਨੇਰੇ ਦੀ ਫ਼ਰਦ (ਕਹਾਣੀ) : ਬਲੀਜੀਤ

ਹੁਣ ਤੱਕ ਮੈਨੂੰ ਆਪਣੇ ਭਾਈ ਦੇ ਨਵੇਂ ਘਰ ਦੀ ਚੱਠ 'ਚ ਜਾਣ ਦਾ ਚਾਉ ਸੀ । ਪਰ ਉੱਚੀ ਚੌੜੀ ਸੜਕ ਤੋਂ ਖੱਬੇ ਹੱਥ ਛੋਟੀ ਨੀਵੀਂ ਕਮੇਟੀ ਦੀ ਗਲੀ ਵਿੱਚ ਉਤਰਦਿਆਂ ਸਾਰ ਮੇਰੀ ਨਿਗ੍ਹਾ ਚੁੰਧਿਆ ਗਈ । ਸਾਹਮਣੇ ਸਰਕਾਰੀ ਉੱਚੇ ਤਿੰਨ ਮੰਜ਼ਲਾ ਸ਼ੋਅ-ਰੂਮਾਂ ਦੀ ਕਤਾਰ ਸੀ । ਜਿਹਨਾਂ ਦੇ ਮੱਥੇ 'ਤੇ ਚਮਕਦੇ ਬੋਰਡ ਲਟਕ ਰਹੇ ਸਨ । ਮੇਰੀਆਂ ਲੱਤਾਂ ਅੰਦਰ ਹੇਠਾਂ ਨੂੰ ਕੁੱਝ ਠੰਡਾ ਠੰਡਾ ਗਿਰਦਾ ਲੱਗਿਆ । ਪੈਰਾਂ 'ਚ ਜੁੱਤੀ ਢਿੱਲੀ ਹੋ ਕੇ ਚਮੜੀ ਤੋਂ ਅਲੱਗ ਮਹਿਸੂਸ ਹੋਣ ਲੱਗੀ ।

ਸਰਕਾਰੀ ਸ਼ੋਅ-ਰੂਮਾਂ ਦੀ ਕਤਾਰ...

ਸਰਕਾਰ ਤਾਂ...

ਚਲੋ ਕੋਈ ਨਾ ਸਰਕਾਰ ਤਾਂ ਫੇਰ । ਇੱਕ ਵਾਰੀ ਫੇਰ । ਪਤਾ ਨਹੀਂ ਕਿੰਨਵੀਂ ਵਾਰ...

ਸਾਡਾ ਪੁਰਾਣਾ ਘਰ ...

ਸ਼ੋਅ-ਰੂਮਾਂ ਦੀ ਕਤਾਰ ਉੱਤੇ ਨਿਗ੍ਹਾ ਟਿਕੀ ਤਾਂ ਘਬਰਾ ਕੇ ਖੜ੍ਹ ਗਿਆ । ਪੈਰਾਂ ਨੇ ਤੁਰਨ ਤੋਂ ਜਿਵੇਂ ਨਾਂਹ ਕਰ ਦਿੱਤੀ ।

***

ਪੁਰਾਣਾ ਘਰ ਦੋ ਵਾਰ ਢਾਅ ਕੇ ਭਰਤ ਪਾ ਕੇ ਪੁਰਾਣੀਆਂ ਨੀਹਾਂ ਉੱਤੇ ਹੀ ਦੁਬਾਰਾ ਉੱਚਾ ਚੁੱਕ ਦਿੱਤਾ । ਮਰ ਗਏ ਦਾਦੇ ਪੜਦਾਦੇ ਤੋਂ ਲੈ ਕੇ ਭਰਤ ਢੋਂਹਦੇ । ਤੂਤ ਦੀਆਂ ਛਿਟੀਆਂ ਚੀਰ ਕੇ ਝਿਊਰਾਂ ਦੀਆਂ ਬਣਾਈਆਂ ਟੋਕਰੀਆਂ 'ਚ ਮਿੱਟੀ, ਮਲਬਾ ਸਿਰਾਂ 'ਤੇ ਚੁੱਕਦੇ । ਨੀਵੇਂ ਅੰਦਰਾਂ 'ਚ ਬਰਸਾਤ ਦਾ ਪਾਣੀ ਵੜੀ ਜਾਂਦਾ । ਅਸੀਂ ਮਿੱਟੀ ਪਾ ਕੇ ਕੱਚੇ ਫਰਸ਼ ਉੱਚੇ ਚੁੱਕੀ ਜਾਂਦੇ । ਛੱਤਾਂ ਨੀਵੀਂਆਂ ਹੋ ਕੇ ਸਿਰਾਂ ਨੂੰ ਲੱਗਣ ਲੱਗ ਪੈਂਦੀਆਂ । ਮ੍ਹੈਸਾਂ ਦੇ ਛੱਪਰ ਉੱਚੇ ਚੁੱਕ ਦਿੱਤੇ । ਪਿੱਲੀਆਂ ਇੱਟਾਂ ਦੇ ਕੰਧਾਂ ਕੌਲੇ, ਬਾਲੇ-ਸ਼ਤੀਰੀਆਂ ਵਾਲੇ ਵਾਸੂ ਖਣ ਢਾਹ ਦਿੱਤੇ । ਅਸੀਂ ਜਿੰਨਾ ਕੁ ਭਰਤ ਪਾਉਂਦੇ, ਆਲਾ-ਦੁਆਲਾ ਉਸ ਤੋਂ ਹੋਰ ਉੱਚਾ ਹੋਈ ਜਾਂਦਾ । ਸਭ ਤੋਂ ਪਹਿਲਾਂ ਸਰਕਾਰ ਹੀ ਨਾ ਹਟਦੀ ਸੜ੍ਹਕ ਉੱਚੀ, ਚੌੜੀ ਕਰਨ ਤੋਂ । ਹਰ ਬਰਸਾਤ ਤੋਂ ਬਾਅਦ ਕੁੱਝ ਢਾਹੁਣ ਤੇ ਹੋਰ ਬਣਾਉਣ ਦੀ 'ਸਕੀਮ' ਸੋਚਣੀ, ਸਮਝਣੀ, ਤੋਰਨੀ ਪੈਂਦੀ । ਆਪਣੇ ਅੰਦਰ ਇੱਕ ਹੋਰ ਨਵੀਂ ਆਸ ਪੈਦਾ ਕਰਨੀ ਪੈਂਦੀ । ਮਾਂ ਕਹਿੰਦੀ ਹੁੰਦੀ ਸੀ ਕਿ ਪੁਰਾਣੇ ਬੁੜੇ੍ਹ-ਬੁੜ੍ਹੀਆਂ ਦਿਨ ਛਿਪਦੇ ਸਾਰ ਰੌਲਾ ਪਾ ਦਿੰਦੇ ਬਈ ਛੇਤੀ ਰੋਟੀ ਟੁੱਕ ਨਬੇੜੋ । ਨੇਰ੍ਹਾ ਢੋਣਾ । ਸਾਰੀ ਰਾਤ ਪੱਲੇ ਭਰ ਭਰ ਨੇਰ੍ਹਾ ਅੰਦਰਾਂ 'ਚੋਂ ਬਾਹਰ ਨੂੰ ਢੋਈ ਜਾਂਦੇ । ਅੰਨ੍ਹੇ ਲੋਕ । ਨੇਰ੍ਹਾ ਢੋਂਹਦੇ ਦਿਨ ਚੜ੍ਹਾ ਦਿੰਦੇ । ਸਾਡਾ ਘਰ ਨੀਵੇਂ ਦਾ ਨੀਵੇਂ ਰਿਹਾ । ਕਦੇ ਉੱਚਾ ਨਾ ਹੋ ਸਕਿਆ । ਨੀਵੇਂ ਘਰਾਂ ਦਾ ਨੇਰ੍ਹਾ ਨਾ ਮੁੱਕਿਆ...

ਹੁਣ ਕੋਈ ਹੋਰ ਆਸ ਉਮੀਦ ਵੀ ਨਹੀਂ ਬਚਦੀ ਦਿਸਦੀ । ਭਾਵੇਂ ਕਿ ਮੇਰੇ ਭਾਈ ਨੇ ਨਵਾਂ ਘਰ ਏਸੇ ਗਲੀ ਦੇ ਅਖ਼ੀਰ 'ਚ ਦੋ ਫ਼ਰਲਾਂਗ ਪਰ੍ਹਾਂ ਬਣਾਇਐ ਜੀਹਦੀ ਚੱਠ 'ਚ ਮੈਂ ਜਾ ਰਿਹਾਂ...

ਤਿੰਨ-ਖੂੰਜਾ ਮੁਸ਼ਤਰਕਾ ਸਾਂਝੀ ਜਮੀਨ ਸੀ ਸਾਡੀ ਪੌਣੇ ਦੋ ਕਿੱਲੇ ਏਸ ਸੜਕ 'ਤੇ... ਤੇ ਵਿੱਚ ਘਰ...??

***

ਏਸ ਮੁਸ਼ਤਰਕਾ ਘਰ ਦੀ ਤਿਰਕੋਣ ਵਿੱਚ ਕਦੇ ਫੌਜੀ ਵੀ ਆਇਆ ਸੀ । ਮੇਰਾ ਤਾਇਆ । ਉਹ ਮਚਲਾ ਜਿਹਾ ਹੋ ਕੇ ਆਪਣੇ ਹਿੱਸੇ 'ਤੇ ਗੁਣੀਏ ਵਿੱਚ ਚੌਰਸ ਘਰ ਬਣਾ ਕੇ ਕਬਜਾ ਖ਼ਰਾ ਕਰਨਾ ਲੋਚਦਾ ਸੀ । ਹੱਲਿਆਂ ਤੋਂ ਬਾਅਦ ਸ਼ਹਿਰ ਦੇ ਵਾਰਡ 'ਚ ਆਪਣੇ ਥੱਲੇ ਦੱਬੇ 'ਮਕਾਨਾਂ' ਨੂੰ ਉਹ ਕਿਸੇ ਤੀਸਰੇ ਬੰਦੇ ਦੀ ਮਾਲਕੀ ਦੱਸਦਾ ਸੀ:

''ਉਹ ਮਕਾਨ ਤਾਂ ਨਾਲਾਗੜ ਦੇ ਮਹਾਰਾਜੇ ਦੇ ਮਸਾਣਾਂ ਦੇ ਚਾਰਜੀਆਂ ਦੇ ਨਾਂਓਂ ਬੋਲਦੇ''

'' ਜਾਣ ਦੇ ਫੌਜੀ '' ਬਾਪੂ ਤਾਏ ਨੂੰ ਸਿੱਧਾ ਹੋ ਕੇ ਸੋਚਣ ਨੂੰ ਕਹਿੰਦਾ ।

''ਫਰਦ ਦਾ ਮੂੰਹ ਦੇਖਿਆ ਕਦੇ । ਇਹ ਬਾਈ ਦੇ ਨਾਂਓਂ ਐ । ਉਹ ਤਾਂ 'ਕੱਲਾ ਕਬਜਾ । ਅਗਲਾ ਜਦ ਮਰਜੀ ਛਡਾ ਲਵੇ । ਛਿੱਤਰ ਫੇਰ ਕੇ ।'' ਅਸਲ ਵਿੱਚ ਉਹ 'ਮਕਾਨਾਂ' ਉੱਤੇ ਆਪਣਾ ਕਬਜਾ ਛੱਡਣਾ ਨਹੀਂ ਚਾਹੁੰਦਾ ਸੀ । ਤੇ ਏਸ ਤਿੰਨ-ਖੂੰਜੀ ਜਮੀਨ 'ਚ ਆਪਣੇ ਹਿੱਸੇ 'ਤੇ ਹੱਕ ਜਤਾਉਂਦਾ ਸੀ । ਸਭ ਤੋਂ ਪਹਿਲਾਂ ਫ਼ੌਜੀ ਰੋਸ਼ਨਦਾਨਾਂ ਵਿੱਚ ਲਾਓਣ ਲਈ ਸੀਮਿੰਟ ਦੀਆਂ ਚਾਰ ਜਾਲੀਆਂ ਸਾਇਕਲ 'ਤੇ ਲੱਦ ਕੇ ਲਿਆਇਆ ਜਿਹਨਾਂ ਵਿਚਾਲੇ ਸੀਮਿੰਟ ਵਿੱਚ ਅੰਗਰੇਜੀ ਸ਼ਬਦ 'ਵੈਲਕਮ' ਲਿਖਿਆ ਹੋਇਆ ਸੀ । ਓਹਦਾ ਸਾਇਕਲ ਝੋਲੇ ਖਾ ਰਿਹਾ ਸੀ । ਉਹ, ਓਹਦਾ ਸਾਇਕਲ ਸਮੇਤ ਜਾਲੀਆਂ ਗਿਰ ਜਾਂਦੇ ਜੇ ਮੈਂ ਸਾਇਕਲ ਦਾ ਹੈਾਡਲ ਨਾ ਫੜਦਾ । ਮੈਨੂੰ ਵੀ ਝੂਟਾ ਵੱਜਿਆ । ਮੇਰੇ ਪੈਰ ਥਿੜਕ ਗਏ । ਸਾਡੇ, ਸਾਰੇ ਰਿਸ਼ਤੇਦਾਰਾਂ ਸਮੇਤ, ਸਭ ਦੇ ਘਰ ਰੋਸ਼ਨਦਾਨਾਂ ਤੋਂ ਵਗੈਰ ਸਨ ।

''ਦੇਖ ਕਿੱਥੇ ਲਿਖਿਆ 'ਵਿਲਕਮ' '', ਫੌਜੀ ਕੋਰਾ ਅਨਪੜ ਸੀ । ਫੌਜ ਵਿੱਚੋਂ ਅੰਗਰੇਜੀ 'ਚ ਦਸਤਖਤ ਵਾਹੁਣੇ ਸਿੱਖ ਕੇ ਆਇਆ ਸੀ । ਸੀਮਿੰਟ ਵਿੱਚ ਫਸੇ 'ਵੈਲਕਮ' ਦੇ ਅੱਖਰ ਥੋੜ੍ਹੇ ਭੁਰੇ ਹੋਏ ਸਨ । ਗਰਮੀ-ਓ-ਗਰਮੀ ਭਿੱਜੇ ਹੋਏ ਫ਼ੌਜੀ ਨੇ ਚਾਰੇ 'ਵਿਲਕਮ' ਉਤਾਰ ਕੇ ਹੇਠਾਂ ਕੌਲੇ ਨਾਲ ਟਿਕਾ ਦਿਤੇ । 'ਵਿਲਕਮ' ਕਹਿੰਦਾ ਉਹ ਕਿਧਰੇ ਕਾਲੇ ਨੇ੍ਹਰੇ 'ਚ ਅਲੋਪ ਹੋ ਗਿਆ । ਫੇਰ ਉਸਦੇ ਰਾਜ ਮਿਸਤਰੀ, ਮਜ਼ਦੂਰ ਇੱਟਾਂ ਗਾਰੇ ਨਾਲ ਛੇ ਮਹੀਨੇ ਤਿ੍ਕੂਣ ਵਿੱਚ ਓਹਦੇ ਹਿੱਸੇ 'ਤੇ ਕੰਧਾਂ ਚਿਣਦੇ ਰਹੇ । ਕੰਧਾਂ ਵਿੱਚ ਟਿਕਾਏ ਫੌਜੀ ਦੇ 'ਵੈਲਕਮ' ਵਾਲੇ ਰੋਸ਼ਨਦਾਨ ਸੁਭ੍ਹਾ-ਸ਼ਾਮ ਸਾਡਾ ਮੂੰਹ ਚਿੜਾਉਣ ਲੱਗ ਪਏ...

