Ik Jaam Lahore De Naam (Story in Punjabi) : Ram Lal

ਇਕ ਜਾਮ ਲਾਹੌਰ ਦੇ ਨਾਮ (ਕਹਾਣੀ) : ਰਾਮ ਲਾਲ

ਇਹ ਗੱਲ ਕਦੇ ਵੀ ਪੂਰੇ ਵਿਸ਼ਵਾਸ ਨਾਲ ਨਹੀਂ ਆਖੀ ਜਾ ਸਕਦੀ ਕਿ ਇਕ ਹੁਸੀਨ ਮੁਟਿਆਰ ਜ਼ਨਾਨੀ ਆਪਣੇ ਬੁਢੇਪੇ ਵਿਚ ਵੀ ਏਨੀ ਹੀ ਤੰਦਰੁਸਤ ਤੇ ਦਿਲਕਸ਼ ਨਜ਼ਰ ਆਏਗੀ।
ਕਈ ਸਾਲ ਪਹਿਲਾਂ ਅਚਾਨਕ ਇਕ ਦਿਨ ਹਯਾਤ ਉੱਲਾ ਅੰਸਾਰੀ ਤੇ ਉਹਨਾਂ ਦੀ ਬੇਗ਼ਮ ਸਾਹਿਬਾ ਨੇ ਕਹਿ ਭੇਜਿਆ ਸੀ, 'ਅੱਜ ਚਾਹ ਸਾਡੇ ਨਾਲ ਪੀਓ, ਤੁਹਾਨੂੰ ਉਰਦੂ ਦੀ ਇਕ ਪ੍ਰਸਿੱਧ ਲੇਖਕਾ ਨਾਲ ਮਿਲਾਵਾਂਗੇ।'
ਜਦੋਂ ਮੈਂ ਉੱਥੇ ਪਹੁੰਚਿਆ ਸਾਂ ਤਾਂ ਕੁਰਤੁਲ ਐਨ ਹੈਦਰ ਆਪਣੇ ਅਣਗਿਣਤ ਪ੍ਰਸੰਸ਼ਕਾਂ ਵਿਚਕਾਰ ਘਿਰੀ ਬੈਠੀ ਸੀ, ਮੈਨੂੰ ਬੜੀ ਹੈਰਾਨੀ ਹੋਈ ਸੀ...ਇਸ ਕਰਕੇ ਨਹੀਂ ਕਿ ਉਸਨੂੰ ਪਹਿਲੀ ਵਾਰੀ ਦੇਖ ਰਿਹਾ ਸਾਂ, ਬਲਕਿ ਇਹ ਕਰਕੇ ਕਿ ਉਹ ਆਪਣੀਆਂ ਛਪੀਆਂ ਪੁਰਾਣੀਆਂ ਤਸਵੀਰਾਂ ਜਿੰਨੀ ਹੀ ਦਿਲਕਸ਼ ਦਿਸ ਰਹੀ ਸੀ। ਉਦੋਂ ਮੈਂ ਦਿਲ ਹੀ ਦਿਲ ਵਿਚ ਇਕ ਭਵਿੱਖ-ਬਾਣੀ ਵੀ ਕਰ ਦਿੱਤੀ ਸੀ ਕਿ ਇਹ ਔਰਤ ਹਮੇਸ਼ਾ ਏਨੀ ਹੀ ਗਲੇਮਰਸ ਰਹੇਗੀ...ਤੇ ਮੇਰੀ ਉਸ ਸੋਚ ਦਾ ਸਬੱਬ ਐਨੀ ਦੀ ਖੁਸ਼ਮਿਜਾਜ਼ੀ ਅਤੇ ਖੁੱਲ੍ਹ ਦਿਲੀ ਸੀ ਸ਼ਾਇਦ। ਪਰ ਜਿਹੜੀ ਘਟਨਾ ਮੈਂ ਬਿਆਨ ਕਰਨ ਲੱਗਾ ਹਾਂ, ਉਸਦਾ ਸੰਬੰਧ ਕੁਰਤੁਲ ਐਨ ਹੈਦਰ ਨਾਲ ਬਿਲਕੁਲ ਨਹੀਂ, ਬਲਕਿ ਇਕ ਹੋਰ ਹੈਰਾਨ ਕਰ ਦੇਣ ਵਾਲੀ ਘਟਨਾ ਨਾਲ ਹੈ, ਜਿਹੜੀ ਉਸ ਮੁਲਾਕਾਤ ਤੋਂ ਕਈ ਘੰਟੇ ਬਾਅਦ ਵਾਪਰੀ ਸੀ।
ਉਸ ਦਿਨ ਬਾਅਦ ਦੁਪਹਿਰ ਪੰਜਾਬ ਮੇਲ ਵਿਚ ਮੇਰੀ ਰਿਜ਼ਰਵੇਸ਼ਨ ਕਰਵਾਈ ਹੋਈ ਸੀ। ਜਦੋਂ ਕੰਪਾਰਟਮੈਂਟ ਅੰਦਰ ਪਹੁੰਚਿਆ ਸਾਂ ਤਾਂ ਇਕ ਅਜਿਹਾ ਹੁਸੀਨ ਚਿਹਰਾ ਦਿਸਿਆ ਸੀ, ਜੋ ਹੂ-ਬ-ਹੂ ਐਨੀ ਨਾਲ ਮਿਲਦਾ ਸੀ। ਉਸ ਔਰਤ ਨੇ ਸਲਵਾਰ ਕਮੀਜ਼ ਪਾਈ ਹੋਈ ਸੀ, ਸਿਰ ਉੱਤੇ ਦੁਪੱਟਾ ਸੀ ਤੇ ਉਹ ਹੇਠਲੀ ਬਰਥ ਉੱਤੇ ਸੁੱਤੇ ਹੋਏ ਇਕ ਮੁੰਡੇ ਦੇ ਸਿਰ ਹੇਠਲਾ ਸਿਰਹਾਣਾ ਠੀਕ ਕਰ ਰਹੀ ਸੀ। ਉਸਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਤੇ ਕਿਹਾ,
“ਆਓ ਜੀ...ਪਰ ਜ਼ਰਾ ਠਹਿਰਿਓ, ਤੁਹਾਡੀ ਬਰਥ 'ਤੋਂ ਮੈਂ ਆਪਣੀਆਂ ਚੀਜ਼ਾਂ ਸਮੇਟ ਲਵਾਂ।”
ਇਕ ਤਿੱਖੀ, ਮਿੱਠੀ ਤੇ ਸੁਰੀਲੀ ਆਵਾਜ਼...ਤੇ ਦਿਲ ਵਿਚ ਵੱਸ ਜਾਣ ਵਾਲਾ ਠੇਠ ਪੰਜਾਬੀ ਲਹਿਜ਼ਾ। ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੁਰਤੁਲ ਐਨ ਹੈਦਰ ਨੇ ਏਨੇ ਕੁ ਪਲਾਂ ਵਿਚ ਜ਼ਿੰਦਗੀ ਦਾ ਏਨਾ ਲੰਮਾ ਸਫ਼ਰ ਕਰ ਲਿਆ ਹੈ। ਉਹ ਔਰਤ ਉਸ ਨਾਲੋਂ ਦਸ ਪੰਦਰਾਂ ਸਾਲ ਵੱਡੀ ਲੱਗਦੀ ਸੀ। ਉਸਦੇ ਵਾਲ ਬਿਲਕੁਲ ਚਿੱਟੇ ਸਨ ਤੇ ਰੁੱਖੇ ਵਾਲਾਂ ਨੂੰ ਉਸਨੇ ਇਕ ਫੁੱਲਵੇਂ ਜਿਹੇ ਜੂੜੇ ਦੇ ਰੂਪ ਵਿਚ ਕੈਦ ਕੀਤਾ ਹੋਇਆ ਸੀ। ਪਾਸਿਆਂ ਤੋਂ ਖਿਸਕੀਆਂ ਹੋਈਆਂ ਕੁਝ ਲਿਟਾਂ ਉਸ ਦੇ ਖਿੜੇ-ਖਿੜੇ ਚਿਹਰੇ ਦੇ ਆਸ-ਪਾਸ ਝੂਲ ਰਹੀਆਂ ਸਨ।
ਉਸਨੇ ਹੱਥ ਵਧਾ ਕੇ ਮੈਲੇ ਤੌਲੀਏ, ਸਿਰਹਾਣੇ ਤੇ ਚਾਦਰ ਨੂੰ ਚੁੱਕਣਾ ਚਾਹਿਆ ਤਾਂ ਮੈਂ ਉਸਨੂੰ ਰੋਕ ਦਿੱਤਾ, “ਪਏ ਰਹਿਣ ਦਿਓ ਜੀ...ਮੈਨੂੰ ਸੌਣ ਦੀ ਅਜੇ ਕੋਈ ਕਾਹਲ ਨਹੀਂ।”
ਆਪਣਾ ਸਾਮਾਨ ਇਕ ਪਾਸੇ ਰਖਵਾ ਕੇ ਮੈਂ ਬਰਥ ਦੇ ਇਕ ਪਾਸੇ ਬੈਠ ਗਿਆ। ਉਹਨਾਂ ਦਾ ਸਾਮਾਨ ਬੜੀ ਬੇਤਰਤੀਬੀ ਜਿਹੀ ਨਾਲ ਉਪਰਲੀਆਂ ਦੋਵਾਂ ਬਰਥਾਂ ਉੱਤੇ ਵੀ ਖਿਲਰਿਆ ਹੋਇਆ ਸੀ। ਇਕ ਵਾਰੀ ਫੇਰ ਉਸਨੇ ਮੇਰੇ ਵੱਲ ਮੁਸਕਰਾ ਕੇ ਦੇਖਿਆ, ਜਿਵੇਂ ਧੰਨਵਾਦ ਕਹਿ ਰਹੀ ਹੋਵੇ, ਜਿਸਦੀ ਕਿ ਕੋਈ ਖਾਸ ਜ਼ਰੂਰਤ ਵੀ ਨਹੀਂ ਸੀ। ਫੇਰ ਵੀ ਉਸ ਨਿਆਮਤ ਨੂੰ ਮੈਂ ਆਪਣੇ ਸਫਰ ਦੀ ਸ਼ੁਰੂਆਤ ਲਈ ਇਕ ਸ਼ੁਭ-ਸ਼ਗੁਨ ਹੀ ਸਮਝਿਆ ਸੀ ਤੇ ਅੰਦਰੇ-ਅੰਦਰ ਖੁਸ਼ ਵੀ ਹੋਇਆ ਸਾਂ।
ਹੁਣ ਉਹ ਬਾਰੀ ਦੇ ਸਰੀਆਂ ਨਾਲ ਮੂੰਹ ਜੋੜ ਕੇ ਕਿਸੇ ਨੂੰ ਕਹਿ ਰਹੀ ਸੀ, “ਮੈਂ ਕਿਹਾ...ਹੁਣ ਆ ਵੀ ਜਾਓ, ਗੱਡੀ ਚੱਲ ਪਏਗੀ...।”
ਐਨੀ ਲਖ਼ਨਵੀਆਂ ਵਾਂਗ ਜਿੰਨੀ ਸੋਹਣੀ ਉਰਦੂ ਬੋਲ ਲੈਂਦੀ ਹੈ, ਓਨੀਂ ਸੋਹਣੀ ਹੀ, ਉਹ ਆਪਣੀ ਮਾਤ-ਭਾਸ਼ਾ ਪੰਜਾਬੀ ਬੋਲ ਰਹੀ ਸੀ। ਮੇਰੀਆਂ ਨਜ਼ਰਾਂ ਪਲੇਟਫ਼ਾਰਮ ਉੱਤੇ ਖੜ੍ਹੇ ਹੋਏ ਇਕ ਪੱਕੀ ਉਮਰ ਦੇ ਸਰਦਾਰ ਉੱਤੇ ਜਾ ਪਈਆਂ...ਉਹ ਨਲਕੇ ਤੋਂ ਮੂੰਹ ਹੱਥ ਧੋਣ ਪਿੱਛੋਂ ਤੌਲੀਏ ਨਾਲ ਆਪਣੀ ਗਿੱਲੀ ਦਾੜ੍ਹੀ ਨੂੰ ਮਸਲ-ਮਸਲ ਕੇ ਪੂੰਝ ਰਿਹਾ ਸੀ। ਉਸਦੇ ਸਿਰ ਉੱਤੇ ਕੇਸਰੀ ਰੰਗ ਦਾ ਪਟਕਾ ਬੱਝਿਆ ਹੋਇਆ ਸੀ। ਆਪਣੀ ਘਰਵਾਲੀ ਦੀ ਅਵਾਜ਼ ਸੁਣ ਕੇ ਉਹ ਬਾਰੀ ਕੋਲ ਆ ਗਿਆ ਤੇ ਗਰਜਵੀਂ, ਪਰ ਬੜੀ ਨਰਮ ਅਵਾਜ਼ ਵਿਚ ਪੁੱਛਣ ਲੱਗਿਆ, “ਕੀ ਗੱਲ ਈ ਐਨੀ? ਕੁਝ ਚਾਹੀਦੈ? ਸਿਓ ਬੜੇ ਵਧੀਆ ਵਿਕ ਰਹੇ ਨੇ, ਲੈ ਲਈਏ?”
