Zafarnama (One-act Play) : Dr. Harcharan Singh

ਜ਼ਫ਼ਰਨਾਮਾ (ਇਕਾਂਗੀ ਨਾਟਕ) : ਡਾ. ਹਰਚਰਨ ਸਿੰਘ

ਪਾਤਰ

ਔਰੰਗਜ਼ੇਬ - ਸ਼ਹਿਨਸ਼ਾਹ
ਜ਼ੀਨਤ-ਉਨ-ਨਿਸ਼ਾ – ਔਰੰਗਜ਼ੇਬ ਦੀ ਪੁੱਤਰੀ
ਬੇਗਮ ਉਦੇਪੁਰੀ - ਔਰੰਗਜ਼ੇਬ ਦੀ ਪਤਨੀ
ਅਸਦ ਖ਼ਾਨ
ਸ਼ਾਹੀ ਹਕੀਮ

ਜ਼ਫ਼ਰਨਾਮਾ (ਇਕਾਂਗੀ ਨਾਟਕ)

ਸਮਾਂ - ਸੰਨ ੧੭੦੬ ਈ:
ਸਥਾਨ - ਅਹਿਮਦ ਨਗਰ (ਦੱਖਣ)
ਵਕਤ - ਸਵੇਰ-ਸਾਰ
ਦ੍ਰਿਸ਼ :
ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦਾ ਵਿਸ਼ਾਲ ਪਰ ਸਾਦਾ ਨਿੱਜੀ ਕਮਰਾ। ਕਮਰੇ ਵਿਚਕਾਰ ਆਲਮਗੀਰ ਦਾ ਬਿਸਤਰਾ, ਆਸ-ਪਾਸ ਕੁਝ ਕਿਤਾਬਾਂ, ਸੋਹਣੀ ਜਿਲਦ ਵਾਲਾ ਕੁਰਾਨ ਸ਼ਰੀਫ਼, ਲਿਖਣ ਦਾ ਸਮਾਨ, ਢਾਲ ਆਦਿ ਚੀਜ਼ਾਂ ਪਈਆਂ ਹਨ।
ਪਰਦਾ ਉੱਠਣ ਸਮੇਂ ਹਨੇਰੀ-ਝੱਖੜ ਦੀ ਸਾਂ-ਸਾਂ ਸੁਣਾਈ ਦੇਂਦੀ ਹੈ। ਹਵਾ ਨਾਲ ਦੋਹਾਂ ਦੀਵਿਆਂ ਦੀਆਂ ਲਾਟਾਂ ਟਿਮਟਿਮਾ ਰਹੀਆਂ ਹਨ।
ਔਰੰਗਜੇਬ-ਮਧਰਾ ਕੱਦ, ਕਮਜ਼ੋਰ, ਲੰਮਾ ਨੱਕ, ਸੁਰਖ਼ ਗੋਰਾ ਰੰਗ, ਗੋਲ ਸਫ਼ੈਦ ਦਾੜ੍ਹੀ, ਕੁਤਰੀਆਂ ਹੋਈਆਂ ਲਬਾਂ, ਤੇਜ਼ ਭਖਦੀਆਂ ਅੱਖਾਂ, ਉਮਰ ਦੇ ਭਾਰ ਨਾਲ ਝੁਕਿਆ ਹੋਇਆ ਲੱਕ, ਗਲ ਸਫ਼ੈਦ ਮਲਮਲ ਦਾ ਮੁਗਲ ਢੰਗ ਦਾ ਚੋਗਾ, ਜਿਸ ਦੀਆਂ ਤਣੀਆਂ ਸੱਜੇ ਮੋਢੇ ਹੇਠ ਬੰਨ੍ਹੀਆਂ ਹੋਈਆਂ, ਸੋਨੇ ਦੀਆਂ ਤਾਰਾਂ ਨਾਲ ਮੜ੍ਹੀ ਹੋਈ ਪਗੜੀ, ਸਿਲਕ ਦੇ ਕਮਰਬੰਦ ਵਿੱਚ ਟੰਗਿਆ ਹੋਇਆ ਖੰਜਰ, ਘਬਰਾਹਟ ਤੇ ਅਕਹਿ ਡਰ ਦੀ ਹਾਲਤ ਵਿੱਚ ਖੜ੍ਹਾ ਹੈ।ਉਸ ਦਾ ਖੱਬਾ ਹੱਥ ਖੰਜਰ ਉੱਤੇ ਹੈ।ਸੱਜਾ ਹੱਥ ਸੋਟੀ ਸਮੇਤ ਕੰਬ ਰਿਹਾ ਹੈ।

ਔਰੰਗਜੇਬ : ਹਰ ਗੱਲ ਮੇਰੀ ਮਰਜੀ ਦੇ ਖ਼ਿਲਾਫ਼ ਹੋ ਰਹੀ ਹੈ। ਕੁਦਰਤ ਵੀ ਕਹਿਰਵਾਨ ਹੋ ਗਈ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਖ਼ੁਦਾ ਨੇ ਮੈਨੂੰ ਭੁਲਾ ਦਿੱਤਾ ਹੈ। (ਇੱਕ-ਦਮ ਸ਼ੋਖ਼ ਸਾਜ਼ਾਂ ਸਮੇਤ ਨੱਚਣ ਦੀ ਅਵਾਜ਼ ਸੁਣਾਈ ਦੇਂਦੀ ਹੈ)

ਔਰੰਗਜ਼ੇਬ : (ਅਤਿ ਹੈਰਾਨੀ ਤੇ ਗੁੱਸੇ ਨਾਲ) ਸ਼ਾਹੀ ਮਹੱਲ ਵਿੱਚ ਨਾਚ ? ਕਿਆ ਇਹਨਾਂ ਨੇ ਮੈਨੂੰ ਮੋਇਆ ਖ਼ਿਆਲ ਕਰ ਲਿਆ ਹੈ ? ਬੰਦ ਕਰੋ, ਇਹ ਨਾਚ ਔਰ ਸਾਜ਼।

ਅਵਾਜ਼ : ਬੁੱਢੇ ਬਿਮਾਰ ਬਾਦਸ਼ਾਹ, ਤੂੰ ਜ਼ਿੰਦਗੀ ਦੀ ਤੋਰ ਨੂੰ ਰੋਕਣ ਦੇ ਕਾਬਲ ਨਹੀਂ। (ਰਾਗ ਦੀਆਂ ਉੱਚੀਆਂ ਧੁਨਾ ਸੁਣਾਈ ਦਿੰਦੀਆਂ ਹਨ।)

ਔਰੰਗਜ਼ੇਬ : (ਤਿਲਮਿਲਾ ਕੇ) ਇਹ ਕਿਆ ਬਦਤਮੀਜ਼ੀ ਹੈ ? ਫ਼ੌਰਨ ਬੰਦ ਕਰੋ ਇਹ ਰੰਗ ਔਰ ਰਾਗ। ਸ਼ਾਹੀ ਮਹੱਲ ਔਰ ਦਰਬਾਰ ਵਿੱਚ ਇਸ ਦੀ ਸਖ਼ਤ ਮਨਾਹੀ ਹੈ।

ਅਵਾਜ਼ : ਔਰੰਗਜ਼ੇਬ ਜ਼ਿੰਦਗੀ ਖ਼ੁਦ ਇੱਕ ਰੰਗ-ਤਮਾਸ਼ਾ ਹੈ, ਜਿਸ ਤੋਂ ਤੂੰ ਮਹਿਰੂਮ ਰਿਹਾ ਹੈਂ। ਇਸੇ ਵਾਸਤੇ ਤੇਰੀ ਜ਼ਿੰਦਗੀ ਰੰਗਹੀਨ ਅਤੇ ਤੂੰ ਸਖ਼ਤ ਮਜਾਜ਼ ਹੈ।

ਔਰੰਗਜ਼ੇਬ : (ਪੋਲੇ ਹੱਥਾਂ ਨਾਲ ਤਾਲੀ ਵਜਾ ਕੇ) ਚੋਬਦਾਰ ! ਹੈਂ, ਕੋਈ ਨਹੀਂ ਸੁਣ ਰਿਹਾ ਹੈ ?
(ਘਟੀਆਪਨ ਦਾ ਅਹਿਸਾਸ ਅਨੁਭਵ ਕਰਦਾ ਹੋਇਆ) ਕਿਆ ਗ਼ਮ 'ਤੇ ਬਿਮਾਰੀ ਨੇ ਮੈਨੂੰ ਇਤਨਾ ਕਮਜ਼ੋਰ ਕਰ ਦਿੱਤਾ ਹੈ ?
(ਸ਼ੇਅਰ ਦੇ ਪੜ੍ਹਨ ਪਿੱਛੋਂ ਦਾਦ ਵਿੱਚ ਬਹੁਤ ਸਾਰੇ ਨਸ਼ਈ ਬੰਦਿਆਂ ਦੇ ਉੱਚੀ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ।)

ਔਰੰਗਜ਼ੇਬ : ਇਤਨਾ ਕੁਫ਼ਰ ? ਕੌਣ ਨੇ ਇਹ ਲੋਕ ਜੋ ਮੌਤ ਤੋਂ ਐਨੇ ਬੇਖ਼ਬਰ ਹਨ?

ਅਵਾਜ਼ : ਅਦਨਾ ਸਾ ਇਨਸਾਨ, ਤੂੰ ਨਹੀਂ ਪਛਾਣਦਾ ਕਿ ਇਹ ਖ਼ੁਸ਼ੀ ਦੇ ਕਹਿਕਹੇ ਕੌਣ ਮਾਰ ਰਹੇ ਹਨ ?

ਔਰੰਗਜ਼ੇਬ : ਨਹੀਂ, ਕੌਣ ਹਨ ਇਹ ਸ਼ਖ਼ਸ ?