... ਮੇਰੀ ਸੁਰਤ ਫੇਰ ਸ਼ੋਅ-ਰੂਮਾਂ ਦੀ ਕਤਾਰ 'ਤੇ ਗਈ ...

***

ਤੇ... ਤੇ... ਜਿਹੜੇ ਸ਼ੋਅ-ਰੂਮ ਦੇ ਮੱਥੇ 'ਤੇ 'ਲੌਂਗੀਆ ਦੰਦਾਂ ਦਾ ਹਸਪਤਾਲ' ਲਿਖਿਆ ਚਮਕਦਾ ਉਸ ਹੇਠ ਸਾਡੀਆਂ ਮ੍ਹੈਸਾਂ ਦਾ ਬਾੜਾ ਆ ਗਿਆ...

... ਤੇ ਪੁਰਾਣੇ ਘਰ ਵਿੱਚ ਮ੍ਹੈਸਾਂ ।

ਮ੍ਹੈਸਾਂ! !

ਘਰ ਵਿੱਚ ਪਸ਼ੂਆਂ 'ਚੋਂ ਸਭ ਤੋਂ ਵੱਧ ਮ੍ਹੈਸਾਂ ਰੱਖਦੇ ...ਤੇ ਕਦੇ ਗਾਉਂਦੇ :

ਘੋੜੀ ਬੱਕਰੀ ਗੈਂ ਜੰਜਾਲ
ਦੁੱਧ ਪੀਣਾ ਤਾਂ ਮ੍ਹੈਸਾਂ ਪਾਲ

ਘਰ ਮੂਹਰੇ ਖੁੰਡੇ ਗੱਡੇ ਹੋਏ । ਖੁਰਲੀਆਂ । ਹਰੇਕ ਮੈ੍ਹਸ ਮੂਹਰੇ ਕੱਟੀ । ਕੱਟਾ । ਟੋਕਾ ਕਰਨ ਵਾਲੀ ਮਸ਼ੀਨ । ਹੋਰ ਤੀਵੀਂਆਂ ਨੇ ਕੀ ਕਰਨਾ ਸੀ ਸਾਰੀ ਦਿਹਾੜੀ । ਕਈ ਮੈ੍ਹਸਾਂ ਆਪਣੀ ਰੁੱਤੇ ਲਗਾਤਾਰ ਆਸ ਲੱਗੀ ਜਾਂਦੀਆਂ । ਕੋਈ ਛੇ ਕੁ ਸੂਇਆਂ ਬਾਅਦ ਕਣਤਾਉਂਣ ਲੱਗ ਪੈਂਦੀ । ਬੇਬੇ ਆਪਣੀ ਕੁੰਡੇ ਸਿੰਗਾਂ ਵਾਲੀ ਮੱਝ ਦੇ ਥਣ ਦੁੱਧ ਖਾਰਾ ਹੋਣ ਤੱਕ ਪੱਟੀ ਜਾਂਦੀ । ਅਸੀਂ ਝੋਟੀ ਪਹਿਲੀ ਵਾਰ ਆਸ ਲੁਆਉਣ ਦੂਸਰੇ ਪਿੰਡ ਜਾਣਾ ਸੀ । ਮੈਨੂੰ ਡੰਡਾ ਫੜ ਕੇ ਨਾਲ ਜਾਣ ਨੂੰ ਕਹਿ ਦਿੱਤਾ । ਨਾ ਝੋਟਾ ਲੱਭੇ । ਨਾ ਝੋਟੇ ਵਾਲਾ । ਜਨਾਨੀ ਓਹਦੀ ਕਹਿੰਦੀ ਝੋਟੀ ਤੁਸੀਂ ਕਿੱਲੇ ਨਾਲ ਬੰਨ ਦਿਓ । ਓਹਨਾਂ ਸਮਿਆਂ 'ਚ ਝੋਟਿਆਂ ਵਾਲੇ ਮ੍ਹੈਸ ਆਸ ਲੁਆਉਣ ਦੇ ਵੀਹ ਰੁਪਏ ਮੰਗਣ ਦਾ ਹੀਆ ਕਰਨ ਲੱਗ ਪਏ ਸਨ । ਝੋਟਾ ਛੱਡਣ ਦੇ ਆਪਣੇ ਵੀਹ ਵੀਹ ਰੁਪਏ ਗਿਣੀ ਜਾਂਦੇ । ਝੋਟੇ ਨੂੰ ਖਲਾਉਣ ਨੂੰ ਦੁਆਨੀ ਨਾ ਖਰਚਦੇ । ਬਸ ਮੈ੍ਹਸਾਂ ਉਸਦੇ ਮੂਹਰੇ ਕਰੀ ਜਾਂਦੇ । ਦਿਨ ਛਿਪਦੇ ਸਾਨੂੰ ਝੋਟਾ ਖੇਤਾਂ ਵਿੱਚੋਂ ਮੁੜਦਾ ਆਉਂਦਾ ਦਿਸਿਆ । ਲੱਗਾ ਮੂੰਹ ਚੁੱਕ ਕੇ ਝੋਟੀ ਵੱਲ ਨੂੰ ਹੋਣ । ''ਪਹਿਲਾਂ ਮੇਰੇ ਮਾਲਕ ਨੂੰ ਆਉਣ ਦਿਓ'' ਤੇ ਜਨਾਨੀ ਨੇ ਝੋਟੀ ਵੱਲ ਜਾਂਦੇ ਝੋਟੇ ਦੇ ਸੰਗਲ ਪਾ ਕੇ ਟਾਹਲੀ ਨਾਲ ਨੂੜ ਦਿੱਤਾ । ਵਿਚਾਲੇ ਖੜ੍ਹ ਕੇ ਭੁੱਖੜ੍ਹ ਅੱਖਾਂ ਨਾਲ ਆਲਾ ਦੁਆਲਾ ਘੂਰਦੀ ਆਪਣੇ ਕਿਤੇ ਨਾ ਥਿਆਉਂਦੇ 'ਮਾਲਕ' ਮਿਲਖੀ ਨੂੰ ਟੋਲਣ ਲੱਗੀ । ਉਹ ਵੀ ਉਤਰਦੇ ਹਨੇਰੇ 'ਚੋਂ ਸੁੱਡੇ ਖੁਰਚਦਾ ਆ ਨਿਕਲਿਆ ।

''ਬਾਹਰ ਲਿਆਓ ਜੀ । ਝੋਟੀ ਖੋ੍ਹਲ ਕੇ । ਮੈਂ ਛੱਡਦਾਂ ਝੋਟਾ ।''

ਅਸੀਂ ਅਬਾਦੀ ਦੇ ਬਾਹਰਲੇ ਪਾਸੇ ਉੱਚੀ ਨੀਵੀਂ ਵਿਹਲੀ ਥਾਂ ਉੱਤੇ ਆ ਗਏ । ਬਾਪੂ ਨੇ ਝੋਟੀ ਦੀਆਂ ਮੂਹਰਲੀਆਂ ਲੱਤਾਂ 'ਚ ਡੰਡਾ ਅੜਾਇਆ ਤੇ ਝੋਟੀ ਨੂੰ ਰੋਕੀ ਖੜ੍ਹਾ ਮੈਨੂੰ ਕਹਿੰਦਾ:

''ਪਿੱਛੇ ਨਿਗ੍ਹਾ ਰੱਖੀਂ । ''

ਮਿਲਖੀ ਝੋਟੀ ਦੀ ਪਿੱਠ 'ਤੇ ਥਾਪੀਆਂ ਮਾਰੀ ਜਾਵੇ । ਸੀਟੀਆਂ ਮਾਰੀ ਜਾਵੇ ।

''ਅਰਰ...ਰਰ... ਹੇ'' ਮਿਲਖੀ ਦਾ ਅੱਧਾ ਘੰਟਾ ਸੀਟੀਆਂ ਮਾਰ ਕੇ ਝੋਟੇ ਨੂੰ ਕੰਡੇ 'ਤੇ ਕਰਦੇ ਦਾ ਮੂੰਹ ਸੁੱਕ ਗਿਆ । ਪਰ ਝੋਟੀ ਤੇ ਝੋਟੇ ਦੋਵਾਂ ਨੇ ਆਈ ਗਈ ਨਾ ਦਿੱਤੀ । ਝੋਟਾ ਮਾੜ੍ਹਾ ਮਾੜ੍ਹਾ ਮੂਤਦਾ ਹੋਇਆ ਝੋਟੀ ਦੇ ਪੁੜਿਆਂ 'ਤੇ ਮੂੰਹ ਟਿਕਾ ਕੇ ਊਂਘਣ ਲੱਗਿਆ । ਫੇਰ ਝੋਟਾ ਆਪਣੇ ਖੁਰਾਂ ਕੋਲੋਂ ਖੱਬਲ ਬਰੂਸਣ ਲੱਗ ਪਿਆ । ''ਤੁਸੀਂ ਝੋਟੀ ਨੂੰ ਗੇੜਾ ਦਓ ਮਾੜਾ ਜਾ । ਬਣ ਜਾਣਾ ਕੰਮ । ਮੈਂ ਪਾਣੀ ਪੀ ਕੇ ਆਇਆ'', ਛਿਪਦੇ ਦਿਨ ਉਸਨੂੰ ਸਾਡੀ ਝੋਟੀ ਦੇ ਵੀਹ ਰੁਪੱਈਏ ਕੁੱਟਣ ਦਾ ਲਾਲਚ ਹੋ ਗਿਆ ਸੀ । ਝੋਟਾ ਘਾਹ ਚੁੱਗਣ 'ਚ ਰੁਝਿਆ ਹੋਇਆ ਸੀ । ਝੋਟੇ ਨੂੰ ਪਿੱਛੇ ਚੁੱਗਦਾ ਛੱਡ ਉਹ ਗੋਲ ਜਹੀ ਗੱਲ ਕਰਦਾ ਆਪਣੇ ਘਰ ਅੰਦਰਲੇ ਨੇ੍ਹਰੇ 'ਚ ਗੁਆਚ ਗਿਆ । ਬਾਪੂ ਝੋਟੀ ਨੂੰ ਧੂਹ ਕੇ ਪਰ੍ਹਾਂ ਨੂੰ ਥੋੜ੍ਹੀ ਪੱਧਰੀ ਜਗ੍ਹਾ ਵੱਲ ਤੁਰ ਪਿਆ । ਮੈਂ ਹੌਲਾ ਜਿਹਾ ਹੋਇਆ ਆਪਣੀ ਬੇਸਮਝੀ 'ਚ ਮਿਲਖੀ ਦਾ ਬੁਝਿਆ ਜਿਹਾ ਘਰ ਯਾਦ ਕਰਨ ਲੱਗਿਆ ਜਿੱਥੇ ਖੜ੍ਹੇ ਦਿਨ ਵੀ ਖਾਸਾ ਹਨੇਰਾ ਦਿੱਸਦਾ ਸੀ । ਦਿਨ ਛਿਪਦੇ ਸਾਰ ਮੈਨੂੰ ਮਿਲਖੀ ਦਾ ਘਰ ਭੁੱਲ ਕੇ ਆਪਣੇ ਘਰ ਦੀ ਯਾਦ ਸਤਾਉਣ ਲੱਗੀ ਤੇ ਛੱਤ 'ਤੇ ਚੜ੍ਹ ਕੇ ਅੱਖਾਂ ਅੱਡ ਕੇ ਅਸਮਾਨ ਨਿਹਾਰਨ ਨੂੰ ਜੀਅ ਕਰਨ ਲੱਗਿਆ । ਜਿੱਥੇ ਐਸ ਵੇਲੇ ਹਲਕੀ ਨੀਲੀ 'ਜਮੀਨ' ਉੱਤੇ ਤਾਰੇ ਨਿਕਲਦੇ, ਬਲਦੇ, ਬੁਝਦੇ ਦਿਸਣ ਲੱਗ ਪੈਂਦੇ । ਮੈਨੂੰ ਛੱਤ 'ਤੇ ਕੌਣ ਚੜਨ ਦੇਂਦਾ ਸੀ? ਛੱਤ ਉੱਤੇ ਚੜ੍ਹ ਕੇ, ਉੱਚੀ ਥਾਂ ਤੋਂ ਹੇਠਾਂ ਆਪਣੇ ਘਰ ਦੀ ਦੁਨੀਆ ਦੇਖ ਕੇ ਬੜੀ ਖ਼ੁਸੀ ਹੁੰਦੀ । ਡਰ ਲੱਗਦਾ ਕਿ ਕੋਈ ਹਾਕ ਮਾਰ ਕੇ, ਡਰਾ ਕੇ ਥੱਲੇ ਨਾ 'ਤਾਰ ਦੇਵੇ । ਹੋਸ਼ ਸੰਭਾਲੀ ਤਾਂ ਮੇਰੀ ਮਾਂ ਸੀ ਘਰ ਦੇ ਵਿਹੜੇ 'ਚ, ਬਾਪੂ, ਵੱਡੀ ਭੈਣ, ਭਾਈ । ਛੱਪਰ 'ਤੇ ਚੜ ਕੇ ਹੇਠਾਂ ਮੈਂ ਮਾਂ ਦਾ ਫੁੱਲਿਆ ਹੋਇਆ ਢਿੱਡ ਦੇਖਿਆ । ਮੇਰੇ ਸਾਹਮਣੇ ਮੇਰੀ ਮਾਂ ਨੇ ਪੇਟ ਘਰੋੜੀ ਦੀ ਧੀ ਜੰਮੀ ਜਿਸ ਨੂੰ ਸਦਾ ਕਰਮਾਂ ਵਾਲੀ ਕਿਹਾ ਜਾਂਦਾ ਰਿਹਾ । ਮੇਰੀ ਭੈਣ ਨੇ ਮੇਰੇ ਸਾਹਮਣੇ ਜੰਮ ਕੇ ਮੈਨੂੰ ਵੱਡਾ ਭਾਈ ਹੋਣ ਦਾ ਫਖ਼ਰ ਮਹਿਸੂਸ ਕਰਵਾਇਆ । ਓਹਤੋਂ ਪਹਿਲਾਂ ਮੈਂ ਸਭ ਤੋਂ ਛੋਟਾ ਸਾਂ । ਦਾਂਦੋ ਚਾਚੀ ਨੇ ਉੱਪਰੋਥਲੀ ਤਿੰਨ ਮੁੰਡੇ ਜੰਮੇ । ਇੱਕ ਮਰ ਗਿਆ । ਮ੍ਹੈਸਾਂ ਆਸ ਲੱਗੀ ਜਾਂਦੀਆਂ । ਖੁੱਲੇ ਨੀਲੇ ਅਸਮਾਨ ਥੱਲੇ ਸੂਈ ਜਾਂਦੀਆਂ । ਕੱਟਰੂ ਸੁੱਟੀ ਜਾਂਦੀਆਂ... ਕੱਟੇ ਸਭ ਮਰੀ ਜਾਂਦੇ...

''ਦੇਖ ਓਅ... ਏਅਅ...'' ਬਾਪੂ ਦੀ ਚੀਕ ਨੇ ਘਰ ਤੇ ਅਸਮਾਨ ਦਾ ਨਕਸ਼ਾ ਚਕਨਾਚੂਰ ਕਰ ਦਿੱਤਾ । ਮੈਂ ਦੇਖਿਆ ਕਿ ਝੋਟਾ ਸ਼ੂਕਦਾ ਝੋਟੀ 'ਤੇ ਚੜ੍ਹ ਗਿਆ ।

''ਲੱਗ ਗੀ । ਲੱਗ ਗੀ ।'' ਮੈਂ ਬੋਲ ਕੇ ਬਾਪੂ ਵੱਲ ਦੇਖ ਕੇ ਝੱਟ ਅੱਖਾਂ ਨੀਵੀਂਆਂ ਪਾ ਲਈਆਂ ।

''ਹੈਂ? ਹੈਂ??'' ਬਾਪੂ ਮੇਰੀਆਂ ਅੱਖਾਂ 'ਚ ਝਾਕੇ ।

''ਹੋ ਗੀ!? ''

ਬਾਪੂ ਤੇ ਝੋਟਾ, ਝੋਟੀ ਦੇ ਅੱਗੇ ਪਿੱਛੇ ਆਕੜੇ ਖੜ੍ਹੇ ਸਨ ।

''ਹੋ ਗੀ, ਬਾਪੂ'' ਮੈਂ ਫੇਰ ਆਪਣੀ ਗੱਲ ਦੁਹਰਾਂਦਿਆਂ ਸੁਆਲੀਆ ਬਾਪੂ ਵੱਲ ਦੇਖਿਆ । ਹੋਰ ਹੁਣ ਕੀ ਹੋਣਾ ਸੀ? ਸਾਰਾ ਕੁੱਝ ਤਾਂ ਹੋ ਲਿਆ ।

''ਓ ਅ ਕਿੱਥੇ? ਹਲੇ ਨੀਂ ਹੋਈ । ਝੋਟੇ ਨੇ ਫੁੰਨਕਾਰਾ ਨੀਂ ਮਾਰਿਆ ।'' ਬਾਪੂ ਦੀ ਇਹ ਗੱਲ ਮੇਰੇ ਪੱਲੇ ਨਾ ਪਵੇ । ਇਹ ਸਲਾ 'ਫੁੰਨਕਾਰਾ' ਕੀ ਹੁੰਦਾ?

ਬਾਪੂ ਝੋਟੀ ਨੂੰ ਹੋਰ ਅੱਗੇ ਲੈ ਗਿਆ । ਝੋਟਾ ਮਗਰੇ ਮਗਰ ਦੁੜਕਦਾ ਅੱਖੋਂ ਓਹਲੇ ਹੁੰਦੀ ਝੋਟੀ ਦਾ ਵਿਸਾਹ ਨਾ ਖਾਵੇ । ਬਾਪੂ ਹੋਰ ਅੱਗੇ । ਹੱਥ ਡੰਡਾ । ਹੋਰ ਅੱਗੇ । ਝੋਟਾ ਮਗਰੇ ਮਗਰ... ਤੇ... ਝੋਟੇ ਨੇ ਫੁੰਨਕਾਰਾ ਮਾਰ ਦਿੱਤਾ । ਦੂਹਰੀ ਹੋਈ ਝੋਟੀ ਉੱਪਰ ਉਹ ਬਿਜਲੀ ਦੀ ਤਾਰ 'ਤੇ ਮਰੇ ਕਾਂ ਵਾਂਗ ਲਟਕ ਰਿਹਾ ਸੀ । ਝੋਟੀ ਨੇ ਹਿੱਲ ਕੇ ਉਸ ਨੂੰ ਥੱਲੇ ਸੁੱਟ ਦਿੱਤਾ ।

''ਹੁਣ ਬਣੀ ਗੱਲ'' ਬਾਪੂ ਦੀਆਂ ਭੁੱਖੀਆਂ ਚਮਕਦੀਆਂ ਉਮੀਦਵਾਰ ਅੱਖਾਂ ਹੋਰ ਚਮਕ ਪਈਆਂ ।

ਝੋਟੇ ਨੇ ਤਿੰਨ ਵਾਰ ਫੁੰਨਕਾਰਾ ਮਾਰ ਦਿੱਤਾ ਸੀ ।

''ਮਾਰ ਝੋਟੇ ਦੇ ਡੰਡਾ । ਕਰਦਾ ਨਾ ਕੁਸ਼ ਕਰਾਉਂਦਾ'' ਬਾਪੂ ਦੀ ਕਹੀ ਇਹ ਗੱਲ ਮੇਰੇ ਦਿਮਾਗ 'ਚ ਸਿੱਧੀ ਨਾ ਬੈਠੀ । ਅਸਲ 'ਚ ਮੇਰੀ ਪਿੱਠ ਪਿੱਛੇ ਝੋਟਾ ਮੋੜਨ ਆਉਂਦਾ ਮਿਲਖੀ ਓਹਦੀ ਨਜ਼ਰ ਪੈ ਗਿਆ ਸੀ । ਉਸਨੇ ਘੁੱਟ ਪੀਤੀ ਹੋਈ ਸੀ ।

''ਝੋਟੀ ਨੂੰ ਸੂੰਅ ਪਾਓ । ਸਵੇਰੇ ਲਿਆਇਓ । ਹੁਣ ਝੋਟਾ ਭੁੱਖਾ । ਤੇ ਥੱਕਿਆ ਵਿਐ । ਸਵੇਰ ਦੇ ਚਾਰ ਮੈ੍ਹਸਾਂ ਹੋ ਲੀਆਂ । ਹੁਣ ਲੈ ਜੋ ।''

''ਮਿਲਖੀ, ਕੈ ਕ ਬਜੇ ਆ ਜੀਏ ਸਵੇਰੇ? ''

''ਸਾਝਰੇ । ਭਮਾਂ ਤੜਕੇ ਚਾਰ ਬਜੇ । ਤੇਰਾ ਈ ਫੈਦਾ । ਸਵੇਰੇ ਲੱਗੀ ਮੁੜ ਨੀਂ ਹਿੱਲਦੀ ਹੁੰਦੀ ।''

''ਚਲ ਸਵੇਰੇ ਸਈ । ਚਲ ਓਏ ਮੁੰਡਿਆ...'' ਬਾਪੂ ਨੇ ਉਸ ਦਾ ਸੌ ਦਾ ਨੋਟ ਪੂਰਾ ਨਹੀਂ ਹੋਣ ਦਿੱਤਾ ਸੀ ।

ਮੁਖ਼ਤੀ ਆਸ ਲੱਗੀ ਝੋਟੀ ਦੀ ਖ਼ਬਰ ਦੇਣ ਮੈਂ ਮੂਹਰੇ ਮੂਹਰੇ ਭੱਜ ਕੇ ਪਹਿਲਾਂ ਹੀ ਤਿਕੋਣੇ ਘਰ 'ਚ ਪੁੱਜ ਗਿਆ । ਮਾਂ ਨੇ ਦਿਹਲੀ ਟੱਪ ਕੇ ਪੁੱਛਿਆ:

''ਕਿਆ ਬਣਿਆ?''

''ਹੋ ਗੀ''

''ਕੈਅ ਬਾਰ?''

''ਤਿੰਨ ਬਾਰ''

''ਸੁਕਰ ਐ '' ਮਾਂ ਨੇ ਪਿਛਲੇ ਅੰਦਰੋਂ ਅਜ਼ਾਦੀ ਤੋਂ ਪਹਿਲੇ ਜਮਾਨਿਆਂ ਦਾ ਮੂਹਲਾ ਕੱਢਕੇ ਦਿਹਲੀ ਮੂਹਰੇ ਵਿਛਾ ਦਿੱਤਾ... ਤੇ 'ਨਵੀਂ ਹੋਈ' ਝੋਟੀ ਲਈ ਤਸਲੇ 'ਚ ਪਾਣੀ ਵਿੱਚ ਕਰਿਆਟੀ ਘੋਲ ਕੇ 'ਪਣਾ' ਬਣਾਉਣ ਲੱਗ ਪਈ...

... ਤੇ ਸਰਕਾਰੀ ਸ਼ਕਤੀ ਨਾਲ ਆਕੜੇ 'ਲੌਂਗੀਆ ਦੰਦਾਂ ਦਾ ਹਸਪਤਾਲ' ਤੇ ਉਸ ਤੋਂ ਅਗਲੇ ਦੋ ਸ਼ੋਅ-ਰੂਮਾਂ ਹੇਠ ਸਾਡੀਆਂ ਮੈ੍ਹਸਾਂ ਦੇ ਟੱਪਰੇ ਤੇ ਤੂੜੀ ਦੇ ਕੁੱਪ ਦਬ ਗਏ...ਤੇ ਬਿਗਾਨੇ ਸ਼ੋਅ-ਰੂਮਾਂ ਸਾਹਮਣੇ ਖੜ੍ਹੇ ਮੈਨੂੰ ਖਿਆਲ ਆਇਆ ਕਿ ਉਹ ਘਰ ਮੇਰਾ ਹੀ ਨਹੀਂ... ਇਹ ਓਸ ਝੋਟੀ ਦਾ ਹੀ ਨਹੀਂ... ਸਗੋਂ ਹੋਰ ਕਿੰਨੇ ਕੱਟੇ ਕੱਟੀਆਂ ਮੈ੍ਹਸਾਂ ਦਾ ਵੀ ਘਰ ਸੀ ਜਿਹਨਾਂ ਨੇ ਏਸ ਘਰ 'ਚ ਰੱਜ ਕੇ ਖਾਧਾ ਪੀਤਾ । ਦੁੱਧ ਘਿਓ ਦੀ ਬਹਾਰ ਲਾਈ ਰੱਖੀ । ਸਦਾ ਪਾਥੀਆਂ ਦੇ ਗੁਹਾਰੇ ਖੜ੍ਹੇ ਕਰੀ ਰੱਖੇ... ਤੇ ਸੁਰਗਵਾਸ ਹੋਏ ਕਈ ਬਜ਼ੁਰਗ ਦਹੀਂ ਨਾਲ ਨਲ੍ਹਾ ਦਿੱਤੇ । ਉਹ ਆਪ ਵੀ ਪਤਾ ਨਹੀਂ ਕਿਹੜੇ ਸਮਿਆਂ ਦੀਆਂ ਉੱਠ ਗਈਆਂ ਏਸ ਘਰ 'ਚੋਂ । ਕਦੋਂ ਦੀਆਂ ਮਰ ਖਪ ਗਈਆਂ । ਮੈਨੂੰ ਉਹ ਹਮੇਸ਼ਾ ਆਪਣੇ ਬਜ਼ੁਰਗਾਂ ਨਾਲ ਜੋੜ ਕੇ ਯਾਦ ਆਉਂਦੀਆਂ । ਸੋਚ ਕੇ ਮਨ ਭਾਰਾ ਹੁੰਦਾ ਕਿ ਮੈਂ ਉਹਨਾਂ ਪਸ਼ੂਆਂ ਦਾ ਤਿਲ ਭਰ ਲੇਖਾ ਦੇਣ ਜੋਗਾ ਨਹੀਂ...

... ਸਰੀਰ ਟੁੱਟਣ ਲੱਗਾ । ਸੋਚਿਆ ਬਹਿ ਕੇ ਅਰਾਮ ਕਰ ਲਵਾਂ... ਪਰ ਬੈਠਾਂ ਕਿੱਥੇ? ਐਥੇ ਮੇਰਾ ਕੁੱਝ ਵੀ ਨਹੀਂ...

***

ਏਸ ਘਰ 'ਚ ਕਦੇ ਬੱਸ ਤੋਂ ਖੁੰਝੀਆਂ ਹੋਈਆਂ ਸੁਆਰੀਆਂ ਰੁੱਖੀ ਮਿੱਸੀ ਖਾ ਕੇ ਅਲਾਣਾ ਮੰਜਾ ਘੜੀਸ ਕੇ ਕਿੱਕਰਾਂ ਥੱਲੇ ਰਾਤ ਕੱਟ ਕੇ ਸਵੇਰੇ ਬਿਨਾਂ ਦੱਸੇ ਤੁਰ ਜਾਂਦੀਆਂ ਸਨ । ਸ਼ਹਿਰ ਤੋਂ ਅਗਾਂਹ ਅੰਨ੍ਹੇ ਜੰਗਲ ਬੇਲਿਆਂ ਨੂੰ ਜਾਂਦੀ ਸੜਕ ਦੇ ਕਿਨਾਰੇ ਪੌਣੇ ਕਿਲੋਮੀਟਰ ਦੀ ਦੂਰੀ ਉੱਤੇ ਇਕੱਲਾ ਘਰ ਪਿੰਡ ਦੀ ਸ਼ਹਿਰ ਵਾਲੀ ਵੱਖੀ ਦੇ ਵਸੀਵੇਂ 'ਤੇ ਸੀ । ਪਿੰਡ ਵੀ ਘਰ ਤੋਂ ਮੀਲ ਦੂਰ ਛਿਪਦੇ ਪਾਸੇ ਪਰ੍ਹਾਂ ਵਸਦਾ ਸੀ । ਅਸੀਂ ਪਿੰਡ ਅੰਦਰ ਜਾ ਕੇ ਬਹੁਤਾ ਘੁੰਮ ਫਿਰ ਕੇ ਵੀ ਨਹੀਂ ਦੇਖਿਆ ਸੀ । ਤਿਕੋਣੀ ਜਮੀਨ ਦੇ ਤਿੱਖੇ ਖੂੰਜੇ ਵਿੱਚ ਘਰ । ਘਰ ਵਾਲਾ ਤਿੱਖਾ ਖੂੰਜਾ ਭਰਤ ਪਾ ਪਾ ਕੇ ਥੋੜ੍ਹਾ ਉੱਠਵਾਂ ਲੱਗਦਾ । ਬਾਕੀ ਸਾਰੀ ਜਮੀਨ ਏਸ ਤੋਂ ਨੀਵੀਂ । ਮਾੜੀ ਜਮੀਨ । ਅੱਧਾ ਤਾਂ ਕੱਲਰ ਸੀ । ਜਮੀਨ ਵਿੱਚ ਮਾੜੀ ਮੋਟੀ ਕਣਕ ਹੁੰਦੀ । ਝੋਨਾ ਅਸੀਂ ਬੜੀ ਦੇਰ ਬਾਅਦ ਲਾਓਣ ਲੱਗੇ । ਉਦੋਂ ਤੱਕ ਮੈਂ ਏਸੇ ਘਰ ਦੁਆਲੇ ਸੰਘਣੀ ਸਿਆਹ ਧੁੰਦ 'ਚ ਫਸਿਆ ਹੋਇਆ ਆਪਣਾ ਬਹੁਤਾ ਕੁਝ ਗੁਆ ਬੈਠਾ ਸਾਂ । ਚੌਲ ਅਸੀਂ ਬਹੁਤ ਘੱਟ ਕਦੇ ਹੀ ਖਾਂਦੇ । ਉਹ ਵੀ ਰੋ ਪਿੱਟ ਕੇ । ਇੱਖ ਵੀ ਕਈ ਸਾਲ ਬੀਜਿਆ । ਗਿਆਨੀ ਦੀ ਘੁਲਾੜੀ 'ਤੇ ਗੰਨੇ ਲਿਜਾ ਕੇ ਗੁੜ ਵੀ ਬਣਾਇਆ । ਮੈਲੇ ਰਸ 'ਚੋਂ ਨਿਕਲਦੀਆਂ ਗੁੜ ਦੀਆਂ ਪਿਓਸੀਆਂ ਨੇ ਝਿਊਰਾਂ ਦੇ ਖਦਾਨਾਂ 'ਚੋਂ ਮੱਛੀਆਂ ਫੜ੍ਹਨ ਵਰਗਾ ਨਜ਼ਾਰਾ ਦਿੱਤਾ । ਉਹੀ ਝਿਊਰਾਂ ਦੀ ਤੂਤ ਦੀ ਟੋਕਰੀ ਤੇ ਓਦਾਂ ਦਾ ਹੀ ਕੱਪੜਾ... ਤੇ ਮੂੰਹ ਵਿੱਚ ਗੁੜ ਨਾਲ ਭਿੱਜੀਆਂ ਲਾਲਾਂ, ਕਾਰੀ ਦੇ ਮੁੰਡੇ ਵਰਗੀਆਂ । ਪਰ ਹੱਥ 'ਤੇ ਪਤਲਾ ਤੱਤਾ ਗੁੜ ਲੱਗ ਕੇ ਮੇਰੇ ਹੱਥ 'ਤੇ ਚਿੱਬੜ ਜਿੱਡਾ ਛਾਲਾ ਪੈ ਗਿਆ ਸੀ । ਖੁਸ਼ਗਵਾਰ ਮੌਸਮ ਲੰਮਾ ਸਮਾਂ ਕਿਸੇ ਦਾ ਸਾਥ ਨਹੀਂ ਦਿੰਦਾ ਹੁੰਦਾ ।

