Ik Jot (Punjabi Article) : Principal Ganga Singh

ਇਕ ਜੋਤ (ਪੰਜਾਬੀ ਲੇਖ) : ਪ੍ਰਿੰਸੀਪਲ ਗੰਗਾ ਸਿੰਘ

ਸੰਸਾਰ ਦੇ ਹਰ ਸਵਾਲ ਨੂੰ ਸਮਝਣ ਲਈ ਕਿਸੇ ਗੁਰ ਦਾ ਜਾਣਨਾ ਜ਼ਰੂਰੀ ਹੁੰਦਾ ਹੈ। ਅੱਜ ਤਕ ਲਿਖਿਆ ਗਿਆ ਹਰ ਫ਼ਲਸਫ਼ਾ ਕੋਈ ਨਾ ਕੋਈ ਅਜਿਹਾ ਬੁਨਿਆਦੀ ਅਸੂਲ ਰਖਦਾ ਹੈ ਕਿ ਜਿਸਨੂੰ ਸਮਝਣ ਤੋਂ ਬਗ਼ੈਰ ਉਸ ਫ਼ਲਸਫ਼ੇ ਦੀ ਪੂਰੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹੋ ਹੀ ਗੱਲ ਮਜ਼ਹਬਾਂ 'ਤੇ ਵਰਤਦੀ ਹੈ। ਹਰ ਇਕ ਮਜ਼ਹਬ ਦਾ ਇਕ ਬੁਨਿਆਦੀ ਮਸਲਾ ਅਜਿਹੀ ਸੂਰਤ ਰਖਦਾ ਹੈ ਕਿ ਜਿਸਨੂੰ ਸਮਝਣ ਤੋਂ ਬਿਨਾਂ ਉਸ ਮਜ਼ਹਬ ਦੀ ਪੂਰੀ ਪੂਰੀ ਅਸਲੀਅਤ ਨਹੀਂ ਜਾਣੀ ਜਾ ਸਕਦੀ।

ਸਿੱਖ ਮਜ਼ਹਬ ਵੀ ਇਸੇ ਤਰ੍ਹਾਂ ਇਕ ਬੁਨਿਆਦੀ ਅਕੀਦਾ ਰਖਦਾ ਹੈ, ਜਿਸ ਨੂੰ ਸਮਝੇ ਤੇ ਅਪਣਾਏ ਬਿਨਾਂ ਸਿੱਖੀ ਦੀ ਸਮਝ ਨਹੀਂ ਆ ਸਕਦੀ। ਜੇ ਇਉਂ ਕਿਹਾ ਜਾਏ ਕਿ ਇਹ ਮਸਲਾ ਸਿੱਖੀ ਦਾ ਸਾਰ ਹੈ ਤਾਂ ਕੁਛ ਗ਼ਲਤ ਨਹੀਂ ਹੋਵੇਗਾ। ਉਹ ਇਹੀ ਈਮਾਨ ਹੈ ਕਿ ਸਿੱਖੀ ਵਿਚ ਗੁਰੂ ਇਕ ਮੰਨਿਆ ਹੈ, ਜਿਸਦੀ ਜੋਤ ਤੇ ਜੁਗਤ ਦਸਾਂ ਜਾਮਿਆਂ ਵਿਚ ਸਮੇਂ ਸਮੇਂ ਸਿਰ ਪ੍ਰਗਟ ਹੋ, ਮਨੁੱਖ ਨੂੰ ਜੀਵਨ-ਜੁਗਤ ਦਸਦੀ ਰਹੀ ਹੈ ਤੇ ਅੱਜ ਓਹੋ ਜੋਤ ਜੁਗਤ ਗੁਰੂ ਗ੍ਰੰਥ ਪੰਥ ਵਿਚ ਇਸਥਿਤ ਹੈ।

ਇਸ ਬੁਨਿਆਦੀ ਅਸੂਲ ਨੂੰ ਸਮਝਣਾ ਕਿਤਨਾ ਜ਼ਰੂਰੀ ਹੈ ਕਿ ਇਸ ਦਾ ਕਥਨ ਸ੍ਰੀ ਦਸਮ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖਵਾਕ ਤੋਂ ਬਚਿਤ੍ਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ:

ਸ੍ਰੀ ਨਾਨਕ ਅੰਗਦਿ ਕਰਿ ਮਾਨਾ॥
ਅੰਗਦ ਅਮਰਦਾਸ ਪਹਿਚਾਨਾ॥
ਅਮਰਦਾਸ ਰਾਮ ਦਾਸ ਕਹਾਇਓ॥
ਸਾਧਨਿ ਲਖਾ ਮੂੜ੍ਹ ਨਹਿ ਪਾਇਓ॥
ਭਿੰਨ ਭਿੰਨ ਸਭਹੂੰ ਕਰ ਜਾਨਾ॥
ਏਕ ਰੂਪ ਕਿਨਹੂੰ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧ ਪਾਈ॥
ਬਿਨ ਸਮਝੋ ਸਿਧ ਹਾਥ ਨ ਆਈ॥
(ਪਾ: ੧੦)

ਹਜ਼ੂਰ ਫ਼ੁਰਮਾਂਦੇ ਹਨ—ਸਿੱਖ ਧਰਮ ਨੂੰ ਸਮਝ, ਸਿੱਧੀ ਦੀ ਪ੍ਰਾਪਤੀ ਕਰਨ ਲਈ ਬਹੁਤ ਲੋਕ ਯਤਨ ਕਰਦੇ ਹਨ, ਰਸਤੇ ਵਿਚ ਇਕ ਰੁਕਾਵਟ ਆ ਜਾਂਦੀ ਹੈ। ਗੁਰੂ ਸਾਹਿਬਾਨ ਦੇ ਭਿੰਨ ਭਿੰਨ ਸਰੂਪ ਦੇਖ ਕੇ ਜਗਿਆਸੂਆਂ ਦੀ ਬਹੁ-ਗਿਣਤੀ ਉਹਨਾਂ ਨੂੰ ਅੱਡ ਅੱਡ ਗੁਰੂ ਸਮਝ ਲੈਂਦੀ ਹੈ। ਇਹ ਟਪਲਾ ਦੇਹ ਨੂੰ ਗੁਰੂ ਜਾਣਨ ਕਰਕੇ ਲਗਦਾ ਹੈ। ਪਰ ਜੋ ਗੁਰੂ ਨੂੰ ਜਾਣਦੇ ਹਨ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਲਗਦਾ, ਉਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰੂ ਜੋਤ-ਸਰੂਪ ਹੋਣ ਕਰਕੇ ਹਰ ਸਮੇਂ ਇਕ ਹੀ ਹੈ, ਦੇਹਾਂ ਦੇ ਵਟਾਂਦਰੇ ਕਰਕੇ ਇਕ ਤੋਂ ਦੋ ਨਹੀਂ ਹੁੰਦਾ। ਵਡਭਾਗੀਆਂ ਨੂੰ ਨਿਸਚਾ ਹੈ ਕਿ ਨਾਨਕ ਹੀ ਅੰਗਦ ਹੈ, ਅੰਗਦ ਹੀ ਅਮਰਦਾਸ ਤੇ ਅਮਰਦਾਸ ਹੀ ਰਾਮਦਾਸ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਪਛਾਣਿਆ ਹੈ, ਉਹਨਾਂ ਨੂੰ ਹੀ ਸਿੱਧ ਹੱਥ ਆਈ ਹੈ। ਇਸ ਨਿਸਚੇ ਤੋਂ ਰਹਿਤ ਕੋਈ ਸਿੱਖ ਪੂਰਨ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਿਆ।

ਸ੍ਰੀ ਦਸਮ ਪਾਤਸ਼ਾਹ ਜੀ ਦਾ ਇਹ ਬਚਨ ਉਸ ਇਸ਼ਾਰੇ ਦੀ ਵਿਆਖਿਆ ਹੈ ਜੋ ਬਾਣੀ ਨੇ ਇਹਨਾਂ ਅੱਖਰਾਂ ਵਿਚ ਦਰਸਾਇਆ ਹੈ:

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥
(ਵਾਰ ਰਾਮਕਲੀ, ਸਤਾ ਬਲਵੰਡ, ਪੰਨਾ ੯੬੬)

ਗੁਰਬਾਣੀ ਵਿਚ ਬੁਨਿਆਦੀ ਪਦਾਰਥਾਂ ਦਾ ਕਥਨ ਕਰਦਿਆਂ ਹੋਇਆਂ ੴ ਦੇ ਜੋ ਸਰੂਪ ਆਦਿ ਵਿਚ ਬਿਆਨ ਕੀਤੇ ਗਏ ਹਨ, ਉਹਨਾਂ ਵਿਚ ਇਕ ਪਦਾਰਥ ‘ਗੁਰ’ ਵੀ ਹੈ। ਮੰਨਿਆ ਇਹ ਗਿਆ ਹੈ ਕਿ ੴ (ਇਕ ਓਅੰਕਾਰ) ਜੋ ਇਕ ਤੇ ਸਤਿ ਸਰੂਪ ਹੈ, ਨਾਮ ਰੂਪ ਧਾਰ ਜਗਤ ਨੂੰ ਕਥਨ ਕਰਦਾ ਹੈ ਤੇ ਆਪਣੀ ਕਿਰਤਮ ਮਖ਼ਲੂਕ ਨੂੰ ਸਿੱਧੇ ਰਸਤੇ 'ਤੇ ਤੋਰਨ ਲਈ ਜਿਸ ਸੱਤਾ ਦੀ ਵਰਤੋਂ ਕਰਦਾ ਹੈ, ਉਸ ਦੇ ਲਈ ਸੰਕੇਤ ਗੁਰ ਹੈ। ਜਿਸ ਤਰ੍ਹਾਂ ਪਰਮੇਸ਼ਰ ਦੀ ਹਰ ਅਦ੍ਰਿਸ਼ਟ ਕਲਾ ਜਗਤ ਵਿਚ ਆਪਣੀ ਵਰਤੋਂ ਲਈ ਦ੍ਰਿਸ਼ਟਮਾਨ ਰੂਪ ਲੈ ਲੈਂਦੀ ਹੈ, ਉਸੇ ਤਰ੍ਹਾਂ ਗੁਰ ਕਲਾ ਭੀ ਲੋੜ ਸਮੇਂ ਕਿਸੇ ਨਾ ਕਿਸੇ ਦੇਹ ਵਿਚੋਂ ਹੋ ਪ੍ਰਕਾਸ਼ਦੀ ਹੈ। ਚੁਨਾਂਚਿ ਸਿੱਖੀ ਦਾ ਪੰਥ ਪ੍ਰਗਟਾਉਣ ਲਈ ਇਹ ਗੁਰ-ਜੋਤੀ ਪਹਿਲੇ ਜਿਸ ਮਨੁੱਖ-ਜਾਮੇ ਵਿਚ ਟਿਕ ਪ੍ਰਗਟੀ, ਉਸਦਾ ਮਨੁੱਖੀ ਨਾਮ ਨਾਨਕ ਸੀ। ਉਸਦੇ ਰਾਹੀਂ ਗੁਰ-ਜੋਤੀ ਦਾ ਪ੍ਰਕਾਸ਼ ਹੁੰਦਾ ਤੱਕ, ਲੋਕਾਂ ਉਸ ਨੂੰ ‘ਗੁਰ ਨਾਨਕ’ ਕਿਹਾ। ਪਰ ਬਾਬੇ ਨੇ ਪ੍ਰਗਟ ਕਰ ਕੇ ਦੱਸ ਦਿੱਤਾ ਕਿ ਮੇਰੀ ਦੇਹ ਗੁਰੂ ਨਹੀਂ ਹੈ ਸਗੋਂ ਗੁਰੂ ਪਰਮੇਸ਼ਰ ਦੀ ਜੋਤ ਹੈ, ਜੋ ਮੈਨੂੰ ਰਾਹ ਦੱਸ ਰਹੀ ਹੈ ਤੇ ਮੈਂ ਤੁਹਾਨੂੰ ਦਰਸਾ ਰਿਹਾ ਹਾਂ:

ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨਾ ਕੋਈ ਜੀਉ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ॥
(ਸੋਰਠਿ ਮ: ੧, ਪੰਨਾ ੫੯੯)

ਗੁਰ-ਜੋਤੀ, ਮਨੁੱਖ-ਬੁੱਧੀ ਦੀ ਲੱਖਤਾ ਤੋਂ ਪਰੇ, ਮਾਇਆ ਰਹਿਤ ਪਰਮੇਸ਼ਰ ਦੀ ਵਿਆਪਕ ਜੋਤ ਨੂੰ ਗੁਰੂ ਹੋ ਮਿਲੀ ਹੈ। ਨਾਨਕ ਦੀ ਦੇਹ ਗੁਰੂ ਨਹੀਂ, ਗੁਰੂ ਇਕ ਰਸ ਜੋਤ ਹੈ, ਉਸ ਦੇ ਪ੍ਰਕਾਸ਼ ਨੇ ਸੱਚੇ ਮਨੁੱਖ-ਜੀਵਨ ਦਾ ਭੇਦ ਖੋਲ੍ਹਿਆ ਹੈ, ਜੋ ਭੁਲੀ ਹੋਈ ਮਨੁੱਖ ਸ਼੍ਰੇਣੀ ਨੂੰ ਸਮਝਾਣਾ ਹੈ।

ਸਮਝਾਣਾ ਨਿਰਾ ਜ਼ਬਾਨੀ ਨਹੀਂ, ਕਿਤੇ ਨਿਰਾ ਉਸਦੇ ਦਿਮਾਗ਼ ਵਿਚ ਹੀ ਨਾ ਰਹਿ ਜਾਵੇ, ਸਗੋਂ ਕਮਾ ਕੇ ਦਿਖਾਣਾ ਹੈ ਤਾਕਿ ਉਸਦੇ ਦਿਲ ਵਿਚ ਦ੍ਰਿੜ੍ਹ ਹੋ ਜਾਵੇ। ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖ-ਜੀਵਨ ਦਾ ਸਾਰਾ ਭੇਦ, ਡਿੱਗੀ ਹੋਈ ਮਨੁੱਖਤਾ ਨੂੰ ਉਠਾਣ ਲਈ ਉਸ ਨੂੰ ਸਮਝਾਣਾ ਤੇ ਦ੍ਰਿੜ੍ਹ ਕਰਾਉਣ ਲਈ ਕਮਾ ਕੇ ਦਿਖਾਣਾ ਸੀ, ਜੋ ਇਕ ਮਨੁੱਖੀ ਉਮਰ ਵਿਚ ਸਿਰੇ ਚੜ੍ਹਨਾ ਮੁਸ਼ਕਲ ਹੀ ਨਹੀਂ, ਬਲਕਿ ਨਾਮੁਮਕਿਨ ਸੀ। ਸਿੱਖ ਸਤਿਗੁਰੂ, ਯੋਗੀਆਂ ਵਾਂਗ ਲੰਬੀ ਉਮਰ ਵਧਾ ਕੇ ਆਮ ਜਨਤਾ ਨੂੰ ਹੈਰਾਨੀ ਵਿਚ ਨਹੀਂ ਸਨ ਪਾਉਣਾ ਚਾਹੁੰਦੇ, ਕਿਉਂਜੋ ਕਿਸੇ ਨੂੰ ਹੈਰਾਨ ਕਰ ਕੇ ਆਪਣੇ ਪਿਛੇ ਲਾਉਣਾ ‘ਨਾਟਕ ਚੇਟਕ’ ਹੀ ਹੈ। ਉਹਨਾਂ ਦਾ ਖ਼ਿਆਲ ਸੀ ਕਿ ਅਜਿਹਾ ਕਰਨਾ ਪ੍ਰਭੂ-ਲੋਕਾਂ ਲਈ ਲੱਜਿਆ ਦਾ ਕਾਰਨ ਹੁੰਦਾ ਹੈ। ਜਿਵੇਂ:

ਨਾਟਕ ਚੇਟਕ ਕੀਏ ਕੁਕਾਜਾ॥
ਪ੍ਰਭ ਲੋਗਨ ਕਹ ਆਵਤ ਲਾਜਾ॥
(ਬਚਿਤ੍ਰ ਨਾਟਕ, ਪਾ: ੧੦)

ਉਹਨਾਂ ਨੇ ਕੰਮ ਨੂੰ ਅਰੰਭ ਕੀਤਾ ਤੇ ਸਿਰੇ ਚਾੜ੍ਹਿਆ। ਇਹ ਹਾਲਾਤ ਦਾ ਫਲ ਸੀ ਕਿ ਉਹ ਦਸ ਮਨੁੱਖੀ ਜਾਮਿਆਂ ਵਿਚ ਪੂਰਨ ਹੋ ਸਕਿਆ, ਜਿਸ ਲਈ ਜਾਮੇ ਤਾਂ ਦਸ ਹੋਏ ਪਰ ਗੁਰੂ ਆਦਿ ਅੰਤ ਇਕ ਹੀ ਰਿਹਾ:

ਆਦਿ ਅੰਤਿ ਏਕੈ ਅਵਤਾਰਾ॥
ਸੋਈ ਗੁਰੂ ਸਮਝਿਅਹੁ ਹਮਾਰਾ॥
(ਪਾ: ੧੦)

ਮਨੁੱਖ-ਜੀਵਨ ਦੇ ਅੱਡੋ-ਅੱਡਰੇ ਪਹਿਲੂਆਂ ਨੂੰ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ ਬਹੁਤ ਬਣਦੀ ਹੈ। ਸਿਆਣਿਆਂ ਨੇ ਮਰਯਾਦਾ ਚਲਾਉਣ ਲਈ ਜੀਵਨ ਦੇ ਤਿੰਨ ਵੱਡੇ ਭਾਗ ਕੀਤੇ ਹਨ। ਉਹ ਹਨ: ਧਾਰਮਕ, ਸਮਾਜਕ ਤੇ ਰਾਜਨੀਤਿਕ। ਮਨੁੱਖ, ਚੰਗੇ ਸਮਾਜ ਤੋਂ ਬਿਨਾਂ ਚੰਗਾ ਨਹੀਂ ਬਣ ਸਕਦਾ, ਉਹ ਇਕ ਭਾਈਚਾਰਕ ਵਿਅਕਤੀ ਹੈ। ਹਰ ਕੰਮ ਵਿਚ ਭਾਈਚਾਰੇ ਦੀ ਉਸ ਨੂੰ ਲੋੜ ਪੈਂਦੀ ਹੈ। ਉਸ ਦੀ ਮਦਦ ਲੈਂਦਾ ਤੇ ਕਦਮ ਕਦਮ 'ਤੇ ਉਸ ਦਾ ਮੁਥਾਜ ਹੁੰਦਾ ਹੈ। ਜੇ ਭਾਈਚਾਰੇ ਦੇ ਤਲਾਬ ਵਿਚ ਅੰਧ-ਵਿਸ਼ਵਾਸੀ ਵਹਿਮ, ਪਿਛਾਂਹ-ਖਿੱਚੂਪਣਾ, ਜਾਤ-ਪਾਤ, ਛੂਤ-ਛਾਤ, ਤੇ ਰੰਗ ਦੀ ਈਰਖਾ ਦਾ ਜ਼ਹਿਰ ਘੁਲ ਜਾਏ ਤਾਂ ਉਸ ਭਾਈਚਾਰੇ ਦੇ ਹਰ ਮੈਂਬਰ ਦਾ ਜੀਵਨ ਰੋਗੀ ਹੋ ਜਾਂਦਾ ਹੈ।

ਭਾਈਚਾਰੇ ਦੀ ਬੁਨਿਆਦ ਨੂੰ ਮਜ਼ਬੂਤ ਰਖਣ ਲਈ ਹੀ ਰਾਜਨੀਤਿਕ ਸੰਸਥਾ ਕਾਇਮ ਕੀਤੀ ਜਾਂਦੀ ਹੈ। ਜਿਸ ਦੀਆਂ ਸ਼ਕਤੀਆਂ ਫ਼ੌਜ, ਪੁਲਸ ਤੇ ਕਾਨੂੰਨ ਸਮਾਜ ਦੀ ਰਖਵਾਲੀ ਲਈ ਹੀ ਥਾਪੇ ਜਾਂਦੇ ਹਨ। ਸੋ ਜਿਸ ਨੇ ਮਨੁੱਖਤਾ ਨੂੰ ਸੰਵਾਰਨਾ ਹੈ ਉਸਦੇ ਲਈ ਜ਼ਰੂਰੀ ਹੈ ਕਿ ਉਹ ਇਕ ਸੁੱਚੇ ਭਾਈਚਾਰੇ ਦੀ ਬੁਨਿਆਦ ਰਖੇ ਤੇ ਉਸਦੀ ਰੱਖਿਆ ਲਈ ਪਵਿੱਤਰ ਰਾਜਨੀਤਿਕ ਨਿਜ਼ਾਮ ਕਾਇਮ ਕਰੇ, ਇਹ ਗੱਲ ਕੋਈ ਮਾਮੂਲੀ ਨਹੀਂ ਕਿ ਇਕ ਮਨੁੱਖ ਦੀ ਉਮਰ ਵਿਚ ਹੀ ਇਹ ਸਭ ਕੁਝ ਸਿਰੇ ਚੜ੍ਹ ਸਕੇ, ਇਸ ਦੇ ਲਈ ਢੇਰ ਸਮਾਂ ਦਰਕਾਰ ਹੈ। ਭਾਈਚਾਰੇ ਦੇ ਮੈਂਬਰ ਮਨੁੱਖ ਨੂੰ ਪਹਿਲਾਂ ਵਿਅਕਤੀਗਤ ਤੌਰ 'ਤੇ ਉੱਚਾ ਕਰਨਾ, ਫਿਰ ਉਹਨਾਂ ਵਿਅਕਤੀਆਂ ਦਾ ਭਾਈਚਾਰਾ ਕਾਇਮ ਕਰਨਾ ਤੇ ਉਸ ਉਚੇ ਭਾਈਚਾਰਕ ਨਿਜ਼ਾਮ ਨੂੰ ਕਾਇਮ ਰਖਣ ਲਈ ਪਵਿੱਤਰ ਰਾਜਨੀਤਿਕ ਸੰਸਥਾ ਅਸਥਾਪਨ ਕਰਨੀ।

ਜੇ ਅਜੇ ਮਨੁੱਖ-ਜੀਵਨ ਦਾ ਅਰੰਭ ਹੀ ਹੁੰਦਾ, ਤਾਂ ਸ਼ਾਇਦ ਉਸ ਨੂੰ ਸਿੱਧੇ ਰਸਤੇ ਪਾਉਣ ਵਿਚ ਬਹੁਤ ਦੇਰ ਨਾ ਲਗਦੀ। ਕੋਰੀ ਪੱਟੀ 'ਤੇ ਸਹੀ ਅੱਖਰ ਛੇਤੀ ਲਿਖੇ ਜਾ ਸਕਦੇ ਹਨ ਪਰ ਜਿਸ ਪੱਟੀ 'ਤੇ ਕੀਚ ਮੀਚ ਦੀਆਂ ਲਕੀਰਾਂ ਵਾਹੀਆਂ ਹੋਣ, ਉਸਨੂੰ ਤਾਂ ਪਹਿਲਾਂ ਧੋ ਬਣਾ ਸਾਫ਼ ਕਰ ਕੇ ਹੀ ਕੁਝ ਲਿਖਿਆ ਜਾ ਸਕਦਾ ਹੈ।

