Hun Main Jhooth Nahin Bolda (Punjabi Story) : Simran Dhaliwal

ਹੁਣ ਮੈਂ ਝੂਠ ਨਹੀਂ ਬੋਲਦਾ (ਕਹਾਣੀ) : ਸਿਮਰਨ ਧਾਲੀਵਾਲ

ਸੁਣਾਉ ਬਾਈ ਜੀ! ਕੀ ਹਾਲ ਨੇ..।
ਕਰੀ ਜਾਂਦੇ ਹੋ ਸੈਰਾਂ।ਆਜੋ ਮਾਰ ਲਓ ਦਮ ਦੋ ਘੜੀਆਂ।ਨਾਲੇ ਥੋਨੂੰ ਦੋ ਚਾਰ ਅਕਲ ਦੀਆਂ ਗੱਲਾਂ ਦੱਸਾਂ।ਐਵੇ ਨਾ ਸਮਝਿਓ ਐਵੇਂ ਨਾ ਸਮਝਿਓ ਅਕਲ ਤਾਂ ਪੰਡਾਂ ਨਾਲ ਏ ਆਪਣੇ ਕੋਲ
..ਡਬਲ ਐਮ.ਏ ਕੀਤੀ ਮੈਂ।ਮੈਂ ਤਾਂ ਪੀ-ਐਚ.ਡੀ ਵੀ ਕਰਨੀ ਸੀ ,ਪਰ ਮੇਰਾ ਗਾਈਡ ਹੀ ਫ਼ੰਨੇ ਖ਼ਾਂ ਨਿਕਲਿਆ।ਨਹੀਂ ਤਾਂ…।ਕੀ ਪੁਛਿਆ, ਕੀ ਵਿਸ਼ਾ ਲੈਂਦਾ ਪੀ-ਐਚ.ਡੀ ਦਾ?..ਮੈਂ ਤਾਂ ਜੀ ਜੱਟਾਂ ਦੀਆਂ ਗੋਤਾਂ ’ਤੇ ਕੰਮ ਕਰਦਾ।ਫ਼ੰਨੇ ਖ਼ਾਂ ਜੱਟ ਆ ਮੈਂ ਵੀ।ਬਾਈ ਜੀ ਹੌਲੀ ਬੋਲੋ।ਆਪਣੀ ਏ ਘਰ ਵਾਲੀ ਗੱਲ।ਜੇ ਹੁਣ ਪਤਾ ਏ ਵਿਚਲੀ ਗੱਲ ਦਾ ਤਾਂ ਹੋਕਾ ਕਿਉਂ ਦੇਣਾ ਪੂਰੇ ਜੱਗ ਨੂੰ।
ਸੱਚ ਦੱਸਾਂ?

ਨਫ਼ਰਤ ਹੈ ਮੈਨੂੰ ਝੂਠ ਤੋਂ।ਪਰ ਸਿਆਣੇ ਕਹਿੰਦੇ ਨੇ ਕਿ ਇੱਕ ਝੂਠ ਲੁਕਾਉਣ ਲਈ ਬੰਦਾ ਸੌ ਝੂਠ ਬੋਲਦਾ।ਬੱਸ ਇਹੋ ਮੈਂ ਕਰਦਾ ਰਿਹਾਂ ਸਾਰੀ ਉਮਰ।ਥੋਡੇ ਤੋਂ ਕਾਹਦਾ ਉਹਲਾ।ਬਹੁਤ ਸੰਤਾਪ ਭੋਗਿਆ ਮੈਂ ਇਸਦਾ ਵੀ।ਬੱਸ ਇਹ ਵੀ ਅੰਦਰ ਦਾ ਹੀ ਯੱਬ ਸੀ ਮੇਰਾ।ਕੀ ਕਿਹਾ ਪਹਿਲਾ ਝੂਠ ਕਦ ਬੋਲਿਆ ਸੀ ਮੈਂ।ਹੈ ਨਾ ਅਜੀਬ ਜਿਹਾ ਸਵਾਲ।ਜਿਵੇਂ ਕੋਈ ਕਿਸੇ ਕਵੀ ਨੂੰ ਪੁਛੇ ਬਈ ਤੂੰ ਪਹਿਲੀ ਕਵਿਤਾ ਕਦ ਲਿਖੀ ਸੀ।ਸ਼ਾਇਦ ਉਹ ਝੂਠ ਨਹੀਂ ਮੇਰੀ ਮਜ਼ਬੂਰੀ ਸੀ…ਤੇ ਮੁੜ ਉਸ ਝੂਠ ਨੂੰ ਹੀ ਸੱਚ ਸਾਬਿਤ ਕਰਨ ਲਈ ਉਲਝਦਾ ਰਿਹਾ ਮੈਂ।ਗੱਲ ਬੀ.ਏ. ਦੇ ਪਹਿਲੇ ਸਾਲ ਦੀ ਸੀ।ਇੱਕ ਦਿਨ ਅਸੀਂ ਪੰਜ-ਸੱਤ ਜਾਣੇ ਬੈਠੇ ਚਾਹ ਪੀਂਦੇ ਪਏ ਸਾਂ।ਨਵਾਂ-ਨਵਾਂ ਮੈਂ ਕਾਲਜ ਗਿਆ।ਇੱਕ ਥੋਡੇ ਵਰਗਾ ਬਾਈ ਪੁਛਣ ਲੱਗਾ, “ਯਾਰ ਸੁਰਜੀਤ! ਤੇਰਾ ਬਾਪੂ ਕੀ ਕੰਮ ਕਰਦਾ?”

ਮੈਂ ਸੋਚੀ ਪੈ ਗਿਆ।ਇੱਕ ਮਨ ਕਰੇ ਜੋ ਬਾਪੂ ਕਰਦਾ ਉਹੀ ਦੱਸਾਂ।ਫਿਰ ਮੈਨੂੰ ਪਿੰਡ ਵਾਲਾ ਸਕੂਲ ਯਾਦ ਆ ਗਿਆ।ਪਤਾ ਕੀ ਕਹਿੰਦੇ ਸੀ ਮੁੰਡੇ?ਅਖੇ ਇਹਦੇ ਕੋਲੋਂ…! ਗੱਚ ਭਰ ਆਉਂਦਾ ਮੇਰਾ ਅੱਜ ਵੀ ਸੋਚ ਕੇ।ਤੁਸੀਂ ਪੁਛਦੇ ਹੋ ਕਿਉਂ ਝੂਠ ਬੋਲਿਆ?ਕਦ ਬੋਲਿਆ? ਮੈਂ ਕਹਿੰਦਾ ਮੇਰੇ ਵਾਂਗ ਨਮੋਸ਼ੀ ਹੰਢਾਈ ਹੋਵੇ ਕਿਸੇ ਫੇਰ ਪਤਾ ਲੱਗੇ। ਲਉ ਇੱਕ ਅਕਲ ਦੀ ਗੱਲ ਆ ਗਈ ਮੇਰੇ ਚੇਤੇ।
ਜਿਹੜੇ ਜਖ਼ਮ ਰੂਹ ’ਤੇ ਲੱਗ ਜਾਣ ਉਹ ਕਦੀ ਨਹੀਂ ਭਰਦੇ।…ਤੇ ਮੇਰੀ ਤਾਂ ਰੂਹ ਹੀ ਜਖ਼ਮਾਂ ਨਾਲ ਭਰੀ ਪਈ ਸੀ।ਮੈਨੂੰ ਉਹ ਸਭ ਗੱਲਾਂ ਯਾਦ ਆ ਗਈਆਂ।
ਮੈਂ ਕਿਹਾ ਕਿ ਮੇਰਾ ਬਾਪੂ ਖੇਤੀ ਕਰਦਾ।
ਇਹ ਸੀ ਮੇਰਾ ਪਹਿਲਾ ਝੂਠ।
ਬਹੁਤ ਦੁੱਖ ਹੋਇਆ ਸੀ ਮੈਨੂੰ।ਕਿੱਥੇ ਕਰਦਾ ਸੀ ਬਾਪੂ ਖੇਤੀ? ਮਾਂ ਮੇਰੀ ਦੇ ਸਿਰ ’ਚ?
ਉਹ ਤਾਂ…!

ਪਰ ਉਸ ਦਿਨ ਪਹਿਲੀ ਵਾਰ ਹੀਣ-ਭਾਵ ਪੈਦਾ ਹੋਇਆ ਸੀ ਮੇਰੇ ਮਨ ’ਚ।ਪਹਿਲੀ ਵਾਰ ਪਤਾ ਲੱਗਿਆ ਸੀ ਮੈਨੂੰ ਕਿ ਜੱਟ ਜ਼ਮੀਨ ਲਈ ਕਿਉਂ ਲੜ-ਲੜ ਮਰਦੇ ਨੇ।ਜ਼ਮੀਨ ਤਾਂ ਧਿਰ ਹੁੰਦੀ ਹੈ ਬੰਦੇ ਦੀ।ਗੁਰੁ ਮਹਾਰਾਜ ਨੇ ਵੀ ਕਿਹਾ ਹੈ ਕਿ ਮਿੱਟੀ ’ਚੋਂ ਜੰਮ ਕੇ ਮਿੱਟੀ ਹੋ ਜਾਂਦਾ ਬੰਦਾ।ਅੰਤ ਵੇਲੇ ਤਾਂ ਜ਼ਮੀਨ ਹੀ ਪਨਾਹ ਦਿੰਦੀ ਬੰਦੇ ਨੂੰ।ਪਰ ਛੱਡੋ…।ਇਹ ਸੀ ਮੇਰਾ ਪਹਿਲਾ ਝੂਠ।ਸੁਣ ਲਿਆ? ਸਮਝ ਵੀ ਜਾਓਗੇ ਕਿ ਕਿਉਂ ਬੋਲਿਆ ਸੀ ਮੈਂ ਇਹ ਝੂਠ।ਬੱਸ ਇਸੇ ਇੱਕ ਝੂਠ ਨੂੰ ਲੁਕਾਉਣ ਲਈ…। ਸਹੀ ਗੱਲ ਦੱਸਾਂ?...