ਜੰਗਲ ਬੇਲਿਆਂ ਨੂੰ ਜਾਂਦੀ ਏਸ ਸੜਕ ਦੀ ਤੰਗ ਜਹੀ ਗੁਲਾਈ ਦੇ ਨਾਲ ਮੁੜਦੇ ਸਾਰ ਤਿੰਨ ਕਾਲੇ ਕਾਲੇ ਗੋਲ ਅੱਖਾਂ ਵਾਲੇ ਪਿਓ ਪੁੱਤ ਝਿਊਰ ਅੰਨ੍ਹੇ ਜਿਹੇ ਛੱਪਰ ਵਰਗੇ ਘਰ 'ਚ ਰਹਿੰਦੇ ਸਨ । ਉਹਨਾਂ ਦੇ ਏਸ ਘਰ ਦਾ ਮੂਹਰਲਾ ਪਾਸਾ ਕਦੇ ਚਲਦੀ ਦੁਕਾਨ ਬਣੀ ਦਿਸਦਾ । ਜਿੱਥੇ ਚਾਹ ਪਕੌੜੇ ਵਿਕਦੇ ਹੋਣ । ਕੜਾਹੀ ਵਿੱਚ ਟੇਢੀ ਖੜ੍ਹੀ ਇੱਕ ਝਰਨੀ ਦਿਸਦੀ । ਜਿਸਦੇ ਪਿੱਛੇ ਕੋਈ ਬੇਨਾਮ ਜਿਹਾ ਝਿਊਰ ਬੈਠਾ ਅੰਦਰਲੇ ਹਨੇਰੇ ਕਾਰਨ ਮਸਾਂ ਦਿੱਸਦਾ । ਪਰ ਡੇਲੇ ਉਹਦੇ ਚਮਕਦੇ ਹੁੰਦੇ । ਮੈਂ ਕੋਲੋਂ ਲੰਘਦਿਆਂ ਹਮੇਸ਼ਾ ਇਸ ਘਰ ਜਹੀ ਦੁਕਾਨ ਦੇ ਹਨੇਰੇ ਵਿੱਚ ਝਾਕਣਾ । ਬੰਦਿਆਂ ਤੋਂ ਇਲਾਵਾ ਉੱਥੇ ਅੰਦਰ ਕਦੇ ਜ਼ਨਾਨੀਆਂ ਦਾ ਝਾਓਲਾ ਵੀ ਪੈਂਦਾ । ਪਰ ਮੈਂ ਕਦੇ ਅੰਦਰ ਨਹੀਂ ਗਿਆ । ਉਹ ਤਿੰਨੋਂ ਕਦੇ ਦਿਹਾੜੀ ਕਰਦੇ । ਕਦੇ ਜੱਟਾਂ ਨਾਲ ਸੀਰੀ ਰਲਦੇ । ਕਦੇ ਤੂਤਾਂ ਦੀਆਂ ਵਿਚਾਲਿੳਾ ਚੀਰੀਆਂ ਛਿਟੀਆਂ ਦੇ ਗੋਲਦਾਰੇ ਵਿੱਚ ਬਹਿ ਕੇ ਟੋਕਰੀਆਂ ਬੁਣਦੇ ।

ਉਹਨਾਂ ਦੀ ਨਿਗ੍ਹਾ ਪਤਾ ਨਹੀਂ ਸਾਡੇ ਘਰ ਦੇ ਨੇੜੇ ਖਦਾਨਾਂ 'ਚ ਖੜ੍ਹੇ ਪਾਣੀ 'ਤੇ ਕਿਵੇਂ ਆ ਟਿਕੀ । ਸਰਕਾਰ ਨੇ ਸੜਕ ਉੱਚੀ ਕਰਨ ਲਈ ਇਹਨਾਂ ਖਦਾਨ ਦੀ ਮਿੱਟੀ ਦੋਵੇਂ ਪਾਸਿਆਂ ਤੋਂ ਪੁੱਟ ਕੇ ਸੜਕ 'ਤੇ ਪਾ ਦਿੱਤੀ । ਸੜਕ ਪਤਾ ਨਹੀਂ ਕਿੰਨੀ ਵਾਰ ਉੱਚੀ ਹੋਈ? ਸ਼ਹਿਰ ਤੋਂ ਸਾਡੇ ਘਰ ਤੱਕ ਤੇ ਸਾਡੇ ਘਰ ਤੋਂ ਅੱਗੇ ਤੱਕ ਸੜਕ ਦੇ ਦੋਵੇਂ ਪਾਸੇ ਡੂੰਘੇ ਖਦਾਨ ਸਨ । ਇਹ ਖਦਾਨ ਪਾਣੀ ਨਾਲ ਭਰੇ ਰਹਿੰਦੇ । ਨੇੜੇ ਕੋਈ ਪਾਇਪ, ਪੁਲੀ ਨਹੀਂ ਸੀ ਕਿ ਪਾਣੀ ਸੜਕ ਪਾਰ ਕਰ ਜਾਂਦਾ । ਪੁਲੀ ਘਰ ਤੋਂ ਬਹੁਤ ਪਰ੍ਹੇ ਸੀ... ਤੇ ਮੀਂਹ ਦਾ ਪਾਣੀ ਪੁਲੀ ਤੱਕ ਪੁੱਜਣ ਤੋਂ ਪਹਿਲਾਂ ਸਾਡੇ ਘਰ 'ਚ ਵੜ ਜਾਂਦਾ ।

ਝਿਊਰਾਂ ਦੀ ਨਿਗ੍ਹਾ ਇਹਨਾਂ ਪਾਣੀ ਨਾਲ ਭਰੇ ਖਦਾਨਾਂ 'ਤੇ ਕਿਉਂ ਆ ਪਈ । ਇਹਨਾਂ ਖਦਾਨਾਂ ਦੇ ਆਲੇ ਦੁਆਲੇ ਅੱਕਾਂ ਦੇ ਸੰਘਣੇ ਝੁੰਡ ਉੱਗੇ ਰਹਿੰਦੇ । ਇਹਨਾਂ ਅੱਕਾਂ ਦੀ ਕੱਚੀ ਲੱਕੜ ਦਾ ਅਸੀਂ ਬਾਲਣ ਬਣਾ ਵਰਤਦੇ । ਚੰਗੇ ਚੰਗੇ ਅੱਕਾਂ ਦੀਆਂ ਹਾਕੀਆਂ ਬਣਾ ਕੇ ਫਿੰਡ ਨਾਲ ਪਿੱਤੀਆਂ ਲਾਉਂਦੇ, ਖੇਡਦੇ । ਪਰ ਅੱਕ ਦੀ ਹਾਕੀ ਝੱਟ ਟੁੱਟ ਜਾਂਦੀ । ਅੱਕ ਵੱਢਣ ਪਿੱਛੇ ਸਾਡੀ ਤੇ ਚਾਚੇ ਤਾਏ ਦੇ ਮੁੰਡਿਆਂ ਦੀ ਆਪਸ ਵਿੱਚ ਲੜਾਈ ਵੀ ਹੋ ਜਾਂਦੀ । ਸਾਥੋਂ ਨਿਆਣਿਆਂ ਤੋਂ ਇਹ ਅੱਕ ਮਸਾਂ ਵੱਡ ਹੁੰਦਾ । ਪਰ ਝਿਊਰਾਂ ਨੇ ਇਹ ਅੱਕ ਮਿੰਟਾਂ 'ਚ ਪਰ੍ਹਾਂ ਕਰ ਦਿੱਤੇ । ਤਿੰਨੋਂ ਕਾਲੇ ਝਿਊਰ । ਉਹਨਾਂ ਨੂੰ ਅੱਕਾਂ ਨਾਲ ਕੋਈ ਮਤਲਬ ਨਹੀਂ ਸੀ । ਉਹਨਾਂ ਨੇ ਤਾਂ ਪਾਣੀ ਵਿਚਲੀਆਂ ਮੱਛੀਆਂ ਫੜਨੀਆਂ ਸਨ । ਅੱਕ ਚੁੱਕ ਕੇ ਉਹਨਾਂ ਨੇ ਖਦਾਨਾਂ ਦੇ ਇੱਕ ਪਾਸੇ ਮਿੱਟੀ ਦਾ ਬੰਨ੍ਹ ਮਾਰ ਦਿੱਤਾ । ਡਾਲ ਮਾਰ ਕੇ ਪਾਣੀ ਟੋਭਿਆਂ ਚੋਂ ਬ੍ਹੰਨ ਤੋਂ ਦੂਸਰੇ ਪਾਸੇ ਸਿੱਟਣ ਲੱਗੇ । ਮਿੰਟਾਂ ਵਿੱਚ ਪਾਣੀ ਇੱਕ ਪਾਸੇ ਕਰ ਦਿੱਤਾ । ਖਾਲੀ ਹੋਏ ਖਦਾਨਾਂ ਵਿੱਚੋਂ ਮੋਟੀਆਂ ਮੋਟੀਆਂ ਮੱਛੀਆਂ ਫ਼ਟਾਫ਼ਟ ਫੜ ਕੇ ਟੋਕਰੀਆਂ ਵਿੱਚ ਭਰ ਲਈਆਂ । ਵੱਡੇ ਟੋਕਰੇ ਵਿੱਚ ਵਿਛੇ ਕੱਪੜੇ ਵਿੱਚ ਮੱਛੀਆਂ ਹੀ ਮੱਛੀਆਂ, ਬਾਹਾਂ ਵਰਗੀਆਂ ਮੋਟੀਆਂ ਲੰਬੀਆਂ, ਸਹਿਕਦੀਆਂ । ਮੇਰੇ ਲਈ ਸਾਡੇ ਘਰ ਦੇ ਕੋਲ ਇਸ ਤੋਂ ਵੱਡਾ ਕੋਈ ਹੋਰ ਤਮਾਸ਼ਾ ਕਦੇ ਹੋ ਹੀ ਨਹੀਂ ਸੀ ਸਕਦਾ । ਬੜਾ ਸਵਾਦ ਆਇਆ । ਝਿਊਰ ਮੱਛੀਆਂ ਦੇ ਦੋ ਟੋਕਰੇ ਚੁੱਕ ਕੇ ਫਰਾਰ ਹੋ ਗਏ । ਜਾਂਦੇ ਹੋਏ ਪਾਣੀ ਦਾ ਬੰਨ੍ਹ ਤੋੜ ਗਏ ਜਿਸ ਨਾਲ ਖਾਲੀ ਖਦਾਨ ਫੇਰ ਪਾਣੀ ਨਾਲ ਭਰ ਗਏ । ਮੈਂ ਉੱਥੇ ਖੜ੍ਹਾ ਨਜ਼ਾਰਾ ਦੇਖਦਾ ਰਿਹਾ । ਅੱਕ । ਮੱਛੀਆਂ । ਤੇ ਖਦਾਨਾਂ ਦਾ ਪਾਣੀ ਪਹਿਲਾਂ ਨਾਲੋਂ ਗੰਧਲਾ ।

''ਖਾਸਾ ਭਾਰੀ ਸੱਪ ਐ ਵਿੱਚ । ਚਲੋ । ਭੱਜੋ" ਆਪਣੇ ਕਸਬ ਦੇ ਚੋਰ ਝਿਊਰ ਜਾਂਦੇ ਜਾਂਦੇ ਸੜਕ 'ਤੇ ਚੜ੍ਹਦੇ ਆਪਸ ਵਿੱਚ ਉੱਚੇ ਬੋਲ ਬੋਲਕੇ ਹੋਰਾਂ ਨੂੰ ਸੁਣਾਉਂਦੇ ਸੱਪ ਦੇ ਡਸਣ ਦਾ ਨਵਾਂ ਡਰ ਪਾਣੀ ਵਿੱਚ ਛੱਡ ਗਏ । ਪਰ ਸਾਇਕਲਾਂ ਨੂੰ ਪੈਂਚਰ ਲਾਉਣ ਵਾਲੇ ਕਾਰੀ ਦੇ ਮੁੰਡੇ ਨੂੰ ਕੌਣ ਰੋਕੇ?

''ਊਂਈ ਸਾਲੇ ਮਾਰਦੇ ਐ ਸੱਪ । ਕੋਈ ਸੱਪ ਸੁੱਪ ਨੀਂ ''

ਝਿਊਰਾਂ ਨੂੰ ਮੱਛੀਆਂ ਫੜਦੇ ਦੇਖ ਉਹਦੀ ਬੁੱਧੀ ਭਿ੍ਸ਼ਟ ਹੋ ਗਈ । ਉਹ ਸਾਈਕਲ ਉੱਤੇ ਰੋਜ਼ ਉੱਥੋਂ ਦੀ ਲੰਘਦਾ ਸੀ । ਉਸਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਅੱਕਾਂ ਦੀ ਓਟ 'ਚ ਛੁਪੇ ਪਾਣੀ ਵਿੱਚ ਮੱਛੀਆਂ ਵੀ ਨੇ । ਤੇ ਹੈ ਵੀ ਵੱਡੀਆਂ । ਉਹ ਚੁੰਨੀ ਦਾ ਜਾਲ ਬਣਾ ਕੇ ਮੱਛੀਆਂ ਫੜ੍ਹਨ ਲੱਗਿਆ । ਉਸਨੇ ਮੈਨੂੰ ਵੀ ਪਤਿਆ ਲਿਆ । ਚੁੰਨੀ ਦਾ ਇੱਕ ਪੱਲਾ ਫੜਾ ਕੇ ਮੱਛੀਆਂ ਫੜਨ ਨਾਲ ਲਾ ਲਿਆ । ਪਾਣੀ ਵਿਚਲੇ ਝਿਊਰਾਂ ਦੇ ਦੱਸੇ ਸੱਪ ਨੇ ਮੈਨੂੰ ਤਰੇਲੀਆਂ ਲਿਆ ਦਿੱਤੀਆਂ । ਮੈਨੂੰ ਮੱਛੀਆਂ ਵੀ ਸੱਪ ਈ ਦਿਸੀ ਜਾਂਦੀਆਂ... ਘਰ ਵੱਲੋਂ ਮੇਰਾ ਵੱਡਾ ਭਾਈ ਸਾਡੇ ਵੱਲ ਕਾਹਲੀ 'ਚ ਤੇਜ ਤੇਜ ਤੁਰਿਆ ਆ ਰਿਹਾ ਦਿਸਿਆ । ਓਹਨੇ ਦੋਵੇਂ ਹੱਥਾਂ 'ਚ ਪਿੱਠ ਪਿੱਛੇ ਕੁੱਝ ਲੁਕੋਇਆ ਹੋਇਆ ਸੀ... ਕਾਰੀ ਦੇ ਮੁੰਡੇ ਦੀਆਂ ਲਾਲਾਂ ਪਾਣੀ 'ਚ ਗਿਰੀ ਜਾਂਦੀਆਂ । ਉਸਨੂੰ ਵੀ ਪੰਜ ਸੱਤ ਛੋਟੀਆਂ... ਦਰਮਿਆਨੀਆਂ ਮੱਛੀਆਂ ਲੱਭ ਪਈਆਂ ਤੇ... ਤੇ...