“ਲੈ ਆਓ।”
ਉਹਨਾਂ ਵਿਚਕਾਰ ਹੋਈ ਗੱਲ ਬਾਤ ਦੇ ਇਕ ਸ਼ਬਦ ਨੇ ਮੈਨੂੰ ਫੇਰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਸੀ...ਤਾਂ ਇਸ ਔਰਤ ਦਾ ਨਾਂ ਵੀ ਐਨੀ ਹੈ? ਇਕ ਵਾਰੀ ਦਿਲ ਵਿਚ ਆਇਆ ਕਿ ਅੱਖਾਂ ਮਲ ਕੇ ਗੌਰ ਨਾਲ ਉਸਨੂੰ ਦੇਖਾਂ, ਕਿਤੇ ਸੱਚਮੁੱਚ ਉਹ ਕੁਰਤੁਲ ਐਨ ਹੈਦਰ ਤਾਂ ਨਹੀਂ!
ਉਸਦਾ ਪਤੀ ਕੁਝ ਚਿਰ ਬਾਅਦ ਕਾਫੀ ਸਾਰੇ ਸਿਓ ਤੇ ਕੇਲੇ ਚੁੱਕੀ, ਆਪਣੇ ਆਪ ਨਾਲ ਗੱਲਾਂ ਕਰਦਾ, ਅੰਦਰ ਆਇਆ। 'ਵਾਹ ਜੀ ਵਾਹ, ਬੜੇ ਸ਼ਾਨਦਾਰ ਫਲ ਮਿਲ ਗਏ ਨੇ...ਮਜ਼ਾ ਆ ਗਿਆ।'
ਜਦੋਂ ਉਸਦੀ ਨਜ਼ਰ ਮੇਰੇ ਉੱਤੇ ਪਈ, ਇਕਦਮ ਸੰਜੀਦਾ ਹੋ ਗਿਆ। ਜ਼ਰਾ ਕਰੜੀ ਆਵਾਜ਼ ਵਿਚ ਪੁੱਛਣ ਲੱਗਿਆ, “ਤੈਨੂੰ ਏਸ ਕੰਪਾਰਟਮੈਂਟ ਵਿਚ ਜਗ੍ਹਾ ਦਿੱਤੀ ਗਈ ਜੇ?”
ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ, ਤਿੰਨ ਚਾਰ ਸਟੂਡੈਂਟ ਦਗੜ-ਦਗੜ ਕਰਦੇ ਹੋਏ ਅੰਦਰ ਆ ਵੜੇ। ਉਹਨਾਂ ਉੱਤੇ ਉਹ ਵਰ੍ਹ ਹੀ ਪਿਆ ਸੀ, “ਓਇ, ਏਧਰ ਕਿਧਰ ਮੂੰਹ ਚੁੱਕੀ ਆਉਂਦੇ ਓ? ਅਸਾਂ ਪਟਨੇ ਤੋਂ ਰਿਜ਼ਰਵੇਸ਼ਨ ਕਰਵਾਈ ਹੋਈ ਜੇ। ਵੇਖਦੇ ਨਹੀਂ ਪਏ ਸਾਰੀਆਂ ਬਰਥਾਂ ਫੁੱਲ ਨੇ। ਚੱਲੋ, ਨੱਠ ਜਾਓ, ਕਿਤੇ ਹੋਰ ਜਾ ਕੇ ਮਰੋ।”
ਮੁੰਡੇ ਸ਼ਰੀਫ ਸਨ ਜਾਂ ਫੇਰ ਰੋਅਬ ਹੇਠ ਆ ਗਏ ਸਨ, ਉਸਦੇ। ਆਪਣੀਆਂ ਕਿਤਾਬਾਂ ਕਾਪੀਆਂ ਚੁੱਕ ਕੇ ਅੱਗੇ ਚਲੇ ਗਏ। ਆਮ ਕਰਕੇ ਉਹ ਕਿਸੇ ਦੀ ਨਹੀਂ ਸੁਣਦੇ—ਇਕ ਦੋ ਸਟੇਸ਼ਨਾਂ ਤੱਕ ਬੋਲ-ਬੁਲਾਰਾ ਤੇ ਸ਼ੁਗਲ-ਮੇਲਾ ਕਰਦੇ ਨੇ। ਫੇਰ ਬੜੀ ਬੇਸ਼ਰਮੀ ਨਾਲ ਢੀਠਾਂ ਵਾਂਗ ਹੱਸਦੇ-ਚਿੜਾਉਂਦੇ ਜਾਂ ਇਕ ਅੱਧੀ ਗਾਲ੍ਹ ਵੀ ਕੱਢਦੇ ਹੋਏ ਆਪਣੀ ਮੰਜ਼ਿਲ ਉੱਤੇ ਉਤਰ ਕੇ ਤੁਰ ਜਾਂਦੇ ਨੇ। ਮੈਨੂੰ ਇਹ ਸਰਦਾਰ ਆਪਣੀ ਘਰ ਵਾਲੀ ਨਾਲੋਂ ਵੱਖਰੀ ਕਿਸਮ ਦਾ ਬੰਦਾ ਲੱਗਿਆ ਸੀ—ਵੇਖਣਾ ਇਹ ਸੀ ਕਿ ਉਸ ਨਾਲ ਸਫ਼ਰ ਕਿੰਜ ਲੰਘਦਾ ਹੈ?
ਗੱਡੀ ਤੁਰ ਪਈ ਤੇ ਉਸਨੇ ਉੱਠ ਕੇ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਉਹ ਕਾਫੀ ਸ਼ਾਂਤ ਨਜ਼ਰ ਆ ਰਿਹਾ ਸੀ। ਖੜ੍ਹੇ-ਖੜ੍ਹੇ ਨੇ ਦਾੜ੍ਹੀ ਦੀ ਗੁੱਟੀ ਕੀਤੀ ਤੇ ਬਰਥ ਉੱਤੇ ਖਿੱਲਰੀਆਂ ਚੀਜ਼ਾਂ ਨੂੰ ਪਰ੍ਹੇ ਸਰਕਾ ਕੇ ਮੇਰੇ ਕੋਲ ਹੀ ਬੈਠ ਗਿਆ। ਕਹਿਣ ਲੱਗਾ, “ਮਾਫ਼ ਕਰਨਾ ਜੀ, ਅਸੀਂ ਤੁਹਾਡੀ ਬਰਥ 'ਤੇ ਕਬਜਾ ਕਰੀ ਬੈਠੇ ਵਾਂ ਤੇ ਇਹ ਕਬਜਾ ਛੱਡਣ ਦਾ ਵੀ ਸਾਡਾ ਕੋਈ ਇਰਾਦਾ ਨਹੀਂ। ਏਥੇ ਸਾਡੀ ਵਾਈਫ਼ ਪਏਗੀ—ਮਜ਼ਬੂਰੀ ਜੇ ਜੀ। ਤੁਹਾਨੂੰ ਈ ਜ਼ਰਾ ਤਕਲੀਫ਼ ਕਰਕੇ ਉਪਰ ਜਾਣਾ ਪਏਗਾ।”
ਇਹ ਕਹਿ ਕੇ ਉਸਨੇ ਹੱਸਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿਚ ਕਾਮਯਾਬ ਨਹੀਂ ਹੋਇਆ। ਕਦੇ ਤੈਨੂੰ ਤੇ ਕਦੇ ਤੁਹਾਨੂੰ ਕਹਿ ਕੇ ਗੱਲਾਂ ਕਰਨ ਤੋਂ ਉਸਦੇ ਜਜ਼ਬਾਤੀ ਹੋਣ ਦਾ ਪਤਾ ਲੱਗਦਾ ਸੀ, ਜਿਸ ਅਧਿਕਾਰ ਨਾਲ ਉਸਨੇ ਮੇਰੀ ਬਰਥ ਉੱਤੇ ਕਬਜਾ ਕਰੀ ਰੱਖਣ ਵਾਲੀ ਗੱਲ ਆਖੀ ਸੀ, ਜੇ ਉਹ ਉਸਨੇ ਆਪਣੀ ਪਤਨੀ ਖਾਤਰ ਨਾ ਮੰਗੀ ਹੁੰਦੀ ਤਾਂ ਮੈਂ ਸਾਫ ਇਨਕਾਰ ਕਰ ਦੇਣਾ ਸੀ। ਖ਼ੈਰ, ਮਾਹੌਲ ਵਿਚ ਉਸਨੇ ਜਿਹੜਾ ਤਣਾਅ ਪੈਦਾ ਕਰ ਦਿੱਤਾ ਸੀ, ਉਸਨੂੰ ਘਟਾਉਣ ਵਾਸਤੇ ਕਿਹਾ, “ਡਟੇ ਰਹੋ ਸਰਦਾਰ ਜੀ! ਮੈਨੂੰ ਕੋਈ ਇਤਰਾਜ਼ ਨਹੀਂ।”
“ਅੱਛਾ ਜੀ!” ਧੰਨਵਾਦ ਕਰਨ ਦੀ ਬਜਾਏ ਉਸਨੇ ਹੈਰਾਨੀ ਪਰਗਟ ਕੀਤੀ ਸੀ ਤੇ ਫੇਰ ਖੁਸ਼ ਹੋ ਕੇ ਆਪਣੀ ਪਤਨੀ ਨੂੰ ਆਖਿਆ ਸੀ, “ਵੇਖਿਆ, ਮੈਂ ਕਹਿੰਦਾ ਸੀ ਨਾ ਬਈ ਸਭ ਠੀਕ ਹੋ ਜਾਏਗਾ।”
ਫੇਰ ਉਸਨੇ ਮੈਨੂੰ ਪੁੱਛਿਆ ਸੀ, “ਤਸੀਂ ਜੀ, ਲਖ਼ਨਊ ਦੇ ਰਹਿਣ ਵਾਲੇ ਈ-ਓ? ਹਾਂ, ਗੱਡੀ ਤਾਂ ਲਖ਼ਨਊ ਤੋਂ ਹੀ ਚੜ੍ਹੇ ਸੌ। ਲਖ਼ਨਉ ਵਾਲਿਆਂ ਦਾ ਵੀ ਜਵਾਬ ਨਹੀਂ ਹੁੰਦਾ, ਵਾਹ ਜੀ ਵਾਹ, ਸਾਨੂੰ ਜੀ ਲਖ਼ਨਊ ਬਾਰੇ ਫ਼ਿਲਮਾਂ ਵੇਖਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਹੋਰ ਕੋਈ ਫ਼ਿਲਮ ਵੇਖੀਏ ਨਾ ਵੇਖੀਏ, ਲਖ਼ਨਊ ਦੀ ਨਹੀਂ ਛੱਡਦੇ—ਵਾਹ।”
ਫੇਰ ਉਸਨੇ ਆਪਣੀ ਪਤਨੀ ਵੱਲ ਵੇਖ ਕੇ ਪੁੱਛਿਆ ਸੀ, “ਬਈ ਉਹ ਆਪਣਾ ਜਿਹੜਾ ਲਖ਼ਨਊ ਵਾਲਾ ਗੁਆਂਢੀ ਜੇ, ਸ੍ਰੀ ਵਾਸਤਵ...ਕਿੰਨੀਆਂ ਲੱਛੇਦਾਰ ਗੱਲਾਂ ਸੁਨਾਉਂਦਾ ਹੁੰਦਾ ਈ?”
