Ih India Hai Meri Jaan (Punjabi Story) : Pargat Singh Satauj

ਇਹ ਇੰਡੀਆ ਹੈ, ਮੇਰੀ ਜਾਨ (ਕਹਾਣੀ) : ਪਰਗਟ ਸਿੰਘ ਸਤੌਜ

ਅਸਮਾਨੋਂ ਧੁੱਪ ਨਹੀਂ ਜਿਵੇਂ ਅੱਗ ਵਰ੍ਹ ਰਹੀ ਹੋਵੇ। ਧਰਤੀ ਦੀ ਹਰ ਸ਼ੈਅ ਭੱਠੀ ਵਾਂਗ ਸੇਕ ਮਾਰ ਰਹੀ ਸੀ। ਇਸੇ ਸਮੇਂ ਪਿੰਡਾਂ ਵਾਲੀ ਮਿੰਨੀ ਖਟਾਰਾ ਬੱਸ, ਸਵਾਰੀਆਂ ਨਾਲ ਤੂੜੀ ਵਾਂਗ ਭਰੀ ਬੱਸ ਅੱਡੇ ਵਿੱਚ ਆ ਰੁਕੀ। ਉਹ ਬੱਸ ਵਿੱਚੋਂ ਉਤਰਣ ਤੱਕ ਮੁੜ੍ਹਕੇ ਨਾਲ ਭਿੱਜ ਚੁੱਕੀ ਸੀ। ਉਸਦੇ ਆਪਣੇ ਮੁੜ੍ਹਕੇ ਸਮੇਤ ਜਿਵੇਂ ਹੋਰ ਸਵਾਰੀਆਂ ਦੇ ਮੁੜ੍ਹਕੇ ਦੀ ਗੰਧ ਵੀ ਉਸਦੇ ਭਿੱਜੇ ਕੱਪੜਿਆਂ ਵਿੱਚ ਰਲ-ਗੱਡ ਹੋ ਗਈ ਹੋਵੇ। ਉਸ ਨੇ ਬੱਸ ਵਿੱਚੋਂ ਉਤਰਦਿਆਂ ਭਰਵਾਂ ਸਾਹ ਲਿਆ। ਐਨਕਾਂ ਦੇ ਮੈਲ਼ੇ ਅਤੇ ਥਾਂ ਥਾਂ ਤੋਂ ਝਰੀਟੇ ਸ਼ੀਸ਼ਿਆਂ ਨੂੰ ਆਪਣੀ ਮੈਲ਼ੀ ਜਿਹੀ ਚੁੰਨੀ ਨਾਲ ਸਾਫ਼ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਪਰ ਫਿਰ ਵੀ ਉਸਦੀਆਂ ਨਜ਼ਰਾਂ ਅੱਗੇ ਆਇਆ ਧੁੰਦਲਕਾ ਦੂਰ ਨਾ ਹੋਇਆ। ਮੱਥੇ ਉੱਪਰ ਹੱਥ ਦੀ ਛਤਰੀ ਬਣਾ ਕੇ ਉਸ ਨੇ ਆਲੇ ਦੁਆਲੇ ਇੰਝ ਵੇਖਿਆ ਜਿਵੇਂ ਉਹ ਇਸ ਸ਼ਹਿਰ ਪਹਿਲੀ ਵਾਰ ਆਈ ਹੋਵੇ। ਆਲੇ ਦੁਆਲੇ ਲੋਕਾਂ ਦੇ ਰੌਲੇ ਰੱਪੇ ਅਤੇ ਬੱਸਾਂ ਦੇ ਤੇਜ਼ ਹਾਰਨ ਸੁਣਦਿਆਂ ਉਸਨੂੰ ਮਹਿਸੂਸ ਹੋਇਆ ਸੀ ਜਿਵੇਂ ਉਹ ਭਰੇ ਮੇਲੇ ’ਚ ਬੱਚੇ ਵਾਂਗ ਗੁਆਚ ਗਈ ਹੋਵੇ। ਉਸ ਨੇ ਕੁਝ ਦੇਰ ਰੁਕ ਕੇ ਸੁਰਤ ਟਿਕਾਣੇ ਕੀਤੀ। ਬੱਸ ਸਟੈਂਡ ’ਚ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ ਤੇ ਫਿਰ ਬੱਸ ਸਟੈਂਡ ਦੇ ਫਾਟਕ ਵਾਲੇ ਗੇਟ ਵੱਲ ਚੱਲ ਪਈ।
ਕਰਤਾਰੀ ਨੂੰ ਸ਼ਹਿਰ ਆਉਂਦਿਆਂ ਅੱਜ ਲਗਾਤਾਰ ਦੂਸਰਾ ਦਿਨ ਸੀ। ਕੱਲ੍ਹ ਵੀ ਉਹ ਇੱਥੇ ਹੀ ਧੱਕੇ ਖਾ ਕੇ ਘਰ ਪਰਤ ਗਈ ਸੀ। ਉਸ ਦੀ ਰੁਕੀ ਬੁਢਾਪਾ ਪੈਨਸ਼ਨ ਬਾਰੇ ਚਾਰ ਪੰਜ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਜਦੋਂ ਉਹ ਦੋ ਮਹੀਨਿਆਂ ਤੋਂ ਰੁਕੀ ਪੈਨਸ਼ਨ ਲੈਣ ਲਈ ਬੈਂਕ ਗਈ ਸੀ।
‘‘ਤੇਰੀ ਪੈਨਸ਼ਨ ਤਾਂ ਆਈ ਨੀ ਬੇਬੇ।’’ ਬੈਂਕ ਕਰਮਚਾਰੀ ਦੇ ਇਹ ਬੋਲ ਕਰਤਾਰੀ ਨੂੰ ਬੇਰੰਗ ਪਰਤ ਜਾਣ ਲਈ ਕਹਿ ਰਹੇ ਸਨ।
‘‘ਵੇ ਪੁੱਤ ਆਈ ਕਿਉਂ ਨੀ?’’ ਕਰਤਾਰੀ ਨੇ ਕਾਰਨ ਜਾਣਨਾ ਚਾਹਿਆ।
‘‘ਕੀ ਪਤੈ ਬੇਬੇ। ਤੂੰ ਸੀ.ਡੀ.ਪੀ.ਓ. ਦੇ ਦਫ਼ਤਰ ਪਤਾ ਕਰ ਕੇ ਆ।’’
‘‘ਕਿੱਥੋਂ ਪੁੱਤ?’’ ਉਸ ਨੂੰ ਅੰਗਰੇਜ਼ੀ ਦੇ ਇਹ ਅੱਖਰ ਸਮਝ ਨਹੀਂ ਲੱਗੇ ਸਨ।
‘‘ਸਰਪੰਚ ਜਾਂ ਮੈਂਬਰ ਤੋਂ ਪਤਾ ਕਰਲੀਂ।’’ ਮੁਲਾਜ਼ਮ ਨੇ ਇੱਕ ਤਰ੍ਹਾਂ ਖਹਿੜਾ ਛੁਡਾਇਆ।