ਨਾ ਕੋਈ ਜੰਮਦਾ ਸਾਧ ਹੁੰਦਾ।ਨਾ ਜੰਮਦਾ ਚੋਰ।ਮਤਲਬ ਸਾਰਾ ਕੁਝ ਇੱਥੇ ਆ ਕੇ ਹੀ ਬਣਦਾ ਬੰਦਾ।ਤੁਹਾਡੀ ਇਸ ਧਰਤੀ ’ਤੇ।ਇਸ ਸਮਾਜ ਵਿੱਚ।ਲੋਕ ਬਣਾਉਂਦੇ ਨੇ ਚੋਰ।

ਹਾਲਾਤ ਬਣਾਉਦੇ ਨੇ ਇਨਸਾਨ ਨੂੰ ਮਾੜਾ।…ਤੇ ਮੈਨੂੰ ਵੀ ਝੂਠਾ ਬਣਾਇਆ ਲੋਕਾਂ ਨੇ।ਹਲਾਤਾਂ ਨੇ।ਸਮੇਂ ਨੇ।ਮੈਨੂੰ ਜਦੋਂ ਬਹੁਤੀ ਸਮਝ ਨਹੀਂ ਸੀ ਕਾਸੇ ਦੀ, ਮੈਂ ਤਾਂ ਉਦੋਂ ਹੀ ਸਮਝ ਬੈਠਾ ਸੀ ਕਿ ਮੇਰਾ ਬਾਪੂ ਜਿਹੜਾ ਕੰਮ ਕਰਦਾ ਇਹ ਤਾਂ ਕੋਈ ‘ਗੰਦਾ’ ਕੰਮ ਏ; ਤਾਂ ਹੀ ਤਾਂ ਲੋਕ ਨਫ਼ਰਤ ਕਰਦੇ ਨੇ ਸਾਡੇ ਨਾਲ।ਬਹੁਤ ਖਿਝਦਾ ਸੀ ਮੈਂ।ਸੋਚਦਾ ਕਿਉਂ ਕਰਦਾ ਏ ਮੇਰਾ ਬਾਪੂ ਇਹ ਕੰਮ।ਬੜੀ ਰੀਝ ਸੀ ਮੇਰੀ ਕਿ ਮੇਰਾ ਬਾਪੂ ਵੀ ਖੇਤੀ ਕਰੇ।ਪਰ ਮੈਂ ਨਹੀਂ ਸਾਂ ਜਾਣਦਾ ਕਿ…।ਬਸ ਉਸੇ ਦਿਨ ਤੋਂ ਲੱਗਣ ਲੱਗਿਆ ਸੀ ਮੈਨੂੰ ਕਿ ‘ਜੱਟ ਕੀ ਤੇ ਘੱਟ ਕੀ’।…ਤਾਂ ਹੀ ਤਾਂ ਫ਼ੰਨੇ ਖ਼ਾਂ ਜੱਟ ਦੱਸਦਾਂ ਮੈਂ ਖ਼ੁਦ ਨੂੰ।ਤੁਸੀਂ ਤਾਂ ਚਲੋ ਘਰਦੇ ਬੰਦੇ ਹੋਏ। ਤੁਹਾਡੇ ਤੋਂ ਕਾਹਦਾ ਉਹਲਾ।ਆਹ ਡਬਲ ਐਮ.ਏ ਕਿਉਂ ਕੀਤੀ ਮੈਂ?ਇਸੇ ਦੁੱਖ ਦੇ ਮਾਰਿਆ।ਮੈਂ ਨਿੱਕੇ ਹੁੰਦੇ ਹੀ ਸਮਝ ਗਿਆ ਸੀ ਕਿ ਤਕਦੀਰਾਂ ਖ਼ੁਦ ਬਣਾਈ ਦੀਆਂ ਨੇ।ਜੇ ਮੈਂ ਨਾ ਪੜ੍ਹਦਾ ਤਾਂ ਪਤਾ ਕੀ ਹੁੰਦਾ।ਮੈਂ ਵੀ ਬੈਠਾ ਹੁੰਦਾ ਆਪਣੇ ਬਾਪੂ ਵਾਲੀ ਗੱਦੀ ’ਤੇ।ਔਹ ਸਾਹਮਣੇ ਗੁਲਾਬੀ ਰੰਗ ਦੀ ਕੋਠੀ ਦਿੱਸਦੀ ਏ?ਕੀਹਦੀ ਏ ਭਲਾ? ਮੇਰੀ।ਬਾਹਰ ਨੇਮ ਪਲੇਟ ’ਤੇ ਪਤਾ ਕੀ ਲਿਖਿਆ?
ਸਰਦਾਰ ਸੁਰਜੀਤ ਸਿੰਘ ਸੰਧੂ।ਐਸ.ਡੀ.ਐਮ.।
ਫੇਰ ਉਹੀ ਗੱਲ।ਮੈਂ ਕਿਹਾ ਨਾ ਹੌਲੀ ਬੋਲੋ।ਕੰਧਾਂ ਦੇ ਵੀ ਕੰਨ ਹੁੰਦੇ ਨੇ।ਮੈਂ ਖ਼ੁਦ ਹੀ ਸਮਝਾਉਂਣਾ ਕਿ ਅਸਲੀ ਕਹਾਣੀ ਹੈ ਕੀ ਵਿੱਚੋਂ।

ਮੈਂ ਕਿਹਾ ਸੀ ਨਾ ਤਕਦੀਰਾਂ ਆਪ ਬਣਾਉਣੀਆਂ ਪੈਂਦੀਆ ਨੇ..।ਮੈਂ ਪਿੰਡ ਵਾਲੇ ਸਕੂਲੋਂ ਪੰਜ ਕਰਕੇ ਜਾਣਾ ਸੀ ਨਾ ਜਦ ਨਾਲਦੇ ਪਿੰਡ।ਵੱਡੇ ਸਕੂਲ।ਬਾਪੂ ਮੇਰਾ ਫਸਾਦ ਪਾ ਕੇ ਬਹਿ ਗਿਆ।ਕਹਿੰਦਾ, “ਦੇਖ ਬਈ ਸੀਤਿਆ…ਪੁੱਤ ਆਪਣੇ ਘਰਾਂ ਦੇ ਜਵਾਕ ਕਿਤੇ ਡੀ.ਸੀ ਲੱਗਦੇ ਨੇ।ਤੂੰ ਕੀ ਸੱਪ ਕੱਢਣਾ ਆਹ ਪੜ੍ਹਾਈਆਂ ਕਰਕੇ।ਆਪਾਂ ਗਰੀਬਾਂ ਨੇ ਤਾਂ ਉਹੀ ਕਰਨਾ ਤੇ ਉਹੀ ਖਾਣਾ।ਉਹ ਕੀ ਕਹਿੰਦੇ ਹੁੰਦੇ ਬਈ ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੋਦਣਾ।”

ਪਰ ਬਾਈ! ਜੀ ਮੈਂ ਨਾ ‘ਘਾਹੀ’ ਬਣ ਕੇ ਰਾਜੀ ਸੀ ਨਾ ‘ਘਾਹ’ ਖੋਦ ਕੇ।ਮੈਂ ਜ਼ਿੱਦ ਕੀਤੀ।ਅੱਗੇ ਪੜ੍ਹਨ ਲੱਗਿਆ।ਮੈਂ ਨਾ ਉਦੋਂ ਹੀ ਧਾਰ ਲਿਆ ਸੀ ਮਨ ’ਚ ਕਿ ਮੈਂ ਤਾਂ ਦੱਬ ਕੇ ਪੜੂ।ਆਹ ਜਿਹੜੇ ਗੱਲਾਂ ਕਰਦੇ ਨੇ ਨਾ ਫਿਰ ਲੱਗੂ ਇਹਨਾਂ ਨੂੰ ਪਤਾ ਕਿ ਬੰਦਾ ਤਾਂ ਬੰਦਾ ਹੀ ਹੁੰਦਾ।ਪਰ ਇੱਥੇ ਕੌਣ ਸਮਝਦਾ ਬੰਦੇ ਨੂੰ ਬੰਦਾ?ਇੱਥੇ ਤਾਂ ਕੋਈ ਸੰਧੂ।ਕੋਈ ਢਿੱਲੋਂ।ਕੋਈ ਐਸ.ਈ ਤੇ ਕੋਈ ਬੀ.ਸੀ।ਮਾਨਸ ਕੀ ਜਾਤ ਸਭੇ ਏਕ ਸਵਾਹ ਪਹਿਚਾਨਣੀ ਇਹਨਾਂ ਮੋਟੀ ਬੁੱਧੀ ਵਾਲੇ ਜੀਵਾਂ?ਛੇਵੀਂ ’ਚ ਜਾ ਕੇ ਕਿਹੜਾ ਖਹਿੜਾ ਛੁੱਟਿਆ ਇਹਨਾਂ ਗੱਲਾਂ ਤੋਂ।ਉਹੀ ਲੋਕ।ਉਹੀ ਸੋਚ।ਉਹੀ ਗੱਲਾਂ।

ਹੋਰ ਤਾਂ ਹੋਰ ਚੰਗੇ ਭਲੇ ਸੋਝੀ ਵਾਲੇ ਵੀ ਇਹੀ ਕੁਝ ਕਰਦੇ।ਸਾਡਾ ਇੱਕ ਮਾਸਟਰ ਹੁੰਦਾ ਸੀ ਟੀਰਾ ਜਿਹਾ।ਨਾਮ ਨਹੀਂ ਯਾਦ ਮੈਨੂੰ ਉਹਦਾ।ਕੇਰਾਂ ਉਹਨੇ ਸਾਨੂੰ ਇੱਕ ਸਵਾਲ ਪਾ ਦਿੱਤਾ।ਬੜਾ ਟੇਢਾ ਜਿਹਾ।ਕਹਿੰਦਾ ਕੱਢ ਕੇ ਲਿਆਉ।ਲੱਗ ਗਈ ਸਾਰੀ ਕਲਾਸ ਟੱਕਰਾਂ ਮਾਰਨ।ਮੈਂ ਕੱਢ ਕੇ ਸਵਾਲ ਪਹਿਲੀਆਂ ’ਚ ਸਲੇਟ ਜਾ ਮਾਸਟਰ ਜੀ ਅੱਗੇ ਕੀਤੀ।
ਇਨਾਮ?
ਕਿਹੜਾ ਇਨਾਮ?
ਮੈਨੂੰ ਤਾਂ ਸਜ਼ਾ ਮਿਲੀ।ਤੂਤ ਦੀ ਸੋਟੀ ਨਾਲ ਕੁਟਿਆ ਸੀ ਉਹਨੇ ਮੈਨੂੰ।ਪਤਾ ਕੀ ਕਹਿੰਦਾ।ਕਹਿੰਦਾ, “ਕੁੱਤਾ…ਧੁੱਪ ਵੀ ਨਹੀਂ ਲੱਗਣ ਦਿੰਦਾ।ਕਿੱਦਾਂ ਮੂਹਰੇ ਖੜ੍ਹ ਗਿਆ ਕੰਧ ਬਣ ਕੇ।ਸਵਾਲ ਕੱਢ ਕੇ ਇਹਨੇ ਜੱਜ ਲੱਗਣਾ…।”
ਜਦ ਕਿ ਬਾਈ ਜੀ! ਪੂਰੀ ਕਲਾਸ ’ਚੋਂ ਮੇਰਾ ਹੀ ਸਵਾਲ ਠੀਕ ਸੀ।ਪਰ ਮੇਰੀ ਜਾਤ ਨਹੀਂ ਸੀ ਠੀਕ।ਤੁਸੀਂ ਦੱਸੋਂ...ਕੀ ਕਰ ਲਓਗੇ ਐਸੇ ਲੋਕਾਂ ਦਾ ਤੁਸੀਂ? ਮੇਰੇ ਬਾਪੂ ਨੂੰ ਸਾਰੀ ਉਮਰ ਲੋਕ ‘ਸੇਮੀ-ਸੇਮੀ’ ਕਰਦੇ ਰਹੇ।ਕਿਸੇ ਗ਼ਲਤੀ ਨਾਲ ਵੀ ਉਹਨੂੰ ਤਰਸੇਮ ਸਿਹੁੰ ਨਹੀਂ ਕਿਹਾ ਹੋਣਾ ਕਦੇ।
…ਤੇ ਹੁਣ ਉਹੀ ਲੋਕ ਮੇਰੇ ਕੋਲ ਆ ਕੇ ਮੱਥੇ ਰਗੜਦੇ ਨੇ।‘ਸੰਧੂ ਸਾਬ੍ਹ, ਸੰਧੂ ਸਾਬ੍ਹ’ ਕਰਦਿਆਂ ਦੀ ਜ਼ੁਬਾਨ ਨਹੀਂ ਥੱਕਦੀ।ਉਦੋਂ ਬੜਾ ਸਵਾਦ ਆਉਂਦਾ ਮੈਨੂੰ।
ਬੱਸ ਜੀਹਦੇ ਹੱਥ ਬੀਨ ਉਹੀ ਸਪੇਰਾ।

