ਡਾ. ਹਰਚਰਨ ਸਿੰਘ - Dr. Harcharan Singh
ਡਾ. ਹਰਚਰਨ ਸਿੰਘ (੧੯੧੪ - ੨੦੦੬) ਪੰਜਾਬੀ ਨਾਟਕ ਅਤੇ ਪੰਜਾਬੀ ਰੰਗ-ਮੰਚ ਦੇ ਖੇਤਰ ਵਿੱਚ ਇੱਕ ਵਿਲੱਖਣ ਅਤੇ ਵਿਸ਼ੇਸ਼ ਸਥਾਨ ਰੱਖਦੇ ਹਨ, ਜਿਹੜੀ ਪ੍ਰਤਿਭਾ ਸ਼ਾਇਦ ਹੀ ਕਿਸੇ ਹੋਰ ਨਾਟਕਕਾਰ ਦੇ ਹਿੱਸੇ ਆਈ ਹੋਵੇ । ਇਸ ਵਿਲੱਖਣਤਾ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੇ ਪੰਜਾਬੀ ਨਾਟਕ ਦੀ ਪਹਿਲੀ ਪੀੜ੍ਹੀ ਤੋਂ ਲੈ ਕੇ ਚੌਥੀ ਪੀੜ੍ਹੀ ਤੱਕ ਨਾਟਕ ਸਿਰਜੇ ਅਤੇ ਨਿਰੰਤਰ ੬੮ ਸਾਲ ਪੰਜਾਬੀ ਰੰਗ-ਮੰਚ ਦੀ ਸੇਵਾ ਵਿੱਚ ਜੁੱਟੇ ਰਹੇ । ਪੰਜਾਬੀ ਨਾਟਕ ਦੇ ਮੋਢੀ ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਪੰਜਾਬੀ ਰੰਗ-ਮੰਚ ਦਾ ਮੋਢੀ ਮੰਨਿਆ ਜਾਂਦਾ ਹੈ ਅਤੇ ਡਾ. ਹਰਚਰਨ ਸਿੰਘ ਨੂੰ ਇਸ ਖੇਤਰ ਵਿੱਚ ਉਨ੍ਹਾਂ ਦਾ ਸਾਹਿਤਕ ਵਾਰਸ ਮੰਨਿਆ ਜਾਂਦਾ ਹੈ । ਉਨ੍ਹਾਂ ਨੂੰ ਨਾਟਕ ਅਤੇ ਰੰਗ-ਮੰਚ ਦੀਆਂ ਬਰੀਕੀਆਂ ਜਾਣਨ ਵਿੱਚ ਸ੍ਰੀਮਤੀ ਨੋਰ੍ਹਾ ਰਿਚਰਡਜ਼ ਦਾ ਅਹਿਮ ਯੋਗਦਾਨ ਰਿਹਾ ।
ਨਾਟਕ: ‘ਕਮਲਾ ਕੁਮਾਰੀ’ (੧੯੩੭), ‘ਰਾਜਾ ਪੋਰਸ’ (੧੯੩੯), ‘ਖੇਡਣ ਦੇ ਦਿਨ ਚਾਰ’, ‘ਦੂਰ ਦੁਰਾਡੇ ਸ਼ਹਿਰੋਂ’, ‘ਅਣਜੋੜ’, ‘ਪੁੰਨਿਆ ਦਾ ਚੰਨ’, ‘ਰੱਤਾ ਸਾਲੂ’, ‘ਸ਼ੋਭਾ ਸ਼ਕਤੀ’, ‘ਕੰਚਨ ਮਾਟੀ’, ‘ਇਤਿਹਾਸ ਜਵਾਬ ਮੰਗਦਾ ਹੈ’, ‘ਕੱਲ ਅੱਜ ਤੇ ਭਲਕ’ (ਭਾਰਤੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ), ‘ਹਿੰਦ ਦੀ ਚਾਦਰ’, ‘ਮਿੱਟੀ ਧੁੰਦ ਜੱਗ ਚਾਨਣ ਹੋਇਆ’, ‘ਅੰਬਰ ਤਾਰਾ (ਹਕੀਕਤ ਰਾਏ)’, ‘ਮਸੀਹਾ ਸੂਲੀ ਤੇ ਮੁਸਕ੍ਰਾਇਆ’, ‘ਰਾਣੀ ਜਿੰਦਾਂ’, ‘ਕਾਮਾਗਾਟਾ ਮਾਰੂ’, ‘ਅੰਬਰ ਕਾਲਾ’, ‘ਅੱਗ ਬੁਝਾਓ’, ‘ਸ਼ੁਭ ਕਰਮਣ ਤੇ ਕਬਹੂ ਨਾ ਟਰੋਂ’, ਅਤੇ ‘ਮਿੱਟੀ ਪੁੱਛੇ ਘੁਮਿਆਰ ਤੋਂ’ ।
ਇਕਾਂਗੀ: ‘ਜੀਵਨ ਲੀਲ੍ਹਾ’, ‘ਸਪਤ ਰਿਸ਼ੀ’, ‘ਪੰਜ ਗੀਟੜਾ’, ‘ਪੰਚ ਪਰਧਾਨ’, ‘ਮੁੜ੍ਹਕੇ ਦੀ ਖ਼ੁਸ਼ਬੋ’, ‘ਚਮਕੌਰ ਦੀ ਗੜ੍ਹੀ’, ‘ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ (ਭਾਗ ਪਹਿਲਾ ਅਤੇ ਭਾਗ ਦੂਜਾ)’, ਅਤੇ ‘ਜ਼ਫ਼ਰਨਾਮਾ ਅਤੇ ਹੋਰ ਇਕਾਂਗੀ’ ।
ਕਹਾਣੀ-ਸੰਗ੍ਰਹਿ: ‘ਸਿਪੀਆਂ ’ਚੋਂ’ ਅਤੇ ‘ਨਵੀਂ ਸਵੇਰ’ ।