Haqdar (Punjabi Story) : Afzal Ahsan Randhawa
ਹੱਕਦਾਰ (ਕਹਾਣੀ) : ਅਫ਼ਜ਼ਲ ਅਹਿਸਨ ਰੰਧਾਵਾ
ਅੱਧੀ ਰਾਤ ਦਾ ਵੇਲਾ ਸੀ ਜਦੋਂ ਉਨ੍ਹਾਂ ਨੰਗਲ ਵਾਲੇ ਥੇਹ ਦੇ ਬੋਹੜ ਥੱਲੇ ਘੋੜੀ ਖਲ੍ਹਾਰ ਦਿੱਤੀ। ਪਿੱਛੇ ਬੈਠਾ ਬੰਦਾ ਛੇਤੀ ਨਾਲ ਹੇਠਾਂ ਉਤਰਿਆ ਤੇ ਉਹਨੇ ਪਿੰਡ ਵੱਲ ਵੇਖਿਆ, ਜੋ ਰਾਤ ਦੇ ਉਸ ਵਕਤ ਇਸ ਤਰ੍ਹਾਂ ਚੁੱਪ ਚਾਪ ਸੀ ਜਿਵੇਂ ਉਹ ਪਿੰਡ ਵੱਸਦਾ ਈ ਨਾ ਹੋਵੇ। ਐਨੇ ਚਿਰ ਨੂੰ ਅਗਲਾ ਬੰਦਾ ਵੀ ਘੋੜੀ ਤੋਂ ਉਤਰਿਆ। ਉਸ ਆਪਣੀ ਬਲਮ ਥੱਲੇ ਰੱਖ ਕੇ ਘੋੜੀ ਦੇ ਗਲ ਦਵਾਲੇ ਲਪੇਟਿਆ ਰੱਸਾ ਖੋਲ੍ਹ ਕੇ ਬੋਹੜ ਦੀ ਇਕ ਜੜ੍ਹ ਨਾਲ ਬੰਨ ਦਿੱਤਾ। ਫੇਰ ਉਹ ਘੋੜੀ ਨੂੰ ਥਾਪੀ ਦਿੰਦਿਆਂ ਆਖਣ ਲੱਗਾ, “ਲੈ ਭਾਈ ਬੰਤਾ ਸਿੰਘਾ, ਨੰਗਲ ਵੇਖ ਲੈ।”
ਬੰਤਾ ਸਿੰਘ ਹੌਲੀ ਜਿਹੀ ਹੱਸ ਕੇ ਆਖਣ ਲੱਗਾ, “ਵੇਖ ਲੈਨੇ ਆਂ ਚੱਲ ਕੇ ਪਰ ਬਹਾਦਰ ਸਿੰਘ ਘੋੜੀ ਐਥੇ ‘ਕੱਲੀ ਰਹੇਗੀ?” ਬਹਾਦਰ ਸਿੰਘ ਜਿਹੜਾ ਆਪਣਾ ਠਾਠਾ ਘੁੱਟ ਕੇ ਬੰਨੀ ਆਪਣੀ ਬਲਮ ਦੇ ਫਾਲ ‘ਤੇ ਉਂਗਲੀ ਫੇਰ ਕੇ ਉਹਦੀ ਧਾਰ ਵੇਖਣ ਡਿਹਾ ਸੀ, ਆਖਣ ਲੱਗਾ, “ਇਹਦਾ ਫਿਕਰ ਨਾ ਕਰ, ਇਹਨੂੰ ਸੱਤੇ ਈ ਖੈਰਾਂ ਨੇ।”
ਤੇ ਉਹ ਦੋਨੋਂ ਠਾਠੇ ਬੰਨ ਬੁੱਕਲਾਂ ਸਵਾਰ ਕੇ ਪਿੰਡ ਵੱਲ ਨੂੰ ਟੁਰ ਪਏ। ਬਹਾਦਰ ਸਿੰਘ ਲੰਬਾ ਚੌੜਾ ਜਵਾਨ ਸੀ ਤੇ ਜਿਹਦੇ ਨਾਲ ਦੀ ਡਾਂਗ ਸਾਰੇ ਮਾਝੇ ਵਿਚ ਕੋਈ ਨਹੀਂ ਸੀ ਮਾਰ ਸਕਦਾ। ਉਹ ਮਾਝੇ ਦਾ ਮੰਨਿਆ-ਪ੍ਰਮੰਨਿਆ ਚੋਰ ਸੀ, ਤੇ ਦਿਲ ਗੁਰਦੇ ਵਾਲਾ ਬੰਦਾ, ਜੋ ਮੌਕਾ ਪੈਂਦਿਆਂ ਪੈਰ ਗੱਡ ਕੇ ਖੜ੍ਹੋ ਜਾਂਦਾ। ਬੰਤਾ ਸਿੰਘ ਨੇ ਅੱਧੀ ਉਮਰ ਕੌਡੀ ਖੇਡਣ ਤੇ ਅੱਧੀ ਜੇਲ੍ਹ ਦੀਆਂ ਰੋਟੀਆਂ ਤੋੜਨ ਵਿਚ ਲੰਘਾ ਛੱਡੀ ਸੀ। ਉਹ ਛੋਟੇ ਜਿਹੇ ਕੱਦ ਦਾ ਪਤਲਾ ਜਿਹਾ ਆਦਮੀ ਸੀ। ਚੋਰੀ ਵਿਚ ਉਹਨੂੰ ਵੀ ਲੋਕ ਉਸਤਾਦ ਮੰਨਦੇ ਸਨ। ਉਂਜ ਉਹ ਵੇਲਾ ਪਛਾਣਨ ਵਾਲਾ ਤੇ ਚਲਾਕ ਜਿਹਾ ਬੰਦਾ ਸੀ। ਅੱਜ ਉਹ ਤੀਹ ਕੋਹ ਦਾ ਪੈਂਡਾ ਮਾਰ ਕੇ ਨੰਗਲ ਗੁਰਮੁਖ ਸਿੰਘ ਸਫੈਦਪੋਸ਼ ਦੀ ਨੁਕਰੀ ਪੋਸ਼ ਦੀ ਚਿੱਟੀ ਬਲੋਚੀ ਘੋੜੀ ਚੋਰੀ ਕਰਨ ਆਏ ਸਨ।