ਅਵਾਜ਼ : ਇਹ ਹਨ ਤੇਰੇ ਅਹਿਲਕਾਰ, ਫ਼ੌਜਦਾਰ, ਸੂਬੇਦਾਰ, ਉਮਰਾ ਔਰ ਉਲਿਆ, ਜੋ ਤੇਰੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ।ਉਹ ਸ਼ੇਅਰੋ-ਸ਼ਾਇਰੀ ਨਾਲ ਤੈਨੂੰ ਚਿੜਾ ਰਹੇ ਹਨ ਕਿਉਂਕਿ ਤੂੰ ਸਾਰੀ ਉਮਰ ਇਹਨਾਂ ਨੂੰ ਕੁਫ਼ਰ ਦੇ ਠੇਕੇਦਾਰ ਕਹਿੰਦਾ ਰਿਹਾ ਹੈਂ। ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜੋਰੀ ਦਾ ਮਜ਼ਾਕ ਉਡਾ ਰਹੇ ਹਨ।

ਔਰੰਗਜ਼ੇਬ : ਇਹਨਾਂ ਦੀ ਇਤਨੀ ਜੁਰਅਤ ? ਇਹਨਾਂ ਨੂੰ ਇਲਮ ਨਹੀਂ ਕਿ ਸ਼ਰਾਬਨੋਸ਼ੀ ਦੀ ਕਰੜੀ ਸਜ਼ਾ ਹੈ। ਮੈਂ ਸਭ ਦੀ ਗਰਿਫ਼ਤਾਰੀ ਦਾ ਹੁਕਮ ਦਿੰਦਾ ਹਾਂ ।

ਅਵਾਜ਼ : (ਉੱਚੀ ਹਾਸੇ ਪਿੱਛੋਂ) ਇਹ ਤਾਂ ਅੱਗੇ ਹੀ ਬਾਗ਼ੀ ਤੇ ਆਕੀ ਹਨ, ਤੇਰੇ ਸਖ਼ਤ ਵਰਤਾਉ ਕਾਰਨ।
(ਫ਼ੌਜੀ ਬਿਗ਼ਲ ਅਤੇ ਰੌਲੇ-ਗੌਲੇ ਦੀ ਅਵਾਜ਼ ਸੁਣਾਈ ਦੇਂਦੀ ਹੈ।

ਔਰੰਗਜ਼ੇਬ : (ਡਰ ਨਾਲ ਕੰਬਦਾ ਹੋਇਆ। ਇਹ ਖ਼ਤਰਨਾਕ ਸ਼ੋਰ ਕੈਸਾ ਹੈ ?

ਅਵਾਜ਼ : ਮੁਗ਼ਲ ਤਖ਼ਤੋ-ਤਾਜ ਲਈ ਤੇਰੇ ਬੇਟਿਆਂ ਵਿੱਚ ਖ਼ਾਨਾ-ਜੰਗੀ ਸ਼ੁਰੂ ਹੈ। ਔਰੰਗਜ਼ੇਬ (ਅਤਿ ਦੁੱਖ ਤੇ ਘਬਰਾਹਟ ਨਾਲ) ਯਾ ਖ਼ੁਦਾ ਇਸੇ ਗੱਲ ਤੋਂ ਮੈਂ ਡਰਦਾ ਸਾਂ।ਮੈਂ ਹਰਗਿਜ਼ ਕੁਸ਼ਤੋ-ਖੂਨ ਨਹੀਂ ਹੋਣ ਦਿਆਂਗਾ।

ਅਵਾਜ਼ : ਬੁੱਢੇ ਬਾਦਸ਼ਾਹ! ਭੁੱਲ ਗਿਆ ਹੈਂ ? ਤੂੰ ਵੀ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦੀ ਇੰਤਜ਼ਾਰ ਨਹੀਂ ਸੀ ਕੀਤੀ।

ਔਰੰਗਜ਼ੇਬ : ਮੈਂ ਗ਼ਲਤੀ 'ਤੇ ਸਾਂ। ਹਕੂਮਤ ਦੀ ਹਵਸ ਨੇ ਮੈਨੂੰ ਅੰਨ੍ਹਾ ਕੀਤਾ ਹੋਇਆ ਸੀ।

ਅਵਾਜ਼ : ਤੇਰੇ ਬੇਟੇ ਤੇਰੀ ਗਲਤੀ ਦੁਹਰਾਉਣਗੇ।ਹੁਣ ਤੇਰੀਆਂ ਨਸੀਹਤਾਂ ਨਹੀਂ ਤੇਰੇ ਅਮਲ ਉਹਨਾਂ ਦੇ ਕਦਮਾਂ ਦੀ ਰਹਿਬਰੀ ਕਰਨਗੇ।

ਔਰੰਗਜ਼ੇਬ : ਓ ਗੁਮਰਾਹ ਸ਼ਹਿਜ਼ਾਦਿਓ, ਮੇਰੀ ਗ਼ਲਤੀ ਹਰਗਿਜ਼ ਨਾ ਦੁਹਰਾਇਓ। ਹਮੇਸ਼ਾ ਲਈ ਮੈਂ ਮਨ ਤੇ ਰੂਹ ਦਾ ਚੈਨ ਗਵਾ ਬੈਠਾ ਹਾਂ।

ਅਵਾਜ਼ : ਤੂੰ ਪੰਜਾਹ ਸਾਲ ਪਰਜਾ ਦੇ ਮਨ ਦਾ ਚੈਨ ਖੋਹਿਆ ਹੈ, ਹੁਣ ਤੇਰੇ ਅਮਨ ਦੀ ਕੌਣ ਪਰਵਾਹ ਕਰਦਾ ਹੈ !
(ਦੂਰੋਂ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਸੁਣਾਈ ਦੇਂਦੇ ਹਨ।) ਹੈਂ ! ਇਹ ਕੈਸੇ ਖ਼ੌਫ਼ਨਾਕ ਨਾਹਰੇ ਹਨ !

ਅਵਾਜ਼ : ਔਰੰਗਜ਼ੇਬ, ਇਹ ਜਿੱਤ ਦੇ ਜੈਕਾਰੇ ਹਨ।ਪੰਜਾਬ ਵਿੱਚ ਸਿੰਘ ਸੂਰਮੇ ਫੇਰ ਗੁਰੂ ਦੇ ਝੰਡੇ ਥੱਲੇ ‘ਕੱਠੇ ਹੋ ਗਏ ਹਨ। ਖਿਦਰਾਣੇ ਦੀ ਢਾਬ ਲਾਗੇ ਮੁਗ਼ਲ ਫ਼ੌਜਾਂ ਨੂੰ ਸ਼ਿਕੱਸਤ ਦੇ ਚੁੱਕੇ ਹਨ।
(ਬਜਰੰਗ ਬਲੀ, ਹਰ-ਹਰ ਮਹਾਂਦੇਵ ਦੇ ਨਾਹਰੇ ਸੁਣਾਈ ਦੇਂਦੇ ਹਨ।)

ਔਰੰਗਜ਼ੇਬ : ਓਹ ! ਇਹ ਬੜੇ ਹੀ ਅਜੀਬ ਨਾਹਰੇ ਹਨ ?

ਅਵਾਜ਼ : ਸਤਨਾਮੀ ਸਾਧੂ ਵੀ ਜ਼ੋਰ-ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਹਨ। ਲੋਕਾਂ ਨੂੰ ਜਗਾ ਰਹੇ ਹਨ।

ਔਰੰਗਜ਼ੇਬ : (ਹੋਰ ਡਰ ਕੇ) ਹੈਂ ! ਆਹ ਨਾਹਰੇ ਤਾਂ ਬਿਲਕੁਲ ਨਜ਼ਦੀਕ ਸੁਣਾਈ ਦੇਂਦੇ ਹਨ।

ਅਵਾਜ਼ : ਮਹਾਂਰਾਸ਼ਟਰ ਦਾ ਬੱਚਾ-ਬੱਚਾ ਮੁਗ਼ਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਉੱਠ ਖੜ੍ਹਾ ਹੋਇਆ ਹੈ।

ਔਰੰਗਜ਼ੇਬ : ਦਿੱਲੀ ਤੋਂ ਭਾਰੀ ਫ਼ੌਜ ਮੰਗਵਾ ਕੇ ਇਹਨਾਂ ਦੀ ਬਗਾਵਤ ਨੂੰ ਕੁਚਲ ਦਿਆਂਗਾ।

ਅਵਾਜ਼ : ਸ਼ੁਮਾਲੀ ਹਿੰਦੁਸਤਾਨ ਵਿੱਚ ਤਾਂ ਅੱਗੇ ਹੀ ਕਈ ਸੂਬੇਦਾਰ ਹਕੂਮਤ ਦਾ ਜੂਲਾ ਲਾਹ ਦੇਣ ਦੀਆਂ ਗੋਂਦਾਂ ਗੁੰਦ ਰਹੇ ਨੇ।

ਔਰੰਗਜ਼ੇਬ : ਜਿਊਂਦੇ-ਜੀਅ ਮੈਂ ਮੁਗ਼ਲ ਹਕੂਮਤ ਨੂੰ ਹਰਗਿਜ਼ ਕਮਜ਼ੋਰ ਨਹੀਂ ਹੋਣ ਦਿਆਂਗਾ।

ਅਵਾਜ਼ : ਮੁਗ਼ਲ ਸਲਤਨਤ ਤਾਂ ਅੱਗੇ ਹੀ ਤੇਰੇ ਵਾਂਗ ਬੁੱਢੀ ਤੇ ਜਰਜਰੀ ਹੋ ਚੁੱਕੀ ਹੈ। ਤੂੰ ਹੀ ਉਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਜੁੰਮੇਵਾਰ ਹੈਂ।

ਔਰੰਗਜ਼ੇਬ : ਹਰਗਿਜ਼ ਨਹੀਂ। ਪੂਰੇ ਅਠਤਾਲੀ ਸਾਲ ਮੈਂ ਇਸ ਨੂੰ ਮਜਬੂਤ ਬਣਾਉਣ ਲਈ ਦਿਨ-ਰਾਤ ਇੱਕ ਕੀਤਾ ਹੈ। ਕਦੇ ਫ਼ਰਜ਼ ਤੋਂ ਕੋਤਾਹੀ ਨਹੀਂ ਕੀਤੀ। ਰੱਬ ਉਗਾਹ ਹੈ, ਮੈਂ ਮਿਹਨਤ, ਦਿਆਨਤਦਾਰੀ ਤੇ ਸੱਚਾਈ ਨਾਲ ਆਪਣਾ ਫ਼ਰਜ਼ ਨਿਭਾਇਆ ਹੈ।

ਅਵਾਜ਼ : ਤੂੰ ਖ਼ੁਸ਼ਾਮਦੀ ਲੋਕਾਂ ਤੋਂ 'ਆਲਮਗੀਰ ਜ਼ਿੰਦਾਬਾਦ' ਦੇ ਨਾਹਰੇ ਸੁਣ-ਸੁਣ ਖ਼ੁਸ਼ ਫ਼ਹਿਮੀ ਵਿੱਚ ਰਿਹਾ ਹੈਂ। ਔਰੰਗਜ਼ੇਬ! ਕੀ ਤੂੰ ਜਾਣਦਾ ਹੈਂ, ਹਕੂਮਤ ਦੀਆਂ ਨੀਂਹਾਂ ਕੌਣ ਪੱਕੀਆਂ ਕਰਦਾ ਹੈ ?

