Harfaan Di Lo (Punjabi Story): Amrit Kaur
ਹਰਫ਼ਾਂ ਦੀ ਲੋਅ (ਕਹਾਣੀ) : ਅੰਮ੍ਰਿਤ ਕੌਰ
"ਓ ਬੱਲੇ! ਬੱਲੇ!! ਵਾਹ ਜੀ ਵਾਹ!!! ਪੜ੍ਹਾਕੂ ਬੱਚੇ। ਮੰਮੀ ਦਾ ਡੰਡਾ ਤਕੜਾ ਐ। ਮੈਨੂੰ ਲੱਗਦਾ ਐ ਪੰਜਾਬ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਆਪਾਂ ਈ ਲੈਣੀਆਂ ਨੇ।" ਆਖਦਿਆਂ ਸੁਖਮੀਤ ਨੇ ਹਥੇਲੀਆਂ ਜੋੜਦਿਆਂ ਉਂਗਲੀਆਂ ਨਾਲ ਪੋਲੀਆਂ ਪੋਲੀਆਂ ਤਾੜੀਆਂ ਵਜਾਈਆਂ।
"ਅੱਜ ਕੱਲ੍ਹ ਦੇ ਸਮੇਂ ਵਿੱਚ ਨਿਆਣੇ ਏਦਾਂ ਕਿਤਾਬਾਂ ਲੈ ਕੇ ਬੈਠੇ ਐ ,ਗੱਲ ਕੁਛ ਹਜ਼ਮ ਨਹੀਂ ਹੋ ਰਹੀ।" ਉਸ ਨੇ ਇਹ ਗੱਲ ਆਪਣੀ ਸਹੇਲੀ ਨਵਰੀਤ ਨੂੰ ਆਖੀ ਸੀ। ਆਲੇ ਦੁਆਲੇ ਨਜ਼ਰ ਘੁਮਾਈ ਨਵਰੀਤ ਉੱਥੇ ਨਹੀਂ ਦਿਸੀ। ਉਸ ਦੇ ਦੋਵੇਂ ਬੱਚੇ ਆਪਣੀ ਆਪਣੀ ਕਿਤਾਬ ਪੜ੍ਹ ਰਹੇ ਸਨ । ਬੱਚਿਆਂ ਨੇ ਖੜ੍ਹੇ ਹੋ ਕੇ ਸੁਖਮੀਤ ਨੂੰ ਹੱਥ ਜੋੜ ਕੇ 'ਸਤਿ ਸ਼੍ਰੀ ਅਕਾਲ' ਆਖਿਆ। ਸੁਖਮੀਤ ਨੇ ਦੋਵਾਂ ਬੱਚਿਆਂ ਨੂੰ ਦੋਵੇਂ ਪਾਸੇ ਲਾ ਕੇ ਅੱਧੀ ਅੱਧੀ ਜੱਫੀ ਪਾਈ ਅਤੇ ਦੋਵਾਂ ਦੇ ਕੰਨਾਂ ਕੋਲ ਵਾਰੀ ਵਾਰੀ ਪੁੱਚ ਪੁੱਚ ਕੀਤਾ। ਕਿਤਾਬਾਂ ਬੱਚਿਆਂ ਦੇ ਹੱਥ ਵਿੱਚ ਹੀ ਸਨ। ਉਸ ਨੇ ਦੋਵਾਂ ਬੱਚਿਆਂ ਨਾਲ ਇੱਕ ਸੈਲਫ਼ੀ ਲਈ ਤੇ ਬੱਚਿਆਂ ਕੋਲ ਕੁਰਸੀ ਤੇ ਮੂਧੀ ਰੱਖੀ ਖੁੱਲ੍ਹੀ ਕਿਤਾਬ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿੱਤਾ ਤੇ ਬੈਠ ਗਈ। ਸ਼ਾਇਦ ਉਹ ਕਿਤਾਬ ਵੀ ਕੋਈ ਪੜ੍ਹ ਰਿਹਾ ਹੋਵੇਗਾ। ਉਸ ਨੇ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਦੋ ਘੁੱਟ ਪਾਣੀ ਪੀਤਾ ਅਤੇ ਬੋਤਲ ਫਿਰ ਬੈਗ ਵਿੱਚ ਰੱਖ ਦਿੱਤੀ। ਸੁਖਮੀਤ ਦੀ ਆਵਾਜ਼ ਸੁਣ ਕੇ ਨਵਰੀਤ ਵੀ ਬਾਹਰ ਆ ਗਈ।
"ਨਹੀਂ ਸੁਖਮੀਤ, ਪੁਜ਼ੀਸ਼ਨਾਂ ਦਾ ਕੋਈ ਲਾਲਚ ਨਹੀਂ ਆਪਾਂ ਨੂੰ.....ਅਸੀਂ ਇਸ ਤਰ੍ਹਾਂ ਦਾ ਕੋਈ ਦਬਾਅ ਨਹੀਂ ਪਾਇਆ ਬੱਚਿਆਂ 'ਤੇ।" ਰੀਤ ਨੇ ਉਸ ਨੂੰ ਮਿਲਦਿਆਂ ਆਖਿਆ।
ਸੁਖਮੀਤ ਅਤੇ ਨਵਰੀਤ ਸਕੂਲ ਸਮੇਂ ਦੀਆਂ ਸਹੇਲੀਆਂ ਸਨ। ਕਾਲਜ ਦੋਵਾਂ ਦੇ ਵੱਖਰੇ ਵੱਖਰੇ ਰਹੇ। ਨਵਰੀਤ ਕੁੜੀਆਂ ਵਾਲੇ ਕਾਲਜ ਵਿੱਚ ਪੜ੍ਹੀ। ਜਿੱਥੇ ਕੁੜੀਆਂ ਜ਼ਿਆਦਾਤਰ ਹੋਸਟਲ ਵਿੱਚ ਹੀ ਰਹਿੰਦੀਆਂ ਸਨ। ਕੁੱਝ ਬੰਦਸ਼ਾਂ ਹੁੰਦੀਆਂ ਸਨ। ਉਸ ਵੇਲੇ ਇਹ ਬੁਰੀਆਂ ਲੱਗਦੀਆਂ ਸਨ। ਇਹਨਾਂ ਨੂੰ ਤੋੜਨ ਨੂੰ ਦਿਲ ਕਰਦਾ ਹੁੰਦਾ ਸੀ ਪਰ ਹੁਣ ਲੱਗਦਾ ਜੀਵਨ ਨੂੰ ਸਹੀ ਰਾਹ ਤੇ ਰੱਖਣ ਲਈ ਇਹ ਚੰਗੀਆਂ ਸਨ। ਸੁਖਮੀਤ ਰੋਜ਼ਾਨਾ ਕਾਲਜ ਆਉਂਦੀ ਜਾਂਦੀ ਸੀ। ਉਸ ਨੂੰ ਸਜਣ ਸੰਵਰਨ, ਘੁੰਮਣ ਫਿਰਨ, ਖ਼ਰੀਦੋ ਫਰੋਖ਼ਤ ਕਰਨਾ ਅਤੇ ਉੱਪਰਲੀ ਜਿਹੀ ਦੁਨੀਆਂ ਵਿੱਚ ਰਹਿਣਾ ਪਸੰਦ ਸੀ। ਨਵਰੀਤ ਕੋਲ ਕਿਤਾਬ ਹੋਵੇ ਬਸ। ਇਹ ਅੰਤਰ ਹੋਣ ਦੇ ਬਾਵਜੂਦ ਵੀ ਦੋਹਾਂ ਦੀ ਵਧੀਆ ਬਣਦੀ ਸੀ।
"ਅੱਜ ਕਿੱਧਰ ਨੂੰ ਐਸ ਵੇਲੇ?" ਨਵਰੀਤ ਨੇ ਪੁੱਛਿਆ।
"ਸਮਾਨ ਲਿਆਉਣਾ ਸੀ ...ਆ ਚੱਲੀਏ ...ਸੋਚਿਆ ਤੈਨੂੰ ਨਾਲ ਲੈ ਚੱਲਾਂ।" ਉਸ ਨੇ ਕਿਹਾ।
"ਮੈਂ ਹੁਣੇ ਆਈ ਆਂ ਅੱਧਾ ਘੰਟਾ ਪਹਿਲਾਂ। ਬੱਚਿਆਂ ਨੂੰ ਲੈ ਕੇ ਪੁਸਤਕ ਮੇਲੇ ਤੇ ਗਈ ਸੀ।"
"ਮੈਨੂੰ ਤਾਂ ਦੱਸ ਦਿੰਦੀ, ਮੈਂ ਵੀ ਬੱਚਿਆਂ ਨੂੰ ਲੈ ਜਾਂਦੀ ਉਹ ਵੀ ਉੱਥੇ ਮੌਜ ਮਸਤੀ ਕਰ ਆਉਂਦੇ।" ਸੁਖਮੀਤ ਨੇ ਉਲਾਂਭਾ ਦਿੰਦਿਆਂ ਕਿਹਾ।
"ਮੌਜ ਮਸਤੀ ਕਰਨ ਨਹੀਂ ਸੀ ਗਏ। ਕੁਛ ਕਿਤਾਬਾਂ ਬੱਚਿਆਂ ਲਈ ਲੈਣੀਆਂ ਸੀ ਅਤੇ ਕੁਛ ਆਪਣੇ ਲਈ।" ਨਵਰੀਤ ਨੇ ਦੱਸਿਆ।
"ਕੀ ਕਰਨਾ ਐ ਹੁਣ ਪੜ੍ਹ ਕੇ, ਬੱਚਿਆਂ ਤੋਂ ਸਿਲੇਬਸ ਦੀਆਂ ਕਿਤਾਬਾਂ ਪੜ੍ਹੀਆਂ ਜਾਣ ਉਹ ਹੀ ਬਹੁਤ ਐ। ਵੈਸੇ ਵੀ ਸਾਰਾ ਕੁੱਛ ਮੋਬਾਈਲ ਤੇ ਪਿਆ ਹੁੰਦਾ ਐ। ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਵੋ।" ਉਸ ਨੇ ਹੱਥ ਵਿੱਚ ਫੜਿਆ ਮੋਬਾਇਲ ਉਲਟਾ ਸਿੱਧਾ ਕਰਦਿਆਂ ਆਖਿਆ।
"ਪਰ ਜੋ ਅਨੰਦ ਕਿਤਾਬ ਪੜ੍ਹਨ ਵਿੱਚ ਐ ਉਹ ਮੋਬਾਇਲ ਤੇ ਨਹੀਂ। ਜ਼ਿਆਦਾ ਟਾਈਮ ਮੋਬਾਇਲ ਤੇ ਲੱਗੇ ਰਹੋ ਅੱਖਾਂ ਦੁਖਣ ਲੱਗ ਪੈਂਦੀਆਂ ਨੇ।" ਰੀਤ ਬੋਲੀ।
"ਪਰ ਹੁਣ ਦੇ ਬੱਚਿਆਂ ਨੂੰ ਮੋਬਾਈਲ ਬਿਨਾਂ ਨਹੀਂ ਸਰਦਾ।" ਉਸ ਨੇ ਆਖਿਆ।
"ਬੱਚਿਆਂ ਦੇ ਹੱਥ ਮੋਬਾਇਲ ਦੇਣਾ ਕਰੋਨਾ ਵੇਲੇ ਮਜ਼ਬੂਰੀ ਸੀ।ਪਰ ਇਸ ਗੱਲ ਨੇ ਕਈ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਨਾਸ਼ ਕਰ ਦਿੱਤਾ। ਬੱਚੇ ਅਣਭੋਲ ਹੁੰਦੇ ਨੇ ਉਹਨਾਂ ਨੂੰ ਆਪਣੇ ਨਫ਼ੇ ਨੁਕਸਾਨ ਦਾ ਪਤਾ ਨਹੀਂ ਹੁੰਦਾ। ਕਈ ਵਾਰ ਗਲਤ ਸਾਈਟਾਂ ਖੁੱਲ੍ਹ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਸ ਦੀ ਆਦਤ ਲੱਗ ਜਾਂਦੀ ਐ। ਇਹ ਸਭ ਤੋਂ ਵੱਧ ਖ਼ਤਰਨਾਕ ਹੁੰਦਾ ਐ।" ਨਵਰੀਤ ਨੂੰ ਅੱਜ ਉਹਨਾਂ ਦੀ ਕੰਮ ਵਾਲੀ ਨੇ ਇਹੋ ਜਿਹੀਆਂ ਬਹੁਤ ਗੱਲਾਂ ਸੁਣਾਈਆਂ ਸਨ ਕਿ ਕਿਵੇਂ ਉਹਨਾਂ ਦੀ ਬਸਤੀ ਵਿੱਚ ਬਾਰਾਂ ਤੇਰਾਂ ਸਾਲ ਦੀ ਉਮਰ ਦੇ ਬੱਚੇ ਜੁੰਡਲੀਆਂ ਬਣਾ ਕੇ ਇਹੋ ਜਿਹੀਆਂ ਚੀਜ਼ਾਂ ਦੇਖਦੇ ਹਨ ਜਿਹੜੀਆਂ ਬੱਚਿਆਂ ਲਈ ਅਤੇ ਸਮਾਜ ਲਈ ਖ਼ਤਰਨਾਕ ਹਨ। ਇਹ ਗੱਲਾਂ ਸੁਣ ਕੇ ਉਹ ਕਾਫ਼ੀ ਫ਼ਿਕਰਮੰਦ ਸੀ।
"ਸ਼ਾਇਦ ਤੇਰੀ ਗੱਲ ਵੀ ਸਹੀ ਐ ।ਪਰ.... ਮੈਂ ਤਾਂ ਕਦੇ ਇਹ ਗੱਲਾਂ ਸੋਚੀਆਂ ਈ ਨਹੀਂ।" ਸੁਖਮੀਤ ਨੇ ਸਹਿਜ ਸੁਭਾਅ ਹੀ ਆਖਿਆ।
"ਸਿਰਫ਼ ਸੋਚਣਾ ਹੀ ਨਹੀਂ .....ਘੱਟੋ ਘੱਟ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਰੱਖਣ ਦੇ ਉਪਰਾਲੇ ਕਰਨੇ ਵੀ ਜ਼ਰੂਰੀ ਨੇ।"
"ਹਾਂ ਇਹ ਤਾਂ ਹੈ। ਪਰ ਕੀਤਾ ਕੀ ਜਾਵੇ?" ਉਸ ਨੇ ਆਖਿਆ।
"ਉਹਨਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ.......ਸਭ ਤੋਂ ਸਹੀ ਤਰੀਕਾ ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਈ ਜਾਵੇ ਤਾਂ ਉਹ ਆਪਣਾ ਭਲਾ ਬੁਰਾ ਸੋਚਣ ਦੇ ਕਾਬਲ ਹੋ ਜਾਣਗੇ। ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਉਲਝਣਗੇ ਨਹੀਂ ਸਗੋਂ ਸੌਖੇ ਤਰੀਕੇ ਨਾਲ ਸੁਲਝਾ ਸਕਣਗੇ ਅਤੇ ਆਪਣੇ ਵਰਗੇ ਮਾਪਿਆਂ ਦਾ ਕੰਮ ਵੀ ਸੁਖ਼ਾਲਾ ਹੋ ਜੂ।" ਨਵਰੀਤ ਨੇ ਆਪਣਾ ਪੱਖ ਰੱਖਦਿਆਂ ਆਖਿਆ।
"ਉਹ ਕਿਵੇਂ?" ਸੁਖਮੀਤ ਨੂੰ ਨਵਰੀਤ ਦੀਆਂ ਗੱਲਾਂ ਬੁਝਾਰਤਾਂ ਵਾਂਗ ਲੱਗ ਰਹੀਆਂ ਸਨ।
"ਮੰਨ ਲਓ ਬੱਚਿਆਂ ਨੇ ਕਿਸੇ ਨੇਕ ਇਨਸਾਨ ਦੀ ਕਹਾਣੀ ਪੜ੍ਹੀ ਐ। ਉਹਨਾਂ ਦੇ ਮਨ ਵਿੱਚ ਵੀ ਨੇਕ ਬਣਨ ਦੇ ਭਾਵ ਪੈਦਾ ਹੋਣਗੇ। ਇਹ ਕੁਦਰਤੀ ਗੱਲ ਹੈ। ਆਪਣਾ ਵੀ ਜੀਅ ਕਰਦਾ ਹੁੰਦਾ ਸੀ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀ। ਹਰ ਚੰਗੀ ਲਿਖਤ ਪਾਠਕ ਨੂੰ ਕੋਈ ਨਾ ਕੋਈ ਸੇਧ ਦਿੰਦੀ ਹੈ।"
"ਪਰ ਮੇਰੇ ਵਾਲੇ ਤਾਂ ਬਹੁਤ ਸ਼ਰਾਰਤੀ ਨੇ ਦੋ ਮਿੰਟ ਵੀ ਟਿਕ ਕੇ ਨਹੀਂ ਬੈਠਦੇ।" ਸੁਖਮੀਤ ਨੇ ਆਪਣੀ ਬੇਵਸੀ ਬਿਆਨ ਕੀਤੀ।
"ਜਦੋਂ ਪੜ੍ਹਨ ਦੀ ਆਦਤ ਪੈ ਗਈ। ਉਹ ਵੀ ਬੈਠਣਗੇ। ਕੋਸ਼ਿਸ਼ ਕਰਕੇ ਦੇਖ।" ਨਵਰੀਤ ਨੇ ਕਿਹਾ।
"ਚਲ ਠੀਕ ਐ ਇਹ ਵੀ ਤੇਰੀ ਗੱਲ ਮੰਨ ਕੇ ਵੇਖ ਲੈਂਦੀ ਆਂ।" ਉਸ ਨੇ ਲੰਬਾ ਸਾਹ ਭਰ ਕੇ ਛੱਡਦਿਆਂ ਆਖਿਆ।
"ਚਲ ਫਿਰ ਮੈਨੂੰ...... ਆਹ ਕਿਤਾਬਾਂ ਦੇ ਦੇ ।" ਉਹ ਬੱਚਿਆਂ ਕੋਲ ਪਈਆਂ ਕਿਤਾਬਾਂ ਫਰੋਲ ਕੇ ਦੇਖਣ ਲੱਗੀ।
"ਨਹੀਂ.... ਨਹੀਂ..... ਇਹ ਤਾਂ ਅੱਜ ਹੀ ਲਿਆਂਦੀਆਂ ਨੇ ਇਹਨਾਂ ਪੜ੍ਹਨੀਆਂ ਨੇ ਤੇ ਮੈਂ ਵੀ ਪੜ੍ਹਨੀਆਂ ਨੇ ਅਜੇ। ਮੇਰੇ ਕੋਲ ਹੋਰ ਪਈਆਂ ਨੇ ਉਹ ਲੈ ਜਾ।" ਆਖ ਕੇ ਨਵਰੀਤ ਅੰਦਰ ਚਲੀ ਗਈ। ਉਸ ਦੇ ਪਿੱਛੇ ਹੀ ਹੱਥ ਵਿੱਚ ਕਿਤਾਬ ਫੜੀ ਉਸ ਦੀ ਧੀ ਜਸ਼ਨ ਵੀ ਚਲੀ ਗਈ।
"ਮੰਮੀ ਸਾਡੀਆਂ ਕਿਤਾਬਾਂ ਨਾ ਦੇਈਂ, ਆਂਟੀ ਦੇ ਬੱਚੇ ਕਿਤਾਬਾਂ ਸੰਭਾਲ ਕੇ ਨਹੀਂ ਰੱਖਦੇ।" ਕੁੜੀ ਨੇ ਢਿੱਲਾ ਜਿਹਾ ਮੂੰਹ ਬਣਾਉਂਦਿਆਂ ਆਖਿਆ।
"ਕੋਈ ਨਾ ਪੁੱਤ , ਸੰਭਾਲ ਲੈਣਗੇ ਮੈਂ ਆਖ ਦਿਊਂ ਆਂਟੀ ਨੂੰ।" ਕੁੜੀ ਚੁੱਪ ਕਰਕੇ ਬਾਹਰ ਆ ਗਈ। ਰੀਤ ਨੇ ਦੋ ਤਿੰਨ ਕਿਤਾਬਾਂ ਲਿਆ ਕੇ ਸੁਖਮੀਤ ਨੂੰ ਫੜਾ ਦਿੱਤੀਆਂ। ਉਸ ਨੇ ਫੜ ਕੇ ਆਪਣੇ ਪਰਸ ਵਿੱਚ ਪਾ ਲਈਆਂ । ਰੀਤ ਦੇ ਬੱਚੇ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ। ਬਿਨਾਂ ਬੋਲਿਆਂ ਹੀ ਉਹਨਾਂ ਮਾਂ ਵੱਲੋਂ ਕਿਤਾਬਾਂ ਦਿੱਤੇ ਜਾਣ ਦਾ ਦੁੱਖ ਸਾਂਝਾ ਕਰ ਲਿਆ।
"ਰੀਤ! ਤੂੰ ਬਜ਼ਾਰ ਜਾਣਾ ਨੀ ਫਿਰ ?"ਸੁਖਮੀਤ ਨੇ ਕਿਤਾਬਾਂ ਪਰਸ ਵਿੱਚ ਪਾਉਂਦਿਆਂ ਪੁੱਛਿਆ।
"ਮੈਂ ਕੁਛ ਲੈਣਾ ਤਾਂ ਹੈ ਨੀ ਫਿਰ ਐਵੇਂ ਕਿਉਂ ਜਾਣਾ ਐ?"