ਗੁਰੂ ਪ੍ਰਕਾਸ਼ ਤੋਂ ਪਹਿਲਾਂ ਮਨੁੱਖੀ ਸਮਾਜ ਹਰ ਪਹਿਲੂ ਤੋਂ ਬਹੁਤ ਥੱਲੇ ਡਿੱਗ ਚੁੱਕਾ ਸੀ, ਉਸਦੇ ਮਨ ਦੀ ਪੱਟੀ ਵਹਿਮਾਂ ਭਰਮਾਂ ਦੀਆਂ ਲੀਕਾਂ, ਈਰਖਾ, ਦਵੈਤ, ਸਾੜੇ ਦੇ ਦਾਗ਼ਾਂ ਤੇ ਜਬਰ, ਧੱਕਾ, ਅਨਿਆਇ ਦੀ ਸਿਆਹੀ ਨਾਲ ਕਾਲੀ ਹੋਈ ਪਈ ਸੀ। ਜਦ ਤਕ ਉਸਨੂੰ ਧੋਤਾ ਨਾ ਜਾਂਦਾ, ਉਸ 'ਤੇ ਕੋਈ ਨਵੀਂ ਲਿਖਤ ਨਹੀਂ ਸੀ ਲਿਖੀ ਜਾ ਸਕਦੀ। ਪੁਰਾਣੀ ਜਨਮ-ਜਨਮਾਤਰਾਂ ਦੀ ਸਿਆਹੀ ਨੂੰ ਧੋਣਾ ਸੌਖਾ ਨਹੀਂ ਨੂੰ ਸੀ। ਮਨੁੱਖ-ਮਨ ਦੇ ਖੋਲੇ ਵਿਚੋਂ ਭਰਮ ਦਾ ਭੂਤ, ਦਵੈਸ਼ ਦਾ ਦਿਓ, ਤੇ ਧੱਕੇ ਦਾ ਜਿੰਨ ਕੱਢਣਾ ਇਕ ਕਠਨ ਕੰਮ ਸੀ, ਜੋ ਮਿਹਨਤ ਦੇ ਨਾਲ ਨਾਲ ਵਕਤ ਵੀ ਮੰਗਦਾ ਸੀ।

ਮਨੁੱਖੀ ਜੀਵਨ ਦੇ ਤਿੰਨੇ ਪਹਿਲੂ-ਧਾਰਮਕ, ਸਮਾਜਕ, ਰਾਜਨੀਤਿਕ-ਨਿਸ਼ਾਨੇ ਤੋਂ ਉਖੜ ਕੁਰਾਹੇ ਪਏ ਹੋਏ ਸਨ, ਧਰਮ ਨੂੰ ਪੁਜਾਰੀਆਂ, ਸਮਾਜ ਨੂੰ ਮਨੌਤਾਂ ਤੇ ਰਾਜਨੀਤੀ ਨੂੰ ਜਬਰ ਨੇ ਵਿਗਾੜ, ਮਨੁੱਖ-ਜੀਵਨ ਨੂੰ ਬੇਸੁਆਦਾ ਤੇ ਫਿੱਕਾ ਬਣਾ ਛਡਿਆ ਸੀ। ਇਹ ਰੋਗ ਏਥੋਂ ਤਕ ਵਧ ਗਿਆ ਸੀ ਕਿ ਕਈ ਸਿਆਣਿਆਂ ਨੇ ਸੰਸਾਰ ਨੂੰ ਹੀ ਤਿਆਗ ਦੇਣਾ ਸੁਖ ਦਾ ਸਾਧਨ ਸਮਝ ਲਿਆ ਸੀ।

ਪੁਰਾਣੇ ਸਮੇਂ ਦੇ ਫ਼ਲਸਫ਼ੀਆਂ ਦੇ ਮੁਖੀ ਵੇਦਾਂਤੀ ਨੇ ਤਾਂ ਏਥੋਂ ਤਕ ਕਹਿ ਦਿੱਤਾ ਕਿ ਜਗਤ ਅਸਲ ਵਿਚ ਹੈ ਹੀ ਨਹੀਂ। ਮਾਰੂਥਲ ਦੀ ਚਮਕਦੀ ਹੋਈ ਰੇਤ ਦੇ ਪਾਣੀ ਅਤੇ ਹਨੇਰੇ ਵਿਚ ਪਈ ਹੋਈ ਰੱਸੀ ਦੇ ਸੱਪ ਜਾਪਣ ਵਾਂਗ ਭ੍ਰਾਂਤੀ ਕਰਕੇ ਹੀ ਭਾਸ ਰਿਹਾ ਹੈ, ਅਸਲ ਵਿਚ ਹੈ ਹੀ ਨਹੀਂ। ਉਹ ਵਿਚਾਰੇ ਕਰਦੇ ਵੀ ਕੀ? ਸਾਰੇ ਵਰਤ ਰਹੇ ਦਸਤੂਰ ਦੇ ਉਲਟ ਖਲੋਣਾ ਕਿਹੜਾ ਸੌਖਾ ਕੰਮ ਸੀ। ਪੁਰਾਣੀਆਂ ਮਨੌਤਾਂ ਦੇ ਵਿਰੁੱਧ ਅਵਾਜ਼ ਉਠਾਉਣੀ, ਸਮਾਜਕ ਨਿਯਮਾਂ ਤੋਂ ਬੇਪਰਵਾਹ ਜਾਣਾ ਤੇ ਹਾਕਮਾਂ ਦੇ ਰਵੱਈਏ ਦਾ ਖੰਡਨ ਕਰਨਾ ਕੋਈ ਅਸਾਨ ਗੱਲ ਨਹੀਂ ਸੀ। ਖ਼ਾਸ ਤੌਰ 'ਤੇ ਫ਼ਲਸਫ਼ੀ ਤਾਂ ਇਹ ਸਿਰ-ਦਰਦੀ ਖ਼ਰੀਦ ਹੀ ਨਹੀਂ ਸਨ ਸਕਦੇ, ਇਸ ਭਾਰੀ ਬੋਝ ਨੂੰ ਉਠਾਉਣ ਲਈ ਕੁਦਰਤ ਨੇ ਗੁਰੂ ਨਾਨਕ ਦਾ ਕੰਧਾ ਹੀ ਬਣਾਇਆ ਸੀ। ਪਰ ਇਕ ਮਨੁੱਖ-ਜਾਮੇ ਵਿਚ ਇਤਨਾ ਕੰਮ ਹੋ ਨਹੀਂ ਸੀ ਸਕਦਾ।

ਭਾਈ ਗੁਰਦਾਸ ਜੀ ਨੇ ਕਿਆ ਸੋਹਣਾ ਲਿਖਿਆ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰਿਸ਼ਟੀ ਨੂੰ ਧਿਆਨ ਨਾਲ ਤੱਕਿਆ ਤਾਂ ਉਹ ਸੜਦੀ ਦਿਸੀ:

ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
(ਵਾਰ ੧, ਪਉੜੀ ੨੪)

ਮਜ਼ਹਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚੋਂ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਸੰਗਰਾਮ ਇਸ ਦੇਸ਼ ਵਿਚ ਸਿਖ਼ਰ ਤੇ ਪੁਜ ਚੁੱਕਾ ਸੀ। ਉਹਨਾਂ ਦੇ ਪੁਜਾਰੀ, ਬ੍ਰਾਹਮਣ ਤੇ ਮੁੱਲਾਂ ਆਪਣੇ ਅਭਿਆਸੀਆਂ ਨੂੰ ਖ਼ੁਦੀ, ਬਖੀਲੀ, ਤਕੱਬਰੀ, ਖਿਚੋਤਾਣ ਤੇ ਧਿਙਾਣਾ ਸਿਖਾ ਰਹੇ ਸਨ, ਸੱਚ ਇਕ ਪਾਸੇ ਪਿਆ ਹੋਇਆ ਸੀ:

ਚਾਰਿ ਵਰਨਿ ਚਾਰਿ ਮਜ਼ਹਬਾਂ ਜਗਿ ਵਿਚਿ ਹਿੰਦੂ ਮੁਸਲਮਾਣੇ।
ਖੁਦੀ ਬਖੀਲਿ ਤਕੱਬਰੀ ਖਿੱਚੋਤਾਣਿ ਕਰੇਨਿ ਧਿਙਾਣੇ....
ਸਚੁ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣਿ ਮਉਲਾਣੇ।
(ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧)

ਅਰ ਉਸ ਦੇ ਕਲਪਿਤ ਨਾਮ ਰਾਮ ਤੇ ਰਹੀਮ ਰਖ ਕੇ ਪ੍ਰਸਪਰ ਝਗੜਾ ਕੀਤਾ ਜਾ ਰਿਹਾ ਸੀ, ਦੁਨੀਆ ਦਿਆਂ ਸਾੜਿਆਂ ਤੋਂ ਤੰਗ ਆਏ ਹੋਏ ਮਨੁੱਖ ਨੇ ਜਿਨ੍ਹਾਂ ਸਰੋਵਰਾਂ ਵਿਚ ਸ਼ਾਂਤ ਹੋਣਾ ਸੀ ਉਹਨਾਂ ਵਿਚ ਹੀ ਅੱਗ ਲੱਗੀ ਹੋਈ ਸੀ; ਜਿਨ੍ਹਾਂ ਸੋਮਿਆਂ ਵਿਚ ਅੰਮ੍ਰਿਤ ਪੀ ਜੀਵਨ ਪ੍ਰਾਪਤ ਕਰਨਾ ਸੀ, ਉਹਨਾਂ ਵਿਚ ਹੀ ਜ਼ਹਿਰ ਘੁਲ ਰਹੀ ਸੀ। ਇਸ ਬੁਰਾਈ ਨੂੰ ਤਾੜਿਆ ਤਾਂ ਕਈਆਂ ਸੰਤਾਂ ਨੇ ਸੀ, ਪਰ ਉਹ ਚੁੱਪ ਰਹੇ। ਪਰੋਹਤ ਜਮਾਤ ਦੇ ਗੁੱਸੇ ਤੋਂ ਹਰ ਕੋਈ ਉਹਨਾਂ ਨੂੰ ਟੋਕਣ ਦੀ ਦਲੇਰੀ ਨਹੀਂ ਸੀ ਕਰਦਾ, ਕਿਉਂ ਜੋ ਪਰੋਹਤਾਂ ਨੇ ਹਕੂਮਤ ਵੀ ਆਪਣੇ ਹੱਥ ਵਿਚ ਕੀਤੀ ਹੋਈ ਸੀ। ਜਿਨ੍ਹਾਂ ਅਯਾਸ਼, ਜ਼ਾਲਮ, ਅਨਿਆਈ, ਧੱਕੇ ਖੋਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ, ਮੁਲਾਣੇ ਤੇ ਬ੍ਰਾਹਮਣ ਖ਼ੁਦਾ ਦਾ ਸਾਇਆ ਤੇ ਭਗਵਾਨ ਦਾ ਰੂਪ ਕਹਿੰਦੇ ਸਨ, ਉਹ ਇਹਨਾਂ ਦੇ ਮੰਗ ਕਰਨ 'ਤੇ ਹਰ ਉਸ ਆਦਮੀ ਨੂੰ ਡੰਡ ਦੇਣ ਤੇ ਰਾਜ-ਬਲ ਨਾਲ ਉਸ ਦੀ ਅਵਾਜ਼ ਨੂੰ ਚੁੱਪ ਕਹਾਣ ਲਈ ਤੱਤਪਰ ਰਹਿੰਦੇ ਸਨ, ਜਿਸ ਦੀ ਸੱਚਾਈ ਪੁਜਾਰੀਆਂ ਨੂੰ ਨਾ ਸੁਖਾਵੇ ਤੇ ਉਹਨਾਂ ਦਾ ਜਾਲ ਤੋੜਨ ਦਾ ਕਾਰਨ ਬਣੇ। ਪੰਜਾਬ ਦੇ ਮਸ਼ਹੂਰ ਸੂਫ਼ੀ ਸੰਤ ਬੁਲ੍ਹੇ ਸ਼ਾਹ ਨੇ ਇਸ ਹਕੀਕਤ ਨੂੰ ਬਿਆਨ ਕਰਦੇ ਹੋਇਆਂ ਕਿਹਾ ਹੈ, “ਜੇ ਮੈਂ ਇਹਨਾਂ ਦੇ ਭੇਦ ਨੂੰ ਪ੍ਰਗਟ ਕਰ ਦਿਆਂ ਤਾਂ ਇਹਨਾਂ ਦੀ ਬ੍ਰਾਹਮਣੀ ਈਰਖਾ ਬਖ਼ੀਲੀ ਤਾਂ ਮੁੱਕ ਜਾਵੇ। ਪਰ ਕਰਾਂ ਕੀ? ਇਹ ਮੇਰੀ ਗੱਲ ਸੁਣ ਕੇ ਮੈਨੂੰ ਮਾਰਦੇ ਹਨ। ਇਸ ਕਰਕੇ ਗੱਲ ਗੁਪਤ ਹੀ ਰਖਣੀ ਚੰਗੀ ਹੈ।"