ਔਰੰਗਜ਼ੇਬ : ਹੁਕਮਰਾਨ ਦੇ ਮਜ਼ਬੂਤ ਹੱਥ ਔਰ ਪੁਖਤਾ ਇਰਾਦਾ ।

ਅਵਾਜ਼ : ਨਹੀਂ।ਤੂੰ ਭੁਲੇਖੇ ਵਿੱਚ ਰਿਹਾ ਹੈਂ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫ਼ੀ ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ।

ਔਰੰਗਜ਼ੇਬ : ਮੈਂ ਦੀਨ ਈਮਾਨ ਨਾਲ ਅਵਾਮ ਦੀ ਬਿਹਤਰੀ ਲਈ ਹਰ ਮੁਮਕਿਨ ਕੋਸ਼ਸ਼ ਕੀਤੀ ਹੈ।

ਅਵਾਜ਼ : ਸਿਰਫ਼ ਮੁੱਠੀ ਭਰ ਲੋਕਾਂ ਦੀ ਬਿਹਤਰੀ ਨੂੰ ਸਾਹਮਣੇ ਰੱਖਿਆ ਹੈ। (ਅਹੰਗਜੇਬ ਮਾਨਸਿਕ ਧੱਕੇ ਨਾਲ ਡਿਗਣ ਲੱਗਦਾ ਹੈ ਪਰ ਜ਼ੀਨਤ ਉਸ ਨੂੰ ਹੱਥਾਂ 'ਤੇ ਬੋਚਦੀ ਹੈ।)

ਜ਼ੀਨਤ : ਅੱਬਾ ਜਾਨ ! ਅੱਬਾ ਜਾਨ !!

ਔਰੰਗਜ਼ੇਬ : (ਇੱਕ ਦਮ ਆਪਣੇ ਆਪ ਨੂੰ ਛੁਡਾ ਕੇ) ਮੈਨੂੰ ਨਾ ਮਾਰੋ। ਦੁੱਖ ਔਰ ਗ਼ਮ ਨਾਲ ਮੈਂ ਅੱਗੇ ਹੀ ਮਰਿਆ ਹੋਇਆ ਹਾਂ!

ਜ਼ੀਨਤ : (ਝੂਣ ਕੇ ਜਗਾਉਂਦੀ ਹੋਈ) ਅੱਬਾ ਜਾਨ! ਮੈਂ ਹਾਂ ਆਪ ਦੀ ਬੇਟੀ ਜ਼ੀਨਤ ।

ਔਰੰਗਜ਼ੇਬ : ਮੈਨੂੰ ਮਾਰਨ ਦਾ ਤੈਨੂੰ ਕੀ ਫ਼ਾਇਦਾ ਹੋਵੇਗਾ ?

ਜ਼ੀਨਤ : ਅੱਬਾ! ਹੋਸ਼ ਵਿੱਚ ਆਓ। ਆਪ ਦੀ ਪਿਆਰੀ ਬੇਟੀ ਜ਼ੀਨਤ ਤੋਂ ਬਿਨਾਂ, ਹੋਰ ਕੋਈ ਨਹੀਂ ਇੱਥੇ।

ਔਰੰਗਜ਼ੇਬ : (ਅੱਧ-ਹੋਸ਼ੀ ਵਿੱਚ) ਠੀਕ ਹੈ, ਤੂੰ ਕੋਈ ਬੇਟਾ ਹੈਂ ਜੋ ਮੇਰੇ ਖ਼ੂਨ ਦੀ ਪਿਆਸੀ ਹੋਵੇਂਗੀ।

ਜ਼ੀਨਤ : ਅੱਬਾ, ਹਰ ਬੇਟੀ ਬਾਪ ਦਾ ਭਲਾ ਚਾਹੁੰਦੀ ਹੈ।

ਔਰੰਗਜ਼ੇਬ : (ਹੋਸ਼ ਵਿੱਚ ਆ ਕੇ) ਕੌਣ ? ਬੇਟੀ ਜ਼ੀਨਤ? (ਸ਼ੱਕ ਨਾਲ ਆਲੇ-ਦੁਆਲੇ ਦੇਖ ਕੇ) ਤੂੰ ਬਿਨਾਂ ਇਜਾਜ਼ਤ ਅੰਦਰ ਕਿਉਂ ਆਈ ਹੈਂ ?

ਜ਼ੀਨਤ : ਅੱਬਾ ਜਾਨ, ਤੁਹਾਡੀਆਂ ਚੀਖਾ ਸੁਣ ਕੇ ਮੈਂ ਰਹਿ ਨਾ ਸਕੀ।

ਔਰੰਗਜ਼ੇਬ : (ਕੁਝ ਯਾਦ ਕਰਦਾ ਹੋਇਆ) ਮੇਰੀਆਂ ਚੀਖ਼ਾਂ ?

ਜ਼ੀਨਤ : ਅੱਬਾ ਜਾਨ, ਮੈਦਾਨੇ ਜੰਗ ਵਿੱਚ ਵੀ ਤੁਸੀਂ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ।

ਔਰੰਗਜ਼ੇਬ : ਕਿਆ ਫ਼ਜਰ ਦੀ ਨਮਾਜ਼ ਦਾ ਵਕਤ ਹੋ ਚੁੱਕਾ ਹੈ ? (ਯਾਦ ਕਰ ਕੇ ਉਫ਼! ਬੇਟੀ ਜੀਨਤ, ਅੱਜ ਮੈਨੂੰ ਨਹਾਇਤ ਖ਼ੌਫ਼ਨਾਕ ਖ਼ਾਬ ਆਇਆ ਹੈ। ਐਸੀ ਡਰਾਉਣੀ ਰਾਤ ! ਤੋਬਾ-ਤੋਬਾ! ਸਾਰੀ ਰਾਤ ਇੱਕ ਪਲ ਨਹੀਂ ਸੌਂ ਸਕਿਆ। ਯਾ ਮੇਰੇ ਮੌਲਾ, ਰਹਿਮ ਕਰ।

ਜ਼ੀਨਤ : ਅੱਬਾ ਜਾਨ, ਤੁਸੀਂ ਜ਼ਿਆਦਾ ਫ਼ਿਕਰਮੰਦ ਰਹਿੰਦੇ ਹੋ।ਸੁਪਨਾ ਕਿਆ ਸੀ ?

ਔਰੰਗਜ਼ੇਬ : ਬੇਟੀ ਦੱਸਣ ਵਾਲੀ ਗੱਲ ਨਹੀਂ।ਪਹਿਲਾ ਮੈਨੂੰ ਮਸਜਦ ਤੱਕ ਲੈ ਚੱਲ। ਮੈਂ ਅਬਾਦਤ ਕਰ ਆਵਾਂ, ਮਤੇ ਮੇਰੇ ਮਨ ਨੂੰ ਚੈਨ ਆਵੇ।

ਜ਼ੀਨਤ : (ਦਿਲੀ ਹਮਦਰਦੀ ਨਾਲ ਹੱਥ ਫੜ ਕੇ) ਚੱਲੋ, ਅੱਬਾ ਜਾਨ

ਔਰੰਗਜ਼ੇਬ : ਬੇਟੀ, ਹੋਰ ਵੀ ਕਿਸੇ ਨੂੰ ਮੇਰੀ ਹਾਲਤ ਦਾ ਪਤਾ ਲੱਗਾ ਹੈ ?

ਜ਼ੀਨਤ : (ਡਰਦੀ ਹੋਈ) ਅੰਮੀ ਬੇਗਮ ਨੇ ਹੀ ਮੈਨੂੰ ਜਗਾਇਆ ਸੀ।ਉਹਨਾਂ ਨੇ ਤਾਂ ਸ਼ਾਹੀ ਹਕੀਮ ਨੂੰ ਵੀ ਬੁਲਾ ਭੇਜਿਆ ਹੈ, ਸ਼ਾਇਦ……

ਔਰੰਗਜ਼ੇਬ : ਬੇਗਮ ਮੇਰੀ ਆਦਤ ਤੋਂ ਵਾਕਫ਼ ਹੈ, ਉਸ ਨੇ ਕਿਉਂ ਹਕੀਮ ਨੂੰ ਬੁਲਾਇਆ ?

ਜ਼ੀਨਤ : ਅੱਬਾ ਜਾਨ, ਆਪ ਦੀ ਹਾਲਤ ਦੇਖ ਕੇ ਕੰਧਾਂ ਵੀ ਕੰਬ ਰਹੀਆਂ ਸਨ।

ਔਰੰਗਜ਼ੇਬ : ਮੈਂ ਖ਼ੁਦ ਵੀ ਜ਼ਿੰਦਗੀ ਵਿੱਚ ਇਤਨਾ ਕਦੇ ਨਹੀਂ ਡਰਿਆ।ਮੇਰਾ ਸਾਰਾ ਵਜੂਦ ਕੰਬ ਗਿਆ ਹੈ। ਛੇਤੀ ਚੱਲ ।

(ਉਹਨਾਂ ਦੇ ਜਾਣ ਪਿੱਛੋਂ ਬਜ਼ੁਰਗ ਬੇਗਮ ਉਦੈਪੁਰੀ, ਔਰੰਗਜ਼ੇਬ ਦੀ ਇਤਾਲਵੀ ਤੀਜੀ ਬੀਵੀ, ਸ਼ਹਿਜ਼ਾਦਾ ਕਾਮ ਬਖ਼ਸ਼ ਦੀ ਮਾਂ,
ਜਿਸ ਨੂੰ ਔਰੰਗਜ਼ੇਬ ਸਭ ਤੋਂ ਵੱਧ ਚਾਹੁੰਦਾ ਸੀ ਤੇ ਜਿਸ ਨੇ ਪਿਛਲੀ ਉਮਰ ਵਿੱਚ ਉਸ ਦੀ ਬਹੁਤ ਸੇਵਾ ਕੀਤੀ ਸੀ,
ਡਰਦੀ-ਡਰਦੀ ਅੰਦਰ ਦਾਖ਼ਲ ਹੁੰਦੀ ਹੈ।)

