Ik Jism Do Jaame (Punjabi Story) : Gulzar Singh Sandhu

ਇਕ ਜਿਸਮ ਦੋ ਜਾਮੇ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

ਆਜ਼ਾਦੀ ਦੀ ਪੰਜਾਹਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾਣ ਲੱਗੇ ਤਾਂ ਅਖ਼ਬਾਰਾਂ, ਰਸਾਲੇ, ਰੇਡੀਓ ਤੇ ਟੈਲੀਵਿਜ਼ਨ ਪੰਜਾਹ ਵਰ੍ਹੇ ਪਹਿਲਾਂ ਦੀਆਂ ਘਟਨਾਵਾਂ ਦਾ ਇਸ ਤਰ੍ਹਾਂ ਵੇਰਵਾ ਦੇਣ ਲੱਗੇ ਜਿਵੇਂ ਇਨ੍ਹਾਂ ਦਾ ਜ਼ਿਕਰ ਜ਼ਕਾਰ ਤੇ ਵਰਣਨ ਬੜੇ ਮਾਣ ਵਾਲੀ ਗੱਲ ਹੋਵੇ। ਦੇਸ਼ ਦੇ ਦੋ ਟੁਕੜੇ ਹੋਣ ’ਤੇ ਇਧਰਲੇ ਮੁਸਲਮਾਨ ਉੱਧਰ ਤੇ ਉਧਰਲੇ ਹਿੰਦੂ ਸਿੱਖ ਇੱਧਰ ਆਉਣ ਦੇ ਅਮਲ ਨਾਲ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਸ ਨੂੰ ਸੁਤੰਤਰਤਾ ਸੰਗਰਾਮ ਦੀਆਂ ਝਲਕੀਆਂ ਦਾ ਕਲਸ ਚੜ੍ਹਾਇਆ ਜਾ ਰਿਹਾ ਸੀ। ਅਖ਼ਬਾਰਾਂ ਦੇ ਵਿਸ਼ੇਸ਼ ਅੰਕ ਸੁਤੰਤਰਤਾ ਦੀ ਲੜਾਈ ਨਾਲ ਸਬੰਧਤ ਘਟਨਾਵਾਂ ਨਾਲ ਰੰਗੀਨ ਤੇ ਸਚਿੱਤਰ ਕੀਤੇ ਜਾ ਰਹੇ ਸਨ।
ਅਮ੍ਰਿਤ ਛਕ ਕੇ ਨੂਰਾਂ ਤੋਂ ਚੰਨ ਕੌਰ ਬਣੀ ਚੰਨੋ ਦੇ ਮਨ ਵਿਚ ਇਹ ਸਾਰੀਆਂ ਘਟਨਾਵਾਂ ਬੜੀ ਉਥਲ-ਪੁਥਲ ਪੈਦਾ ਕਰਨ ਵਾਲੀਆਂ ਸਨ। ਉਹ ਦਸ ਬਾਰਾਂ ਸਾਲ ਦੀ ਸੀ ਜਦੋਂ ਦੇਸ਼ ਦੀ ਵੰਡ ਹੋਈ। ਉਸ ਦੇ ਮਾਪੇ ਬੱਸੀ ਪਠਾਣਾਂ ਦੇ ਨੇੜਲੇ ਪਿੰਡ ਮਹਿਦੂਦਾਂ ਵਿਚ ਗੁਜ਼ਾਰੇ ਯੋਗ ਜ਼ਮੀਨ ਦੇ ਮਾਲਕ ਸਨ। ਉਸ ਦੀਆਂ ਦੋਵੇਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸਨ ਤੇ ਛੋਟਾ ਭਰਾ ਚੌਥੀ ਜਮਾਤ ਵਿਚ ਪੜ੍ਹਦਾ ਸੀ। ਜਿਸ ਦਿਨ ਮਹਿਦੂਦਾਂ ਵਿਚ ਕਤਲੇਆਮ ਹੋਇਆ ਉਸ ਦੇ ਮਾਂ ਬਾਪ ਤਾਂ ਕਤਲ ਹੋ ਗਏ ਸਨ ਪਰ ਛੋਟਾ ਭਰਾ ਬਚਦਾ ਬਚਦਾ ਕੈਂਪ ਵਿਚ ਪਹੁੰਚ ਗਿਆ ਸੀ ਜਿਥੋਂ ਮਿਲਟਰੀ ਵਾਲੇ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਪਾਕਿਸਤਾਨ ਦੀ ਹੱਦ ਪਾਰ ਕਰਵਾਉਣ ਵਿਚ ਸਫਲ ਹੋ ਗਏ ਸਨ।
ਨੂਰਾਂ ਨੂੰ ਉਨ੍ਹਾਂ ਦੇ ਗੁਆਂਢੀ ਪ੍ਰਤਾਪ ਸਿੰਘ ਦੀ ਵਹੁਟੀ ਨੇ ਆਪਣੇ ਹੀ ਘਰ ਰੱਖ ਲਿਆ ਸੀ ਜਿਸ ਦੇ ਪੇਕੇ ਉਸ ਦੀ ਮਾਂ ਦੇ ਪੇਕਿਆਂ ਵਾਂਗ ਬਠਿੰਡਾ ਜ਼ਿਲ੍ਹੇ ਵਿਚ ਹੋਣ ਕਾਰਨ ਨੂਰਾਂ ਉਸ ਨੂੰ ਮਾਸੀ ਕਹਿ ਕੇ ਬੁਲਾਇਆ ਕਰਦੀ ਸੀ, ਭਾਵੇਂ ਪ੍ਰਤਾਪ ਸਿੰਘ ਦੀ ਘਰ ਵਾਲੀ ਦੇ ਪ੍ਰਤਾਪ ਸਿੰਘ ਤੋਂ ਉਸ ਨੂੰ ਦੂਹਰਾ ਪਿਆਰ ਮਿਲ ਰਿਹਾ ਸੀ। ਮਾਸੀ ਵਾਲਾ ਵੀ ਏ ਤਾਏ ਵਾਲਾ ਵੀ। ਮਾਪਿਆਂ ਦੀ ਮੌਤ ਉਪਰੰਤ ਇਸ ਪਿਆਰ ਦੇ ਦੂਣ ਸਵਾਏ ਹੋਣ ਦਾ ਇਕ ਕਾਰਨ ਪ੍ਰਤਾਪ ਸਿੰਘ ਦੇ ਘਰ ਔਲਾਦ ਨਾ ਹੋਣਾ ਵੀ ਸੀ।
ਪ੍ਰਤਾਪ ਸਿੰਘ ਉਸ ਨੂੰ ਮੁਸਲਮਾਨ ਬੱਚੀ ਵਜੋਂ ਹੀ ਪਾਲ ਰਿਹਾ ਸੀ। ਉਸ ਨੇ ਅੰਮ੍ਰਿਤ ਛਕਾ ਕੇ ਨਾਂ ਬਦਲਣ ਦੀ ਵੀ ਲੋੜ ਨਹੀਂ ਸੀ ਸਮਝੀ। ਇਹ ਕਿਹੜਾ ਛੋਟੀ ਜਿਹੀ ਗੱਲ ਸੀ ਕਿ ਉਸ ਨੂੰ ਬੈਠੇ ਬਿਠਾਏ ਨੂੰ ਔਲਾਦ ਮਿਲ ਗਈ ਸੀ। ਹਾਂ, ਗੱਲਾਂ ਗੱਲਾਂ ਵਿਚ ਉਹ ਨੂਰਾਂ ਨੂੰ ਸਾਵੀਂ ਵਿਦਿਆ ਦੇਣ ਦਾ ਯਤਨ ਕਰਦਾ। ਫਤਿਹਗੜ੍ਹ ਸਾਹਿਬ ਤੇ ਸਰਹਿੰਦ ਦੀ ਇਤਿਹਾਸਕ ਤਣਾਅ ਵਾਲੀ ਧਰਤੀ ਵਿਚ ਰਹਿੰਦੇ ਹੋਣ ਦੇ ਬਾਵਜੂਦ ਪ੍ਰਤਾਪ ਸਿੰਘ ਤੇ ਉਸ ਦੀ ਪਤਨੀ ਮੁਸਲਮਾਨਾਂ ਨੂੰ ਮਾੜਾ ਨਹੀਂ ਸਨ ਕਹਿੰਦੇ। ਉਹ ਸੂਬਾ ਸਰਹੰਦ ਵੱਲੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਏ ਜਾਣ ਦੀ ਘਟਨਾ ਦਾ ਬਹੁਤਾ ਜ਼ਿਕਰ ਕੀਤੇ ਬਿਨਾਂ ਮਾਲੇਰਕੋਟਲਾ ਦੇ ਨਵਾਬ ਦੀ ਗੱਲ ਵਾਰ-ਵਾਰ ਕਰਦੇ ਜਿਸ ਨੇ ਸਰਹਿੰਦ ਦੇ ਸੂਬੇਦਾਰ ਵਜੀਦ ਖਾਂ ਨੂੰ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਢਾਹੁਣ ਤੋਂ ਵਰਜਿਆ ਸੀ। ਹਾਂ ਕਦੀ ਕਦਾਈਂ ਗੰਗੂ ਬ੍ਰਾਹਮਣ ਦਾ ਜ਼ਿਕਰ ਕਰਕੇ ਸਾਰਾ ਦੋਸ਼ ਉਸ ਦੇ ਸਿਰ ਮੜ੍ਹ ਦਿੰਦੇ। ਉਹ ਦੋਵੇਂ ਹੀ ਨੂਰਾਂ ਦੇ ਮਨ ਉੱਤੇ ਇਹ ਅਸਰ ਪਾਉਂਦੇ ਕਿ ਮੁਸਲਮਾਨ ਤੇ ਸਿੱਖ ਜੋ ਕੁਝ ਵੀ ਕਰਦੇ ਹਨ ਠੀਕ ਹੀ ਕਰਦੇ ਹਨ, ਕੇਵਲ ਗੰਗੂ ਵਰਗੇ ਹੀ ਧਨ ਦੌਲਤ ਜਾਂ ਗਹਿਣੇ ਗੱਟੇ ਦੇ ਲਾਲਚ ਵਿਚ ਆ ਕੇ ਆਪਣੀ ਆਪਣੀ ਜ਼ਮੀਰ ਵੇਚਦੇ ਹਨ। ਉਹ ਨੂਰਾਂ ਬੱਚੀ ਦੇ ਮਨ ਵਿਚ ਸਿੱਖਾਂ ਜਾਂ ਮੁਸਲਮਾਨਾਂ ਬਾਰੇ ਕੋਈ ਮਾੜੀ ਗੱਲ ਨਹੀਂ ਸੀ ਆਉਣ ਦੇਣੀ ਚਾਹੁੰਦੇ, ਹੋਰ ਕਿਸੇ ਫਿਰਕੇ ਦੀ ਉਨ੍ਹਾਂ ਨੂੰ ਏਨੀ ਫ਼ਿਕਰ ਨਹੀਂ ਸੀ।
ਨੂਰਾਂ ਨੂੰ ਮਿਲ ਰਿਹਾ ਪਿਆਰ ਤੇ ਮੁਹੱਬਤ ਥੋੜ੍ਹ ਚਿਰਾ ਸਾਬਤ ਹੋਇਆ। ਕਿਸੇ ਨੇ ਸਰਕਾਰ ਨੂੰ ਇਤਲਾਹ ਦੇ ਦਿੱਤੀ ਸੀ ਕਿ ਪ੍ਰਤਾਪ ਸਿੰਘ ਨੇ ਆਪਣੇ ਘਰ ਇਕ ਮੁਸਲਮਾਨ ਲੜਕੀ ਨੂੰ ਰੱਖਿਆ ਹੋਇਆ ਸੀ। ਨਤੀਜੇ ਵਜੋਂ ਇਕ ਦਿਨ ਮਿਲਟਰੀ ਵਾਲੇ ਨੂਰਾਂ ਦੇ ਰੋਂਦਿਆਂ ਕੁਰਲਾਉਂਦਿਆਂ ਤੇ ਪ੍ਰਤਾਪ ਸਿੰਘ ਦੀਆਂ ਸਭ ਦਲੀਲਾਂ ਦੇ ਬਾਵਜੂਦ ਉਸ ਨੂੰ ਪਾਕਿਸਤਾਨ ਵਿਚ ਉਸ ਦੇ ਛੋਟੇ ਭਰਾ ਨਾਲ ਮਿਲਾਉਣ ਦਾ ਲਾਰਾ ਲਾ ਕੇ ਆਪਣੇ ਨਾਲ ਲੈ ਗਏ ਸਨ।
ਟਰੱਕ ਵਿਚ ਬਿਠਾ ਕੇ ਲੈ ਜਾਣ ਵਾਲਾ ਜਲੰਧਰ ਜ਼ਿਲ੍ਹੇ ਦੇ ਪਿੰਡ ਭੁਲੱਥ ਦਾ ਹਵਾਲਦਾਰੀ ਪਿਨਸ਼ਨ ਆਇਆ ਪੂਰਨ ਸਿੰਘ ਸੀ, ਜਿਸ ਨੂੰ ਫੌਜ ਵਾਲਿਆਂ ਨੇ ਉਧਲੇ ਜੀਵਾਂ ਨੂੰ ਵਸਾਉਣ ਦੇ ਕੰਮ ਲਈ ਮੁੜ ਡਿਊਟੀ ਉੱਤੇ ਸੱਦ ਲਿਆ ਸੀ। ਪੂਰਨ ਸਿੰਘ ਨੇ ਜਿਸ ਦਿਨ ਦੀ ਇਹ ਡਿਊਟੀ ਲਈ ਸੀ ਉਸ ਦੀ ਨਿਗ੍ਹਾ ਆਪਣਾ ਘਰ ਵਸਾਉਣ ਉਤੇ ਲੱਗੀ ਹੋਈ ਸੀ, ਜਿਹੜਾ ਉਸ ਦੀ ਵਹੁਟੀ ਦੇ ਮਰ ਜਾਣ ਕਾਰਨ ਉਜੜਦਾ ਜਾ ਰਿਹਾ ਸੀ। ਉਹ ਅੱਠ ਸਾਲ ਤੋਂ ਛੋਟੀ ਉਮਰ ਦੀਆਂ ਤਿੰਨ ਬੱਚੀਆਂ ਛੱਡ ਕੇ ਰੱਬ ਦੇ ਘਰ ਨੂੰ ਤੁਰ ਗਈ ਸੀ। ਦੋ ਛੋਟੀਆਂ ਬੱਚੀਆਂ ਨੂੰ ਉਨ੍ਹਾਂ ਦੇ ਨਾਨਕੇ ਲੈ ਗਏ ਸਨ। ਪੂਰਨ ਸਿੰਘ ਦਾ ਦਿਲ ਨਹੀਂ ਸੀ ਲੱਗਦਾ। ਘਰ ਵਿਚ ਉਹ ਸੀ, ਉਸ ਦੀ ਮਾਂ ਸੀ ਤੇ ਵੱਡੀ ਧੀ ਸੀ।
ਪੂਰਨ ਸਿੰਘ ਜਿਸ ਦਿਨ ਤੋਂ ਗਿਆਰਾਂ ਬਾਰਾਂ ਵਰ੍ਹੇ ਦੀ ਉਮਰ ਵਾਲੀ ਪਰ ਵੇਖਣ ਨੂੰ ਇਸ ਤੋਂ ਵਡੇਰੀ ਨੂਰਾਂ ਨੂੰ ਟਰੱਕ ਵਿਚ ਲੈ ਕੇ ਆਇਆ ਸੀ, ਪਾਕਿਸਤਾਨ ਗਏ ਮੁਸਲਮਾਨਾਂ ਦੀਆਂ ਊਟ ਪਟਾਂਗ ਗੱਲਾਂ ਸੁਣਾ ਕੇ ਉਸ ਦੇ ਮਨ ਵਿਚ ਮੁਸਲਮਾਨਾਂ ਖ਼ਿਲਾਫ਼ ਨਫਰਤ ਭਰਦਾ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੀਆਂ ਵੱਡੀਆਂ ਭੈਣਾਂ, ਜਿਨ੍ਹਾਂ ਬਾਰੇ ਉਸ ਨੂੰ ਸੱਚਮੁੱਚ ਹੀ ਕੋਈ ਸੂਹ ਨਹੀਂ ਸੀ ਮਿਲੀ ਤੇ ਛੋਟੇ ਭਰਾ ਨੂੰ ਭੁੱਲ ਜਾਵੇ ਜਿਹੜਾ ਪਤਾ ਨਹੀਂ ਕਿਹੜੇ ਕੈਂਪ ਰਾਹੀਂ ਕਿੱਧਰ ਦਾ ਕਿੱਧਰ ਚਲਾ ਗਿਆ ਸੀ।
ਪੂਰਨ ਸਿੰਘ ਦੀ ਚੌਕੀ ਅਟਾਰੀ ਤੋਂ ਤਿੰਨ ਚਾਰ ਮੀਲ ਅੱਗੇ ਉਧੋਵਾਲ ਧਾਰੀਵਾਲ ਪਿੰਡ ਵਿਚ ਸੀ, ਜਿਹੜਾ ਭਾਰਤ-ਪਾਕਿ ਸੀਮਾ ਦੇ ਬਹੁਤ ਨੇੜੇ ਸੀ। ਸੀਮਾ ਦੇ ਨੇੜੇ ਹੋਣ ਕਾਰਨ ਇੱਥੇ ਤਸਕਰੀ ਦਾ ਕੰਮ ਵੀ ਖੂਬ ਚਲਦਾ ਸੀ। ਪੂਰਨ ਸਿੰਘ ਤਸਕਰੀ ਦੀ ਕਮਾਈ ਸਦਕਾ ਚਾਰ ਪੈਸੇ ਖੁੱਲ੍ਹੇ ਖਰਚਣ ਲਈ ਵੀ ਜਾਣਿਆ ਜਾਂਦਾ ਸੀ। ਉਸ ਨੇ ਨੂਰਾਂ ਨੂੰ ਉਸੇ ਪਿੰਡ ਦੇ ਇਕ ਸਿੱਖ ਜ਼ਿਮੀਂਦਾਰ ਦੇ ਘਰ ਛੱਡਿਆ ਹੋਇਆ ਸੀ ਜਿਹੜਾ ਪੂਰਨ ਸਿੰਘ ਕੋਲ ਦਾਰੂ ਆਦਿ ਪੀਣ ਆਉਂਦਾ ਰਹਿੰਦਾ ਸੀ। ਪੂਰਨ ਸਿੰਘ ਵੀ ਆਪਣੇ ਜੱਟ ਮਿੱਤਰ ਨੂੰ ਖੁਸ਼ ਰੱਖਣ ਲਈ ਉਸ ਦੇ ਘਰ ਵਾਲਿਆਂ ਦੀ ਪੈਸੇ ਟਕੇ ਤੇ ਲੋੜੀਂਦੀਆਂ ਵਸਤਾਂ ਨਾਲ ਸਹਾਇਤਾ ਕਰਦਾ ਰਹਿੰਦਾ ਸੀ।
ਇਹ ਸਭ ਕੁਝ ਉਹ ਨੂਰਾਂ ਨੂੰ ਖੁਸ਼ ਕਰਨ ਲਈ ਕਰਦਾ ਸੀ। ਉਸ ਦਾ ਮੂਲ ਮਨੋਰਥ ਨੂਰਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਵਾਸਤੇ ਆਪਣੇ ਪਿੰਡ ਭੁਲੱਥ ਲੈ ਕੇ ਜਾਣਾ ਸੀ। ਘਰ ਵਿਚ ਉਸ ਦਾ ਰੁਤਬਾ ਨੌਕਰਾਣੀ ਵਾਲਾ ਰੱਖ ਕੇ ਪੂਰਨ ਸਿੰਘ ਕਿਸੇ ਪੜਾਅ ਉੱਤੇ ਉਸ ਨੂੰ ਆਪਣੀ ਘਰ ਵਾਲੀ ਬਣਾ ਸਕਦਾ ਸੀ। ਇਸੇ ਆਸ਼ੇ ਨਾਲ ਉਹ ਨੂਰਾਂ ਨੂੰ ਦੋ ਦਿਨ ਦੀ ਛੁੱਟੀ ਲੈ ਕੇ ਕੇਵਲ ਪਿੰਡ ਹੀ ਨਹੀਂ ਛੱਡ ਆਇਆ ਸਗੋਂ ਉਸ ਨੂੰ ਡੇਰੇ ਲਿਜਾ ਕੇ ਅੰਮ੍ਰਿਤ ਵੀ ਛਕਵਾ ਆਇਆ ਸੀ।