ਜੇ ਜ਼ਾਹਿਰ ਕਰਾਂ ਇਸਰਾਰ ਤਾਈਂ।
ਸਾਰੇ ਭੁਲ ਜਾਵਣ ਤਕਰਾਰ ਤਾਈਂ।
ਫਿਰ ਮਾਰਨ ਬੁਲ੍ਹੇ ਯਾਰ ਤਾਈਂ।
ਇਥੇ ਗੁਪਤੀ ਬਾਤ ਸੋਹੰਦੀ ਏ।

ਇਹਨਾਂ ਮਜ਼ਹਬੀ ਮਜੌਰਾਂ ਨੇ ਚੰਨ ਨੂੰ ਕੁਨਾਲੀ ਹੇਠ ਛੁਪਾਣ ਵਾਂਗ ਸੱਚ ਨੂੰ ਪੱਖਾਂ ਵਿਚ ਵੰਡਣ ਦਾ ਪਰਬੰਧ ਕੀਤਾ ਹੋਇਆ ਸੀ, ਜੋ ਅਸਤ ਵਿਅਸਤ ਸੀ, ਉਹ ਸੱਚ ਦਾ ਕੁਛ ਨਾਮ ਰਖ ਲੈਂਦੇ ਤੇ ਕਿਸੇ ਦੂਸਰੇ ਨਾਮ ਨਾਲ ਪੁਕਾਰੇ ਜਾਣ ਕਰਕੇ ਸੱਚ ਨੂੰ ਝੂਠ ਕਰਾਰ ਦੇ ਦੇਂਦੇ। ਉਹ ਪ੍ਰਭੂ ਨੂੰ ਚੇਤਨ ਕਹਿੰਦੇ ਤੇ ਉਹਦਾ ਦਰਸ਼ਨ ਜੜ੍ਹ ਮੂਰਤੀਆਂ ਵਿਚੋਂ ਕਰਦੇ। ਉਹ ਅੱਲ੍ਹਾ ਨੂੰ ਲਾਮੁਕਾਮ ਕਹਿ, ਕਿਸੇ ਮਕਾਨ ਨੂੰ ਉਸ ਦਾ ਘਰ ਕਰਾਰ ਦੇਂਦੇ। ਉਹ ਮਨੁੱਖ ਕੋਲੋਂ ਮੰਨਵਾਂਦੇ ਕਿ ਖ਼ਾਸ ਖ਼ਾਸ ਪਾਣੀਆਂ ਵਿਚ ਤਨ ਧੋਤਿਆਂ ਮਨ ਦੀ ਮੈਲ ਲਹਿ ਜਾਂਦੀ ਹੈ ਕਿਉਂਕਿ ਉਸ ਪਾਣੀ 'ਤੇ ਕਬਜ਼ਾ ਉਹਨਾਂ ਦਾ ਹੁੰਦਾ ਤੇ ਨਹਾਉਣ ਵਾਲੇ ਨੂੰ ਕੁਝ ਨਾ ਕੁਝ ਪੂਜਾ ਪੁਜਾਰੀਆਂ ਨੂੰ ਦੇਣੀ ਹੀ ਪੈਂਦੀ। ਅੰਧ ਵਿਸ਼ਵਾਸ ਇਸ ਸਿਖਰ 'ਤੇ ਪੁੱਜ ਚੁੱਕਾ ਸੀ ਕਿ ਖ਼ਾਸ ਧਰਤੀਆਂ ਹੀ ਪਵਿੱਤਰ ਹੈਨ, ਹਾਲਾਂਕਿ ਪ੍ਰਭੂ ਸਾਰੀਆਂ ਸ੍ਰਿਸ਼ਟੀਆਂ ਦਾ ਕਰਤਾ ਹੈ। ਮੁਕੱਰਰ ਕੀਤੀਆਂ ਖ਼ਾਸ ਹੱਦਾਂ ਦੇ ਅੰਦਰ ਮਰ ਜਾਣ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਖ਼ਾਸ ਨਦੀਆਂ, ਚਸ਼ਮਿਆਂ ਤੇ ਖੂਹਾਂ ਦਾ ਪਾਣੀ ਪੀਤਿਆਂ ਪੁੰਨ ਜਾਂ ਸੁਆਬ ਮਿਲਦਾ ਹੈ। ਸਰੀਰਕ ਅੰਗਾਂ ਦੀ ਖ਼ਾਸ ਸੂਰਤ ਬਣਾਣ ਨਾਲ ਜਾਂ ਵਿਸ਼ੇਸ਼ ਕਿਸਮ ਦੇ ਲਿਬਾਸ ਪਹਿਨਣ ਨਾਲ ਮਨੁੱਖ ਉੱਚਾ ਹੋ ਜਾਂਦਾ ਹੈ। ਖ਼ਾਸ ਪੋਥੀਆਂ ਵਿਚ ਲਿਖੀਆਂ ਜਾਣ ਕਰਕੇ ਹੀ ਇਹ ਗੱਲਾਂ ਸੱਚੀਆਂ ਹਨ। ਕਿਸੇ ਖ਼ਾਸ ਪੁਸਤਕ ਵਿਚ ਲਿਖੀ ਜਾਣ ਕਰਕੇ ਗੱਲ ਬਿਨਾਂ ਕਿਸੇ ਦਲੀਲ ਦੇ ਸੱਚ ਮੰਨਣ ਦੇ ਯੋਗ ਹੁੰਦੀ ਹੈ।

ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦਾ ਚੱਕਰ ਚਲਾ, ਈਸ਼ਵਰ ਏਕਤਾ ਦਾ ਸੰਦੇਸ਼ ਦੇ ਕੇ ਸੱਚ ਨੂੰ ਪ੍ਰਮਾਣ ਕਰ, ਪੁਰਾਣੇ ਮਜ਼ਹਬ ਦੇ ਖ਼ਿਲਾਫ਼ ਇਕ ਜਹਾਦ ਖੜਾ ਕਰ ਦਿੱਤਾ। ਉਨ੍ਹਾਂ ਨੇ ਬਚਪਨ ਵਿਚ ਪਾਂਧੇ ਨੂੰ ਸਚਾਈ ਪੜ੍ਹਾ, ਮੁੱਲਾਂ ਨੂੰ ਹਕੀਕਤ ਦਾ ਦਰਸ ਦੇ, ਪਰੋਹਤ ਨੂੰ ਦਇਆ, ਸੰਤੋਖ, ਸਤਿ ਤੇ ਜਤ ਦਾ ਜਨੇਊ ਦੱਸ, ਆਪਣੇ ਬਰਖ਼ਿਲਾਫ਼ ਮਜ਼ਹਬੀ ਦੁਨੀਆ ਨੂੰ ਚਹੁੰ ਪਾਸਿਆਂ ਤੋਂ ਉਠ ਪੈਣ ਲਈ ਪ੍ਰੇਰਿਆ। ਉਹਨਾਂ ਕੁਸ਼ਾ ਦੇ ਆਸਣ 'ਤੇ ਬੈਠੇ ਸਮਾਧੀ ਇਸਥਿਤ ਬ੍ਰਾਹਮਣ ਨੂੰ ਬਗ਼ਲ ਸਮਾਧੀ ਕਿਹਾ ਤੇ ਮਨੋਂ ਗ਼ੈਰ-ਹਾਜ਼ਰ ਜਮਾਤ ਨੂੰ ਨਮਾਜ਼ ਪੜ੍ਹਾ ਰਹੇ ਈਮਾਮ ਦਾ ਪਾਜ ਖੋਲ੍ਹਿਆ। ਉਹਨਾਂ ਨੇ ਜਗਨ ਨਾਥ ਪੁਰੀ ਵਿਚ ਜਾ ਮਨੁੱਖੀ ਕ੍ਰਿਤ ਠਾਕਰਾਂ ਦੀ ਆਰਤੀ ਦੀ ਥਾਂ ਵਿਆਪਕ ਪ੍ਰਭੂ ਦੀ ਆਰਤੀ ਉਤਾਰੀ। ਹਰਿਦੁਆਰ ਪੁੱਜ, ਕਰਤਾਰਪੁਰ ਵਿਚ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਦੱਸ, ਸੂਰਜ ਨੂੰ ਪਾਣੀ ਦੇ ਰਹੇ ਅੰਧ-ਵਿਸ਼ਵਾਸੀਆਂ ਦੇ ਦਿਲਾਂ ਵਿਚ ਸੱਚ ਦੀ ਕਿਰਨ ਪਾਈ। ਮੱਕੇ ਜਾ ਲਾਮੁਕਾਮ ਤੇ ਈਮਾਨ ਲਿਆਉਣ ਵਾਲਿਆਂ ਨੂੰ ਇਕ ਮਕਾਨ ਨੂੰ ਖ਼ੁਦਾ ਦਾ ਘਰ ਮੰਨਣ ਤੋਂ ਹੋੜਿਆ। ਬਗ਼ਦਾਦ ਵਿਚ ਕਿਸੇ ਉਮਤ ਦਾ ਮੈਂਬਰ ਹੋਣ ਨਾਲੋਂ ਉਚੀ ਕਰਤੂਤ ਦੇ ਆਸਰੇ ਮਨੁੱਖ ਦਾ ਉੱਚ ਹੋਣਾ ਦਰਸਾਇਆ। ਉਹਨਾਂ ਨੇ ਜੀਵਨ ਭਰ ਬੜੇ ਬੜੇ ਸਫਰ ਕੀਤੇ, ਮਨੌਤਾਂ ਦੇ ਮੁਢਲੇ ਅਸਥਾਨਾਂ ਵਿਚ ਗਏ, ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਉਹਨਾਂ ਜਾਗ ਉਠੇ ਸੱਚੇ ਮਨੁੱਖਾਂ ਦੀ ਇਕ ਸੱਚੀ ਸੰਗਤ ਤੇ ਕਰਤਾਰਪੁਰ ਦੀ ਧਰਮਸਾਲਾ ਹੀ ਕਾਇਮ ਕੀਤੀ। ਇਸ ਪਾਵਨ ਮਰਯਾਦਾ ਨੂੰ ਵਧੇਰੇ ਪ੍ਰਚਲਿਤ ਕਰਨ ਲਈ ਅਗਲੇ ਜਾਮਿਆਂ ਦੀ ਲੋੜ ਸੀ।

