Hazaar Bachian Wali (Story in Punjabi) : Ram Lal

ਹਜ਼ਾਰ ਬੱਚਿਆਂ ਵਾਲੀ (ਕਹਾਣੀ) : ਰਾਮ ਲਾਲ

ਗਲੀ ਦੇ ਮੋੜ ਉਪਰ ਇਕ ਛੋਟਾ ਜਿਹਾ ਮੈਦਾਨ ਹੈ। ਉਸਦੇ ਦੋ ਪਾਸੇ ਰੜੇ ਮੈਦਾਨ ਨੇ ਤੇ ਤੀਜੇ ਪਾਸੇ ਇਕ ਮਕਾਨ ਦੀ ਪਿੱਠ ਦਿਖਾਈ ਦਿੰਦੀ ਹੈ। ਉਸਦੇ ਨਾਲ ਤਿੰਨ ਛੋਟੀਆਂ ਛੋਟੀਆਂ ਝੁੱਗੀਆਂ ਬਣੀਆ ਹੋਈਆਂ ਨੇ—ਸੜਕੜਿਆਂ ਤੇ ਘਾਹ ਫੂਸ ਦੀਆਂ—ਇਕ ਝੁੱਗੀ ਵਿਚ ਸਠ ਕੁ ਸਾਲ ਦੀ ਬੁੱਢੀ ਬਖ਼ਤਾਂ ਰਹਿੰਦੀ ਏ, ਆਪਣੀਆਂ ਦੋ ਕੁਆਰੀਆਂ ਧੀਆਂ ਨਾਲ। ਵੱਡੀ ਕੁੜੀ ਜਿਸਦਾ ਨਾਂ ਖੈਰੀ ਹੈ, ਆਪਣੀ ਦਾਦੀ ਵਾਂਗ ਲੰਮੀ-ਉੱਚੀ ਹੈ ਤੇ ਛੋਟੀ ਦਾ ਨਾਂ ਕਿੰਨੀ ਹੈ—ਉਹ ਖਾਸੇ ਪੱਕੇ-ਰੰਗ ਦੀ ਹੋਣ ਦੇ ਨਾਲ-ਨਾਲ, ਮਧਰੀ ਵੀ ਹੈ। ਕਹਿੰਦੇ ਨੇ, ਉਹ ਆਪਣੇ ਪਿਓ 'ਤੇ ਗਈ ਏ—ਉਹ ਵੀ ਖਾਸਾ ਕਾਲਾ ਤੇ ਮਧਰਾ ਸੀ। ਉਸਨੂੰ ਮਰਿਆਂ ਕਈ ਵਰ੍ਹੇ ਹੋ ਗਏ ਨੇ। ਦੂਜੀ ਝੁੱਗੀ ਵਿਚ ਬਖ਼ਤਾਂ ਦਾ ਪੁੱਤਰ ਗੁਲਾਮ ਹੁਸੈਨ, ਉਸਦੀ ਘਰਵਾਲੀ ਮਰੀਅਮ ਤੇ ਮੇਰੇ ਹਾਣ ਦਾ ਉਹਨਾਂ ਦਾ ਇਕ ਮੁੰਡਾ ਕਾਦਰ ਰਹਿੰਦੇ ਨੇ। ਗੁਲਾਮ ਹੁਸੈਨ ਰਾਤ ਨੂੰ ਬਾਜ਼ਾਰ ਵਿਚ ਚੌਕੀਦਾਰਾ ਕਰਦਾ ਏ ਤੇ ਦਿਨੇ ਆਪਣੇ ਛੋਟੇ ਜਿਹੇ ਖੇਤ ਵਿਚ ਕੰਮ। ਤੀਜੀ ਝੁੱਗੀ ਵਿਚ ਉਸਦੇ ਦੋਵੇਂ ਬਲ੍ਹਦ ਹੁੰਦੇ ਨੇ।
ਮੈਨੂੰ ਯਾਦ ਹੈ, ਇਕ ਵਾਰੀ ਅਚਾਨਕ ਇਸੇ ਮੈਦਾਨ ਵਿਚ ਉਸਦਾ ਬਲ੍ਹਦ ਭੂਸਰ ਗਿਆ ਸੀ—ਤੇ ਜਦੋਂ ਉਹ ਕਿਸੇ ਹੀਲੇ ਵੀ ਕਾਬੂ ਨਹੀਂ ਸੀ ਆਇਆ ਤਾਂ ਗੁਲਾਮ ਹੁਸੈਨ ਨੇ ਹਿਰਖ ਕੇ ਉਸਦੇ ਢਿੱਡ ਵਿਚ ਨੇਜਾ ਮਾਰ ਦਿੱਤਾ ਸੀ...ਤੇ ਫੇਰ 'ਪਸ਼ੂ ਸੁਰੱਖਿਆ ਸੰਮਤੀ' ਵਾਲਿਆਂ ਤੋਂ ਡਰਦਾ, ਉਸਦੇ ਜ਼ਖ਼ਮ ਉੱਤੇ ਆਪਣੀ ਪੱਗ ਦਾ ਪੱਟਾ ਬੰਨ੍ਹ ਕੇ, ਉਸਨੂੰ ਡੰਗਰ-ਹਸਪਤਾਲ ਵਿਚ ਲੈ ਗਿਆ ਸੀ।
ਇਸ ਮੈਦਾਨ ਨਾਲ ਮੇਰੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ। ਇੱਥੇ ਹੀ ਮੈਂ ਸਭ ਤੋਂ ਪਹਿਲਾਂ ਸਾਈਕਲ ਚਲਾਉਣੀ ਸਿੱਖਿਆ ਸਾਂ ਤੇ ਕਈ ਵਾਰੀ ਹੱਡ-ਗੋਡੇ ਭੰਨਵਾਏ ਸਨ। ਇਸੇ ਮੈਦਾਨ ਵਿਚ ਅਸੀਂ ਮੁੰਡੇ-ਮੁੰਡੇ ਰਲ ਕੇ ਕਬੂਤਰ ਫੜ੍ਹਦੇ ਹੁੰਦੇ ਸਾਂ। ਅਸੀਂ ਇਕ ਟੋਕਰੀ ਦੇ ਇਕ ਪਾਸੇ ਡੰਡਾ ਲਾ ਕੇ ਉਸਨੂੰ ਟੇਢੀ ਖੜ੍ਹੀ ਕਰ ਦਿੰਦੇ, ਉਸ ਹੇਠ ਬਾਜਰਾ ਖਿਲਾਰ ਦਿੰਦੇ ਤੇ ਡੰਡੇ ਨਾਲ ਬੰਨ੍ਹੀ ਹੋਈ ਲੰਮੀ ਰੱਸਾ ਦਾ ਦੂਜਾ ਸਿਰਾ ਫੜ੍ਹ ਕੇ ਦੂਰ ਜਾ ਬੈਠਦੇ। ਜਦੋਂ ਕੋਈ ਕਬੂਤਰ ਫਸ ਜਾਂਦਾ ਤਾਂ ਅਸੀਂ ਉੱਚੀ ਸਾਰੀ 'ਵੋਹ ਮਾਰਾ' ਕਹਿੰਦੇ ਹੋਏ ਉਸਨੂੰ ਜਾ ਦਬੋਚਦੇ। ਫੇਰ ਕਬੂਤਰ ਇਕ ਦੇ ਹੱਥਾਂ ਵਿਚੋਂ ਦੂਜੇ ਦੇ ਹੱਥਾਂ ਵਿਚ ਤੇ ਫੇਰ ਤੀਜੇ ਦੇ ਹੱਥਾਂ ਵਿਚ—ਇੰਜ ਕਈ ਜਣਿਆਂ ਦੇ ਹੱਥਾਂ ਵਿਚੋਂ ਹੁੰਦਾ ਹੋਇਆ ਅਖ਼ੀਰ ਬਖ਼ਤਾਂ ਦੇ ਹੱਥਾਂ ਵਿਚ ਜਾ ਪਹੁੰਚਦਾ ਤੇ ਉਹ ਉਸਨੂੰ ਖੁੱਲ੍ਹੇ ਮੈਦਾਨ ਵਿਚ ਉਡਾ ਦਿੰਦੀ ਤੇ ਸਾਨੂੰ ਸਮਝਾਉਣ ਲੱਗਦੀ, “ਆਜ਼ਾਦ ਪੰਛੀਆਂ ਨੂੰ ਕੈਦ ਕਰਨਾ ਗੁਨਾਹ ਹੁੰਦਾ ਏ। ਉਹਨਾਂ ਨੂੰ ਉਡਨ ਦਿਓ।”
ਸਾਡੀ ਇਸ ਖੇਡ ਵਿਚ ਉਸਦਾ ਪੋਤਾ ਕਾਦਰ ਵੀ ਸਾਡੇ ਨਾਲ ਹੁੰਦਾ ਸੀ। ਉਸਦੇ ਸਿਰਫ ਇਕ ਕੁੜਤਾ ਹੀ ਪਾਇਆ ਹੁੰਦਾ ਸੀ ਤੇ ਜਦੋਂ ਉਹ ਸਾਡੇ ਨਾਲ ਕਬੂਤਰ ਦੇ ਫਸਣ ਦੀ ਝਾਕ ਵਿਚ ਬੈਠਾ ਹੁੰਦਾ ਸੀ ਤਾਂ ਅੱਗੋਂ ਹਮੇਸ਼ਾ ਨੰਗਾ ਹੋ ਜਾਂਦਾ ਸੀ—ਤੇ ਜਦੋਂ ਅਸੀਂ ਉਸਨੂੰ ਨੰਗਾ ਹੋ ਜਾਣ ਕਰਕੇ ਛੇੜਦੇ ਤਾਂ ਬਖ਼ਤਾਂ ਦੀਆਂ ਦੋਵੇਂ ਕੁੜੀਆਂ ਦੂਰ ਖੜ੍ਹੀਆਂ ਮੂੰਹ ਅੱਗੇ ਦੁੱਪਟੇ ਦਾ ਪੱਲਾ ਰੱਖੀ ਆਪਣੇ ਹਾਸੇ ਨੂੰ ਰੋਕਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਸਨ।