ਸਰਦਾਰ ਗੁਰਮੁਖ ਸਿੰਘ ਸਫੈਦਪੋਸ਼ ਨੂੰ ਸੁਥਰੀਆਂ ਘੋੜੀਆਂ ਰੱਖਣ ਦਾ ਇਸ਼ਕ ਸੀ। ਜਵਾਨੀ ਤੋਂ ਲੈ ਕੇ ਉਸ ਸਦਾ ਈ ਇਕ ਤੋਂ ਇਕ ਚੰਗੀ ਘੋੜੀ ਰੱਖੀ। ਉਹਦੇ ਕਿੱਲੇ ‘ਤੇ ਤਿੰਨ-ਚਾਰ ਘੋੜੀਆਂ ਤਾਂ ਸਦਾ ਈ ਲੋਕ ਵੇਖਦੇ ਹੁੰਦੇ ਸਨ, ਪਰ ਉਤੇ ਚੜ੍ਹਨ ਵਾਲਾ ‘ਕੱਲਾ ਗੁਰਮੁਖ ਸਿੰਘ। ਵਾਹਿਗੁਰੂ ਨੇ ਉਹਨੂੰ ਇੱਜਤ, ਧਨ ਤੇ ਦੁੱਧ ਤਾਂ ਦਿੱਤਾ ਪਰ ਪੁੱਤ ਨਾ ਦਿੱਤਾ। ਉਹਦੀ ਬੱਸ ਇਕੋ ਈ ਧੀ ਸੀ ਜਿਹਨੂੰ ਉਸ ਪੁੱਤਰਾਂ ਤੋਂ ਵਧ ਕੇ ਪਾਲਿਆ ਸੀ। ਚਿੱਟੇ ਰੰਗ ਦੀ ਉਹ ਬਲੋਚੀ ਘੋੜੀ ਮਹਾਰਾਜਾ ਕਪੂਰਥਲਾ ਦੀ ਘੋੜੀ ਦੀ ਵਛੇਰੀ ਸੀ। ਗੁਰਮੁਖ ਸਿੰਘ ਨੇ ਬੜੀਆਂ ਸਿਫਾਰਸ਼ਾਂ ਤੇ ਮਿੰਨਤਾਂ ਤਰਲਿਆਂ ਨਾਲ ਉਦੋਂ ਅੱਠ ਹਜ਼ਾਰ ਦੀ ਲਿਆਂਦੀ ਸੀ ਜਦੋਂ ਉਹ ਪੰਜਾਂ ਮਹੀਨਿਆਂ ਦੀ ਦੁੱਧ ਪੀਂਦੀ ਵਛੇਰੀ ਸੀ। ਗੁਰਮੁਖ ਸਿੰਘ ਨੇ ਉਸ ਨੂੰ ਮੱਖਣ ਦੁੱਧ ਤੇ ਘਿਉ ਦੀਆਂ ਚੂਰੀਆਂ ਨਾਲ ਪਾਲਿਆ ਸੀ। ਉਸ ਘੋੜੀ ਲਈ ਵੱਡੇ ਵੱਡੇ ਅਫਸਰ ਤੇ ਕਈ ਰਾਜੇ ਗੁਰਮੁਖ ਸਿੰਘ ਨੂੰ ਮੂੰਹ ਮੰਗਿਆ ਮੁੱਲ ਦੇ ਦੇ ਥੱਕ ਗਏ ਪਰ ਉਸ ਉਹ ਘੋੜੀ ਨਾ ਵੇਚੀ। ਵੇਚਣ ਕੀ, ਉਹ ਤੇ ਕਿਸੇ ਨੂੰ ਉਹਦੀ ਗੱਲ ਵੀ ਨਹੀਂ ਸੀ ਕਰਨ ਦਿੰਦਾ। ਦੂਰ ਦਰਾਜ ਦਿਆਂ ਚੋਰਾਂ ਯਾਰਾਂ ਵੀ ਉਹ ਘੋੜੀ ਚੁਰਾਉਣ ਦੇ ਬਥੇਰੇ ਚਾਰੇ ਮਾਰੇ ਪਰ ਉਹ ਘੋੜੀ ਤਾਂ ਕਿਸੇ ਬੰਦੇ ਨੂੰ ਨੇੜੇ ਈ ਨਹੀਂ ਸੀ ਲੱਗਣ ਦਿੰਦੀ। ਤੇ ਸਰਦਾਰ ਗੁਰਮੁਖ ਸਿੰਘ ਕਦੀ ਕਦੀ ਬੜਾ ਆਕੜ ਕੇ ਆਖਦਾ ਹੁੰਦਾ ਸੀ, “ਉਤੇ ਚੜ੍ਹਨਾ ਤਾਂ ਦੂਰ, ਗੈਰ ਬੰਦਾ ਤਾਂ ਉਸ ਘੋੜੀ ਨੂੰ ਲਗਾਮ ਈ ਨ੍ਹੀਂ ਦੇ ਸਕਦਾ।”