ਮੇਰੀ ਪਿੱਠ 'ਤੇ ਠਾਹ ਡੰਡਾ ਵੱਜਿਆ । ਮੇਰੀਆਂ ਅੱਖਾਂ 'ਚ ਨੇਰ੍ਹਾ ਆ ਗਿਆ ।

''ਤੂੰ ਐਥੇ ਘੰਟੇ ਦਾ ਖੜ੍ਹਾ ਕਿਆ ਕਰਦਾ । ਮ੍ਹੈਸਾਂ ਕੀਹਨੇ ਚਾਰਨੀਐਂ । ਉਹ ਦੇਖ ਮ੍ਹੈਸਾਂ ਨੇ ਸਾਰੀ ਚਰ੍ਹੀ ਅਜਾੜ ਤੀ, ਕਿਥੇ ਐ ਮ੍ਹੈਸਾਂ! ਹੈਂ!!'' ਹੱਥਾਂ 'ਚ ਡੰਡਾ ਘੁੱਟੀ ਮੇਰਾ ਵੱਡਾ ਭਾਈ ਸੀ । ਉਸ ਨੇ ਵੱਟ ਕੇ ਇੱਕ ਹੋਰ ਮੇਰੇ ਮਾਰਿਆ । ਮੈਂ ਚੀਸ ਨੂੰ ਬਰਦਾਸਤ ਕਰਦਾ, ਦਰਦ ਨੂੰ ਘਟਾਉਂਦਾ ਆਪਣੀਆਂ ਮ੍ਹੈਸਾਂ ਲੱਭਣ ਤੁਰ ਪਿਆ । ਮੈਂ ਮੱਛੀਆਂ ਫੜਨ ਦਾ ਤਲਿੱਸਮੀ ਨਜ਼ਾਰਾ ਦੇਖਣ 'ਚ ਫਸਿਆ ਭੁੱਲ ਗਿਆ ਕਿ ਮੈਂ ਮ੍ਹੈਸਾਂ ਖੋਲ੍ਹ ਕੇ ਚਾਰਨ ਲਿਆਇਆ ਸਾਂ । ਉਹ ਮਨਮਰਜ਼ੀ ਕਰਦੀਆਂ ਰੱਜੋ ਸੁਆਣੀ ਦੇ ਖੇਤਾਂ ਵਿੱਚ ਜਾ ਵੜੀਆਂ । ਉਹ ਦੂਰ ਖੜ੍ਹੀ ਗਾਲਾਂ ਕੱਢਦੀ ਦਿਸ ਰਹੀ ਸੀ । ਉਸ ਨੇ ਏਡੀ ਦੂਰ ਤੋਂ ਆਪਣੇ ਗੁੱਸੇ ਦਾ ਜ਼ਹਿਰ ਮੇਰੇ ਭਾਈ ਅੰਦਰ ਵਾੜ ਦਿੱਤਾ ਸੀ...

***

ਸਮਾਂ ਪਾ ਕੇ ਏਹ ਘਰ...

... ਸਮਾਂ ਪਾ ਕੇ ਏਸ ਘਰ ਦਾ ਸੜਕ ਵਾਲੇ ਪਾਸੇ ਦਾ ਹਿੱਸਾ ਮੇਰੇ ਸਭ ਤੋਂ ਛੋਟੇ ਚਾਚੇ ਨੇ ਆਣ ਦੱਬਿਆ । ਜੱਦੀ ਪਿੰਡੋਂ ਟੱਬਰ ਟੀਹਰ ਲੈ ਕੇ ਸ਼ਹਿਰ ਨੇੜ੍ਹੇ ਆ ਗਿਆ । ਬੱਚਿਆਂ ਨੂੰ ਪੜ੍ਹਾਉਣ । ਤੇ ਸ਼ਹਿਰ 'ਚ ਜੁੱਤੀਆਂ ਦੀ ਦੁਕਾਨ 'ਤੇ ਗੱਲਾ ਰੱਖ ਕੇ ਬਹਿ ਗਿਆ । ਏਸ ਘਰ ਦਾ ਬਗਲ ਵੀ ਤਿਕੋਣਾ । ਵਿੱਚ ਇੱਕ ਨਲਕਾ ਜੋ ਚੱਤੋ ਪਹਿਰ ਗਿੜਦਾ ਹੀ ਰਹਿੰਦਾ । ਐਨੇ ਚੌਣੇ ਨੇ ਨਾਹੁਣਾ ਧੋਣਾ... ਪਸ਼ੂਆਂ ਨੂੰ ਨਲ੍ਹਾਉਣਾ । ਦੋ ਵਾਰ ਪਾਣੀ ਪਿਲਾਉਣਾ । ਨਲਕਾ ਮੇਰੀ ਸਮਝ ਤੋਂ ਪਹਿਲਾਂ ਦਾ ਉੱਥੇ ਹੀ ਖੜ੍ਹਾ ਸੀ । ਜੋ ਮੇਰੀ ਸਮਝ ਵੱਡੀ, ਬੁੱਢੀ ਹੁੰਦਿਆਂ ਕਿੰਨੀ ਵਾਰ ਪੁੱਟ ਕੇ ਠੀਕ ਕਰਵਾ ਕੇ ਦੁਬਾਰਾ ਲਗਵਾਇਆ । ਜੁਦੇ ਹੋਏ ਚਾਚੇ ਤਾਇਆਂ ਨਾਲ ਸਾਂਝੇ ਨਲਕੇ ਨੂੰ ਠੀਕ ਕਰਵਾਉਣ ਦੀ ਸਲਾਹ ਬਣਾਉਂਦੇ, ਮਿਸਤਰੀ ਬਲਾਉਂਦੇ ਤੇ ਸਾਂਝੇ ਖਾਤੇ ਨਲਕਾ ਠੀਕ ਕਰਵਾਉਣ ਲਈ ਪੈਸੇ ਇਕੱਠੇ ਕਰਦੇ । ਕਦੇ ਏਸੇ ਘਰ ਦੀ ਖੁੱਡ ਵਿੱਚੋਂ ਬਹੁਤ ਮੋਟਾ ਸੱਪ ਨਿਕਲ ਆਇਆ ਸੀ । ਐਡਾ ਭਾਰੀ! ਐਂਜ ਲੱਗਿਆ ਕਿ ਏਹ ਸੱਪ ਤਾਂ ਸਾਤੋਂ ਵੀ ਪਹਿਲਾਂ ਦਾ ਪੁਰਾਣਾ ਏਸ ਘਰ 'ਚ ਰਹਿੰਦਾ ਸੀ । ਸੱਪ ਤੋਂ ਡਰਦੀ ਬੇਬੇ ਨੇ ਇਹ ਘਰ ਛੱਡਣ ਦੀ ਸਲਾਹ ਦਿੱਤੀ ਤਾਂ ਰਾਤ ਨੂੰ ਸਾਡੀ ਚੋਰ ਨਿਗ੍ਹਾ ਸਾਹਮਣੇ ਸਰਕਾਰੀ ਫਾਰਮ ਉੱਤੇ ਜਾ ਪਈ ਜਿੱਥੇ ਸਰਕਾਰ ਨੇ ਵਲੈਤੀ ਝੋਟੇ ਸੀਮਨ ਕੱਢਣ ਲਈ ਰੱਖੇ ਹੋਏ ਸਨ । ਉਹਨਾਂ ਲਈ ਸ਼ੈੱਡਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ । ਰੇਤਾ, ਬਜਰੀ ਚੋਰੀਓਂ ਚੁੱਕ ਲਿਆਂਦੀ ਅਤੇ ਰਾਤੋ-ਰਾਤ ਪੱਕਾ ਫਰਸ਼ ਪਾ ਦਿੱਤਾ ਸੀ ।

***

ਮੇਰੇ ਜਿਹਨ ਵਿੱਚ ਇਕੱਠੇ ਹੋਏ ਸਾਰੇ ਡਰਾਂ ਦਾ ਜਨਮ ਤਿੰਨ ਖੂੰਜੀ ਉਸ ਬਾਊਂਡਰੀ ਦੀ ਕਿਸੇ ਨਾ ਕਿਸੇ ਨੁਕਰ 'ਚ ਹੋਇਆ । ਪੱਕੇ ਫਰਸ਼ ਵਾਲੇ ਏਸ ਘਰ ਦੇ ਪਿਛਲੇ ਹਨੇਰੇ ਨਾਲ ਭਰੇ ਅੰਦਰਾਂ 'ਚ ਮੇਰੇ ਅੰਦਰ ਤਰ੍ਹਾਂ ਤਰ੍ਹਾਂ ਦੇ ਡਰ ਪੈਦਾ ਹੋ ਕੇ ਪੱਕੇ ਹੋ ਗਏ । ਉਹ ਡਰ ਜਿਹਨਾਂ ਦੀ ਸ਼ਕਲ ਵੀ ਬਗਲ ਵਾਂਗ ਤਿਕੋਣੀ ਤੇ ਤਿੰਨੋਂ ਪਾਸਿਆਂ ਤੋਂ ਚੁੱਭਵੀਂ ਲਗਦੀ । ਕਦੇ ਡਰ ਨਲਕੇ ਦੀ ਟੁੱਟੀ ਹੋਈ ਹੱਥੀ 'ਚ ਹੁੰਦਾ । ਕਦੇ ਗਲੀ ਹੋਈ ਬੋਕੀ 'ਚ । ਕਦੇ ਸੱਪ ਦੀ ਸਿਰੀ 'ਚ । ਕਦੇ ਕਿਸੇ ਮ੍ਹੈਂਸ ਦੇ ਮਰ ਰਹੇ ਚੌਥੇ ਥਣ 'ਚ ਹੁੰਦਾ । ਕਦੇ ਇਹ ਡਰ 'ਮੋਤੀਆਂ ਵਾਲੇ' ਨੂੰ ਵੇਚਣ ਲਈ ਭੇਜੇ ਦੁੱਧ ਵਿੱਚ ਪਾਏ ਪਾਣੀ 'ਚ ਹੁੰਦਾ... ਜਾਂ ਇਹ ਡਰ ਚੂਹੜਿਆਂ ਦੀ ਚੜ੍ਹੱਕੀ ਦੇ ਸੜੇ ਬੁਸੇ ਭੌਂਕਦੇ ਕੁੱਤਿਆਂ ਦੇ ਤਿੱਖੇ ਦੰਦਾਂ, ਜਬਾੜਿਆਂ 'ਚ ਪੁੱਠਾ ਲਟਕਿਆ ਹੁੰਦਾ...

ਏਸ ਸੜਕ 'ਤੇ ਖਦਾਨਾਂ ਦੀ ਮਿੱਟੀ ਵਿੱਚ ਕਿਤੇ ਲਸੂੜੇ ਦਾ ਦਰਖ਼ਤ ਵੀ ਅੜਿਆ ਖੜ੍ਹਾ ਹੁੰਦਾ ਸੀ । ਜਿਹੜਾ ਉਸ ਸ਼ੋਅ-ਰੂਮ ਥੱਲੇ ਦਬ ਗਿਆ ਜਿਸ ਵਿੱਚ ਐੱਚ ਡੀ ਐੱਫ ਸੀ ਬੈਂਕ ਦੀ ਬਰਾਂਚ ਖੁੱਲੀ ਗਈ... ਤੇ ਲਸੂੜੇ ਦੇ ਮੂਹਰੇ ਬੀਜੀ ਚਰ੍ਹੀ ਲੰਬੀ ਹੋਈ ਹਰੀ ਹਰੀ ਮੈਨੂੰ ਬਹੁਤ ਪਿਆਰੀ, ਮਨਮੋਹਣੀ ਲੱਗਦੀ । ਜੇ ਕੱਲਰ ਮਾਰੇ ਖੇਤ 'ਚ ਚਰ੍ਹੀ ਖੜ੍ਹੀ ਨਾ ਹੁੰਦੀ ਤਾਂ ਅਸੀਂ ਅੱਕਾਂ 'ਚ ਜਾ ਲੁਕਦੇ... ਆਪਣੇ ਅੰਗਾਂ ਨਾਲ ਖੇਡਣ... ਹੋਰ ਅੱਕਾਂ 'ਚ ਉੱਥੇ ਕਿਹੜੇ ਗੁਲ ਖਿੜ੍ਹਦੇ ਸਨ ।

''ਬਾਪੂ ਉੱਥੇ ਮੋਤੀਆਂ ਵਾਲੇ ਦੀ ਦੁਕਾਨ ਦੇ ਪਿੱਛੇ ਕੁੱਤੇ ਕੁੱਤੀ ਦੀ ਬੀਨ ਫਸੀ ਹੋਈ ਤੀ ...''