ਹੁਣ ਵੀ ਮੈਨੂੰ ਸਲਾਮਾਂ ਨਹੀਂ ਜੇ ਹੁੰਦੀਆਂ।ਮੈਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀ, ਇੱਥੇ ‘ਬੰਦਾ’ ਨਹੀਂ ਪੈਸਾ ਬੋਲਦਾ।ਕੁਰਸੀ ਨੂੰ ਸਲਾਮ ਹੁੰਦੇ ਨੇ…ਤੇ ਜਾਂ ਫਿਰ ਥੋਡੇ ਗੇਟ ਮੂਹਰੇ ਟੰਗੀ ਨੇਮ ਪਲੇਟ ਨੂੰ ਸਲੂਟਾਂ ਵੱਜਦੀਆਂ।ਪਰ ਉਹ ਜਾਣੇ ਅੱਗੇ ਸੁਣੋ ਤੁਸੀਂ।

ਮੈਂ ਉਸ ਦਿਨ ਕਹਿ ਤਾਂ ਦਿੱਤਾ ਕਿ ਬਾਪੂ ਮੇਰਾ ਖੇਤੀ ਬਾੜੀ ਕਰਦਾ।ਬੱਸ ਕਹਿ ਕੇ ਫਸ ਗਿਆ।…ਬੱਸ ਹੁਣ ਤਾਈਂ ਉਸੇ ਝੂਠ ਨੂੰ…।ਲੋਕ ਤਾਂ ਪਿਉ ਦੇ ਪਿਉ ਨੂੰ ਫੜ੍ਹਦੇ ਨੇ।ਫੇਰ ਹੋਰ ਲੱਗ ਗਏ ਪੁਛਣ, ਅਖੇ ਥੋਡੀ ਜ਼ਮੀਨ ਕਿੰਨੀ।ਐਤਕੀ ਝੋਨਾ ਕਿਹੜਾ ਲਾਇਆ।ਪਸ਼ੂ ਕਿੰਨੇ ਰੱਖੇ।ਫਲਾਣ ਕਿਵੇਂ ਟਮਕਾਣ ਕਿਵੇਂ।ਬੱਸ ਫਿਰ ਕੀ ਇੱਕ ਝੂਠ ਬੋਲ ਕੇ ਪੰਚਾਸੀ ਸੌ ਹਰ ਰੋਜ਼ ਬੋਲਣੇ ਪੈਂਦੇ।ਮੈਂ ਜੋ ਮਨ ਆਉਂਦਾ ਆਖ ਦਿੰਦਾ।ਪਰ ਦੁੱਖ ਬਹੁਤ ਹੁੰਦਾ ਮੈਨੂੰ।ਮੈਂ ਜੇ ਝੂਠ ਬੋਲਦਾ ਰਿਹਾ ਸੀ ਤਾਂ ਕਦੀ ਕੁਝ ਜਿਤਾਉਂਣ ਲਈ ਨਹੀਂ।ਮੇਰੀ ਮਜ਼ਬੂਰੀ ਸੀ।ਬਹੁਤ ਦੁੱਖ ਭੋਗਿਆ ਮੈਂ।ਬੜਾ ਹੀਣ ਮਹਿਸੂਸ ਕੀਤਾ ਮੈਂ ਖ਼ੁਦ ਨੂੰ।ਪਿੰਡ ਇਕ ਯਾਰ ਸੀ ਮੇਰਾ ਮੰਗੀ।ਬੜਾ ਕੈਮ ਬੰਦਾ ਸੀ ਉਹ।ਦਸ ਕਿੱਲ਼ੇ ਜ਼ਮੀਨ ਸੀ ਉਨ੍ਹਾਂ ਦੀ।ਮੈਂ ਤੇ ਮੰਗੀ ਦੋ-ਦੋ ਘੰਟੇ ਉਨ੍ਹਾਂ ਦੀ ਮੋਟਰ ’ਤੇ ਬੈਠੇ ਗੱਲਾਂ ਕਰਦੇ ਰਹਿੰਦੇ।ਮੈਂ ਮੰਗੀ ਨੂੰ ਆਪਣਾ ਦੁੱਖ ਦੱਸਿਆ।ਬਾਈ ਜੀ!ਬੜੀ ਸਿਆਣੀ ਗੱਲ ਕਹੀ ਸੀ ਉਸ ਬੰਦੇ ਨੇ…।

ਕਹਿੰਦਾ, “ਆੜੀ ਝੂਠ ਉਹ ਹੁੰਦਾ ਜਿਹੜਾ ਕਿਸੇ ਦਾ ਕੁਝ ਵਿਗਾੜੇ।ਤੂੰ ਤਾਂ ’ਸਾਬ ਨਾਲ ਆਪਣੀ ਜਾਨ ਲਕਾਉਂਦਾ ਫਿਰਦਾ।ਕੋਈ ਨਾ ਪਰਵਾਹ ਨਾ ਕਰ।ਜੇ ਕੋਈ ਮੇਰਾ ਸਾਲਾ ਬਹੁਤਾ ਕਹੂ ਤਾਂ ਇੱਥੇ ਫੜ੍ਹ ਲਿਆਈ।ਕਿਸੇ ਰਿਸ਼ਤਾ ਕਰਨਾ ਤੈਨੂੰ।ਕਹਿ ਦਈਂ ਸਾਡੀ ਏ ਮੋਟਰ।”
ਮੈਨੂੰ ਇੱਕ ਵਾਰ ਤਾਂ ਹਾਸਾ ਆ ਗਿਆ।

ਫਿਰ ਤਾਂ ਮੰਗੀ ਦੀ ਜ਼ਮੀਨ ਦੇ ਸਿਰ ’ਤੇ ਛਾਲਾਂ ਮਾਰ ਛੱਡੀਆਂ ਸਾਰੀ ਉਮਰ।ਪਰ ਬਾਈ ਜੀ! ਇਹ ਖ਼ੁਦਕੁਸ਼ੀ ਕਰ ਲੈਣ ਵਾਲੀ ਗੱਲ ਸੀ ਮੇਰੇ ਲਈ।ਪਰ ਜਦ ਮੈਨੂੰ ਲੋਕਾਂ ਦੀਆਂ ਗੱਲਾਂ ਯਾਦ ਆਉਂਦੀਆਂ…।ਚੀਸ ਜਿਹੀ ਉਠਦੀ ਸੀ ਮੇਰੇ ਅੰਦਰ।ਮੈਂ ਸਾਲਮ ਸਬੂਤ ਬੈਠਾਂ ਨਾ ਤੁਹਾਡੇ ਸਾਹਮਣੇ।ਮੇਰੇ ਦੋ ਨੱਕ ਨੇ ਜਾਂ ਚਾਰ ਅੱਖਾਂ?...ਜਾਂ ਫਿਰ ਤੁਹਾਡੀਆਂ ਚਾਰ ਅੱਖਾਂ ਨੇ?ਰੱਬ ਨੇ ਸਭ ਨੂੰ ਇੱਕੋ ਜਿਹਾ ਬਣਾਇਆ। ਪੜ੍ਹਿਆ-ਲਿਖਿਆ ਇੱਜ਼ਤਦਾਰ ਬੰਦਾ ਮੈਂ।ਪਰ ਤੁਸੀਂ ਵੀ ਆਖ਼ਿਰ ’ਚ ਇਹੋ ਕਹਿਣਾ, ਐਵੇਂ ਕੁੱਤਾ…ਭਕਾਈ ਮਾਰਦਾ..। ਇਹ ਤਾਂ ਮਿਹਣੇ ਵਾਂਗੂੰ ਸਹਿਣਾ ਪੈਂਦਾ ਹੈ ਸਾਨੂੰ।

ਕਦੀ ਵੱਡੀ ਜਾਤ ਵਾਲੇ ਨੂੰ ਉਹਦੀ ਜਾਤ ਦਾ ਨਾਮ ਲੈ ਕੇ ਬੁਲਾਇਆ ਕਿਸੇ।ਕਦੀ ਕਿਸੇ ਗਾਹਲ ਕੱਢੀ ਉਹਨੂੰ ਉਹਦੀ ਜਾਤੀ ਦਾ ਨਾਮ ਲੈ ਕੇ।ਉਹਦੇ ਲਈ ਜਾਤ ਮਿਹਣਾ ਨਹੀਂ ਹੁੰਦੀ।ਫ਼ਰਕ ਤਾਂ ਪੈਂਦਾ ਮੇਰੇ ਵਰਗੇ ਉਨ੍ਹਾਂ ਨੂੰ ਜਿਹੜੇ ਜਾਤੀਵਾਦ ਦਾ ਸ਼ਿਕਾਰ ਹੁੰਦੇ ਨੇ।ਜਮਾਤੀ ਮੁੰਡੇ ਪਤਾ ਕੀ ਕਿਹਾ ਕਰਦੇ ਸੀ?
ਕਹਿੰਦੇ ਸੀ, “ਤੇਰੇ ਕੋਲੋਂ ਚਮੜੇ ਦੀ ਬੋ ਆਉਂਦੀ।ਤੇਰਾ ਬਾਪੂ ਮਰੇ ਪਸ਼ੂ ਕਿਉਂ ਚੁਕਦਾ?ਗੰਦੇ ਤੁਸੀਂ।ਤੁਸੀਂ ਚੰਮ ਖਾਂਦੇ ਜੇ?”
ਦੱਸੋ ਕੀ ਜਵਾਬ ਦਿੰਦਾ ਮੈਂ।ਜਿਹੜੇ ‘ਫ਼ੰਨੇ ਖਾਂ’ ਮਾਸਟਰ ਸੀ ਨਾ ਸਕੂਲ ’ਚ ਉਹ ਪਤਾ ਕੀ ਆਖਦੇ ਸੀ, “ਤੂੰ ਕੀ ਲੈਣਾ ਓਏ ਪੜ੍ਹ ਕੇ।ਕਿਉਂ ਮਗਜ਼ ਖਰਾਬ ਕਰਦਾ।ਆਪਣੇ ਬਾਪੂ ਨਾਲ ਕੰਮ ਕਰਾਇਆ ਕਰ।”