ਉਹ ਸੋਚਾਂ ’ਚ ਡੁੱਬੀ, ਪੈਨਸ਼ਨ ਬੰਦ ਹੋਣ ਦੇ ਅੰਦਾਜ਼ੇ ਲਗਾਉਂਦੀ ਘਰ ਆ ਗਈ। ਆਪਣੇ ਪੋਤੇ ਰਾਹੀਂ ਪਤਾ ਕਰਵਾਇਆ ਤਾਂ ਪਤਾ ਲੱਗਿਆ ਕਿ ਸੁਨਾਮ ਅਫ਼ਸਰਾਂ ਨੂੰ ਮਿਲਣਾ ਪਵੇਗਾ। ਅਫ਼ਸਰਾਂ ਅਤੇ ਦਫ਼ਤਰ ਦਾ ਪਤਾ ਕਾਗਜ਼ ’ਤੇ ਲਿਖਵਾ ਕੇ ਕੱਲ੍ਹ ਕਰਤਾਰੀ ਇੱਥੇ ਦਫ਼ਤਰ ਆਈ ਸੀ। ਇੱਕ ਘੰਟਾ ਭਕਾਈ ਕਰ ਕੇ ਉਸ ਨੂੰ ਏਨਾ ਪਤਾ ਲੱਗਿਆ ਸੀ ਕਿ ਤੇਰੀ ਪੈਨਸ਼ਨ ਉਮਰ ਘੱਟ ਹੋਣ ਕਰਕੇ ਕੱਟੀ ਗਈ ਹੈ। ਉਮਰ ਵੱਧ ਹੋਣ ਦਾ ਕੋਈ ਸਬੂਤ ਦੇ ਜਾਂ ਡਾਕਟਰ ਤੋਂ ਲਿਖਾ ਕੇ ਲਿਆ। ਉਸ ਨੂੰ ਇੱਕ ਫਾਰਮ ਦੇ ਦਿੱਤਾ ਕਿ ਇਹ ਵੀ ਨਾਲ ਭਰ ਕੇ ਲੈ ਆਵੀਂ।
ਉਸ ਨੇ ਆਪਣੇ ਹੱਥ ਫੜੇ ਲਿਫ਼ਾਫ਼ੇ ਵੱਲ ਤਸੱਲੀ ਭਰੀ ਨਜ਼ਰ ਮਾਰੀ। ਆਪਣੇ ਦਿਮਾਗ਼ ਵਿੱਚ ਸਾਰੇ ਸਬੂਤ ਇਕੱਠੇ ਕਰਨ ਦੀਆਂ ਯਾਦਾਂ ਨੂੰ ਮੁੜ ਜਾਂਚਿਆ। ਡਾਕਟਰੀ ਰਿਪੋਰਟ, ਆਧਾਰ ਕਾਰਡ ਦੀ ਫੋਟੋਸਟੇਟ, ਨਵਾਂ, ਪੁਰਾਣਾ ਦੋਵੇਂ ਵੋਟਰ ਕਾਰਡਾਂ ਦੀਆਂ ਦੋ ਦੋ ਫੋਟੋ ਕਾਪੀਆਂ, ਫਾਰਮ। ਹਾਂ! ਸਭ ਕੁਝ ਹੈ ਉਸ ਕੋਲ। ਇਹ ਯਾਦ ਕਰਦਿਆਂ ਉਸ ਨੂੰ ਅਜੀਬ ਜਿਹਾ ਸਕੂਨ ਆਇਆ। ਉਸ ਦੀ ਚਾਲ ਵਿੱਚ ਰਵਾਨੀ ਆ ਗਈ।

ਕੱਲ੍ਹ ਕਰਤਾਰੀ ਨੇ ਪੋਤੇ ਦੇ ਸਮਝਾਉਣ ਅਨੁਸਾਰ ਰਿਕਸ਼ਾ ਲੈ ਲਿਆ ਸੀ। ਪਤੇ ਵਾਲੀ ਪਰਚੀ ਉਸਨੇ ਰਿਕਸ਼ੇ ਵਾਲੇ ਨੂੰ ਫੜਾ ਦਿੱਤੀ ਸੀ ਤੇ ਉਹ ਆਪਣੇ ਆਪ ਦਫ਼ਤਰ ਛੱਡ ਗਿਆ ਸੀ। ਰਿਕਸ਼ੇ ਵਾਲੇ ਨੂੰ ਦਿੱਤੇ ਵੀਹ ਰੁਪਏ ਉਸਦੇ ਹੁਣ ਤੱਕ ਚੁਭ ਰਹੇ ਸਨ, ਇਸੇ ਕਰਕੇ ਅੱਜ ਉਸ ਨੇ ਪੈਦਲ ਹੀ ਆਉਣ ਦਾ ਹੀਆ ਕਰ ਲਿਆ ਸੀ।
ਕਾਹਲੀ ਤੁਰਨ ਕਰਕੇ ਉਸ ਦਾ ਸਾਹ ਚੜ੍ਹ ਗਿਆ। ਤੇਜ਼ ਧੁੱਪ ਨੇ ਉਸ ਦੀਆਂ ਅੱਖਾਂ ਅੱਧ-ਮਿਚੀਆਂ ਕਰ ਦਿੱਤੀਆਂ। ਉਸ ਨੇ ਚਾਲ ਹੌਲੀ ਕਰ ਲਈ। ਪੁੜਪੁੜੀਆਂ ਰਾਹੀਂ ਪਿਚਕੀਆਂ ਗੱਲ੍ਹਾਂ ਤੱਕ ਚੋਅ ਆਏ ਮੁੜ੍ਹਕੇ ਨੂੰ ਉਸ ਨੇ ਚੁੰਨੀ ਦੇ ਲੜ ਨਾਲ ਸਾਫ਼ ਕੀਤਾ। ਅੱਖਾਂ ਸੁੰਗੇੜ ਕੇ ਵੇਖਿਆ, ਸਾਹਮਣੇ ਕੱਲ੍ਹ ਵਾਲੇ ਦਫ਼ਤਰ ਦੀ ਹੀ ਇਮਾਰਤ ਦਿਸ ਰਹੀ ਸੀ। ਹੁਣ ਉਸ ਦੇ ਬੁੱਢੇ ਚਿਹਰੇ ’ਤੇ ਮੰਜ਼ਿਲ ਉੱਤੇ ਪਹੁੰਚ ਜਾਣ ਦਾ ਸਕੂਨ ਝਲਕ ਆਇਆ ਸੀ।
ਕਰਤਾਰੀ ਦਫ਼ਤਰ ਪਹੁੰਚ ਗਈ, ਪਰ ਉਸ ਦਾ ਅੰਦਰ ਜਾਣ ਦਾ ਹੌਸਲਾ ਨਾ ਪਿਆ। ਉਹ ਦਫ਼ਤਰ ਅੱਗੇ ਰੱਖੇ ਬੈਂਚ ’ਤੇ ਇਹ ਸੋਚਦਿਆਂ ਬੈਠ ਗਈ ਕਿ ਜੇਕਰ ਕੋਈ ਬਾਹਰ ਆਇਆ ਤਾਂ ਪੁੱਛ ਲਵਾਂਗੀ। ਬੈਂਚ ’ਤੇ ਬੈਠੀ ਕਰਤਾਰੀ ਦੀ ਸੁਰਤ ਪੈਨਸ਼ਨ ਲੈਣ ਵਾਲੇ ਦਿਨ ’ਤੇ ਜਾ ਟਿਕੀ, ‘ਮੇਰੇ ਨਾਲ ਆਈਆਂ ਸਾਰੀਆਂ ਨੂੰ ਮਿਲਗੇ ਪੈਸੇ। ਜੈ ਰੋਏ ਕਿਸੇ ਨੇ ਮੇਰੀ ਕਿਉਂ ਕੱਟੀ? ਉਹ ਦੇਖ ਲੈ, ਸੁਰਜਨ ਦੀ ਬਹੂ! ਚੰਗੇ ਅੱਠ ਕਿੱਲੇ ਮੁੰਡੇ ਨੂੰ ਵਾਹਣ ਦੇ ਆਉਂਦੇ ਨੇ ਫੇਰ ਵੀ ਉਸ ਨੂੰ ਪੈਲਸ਼ਨ ਮਿਲੀ ਜਾਂਦੀ ਐ। ਆਹ ਸਾਡੇ ਵਿਹੜੇ ਆਲੇ ਹਰਦੀਪ ਜੇ.ਈ. ਦੀ ਬੇਬੇ। ਇਹ ਪੈਲਸ਼ਨ ਦੇ ਬਿੱਲੀ ਦੇ ਕੰਨ ਵਰਗੇ ਨੋਟ ਫੜ ਕੇ ਲੈ ਜਾਂਦੀ ਐ। ਇੱਥੇ ਗਰੀਬ ਦੇ ਮੂੰਹ ’ਚੋਂ ਬੁਰਕੀ ਖੋਹਣ ਹਰੇਕ ਭੱਜ ਲੈਂਦੈ।’
