Ik Khat (Punjabi Story) : Lochan Singh Bakshi
ਇਕ ਖ਼ਤ (ਕਹਾਣੀ) : ਲੋਚਨ ਸਿੰਘ ਬਖਸ਼ੀ
ਪਹਾੜ ਗੰਜ
ਦਿੱਲੀ,
੧੬. ੧੦. ੪੨.
ਪਿਆਰੇ ਮਿਤਰ,
ਤੂੰ ਪੁਛਿਆ ਹੈ ਕਿ ਮੇਰਾ ਕੀ ਹਾਲ ਹੈ। ਉਤਰ ਵਜੋਂ ਹੋਠ ਲਿਖੀਆਂ ਸਤਰਾਂ ਹਾਜ਼ਰ ਹਨ।
"ਯੇਹ ਦਿੱਲੀ ਹੈ"--ਆਲ ਇੰਡੀਆ ਰੇਡੀਓ ਕਿਹਾ ਕਰਦਾ ਸੀ ਤੇ ਮੈਂ ਸੋਚਿਆ ਕਰਦਾ ਸੀ ਦਿੱਲੀ ਹੋਵੇਗੀ-ਸੰਗਤ ਦੀ ਦਿੱਲੀ ਹਾਸਿਆਂ ਦੀ ਦਿੱਲੀ, ਨਾਟਕ ਡਰਾਮਿਆਂ ਦੀ ਦਿੱਲੀ ਖ਼ੁਸ਼ੀਆਂ ਦੀ ਦਿੱਲੀ। ਪਰ ਹੁਣ ਇਥੇ ਆ ਜਾਣ ਤੇ ਇਉਂ ਜਾਪਦਾ ਹੈ ਜਿਵੇਂ ਉਹ ਮੇਰੀ ਕਲਪਨਾ ਹੀ ਸੀ --- ਕੇਵਲ ਕਲਪਨਾ ਹੀ। ਇਥੇ ਸੜਕਾਂ ਹਨ ਤਾਂ ਪੱਥਰਾਂ ਦੀਆਂ, ਇਮਾਰਤਾਂ ਹਨ ਤਾਂ ਪਕਿਆਂ ਪੱਥਰਾਂ ਦੀਆਂ ਤੇ ਮੈਨੂੰ ਤਾਂ ਕਈ ਵਾਰੀ ਇਉਂ ਭਾਸਦਾ ਹੈ ਜਿਵੇਂ ਇਥੋਂ ਦੇ ਵਸਨੀਕ ਹਨ ਤਾਂ ਉਹ ਵੀ ਪੱਥਰ ਦੇ ਹੀ।
ਵੰਡੀਆਂ ਪਾਣੀਆਂ ਮਨੁੱਖਾਂ ਦੀ ਪੁਰਾਣੀ ਆਦਤ ਹੈ ਤੇ ਦਿੱਲੀ ਨੂੰ ਵੀ ਕਈ ਹਿਸਿਆਂ ਵਿਚ ਵੰਡ ਦਿਤਾ ਗਿਆ ਹੈ। ਸਭ ਤੋਂ ਵੱਡੇ ਤੇ ਜ਼ਰੂਰੀ ਹਿੱਸੇ ਦੋ ਹਨ --ਨਵੀਂ ਦਿੱਲੀ ਤੇ ਪੁਰਾਣੀ ਦਿੱਲੀ। ਨਵੀਂ ਦਿੱਲੀ ਵਿਚ ਪੱਕੇ ਪੱਥਰ ਦੀਆਂ ਸਾਫ਼ ਤੇ ਚੌੜੀਆਂ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਇਸ ਵਿਚ ਬਹੁਤ ਕਰਕੇ ਸਰਕਾਰੀ ਦਫ਼ਤਰ ਹਨ ਤੇ ਇਕੋ ਨਮੂਨੇ ਦੇ ਬਣੇ ਹੋਏ ਸਰਕਾਰੀ ਕਵਾਟਰ, ਜਿਨ੍ਹਾਂ ਦੀਆਂ ਪਾਲਾਂ ਦੀਆਂ ਪਾਲਾਂ ਤੁਰੀਆਂ ਚਲੀਆਂ ਜਾਂਦੀਆਂ ਹਨ, ਜੋ ਕਦੀ ਮੁਕਣ ਵਿਚ ਹੀ ਨਹੀਂ ਆਉਂਦੀਆਂ। ਕਈ ਵਾਰੀ ਇਨ੍ਹਾਂ ਮਕਾਨਾਂ ਨੂੰ ਵੇਖ ਕੇ ਮੈਂ ਸੋਚਦਾ ਹਾਂ ਜਿਵੇਂ ਮੈਂ ਆਪਣਾ ਘਰ ਭੁਲ ਬੈਠਾ ਹਾਂ ਤੇ ਮੈਂ ਇਕ ਅਮੁਕ ਤੇ ਵਿਸ਼ਾਲ ਦੁਨੀਆਂ ਵਿਚ ਘੁੰਮ ਰਿਹਾ ਹਾਂ, ਜਿਥੇ ਹਰ ਚੀਜ਼ ਇਕੋ ਜਹੀ ਹੈ ਤੇ ਹਰ ਚੀਜ਼ ਤੇ ਦੂਸਰੀ ਦਾ ਭੁਲੇਖਾ ਹੋ ਸਕਦਾ ਹੈ। ਜੇ ਕਦੀ ਇਨ੍ਹਾਂ ਮਕਾਨਾਂ ਤੇ ਨੰਬਰ ਨਾ ਲੱਗੇ ਹੋਏ ਹੋਣ ਤਾਂ ਸ਼ਾਇਦ ਮੈਂ ਆਪਣਾ ਮਕਾਨ ਪਰਲੋ ਤੀਕ ਵੀ ਨਾ ਢੂੰਡ ਸਕਾਂ।
ਸਾਡਾ ਦਫਤਰ ਪਹਿਲਾਂ ਨਵੀਂ ਦਿੱਲੀ ਵਿਚ ਸੀ, ਪਰ ਹੁਣ ਪੁਰਾਣੀ ਦਿੱਲੀ ਵਿਚ ਚਲਾ ਗਿਆ ਹੈ ਜਿੱਥੇ ਕਦੀ ਪੁਰਾਣਾ ਸੈਕ੍ਰੇਟੇਰੀਅਟ ਸੀ। ਇਹ ਦੁਨੀਆ ਦਾ ਦੂਜਾ ਹਿੱਸਾ ਹੈ, ਬਿਲਕੁਲ ਸ਼ਹਿਰ ਨਾਲੋਂ ਵੱਖਰਾ ਤੇ ਅਲਗ ਥਲਗ। ਇਸ ਦੇ ਆਲੇ ਦੁਆਲੇ ਜੰਗਲ ਹੀ ਜੰਗਲ ਹੈ ਤੇ ਪਿਛਲੇ ਪਾਸੇ ਜਮਨਾ ਵਗਦੀ ਹੈ। ਸਾਮ੍ਹਣੇ ਡਿਉਢੀ ਤੇ ਯੂਨੀਅਨ ਜੈਕ ਬੜੀ ਸ਼ਾਨ ਨਾਲ ਲਹਿਰਾ ਰਿਹਾ ਹੈ। ਸੈਕ੍ਰਟੇਰੀਅਟ ਦੇ ਪਿਛਵਾੜੇ ਵਿਚੋਂ ਕਦੀ ਕਦੀ ਜੰਗਲੀ ਹਵਾ ਦੇ ਕੋਈ ਸ਼ੋਖ ਬੁਲ੍ਹੇ ਉਠਦੇ ਹਨ ਤੇ ਘਸੇ ਹੋਏ ਯੂਨੀਅਨ ਜੈਕ ਦੀ ਕੋਈ ਨ ਕੋਈ ਟਾਕੀ ਪਿੰਜ ਸੁਟਦੇ ਹਨ। ਹਵਾ ਦੇ ਇਹ ਅਵਾਰਾ ਬੁਲ੍ਹੇ ਬੜੇ ਪੁਰਾਣੇ ਹਨ। ਇਨ੍ਹਾਂ ਦੀ ਕਹਾਣੀ ਬੜੀ ਪੁਰਾਣੀ ਹੈ। ਸਦੀਆਂ ਤੋਂ ਇਸੇ ਤਰ੍ਹਾਂ ਇਹ ਕਈ ਜ਼ਮਾਨੇ ਵੇਖਦੇ ਆਏ ਹਨ। ਇਨ੍ਹਾਂ ਨੇ ਦਿੱਲੀ ਤੇ ਲਹਿਰਾਂਦੇ ਕਈ ਝੰਡੇ ਤੱਕੇ ਹਨ। ਤੇ ਅੰਤ ਉਹ ਦਿਨ ਦੂਰ ਨਹੀਂ ਜਦੋਂ ਕੋਈ ਮਨਚਲਾ ਬੁਲ੍ਹਾ, ਕਿਸੇ ਦਿਨ, ਪਿੰਜ ਪੰਜ ਕੇ ਯੂਨੀਅਨ ਜੈਕ ਦਾ ਇਹ ਘਸਿਆ ਹੋਇਆ ਫੁਰੇਰਾ ਲਾਹ ਹੀ ਸੁਟੇਗਾ।