''ਹੱਟ ਭੈਣ ਚੋ...ਅ...'' ਬਾਪੂ ਨੇ ਕੁੱਤੇ ਦੇ ਮਾਰਨ ਲਈ ਜਮੀਨ ਤੋਂ ਵੱਟਾ ਚੁੱਕਣ ਵਾਂਗ ਬੈਠ ਕੇ ਉੱਠਦਿਆਂ ਮੈਨੂੰ ਗਾਲ ਕੱਢੀ... ਤੇ... ਬਾਪੂ ਦੀ ਗਾਲ ਦੇ ਅਰਥ ਸਮਝਾਉਂਦਾ ਲਸੂੜੇ ਦਾ ਏਹ ਦਰੱਖਤ ਸਾਰੀ ਉਮਰ ਮੇਰੇ ਜਿਹਨ ਵਿੱਚ ਫਾਨੇ ਵਾਂਗ ਖੁੱਭਿਆ ਰਿਹਾ । ਮੈਂ ਭਰਿਆ-ਪੀਤਿਆ ਇਸ ਦੀ ਸਿਖਰ ਜਾ ਚੜ੍ਹਦਾ ਤੇ ਅੰਗਰੇਜ਼ੀ ਦੀ ਰੱਟਾ ਮਾਰੀ ਹੋਈ ਕਹਾਣੀ ਪੜ੍ਹ ਕੇ ਥੱਲੇ ਉਤਰ ਆਉਂਦਾ । 'ਵੰਨਸ ਦੇਅਰ ਵਾਜ ਏ ਕਰੋਅ । ਹੀਅ ਵਾਜ ਵੈਰੀ ਥਰੱਸਟੀ' ਤੇ ਥਰੱਸਟੀ ਕਰੋਅ ਦੀ ਕਦੇ ਪਿਆਸ ਨਾ ਬੁੱਝੀ । ਉਹ ਕਿਸੇ ਨਾ ਕਿਸੇ ਜਮਾਤ ਦੀ ਹਿੰਦੀ ਪੰਜਾਬੀ ਅੰਗਰੇਜ਼ੀ ਦੀ ਕਿਤਾਬ ਦੇ ਕਿਸੇ ਪੰਨੇ 'ਤੇ ਪਿਆਸਾ ਬੈਠਾ ਰਿਹਾ । ਵਿਚਾਰਾ । ਪਿਆਸਾ ਕਊਆ । ਏਕ ਦਿਨ । ਪਾਣੀ ਦਾ ਪਿਆਸਾ ਕਾਂ । ਪਾਣੀ । ਬਾਰਿਸ਼ ਦਾ ਥੋੜ੍ਹਾ ਪਾਣੀ । ਪਾਣੀ ਵਿੱਚ ਬ੍ਹੀਕਰੀਆਂ ਸੁੱਟਦਾ ਕਾਂ... ਮੈਂ ਫੇਰ ਕੁੱਤੇ ਕੁੱਤੀ ਦੀ ਬੀਨ ਫਸਣ ਦਾ ਖੁਰਾ ਲੱਭਦਾ ਲਸੂੜੇ ਦੇ ਮਾਸ਼ੂਕ ਵਰਗੇ ਪਿਆਰੇ ਦਰੱਖਤ ਦੀਆਂ ਜੜ੍ਹਾਂ ਹੇਠਾਂ ਨੂੰ ਅੱਖ ਬਚਾ ਕੇ ਖਿਸਕਦਾ ਸੰਘਣੇ ਅੱਕਾਂ ਵਿੱਚ ਇਹ ਮਰਦਾਵੀਂ ਕਰਾਮਾਤ ਕਰਨ ਪਹੁੰਚ ਜਾਂਦਾ । ਅੱਕਾਂ ਵਿੱਚ ਵੜਦੇ ਕਦੇ ਡਰ ਨਹੀਂ ਲੱਗਿਆ । ਡਰ ਦਾ ਭੂਤ ਕਿਤੇ ਹੋਰ ਹੁੰਦਾ ਸੀ । ਗੁਲਾਬੀ ਫੁੱਲ । ਤਾਜ਼ੀ ਗਿੱਲੀ ਮਿੱਟੀ ਦੀ ਮਹਿਕ...ਤੇ ਪੂਰੀ ਦੁਨੀਆ ਤੋਂ ਓਹਲਾ ਕਰਕੇ ਆਪਣੇ ਹੱਥੀਂ ਆਪਣੀ ਜਿਸਮਾਨੀ ਹੁੜਕ ਤੋਂ ਜਾਨ ਛੁਡਾਉਣੀ ... ਬਾਅਦ 'ਚ ਆਪਣਾ ਕੀਤਾ ਯਾਦ ਕਰ ਕੇ ਘਬਰਾਈ ਜਾਣਾ । ਮੈਨੂੰ ਫੁੰਨਕਾਰਾ ਮਾਰਨ ਦਾ ਮਤਲਬ ਮਾਨੋ ਸਦੀਆਂ ਬਾਅਦ ਪਤਾ ਲੱਗਿਆ ਕਿ ਝੋਟਾ ਝੋਟੀ ਦੇ ਗੋਹੇ ਵਾਲੇ ਪਾਸੇ ਚਲਾ ਗਿਆ ਸੀ ।

ਜਾਂ ਇਹ ਡਰ ਸੜਕ ਦੇ ਪਰਲੇ ਪਾਸੇ ਸਰਕਾਰੀ ਫਾਰਮ ਦੇ ਪਲੇ ਹੋਏ ਝੋਟਿਆਂ ਦੇ ਅੰਗਾਂ 'ਚ ਦਿੱਸ ਪੈਂਦਾ । ਸਰਕਾਰੀ ਫਾਰਮ ਵਿੱਚ ਝੋਟੇ ਸਰਕਾਰੀ ਮਾਲ ਖਾ ਖਾ ਕੇ ਐਨੇ ਪਲੇ ਹੋਏ ਕਿ ਸਾਨੂੰ ਉਹ ਦੈਂਤ ਲੱਗਦੇ । ਦੋ ਝੋਟਿਆਂ ਦੀ ਸੇਵਾ ਲਈ ਇੱਕ ਪੱਕਾ ਨੌਕਰ । ਸਵੇਰੇ ਏਹ ਬੰਦੇ ਆਪਣੇ ਝੋਟਿਆਂ ਨੂੰ ਸ਼ੈਡਾਂ 'ਚੋਂ ਬਾਹਰ ਕੱਢ ਕੇ ਗੇੜਾ ਦੁਆਉਂਦੇ । ਫੇਰ ਝੋਟੇ 'ਤੇ ਝੋਟਾ ਚੜ੍ਹਾ ਕੇ ਥੱਲੇ ਨਾਲ ਜਹੀ ਵਿੱਚ ਸੀਮਨ ਕੱਢਦੇ । ਜਦੋਂ ਸੀਮਨ ਦੀ ਸ਼ੀਸ਼ੀ ਭਰ ਜਾਂਦੀ ਤਾਂ ਓਹ ਸਾਰੇ ਰੌਲਾ ਪਾ ਕੇ ਨੱਚਦੇ ਭਾਵੇਂ ਕਿ ਉਹਨਾਂ ਦੀਆਂ ਤੀਮੀਆਂ, ਨਿਆਣੇ ਅੰਦਰ ਸਰਕਾਰੀ ਕੁਆਟਰਾਂ ਵਿੱਚ ਹੀ ਰਹਿੰਦੇ ਸਨ । ਹਰ ਪਾਸੇ ਤੋਂ ਡਰਦੇ ਅਸੀਂ ਝੋਟੇ 'ਤੇ ਝੋਟਾ ਚੜ੍ਹਦਾ ਜਰੂਰ ਦੇਖਦੇ... ਇੱਕ ਵਾਰ ਸਾਡੀ ਮੈ੍ਹਸ ਖੱਬਲ ਚੁੱਗਦੀ ਚੁੱਗਦੀ ਫਾਰਮ ਦਾ ਗੇਟ ਟੱਪ ਗਈ । ਤੇ ਝੋਟੇ ਦੇ ਨਿਗ੍ਹਾ ਪੈ ਗਈ... ਤੇ ਉਸ ਨੇ 'ਕੱਲੇ ਬੰਦੇ ਤੋਂ ਰੱਸਾ ਛੁਡਾ ਕੇ ਮ੍ਹੈਸ ਵੱਲ ਨੂੰ ਸ਼ੂਟ ਵੱਟ ਲਈ । ਫਾਰਮ 'ਚ ਉੱਚੀ ਉੱਚੀ ਹਾਕਾਂ ਵੱਜਣ ਲੱਗ ਪਈਆਂ । ਸਾਰੇ ਬੰਦੇ ਮੋਟੇ ਬਾਂਸ, ਰੱਸੇ ਲੈ ਕੇ ਕੁਆਟਰਾਂ 'ਚੋਂ ਬਾਹਰ ਭੱਜ ਪਏ । ਅਸੀਂ ਵੀ 'ਕੱਠੇ ਹੋ ਗਏ । ਝੋਟਾ ਸ਼ੂਕਦਾ ਆਵੇ । ਜਦੋਂ ਬੰਦਿਆਂ ਦੇ ਕੱਠ ਕਰਕੇ ਉਸ ਨੂੰ ਮੈ੍ਹਸ ਦੂਰ... ਆਪਣੀ ਪਹੁੰਚ ਤੋਂ ਪਰੇ ਲੱਗੀ... ਤਾਂ ਉਹ ਦੌੜਦਾ ਮੇਲ੍ਹਦਾ ਜਿੱਥੇ ਤੱਕ ਪੁੱਜਿਆ ਸਕਿਆ ਸੀ ਉੱਥੇ ਹੀ ਪਿਛਲੇ ਖੁਰਾਂ ਉੱਤੇ ਮੂਹਰਲੀਆਂ ਦੋਵੇਂ ਲੱਤਾਂ ਚੁੱਕ ਕੇ ਖੜ੍ਹਾ ਹੋ ਗਿਆ ਤੇ ਅਸਮਾਨ ਵੱਲ ਨੂੰ ਮੂੰਹ ਕਰਕੇ ਜ਼ੋਰ ਦੀ ਰੰਭਣ ਲੱਗਿਆ... ਤੇ ਜੋਸ਼ ਵਿੱਚ ਸਿਲ-ਪੱਥਰ ਦਾ ਬਣ ਕੇ ਸਰਕਸ ਵਿੱਚ ਸਟੂਲ 'ਤੇ ਚੜ੍ਹੇ ਹਾਥੀ ਵਰਗਾ ਲੱਗਿਆ ...ਤਾਂ ਵੀ ਚਲੋ ਮੈ੍ਹਸ ਬਚ ਗਈ... ਨਹੀਂ ਤਾਂ...

...ਜੇ ਹੋਰ ਨਹੀਂ ਤਾਂ, ਮਾੜੇ ਜਹੇ ਬੱਦਲ, ਕਿਣਮਿਣ ਕਾਣੀ ਨਾਲ ਹੀ ਬਾਰਿਸ਼ ਦਾ ਪਾਣੀ ਨੀਵੇਂ ਘਰ 'ਚ ਡਰਾਉਂਦਾ ਆ ਧਮਕਦਾ... ਤਾਂ ਘਰਾਂ ਦੀਆਂ ਦੇਹਲੀਆਂ ਮਿੱਟੀ ਦੀਆਂ ਭਰੀਆਂ ਬੋਰੀਆਂ ਟਿਕਾ ਕੇ ਉੱਚੀਆਂ ਕਰਦੇ । ਕਦੇ ਰਾਤ ਨੂੰ ਮਿੱਟੀ ਦੀਆਂ ਬੋਰੀਆਂ ਭਰੀਆਂ ਭਰਾਈਆਂ ਰਹਿ ਜਾਂਦੀਆਂ ਤੇ ਬਾਰਿਸ਼ ਦਾ ਪਾਣੀ ਸਿੱਧਾ ਅੰਦਰ ਹੀ ਆਣ ਵੜਦਾ... ਤੇ ਖਾਲੀ ਭਾਂਡੇ ਪਾਣੀ 'ਚ ਤੈਰਨ ਲੱਗਦੇ । ਜਾਂ ਮੰਜੇ ਦੇ ਪਾਵਿਆਂ, ਕੰਧਾਂ ਨਾਲ ਵੱਜ ਕੇ ਦਹਿਸ਼ਤ ਪੈਦਾ ਕਰਦੇ ਤਾਂ ਘਬਰਾ ਕੇ ਉੱਠਦੀ ਬੇਬੇ ਦਾ ਪੈਰ ਬਰਸਾਤੀ ਗੰਦੇ ਪਾਣੀ 'ਚ ਜਾ ਡੁੱਬਦਾ :

"ਓ-ਹੋ-ਅ... ਪਾਣੀ ਤਾਂ ਅੰਦਰ ਵੜ ਗਿਆ । ਉੱਠੋ ਸਾਰੇ..."

ਅੱਧੀ ਰਾਤ ਨੂੰ ਪਤਾ ਨਹੀਂ ਉਹ ਸਾਰਿਆਂ ਨੂੰ ਕਿਉਂ ਜਗਾ ਦਿੰਦੀ । ਸਾਰਿਆਂ ਨੂੰ ਡਰ ਵੰਡ ਦਿੰਦੀ । ਉਹ ਕੱਲੀ ਕੀ ਕੀ ਚੁੱਕ ਸਕਦੀ ਸੀ? ਹਰ ਸਾਲ ਇਹ ਪਾਣੀ ਡਰ ਦਾ ਰੂਪ ਧਾਰ ਕੇ ਇੱਕ ਦੋ ਵਾਰ ਘਰ 'ਚ ਆ ਧਮਕਦਾ । ਤੇ ਜਿਉਂਦੇ ਜਾਗਦੇ ਰੋਟੀ ਖਾਂਦੇ ਘਰ ਵਿੱਚੋਂ ਜਿਊਣਾ ਮਨਫ਼ੀ ਕਰ ਦਿੰਦਾ । ਵਿਹੜੇ 'ਚ ਚਾਹ ਰੰਗੇ ਬਰਸਾਤੂ ਪਾਣੀ ਦੀ ਤਿ੍ਕੋਣ ਜ਼ੋਰ ਮਾਰ ਕੇ ਬਗਲ ਦਾ ਕੋਈ ਨਾ ਕੋਈ ਹਿੱਸਾ ਢਾਹ ਕੇ ਬਾਹਰ ਸੁੱਟ ਦਿੰਦੀ । ਢਹਿਆ ਹਿੱਸਾ ਕਈ ਥਾਂਈਂ ਕਈ ਸਾਲ ਬਿਨ੍ਹਾਂ ਮਿਸਤਰੀ ਤੋਂ ਇੱਟ ਤੇ ਇੱਟ ਟਿਕਾਈ ਖੜ੍ਹਾ ਰਹਿੰਦਾ । ਤਿਕੋਣੀ ਬਾਊਂਡਰੀ ਦੀ ਇੱਕ ਵੱਖੀ ਵਿੱਚ ਗੇਟ ਰੱਖਿਆ ਹੋਇਆ ਸੀ ਜਿੱਥੇ ਸਭ ਤੋਂ ਪਹਿਲਾ ਬਰਸਾਤੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ । ਪਰ ਪਾਣੀ ਬਾਊਂਡਰੀ ਦੀਆਂ ਇੱਟਾਂ ਵਿੱਚੋਂ ਦੀ ਰਾਹ ਲੱਭਕੇ ਅੰਦਰ ਆ ਜਾਂਦਾ ਤੇ ਮੈਂ, ਬੇੇਬੇ, ਬਾਪੂ...ਤੇ ਹੋਰ…... ਮੇਰਾ ਵੱਡਾ ਭਾਈ ਪਤਾ ਨਹੀਂ ਉਹ ਕੀ ਕੀ ਕਰਦਾ ਹੁੰਦਾ ਸੀ; ਉਹ ਬਹੁਤ ਕੁੱਝ ਕਰਦਾ ਹੁੰਦਾ ਸੀ । ਹੁਣ ਯਾਦ ਕਰ ਕੇ ਗਿਣ ਨਹੀਂ ਸਕਦਾ । ਪਾਣੀ ਸਾਨੂੰ ਦਬਿੱਲ ਦਿੰਦਾ ਤੇ ਅਸੀਂ ਸਾਰੇ ਹੱਥ ਹਿਲਾਉਂਦੇ ਰੌਲਾ ਪਾਉਂਦੇ ਬੇਬਸ ਖੜ੍ਹੇ ਰਹਿ ਜਾਂਦੇ ...

... ਜਿਵੇ ਮੈਂ ਹੁਣ ਖੜ੍ਹਾ ਹਾਂ ... ਬਿਲਕੁਲ ਬੇਬਸ ...