ਬੇਗਮ ਉਦੈਪੁਰੀ : ਹਕੀਮ ਸਾਹਿਬ! ਅੰਦਰ ਆ ਜਾਓ।

ਸ਼ਾਹੀ ਹਕੀਮ : (ਝੁਕ ਕੇ ਸਲਾਮ ਕਰਦਾ ਹੋਇਆ) ਆਦਾਬ ਅਰਜ਼ ਬੇਗਮ ਸਾਹਿਬਾ! (ਆਲੇ-ਦੁਆਲੇ ਦੇਖ ਕੇ)
ਜਹਾਨ ਪਨਾਹ ਨਜ਼ਰ ਨਹੀਂ ਆ ਰਹੇ।

ਬੇਗਮ : ਨਮਾਜ਼ ਤੋਂ ਵਾਪਸ ਨਹੀਂ ਆਏ।

ਸ਼ਾਹੀ ਹਕੀਮ : ਬੇਗਮ ਸਾਹਿਬਾ, ਜ਼ਰਾ ਗ਼ੌਰ ਨਾਲ ਦੇਖੋ, ਸਭ ਚੀਜ਼ਾਂ ਖਿੰਡਰੀਆਂ ਹੋਈਆਂ ਹਨ।

ਬੇਗਮ : (ਕੁਝ ਚੁੱਕ ਕੇ) ਆਹ ਤਸਬੀਹ ਵੀ ਡਿਗੀ ਪਈ ਹੈ।

ਸ਼ਾਹੀ ਹਕੀਮ : ਸਾਫ਼ ਜ਼ਾਹਰ ਹੈ, ਹਜ਼ੂਰ ਦੇ ਮਨ ਦੀ ਹਾਲਤ ਗ਼ੈਰ-ਮਾਮੂਲੀ ਤੌਰ 'ਤੇ ਖ਼ਰਾਬ ਹੈ।

ਬੇਗਮ : ਖ਼ਾਨ ਬਹਾਦਰ, ਆਪ ਵੀ ਆ ਗਏ ? ਤਸ਼ਰੀਫ਼ ਲੈ ਆਓ ਅੰਦਰ।

ਅਸਦ ਖ਼ਾਨ : (ਝੁਕ ਕੇ) ਸਲਾਮ, ਬੇਗਮ ਸਾਹਿਬਾ ।

ਸ਼ਾਹੀ ਹਕੀਮ : ਆਦਾਬ ਅਰਜ਼, ਖ਼ਾਨ ਬਹਾਦਰ।

ਅਸਦ ਖ਼ਾਨ : (ਉਸ ਨੂੰ ਸਿਰ ਨਾਲ ਜਵਾਬ ਦੇ ਕੇ)
ਕਿਆ ਹੁਕਮ ਹੈ, ਬੇਗਮ ਸਾਹਿਬਾ ?

ਬੇਗਮ : ਜਹਾਨ ਪਨਾਹ ਅੱਜ ਨਹਾਇਤ ਪਰੇਸ਼ਾਨ ਹੈਂ। ਹਜ਼ੂਰ ਦੀ ਅਵਾਜ਼ ਸੁਣ ਕੇ ਮੈਂ ਬੇਟੀ ਜ਼ੀਨਤ ਨੂੰ ਜਗਾਇਆ। ਪਹਿਲਾਂ ਤਾਂ ਅਸੀਂ ਬਹੁਤ ਡਰੀਆਂ ਅਖ਼ੀਰ ਮੁਸ਼ਕਲ ਨਾਲ ਬੇਟੀ ਨੂੰ ਕਮਰੇ ਅੰਦਰ ਜਾਣ ਲਈ ਮਜਬੂਰ ਕੀਤਾ।

ਅਸਦ ਖ਼ਾਨ : ਬੜੀ ਚਿੰਤਾ ਦੀ ਬਾਤ ਹੈ। ਜਹਾਨ ਪਨਾਹ ਤਾਂ ਨਹਾਇਤ ਪੁਖ਼ਤਾ ਇਰਾਦੇ ਦੇ ਮਾਲਕ ਹਨ। ਖ਼ੁਦਾ-ਪ੍ਰਸਤ ਹੋਣ ਕਰਕੇ ਆਪ ਔਖੇ ਤੋਂ ਔਖੇ ਵਕਤ ਸਾਬਤ-ਕਦਮ ਰਹਿੰਦੇ ਹਨ।

ਸ਼ਾਹੀ ਹਕੀਮ : ਇਹ ਹੀ ਮੈਂ ਸੋਚ ਰਿਹਾ ਹਾਂ ਐਨੇ ਮੁਸਤਕਿਲ-ਮਿਜਾਜ਼ ਕਮ ਇਨਸਾਨ ਹੈਂ। (ਹਕੀਮ ਇੱਕ-ਦਮ ਇਸ਼ਾਰਾ ਕਰਦਾ ਹੈ। ਸਾਰੇ ਸਹਿਮ ਜਾਂਦੇ ਹਨ ਅਤੇ ਅਦਬ ਨਾਲ ਝੁਕਦੇ ਹਨ।)

ਔਰੰਗਜ਼ੇਬ : (ਸ਼ੱਕੀ ਨਜਰ ਨਾਲ ਵੇਖਦਾ ਹੋਇਆ) ਕਿਆ ਸਾਜ਼ਸ਼ ਹੋ ਰਹੀ ਹੈ ?

ਬੇਗਮ : (ਡਰਦੀ ਹੋਈ) ਕੋਈ ਸਾਜ਼ਸ਼ ਨਹੀਂ ਆਕਾ, ਹਜ਼ੂਰ ਦੀ ਸਿਹਤ ਦੇ ਫ਼ਿਕਰ ਵਿੱਚ ਖੜ੍ਹੇ ਹਾਂ।

ਔਰੰਗਜ਼ੇਬ : (ਮੁਸਕਰਾਂਦਾ ਹੋਇਆ) ਤੂੰ ਕਿਤੇ ਕਾਮ ਬਖ਼ਸ਼ ਨੂੰ ਇਤਲਾਹ ਤਾਂ ਨਹੀਂ ਭੇਜ ਦਿੱਤੀ?

ਬੇਗਮ : (ਕੰਨਾਂ ਨੂੰ ਹੱਥ ਲਾ ਕੇ, ਹਜ਼ੂਰ ਦੇ ਹੁਕਮ ਤੋਂ ਬਿਨਾਂ ਮੈਂ ਕਦੇ ਐਸਾ ਕਦਮ ਨਹੀਂ ਪੁੱਟ ਸਕਦੀ।

ਔਰੰਗਜ਼ੇਬ : ਅਸਦ ਖ਼ਾਨ ਨੂੰ ਕਿਸ ਨੇ ਬੇਵਕਤ ਤਕਲੀਫ਼ ਦਿੱਤੀ ਹੈ ?

ਅਸਦ ਖ਼ਾਨ : (ਝੁਕਦਾ ਹੋਇਆ) ਬੇਟੀ ਜ਼ੀਨਤ ਦਾ ਪੈਗ਼ਾਮ ਗਿਆ ਸੀ ਕਿ ਜਹਾਨ ਪਨਾਹ ਦੀ ਤਬੀਅਤ ਸਖ਼ਤ ਨਾਸਾਜ਼ ਹੈ।

ਔਰੰਗਜ਼ੇਬ : (ਜ਼ੀਨਤ ਵੱਲ ਪਿਆਰ ਨਾਲ ਦੇਖਦਾ ਹੋਇਆ) ਮੇਰੀ ਬੇਟੀ ਨੂੰ ਜ਼ਰੂਰਤ ਤੋਂ ਜ਼ਿਆਦਾ ਮੇਰੀ ਫ਼ਿਕਰ ਰਹਿੰਦੀ ਹੈ। ਪਿਛਲੇ ਤੀਹ ਸਾਲਾਂ ਤੋਂ ਇਹ ਮੇਰੀ ਖ਼ਿਦਮਤ ਕਰ ਰਹੀ ਹੈ। ਖ਼ੁਦਾ ਹਰ ਬਸ਼ਰ ਨੂੰ ਐਸੀ ਨੇਕ ਬਖ਼ਤ ਬੇਟੀ ਦੇ ।

ਬੇਗਮ : ਜਹਾਨ ਪਨਾਹ ਦੀ ਖ਼ਿਦਮਤ ਤੋਂ ਬਿਨਾਂ ਮੇਰੀ ਵੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ।

ਔਰੰਗਜ਼ੇਬ : (ਮੁਸਕਰਾਂਦਾ ਹੋਇਆ) ਬੇਗਮ ਉਦੈਪੁਰੀ, ਤੂੰ ਆਪਣੀ ਜਗ੍ਹਾ ਹੈਂ, ਬੇਟੀ ਆਪਣੀ ਜਗ੍ਹਾ ਹੈ।

ਅਸਦ ਖ਼ਾਨ : (ਆਪਣੇ ਆਪ ਨੂੰ ਫ਼ਾਲਤੂ ਸਮਝਦਾ ਹੋਇਆ) ਖ਼ਾਦਮ ਨੂੰ ਕਿਆ ਹੁਕਮ ਹੈ ?