ਤੇ ਉਸ ਘੋੜੀ ਪਿਛੇ ਲੱਗਿਆਂ ਬਹਾਦਰ ਸਿੰਘ ਨੂੰ ਵੀ ਵਰ੍ਹਾ ਕੁ ਹੋ ਗਿਆ ਸੀ। ਉਹ ਕਈ ਵਾਰੀ ‘ਕੱਲਾ ਤੇ ਕਈ ਵਾਰੀ ਬੰਤਾ ਸਿੰਘ ਦੇ ਨਾਲ ਉਸ ਘੋੜੀ ਦੀ ਮਾਰ ‘ਤੇ ਆਇਆ ਸੀ ਪਰ ਸੂਤਰ ਨਾ ਬਣਿਆ। ਇਕ ਵਾਰੀ ਤਾਂ ਉਸ ਘੋੜੀ ਨੂੰ ਖੋਲ੍ਹ ਵੀ ਲਿਆ ਸੀ ਪਰ ਹਵੇਲੀ ਵਿਚ ਸੁੱਤੇ ਹੋਏ ਕਾਮੇ ਜਾਗ ਪਏ ਤੇ ਉਹਨੂੰ ਕੰਧ ਟੱਪ ਕੇ ਦੌੜਨਾ ਪਿਆ। ਫਿਰ ਉਸ ਸਹੁੰ ਖਾ ਲਈ, ਪਈ ਹੋਰ ਕੋਈ ਚੋਰੀ ਉਦੋਂ ਈ ਕਰਨੀ ਐ, ਜਦੋਂ ਇਹ ਘੋੜੀ ਥੱਲੇ ਹੋਈ। ਸਾਰੇ ਰਾਹ ਉਹ ਬੰਤਾ ਸਿੰਘ ਨੂੰ ਆਖਦਾ ਆਇਆ ਸੀ, “ਬੰਤਾ ਸਿੰਘ ਅੱਜ ਤੇ ਉਹ ਘੋੜੀ ਲੈ ਕੇ ਈ ਆਵਣਾ ਐ, ਨਹੀਂ ਤੇ ਪਿੰਡ ਨ੍ਹੀਂ ਵੜਨਾ।”
ਤਾਰਿਆਂ ਦੀ ਨਿੰਮੀ ਨਿੰਮੀ ਲੋਅ ਵਿਚ ਹੌਲੀ ਹੌਲੀ ਪੈਰ ਧਰਦੇ ਉਹ ਦੋਵੇਂ ਜਣੇ ਨੰਗਲ ਦੀ ਪਹਿਲੀ ਗਲੀ ਵਿਚ ਜਾ ਵੜੇ, ਜਿਹਦੇ ਆਖਰ ‘ਤੇ ਇਕ ਬੰਨੇ ਸਰਦਾਰ ਗੁਰਮੁਖ ਸਿੰਘ ਸਫੈਦਪੋਸ਼ ਦੀ ਹਵੇਲੀ ਦਾ ਬੂਹਾ ਸੀ, ਤੇ ਦੂਜੇ ਬੰਨੇ ਸਾਹਮਣੇ ਹੀ ਉਹਦੇ ਘਰ ਦਾ ਬੂਹਾ ਸੀ।
“ਲਗਾਮ ਲਿਆਂਦੀ ਐ?” ਬਹਾਦਰ ਸਿੰਘ ਨੇ ਨਿਮ ਕੇ ਬੰਤਾ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਹੌਲੀ ਜਿਹੀ ਆਖਿਆ। ਉਦੋਂ ਉਹ ਗੁਰਮੁਖ ਸਿੰਘ ਸਫੈਦਪੋਸ਼ ਦੀ ਹਵੇਲੀ ਦੇ ਲਹਿੰਦੇ ਪਾਸੇ ਵੱਲ ਦੀ ਕੰਧ ਕੋਲ ਖਲੋਤੇ ਸਨ।
“ਆਹੋ ਲਿਆਂਦੀ ਐ।” ਬੰਤਾ ਸਿੰਘ ਨੇ ਵੀ ਹੌਲੀ ਜਿਹੀ ਜੁਆਬ ਦਿੱਤਾ।
ਉਨ੍ਹਾਂ ਚਾਰ ਚੁਫੇਰੇ ਵੇਖਿਆ। ਫੇਰ ਬੜੀ ਫੁਰਤੀ ਨਾਲ ਹਵੇਲੀ ਦੀ ਕੰਧ ਟੱਪੀ। ਦੋ ਬੰਦੇ ਢਾਰੇ ਵਿਚ ਸੁੱਤੇ ਪਏ ਸਨ, ਖਬਰੇ ਮੱਘਰ ਦੇ ਪਾਲੇ ਕੋਲੋਂ ਬਚਣ ਲਈ। ਬੰਤਾ ਸਿੰਘ ਕਿਰਪਾਨ ਕੱਢ ਕੇ ਉਨ੍ਹਾਂ ਦੇ ਸਿਰ ‘ਤੇ ਖਲੋ ਗਿਆ ਤੇ ਬਹਾਦਰ ਸਿੰਘ ਢਾਰੇ ਦੇ ਅਖੀਰ ‘ਤੇ ਬੱਧੀਆਂ ਘੋੜੀਆਂ ਵੱਲ ਟੁਰ ਪਿਆ। ਕੰਧ ਨਾਲ ਉਸ ਆਪਣੀ ਬਲਮ ਖੜ੍ਹੀ ਕਰ ਦਿੱਤੀ। ਫੇਰ ਹਨੇਰੇ ਵਿਚ ਅੱਖਾਂ ਪਾੜ ਕੇ ਉਸ ਨੇ ਸਾਹਮਣੇ ਖੜ੍ਹੀਆਂ ਘੋੜੀਆਂ ਵੱਲ ਵੇਖਿਆ, ਤੇ ਉਹਨੇ ਦੋਨਾਂ ਤੋਂ ਪਿਛਾਂਹ ਬੱਧੀ ਚਿੱਟੀ ਬਲੋਚੀ ਘੋੜੀ ਸਿਆਣ ਲਈ। ਉਹ ਨੀਵਾਂ ਹੋ ਕੇ ਹੌਲੀ ਹੌਲੀ ਖਿਸਕਦਾ ਘੋੜੀਆਂ ਦੇ ਪਿਛਾਂਹ ਦੀ ਲੰਘ ਕੇ ਚਿੱਟੀ ਬਲੋਚੀ ਘੋੜੀ ਦੇ ਮੂੰਹ ਕੋਲ ਅੱਪੜ ਗਿਆ। ਘੋੜੀਆਂ ਖੌਰੇ ਗੈਰ ਆਦਮੀ ਦੀ ਵਾਸ਼ਨਾ ਸੁੰਘ ਲਈ ਸੀ। ਪਰ ਬਹਾਦਰ ਸਿੰਘ ਬਿਜਲੀ ਦੀ ਫੁਰਤੀ ਨਾਲ ਉਠਿਆ ਤੇ ਐਸ ਤੋਂ ਪਹਿਲਾਂ ਕਿ ਘੋੜੀਆਂ ਨੂੰ ਗੱਲ ਦੀ ਸਮਝ ਆਉਂਦੀ, ਉਹਨੇ ਬਲੋਚੀ ਘੋੜੀ ਦੀਆਂ ਨਾਸਾਂ ਘੁੱਟ ਕੇ ਫੜੀਆਂ ਤੇ ਦੂਜੇ ਹੱਥ ਨਾਲ ਉਸ ਨੂੰ ਲਗਾਮ ਦੇ ਦਿੱਤੀ। ਇਹ ਸਭ ਕੁਝ ਅੱਖ ਝਮਕਣ ਜਿੰਨੇ ਚਿਰ ਵਿਚ ਹੋ ਗਿਆ। ਬਲੋਚੀ ਘੋੜੀ ਨੂੰ ਗੱਲ ਦੀ ਸਮਝ ਤੇ ਆ ਗਈ ਹੋਵੇਗੀ ਪਰ ਉਦੋਂ ਫਾਇਦਾ ਕੀ? ਉਹਦੇ ਮੂੰਹ ਵਿਚ ਤੇ ਕੰਡਿਆਂ ਵਾਲਾ ਕੜਿਆਲ ਉਹਦੀ ਸੁਰਤ ਮਾਰ ਚੁੱਕਿਆ ਸੀ।
ਬਹਾਦਰ ਸਿੰਘ ਨੇ ਫੇਰ ਆਪਣੀ ਡੱਬ ਵਿਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਘੋੜੀ ਦੇ ਸੰਗਲ ਨੂੰ ਖੋਲ੍ਹਣ ਲੱਗ ਪਿਆ। ਆਖਰ ਇਕ ਚਾਬੀ ਲੱਗ ਗਈ ਤੇ ਉਸ ਅਡੋਲ ਈ ਸੰਗਲ ਲਾਹ ਕੇ ਪਰ੍ਹਾਂ ਰੱਖ ਦਿੱਤਾ। ਫੇਰ ਉਸ ਘੋੜੀ ਦੇ ਪਿੰਡੇ ‘ਤੇ ਪਿਆਰ ਨਾਲ ਹੱਥ ਫੇਰਿਆ। ਬਿਗਾਨਾ ਹੱਥ ਸਿਆਣ ਕੇ ਘੋੜੀ ਦਾ ਸਾਰਾ ਸਰੀਰ ਕੰਬ ਗਿਆ। ਬੰਤਾ ਸਿੰਘ ਨੇ ਭੱਜ ਕੇ ਬੂਹਾ ਖੋਲ੍ਹ ਲਿਆ। ਉਨ੍ਹਾਂ ਘੋੜੀ ਬਾਹਰ ਕੱਢੀ ਤੇ ਥੇਹ ਵੱਲ ਟੁਰ ਪਏ।
“ਵਧਾਈਆਂ ਬਈ ਬਹਾਦਰ ਸਿੰਘ।” ਥੇਹ ਵਾਲੇ ਬੋਹੜ ਕੋਲ ਪਹੁੰਚ ਕੇ ਬੰਤਾ ਸਿੰਘ ਨੇ ਹੌਲੀ ਜਿਹੀ ਹੱਸ ਕੇ ਆਖਿਆ।