***

ਕਿਸੇ ਸਾਲ ਏਨੀ ਬਾਰਿਸ਼ ਹੋਈ ਕਿ ਘਰ 'ਚ ਤਿੰਨ ਫੁੱਟ ਪਾਣੀ ਭਰ ਗਿਆ । ਸੜਕ ਦੇ ਉੱਤੋਂ ਪਾਣੀ ਟੱਪਣ ਲੱਗਿਆ । ਕਿਸੇ ਸਿਆਣੇ ਨੇ ਅੰਦਾਜ਼ਾ ਲਾਇਆ ਕਿ ਜਿੱਥੋਂ ਪਾਣੀ ਸੜਕ ਉੱਪਰੋਂ ਟੱਪ ਕੇ ਦੂਜੇ ਪਾਸੇ ਜਾ ਰਿਹਾ ਹੈ, ਉੱਥੋਂ ਸੜਕ ਵੱਢ ਦਿੱਤੀ ਜਾਵੇ । ਸਰਕਾਰੀ ਫਾਰਮ ਦਾ ਅਫ਼ਸਰ ਪੈਂਟ ਦੀਆਂ ਮੂਹਰੀਆਂ ਚੜ੍ਹਾਈ ਹੱਥ 'ਚ ਛਤਰੀ ਫੜੀ ਆ ਗਿਆ ਤੇ ਸਾਰਿਆਂ ਨੂੰ ਸਮਝਾਉਂਦਾ ਜਿਹਾ ਕਹਿੰਦਾ ਤੁਰ ਗਿਆ: ''ਵੱਢ ਦੋ ਵੱਢ ਦੋ ਸੜਕ ਵੇਖੀ ਜਾਊ ਜੋ ਹੋਊ '' ਇਹ 'ਪਹਿਲਾ' ਸਰਕਾਰੀ ਬੰਦਾ ਸੀ ਜਿਸ ਨੇ ਸਾਡੀ ਕਿਸਮਤ ਬਾਰੇ ਬਿਨਾਂ ਲਿਖਤੀ ਅਰਜ਼ੀ ਦਿੱਤਿਆਂ ਜ਼ੁਬਾਨੀ ਹੁਕਮ ਸੁਣਾ ਦਿੱਤਾ ਸੀ ।

ਮੇਰੇ ਵੱਡੇ ਭਾਈ ਤੇ ਚਾਚੇ ਤਾਏ ਦੇ ਮੁੰਡਿਆਂ ਨੇ ਰਲ ਕੇ ਕਹੀਆਂ ਨਾਲ ਸੜਕ ਇੱਕ ਫੁੱਟ ਟੁੱਕ ਦਿੱਤੀ । ਮਿੰਟਾਂ 'ਚ ਪਾਣੀ ਸਾਰੀ ਮਿੱਟੀ, ਸਾਰੀ ਸੜਕ ਹੜ੍ਹਾ ਕੇ ਲੈ ਗਿਆ ਤੇ ਦੇਖਦੇ ਹੀ ਦੇਖਦੇ ਪਾੜ ਚੌੜਾ ਹੋਣ ਲੱਗਿਆ । ਪਾਣੀ ਸਰਪਟ ਸੈਣੀਆਂ ਦੇ ਖੇਤਾਂ ਵਿੱਚੀਂ ਮਾਰ ਕਰਦਾ ਸਤਲੁਜ ਵੱਲ ਨੂੰ ਵਹਿਣ ਲੱਗਿਆ । ਰਾਤ ਸੀ । ਇੱਕ ਦਮ ਪਾਣੀ ਘੱਟਣ ਲੱਗਿਆ ਤਾਂ ਚਾਚੀ ਨੇ ਗੁੜ ਦੀ ਰਿਓੜੀ ਪਾਣੀ 'ਚ ਸੁੱਟੀ ਦਿੱਤੀ:

''ਯਿਆ ਖੁਆਜਾ ਪਾਤਸ਼ਾਹ ।"

ਪਾਣੀ ਨੀਵਾਂ ਹੋਣ ਲੱਗਿਆ । ਸੁੱਖ ਦਾ ਸਾਹ ਆਇਆ ।

''ਪਾਣੀ ਜਿੱਧਰ ਢਾਲ ਐ ਓਧਰ ਦੀ ਓ ਲੰਘਣਾ '' ਬਾਪੂ ਪਤੂਹੀ ਦੀਆਂ ਜੇਬਾਂ 'ਚ ਹੱਥ ਪਾ ਪਾ ਕੱਢੀ ਜਾਵੇ ।

ਪਾਣੀ ਇੰਨਾ ਕੁ ਉਤਰ ਗਿਆ ਕਿ ਬੇਬੇ ਦਾ ਨਲਕੇ ਤੋਂ ਪਾਣੀ ਲਿਆਓਣ ਤੇ ਘੁੱਤੀ ਵਰਗੀ ਰਸੋਈ 'ਚ ਸੈਲਫ਼ ਉੱਤੇ ਸਟੋਵ ਬਾਲ ਕੇ ਰੋਟੀ ਬਣਾਉਣ ਦਾ ਹੀਆ ਵੀ ਪੈ ਗਿਆ ।

''ਆਓ ਸਾਰੇ ਬਾਹਰ! ਭੈਣ-ਚੋ-ਅ, ਆਓ ਬਾਹਰ ਦੇਖੀਏ ਸਾਲੇ ਬੰਗਾਲਿਆਂ ਨੂੰ '' ਸਵੇਰੇ ਅਸੀਂ ਸਾਰਾ ਟੱਬਰ ਥਾਂ ਕੁਥਾਂ ਬੈਠੇ ਚਾਹ ਪੀ ਕੇ ਹਟੇ ਤਾਂ ਬਾਹਰੋਂ ਗਾਲਾਂ ਨਿਕਲਦੀਆਂ ਸੁਣਨ ਲੱਗੀਆਂ । ਪਾੜ ਦੇ ਤੇਜ ਬਰਸਾਤੂ ਪਾਣੀ ਨੇ ਜਿਹਨਾਂ ਸੈਣੀ ਬਰਾਦਰੀ ਦੇ ਜਿੰਮੀਦਾਰਾਂ ਦੀ ਫਸਲ ਡੁਬੋ ਦਿੱਤੀ ਸੀ ਉਹਨਾਂ ਸਰਕਾਰੇ ਦਰਬਾਰੇ ਸ਼ਿਕਾਇਤ ਕਰ ਦਿੱਤੀ । ਉਹ ਪਾੜ ਦੇ ਪਰਲੇ ਪਾਸੇ ਇੱਕਠੇ ਹੋ ਰਹੇ ਸਨ । ਅਫ਼ਸਰਾਂ ਦੇ ਆਉਣ ਤੋਂ ਪਹਿਲਾਂ ਸਾਨੂੰ ਗਾਲਾਂ ਕੱਢ ਰਹੇ ਸਨ । ਸੜਕ ਉੱਤੇ ਇੱਕ ਸਰਕਾਰੀ ਜੀਪ ਆ ਕੇ ਰੁਕ ਗਈ । ਸਰਕਾਰੀ ਸੜਕ । ਸਰਕਾਰੀ ਜੀਪ । ਸਰਕਾਰੀ ਅਫ਼ਸਰ । ਐੱਸ ਡੀ ਐੱਮ । ਏਸ ਸਰਕਾਰੀ ਥਾਂ ਦਾ 'ਮੌਕਾ' ਵੇਖਣ ਵਾਲਾ 'ਦੂਸਰਾ' ਵੱਡਾ ਪਦਅਧਿਕਾਰੀ । ਉਸ ਦੇ ਆਉਣ 'ਤੇ ਸਭ ਚੁੱਪ ਹੋ ਗਏ ।

''ਇਹ ਸਰਕਾਰੀ ਸੜਕ ਕਿਸਨੇ ਵੱਢੀ ਐ'' ਅਫ਼ਸਰ ਪਾੜ ਦੇ ਪਰਲੇ ਪਾਸਿਓਂ ਸਾਡੇ ਵਿੱਚੋਂ ਕਿਸੇ ਨੂੰ ਅਫ਼ਸਰੀ ਅੰਦਾਜ਼ ਵਿੱਚ ਪੁੱਛ ਰਿਹਾ ਸੀ । ਬਾਪੂ ਨੇ ਪਾੜ ਦੇ ਉੱਪਰੋਂ ਸਲਾਮ ਦੇ ਅੰਦਾਜ਼ ਵਿੱਚ ਹੱਥ ਆਪਣੇ ਮੱਥੇ ਵੱਲ ਮਾਰਿਆ ।

''ਸਾੜੇ ਅੰਦਰ ਵੜ ਕੇ ਦੇਖੋ ਤਿੰਨ ਫੁੱਟ ਪਾਣੀ ਚੜ੍ਹ ਗਿਆ '', ਬਾਪੂ ਨੇ ਆਪਣੇ ਲੱਕ 'ਤੇ ਹੱਥ ਰੱਖਿਆ ਤੇ ਆਪਣੀ ਗੱਲ ਦਾ ਗੁੱਸਾ ਤੇ ਵਜ਼ਨ ਪਾੜ ਦੇ ਉੱਪਰੋਂ ਉੱਚੀ ਆਵਾਜ਼ ਵਿੱਚ ਵਗਾਹ ਕੇ ਅਫ਼ਸਰ ਤੇ ਇਕੱਠੇ ਹੋਏ ਸੈਣੀਆਂ ਦੇ ਮੂੰਹ 'ਤੇ ਮਾਰਿਆ, ''ਤਿੰਨ ਫੁੱਟ ਪਾਣੀ ਖੜ੍ਹਾ ਤਾ ਅੰਦਰ ਉਸ ਵਖਤ'', ਉਸ ਨੇ 'ਵਖਤ' ਸ਼ਬਦ 'ਤੇ ਜੋਰ ਦਿੱਤਾ ਤਾਂ ਅਫ਼ਸਰ ਚਾਹ ਰੰਗੇ ਬਰਸਾਤੀ ਪਾਣੀ ਦੀ ਤਿਕੋਣ ਵਿੱਚ ਡੁੱਬੇ ਘਰ ਵੱਲ ਨੂੰ ਵੇਖਣ ਲੱਗਾ ।

''ਜੇ ਸਾੜਾ ਮਕਾਨ ਗਿਰ ਜਾਂਦਾ ਤਾਂ... ਜੇ ਮੇਰੇ ਬੱਚੇ ਡੁੱਬ ਕੇ ਮਰਗੇ? ...ਿਲੰਦਾ ਕੋਈ ਜਿੰਮੇਵਾਰੀ ਐਥੇ ਖੜ੍ਹਾ? ਮਾਲ ਡੰਗਰ ਦਾ ਹਲੇ ਪਤਾ ਨੀਂ ਕਿੱਥੇ ਐ? ਅਸੀਂ ਮਾਰੀ ਇਨ੍ਹਾਂ ਦੀ ਫਸਲ? 'ਗਾਹਾਂ ਜੱਟਾਂ ਨੇ ਸਾਰਾ ਪੰਚਾਇਤੀ ਨਾਲਾ ਦੱਬ ਕੇ ਵਾਹ ਲਿਆ । ਦੇਖੋ ਜਾ ਕੇ ।''

ਅਫ਼ਸਰ ਨੇ ਆਪਣੇ ਨਾਲ ਖੜ੍ਹੇ ਮੁਤਹਿਤ ਨਾਲ ਗੱਲ ਕੀਤੀ... ਤੇ... ਫੈਸਲਾ ਇਹ ਹੋਇਆ ਕਿ ਪਾਣੀ ਦੇ ਪਾਏ ਪਾੜ ਵਿੱਚ ਪੀ ਡਬਲਿਯੂ ਡੀ ਮਤਲਬ ਕਿਸੇ ਕਿਸਮ ਦੀ ਕੋਈ ਸਰਕਾਰ, ਪਾਈਪਾਂ ਸਿੱਟ ਕੇ ਮਿੱਟੀ ਪਾ ਦਵੇ । ਸਤਲੁਜ ਤੱਕ ਪਾਣੀ ਲੰਘਣ ਲਈ ਪੱਕੀਆਂ ਫਰਦਾਂ ਵਿੱਚ ਲੱਗੇ ਨਾਲੇ ਦੀ ਜਮੀਨ ਸਾਰੇ ਜਿੰਮੀਂਦਾਰਾਂ ਦੇ ਨਜਾਇਜ ਕਬਜ਼ੇ ਹੇਠੋਂ ਪੁਲਸ ਦੀ ਮੱਦਦ ਲੈ ਕੇ ਤੁਰੰਤ ਛੁਡਾਈ ਜਾਵੇ ।

ਬਾਪੂ ਜਿੱਤ ਗਿਆ । ਸਾਡੇ ਘਰ 'ਚ ਖੁਸ਼ੀ ਦੀ ਲਹਿਰ ਦੌੜ ਗਈ ।

ਸਮਾਂ ਪਾ ਕੇ ਸ਼ਹਿਰ ਫੈਲ ਗਿਆ । ਪਿੰਡ ਦੇ ਜਿਸ ਬੰਨੇ ਦੇ ਅਖ਼ੀਰ 'ਤੇ ਸਾਡਾ ਘਰ ਸੀ ਉਹ ਹਿੱਸਾ ਸ਼ਹਿਰ ਦਾ ਅਗਲਾ ਵਾਰਡ ਨੰਬਰ ਪੰਦਰਾਂ ਬਣ ਗਿਆ । ਜਿਸ ਪਾੜ ਚੋਂ ਬਰਸਾਤੀ ਪਾਣੀ ਕੱਢ ਕੇ ਬਾਪੂ ਜਿੱਤ ਗਿਆ ਸੀ ਉਸ ਡੂੰਘ ਵਿੱਚੋਂ ਹੁਣ ਸਾਰੇ ਸ਼ਹਿਰ ਦਾ ਗੰਦਾ ਪਾਣੀ ਨਾਲੇ ਦੀ ਸ਼ਕਲ 'ਚ ਕਾਲਾ ਸ਼ਾਅ ਹੋਇਆ ਚੌੜੀ ਪੁਲੀ ਹੇਠੋਂ ਸਾਡੇ ਘਰ ਦੀ ਤਿਕੋਣ ਦੇ ਸਭ ਤੋਂ ਤਿੱਖੇ ਸਿਰੇ ਨੂੰ ਛੂਹ ਕੇ ਸਿੱਧਾ ਸਤਲੁਜ ਵੱਲ ਨੂੰ ਚੌਵੀ ਘੰਟੇ ਲੰਘਣ ਲੱਗਿਆ । ਗੰਦੇ ਨਾਲੇ ਦੀ ਬਦਬੂ ਸਾਡੀ ਤਿਕੋਣ ਦੀਆਂ ਤਿੰਨੋਂ ਬਾਹੀਆਂ ਦੁਆਲੇ ਘੁੰਮਦੀ ਅੱਗੇ ਦੂਰ ਵੱਡੇ ਗੋਲ ਚੌਂਕ ਤੱਕ ਫੈਲਦੀ ਨੱਕ ਦਾ ਓਪਰੇਸ਼ਨ ਕਰਦੀ ਨਿਕਲ ਜਾਂਦੀ...