ਔਰੰਗਜ਼ੇਬ : ਬੇਟੀ, ਖ਼ਾਨ ਬਹਾਦਰ ਨੂੰ ਤੂੰ ਬੜੀ ਤਕਲੀਫ਼ ਦਿੱਤੀ ਹੈ। ਜ਼ਰਾ ਠਹਿਰੋ, ਮੈਂ ਕੁਝ ਜ਼ਰੂਰੀ ਬਾਤ ਕਰਨੀ ਹੈ।

ਸ਼ਾਹੀ ਹਕੀਮ : ਜਹਾਨ ਪਨਾਹ, ਹਜ਼ੂਰ ਦੇ ਚਿਹਰੇ ਤੇ ਅੱਖਾਂ ਦੀ ਅਲਾਮਤ ਚਿੰਤਾ ਭਰੀ ਹੈ।ਅਰਾਮ ਦੀ ਸਖ਼ਤ ਜ਼ਰੂਰਤ ਹੈ।

ਔਰੰਗਜ਼ੇਬ : ਤਿੰਨ ਘੰਟਿਆਂ ਤੋਂ ਜ਼ਿਆਦਾ ਮੈਂ ਕਈ ਸਾਲਾਂ ਤੋਂ ਨਹੀਂ ਸੁੱਤਾ ਪਰ ਅੱਜ ਤਾਂ ਨੀਂਦ ਹੀ ਹਰਾਮ ਹੋ ਗਈ ਹੈ।

ਸ਼ਾਹੀ ਹਕੀਮ : ਇਸ ਹਾਲਤ ਵਿੱਚ ਨੀਂਦ ਅਜ਼ਹਦ ਜ਼ਰੂਰੀ ਹੈ ਕਿਉਂਕਿ ਇਸ ਦਾ ਜ਼ਿਹਨ ਨਾਲ ਤਅੱਲੁਕ ਹੈ।

ਔਰੰਗਜ਼ੇਬ : ਨੀਂਦ ਲਿਆਉਣ ਵਾਲੀ ਕੋਈ ਅੱਛੀ ਦਵਾ ਹੈ ਤੇਰੇ ਪਾਸ ?

ਸ਼ਾਹੀ ਹਕੀਮ : ਨਹਾਇਤ ਅੱਛੀ, ਜਹਾਨ ਪਨਾਹ ।

ਔਰੰਗਜ਼ੇਬ : (ਮੁਸਕਰਾਂਦਾ ਹੋਇਆ) ਹਮੇਸ਼ਾਂ ਦੀ ਨੀਂਦ ਸੁਲਾਉਣ ਵਾਲੀ ਤਾਂ ਨਹੀਂ ?

ਸ਼ਾਹੀ ਹਕੀਮ : ਜਹਾਨ ਪਨਾਹ ਦੇ ਇਕਬਾਲ ਨਾਲ ਸਾਰਾ ਹਿੰਦੁਸਤਾਨ ਸੁੱਖ ਦਾ ਸਾਹ ਲੈ ਰਿਹਾ ਹੈ।

ਔਰੰਗਜ਼ੇਬ : ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ। ਦਿਖਾ ਕਿਹੜੀ ਦਵਾ ਹੈ ?

ਸ਼ਾਹੀ ਹਕੀਮ : ਜਹਾਨ ਪਨਾਹ ਦੀ ਜ਼ਿਹਨੀ ਪਰੇਸ਼ਾਨੀ ਲਈ ਬਹੁਤ ਮੁਫ਼ੀਦ ਰਹੇਗੀ।

ਔਰੰਗਜ਼ੇਬ : (ਚੰਗੀ ਤਰ੍ਹਾਂ ਦੇਖ ਕੇ) ਇਸ ਨੂੰ ਪਹਿਲਾਂ ਮੇਰੇ ਸਾਹਮਣੇ ਚੱਖ ਕੇ ਦਿਖਾ।

ਸ਼ਾਹੀ ਹਕੀਮ : ਸੌ ਵਾਰੀ ਜਹਾਨ ਪਨਾਹ, ਇਹ ਤਾਂ ਜ਼ਿਹਨੀ ਕੁੱਵਤ ਲਈ ਅਕਸੀਰ ਹੈ। ਹਜ਼ੂਰ ਦੇ ਦਿਮਾਗ਼ ਨੂੰ ਘੜੀ-ਪਲ ਵਿੱਚ ਅਰਾਮ ਮਹਿਸੂਸ ਹੋਣ ਲੱਗ ਜਾਵੇਗਾ।

ਔਰੰਗਜ਼ੇਬ : ਬੇਟੀ, ਆਹ ਦਵਾ ਰੱਖ ਲੈ।ਮੈਂ ਠਹਿਰ ਕੇ ਖਾਵਾਂਗਾ।ਤਸ਼ਰੀਫ਼ ਲੈ ਜਾ ਸਕਦੇ ਹੋ।

ਸ਼ਾਹੀ ਹਕੀਮ : (ਝੁਕ ਕੇ) ਜੋ ਹੁਕਮ, ਜਹਾਨ ਪਨਾਹ।

ਔਰੰਗਜ਼ੇਬ : (ਬੇਗਮ ਨੂੰ) ਆਪ ਦੀ ਸਿਹਤ ਵੀ ਠੀਕ ਨਹੀਂ, ਜਾਓ ਅਰਾਮ ਕਰੋ। (ਅਪਮਾਨ ਅਨੁਭਵ ਕਰਦੀ ਹੋਈ) ਜੋ ਹੁਕਮ ਜਹਾਨ ਪਨਾਹ।

ਔਰੰਗਜ਼ੇਬ : ਬੇਟੀ ਜੀਨਤ, ਥੋੜ੍ਹਾ, ਜਿਹਾ ਗਰਮ ਪਾਣੀ ਮੰਗਵਾ।

ਜ਼ੀਨਤ : (ਉਸ ਦਾ ਭਾਵ ਸਮਝਦੀ ਹੋਈ) ਅੱਬਾ ਜਾਨ, ਮੈਂ ਆਪ ਲੈ ਕੇ ਆਉਂਦੀ ਹਾਂ।

(ਔਰੰਗਜ਼ੇਬ ਕੁਝ ਚਿਰ ਦਰਵਾਜੇ ਵੱਲ ਦੇਖਦਾ ਰਹਿੰਦਾ ਹੈ।

ਔਰੰਗਜ਼ੇਬ : ਅਸਦ ਖ਼ਾਨ, ਤੂੰ ਮੇਰਾ ਆਹਲਾ ਅਹਿਲਕਾਰ ਹੀ ਨਹੀਂ, ਦਿਲੀ ਦੋਸਤ ਵੀ ਹੈਂ।ਬੇਸ਼ੱਕ ਕਈ ਰਾਜ਼ ਮੈਂ ਤੇਰੇ ਪਾਸੋਂ ਵੀ ਲੁਕਾ ਕੇ ਰੱਖਦਾ ਹਾਂ ਪਰ ਅੱਜ ਆਪਣੇ ਦਿਲ ਦਾ ਭੇਤ ਤੇਰੇ ਸਾਹਮਣੇ ਜ਼ਾਹਰ ਕਰਦਾ ਹਾਂ।

ਅਸਦ ਖ਼ਾਨ : ਹਜੂਰ ਦੀ ਜ਼ੱਰਾ-ਨਿਵਾਜੀ ਹੈ।

ਔਰੰਗਜ਼ੇਬ : ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਨੀ ਚਾਹੁੰਦਾ। ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ। ਤੂੰ ਮੈਨੂੰ ਜ਼ਰੂਰ ਸਹੀ ਮਸ਼ਵਰਾ ਦੇਵੇਂਗਾ।

ਅਸਦ ਖ਼ਾਨ : ਜਹਾਨ ਪਨਾਹ, ਜਲਦੀ ਆਪਣੇ ਦਿਮਾਗ਼ ਦਾ ਭਾਰ ਹੌਲਾ ਕਰੋ।

ਔਰੰਗਜ਼ੇਬ : ਦੋਸਤ, ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇਤਨਾ ਪਰੇਸ਼ਾਨ ਨਹੀਂ ਹੋਇਆ, ਜਿਤਨਾ ਇੱਕ ਰਾਤ ਵਿੱਚ। ਨਾ ਹੀ ਅੱਜ ਤੱਕ ਕਿਸੇ ਨੇ ਮੇਰੀ ਜ਼ਮੀਰ ਨੂੰ ਇਤਨਾ ਝੰਜੋੜਿਆ ਹੈ।

ਅਸਦ ਖ਼ਾਨ : (ਉਤਸੁਕਤਾ ਨਾਲ) ਹਜ਼ੂਰ! ਕੱਲ੍ਹ ਅਜਿਹਾ ਕਿਹੜਾ ਵਾਕਿਆ ਹੋਇਆ ਹੈ ?

ਔਰੰਗਜ਼ੇਬ : ਕੱਲ੍ਹ ਪੰਜਾਬ ਤੋਂ ਦਯਾ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖ਼ਤ ਲੈ ਕੇ ਮਿਲਿਆ ਹੈ।

ਅਸਦ ਖ਼ਾਨ : ਇਹ ਤਾਂ ਮੈਂ ਵੀ ਸੁਣਿਆ ਹੈ।

ਔਰੰਗਜ਼ੇਬ : (ਸ਼ੱਕ ਨਾਲ) ਕਿਆ ਤੂੰ ਉਸ ਖ਼ਤ ਦੇ ਮਜ਼ਮੂਨ ਬਾਰੇ ਵੀ ਕੁਛ ਸੁਣਿਆ ਹੈ ?

ਅਸਦ ਖ਼ਾਨ : (ਡਰ ਕੇ) ਨਹੀਂ ਜਹਾਨ ਪਨਾਹ। ਬੱਸ ਇਹੋ ਸੁਣਿਆ ਸੀ ਕਿ ਉਸ ਸਿੰਘ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਪਈ ਮੁਲਾਕਾਤ ਲਈ।

ਔਰੰਗਜ਼ੇਬ : ਕਿਉਂਕਿ ਉਹ ਆਪਣੇ ਹੱਥਾਂ ਨਾਲ ਖ਼ਤ ਮੈਨੂੰ ਦੇਣਾ ਚਾਹੁੰਦਾ ਸੀ।

ਅਸਦ ਖ਼ਾਨ : ਫੇਰ ਤਾਂ ਹਜ਼ੂਰ ਖ਼ਾਸ ਪੈਗ਼ਾਮ ਹੋਵੇਗਾ।

ਔਰੰਗਜ਼ੇਬ : ਹਾਂ, ਖ਼ਾਸ ਉਲ ਖ਼ਾਸ-ਇੱਕ ਜ਼ਫ਼ਰਨਾਮਾ।

ਅਸਦ ਖ਼ਾਨ : ਜਹਾਨ ਪਨਾਹ, ਉਸ ਖ਼ਤ ਵਿੱਚ ਐਸੀ ਕਿਹੜੀ ਗੱਲ ਹੈ ਜੋ ਹਜ਼ੂਰ ਦੇ ਦਿਮਾਗ਼ ਨੂੰ ਇਤਨਾ ਪਰੇਸ਼ਾਨ ਕਰ ਰਹੀ ਹੈ ?