“ਤੂੰ ਵੀ ਵਧ, ਪਰ ਛੇਤੀ ਨਾਲ ਮੇਰੇ ਵਾਲੀ ਘੋੜੀ ‘ਤੇ ਤੂੰ ਚੜ੍ਹ ਬਹਿ। ਮੈਂ ਇਸ ਚਿੱਟੀ ‘ਤੇ ਚੱਲਾਂਗਾ।” ਬਹਾਦਰ ਸਿੰਘ ਨੇ ਆਖਿਆ। ਬੰਤਾ ਸਿੰਘ ਨੇ ਛੇਤੀ ਨਾਲ ਘੋੜੀ ਖੋਲ੍ਹੀ ਤੇ ਛਾਲ ਮਾਰ ਕੇ ਚੜ੍ਹ ਗਿਆ, ਤੇ ਉਨ੍ਹਾਂ ਘੋੜੀਆਂ ਸੜਕੇ ਪਾ ਕੇ ਭਜਾ ਦਿੱਤੀਆਂ। ਅਜੇ ਉਹ ਕੋਹ ਭਰ ਪੈਂਡਾ ਈ ਗਏ ਹੋਣਗੇ ਕਿ ਉਨ੍ਹਾਂ ਨੂੰ ਪਿਛੋਂ ਕਿਸੇ ਘੋੜੀ ਦੇ ਭੱਜੇ ਆਉਣ ਦਾ ਸ਼ੱਕ ਪਿਆ। ਉਨ੍ਹਾਂ ਜ਼ਰਾ ਘੋੜੀਆਂ ਡੱਕ ਲਈਆਂ ਤੇ ਖੜਾਕ ਸੁਣਿਆ। ਸੱਚੀ ਮੁੱਚੀਂ ਕੋਈ ਘੋੜੀ ਸਰਪੱਟ ਭਜਾਈ ਆਉਂਦਾ ਸੀ, ਤੇ ‘ਵਾਜ ਤੋਂ ਲੱਗਦਾ ਸੀ ਜਿਵੇਂ ਘੋੜੀ ਉਕਾ ਈ ਨੇੜੇ ਐ। ਉਨ੍ਹਾਂ ਅੱਖੀਆਂ ਖੋਲ੍ਹ ਖੋਲ੍ਹ ਕੇ ਨੰਗਲ ਵੱਲੋਂ ਆਉਣ ਵਾਲੀ ਸੜਕ ‘ਤੇ ਵੇਖਿਆ ਪਰ ਲੱਭਾ ਕੁਝ ਨਾ। ਫੇਰ ਉਨ੍ਹਾਂ ਇਕ ਦੂਜੇ ਵੱਲ ਵੇਖਿਆ। ਬਹਾਦਰ ਸਿੰਘ ਆਖਣ ਲੱਗਾ, “ਘੋੜੀ ਤਾਂ ਇਕ ਈ ਆਉਂਦੀ ਪਈ ਐ ਪਰ ਤੂੰ ਭੱਜ ਈ ਚੱਲ। ਜ਼ਰਾ ਅਗਾਂਹ ਚੱਲ ਕੇ ਵੇਖਾਂਗੇ।”
ਉਨ੍ਹਾਂ ਫੇਰ ਘੋੜੀਆਂ ਨੂੰ ਅੱਡੀਆਂ ਲਾ ਦਿੱਤੀਆਂ। ਦੋਵੇਂ ਘੋੜੀਆਂ ਇਕ ਦੂਜੇ ਦੀ ਖਾਰ ਨਾਲ ਹਵਾ ਨਾਲੋਂ ਵੀ ਤੇਜ਼ ਭੱਜੀਆਂ ਜਾਂਦੀਆਂ ਸਨ। ਪਰ ਪਿਛੋਂ ਆਉਣ ਵਾਲੀ ਘੋੜੀ ਦੋਹਾਂ ਤੋਂ ਤੇਜ਼ ਸੀ। ਪੈਂਡਾ ਅਜੇ ਤਿੰਨ ਕੋਹ ਵੀ ਨਹੀਂ ਸੀ ਮਾਰਿਆ ਕਿ ਪਿਛਲੀ ਘੋੜੀ ਬਹਾਦਰ ਸਿੰਘ ਹੋਰਾਂ ਦੇ ਨੇੜੇ ਪਹੁੰਚ ਗਈ। ਉਹਦੇ ‘ਤੇ ਇਕ ਈ ਬੰਦਾ ਸੀ। ਇਕ ਰੱਕੜ ਜਿਹੇ ਵਿਚ ਅੱਪੜ ਕੇ ਉਨ੍ਹਾਂ ਘੋੜੀਆਂ ਡੱਕ ਲਈਆਂ। ਉਹ ਘੋੜੀਆਂ ਦੇ ਮੂੰਹ ਪਿਛਾਂਹ ਨੂੰ ਫੇਰ ਕੇ ਖਲੋ ਗਏ। ਆਉਣ ਵਾਲਾ, ਜਿਹਦਾ ਮੂੰਹ ਠਾਠੇ ਵਿਚ ਲੁਕਿਆ ਹੋਇਆ ਸੀ ਤੇ ਪਿੰਡਾ ਵੱਡੇ ਕੱਪੜੇ ਦੀ ਬੁੱਕਲ ਵਿਚ, ਉਨ੍ਹਾਂ ਦੇ ਕੋਲ ਆ ਕੇ ਖਲੋ ਗਿਆ। ਉਹਦੀ ਬਰਛੀ ਦਾ ਲੰਮਾ ਚੌੜਾ ਫਾਲ ਤਾਰਿਆਂ ਦੀ ਲੋਅ ਵਿਚ ਟਿਮਕਣ ਡਿਹਾ ਸੀ। ਬਹਾਦਰ ਸਿੰਘ ਨੇ ਪੁੱਛਣ ਵਿਚ ਪਹਿਲ ਕੀਤੀ, “ਕਿਹੜਾ ਐਂ ਬਈ?”