ਮੈਂ ਅੱਖਾਂ ਮੀਚੀ ਪਿਆ ਉਸ ਮੈਦਾਨ ਦੇ ਸਾਹਮਣੇ ਵਾਲੇ ਛੋਟੇ ਜਿਹੇ ਗੁਰਦੁਆਰੇ ਨੂੰ ਦੇਖ ਰਿਹਾ ਹਾਂ। ਇਕ ਲੰਮਾ ਉੱਚਾ, ਨੰਗੀਆਂ ਲੱਤਾਂ ਵਾਲਾ ਗਰੰਥੀ ਅਰਦਾਸ ਖਤਮ ਕਰਕੇ ਆਪਣੇ ਹੱਥ ਉੱਤੇ ਇਕ ਵੱਡੀ ਸਾਰੀ ਥਾਲੀ ਚੁੱਕੀ ਬਾਹਰ ਆਉਂਦਾ ਹੈ। ਗਰਮ-ਗਰਮ ਭਾਫਾਂ ਛੱਡਦਾ ਹੋਇਆ ਕੜਾਹ ਪਰਸ਼ਾਦ ਮਿਲਣ ਦੀ ਖੁਸ਼ੀ ਵਿਚ ਅਸੀਂ ਸਾਰੇ ਮੁੰਡੇ ਉਸਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਾਂ। ਰੌਲਾ ਪਾਉਂਦੇ ਹਾਂ ਤੇ ਦੋਵਾਂ ਹੱਥਾਂ ਵਿਚ ਦੋ ਵਾਰੀ ਪਰਸ਼ਾਦ ਲੈਣ ਲਈ ਉਸਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਭੀੜ ਵਿਚ ਉਸਨੂੰ ਹੱਥਾਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। ਪਰ ਜਦੋਂ ਉਹ ਕਿਸੇ ਨੂੰ ਫੜ ਲੈਂਦਾ ਹੈ ਤਾਂ ਉਹ ਉਸਨੂੰ ਸਿਰਫ ਏਨੀ ਵਾਰਨਿੰਗ ਦੇ ਕੇ ਮੁਆਫ਼ ਕਰ ਦਿੰਦਾ ਹੈ ਕਿ ਉਹ ਉਸ ਕੋਲ ਗੁਰਮੁਖੀ ਪੜ੍ਹਨ ਆਇਆ ਕਰੇ। ਪਰਸ਼ਾਦ ਮਿਲਣ ਦੇ ਲਾਲਚ ਵਿਚ ਮੈਂ ਬੜੀ ਵਾਰੀ ਗੁਰਮੁਖੀ ਸਿੱਖਣ ਦੀ ਕੋਸ਼ਿਸ਼ ਕੀਤੀ ਪਰ 'ਊੜੇ ਆੜੇ' ਤੋਂ ਅੱਗੇ ਨਹੀਂ ਵਧ ਸਕਿਆ।
ਇਕ ਵਾਰੀ ਮੈਂ ਦੋਵਾਂ ਹੱਥਾਂ ਵਿਚ ਪਰਸ਼ਾਦ ਲਈ ਬਾਹਰ ਨਿਕਲਿਆ ਤਾਂ ਦਰਵਾਜ਼ੇ ਅੱਗੇ ਬਖ਼ਤਾਂ ਨੂੰ ਖੜ੍ਹਿਆਂ ਦੇਖਿਆ—ਉਹ ਕਾਦਰ ਨੂੰ ਲੱਭਣ ਆਈ ਸੀ। ਕਾਦਰ ਭੀੜ ਦੇ ਇਕ ਪਾਸੇ ਖੜ੍ਹਾ ਛੇਤੀ ਛੇਤੀ ਕੜਾਹ ਪਰਸ਼ਾਦ ਨਿਗਲ ਰਿਹਾ ਸੀ; ਆਪਣੀ ਦਾਦੀ ਨੂੰ ਦੇਖ ਕੇ ਛੇਤੀ ਦੇਣੇ ਖਿਸਕ ਗਿਆ। ਮੈਂ ਬਖ਼ਤਾਂ ਦਾ ਧਿਆਨ ਵੰਡਾਉਣ ਲਈ ਆਪਣਾ ਪਰਸ਼ਾਦ ਉਸਨੂੰ ਫੜਾ ਦਿੱਤਾ ਤੇ ਕਿਹਾ, “ਅੰਮਾਂ ਤੈਨੂੰ ਵੀ ਪਰਸ਼ਾਦ ਲਿਆ ਕੇ ਦੇਨਾਂ—ਇਹ ਮੇਰਾ ਹਿੱਸਾ ਏ, ਖਾਈਂ ਨਾ। ਇੱਥੇ ਈ ਰੁਕੀਂ।”
ਤੇ ਫੇਰ ਗਰੰਥੀ ਨੂੰ ਫੜ ਕੇ ਉਸਦੇ ਕੋਲ ਲੈ ਆਇਆ ਸਾਂ—“ਸਰਦਾਰ ਜੀ, ਇਸਨੂੰ ਵੀ ਪਰਸ਼ਾਦ ਦਿਓ! ਇਹ ਸਾਡੀ ਅੰਮਾਂ ਏਂ।”
ਗਰੰਥੀ ਉਸਨੂੰ ਜਾਣਦਾ ਸੀ। ਉਹ ਆਪ ਵੀ ਉਸਨੂੰ ਅੰਮਾਂ ਕਹਿ ਕੇ ਬੁਲਾਉਂਦਾ ਸੀ। ਉਸਨੇ ਬਖ਼ਤਾਂ ਵਲ ਮੁਸਕੁਰਾ ਕੇ ਦੇਖਿਆ ਤੇ ਕਿਹਾ, “ਤੇਰੇ ਕੋਲ ਤਾਂ ਪਰਸ਼ਾਦ ਹੈ ਅੰਮਾਂ! ਕਿੱਥੋਂ ਲਿਆ ਏ?”