ਦੱਸੋ ਮੈਂ ਰੱਬ ਦੇ ਮਾਂਹ ਮਾਰੇ ਸੀ।ਮੈਂ ਰੱਜ ਕੇ ਪੜ੍ਹਿਆ।ਮੈਂ ਤਾਂ ਪੀ.ਐਚ-ਡੀ ਵੀ ਕਰਨੀ ਸੀ।ਪਰ ਮੇਰਾ ਗਾਈਡ…।ਗਾਈਡ ਦੀ ਵੀ ਸੁਣ ਲਉ।ਵੀਹ ਕੁ ਦਿਨ ਤਾਂ ਮੇਰੀ ਭੰਮੀਰੀ ਘੁਮਾ ਛੱਡੀ ਉਹਨੇ।ਚੱਕੀ ਤੋਂ ਆਟਾ ਲਿਆ ਦੇ। ਆਹ ਨਿਆਣੇ ਸਕੂਲ ਛੱਡ ਆ।ਆਹ ਕਰਦੇ।ਔਹ ਕਰਦੇ।ਮੈਂ ਕੰਮ ਕਰੀ ਜਾਂਦਾ।ਪਰ ਇੱਕ ਦਿਨ ਥੋਡੇ ਵਰਗੇ ਨੇਕ ਬੰਦੇ ਨੇ ਦੱਸਿਆ ਕਿ ਇਹ ਤਾਂ ਜੱਟਾਂ ਦੇ ਮੁੰਡਿਆ ਨੂੰ ਹੀ ਕਰਾਉਂਦਾ ਪੀ.ਐਚ-ਡੀ.।ਤੈਥੋਂ ਤਾਂ ਬੱਸ ਕੰਮ ਹੀ ਕਰਾਊ।ਗ਼ੈਰ ਜੱਟਾਂ ਨੂੰ ਤਾਂ ਇਹ ਬੋਝ ਸਮਝਦਾ ਧਰਤੀ ’ਤੇ।ਮੈਂ ਕਿਹਾ ਛੱਡ ਮਨਾਂ।ਇਹ ਸਿਕੰਦਰ ਸਿਹੁੰ ਵੀ ਫ਼ੰਨੇ ਖਾਂ ਹੀ ਹੈ।ਕੀ ਫਾਇਦਾ।ਜੇ ਪੜ੍ਹ-ਲਿਖ ਕੇ ਇਹ ਸਿਆਣਾ ਨਹੀਂ ਬਣਿਆ ਤਾਂ ਇਹਦੀ ਕਰਾਈ ਪੀ.ਐਚ-ਡੀ ਨਾਲ ਮੈਂ ਕਿਹੜਾ…।ਮੈਂ ਸਿਕੰਦਰ ਸਿਹੁੰ ਨੂੰ ਰਾਮ-ਰਾਮ ਬੁਲਾ ਕੇ ਆ ਗਿਆ ਘਰ ਨੂੰ।ਜਈ-ਤਈ ਮਰਾਵੇ ਪੀ.ਐਚ-ਡੀ।ਮੈਂ ਖ਼ਿਆਲ ਹੀ ਛੱਡ ’ਤਾ।ਚਲੋ ਪੜ੍ਹ-ਪੜ੍ਹ ਗੱਡੇ ਲੱਦੀਏ ਵਾਲੀ ਗੱਲ ਦਾ ਵੀ ਕੀ ਫਾਇਦਾ।ਡਿਗਰੀਆਂ ਨਾਲ ਕੀ ਹੁੰਦਾ।ਵੇਖ ਹੀ ਲਿਆ ਤੁਸੀਂ ਸਿਕੰਦਰ ਸਿਹੁੰ ਵਰਗਿਆਂ ਦਾ ਹਾਲ।

ਆਪਾਂ ਕਿਹੜੀ ਗੱਲ ਕਰਦੇ ਸੀ।ਹਾਂ…ਇੰਜ ਹੀ ਲੱਲੇ-ਭੱਭੇ ਲਾਉਂਦਿਆ ਟਾਈਮ ਟੱਪਦਾ ਗਿਆ।ਇੱਕ ਦਿਨ ਮੇਰੀ ਜਮਾਤ ਦੇ ਚਾਰ-ਪੰਜ ਜਾਣੇ ਕਹਿੰਦੇ ਬਈ ਅਸੀਂ ਥੋਡੇ ਗੁਆਂਢ ਪਿੰਡ ਆਉਣਾ ਮੇਲੇ ’ਤੇ।ਤੂੰ ਵੀ ਆ ਜਾਈਂ।ਮੈਂ ਚਲਿਆ ਗਿਆ।ਨਾਲ ਮੇਰੇ ਮੰਗੀ।ਦੋ ਕੁ ਘੰਟੇ ਮੇਲੇ ’ਚ ਕੱਟਕੇ ਸਾਰੇ ਕਹਿੰਦੇ ਬਈ ਗਰਮੀ ਬਹੁਤ ਹੈ ਚਲੋ ਸੀਤੇ ਦੇ ਪਿੰਡ ਚੱਲੀਏ।ਮੈਨੂੰ ਤਾਂ ਗਰਮੀ ’ਚ ਵੀ ਕਾਂਬਾ ਛਿੜ ਗਿਆ। ਮੈਂ ਸੋਚਾਂ ਬਈ ਕਿੱਥੇ ਲਿਜਾਊ ਇਹਨਾਂ ਨੂੰ।ਬੱਸ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਆ ਗਈ।ਤੁਰ ਪਏ ਅਸੀਂ ਪਿੰਡ ਨੂੰ।ਸਾਰੇ ਰਾਹ ਮੈਂ ਚੁਪ ਰਿਹਾ।ਵੀਹ ਤਰ੍ਹਾਂ ਦੀਆਂ ਸੋਚਾਂ ਮਨ ਵਿੱਚ ਆਉਂਦੀਆਂ ਜਾਂਦੀਆਂ ਰਹੀਆਂ।

ਮੈਂ ਸਭ ਨੂੰ ਮੰਗੀ ਦੀ ਮੋਟਰ ’ਤੇ ਲੈ ਗਿਆ।ਮੰਗੀ ਆਪਣੇ ਘਰੋਂ ਜਾ ਕੇ ਚਾਹ ਪਾਣੀ ਲੈ ਆਇਆ।ਸਾਰਾ ਦਿਨ ਬੀਤ ਗਿਆ।
ਆਥਣੇ ਜਿਹੇ ਮੈਂ ਵੇਖਿਆ ਮੇਰਾ ਬਾਪੂ ਵੱਟੇ-ਵੱਟ ਮੰਗੀ ਦੀ ਮੋਟਰ ਵੱਲ ਨੂੰ ਤੁਰਿਆ ਆਵੇ।ਅਚਾਨਕ…ਮੈਨੂੰ ਯਾਦ ਆਇਆ..ਬਾਪੂ ਨੇ ਤਾਂ ਕੋਠਾ ਲਿਪਣ ਲਈ ਮਿੱਟੀ ਲਿਆਉਣ ਲਈ ਕਿਹਾ ਸੀ।…ਤੇ ਮੈਂ ਦੋ ਘੰਟਿਆ ’ਚ ਮੁੜ ਆਉਣ ਦਾ ਵਚਨ ਦੇ ਕੇ ਆਇਆ ਸੀ।ਪਰ ਹੁਣ ਤਾਂ ਪੂਰਾ ਦਿਨ ਹੀ।…

ਮੈਂ ਉਠ ਕੇ ਬਾਪੂ ਵੱਲ ਨੂੰ ਹੋ ਤੁਰਿਆ।ਕਿਉਂਕਿ ਜਾਣਦਾ ਸਾਂ ਗੁੱਸੇ ਵਿੱਚ ਆਇਆ ਬਾਪੂ ਵੱਖੀਓ ਬੋਲਦਾ ਹੁੰਦਾ।ਬਾਪੂ ਨੇ ਮੇਰੀ ਧੀ-ਭੈਣ ਇੱਕ ਕਰ ਦਿੱਤੀ। ਮੈਂ ਕਰ-ਕਰਾ ਕੇ ਬਾਪੂ ਨੂੰ ਘਰ ਨੂੰ ਮੋੜ ਦਿੱਤਾ।ਪਰ ਜਦ ਪਿਛਾਂਹ ਮੁੜਿਆ ਤਾਂ ਸਾਰੇ ਲੱਗ ਗਏ ਪੁਛਣ ਕਿ ਕੌਣ ਸੀ ਇਹ?

ਮੈਨੂੰ ਤ੍ਰੇਲੀ ਜਿਹੀ ਆ ਗਈ।ਬਾਪੂ ਦੇ ਸਿਰ ’ਤੇ ਲਪੇਟਿਆ ਮੈਲਾ ਜਿਹਾ ਸਾਫਾ।ਟੁਟੇ ਬਟਨਾਂ ਵਾਲਾ ਕੁੜਤਾ।ਅੱਧੋ-ਰਾਣੀ ਜਿਹੀ ਤੇੜ ਦੀ ਚਾਦਰ ਤੇ ਪੈਰੀਂ ਪਾਈ ਟੁੱਟੀ ਜਿਹੀ ਜੁੱਤੀ।ਕਿਵੇਂ ਕਹਿੰਦਾ ਇਹ ਬਾਪੂ ਹੈ ਮੇਰਾ।ਦਸ ਕਿਲੇ ਇੱਕੋ ਟੱਕ ਦਾ ਮਾਲਕ।ਜੀਹਦੀ ਮੋਟਰ ’ਤੇ ਜਾਮਣਾਂ ਦੀ ਛਾਂਵੇ ਬੈਠੇ ਸੀ ਸਾਰੇ।
ਸਰਦਾਰ ਤਰਸੇਮ ਸਿਹੁੰ ਫ਼ੰਨੇ ਖਾਂ ਜੱਟ।
ਇਹੋ ਜਿਹਾ ਕਿਵੇਂ ਹੋ ਸਕਦਾ ਸੀ ਉਹ।ਮੈਂ ਜਿਵੇਂ ਕਿਸੇ ਧਰਮ ਸੰਕਟ ਵਿੱਚ ਫਸ ਗਿਆ।ਸਾਰੀ ਊਰਜਾ ਇਕੱਠੀ ਕਰਕੇ ਮੈਂ ਕਿਹਾ, “ਸਾਂਝੀ ਸੀ ਸਾਡਾ।”