ਉਸਦੀ ਐਨੀ ਹੱਸ ਕੇ ਬੋਲੀ, “ਹਾਂ ਜੀ! ਪਹਿਲਾਂ ਆਪ, ਪਹਿਲਾਂ ਆਪ ਤਾਂ ਕਹਿਣਾ ਜਿਵੇਂ ਉਹ ਭੁੱਲਦਾ ਈ ਨਹੀਂ। ਛਿੱਕ ਵੀ ਮਾਰਨੀ ਹੋਵੇ ਤਾਂ ਇਹੀ ਚਾਹੂ ਬਈ ਪਹਿਲਾਂ ਅਸੀਂ ਓ ਮਾਰੀਏ।” ਐਨੀ ਦੇ ਹਾਸੇ ਦੀ ਖ਼ਨਕਾਰ ਕਾਫੀ ਦੇਰ ਤੱਕ ਮੇਰੇ ਦਿਲ-ਦਿਮਾਗ ਵਿਚ ਗੂੰਜਦੀ ਰਹੀ। ਫੇਰ ਉਸਨੇ ਆਪਣੇ ਹਾਸੇ ਨੂੰ ਬਰੇਕਾਂ ਲਾ ਕੇ ਕਿਹਾ, “ਸ੍ਰੀ ਵਾਸਤਵ ਨੇ ਸਾਨੂੰ ਲਖ਼ਨਊ ਵਾਲਿਆਂ ਦੇ ਬੜੇ ਚੁਟਕਲੇ ਸੁਣਾਏ ਨੇ ਜੀ।”
“ਓ-ਜੀ, ਮੈਂ ਕਿਹਾ ਦਰਜਨਾਂ, ਕਈ ਦਰਜਨਾਂ।” ਦੋਹਾਂ ਨੂੰ ਬੇ-ਤਹਾਸ਼ਾ ਹੱਸਦੇ ਦੇਖ ਕੇ ਮੈਨੂੰ ਇੰਜ ਲੱਗਿਆ ਜਿਵੇਂ ਮਾਹੌਲ ਵਿਚ ਬਹਾਰ ਆ ਗਈ ਹੈ—ਇੰਜ ਹੀ ਮੈਂ ਚਾਹੁੰਦਾ ਵੀ ਸਾਂ।
“ਲਓ ਬਾਦਸ਼ਾਹੋ, ਅਹਿ ਕੇਲੇ ਖਾਓ, ਤੇ ਅਹਿ ਸਿਓ ਵੀ।”
“ਬੱਸ ਜੀ, ਤੁਸੀਂ ਖਾਓ—ਸ਼ੁਕਰੀਆ।”
“ਓ ਜੀ ਸੰਗੋ ਨਾ ਜੀ...ਸਾਨੂੰ ਪਤਾ ਲੱਗ ਗਿਆ ਜੇ ਕਿ ਤੁਸੀਂ ਅਸਲੀ ਲਖ਼ਨਊ ਵਾਲੇ ਈ ਓ। ਪਰ ਸਾਡਾ ਤਾਂ ਇਸ ਗੱਲ ਵਿਚ ਵਿਸ਼ਵਾਸ ਹੈ ਜੀ ਕਿ ਦਾਣੇ ਦਾਣੇ ਉੱਤੇ ਲਿਖਿਆ ਹੁੰਦੈ ਖਾਣ ਵਾਲੇ ਦਾ ਨਾਮ। ਐਨੀ ਇਹਨਾਂ ਨੂੰ ਉਹ ਘਟਨਾ ਤਾਂ ਸੁਣਾ ਜ਼ਰਾ, ਪਿਛਲੇ ਸਾਲ ਵਾਲੀ।”
ਹੁਣ ਮੈਨੂੰ ਦੂਸਰੀ ਐਨੀ ਦੀ ਹੋਂਦ 'ਤੇ ਯਕੀਨ ਆ ਗਿਆ ਸੀ ਤੇ ਮੈਂ ਉਸਨੂੰ ਇਕ ਖਾਸ ਖੁਸ਼ੀ ਦੇ ਪ੍ਰਭਾਵ ਹੇਠ ਸਿਓ ਕੱਟ ਕੱਟ ਕੇ ਪਲੇਟ ਵਿਚ ਰੱਖਦੀ ਨੂੰ ਦੇਖ ਰਿਹਾ ਸਾਂ। ਉਹ ਹੱਸ ਹੱਸ ਕੇ ਦੱਸਣ ਲੱਗੀ, “ਪਾਰ ਸਾਲ ਜੀ, ਇਹਨਾਂ ਨੇ ਇਕ ਸਰਕਾਰੀ ਅਫ਼ਸਰ ਨੂੰ ਰੋਟੀ ਕੀਤੀ—ਬੜੀ ਮੁਸ਼ਕਿਲ ਨਾਲ ਉਹ ਸਾਡੇ ਘਰ ਆਉਣ ਵਾਸਤੇ ਮੰਨਿਆਂ ਸੀ। ਨਵਾਂ ਨਵਾਂ ਆਇਆ ਸੀ, ਸੋ ਕਿਸੇ ਦੇ ਘਰ ਜਾਣੋਂ ਝਿਜਕਦਾ ਸੀ। ਖ਼ੈਰ ਜੀ, ਮੈਂ ਬੜੇ ਚਾਵਾਂ ਨਾਲ ਮੁਰਗਾ ਬਣਾਇਆ, ਪਲਾਅ ਬਣਾਇਆ ਤੇ ਖਾਲਸ ਦੇਸੀ ਘਿਓ ਦਾ ਸੂਜੀ ਦਾ ਕੜ੍ਹਾ ਪ੍ਰਸ਼ਾਦ ਵੀ। ਹੋਰ ਵੀ ਕਈ ਕੁਝ ਬਣਾਇਆ ਸੀ। ਪਰ ਐਨ ਮੌਕੇ 'ਤੇ ਉਸਨੇ ਆਉਣ ਤੋਂ ਨਾਂਹ ਕਹਿ ਦਿੱਤੀ—ਫ਼ੋਨ ਕਰ ਦਿੱਤਾ ਬਈ ਤਬੀਅਤ ਖ਼ਰਾਬ ਹੋ ਗਈ ਹੈ, ਅਚਾਨਕ। ਲਓ ਜੀ, ਇਹ ਤਾਂ ਬੜੇ ਮਾਯੂਸ (ਨਿਰਾਸ਼) ਹੋਏ—ਉਸ ਨੂੰ ਲੈ ਆਉਣ ਲਈ ਆਪ ਕਾਰ ਲੈ ਕੇ ਤੁਰ ਪਏ—ਫੇਰ ਵੀ ਉਹੀ ਮਾਯੂਸੀ ਹੀ ਹੱਥ ਲੱਗੀ। ਮੂੰਹ ਲਟਕਾਈ ਘਰ ਵਾਪਸ ਆਏ ਤੇ ਅੱਗੇ ਕੀ ਦੇਖਦੇ ਨੇ ਕਿ ਇਹਨਾਂ ਦਾ ਇਕ ਪੁਰਾਣਾ ਪਾਰਟਨਰ ਡਰਾਇੰਗ-ਰੂਮ ਵਿਚ ਬੈਠਾ ਏ ਉਸ ਨਾਲ ਠੇਕੇਦਾਰੀ ਦੇ ਮਾਮਲੇ ਵਿਚ ਕੋਈ ਝਗੜਾ ਚੱਲ ਰਿਹਾ ਸੀ—ਉਸ ਦਿਨ ਉਹ ਅਚਾਨਕ ਹੀ ਸੁਲ੍ਹਾ ਕਰਨ ਆ ਗਿਆ ਸੀ। ਖ਼ੈਰ ਜੀ, ਸੁਲਾਹ ਤਾਂ ਹੋ ਹੀ ਗਈ ਤੇ ਮੇਰਾ ਰਿੰਨ੍ਹਿਆਂ ਪਕਾਇਆ ਵੀ ਸਕਾਰਥ ਹੋ ਗਿਆ। ਇਹ ਵੀ ਬੜੇ ਖੁਸ਼ ਸਨ। ਉਸਦੇ ਮੂੰਹ ਉੱਤੇ ਈ ਕਹਿਣ ਲੱਗੇ, 'ਅੱਜ ਦੇ ਖਾਣੇ ਉੱਤੇ ਜਦੋਂ ਸਾਡੇ ਪੁਰਾਣੇ ਪਾਰਟਨਰ ਦੇ ਨਾਮ ਦੀ ਮੋਹਰ ਲੱਗੀ ਹੋਈ ਸੀ ਤਾਂ ਉਸਨੂੰ ਕੋਈ ਹੋਰ ਕਿਵੇਂ ਖਾ ਸਕਦਾ ਸੀ ਜੀ।'”
ਸਰਦਾਰ ਨੇ ਉੱਚੀ ਉੱਚੀ ਹੱਸਦਿਆਂ ਕਿਹਾ, “ਤੇ ਉਹ ਟੀਚਰ ਭੈਣਾ ਵਾਲਾ ਕਿੱਸ ?...ਉਹ ਵੀ ਤਾਂ ਸੁਣਾ ਜ਼ਰਾ ਇਹਨਾਂ ਨੂੰ। ਉਹ ਵੀ ਬੜਾ ਦਿਲਚਸਪ ਜੇ ਜੀ।”