ਧਰਮ ਵਿਚ ਗ਼ਲਤੀ ਆ ਜਾਣ ਕਰਕੇ ਸਮਾਜ ਵਿਚ ਵੀ ਭਾਰੀ ਗੜਬੜ ਮੱਚੀ ਹੋਈ ਸੀ। ਜਿਸ ਦੀ ਬੁਨਿਆਦ ਇਸ ਮਨੌਤ 'ਤੇ ਸੀ ਕਿ ਮਨੁੱਖ ਬਿਨਾਂ ਕਰਮ ਤੋਂ ਖ਼ਾਸ ਜਨਮ ਜਾਂ ਮਨੌਤ ਕਰਕੇ ਹੀ ਇਕ ਦੂਜੇ ਤੋਂ ਛੋਟਾ ਵੱਡਾ ਹੈ। ਪਹਿਲਾਂ ਤਾਂ ਇਹ ਕਲਪਨਾ ਕੀਤੀ ਗਈ ਕਿ ਮਰਦ ਔਰਤ ਤੋਂ ਚੰਗਾ ਹੈ। ਔਰਤ ਉਸ ਹਵਾ ਦੀ ਬੇਟੀ ਹੈ ਜਿਸ ਨੇ ਸ਼ੈਤਾਨ ਦੇ ਛਲ ਵਿਚ ਆ, ਆਪਣੇ ਮਰਦ ਆਦਮ ਨੂੰ ਪਰਮੇਸ਼੍ਵਰ ਵਲੋਂ ਮਨ੍ਹਾ ਕੀਤੇ ਗਏ ਬਿਰਖ ਦੇ ਫਲ ਨੂੰ ਪ੍ਰੇਰ ਕੇ ਖਵਾਇਆ ਤੇ ਉਸਦੇ ਸਵਰਗ ਵਿਚੋਂ ਧਰਤੀ 'ਤੇ ਸੁੱਟੇ ਜਾਣ ਦਾ ਕਾਰਨ ਬਣੀ ਜਾਂ ਇਸਤਰੀ ਲਛਮੀ ਦਾ ਰੂਪ ਹੈ ਜੋ ਭਗਵਾਨ ਦੀ ਮਾਇਆ ਹੈ ਤੇ ਮਰਦ ਲਈ ਬੰਧਨ ਦਾ ਕਾਰਨ ਬਣਦੀ ਹੈ, ਜਿਸ ਨਾਲ ਜੁੜ ਬਹਿਣ 'ਤੇ ਮਰਦ ਨੂੰ ਉਮਰ ਦਾ ਅੱਧ ਬਾਣਪ੍ਰਸਤ ਤੇ ਸੰਨਿਆਸ ਕਮਾ ਕੇ ਮੁਕਤੀ ਦਾ ਅਧਿਕਾਰੀ ਹੋਣਾ ਪੈਂਦਾ ਹੈ। ਜਦ ਮਰਦ, ਤੀਵੀਂ ਦੀ ਇਹ ਬੇਪਤੀ ਕਰ ਚੁੱਕਾ, ਉਸਨੂੰ ਮਨੁੱਖ ਦੇ ਦਿਲ-ਪਰਚਾਵੇ ਦਾ ਸਾਮਾਨ ਤੇ ਮੋਏ ਮਰਦ ਦੇ ਨਾਲ ਫੂਕ ਦੇਣ ਦੇ ਯੋਗ ਕਰਾਰ ਦੇ ਚੁੱਕਾ ਤਾਂ ਫਿਰ ਆਪਸ ਵਿਚ ਦੀ ਵੀ ਵੰਡਾਂ ਪਾਉਣ ਲੱਗਾ। ਕਿਸੇ ਪਾਸੇ ਵਰਣ ਵੰਡ ਕਰ, ਜਨਮ ਤੋਂ ਹੀ ਕਿਸੇ ਨੂੰ ਉੱਚਾ ਅਤੇ ਕਿਸੇ ਨੂੰ ਨੀਵਾਂ ਥਾਪਿਆ ਗਿਆ ਤੇ ਕਿਸੇ ਪਾਸੇ ਖ਼ਾਸ ਮਨੌਤਾਂ ਦੇ ਅਧਾਰ ਉਤੇ ਹੀ ਬਿਨਾਂ ਕਰਮਾਂ ਦੀ ਵਿਚਾਰ ਦੇ ਕੋਈ ਮੋਮਨ ਤੇ ਕੋਈ ਕਾਫ਼ਰ ਕਿਹਾ ਗਿਆ।

ਗੁਰੂ ਜੀ ਨੇ ਇਹਨਾਂ ਵਿਤਕਰਿਆਂ ਦੇ ਵਿਰੁੱਧ ਅਵਾਜ਼ ਉਠਾਈ, ਉਹਨਾਂ ਪਹਿਲਾਂ ਮਰਦ ਨੂੰ ਇਸਤਰੀ ਦੀ ਅਵਸਥਾ 'ਤੇ ਵਿਚਾਰ ਕਰਨ ਲਈ ਪ੍ਰੇਰਿਆ। ਉਹਨਾਂ ਨੇ ਉਸਨੂੰ ਕਿਹਾ ਕਿ ਤੂੰ ਇਸਤਰੀ ਜਾਤੀ ਨੂੰ ਔਰਤ ਦੀ ਥਾਂ ਜੇ ਮਾਂ ਕਰ ਤਕੇਂ, ਤਾਂ ਦੇਖ ਉਹ ਕਿਤਨੀ ਇੱਜ਼ਤ ਦੀ ਪਾਤਰ ਬਣਦੀ ਹੈ; ਜਿਸਦੀ ਕੁਖ ਤੋਂ ਵਲੀ, ਗ਼ੌਸ, ਕੁਤਬ, ਪੀਰ, ਪੈਗ਼ੰਬਰ, ਚਤਰ, ਬੀਰ ਤੇ ਸੂਰਮੇਂ ਪੈਦਾ ਹੁੰਦੇ ਹਨ, ਉਸਨੂੰ ਮੰਦਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਆਸਾ ਦੀ ਵਾਰ, ਪੰਨਾ ੪੭੩)

ਸਮਾਜ ਦੇ ਇਸ ਅਨਿਆਇ ਦੇ ਖੰਡਨ ਕਰਨ ਤੋਂ ਬਾਅਦ ਉਹਨਾਂ ਨੇ ਜ਼ਾਤ ਪਾਤ ਦੇ ਵਿਤਕਰੇ ਦੇ ਵਿਰੁੱਧ ਭੀ ਰੋਸ ਪ੍ਰਗਟ ਕੀਤਾ ਤੇ ਕਿਹਾ, “ਨਾਨਕ ਤਾਂ ਉਹਨਾਂ ਦੇ ਨਾਲ ਹੈ ਜੋ ਨੀਚਾਂ ਵਿਚੋਂ ਨੀਚ, ਸਗੋਂ ਅਤਿ ਨੀਚ ਹਨ। ਮੈਂ ਵਡੀਆਂ ਜਾਤੀਆਂ ਵਾਲਿਆਂ ਦੀ ਰੀਸ ਨਹੀਂ ਕਰਦਾ। ਪ੍ਰਭੂ ਦੀ ਨਜ਼ਰ ਤੇ ਬਖ਼ਸ਼ਸ਼ ਹਮੇਸ਼ਾਂ ਨੀਵਿਆਂ 'ਤੇ ਹੀ ਹੁੰਦੀ ਹੈ।”

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥
(ਸਿਰੀਰਾਗੁ ਮ: ੧, ਪੰਨਾ ੧੫)

ਪਰ ਇਕ ਜਾਮੇ ਦੇ ਇਹ ਯਤਨ ਸਮਾਜ ਦੇ ਬੰਧਨਾਂ ਨੂੰ ਤੋੜ, ਸੁਤੰਤਰ ਮਨੁੱਖਾਂ ਦੀ ਵੱਡੀ ਸੰਖਿਆ ਵੀ ਨਹੀਂ ਸੀ ਬਣਾ ਸਕਦੀ।

ਇਹ ਇਕ ਹਕੀਕਤ ਹੈ ਕਿ ਸਰ੍ਹੋਂ ਦੇ ਫੁੱਲ ਪੀੜਿਆਂ ਚੰਬੇਲੀ ਦਾ ਅਤਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਧਰਮ ਤੇ ਨੀਵੇਂ ਸਮਾਜ 'ਚੋਂ ਉੱਚੀ ਰਾਜਨੀਤਿਕ ਸੰਸਥਾ ਕਾਇਮ ਨਹੀਂ ਹੋ ਸਕਦੀ। ਭੁਲੇ ਹੋਏ ਮਨੁੱਖੀ ਸਮਾਜ ਨੇ ਰਾਜ ਨੂੰ ਸੱਚ ਦੀ ਸਥਾਪਨਾ ਕਰਨ ਵਾਲੀ ਸ਼੍ਰੇਣੀ ਦੀ ਥਾਂ ਭੈ ਦੇ ਕੇ, ਡਰਾ ਧਮਕਾ ਆਪਣੀ ਮਰਜ਼ੀ ਮਨਾਉਣ ਵਾਲੀ ਜਮਾਤ ਸਮਝ ਰਖਿਆ ਸੀ, ਜਿਥੇ ਪਸ਼ੂ-ਬਲ ਦੇ ਆਸਰੇ ਕਾਇਮ ਹੋਏ ਮੁਖੀ ਹੁਕਮਰਾਨ ਦੀ ਮਰਜ਼ੀ ਹੀ ਕਾਨੂੰਨ ਕਹੀ ਜਾਂਦੀ ਸੀ। ਸ਼ੀਰਾਜ਼ ਦੇ ਨੀਤੀਵਾਨ ਸਾਅਦੀ ਨੇ ਇਸ ਦਾ ਨਕਸ਼ਾ ਇਹਨਾਂ ਲਫ਼ਜ਼ਾਂ ਵਿਚ ਖਿਚਿਆ ਸੀ, “ਬਾਦਸ਼ਾਹ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਰਾਇ ਕਾਇਮ ਕਰਨੀ ਆਪਣੇ ਲਹੂ ਨਾਲ ਹੱਥ ਧੋਣੇ ਹਨ। ਜੇ ਬਾਦਸ਼ਾਹ ਦਿਨ ਦੇ ਵੇਲੇ ਕਹੇ ਕਿ ਹੁਣ ਰਾਤ ਹੈ ਤਾਂ ਇਹ ਨਾ ਆਖ ਕਿ ਸੂਰਜ ਚਮਕ ਰਿਹਾ ਹੈ, ਸਗੋਂ ਇਹ ਕਹੋ ਕਿ ਹਾਂ ਹਜ਼ੂਰ, ਔਹ ਦੇਖੋ! ਚੰਦ 'ਤੇ ਖਿਤੀਆਂ।"