ਔਰੰਗਜ਼ੇਬ : ਉਸ ਵਿੱਚ ਸਿੱਖਾਂ ਦੇ ਪੀਰ ਨੇ ਐਸੀ ਬੇਬਾਕੀ ਨਾਲ ਮੈਨੂੰ ਲਾਹਨਤਾਂ ਪਾਈਆਂ ਹਨ ਕਿ ਮੇਰੀ ਜ਼ਮੀਰ ਥਰਥਰਾ ਗਈ ਹੈ, ਮੇਰਾ ਵਜੂਦ ਪਿੰਜਿਆ ਗਿਆ ਹੈ।ਪਤਾ ਨਹੀਂ ਉਸ ਦਾ ਜ਼ਿਹਨ ਉੱਤੇ ਕਿਆ ਅਸਰ ਹੋਇਆ, ਸਾਰੀ ਰਾਤ ਇੱਕ ਪਲ ਨੀਂਦ ਨਹੀਂ ਆਈ। ਸਵੇਰ ਸਾਰ ਜ਼ਰਾ ਅੱਖ ਲੱਗੀ ਤਾਂ ਐਸਾ ਖ਼ੌਫ਼ਨਾਕ ਖ਼ਾਬ ਆਇਆ ਜੋ ਬਿਆਨੋਂ ਬਾਹਰ ਹੈ।

ਅਸਦ ਖ਼ਾਨ : ਅੱਲਾਹ ਦੇ ਆਸ਼ਕਾਂ ਨੂੰ ਕਿਸੇ ਦਾ ਡਰ-ਭੈ ਨਹੀਂ ਹੁੰਦਾ।ਖਰੀਆਂ-ਖਰੀਆਂ ਲਿਖ ਦਿੱਤੀਆਂ ਹੋਣਗੀਆਂ, ਜੋ ਹਜ਼ੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ।

ਔਰੰਗਜ਼ੇਬ : ਦੋਸਤ, ਸੱਚ ਜਾਣ, ਅੱਜ ਤੱਕ ਕਿਸੇ ਨੇ ਮੇਰੇ ਅਕੀਦੇ ਔਰ ਅਮਲਾਂ ਦੀ ਐਸੀ ਨਿਖੇਧੀ ਨਹੀਂ ਕੀਤੀ। ਉਸ ਦੇ ਜ਼ਫ਼ਰਨਾਮੇ ਨੇ ਮੇਰੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ।

ਅਸਦ ਖ਼ਾਨ : ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ। ਹਜ਼ੂਰ ਨੂੰ ਯਾਦ ਹੋਵੇਗਾ ਕਿ ਫ਼ੌਜਦਾਰ ਸੈਦ ਖ਼ਾਂ ਤੇ ਰਮਜ਼ਾਨ ਖ਼ਾਂ ਉਸ ਪੀਰ ਨਾਲ ਜਾ ਰਲੇ ਸਨ।ਜਹਾਨ ਪਨਾਹ, ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ 'ਤੇ ਲਾਉਣ ਵਾਲੀ ਕਿਹੜੀ ਗੱਲ ਹੈ?

ਔਰੰਗਜ਼ੇਬ : ਵਜ਼ੀਰ ਖਾਂ ਨੇ ਮੇਰੇ ਨਾਂ 'ਤੇ ਪਹਿਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਫੇਰ ਉਸ ਪੀਰ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ, ਔਰ ਲੜਾਈ ਵਿੱਚ ਉਸ ਦੇ ਬੇਟੇ ਮਾਰੇ ਗਏ।

ਅਸਦ ਖ਼ਾਨ : (ਦਿਲੋਂ ਦੁੱਖ ਮਹਿਸੂਸ ਕਰ ਕੇ) ਬਹੁਤ ਬੁਰੀ ਖ਼ਬਰ ਹੈ। ਫ਼ਕੀਰਾਂ ਦੀ ਬਦ-ਦੁਆ ਤੋਂ ਖ਼ੁਦਾ ਬਚਾਏ।

ਔਰੰਗਜ਼ੇਬ : (ਅੰਤਰੀਵ ਡਰ ਅਧੀਨ) ਬੇਸ਼ੱਕ ਮੈਂ ਉਸ ਦੇ ਬਾਪ ਤੇਗ਼ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ ਪਰ ਵਜ਼ੀਰ ਖ਼ਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ, ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ ?

ਅਸਦ ਖ਼ਾਨ : ਡੂੰਘੀ ਸੋਚ ਵਾਲੀ ਬਾਤ ਹੈ, ਜਹਾਨ ਪਨਾਹ! ਅੱਗੇ ਗੋਲਕੁੰਡਾ ਤੇ ਬੀਜਾਪੁਰ ਫ਼ਤਿਹ ਕਰਕੇ ਅਸੀਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ਕ ਹੈ। ਆਖ਼ਰ ਪੰਜਾਬ ਵਿੱਚ ਵਜ਼ੀਰ ਖ਼ਾਨ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ।

ਔਰੰਗਜ਼ੇਬ : ਸਭ ਪਹਿਲੂ ਮੈਂ ਅੱਛੀ ਤਰ੍ਹਾਂ ਸੋਚੇ ਹਨ। ਮੈਨੂੰ ਕੋਈ ਠੀਕ ਰਾਹ ਨਜ਼ਰ ਨਹੀਂ ਆਉਂਦਾ।

ਅਸਦ ਖ਼ਾਨ : ਮੇਰਾ ਖ਼ਿਆਲ ਹੈ ਕਿ ਗੁਰੂ ਨੂੰ ਬਾਇੱਜ਼ਤ ਇੱਥੇ ਬੁਲਾਇਆ ਜਾਏ, ਉਹਨਾਂ ਦੀ ਤਸੱਲੀ ਕਰ ਕੇ ਸੁਲਾਹ ਕਰ ਲਈ ਜਾਏ।

ਔਰੰਗਜ਼ੇਬ : ਅੱਗੇ ਦੋ ਦਫ਼ਾ ਮੈਂ ਪੈਗ਼ਾਮ ਭੇਜ ਚੁੱਕਾ ਹਾਂ। ਹੁਣ ਉਹ ਪੀਰ ਕਿਸੇ ਹਾਲਤ ਵਿੱਚ ਸਾਡੀ ਕਿਸੇ ਗੱਲ 'ਤੇ ਯਕੀਨ ਨਹੀਂ ਕਰੇਗਾ।

ਅਸਦ ਖ਼ਾਨ : ਉਸ ਨੇ ਜ਼ਫ਼ਰਨਾਮੇ ਦੇ ਅਖ਼ੀਰ ਤੇ ਕਿਆ ਲਿਖਿਆ ਹੈ ?

ਔਰੰਗਜ਼ੇਬ : ਮੈਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗ਼ਾਮ ਘੱਲਿਆ ਹੈ।

ਅਸਦ ਖ਼ਾਨ : ਇਸ ਵਕਤ ਦੱਖਣ ਵਿੱਚ ਸਾਡੀ ਹਾਲਤ ਇਤਨੀ ਖ਼ਰਾਬ ਹੈ ਕਿ ਹਜ਼ੂਰ ਇੱਕ ਦਿਨ ਲਈ ਵੀ ਐਧਰ-ਓਧਰ ਨਹੀਂ ਜਾ ਸਕਦੇ।

ਔਰੰਗਜ਼ੇਬ : ਤਾਂ ਫਿਰ ਕਿਆ ਢੰਗ ਵਰਤਿਆ ਜਾਵੇ ?

ਅਸਦ ਖ਼ਾਨ : ਹਜ਼ੂਰ, ਆਪਣੇ ਹੱਥੀਂ ਖ਼ਤ ਲਿਖ ਕੇ ਇਤਬਾਰ-ਯੋਗ ਕਾਸਦ ਹੱਥ ਭੇਜੋ।

ਔਰੰਗਜ਼ੇਬ : (ਜਿਵੇਂ ਕੋਈ ਗੱਲ ਜਚ ਗਈ ਹੁੰਦੀ ਹੈ) ਮੇਰਾ ਵੀ ਇਹੋ ਖ਼ਿਆਲ ਹੈ। ਖ਼ਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲਾਹ-ਸਫ਼ਾਈ ਲਈ ਇੱਥੇ ਬੁਲਾਂਦਾ ਹਾਂ।ਉਹਨਾਂ ਦੀ ਹਿਫ਼ਾਜ਼ਤ ਦਾ ਖ਼ਾਤਰ-ਖ਼ਵਾਹ ਇੰਤਜ਼ਾਮ ਕਰਦਾ ਹਾਂ। ਜਾਓ, ਮੀਰ ਮੁਨਸ਼ੀ ਔਰ ਦਯਾ ਸਿੰਘ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਕਰੋ।ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ।