ਮੈਟਕਾਫ਼ ਹਾਊਸ ਦੀ ਬਿਲਡਿੰਗ ਉਪਰੋਂ ਨਵੀਂ ਬਣੀ ਹੈ, ਪਰ ਅਜੇ ਤੀਕ ਉਸ ਦੇ ਹੇਠ ਉਹ ਪੁਰਾਣੇ ਪੱਥਰਾਂ ਦੀਆਂ ਕੰਧਾਂ ਖੜੀਆਂ ਹਨ ਜਿਨ੍ਹਾਂ ਤੇ ਨਵੀਂ ਬਿਲਡਿੰਗ ਨੂੰ ਉਸਾਰਿਆ ਗਿਆ ਹੈ। ਕਈ ਵਾਰੀ ਇਨ੍ਹਾਂ ਥੇਹਾਂ ਨੂੰ ਵੇਖ ਕੇ ਹਰਭਜਨ ਆਖਦਾ ਹੈ, ਵੇਖ ਇਸ ਇਮਾਰਤ ਨੂੰ ਉਸਾਰਨ ਵਾਸਤੇ ਪੁਰਾਣੀਆਂ ਨੀਹਾਂ ਦੀ ਹੋਂਦ ਕਿਤਨੀ ਜ਼ਰੂਰੀ ਸਮਝੀ ਗਈ ਹੈ" ਮੈਂ ਸੋਚਦਾ ਹਾਂ ਕੀ ਸਾਡੀ ਸਾਰੀ ਦੀ ਸਾਰੀ ਸਭਿਅਤਾ ਹੀ ਪੁਰਾਣੀਆਂ ਨੀਹਾਂ ਤੇ ਨਹੀਂ ਖਲੋਤੀ ਹੋਈ ਹੈ। ਇਸ ਪੁਰਾਤਨਤਾ ਵਿਚ ਇਕ ਗੌਰਵ ਹੈ ਜੋ ਸਾਨੂੰ ਅਤਿ ਪਰੀਯ ਹੈ। ਤੇ ਵਾਸਤਵ ਵਿਚ ਇਹ ਪਰਾਚੀਨਤਾ ਹੀ ਨਵੀਨਤਾ ਦੀ ਜਨਮ ਦਾਤੀ ਹੈ।
ਜਿਸ ਸੈਕਸ਼ਨ ਵਿਚ ਮੈਂ ਕੰਮ ਕਰਦਾ ਹਾਂ ਉਸਦਾ ਨਾਂ ਹੈ "ਸਸਪੈਂਸ ਗਰੁਪ," ਤੇ ਪਿਛਲੇ ਸਾਲਾਂ ਦੇ ਬਚੇ ਹੋਏ ਪੁਰਾਣੇ ਰੀਕਾਰਡ ਨੂੰ ਫੋਲਦਿਆਂ ਹੋਇਆਂ ਮੈਨੂੰ ਇਉਂ ਭਾਸਦਾ ਹੈ ਜਿਵੇਂ ਮੈਂ ਸਚ ਮੁਚ ਜ਼ਿੰਦਗੀ ਵਿਚ ਵੀ ਪਿਛੇ ਹੀ ਹੋ ਗਿਆ ਹਾਂ।
ਅਸੀਂ ਸਾਰੇ ਸਤ ਕਲਰਕ ਹਾਂ। ਬਹੁ ਗਿਣਤੀ ਬੰਗਾਲੀਆਂ ਦੀ ਹੈ। ਉਹ ਦਿਨ ਭਰ ਬੰਗਾਲੀ ਵਿਚ ਗੱਲਾਂ ਕਰਦੇ ਰਹਿੰਦੇ ਹਨ ਤੇ ਛੂਟ ਉਨ੍ਹਾਂ ਦੀ ਚਿ ਚਿ ਦੇ ਹੋਰ ਕੁਝ ਵੀ ਮੇਰੇ ਪੱਲੇ ਨਹੀਂ ਪੈਂਦਾ। ਮਿਸਟਰ ਸਦੀਕੀ ਚੁਪ ਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਜਦੋਂ ਉਹ ਥਕ ਜਾਵੇ ਤਾਂ ਇਕ ਵਾਰ ਉੱਚੀ ਜਹੀ ਆਖ ਲੈਂਦਾ ਹੈ। "ਦਾਦਾ ਯੂ ਹੈਵ ਕਿਲਡ ਆਲ ਆਫ਼ ਅਸ।" ਤੇ ਬੰਗਾਲੀ ਦਾਦਾ ਚੌਕ ਪੈਂਦਾ ਹੈ। ਸਦੀਕੀ ਫਿਰ ਬੋਲਦਾ ਹੈ, "ਦੁਨੀਆਂ ਵਿਚ ਕੇਵਲ ਦੋ ਹੀ ਵੱਡੇ ਆਦਮੀ ਹੋਏ ਹਨ-ਅਕਬਰ ਦੀ ਗ੍ਰੇਟ ਤੇ ਦਾਦਾ ਦੀ ਗ੍ਰੇਟ।"
ਇਸ 'ਗ੍ਰੇਟ' ਤੋਂ ਬੰਗਾਲ ਦਾਦਾ ਨੂੰ ਬੜੀ ਖਿਝ ਹੈ ਤੇ ਉਹ ਮੈਨੂੰ ਪੁੱਛਦਾ ਹੈ।
"ਕਿਆ ਬਾਤ ਹੈ ਮਿਸਟਰ ਸਰਦਾਰ ਜੀ?"
"ਦਾਦਾ। ਆਈਟਮ ਨਹੀਂ ਮਿਲਤਾ!
"ਕਿਆ ਬਤਾਏਂ ਆਟਾ ਤੋ ਮਿਲਤਾ ਹੀ ਨਹੀਂ।"
"ਓ ਦਾਦਾ-_" ਤੇ ਸਦੀਕੀ ਫਿਰ ਬੋਲਦਾ ਹੈ ਜਿਵੇਂ ਇਹ ਉਸ ਦੀ ਕਵਿਤਾ ਦਾ ਰਦੀਫ਼ ਹੋਵੇ! ਜਦੋਂ ਉਹ ਬਹੁਤ ਖ਼ੁਸ਼ ਹੋਵੇ ਤਾਂ ਅੰਗ੍ਰੇਜ਼ੀ ਦੀ ਇਕ ਕਵਿਤਾ ਵੀ ਪੜ੍ਹਿਆ ਕਰਦਾ ਹੈ। ਅਸੀਂ ਸਤ ਹਾਂ।" ਇਸ ਵਿਚ ਇਕ ਕੁੜੀ ਦਾ ਵਰਨਨ ਹੈ, ਜਿਸ ਦੇ ਟਬਰ ਦੇ ਸਤ ਜੀ ਸਨ। ਛੇ ਜਣੇ ਮਰ ਚੁਕੇ ਸਨ ਤੇ ਸਤਵੀਂ ਉਹ ਆਪ ਸੀ। ਪਰ ਕਿਸੇ ਭੋਲੇ ਭਾ ਨਾਲ ਉਹ ਰਾਹੀ ਨੂੰ ਆਪਣੀ ਕਹਾਣੀ ਦਸ ਰਹੀ ਸੀ ਤੇ ਫੇਰ ਕਿਵੇਂ ਮੁੜ ਤੁੜ ਕੇ ਗਲ ਉਥੇ ਹੀ ਆ ਜਾਂਦੀ ਸੀ, "ਅਸੀਂ ਸਤ ਹਾਂ।"
ਲਾਲ ਦੀਨ ਛੁੱਟੀ ਲੈ ਕੇ ਚਲਾ ਗਿਆ ਹੈ। ਕਨ੍ਹਯਾ ਲਾਲ ਦੀ ਬੀਵੀ ਬੀਮਾਰ ਹੈ। ਪ੍ਰੇਮ ਚੰਦ ਦੀ ਛੋਟੀ ਬੱਚੀ ਨੂੰ ਬੁਖ਼ਾਰ ਹੈ। ਪ੍ਰੀਤਮ ਸਿੰਘ ਦੀਆਂ ਅੱਖਾਂ ਦੁਖਦੀਆਂ ਹਨ। ਪਰ ਅਸੀਂ ਸਤ ਹਾਂ।
ਸਾਰਾ ਦਿਨ ਚੁਪ ਚਾਂ ਵਿਚ ਕਲਮਾ ਦੋੜਦੀਆਂ ਰਹਿੰਦੀਆਂ ਹਨ। ਇਨ੍ਹਾਂ ਕਲਰਕਾਂ ਨੂੰ ਵੇਖ ਕੇ ਮੈਨੂੰ ਉਹ ਚਰਵਾਹਾ ਯਾਦ ਆਉਂਦਾ ਹੈ ਜਿਸ ਨੇ ਇਕ ਵਾਰੀ ਵੇਖਿਆ ਕਿ ਉਸ ਦੀ ਭੇਡ ਦੇ ਇਕ ਪੈਰ ਵਿਚ ਲੱਗਾ ਕਿਲ ਸੁਨਹਿਰੀ ਸੀ। ਕਿਸੇ ਨੇ ਉਸ ਨੂੰ ਆਖਿਆ, "ਮੂਰਖਾ! ਜਿਥੋਂ ਤੇਰਾ ਇਜੜ ਲੰਘਿਆ ਸੀ, ਜ਼ਰੂਰ ਉਥੇ ਕੋਈ ਪਾਰਸ ਪੱਥਰ ਹੋਵੇਗਾ, ਜਾਹ ਢੂੰਡ!"