ਕਰਤਾਰੀ ਨੂੰ ਟ੍ਰੇਅ ’ਚ ਚਾਹ ਲਈ ਆਉਂਦੀ ਕੁੜੀ ਦਿਸੀ ਤਾਂ ਉਹ ਝੱਟ ਖੜੀ ਹੋ ਗਈ, ‘‘ਧੀਏ, ਅਫ਼ਸਰ ਕੁੜੀ ਨੂੰ ਮਿਲਣਾ ਤੀ।’’ ਉਸ ਨੇ ਕੁੜੀ ਦੇ ਨੇੜੇ ਆਉਣ ’ਤੇ ਕਿਹਾ।
‘‘ਆਏ ਨੇ… ਨੀ… ਨੇ… ਨੀ…।’’ ਉਹ ਚਾਬੀ ਦੇ ਕੇ ਛੱਡੇ ਬੱਤਖ ਖਿਡਾਉਣੇ ਵਾਂਗ ਸੁਰ…ਰ… ਕਰਕੇ ਕਮਰੇ ਵਿੱਚ ਜਾ ਵੜੀ। ਪਿੱਛੋਂ ‘ਫਟੱਕ’ ਦੇਣੇ ਵੱਜੇ ਜਾਲੀ ਵਾਲੇ ਗੇਟ ਨੇ ਜਿਵੇਂ ਕਰਤਾਰੀ ਨੂੰ ‘ਚਲ! ਹਟ ਪਿੱਛੇ!’ ਆਖ ਦਿੱਤਾ ਹੋਵੇ। ਤੁਰੀ ਜਾਂਦੀ ਚਾਹ ਵਾਲੀ ਦੇ ਬੋਲਾਂ ਦੀ ਵੀ ਉਸ ਨੂੰ ਸਮਝ ਨਹੀਂ ਆਈ ਕਿ ਉਸ ਨੇ ‘ਆਏ ਨੇ’ ਕਿਹਾ ਹੈ ਜਾਂ ‘ਆਏ ਨਹੀਂ’ ਕਿਹਾ ਹੈ। ਉਹ ਢਿੱਲਾ ਜਿਹਾ ਮੂੰਹ ਕਰ ਕੇ ਦੁਬਾਰਾ ਫਿਰ ਉਸੇ ਬੈਂਚ ’ਤੇ ਬੈਠ ਗਈ।
ਕੋਲੋਂ ਦੀ ਲੰਘੀ ਚਾਹ ਦੀ ਖ਼ੁਸ਼ਬੂ ਉਸ ਨੂੰ ਅਜੇ ਵੀ ਆ ਰਹੀ ਸੀ। ਉਸ ਦਾ ਚਾਹ ਪੀਣ ਨੂੰ ਮਨ ਕੀਤਾ। ਚਾਹ ਵਾਲੀ ਕੁੜੀ ਵਾਪਸ ਆਵੇਗੀ ਤੇ ਉਸ ਨੂੰ ਇੱਕ ਪਿਆਲੀ ਫੜਾਉਂਦੀ ਕਹੇਗੀ, ‘‘ਲੈ ਬੇਬੇ ਤੂੰ ਵੀ ਪੀ ਲੈ ਘੁੱਟ। ਘਰੋਂ ਕਦੋਂ ਦੀ ਚੱਲੀ ਹੋਵੇਂਗੀ।’’
‘‘ਜਿਉਂਦੀ ਰਹਿ ਧੀਏ…।’’ ਮੈਂ ਉਸ ਨੂੰ ਅਸੀਸਾਂ ਦੇਵਾਂਗੀ।
‘‘ਕੋਈ ਨਾ ਬੇਬੇ, ਤੂੰ ਵੀ ਮੇਰੀ ਮਾਂ ਵਰਗੀ ਐਂ।’’ ਉਹ ਕੁੜੀ ਮੁਸਕੁਰਾ ਕੇ ਪੁੱਛੇਗੀ, ‘‘ਲਿਆ ਫੜਾ ਕੀ ਕੰਮ ਐ ਤੇਰਾ? ਮੈਂ ਕਰਵਾ ਕੇ ਦੇਵਾਂ।’’ ਉਹ ਸਾਰਾ ਕੰਮ ਕਰਵਾ ਕੇ ਕਹੇਗੀ, ‘‘ਚੱਲ ਹੁਣ ਜਾਹ ਮੌਜ ਨਾਲ ਘਰ।’’
ਕਰਤਾਰੀ ਦੇ ਇਹ ਹਵਾਈ ਕਿਲੇ ਉਸਾਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਉਹ ਕਦੋਂ ਹਵਾ ਵਾਂਗ ਉਸ ਕੋਲੋਂ ਲੰਘ ਗਈ। ਉਹ ਬੈਂਚ ’ਤੇ ਬੈਠੀ ਹੀ ਰਹਿ ਗਈ। ਚਾਹ ਵੱਲੋਂ ਉਸ ਦੇ ਬੁੱਲ੍ਹ ਸੁੱਕੇ ਹੀ ਰਹਿ ਗਏ। ਉਸ ਕੋਲ ਹੁਣ ਇੱਕੋ ਕੰਮ ਸੀ, ਉਡੀਕ ਕਰਨਾ। ਉਹ ਉਸੇ ਕੰਮ ਵਿੱਚ ਫਿਰ ਰੁੱਝ ਗਈ।
ਕਮਰਿਆਂ ਵਿੱਚੋਂ ਗੱਲਾਂ ਕਰਨ ਦੀਆਂ ਮੱਧਮ ਜਿਹੀਆਂ ਆਵਾਜ਼ਾਂ ਆ ਰਹੀਆਂ ਸਨ। ਸਾਹਮਣੇ ਕੰਧ ਤੋਂ ਪਾਰ, ਵੱਡੀ ਸੜਕ ਉੱਤੇ ਵਾਹਣ ਇੱਧਰ ਉੱਧਰ ਦੌੜ ਰਹੇ ਸਨ। ਬਾਹਰਲੀ ਧੁੱਪ ਦਾ ਸੇਕ ਹਵਾ ਵਿੱਚ ਘੁਲ਼ ਕੇ ਬਰਾਂਡੇ ਵਿੱਚ ਬੈਠੀ ਕਰਤਾਰੀ ਤੱਕ ਵੀ ਅੱਪੜ ਰਿਹਾ ਸੀ। ਕਰਤਾਰੀ ਦੇ ਕੰਨ ਕਿਸੇ ਵੀ ਕਮਰੇ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ’ਤੇ ਟਿਕੇ ਹੋਏ ਸਨ। ਉਹ ਚਾਹ ਰਹੀ ਸੀ ਕੋਈ ਕਮਰੇ ਵਿੱਚੋਂ ਨਿਕਲ ਕੇ ਆਵੇ ਅਤੇ ਉਸ ਨੂੰ ਪੁੱਛੇ, ‘‘ਹਾਂ ਮਾਤਾ ਕਿਵੇਂ ਆਈ ਐਂ?’’