ਅਸਦ ਖ਼ਾਨ : ਜੋ ਹੁਕਮ ਜਹਾਨ ਪਨਾਹ।

ਔਰੰਗਜ਼ੇਬ : ਦੇਖੋ, ਕਿਸੇ ਨਾਲ ਬਾਤ ਨਹੀਂ ਕਰਨੀ।

ਅਸਦ ਖ਼ਾਨ : ਹਰਗਿਜ਼ ਨਹੀਂ, ਜਹਾਨ ਪਨਾਹ ।

(ਸਿਰ ਝੁਕਾ ਕੇ ਜਾਂਦਾ ਹੈ।ਔਰੰਗਜ਼ੇਬ ਬੇਚੈਨ ਕਮਰੇ ਅੰਦਰ ਘੁੰਮਦਾ ਹੈ। ਫੇਰ ਮਾਲਾ ਫੇਰਨ ਲੱਗ ਜਾਂਦਾ ਹੈ। ਜਦੋਂ ਮਨ ਨੂੰ ਫਿਰ ਵੀ ਟਿਕਾਓ ਨਹੀਂ ਮਿਲਦਾ ਤਾਂ ਜ਼ਫ਼ਰਨਾਮਾ ਲੈ ਕੇ ਉੱਚੀ-ਉੱਚੀ ਪੜ੍ਹਦਾ ਹੈ।
ਐ ਖ਼ੁਦਾ ਤੂੰ ਅਲੌਕਿਕ ਤਾਕਤ ਦਾ ਸਿਖ਼ਰ, ਹਮੇਸ਼ਾਂ ਰਹਿਣ ਵਾਲਾ, ਮਿਹਰਬਾਨ ਹੈਂ। ਤੂੰ ਖ਼ੁਸ਼ੀਆਂ ਦੇਣ ਵਾਲਾ, ਰਾਜਕ, ਮੁਕਤੀ-ਦਾਤਾ ਔਰ ਰਹਿਮ ਕਰਨ ਵਾਲਾ ਹੈਂ।ਮੈਂ ਹੁਣ ਤੇਰੀ ਕੁਰਾਨ ਦੀ ਕਸਮ ਦਾ ਕਿਆ ਇਤਬਾਰ ਕਰਾਂ ? ਵਰਨਾ ਤੂੰ ਹੀ ਦੱਸ, ਮੇਰਾ ਲੜਾਈ-ਭਿੜਾਈ ਨਾਲ ਕਿਆ ਵਾਸਤਾ ਹੈ ?
ਮੈਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਤੋੜਨ ਵਾਲਾ ਔਰੰਗਜ਼ੇਬ ਧਨ-ਦੌਲਤ ਦਾ ਮੁਰੀਦ ਹੈ, ਧਰਮ-ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਹੈ,
ਔਰੰਗਜ਼ੇਬ, ਨਾ ਤੂੰ ਦੀਨ-ਈਮਾਨ ਉੱਤੇ ਕਾਇਮ ਹੈਂ, ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈ। ਨਾ ਤੈਨੂੰ ਰੱਬ ਦੀ ਪਛਾਣ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਉੱਤੇ ਯਕੀਨ ਹੈ।
ਕੀ ਹੋਇਆ ਜੇ ਮੇਰੇ ਚਾਰ ਬੇਟੇ ਮਾਰੇ ਗਏ ਹਨ। ਅਜੇ ਤਾਂ ਕੁੰਡਲੀਦਾਰ ਖ਼ਾਲਸਾ ਬਾਕੀ ਹੈ।

(ਜ਼ੀਨਤ ਬੇਟੀ ਨੂੰ ਆਉਂਦੀ ਦੇਖ ਕੇ ਇਕਦਮ ਚੁੱਪ ਹੋ ਜਾਂਦਾ ਹੈ ਅਤੇ ਜ਼ਫ਼ਰਨਾਮਾ ਲੁਕਾ ਲੈਂਦਾ ਹੈ।)

ਜ਼ੀਨਤ : ਅੱਬਾ ਜਾਨ, ਮੈਂ ਕਈ ਸਾਲਾਂ ਤੋਂ ਆਪ ਦੀ ਦਿਲੋਂ ਖ਼ਿਦਮਤ ਕਰ ਰਹੀ ਹਾਂ, ਪਰ ਅਫ਼ਸੋਸ ਮੈਂ ਆਪ ਦਾ ਯਕੀਨ ਹਾਸਲ ਨਹੀਂ ਕਰ ਸਕੀ।

ਔਰੰਗਜ਼ੇਬ : ਬੇਟੀ, ਤੂੰ ਗ਼ਲਤ ਸਮਝ ਰਹੀ ਹੈ। ਮੈਨੂੰ ਆਪਣੇ ਆਪ 'ਤੇ ਵੀ ਯਕੀਨ ਨਹੀਂ ਰਿਹਾ।

ਜ਼ੀਨਤ : ਅੱਬਾ ਜਾਨ, ਆਪ ਮੇਰੇ ਪਾਸੋਂ ਕੋਈ ਭੇਦ ਛੁਪਾ ਰਹੇ ਹੋ, ਜੋ ਆਪ ਦੇ ਮਨ ਨੂੰ ਪਰੇਸ਼ਾਨ ਕਰ ਰਿਹਾ ਹੈ।

ਔਰੰਗਜ਼ੇਬ : ਬੇਟੀ, ਤੂੰ ਇਹਨਾਂ ਬਾਤਾਂ ਵਿੱਚ ਨਾ ਹੀ ਪਵਂੇ ਤਾਂ ਅੱਛਾ ਹੈ।

ਜ਼ੀਨਤ : ਜਹਾਨ ਪਨਾਹ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਫ਼ਰਮਾਓ।

ਔਰੰਗਜ਼ੇਬ : ਬੇਟੀ, ਠਹਿਰ ਤੂੰ ਨਰਾਜ਼ ਹੋ ਗਈ ਹੈ। ਸਾਰੀ ਦੁਨੀਆ ਹੀ ਮੇਰੇ ਕੋਲੋਂ ਤੰਗ ਹੈ।

ਜ਼ੀਨਤ : ਅੱਬਾ ਜਾਨ, ਮੈਨੂੰ ਦੁੱਖ ਹੈ ਕਿ ਤੁਸੀਂ ਮੇਰੇ ਉੱਤੇ ਇਤਬਾਰ ਨਹੀਂ ਕਰ ਰਹੇ।

ਔਰੰਗਜ਼ੇਬ : ਬੇਟੀ, ਸੱਚ ਜਾਣਨਾ ਚਾਹੁੰਦੀ ਹੈਂ ?

ਜ਼ੀਨਤ : ਤੁਹਾਡੀ ਭਲਾਈ ਖ਼ਾਤਰ, ਅੱਬਾ ਜਾਨ।

ਔਰੰਗਜ਼ੇਬ : ਇਹ ਭੇਦ ਦੱਸਦਿਆਂ ਮੈਨੂੰ ਡਰ ਲੱਗ ਰਿਹਾ ਹੈ। ਮੇਰੀ ਬੇਟੀ ਮੈਨੂੰ ਨਹਾਇਤ ਘਟੀਆ ਇਨਸਾਨ ਖ਼ਿਆਲ ਕਰਨ ਲੱਗ ਜਾਏਗੀ। ਅੱਗੇ ਉਹ ਮੇਰੀਆਂ ਬੁਰੀਆਂ ਆਦਤਾਂ ਤੋਂ ਅੱਛੀ ਤਰ੍ਹਾਂ ਵਾਕਫ਼ ਹੈ।

ਜ਼ੀਨਤ : ਅੱਬਾ ਜਾਨ, ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ। ਮੈਂ ਸਮਝਦੀ ਹਾਂ ਆਪ ਵਿੱਚ ਆਹਲਾ ਇਨਸਾਨ ਵਾਲੀਆਂ ਬਹੁਤ ਖ਼ੂਬੀਆਂ ਹਨ। ਕਮੀਆਂ ਕਿਸ ਇਨਸਾਨ ਵਿੱਚ ਨਹੀਂ ਹੁੰਦੀਆਂ। ਮੈਂ ਫ਼ੌਰਨ ਜਾਣਨਾ ਚਾਹੁੰਦੀ ਹਾਂ, ਕਿਹੜਾ ਭੇਤ ਰਾਤ ਦਾ ਤੁਹਾਡੇ ਦਿਮਾਗ਼ ਨੂੰ ਪਰੇਸ਼ਾਨ ਕਰ ਰਿਹਾ ਹੈ।

ਔਰੰਗਜ਼ੇਬ : ਬੇਟੀ, ਗੁਰੂ ਗੋਬਿੰਦ ਸਿੰਘ ਦਾ ਪੰਜਾਬ ਤੋਂ ਆਹ ਦੂਜਾ ਖ਼ਤ ਆਇਆ ਹੈ।

ਜੀਨਤ : ਤੁਸੀਂ ਪਹਿਲਾਂ ਵੀ ਮੇਰੇ ਪਾਸੋਂ ਛੁਪਾਈ ਰੱਖਿਆ ਹੈ।

ਔਰੰਗਜ਼ੇਬ : ਕਿਉਂਕਿ ਤੂੰ ਤੇ ਮੁਅੱਜ਼ਮ ਹਮੇਸ਼ਾਂ ਗੁਰੂ ਦੇ ਹੱਕ ਵਿੱਚ ਬੋਲਦੇ ਰਹੇ ਹੋ, ਸ਼ਾਇਦ ਨੰਦ ਲਾਲ ਗੋਯਾ ਦੇ ਅਸਰ ਕਰ ਕੇ।

ਜ਼ੀਨਤ : ਇਸ ਖ਼ਤ ਵਿੱਚ ਐਸੀ ਕਿਹੜੀ ਬਾਤ ਹੈ ਜੋ ਮੇਰੇ ਅੱਬਾ ਦੀ ਜ਼ਮੀਰ ਨੂੰ ਹਲੂਣ ਗਈ ਹੈ ?

ਔਰੰਗਜ਼ੇਬ : ਉਸ ਪੀਰ ਨਾਲ ਮੇਰੇ ਹੱਥੋਂ ਸਖ਼ਤ ਧੋਖਾ ਹੋਇਆ ਹੈ। ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ ਪਰ ਮੈਂ ਉਸ ਗੁਰੂ ਘਰ ਨਾਲ ਮੱਥਾ ਲਾਇਆ ਹੈ।

ਜ਼ੀਨਤ : ਗੁਰੂ ਤੇਗ਼ ਬਹਾਦਰ ਦੀ ਸ਼ਹੀਦੀ ਵੱਲ ਇਸ਼ਾਰਾ ਕਰ ਰਹੇ ਹੋ ?

ਔਰੰਗਜ਼ੇਬ : ਨਹੀਂ।ਇਸ ਖ਼ਤ ਦਾ ਨਾਂ ਹੈ 'ਜ਼ਫ਼ਰਨਾਮਾ'।ਯਕੀਨਨ ਗੁਰੂ ਦੀ ਫ਼ਤਿਹ ਔਰ ਮੇਰੀ ਸ਼ਿਕਸਤ ਹੋਈ ਹੈ।

ਜ਼ੀਨਤ : (ਕਾਹਲੀ ਪੈ ਕੇ) ਮੈਨੂੰ ਕੁਝ ਸਮਝ ਨਹੀਂ ਆਈ, ਅੱਬਾ ਜਾਨ!