"ਪਰਸੋਂ ਤਾਂ ਤੂੰ ਕਹਿ ਰਹੀ ਸੀ ਤੂੰ ਢਾਈ ਹਜ਼ਾਰ.... ਸੂਟ ਲੈਣ ਲਈ ਰੱਖਿਆ ਹੋਇਆ।" ਸੁਖਮੀਤ ਨੇ ਉਸ ਨੂੰ ਚੇਤੇ ਕਰਾਇਆ।
"ਹਾਂ ਰੱਖਿਆ ਸੀ, ਉਦੋਂ ਮੈਨੂੰ ਪੁਸਤਕ ਮੇਲੇ ਦਾ ਨਹੀਂ ਸੀ ਪਤਾ।"
"ਤੂੰ ਆਪਣੇ ਸੂਟ ਵਾਲੇ ਪੈਸਿਆਂ ਦੀਆਂ ਕਿਤਾਬਾਂ ਲਿਆਂਦੀਆਂ ਨੇ?" ਉਸ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ।
"ਹਾਂ , ਮੈਨੂੰ ਸੂਟ ਲੈਣ ਨਾਲੋਂ ਇਹ ਸੌਦਾ ਵਧੀਆ ਲੱਗਿਆ। ਸੂਟ 'ਕੱਲੀ ਦੇ ਕੰਮ ਆਉਣਾ ਸੀ। ਕਿਤਾਬਾਂ ਸਾਰੇ ਪੜ੍ਹਾਂਗੇ। ਵੈਸੇ ਵੀ ਸੂਟ ਹੈਗੇ ਆ ਬਥੇਰੇ।" ਰੀਤ ਨੇ ਮੁਸਕਰਾਉਂਦਿਆਂ ਕਿਹਾ।
"ਵਾਹ! ਵਾਹ!! ਕੁਰਬਾਨੀ ਦਾ ਪੁਤਲਾ ਰੀਤ ।" ਉਸ ਨੇ ਤਾੜੀ ਮਾਰਦਿਆਂ ਕਿਹਾ। ਰੀਤ ਮੁਸਕਰਾਈ।
"ਮੈਂ ਚਾਹ ਬਣਾਉਨੀ ਆਂ ਤੂੰ ਇੱਥੇ ਬੱਚਿਆਂ ਕੋਲ ਬੈਠ।" ਰੀਤ ਨੇ ਰਸੋਈ ਵੱਲ ਜਾਂਦਿਆਂ ਕਿਹਾ।
"ਨਹੀਂ ਮੈਂ ਕੁੱਛ ਨੀ ਲੈਣਾ...ਓ ਹੋ ਮੈਂ ਤਾਂ ਇੱਥੇ ਹੀ ਘੰਟਾ ਖ਼ਰਾਬ ਕਰ ਲਿਆ।" ਉਸ ਨੇ ਮੋਬਾਇਲ ਤੇ ਟਾਈਮ ਦੇਖਦਿਆਂ ਕਿਹਾ ਅਤੇ ਜਾਣ ਲਈ ਖੜ੍ਹੀ ਹੋ ਗਈ।
"ਮੈਨੂੰ ਲੱਗਦਾ ਐ ਇਹ ਘੰਟਾ ਖ਼ਰਾਬ ਨੀ ਹੋਇਆ।" ਰੀਤ ਨੇ ਮੱਧਮ ਸੁਰ ਵਿੱਚ ਕਿਹਾ। ਉਹ ਚਲੀ ਗਈ ਨਵਰੀਤ ਬੱਚਿਆਂ ਕੋਲ ਬੈਠ ਕੇ ਕਿਤਾਬਾਂ ਵੇਖਣ ਲੱਗ ਪਈ।
"ਮੰਮੀ ਪਹਿਲਾਂ ਅਸੀਂ ਕਿਤਾਬਾਂ ਵਿੱਚੋਂ ਵਿੱਚੋਂ ਪੜ੍ਹ ਲਈਏ? ਜਿੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਉੱਥੋਂ।" ਨਵਰੀਤ ਦੇ ਬੇਟੇ ਅਨੂਪ ਨੇ ਪੁੱਛਿਆ।ਰੀਤ ਤੋਂ ਪਹਿਲਾਂ ਉਸ ਦੀ ਬੇਟੀ ਜਸ਼ਨ ਬੋਲੀ,
"ਨਾ.....ਨਾ....ਸ਼ੁਰੂ ਤੋਂ ਪੜ੍ਹਨਾ.....ਸ਼ੁਰੂ ਕਰਕੇ ਪੜ੍ਹ।"
"ਕੋਈ ਨਾ ਜਿਵੇਂ ਜੀਅ ਕਰਦਾ ਉਵੇਂ ਪੜ੍ਹ ਲਵੋ। ਪਰ ਪੜ੍ਹਨੀ ਸਾਰੀ ਐ।" ਰੀਤ ਨੇ ਬੱਚਿਆਂ ਨੂੰ ਢਿੱਲ ਦੇ ਦਿੱਤੀ।
ਸ਼ਾਮ ਦੇ ਛੇ ਕੁ ਵਜੇ ਰੀਤ ਦਾ ਫ਼ੋਨ ਵੱਜਿਆ। ਦੇਖਿਆ ਤਾਂ ਸੁਖਮੀਤ ਦਾ ਸੀ।
"ਹਾਂ ਜੀ, ਸੁਖਮੀਤ?"
"ਰੀਤ! ਛੇਤੀ ਕਰ... ਫੇਸਬੁੱਕ ਖੋਲ੍ਹ ਕੇ ਵੇਖ।" ਸੁਖਮੀਤ ਖੁਸ਼ੀ ਨਾਲ ਚਹਿਕ ਰਹੀ ਸੀ।
"ਮੈਂ ਰਸੋਈ ਵਿੱਚ..... ਕੰਮ ਨਿਬੇੜ ਕੇ ਫਿਰ ਦੇਖਦੀ ਆਂ। ਵੈਸੇ ਹੀ ਦੱਸ ਦੇ ਕਿ ਇਹੋ ਜਿਹਾ ਕੀ ਹੋਇਆ? ਐਨੀ ਖੁਸ਼ੀ ਕਾਹਦੀ? " ਇੱਕ ਹੱਥ ਨਾਲ ਸਬਜ਼ੀ ਵਿੱਚ ਕੜਛੀ ਮਾਰਦਿਆਂ ਉਸ ਨੇ ਕਿਹਾ।
"ਦੋ ਮਿੰਟ ਦੇਖ ਲੈ ਭੈਣ ਬਣ ਕੇ। ਐਨੀ ਛੇਤੀ ਕੀ ਕਰਨਾ ਐ ਰਸੋਈ ਵਿੱਚ।" ਉਸ ਨੇ ਤਰਲਾ ਜਿਹਾ ਕੀਤਾ।
"ਅਸੀਂ ਸ਼ਾਮ ਦੀ ਰੋਟੀ ਛੇਤੀ ਖਾ ਲੈਂਦੇ ਹਾਂ। ਵੈਸੇ ਵੀ ਅੱਜ ਕਿਤਾਬਾਂ ਦੇਖਣੀਆਂ ਪੜ੍ਹਨੀਆਂ ਨੇ, ਛੇਤੀ ਬਿਸਤਰੇ ਵਿੱਚ ਬੈਠ ਕੇ।" ਰੀਤ ਨੇ ਸਚਾਈ ਦੱਸੀ।
"ਓ ਹੋ... ਤੇਰੇ ਕਰਕੇ ਤਾਂ ਹੋਇਆ ਸਭ.....।" ਰੀਤ ਨੂੰ ਪਤਾ ਸੀ ਇਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਐ ਇਸ ਲਈ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬੋਲੀ,
"ਚਲ ਠੀਕ ਐ... ਦੇਖਦੀ ਆਂ।" ਉਸ ਨੇ ਫੋਨ ਕੱਟ ਕੀਤਾ ਤੇ ਫੇਸਬੁੱਕ ਖੋਲ੍ਹ ਕੇ ਵੇਖਣ ਲੱਗੀ। ਸੁਖਮੀਤ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਦੇ ਹੱਥ ਵਿੱਚ ਕਿਤਾਬਾਂ ਫੜਾ ਕੇ ਫੋਟੋ ਪਾਈ ਹੋਈ ਸੀ ਅਤੇ ਹੇਠਾਂ ਧੜਾਧੜ ਕੁਮੈਂਟ ਆਏ ਹੋਏ ਸਨ। ਜਿਹਨਾਂ ਵਿੱਚ ਕਈਆਂ ਨੇ ਸਿਆਣੀ ਮਾਂ ਦੀ ਤਾਰੀਫ਼ ਕੀਤੀ ਸੀ। ਕਿਸੇ ਸਿਆਣੇ ਸੂਝਵਾਨ ਦਾ ਕੁਮੈਂਟ ਪੜ੍ਹ ਕੇ ਰੀਤ ਨੇ ਮੱਥੇ 'ਤੇ ਹੱਥ ਮਾਰਿਆ। ਲਿਖਿਆ ਸੀ, 'ਭਾਈ ਬੀਬਾ ਬੇਟੇ ਦੇ ਹੱਥ ਵਿੱਚ ਫੜੀ ਕਿਤਾਬ ਸਿੱਧੀ ਕਰ ਦਿਓ।" ਰੀਤ ਨੇ ਧਿਆਨ ਨਾਲ ਦੇਖਿਆ ਸੱਚੀ ਕਿਤਾਬ ਪੁੱਠੀ ਫੜੀ ਹੋਈ ਸੀ। ' ਇਹਦਾ ਵੀ ਸਰਿਆ ਪਿਆ ਐ।' ਉਸ ਦੇ ਮੂੰਹੋਂ ਨਿਕਲਿਆ। ਮੋਬਾਈਲ ਪਰੇ ਰੱਖਿਆ ਅਤੇ ਆਪਣੇ ਕੰਮ ਕਰਨ ਲੱਗੀ।
ਅੱਜ ਬੱਚੇ ਚਾਅ ਨਾਲ ਆਪਣੇ ਪਾਪਾ ਨੂੰ ਕਿਤਾਬਾਂ ਦਿਖਾ ਰਹੇ ਸਨ। ਰੀਤ ਦੇ ਪਤੀ ਗੁਰਮੀਤ ਨੇ ਬੱਚਿਆਂ ਦੀ ਨਿੱਕੀਆਂ ਨਿੱਕੀਆਂ ਕਹਾਣੀਆਂ ਵਾਲੀ ਇੱਕ ਕਿਤਾਬ ਤਾਂ ਪੂਰੀ ਪੜ੍ਹ ਕੇ ਇੱਕ ਪਾਸੇ ਰੱਖ ਵੀ ਦਿੱਤੀ ਸੀ। ਉਸ ਨੂੰ ਨਿੱਕੀਆਂ ਕਹਾਣੀਆਂ ਜਾਂ ਨਿੱਕੇ ਲੇਖ ਪੜ੍ਹਨੇ ਹੀ ਪਸੰਦ ਸਨ। ਰਾਤ ਦਾ ਖਾਣਾ ਖਾ ਕੇ ਸਾਰੇ ਜਣੇ ਫਿਰ ਕਿਤਾਬਾਂ ਲੈ ਕੇ ਬੈਠ ਗਏ। ਸੁਖਮੀਤ ਦਾ ਫਿਰ ਫੋਨ ਆਇਆ। ਉਹ ਅਜੇ ਵੀ ਖੁਸ਼ ਸੀ।
"ਸੁਖਮੀਤ! ਸਾਰੇ ਕੁਮੈਂਟ ਪੜ੍ਹੇ ਐ ਤੂੰ? ਰੀਤ ਨੇ ਪੁੱਛਿਆ।
"ਹਾਂ... ਸਭ ਨੇ ਵਧੀਆ ਦਿੱਤੇ ਐ। ਇੱਕ ਬੁੜ੍ਹੇ ਨੂੰ ਛੱਡ ਕੇ।" ਉਸ ਨੇ ਦੱਸਿਆ।
"ਜੀਹਨੂੰ ਤੂੰ ਬੁੜ੍ਹਾ ਆਖ ਰਹੀ ਏਂ ਉਹ ਇੱਕ ਵਿਦਵਾਨ ਲੇਖਕ ਨੇ। ਵਿਦਵਾਨਾਂ ਦਾ ਆਦਰ ਕਰੀਦਾ ਹੁੰਦਾ।" ਰੀਤ ਨੇ ਦਿਲ ਦੀ ਗੱਲ ਆਖੀ।
"ਹਾਂ.... ਸੌਰੀ। ਪਰ ਮੇਰੇ ਜਵਾਕ ਨੀ ਪੜ੍ਹ ਸਕਦੇ ਕਿਤਾਬਾਂ। ਉਹ ਤਾਂ ਟੀ ਵੀ ਦੇਖਣੋਂ ਨੀ ਹਟਦੇ।ਮੈਂ ਦੂਜੇ ਕਮਰੇ ਵਿੱਚ ਵੀ ਬਿਠਾਏ। ਫਿਰ ਵੀ ਨੀ ਦਿਲਚਸਪੀ ਲੈਂਦੇ। " ਸੁਖਮੀਤ ਦਾ ਜਵਾਬ ਸੀ।
"ਜਦੋਂ ਉਹ ਪੜ੍ਹਨ ਬਿਠਾਏ ਸੀ। ਤੂੰ ਕੀ ਕਰਦੀ ਸੀ?" ਰੀਤ ਨੇ ਪੁੱਛਿਆ।
"ਮੇਰਾ ਸੀਰੀਅਲ ਚੱਲ ਰਿਹਾ ਸੀ। ਉਹ ਦੇਖ ਰਹੀ ਸੀ।" ਉਸ ਨੇ ਦੱਸਿਆ।
"ਏਦਾਂ ਨੀ ਪੜ੍ਹਦੇ ਹੁੰਦੇ ਬੱਚੇ, ਉਹਨਾਂ ਦੇ ਕੋਲ ਬੈਠਣਾ ਪੈਂਦਾ, ਉਹਨਾਂ ਨੂੰ ਅੱਧੀਆਂ ਅੱਧੀਆਂ ਕਹਾਣੀਆਂ ਸੁਣਾ ਕੇ ਉਹਨਾਂ ਅੰਦਰ ਰੁਚੀ ਪੈਦਾ ਕਰਨੀ ਪੈਂਦੀ ਐ। ਇਹ ਗੱਲਾਂ .....ਤਾਂ ਹੀ ਹੋ ਸਕਦੀਆਂ ਨੇ ਜੇ ਪਹਿਲਾਂ ਅਸੀਂ ਆਪਣੀਆਂ ਆਦਤਾਂ ਸੁਧਾਰਾਂਗੇ।ਅਸੀਂ ਆਪਣੇ ਅੰਦਰ ਵੀ ਭੁੱਖ ਪੈਦਾ ਕਰੀਏ ਚੰਗਾ ਸਾਹਿਤ ਪੜ੍ਹਨ ਦੀ।" ਰੀਤ ਦਾ ਪਤੀ ਗੁਰਮੀਤ ਥੱਕਿਆ ਹੋਇਆ ਸੀ। ਉਹਨਾਂ ਦੀਆਂ ਗੱਲਾਂ ਤੋਂ ਉਸ ਦਾ ਜੀਅ ਖਿਝਿਆ।
"ਚਲ ਛੱਡ ਹੁਣ... ਤੂੰ ਲੋਕਾਂ ਦਾ ਠੇਕਾ ਚੁੱਕਿਆ.... ਲੋਕ ਆਪੇ ਪੜ੍ਹਾ ਲੈਣਗੇ....ਆਵਦੇ ਨਿਆਣਿਆਂ ਨੂੰ।" ਉਹ ਬੁੜਬੁੜਾਇਆ।
"ਚਲ ਠੀਕ ਐ, ਕੱਲ੍ਹ ਨੂੰ ਗੱਲ ਕਰਾਂਗੇ।" ਰੀਤ ਨੇ ਆਖ ਕੇ ਫੋਨ ਕੱਟ ਦਿੱਤਾ।