‘‘ਦੇਖ ਪੁੱਤ…।’’ ਉਹ ਆਪਣੇ ਸਾਰੇ ਕਾਗਜ਼ ਦਿਖਾਉਂਦੀ ਆਪਣੀ ਪੈਨਸ਼ਨ ਰੁਕਣ ਬਾਰੇ ਉਸ ਨੂੰ ਦੱਸ ਦੇਵੇ।
‘‘ਕਿਹੜਾ ਪਿੰਡ ਐ ਮਾਤਾ?’’ ਉਹ ਉਸ ਨੂੰ ਪਿਆਰ ਨਾਲ ਪੁੱਛੇ।
‘‘ਆਹ ਦੌਲੇ ਵਾਲਾ।’’
‘‘ਅੱਛਿਆ! ਉੱਥੇ ਮੇਰਾ ਦੋਸਤ ਐ ਪ੍ਰੀਤ, ਜਿਹੜਾ ਡਾਕਟਰੀ ਦੀ ਦੁਕਾਨ ਕਰਦੈ।’’
‘‘ਲੈ ਉਹ ਤਾਂ ਸਾਡਾ ਈ ਮੁੰਡੈ। ਨਾਲ ਈ ਐ ਆਪਣੇ ਘਰ। ਮੈਂ ਤਾਂ ਉਹਦੀ ਅੰਬੋ ਲੱਗਦੀ ਆਂ।’’
‘‘ਅੱਛਿਆ। ਲੈ ਬੇਬੇ ਪਹਿਲਾਂ ਤੂੰ ਚਾਹ ਪੀ। ਮੈਂ ਕਰਾਉਣਾ ਤੇਰਾ ਕੰਮ।’’ ਉਹ ਚਾਹ ਵਾਲੀ ਨੂੰ ਕਰਤਾਰੀ ਨੂੰ ਚਾਹ ਦੇਣ ਦਾ ਕਹਿ ਕੇ ਆਪ ਕੰਮ ਕਰਵਾਉਣ ਕਮਰੇ ਵਿੱਚ ਚਲਾ ਜਾਵੇ।
ਸੱਚਮੁੱਚ ਦਰਵਾਜ਼ਾ ਖੁੱਲ੍ਹਣ ਦਾ ਖੜਾਕ ਸੁਣਦਾ ਹੈ ਤਾਂ ਉਹ ਖ਼ਿਆਲਾਂ ’ਚੋਂ ਨਿਕਲਦੀ ਹੈ। ਇੱਕ ਕੋਈ ਮੁੰਡਾ ਹੱਥ ਵਿੱਚ ਲਿਫ਼ਾਫ਼ਾ ਲਈ ਉਸ ਵੱਲ ਹੀ ਆ ਰਿਹਾ ਹੈ। ਕੋਲ ਆਉਣ ’ਤੇ ਕਰਤਾਰੀ ਨੇ ਹੱਥ ਵਿੱਚ ਫੜੀ ਮੁਸੀ ਤੇ ਮੁੜ੍ਹਕੇ ਨਾਲ ਭਿੱਜੀ ਪਰਚੀ ਉਸ ਮੁੰਡੇ ਨੂੰ ਫੜਾਉਂਦਿਆਂ ਪੁੱਛਿਆ, ‘‘ਪੁੱਤ ਆਹ ਅਫ਼ਸਰ ਦਾ ਕਮਰਾ ਕਿਹੜੈ?’’
‘‘ਕਮਰਾ ਤਾਂ ਆਹੀ ਐ। ਪੁੱਛ ਕੇ ਦੱਸਦਾਂ ਆਏ ਨੇ ਜਾਂ ਨਹੀਂ।’’ ਉਸ ਨੇ ਪਰਚੀ ਪੜ੍ਹ ਕੇ ਪਹਿਲਾਂ ਕਰਮੇ ਵੱਲ ਵੇਖਿਆ ਤੇ ਫਿਰ ਚਾਹ ਵਾਲੀ ਨੂੰ ਪੁੱਛ ਲਿਆ, ‘‘ਸੀ.ਡੀ.ਪੀ.ਓ. ਮੈਡਮ ਹੈਗੇ ਜੀ ਦਫ਼ਤਰ ’ਚ?’’
‘‘ਮੈਡਮ ਤਾਂ ਚੈਕਿੰਗ ’ਤੇ ਗਏ ਹੋਏ ਨੇ, ਅਜੇ ਆਏ ਨੀ।’’ ਉਸ ਨੇ ਦੱਸਿਆ।
‘‘ਤੂੰ ਬੈਠ ਜਾ ਬੇਬੇ। ਆਹ ਕਮਰੇ ’ਚ ਈ ਆਊਗੀ। ਆਹ ਕਮਰਾ ਉਹਦੇ ਕਲਰਕ ਦੈ।’’ ਮੁੰਡੇ ਨੇ ਜਾਣਕਾਰੀ ਦੇ ਕੇ ਪਰਚੀ ਕਰਤਾਰੀ ਦੇ ਹੱਥ ਵਿੱਚ ਫੜਾ ਦਿੱਤੀ ਤੇ ਆਪ ਬਾਹਰ ਵੱਲ ਨੂੰ ਤੁਰ ਗਿਆ।
ਉਹ ਮਨ ਮਾਰ ਕੇ ਫਿਰ ਉਸੇ ਬੈਂਚ ’ਤੇ ਬੈਠ ਗਈ। ਕਰਤਾਰੀ ਸੋਚਣ ਲੱਗੀ, ‘ਜੇ ਮੇਰਾ ਪੋਤਾ ਰਾਜ ਵੱਡੀ ਪੜ੍ਹਾਈ ਕਰ ਕੇ ਆਹ ਅਫ਼ਸਰ ਬਣ ਜਾਂਦਾ ਫੇਰ ਮੈਨੂੰ ਬੱਸਾਂ ’ਚ ਧੱਕੇ ਖਾਣ ਦੀ ਕੀ ਲੋੜ ਤੀ। ਓਥੀ ਕੰਨ ਫੜ ਕੇ ਕਹਿ ਦਿੰਦੀ, ‘‘ਆਹ ਤੇਰੇ ਦਫ਼ਤਰ ’ਚੋਂ ਲੋਟ ਕਰਾ ਕੇ ਲਿਆ ਵੇ ਮੇਰੀ ਪੈਲਸ਼ਨ…।’’ ਵੇ ਹੋਟ… ਫੇਰ ਤਾਂ ਮੇਰੀ ਪੈਲਸ਼ਨ ਕਟਦੀ ਹੀ ਨਾ…। ਓਹ ਹੋ… ਪੈਲਸ਼ਨ ਦੀ ਤਾਂ ਲੋੜ ਈ ਨੀ ਪੈਣੀ ਸੀ…।’ ਉਹ ਏਨਾ ਉਲਝ ਗਈ ਕਿ ਉਸ ਨੂੰ ਸਮਝ ਹੀ ਨਹੀਂ ਆਈ ਕਿ ਜੇਕਰ ਉਸ ਦਾ ਪੋਤਾ ਅਫ਼ਸਰ ਬਣ ਜਾਂਦਾ ਤਾਂ ਕੀ ਹੁੰਦਾ, ਕੀ ਨਹੀਂ।
ਉਸ ਨੇ ਤਾਂ ਪੋਤੇ ਨੂੰ ਬਥੇਰਾ ਕਿਹਾ ਸੀ, ‘‘ਤੂੰ ਅੱਗੇ ਪੜ੍ਹ ਲੈ। ਕੋਈ ਅਵਦੀ ਰੋਟੀ ਜੋਗਾ ਹੋਜੇਂਗਾ। ਨਹੀਂ ਤੇਰੇ ਪਿਓ ਮਾਂਗੂੰ ਜੱਟਾਂ ਦੇ ਖੇਤਾਂ ਦੀਆਂ ਵੱਟਾਂ ਮੱਧਦਾ ਰਹੇਂਗਾ ਸਾਰੀ ਉਮਰ।’’