ਸੁਣ ਕੇ ਮੈਂ ਝਪਟ ਕੇ ਅੰਮਾਂ ਦੇ ਹੱਥੋਂ ਆਪਣਾ ਪਰਸ਼ਾਦ ਖੋਹ ਲਿਆ ਤੇ ਗਰੰਥੀ ਨੇ ਉਸਦੇ ਹਿੱਸੇ ਨਾਲ ਉਸਦਾ ਬੁੱਕ ਭਰ ਦਿੱਤਾ—ਤੇ ਉਹ ਸਾਨੂੰ ਸਾਰਿਆਂ ਨੂੰ ਅੱਲਾ ਦੇ ਬਰਕਤ ਕਰਨ ਦੀਆਂ ਅਸੀਸਾਂ ਦੇਂਦੀ ਹੋਈ ਮੈਦਾਨ ਵਲ ਪਰਤ ਗਈ।
ਸਿਰ ਹੇਠਾਂ ਕਾਫੀ ਦੇਰ ਤੋਂ ਅਟੈਚੀ ਲਿਆ ਹੋਣ ਕਰਕੇ ਖੋਪੜੀ ਵਿਚ ਚੀਸ ਜਿਹੀ ਪੈਣ ਲੱਗ ਪਈ ਸੀ। ਗੱਡੀ ਦਾ ਖੜਾਕ ਪੂਰੇ ਦਿਮਾਗ਼ ਵਿਚ ਭਰ ਗਿਆ ਜਾਪਦਾ ਹੈ—ਮੈਂ ਪਾਸਾ ਪਰਤ ਕੇ ਫੇਰ ਅੱਖਾਂ ਬੰਦ ਕਰ ਲਈਆਂ ਨੇ। ਦਾਦੀ ਨੂੰ ਪੁੱਛਣ ਲੱਗਿਆ ਹਾਂ—“ਅੰਮਾਂ, ਬਖ਼ਤਾਂ ਏਨੀ ਚੰਗੀ ਕਿਉਂ ਲੱਗਦੀ ਏ ਮੈਨੂੰ? ਬਿਲਕੁਲ ਤੇਰੇ ਵਰਗੀ।”
ਦਾਦੀ ਮੈਨੂੰ ਆਪਣੀ ਹਿੱਕ ਨਾਲ ਘੁੱਟ ਕੇ ਉਤਰ ਦਿੰਦੀ ਹੈ—“ਬੇਸ਼ਰਮਾਂ, ਉਸਦਾ ਨਾਂ ਕਿਉਂ ਲੈਨਾਂ ਹੁੰਦਾ ਏਂ? ਉਹ ਵੀ ਤੇਰੀ ਅੰਮਾਂ ਲੱਗਦੀ ਏ।”
“ਉਹ ਤਾਂ ਹੈ—ਮੈਨੂੰ ਵੀ ਪਤਾ ਏ, ਪਰ ਉਹ ਏਨੀ ਚੰਗੀ ਕਿਉਂ ਲੱਗਦੀ ਏ! ਬਸ, ਦਿਲ ਕਰਦਾ ਏ ਦਿਨ ਵਿਚ ਇਕ ਦੋ ਵਾਰੀ ਉਸਨੂੰ ਦੇਖਣ ਲਈ ਮੈਦਾਨ ਵਿਚ ਜ਼ਰੂਰ ਜਾਵਾਂ।”
“ਦੇਖ ਵੇ...ਉਹ ਤੈਨੂੰ ਇਸ ਕਰਕੇ ਚੰਗੀ ਲੱਗਦੀ ਏ ਕਿ ਉਹੀ ਤੈਨੂੰ ਏਸ ਦੁਨੀਆਂ 'ਚ ਲਿਆਈ ਸੀ।...ਤੇ ਤੇਰੇ ਪਿਊ, ਤੇਰੇ ਦੋਵਾਂ ਚਾਚਿਆਂ ਤੇ ਪੰਜਾਂ ਭੂਆ ਨੂੰ ਵੀ! ਮੈਂ ਕਹਿੰਦੀ ਆਂ, ਸਾਡੇ ਪਰਿਵਾਰ ਦੇ ਛੋਟੇ ਵੱਡੇ ਸਾਰੇ ਈ ਬੱਚੇ ਉਸਨੇ ਜੰਮਾਏ ਨੇ।”