ਖਿਲਾਫੇ ਰਾਇ ਸੁਲਤਾਨ ਰਾਇ ਜੁਸਤਨ।
ਯਾ ਖੂਨੇ ਖੇਸ਼ ਬਾਸ਼ਦ ਦਸਤ ਸੁਸਤਨ।
ਅਗਰ ਸ਼ਾਹ ਰੋਜ਼ ਰਾ ਗੋਇਦ ਸਬਅਸਤੀ।
ਬਬਾਇਦ ਗੁਫਤ ਈਨਕ ਮਾਹੌ ਪ੍ਰਵੀਂ।

ਇਸ ਕਿਸਮ ਦੇ ਹੁਕਮਰਾਨਾਂ ਨੂੰ ਹੀ ਮ੍ਰਿਗਾਵਲੀ ਦੇ ਵਰਤਾਰੇ ਅਨੁਸਾਰ ਮਨੁੱਖਾਂ ਦੇ ਵੈਸੇ ਹੀ ਸਿਰਤਾਜ ਕਿਹਾ ਜਾਂਦਾ ਸੀ, ਜਿਹਾ ਕਿ ਜੰਗਲੀ ਜਾਨਵਰਾਂ ਵਿਚ ਸ਼ੇਰ। ਜਿਸ ਤਰ੍ਹਾਂ ਸ਼ੇਰ ਦੇ ਪਾੜ ਕੇ ਖਾਧੇ ਹੋਏ ਜਾਨਵਰ ਦਾ ਬਕਾਇਆ ਮਾਸ, ਕੁਤੇ ਪਾੜ ਪਾੜ ਕੇ ਖਾਂਦੇ ਹਨ, ਓਦਾਂ ਹੀ ਜਨਤਾ ਲਈ ਅਜਿਹਾ ਹੁਕਮਰਾਨਾਂ ਦੇ ਮੁਸਾਹਿਬ ਵਰਤੋਂ ਕਰਦੇ ਹਨ। ਬਾਬੇ ਨਾਨਕ ਦੇ ਮੂੰਹੋਂ ਇਹ ਦਸ਼ਾ ਦੇਖ ਕੇ ਹੀ ਨਿਕਲਿਆ ਸੀ—‘ਰਾਜੇ ਸ਼ੀਂਹ ਮੁਕਦਮ ਕੁਤੇ।' ਤਲਵਾਰੀਆਂ ਦਾ ਗਰੋਹ ਇਕੱਠਾ ਕਰ, ਉਹਨਾਂ ਦਾ ਭੈ ਦੇ ਕੇ, ਜਨਤਾ ਉਤੇ ਰਾਜ ਕਰਨ ਵਾਲਾ ਇਬਰਾਹੀਮ ਲੋਧੀ ਜਾ, ਤੇ ਬਾਬਰ ਆ ਰਿਹਾ ਸੀ।

ਇਹ ਦੋ ਭੇਡੂਆਂ ਦਾ ਘੋਲ ਸੀ, ਦੋ ਸ਼ੇਰਾਂ ਦੀ ਲੜਾਈ ਸੀ ਜਿਸ ਕਰਕੇ ‘ਜੋਗੀ ਲੜ ਮੂਏ, ਖੱਪਰ ਦਾ ਨੁਕਸਾਨ' ਦੀ ਅਖੌਤ ਅਨੁਸਾਰ ਗ਼ਰੀਬ ਜਨਤਾ ਪਿਸ ਰਹੀ ਸੀ। ਜਦੋਂ ਬਾਬਰ ਆਪਣੇ ਸਿਪਾਹੀਆਂ ਦੀ ਫ਼ੌਜ ਲੈ, ਪੰਜਾਬ ਦੇਸ਼ ਨੂੰ ਲੁਟਦਾ-ਮਾਰਦਾ ਦਿੱਲੀ ਵੱਲ ਵਧ ਰਿਹਾ ਸੀ, ਓਦੋਂ ਜਨਤਾ ਦੀ ਹਾਲਤ ਦੇਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਮਿੱਤਰ ਭਾਈ ਲਾਲੋ ਨਾਲ ਵਿਚਾਰ ਕਰਦਿਆਂ ਹੋਇਆਂ ਕਿਹਾ, “ਇਸ ਜੁਗ-ਗਰਦੀ ਵਿਚ ਤਬਾਹੀ ਲਿਆਉਣ ਵਾਲੀਆਂ ਸ਼ਕਤੀਆਂ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਕਰ ਰਹੀਆਂ। ਜਿਥੇ ਹਿੰਦੂਆਂ ਦੀਆਂ ਛੋਟੀਆਂ ਵੱਡੀਆਂ ਜਾਤਾਂ ਠਿਕਾਣੇ ਲਗਾਈਆਂ ਜਾ ਰਹੀਆਂ ਹਨ, ਉਥੇ ਮੁਸਲਮਾਨ ਭੀ ਕਸ਼ਟਾਂ ਤੋਂ ਡਰਦੇ ਖ਼ੁਦਾ ਖ਼ੁਦਾ ਕਰ ਰਹੇ ਹਨ।”

ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ।
(ਤਿਲੰਗ ਮਹਲਾ ੧, ਪੰਨਾ ੭੨੨)

ਬਾਬੇ ਨੇ ਕਿਹਾ, “ਜੇ ਸਕਤੇ ਸਕਤੇ ਲੜ ਮਰਦੇ ਤਾਂ ਮੈਨੂੰ ਕੋਈ ਰੋਸ ਨਾ ਹੁੰਦਾ, ਪਰ ਏਥੇ ਤਾਂ ਮਾੜਿਆਂ ਵੱਗਾਂ ਨੂੰ ਸ਼ੀਂਹ ਚੀਰ ਰਹੇ ਹਨ, ਖਸਮ ਦੀ ਪੁੱਛ ਹੋ ਸਕਦੀ ਹੈ, ਉਸਨੂੰ ਕੋਈ ਪਰਬੰਧ ਕਰਨਾ ਹੀ ਪਵੇਗਾ।”

ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥
ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ॥
(ਆਸਾ ਮਹਲਾ ੧, ਪੰਨਾ ੩੬੦)

ਉਹਨਾਂ ਨੇ ਭਾਵੇਂ ਭਾਈ ਤਾਰੇ ਵਰਗੀਆਂ ਨਿਡਰ ਸ਼ਖ਼ਸੀਅਤਾਂ, ਬਾਬਰ ਦੇ ਹੁਕਮ ਨਾਲ ਲੱਗੀ ਅੱਗ ਨਾਲ ਜਲ ਰਹੇ ਲਾਹੌਰ ਨੂੰ ਬੁਝਾਉਣ ਦੀ ਦਲੇਰੀ ਕਰਨ ਵਾਲੀਆਂ ਪੈਦਾ ਕੀਤੀਆਂ, ਪਰ ਵਿਅਕਤੀਆਂ ਦੀ ਹਿੰਮਤ ਨਾਲ ਇਹ ਰਾਜਨੀਤਿਕ ਨਿਜ਼ਾਮ ਬਦਲਿਆ ਨਹੀਂ ਸੀ ਜਾ ਸਕਦਾ। ਇਸ ਹੜ ਨੂੰ ਦਲ ਹੀ ਰੋਕ ਸਕਦੇ ਸਨ। ਦਲ ਬਣਾਉਣ ਲਈ ਢੇਰ ਦਿਨ ਚਾਹੀਦੇ ਸਨ, ਇਹਨਾਂ ਦਿਨਾਂ ਦੀ ਹੀ ਲੋੜ ਨੇ ਦਸ ਜਾਮੇ ਬਣਾਏ।

ਸੱਚ, ਨੇਕੀ, ਸਮਾਨਤਾ ਦਾ ਪ੍ਰਚਾਰ ਜੋ ਸਤਿਗੁਰਾਂ ਨੇ ਸ਼ੁਰੂ ਕੀਤਾ, ਉਹ ਇਸ ਅੰਧੇਰੇ ਜਗਤ ਵਿਚ ਇਕ ਭਾਰਾ ਲੈਂਪ ਜਗਾਣ ਵਾਂਗਰ ਸੀ। ਜਿਸ ਤਰ੍ਹਾਂ ਲੈਂਪ ਵਿਚ ਬੱਤੀ, ਬੱਤੀ ਨੂੰ ਹਵਾ ਦੇ ਝੋਕਿਆਂ ਤੋਂ ਬਚਾਉਣ ਲਈ ਚਿਮਨੀ ਤੇ ਚਿਮਨੀ ਨੂੰ ਠੋਕਰ ਤੋਂ ਸੁਰੱਖਿਅਤ ਕਰਨ ਲਈ ਤਾਰ ਦਾ ਇਕ ਜੰਗਲਾ ਲਗਾਇਆ ਜਾਂਦਾ ਹੈ, ਓਦਾਂ ਹੀ ਸੱਚ ਦੇ ਪ੍ਰਚਾਰ ਲਈ ਗਿਆਨਵਾਨ ਸੰਗਤ, ਮਜ਼ਬੂਤ ਸਮਾਜ ਤੇ ਤੇਜੱਸਵੀ ਰਾਜ-ਪਰਬੰਧ ਦੀ ਲੋੜ ਸੀ। ਧਰਮ ਸੱਚ ਦੇ, ਸਮਾਜ ਸਮਾਨਤਾ ਦੇ, ਤੇ ਰਾਜ ਨਿਆਇ ਦੇ ਆਸਰੇ ਕਾਇਮ ਕਰਨਾ ਸੀ। ਇਸ ਲਈ ਸੰਗਤ ਨੂੰ ਇਹ ਸਮੁੱਚਾ ਸਬਕ ਸਿਖਾਉਂਦਿਆਂ ਹੋਇਆਂ ਖ਼ਾਸ ਖ਼ਾਸ ਜਾਮਿਆਂ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕਰ, ਮਨੁੱਖੀ ਜਾਮੇ ਦੀ ਉਮਰ ਦੇ ਅੰਤ 'ਤੇ ਬਾਕੀ ਕੰਮ ਗੁਰੂ ਅੰਗਦ ਜੀ ਨੂੰ ਸੌਂਪਿਆ, ਪਰ ਇਹ ਸੌਂਪਣਾ ਸਾਧਾਰਨ ਨਹੀਂ ਸੀ ਸਗੋਂ ਦੀਪਕ ਤੋਂ ਦੀਪਕ ਬਾਲਿਆ:

ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥
(ਰਾਮਕਲੀ ਮ: ੧, ਪੰਨਾ ੯੭੭)

ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਹ ਦੂਸਰੀ ਸੀ, ਉਸਦਾ ਨਾਮ ਭੀ ‘ਲਹਿਣਾ’ ਸੀ। ਅੰਗਦ ਨਾਨਕ ਦੇ ਅੰਦਰਲੇ ਦਾ ਅੰਗ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਹੈ: ਗੁਰੂਆਂ ਦਾ ਗੁਰੂ, ਗੁਰੂ ਨਾਨਕ ਦੇਵ ਸਹਿਜ ਰੂਪ ਹੋ ਸਮਾਇਆ:

ਸਤਿਗੁਰ ਨਾਨਕ ਦੇਉ ਗੁਰਾ ਗੁਰ ਹੋਇਆ।
ਅੰਗਦੁ ਅਲਖੁ ਅਭੇਉ ਸਹਿਜ ਸਮੋਇਆ॥
(ਭਾਈ ਗੁਰਦਾਸ, ਵਾਰ ੩, ਪਉੜੀ ੧੨)