ਗੱਲ ਹੋਰ ਪਾਸੇ ਤੁਰ ਗਈ।ਪਰ ਮੇਰੀ ਜ਼ੁਬਾਨ ਤਾਲੂਏ ਜਾ ਲੱਗੀ।ਗਲਾ ਖੁਸ਼ਕ ਹੋ ਗਿਆ ਤੇ ਅੱਖਾਂ ਨਮ।ਮੇਰਾ ਅੰਦਰਲਾ ਲਾਹਨਤਾਂ ਪਾਉਣ ਲੱਗਿਆ ਸੀ ਮੈਨੂੰ।ਇੱਕ ਪਲ ਲਈ ਤਾਂ ਲੱਗਿਆ ‘ਜਈ-ਤਈ’ ਮਰਾਵੇ ਇਹੋ ਜਿਹੀ ਸਰਦਾਰੀ।ਜਿਹੜੀ ਪਿਉ ਨੂੰ ਪਿਉ ਕਹਿਣੋਂ ਰੋਕਦੀ।ਪਰ ਕੀ ਕਰਦਾ ਮੈਂ ਮੇਰੇ ਅੰਦਰ ਬੈਠਾ ਨੀਵੇਂ ਹੋਣ ਦਾ ਅਹਿਸਾਸ ਜਿਊਣ ਨਹੀਂ ਸੀ ਦਿੰਦਾ ਮੈਨੂੰ। ਮੇਰੇ ਅੰਦਰ ਦੀ ਗੰਢ ਹੋਰ ਪੀਚਦੀ ਜਾਂਦੀ।

ਜਦ ਸਾਰੇ ਆਪਣੇ ਪਿੰਡਾਂ ਨੂੰ ਮੁੜ ਗਏ, ਮੈਂ ਤੇ ਮੰਗੀ ਵੀ ਘਰ ਨੂੰ ਤੁਰ ਪਏ।ਸਾਡੇ ਦੋਹਾਂ ਵਿਚਾਲੇ ਚੁੱਪ ਸੀ।ਉਹ ਸਮਝਦਾ ਸੀ ਮੇਰੀ ਹਾਲਤ।ਜਦ ਮੰਗੀ ਹੁਣਾਂ ਦੀ ਬੀਹੀ ਦਾ ਮੋੜ ਆਇਆ।ਉਹਨੇ ਮੈਨੂੰ ਬਾਹੋਂ ਫੜ੍ਹ ਕੇ ਹਲੂਣਿਆ।
“ਜਾਵਾਂ ਮੈਂ?”

ਮੈਂ ਬੱਸ ਸਿਰ ਹਿਲਾਇਆ ਤੇ ਉਹ ਚਲਾ ਗਿਆ।ਘਰ ਵੜਿਆ ਤਾਂ ਬਾਪੂ ਘਰੇ ਨਹੀਂ ਸੀ।ਮੈਂ ਅੰਦਰ ਵੜ ਕੇ ਦੇਰ ਤੀਕ ਰੋਂਦਾ ਰਿਹਾ।ਪਹਿਲੀ ਵਾਰ ਝੂਠ ਬੋਲਣ ਦਾ ਅਹਿਸਾਸ ਮੈਨੂੰ ਵੱਢ-ਵੱਢ ਖਾ ਰਿਹਾ ਸੀ।ਮੈਂ ਜਦ ਬਾਹਰ ਨਿਕਲਿਆ ਤਾਂ ਵਿਹੜੇ ਵਿੱਚ ਬਾਪੂ ਬੈਠਾ ਸੀ।ਉਹ ਫਿਰ ਸ਼ੁਰੂ ਹੋ ਗਿਆ।

“ਲੱਗ ਗਿਆ ਸਾਬ੍ਹ ਜੀ ਦਾ ਟੈਮ।ਕਦੇ ਘਰ ਦਾ ਕੰਮ ਵੀ ਵੇਖ ਲਿਆ ਕਰ ਕੋਈ।ਮੈਂ ਹੀ ਰੱਖਿਆ ਹਰ ਥਾਂ ਫਾਹੇ ਲਾਉਣ ਨੂੰ।ਸਵੇਰ ਦਾ ਦਫ਼ਾ ਹੋਇਆਂ।ਦੋ ਘੰਟੇ ਹੀ ਹੋਏ ਤੇਰੇ।ਖਪ ਗਿਆ ਮੈਂ ਰੇਹੜਾ ਲੱਦਦਾ।ਦੋ ਬਾਲਟੇ ਚੁੱਕਾ ਦਿੰਦੋਂ ਤਾਂ ਲਿੱਸਾ ਨਹੀਂ ਸੀ ਹੋਣ ਲੱਗਿਆ ਤੂੰ।ਸੁਥਣੀ ਜਿਹੀ ਫਸਾ ਕੇ ਕਾਲਜ ਦਾ ਪਤਾ।ਅਖੇ ਮੈਂ ਤਾਂ ਅਬਸਰ ਲੱਗਣਾ।ਖੂਹ ਖਲੋਤਾ ਸੀ ਜੰਮਣ ਖੁਣੋਂ।”
ਬਾਪੂ ਇੱਕੋ ਸਾਹੇ ਕਿੰਨਾ ਕੁਝ ਬੋਲ ਗਿਆ।
ਮੇਰੀਆਂ ਅੱਖਾਂ ਫੇਰ ਭਰ ਆਈਆਂ।ਗਲਾ ਭਾਰਾ ਹੋ ਗਿਆ।
“ਕਿਉਂ ਆਇਆ ਤੂੰ ਮੰਗੀ ਦੀ ਮੋਟਰ ’ਤੇ।ਮੈਂ ਨੇਪਾਲ ਤਾਂ ਨਹੀਂ ਸੀ ਚਲਾ ਗਿਆ।ਮਿੱਟੀ ਭੱਜੀ ਜਾਂਦੀ ਸੀ ਕਿਤੇ।ਕਿਨ੍ਹੇ ਕਿਹਾ ਸੀ ਖਪਣ ਨੂੰ।ਅੱਜ ਆਪਣੇ ਜਮਾਤੀਆਂ ਸਾਹਮਣੇ…।”
ਮੈਂ ਰੋਂਦੇ ਹੋਏ ਸਾਰੀ ਗੱਲ ਦੱਸ ਦਿੱਤੀ।
ਇੱਕ ਪਲ ਲਈ ਸਾਡੇ ਵਿਚਾਲੇ ਚੁੱਪ ਵਰਤ ਗਈ।ਬਾਪੂ ਡੌਰ-ਭੌਰ ਜਿਹਾ ਝਾਕਣ ਲੱਗਿਆ।ਫਿਰ ਸੁਰਤ ਸਿਰ ਹੁੰਦਾ ਬੋਲਿਆ।
“ਦੇਖ ਪੁੱਤ ਸੀਤਿਆ!ਕੇਰਾਂ ਇੱਕ ਕਾਂ ਨੂੰ ਮੋਰ ਦੇ ਖੰਭ ਲੱਭ ਗਏ।ਮੋਰ ਦੇ ਖੰਭ ਲਾ ਕੇ ਕਾਂ ਸੋਚੇ ਬਈ ਮੈਂ ਵੀ ਮੋਰ ਬਣ ਗਿਆ…।”
ਕਥਾ ਸੁਣਾ ਕੇ ਬਾਪੂ ਮੇਰੇ ਮੂੰਹ ਵੱਲ ਝਾਕਣ ਲੱਗਾ।
“ਪੁੱਤ ਜੋ ਰੱਬ ਨੇ ਬਣਾ ਕੇ ਭੇਜ ’ਤਾ ਇਹਨੂੰ ਕੌਣ ਬਦਲੇ।ਝੂਠ ਦੇ ਪੈਰ ਨਹੀਂ ਹੁੰਦੇ।ਲੋਕਾਂ ਕੋਲੋਂ ਤਾਂ ਲੁਕਾ ਲਏਗਾ ਪਰ ਆਪਣੇ ਆਪ ਤੋਂ ਕਿਵੇਂ…।”
ਬਾਪੂ ਦੀ ਅਵਾਜ਼ ਵਿੱਚ ਨਰਮੀ ਸੀ।ਉਹ ਬੋਲਦਾ ਗਿਆ।ਪਰ ਮੈਨੂੰ ਜਿਵੇਂ ਕੁਝ ਸੁਣਦਾ ਹੀ ਨਹੀਂ ਸੀ।ਕਿੰਨਾ ਗ਼ਲਤ ਸੋਚਦਾ ਸੀ ਬਾਪੂ ਵੀ।
“ਅਖੇ ਰੱਬ ਨੇ…।”

ਦੱਸੋ!ਰੱਬ ਨੇ ਬਣਾਈਆਂ ਆਹ ਜਾਤਾਂ-ਗੋਤਾਂ? ਰੱਬ ਨੇ ਬਣਾਏ ਇਹ ਉਚੇ ਨੀਵੇਂ।ਨਹੀਂ ਬਿਲਕੁਲ ਨਹੀਂ।ਰੱਬ ਨੇ ਤਾਂ ਬੱਸ ਬੰਦਾ ਹੀ ਬਣਾਇਆ ਸੀ।…ਬੰਦੇ ਨੇ ਅੱਗੇ ਪਤਾ ਨਹੀਂ ਕੀ-ਕੀ ਬਣਾ ਧਰਿਆ।ਖ਼ੂਨ ਤਾਂ ਸਭ ਦਾ ਲਾਲ ਹੀ ਹੁੰਦਾ।ਹਾਂ…ਪਰ ਦਿਲ ਜ਼ਰੂਰ ਕਾਲੇ ਹੁੰਦੇ ਕਈਆਂ ਦੇ।ਦਿਲ ਤੋਂ ਯਾਦ ਆਇਆ।ਮੈਂ ਵੀ ਦਿਲ ਵਟਾਇਆ ਸੀ ਕਿਸੇ ਨਾਲ।ਪਰ ਮੇਰਾ ਸੰਸਾਰ ਉਜੜ ਗਿਆ।
ਕਿਉਂ?
ਬਸ ਮੇਰੇ ਝੂਠ ਕਰਕੇ।ਮੇਰੀ ਜਾਤ ਨੀਵੀਂ ਸੀ ਇਸ ਕਰਕੇ।…ਤੇ ਮੇਰੇ ਬਾਪੂ ਕੋਲ ਜ਼ਮੀਨ ਨਹੀਂ ਸੀ ਇਸ ਕਰਕੇ।