“ਓ-ਜੀ...ਉਹ ਵੀ ਸੁਣ ਲਓ—ਸਾਡੇ ਗੁਆਂਢ ਵਿਚ ਦੋ ਭੈਣਾ ਰਹਿੰਦੀਆਂ ਨੇ...ਬੜੀਆਂ ਚੰਗੀਆਂ ਨੇ ਵਿਚਾਰੀਆਂ। ਨਾਲੇ ਬੜੀਆਂ ਈ ਮਿਲਾਪੜੀਆਂ। ਪਰ ਬਦਕਿਸਮਤੀ ਨਾਲ ਦੋਹਾਂ ਦੀ ਸ਼ਾਦੀ ਨਹੀਂ ਹੋ ਸਕੀ, ਚਾਲੀ-ਚਾਲੀ, ਪੰਤਾਲੀ-ਪੰਤਾਲੀ ਸਾਲਾਂ ਦੀਆਂ ਹੋ ਗਈਆਂ ਨੇ। ਆਪਣੇ ਘਰ ਈਦ-ਬਕਰੀਦ 'ਤੇ ਸਾਨੂੰ ਜ਼ਰੂਰ ਬੁਲਾਉਂਦੀਆਂ ਨੇ ਜੀ। ਸਾਡੇ ਨਾਲ ਉਹਨਾਂ ਦੀ ਬੜੀ ਪੁਰਾਣੀ ਸਾਂਝ ਏ ਜੀ। ਇਕ ਵਾਰੀ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਕਹਿੰਦੀਆਂ ਰਹੀਆਂ—'ਨਾ ਜੀ ਇਹ ਤਾਂ ਸਾਡਾ ਤਿਉਹਾਰ ਹੈ। ਜੀ ਤੁਸੀਂ ਹੀ ਆਇਓ।' ਪਰ ਅਸਾਂ ਵੀ ਜ਼ਿੱਦ ਕਰ ਲਈ ਸੀ, ਏਸ ਵਾਰੀ ਈਦ ਸਾਡੇ ਘਰ ਹੀ ਮਨਾਈ ਜਾਏਗੀ। ਇਸ ਵਿਚ ਹੁੰਦਾ ਈ ਕੀ ਏ ਭਲਾ—ਸੇਵੀਆਂ ਤੇ ਹੋਰ ਖਾਣੇ ਈ ਤਾਂ ਬਣਾਉਣੇ ਹੁੰਦੇ ਨੇ, ਉਹ ਸਭ ਕੁਝ ਬਣਾਉਣ ਮੈਂ ਵੀ ਜਾਣਦੀ ਵਾਂ। ਅਸਲ ਵਿਚ ਸੇਵੀਆਂ ਬਣਾਉਣੀਆਂ ਤਾਂ ਮੈਂ ਉਹਨਾਂ ਟੀਚਰ ਭੈਣਾ ਤੋਂ ਈ ਸਿਖੀਆਂ ਨੇ। ਖ਼ੈਰ ਜੀ, ਈਦ ਦਾ ਦਿਨ ਵੀ ਆ ਪਹੁੰਚਿਆ। ਅਸੀਂ ਮੇਜ਼ ਉੱਤੇ ਖਾਣਾ ਸਜਾਈ ਬੈਠੇ ਉਹਨਾਂ ਨੂੰ ਉਡੀਕਦੇ ਰਹੇ—ਬਈ ਹੁਣ ਆਉਂਦੀਐਂ, ਹੁਣ ਆਉਂਦੀਐਂ। ਉਡੀਕਦਿਆਂ ਨੂੰ ਜੀ, ਪੂਰੇ ਦੋ ਘੰਟੇ ਹੋ ਗਏ ਤਾਂ ਮੈਂ ਪ੍ਰੇਸ਼ਾਨ ਹੋ ਕੇ ਇਹਨਾਂ ਨੂੰ ਕਿਹਾ—'ਜਾ ਕੇ ਦੇਖੋ ਤਾਂ ਸਹੀ ਕੀ ਗੱਲ ਏ, ਆਈਆਂ ਕਿਉਂ ਨਹੀਂ ਹੁਣ ਤਕ?' ਤੇ ਜੀ ਉੱਥੇ ਪਹੁੰਚ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਘਰ ਤਾਂ ਮੁਰਾਦਾਬਾਦ ਤੋਂ ਕਈ ਰਿਸ਼ਤੇਦਾਰ ਅਚਾਨਕ ਆ ਗਏ ਨੇ, ਉੱਥੇ ਫਸਾਦ ਹੋਏ ਸਨ ਨਾ—ਵਿਚਾਰੇ ਮੁਸੀਬਤ ਦੇ ਮਾਰੇ ਬੱਚੇ, ਔਰਤਾਂ ਤੇ ਮਰਦ ਰਲਾ-ਮਿਲਾ ਕੇ ਪੂਰੇ ਪੰਦਰਾਂ ਜਣੇ।...ਤੇ ਦੋਹੇਂ ਟੀਚਰ ਭੈਣਾ ਪ੍ਰੇਸ਼ਾਨ ਸਨ ਤੇ ਮੱਥੇ 'ਤੇ ਹੱਥ ਧਰੀ ਬੈਠੀਆਂ ਸੋਚ ਰਹੀਆਂ ਸਨ ਕਿ 'ਉਹਨਾਂ ਲਈ ਖਾਣਾ ਬਣਾਈਏ ਜਾਂ ਸਾਡੇ ਘਰ ਈਦ ਦਾ ਪਹਿਲਾ ਪ੍ਰੀਤੀ ਭੋਜ ਕਰਨ ਜਾਈਏ...ਕੀ ਕਰੀਏ ਤੇ ਕੀ ਨਾ ਕਰੀਏ?' ਤੇ ਜੀ, ਇਹ ਸਾਡੇ, ਵੱਡੇ ਦਿਲ ਵਾਲੇ ਬੰਦੇ ਨੇ...ਸਾਰਿਆਂ ਨੂੰ ਅੱਗੇ ਲਾ ਲਿਆਏ। ਅਜਿਹੇ ਮੌਕੇ 'ਤੇ ਜ਼ਰਾ ਵੀ ਨਹੀਂ ਘਬਰਾਉਂਦੇ। ਕਹਿੰਦੇ 'ਚੱਲੋ ਚੱਲੋ ਸਾਡੇ ਘਰ, ਸਭ ਲਈ ਖਾਣਾ ਤਿਆਰ ਈ, ਵਾਹਿਗੁਰੂ ਦੀ ਬੜੀ ਕ੍ਰਿਪਾ ਜੇ।'...ਤੇ ਜੀ ਤੁਸੀਂ ਸੱਚ ਜਾਣਿਓਂ ਮੈਨੂੰ ਕੋਈ ਵੀ ਚੀਜ਼ ਦੁਬਾਰਾ ਨਹੀਂ ਸੀ ਬਣਾਉਣੀ ਪਈ। ਇੰਜ ਲੱਗਦਾ ਸੀ ਜਿਵੇਂ ਉਹਨਾਂ ਸਾਰਿਆਂ ਲਈ ਹੀ ਚਾੜ੍ਹੀ-ਪਕਾਈ ਬੈਠੀ ਸਾਂ। ਸਭਨਾਂ ਢਿੱਡ ਭਰ ਕੇ ਖਾਧਾ ਤੇ ਸੀਸਾਂ ਦੇਂਦੇ ਗਏ। ਉਹ ਦੋਹੇਂ ਟੀਚਰ ਭੈਣਾ ਵੀ ਖੁਸ਼ ਸਨ, ਬੜੀਆਂ ਖੁਸ਼ ਸਨ—ਤੁਸੀਂ ਆਪ ਸਮਝਦੇ ਓ।”
ਸਰਦਾਰ ਨੇ ਪੱਟ ਉੱਤੇ ਜ਼ੋਰਦਾਰ ਧੱਫਾ ਮਾਰਦਿਆਂ ਹੋਇਆਂ ਕਿਹਾ, “ਦੇਖਿਆ ਨਾ...ਹੁਣ ਤਾਂ ਯਕੀਨ ਕਰੋਗੇ ਹੀ ਕਿ ਕੋਈ ਕਿਸੇ ਦਾ ਹਿੱਸਾ ਨਹੀਂ ਖਾਂਦਾ। ਜੋ ਵੀ ਜਿਸਦੇ ਨਸੀਬ ਦਾ ਹੁੰਦੈ, ਉਸਨੂੰ ਉਹੀ ਖਾਂਦਾ ਜੇ ਤੇ ਜ਼ਰੂਰ ਖਾਂਦਾ ਜੇ। ਅੱਜ ਤੋਂ ਮੇਰੀ ਗੱਲ ਪੱਲੇ ਬੰਨ੍ਹ ਲਓ, ਤੇ ਲਓ ਅਹਿ ਸਿਓ ਖਾਓ। ਹੁਣ ਤਾਂ ਲਖ਼ਨਊ ਵਾਲਿਆਂ ਵਾਲੀ ਸੰਗ-ਝਿਜਕ ਨੂੰ ਇਕ ਪਾਸੇ ਰੱਖ ਦਿਓ ਬਾਦਸ਼ਾਹੋ।”
ਸਿਓ ਦੇ ਜਿੰਨੇ ਟੁਕੜੇ ਐਨੀ ਨੇ ਮੇਰੇ ਸਾਹਮਣੇ ਰੱਖੇ, ਮੈਂ ਚੁੱਪਚਾਪ ਖਾ ਗਿਆ ਸਾਂ ਤੇ ਹੈਰਾਨੀ ਨਾਲ ਉਸ ਸਰਦਾਰ ਵੱਲ ਦੇਖਦਾ ਰਿਹਾ ਸਾਂ—ਅਖ਼ਰੋਟ ਦੇ ਸਖ਼ਤ ਛਿੱਲੜ ਵਿਚੋਂ ਨਿਕਲੀ ਨਰਮ ਗਿਰੀ ਵਰਗਾ ਨਿਕਲਿਆ ਸੀ ਉਹ, ਇਕ ਦੂਜੀ ਹੀ ਕਿਸਮ ਦਾ ਬੰਦਾ।
ਅਚਾਨਕ ਉਹਨਾਂ ਦੇ ਲੜਕੇ ਨੇ ਪਾਸਾ ਪਰਤਿਆ ਤੇ ਦੋਏ ਉਸ ਉੱਤੇ ਝੁਕ ਗਏ। ਸਰਦਾਰ ਨੇ ਕਿਹਾ, “ਸਿਓ ਖਾਏਂਗਾ? ਖਾ ਲੈ ਪੁੱਤਰਾ, ਬੜਾ ਮਿੱਠਾ ਤੇ ਪੋਲਾ ਪੋਲਾ ਈ।”
ਪਰ ਮੁੰਡਾ ਫੇਰ ਸੌਂ ਗਿਆ ਸੀ।
ਜਦੋਂ ਸਰਦਾਰ ਮੇਰੇ ਕੋਲ ਆਣ ਕੇ ਬੈਠਿਆ ਤਾਂ ਮੈਂ ਪੁੱਛਿਆ, “ਉਂਜ ਕਾਕਾ ਠੀਕ ਤਾਂ ਹੈ?”