ਲਹਿਣੇ ਨੇ ਅੰਗਦ ਬਣ ਆਪਣਾ ਫ਼ਰਜ਼ ਸੰਭਾਲ ਲਿਆ। ਬਾਬੇ ਨਾਨਕ ਜੀ ਵਾਲੀ ਸਾਰੀ ਮਰਯਾਦਾ ਕਾਇਮ ਰਖ ਅਗਾਂਹ ਤੋਰੀ, ਪਰ ਸੰਗਤ ਨੂੰ ਉਚੇਰਿਆਂ ਕਰਨ ਲਈ ਇਕ ਖ਼ਾਸ ਅੰਗ ਨੂੰ ਮੁੱਖ ਰਖ ਲਿਆ ਤੇ ਉਹ ਸੀ ਮਨੁੱਖ ਨੂੰ ਆਪਣੀ ਬੋਲੀ ਵਿਚ ਉੱਚੇ ਤੋਂ ਉੱਚਾ ਗਿਆਨ ਲੈਣ ਦੇ ਯੋਗ ਬਣਾਣਾ। ਇਹ ਇਕ ਜਗਤ ਪ੍ਰਸਿਧ ਸਚਾਈ ਹੈ ਕਿ ਮਨੁੱਖ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਉੱਚੇ ਤੋਂ ਉੱਚਾ ਗਿਆਨ ਆਪਣੀ ਮਾਤ-ਭਾਸ਼ਾ ਵਿਚ ਹੀ ਲੈ ਸਕਦਾ ਹੈ। ਸੋ ਸਤਿਗੁਰਾਂ ਨੇ ਦੂਸਰੇ ਜਾਮੇ ਵਿਚ ਸਿੱਖ ਸੰਗਤ ਦੀ ਇਸ ਉਸਾਰੀ ਵੱਲ ਉਚੇਚਾ ਧਿਆਨ ਦਿੱਤਾ। ਗੁਰਮੁਖੀ ਲਿੱਪੀ ਪ੍ਰਚਲਿਤ ਕਰ ਪੰਜਾਬੀ ਸਿੱਖਾਂ ਵਿਚ ਪੰਜਾਬੀ ਦੇ ਰਾਹੀਂ ਹੀ ਗਿਆਨ ਪ੍ਰਾਪਤੀ ਦਾ ਸਾਧਨ ਕਾਇਮ ਕਰ, ਜਗਤ ਨੂੰ ਦਰਸਾਇਆ ਕਿ ਮਨੁੱਖ ਨੂੰ ਆਪਣੀ ਹੀ ਮਾਤ-ਭਾਸ਼ਾ ਦੇ ਰਾਹੀਂ ਉੱਚੇ ਤੋਂ ਉੱਚਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤੀਸਰਾ ਜਾਮਾ ਧਾਰ ਸ੍ਰੀ ਗੁਰੂ ਅਮਰਦਾਸ ਸਦਵਾ ਲੰਗਰ 'ਤੇ ਵਧੇਰਾ ਤਾਣ ਲਾਇਆ। ਸਭ ਨੂੰ ਇਕ ਪੰਗਤ ਵਿਚ ਇਕੱਠੇ ਖੁਆਣ ਨਾਲ ਬ੍ਰਾਹਮਣ ਦੀ ਕਾਇਮ ਕੀਤੀ ਹੋਈ ਜ਼ਾਤ-ਪਾਤ ਤੇ ਛੂਤ-ਛਾਤ ਦਾ ਵਿਤਕਰਾ ਉਡਾਇਆ। ਲੋਕ-ਪਿਆਰ ਦੀ ਇਸ ਪਾਵਨ ਮਰਯਾਦਾ ਨੂੰ ਪ੍ਰਚਲਿਤ ਹੁੰਦਾ ਦੇਖ ਬ੍ਰਾਹਮਣ ਇਤਨਾ ਘਬਰਾ ਉਠਿਆ ਕਿ ਉਸਨੇ ਅਕਬਰ ਦੇ ਦਰਬਾਰ ਵਿਚ ਜਾ ਸ਼ਿਕਾਇਤ ਕੀਤੀ। ਜਦ ਅਕਬਰ ਨੇ ਕੋਈ ਕਦਮ ਉਠਾਣ ਤੋਂ ਪਹਿਲਾਂ ਆਪਣੇ ਅੱਖੀਂ ਗੁਰੂ ਦੀ ਮਰਯਾਦਾ ਦੇਖਣ ਦਾ ਇਰਾਦਾ ਕੀਤਾ ਤੇ ਗੋਇੰਦਵਾਲ ਪੁੱਜਾ ਤਾਂ ਸਤਿਗੁਰਾਂ ਨੇ ਉਸਨੂੰ ਵੀ ਫਟੇ ਪੁਰਾਣੇ ਕਪੜਿਆਂ ਵਾਲੇ ਗ਼ਰੀਬ ਕੰਗਾਲ ਲੋਕਾਂ ਵਿਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ ਕੀਤਾ ਤੇ ਇਸ ਤਰ੍ਹਾਂ ਉਸ ਨੂੰ ਰਾਜਾ ਪਰਜਾ ਦੀ ਵਿਤਕਰੇ ਭਰੀ ਵਰਤੋਂ ਤੋਂ ਉਤਾਂਹ ਚੁੱਕ, ਮਨੁੱਖੀ ਸਮਾਨਤਾ ਦੀ ਪਿਆਰ-ਭਰੀ ਝਲਕ ਦਿਖਾਈ। ਇਸ ਜਾਮੇ ਵਿਚ ਹੀ ਪ੍ਰਚਾਰ ਨੂੰ ਵੱਡੇ ਪੈਮਾਨੇ 'ਤੇ ਕਰਨ ਲਈ ਮਰਦ ਪ੍ਰਚਾਰਕਾਂ ਦੀਆਂ ਮੰਜੀਆਂ ਤੇ ਇਸਤਰੀ ਪ੍ਰਚਾਰਕਾਂ ਦੇ ਪੀੜ੍ਹੇ ਕਾਇਮ ਕੀਤੇ। ਚੌਥੇ ਜਾਮੇ ਵਿਚ ਸਿਖੀ ਨੂੰ ਧਾਰਨ ਕਰ ਚੁਕੇ, ਸਮਾਜ ਦੀਆਂ ਪੁਰਾਤਨ ਜ਼ੰਜੀਰਾਂ ਨੂੰ ਤੋੜ ਆਏ ਲੋਕਾਂ ਦਾ ਕੇਂਦਰੀ ਇਕੱਠ ਕਾਇਮ ਕਰਨ ਲਈ ਬਸਤੀ ਵਸਾਈ, ਜੋ ਅੱਜ ਵੀ ਸ਼ਹਿਰ ਅੰਮ੍ਰਿਤਸਰ ਰੂਪ ਵਿਚ ਸਿੱਖ ਕੌਮ ਦੀਆਂ ਸਾਰੀਆਂ ਪੰਥਕ ਸਰਗਰਮੀਆਂ ਦਾ ਕੇਂਦਰੀ ਅਸਥਾਨ ਹੈ।

ਪੰਜਵੇਂ ਰੂਪ ਵਿਚ ਜਿਥੇ ਲੋਕ ਭਲਾਈ ਦੇ ਸਾਂਝੇ ਕੰਮ ਮੰਦਰ, ਲੰਗਰ, ਹਸਪਤਾਲ, ਤਾਲਾਬ, ਨਗਰ ਕਾਇਮ ਰਖੇ ਤੇ ਹੋਰ ਵਸਾਏ, ਉਥੇ ਬਾਦਸ਼ਾਹ ਨੂੰ ਪ੍ਰੇਰ ਕਹਿਤਸਾਲੀ ਸਮੇਂ ਗ਼ਰੀਬ ਕਿਸਾਨਾਂ ਦਾ ਮਾਮਲਾ ਮਾਫ਼ ਕਰਾ, ਗ਼ਰੀਬ ਕਿਸਾਨਾਂ ਦੀ ਸੇਵਾ ਦਾ ਰਿਵਾਜ ਚਲਾਇਆ। ਸੱਚਾਈ ਆਪਣੀਆਂ ਚਮਕਾਂ ਕਰਕੇ ਹੀ ਚਮਕਦੀ ਹੈ, ਕਿਸੇ ਦਾ ਵਿਰਸਾ ਹੋਣ ਕਰਕੇ ਨਹੀਂ, ਉਹ ਕਿਸੇ ਮਤ, ਸਮਾਜ ਜਾਂ ਸ਼੍ਰੇਣੀ ਦੀ ਮਲਕੀਅਤ ਨਹੀਂ, ਉਹ ਈਸ਼ਵਰ ਦੀ ਕਿਰਨ ਤੋਂ ਪ੍ਰਗਟਦੀ ਹੈ ਜੋ ਮਹਾਂਪੁਰਸ਼ਾਂ ਦੇ ਸੁਵੱਛ ਮਨ 'ਤੇ ਪੈ ਚਮਕ ਦੇਂਦੀ ਹੈ। ਇਸ ਸੱਚਾਈ ਨੂੰ ਪੰਜਵੇਂ ਜਾਮੇਂ ਵਿਚ ਦ੍ਰਿੜ੍ਹ ਕਰਾਂਦਿਆ ਹੋਇਆਂ ਆਪਣੇ ਪਿਛਲਿਆਂ ਚੌਹਾਂ ਜਾਮਿਆਂ ਵਿਚ ਉਚਾਰੀ ਹੋਈ ਬਾਣੀ ਨੂੰ ਇਕੱਠਾ ਕਰ ਕੇ ਨਾਲ ਹੀ ਸ਼ੇਖ਼ ਫ਼ਰੀਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਤ੍ਰਿਲੋਚਨ, ਭਗਤ ਪੀਪਾ, ਭਗਤ ਸਧਨਾ ਤੇ ਹੋਰ ਸੰਤਾਂ ਦੀ ਬਾਣੀ ਜੋ ਤੀਸਰੇ ਜਾਮੇ ਤੋਂ ਇਕੱਠੀ ਕਰ ਰਹੇ ਸਨ, ਉਸਨੂੰ ਇਕ ਥਾਂ ਇਕੱਠਿਆਂ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ। ਹਰੀ ਦੇ ਕੀਰਤਨ ਨੂੰ ਜਨਤਾ ਵਿਚ ਵਧੇਰੇ ਰਿਵਾਜ ਦੇਣ ਲਈ ਸਿੱਖਾਂ ਵਿਚ ਸੰਗੀਤ ਵਿੱਦਿਆ ਦਾ ਪ੍ਰਚਾਰ ਕੀਤਾ ਤੇ ਇਕ ਸਰੰਦਾ ਬਣਾ ਕੇ ਸਾਜ਼ਾਂ ਵਿਚ ਵਾਧਾ ਕੀਤਾ ਤੇ ਆਖ਼ਰ ਸੱਚਾਈ ਦੇ ਵਿਰੋਧੀਆਂ ਦੀ ਬਹਿਕਾਈ ਹੋਈ ਹਕੂਮਤ ਨੂੰ ਸੱਚ ਸੁਣਾਂਦਿਆਂ ਹੋਇਆਂ ਸੰਸਾਰ ਦੇ ਸਭ ਤੋਂ ਵੱਡੇ ਕਸ਼ਟ ਸਹੇ। ਅਖ਼ੀਰ ਸ਼ਹੀਦੀ ਪਾਉਂਦਿਆਂ ਹੋਇਆਂ ਮਨੁੱਖਾਂ ਨੂੰ ਮਰਦਾਂ ਦਾ ਮਰਨ ਸਿਖਾਇਆ।