ਅਤੇ ਉਹ ਵਿਚਾਰਾ ਸਾਰੀ ਉਮਰ ਜੰਗਲਾਂ ਦੀ ਮਿੱਟੀ ਛਾਣਦਾ ਰਿਹਾ। ਇਥੋਂ ਤੀਕ ਕਹਿੰਦੇ ਨੇ ਕਿ ਜਦੋਂ ਉਹ ਮਰਿਆ, ਤਾਂ ਵੀ ਉਸ ਦੇ ਹੱਥ ਵਿਚ ਇਕ ਪੱਥਰ ਸੀ। ਤੇ ਇਥੇ ਅਸੀਂ ਸਾਰੇ ਦਿਲ ਵਿਚ ਕੋਈ ਮੂਲ ਵੇਦਨਾ ਲਈ ਚੁਪ ਹਾਂ, ਹੱਥ ਵਿਚ ਕਲਮਾਂ ਫੜੀ ਖਾਮੋਸ਼ ਹਾਂ ਤੇ ਸਿਰ ਨੀਵੇਂ ਕਰੀ, ਆਈਟਮਾਂ ਢੂੰਡ ਰਹੇ ਹਾਂ-ਪੁਰਾਣੇ ਸਾਲਾਂ ਦੀਆਂ ਪਿਛਲੀਆਂ ਬਚੀਆਂ ਖੁਚੀਆਂ ਆਈਟਮਾਂ।
ਅਲੀਮੁਦੀਨ ਸਾਡਾ ਚਪੜਾਸੀ ਹੈ। ਅਜੇ ਨਵਾਂ ਨਵਾਂ ਹੀ ਉਸ ਦਾ ਵਿਆਹ ਹੋਇਆ ਹੈ ਤੇ ਮੈਂ ਵੇਖਦਾ ਹਾਂ ਉਹ ਕਈ ਵਾਰੀ ਦਿਨ ਵੇਲੇ ਵੀ ਊਂਘ ਰਿਹਾ ਹੁੰਦਾ ਹੈ, ਮੈਂ ਸੋਚਦਾ ਹਾਂ ਜਿੰਨੀ ਇਸਦੇ ਚਿਹਰੇ ਤੇ ਕਾਲਖ ਹੈ ਜੇ ਇਤਨਾ ਹੀ ਵਿਚਾਰੇ ਕੋਲ ਧਨ ਹੁੰਦਾ--ਮੇਰਾ ਭਾਵ ਹੈ ਜੋ ਕਦੀ ਉਹ ਇਕ ਨਿਰਧਨ ਘਰਾਣੇ ਦਾ ਥਾਵੇਂ ਕਿਸੇ ਪੂੰਜੀ ਪਤੀ ਦੇ ਘਰ ਜਨਮ ਲੈਂਦਾ ਤਾਂ ਉਸ ਨੂੰ ਇਹ ਮੁਸੀਬਤ ਨਾਂ ਭੁਗਤਣੀ ਪੈਂਦੀ। ਉਹ ਲੋਕ ਤਾਂ ਵਿਆਹ ਦੇ ਪਿਛੋਂ ਅਜੇਹੇ ਦਿਨ ਦੂਜੇ ਮੁਲਕਾਂ ਦੇ ਸੈਰ ਤਮਾਸ਼ਿਆਂ ਵਿਚ ਗੁਜ਼ਾਰਦੇ ਹਨ। ਉਹ ਇਨ੍ਹਾਂ ਦਿਨਾਂ ਵਿਚ ਕਮਾਉਂਦੇ ਨਹੀਂ, ਸਗੋਂ ਖਰਚਦੇ ਹਨ। ਪਰ ਇਕ ਕਾਲੇ ਰੰਗ ਵਾਲੇ ਗ਼ਰੀਬ ਹਿੰਦੁਸਤਾਨੀ ਪਾਸ ਨਾ ਇਤਨਾ ਸਮਾਂ ਹੈ ਨਾ ਇਤਨੀ ਖੁਲ਼। ਉਸ ਨੂੰ ਗੁਜ਼ਾਰਾ ਟੋਰਨ ਲਈ ਓਵਰ ਟਾਈਮ ਲਾਣਾ ਪੈਂਦਾ ਹੈ ਤੇ ਉਸ ਦੀ ਡੀਊਟੀ ਹੈ ਕਿ ਉਹ ਬੂਹਿਉਂ ਬਾਹਰ ਸਾਰਾ ਸਾਰਾ ਦਿਨ ਬੈਠਾ ਰਹੇ ਤੇ ਸੁਪਰਡੈਂਟ ਦੀ ਘੰਟੀ ਨੂੰ ਉਡੀਕਦਾ ਰਹੇ।
ਕਈ ਵਾਰੀ ਉਹ ਊਂਘਦਿਆਂ ੨ ਆਪ-ਮੁਹਾਰਾ ਤ੍ਰਬਕ ਉਠਦਾ ਹੈ ਜਿਵੇਂ ਸੁਪਰਡੈਂਟ ਦੀ ਘੰਟੀ ਵਚ ਗਈ ਹੋਵੇ-ਜਿਵੇਂ ਕੋਈ ਕੰਡਾ ਚੁਭ ਗਿਆ ਹੋਵੇ ਜੋ ਉਸ ਦੇ ਦਿਲ, ਦਿਮਾਗ਼ ਵਿਚੋਂ ਦੀ ਲੰਘਦਾ ਹੋਇਆ ਉਸ ਦੀ ਰੂਹ ਤੀਕ ਸਲ ਜਾਵੇ ਤੇ ਉਹ ਕਾਹਲੀ ਕਾਹਲੀ ਉਠ ਕੇ ਅੰਦਰ ਚਲਾ ਜਾਂਦਾ ਹੈ।