“ਬਸ ਜੀ ਵਾਹਿਗੁਰੂ ਦੀ ਕਿਰਪਾ ਜੇ,” ਉਸਨੇ ਬੜੇ ਠਰ੍ਹੰਮੇਂ ਨਾਲ ਕਿਹਾ ਤੇ ਚੁੱਪ ਹੋ ਗਿਆ। ਪਰ ਮੈਨੂੰ ਉਲਝਣ ਵਿਚ ਵੇਖ ਕੇ ਐਨੀ ਬੋਲੀ...:
“ਜਦੋਂ ਸਾਡਾ ਕਾਕਾ ਜੰਮਿਆਂ ਸੀ, ਬੜਾ ਕਮਜ਼ੋਰ ਸੀ। ਡਾਕਟਰ ਨੇ ਕਿਹਾ ਸੀ, 'ਇਹਦੇ ਦਿਲ ਵਿਚ ਛੇਕ ਹੈ, ਜਦੋਂ ਤੀਕ ਅਪ੍ਰੇਸ਼ਨ ਨਹੀਂ ਹੁੰਦਾ, ਇਹ ਠੀਕ ਨਹੀਂ ਹੋਏਗਾ।' ਚਾਰ ਸਾਲਾਂ ਦਾ ਹੋਇਆ ਤਾਂ ਅਸੀਂ ਇਸਨੂੰ ਵਲਵਰ ਲੈ ਗਏ। ਉਦੋਂ ਸਾਊਥ ਇੰਡੀਆਂ ਵਿਚ ਉਹੀ ਸਭ ਤੋਂ ਵੱਡਾ ਹਸਪਤਾਲ ਹੁੰਦਾ ਸੀ ਤੇ ਦੂਰੋਂ ਦੂਰੋਂ ਦਿਲ ਦੇ ਮਰੀਜ਼ ਲਿਆਏ ਜਾਂਦੇ ਸਨ। ਸਾਡੇ ਨਿੱਕੇ ਦਾ ਅਪ੍ਰੇਸ਼ਨ ਤਾਂ ਕਾਮਯਾਬ ਹੋ ਗਿਆ ਪਰ ਵੱਡੇ ਡਾਕਟਰ ਹੁਰਾਂ ਨੇ ਦੱਸਿਆ ਕਿ ਇਕ ਅਪ੍ਰੇਸ਼ਨ ਹੋਰ ਕਰਨਾ ਪਏਗਾ, ਜਿਹੜਾ ਪੰਦਰਾਂ ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਹੋ ਸਕਦਾ। ਉਦੋਂ ਫੇਰ ਲੈ ਆਉਣਾ। ਅੱਜ ਕੱਲ੍ਹ ਉਹੀ ਡਾਕਟਰ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਵਿਚ ਜੇ। ਸਾਡੇ ਕੋਲ ਉਹਨਾਂ ਦਾ ਖ਼ਤ ਵੀ ਆਇਆ ਈ। ਉੱਥੇ ਜਾਣ ਤੋਂ ਪਹਿਲਾਂ ਅਸੀਂ ਦਰਬਾਰ ਸਾਹਬ ਦੇ ਦਰਸ਼ਨਾ ਲਈ ਜਾ ਰਹੇ ਵਾਂ—ਅੰਮ੍ਰਿਤਸਰ।” ਕਹਿੰਦਿਆਂ ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ ਸਨ।
ਵਾਹਿਗੁਰੂ, ਵਾਹਿਗੁਰੂ' ਬੋਲਦਿਆਂ ਸਰਦਾਰ ਨੇ ਆਪਣੀਆਂ ਸਿੱਜਲ ਅੱਖਾਂ ਨਾਲ ਆਪਣੀ ਪਤਨੀ ਵੱਲ ਤੱਕਿਆ ਸੀ ਤੇ ਫੇਰ ਮੈਥੋਂ ਪੁੱਛਿਆ ਸੀ, “ਤੁਸੀਂ ਵੀ ਅੰਮ੍ਰਿਤਸਰ ਜਾ ਰਹੇ ਹੋ ਜੀ?”
“ਮੈਂ ਲਾਹੌਰ ਜਾ ਰਿਹਾਂ...।”
“ਅੱਛਾ ਜੀ! ਤਾਂ ਤੁਸੀਂ ਪਾਕਿਸਤਾਨ ਦੇ ਰਹਿਣ ਵਾਲੇ ਓ?”
ਲਾਹੌਰ ਦਾ ਨਾਂ ਸੁਣ ਕੇ ਦੋਏ ਹੈਰਾਨੀ ਨਾਲ ਤ੍ਰਬਕੇ ਸਨ ਤੇ ਐਨੀ ਕਈ ਪਲ ਤਕ ਮੇਰੇ ਵੱਲ ਤੱਕਦੀ ਰਹੀ ਸੀ।
“ਕਦੀ ਉੱਥੋਂ ਦਾ ਹੀ ਹੁੰਦਾ ਸਾਂ, ਵੰਡ ਸਮੇਂ ਏਧਰ ਆ ਗਿਆਂ,” ਕਹਿੰਦਿਆਂ ਹੋਇਆਂ ਮੈਨੂੰ ਮਹਿਸੂਸ ਹੋਇਆ ਸੀ ਕਿ ਇਹ ਰਹੱਸ ਖੁੱਲ੍ਹਣ ਪਿੱਛੋਂ ਕਿ ਮੈਂ ਵੀ ਉਹਨਾਂ ਦਾ ਇਲਾਕਾਈ ਭਰਾ ਹਾਂ, ਸਾਡੀਆਂ ਗੱਲਾਂ ਦੀ ਦਿਲਚਸਪੀ ਮੁੱਕ ਜਾਏਗੀ—ਪਰ ਇੰਜ ਨਹੀ ਸੀ ਹੋਇਆ। ਐਨੀ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਸੀ...:
“ਤੁਸੀਂ ਲਾਹੌਰ ਵਿਚ ਕਿੱਥੇ ਰਹਿੰਦੇ ਸੌ?”
ਕਦੇ ਕਦੇ ਇੰਜ ਵੀ ਹੁੰਦਾ ਹੈ ਕਿ ਆਪਣੇ ਸਵਾਲ ਦਾ ਜਵਾਬ ਵੀ ਸਵਾਲ ਵਿਚੋਂ ਹੀ ਲੱਭ ਪੈਂਦਾ ਹੈ—ਮੈਨੂੰ ਉਸਦੀਆਂ ਅੱਖਾਂ ਵਿਚ ਹੈਰਾਨੀ ਤੇ ਖੁਸ਼ੀ ਦੇ ਪਰਦੇ ਇੱਕੋ ਸਮੇਂ ਸਰਕਦੇ ਦਿਖਾਈ ਦਿੱਤੇ, “ਤੁਸੀਂ ਮਿੰਟ ਗੁਮਰੀ ਪਾਰਕ ਕੋਲ ਰਹਿੰਦੇ ਸੀ ਨਾ? ਸਾਡੇ ਮਕਾਨ ਦੇ ਬਿਲਕੁਲ ਸਾਹਮਣੇ—ਜਿੱਥੇ ਤਿਕੋਨਾ ਪਾਰਕ ਹੁੰਦਾ ਸੀ?”
ਤੇ ਮੈਂ ਅਚਾਨਕ ਹੀ ਜਿਵੇਂ ਯਾਦਾਂ ਦੀ ਧੁੰਦ ਦੀਆਂ ਕਈ ਤੈਹਾਂ ਨੂੰ ਪਾੜ ਕੇ ਤਿਕੋਨੇ ਪਾਰਕ ਵਾਲੇ ਆਪਣੇ ਹੁਜਰੇ ਵਰਗੇ ਇੱਕੋ ਇਕ ਕਿਰਾਏ ਦੇ ਕਮਰੇ ਵਿਚ ਜਾ ਪਹੁੰਚਿਆ ਸਾਂ। ਹੀਰਾ ਨੰਦ ਸੋਜ ਵੀ ਮੇਰੇ ਨਾਲ ਹੀ ਰਹਿੰਦਾ ਹੁੰਦਾ ਸੀ। ਅਸੀਂ ਰੇਲਵੇ ਦੀਆਂ ਵੱਖ ਵੱਖ ਵਰਕਸ਼ਾਪਾਂ ਵਿਚ ਅਪਰੈਂਟਸਸ਼ਿਪ ਕਰ ਰਹੇ ਸਾਂ। ਸਵੇਰੇ ਸਵਖਤੇ ਹੀ ਜਦੋਂ ਲੋਕੀ ਹਵਾ ਖੋਰੀ ਕਰਨ ਵਾਸਤੇ ਆਪਣੇ ਆਪ ਨੂੰ ਗਰਮ ਕੱਪੜਿਆਂ ਵਿਚ ਲਪੇਟ ਕੇ ਨਿਕਲਦੇ ਹੁੰਦੇ ਸਨ, ਅਸੀਂ ਤੇਲ ਨਾਲ ਦਾਗੋ-ਦਾਗ ਹੋਏ ਕੱਪੜਿਆਂ, ਬੂਟਾਂ ਤੇ ਹੈਟਾਂ ਵਿਚ ਸਜੇ ਮੁਗਲਪੁਰੇ ਵੱਲ ਜਾ ਰਹੇ ਹੁੰਦੇ ਸਾਂ। ਹਜ਼ਾਰਾਂ ਆਦਮੀਆਂ ਤੇ ਮਸ਼ੀਨਾਂ ਦੇ ਕੰਨ ਪਾੜਵੇਂ ਰੌਲੇ, ਇੰਜਨਾਂ ਦੀਆਂ ਚੀਕਾਂ, ਲੋਹੇ ਦੇ ਜੰਗ ਖਾਧੇ ਢਾਂਚਿਆਂ, ਧੂੰਏਂ ਤੇ ਧੂੜ ਦੀ ਹਵਾੜ੍ਹ ਵਿਚਕਾਰ ਅੱਠ ਘੰਟੇ ਬਿਤਾਅ ਕੇ ਜਦੋਂ ਅਸੀਂ ਵਾਪਸ ਆਉਂਦੇ ਤਾਂ ਸਾਡੇ ਦਿਲ ਦਿਮਾਗ਼ ਲਾਹੌਰ ਦੇ ਹੁਸਨ ਤੇ ਰੁਮਾਂਟਿਕ ਮਾਹੌਲ ਵਿਚ ਪਰਤ ਆਉਣ ਦੀ ਖੁਸ਼ੀ ਨਾਲ ਭਰਪੂਰ ਹੁੰਦੇ। ਸਾਡੀ ਉੱਨੀ-ਵੀਹ ਸਾਲ ਦੀ ਉਸ ਉਮਰ ਦਾ ਜ਼ਮਾਨਾ ਸਾਡੇ ਸਾਹਿਤਕ ਰੁਝਾਨ ਦੀ ਪ੍ਰਫੁੱਲਤਾ ਲਈ ਬੜਾ ਢੁਕਵਾਂ ਸਿੱਧ ਹੋਇਆ ਸੀ—ਦੇਖਣਾ, ਮਹਿਸੂਸ ਕਰਨਾ, ਨਿੱਕੀ ਨਿੱਕੀ ਗੱਲ ਲਈ ਤਰਸਣਾ ਤੇ ਕੁਝ ਲਿਖਣ ਲਈ ਆਪਣੇ ਆਪ ਨੂੰ ਹਰ ਵੇਲੇ ਤਿਆਰ-ਬਰ-ਤਿਆਰ ਪਾਉਣਾ, ਸਾਡੇ ਲਈ ਇਕ ਅਣ-ਦੇਖੀ ਦੁਨੀਆਂ ਨੂੰ ਲੱਭ ਲੈਂਣ ਬਾਰਬਰ ਹੁੰਦਾ ਸੀ। ਮੈਂ ਸੋਜੀ (ਆਪਣੇ ਸਾਥੀ ਨੂੰ ਮੈਂ ਇਸੇ ਨਾਂ ਨਾਲ ਬੁਲਾਉਂਦਾ ਸਾਂ) ਨੂੰ ਇਸ਼ਾਰੇ ਨਾਲ ਦਿਖਾਇਆ—'ਐਧਰ ਦੇਖ ਯਾਰ, ਪੱਠਾ ਇਕ ਹੋਰ ਜ਼ਨਾਨੀ ਲੈ ਆਇਐ। ਟੋਟਾ ਏ, ਨਿਰਾ ਟੋਟਾ।'