"ਲੈ ਫਿਰ ਕੀ ਐ.... ਚੰਗੀ ਗੱਲ ਐ ਜੇ ਆਪਣੀ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਕੋਈ ਕਿਤਾਬਾਂ ਨਾਲ ਜੁੜਦਾ ਐ।" ਰੀਤ ਨੇ ਆਪਣੇ ਬੇਟੇ ਦੇ ਪੈਰਾਂ ਉੱਪਰ ਕੰਬਲ ਦਿੰਦਿਆਂ ਪਤੀ ਦੀ ਗੱਲ ਦਾ ਜਵਾਬ ਦਿੱਤਾ। ਬੱਚੇ ਕਿਤਾਬਾਂ ਲਈ ਬਹਿਸ ਰਹੇ ਸਨ... "ਪਹਿਲਾਂ ਮੈਨੂੰ ਦੇ, ਮੈਂ ਪੜ੍ਹਨੀ ਐ....ਮੈਂ ਪੜ੍ਹਨੀ ਐ।" ਆਪਣੇ ਬੁੱਲ੍ਹਾਂ 'ਤੇ ਉਂਗਲੀ ਰੱਖ ਕੇ ਰੀਤ ਨੇ ਬੱਚਿਆਂ ਨੂੰ ਚੁੱਪ ਕਰਨ ਦਾ ਇਸ਼ਾਰਾ ਕੀਤਾ।
"ਪਹਿਲਾਂ ਆਵਦਿਆਂ ਨੂੰ ਤਾਂ ਸਿਆਣੇ ਬਣਾ ਲੈ। ਲੋਕਾਂ ਦੇ ਬਾਅਦ ਵਿੱਚ ਪੜ੍ਹਾ ਲਵੀਂ।" ਰੀਤ ਦਾ ਪਤੀ ਫਿਰ ਬੁੜਬੁੜਾਇਆ।ਰੀਤ ਪਤੀ ਵੱਲ ਟੇਢਾ ਜਿਹੀ ਝਾਕੀ।
"ਪਾਪਾ ਥੱਕੇ ਹੋਏ ਨੇ ਉਹਨਾਂ ਸੌਣਾ ਐ ਤੁਸੀਂ ਏਧਰ ਆ ਜੋ। ਲਿਆਓ ਕਿਤਾਬ ਮੈਨੂੰ ਫੜਾਓ..... ਮੈਂ ਪੜ੍ਹ ਕੇ ਸੁਣਾਉਨੀ ਆਂ ਕੋਈ ਕਹਾਣੀ।" ਬੱਚਿਆਂ ਨੇ ਚੁੱਪ ਕਰਕੇ ਕਿਤਾਬ ਮਾਂ ਨੂੰ ਫੜਾ ਦਿੱਤੀ। ਰੀਤ ਹੌਲੀ ਆਵਾਜ਼ ਵਿੱਚ ਕਹਾਣੀ ਪੜ੍ਹ ਕੇ ਸੁਣਾਉਣ ਲੱਗੀ। ਬੱਚੇ ਮਾਂ ਦੇ ਦੋਵੇਂ ਪਾਸੇ ਬੈਠੇ ਸਨ। ਕਹਾਣੀ ਛੋਟੀ ਸੀ। ਛੇਤੀ ਹੀ ਖ਼ਤਮ ਹੋ ਗਈ। ਉਸ ਨੇ ਬੱਚਿਆਂ ਨੂੰ ਸੌਣ ਲਈ ਕਹਿ ਕੇ ਲਾਈਟ ਬੰਦ ਕਰ ਦਿੱਤੀ।
ਰੀਤ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਸਵੇਰੇ ਹੀ ਨ੍ਹਾ ਕੇ ਘਰ ਦੇ ਕੰਮ ਧੰਦਿਆਂ ਵਿੱਚ ਜੁਟ ਗਈ । ਗੁਰਮੀਤ ਆਪਣੀ ਡਿਊਟੀ ਤੇ ਚਲਾ ਗਿਆ ਅਤੇ ਬੱਚਿਆਂ ਨੂੰ ਛੁੱਟੀ ਸੀ। ਬੱਚਿਆਂ ਨੂੰ ਖਾਣਾ ਖੁਆ ਕੇ ਉਸ ਨੇ ਸਕੂਲ ਦਾ ਕੰਮ ਕਰਨ ਲਈ ਬਿਠਾ ਦਿੱਤਾ। ਬੱਚੇ ਨਵੀਆਂ ਕਿਤਾਬਾਂ ਦੇਖਣ ਦੀ ਜ਼ਿੱਦ ਕਰ ਰਹੇ ਸਨ। ਪਰ ਰੀਤ ਨੇ ਸਕੂਲ ਦਾ ਕੰਮ ਪਹਿਲਾਂ ਮੁਕਾਉਣ ਦੀ ਸ਼ਰਤ ਰੱਖੀ। ਉਹ ਆਪ ਵੀ ਘਰ ਦੇ ਕੰਮ ਨਿਪਟਾ ਕੇ ਕਿਤਾਬ ਚੁੱਕ ਕੇ ਬੈਠ ਗਈ ਫਿਰ ਪਤਾ ਨਹੀਂ ਕੀ ਦਿਮਾਗ਼ ਵਿੱਚ ਆਇਆ, ਉੱਠ ਕੇ ਸੁਖਮੀਤ ਨੂੰ ਫੋਨ ਲਾ ਲਿਆ।
"ਹੈਲੋ ਸੁਖਮੀਤ! ਅੱਜ ਫਰੀ ਓ? ਉਸ ਨੇ ਪੁੱਛਿਆ।
"ਹਾਂ ਜੀ..... ਦੱਸੋ। ਤਕਰੀਬਨ ਫਰੀ ਹੀ ਹਾਂ।" ਸੁਖਮੀਤ ਬੋਲੀ।
"ਆ ਜੋ ਫੇਰ .....'ਕੱਠੇ ਬੈਠਦੇ ਆਂ।" ਰੀਤ ਨੇ ਆਖਿਆ।
"ਜੇ ਸੱਚ ਪੁੱਛੇ ਤਾਂ ਨੀਟੂ ਤੋਂ ਫੋਟੋਆਂ ਦੇਖਦਿਆਂ ਕਿਤਾਬ ਫਟ ਗਈ। ਮੈਂ ਉਹਦੇ ਥੱਪੜ ਮਾਰਿਆ। ਉਹ ਰੋਈ ਜਾਂਦਾ ਅਤੇ ਮੈਂ ਕਿਤਾਬ ਜੋੜ ਰਹੀ ਆਂ।" ਉਸ ਨੇ ਢਿੱਲੀ ਜਿਹੀ ਅਵਾਜ਼ ਵਿੱਚ ਕਿਹਾ।
"ਮਾਰਨਾ ਕਿਉਂ ਸੀ?"
"ਹੋਰ ਕੀ ਕਰਾਂ? ਪੂਰੇ ਟੁੱਟ ਪੈਣੇ ਨੇ ਨਿਆਣੇ ਮੇਰੇ। ਸਾਨੂੰ ਨਹੀਂ ਰਾਸ ਆਉਂਦੀਆਂ ਕਿਤਾਬਾਂ ਕਤੂਬਾਂ। ਮੈਂ ਅੱਜ ਵਾਪਸ ਕਰ ਕੇ ਜਾਊਂ।" ਸੁਖਮੀਤ ਬਹੁਤ ਗੁੱਸੇ ਵਿੱਚ ਅਤੇ ਦੁਖੀ ਸੀ।
"ਅੱਛਾ, ਜਦੋਂ ਆਵੇਂਗੀ ਬੱਚਿਆਂ ਨੂੰ ਨਾਲ ਲੈ ਆਵੀਂ।" ਰੀਤ ਨੇ ਕਿਹਾ।
"ਇਹ ਨੀ ਕਿਤੇ ਲਿਜਾਣ ਜੋਗੇ।" ਉਹ ਗੁੱਸੇ ਨਾਲ ਭਰੀ ਹੋਈ ਸੀ।
"ਚਲ ਲੈ ਆਵੀਂ....ਇਹ ਘਰ ਕਿਹੜਾ ਬਿਗਾਨਾ ਐ। ਕੋਈ ਗੱਲ ਨਹੀਂ ਜੇ ਸ਼ਰਾਰਤ ਕਰ ਵੀ ਲੈਣਗੇ ਤਾਂ ਕੀ ਐ?" ਰੀਤ ਨੇ ਕਿਹਾ।
"ਚਲ ਦੇਖਦੀ ਆਂ....।" ਉਹ ਬੋਲੀ।
ਸੁਖਮੀਤ ਨੇ ਕਿਤਾਬ ਜੋੜ ਕੇ ਮੇਜ਼ ਤੇ ਰੱਖ ਦਿੱਤੀ। ਨੀਟੂ ਦਾ ਰੋਣਾ ਬੰਦ ਹੋ ਚੁੱਕਿਆ ਸੀ ਪਰ ਮੂੰਹ ਬਣਾਈ ਬੈਠਾ ਸੀ। ਸੁਖਮੀਤ ਨੇ ਉਸ ਨੂੰ ਬਾਂਹ ਤੋਂ ਫੜ ਕੇ ਉਠਾਉਣ ਦੀ ਪੂਰੀ ਕੋਸ਼ਿਸ਼ ਕੀਤੀ।ਉਹ ਟੱਸ ਤੋਂ ਮੱਸ ਨਾ ਹੋਇਆ।ਉਸ ਨੇ ਬਾਂਹ ਛੱਡ ਦਿੱਤੀ। ਅਲਮਾਰੀ ਵਿੱਚੋਂ ਬੱਚਿਆਂ ਦੇ ਕੱਪੜੇ ਕੱਢ ਕੇ ਬੈੱਡ 'ਤੇ ਰੱਖ ਦਿੱਤੇ ਅਤੇ ਚਿੰਕੀ ਨੂੰ ਕਿਹਾ, " ਰੀਤ ਆਂਟੀ ਦੇ ਘਰ ਜਾਵਾਂਗੇ....ਤਿਆਰ ਹੋ ਜੋ.... ਨਾਲੇ ਇਹਨੂੰ ਕਰ ਦੇਵੀਂ। " ਉਹ ਨੀਟੂ ਵੱਲ ਇਸ਼ਾਰਾ ਕਰਦਿਆਂ ਆਖ ਕੇ ਆਪ ਰਸੋਈ ਵਿੱਚ ਚਲੀ ਗਈ।ਮਾਂਜਣ ਵਾਲੇ ਭਾਂਡਿਆਂ ਦਾ ਢੇਰ ਲੱਗਿਆ ਪਿਆ ਸੀ। ਕੰਮ ਵਾਲੀ ਛੁੱਟੀ ਤੇ ਸੀ। ਖਿਝੀ ਖਪੀ ਨੇ ਪਾਣੀ ਗਰਮ ਕੀਤਾ ਅਤੇ ਭਾਂਡੇ ਸਾਫ਼ ਕਰਨ ਲੱਗੀ। ਭਾਂਡਿਆਂ ਦਾ ਖੜਕਾ ਉਸ ਦੀ ਮਾਨਸਿਕ ਅਵਸਥਾ ਨੂੰ ਬਿਆਨ ਕਰ ਰਿਹਾ ਸੀ।
ਚਿੰਕੀ ਤੇ ਨੀਟੂ ਤਿਆਰ ਹੋ ਰਹੇ ਸਨ। ਚਿੰਕੀ ਨੇ ਛੋਟੇ ਭਰਾ ਨੂੰ ਵਡਿਆ ਕੇ ਮਨਾ ਲਿਆ ਸੀ। ਨੀਟੂ ਪੰਜ ਕੁ ਸਾਲਾਂ ਦਾ ਸੀ। ਭੈਣ ਨਾਲੋਂ ਦੋ ਕੁ ਵਰ੍ਹੇ ਛੋਟਾ। ਪਰ ਜਦੋਂ ਜੀਅ ਕਰਦਾ ਆਪਣੀ ਭੈਣ ਨੂੰ ਕੁੱਟ ਦਿੰਦਾ ਸੀ। ਮਾਂ ਨੂੰ ਸ਼ਾਂਤੀ ਨਾਲ ਉਸ ਦੇ ਪਸੰਦੀਦਾ ਸੀਰੀਅਲ ਨਾ ਦੇਖਣ ਦਿੰਦਾ। ਕਈ ਵਾਰ ਮਾਂ ਤੋਂ ਕੁੱਟ ਖਾ ਲੈਂਦਾ। ਉਹ ਖਿਝਦੀ ਕਲਪਦੀ ਰਹਿੰਦੀ। ਜਦੋਂ ਉਹ ਸੀਰੀਅਲ ਦੇਖ ਰਹੀ ਹੁੰਦੀ ਤਾਂ ਕਿਸੇ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਾ ਕਰਦੀ । ਨਾ ਪਤੀ ਦੀ ਅਤੇ ਨਾ ਹੀ ਬੱਚਿਆਂ ਦੀ। ਇਸ ਲਈ ਘਰ ਵਿੱਚ ਰੌਲਾ ਰੱਪਾ ਆਮ ਪਿਆ ਰਹਿੰਦਾ। ਸੁਖਮੀਤ ਦਾ ਪਤੀ ਦਿਲਜੀਤ ਸੁਭਾ ਪੱਖੋਂ ਸ਼ਾਂਤ ਸੀ। ਉਸ ਦਾ ਕਈ ਵਾਰ ਦਿਲ ਕਰਦਾ ਸੀ ਉਹ ਸੁਖਮੀਤ ਨਾਲ ਬਹੁਤ ਸਾਰੀਆਂ ਗੱਲਾਂ ਕਰੇ। ਉਹ ਭਾਵੇਂ ਦਿਲ ਦੀ ਚੰਗੀ ਸੀ। ਪਰ ਉਸ ਨੇ ਆਪਣੇ ਆਲੇ-ਦੁਆਲੇ ਦਿਖਾਵੇ ਦਾ ਜਾਲ਼ ਬੁਣਿਆ ਹੋਇਆ ਸੀ। ਟੀ ਵੀ ਸੀਰੀਅਲ ਦੇਖਣ ਸਮੇਂ ਵੀ ਉਹ ਕਲਾਕਾਰਾਂ ਦੇ ਕੱਪੜੇ ਗਹਿਣੇ ਦੇਖਦੀ ਫਿਰ ਉਸੇ ਤਰ੍ਹਾਂ ਦੀਆਂ ਗੱਲਾਂ ਕਰਦੀ। ਆਪ ਨੌਕਰੀ ਨਹੀਂ ਸੀ ਕਰਦੀ ਬੱਚਿਆਂ ਨੂੰ ਸਕੂਲੋਂ ਮਿਲਿਆ ਘਰ ਦਾ ਕੰਮ ਕਰਨ ਲਈ ਵੀ ਗੁਆਂਢੀਆਂ ਦੀ ਕੁੜੀ ਕੋਲ ਟਿਊਸ਼ਨ ਲਾ ਦਿੱਤੀ।
ਬੱਚੇ ਤਿਆਰ ਹੋ ਗਏ। ਉਸ ਨੇ ਫਟਾਫਟ ਕੰਮ ਨਿਬੇੜਿਆ ਅਤੇ ਤਿਆਰ ਹੋ ਕੇ ਪਰਸ ਲਿਆ ਅਤੇ ਸਕੂਟੀ ਦੀ ਚਾਬੀ ਚੁੱਕੀ। ਕਿਤਾਬਾਂ ਸਕੂਟੀ ਦੀ ਟੋਕਰੀ ਵਿੱਚ ਰੱਖੀਆਂ।
"ਚਲੋ।" ਉਸ ਨੇ ਬੱਚਿਆਂ ਨੂੰ ਕਿਹਾ। ਉਹ ਬਾਹਰ ਆ ਗਏ। ਘਰ ਨੂੰ ਜਿੰਦਾ ਲਾਇਆ ਤੇ ਚਾਬੀ ਪਰਸ ਵਿੱਚ ਰੱਖੀ। ਸਕੂਟੀ ਚਲਾਉਣ ਵੇਲੇ ਵੀ ਉਸ ਦੀ ਹਾਲਤ ਸਥਿਰ ਨਹੀਂ ਸੀ। ਗਲੀ ਵਿੱਚੋਂ ਬਾਹਰ ਨਿਕਲਦਿਆਂ ਹੀ ਸਕੂਟੀ ਰੇਹੜੀ ਵਿੱਚ ਵੱਜ ਚੱਲੀ ਸੀ ਪਰ ਸੰਭਲ ਗਈ। ਰਸਤੇ ਵਿੱਚ ਉਸ ਨੇ ਬੱਚਿਆਂ ਨੂੰ ਸਖ਼ਤ ਤਾਕੀਦ ਕੀਤੀ ਕਿ ਸ਼ਰਾਰਤ ਨਹੀਂ ਕਰਨੀ।
ਦਸ ਕੁ ਮਿੰਟ ਵਿੱਚ ਰੀਤ ਦੇ ਘਰ ਪਹੁੰਚ ਗਏ। ਉਹ ਆਪਣੇ ਕੰਮ ਨਿਬੇੜ ਚੁੱਕੀ ਸੀ, ਬੱਚੇ ਤਿਆਰ ਸਨ ਜਿਵੇਂ ਕਿਤੇ ਜਾਣਾ ਹੋਵੇ। ਸੁਖਮੀਤ ਨੇ ਉਹਨਾਂ ਨੂੰ ਮਿਲਦਿਆਂ ਪੁੱਛਿਆ, "ਤੁਸੀਂ ਜਾ ਰਹੇ ਓ ਕਿਤੇ? ਫਿਰ ਸਾਨੂੰ ਕਿਉਂ ਬੁਲਾਇਆ?