ਛੇਵੇਂ ਜਾਮੇ ਵਿਚ ਹਕੂਮਤ ਦੀ ਧਰਮ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ ਨੂੰ ਸ਼ਸਤਰਾਂ ਨਾਲ ਰੋਕਣ ਦੀ ਰੀਤ ਚਲਾਈ, ਜਿਸ ਹਕੂਮਤ ਨੂੰ ਪੰਜਵੇਂ ਜਾਮੇ ਵਿਚ ਚੁੱਪ, ਸ਼ਾਂਤ, ਅਡੋਲ ਤੱਤੀਆਂ ਤਵੀਆਂ 'ਤੇ ਬਹਿ ਆਪਣੀ ਸੱਚਾਈ ਦਾ ਸਬੂਤ ਦਿੱਤਾ ਸੀ, ਉਸ ਪਸ਼ੂ-ਬਲ ਦੇ ਮਦ ਵਿਚ ਪਾਗਲ ਹੋਈ ਹਕੂਮਤ ਨੂੰ ਪਾਗਲ ਪਸ਼ੂਆਂ ਵਾਂਗ ਸ਼ਸਤਰਾਂ ਨਾਲ ਰੋਕਿਆ ਗਿਆ। ਧਰਮਰਾਜ ਦੀ ਪੂਜਾ ਖੜੀ ਕਰ ਤੇ ਸ੍ਰੀ ਅਕਾਲ ਤਖ਼ਤ ਕਾਇਮ ਕਰ, ਧਰਮ ਬੀਰਾਂ ਦੀ ਜਮਾਤ ਆਤਮਵੇਤਾ ਮਨੁੱਖਾਂ ਵਿਚੋਂ ਖੜੀ ਕੀਤੀ।

ਇਸ ਖ਼ਿਆਲ ਨਾਲ ਕਿ ਧਰਮ ਬਲ ਸਹਿਤ ਸ਼ਸਤਰ ਚਲਾਣ ਕਰਕੇ, ਰੋਜ਼ ਰੋਜ਼ ਦੀਆਂ ਜਿੱਤਾਂ ਕਿਤੇ ਸਿੱਖ ਸਿਪਾਹੀਆਂ ਵਿਚ ਬਦਮਸਤੀ ਨਾ ਪੈਦਾ ਕਰ ਦੇਣ ਤੇ ਉਹ ਮਰਯਾਦਾ ਤੋਂ ਥਿੜਕ ਜਾਣ, ਸੰਤ ਸਿਪਾਹੀਆਂ ਦੀ ਮਰਯਾਦਾ ਸਿਖਾਉਣ ਲਈ ਸਤਵਾ ਜਾਮਾ ਧਾਰਨ ਕੀਤਾ। ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਇਹ ਹੁਕਮ ਮਿਲਣ 'ਤੇ ਕਿ ਸ਼ਸਤਰ ਨਹੀਂ ਕੱਢਣਾ, ਵੱਡੇ ਤੋਂ ਵੱਡਾ ਇਮਤਿਹਾਨ ਆਉਣ 'ਤੇ ਵੀ ਸ਼ਸਤਰ ਖਿੱਚ, ਮਰਯਾਦਾ ਤੋੜਨ ਦੀ ਭੁੱਲ ਤੋਂ ਬਚਣ ਦਾ ਸੁਭਾਅ ਦ੍ਰਿੜ੍ਹ ਕਰਾਇਆ।

ਇਕ ਸਚਿਆਰ ਬਾਲਗ਼ ਅਵਸਥਾ ਦਾ ਹੋਣ 'ਤੇ ਵੀ ਕਿਸ ਤਰ੍ਹਾਂ ਇਕ ਜਾਬਰ ਸ਼ਹਿਨਸ਼ਾਹ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਸਕਦਾ ਹੈ, ਇਸਦਾ ਪ੍ਰਮਾਣ ਦਰਮਾਣ ਲਈ ਅਠਵਾਂ ਜਾਮਾ ਲਿਆ।

ਆਪਣੀ ਸੰਗਤ ਤੋਂ ਬਿਨਾਂ ਜਗਤ ਦੀ ਕਿਸੇ ਹੋਰ ਸ਼੍ਰੇਣੀ ਦੀ ਨਿਰਬਲਤਾ ਨੂੰ ਤੱਕ, ਜੇ ਕੋਈ ਜਾਬਰ ਹਾਕਮ ਉਹਨਾਂ ਤੋਂ ਆਪਣੀ ਈਨ ਮਨਵਾਣਾ ਚਾਹੇ, ਤਾਂ ਉਸਦੇ ਸਾਹਮਣੇ ਕਿਸ ਤਰ੍ਹਾਂ ਜਾ ਡਟੀਦਾ ਹੈ, ਕਿਸੇ ਦੀ ਬਾਂਹ ਫੜ ਕੇ ਉਸ ਨਾਲ ਕਿਸ ਤਰ੍ਹਾਂ ਤੋੜ ਨਿਭਾਈਦੀ ਹੈ। ਕਿਸੇ ਮਾੜੇ ਦੀ ਮਦਦ ਕਰਨ ਲਗਿਆਂ ਇਹ ਨਹੀਂ ਦੇਖੀਦਾ ਕਿ ਉਸ ਦਾ ਮਜ਼ਹਬ ਕੀ ਹੈ, ਤੇ ਧਾਰਮਕ ਚਿੰਨ੍ਹ ਕੀ ਹਨ। ਮਹਾਂ ਬਲੀ ਸੈਨਾ ਦੇ ਮਾਲਕ ਬਾਦਸ਼ਾਹ ਦੇ ਸਾਹਮਣੇ ਮਜ਼ਲੂਮਾਂ ਦੇ ਹੱਕ ਵਿਚ ਅਵਾਜ਼ ਉਠਾ ਕੇ ਆਪਣੇ ਸੀਸ ਤਕ ਦੀ ਬਲੀ ਕਿਸ ਤਰ੍ਹਾਂ ਦੇ ਦੇਈਦੀ ਹੈ, ਇਹ ਸਬਕ ਸਿਖਾਉਣ ਲਈ ਨੌਵੇਂ ਤਨ ਵਿਚ ਪ੍ਰਵੇਸ਼ ਕੀਤਾ।

ਚੰਗਾ ਕਲਾਕਾਰ ਉਹੀ ਹੈ ਜੋ ਧਰਤੀ 'ਤੇ ਖਿੰਡੀ ਪਈ ਸੁੰਦਰਤਾ ਨੂੰ ਚੁਣ ਚੁਣ ਤਰਤੀਬ ਵਿਚ ਲਗਾ ਸੁੰਦਰ ਚਿੱਤਰ ਪੈਦਾ ਕਰ ਦੇਂਦਾ ਹੈ। ਅਵਾਜ਼ ਦੀ ਮਧੁਰਤਾ ਵਿਚੋਂ ਸੁਰਾਂ ਨੂੰ ਤਰਤੀਬ ਤੇ ਨਗ਼ਮੇ-ਰੰਗਾਂ ਦੇ ਮਿਲਾਪ ਤੋਂ ਤਸਵੀਰ ਤੇ ਚਲਨ ਦੀਆਂ ਖ਼ੂਬਸੂਰਤੀਆਂ ਨੂੰ ਜੋੜ ਪੰਥ ਬਣਾਇਆ ਜਾਂਦਾ ਹੈ। ਪਿਛਲੇ ਨੌਵਾਂ ਜਾਮਿਆਂ ਵਿਚ ਮੁਨੱਖ-ਮਨ 'ਤੇ ਜੋ ਸ਼ੁਭ ਗੁਣਾਂ ਦੀ ਵਰਖਾ ਕੀਤੀ ਸੀ, ਹੁਣ ਆਖ਼ਰੀ ਦਸਵੇਂ ਜਾਮੇ ਵਿਚ ਪਿਛਲੇ ਸਾਰੇ ਕੰਮ 'ਤੇ ਨਿਗਾਹ ਮਾਰ ਕੇ ਉਸ ਨੂੰ ਤਰਤੀਬ ਦੇ ਪੰਥ ਸਾਜਿਆ ਗਿਆ। ਬੱਸ ਐਨਾ ਹੀ ਕੰਮ ਸੀ। ਪੰਥ, ਜਾਗੀ ਹੋਈ ਮਨੁੱਖਤਾ ਦਾ ਜੀਵਨ-ਸ਼ਾਹ-ਰਾਹ ਸੀ। ਮਜ਼ਹਬਾਂ ਦੀਆਂ ਮਨੌਤਾਂ, ਸਮਾਜ ਦੀਆਂ ਜ਼ੰਜੀਰਾਂ, ਹਕੂਮਤ ਦੀਆਂ ਧਮਕੀਆਂ ਤੋਂ ਇਕੱਠ ਬੇਪਰਵਾਹ ਸੀ। ਜਦ ਜੀਵਨ ਜੁਗਤੀ ਨੂੰ ਸਮਝ ਚੁੱਕੇ ਸਿੱਖਾਂ ਦੀ ਸੰਗਤ ਕਾਇਮ ਹੋ ਗਈ, ਭਾਈਚਾਰਾ ਬਣ ਗਿਆ, ਧਰਮ ਰਾਜ ਦੀ ਸਥਾਪਨਾ ਸ਼ੁਰੂ ਹੋ ਗਈ ਤਾਂ ਹੋਰ ਜਾਮਾ ਧਾਰਨ ਦੀ ਕੋਈ ਲੋੜ ਨਾ ਰਹੀ।

ਪਿਛਲੀ ਵਿਚਾਰ ਤੋਂ ਇਹ ਸਾਫ਼ ਸਿੱਧ ਹੈ ਕਿ ਜਗਤ-ਕਰਤਾ ਪਰਮੇਸ਼੍ਵਰ ਨੇ ਸੰਸਾਰ ਦੀ ਚਾਲ ਸਹੀ ਰਾਹ 'ਤੇ ਪਾਉਣ ਲਈ ਆਪਣੀ ਜੋਤੀ ਦੀ ਗੁਰ-ਕਿਰਨ ਜਦ ਨਾਨਕ ਨਾਮ ਦੇ ਮਨੁੱਖ ਵਿਚ ਪਾਈ ਤਾਂ ਉਹ ਗੁਰੂ ਨਾਨਕ ਦੇਵ ਕਹਿਲਾਇਆ। ਇਹ ਦੋਹਾਂ ਦਾ ਇਕੱਠ ਸੀ, ਨਾਨਕ ਮਨੁੱਖ ਤੇ ਗੁਰ ਪਰਮੇਸ਼੍ਵਰ। ਜਗਤ ਉੱਧਾਰ ਦਾ ਕੰਮ ਵਡੇਰਾ ਹੋਣ ਕਰਕੇ ਕੰਮ ਕਰਨ ਦੀ ਢੇਰ ਚਿਰ ਲੋੜ ਸੀ, ਜਿਸ ਕਰਕੇ ਜੋਤ ਨੂੰ ਦਸ ਜਾਮੇ ਧਾਰਨ ਕਰਨੇ ਪਏ। ਇਹ ਦਸ ਗਿਣਤੀ ਸੀ ਸਰੀਰਾਂ ਦੀ, ਪਰ ਗੁਰੂ ਇਕੋ ਸੀ, ਉਹ ਸੀ ਜੋਤ-ਸਰੂਪ।

('ਸਿੱਖ ਧਰਮ ਫ਼ਿਲਾਸਫ਼ੀ' ਵਿੱਚੋਂ)

  • ਮੁੱਖ ਪੰਨਾ : ਪ੍ਰਿੰਸੀਪਲ ਗੰਗਾ ਸਿੰਘ : ਪੰਜਾਬੀ ਲੇਖ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ, ਲੇਖ, ਨਾਵਲ, ਨਾਟਕ ਤੇ ਹੋਰ ਗੱਦ ਰਚਨਾਵਾਂ