ਸਾਹਮਣੇ ਮਕਾਨ ਦੀ ਦੂਜੀ ਮੰਜ਼ਿਲ ਦੇ ਲੋਹੇ ਦੇ ਛੱਜੇ ਵਿਚ ਚੰਨ ਵਰਗੀ ਨਵੀਂ ਜ਼ਨਾਨੀ ਨਾਲ ਖੜ੍ਹਾ ਇਕ ਲੰਮਾਂ, ਉੱਚਾ, ਬਾਂਕਾ ਸਰਦਾਰ ਕਿਸੇ ਗੱਲ ਉੱਤੇ ਉੱਚੀ ਉੱਚੀ ਹੱਸ ਰਿਹਾ ਸੀ। ਪਰ ਉਹਨੀਂ ਦਿਨੀ ਅਸੀਂ ਉਸਦੀ ਪਹਿਲੀ ਪਤਨੀ ਬਾਰੇ ਕੁਝ ਜ਼ਿਆਦਾ ਹੀ ਸੋਚ ਰਹੇ ਸਾਂ। ਉਹ ਉਮਰ ਵਿਚ ਸਰਦਾਰ ਨਾਲੋਂ ਵੱਡੀ ਜਾਪਦੀ ਸੀ। ਅਸੀਂ ਲੰਘਦੇ-ਟੱਪਦੇ ਉਸ ਵੱਲ ਗੌਰ ਨਾਲ ਦੇਖਦੇ ਹੁੰਦੇ ਸਾਂ ਤੇ ਉਹ ਆਪਣੀ ਐਨਕ ਦੇ ਸ਼ੀਸ਼ਿਆਂ ਪਿੱਛੋਂ ਬੜੀਆਂ ਕੁਸੈਲੀਆਂ ਨਜ਼ਰਾਂ ਨਾਲ ਸਾਨੂੰ ਘੂਰਦੀ ਹੁੰਦੀ ਸੀ।
“ਮੈਂ ਤੇ ਤੁਹਾਨੂੰ ਪਛਾਣ ਹੀ ਨਹੀਂ ਸਕਿਆ ਜੀ—ਮੁੱਦਤਾਂ ਹੋ ਗਈਆਂ ਨੇ, ਚਿਹਰੇ ਬਦਲ ਗਏ ਨੇ, ਉਮਰਾਂ ਢਲ ਗਈਆਂ ਨੇ—ਪਹਿਲਾਂ ਜਿਹਨਾਂ ਦੇ ਵਾਲ ਸ਼ਾਹ ਕਾਲੇ ਹੁੰਦੇ ਸਨ, ਹੁਣ ਚਿੱਟੇ ਬਰਫ਼ ਹੋਏ ਹੋਏ ਨੇ। ਖ਼ੈਰ ਜੀ, ਉਹ ਜ਼ਮਾਨਾ ਬੜਾ ਖ਼ੂਬ ਹੁੰਦਾ ਸੀ—ਬੜਾ ਈ ਵਧੀਆਂ,” ਫੇਰ ਸਰਦਾਰ ਨੂੰ ਜਿਵੇਂ ਅਚਾਨਕ ਹੀ ਕੁਝ ਚੇਤੇ ਆ ਗਿਆ ਹੋਵੇ...ਉਹ ਉਠਿਆ ਤੇ ਉਪਰਲੀ ਬਰਥ ਉੱਤੇ ਪਏ ਬਰੀਫ਼ ਕੇਸ ਵਿਚੋਂ ਇਕ ਬੋਤਲ ਕੱਢ ਲਿਆਇਆ।...ਤੇ ਕਹਿਣ ਲੱਗਾ, “ਓ-ਜੀ, ਤੁਸੀਂ ਤਾਂ ਲਾਹੌਰ ਕੱਲ੍ਹ ਤੀਕ ਪਹੁੰਚੋਗੇ—ਤੇ ਆਪਾਂ ਅੱਜੋ, ਏਥੇ ਆਪਣਾ ਲਾਹੌਰ ਵਸਾਅ ਲੈਂਦੇ ਵਾਂ। ਏ ਐਨੀ, ਜ਼ਰਾ ਟੋਕਰੀ ਵਿਚੋਂ ਦੋ ਗ਼ਲਾਸ ਤਾਂ ਕੱਢ ਤੇ ਫਲਾਸਕ ਵਿਚ ਠੰਡਾ ਪਾਣੀ ਵੀ ਹੋਏਗਾ...” ਕਿਸੇ ਸਮਝਦਾਰ ਪਤਨੀ ਵਾਂਗ ਹੀ ਉਸਨੇ ਇਤਰਾਜ਼ ਕਰਨਾ ਵੀ ਆਪਣਾ ਹੱਕ ਸਮਝਿਆ, “ਗੱਡੀ ਵਿਚ ਹੁਲੜ ਕਰਨਾ ਮੁਨਾਸਿਬ ਹੋਏਗਾ?”
“ਕੀ ਕਰੀਏ? ਲਾਹੌਰ ਦਾ ਜ਼ਿਕਰ ਸੁਣ ਕੇ ਰਿਹਾ ਹੀ ਨਹੀਂ ਜਾਂਦਾ ਪਿਆ—ਲਿਆ, ਝੱਟ ਪੱਟ ਕੱਢ ਦੇ ਗ਼ਲਾਸ, ਬਾਊ ਜੀ ਹੁਰੀਂ ਵੀ ਕੀ ਯਾਦ ਕਰਨਗੇ—ਲਾਹੌਰ ਦੇ ਰਿਸ਼ਤੇ ਕਿੰਨੇ ਮਜ਼ਬੂਤ ਹੁੰਦੇ ਨੇ।”
ਉਸਨੇ ਦੋ ਗਲਾਸਾਂ ਵਿਚ ਪਾ ਕੇ ਇਕ ਮੇਰੇ ਹੱਥ ਫੜਾਂਦਿਆਂ ਕਿਹਾ, “ਫੜ੍ਹ ਉਇ ਬਾਊ,” ਤੇ ਆਪ ਆਪਣਾ ਗ਼ਲਾਸ ਚੁੱਕ ਕੇ ਬੋਲਿਆ, “ਲਾਹੌਰ ਦੇ ਨਾਮ।” ਤੇ ਗਟਾਗਟ ਪੀ ਗਿਆ।
ਮੇਰਾ ਇੰਤਜ਼ਾਰ ਕੀਤੇ ਬਗ਼ੈਰ ਹੀ ਉਹ ਅੱਧਾ ਗਲਾਸ ਹੋਰ ਚੜ੍ਹਾ ਗਿਆ ਤੇ ਬੋਲਿਆ, “ਲਾਹੌਰ...ਮੈਨੂੰ ਏਸ ਕਰਕੇ ਨਹੀਂ ਭੁੱਲਦਾ ਕਿ ਮੇਰੀ ਜ਼ਿੰਦਗੀ ਦੀ ਜੱਦੋ-ਜਹਿਦ ਉੱਥੋਂ ਹੀ ਸ਼ੁਰੂ ਹੋਈ ਸੀ—ਉਸੇ ਸ਼ਹਿਰ ਨੇ ਮੈਨੂੰ ਜਿਉਂਦੇ ਰਹਿਣ 'ਤੇ, ਤੇ ਨਵੇਂ ਸਿਰਿਓਂ ਜੀਵਨ-ਜੰਗ ਲੜਨ ਲਈ ਪ੍ਰੇਰਿਆ ਸੀ। ਮੈਂ ਲਾਹੌਰ ਦਾ ਸ਼ੁਕਰਗੁਜ਼ਾਰ ਵਾਂ, ਕਿਉਂਕਿ ਹੁਣ ਮੈਂ ਜੋ ਕੁਝ ਵੀ ਹਾਂ, ਉਸ ਪਿੱਛੇ ਲਾਹੌਰੀ ਖ਼ੂਨ ਦਾ ਬੜਾ ਵੱਡਾ ਹੱਥ ਜੇ, ਜੋ ਅੱਜ ਵੀ ਮੇਰੀਆਂ ਰਗਾਂ ਵਿਚ ਦੌੜਦਾ ਪਿਆ ਈ।”
ਮੇਰੇ ਹੱਥ ਵਿਚ ਫੜ੍ਹੇ ਗਲਾਸ ਵੱਲ ਦੇਖ ਕੇ ਉਸਨੇ ਨਕਲੀ ਜਿਹੇ ਗੁੱਸੇ ਨਾਲ ਕਿਹਾ ਸੀ, “ਓ ਬਾਊ, ਹੁਣ ਤਕ ਇਸਨੂੰ ਲਈ ਓ ਬੈਠੈਂ...ਮੁਕਾਅ ਤੇ ਦੂਜਾ ਬਣਾਈਏ।”
ਐਨੀ ਜੋ ਹੁਣ ਤਕ ਸਾਡੇ ਵੱਲ ਬੜੀ ਦਿਲਚਸਪੀ ਨਾਲ ਦੇਖ ਰਹੀ ਸੀ, ਬੋਲੀ, “ਇਹਨਾਂ ਦੇ ਮਾਂ-ਬਾਪ ਤਾਂ ਸੱਖਰ ਵਿਚ ਰਹਿੰਦੇ ਸਨ, ਪਰ ਇਹ ਜ਼ਿਆਦਾ ਸਮਾਂ ਲਾਹੌਰ ਵਿਚ ਹੀ ਰਹੇ ਨੇ।”