"ਤੁਸੀਂ ਚਾਹ ਦੁੱਧ ਲਓਗੇ ਕੁਛ? " ਰੀਤ ਨੇ ਪੁੱਛਿਆ।
"ਨਹੀਂ..... ਅਸੀਂ ਕੁਛ ਨੀ ਲੈਣਾ।" ਸੁਖਮੀਤ ਨੇ ਆਖਿਆ।
"ਆਪਣੀ ਸਕੂਟੀ ਅੰਦਰ ਕਰ ਦਿਓ। ਆਪਾਂ ਚੱਲਣਾ ਐ।" ਰੀਤ ਨੇ ਕਿਹਾ।
"ਚੱਲਣਾ ਕਿੱਥੇ ਐ? " ਉਸ ਨੇ ਹੈਰਾਨ ਹੁੰਦਿਆਂ ਪੁੱਛਿਆ।
"ਬਸ... ਆਹ ਨੇੜੇ ਜਿਹੜਾ ਪਾਰਕ ਐ ਉੱਥੇ ਚਲਦੇ ਆਂ। ਅੱਜ ਧੁੱਪ ਨਿੱਘੀ ਐ। ਬੱਚੇ ਵੀ ਖੇਡ ਲੈਣਗੇ।" ਇਹ ਸੁਣਦਿਆਂ ਹੀ ਬੱਚਿਆਂ ਨੇ ਬਾਹਾਂ ਉਲਾਰ ਕੇ.... "ਹੇ... ਏ.... ਏ.....ਏ...। " ਆਖਦਿਆਂ ਖੁਸ਼ੀ ਜ਼ਾਹਰ ਕੀਤੀ। ਸੁਖਮੀਤ ਆਪਣੇ ਬੱਚਿਆਂ ਵੱਲ ਕੌੜਾ ਜਿਹਾ ਝਾਕੀ। ਬੱਚਿਆਂ ਦੀਆਂ ਬਾਹਵਾਂ ਹੇਠਾਂ ਹੋ ਗਈਆਂ ।ਇੱਕ ਦਮ ਨੀਵੀਂ ਪਾਈ ਤੇ ਸ਼ਾਂਤ ਹੋ ਗਏ। ਉਸ ਨੇ ਸਕੂਟੀ ਅੰਦਰ ਕੀਤੀ। ਰੀਤ ਨੇ ਦਰਵਾਜ਼ੇ ਨੂੰ ਜਿੰਦਾ ਲਾਇਆ। ਚਾਬੀ ਸੁਖਮੀਤ ਨੂੰ ਪਰਸ ਵਿੱਚ ਰੱਖਣ ਲੲੀ ਆਖਿਆ। ਪਾਰਕ ਵੱਲ ਤੁਰ ਪਏ। ਬੱਚੇ ਅੱਗੇ ਅੱਗੇ ਉਹ ਦੋਵੇਂ ਪਿੱਛੇ ਪਿੱਛੇ। ਪਾਰਕ ਵਿੱਚ ਪਹੁੰਚ ਕੇ ਬੱਚੇ ਖੇਡਣ ਲੱਗ ਪਏ ਅਤੇ ਸੁਖਮੀਤ ਅਤੇ ਨਵਰੀਤ ਥੋੜ੍ਹਾ ਸਮਾਂ ਬੱਚਿਆਂ ਦੇ ਬਿਲਕੁੱਲ ਨੇੜੇ ਰਹੀਆਂ ਫਿਰ ਇੱਕ ਪਾਸੇ ਬਣੇ ਸੀਮਿੰਟ ਦੇ ਬੈਂਚ ਤੇ ਬੈਠ ਗਈਆਂ।
"ਬੱਚੇ ਕਿੰਨੇ ਪਿਆਰੇ ਲੱਗਦੇ ਨੇ ਹੱਸਦੇ ਖੇਡਦੇ।" ਰੀਤ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ।
"ਮੇਰੇ ਆਲ਼ੇ ਤਾਂ ਪੂਰੀਆਂ ਝਿੰਗਾਂ ਨੇ। ਜਮਾਂ ਨੀ ਕਹਿਣਾ ਮੰਨਦੇ। ਕਦੇ ਕਦੇ ਤਾਂ ਮੇਰਾ ਜੀਅ ਕਰਦਾ ਐ ਇਹਨਾਂ ਨੂੰ ਕਿਸੇ ਹੋਸਟਲ ਵਿੱਚ ਪਾ ਦੇਈਏ।" ਉਸ ਨੇ ਦੁਖੀ ਹੁੰਦਿਆਂ ਕਿਹਾ।
"ਹਾਂ.... ਖਹਿੜਾ ਛੁਡਾਉਣ ਲਈ ਫ਼ਰਜ਼ਾਂ ਤੋਂ ਭੱਜਣ ਲਈ ਖ਼ਿਆਲ ਬੜਾ ਵਧੀਆ ਐ। ਤੈਨੂੰ ਯਾਦ ਐ ਜਦੋਂ ਆਪਾਂ ਸਕੂਲ ਪੜ੍ਹਦੇ ਸੀ ਤਾਂ ਪੜ੍ਹਦੇ ਹੁੰਦੇ ਸੀ ਕਿ ਸ਼ਿਵਾ ਜੀ ਮਰਾਠੇ ਦੀ ਬਹਾਦਰੀ ਦੇ ਪਿੱਛੇ ਉਹਨਾਂ ਦੀ ਮਾਂ ਜੀਜਾਬਾਈ ਦਾ ਬਹੁਤ ਵੱਡਾ ਰੋਲ ਸੀ।" ਰੀਤ ਦਾ ਧਿਆਨ ਬੱਚਿਆਂ ਵੱਲ ਹੀ ਸੀ।
"ਹਾਏ..... ਹਾਏ.... ਮੈਨੂੰ ਤਾਂ ਸਭ ਬੜਾ ਬੋਰਿੰਗ ਲੱਗਦਾ ਐ ਹੁਣ ਵੀ। ਰੱਟੇ ਲਾ ਲਾ ਮਰ ਜਾਂਦੇ। ਫਿਰ ਵੀ ਨੰਬਰ ਘੱਟ ਈ ਆਉਂਦੇ ਹੁੰਦੇ ਸੀ।..... ਤੂੰ ਵੀ ਕਿੱਥੋਂ ਛੇੜ ਕੇ ਬਹਿ ਗੀ... ਕੋਈ ਚੱਜ ਦੀ ਗੱਲ ਕਰ ਅੜੀਏ।" ਸੁਖਮੀਤ ਨੇ ਮੱਥੇ ਤਿਊੜੀ ਪਾਉਂਦਿਆਂ ਕਿਹਾ।
"ਉਦੋਂ ਗੱਲ ਕੁਛ ਹੋਰ ਸੀ ਸਮਝ ਘੱਟ ਸੀ। ਜੇ ਹੁਣ ਪੜ੍ਹ ਕੇ ਦੇਖੀਏ ਤਾਂ ਵੱਖਰੀ ਤਰ੍ਹਾਂ ਮਹਿਸੂਸ ਹੁੰਦਾ ਐ। ਮਾਂ ਕਿੰਨਾ ਕੁਛ ਕਰ ਸਕਦੀ ਐ। ਬਾਬਾ ਫਰੀਦ ਜੀ ਦੀ ਮਾਂ ਨੇ ਕਿਵੇਂ ਬਾਬਾ ਫਰੀਦ ਜੀ ਨੂੰ ਬੰਦਗੀ ਨਾਲ ਜੋੜਿਆ ਸੀ। ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਅੰਦਰ ਭਗਤੀ ਤੇ ਸ਼ਕਤੀ ਕਿਵੇਂ ਕੁੱਟ ਕੁੱਟ ਕੇ ਭਰੀ ਸੀ। ਇਸੇ ਕਰਕੇ ਛੋਟੇ ਸਾਹਿਬਜ਼ਾਦੇ ਉਮਰੋਂ ਨਿੱਕੇ ਹੋ ਕੇ ਵੀ ਬਾਬੇ ਅਖਵਾਏ।" ਰੀਤ ਬਿਲਕੁੱਲ ਸ਼ਾਂਤ ਭਾਵ ਨਾਲ ਗੱਲਾਂ ਕਰ ਰਹੀ ਸੀ।
"ਇਹ ਵੱਡੇ ਲੋਕਾਂ ਦੀਆਂ ਗੱਲਾਂ ਨੇ।" ਸੁਖਮੀਤ ਨੇ ਕਿਹਾ।
"ਹਾਂ..... ਮੈਂ ਤਾਂ ਇਹ ਸੋਚ ਵੀ ਨਹੀਂ ਸਕਦੀ ਕਿ ਆਪਾਂ ਵੀ ਬੱਚਿਆਂ ਨੂੰ ਓਨੇ ਮਹਾਨ ਬਣਾ ਸਕਦੇ ਹਾਂ। ਪਰ ਆਮ ਨੇਕ ਇਨਸਾਨ ਬਣਨ ਵਿੱਚ ਉਹਨਾਂ ਦੀ ਮੱਦਦ ਤਾਂ ਕਰ ਈ ਸਕਦੇ ਹਾਂ।" ਰੀਤ ਗੰਭੀਰ ਸੀ।
"ਵੈਸੇ ਅੱਜ ਕੱਲ੍ਹ ਤੈਨੂੰ ਹੋਇਆ ਕੀ ਐ?" ਸੁਖਮੀਤ ਨੇ ਉਸ ਦੇ ਚਿਹਰੇ ਵੱਲ ਦੇਖਦਿਆਂ ਕਿਹਾ।
"ਹੋਇਆ ਤਾਂ ਕੁਛ ਨੀ... ਖਬਰਾਂ ਪੜ੍ਹ ਸੁਣ ਕੇ ਲੱਗਦਾ ਐ ਬੱਚਿਆਂ ਨੂੰ ਮਾਨਸਿਕ ਤੌਰ ਤੇ ਸ਼ਕਤੀਸ਼ਾਲੀ ਬਣਾਉਣਾ ਬਹੁਤ ਜ਼ਰੂਰੀ ਐ। ਇਹ ਵੱਡੇ ਵੀ ਹੋਣਗੇ। ਘਰੋਂ ਬਾਹਰ ਪੜ੍ਹਨ ਲਈ ਵੀ ਜਾਣਗੇ। ਮਾਪੇ ਹਰ ਕਦਮ 'ਤੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ। ਜੇ ਮਾਨਸਿਕ ਪੱਖੋਂ ਮਜ਼ਬੂਤ ਹੋਣਗੇ ਤਾਂ ਕਿਸੇ ਦੇ ਪਿੱਛੇ ਲੱਗ ਕੇ ਗਲਤ ਰਾਹ ਤੇ ਨਹੀਂ ਜਾਣਗੇ।" ਉਹ ਬੋਲੀ।
"ਕੀ ਕੀਤਾ ਜਾ ਸਕਦਾ ਐ ਫਿਰ? " ਸੁਖਮੀਤ ਨੇ ਪੁੱਛਿਆ।
"ਆਪਣੇ ਸੁਆਦ ਤਿਆਗ ਕੇ ਬੱਚਿਆਂ ਦੇ ਹਰ ਪੱਖੋਂ ਧਿਆਨ ਰੱਖਣਾ ਜ਼ਰੂਰੀ ਹੈ।" ਉਸ ਨੇ ਆਖਿਆ।
"ਸੁਆਦ ਤਿਆਗ ਕੇ ਮਤਲਬ ?" ਸੁਖਮੀਤ ਨੇ ਤਿੱਖੀ ਜਿਹੀ ਨਜ਼ਰ ਨਾਲ ਰੀਤ ਵੱਲ ਦੇਖਦਿਆਂ ਪੁੱਛਿਆ।
"ਜਿਵੇਂ ਤੈਨੂੰ ਸੀਰੀਅਲ ਦੇਖਣ ਦਾ ਚਸਕਾ ਲੱਗਿਆ ਹੋਇਆ। ਇਹਦੇ ਵਿੱਚ ਕਿੰਨਾ ਸਮਾਂ ਬਰਬਾਦ ਹੁੰਦਾ ਐ। ਜੇ ਦੇਖਣਾ ਵੀ ਐ ਤਾਂ ਉਸ ਸਮੇਂ ਦੇਖ ਲਵੋ ਜਦੋਂ ਬੱਚੇ ਸਕੂਲ ਗਏ ਹੋਣ।" ਉਹ ਬੋਲੀ।
"ਰੀਤ! ਤੂੰ ਸਕੂਲ ਖੋਲ੍ਹ ਲੈ ਬੁੜ੍ਹੀਆਂ ਨੂੰ ਪੜ੍ਹਾਉਣ ਲਈ।" ਸੁਖਮੀਤ ਸ਼ਾਇਦ ਗੰਭੀਰ ਨਹੀਂ ਸੀ।