‘‘ਆਪਾਂ ਨੂੰ ਨੌਕਰੀ ਕੀਹਨੇ ਦੇਣੀ ਐ ਬੇਬੇ? ਕਰਨੀ ਤਾਂ ਆਪਣੇ ਹੱਥਾਂ ਦੀ ਕਿਰਤ ਈ ਪੈਣੀ ਐ। ਹੁਣ ਕਰ ਲਾਂ ਚਾਹੇ ਦੋ ਸਾਲ ਠਹਿਰ ਕੇ।’’ ਰਾਜ ਨੇ ਉਦਾਸ ਬੋਲਾਂ ਨਾਲ ਕਿਹਾ ਸੀ।
‘‘ਨਾਲੇ ਸੁਣਿਐ ਗਰੀਬਾਂ ਨੂੰ ਨੌਕਰੀਆਂ ’ਚੋਂ ਅੱਡ ਹਿੱਸਾ ਦਿੰਦੀ ਐ ਸਰਕਾਰ।’’ ਕੋਟੇ ਦੀ ਕਰਤਾਰੀ ਨੂੰ ਵੀ ਭਿਣਕ ਸੀ।
‘‘ਆਪਾਂ ਨੂੰ ਕੌਣ ਪੁੱਛਦੈ। ਆਪਣੇ ਹਿੱਸੇ ਦੀ ਮਲਾਈ ਤਾਂ ਸਰਕਾਰੀ ਸਾਨ੍ਹ ਚੱਟ ਜਾਂਦੇ ਨੇ। ਪਹਿਲਾਂ ਦਾਦੇ ਨੌਕਰੀਆਂ ’ਤੇ ਲੱਗੇ ਫੇਰ ਪੁੱਤ ਨੌਕਰੀਆਂ ’ਤੇ ਫਿਰ ਪੋਤੇ ਨੌਕਰੀਆਂ ’ਤੇ। ਵੱਡੀਆਂ ਕੋਠੀਆਂ ’ਚ ਬੈਠੇ ਆਪਣੇ ਕੋਟੇ ਦਾ ਫਾਇਦਾ ਲਈ ਜਾਂਦੇ ਨੇ।’’
‘‘ਲੈ ਸਰਕਾਰ ਦੀਆਂ ਕਿਹੜਾ ਅੱਖਾਂ ਫੁੱਟੀਆਂ ਨੇ? ਉਨ੍ਹਾਂ ਨੂੰ ਕਿਹੜਾ ਦੀਂਹਦਾ ਨੀ ਵੀ ਗਰੀਬ ਕੌਣ ਐ।’’ ਕਰਤਾਰੀ ਦਾ ਪ੍ਰਗਟਾਇਆ ਇਤਰਾਜ਼ ਘਰ ਦੀਆਂ ਕੰਧਾਂ ਵਿੱਚ ਘਿਰ ਕੇ ਰਹਿ ਗਿਆ।
‘‘ਇਹ ਇੰਡੀਆ ਹੈ, ਮੇਰੀ ਜਾਨ।’’ ਰਾਜ ਕਹਿ ਕੇ ਆਪਣੇ ਕਮਰੇ ਵਿੱਚ ਵੜ ਗਿਆ। ਕਰਤਾਰੀ ਇਨ੍ਹਾਂ ਸ਼ਬਦਾਂ ਵਿੱਚ ਹੀ ਕਿਧਰੇ ਉਲਝ ਕੇ ਰਹਿ ਗਈ।
ਰਾਜ, ਕਰਤਾਰੀ ਦਾ ਵੱਡਾ ਪੋਤਾ ਹੈ। ਬੀ.ਏ. ਵਿੱਚੋਂ ਹਟ ਕੇ ਪਿੰਡ ਵਿੱਚ ਹੀ ਕਿਸੇ ਨਾਲ ਸਾਂਝੀ ਕਿਰਾਏ ’ਤੇ ਦੁਕਾਨ ਲੈ ਲਈ ਅਤੇ ਵਿੱਚ ਵੇਰਕਾ ਦਾ ਸਾਮਾਨ ਪਾ ਲਿਆ। ਰਾਜ ਤੋਂ ਛੋਟੀਆਂ ਦੋ ਕੁੜੀਆਂ ਹਨ। ਇੱਕ ਗਿਆਰਵੀਂ ਵਿੱਚ ਪੜ੍ਹਦੀ ਹੈ ਤੈ ਦੂਸਰੀ ਬਾਰ੍ਹਵੀਂ ’ਚ। ਦੋਵੇਂ ਕੁੜੀਆਂ ਟਿਊਸ਼ਨ ਲਾ ਕੇ ਆਪਣੀ ਪੜ੍ਹਾਈ ਦਾ ਖ਼ਰਚਾ ਤੋਰ ਰਹੀਆਂ ਹਨ। ਸਭ ਤੋਂ ਛੋਟਾ ਮੁੰਡਾ ਅੱਠਵੀਂ ਵਿੱਚੋਂ ਹਟ ਕੇ ਘਰੇ ਵਿਹਲਾ ਬਾਪੂ ਦੀਆਂ ਗਾਲ੍ਹਾਂ ਖਾਣ ’ਤੇ ਹੈ। ਕਰਤਾਰੀ ਦੇ ਮੁੰਡੇ ਦੀ ਸਾਰੀ ਉਮਰ ਲੋਕਾਂ ਨਾਲ ਸੀਰੀ ਪਾਲੀ ਰਲ਼ਦੇ ਦੀ ਲੰਘ ਗਈ।
ਬਾਹਰੋਂ ਕਿਸੇ ਗੱਡੀ ਨੇ ਦਫ਼ਤਰ ਵਿੱਚ ਪ੍ਰਵੇਸ਼ ਕੀਤਾ ਤਾਂ ਕਰਤਾਰੀ ਦੀ ਨਜ਼ਰ ਗੱਡੀ ਉੱਪਰ ਟਿਕ ਗਈ। ਗੱਡੀ ਵਿੱਚੋਂ ਤਿੰਨ ਚਾਰ ਬੰਦੇ ਅਤੇ ਇੱਕ ਔਰਤ ਉਤਰ ਕੇ ਇਨ੍ਹਾਂ ਕਮਰਿਆਂ ਵੱਲ ਹੀ ਆ ਰਹੇ ਹਨ।
ਕਰਤਾਰੀ ਫਿਰ ਖ਼ਿਆਲਾਂ ਵਿੱਚ ਗੁਆਚ ਗਈ, ‘ਜੇਕਰ ਇਹ ਅਫ਼ਸਰ ਕੁੜੀ ਸਾਡੀ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਹੋਵੇ ਤੇ ਮੈਨੂੰ ਪਹਿਚਾਣ ਜਾਵੇ ਤਾਂ ਕਹੇਗੀ, ‘‘ਤੈਨੂੰ ਕੀ ਲੋੜ ਸੀ ਬੇਬੇ ਇੱਥੇ ਆਉਣ ਦੀ। ਕਿਸੇ ਹੱਥ ਫੜਾ ਦਿੰਦੀ ਤਾਂ ਮੈਂ ਕੰਮ ਕਰ ਕੇ ਦੋ ਮਿੰਟਾਂ ਵਿੱਚ ਵਾਪਸ ਮੋੜ ਦੇਣਾ ਸੀ।’’ ਅਫ਼ਸਰ ਕੁੜੀ ਮੈਨੂੰ ਇਹ ਪਿਆਰ ਭਰਿਆ ਉਲਾਂਭਾ ਦਿੰਦੀ ਮੇਰਾ ਝੱਟ ਕੰਮ ਕਰ ਦੇਵੇ ਤੇ ਡਰਾਈਵਰ ਨੂੰ ਹੁਕਮ ਕਰੇ, ‘‘ਬੇਬੇ ਨੂੰ ਗੱਡੀ ਵਿੱਚ ਬੱਸ ਅੱਡੇ ਛੱਡ ਕੇ ਆ।’’