ਬੱਚੇ ਦੇ ਜਨਮ ਬਾਰੇ ਮੇਰੇ ਦਿਮਾਗ਼ ਵਿਚ ਇਕ ਕੰਟਰਾਸਟ ਬਣ ਗਿਆ ਸੀ, ਜਿਹੜਾ ਹੁਣ ਤਕ ਫਿੱਕਾ ਨਹੀਂ ਪਿਆ। ਮੈਂ ਇਕ ਅਜੀਬ ਜਿਹੀ ਹੈਰਾਨੀ ਨਾਲ ਖਾਲੀ ਖਲ਼ਾਅ ਨੂੰ ਘੂਰਦਾ ਹੋਇਆ, ਇਕ ਉੱਚੇ ਕੱਦ ਦੀ ਰੂੰ ਦੇ ਫੰਬਿਆਂ ਵਰਗੇ ਵਾਲਾਂ ਵਾਲੀ ਬੁੱਢੀ ਨੂੰ ਆਸਮਾਨ ਵਲ ਬਾਹਾਂ ਫੈਲਾਈ ਖੜ੍ਹੀ ਦੇਖਣ ਲੱਗਦਾ ਹਾਂ, ਜਿਹੜੀ ਹੱਥ ਵਧਾਅ ਕੇ ਧੁੰਦ ਦੇ ਪਹਾੜ ਵਿਚੋਂ ਇਕ ਬੱਚਾ ਕੱਢ ਲੈਂਦੀ ਹੈ ਤੇ ਪਲਟ ਕੇ ਉਸਦੀ ਮਾਂ ਦੀ ਗੋਦੀ ਵਿਚ ਪਾ ਦੇਂਦੀ ਹੈ ਤੇ ਇਹ ਸਿਲਸਿਲਾ ਕਦੀ ਨਹੀਂ ਮੁਕਦਾ...ਇਵੇਂ ਚਲਦਾ ਰਹਿੰਦਾ ਹੈ।
“ਅੰਮਾਂ, ਅੰਮਾਂ ਫੇਰ ਕਦੋਂ ਬੱਚਾ ਜਮਾਉਣ ਆਏਗੀ—ਮੈਂ ਉਸਦੇ ਕੋਲ ਖਲੋ ਕੇ ਦੇਖਾਂਗਾ।”
“ਹੈਤ! ਰਿਹਾ ਨਾ ਬੇਸ਼ਰਮ ਦਾ ਬੇਸ਼ਰਮ! ਪਰ ਹੁਣ ਤਾਂ ਤੇਰਾ ਚਾਚਾ ਉਸਨੂੰ ਘਰੇ ਪੈਰ ਨਹੀਂ ਰੱਖਣ ਦੇਂਦਾ। ਪੜ੍ਹ-ਲਿਖ ਕੇ ਨਵੀਂ ਰੌਸ਼ਨੀ ਦਾ ਹੋ ਗਿਆ ਏ। ਕਹਿੰਦਾ ਏ, ਉਸਦੇ ਨੌਂਹਾਂ 'ਚ ਮੈਲ ਭਰੀ ਹੁੰਦੀ ਏ ਤੇ ਉਸਦੀਆਂ ਅੱਖਾਂ 'ਚ ਗਿੱਡ ਵੀ ਆਈ ਰਹਿੰਦੀ ਏ। ਖ਼ੈਰ, ਹੁਣ ਤਾਂ ਵਿਚਾਰੀ ਦੀ ਬਹੂ ਮਰੀਅਮ ਨੇ ਹੀ ਇਹ ਧੰਦਾ ਸੰਭਾਲ ਲਿਆ ਏ।”
ਮੈਨੂੰ ਯਾਦ ਹੈ ਜਦੋਂ ਮੇਰੀ ਚਾਚੀ ਮਰੀ ਸੀ ਤਾਂ ਰੋਣ ਵਾਲੀਆਂ ਵਿਚ ਬਖ਼ਤਾਂ ਵੀ ਆ ਕੇ ਬੈਠ ਗਈ ਸੀ। ਪਹਿਲਾਂ ਤਾਂ ਉਹ ਪੱਲੇ ਨਾ ਮੂੰਹ ਢਕ ਕੇ ਇਕੱਲੀ ਬੈਠੀ ਹੀ ਰੋਂਦੀ ਰਹੀ ਸੀ ਫੇਰ ਮੇਰੀ ਦਾਦੀ ਕੋਲ ਸਰਕ ਕੇ ਉੱਚੀ-ਉੱਚੀ ਕਹਿਣ ਲੱਗੀ ਸੀ—“ਹੁਣ ਮਰਨਾ ਜਿਊਣਾ ਤਾਂ ਪਰਵਦਿਗਾਰ ਦੇ ਹੱਥ 'ਚ ਰਹਿੰਦਾ ਏ—ਇਸ ਮੁਹੱਲੇ 'ਚ ਜਿੰਨੀਆਂ ਔਰਤਾਂ ਮਰੀਆਂ ਨੇ ਉਹਨਾਂ ਨੂੰ ਮੈਂ ਥੋੜ੍ਹਾ ਈ ਮਾਰਿਆ ਏ! ਮੇਰੇ ਵੱਸ ਵਿਚ ਹੁੰਦਾ ਕਿਸੇ ਨੂੰ ਉਪਰ ਜਾਣ ਈ ਨਾ ਦਿੰਦੀ!”