"ਮੈਂ ਸੱਚੀ ਕਹਿ ਰਹੀ ਆਂ। ਹੁਣ ਇਹਨਾਂ ਦੀਆਂ ਨੀਂਹਾਂ ਮਜ਼ਬੂਤ ਕਰਨ ਦਾ ਸਮਾਂ ਐ। ਮੈਨੂੰ ਪਤੈ ਕਿ ਆਪਾਂ ਨੂੰ ਐਨਾ ਗਿਆਨ ਨਹੀਂ ਕਿ ਬੱਚਿਆਂ ਵਿੱਚ ਚੰਗੇ ਸੰਸਕਾਰ ਕਿਵੇਂ ਭਰੀਏ। ਪਰ ਜਿਹੜੀਆਂ ਕਿਤਾਬਾਂ ਬੱਚਿਆਂ ਲਈ ਲਿਖੀਆਂ ਗਈਆਂ ਉਹ ਤਾਂ ਇਹਨਾਂ ਨੂੰ ਪੜ੍ਹਨ ਦੀ ਚੇਟਕ ਲਾ ਸਕਦੇ ਆਂ।"
"ਮੈਨੂੰ ਲੱਗਦਾ ਤੈਨੂੰ ਕਿਤਾਬਾਂ ਨਾਲ ਇਸ਼ਕ ਹੋ ਗਿਆ। ਤੇਰੀ ਹਰ ਗੱਲ ਕਿਤਾਬਾਂ ਤੇ ਆ ਕੇ ਮੁੱਕਦੀ ਹੈ। ਤੂੰ ਚਾਹੁੰਨੀ ਐਂ ਮੈਂ ਵੀ ਤੇਰੇ ਵਾਂਗ ਅੱਧੀ ਪਾਗਲ ਹੋ ਜਾਵਾਂ। " ਸੁਖਮੀਤ ਨੇ ਬੁੱਲ੍ਹ ਮਰੋੜਦਿਆਂ ਕਿਹਾ।
"ਸੁਖਮੀਤ! ਇੱਕ ਵਾਰ ਗੰਭੀਰ ਹੋ ਕੇ ਸੋਚਣਾ..... 'ਕੱਲੇ ਅਧਿਆਪਕ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ.... ਆਪਾਂ ਵੀ ਅਵੇਸਲੇ ਨਹੀਂ ਹੋ ਸਕਦੇ। ਜੇ ਆਪਾਂ ਹੁਣ ਲਾਪਰਵਾਹੀ ਵਰਤੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਾਂਗੇ। ਹੁਣ ਵੇਲਾ ਹੈ ਫਿਰ ਕੁਵੇਲੇ ਦੀਆਂ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੋਣਾ।" ਰੀਤ ਦੇ ਦਿਮਾਗ਼ ਵਿੱਚ ਸਮਾਜ ਅੰਦਰ ਫੈਲ ਰਹੀਆਂ ਬੁਰਾਈਆਂ ਘੁੰਮ ਰਹੀਆਂ ਸਨ। ਉਸ ਦੀ ਇਹੀ ਕੋਸ਼ਿਸ਼ ਸੀ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਜਾਵੇ। ਸੁਖਮੀਤ ਆਪਣੇ ਮੋਬਾਇਲ ਤੇ ਲੱਗੀ ਹੋਈ ਸੀ। ਰੀਤ ਚੁੱਪ ਕਰ ਗਈ ਅਤੇ ਉਸ ਨੂੰ ਦੇਖ ਕੇ ਖੜ੍ਹੀ ਹੋ ਗਈ।
"ਚਲੋ ਚਲਦੇ ਆਂ ਘਰ.... ਜਸ਼ਨ ਦੇ ਪਾਪਾ ਵੀ ਆਉਣ ਵਾਲੇ ਐ।" ਇਹ ਸੁਣ ਕੇ ਸੁਖਮੀਤ ਵੀ ਉੱਠ ਖੜ੍ਹੀ ਹੋਈ। ਬੱਚੇ ਥੋੜ੍ਹਾ ਸਮਾਂ ਹੋਰ ਰੁਕਣ ਲਈ ਆਖ ਰਹੇ ਸਨ। ਜਦੋਂ ਰੁਕਣ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਵੀ ਢਿੱਲੇ ਜਿਹੇ ਮੂੰਹ ਕਰਕੇ ਅੱਗੇ ਅੱਗੇ ਤੁਰ ਪਏ।
"ਰੀਤ ਤੂੰ ਐਨੀ ਟੈਂਸ਼ਨ ਨਾ ਲੈ। ਜੋ ਬਾਕੀ ਦੁਨੀਆਂ ਦਾ ਬਣੂ ਆਪਣਾ ਬਣ ਜੂ।" ਸੁਖਮੀਤ ਨੇ ਕਿਹਾ। ਰੀਤ ਦੇ ਜਵਾਬ ਦੇਣ ਤੋਂ ਪਹਿਲਾਂ ਇੱਕ ਮੋਟਰਸਾਈਕਲ 'ਤੇ ਸਵਾਰ ਤਿੰਨ ਮੁੰਡੇ ਐਨੀ ਤੇਜ਼ੀ ਨਾਲ ਆਏ ਇੱਕ ਵਾਰ ਤਾਂ ਇਸ ਤਰ੍ਹਾਂ ਲੱਗਿਆ ਕਿ ਉਹ ਸਭ ਨੂੰ ਨਾਲ ਹੀ ਲਪੇਟ ਕੇ ਲੈ ਜਾਣਗੇ। ਰੀਤ ਤੇ ਸੁਖਮੀਤ ਨੇ ਬੱਚਿਆਂ ਨੂੰ ਬਾਹਵਾਂ ਫੜ ਕੇ ਪਾਸੇ ਕੀਤਾ। ਬੱਚੇ ਵੀ ਥੋੜ੍ਹਾ ਸਹਿਮ ਗਏ। ਮੋਟਰਸਾਈਕਲ ਸਵਾਰ ਉਹਨਾਂ ਦੀ ਘਬਰਾਹਟ ਦੇਖ ਕੇ ਹੱਸਦੇ ਰੌਲਾ ਪਾਉਂਦੇ ਨ੍ਹੇਰੀ ਵਾਂਗ ਲੰਘ ਗਏ।
"ਜਿਹਨਾਂ ਨੂੰ ਚੰਗੇ ਸੰਸਕਾਰ ਨਹੀਂ ਮਿਲਦੇ... ਉਹ ਬੱਚੇ ਏਦਾਂ ਦੇ ਹੀ ਬਣਦੇ ਨੇ।" ਰੀਤ ਨੇ ਕਿਹਾ।
"ਇਹ ਉਮਰ ਹੀ ਜੋਸ਼ ਵਾਲੀ ਹੁੰਦੀ ਐ।" ਸੁਖਮੀਤ ਵੀ ਸਹਿਮੀ ਹੋਈ ਸੀ ਫਿਰ ਵੀ ਉਸ ਨੇ ਮੁੰਡਿਆਂ ਦੇ ਪੱਖ ਵਿੱਚ ਦਲੀਲ ਦਿੱਤੀ।
"ਜੇ ਚੰਗੀ ਸਿੱਖਿਆ ਮਿਲੀ ਹੋਵੇ ਜੋਸ਼ ਸਿੱਧੇ ਕੰਮਾਂ ਵਿੱਚ ਵੀ ਵਰਤਿਆ ਜਾ ਸਕਦਾ ਐ।" ਰੀਤ ਥੋੜ੍ਹੀ ਤਿੱਖੀ ਸੁਰ ਵਿੱਚ ਬੋਲੀ। ਗੱਲਾਂ ਕਰਦਿਆਂ ਉਹ ਘਰ ਪਹੁੰਚ ਗਏ। ਸੁਖਮੀਤ ਨੇ ਪਰਸ ਵਿੱਚੋਂ ਚਾਬੀ ਕੱਢ ਕੇ ਰੀਤ ਨੂੰ ਫੜਾਈ ਉਸ ਨੇ ਜਿੰਦਾ ਖੋਲ੍ਹਿਆ। ਸੁਖਮੀਤ ਨੇ ਸਕੂਟੀ ਦੀ ਟੋਕਰੀ ਵਿੱਚੋਂ ਕਿਤਾਬਾਂ ਕੱਢ ਕੇ ਰੀਤ ਨੂੰ ਫੜਾਈਆਂ।ਉਸ ਨੇ ਚੁੱਪ ਕਰਕੇ ਫੜ ਲੲੀਆਂ।
"ਥੋੜ੍ਹੀ ਥੋੜ੍ਹੀ ਚਾਹ ਬਣਾਵਾਂ ? ਰੀਤ ਨੇ ਪੁੱਛਿਆ।
"ਨਹੀਂ ਹੁਣ ਚਲਦੇ ਆਂ।" ਆਖਦਿਆਂ ਉਹ ਬੱਚਿਆਂ ਨੂੰ ਲੈ ਕੇ ਚਲੀ ਗਈ। ਨਵਰੀਤ ਦੇ ਚਿਹਰੇ ਤੇ ਥੋੜ੍ਹੀ ਨਿਰਾਸ਼ਾ ਸੀ। ਉਸ ਨੇ ਕਿਤਾਬਾਂ ਅੰਦਰ ਲਿਜਾ ਕੇ ਰੱਖ ਦਿੱਤੀਆਂ ਅਤੇ ਰਸੋਈ ਵਿੱਚ ਚਲੀ ਗਈ।
ਘਰ ਜਾ ਕੇ ਸੁਖਮੀਤ ਨੇ ਸਾਰੀਆਂ ਗੱਲਾਂ ਆਪਣੇ ਪਤੀ ਦਿਲਜੀਤ ਨੂੰ ਦੱਸੀਆਂ। ਜਦੋਂ ਉਸ ਨੇ ਦੱਸਿਆ ਕਿ ਮੈਂ ਰੀਤ ਨੂੰ ਕਿਹਾ ' ਜੋ ਦੁਨੀਆਂ ਦਾ ਬਣੂ ਆਪਣਾ ਬਣ ਜੂ ਟੈਂਸ਼ਨ ਕਿਉਂ ਲੈਣੀ ਐ'। ਦਿਲਜੀਤ ਨੇ ਉਸ ਦੇ ਮੂਹਰੇ ਅਖ਼ਬਾਰ ਰੱਖ ਦਿੱਤਾ ਉਸ ਦੇ ਪਹਿਲੇ ਸਫ਼ੇ ਤੇ ਹੀ ਨਸ਼ੇ ਨਾਲ ਮੌਤਾਂ, ਖੁਦਕੁਸ਼ੀਆਂ, ਮਾਰ ਧਾੜ ਦੀਆਂ ਦਿਲ ਕੰਬਾਊ ਖਬਰਾਂ ਸਨ।
"ਦੁਨੀਆਂ ਵਿੱਚ ਤਾਂ ਆਹ ਸਾਰਾ ਕੁਛ ਹੋ ਰਿਹਾ ਐ।" ਦਿਲਜੀਤ ਨੇ ਉਸ ਨੂੰ ਖਬਰਾਂ ਦਿਖਾਉਂਦਿਆਂ ਆਖਿਆ।
"ਕੀ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਦੇ ਬਣਾਉਣਾ ਐ.........." ਸੁਖਮੀਤ ਨੇ ਦਿਲਜੀਤ ਦੇ ਮੂੰਹ 'ਤੇ ਹੱਥ ਰੱਖ ਕੇ ਉਸ ਨੂੰ ਅੱਗੇ ਬੋਲਣ ਤੋਂ ਰੋਕਿਆ। ਉਸ ਦਾ ਚਿਹਰਾ ਇੱਕ ਦਮ ਉੱਤਰ ਗਿਆ। ਚੁੱਪ ਕਰਕੇ ਆਪਣੇ ਕੰਮਾਂ ਨੂੰ ਜਾ ਲੱਗੀ। ਦਿਲਜੀਤ ਹੋਰ ਵੀ ਬੜਾ ਕੁਝ ਆਖਣਾ ਚਾਹੁੰਦਾ ਸੀ। ਪਰ ਪਤਨੀ ਦਾ ਉਤਰਿਆ ਚਿਹਰਾ ਦੇਖ ਕੇ ਚੁੱਪ ਕਰ ਗਿਆ।
..........