ਪਰ ਮੈਡਮ ਤੇ ਕਲਰਕ ਤਾਂ ਬਿਨਾਂ ਉਸ ਵੱਲ ਵੇਖੇ, ਆਪੋ ਆਪਣੇ ਕਮਰਿਆਂ ਵਿੱਚ ਜਾ ਵੜੇ ਸਨ। ਕਰਤਾਰੀ ਨੂੰ ਆਪਣੇ ਹੀ ਇਸ ਖ਼ਿਆਲ ’ਤੇ ਹਾਸਾ ਆ ਗਿਆ। ਉਸ ਨੇ ਆਪਣੇ ਕਾਗਜ਼ ਪੱਤਰਾਂ ਵਾਲਾ ਲਿਫ਼ਾਫ਼ਾ ਪਰਖਿਆ ਤੇ ਫਿਰ ਸੀ.ਡੀ.ਪੀ.ਓ. ਨੂੰ ਮਿਲਣ ਦਾ ਹੌਸਲਾ ਇਕੱਠਾ ਕਰਨ ਲੱਗੀ। ਸੀ.ਡੀ.ਪੀ.ਓ. ਨੂੰ ਮਿਲਣ ਦਾ ਸੋਚ ਕੇ ਹੀ ਉਸ ਦਾ ਦਿਲ ਕੰਬਣ ਲੱਗ ਪਿਆ। ਉਹ ਸੀ.ਡੀ.ਪੀ.ਓ. ਨੂੰ ਮਿਲਣ ਦਾ ਵਿਚਾਰ ਤਿਆਗ ਕੇ ਕਲਰਕ ਵਾਲੇ ਕਮਰੇ ਵਿੱਚ ਚਲੀ ਗਈ, ‘‘ਭਾਈ, ਆਹ ਪੈਲਸ਼ਨ ਆਲੇ ਕਾਗਤ ਲਿਆਈ ਤੀ…।’’
‘‘ਕੋਈ ਨਾ ਬੈਠ ਮਾਈ ਅਜੇ, ਕੰਮ ਕਰ ਲਈਏ ਥੋੜ੍ਹਾ ਜਾ।’’ ਕਲਰਕ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਸ ਨੂੰ ਝਿੜਕਾਂ ਵਰਗੇ ਬੋਲ ਸੁਣਾਉਂਦਿਆਂ ਬਾਹਰ ਜਾਣ ਲਈ ਇਸ਼ਾਰਾ ਕਰ ਦਿੱਤਾ।
ਉਹ ਲਿਫ਼ਾਫ਼ਾ ਸਮੇਟਦੀ ਫਿਰ ਉਸੇ ਬੈਂਚ ’ਤੇ ਆ ਬੈਠੀ ਜਿਵੇਂ ਸੇਵਾ ਬੈਠੀ ਮੁਰਗੀ ਵਾਰ ਵਾਰ ਆਪਣੇ ਅੰਡਿਆਂ ’ਤੇ ਆ ਬੈਠਦੀ ਹੈ। ਹੁਣ ਉਸ ਨੂੰ ਅੱਚਵੀ ਲੱਗ ਗਈ ਸੀ ਕਿ ਕਦੋਂ ਉਹ ਅੰਦਰ ਜਾਵੇ। ਉਸ ਤੋਂ ਬਹੁਤੀ ਦੇਰ ਉਡੀਕਿਆ ਨਹੀਂ ਗਿਆ। ਉਹ ਉੱਠ ਕੇ ਫਿਰ ਕਲਰਕ ਵਾਲੇ ਕਮਰੇ ਵਿੱਚ ਚਲੀ ਗਈ, ‘‘ਭਾਈ ਪੈਲਸ਼ਨ…।’’
‘‘ਬੈਠ ਮਾਈ, ਆਪੇ ਬੁਲਾਲਾਂਗੇ ਕੰਮ ਕਿੰਨਾ ਸਿਰ ’ਤੇ ਚੜ੍ਹਿਆ ਪਿਐ, ਇਹ ਆਪਣੀਆਂ ਪੈਨਸ਼ਨਾਂ ਚੁੱਕ ਕੇ ਤੁਰੇ ਆਉਣਗੇ। ਪੈਨਸ਼ਨ ਨੂੰ ਦੱਸ ਕੀ ਢਾਕੇ ’ਚ ਗੋਲੀ ਚਲਾਈ ਸੀ।’’ ਕਰਤਾਰੀ ਦੇ ਵਾਕ ਪੂਰਾ ਕਰਨ ਤੋਂ ਪਹਿਲਾਂ ਹੀ ਭਖਿਆ ਭਖਾਇਆ ਕਲਰਕ ਬੋਲ ਪਿਆ। ਉਹ ਬਾਰ ਵਿੱਚੋਂ ਹੀ ਵਾਪਸ ਮੁੜ ਗਈ।
ਹੁਣ ਉਸ ਨੂੰ ਭੁੱਖ ਲੱਗ ਆਈ ਸੀ। ਗਰਮੀ ਕਾਰਨ ਮੂੰਹ ਸੁੱਕ ਰਿਹਾ ਸੀ। ਉਸ ਨੂੰ ਜਾਪਿਆ ਜਿਵੇਂ ਉਹ ਸਮਾਧੀ ’ਚ ਲੀਨ ਸਾਧ ਵਾਂਗੂੰ ਕਿੰਨੇ ਹੀ ਮਹੀਨਿਆਂ ਤੋਂ ਇਸੇ ਬੈਂਚ ਉਪਰ ਹੀ ਬੈਠੀ ਹੋਵੇ, ਬਿਨਾਂ ਕੁਝ ਖਾਧੇ ਤੇ ਬਿਨਾਂ ਕੁਝ ਪੀਤੇ। ਜਦ ਉਸ ਦੇ ਪਿਆਸ ਨਾਲ ਬੁੱਲ੍ਹ ਸੁੱਕ ਗਏ, ਗਲਾ ਖੁਸ਼ਕ ਹੋ ਗਿਆ ਤਾਂ ਉਸ ਨੇ ਇੱਧਰ ਉੱਧਰ ਨਜ਼ਰ ਮਾਰੀ, ਪਰ ਪਾਣੀ ਦਾ ਕੋਈ ਸਰੋਤ ਕਿਤੇ ਨਜ਼ਰ ਨਹੀਂ ਆਇਆ। ਉਹ ਬਰਾਂਡੇ ਵਿੱਚੋਂ ਉੱਠ ਕੇ ਬਾਹਰ ਆਈ। ਉਸ ਨੂੰ ਅੰਗਰੇਜ਼ੀ ਘਾਹ ਕੋਲ ਇੱਕ ਟੂਟੀ ਨਜ਼ਰ ਪੈ ਗਈ। ਕਰਤਾਰੀ ਨੇ ਉਹ ਚਲਾਈ ਤਾਂ ਵਿੱਚੋਂ ਅੱਗ ਵਰਗਾ ਪਾਣੀ ਨਿੱਕਲ ਆਇਆ। ਕੁਝ ਦੇਰ ਚਲਦੀ ਰਹਿਣ ’ਤੇ ਪਾਣੀ ਕੋਸਾ ਜਿਹਾ ਆਉਣ ਲੱਗਿਆ ਤਾਂ ਉਸ ਨੇ ਉਂਜਲ ਨਾਲ ਪਾਣੀ ਪੀ ਲਿਆ। ਮੂੰਹ ਉੱਤੇ ਪਾਣੀ ਦੇ ਛਿੱਟੇ ਮਾਰੇ। ਚੁੰਨੀ ਨਾਲ ਮੂੰਹ ਪੂੰਝ ਕੇ ਫਿਰ ਬੈਂਚ ’ਤੇ ਆ ਬੈਠੀ।