ਉਚੀ ਜਾਤ ਦੀ ਸੀ ਉਹ।ਪਰ ਪਿਆਰ ਕਿਤੇ ਜਾਤਾਂ ਵੇਖ ਕੇ ਹੁੰਦਾ?ਪਿਆਰ ਤਾਂ ਅਹਿਸਾਸ ਨੂੰ ਕਹਿੰਦੇ ਨੇ।ਅਹਿਸਾਸਾਂ ਦੀ ਕੋਈ ਜਾਤ ਨਹੀਂ ਹੁੰਦੀ।ਪਰ ਉਹ ਉਚੀ ਜਾਤ ਵਾਲਾ ਹੀ ਸਮਝਦੀ ਸੀ ਮੈਨੂੰ।ਮੈਂ ਸੱਚ ਦੱਸ ਦੇਣਾ ਚਾਹੁੰਦਾ ਸੀ ਉਸਨੂੰ।ਪਰ ਸੱਚ ਦੱਸਣ ਤੋਂ ਪਹਿਲਾਂ ਹੀ ਮੇਰਾ ਝੂਠ ਫੜ੍ਹਿਆ ਗਿਆ।ਪਤਾ ਨਹੀਂ ਕਿੱਥੋਂ ਮੇਰਾ ‘ਬਾਇਓਡੇਟਾ’ ਪਤਾ ਲੱਗ ਗਿਆ ਸੀ ਉਸਨੂੰ।ਮੈਂ ਬੜੇ ਵਾਸਤੇ ਪਾਏ।ਸੌ ਸਹੁੰਆਂ ਖਾਧੀਆਂ ਕਿ ਮੈਂ ਕੋਈ ‘ਝੂਠਾ ਬੰਦਾ’ ਨਹੀਂ।ਮੈਂ ਕਿਸੇ ਨੂੰ ਧੋਖਾ ਦੇਣ ਲਈ ਝੂਠ ਨਹੀਂ ਸੀ ਬੋਲਿਆ।ਪਰ…! ਮੈਂ ਗੁਆ ਲਿਆ ਸੀ ਉਸਨੂੰ।ਮੇਰੇ ਝੂਠ ਦੀ ਥਾਂਏ ਸਜ਼ਾ ਮਿਲ ਗਈ ਸੀ ਮੈਨੂੰ।ਪਰ ਇਸ ਤੋਂ ਵੀ ਵੱਡਾ ਦੁੱਖ ਤਾਂ ਇਹ ਸੀ ਕਿ ਉਸ ਕੁੜੀ ਨੇ ਮੇਰੇ ਨਾਲ ਨਹੀਂ ਮੇਰੀ ਜਾਤ ਨਾਲ ਪਿਆਰ ਕੀਤਾ ਸੀ।ਉਸਨੇ ਕਦੇ ਇਨਸਾਨ ਦੇ ਤੌਰ ’ਤੇ ਵੇਖਿਆ ਹੀ ਨਹੀਂ ਸੀ ਮੈਨੂੰ।ਮੈਂ ਦਿਲ ਪੱਥਰ ਕਰ ਲਿਆ।ਸੋਚਿਆ ਛੱਡ ਮਨਾਂ।ਜੇ ਪਿਆਰ ਹੀ ਹੁੰਦਾ ਤਾਂ ਉਹ ਇੰਜ ਨਾ ਕਰਦੀ।ਬੱਸ ਰਾਤ ਗਈ।ਬਾਤ ਗਈ।

ਆਪਾਂ ਗੱਲ ਅੱਗੇ ਤੋਰੀਏ।ਵੇਖੋ ਨਾ।ਕੀ ਲੈ ਜਾਣਾ ਬੰਦੇ ਨੇ ਨਾਲ।ਦੋ ਘੜੀਆਂ ਗੱਲਾਂ ਕੀਤਿਆਂ ਦਿਲ ਹੌਲਾ ਹੋ ਜਾਂਦਾ।ਉਹ ਕੀ ਕਹਿੰਦੇ ਨੇ ਸਿਆਣੇ ਬਈ ਦੁੱਖ ਵੰਡਿਆਂ ਘੱਟਦਾ ਤੇ ਖੁਸ਼ੀ ਵੰਡਿਆਂ ਵੱਧਦੀ ਹੈ।ਹੈ ਕਿ ਨਹੀਂ?

ਬਸ ਬਾਈ ਜੀ ਜਿਵੇਂ-ਕਿਵੇਂ ਕਰ ਕੇ ਦਿਨ ਕੱਟੀਦੇ ਗਏ।ਮੈਂ ਬੀ.ਏ.ਕਰਕੇ ਐਮ.ਏ.ਕੀਤੀ।ਫਿਰ ਇੱਕ ਹੋਰ ਐਮ.ਏ. ਕੀਤੀ।ਪੀ.ਐਚ-ਡੀ.ਸਿਕੰਦਰ ਸਿਹੁੰ ਕਰਕੇ ਹੁੰਦੀ ਹੁੰਦੀ ਰਹਿ ਗਈ।ਮੈਂ ਲੱਗ ਗਿਆ ਕੋਈ ਕੰਮ-ਧੰਦਾ ਲੱਭਣ।ਪਰ ਕੋਈ ਕੰਮ ਕਾਰ ਕਿਤੇ ਰੱਖਿਆ ਪਿਆ ਹੁੰਦਾ।ਬੜੇ ਪਾਪੜ ਵੇਲੇ ਮੈਂ।ਅਖੀਰ ਬੱਤੀ ਸੌ ਧੱਕੇ ਖਾ ਕੇ ਇਸ ਥਾਂ ਅੱਪੜਿਆ ਮੈਂ।
ਹੁਣ ਪੁਛੋ ਬਈ ਇਹ ਸੰਧੂ ਵਾਲਾ ਕੀ ਮਸਲਾ?

ਆਪਣੇ ਦੁਆਲੇ ਭਰਮ ਜਾਲ ਤਾਂ ਮੈਂ ਪਹਿਲਾਂ ਹੀ ਵਿਛਾਈ ਬੈਠਾ ਸੀ।ਕਈ ਸਾਲ ਬੀਤ ਗਏ।ਕਿੰਨਾ ਕੁਝ ਬਦਲ ਗਿਆ।ਮੈਂ ਕੀ ਤੋਂ ਕੀ ਬਣ ਗਿਆ।ਪਰ ਹੁਣ ਵੀ ਸਕੂਨ ਹੈ ਨ੍ਹੀ ਇਸ ਰੂਹ ਨੂੰ।ਪਤਾ ਕਿਉਂ? ਕਿਉਂਕਿ ਹੁਣ ਮੈਨੂੰ ਜ਼ਰੂਰਤ ਹੈ ਨਹੀਂ ਇਸ ਸਭ ਕਾਸੇ ਦੀ।ਜਦ ਜ਼ਰੂਰਤ ਸੀ ਉਦੋਂ ਧੁਰ ਤੱਕ ਤਰਸੇਵਾਂ ਹੰਢਾਇਆ ਮੈਂ।ਮੇਰੀ ਮਾਂ ਦੇ ਮੋਤੀਆ ਉਤਰ ਆਇਆ ਸੀ ਅੱਖਾਂ ਵਿੱਚ।ਪਰ ਕਿਸੇ ਵੱਡੇ ਹਸਪਤਾਲ ਜਾ ਕੇ ਇਲਾਜ ਕਰਾਉਣ ਜੋਗੇ ਪੈਸੇ ਹੈ ਨਹੀਂ ਸੀ ਮੇਰੇ ਬਾਪੂ ਕੋਲ।ਮੈਂ ਬੇਬੇ ਨੂੰ ਸਰਕਾਰੀ ਹਸਪਤਾਲ ਲੈ ਗਿਆ।ਪਰ ਉਥੇ ਵੀ ਮਾੜੇ ਬੰਦੇ ਨੂੰ ਕੌਣ ਪੁਛਦਾ।ਡਾਕਟਰ ਨੇ ਲਿਖ ਕੇ ਪਰਚੀ ਹੱਥ ਫੜ੍ਹਾ ਦਿੱਤੀ ਮੇਰੇ।ਕਹਿੰਦਾ ਬਜ਼ਾਰੋਂ ਆਹ ਸਮਾਨ ਲੈ ਕੇ ਆ।ਮੈਂ ਜਦੋਂ ਮੈਡੀਕਲ ਸਟੋਰ ਤੋਂ ਸਨਮਾਨ ਲੈ ਕੇ ਪੈਸੇ ਪੁਛੇ ਤਾਂ ਮੇਰੇ ਪੈਰਾਂ ਹੇਠੋਂ ਧਰਤੀ ਖਿਸਕ ਗਈ।

“ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨ੍ਹੀ ਜੀ।”
ਮੈਂ ਦੁਕਾਨ ਵਾਲੇ ਨੂੰ ਦੱਸਿਆ।
“ਕਿੰਨੇ ਨੇ? ਹੌਲਾ ਲੈ ਲਓ ਸਮਾਨ।ਲੈਂਸ ਸਸਤਾ ਦੇ ਦਿੰਦੇ..।”

…ਤੇ ਉਸ ਦੁਕਾਨਦਾਰ ਦੀ ਗੱਲ ਸੁਣ ਕੇ ਸੋਚੀ ਪੈ ਗਿਆ ਸੀ ਮੈਂ।ਸੋਚੋ ਤੁਸੀਂ ਕੀ ਬੀਤੀ ਹੋਊ ਮੇਰੇ ’ਤੇ।ਮੈਨੂੰ ਦੁਨੀਆਂ ਦਿਖਾਉਣ ਵਾਲੀ ਮੇਰੀ ਮਾਂ ਦੀਆਂ ਅੱਖਾਂ ਬਣਾਉਣ ਜੋਗਾ ਵੀ ਨਹੀਂ ਸੀ ਮੈਂ।ਕਿੱਥੇ ਮਾਰ ਲੈਂਦਾ ਮੈਂ ਡਾਕਾ।…ਤੇ ਉਸ ‘ਸਸਤੇ’ ਸਮਾਨ ਨਾਲ ਬਣੀ ਮੇਰੀ ਮਾਂ ਦੀ ਅੱਖ ਉਹਦੇ ਮਰਨ ਤੀਕ ਠੀਕ ਨਹੀਂ ਸੀ ਹੋਈ।…ਤੇ ਮੇਰੇ ਬਾਪੂ ਨੇ ਕਦੇ ਚੰਗਾ ਖਾ-ਹੰਢਾ ਕੇ ਨਹੀਂ ਸੀ ਵੇਖਿਆ।ਰੱਜ ਕੇ ਥੁੜ ਹੰਢਾਈ ਸੀ ਉਸਨੇ।ਅਜੀਬ ਕਥਾ ਹੈ ਮੇਰੇ ਬੀਤੇ ਦੀ।