"ਹੈਲੋ ਰੀਤ! ਕੀ ਮੈਂ ਬੱਚਿਆਂ ਨੂੰ ਲੈ ਕੇ ਤੇਰੇ ਘਰ ਆ ਸਕਦੀ ਆਂ?" ਸੁਖਮੀਤ ਨੇ ਅਗਲੇ ਦਿਨ ਸਵੇਰੇ ਦਸ ਕੁ ਵਜੇ ਹੀ ਫੋਨ ਲਾ ਲਿਆ।
"ਹਾਂ.... ਹਾਂ....... ਪੁੱਛਣ ਵਾਲੀ ਕੀ ਗੱਲ ਐ? ਪਰ ਸਭ ਠੀਕ ਐ ਨਾ? " ਉਸ ਨੇ ਫਿਕਰਮੰਦ ਹੁੰਦਿਆਂ ਪੁੱਛਿਆ।
"ਅਸੀਂ ਆ ਰਹੇ ਆਂ.... ਆ ਕੇ ਗੱਲ ਕਰਦੀ ਆਂ।" ਆਖ ਕੇ ਉਸ ਨੇ ਫੋਨ ਕੱਟ ਦਿੱਤਾ। ਰੀਤ ਉੱਠ ਕੇ ਅੰਦਰੋਂ ਦੋ ਕੁਰਸੀਆਂ ਚੁੱਕ ਲਿਆਈ। ਦਸੰਬਰ ਮਹੀਨਾ ਹੋਣ ਕਰਕੇ ਉਹ ਧੁੱਪੇ ਹੀ ਵਿਹੜੇ ਵਿੱਚ ਬੈਠਦੇ ਸਨ। ਥੋੜ੍ਹੀ ਦੇਰ ਬਾਅਦ ਸੁਖਮੀਤ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਆ ਗਈ।
"ਸੁੱਖ ਤਾਂ ਹੈ? " ਨਵਰੀਤ ਨੇ ਪੁੱਛਿਆ।
"ਹਾਂ.... ਪਰ ਮੈਨੂੰ ਚਿੰਤਾ ਹੋ ਰਹੀ ਹੈ।" ਉਸ ਨੇ ਦੱਸਿਆ।
"ਕਿਉਂ ਕੀ ਹੋਇਆ? " ਰੀਤ ਨੇ ਸਹਿਜੇ ਹੀ ਪੁੱਛਿਆ।
ਰੀਤ ਨੇ ਸੁਖਮੀਤ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਕੋਲ ਬਿਠਾ ਦਿੱਤਾ ਅਤੇ ਆਪ ਉਸ ਕੋਲ ਬੈਠ ਗਈ।
"ਕੱਲ੍ਹ ਮੈਂ ਤੇਰੀਆਂ ਕਹੀਆਂ ਗੱਲਾਂ ਦਿਲਜੀਤ ਨੂੰ ਦੱਸੀਆਂ। ਉਹਨਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਕਹਿੰਦੇ... ਆਉਣ ਵਾਲੇ ਸਮੇਂ ਵਿੱਚ ਉਹੀ ਜਵਾਕ ਬਚ ਸਕਦੇ ਹਨ ਜਿਹੜੇ ਠੀਕ ਗਲਤ ਦਾ ਫ਼ਰਕ ਸਮਝ ਸਕਦੇ ਹੋਣਗੇ।" ਉਹ ਚੁੱਪ ਹੋ ਗਈ।
"ਹਾਂ ਇਹ ਤਾਂ ਹੈ। " ਰੀਤ ਨੇ ਹਾਮੀ ਭਰੀ।
"ਉਹ ਕਹਿੰਦੇ ਰੀਤ ਬਿਲਕੁੱਲ ਸਹੀ ਪਾਸੇ ਲਾ ਰਹੀ ਐ ਬੱਚਿਆਂ ਨੂੰ....ਬਹੁਤੀਆਂ ਗੱਲਾਂ ਕੀ ਆਖਣੀਆਂ ਮੈਨੂੰ ਇਹ ਦੱਸ ਦੇ ਜਵਾਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਕਿਵੇਂ ਪਾਵਾਂ?" ਸੁਖਮੀਤ ਨੇ ਕਾਹਲ਼ੀ ਵਿੱਚ ਮੁੱਦੇ ਦੀ ਗੱਲ ਦੱਸੀ।
"ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੱਚੇ ਕਹੀ ਹੋਈ ਗੱਲ ਨਹੀਂ ਮੰਨਦੇ..... ਉਹ ਜੋ ਹਰ ਰੋਜ਼ ਦੇਖਦੇ ਨੇ ਉਹੀ ਅਪਣਾ ਲੈਂਦੇ ਨੇ।" ਰੀਤ ਨੇ ਕਿਹਾ।
"ਬਸ ਮੈਨੂੰ ਦੱਸ ਦੇ.... ਮੈਂ ਕੀ ਕਰਾਂ? " ਸੁਖਮੀਤ ਬੋਲੀ।
"ਵੈਸੇ ਮੈਂ ਇੱਕ ਗੱਲ ਪੁੱਛਾਂ ਤੈਨੂੰ? ਰੀਤ ਬੋਲੀ।
"ਹਾਂ...।"
"ਮੈਂ ਤੈਨੂੰ ਅੱਗੇ ਵੀ ਕਈ ਵਾਰ ਕਿਤਾਬਾਂ ਪੜ੍ਹਨ ਨੂੰ ਕਿਹਾ। ਤੂੰ ਗੱਲ ਨੂੰ ਸੁਣਦੀ ਨਹੀਂ ਸੀ ਤੇ ਮੈਨੂੰ ਵੀ ਮਜ਼ਾਕ ਕਰਦੀ ਸੀ। ਹੁਣ ਇਹੋ ਜਿਹਾ ਕੀ ਹੋਇਆ? ਤੈਨੂੰ ਐਨੀ ਕਾਹਲੀ ਲੱਗੀ ਹੋਈ ਐ।" ਸੁਖਮੀਤ ਗੰਭੀਰ ਸੀ ਰੀਤ ਨੇ ਉਸ ਦੇ ਸੱਜੇ ਹੱਥ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਲੈ ਲਿਆ। ਉਸ ਦੇ ਹੱਥ ਨੂੰ ਥਾਪੜਦਿਆਂ ਇਸ਼ਾਰੇ ਨਾਲ ਗੱਲ ਦੱਸਣ ਲਈ ਕਿਹਾ।
"ਜੇ ਸੱਚ ਪੁੱਛੇਂ ਤਾਂ ਮੈਂ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਇਹ ਸਭ। ਕੱਲ੍ਹ ਤੇਰੀਆਂ ਗੱਲਾਂ ਦਾ ਥੋੜ੍ਹਾ ਕੁ ਅਸਰ ਹੋਇਆ। ਫਿਰ ਨੀਟੂ ਦੇ ਪਾਪਾ ਨੇ ਜੋ ਦੱਸਿਆ। ਅੱਜ ਸਵੇਰੇ ਮਾਮਾ ਜੀ ਦੀ ਕੁੜੀ ਦਾ ਫੋਨ ਆਇਆ। ਉਸ ਦਾ ਬੇਟਾ ਬੱਬੂ ਕਿਸੇ ਚੰਦਰੇ ਨੇ ਨਸ਼ੇ ਕਰਨ ਲਾ ਦਿੱਤਾ। ਨਸ਼ੇ ਕਰਨ ਵਾਲਿਆਂ ਦੀ ਉਮਰ.... ਕਹਿੰਦੇ ਨੇ ਚਾਰ ਪੰਜ ਸਾਲ ਈ ਹੁੰਦੀ ਐ। ਉਹਨਾਂ ਨੇ ਮਸਾਂ ਸੁੱਖਾਂ ਸੁੱਖ ਕੇ ਪੁੱਤਰ ਲਿਆ ਸੀ।" ਉਹ ਰੋ ਪਈ।
"ਆਪਾਂ ਦੂਜਿਆਂ ਨੂੰ ਦੋਸ਼ ਨਾ ਦੇਈਏ.... ਇਸ ਦਾ ਮਤਲਬ ਬੱਬੂ ਮਾਨਸਿਕ ਤੌਰ ਤੇ ਕਮਜ਼ੋਰ ਹੋਊ ਇਸ ਲਈ ਕਿਸੇ ਦੀਆਂ ਗੱਲਾਂ ਵਿੱਚ ਆ ਗਿਆ। ਨਹੀਂ ਤਾਂ ਸਭ ਨੂੰ ਪਤਾ ਐ ਨਸ਼ੇ ਦੀ ਦਲਦਲ ਵਿੱਚ ਫਸਿਆਂ ਦਾ ਕੀ ਹਸ਼ਰ ਹੁੰਦਾ ਐ।..... ਚਲ ਠੀਕ ਐ.. ਇਹ ਗੱਲਾਂ ਫਿਰ ਕਰਾਂਗੇ, ਹੁਣ ਬੱਚਿਆਂ ਕੋਲ ਚਲਦੇ ਆਂ।" ਰੀਤ ਨੇ ਖੜ੍ਹੇ ਹੁੰਦਿਆਂ ਕਿਹਾ। ਉਹ ਬੱਚਿਆਂ ਕੋਲ ਹੇਠਾਂ ਵਿਛੀ ਦਰੀ ਤੇ ਹੀ ਬੈਠ ਗਈ। ਸੁਖਮੀਤ ਨੂੰ ਕੁਰਸੀ ਤੇ ਬੈਠਣ ਲਈ ਕਿਹਾ।
"ਨਹੀਂ.... ਮੈਂ ਵੀ ਹੇਠਾਂ ਈ ਬੈਠਦੀ ਆਂ।" ਸੁਖਮੀਤ ਨੇ ਦਰੀ ਤੇ ਬੈਠਦਿਆਂ ਕਿਹਾ। ਉਸ ਨੇ ਕੰਧ ਨਾਲ ਢੋਅ ਲਾ ਕੇ ਸੂਰਜ ਵੱਲ ਮੂੰਹ ਕਰਕੇ ਅੱਖਾਂ ਬੰਦ ਕਰ ਲਈਆਂ। ਅੱਜ ਉਸ ਨੂੰ ਇਸ ਤਰ੍ਹਾਂ ਕਰਦਿਆਂ ਰੰਗ ਕਾਲਾ ਹੋਣ ਦਾ ਫ਼ਿਕਰ ਨਹੀਂ ਸੀ।
"ਬੱਚਿਓ.... ਅੱਜ ਤੁਹਾਨੂੰ ਸੁਖਮੀਤ ਮਾਸੀ ਕਹਾਣੀ ਪੜ੍ਹ ਕੇ ਸੁਣਾਉਣਗੇ।" ਰੀਤ ਨੇ ਆਖਿਆ।
"ਮਾਸੀ? " ਰੀਤ ਦੇ ਬੱਚੇ 'ਕੱਠੇ ਈ ਬੋਲੇ।
"ਹਾਂ ਜੀ...... ਮੇਰੀ ਭੈਣ ਵਰਗੀ ਸਹੇਲੀ ਮਾਸੀ ਈ ਹੋਈ ਫਿਰ।" ਸੁਖਮੀਤ ਨੇ ਅੱਖਾਂ ਖੋਲ੍ਹੀਆਂ ਰੀਤ ਨੇ ਕਿਤਾਬ ਉਸ ਨੂੰ ਫੜਾਈ।
"ਰੀਤ ਤੂੰ ਸੁਣਾ ਕਹਾਣੀ.... ਮੇਰਾ ਮਨ ਨਹੀਂ ਕਰਦਾ।" ਉਸ ਨੇ ਅੱਖਾਂ ਫੇਰ ਬੰਦ ਕਰ ਲਈਆਂ।
"ਇਹ ਤੇਰਾ ਪਹਿਲਾ ਸਬਕ ਐ।" ਰੀਤ ਨੇ ਕਿਹਾ। ਸੁਖਮੀਤ ਪੜ੍ਹਨ ਲੱਗੀ। ਉਸ ਦੇ ਬੱਚੇ ਇੱਕ ਦੂਜੇ ਦੇ ਕੂਹਣੀਆਂ ਮਾਰ ਰਹੇ ਸਨ ਤੇ ਕਦੇ ਕਦੇ ਮੂੰਹ ਤੇ ਹੱਥ ਰੱਖ ਕੇ ਹੱਸਦੇ। ਸੁਖਮੀਤ ਨੇ ਪੜ੍ਹਨਾ ਬੰਦ ਕਰ ਦਿੱਤਾ ਅਤੇ ਉਹਨਾਂ ਵੱਲ ਘੂਰੀ ਵੱਟੀ। ਰੀਤ ਨੇ ਉਸ ਦੇ ਮੋਢੇ ਤੇ ਰੱਖ ਦਿੱਤਾ। ਇਹ ਸੁਖਮੀਤ ਲੲੀ ਰੁਕਣ ਦਾ ਇਸ਼ਾਰਾ ਸੀ। ਉਹ ਅੰਦਰੋਂ ਇੱਕ ਕਾਗਜ਼ ਤੇ ਪੈਨਸਿਲ ਲੈ ਆਈ। ਕਾਗਜ਼ ਦੇ ਵਿਚਕਾਰ ਲਾਈਨ ਲਾ ਕੇ ਇੱਕ ਪਾਸੇ ਚੰਗਾ, ਦੂਜੇ ਪਾਸੇ ਬੁਰਾ ਲਿਖ ਦਿੱਤਾ।
"ਹੁਣ ਜਦੋਂ ਵੀ ਕਿਸੇ ਵੀ ਬੱਚੇ ਨੇ ਕੋਈ ਸ਼ਰਾਰਤ ਕੀਤੀ ਤਾਂ ਬੁਰੇ ਦੇ ਹੇਠ ਉਸ ਦਾ ਨਾਂ ਲਿਖਿਆ ਜਾਵੇਗਾ। ਜਿਹੜੇ ਬੱਚੇ ਦਾ ਨਾਂ ਬੁਰੇ ਵਾਲੇ ਪਾਸੇ ਆ ਗਿਆ.... ਸਮਝ ਲੈਣਾ ਕਿ ਉਸ ਦੀਆਂ ਆਦਤਾਂ ਬੁਰੀਆਂ ਨੇ। ਮੈਨੂੰ ਲੱਗਦਾ ਤੁਸੀਂ ਸਾਰੇ ਬਹੁਤ ਚੰਗੇ ਓ, ਕੋਈ ਵੀ ਸ਼ਰਾਰਤ ਨਹੀਂ ਕਰੋਗੇ।" ਇਹ ਆਖ ਕੇ ਉਸ ਨੇ ਸੁਖਮੀਤ ਨੂੰ ਅੱਗੇ ਪੜ੍ਹਨ ਲਈ ਆਖਿਆ। ਸੁਖਮੀਤ ਨੇ ਪੜ੍ਹਨਾ ਸ਼ੁਰੂ ਕੀਤਾ। ਬੱਚੇ ਚੁੱਪ ਕਰਕੇ ਸੁਣਨ ਲੱਗੇ। ਜਦੋਂ ਕਹਾਣੀ ਖ਼ਤਮ ਹੋਈ ਤਾਂ ਰੀਤ ਦੀ ਬੇਟੀ ਜਸ਼ਨ ਨੇ ਕਿਹਾ, " ਮੰਮੀ ਮੈਂ ਇਹ ਕਹਾਣੀ ਮੂੰਹ ਜ਼ੁਬਾਨੀ ਸੁਣਾਵਾਂ?" ਬੇਟੇ ਅਨੂਪ ਨੇ ਮਾਣ ਨਾਲ ਕਿਹਾ, ਮੈਂ ਵੀ ਸੁਣਾ ਸਕਦਾ ਹਾਂ।" ਸੁਖਮੀਤ ਨੇ ਆਪਣੇ ਬੱਚਿਆਂ ਨੂੰ ਪੁੱਛਿਆ, "ਤੁਸੀਂ ਸੁਣਾ ਸਕਦੇ ਓ?" ਬੱਚਿਆਂ ਨੇ ਕੋਈ ਜਵਾਬ ਨਾ ਦਿੱਤਾ।
"ਹਾਂ ਜੀ... ਨੀਟੂ ਤੇ ਚਿੰਕੀ ਵੀ ਸੁਣਾ ਸਕਦੇ ਨੇ। ਪਹਿਲਾਂ ਅਨੂਪ ਤੇ ਜਸ਼ਨ ਸੁਣਾਉਣਗੇ।" ਰੀਤ ਬੋਲੀ।
ਇਹ ਸਿਲਸਿਲਾ ਚਲਦਾ ਰਿਹਾ। ਅਨੂਪ ਅਤੇ ਜਸ਼ਨ ਨੇ ਥੋੜ੍ਹੇ ਸ਼ਬਦਾਂ ਵਿੱਚ ਕਹਾਣੀ ਸੁਣਾ ਦਿੱਤੀ। ਉਸ ਤੋਂ ਬਾਅਦ ਨੀਟੂ ਤੇ ਚਿੰਕੀ ਨੇ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਰੀਤ ਨੇ ਬੱਚਿਆਂ ਨੂੰ ਕੋਈ ਵੀ ਕਵਿਤਾ ਸੁਣਾਉਣ ਲਈ ਕਿਹਾ। ਸਾਰਿਆਂ ਨੇ ਸੁਣਾ ਦਿੱਤੀਆਂ। ਤਾੜੀਆਂ ਮਾਰੀਆਂ ਗਈਆਂ। ਸੁਖਮੀਤ ਠੀਕ ਮਹਿਸੂਸ ਕਰ ਰਹੀ ਸੀ। ਇਸ ਸਾਰੇ ਕੰਮ ਨੂੰ ਤਕਰੀਬਨ ਦੋ ਘੰਟੇ ਲੱਗ ਗਏ। ਰੀਤ ਥੋੜ੍ਹਾ ਖਾਣ ਪੀਣ ਦਾ ਸਮਾਨ ਲੈ ਆਈ।
"ਹੁਣ ਅਸੀਂ ਚੱਲਦੇ ਆਂ...ਬਹੁਤ ਵਧੀਆ ਲੱਗਿਆ। ਇੱਕ ਨਵੀਂ ਆਸ ਬੱਝੀ।" ਇਹ ਕਹਿੰਦਿਆਂ ਉਸ ਨੇ ਰੀਤ ਨੂੰ ਘੁੱਟ ਕੇ ਜੱਫੀ ਪਾਈ ਤੇ ਧੰਨਵਾਦ ਕੀਤਾ।
"ਮੈਨੂੰ ਵੀ ਵਧੀਆ ਮਹਿਸੂਸ ਹੋਇਆ। ਛੁੱਟੀ ਵਾਲੇ ਦਿਨ ਆ ਜਾਇਆ ਕਰ ਬੱਚਿਆਂ ਨੂੰ ਲੈ ਕੇ।" ਰੀਤ ਨੇ ਕਿਹਾ।
"ਅੱਜ ਰਾਤ ਨੂੰ ਤੁਸੀਂ ਮੰਮੀ ਨੂੰ ਕਹਾਣੀ ਪੜ੍ਹ ਕੇ ਸੁਣਾਉਣੀ ਐ.... ਫਿਰ ਤੁਸੀਂ ਮੰਮੀ ਤੋਂ ਮੂੰਹ ਜ਼ੁਬਾਨੀ ਸੁਣਨੀ ਅਤੇ ਮੈਨੂੰ ਫੋਨ ਕਰਕੇ ਦੱਸਣਾ ਕਿ ਇਹਦੇ ਤੋਂ ਸੁਣਾਈ ਗਈ ਕਿ ਨਾ।" ਰੀਤ ਨੇ ਨੀਟੂ ਤੇ ਚਿੰਕੀ ਦਾ ਹੱਥ ਫੜ ਕੇ ਕਿਹਾ। ਦੋਵੇਂ ਬੱਚੇ ਖੁਸ਼ ਹੋ ਗਏ। ਤਿੰਨੇ ਜਣੇ ਖੁਸ਼ੀ ਖੁਸ਼ੀ ਆਪਣੇ ਘਰ ਚਲੇ ਗਏ। ਰੀਤ ਕੰਮ ਧੰਦੇ ਨਿਪਟਾਉਣ ਲੱਗੀ।
ਰਾਤ ਨੂੰ ਅੱਠ ਕੁ ਵਜੇ ਚਿੰਕੀ ਦਾ ਫੋਨ ਆਇਆ।
"ਆਂਟੀ ਅਸੀਂ ਕਹਾਣੀ ਪੜ੍ਹੀ ਸੀ। ਮੰਮੀ ਨੇ ਮੂੰਹ ਜ਼ੁਬਾਨੀ ਸੁਣਾ ਦਿੱਤੀ ਸਾਰੀ ਕਹਾਣੀ।"
"ਅੱਛਾ ਜੀ! ਵਾਹ ਜੀ ਵਾਹ!!" ਰੀਤ ਨੇ ਖੁਸ਼ ਹੁੰਦਿਆਂ ਕਿਹਾ।
"ਆਂਟੀ! ਪਾਪਾ ਭੁੱਲ ਗਏ ਸੀ ਵਿੱਚੋਂ... ਪਾਪਾ ਤੋਂ ਵੀ ਸੁਣੀ ਸੀ।" ਨੀਟੂ ਬੋਲਿਆ। ਸੁਖਮੀਤ ਨੇ ਬੱਚਿਆਂ ਤੋਂ ਫੋਨ ਫੜ ਲਿਆ।
"ਭੁੱਲੇ ਕਾਹਨੂੰ ਸੀ ਉਹਨਾਂ ਸਿਰਫ਼ ਬੱਚਿਆਂ ਨੂੰ ਖੁਸ਼ ਕਰਨ ਲਈ ਭੁੱਲਣ ਦਾ ਨਾਟਕ ਕੀਤਾ ਸੀ। ਅੱਜ ਸਾਡੇ ਬੱਚਿਆਂ ਨੇ ਟੀ ਵੀ ਲਾਉਣ ਦੀ ਜ਼ਿੱਦ ਨਹੀਂ ਕੀਤੀ।" ਉਸ ਨੇ ਹੌਲੀ ਜਿਹੀ ਦੱਸਿਆ।
"ਤੇਰੇ ਸੀਰੀਅਲ? "ਰੀਤ ਨੇ ਪੁੱਛਿਆ।
"ਮੇਰਾ ਵੀ ਦਿਲ ਨਹੀਂ ਕੀਤਾ।" ਉਸ ਨੇ ਦੱਸਿਆ।
"ਸੁਖਮੀਤ ਮੇਰੀ ਗੱਲ ਧਿਆਨ ਨਾਲ ਸੁਣ... ਹੁਣ ਦਸੰਬਰ ਦੀਆਂ ਛੁੱਟੀਆਂ ਹੋ ਜਾਣੀਆਂ ਅਗਲੇ ਹਫ਼ਤੇ। ਤੂੰ ਦੋ ਕੁ ਦਿਨ ਬੱਚਿਆਂ ਨੂੰ ਲੈ ਕੇ ਆ ਜਾਣਾ। ਆਪਣੇ ਪੰਜਾਬ ਦੀ ਧਰਤੀ ਤੇ ਅਸਮਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਪਿਆਰੇ ਸਿੱਖਾਂ ਦੀ ਕੁਰਬਾਨੀ ਦੀਆਂ ਗੂੰਜਾਂ ਪੈਂਦੀਆਂ ਨੇ। ਇਹ ਸਮਾਂ ਇਹੋ ਜਿਹਾ ਹੁੰਦਾ ਕਿ ਹਰ ਬੰਦੇ ਦਾ ਸਿਰ ਝੁਕਦਾ, ਅੱਖਾਂ ਛਲਕਦੀਆਂ ਨੇ। ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਚਾਰ ਸਾਹਿਬਜ਼ਾਦਿਆਂ ਦੇ ਹੌਂਸਲੇ ਤੇ ਕੁਰਬਾਨੀ ਬਾਰੇ ਦੱਸ ਕੇ ਉਹਨਾਂ ਅੰਦਰ ਹੋਰ ਜਾਣਨ ਦੀ ਇੱਛਾ ਜਗਾਈ ਜਾ ਸਕਦੀ ਹੈ।" ਰੀਤ ਨੇ ਕਿਹਾ। ਪਰ ਦੂਜੇ ਪਾਸਿਓਂ ਕੋਈ ਹੁੰਗਾਰਾ ਨਹੀਂ ਸੀ।
"ਹੈਲੋ... ਸੁਖਮੀਤ...।"
"ਹਾਂ.... ਹਾਂ.... ਮੈਂ ਸੁਣ ਰਹੀ ਆਂ।" ਸੁਖਮੀਤ ਬੋਲੀ।
"ਇਹਨਾਂ ਦਿਨਾਂ ਵਿੱਚ ਹਵਾ, ਪਾਣੀ, ਰੁੱਖ, ਵੇਲ ਬੂਟੇ, ਪੰਛੀ, ਜਨੌਰ ਸਭ ਸ਼ਰਧਾ ਵਿੱਚ ਓਤ ਪ੍ਰੋਤ ਹੁੰਦੇ ਨੇ। ਬੱਚਿਆਂ ਦੀ ਆਪਣੀ ਜਾਣਨ ਦੀ ਇੱਛਾ ਵੀ ਵਧਦੀ ਹੈ ਅਤੇ ਉਹਨਾਂ ਦੀ ਇਹ ਰੁਚੀ ਹੋਰ ਵੀ ਪ੍ਰਬਲ ਕੀਤੀ ਜਾ ਸਕਦੀ ਹੈ। ਬੱਚੇ ਆਪਣੇ ਮਾਣਮੱਤੇ ਇਤਿਹਾਸ ਬਾਰੇ ਜਾਣਨਗੇ।ਇਹੀ ਗੱਲਾਂ ਇਹਨਾਂ ਅੰਦਰ ਤਾਕਤ ਭਰਨਗੀਆਂ ।"
"ਰੀਤ ! ਤੂੰ ਕਿਹੜੀ ਦੁਨੀਆਂ ਤੋਂ ਆਈ ਹੋਈ ਏਂ? " ਸੁਖਮੀਤ ਨੇ ਨਿਰਮਲ ਜਿਹੇ ਭਾਵ ਨਾਲ ਪੁੱਛਿਆ।
"ਦੁਨੀਆਂ ਤਾਂ ਇੱਕੋ ਹੈ ਜੀ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਹੋ ਜਾਂਦੀ ਹੈ। ਕੋਈ ਨਾ... ਫ਼ਿਕਰ ਨਾ ਕਰ.... ਮੈਨੂੰ ਲੱਗਦੈ ਤੂੰ ਵੀ ਛੇਤੀ ਹੀ ਮੇਰੇ ਵਾਲੀ ਦੁਨੀਆਂ ਵਿੱਚ ਪਹੁੰਚ ਜਾਵੇਂਗੀ।"
"ਰੱਬ ਕਰੇ ਏਦਾਂ ਈ ਹੋਵੇ। ਤੂੰ ਆਪਣੀ ਗੱਲ ਪੂਰੀ ਕਰ। ਮੈਂ ਤਾਂ ਐਵੇਂ ਈ ਵਿੱਚੋਂ ਟੋਕ ਦਿੱਤਾ। " ਉਹ ਬੋਲੀ।
"ਬਸ ਇਹੋ ਆਖਣਾ ਸੀ ਕੋਈ ਵੀ ਦਿਨ ਤਿਹਾਰ ਹੋਵੇ। ਕੋਈ ਪ੍ਰਕਾਸ਼ ਪੁਰਬ, ਕੋਈ ਸ਼ਹੀਦੀ ਦਿਹਾੜਾ, ਕਿਸੇ ਮਹਾਨ ਇਨਸਾਨ ਦਾ ਕੋਈ ਦਿਹਾੜਾ ਇਹ ਕੁਦਰਤੀ ਗੱਲ ਹੈ ਕਿ ਉਸ ਸਮੇਂ ਉਸ ਸਖ਼ਸ਼ੀਅਤ ਬਾਰੇ ਜਾਣਨ ਦੀ ਇੱਛਾ ਪ੍ਰਬਲ ਹੁੰਦੀ ਹੈ। ਕਿਉਂਕਿ ਧਰਤੀ, ਅਸਮਾਨ, ਹਵਾਵਾਂ, ਪਾਣੀ, ਪਸ਼ੂ ਪੰਛੀ ਸਭ ਉਹਨਾਂ ਰੂਹਾਂ ਦਾ ਗੁਣਗਾਨ ਕਰਦੇ ਪ੍ਰਤੀਤ ਹੁੰਦੇ ਨੇ। ਇਸ ਸਮੇਂ ਬੱਚਿਆਂ ਦੀ ਰੁਚੀ ਵਧਾਈ ਜਾ ਸਕਦੀ ਹੈ।" ਰੀਤ ਨੇ ਘੜੀ ਵੱਲ ਨਿਗ੍ਹਾ ਮਾਰਦਿਆਂ ਕਿਹਾ, "ਚਲ ਠੀਕ ਐ.... ਮਿਲਦੇ ਆਂ ਕਦੇ.... ਛੇਤੀ ਹੀ।"
"ਨਹੀਂ ਰੀਤ........ ਤੂੰ ਆਪਣੀ ਗੱਲ ਕਰਦੀ ਰਹਿ। ਮੈਨੂੰ ਵਧੀਆ ਲੱਗਦੈ। ਮੈਂ ਦਿਲ ਅਤੇ ਦਿਮਾਗ਼ ਦੋਹਾਂ ਤੋਂ ਤੇਰੀ ਹਰ ਗੱਲ ਮਹਿਸੂਸ ਕਰ ਰਹੀ ਹਾਂ।" ਸੁਖਮੀਤ ਨੂੰ ਰੀਤ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ।
"ਮੇਰੀ ਪਿਆਰੀ ਭੈਣੇ! ਸੌਣ ਦਾ ਟਾਈਮ ਹੋ ਗਿਆ। ਸਵੇਰੇ ਜਲਦੀ ਉੱਠਣਾ ਹੁੰਦਾ।" ਰੀਤ ਨੂੰ ਸੁਖਮੀਤ ਤੇ ਬੜਾ ਪਿਆਰ ਆਇਆ। ਜੇਕਰ ਉਹ ਕੋਲ ਹੁੰਦੀ ਤਾਂ ਰੀਤ ਨੇ ਉਸ ਦਾ ਮੱਥਾ ਚੁੰਮ ਲੈਣਾ ਸੀ।
"ਹਾਂ ਜੀ... ਹਾਂ ਜੀ... ਠੀਕ ਐ । ਸੌਂ ਜੋ। ਕੱਲ੍ਹ ਗੱਲ ਕਰ ਲਵਾਂਗੇ।" ਸੁਖਮੀਤ ਨੇ ਆਖਿਆ।
........
ਸੁਖਮੀਤ ਛੁੱਟੀ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਆ ਜਾਂਦੀ। ਬੱਚੇ ਵੀ ਖੁਸ਼ ਹੁੰਦੇ ਉਹ ਆਪ ਵੀ ਸਕੂਨ ਮਹਿਸੂਸ ਕਰਦੀ। ਇਸ ਤੋਂ ਬਾਅਦ ਕਈ ਦਿਨ ਨਾ ਸੁਖਮੀਤ ਆਈ ਨਾ ਹੀ ਬੱਚੇ। ਰੀਤ ਨੇ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਘਰ ਉਸ ਦੀ ਨਣਦ ਕੁਲਜੀਤ ਅਤੇ ਉਸ ਦੇ ਬੱਚੇ ਆਏ ਹੋਏ ਹਨ ਇਸ ਲਈ ਨਹੀਂ ਆ ਸਕੇ। ਇੱਕ ਦਿਨ ਰੀਤ ਨੇ ਜਾਣ ਦਾ ਮਨ ਬਣਾਇਆ। ਉਸ ਦਾ ਪਤੀ ਘਰ ਸੀ ਉਹ ਬੱਚਿਆਂ ਨੂੰ ਘਰ ਹੀ ਪਤੀ ਕੋਲ ਛੱਡ ਗਈ ਅਤੇ ਖੁਦ ਸੁਖਮੀਤ ਨੂੰ ਮਿਲਣ ਚਲੀ ਗਈ। ਸੁਖਮੀਤ ਉਸਨੂੰ ਦੇਖ ਕੇ ਬੜੀ ਖੁਸ਼ ਹੋਈ। ਉਸ ਦੇ ਘਰ ਬੜੀ ਰੌਣਕ ਲੱਗੀ ਹੋਈ ਸੀ।
"ਭੈਣ ਜੀ, ਤੁਸੀਂ ਤਾਂ ਸਾਡੇ ਘਰ ਦਾ ਮਾਹੌਲ ਹੀ ਬਦਲ ਦਿੱਤਾ। ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ।" ਦਿਲਜੀਤ ਨੇ ਹੱਥ ਜੋੜਦਿਆਂ ਆਖਿਆ। ਨਵਰੀਤ ਹੈਰਾਨ ਹੋ ਰਹੀ ਸੀ ਅਤੇ ਖੁਸ਼ ਵੀ ਸੀ। ਸੁਖਮੀਤ ਉਸ ਦਾ ਹੱਥ ਫੜ ਕੇ ਅੰਦਰ ਲੈ ਗਈ। ਨਵੀਆਂ ਕਿਤਾਬਾਂ ਦਿਖਾਈਆਂ ਜੋ ਉਸ ਨੇ ਦਿਲਜੀਤ ਤੋਂ ਮੰਗਵਾਈਆਂ ਸਨ।
ਕੁਲਜੀਤ ਦੀ ਬੇਟੀ ਕਿਤਾਬ ਪੜ੍ਹ ਰਹੀ ਸੀ। ਬੇਟਾ ਖਿਡਾਉਣਿਆਂ ਨਾਲ ਖੇਡ ਰਿਹਾ ਸੀ। ਚਿੰਕੀ ਚਿੱਤਰਕਾਰੀ ਕਰ ਰਹੀ ਸੀ। ਨਵਰੀਤ ਬੜੀ ਹੈਰਾਨ ਹੋ ਰਹੀ ਸੀ। ਜਿਸ ਕਮਰੇ ਨੂੰ ਸੁਖਮੀਤ ਨੇ ਰੰਗ ਬਿਰੰਗੇ ਖਿਡਾਉਣੇ ਅਤੇ ਫੁੱਲਦਾਨਾਂ ਨਾਲ ਸਜਾਇਆ ਹੋਇਆ ਸੀ। ਉਸ ਵਿੱਚੋਂ ਨਕਲੀ ਫੁੱਲ ਬੂਟੇ ਗਾਇਬ ਸਨ। ਬੱਚਿਆਂ ਦਾ ਸਮਾਨ ਕਿਤਾਬਾਂ, ਕਾਪੀਆਂ,ਰੰਗ, ਪੈੱਨ, ਪੈਨਸਿਲਾਂ ਪਈਆਂ ਸਨ। ਸੁਖਮੀਤ ਤਾਂ ਇਸ ਕਮਰੇ ਵਿੱਚ ਛੇਤੀ ਕੀਤਿਆਂ ਕਿਸੇ ਨੂੰ ਵੜਨ ਨਹੀਂ ਸੀ ਦਿੰਦੀ। ਹਮੇਸ਼ਾ ਸਜਾ ਕੇ ਰੱਖਦੀ ਸੀ ਅੱਜ ਬੱਚੇ ਵੀ ਉਸੇ ਕਮਰੇ ਵਿੱਚ ਬੈਠੇ ਸਨ। ਰੀਤ ਨੂੰ ਹੈਰਾਨ ਹੁੰਦਿਆਂ ਦੇਖ ਕੇ ਸੁਖਮੀਤ ਮੁਸਕਰਾਉਂਦਿਆਂ ਬੋਲੀ, "ਮੈਨੂੰ ਲੱਗਦਾ ਐ ਨਕਲੀ ਫੁੱਲ ਰੱਖਣ ਨਾਲੋਂ ਚੰਗੀਆਂ ਕਿਤਾਬਾਂ ਰੱਖਣੀਆਂ ਉੱਤਮ ਨੇ ਇਹ ਜ਼ਿੰਦਗੀ ਵਿੱਚ ਅਸਲੀ ਮਹਿਕਾਂ ਖਿਲਾਰਦੀਆਂ ਨੇ..... ਇਹ ਵਧੀਆ ਸੌਦਾ ਐ।" ਸੁਖਮੀਤ ਨੇ ਸ਼ਰਾਰਤ ਨਾਲ ਰੀਤ ਵੱਲ ਦੇਖਿਆ। ਦੋਵੇਂ ਹੱਸ ਪਈਆਂ। ਰੀਤ ਦੇ ਬੱਚੇ ਅਤੇ ਉਸ ਦਾ ਪਤੀ ਵੀ ਆ ਗਏ।