ਛੁੱਟੀਆਂ ਵਿਚ ਘਰ ਆਉਣ ਦੇ ਪਹਿਲੀ ਦਿਨ ਹੀ ਮੈਂ ਮੈਦਾਨ ਵਲ ਚਲਾ ਗਿਆ ਸਾਂ। ਭਾਵੇਂ ਹੁਣ ਮੇਰਾ ਬਚਪਨ ਦਾ ਕੋਈ ਵੀ ਸਾਥੀ ਉੱਥੇ ਨਹੀਂ ਸੀ। ਮੇਰੇ ਵਾਂਗ ਸਾਰੇ ਵੱਡੇ ਹੋ ਗਏ ਸਨ, ਇਧਰ ਉਧਰ ਪੜ੍ਹਾਈ ਜਾਂ ਸਿਖਲਾਈ ਤੇ ਜੀਵਨ ਦੀ ਜੱਦੋ-ਜ਼ਹਿਦ ਵਿਚ ਰੁੱਝ ਗਏ ਸਨ। ਬਖ਼ਤਾਂ ਦਾ ਪੋਤਾ ਕਾਦਰ ਵੀ ਫੌਜ ਵਿਚ ਭਰਤੀ ਹੋ ਕੇ ਕਿਸੇ ਦੂਰ ਦੀ ਛਾਉਣੀ ਵਿਚ ਜਾ ਕੇ ਰਹਿਣ ਲੱਗ ਪਿਆ ਸੀ। ਮੈਨੂੰ ਦੇਖ ਕੇ ਬਖ਼ਤਾਂ ਦਾ ਝੁਰੜੀਆਂ ਨਾਲ ਭਰਿਆ ਹੋਇਆ ਚਿਹਰਾ ਖੁਸ਼ੀ ਨਾਲ ਖਿੜ-ਪੁੜ ਗਿਆ ਸੀ। ਉਸਨੇ ਕਿਹਾ—“ਪੁੱਤਰ, ਤੂੰ ਹੁਣ ਲਾਹੌਰ 'ਚ ਪੜ੍ਹਦਾ ਏਂ ਨਾ? ਬੜਾ ਵੱਡਾ ਜ਼ਿਲਾ ਅਫ਼ਸਰ ਬਣ ਕੇ ਦਖਾਈਂ! ਮੈਂ ਮੀਆਂ ਜ਼ਕਰੀ ਦੇ ਮਜਾਰ 'ਤੇ ਤੇਰੇ ਲਈ ਮੰਨਤ ਮੰਗਾਂਗੀ।”
ਉਸਦੀਆਂ ਅਸੀਸਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਕੋਟ ਦੀ ਜੇਬ ਵਿਚ ਹੱਥ ਮਾਰਿਆ ਤਾਂ ਇਕੋ ਸਿੱਕਾ ਹੱਥ ਲੱਗਿਆ ਤੇ ਉਸਦੀ ਮੁੱਠੀ ਵਿਚ ਦੇ ਦਿੱਤਾ। ਜਿਸਨੂੰ ਟੋਂਹਦੀ-ਟਟੋਲਦੀ ਹੋਈ ਉਹ ਖੁਸ਼ ਹੋ ਕੇ ਬੋਲੀ—“ਅੱਲਾ ਤੇਰੀ ਕਮਾਈ 'ਚ ਬਰਕਤ ਪਾਏ। ਪਰ ਪੁੱਤਰ ਇਹ ਤਾਂ ਪੂਰੀ ਚਵਾਨੀ ਏਂ। ਏਨੇ ਸਾਰੇ ਪੈਸੇ ਮੈਨੂੰ ਕਿਉਂ ਦੇ ਰਿਹਾ ਏਂ?”
“ਹੁਣ ਰੱਖ ਵੀ ਲੈ ਅੰਮਾਂ—ਏਨੇ ਸਾਰੇ ਕਿੱਥੇ ਨੇ!”