ਬਾਪੂ ਵਿਚਾਰਾ ਧੁਰ ਦੀ ਟਿਕਟ ਕਟਾ ਗਿਆ।ਮੈਂ ਪਿੰਡ ਛੱਡ ਦਿੱਤਾ।ਸੀਤੇ ਤੋਂ ਸੁਰਜੀਤ ਬਣ ਗਿਆ।ਸਕੂਲੇ ਮੈਂ ਪੜਾਇਆ।ਕਲਰਕੀ ਮੈਂ ਕਰੀ।ਬੈਂਕ ’ਚ ਸਫਾਈਆਂ ਮੈਂ ਕੀਤੀਆਂ।ਲੋਕਾਂ ਦੇ ਜੂਠੇ ਭਾਂਡੇ ਮੈਂ ਧੋਤੇ।ਪਰ ਹਰ ਥਾਂ ਜੱਟ ਦੱਸਿਆ ਮੈਂ ਖ਼ੁਦ ਨੂੰ।ਬਸ ਇੰਜ ਹੀ ਇਥੇ ਆ ਕੇ ਬਣ ਗਿਆ ਸੁਰਜੀਤ ਸਿੰਘ ਸੰਧੂ।ਸਾਰਾ ਸ਼ਹਿਰ ਜਾਣਦਾ ਏ ਮੈਨੂੰ।‘ਸੰਧੂ ਸਾਬ-ਸੰਧੂ ਸਾਬ੍ਹ’ ਕਰਦੇ ਨੇ ਲੋਕ।ਪਰ ਕਿਸੇ ਨੂੰ ਨਹੀਂ ਪਤਾ ਕਿ ਮੈਂ…।ਕਿਉਂਕਿ ਮੇਰੇ ਮੱਥੇ ’ਤੇ ਥੋੜਾ ਲਿਖਿਆ ਕਿ…।ਲੋਕ ਠੱਪਾ ਲਗਾਉਂਦੇ ਨੇ।ਸਮਾਜ ਮੋਹਰ ਜੜ੍ਹਦਾ ਹੈ ਥੋਡੇ ਮੱਥੇ ’ਤੇ।ਉਹ ਠੱਪਾ ਮੈਂ ਮਿਟਾਇਆ ਏ ਖ਼ੁਦ।ਇਹਨਾਂ ਹੱਥਾਂ ਨਾਲ।ਜ਼ਮੀਨ ਹੈ ਅੱਜ ਮੇਰੇ ਕੋਲ।ਪੈਸਾ ਹੈ। ਨਾਮ ਹੈ।ਹੋਰ ਦੱਸੋ ‘ਸਿੰਗ’ ਹੁੰਦੇ ਉਚੀ ਜਾਤ ਵਾਲੇ ਦੇ ਸਿਰ ਉਤੇ।ਬਾਈ ਜੀ! ਜਾਤ ਕਿਸੇ ਦੇ ਖ਼ੂਨ ’ਚ ਨਹੀਂ ਹੁੰਦੀ।

ਢੋਏ ਨੇ ਮੇਰੇ ਬਾਪੂ ਨੇ ਮਰੇ ਪਸ਼ੂ।ਪਰ ਉਹ ਕਿੱਤਾ ਸੀ ਉਸਦਾ।‘ਹੱਕ ਹਲਾਲ’ ਦੀ ਕਮਾਈ।ਜਿਸ ਨਾਲ ਟੱਬਰ ਪਾਲਿਆ ਉਹਨੇ।‘ਕੰਮ’ ਨਹੀਂ ‘ਕਿਰਦਾਰ’ ਨੀਵਾਂ ਹੁੰਦਾ ਬੰਦੇ ਦਾ।ਲੋਕ ਸਾਰੀ ਉਮਰ ਨੀਵਾਂ ਸਮਝਦੇ ਰਹੇ ਸਾਨੂੰ।ਮੈਂ ਉਚਾ ਹੋ ਕੇ ਦਿਖਾਇਆ ਸਭ ਨੂੰ।ਖ਼ੁਦ ਨੂੰ ਫ਼ੰਨੇ ਖਾਂ ਸਮਝਣ ਵਾਲੇ ਗੋਡੇ ਰਗੜਦੇ ਨੇ ਮੇਰੇ ਕੋਲ ਆ ਕੇ।

ਇੱਕ ਵਾਰ ਸਾਡੇ ਪਿੰਡੋਂ ਬਿੱਲਿਆਂ ਦੀ ਪੱਤੀ ਵਾਲਾ ਫੱਗਣ ਸਿਹੁੰ , ਆਪਣੇ ਮੁੰਡੇ ਨੂੰ ਨਾਲ ਲੈ ਕੇ ਕੋਠੀ ਆ ਗਿਆ।ਮੈਂ ਅਜੇ ਉਠਿਆ ਹੀ ਸੀ।ਉਪਰੋਂ ਜਦੋਂ ਬੈਡਰੂਮ ’ਚੋਂ ਮੈਂ ਫੱਗਣ ਸਿਹੁੰ ਨੂੰ ਵੇਖਿਆ ਤਾਂ ਮੇਰੀਆ ਅੱਖਾਂ ਅੱਗੇ ਕਿੰਨਾ ਕੁਝ ਘੁੰਮਣ ਲੱਗਿਆ।ਪੁਰਾਣੀ ਗੱਲ ਸੀ।ਫੱਗਣ ਸਿਹੁੰ ਦੇ ਉਸੇ ਮੁੰਡੇ ਦੇ ਅਜੇ ਦਾਹੜੀ ਵੀ ਨਹੀਂ ਸੀ ਫੁੱਟੀ।ਇੱਕ ਦਿਨ ਬਾਪੂ ਉਹਨਾਂ ਦੇ ਖੇਤਾਂ ਵੱਲ ਨੂੰ ਗਿਆ ਸੀ ਕਿੱਧਰੇ।ਮੁੜਦੇ ਹੋਏ ਉਹਨੇ ਫੱਗਣ ਸਿਹੁੰ ਦੇ ਮੁੰਡੇ ਨੂੰ ਪੁੱਛ ਕੇ ਵਛੇਰੀ ਜੋਗੇ ਰੁੱਗ ਪੱਠੇ ਵੱਢ ਲਏ।ਰੇਹੜੇ ’ਤੇ ਸੁੱਟ ਕੇ ਬਾਪੂ ਅਜੇ ਤੁਰਨ ਹੀ ਲੱਗਾ ਸੀ ਕਿ ਜਦ ਨੂੰ ਉੱਤੇ ਹੀ ਫੱਗਣ ਸਿਹੁੰ ਆ ਗਿਆ।ਉਹਨੇ ਨਾ ਗੱਲ ਸੁਣੀ ਨਾ ਬਾਤ।ਲੱਗ ਗਿਆ ਬਾਪੂ ਦੀ ਬੇਇੱਜ਼ਤੀ ਕਰਨ।
“ਕੀ ਗੱਲ ਲੰਗਰ ਲਾਇਆ ਇੱਥੇ?ਕਿਹਨੂੰ ਪੁੱਛ ਕੇ ਵੱਢੇ ਪੱਠੇ?”
“ਸਰਦਾਰਾ! ਕਾਕਾ ਆਪਣਾ ਕੋਲ ਹੀ ਖੜ੍ਹਾ।ਮੈਂ ਚੋਰੀ ਤਾਂ ਨ੍ਹੀ ਵੱਢੇ।”
“ਇਹਨੂੰ ਜਵਾਕ ਨੂੰ ਕੀ ਪਤਾ।ਗੰਦ ਪਾਇਆ ਤੁਸੀਂ।ਮਿਹਨਤਾਂ ਨਾਲ ਫਸਲਾਂ ਪਾਲੀਦੀਆਂ।ਤੁਰ ਪਿਆ ਰੱਖ ਕੇ।ਸੁਟ ਇੱਥੇ।”
ਉਹਨੇ ਪੱਠੇ ਉਥੇ ਹੀ ਸੁਟਾ ਲਏ।ਬਾਪੂ ਵਿਚਾਰਾ ਬੇਇੱਜ਼ਤੀ ਕਰਾ ਕੇ ਘਰ ਮੁੜ ਆਇਆ।

ਉਸੇ ਫੱਗਣ ਸਿਹੁੰ ਨੂੰ ਵੇਖ ਕੇ ਮੈਨੂੰ ਬਾਪੂ ਦਾ ਲਾਚਾਰ ਜਿਹਾ ਚਿਹਰਾ ਯਾਦ ਆ ਗਿਆ।ਮੈਂ ਬੈਡਰੂਮ ’ਚੋਂ ਬਾਹਰ ਆਇਆ ਤਾਂ ਸਾਹਮਣੇ ਨੌਕਰ ‘ਆਇਆ ਹੋਇਆਂ’ ਦੀ ਸੂਚਨਾਂ ਦੇਣ ਲਈ ਖੜਾ ਸੀ।
“ਬਾਹਰ ਹੀ ਖੜਾ ਰਹਿਣ ਦੇ ਉਨ੍ਹਾਂ ਨੂੰ।ਕਹਿ ਦੇ ਦਸ ਮਿੰਟ ਤੱਕ ਆਉਂਦਾ।”

ਇੰਨਾ ਕਹਿ ਕੇ ਮੈਂ ਬਾਥਰੂਮ ਵਿੱਚ ਵੜ ਗਿਆ।ਜਦ ਬਾਥਰੂਮ ’ਚੋਂ ਬਾਹਰ ਆਇਆ ਤਾਂ ਅੱਧੇ ਘੰਟੇ ਤੋਂ ਵੀ ਉੱਤੇ ਟਾਈਮ ਹੋ ਗਿਆ ਸੀ।ਤਿਆਰ ਹੋ ਕੇ ਮੈਂ ਹੇਠਾਂ ਗਿਆ ਤੇ ਉਨ੍ਹਾਂ ਨੂੰ ਡਰਾਇੰਗ ਰੂਮ ਵਿੱਚ ਬੁਲਾ ਲਿਆ।
“ਸਾਬ੍ਹ ਜੀ! ਸੁਖ ਨਾਲ ਖਾਸਾ ਹੀ ਟੈਮ ਲਗਾ ਦਿੱਤਾ।ਅਸੀਂ ਤਾਂ ਖੜੇ ਹੀ ਸੁਕ ਚਲੇ ਸੀ।”
ਫੱਗਣ ਸਿਹੁੰ ਅੰਦਰ ਵੜਦਾ ਹੀ ਬੋਲਿਆ।
ਮੇਰੇ ਮਨ ’ਚ ਆਈ ਕਹਾਂ ਕਿ ਫੱਗੂਆਂ ਸਾਬ੍ਹ ਤੇਰੇ ਪਿਉ ਨੇ ਤਾਂ ਨਹੀਂ ਬਣਾਇਆ ਮੈਨੂੰ।ਮਿਹਨਤ ਨਾਲ ਬਣਿਆ।ਨੌਕਰ ਤਾਂ ਨਹੀਂ ਰੱਖਿਆ ਤੇਰਾ।
“ਕੀ ਗੱਲ ਚਾਚਾ ਨੌਕਰ ਨੇ ਬੈਠਣ ਨੂੰ ਨਹੀਂ ਕਿਹਾ।ਇੱਕ ਤਾਂ ਇਹਨਾਂ ਨੌਕਰਾਂ ਦਾ ਦਿਮਾਗ਼ ਵੀ…।ਬੰਦਾ ਕੁ ਬੰਦਾ ਨਹੀਂ ਵੇਖਦੇ।”
ਮੈਂ ਜਾਣਦਾ ਹੋਇਆ ਅਣਜਾਣ ਬਣ ਗਿਆ।
“ਚੱਲ ਸੁਰਜੀਤ ਸਿਆਂ! ਕੋਈ ਨਾ।ਤੇਰੇ ਗੋਚਰਾ ਕੰਮ ਸੀ।ਮੈਂ ਕਿਹਾ ਭਤੀਜ ਏ ਆਪਣਾ ਫਿਰ ਵੀ।ਗੱਲ ਇਹ ਸੀ ਕਿ…।”
ਲੱਗ ਗਿਆ ਫੱਗਣ ਸਿਹੁੰ ‘ਬਾਤਾਂ’ ਸੁਣਾਉਣ।ਮੈਂ ਸੋਚਾਂ ਬਈ ਕਦੀ ਤੂੰ ਸਾਨੂੰ ਵੱਢੀ-ਟੁੱਕੀ ਜਾਤ ਦੱਸਦਾ ਸੀ।ਅੱਜ ਮੈਂ ਤੈਨੂੰ ‘ਆਪਣਾ’ ਲੱਗਦਾ।
ਇਉਂ ਹੁੰਦਾ ਬਾਈ ਜੀ।ਕੀ ਕਹਿੰਦੇ ਨੇ ਸਿਆਣੇ ਬਈ ਮੰਜੀਓਂ ਭੌਂ ਨੇੜੇ ਹੁੰਦਾ।ਦਿਨ ਬਦਲਦਿਆਂ ਦੇਰ ਨਹੀਂ ਲੱਗਦੀ।
“ਪਾਸ ਨਹੀਂ ਤੋ ਦੂਰ ਹੈ।ਮੰਜ਼ਿਲ ਜ਼ਰੂਰ ਹੈ।”
ਸੈਂਕੜੇ ਝੂਠ ਬੋਲੇ ਮੈਂ ਸਾਰੀ ਉਮਰ।ਪਰ ਕਿਸੇ ਦਾ ਕੁਝ ਵਿਗਾੜਿਆ ਤਾਂ ਨਹੀਂ।ਖ਼ੁਦ ਨੂੰ ਹੀ ਧੋਖਾ ਦਿੰਦਾ ਰਿਹਾਂ ਮੈਂ।