"ਤੁਸੀਂ ਕਿਵੇਂ? " ਰੀਤ ਨੇ ਪੁੱਛਿਆ।
"ਮੈਂ ਫੋਨ ਕੀਤਾ ਸੀ ਭਾਅ ਜੀ ਨੂੰ... ਇਹਨਾਂ ਨਾਂਹ ਕਰ ਦਿੱਤੀ ਸੀ। ਮੈਂ ਸੋਚਿਆ ਪੰਜ ਮਿੰਟ ਦਾ ਰਸਤਾ ਐ ਮੈਂ ਜਾ ਕੇ ਲੈ ਆਉਨਾ। ਵੈਸੇ ਵੀ ਅਸੀਂ ਧੰਨਵਾਦ ਕਰਨ ਲਈ ਤੁਹਾਨੂੰ ਬੁਲਾਉਣਾ ਸੀ।"
"ਧੰਨਵਾਦ ਕਾਹਦਾ ਵੀਰ ਜੀ?" ਗੁਰਮੀਤ ਨੇ ਪੁੱਛਿਆ।
"ਇਸ ਸਾਰੇ ਬਦਲਾਅ ਦਾ ਧੰਨਵਾਦ।" ਦਿਲਜੀਤ ਨੇ ਪੜ੍ਹ ਰਹੇ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ।
ਸਾਰਿਆਂ ਦਾ ਧਿਆਨ ਸੁਖਮੀਤ ਦੀ ਨਣਦ ਦੇ ਚਾਰ ਕੁ ਸਾਲ ਦੇ ਬੇਟੇ ਨੇ ਆਪਣੇ ਵੱਲ ਖਿੱਚਿਆ। ਉਹ ਖਿਡਾਉਣੇ ਸਟੇਨ ਗੰਨ ਨਾਲ ਖੇਡ ਰਿਹਾ ਸੀ।ਜੋਸ਼ ਵਿੱਚ ਉਸ ਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ ਤੇ ਉਹ ਆਖ ਰਿਹਾ ਸੀ।
"ਮੈਂ ਸਾਰੇ ਨ੍ਹੇਰੇ ਨੂੰ ਦੂਰ ਭਜਾ ਦੂੰ....ਤਾੜ... ਤਾੜ....ਤਾੜ।"
"ਓਏ ਚੁੱਪ ਕਰ... ਮਾਮੀ ਜੀ ਆਖਦੇ ਨੇ ਨ੍ਹੇਰਾ ਬੰਦੂਕਾਂ ਨਾਲ ਨੀ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਦੂਰ ਹੁੰਦਾ ਐ।" ਮੁੰਡੇ ਦੀ ਭੈਣ ਨੇ ਕਿਹਾ। ਰੀਤ ਨੂੰ ਸੁਖਮੀਤ ਦਾ ਕੱਦ ਬਹੁਤ ਉੱਚਾ ਲੱਗਿਆ।
"ਮੇਰੇ ਕੋਲ ਸ਼ਬਦ ਨਹੀਂ ਤੇਰੀ ਤਾਰੀਫ਼ ਲਈ।" ਰੀਤ ਦੇ ਮੂੰਹੋਂ ਨਿਕਲਿਆ।
"ਇਹ ਜਾਗ ਭੈਣ ਜੀ ਤੁਸੀਂ ਲਾਈ ਐ।" ਦਿਲਜੀਤ ਨੇ ਰੀਤ ਨੂੰ ਆਖਿਆ।
"ਵੀਰ ਜੀ! ਸੁਖਮੀਤ ਨੇ ਵੀ ਕਮਾਲ ਦੀ ਮਿਹਨਤ ਕੀਤੀ ਹੋਈ ਐ। ਵਾਕਿਆਈ ਕਮਾਲ ਦੀ।" ਰੀਤ ਨੇ ਕਿਹਾ।
"ਰਾਹ ਦਸੇਰਾ ਤਾਂ ਮੇਰੀ ਪਿਆਰੀ ਭੈਣ ਨਵਰੀਤ ਹੀ ਹੈ ਜਿਸ ਨੇ ਸੱਚੀਂ ਨਵੀਂ ਰੀਤ ਚਲਾਈ ਐ।" ਸੁਖਮੀਤ ਨੇ ਰੀਤ ਦੇ ਦੋਵੇਂ ਹੱਥ ਫੜ ਕੇ ਕਿਹਾ।
"ਮਾਸੀ ਜੀ ਆ ਜੋ ਇੱਕ ਚੀਜ਼ ਦਿਖਾਈਏ।" ਨੀਟੂ ਤੇ ਚਿੰਕੀ ਰੀਤ ਦਾ ਹੱਥ ਫੜ ਕੇ ਕਿਤਾਬਾਂ ਕੋਲ ਲੈ ਗਏ। ਰੀਤ ਨੇ ਦੇਖਿਆ । ਕੁੱਝ ਕਿਤਾਬਾਂ ਤੇ ਮੁਸਕਰਾਉਂਦਾ ਚਿਹਰਾ ਚਿਪਕਾਇਆ ਹੋਇਆ ਸੀ ਕੁੱਝ ਤੇ ਉਦਾਸ। ਸੁਖਮੀਤ ਨੇ ਰੀਤ ਨੂੰ ਪਿੱਛਿਓਂ ਆ ਕੇ ਜੱਫੀ ਪਾਈ ਅਤੇ ਆਖਿਆ, "ਇਹ ਮੇਰਾ ਸਟਾਈਲ ਐ.... ਬੁੱਝ ਭਲਾਂ? " ਰੀਤ ਨੇ ਥੋੜ੍ਹਾ ਸੋਚਦਿਆਂ ਆਖਿਆ,
"ਜਿਹੜੀਆਂ ਕਿਤਾਬਾਂ ਉਦਾਸ ਨੇ ਉਹ ਅਜੇ ਨਹੀਂ ਪੜ੍ਹੀਆਂ ਉਹ ਪਾਠਕ ਦੀ ਉਡੀਕ ਵਿੱਚ ਨੇ.... ਪੜ੍ਹੀਆਂ ਜਾ ਚੁੱਕੀਆਂ ਕਿਤਾਬਾਂ ਖੁਸ਼ ਨੇ।" ਬੱਚਿਆਂ ਨੇ ਰੌਲਾ ਪਾ ਦਿੱਤਾ, "ਮਾਸੀ ਜੀ ਜਿੱਤ ਗਏ।" ਪਰ ਅੱਜ ਬੱਚਿਆਂ ਨੂੰ ਕਿਸੇ ਨੇ ਨਾ ਝਿੜਕਿਆ ਸਾਰੇ ਖੁਸ਼ ਸਨ।
"ਆ ਜੋ ਭਾਬੀ ਚਾਹ ਲੈ ਲਓ ਸਾਰੇ ਜਣੇ।" ਕੁਲਜੀਤ ਨੇ ਆਖਿਆ। ਸਾਰੇ ਬੜੇ ਅਦਬ ਨਾਲ ਉਸ ਨੂੰ ਮਿਲੇ। ਜਦੋਂ ਜਸ਼ਨ ਨੇ ਕਿਹਾ, 'ਆਂਟੀ ਜੀ.. ਸਤਿ ਸ੍ਰੀ ਅਕਾਲ।' ਤਾਂ ਸੁਖਮੀਤ ਨੇ ਟੋਕਦਿਆਂ ਆਖਿਆ, "ਭੂਆ ਜੀ ਨੇ ਬੇਟੇ।" ਰੀਤ ਤਾਂ ਬਦਲਿਆ ਹੋਇਆ ਮਾਹੌਲ ਦੇਖ ਕੇ ਖੁਸ਼ੀ ਨਾਲ ਫੁੱਲੀ ਨਹੀਂ ਸੀ ਸਮਾ ਰਹੀ।
ਚਾਹ ਵਾਲੀ ਟਰੇਅ ਰੱਖਦਿਆਂ ਕੁਲਜੀਤ ਬੋਲੀ, "ਭਾਬੀ ਨੇ ਤਾਂ ਮੈਨੂੰ ਵੀ ਪੜ੍ਹਨ ਲਾ ਦਿੱਤਾ। ਮੈਂ ਸੱਚ ਦੱਸਣ ਲੱਗੀ ਆਂ ਜਦੋਂ ਅਸੀਂ ਪਹਿਲਾਂ ਮਿਲਣ ਆਉਂਦੇ ਸੀ ਤਾਂ ਮੇਰੇ ਬੱਚੇ ਭਾਬੀ ਤੋਂ ਬੜਾ ਡਰਦੇ ਹੁੰਦੇ ਸਨ... ਪਰ ਹੁਣ ਉਹ ਇਹਨੂੰ ਪਿਆਰ ਕਰਦੇ ਨੇ। ਮੈਂ ਦੱਸ ਨੀ ਸਕਦੀ ਮਾਂ ਦੇ ਜਾਣ ਤੋਂ ਬਾਅਦ ਮੇਰਾ ਪਹਿਲੀ ਵਾਰ ਜੀਅ ਲੱਗਿਆ ਇੱਥੇ।" ਉਸ ਦੀਆਂ ਅੱਖਾਂ ਭਰ ਆਈਆਂ।
"ਨਵਰੀਤ ਦਾ ਦਿਲੋਂ ਧੰਨਵਾਦ।" ਕੁਲਜੀਤ ਨੇ ਸਿੱਲ੍ਹੀ ਜਿਹੀ ਮੁਸਕਰਾਹਟ ਬਿਖੇਰਦਿਆਂ ਕਿਹਾ।
"ਮੈਨੂੰ ਲੱਗਦਾ ਐ ਕੁਛ ਜ਼ਿਆਦਾ ਈ ਹੋ ਗਿਆ ਮੇਰੇ ਬਾਰੇ।" ਰੀਤ ਥੋੜ੍ਹਾ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ।
"ਪਰ ਇਸ ਗੱਲ ਦਾ ਕਿਤਾਬਾਂ ਨਾਲ ਕੀ ਸੰਬੰਧ ਭੈਣ ਜੀ?" ਗੁਰਮੀਤ ਨੇ ਕੁਲਜੀਤ ਨੂੰ ਸਵਾਲ ਕੀਤਾ।
"ਵੀਰ ਜੀ! ਵਧੀਆ ਕਿਤਾਬਾਂ ਵਿੱਚ ਰਿਸ਼ਤੇ ਬਣਾਈ ਰੱਖਣ ਲਈ ਵੀ ਬੜਾ ਕੁਛ ਹੁੰਦਾ ਐ। ਜਦੋਂ ਕੋਈ ਚੰਗੀਆਂ ਗੱਲਾਂ ਜ਼ਿਹਨ ਵਿੱਚ ਉਤਾਰ ਲਵੇ ਤਾਂ ਸਮਝਦਾਰੀ ਪਨਪਦੀ ਐ ਜੋ ਰਿਸ਼ਤਿਆਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਐ।" ਕੁਲਜੀਤ ਨੇ ਜਵਾਬ ਦਿੱਤਾ।
"ਸੁਖਮੀਤ ਨੇ ਸਾਬਤ ਕਰ ਦਿੱਤਾ ਕਿ ਇਹ ਆਪਣੀ ਜ਼ਿੱਦ ਦੀ ਕਿੰਨੀ ਪੱਕੀ ਐ। ਜ਼ਿੱਦ ਚੰਗੇ ਕੰਮ ਕਰਨ ਦੀ ਹੋਵੇ ਤਾਂ ਖੁਸ਼ੀ ਮਿਲਦੀ ਹੈ। ਸੁਖਮੀਤ ਨੇ ਸਭ ਨੂੰ ਬਹੁਤ ਖੁਸ਼ੀ ਦਿੱਤੀ ਐ।" ਦਿਲਜੀਤ ਦਿਲੋਂ ਬੋਲ ਰਿਹਾ ਸੀ।
"ਵੀਰ ਜੀ...ਸੁਖਮੀਤ ਲਈ ਇਹਦੀ ਪਸੰਦ ਦਾ ਇੱਕ ਵਧੀਆ ਸੂਟ ਤਾਂ ਬਣਦਾ ਐ।" ਰੀਤ ਨੇ ਸੁਖਮੀਤ ਦੀ ਪਿੱਠ ਥਾਪੜਦਿਆਂ ਕਿਹਾ।
"ਨਹੀਂ ਰੀਤ ਮੇਰੇ ਕੋਲ ਸੂਟ ਹੈਗੇ ਐ ਬਥੇਰੇ। ਮੈਨੂੰ ਲੱਗਦਾ ਐ ਕਿਤਾਬਾਂ ਖਰੀਦਣਾ ਵਧੀਆ ਸੌਦਾ ਐ......।"
"ਬਸ ਕਰ.... ਸਾਰੀਆਂ ਗੱਲਾਂ ਯਾਦ ਨੇ ਤੈਨੂੰ? " ਰੀਤ ਨੇ ਮੁਸਕਰਾਉਂਦਿਆਂ ਕਿਹਾ।
"ਹਾਂ... ਸਭ ਯਾਦ ਨੇ.....।" ਬਾਹਰੋਂ ਕਿਸੇ ਦੀ ਅਵਾਜ਼ ਆਈ ਤਾਂ ਸੁਖਮੀਤ ਉੱਠ ਕੇ ਚਲੀ ਗਈ। ਜਦੋਂ ਵਾਪਸ ਆੲੀ ਤਾਂ ਉਸ ਦੇ ਹੱਥ ਵਿੱਚ ਕਿਤਾਬ ਸੀ ਉਸ ਨੇ ਉਹ ਕਿਤਾਬ ਰੱਖ ਦਿੱਤੀ ਅਤੇ ਦੂਸਰੀ ਚੁੱਕ ਕੇ ਬਾਹਰ ਵੱਲ ਲੈ ਗਈ। ਸਾਰੇ ਚੁੱਪ ਕਰਕੇ ਉਸ ਵੱਲ ਦੇਖ ਰਹੇ ਸਨ।
"ਮੈਨੂੰ ਲੱਗਦਾ ਐ ਸੁਖਮੀਤ ਨੇ ਕਈ ਘਰ ਰੁਸ਼ਨਾ ਦਿੱਤੇ।" ਰੀਤ ਨੇ ਕਿਹਾ।
"ਗੁਆਂਢੀਆਂ ਦੀ ਕੁੜੀ ਵੀ ਕਿਤਾਬਾਂ ਲੈ ਜਾਂਦੀ ਐ... ਮੈਂ ਉਸ ਨੂੰ ਕਿਹਾ ਸੀ ਸਿਲੇਬਸ ਵਾਲੀਆਂ ਕਿਤਾਬਾਂ ਤੋਂ ਬਿਨਾਂ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ।" ਸੁਖਮੀਤ ਨੇ ਦੱਸਿਆ।
ਦਿਲਜੀਤ ਮਾਣ ਮਹਿਸੂਸ ਕਰਦਾ ਪਤਾ ਨਹੀਂ ਕਿਹੜੇ ਅੰਬਰਾਂ ਵੱਲ ਉਡਦਾ ਸੋਚਣ ਲੱਗਿਆ..... ਰੀਤ ਦੇ ਫ਼ਿਕਰਾਂ ਵਿੱਚੋਂ ਪੈਦਾ ਹੋਈ ਰੌਸ਼ਨੀ ਦੀ ਚਿਣਗ ਚੁਗਿਰਦੇ ਨੂੰ ਰੁਸ਼ਨਾਉਣ ਲੱਗੀ। ਇਸ ਤਰ੍ਹਾਂ ਦੇ ਬੀਜੇ ਚਾਨਣ ਦੇ ਬੀਜਾਂ ਤੋਂ ਜਦੋਂ ਰੁੱਖ ਬਣਦੇ ਨੇ ਤਾਂ ਹਨੇਰਿਆਂ ਲਈ ਕੋਈ ਥਾਂ ਨਹੀਂ ਬਚਦੀ ਹੁੰਦੀ। ਸੁਖਮੀਤ ਆਖ ਰਹੀ ਸੀ, 'ਰੀਤ ਨੇ ਇੱਕ ਰੌਸ਼ਨ ਰੀਤ ਚਲਾ ਦਿੱਤੀ।' ਰੀਤ ਆਖਦੀ ਹੈ, 'ਕੋਈ ਜ਼ਰੂਰੀ ਨਹੀਂ ਸ਼ੁਰੂਆਤ ਕਰਨ ਵਾਲਾ ਜ਼ਿਆਦਾ ਵਧੀਆ ਕੰਮ ਕਰ ਸਕੇ। ਕਈ ਵਾਰ ਉਸ ਸੋਚ ਨੂੰ ਅਪਨਾਉਣ ਵਾਲੇ ਬਹੁਤ ਲਾਜਵਾਬ ਉਪਰਾਲੇ ਕਰਦੇ ਨੇ ਅਤੇ ਲਾਜਵਾਬ ਨਤੀਜੇ ਨਿਕਲਦੇ ਨੇ।' ਦੋਵੇਂ ਆਪਣੀ ਆਪਣੀ ਥਾਂ ਸਹੀ ਨੇ। ਜੋ ਵੀ ਹੋ ਰਿਹਾ ਇੱਕ ਤਸੱਲੀ ਭਰਪੂਰ ਕਰਿਸ਼ਮੇ ਦੀ ਤਰ੍ਹਾਂ ਹੀ ਲੱਗਦਾ ਐ। ਇਹ ਰੌਸ਼ਨੀ ਸ਼ਬਦਾਂ ਵਿੱਚ ਬਿਆਨ ਕਰਨੀ ਬੜੀ ਔਖੀ ਹੈ।