"ਅਲੀਮੁਦੀਨ, ਤੂੰ ਕੌਡੀ ਦੇ ਕੰਮ ਦਾ ਵੀ ਨਹੀਂ" ਤੇ ਬਾਤ ਸੁਣ ਕੇ ਉਹ ਖ਼ਾਮੋਸ਼ ਹੋ ਜਾਂਦਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦਾ ਕਿ ਕਦੀ ਯੂਸਫ਼ ਜੋ ਉਸ ਤੋਂ ਲਖ ਦਰਜੇ ਸੋਹਣਾ ਸੀ ਸੂਤ ਦੀ ਇਕ ਅੱਟੀ ਲਈ ਵਿਕਿਆ ਸੀ। ਕਦੀ ਮਸੀਹ ਦੀ ਕੀਮਤ ਕੇਵਲ ਤੀਹ ਦੀਨਾਰ ਹੀ ਪਈ ਸੀ। ਪਰ ਉਹ ਤੇ ਕੇਵਲ ਅਲੀਮੁਦੀਨ ਹੀ ਹੈ-ਕਾਲਾ ਕਲੂਟਾ ਅਲੀਮੂਦੀਨ।
ਇਥੋਂ ਦਿਆਂ ਲੋਕਾਂ ਨੂੰ ਇਕ ਮਾਰ ਹੈ। ਛੋਟੇ ਕਰਿਆਨੇ ਲਈ ਤੁਹਾਨੂੰ ਨੋਟ ਕੋਈ ਨਹੀਂ ਵਟਾ ਕੇ ਦੇਣਗੇ। ਕਈ ਵਾਰੀ ਜਦੋਂ ਮੇਰੀ ਜੇਬ ਵਿਚ ਕੋਈ ਨੋਟ ਹੁੰਦਾ ਹੈ ਤੇ ਮੈਂ ਕੋਈ ਛੋਟੀ ਚੀਜ਼ ਲੈਣੀ ਹੁੰਦੀ ਹੈ, ਤਾਂ ਮੈਂ ਕੁਝ ਵੀ ਨਹੀਂ ਖ਼ਰੀਦ ਸਕਦਾ। ਇਸ ਦਾ ਮੈਨੂੰ ਇਕ ਫ਼ਾਇਦਾ ਵੀ ਹੁੰਦਾ ਹੈ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਦਾ ਸਵਾਦ ਲੈ ਸਕਦਾ ਹਾਂ ਤੇ ਮੇਰੀ ਜੇਬ ਵਿਚ ਪੈਸੇ ਉਤਨੇ ਦੇ ਉਤਨੇ ਹੀ ਬਚੇ ਰਹਿੰਦੇ ਹਨ। ਇਉਂ ਭਾਸਦਾ ਹੈ ਜਿਵੇਂ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ ਤੇ ਮੈਂ ਸਚ ਮੁਚ ਹੀ ਰਜ ਗਿਆ ਹਾਂ।
ਕਈ ਵਾਰੀ ਮੇਰੇ ਦਿਲ ਵਿਚ ਖ਼ਿਆਲ ਆਉਂਦਾ ਹੈ ਮੈਂ ਕਿਉਂ ਨਾ ਕਿਸੇ ਮੁਸਲਮਾਨ ਦੁਕਾਨਦਾਰ ਪਾਸ ਚਲਾ ਜਾਵਾਂ ਜੋ ਹਲਵਾਈ ਹੋਵੇ ਤੇ ਤਾਜ਼ੀ ਤਾਜ਼ੀ ਬਰਫੀ ਕਟ ਰਿਹਾ ਹੋਵੇ ਜਾਂ ਗਰਮ ਗਰਮ ਜਲੇਬੀਆਂ ਤਲ ਰਿਹਾ ਹੋਵੇ ਤੇ ਮੈਂ ਆਖਾਂ "ਮੌਲਾਨਾ, ਏਕ ਆਨੇ ਕੀ ਬਰਫ਼ੀ-ਜਲੇਬੀਆਂ-ਲੱਡੂ ਚਾਹੇ ਕੁਛ ਦੇ ਦੋ ਔਰ ਪੰਦਰਾਂ ਆਨੇ-ਤੇ ਮੈਨੂੰ ਸਿਖ ਵੇਖ ਕੇ ਸ਼ਾਇਦ ਉਹ ਦੇ ਹੀ ਦੇਵੇ। ਇਥੇ ਇਕ ਆਨੇ ਲਈ ਧਰਮ ਵੀ ਵਿਕ ਸਕਦਾ ਹੈ-ਪਰ 'ਨਾਵਾਂ' ਨਹੀਂ ਮਿਲਦਾ।