ਕੱਲ੍ਹ ਡਾਕਟਰ ਵਾਲੀ ਘਟਨਾ ਯਾਦ ਆਉਂਦਿਆਂ ਉਹ ਇੱਕ ਵਾਰ ਫਿਰ ਹੈਰਾਨ ਹੋ ਗਈ। ਉਸ ਨੇ ਇਹ ਘਟਨਾ ਕੱਲ੍ਹ ਘਰ ਵੀ ਸਾਰੇ ਟੱਬਰ ਨੂੰ ਸੁਣਾਈ ਸੀ, ‘‘ਦਫ਼ਤਰ ਆਲੇ ਕਹਿੰਦੇ, ਤੇਰੀ ਉਮਰ ਘੱਟ ਹੋਣੀ ਪੈਲਸ਼ਨ ਤਾਂ ਕਟੀ ਐ। ਕਹਿੰਦੇ, ਤੂੰ ਡਾਕਟਰ ਤੋਂ ਲਿਖਾ ਕੇ ਲਿਆ। ਜੈ ਰੋਏ ਡਾਕਟਰ ਨੇ ਮੈਥੋਂ ਦੋ ਸੌ ਰੁਪਈਆ ਲੈ ਕੇ, ਮੇਰੇ ਮੂੰਹ ਕੰਨੀਂ ਦੇਖ ਕੇ, ਕਾਗਤ ’ਤੇ ਘੋਰ ਕੰਡੇ ’ਜੇ ਮਾਰ ਕੇ ਮੈਨੂੰ ਫੜਾ ਤੇ। ਕਹਿੰਦਾ, ਤੇਰੇ ਅਧਾਰ ਕਾਡ ਜਿੰਨੀ ਕਰਤੀ ਉਮਰ। ਅਫ਼ਸਰਾਂ ਨੂੰ ਪੁੱਛਣ ਆਲਾ ਹੋਵੇ ਵੀ ਮੂੰਹ ਤਾਂ ਮੇਰਾ ਸਾਰੇ ਲੋਕਾਂ ਨੂੰ ਈ ਦਿਸੀ ਜਾਂਦੈ। ਡਾਕਟਰ ਨੇ ਦੋ ਸੌ ਰੁਪਈਆ ਲੈ ਕੇ ਮੂੰਹ ਦਿਖਾਈ ਕੋਈ ਅੱਡਰੀ ਕੀਤੀ ਐ?’’
‘‘ਇਹ ਇੰਡੀਆ ਹੈ, ਮੇਰੀ ਜਾਨ।’’ ਰਾਜ ਕਹਿ ਕੇ ਹੱਸ ਪਿਆ ਸੀ। ਰਾਜ ਦਾ ਇਹ ਵਾਕ ਕਰਤਾਰੀ ਦੇ ਫਿਰ ਸਿਰ ਉਪਰੋਂ ਲੰਘ ਗਿਆ ਸੀ।
‘‘ਮੇਰੇ ਤੋਂ ਛੋਟੀਆਂ ਦੀ ਵੀ ਪੈਲਸ਼ਨ ਆਈ ਜਾਂਦੀ ਐ ਜਿਹੜੀਆਂ ਅਜੇ ਸੱਠ ਸਾਲ ਦੀਆਂ ਵੀ ਨੀ ਹੋਈਆਂ। ਮੈਂ ਤਾਂ ਫੇਰ ਵੀ ਪਝੱਤਰਾਂ ਦੀ ਹੋ ਗੀ। ਮੈਥੋਂ ਛੋਟੀਆਂ ਦਸ ਦਸ ਸਾਲ ਬਾਅਦ ’ਚ ਵਿਆਹੀਆਂ ਆਈਆਂ, ਉਹ ਵੀ ਪੈਲਸ਼ਨ ਲਈ ਜਾਂਦੀਆਂ ਨੇ।’’ ਕਰਤਾਰੀ ਫਿਰ ਗਿਲਾ ਕਰਨ ਲੱਗ ਪਈ ਸੀ।
‘‘ਇਹ ਤਾਂ ਕਹਿੰਦੇ ਭਜਨ ਸਰਪੰਚ ਨੇ ਕਟਵਾਈਆਂ ਨੇ, ਜਿਹੜੇ ਉਹਦੇ ਵਿਰੋਧੀ ਨੇ।’’ ਕਰਤਾਰੀ ਦੀ ਨੂੰਹ ਨੇ ਨਵਾਂ ਰਾਜ਼ ਖੋਲ੍ਹਿਆ ਸੀ।
‘‘ਕਿਉਂ ਆਪਾਂ ਕਿਹੜਾ ਭਜਨ ਦੇ ਘਰੋਂ ਚੱਕ ਕੇ ਲਿਆਉਣੇ ਆਂ। ਇਹ ਤਾਂ ਸਰਕਾਰੂ ਪੈਸੈ। ਸਰਕਾਰ ਦੇਣ ਆਲੀ। ਉਹਦਾ ਕਿਹੜਾ ਢਿੱਡ ਦੁਖਦੈ।’’ ਕਰਤਾਰੀ ਦੀ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਸੀ। ਰਾਜ ਵੀ ਉੱਠ ਕੇ ਚਲਾ ਗਿਆ ਸੀ। ਜੇ ਉਹ ਹੁੰਦਾ ਤਾਂ ਇਹ ਜ਼ਰੂਰ ਕਹਿੰਦਾ, ‘‘ਇਹ ਇੰਡੀਆ ਹੈ, ਮੇਰੀ ਜਾਨ।’’
ਕਰਤਾਰੀ ਯਾਦਾਂ ਦੇ ਮੱਕੜੀ ਜਾਲ ’ਚੋਂ ਬਾਹਰ ਆਈ ਤਾਂ ਉਸ ਨੂੰ ਪਰਛਾਵੇਂ ਢਲਦੇ ਲੱਗੇ। ਕਿੰਨਾ ਹੀ ਸਮਾਂ ਬੀਤ ਗਿਆ ਸੀ ਅਜੇ ਤੱਕ ਉਸ ਨੂੰ ਅੰਦਰ ਆਉਣ ਲਈ ਕਿਸੇ ਨੇ ਆਵਾਜ਼ ਨਹੀਂ ਮਾਰੀ ਸੀ। ਉਹ ਉੱਠ ਕੇ, ਡਰਦੀ ਡਰਦੀ ਮੁੜ ਕਲਰਕ ਦੇ ਕਮਰੇ ਵਿੱਚ ਚਲੀ ਗਈ।