***

ਸਮੇਂ ਲੰਘ ਗਏ । ਲੰਘਦੇ ਗਏ । ਗਾਲਾਂ ਕੱਢਦੇ ਸੁਣਦੇ, ਅਸੀਸਾਂ ਦਿੰਦੇ ਬਜ਼ੁਰਗ ਔਰਤਾਂ ਮਰਦ ਚੋਲੇ ਛੱਡ ਗਏ । ਉਹਨਾਂ ਦੇ ਚੋਲੇ ਅਸੀਂ ਪਾ ਲਏ । ਇੱਕ ਵਾਰ ਫੇਰ ਘਰ ਢਾਅ ਕੇ ਉੱਚਾ ਚੁੱਕ ਦਿੱਤਾ । ਉੱਥੇ ਸਰਕਾਰ ਫੇਰ ਆ ਗਈ । ਹੁਣ ਸੜਕ ਉੱਚੀ ਨਹੀਂ ਕੀਤੀ । ਨਾ ਸਾਡੇ ਘਰ ਪਾਣੀ ਵੜਿਆ । ਨਾ ਅਸੀਂ ਸੜਕ ਵੱਢੀ ।

... ਫੇਰ ਸਰਕਾਰ ਕਿਉਂ ਆ ਗਈ!! ???

... ਫੇਰ ਸਰਕਾਰ ਨੇ ਕੀ ਕੀਤਾ!! ???

... ਸਰਕਾਰ ਆ ਗਈ ਆਪਣੀ ਆਈ 'ਤੇ...

... ਤੇ... ਤੇ ਸਰਕਾਰ ਫੇਰ । ਇੱਕ ਵਾਰੀ ਫੇਰ । ਪਤਾ ਨਹੀਂ ਕਿੰਨਵੀਂ ਵਾਰ ਆ ਕੇ ਖੜ੍ਹ ਗਈ । ਲਗਦਾ ਆਖ਼ਰੀ ਵਾਰ... ਸਰਕਾਰੀ ਗੱਡੀ । ਕਈ ਹੋਰ ਗੱਡੀਆਂ । ਗੱਡੀਆਂ ਉੱਪਰ ਘੁੰਮਦੀਆਂ ਲਾਲ ਬੱਤੀਆਂ । ਮੋਢਿਆਂ 'ਤੇ ਸਰਕਾਰੀ ਸਿਆਸੀ ਸ਼ਕਤੀ ਨਾਲ ਲੈਸ ਸਟੇਨ ਗੰਨਾਂ ਲਟਕਾਈ ਮੁਸਤੈਦ ਗੰਨਮੈਨ... ਤਾਂ ਵੀ ਲਹਿਜਾ ਲਿਹਾਜ ਵਾਲਾ...

''ਦੇਖੋ ਬਈ ਤੁਹਾਡੀ ਜਮੀਨ 'ਚ ਹੁੰਦਾ ਤਾਂ ਕੁੱਝ ਹੈ ਨਹੀਂ । ਬੰਜਰ-ਏ ਐ । ਸਰਕਾਰ ਨੇ ਸਾਰੀ ਜਮੀਨ ਐਕੂਆਇਰ ਕਰ ਲਈ ਐ । ਤੁਹਾਨੂੰ ਜਮੀਨ ਦਾ ਪੂਰਾ ਮੁਆਵਜ਼ਾ ਮਿਲੂ । ਇੰਪਰੂਵਮੈਂਟ ਟਰਸਟ ਨੇ ਇੱਥੇ ਕਲੋਨੀ ਬਣਾਉਣੀ ਐ । ਤੁਹਾਡੇ ਖੇਤਾਂ, ਖਤਾਨਾਂ, ਮਕਾਨਾਂ, ਦੁਕਾਨਾਂ ਦੀ ਵਾਜਬ ਕੀਮਤ ਤੁਹਾਨੂੰ ਮਿਲ ਜਾਏਗੀ ।''

ਸਰਕਾਰ ਨੇ ਸਾਨੂੰ ਪੁੱਛੇ ਵਗੈਰ ਇੱਕ ਹੋਰ ਨਵੀਂ 'ਸਕੀਮ' ਬਣਾ ਕੇ ਸਾਡੀ ਤਿ੍ਕੂਣ ਤੇ ਕਈ ਹੋਰਾਂ ਦੀ... ਉਸ ਇਲਾਕੇ ਵਿੱਚ ਸਭ ਦੀ ਵਿੰਗੀ ਟੇਢੀ, ਉੱਚੀ ਨੀਵੀਂ... ਪੱਧਰੀ... ਚਾਹੀ... ਬੰਜਰ... ਚੌਰਸ ਲੱਗਭੱਗ ਡੇਢ ਸੌ ਕਿੱਲਾ ਜਮੀਨ ਲਿਖਤੀ ਹੁਕਮ ਕਰਕੇ ਆਪਣੇ ਕਬਜੇ 'ਚ ਕਰ ਲਈ । ਸਾਨੂੰ ਚੁਰਾਸੀ ਰੁਪਏ ਗਜ ਦੇ ਹਿਸਾਬ ਨਾਲ ਮੁਆਵਜਾ ਮਿਲਿਆ । ਸਰਕਾਰ ਨੇ ਆਪ ਨੌਂ ਸੌ ਚੁਰਾਸੀ ਰੁਪਏ ਗਜ ਦੇ ਹਿਸਾਬ ਨਾਲ ਪਲਾਟ ਅਲਾਟ ਕੀਤੇ! ਤੇ ਆਹ ਸ਼ੋਅ-ਰੂਮ ਖੁੱਲੀ ਬੋਲੀ 'ਚ ਕਰੋੜਾਂ ਦੇ ਨਿਲਾਮ ਕੀਤੇ!! ਤੇ 'ਸਕੀਮ' ਦੀ ਜਮੀਨ 'ਚੋਂ ਇੱਕ ਵੱਡਾ ਛੇ ਕਿੱਲੇ ਦਾ ਟੱਕ ਬਹੁਮੰਜ਼ਲਾ ਫਲੈਟ ਬਣਾਓਣ ਲਈ ਛੱਡ ਦਿੱਤੈ ਜੀਹਦੇ 'ਤੇ ਆਪਣੇ ਮਨਿਸਟਰ ਦੀ ਵੱਡੀ ਦੋਹਤੀ ਦੀ ਗੱਡੀ ਦੇ ਟਾ ਇਰਾਂ ਦੀ ਘਾਸ ਪੈ ਗਈ ...

... ਮੈਂ ਕਦੋਂ ਦਾ ਹੋਰ ਕਸਬੇ 'ਚ ਰਹਿੰਦਾ ਸਾਂ । ਭਾਈਆਂ ਦੀ ਵੰਡ ਵਿੱਚ ਬਾਪੂ ਨੂੰ ਮਿਲੇ ਤਿ੍ਕੋਣ ਦੇ ਹਿੱਸੇ ਵਿੱਚ ਮੇਰਾ ਵੱਡਾ ਭਾਈ ਰਹਿੰਦਾ ਸੀ । ਉਸ ਨੇ ਵਕੀਲ ਕਰ ਕੇ ਸਰਕਾਰ 'ਤੇ ਕੇਸ ਪਾ ਦਿੱਤਾ । ਕੇਸ ਲੜਨ ਲਈ ਉਹ ਮੇਰੇ ਤੋਂ ਮੇਰੇ ਹਿੱਸੇ ਦੇ ਪੈਸੇ ਮੰਗ ਲੈਂਦਾ । ਪੈਸਾ, ਸਮਾਂ, ਜ਼ਿੰਦਗੀ ਲਗਾ ਕੇ ਮੈਂ ਆਪਣੇ ਘਰ ਦੀ ਉਸ ਤਿ੍ਕੋਣ ਨੂੰ ਹਰ ਹਮਲੇ ਤੋਂ ਬਚਾਉਣਾ ਚਾਹੁੰਦਾ ਸਾਂ...

... ਪਰ

ਸਾਰੀਆਂ ਅਦਾਲਤਾਂ ਲੰਘ ਕੇ ਸੁਪਰੀਮ ਕੋਰਟ ਤੱਕ ਅਸੀਂ ਆਪਣੇ ਘਰ ਨੂੰ ਹਾਰ ਗਏ ।

ਮੈਂ ਓਸੇ ਤਿ੍ਕੋਣ ਨੂੰ ਹਮੇਸ਼ਾ ਆਪਣਾ ਘਰ ਸਮਝਿਆ ਜਿੱਥੋਂ ਮੇਰੇ ਮਾਂ ਬਾਪ ਦੀ ਅਰਥੀ ਉੱਠੀ ਸੀ । ਉਹੀ ਘਰ ਜਿੱਥੇ ਮੇਰਾ ਲਸੂੜੇ ਦਾ ਦਰਖ਼ਤ ਸੀ, ਮੇਰੇ ਅੱਕ, ਮੇਰੇ ਫੁੱਲ, ਮੇਰਾ ਥਰਸਟੀ ਕਰੋਅ... ਜਿੱਥੇ ਦੁਨੀਆ ਨਾਲ ਜੂਝਣ ਤੋਂ ਪਹਿਲਾਂ ਮੈਂ ਖੁਦ ਨਾਲ ਜੂਝਣਾ ਸਿੱਖਿਆ...

... ਫੇਰ ਮੈਨੂੰ ਪਤਾ ਲੱਗਿਆ ਕਿ ਮੇਰੇ ਵੱਡੇ ਭਾਈ ਨੇ ਮੁਆਵਜ਼ੇ ਦੇ ਮਿਲੇ ਪੈਸਿਆਂ ਨਾਲ ਨੇੜੇ ਹੀ ਗਜਾਂ 'ਚ ਥੋੜ੍ਹੀ ਜਹੀ ਥਾਂ ਲੈ ਕੇ ਆਪਣਾ ਨਵਾਂ ਘਰ ਪਾਉਣਾ ਸ਼ੁਰੂ ਕਰ ਦਿੱਤਾ ਸੀ ।

... ਫੇਰ ਮੈਨੂੰ ਉਸ ਦੇ ਨਵੇਂ ਮਕਾਨ ਦੀ ਚੱਠ ਦਾ ਸੁਨੇਹਾ ਆ ਗਿਆ...

***

ਸੋਚਦਾਂ ਕਿੱਥੇ ਗਈਆਂ ਤਾਏ ਫ਼ੌਜੀ ਦੀਆਂ ਪੱਕੀਆਂ ਫਰਦਾਂ! ਕਿੱਥੇ ਗਿਆ ਓਹ ਆਪ!... ਝੋਟੇ ਦੇ ਫੁੰਨਕਾਰੇ ਮਾਰਨ ਤੇ ਕੁੱਤੀ ਦੀ ਬੀਨ ਫਸਣ ਦਾ ਫ਼ਰਕ ਸਮਝਾਉਂਦਾ ਕਿੱਥੇ ਗਿਆ ਬਾਪੂ? ਨਜਾਇਜ ਕਬਜੇ ਛੁਡਾਓਣ ਤੇ ਕਰਾਓਣ ਵਾਲੇ ਅਫ਼ਸਰ ਵੀ ਆਪੋ ਆਪਣੀ ਰੰਗ-ਬਰੰਗੀ ਸਿਆਹੀ ਵਰਤਦੇ ਪੈੱਨ ਜੇਬਾਂ 'ਚ ਟੁੰਗ ਕੇ ਕੁਰਸੀਆਂ ਤੋਂ ਉੱਠ ਗਏ । ਮਰ ਗਏ । ਰਿਟਾਇਰ ਹੋ ਗਏ । ਬਰਖਾਸਤ ਹੋ ਗਏ ।

... ਡਰਾਉਂਦੇ, ਮੈਨੂੰ ਬੌਨਾ ਕਰਦੇ ਸਰਕਾਰੀ ਸ਼ੋਅ-ਰੂਮਾਂ ਤੋਂ ਮੂੰਹ ਮੋੜਦਾ ਸਿਰ ਥੱਲੇ ਨੂੰ ਸੁੱਟ ਕੇ ਬਾਹਾਂ ਲਟਕਾਈ ਮੈਂ ਆਪਣੇ ਭਾਈ ਦੇ ਨਵੇਂ ਘਰ ਨੂੰ ਦੇਖਣ ਤੁਰ ਪੈਂਦਾ ਹਾਂ । ਮੈਨੂੰ ਲੱਗਿਆ ਕਿ ਅਸੀਂ ਮਕਾਨਾਂ, ਖਦਾਨਾਂ ਦੇ ਕੁਝ ਵੀ ਨਹੀਂ ਸਾਂ ਲੱਗਦੇ । ਨਾ ਪਾਣੀ 'ਚੋਂ ਨਿਕਲਦੀਆਂ ਮੱਛੀਆਂ ਦੇ । ਗੰਨੇ ਦੇ ਰਸ 'ਚੋਂ ਨਿਕਲਦੀਆਂ ਗੁੜ ਦੀਆਂ ਪਿਓਸੀਆਂ । ਮ੍ਹੈਸ ਦੇ ਢਿੱਡ 'ਚੋਂ ਨਿਕਲਦਾ ਕਟਰੂ । ਨਾ ਅੱਕਾਂ ਦੇ । ਨਾ ਫੁੱਲ-ਪੱਤੀਆਂ ਦੇ । ਨਾ ਲਸੂੜੇ ਦੇ । ਨਾ ਥਰਸਟੀ ਕਰੋਅ ਦੇ । ਨਾ ਚੰਦ-ਸੂਰਜ ਦੇ । ਨਾ ਪਾਣੀ-ਮਿੱਟੀ ਦੇ । ਕਿਸੇ ਵੀ ਚੀਜ਼ ਦੇ ਮਾਲਕ ਨਹੀਂ ਸਾਂ । ਫੇਰ ਖਿਆਲ ਆਇਆ ਕਿ ਤਿਕੋਣੇ ਘਰ ਵਿੱਚ ਬੜਾ ਕੁੱਝ ਅਜਿਹਾ ਵਾਪਰਿਆ ਜੋ ਮੈਨੂੰ ਦਿਸਣਾ ਨਹੀਂ ਸੀ ਚਾਹੀਦਾ । ਸਮਝਣਾ ਨਹੀਂ ਸੀ ਚਾਹੀਦਾ... ਤੇ ਹੁਣ ਦੰਦਾਂ ਥੱਲੇ ਜੀਭ ਦੇ ਕੇ ਸਭ ਕੁੱਝ ਭੁੱਲ ਜਾਣਾ ਚਾਹੀਦਾ । ਵਾਪਸੀ 'ਤੇ ਕਿਸੇ ਹੋਰ ਪਾਸੇ ਦੀ ਲੰਘ ਕੇ ਮੁੜ ਜਾਊਂਗਾ । ਫੇਰ ਵੀ ਮੈਂ ਮੁੜ ਕੇ ਆਪਣੀਆਂ ਪੈੜਾਂ ਦੇ ਨਿਸ਼ਾਨ ਦੇਖਣ ਲੱਗਦਾ ਹਾਂ । ਕਿਤੇ ਕੋਈ ਪੈੜ ਨਹੀਂ ਦਿੱਸਦੀ । ਕਿਸੇ ਦੀ ਪੈੜ ਨਹੀਂ । ਨਾ ਬਾਪੂ ਦੀ । ਨਾ ਝਿਊਰਾਂ ਦੀ । ਨਾ ਬੇਬੇ ਦੀ । ਨਾ ਫੌਜੀ ਤਾਏ ਦੀ । ਨਾ ਮ੍ਹੈਸਾਂ ਦੀ । ਮ੍ਹੈਸਾਂ ਦੀਆਂ ਪੈੜਾਂ ਦੇ ਨਿਸ਼ਾਨ... ਤਾਂ ਚਲੋ... ਫਾਰਮ ਦੇ ਸਰਕਾਰੀ ਝੋਟਿਆਂ ਦੇ ਖੁਰਾਂ ਹੇਠ ਦਬ ਗਏ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