“ਓਇ ਵਾਹ! ਇਸਦੀ ਤਾਂ ਅੱਧੀ ਭੇਲੀ ਗੁੜ ਦੀ ਆ ਜਾਏਗੀ। ਮੈਂ ਹੁਣੇ ਜਾ ਕੇ ਲਿਆਉਂਦੀ ਆਂ।”
ਜਿਸ ਹਿਸਾਬ ਨਾਲ ਉਸਨੇ ਚਵਾਨੀ ਦੇ ਵੱਡਪਣ ਦਾ ਅੰਦਾਜ਼ਾ ਲਾਇਆ ਸੀ, ਉਸੇ ਤਰ੍ਹਾਂ ਮੈਂ ਵੀ ਮਨ ਹੀ ਮਨ ਸੋਚਣ ਲੱਗਿਆ—'ਅੰਮਾਂ ਸੱਚ ਕਹਿੰਦੀ ਏ, ਇਸੇ ਚਵਾਨੀ ਨਾਲ ਮੈਂ ਸਟੇਸ਼ਨ ਤੋਂ ਆਪਣੇ ਘਰ ਤੀਕ ਅੱਠ ਵਾਰੀ ਆ-ਜਾ ਸਕਦਾ ਹਾਂ ਤੇ ਅੰਗਰੇਜ਼ੀ ਸਾਬਨ ਦੀਆਂ ਦੋ ਟਿੱਕੀਆਂ ਖਰੀਦ ਸਕਦਾ ਹਾਂ ਜਾਂ ਇਕ ਫਾਊਂਟੈਨ ਪੈਨ ਵੀ ਲੈ ਸਕਦਾ ਹਾਂ ਜਾਂ ਹਾਕੀ ਦੀ ਇਕ ਗੇਂਦਾ ਜਾਂ ਦੋ ਪੈਸੇ ਫ਼ੀ ਲਿਫ਼ਾਫ਼ੇ ਦੇ ਹਿਸਾਬ ਨਾਲ, ਆਪਣੀ ਮਨ ਪਸੰਦ ਕੁੜੀ ਨੂੰ ਅੱਠ ਖ਼ਤ ਵੀ ਪੋਸਟ ਕਰ ਸਕਦਾ ਹਾਂ!
“ਕੀ ਸੋਚ ਰਿਹਾ ਏਂ ਪੁੱਤਰ!”
“ਅੰਮਾਂ ਮੈਂ ਇਹ ਸੋਚ ਰਿਹਾਂ ਕਿ ਜੇ ਤੇਰੇ ਸਾਰੇ ਬੱਚੇ ਤੈਨੂੰ ਇਕ ਇਕ ਚਵਾਨੀ ਲਿਆ ਕੇ ਦੇ ਦੇਣ ਤਾਂ ਤੂੰ ਨਾ ਸਿਰਫ ਇਸ ਪੂਰੇ ਮੈਦਾਨ ਨੂੰ ਖਰੀਦ ਸਕਦੀ ਏਂ ਬਲਕਿ ਇਸ ਉਪਰ ਇਕ ਮਹਿਲ ਵੀ ਬਣਵਾ ਸਕਦੀ ਏਂ—ਤੇ ਜੇ ਇੰਜ ਹੋ ਜਾਏ ਤਾਂ ਕਿੰਨਾਂ ਚੰਗਾ ਹੋਏ!”
“ਵੇ ਤੂੰ ਤਾਂ ਬਿਲਕੁਲ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਦਾ ਏਂ! ਮੇਰੇ ਬੱਚੇ ਆਪਣੇ-ਆਪਣੇ ਮਹਿਲਾਂ ਵਿਚ ਵੱਸਦੇ ਰਹਿਣ, ਮੈਨੂੰ ਇਸੇ ਦੀ ਬੜੀ ਖੁਸ਼ੀ ਹੋਏਗੀ। ਮੈਂ ਮਰ ਵੀ ਜਾਵਾਂਗੀ ਤਾਂ ਵੀ ਸਕੂਨ ਮਹਿਸੂਸ ਕਰਦੀ ਰਹਾਂਗੀ ਕਿ ਆਪਣੇ ਪਿੱਛੇ ਇਕ ਹੱਸਦਾ-ਵੱਸਦਾ ਖ਼ਾਨਦਾਨ ਛੱਡ ਆਈ ਆਂ।”
ਮੈਂ ਬੜੀ ਬੇਚੈਨੀ ਨਾਲ ਆਪਣੀ ਕਤਾਰ ਵਿਚ ਸਰਕਦਾ-ਸਰਕਦਾ ਕਸਟਮ ਆਫ਼ਿਸਰ ਤਕ ਪਹੁੰਚਦਾ ਹਾਂ। ਉਸਦੇ ਇਸ਼ਾਰੇ ਉੱਤੇ ਅਟੈਚੀ ਉਸਦੇ ਸਾਹਮਣੇ ਖੋਲ੍ਹ ਦਿੰਦਾ ਹਾਂ। ਉਹ ਕੱਪੜਿਆਂ ਵਿਚੋਂ ਇਕ ਨਵੀਂ ਗਰਮ ਸ਼ਾਲ ਖਿੱਚ ਕੇ ਪੁੱਛਦਾ ਹੈ—“ਇਹ ਕੀ ਏ? ਕਿਸ ਦੇ ਲਈ ਏ?”