ਬੜਾ ਤਰਸੇਵਾਂ ਹੰਢਾਇਆ ਮੈਂ।ਚੱਜ ਨਾਲ ਖਾ ਹੰਢਾ ਕੇ ਨਹੀਂ ਸੀ ਵੇਖਿਆ ਮੈਂ ਕਦੀ।ਬੰਤੇ ਸ਼ਾਹ ਦੀ ਹੱਟੀ ’ਤੇ ਪਈਆਂ ‘ਚੀਜ਼ਾਂ’ ਵੱਲ ਤਰਸ ਭਰੀਆ ਨਜ਼ਰਾਂ ਨਾਲ ਵੇਖਦੇ ਰਹਿਣਾ।ਪਰ ਉਨ੍ਹਾਂ ਦਾ ਸਵਾਦ ਵੇਖਣ ਲਈ ਕਦੀ ਚੁਆਨੀ ਨਹੀਂ ਸੀ ਮਿਲੀ ਘਰੋਂ।ਜਦ ਮੈਂ ਕਾਲਜ ਪੜ੍ਹਦਾ ਸੀ ਤਾਂ ਛੁੱਟੀ ਵਾਲੇ ਦਿਨ ਲੱਡੂ ਮਿਸਤਰੀ ਨਾਲ ਦਿਹਾੜੀ ਲਾਉਣ ਜਾਇਆ ਕਰਦਾ ਸੀ।ਕਦੀ ਰੁਪਈਆ ਅਪਣੀ ਮਰਜ਼ੀ ਨਾਲ ਖਰਚ ਕੇ ਨਹੀਂ ਸੀ ਵੇਖਿਆ।ਜੋ ਮਿਲਣਾ, ਘਰੇ ਲਿਆ ਫੜਾਉਣਾ।ਬੇਬੇ ਲੋਕਾਂ ਦੇ ਲੱਥੇ ਲਥਾਏ ਕੱਪੜੇ ਪਾ ਕੇ ਸਾਡਾ ਨੰਗ ਕੱਜਦੀ ਰਹੀ।
ਪਰ ਅੱਜ…।

ਅੱਜ ਮੇਰਾ ਮੁੰਡਾ ਅੰਡਰਵੀਅਰ ਵੀ ‘ਬਰੈਂਡਡ’ ਪਾਉਂਦਾ।ਏ.ਸੀ ਬਿਨਾਂ ਨੀਂਦ ਨਹੀਂ ਆਉਂਦੀ ਉਹਨੂੰ।ਸਾਢੇ ਪੰਜ ਲੱਖ ਵਾਲੀ ਗੱਡੀ ’ਤੇ ਕਾਲਜ ਜਾਂਦਾ ਉਹ।ਮੇਰੀ ਬੇਬੇ ਸਾਰੀ ਉਮਰ ਨੱਕੋਂ-ਕੰਨੋਂ ਬੁੱਚੀ ਫਿਰਦੀ ਰਹੀ।ਪਰ ਅੱਜ ਮੇਰੀ ਘਰ ਵਾਲੀ ਕੋਲ਼ ਕਿਲੋਆਂ ਦੇ ਹਿਸਾਬ ਨਾਲ ਸੋਨਾ।

ਕਾਸ਼ ਕਿਤੇ ਅੱਜ ਬਾਪੂ ਜਿਊਂਦਾ ਹੁੰਦਾ।ਸਾਰੀ ਉਮਰ ਉਹਨੂੰ ‘ਸੇਮੀ-ਸੇਮੀ’ ਕਹਿਣ ਵਾਲੇ ਅੱਜ ‘ਸਰਦਾਰ ਜੀ-ਸਰਦਾਰ ਜੀ’ਨਾ ਕਰਦੇ ਤਾਂ ਗੱਲ ਕਰਦੇ।ਬਾਪੂ ਸੀ ਨੀਵੀ ਜਾਤ ਦਾ।ਮੈਂ ਜੰਮਿਆਂ ਨੀਵੀਂ ਜਾਤ ਵਾਲੇ ਘਰ।ਪਰ ਅੱਜ ਕਿੱਥੇ ਖੜ੍ਹਾਂ ਮੈਂ?
ਜਿਹੜੇ ਸਮਝਦੇ ਨੇ ਨਾ ਖ਼ੁਦ ਨੂੰ ਫ਼ੰਨੇ ਖਾਂ।ਵੱਡੀਆਂ ਜਾਤਾਂ ਵਾਲੇ।ਟਿੱਚ ਸਮਝਦਾ ਮੈਂ ਸਭ ਨੂੰ।ਗੱਲ ਤਾਂ ਕਰੇ ਕੋਈ ਮੇਰੇ ਨਾਲ।
ਤੁਸੀਂ ਵੀ ਸੋਚਦੇ ਹੋਵੋਗੇ ਬਈ ਜਿਹੜੀਆਂ ਗੱਲਾਂ ਮੈਂ ਸਾਰੀ ਦੁਨੀਆਂ ਤੋਂ ਲੁਕਾਉਂਦਾ ਰਿਹਾ ਉਹ ਥੋਨੂੰ ਕਿਉਂ ਦੱਸੀ ਜਾਂਦਾ।
ਹੈ ਨਾ?...ਇਹੀ ਸੋਚ ਰਹੇ ਸੀ ਹੁਣੇ ਤੁਸੀਂ?
ਸਹੀ ਦੱਸਾਂ…ਬਾਈ ਜੀ ਥੱਕ ਗਿਆਂ ਮੈਂ ਝੂਠ ਬੋਲ-ਬੋਲ।ਹੁਣ ਦਿਲ ਕਰਦਾ ਆਪਣੀ ਹਰ ਗੱਲ ਕਿਸੇ ਦੂਜੇ ਨੂੰ ਦੱਸਾਂ ਤਾਂ ਜੋ ਮਨ ਹਲਕਾ ਹੋ ਜਾਏ।

ਬਾਈ ਜੀ! ਕਿੱਧਰ ਚੱਲੇ ਤੁਸੀਂ?
ਜ਼ਰਾ ਬੈਠੋ ਸਹੀ।ਗੱਲ ਤਾਂ ਸੁਣੋ ਮੇਰੀ।

ਲੈ ਹੱਦ ਹੋ ਗਈ।ਕੌਣ ਕਹਿੰਦਾ ਮੈਂ ਯੱਕੜ ਮਾਰਦਾ।ਦੱਸੋ ਹਿਲ ਗਿਆ ਜਾਪਦਾ ਮੈਂ ਤੁਹਾਨੂੰ।‘ਹਿਲੇ’ ਤਾਂ ਲੋਕ ਨੇ ਜੋ ‘ਹਿਲ’ ਗਿਆ ਦੱਸਦੇ ਮੈਨੂੰ।…ਤੇ ਤੁਸੀਂ ਵੀ ਲੋਕਾਂ ਨਾਲ ਰਲ ਗਏ।ਫ਼ੰਨੇ ਖਾਂ ਬੰਦਾ ਮੈਂ।ਯਕੀਨ ਤਾਂ ਕਰੋ ਮੇਰਾ।ਦੋ ਮਿੰਟ! ਬਸ ਦੋ ਮਿੰਟ ਬੈਠੋ।ਹੁਣੇ ਯਕੀਨ ਦਵਾਉਂਦਾ ਮੈਂ ਤੁਹਾਨੂੰ।ਟਿੱਚ ਤੁਹਾਨੂੰ ਨਹੀਂ ਲੋਕਾਂ ਨੂੰ ਸਮਝਦਾ ਮੈਂ।
ਕੀ ਕਿਹਾ?
ਤੁਸੀਂ ਵੀ ਲੋਕਾਂ ’ਚ ਹੀ ਆਉਂਦੇ ਹੋ?
ਨਹੀਂ..ਨਹੀਂ..
ਆਹ ਗੱਲ ਮੈਂ ਤਾਂ ਨਹੀਂ ਕਹਿੰਦਾ।ਮੈਂ ਤਾਂ ਆਪਣਾ ਸਮਝ ਕੇ ਇੰਨੀਆਂ ਗੱਲਾਂ ਕਰੀਆਂ ਤੁਹਾਡੇ ਨਾਲ। ਚਲ ਬੈਠੋ।ਦੋ ਚਾਰ ‘ਅਕਲ’ ਦੀਆਂ ਗੱਲਾਂ ਤਾਂ ਸੁਣ ਲਉ।
ਤੁਸੀਂ ਤਾਂ ਗੁੱਸਾ ਕਰਗੇ।
ਰੁਕੋ…
ਰੁਕੋ ਤਾਂ ਸਹੀ।
ਮੇਰੀ ਗੱਲ ਤਾਂ ਸੁਣੋ।
ਸੂਰਜ ਮੱਥੇ ਲੱਗਦਾ।ਮੈਂ ਸੱਚ ਦਿੱਤਾ ਤੁਹਾਨੂੰ ਸਾਰਾ ਕੁਝ।
ਬਾਈ ਜੀ! ਹੁਣ ਮੈਂ ਝੂਠ ਨਹੀਂ ਬੋਲਦਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