ਸਭ ਤੋਂ ਵਧ ਨਿਰਾਸ਼ਾ ਮੈਨੂੰ ਉਦੋਂ ਹੁੰਦੀ ਹੈ ਜਦੋਂ ਮੈਂ ਵੇਖਦਾ ਹਾਂ, ਇਥੋਂ ਦੇ ਪੰਜਾਬੀ ਵਸਨੀਕ ਆਪਣੀ ਮਾਤ-ਭਾਸ਼ ਵੀ ਭੁਲ ਚੁਕੇ ਹਨ। ਮੈਂ ਪੁਛਦਾ ਹਾਂ -- ਕਿਉਂ ਸਰਦਾਰ ਜੀ, ਜੰਤਰ ਮੰਤਰ ਕਿਧਰ ਹੈ? ਤੇ ਉਤਰ ਮਿਲਦਾ ਹੈ --
"ਦੇਖੀਏ ਸਾਹਿਬ ਆਪ ਇਸ ਤਹਫ਼ ਸੇ ਚਲੇ ਜਾਏ। ਔਰ ਫਿਰ ਦਾਏ ਹਾਥ ਘੂਮ ਕਰ ਬਾਏ ਹਾਥ ਘੂਮ ਜਾਏ, ਔਰ-ਔਰ" ਮੇਰਾ ਮੂੰਹ ਖੁਲ੍ਹ ਜਾਂਦਾ ਹੈ ਤੇ ਮੈਂ ਬੇ-ਤਹਾਸ਼ਾ ਅਗੇ ਦੌੜ ਪੈਂਦਾ ਹਾਂ। ਕੋਲੋਂ ਦੀ ਲੰਘ ਰਹੇ ਬੰਗਾਲੀ ਦਾ ਵਾਂਗ 'ਚਿ--ਚਿ--' ਕਰ ਰਹੇ ਹੁੰਦੇ ਹਨ ਤੇ ਦਿਲੀ ਵਾਲੇ 'ਦੇਖੀਏ ਸਾਹਿਬ'।
ਇਥੇ ਮਕਾਨਾਂ ਦੀ ਬਹੁਤ ਥੁੜ ਹੈ ਤੇ ਖਾਸ ਕਰ ਕੇ ਕਿਸੇ ਅਜਿਹੇ ਬੰਦੇ ਨੂੰ ਜੋ ਪੰਜਾਬੀ ਹੋਵੇ ਤੇ ਫਿਰ ਕਲਮੁਕੱਲਾ ਜਾਂ ਕੰਵਾਰਾ, ਇਥੇ ਮਕਾਨ ਮਿਲਣਾ ਬੜਾ ਔਖਾ ਹੈ। ਜਦੋਂ ਤੀਕ ਮੈਨੂੰ ਕੋਈ ਮਕਾਨ ਨਹੀਂ ਸੀ ਮਿਲ ਸਕਿਆ,ਮੈਨੂੰ ਇਕ ਹੋਟਲ ਵਿਚ ਠਹਿਰਨਾ ਪਿਆ ਸੀ। ਜਿਸ ਕਮਰੇ ਵਿਚ ਰਿਹਾ ਸਾਂ, ਉਹ ਡਬਲ ਸੀ ਤੇ ਉਥੇ ਉਸੇ ਦਿਨ ਸ਼ਾਮ ਨੂੰ ਇਕ ਬੰਗਾਲੀ ਬੇਰਿਸਟਰ ਆ ਕੇ ਰਿਹਾ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਬਰ੍ਹਮਾ ਦਾ ਵਸਨੀਕ ਸੀ। ਉਥੇ ਉਸ ਦੀ ਚੰਗੀ ਪ੍ਰੈਕਟਿਸ ਸੀ। ਪਰ ਜਾਪਾਨ ਦਾ ਹੱਲਾ ਹੋਣ ਦੇ ਕਾਰਨ, ਹੁਣ ਉਸ ਨੂੰ ਆਪਣੇ ਟੱਬਰ ਸਣੇ ਬਰਮਾ ਛਡਣਾ ਪਿਆ ਸੀ ਤੇ ਉਨ੍ਹਾਂ ਸਾਰਿਆਂ ਨੂੰ ਕਲਕੱਤੇ ਛਡ ਕੇ ਆਪ ਨੌਕਰੀ ਦੀ ਭਾਲ ਵਿਚ ਇਥੇ ਆਇਆ ਸੀ।
ਹਰ ਰੋਜ਼ ਸਵੇਰੇ ਅਖ਼ਬਾਰ ਵਾਲਾ ਆਉਂਦਾ ਤੇ ਉਸ ਦੀਆਂ ਨਜ਼ਰਾਂ (ਲੋੜ ਹੈ) ਦੇ ਕਾਲਮ ਤੇ ਜੰਮ ਜਾਂਦੀਆਂ। ਆਖ਼ਿਰ ਇਕ ਦਿਨ ਉਸ ਨੇ ਦੇਖਿਆ, ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ।
"ਬੰਗਾਲ ਵਿਚ ਵਿਰਕੂ ਫ਼ਸਾਦ" ਤੇ ਉਸ ਦੇ ਸਾਮਣੇ ਸਾਰੀਆਂ ਦੀਆਂ ਸਾਰੀਆਂ ਪੁਰਾਣੀਆਂ ਝਾਕੀਆਂ ਘੁੰਮ ਗਈਆਂ। ਕਿਵੇਂ ਉਨ੍ਹਾਂ ਨੇ ਬਰਮਾ ਛਡਿਆ ਸੀ। ਕਿਵੇਂ ਉਹ ਆਪਣਿਆਂ ਘਰਾਂ ਨੂੰ ਸੜਦਾ ਛਡ ਕੇ ਕੇਵਲ ਆਪਣੀਆਂ ਜਾਨਾਂ ਬਚਾ ਕੇ ਨਸ ਆਏ ਸਨ। -ਤੇ ਉਸ ਨੇ ਸੋਚਿਆ ਮੁੜ ਉਸ ਦੇ ਬਚਿਆਂ ਨਾਲ ਕਿਧਰੇ ਉਹੋ ਹੀ ਹਾਲ ਨ ਹੋਇਆ ਹੋਵੇ। ਉਸ ਨੇ ਉਸ ਦਿਨ ਆਪਣੇ ਸ਼ਹਿਰ ਇਕ ਡਬਲ ਤਾਰ ਘੱਲੀ, ਪਰ ਕੋਈ ਜਵਾਬ ਨਾ ਆਉਣ ਤੇ ਦੂਜੇ ਦਿਨ ਸਵੇਰੇ ਉਹ ਆਪ ਵੀ ਵਾਪਸ ਚਲਾ ਗਿਆ।
ਉਸ ਦੇ ਪਿਛੋਂ ਅਖ਼ਬਾਰਾਂ ਵਾਲਾ ਆਇਆ ਤੇ ਉਸ ਨੇ ਮੇਰੇ ਕੋਲੋਂ ਪੁਛਿਆ, "ਕਿਉਂ ਸਾਹਿਬ ਵੋਹ ਬੰਗਾਲੀ ਬਾਬੂ ਜੋ ਯਹਾਂ ਰਹਤੇ ਥੇ ਅਬ ਕੌਨ ਸੇ ਕਮਰੇ ਮੇਂ ਚਲੇ ਗਏ ਹੈਂ?"
"ਵੋਹ ਤੋਂ ਬੰਗਾਲ ਵਾਪਸ ਚਲੇ ਗਏ ਹੈਂ ਭਾਈ ਆਜ ਸਵੇਰੇ। ਕਿਉਂ ਕਿਆ ਬਾਤ ਹੈ?"
"ਬਾਤ ਤੋਂ ਕੁਛ ਨਹੀਂ ਬਾਬੂ ਜੀ। ਏਕ ਇਕੱਠੀ ਲੇਨੀ ਥੀ ਸਾਲੇ ਸੇ।"
ਇਥੇ ਕੋਈ ਕਿਸੇ ਦੀ ਨਹੀਂ ਸੁਣਦਾ। ਸਾਰੇ ਆਪਣਿਆਂ ਆਪਣਿਆਂ ਕੰਮਾਂ ਤੋਂ ਭੱਜੇ ਤੁਰੇ ਜਾਂਦੇ ਹਨ। ਇਥੋਂ ਦੇ ਲੋਕ ਨਿਰੇ ਮਸ਼ੀਨਾਂ ਹਨ, ਜੋ ਨੀਯਤ ਸਮੇਂ ਤੇ ਤੁਰਦੀਆਂ ਹਨ ਤੇ ਨੀਯਤ ਸਮੇਂ ਤੇ ਠਹਿਰ ਜਾਂਦੀਆਂ ਹਨ।
ਕਿਤਾਬਾਂ ਵਿਚ ਪੜ੍ਹਿਆ ਸੀ ਇਥੇ ਲਾਲ ਕਿਲਾ ਹੈ, ਜਾਮਾ ਮਸਜਦ ਹੈ, ਕੁਤਬ ਮੀਨਾਰ ਹੈ ਤੇ ਹੋਰ ਕਈ ਪੁਰਾਣੀਆਂ ਇਮਾਰਤਾਂ ਹਨ ਪਰ ਮੈਂ ਅਜ ਤੀਕ ਇਨ੍ਹਾਂ ਵਿਚੋਂ ਕੋਈ ਵੀ ਨਹੀਂ ਵੇਖ ਸਕਿਆ। ਆਖ਼ਿਰ ਤੂੰ ਆਪ ਸਿਆਣਾ ਹੈਂ। ਪੇਟ ਦਾ ਝਸ ਪੂਰਨਾ ਜ਼ਿਆਦਾ ਜ਼ਰੂਰੀ ਹੈ ਨਾ ਕਿ ਅੱਖਾਂ ਦਾ। ਨਾਲੇ ਮੇਰੇ ਵਿਸ਼ਵਾਸ ਅਨੁਸਾਰ ਫ਼ਾਰਸੀ ਦੀ ਪੁਰਾਣੀ ਕਹਾਵਤ ਸਚ ਹੈ। "ਹਨੂਜ਼ ਦਿੱਲੀ ਦੂਰ ਅਸਤ।"
ਤੇਰਾ ਆਪਣਾ ....
ਜੋ ਦਿੱਲੀ ਦੇ ਇਸ ਜਹਾਨ ਵਿਚ
ਤੇਰੇ ਲਈ ਅਜੇ ਗਵਾਚਿਆ ਨਹੀਂ।