ਮੈਂ ਡਾਢੀ ਕਸ਼ਮਕਸ਼ ਵਿਚ ਪੈ ਗਿਆ ਹਾਂ। ਪਹਿਲਾਂ ਉਸਦਾ ਨਾਂ ਦੱਸਦਾ ਹਾਂ ਜਿਸ ਲਈ ਇਹ ਸ਼ਾਲ ਲੈ ਕੇ ਜਾ ਰਿਹਾ ਹਾਂ, ਫੇਰ ਉਸਦੀ ਉਮਰ ਦਾ ਹਿਸਾਬ ਦੱਸਣ ਲੱਗਦਾ ਹਾਂ ਕਿ ਉਹ ਕੇਡੀ ਮਹਾਨ ਹੈ—ਚਾਲੀ ਸਾਲ ਪਹਿਲਾਂ ਉਸਨੂੰ ਦੇਖਿਆ ਸੀ, ਉਦੋਂ ਉਹ ਸੱਠ ਸਾਲ ਦੀ ਸੀ। ਇਸ ਵਿਚ ਕੁਝ ਸਾਲਾਂ ਦੇ ਹਿਸਾਬ ਦਾ ਭੁਲੇਖਾ ਵੀ ਹੋ ਸਕਦਾ ਹੈ—ਅੰਦਾਜ਼ਾ ਦਸ ਸਾਲ ਹੋਰ ਜੋੜ ਲਵਾਂ ਤਾਂ ਉਹ ਇਕ ਸੌ ਦਸ ਸਾਲ ਦੀ ਜ਼ਰੂਰ ਹੋ ਚੁੱਕੀ ਹੋਏਗੀ। ਤੇ ਜਦੋਂ ਮੈਂ ਆਪਣੇ ਹੱਥਾਂ ਨਾਲ ਇਹ ਸ਼ਾਲ ਉਸਦੇ ਉੱਤੇ ਦਿਆਂਗਾ, ਉਹ ਕਿੰਨੀ ਖੁਸ਼ ਹੋਏਗੀ। ਮੈਨੂੰ ਅਣਗਿਣਤ ਅਸੀਸਾਂ ਦਏਗੀ। ਵਾਰੀ-ਵਾਰੀ ਮੇਰਾ ਮੱਥਾ ਚੁੰਮੇਂਗੀ—“ਇੰਨਸਪੈਕਟਰ ਸਾਹਬ ਉਹ ਮੇਰੀ ਮਾਂ ਏਂ।”
“ਹਾਂ, ਹਾਂ, ਉਹ ਤੇਰੀ ਮਾਂ ਜ਼ਰੂਰ ਹੋਏਗੀ ਪਰ ਕੀ ਤੈਨੂੰ ਵਿਸ਼ਵਾਸ ਏ ਕਿ ਉਹ ਹੁਣ ਤਕ ਜਿਊਂਦੀ ਵੀ ਹੋਏਗੀ ਜਾਂ ਮਰ-ਖਪ ਚੁੱਕੀ ਹੋਏਗੀ!”
ਉਹ ਹੱਸਣ ਲੱਗ ਪੈਂਦਾ ਹੈ ਤੇ ਮੈਨੂੰ ਵਾਰ-ਵਾਰ ਉਸਦੇ ਖੁੱਲ੍ਹਦੇ ਤੇ ਬੰਦ ਹੁੰਦੇ ਹੋਏ ਮੂੰਹ ਨੂੰ ਦੇਖ ਕੇ ਇਕ ਹਨੇਰੀ ਕਬਰ ਦਾ ਖ਼ਿਆਲ ਆ ਜਾਂਦਾ ਹੈ। ਇਕ ਸੁੰਨਸਾਨ ਕਬਰਸਤਾਨ ਵਿਚ ਅਣਗਿਣਤ ਧਸੀਆਂ ਹੋਈਆਂ ਤੇ ਨਵੀਆਂ ਬਣੀਆਂ ਕਬਰਾਂ ਦੇ ਵਿਚਕਾਰ—ਤੇ ਮੈਂ ਫੈਸਲਾ ਕਰ ਲੈਂਦਾ ਹਾਂ—ਠੀਕ ਹੈ, ਮੈਂ ਉਸਨੂੰ ਉੱਥੇ ਵੀ ਲੱਭ ਲਵਾਂਗਾ ਤੇ ਇਕ ਵਾਰੀ ਉਸ ਉੱਤੇ ਇਹ ਦੇਵਾਂਗਾ ਜ਼ਰੂਰ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