“ਤੂੰ ਦੱਸ ਤੂੰ ਕੌਣ ਐਂ?” ਆਉਣ ਵਾਲੇ ਗੱਭਰੂ ਨੇ ਬੜੀ ਤਸੱਲੀ ਨਾਲ ਉਸੇ ਨੂੰ ਪੁੱਛਿਆ।
“ਮੈਂ ਤੇ ਕਾਲਾ ਚੋਰ ਆਂ।” ਬਹਾਦਰ ਸਿੰਘ ਸੜ ਬਲ ਕੇ ਆਖਿਆ।
“ਮੈਂ ਵੀ ਕਾਲਾ ਚੋਰ ਆਂ।” ਗੱਭਰੂ ਹੱਸ ਕੇ ਆਖਣ ਲੱਗਾ।
“ਜਾਹ ਫੇਰ ਆਪਣਾ ਰਾਹ ਫੜ੍ਹ, ਸਾਡਾ ਵਕਤ ਖਰਾਬ ਨਾ ਕਰ।” ਬਹਾਦਰ ਸਿੰਘ ਨੇ ਰੁਖਾਈ ਨਾਲ ਕਿਹਾ।
“ਇਹਦੇ ਨਾਲ ਦੋ ਦੋ ਹੱਥ ਕਰ ਲੈਨੇ ਆਂ, ਬਹਾਦਰ ਸਿੰਘ। ਐਵੇਂ ਪੈਂਡਾ ਖੋਟਾ ਹੋਣ ਡਿਹਾ ਐ।” ਬੰਤਾ ਸਿੰਘ ਨੇ ਆਖਿਆ।
“ਮੈਂ ਵੀ ਤੁਹਾਡੇ ਨਾਲ ਦੋ ਦੋ ਹੱਥ ਈ ਕਰਨ ਆਇਆ ਆਂ।” ਆਉਣ ਵਾਲੇ ਗੱਭਰੂ ਨੇ ਬਰਛੀ ਖੜ੍ਹੀ ਕਰਕੇ ਘੋੜੀ ਪਰਤਾ ਕੇ ਉਨ੍ਹਾਂ ਦੇ ਹੋਰ ਨੇੜੇ ਕਰ ਲਈ ਤੇ ਫੇਰ ਆਖਣ ਲੱਗਾ, “ਭਾਵੇਂ ‘ਕੱਠੇ ਵੇਖ ਲਉ ਤੇ ਭਾਵੇਂ ‘ਕੱਲਾ ‘ਕੱਲਾ।”
“ਤੂੰ ਸਾਨੂੰ ਜਾਣਦਾ ਨ੍ਹੀਂ ਚੋਬਰਾ।” ਬਹਾਦਰ ਸਿੰਘ ਨੇ ਆਪਣੀ ਡਾਂਗ ਉਪਰ ਹੱਥ ਫੇਰਿਆ ਜਿਸ ‘ਤੇ ਉਹਨੂੰ ਬੜਾ ਮਾਣ ਸੀ। ਉਹ ਅਗਾਂਹ ਬੋਲਿਆ, “ਸਾਰੇ ਮਾਝੇ ਵਿਚ ਮੇਰੇ ਸਾਹਮਣੇ ਕੋਈ ਨ੍ਹੀਂ ਖਲੋਂਦਾ। ਮੇਰਾ ਨਾਂ ਬਹਾਦਰ ਸਿੰਘ ਵਿਰਕ ਐ, ਬਹਾਦਰ ਸਿੰਘ ਵਿਰਕ।”
ਪਰ ਇਹ ਨਾਂ ਸੁਣ ਕੇ ਗੱਭਰੂ ‘ਤੇ ਕੋਈ ਅਸਰ ਨਾ ਹੋਇਆ ਤੇ ਉਹ ਹੱਸ ਕੇ ਆਖਣ ਲੱਗਾ, “ਫੇਰ ਕੀ ਹੋਇਆ ਜੇ ਤੂੰ ਬਹਾਦਰ ਸਿੰਘ ਵਿਰਕ ਐਂ ਤੇ...।”
“ਪਰ ਤੂੰ ਆਖਰ ਚਾਹੁਨਾਂ ਕੀ ਏਂ?” ਬੰਤਾ ਸਿੰਘ ਨੇ ਉਹਦੀ ਗੱਲ ਵਿਚਕਾਰੋਂ ਹੀ ਟੋਕ ਕੇ ਪੁੱਛਿਆ।