“ਓ ਜੀ, ਪਹਿਲੇ ਦਸ ਸਾਲ ਹੀ ਸਾਨੂੰ ਆਪਣੇ ਭਾਪੇ ਨਾਲ ਰਹਿਣੇ ਨਸੀਬ ਹੋਏ ਸਨ, ਤੇ ਬੱਸ। ਉਹ ਰੇਲਵੇ ਡਰਾਈਵਰ ਸਨ—ਜਗ੍ਹਾ ਜਗ੍ਹ੍ਹਾ ਬਦਲੀਆਂ ਹੁੰਦੀਆਂ ਰਹਿੰਦੀਆਂ—ਕਦੇ ਕਰਾਚੀ, ਕਦੇ ਕੋਇਟਾ। ਫੋਰਟ ਅੰਡੇਮਾਨ, ਇਰਾਨ ਦੇ ਬਾਰਡਰ ਦੇ ਜ਼ਾਹਦਾਨ ਵਿਚ ਵੀ ਰਹੇ। ਜਦ ਸਾਡੀ ਮਾਂ ਨੇ, ਵਾਹਿਗੁਰੂ ਉਸਦਾ ਸਵਰਗ 'ਚ ਵਾਸਾ ਕਰੇ, ਧੜਾ ਧੜ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੈ, ਉਹਨਾਂ ਨੇ ਸਭਨਾਂ ਨੂੰ ਲਾਹੌਰ ਵਿਚ ਇਕ ਮਕਾਨ ਲੈ ਦਿੱਤਾ, ਕਿਹਾ 'ਹੁਣ ਏਥੇ ਹੀ ਰਹਿ ਕੇ ਪਲੋ, ਵੱਡੇ ਹੋਵੋ ਤੇ ਪੜ੍ਹੋ', ਰਿਟਾਇਰਡ ਹੋਣ ਤੋਂ ਕੁਝ ਸਾਲ ਪਹਿਲਾਂ ਉਹ ਵੀ ਡਿਊਟੀ-ਕੰਟਰੋਲਰ ਬਣ ਕੇ ਲਾਹੌਰ ਆ ਗਏ ਸਨ। 'ਹੁਣ ਕਿਤੇ ਨਹੀਂ ਜਾਵਾਂਗਾ, ਏਥੇ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਾਂਗਾ—ਇਹਨਾਂ ਦੇ ਵਿਆਹ ਕਰਾਂਗਾ।' ਪਰ ਅਜੇ ਤਿੰਨ ਵੱਡੇ ਮੁੰਡਿਆਂ ਨੂੰ ਹੀ ਠਿਕਾਣੇ ਲਾ ਸਕੇ ਸਨ ਕਿ ਵਾਹਿਗੁਰੂ ਨੇ ਆਪਣੇ ਕੋਲ ਬੁਲਾ ਲਿਆ, ਉਹਨਾਂ ਨੂੰ। ਤਿੰਨ ਮੁੰਡੇ ਤੇ ਤਿੰਨ ਕੁੜੀਆਂ ਅਜੇ ਬਾਕੀ ਸਨ। ਉਹਨਾਂ ਵਿਚ ਮੈਂ ਸਭ ਤੋਂ ਵੱਡਾ ਸਾਂ। ਸਾਡੀ ਮਾਂ ਬੜੀ ਹੌਸਲੇ ਵਾਲੀ ਜ਼ਨਾਨੀ ਸੀ ਜੀ। ਉਸਨੂੰ ਦੇਖ ਕੇ ਮੈਂ ਵੀ ਸਹੂੰ ਖਾ ਲਈ ਕਿ ਪਹਿਲਾਂ ਭੈਣ-ਭਰਾਵਾਂ ਦੀ ਪੜ੍ਹਾਈ ਮੁਕੰਮਲ ਕਰਾਵਾਂਗਾ। ਉਹਨਾਂ ਦੇ ਵਿਆਹ ਕਰਾਂਗਾ, ਫੇਰ ਆਪਣੇ ਬਾਰੇ ਕੁਝ ਸੋਚਾਂਗਾ। ਉਸੇ ਜ਼ਮਾਨੇ ਵਿਚ ਵੱਡੇ ਤਿੰਨੇ ਕਨੇਡਾ, ਅਮਰੀਕਾ ਵੱਲ ਨਿਕਲ ਗਏ ਸਨ। ਉਹਨਾਂ ਪਲਟ ਕੇ ਕਦੇ ਸਾਰ ਨਹੀਂ ਲਈ। ਖ਼ੈਰ ਜੀ, ਈਸ਼ਵਰ ਨੇ ਬੜੀ ਕਿਰਪਾ ਕੀਤੀ—ਛੋਟੇ ਭੈਣ-ਭਰਾ ਸਾਰੇ ਹੀ ਮਿਹਨਤੀ ਸਨ, ਪੜ੍ਹਨ ਤੋਂ ਜੀਅ ਨਹੀਂ ਸਨ ਚੁਰਾਉਂਦੇ। ਕੋਈ ਇੰਜੀਨੀਅਰ ਦੀ ਘਰ ਵਾਲੀ ਬਣ ਗਈ, ਕੋਈ ਬਿਜਨੈਸ ਮੈਨ ਦੀ। ਜਿਹੜੀ ਡਾਕਟਰੀ ਪੜ੍ਹ ਰਹੀ ਸੀ, ਉਸਨੇ ਆਪੁ ਇਕ ਡਾਕਟਰ ਨਾਲ ਲਵ ਮੈਰਿਜ ਕਰ ਲਈ। ਦੋ ਭਰਾਵਾਂ ਵਿਚੋਂ ਇਕ ਫਾਰਨ ਸਰਵਿਸ ਵਿਚ ਜੇ, ਦੂਜੇ ਦਾ ਮੋਟਰ ਪਾਰਟਸ ਦਾ ਬਿਜਨੈਸ ਈ ਤੇ ਆਪਣਾ ਵੀ ਜੀ। ਉਦੋਂ ਤੀਕ ਮੇਰੀ ਉਮਰ ਬੱਤੀ ਸਾਲ ਤੋਂ ਉੱਤੇ ਹੋ ਗਈ ਸੀ ਜੀ। ਨਿੱਕੀਆਂ ਮੋਟੀਆਂ ਨੌਕਰੀਆਂ ਕਰਦੇ ਦੇ, ਦਾੜ੍ਹੀ ਮੁੱਛਾਂ ਵਿਚ ਧੌਲੇ ਆਉਣ ਲੱਗ ਪਏ ਸਨ, ਤੇ ਜੀ, ਮੈਨੂੰ ਆਪਣੀ ਕੁੜੀ ਦੇਣ ਲਈ ਕੋਈ ਤਿਆਰ ਨਹੀਂ ਸੀ ਹੁੰਦਾ।”
“ਇਹ ਕੀ ਰਮਾਇਣ ਖੋਲ੍ਹ ਬੈਠੇ ਓ ਤੁਸੀਂ?” ਅਚਾਨਕ ਉਸਦੀ ਘਰ ਵਾਲੀ ਨੇ ਉਸਨੂੰ ਟੋਕਿਆ।
“ਬਈ ਇਹ ਰਮਾਇਣ ਹੀ ਤਾਂ ਸਾਡੀ ਜ਼ਿੰਦਗੀ ਜੇ। ਐਨੀ, ਰਾਮ ਨੂੰ ਅਯੋਧਿਆ ਵਿਚੋਂ ਬਨਵਾਸ ਮਿਲਿਆ ਸੀ ਤੇ ਸਾਨੂੰ ਲਾਹੌਰ ਵਿਚੋਂ। ਉਹ ਤਾਂ ਲੰਕਾ ਫਤਹਿ ਕਰਕੇ ਆਪਣੇ ਘਰੀਂ ਮੁੜ ਆਏ ਸਨ, ਪਰ ਅਸੀਂ ਇੰਜ ਸੋਚ ਵੀ ਨਹੀਂ ਸਕਦੇ, ਕੋਈ ਸੰਭਾਵਨਾ ਹੀ ਨਹੀਂ। ਸਾਨੂੰ ਆਪਣੇ ਬੀਤੇ ਨੂੰ ਦੁਹਰਾਉਣ ਦਾ ਤਾਂ ਹੱਕ ਹੈ ਨਾ, ਜੋ ਲਾਹੌਰ ਨਾਲ ਜੁੜਿਆ ਹੋਇਆ ਜੇ!”
ਮੇਰੇ ਵੱਲ ਭੌਂ ਕੇ ਉਹ ਫੇਰ ਕਹਿਣ ਲੱਗਾ, “ਤਾਂ, ਹਾਂ ਬਾਊ ਜੀ, ਮੈਂ ਕਹਿ ਰਿਹਾ ਸਾਂ, ਕੋਈ ਮੈਨੂੰ ਆਪਣੀ ਧੀ ਦੇਣ ਲਈ ਤਿਆਰ ਨਹੀਂ ਸੀ...ਉਧਰ ਮੇਰੀ ਮਸੇਰ ਭੈਣ ਕੁਆਰੀ ਬੈਠੀ ਸੀ...ਖਾਸੀ ਉਮਰ ਹੋ ਗਈ ਸੀ ਉਸ ਵਿਚਾਰੀ ਦੀ। ਮੈਨੂੰ ਵੇਖਦਿਆਂ ਸਾਰ ਸਾਡੀ ਮਾਸੀ ਨੇ ਆਪਣੀ ਭੈਣ ਸਾਹਮਣੇ ਝੋਲੀ ਅੱਡ ਲਈ, ਤੇ ਕਿਹਾ, 'ਮੁਸਲਮਾਨਾ ਨੂੰ ਤਾਂ ਕੋਈ ਕੁਝ ਨਹੀਂ ਆਖਦਾ। ਰਿਸ਼ਤੇਦਾਰੀਆਂ ਵਿਚ ਹੀ ਵਿਆਹ ਕਰ ਦੇਂਦੇ ਨੇ। ਕਾਹਦੀ ਬੁਰਾਈ ਏ—ਮਾਂਵਾਂ ਅਲੱਗ ਅਲੱਗ ਨੇ ਤੇ ਪਿਓ ਵੀ। ਮੇਰੀ ਮੰਨੇ ਤਾਂ ਹੁਣੇ ਮੰਗਣੀ ਕਰ ਦੇਈਏ।' ਤੇ ਜੀ ਸਾਡੀ ਮਾਂ ਨੇ ਉਸਦੀ ਮੰਨ ਲਈ। ਅਸੀਂ ਵੀ ਆਪਣੀ ਮਾਂ ਦਾ ਦਿਲ ਰੱਖਣ ਲਈ ਮੰਨ ਗਏ—ਭਾਵੇਂ ਉਹ ਕੁੜੀ ਬਿਲਕੁਲ ਪਸੰਦ ਨਹੀਂ ਸੀ। ਜੇ ਕਿਸੇ ਕੁੜੀ ਨੇ ਮੇਰੇ ਦਿਲ ਵਿਚ ਕਦੇ ਕੋਈ ਥਾਂ ਬਣਾਈ ਜੇ ਤਾਂ ਉਹ ਵੇ ਐਨੀ—ਅਹਿ ਜਿਹੜੀ ਤੁਹਾਡੇ ਸਾਹਮਣੇ ਬੈਠੀ ਹੋਈ ਜੇ।”
ਉਸਨੇ ਆਪਨੀ ਪਤਨੀ ਵੱਲ ਬੜੇ ਪਿਆਰ ਨਾਲ ਦੇਖਿਆ। ਉਹ ਇਸ ਉਮਰ ਵਿਚ ਵੀ ਸ਼ਰਮਾਅ ਗਈ ਤੇ ਲੱਗੀ ਅੱਖਾਂ ਹੀ ਅੱਖਾਂ ਵਿਚ ਉਸਨੂੰ ਘੂਰਕਣ, “ਬੱਸ ਹੁਣ ਹੋਰ ਕੁਝ ਨਾ ਦੱਸਿਓ।” ਪਰ ਉਸਨੇ ਆਪਣੀ ਰਾਮ ਕਹਾਣੀ ਜਾਰੀ ਰੱਖੀ ਤੇ ਘੁੱਟ ਘੁੱਟ ਪੀਂਦਾ ਵੀ ਰਿਹਾ।
“ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਟਰੱਕ ਡਰਾਈਵਰੀ ਵੀ ਕੀਤੀ ਜੇ। ਦੂਰੋਂ ਦੂਰੋਂ ਤੇਲ ਦੇ ਡਰਮ ਲੱਦ ਕੇ ਲਾਹੌਰ ਦੇ ਕਾਰਖ਼ਾਨਿਆਂ ਵਿਚ ਪਹੁੰਚਾਂਦਾ ਰਿਹਾ ਵਾਂ। ਇਕ ਵਾਰੀ ਲਾਹੌਰ ਦੇ ਮੁਗਲਪੁਰਾ ਪੁਲ ਉੱਤੇ ਮੇਰਾ ਟਰੱਕ ਉਲਟ ਗਿਆ—ਸਾਰੇ ਡਰੰਮ ਰੁੜ੍ਹ ਗਏ। ਕਾਲੇ ਮੋਬਲਆਇਲ ਦਾ ਦਰਿਆ ਵਗ ਤੁਰਿਆ। ਦਫ਼ਤਰਾਂ ਨੂੰ ਜਾ ਰਹੇ ਬਾਊ ਤੇ ਪੜ੍ਹਨ ਜਾ ਰਹੇ ਬੱਚੇ¸ਅਣਗਿਣਤ ਲੋਕ, ਮੇਰੇ ਸਾਹਮਣੇ, ਉਸ ਉੱਤੋਂ ਤਿਲ੍ਹਕ ਤਿਲ੍ਹਕ ਡਿੱਗੇ। ਉਹ ਸੀਨ ਮੈਨੂੰ ਅੱਜ ਵੀ ਯਾਦ ਈ।...ਤੇ ਯਾਦ ਇਸ ਕਰਕੇ ਈ ਕਿ ਉਸ ਦਿਨ ਹੀ ਮੇਰੀ ਮੰਗਣੀ ਹੋਈ ਸੀ ਤੇ ਮੈਨੂੰ ਠਾਣੇ ਫੜਾ ਦਿੱਤਾ ਗਿਆ ਸੀ; ਮਾਲਕ ਦਾ ਹਜ਼ਾਰਾਂ ਦਾ ਨੁਕਸਾਨ ਜੋ ਹੋ ਗਿਆ ਸੀ।”
ਉਸਦੀ ਪਤਨੀ ਨੂੰ ਸ਼ਾਇਦ ਨੀਂਦ ਆਉਣ ਲੱਗ ਪਈ ਸੀ ਜਾਂ ਫੇਰ ਉਸ ਸੌਣ ਦਾ ਬਹਾਨਾ ਕਰਨ ਲੱਗ ਪਈ ਸੀ। ਆਪਣੇ ਪੁੱਤਰ ਕੋਲ ਥੋੜ੍ਹੀ ਜਿਹੀ ਜਗ੍ਹਾ ਬਣਾ ਕੇ ਲੇਟ ਗਈ। ਉਹ ਆਪਣੀ ਪਤਨੀ ਵੱਲ ਡੂੰਘੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਜਦੋਂ ਮੈਂ ਪੁੱਛਿਆ, “ਤੁਸੀਂ ਇਹਨਾਂ ਨੂੰ ਐਨੀ ਕਿਉਂ ਆਖਦੇ ਓ? ਕੀ ਤੁਹਾਨੂੰ ਉਰਦੂ ਦੀ ਮਸ਼ਹੂਰ ਲੇਖਕਾ ਕੁਰਤੁਲ ਐਨ ਹੈਦਰ ਦੀਆਂ ਕਹਾਣੀਆਂ ਵਿਚ ਏਨੀ ਦਿਲਚਸਪੀ ਏ?”
ਉਹ ਹੈਰਾਨ ਹੋ ਕੇ ਪੁੱਛਣ ਲੱਗਿਆ, “ਕਿਹੜੀ ਮਸ਼ਹੂਰ ਲੇਖਕਾ? ਮੈਂ ਤਾਂ ਕਦੇ ਉਰਦੂ ਅਖ਼ਬਾਰ ਵੀ ਨਹੀਂ ਪੜ੍ਹਿਆ। ਸ਼ਾਇਰੋ-ਸ਼ਾਇਰੀ ਦਾ ਵੀ ਬਸ ਏਨਾ ਕੁ ਸ਼ੌਕ ਈ ਕਿ ਕਦੇ-ਕਦਾਈਂ ਅਫ਼ਸਰਾਂ ਦੇ ਹੁਕਮ ਨਾਲ ਮੁਸ਼ਾਇਰਿਆਂ ਦੇ ਉੱਚੀ ਕੀਮਤ ਦੇ ਟਿਕਟ ਖ਼ਰੀਦਣੇ ਪੈ ਜਾਂਦੇ ਨੇ। ਉਂਜ ਇਸਦਾ ਪੂਰਾ ਨਾਮ ਅਨੰਤ ਕੌਰ ਜੇ—ਮੈਂ ਪਿਆਰ ਨਾਲ ਇਸ ਨੂੰ ਐਨੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਬਸ। ਇਹ ਕਿੰਜ ਆਈ? ਬਸ, ਇਸ ਨੂੰ ਵੀ ਇਕ ਇਤਫ਼ਾਕ ਹੀ ਸਮਝੋ ਜੀ ਕਿ ਇਸਦਾ ਮੇਰੇ ਨਾਲ ਰਿਸ਼ਤਾ ਹੋ ਗਿਆ। ਜਦੋਂ ਲੰਮੇ ਅਰਸੇ ਤਕ ਮੇਰੀ ਪਹਿਲੀ ਘਰ ਵਾਲੀ ਦੇ ਕੋਈ ਬੱਚਾ ਨਾ ਹੋਇਆ ਤਾਂ ਮੈਂ ਮਾਸੀ ਤੋਂ ਆਪਣੀ ਛੋਟੀ ਸਾਲੀ ਐਨੀ ਦਾ ਹੱਥ ਮੰਗ ਲਿਆ—ਵਰਨਾ ਇਹ ਤਾਂ ਕਿਸੇ ਹੋਰ ਨੂੰ ਚਾਹੁੰਦੀ ਸੀ। ਮੈਨੂੰ ਪਤੈ ਉਹ ਲਾਹੌਰ ਵਿਚ ਹੀ ਮਾਰਿਆ ਗਿਆ ਸੀ। ਉਸਦਾ ਜ਼ਿਕਰ ਅਸੀਂ ਕਦੇ ਨਹੀਂ ਕਰਦੇ। ਪਰ ਮੈਂ ਇਸ ਦੀਆਂ ਅੱਖਾਂ ਵਿਚ ਤੈਰਦੀਆਂ ਗ਼ਮ ਦੀਆਂ ਪਰਛਾਈਆਂ ਨੂੰ ਬੁੱਝ ਲੈਂਦਾ ਵਾਂ ਤੇ ਇਸ ਦੇ ਮਨ ਦਾ ਭਾਰ ਹੌਲਾ ਕਰਨ ਖਾਤਰ ਕੋਈ ਗੀਤ ਸੁਣਾਉਣ ਬੈਠ ਜਾਂਦਾ ਵਾਂ। ਜਿਸ ਨੂੰ ਸੁਣ ਕੇ ਇਹਦੀਆਂ ਅੱਖਾਂ ਵਿਚ ਅਟਕੇ ਅੱਥਰੂ ਝਿਰ ਜਾਂਦੇ ਨੇ।”
ਕਹਿ ਕੇ ਉਹ ਹੌਲੀ ਹੌਲੀ ਗੁਣਗੁਣਾਉਣ ਲੱਗਿਆ...:
“ਏਧਰ ਉਧਰ ਲੁਕ ਲੁਕ ਹੱਸਣ,
ਸ਼ਕਲਾਂ ਸ਼ਹਿਰੋਂ ਪਾਰ ਦੀਆਂ।
ਰੂਹਾਂ ਵਾਂਗੂੰ ਕੋਲੋਂ ਲੰਘਣ,
ਮਹਿਕਾਂ ਬਾਸੀ ਹਾਰ ਦੀਆਂ।
ਕਬਰਸਤਾਨ ਦੇ ਰਸਤੇ ਦੱਸਣ,
ਕੂਕਾਂ ਪਹਿਰੇਦਾਰ ਦੀਆਂ।...”
( ਮੁਨੀਰ ਨਿਆਜ਼ੀ )
ਗਾਉਂਦੇ-ਗਾਉਂਦੇ ਅੱਥਰੂ ਵਗ ਤੁਰੇ ਸਨ। ਉਹ ਕਈ ਪਲ ਤਕ ਉਸ ਵੱਲ ਦੇਖਦਾ ਰਿਹਾ, ਫੇਰ ਬੋਲਿਆ, “ਹੋਣੀ ਨੂੰ ਕੌਣ ਟਾਲ ਸਕਦਾ ਜੇ? ਮੈਨੂੰ ਇਹ ਔਰਤ ਵੀ ਬੱਚਾ ਨਹੀਂ ਦੇ ਸਕੀ। ਪਹਿਲੀ ਔਰਤ ਦੇ ਪੇਟੋਂ ਹੀ ਨਿੱਕਾ ਪੈਦਾ ਹੋਇਆ, ਜਿਸਨੂੰ ਇਹ ਹਿੱਕ ਨਾਲ ਲਾਈ ਫਿਰਦੀ ਜੇ।”
“ਪਰ ਇਹਨਾਂ ਦੀ ਸ਼ਕਲ ਉਰਦੂ ਵਾਲੀ ਐਨੀ ਨਾਲ ਇਨ-ਬਿਨ ਮਿਲਦੀ ਏ।” ਮੈਂ ਹੈਰਾਨ ਸਾਂ ਤੇ ਸੁੱਤੀ ਪਈ ਐਨੀ ਦੇ ਦਿਲਕਸ਼ ਚਿਹਰੇ ਦੇ ਨੂਰ ਵਿਚ ਗਵਾਚਿਆ ਹੋਇਆ ਸਾਂ।
ਉਸਨੇ ਜਿਵੇਂ ਮੇਰੀ ਬਿਰਤੀ ਤੋੜਨ ਲਈ ਹੀ ਕਿਹਾ ਸੀ, “ਓ ਛੱਡੋ ਜੀ, ਕੀ ਰੱਖਿਆ ਏ ਇਹਨਾਂ ਗੱਲਾਂ ਵਿਚ? ਇਹ ਦੁਨੀਆਂ ਬੜੀ ਵੱਡੀ ਏ—ਇੱਕੋ ਜਿਹੇ ਕਈ ਨਾਂਅ ਮਿਲ ਜਾਂਦੇ ਨੇ ਤੇ ਕਈ ਕਈ ਸ਼ਕਲਾਂ-ਸੂਰਤਾਂ ਵੀ। ਪਰ ਤੁਸੀਂ ਇੰਜ ਕਦੇ ਨਹੀਂ ਸੁਣਿਆਂ ਹੋਣਾ ਕਿ ਕੋਈ ਸ਼ਹਿਰ ਵੀ ਫਲਾਣੇ ਸ਼ਹਿਰ ਨਾਲ ਮਿਲਦਾ ਜੇ। ਲਾਹੌਰ, ਲਾਹੌਰ ਹੀ ਸੀ। ਚੁੱਕੋ ਆਪਣਾ ਗ਼ਲਾਸ—ਆਪਾਂ ਆਖ਼ਰੀ ਜਾਮ ਵੀ ਲਾਹੌਰ ਦੇ ਨਾਮ ਹੀ ਕਰੀਏ।”
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