‘‘ਲਿਆ ਮਾਈ ਫੜਾ ਕੀ ਲਿਆਈ ਐਂ?’’ ਕਲਰਕ ਦੇ ਇਹ ਬੋਲ ਕਰਤਾਰੀ ਦਾ ਅੰਦਰ ਠਾਰ ਗਏ। ਉਸ ਨੇ ਲਿਫ਼ਾਫ਼ੇ ਵਾਲਾ ਸਾਰਾ ਕਾਗਜ਼ ਪੱਤਰ ਉਸ ਨੂੰ ਕੱਢ ਕੇ ਫੜਾ ਦਿੱਤਾ। ਕਲਰਕ ਨੇ ਚੈੱਕ ਕੀਤਾ। ਨਵੇਂ, ਪੁਰਾਣੇ ਦੋ ਵੋਟ ਕਾਰਡਾਂ ਵਿੱਚੋਂ ਵੱਧ ਉਮਰ ਵਾਲਾ ਰੱਖ ਕੇ ਫ਼ਾਰਮ ਨਾਲ ਲਗਾ ਦਿੱਤਾ ਅਤੇ ਕੰਮ ਪੂਰਾ ਕਰ ਕੇ ਕਰਤਾਰੀ ਨੂੰ ਕਿਹਾ, ‘‘ਚਾਰ ਪੰਜ ਦਿਨਾਂ ਤੱਕ ਪਤਾ ਕਰਲੀਂ ਮਾਈ।’’ ‘‘ਠੀਕ ਐ ਭਾਈ। ਜਿਉਂਦਾ ਰਹਿ।’’ ਕਰਤਾਰੀ ਅਸੀਸਾਂ ਦਿੰਦੀ, ਹੌਲੀ ਫੁੱਲ ਵਰਗੀ ਹੋ ਕੇ ਤੁਰ ਪਈ।
‘ਪਹਿਲੀ ਪੈਲਸ਼ਨ ’ਚੋਂ ਆਉਣ ਜਾਣ ਲਈ ਇੱਕ ਜੁੱਤੀ ਲੈ ਲਊਂ।’ ਉਸ ਨੇ ਸੋਚਦਿਆਂ ਪੈਰਾਂ ’ਚ ਪਾਈਆਂ ਚੱਪਲਾਂ ਵੱਲ ਵੇਖਿਆ। ਚੱਪਲਾਂ ਘਸ ਕੇ ਟੁੱਟਣ ਦੀ ਕਗਾਰ ’ਤੇ ਪਹੁੰਚੀਆਂ ਸਨ। ‘ਨੂੰਹ ਕੋਲੇ ਵੀ ਕੋਈ ਚੱਜ ਦਾ ਜੁੱਤੀ ਜੋੜਾ ਨੀ ਹੈ। ਉਹਨੇ ਤਾਂ ਵਿਚਾਰੀ ਨੇ ਸੌ ਵਿਆਹ ਸ਼ਾਦੀ ’ਤੇ ਜਾਣਾ ਹੁੰਦੈ। ਮੇਰਾ ਤਾਂ ਫੇਰ ਵੀ ਸਰ ਜਾਂਦੈ। ਚੱਲ ਉਹਨੂੰ ਵੀ ਪੈਸੇ ਦੇ ਦਿਊਂ। ਆਪਣੀ ਪਸਿੰਦ ਦੇ ਲੈ ਲਊ।’
ਕਰਤਾਰੀ ਸੁਪਨਿਆਂ ’ਚ ਗੁਆਚੀ ਬਾਹਰ ਸੜਕ ’ਤੇ ਆ ਗਈ। ਉਹ ਪੈਨਸ਼ਨ ਲੱਗ ਜਾਣ ਦੇ ਚਾਅ ਨਾਲ ਭਰੀ, ਸੁਪਨਿਆਂ ’ਚ ਗੁਆਚੀ ਸੜਕ ਪਾਰ ਕਰਨ ਲੱਗੀ ਤਾਂ ਤੇਜ਼ ਆ ਰਹੀ ਸਕੂਟੀ ਕੁੜੀ ਤੋਂ ਬੇਕਾਬੂ ਹੋ ਗਈ। ਕੁੜੀ ਨੇ ਚੀਕਾਂ ਮਾਰਦਿਆਂ ਸਕੂਟੀ ਕਰਤਾਰੀ ਵੱਲ ਕਰ ਦਿੱਤੀ। ਕੁੜੀ ਦੀ ਚੀਕ ਸੁਣ ਕੇ ਕਰਤਾਰੀ ਨੇ ਫੁਰਤੀ ਨਾਲ ਸਕੂਟੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ। ਸਕੂਟੀ ਤੋਂ ਤਾਂ ਉਹ ਦੂਰ ਹੋ ਗਈ ਪਰ ਦੂਸਰੇ ਪਾਸੇ ਤੋਂ ਆਉਂਦੀ ਤੇਜ਼ ਰਫ਼ਤਾਰ ਬੱਸ ਨੇ ਕਰਤਾਰੀ ਨੂੰ ਚਲਾ ਕੇ ਮਾਰਿਆ। ਉਸ ਦੀਆਂ ਚੱਪਲਾਂ ਨਿੱਕਲ ਗਈਆਂ। ਚੁੰਨੀ ਉੱਡ ਗਈ।
ਡਿੱਗੀ ਪਈ ਕਰਤਾਰੀ ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਲੋਕ ਮਦਾਰੀ ਦਾ ਤਮਾਸ਼ਾ ਵੇਖਣ ਵਾਂਗ ਉਸ ਦੇ ਆਲੇ-ਦੁਆਲੇ ਘੇਰਾ ਬੰਨ੍ਹ ਕੇ ਖੜ੍ਹ ਗਏ। ਕਈ ਆਪੋ ਆਪਣੇ ਮੋਬਾਈਲਾਂ ਵਿੱਚ ਅੱਗੇ ਸੂਚਨਾ ਦੇਣ ਲਈ ਵੀਡੀਓ ਬਣਾਉਣ ਵਿੱਚ ਰੁੱਝ ਗਏ। ਕਰਤਾਰੀ ਬੇਹਰਕਤ ਸੀ। ਹੁਣ ਸਿਰਫ਼ ਉਸ ਦੇ ਫਟੇ ਲਿਫ਼ਾਫ਼ੇ ਵਿੱਚੋਂ ਨਿਕਲੇ ਕਾਗਜ਼ ਹਰਕਤ ਵਿੱਚ ਸਨ ਜਿਹੜੇ ਵਾਹਨਾਂ ਦੇ ਲੰਘਣ ਨਾਲ ਇੱਧਰ ਉੱਧਰ ਉੱਡ ਰਹੇ ਸਨ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪਰਗਟ ਸਿੰਘ ਸਤੌਜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