“ਚਿੱਟੀ ਬਲੋਚੀ ਘੋੜੀ ਜਿਹੜੀ ਤੁਸੀਂ ਚੋਰੀ ਕਰਕੇ ਲਿਆਏ ਹੋ...।” ਉਹ ਬੋਲ ਈ ਰਿਹਾ ਸੀ ਕਿ ਬਹਾਦਰ ਸਿੰਘ ਨੇ ਉਹਦੀ ਗੱਲ ਟੋਕਦਿਆਂ ਤੇ ਤਿੜਦਿਆਂ ਕਿਹਾ, “ਉਏ ਕਿਹੜੀ ਚਿੱਟੀ ਬਲੋਚੀ ਘੋੜੀ ਚੰਨ ਮੱਖਣਾ, ਇਹ ਤੇ ਹੁਣ ਮੈਥੋਂ ਅੰਗਰੇਜ਼ ਵੀ ਨ੍ਹੀਂ ਲੈ ਸਕਦਾ।”
“ਮੈਂ ਤੇ ਫੇਰ ਅੱਜ ਲੈ ਕੇ ਹੀ ਜਾਵਾਂਗਾ।” ਗੱਭਰੂ ਨੇ ਫੇਰ ਹੱਸ ਕੇ ਆਖਿਆ।
“ਘੋੜੀਓਂ ਥੱਲੇ ਉਤਰ ਆ ਤੇ ਆ ਜਾ ਫੇਰ ਤਮਾਸ਼ਾ ਵੇਖ ਲੈ।” ਇੰਨਾ ਕਹਿੰਦਿਆਂ ਬਹਾਦਰ ਸਿੰਘ ਆਪ ਵੀ ਘੋੜੀਓਂ ਛਾਲ ਮਾਰ ਕੇ ਹੇਠਾਂ ਉਤਰ ਪਿਆ। ਉਹਨੇ ਬੰਤਾ ਸਿੰਘ ਨੂੰ ਕਿਹਾ, “ਤੂੰ ਵਿਚ ਨਾ ਆਵੀਂ, ਏਹ ਗੱਭਰੂ ਨੂੰ ਮੈਂ ‘ਕੱਲਾ ਵੀ ਵਾਧੂ ਆਂ।”
ਗੱਭਰੂ ਵੀ ਛਾਲ ਮਾਰ ਕੇ ਘੋੜੀ ਤੋਂ ਉਤਰ ਗਿਆ ਤੇ ਉਸ ਆਪਣੀ ਬਰਛੀ ਦੇ ਫਾਲ ਦੇ ਪੇਚ ਖੋਲ੍ਹ ਕੇ ਫਾਲ ਸੁੱਟ ਦਿੱਤਾ ਤੇ ਕਹਿਣ ਲੱਗਾ, “ਮੈਂ ‘ਕੱਲੀ ਡਾਂਗ ਨਾਲ ਈ ਲੜਨਾ ਹੁੰਨਾ ਆਂ। ਸੁਣਿਐਂ ਡਾਂਗ ਤੇ ਕਦੀ ਕਦੀ ਤੂੰ ਵੀ ਚੰਗੀ ਵਾਹ ਲੈਨਾ ਐਂ, ਬਹਾਦਰ ਸਿੰਘਾ।” ਉਸ ਨੇ ਬਹਾਦਰ ਸਿੰਘ ਨੂੰ ਚਿੜਾ ਕੇ ਕਿਹਾ।
ਬਹਾਦਰ ਸਿੰਘ ਜਿਹੜਾ ਬਲਮ ਦਾ ਫਾਲ ਲਾਹੁਣ ਡਿਹਾ ਸੀ, ਆਖਣ ਲੱਗਾ, “ਜੇ ਜਿੱਤ ਜਾਵੇਂ ਤਾਂ ਇਹ ਘੋੜੀ ਲੈ ਜਾਵੀਂ ਚੰਨ ਮੱਖਣਾ! ਚੰਗਾ ਲੈ ਤਕੜਾ ਹੋ ਲੈ।” ਇੰਨਾ ਕਹਿੰਦਿਆਂ ਉਸ ਡਾਂਗ ਚਲਾਈ। ਉਧਰੋਂ ਗੱਭਰੂ ਨੇ ਵੀ ਡਾਂਗ ਵਾਹੀ ਤਾਂ ਬਹਾਦਰ ਸਿੰਘ ਨੂੰ ਛੇਤੀ ਪਤਾ ਲੱਗ ਗਿਆ ਕਿ ਗੱਭਰੂ ਡਾਂਗ ਬੜੀ ਸੁਥਰੀ ਵਾਹੁੰਦਾ ਐ। ਤੇ ਗੱਭਰੂ ਸੱਚੀ ਮੁੱਚੀਂ ਈਂ ਬਿਜਲੀ ਵਾਂਗੂੰ ਤ੍ਰਿਖਾ ਤੇ ਤੇਜ਼ ਸੀ। ਇੰਜ ਲੱਗਦਾ ਸੀ ਜਿਵੇਂ ਉਹ ਸਾਰੀ ਉਮਰ ਡਾਂਗ ਵਾਹੁਣ ਦੀ ਈ ਜਾਚ ਸਿੱਖਦਾ ਰਿਹਾ ਹੋਵੇ। ਘੜੀ ਭਰ ਵਿਚ ਈ ਉਸ ਬਹਾਦਰ ਸਿੰਘ ਦਾ ਸੱਜਾ ਗੁੱਟ ਵੀ ਤੋੜ ਦਿੱਤਾ ਤੇ ਉਹਦੀ ਡਾਂਗ ਵੀ। ਬਹਾਦਰ ਸਿੰਘ ਨੇ ਦੂਜੀ ਬਾਂਹ ਖੜ੍ਹੀ ਕਰਕੇ ਆਖਿਆ, “ਤੂੰ ਜਿੱਤ ਗਿਆ ਐਂ ਜਵਾਨਾ।” ਤੇ ਉਸ ਗੁੱਟ ਫੜ੍ਹ ਕੇ ਦਰਦ ਨਾਲ ਕਰਾਹੁੰਦਿਆਂ ਬੰਤਾ ਸਿੰਘ ਨੂੰ ਕਿਹਾ, “ਬੰਤਾ ਸਿੰਘ, ਐਸ ਘੋੜੀ ‘ਤੇ ਹੁਣ ਇਹ ਗੱਭਰੂ ਦਾ ਹੱਕ ਐ।”
“ਤੂੰ ਵੀ ਕੋਈ ਹੱਥ ਵੇਖਣਾ ਐਂ, ਭਈ ਬੰਤਾ ਸਿੰਘਾ?” ਗੱਭਰੂ ਨੇ ਘੋੜੀ ‘ਤੇ ਚੜ੍ਹਦਿਆਂ ਪਰਤ ਕੇ ਬੰਤਾ ਸਿੰਘ ਵੱਲ ਵੇਂਹਦਿਆਂ ਕਿਹਾ। ਤੇ ਬੰਤਾ ਸਿੰਘ ਨੇ ਛੇਤੀ ਨਾਲ ਆਖਿਆ, “ਨਹੀਂ, ਨਹੀਂ! ਗੱਭਰੂਆ ਤੂੰ ਘੋੜੀ ਲੈ ਜਾਹ।”
ਗੱਭਰੂ ਨੇ ਹੱਥ ਵਧਾ ਕੇ ਬੰਤਾ ਸਿੰਘ ਕੋਲੋਂ ਚਿੱਟੀ ਬਲੋਚੀ ਘੋੜੀ ਦੀ ਲਗਾਮ ਫੜ੍ਹ ਲਈ, ਤੇ ਘੋੜੀਆਂ ਦੇ ਮੂੰਹ ਨੰਗਲ ਵੱਲ ਨੂੰ ਕਰ ਲਏ।
“ਪਰ ਤੂੰ ਆਪਣਾ ਨਾਂ ਨਹੀਂ ਦੱਸਿਆ ਜਵਾਨਾ?” ਬਹਾਦਰ ਸਿੰਘ ਨੇ ਕੋਲ ਜਾ ਕੇ ਆਪਣਾ ਹੱਥ ਪਿਆਰ ਨਾਲ ਉਹਦੇ ਪੱਟ ‘ਤੇ ਰੱਖ ਕੇ ਪੁੱਛਿਆ। ਗੱਭਰੂ ਨੇ ਛੇਤੀ ਨਾਲ ਨਿਮ ਕੇ ਆਪਣੇ ਪੱਟ ਤੋਂ ਬਹਾਦਰ ਸਿੰਘ ਦਾ ਹੱਥ ਝਟਕ ਦਿੱਤਾ, ਤੇ ਉਦੋਂ ਹੀ ਉਹਨੇ ਆਪਣਾ ਠਾਠਾ ਲਾਹ ਦਿੱਤਾ। ਬਹਾਦਰ ਸਿੰਘ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਗੱਭਰੂ ਉਚੀ ਸਾਰੀ ਹੱਸਿਆ। ਉਦੋਂ ਉਹਦੀ ਆਵਾਜ਼ ਹੋਰ ਤਰ੍ਹਾਂ ਦੀ ਸੀ ਤੇ ਉਸ ਆਖਿਆ, “ਮੈਂ ਗੁਰਮੁਖ ਸਿੰਘ ਸਫੈਦਪੋਸ਼ ਦੀ ਧੀ ਆਂ ਜਵਾਨੋ।” ਇੰਨਾ ਕਹਿੰਦਿਆਂ ਉਸ ਘੋੜੀਆਂ ਨੂੰ ਅੱਡੀ ਲਾ ਦਿੱਤੀ।
(ਲਿਪੀਅੰਤਰ: ਹਰਮਹਿੰਦਰ ਚਹਿਲ)