ਔਰੰਗਜ਼ੇਬ : ਵਜ਼ੀਰ ਖ਼ਾਂ ਨੇ ਮੇਰੇ ਨਾਂ 'ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾਇਆ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ।

ਜ਼ੀਨਤ : ਅੱਬਾ ਜਾਨ, ਇਹ ਹੱਥਿਆਰ ਤਾਂ ਤੁਸੀਂ ਰੋਜ਼ ਮਰਾਠਿਆਂ ਦੇ ਖ਼ਿਲਾਫ਼ ਇਸਤੇਮਾਲ ਕਰਦੇ ਹੋ।

ਔਰੰਗਜ਼ੇਬ : ਪਰ ਮੈਂ ਮੁਕੱਦਮ ਕੁਰਾਨ ਦੀ ਕਸਮ ਕਦੇ ਨਹੀਂ ਖਾਧੀ।

ਜ਼ੀਨਤ : ਅੱਬਾ, ਤੁਸੀਂ ਅਸਲ ਗੱਲ ਅਜੇ ਵੀ ਛੁਪਾ ਰਹੇ ਹੋ, ਤੁਹਾਡਾ ਚਿਹਰਾ ਸਾਫ਼ ਦੱਸਦਾ ਹੈ।

ਔਰੰਗਜ਼ੇਬ : ਗੁਰੂ ਦੇ ਵੱਡੇ ਦੋ ਬੇਟੇ ਲੜਦੇ ਹੋਏ ਮਾਰੇ ਗਏ।

ਜ਼ੀਨਤ : ਛੋਟੇ ਤਾਂ ਸਹੀ-ਸਲਾਮਤ ਹਨ ?

ਔਰੰਗਜੇਬ : ਇਹ ਗੱਲ ਮੇਰੇ ਪਾਸੋਂ ਨਾ ਪੁੱਛ।

ਜ਼ੀਨਤ : ਅੱਬਾ ਜਲਦੀ ਮਨ ਦਾ ਭਾਰ ਹੌਲਾ ਕਰੋ।

ਔਰੰਗਜ਼ੇਬ : ਵਜ਼ੀਰ ਖਾਂ ਨੇ ਗੁਰੂ ਦੇ ਦੋਵੇਂ ਛੋਟੇ ਬੇਟੇ ਜੀਊਂਦੇ ਨੀਹਾਂ ਵਿੱਚ ਚਿਣਾ ਕੇ ਮਰਵਾ ਦਿੱਤੇ ਹਨ।

ਜ਼ੀਨਤ : (ਚੀਕ ਮਾਰ ਕੇ ਬੇਹੋਸ਼ੀ ਵਿੱਚ) ਅੱਬਾ! ਇਹ ਤਾਂ ਜ਼ੁਲਮ ਦੀ ਇੰਤਹਾ ਹੈ। ਖ਼ੁਦਾ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ।

ਔਰੰਗਜ਼ੇਬ : ਬੇਟੀ, ਇਸੇ ਵਾਸਤੇ ਮੈਂ ਇਹ ਖ਼ਬਰ ਦੱਸਣ ਤੋਂ ਘਬਰਾਉਂਦਾ ਸਾਂ। ਤੂੰ ਤੇ ਮੁਅੱਜ਼ਮ ਹਮੇਸ਼ਾਂ ਮੈਨੂੰ ਇਸ ਰਾਹ ਤੋਂ ਰੋਕਦੇ ਰਹੇ ਹੋ ਪਰ ਮੈਨੂੰ ਗ਼ਲਤ ਖ਼ਬਰਾਂ ਪੁੱਜਦੀਆਂ ਰਹੀਆਂ।

ਜ਼ੀਨਤ : (ਰੋਂਦੀ ਹੋਈ) ਅੱਬਾ, ਜਦੋਂ ਤੁਹਾਡਾ ਬਾਗ਼ੀ ਬੇਟਾ ਅਕਬਰ ਫ਼ੌਤ ਹੋਇਆ ਸੀ ਤਾਂ ਤੁਸੀਂ ਕਿੰਨਾ ਰੋਏ ਸੀ। ਜਿਸ ਵਕਤ ਤੁਹਾਡੀ ਬਾਗ਼ੀ ਸ਼ਾਇਰ ਬੇਟੀ ਜੇਬ-ਉਨ-ਨਿਸਾ ਚੱਲ ਵਸੀ ਤਾਂ ਤੁਸੀਂ ਜ਼ਾਰੋ-ਜ਼ਾਰ ਰੋਏ ਸੀ ਪਰ ਅੱਜ ਮਸੂਮ ਬੱਚਿਆਂ ਦੀ ਸ਼ਹੀਦੀ 'ਤੇ ਤੁਸੀਂ ਚੁੱਪ ਖੜ੍ਹੇ ਹੋ।

ਔਰੰਗਜ਼ੇਬ : ਬੇਟੀ, ਅੱਜ ਮੇਰੀ ਰੂਹ ਰੋ ਰਹੀ ਹੈ। ਮੇਰਾ ਰੋਮ-ਰੋਮ ਕੰਬ ਰਿਹਾ ਹੈ।ਸਾਰੀ ਰਾਤ ਮੈਂ ਸੂਲੀ 'ਤੇ ਟੰਗਿਆ ਰਿਹਾ ਹਾਂ। ਸੱਤ ਔਰ ਨੌਂ ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦੇਂਦਾ।ਮਗਰ ਮੈਂ ਮਜਬੂਰ ਹਾਂ।

ਜ਼ੀਨਤ : ਤੁਸੀਂ ਵਜ਼ੀਰ ਖ਼ਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਢਾ ਕਰ ਸਕਦੇ ਹੋ।

ਔਰੰਗਜ਼ੇਬ : ਬੇਟੀ, ਬੱਸ ਇਹੋ ਗ਼ਮ ਹੈ ਕਿ ਮੈਂ ਇਸ ਵਕਤ ਉਸ ਨੂੰ ਸਜ਼ਾ ਨਹੀਂ ਦੇ ਸਕਦਾ। ਰੱਬ ਹੀ ਉਸ ਨੂੰ ਸਜ਼ਾ ਦੇਵੇਗਾ।

ਜ਼ੀਨਤ : (ਗ਼ੁੱਸੇ ਦੇ ਪਾਗ਼ਲ-ਪਨ ਵਿੱਚ) ਸਜ਼ਾ ਵੀ ਨਹੀਂ ਦੇ ਸਕਦੇ ? ਫੇਰ ਅੱਬਾ ਤੁਹਾਡੇ ਇਸ਼ਾਰੇ 'ਤੇ ਹੀ ਇਹ ਗੁਨਾਹ ਹੋਇਆ ਹੈ। ਭਰਾਵਾਂ ਨੂੰ ਕਤਲ ਕਰਨ ਨਾਲੋਂ ਵੀ ਕਿੰਨਾ ਭਾਰੀ ਹੈ, ਇਹ ਗੁਨਾਹ। ਅੱਬਾ, ਤੁਹਾਡੀ ਰੂਹ ਨੂੰ ਕਦੀ ਚੈਨ ਨਹੀਂ ਆਏਗਾ।

ਔਰੰਗਜ਼ੇਬ : ਬੇਟੀ, ਮੇਰੀ ਬਾਤ ਤਾਂ ਸੁਣ, ਮੈਂ ਠੀਕ ਹੀ ਭਾਰੀ ਗੁਨਾਹਗਾਰ ਹਾਂ। ਇਹ ਰੂਹਾਨੀ ਗ਼ਮ ਮੈਨੂੰ ਜਲਦੀ ਖ਼ਤਮ ਕਰ ਦੇਵੇਗਾ। ਮੈਂ ਇਸ ਦੀ ਤਲਾਫ਼ੀ ਚਾਹੁੰਦਾ ਹੋਇਆ ਵੀ ਬੇਵੱਸ ਹਾਂ।

ਜ਼ੀਨਤ : ਅੱਬਾ ਤੂੰ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ। ਤੂੰ ਰੱਬ ਤੋਂ ਡਰਦਾ ਜਰੂਰ ਹੈਂ ਮਗਰ ਉਸ ਨੂੰ ਪਿਆਰ ਨਹੀਂ ਕਰਦਾ, ਇਸ ਕਰਕੇ ਉਸ ਦੀ ਖ਼ਲਕ ਨੂੰ ਤੂੰ ਸਾਰੀ ਉਮਰ ਦੁਖੀ ਕੀਤਾ ਹੈ। ਖ਼ੁਦਾ ਰਹਿਮ ਕਰੇ !

ਔਰੰਗਜ਼ੇਬ : ਬੇਟੀ, ਮੈਂ ਸਭ ਕੁਛ ਸਮਝਦਾ ਹਾਂ। ਲੋਕੀਂ ਮੈਨੂੰ ਇਨਸਾਨ ਵੀ ਖ਼ਿਆਲ ਨਹੀਂ ਕਰਨਗੇ।ਮੈਂ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਹਾਂ। ਮੈਂ ਖ਼ਾਲੀ ਹੱਥ ਇਸ ਦੁਨੀਆ ਵਿੱਚ ਆਇਆ ਸਾਂ, ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵਾਂਗਾ। ਬੇਟੀ ਜ਼ੀਨਤ! ਤੂੰ ਮੇਰੀ ਆਖ਼ਰੀ ਉਮਰ ਦਾ ਸਹਾਰਾ ਹੈਂ। ਠਹਿਰ, ਬੁਝ ਰਹੇ ਦੀਵੇ ਨੂੰ ਫੂਕ ਨਾ ਮਾਰ। ਮੇਰੀਆਂ ਯਾਦਾਂ ਕੌੜੀਆਂ ਜ਼ਹਿਰ ਹਨ।ਮੈਂ ਆਪਣੇ ਬੇਟਿਆਂ ਦੇ ਨਾਂ ਵਸੀਅਤ ਲਿਖਣੀ ਚਾਹੁੰਦਾ ਹਾਂ।ਬੇਟੀ ਜ਼ੀਨਤ, ਮੇਰੀ ਮਦਦ ਕਰ।

(ਦੀਵੇ ਟਿਮਟਿਮਾਉਂਦੇ ਹਨ।ਔਰੰਗਜ਼ੇਬ ‘ਜ਼ੀਨਤ ਬੇਟੀ', 'ਜ਼ੀਨਤ ਬੇਟੀ' ਕਹਿੰਦਾ ਹੋਇਆ ਕਮਰੇ ਤੋਂ ਬਾਹਰ ਲੜਖੜਾਉਂਦਾ ਚਲਾ ਜਾਂਦਾ ਹੈ।)

(ਪਰਦਾ)

  • ਮੁੱਖ ਪੰਨਾ : ਡਾ. ਹਰਚਰਨ ਸਿੰਘ, ਪੰਜਾਬੀ ਨਾਟਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