ਹੁਣ ਨੂਰਾਂ ਦਾ ਨਾਂ ਚੰਨ ਕੌਰ ਹੋ ਚੁੱਕਾ ਸੀ ਭਾਵੇਂ ਪੂਰਨ ਸਿੰਘ ਦੀ ਮਾਂ ਉਸ ਨੂੰ ਪਿਆਰ ਵਿਚ ਚੰਨੋ ਕਹਿ ਕੇ ਬੁਲਾਉਂਦੀ ਸੀ। ਛੋਟੇ ਦੋਵੇਂ ਬੱਚੇ ਨਾਨਕੇ ਪਿੰਡ ਹੋਣ ਕਾਰਨ ਇੱਥੇ ਪੂਰਨ ਸਿੰਘ ਦੀ ਮਾਂ ਤੇ ਵੱਡੀ ਧੀ ਹੀ ਰਹਿੰਦੇ ਸਨ, ਜਿਨ੍ਹਾਂ ਵਿਚ ਚੰਨੋ ਦਾ ਦਿਲ ਸਹਿਜੇ ਸਹਿਜੇ ਲੱਗ ਗਿਆ ਸੀ। ਉਂਜ ਵੀ ਆਏ ਗਏ ਦੇ ਹੱਥ ਅਟਾਰੀ ਬਾਰਡਰ ਤੋਂ ਚੰਨੋ ਦੀ ਮਨ ਪਸੰਦ ਦੀ ਹਰ ਇਕ ਚੀਜ਼ ਭੁਲੱਥ ਪਹੁੰਚਦੀ ਰਹਿੰਦੀ ਸੀ।
ਇਹ ਗੱਲ ਮਾਂ ਵੀ ਜਾਣਦੀ ਸੀ ਉਸ ਕੋਲ ਰਹਿ ਰਹੀ ਵੱਡੀ ਧੀ ਵੀ ਕਿ ਆਮ ਤੌਰ ’ਤੇ ਬੋਤਲ ਦਾ ਸ਼ੌਕ ਪਾਲਣ ਵਾਲਾ ਪੂਰਨ ਸਿੰਘ ਇਹ ਸਭ ਕੁਝ ਚੰਨੋ ਨੂੰ ਖੁਸ਼ ਰੱਖਣ ਲਈ ਹੀ ਕਰ ਰਿਹਾ ਸੀ। ਸਹਿਜੇ ਸਹਿਜੇ ਘਰ ਵਿਚ ਚੰਨੋ ਦਾ ਚੰਗਾ ਖਾਸਾ ਸਥਾਨ ਬਣਦਾ ਜਾ ਰਿਹਾ ਸੀ, ਜਿਹੜਾ ਉਸ ਦੀ ਉਮਰ ਨਾਲੋਂ ਕੁਝ ਵਧੇਰੇ ਹੀ ਮਹੱਤਵ ਅਖ਼ਤਿਆਰ ਕਰ ਰਿਹਾ ਸੀ।
ਪਿਛਲੇ ਪੰਜਾਹ ਸਾਲਾਂ ਤੋਂ ਚੰਨੋ ਦਾ ਨੂਰਾਂ ਤੋਂ ਪੂਰੀ ਚੰਨ ਕੌਰ ਬਣਨ ਦਾ ਇਹ ਸਫਰ ਦਿਲਚਸਪ ਸੀ। ਪੂਰਨ ਸਿੰਘ ਨਾਲ ਵਿਆਹ ਤੋਂ ਪਹਿਲਾਂ ਉਹ ਉਸ ਦੀ ਧੀਆਂ ਦੀ ਸਹੇਲੀ ਮਾਤਰ ਸੀ ਜਿਸ ਦਾ ਸਦਕਾ ਉਹ ਆਪਣੇ ਬਚਪਨ ਨੂੰ ਯਤੀਮਾਂ ਦੇ ਬਚਪਨ ਨਾਲੋਂ ਬਹੁਤ ਚੰਗਾ ਸਮਝਦੀ ਆਈ ਸੀ ਤੇ ਵਿਆਹ ਤੋਂ ਪਿੱਛੋਂ ਉਸ ਦੇ ਪੁੱਤਰ ਵੀ ਹੋ ਗਏ ਸਨ ਜਿਨ੍ਹਾਂ ਨੇ ਵੱਡੇ ਹੋ ਕੇ ਪੂਰਨ ਸਿੰਘ ਦੀ ਜ਼ਮੀਨ ਜਾਇਦਾਦ ਦੇ ਮਾਲਕ ਹੋਣਾ ਸੀ। ਦੁਆਬੇ ਵਿਚ ਦਸ ਏਕੜ ਇਕ ਤਰ੍ਹਾਂ ਨਾਲ ਸਤਿਕਾਰਯੋਗ ਸੰਪਤੀ ਕਹੀ ਜਾ ਸਕਦੀ ਸੀ। ਦੀਨ ਈਮਾਨ ਤੇ ਮਜ਼ਹਬ ਦੀਆਂ ਲੀਕਾਂ ਵੀ ਚੰਨ ਕੌਰ ਨੇ ਖੁਦ ਹੀ ਮਿਥੀਆਂ ਸਨ। ਮਰਿਆਦਾ ਨੂੰ ਮੰਨਣ ਜਾਂ ਨਾ ਮੰਨਣ ਦਾ ਫੈਸਲਾ ਵੀ ਉਸ ਨੇ ਆਪ ਹੀ ਕਰਨਾ ਹੁੰਦਾ ਸੀ। ਉਂਜ ਤਾਂ ਪੂਰਨ ਸਿੰਘ ਦੀ ਮਾਂ ਦੇ ਜਿਊਂਦੇ ਜੀਅ ਵੀ ਉਸ ਨੂੰ ਰੋਕਣ ਟੋਕਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ ਪਰ ਮਾਂ ਦੀ ਮੌਤ ਤੋਂ ਪਿੱਛੋਂ ਤਾਂ ਉਹ ਪੂਰੇ ਘਰ ਦੀ ਪੂਰਨ ਮਾਲਕ ਸੀ ਜਿਸ ਵਿਚ ਪੂਰਨ ਸਿੰਘ ਦੇ ਘਰ ਆਉਣ ਜਾਣ ਵਾਲਿਆਂ ਦੀ ਸੀਮਾ ਤੇ ਖੁੱਲ੍ਹ ਵੀ ਉਸ ਨੇ ਆਪ ਹੀ ਮਿਥਣੀ ਹੁੰਦੀ ਸੀ।
ਚੰਨ ਕੌਰ ਦੀ ਸਭ ਤੋਂ ਵੱਡੀ ਸਿਫਤ ਉਸ ਵੱਲੋਂ ਅੱਖਾਂ, ਨੱਕ ਤੇ ਕੰਨਾਂ ਦੀ ਯੋਗ ਚੋਣਵੀਂ ਵਰਤੋਂ ਸੀ। ਉਸ ਨੂੰ ਪਤਾ ਸੀ ਕਿ ਉਸ ਨੇ ਕਿਹੜੀ ਗੱਲ ਨੂੰ ਸੁਣ ਕੇ ਅਣਸੁਣੀ ਕਰਨਾ ਹੈ ਤੇ ਕਿਹੜੀ ਨੂੰ ਵੇਖ ਕੇ ਅਣਡਿਠ। ਹਰ ਪੱਖ ਤੋਂ ਸਫਲ ਤੇ ਪ੍ਰਵਾਨ ਇਸ ਔਰਤ ਨੇ ਜ਼ਿੰਦਗੀ ਦੇ ਚੰਗੇ ਤੇ ਮੰਦੇ ਸਾਰੇ ਪਲ ਸੁਘੜ ਤੇ ਸੁਚੇਤ ਰਹਿ ਕੇ ਮਾਣੇ ਸਨ। ਇਥੋਂ ਤਕ ਕਿ ਉਸ ਨੇ ਆਪਣੇ ਪਿੰਡ ਮਹਿਦੂਦਾਂ ਤੇ ਪਿੰਡ ਦੇ ਨੇੜੇ ਵਾਪਰੀਆਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਉਹ ਘਟਨਾਵਾਂ ਵੀ, ਜਿਹੜੀਆਂ ਬਚਪਨ ਵਿਚ ਉਸ ਨੂੰ ਬਹੁਤ ਦੁਖਦਾਈ ਜਾਪਦੀਆਂ ਸਨ, ਜ਼ਿੰਦਗੀ ਦੀ ਅਟੱਲ ਸਚਾਈ ਵਾਂਗ ਹੀ ਪ੍ਰਵਾਨ ਕਰ ਲਈਆਂ ਸਨ, ਜਿਸ ਵਿਚ ਮਾਲੇਰਕੋਟਲੇ ਦੇ ਨਵਾਬ ਵੱਲੋਂ ਮਾਰਿਆ ਹਾਅ ਦਾ ਨਾਅਰਾ ਵੀ ਇਕ ਘਟਨਾ ਮਾਤਰ ਹੀ ਸੀ। ਉਹਦੇ ਲਈ ਦੋਹਾਂ ਦਾ ਮਹੱਤਵ ਬਰਾਬਰ ਸੀ-ਜ਼ਿੰਦਗੀ ਦਾ ਬਹੁਤ ਵੱਡਾ ਸੱਚ।
ਹੁਣ ਜਦੋਂ ਆਕਾਸ਼ਵਾਣੀ ਤੇ ਦੂਰਦਰਸ਼ਨ ਨੇ ਪੁਰਾਣੇ ਜ਼ਖਮ ਖੁਰਦਣੇ ਸ਼ੁਰੂ ਕਰ ਦਿੱਤੇ ਸਨ ਤਾਂ ਚੰਨ ਕੌਰ ਦਾ ਸੱਚ ਵੀ ਥਿੜਕਣ ਲੱਗ ਪਿਆ ਸੀ। ਉਸ ਦੇ ਆਪੂੰ ਸਿਰਜੇ ਸੱਚ ਵਿਚ ਝੂਠ ਦੇ ਅੰਸ਼ ਰਲਣੇ ਸ਼ੁਰੂ ਹੋ ਗਏ ਸਨ। ਉਸ ਨੂੰ ਜਾਪਦਾ ਸੀ ਜਿਵੇਂ ਜ਼ਮੀਨ ਉਸ ਦੇ ਪੈਰਾਂ ਥੱਲਿਉਂ ਖਿਸਕਣੀ ਸ਼ੁਰੂ ਹੋ ਗਈ ਹੋਵੇ। ਉਹ ਹੈਰਾਨ ਸੀ ਕਿ ਹੁਣ ਉਸ ਦੀ ਬਹੁਤ ਦੀ ਪੌ੍ਰੜ੍ਹ ਤੇ ਅਨੁਭਵੀ ਅਵਸਥਾ ਹੋਣ ਦੇ ਬਾਵਜੂਦ ਉਸ ਦੀ ਧਰਤੀ ਉੱਤੇ ਉਹ ਪਕੜ ਨਹੀਂ ਸੀ ਰਹੀ ਜੋ ਉਸ ਨੇ ਕੱਚੀ ਉਮਰੇ ਆਪਣੀ ਸੋਚ ਤੇ ਸੂਝ ਦੀ ਡੰਗੋਰੀ ਫੜ ਕੇ ਆਪਣੇ ਆਪ ਹੀ ਜਮਾ ਲਈ ਸੀ। ਉਹ ਆਪਣੀ ਉਮਰ ਤੇ ਸਿਹਤ ਨੂੰ ਕੋਸਣ ਲੱਗ ਪਈ ਸੀ। ਪਹਿਲੀ ਉਮਰ ਦੀ ਪ੍ਰਾਪਤੀ ਵਿਚ ਉਸ ਦੀ ਸਿਹਤ ਤੇ ਜਵਾਨੀ ਨੇ ਜਿਹੜੀ ਸ਼ਕਤੀ ਦਿੱਤੀ ਸੀ ਉਹ ਛਿੱਜਦੀ ਜਾ ਰਹੀ ਸੀ। ਇਸ ਨੂੰ ਤ੍ਰੋਪਾ ਮਾਰਨ ਦਾ ਉਸ ਕੋਲ ਕੋਈ ਵਸੀਲਾ ਨਹੀਂ ਸੀ।
ਇਕ ਦਿਨ ਉਸ ਦੇ ਮਨ ਵਿਚ ਅਜੀਬ ਜਿਹੀ ਭਾਵਨਾ ਪੈਦਾ ਹੋਈ। ਉਸ ਦਾ ਆਪਣੀ ਜਨਮ ਭੌਇੰ ਦੇਖਣ ਨੂੰ ਜੀਅ ਕਰ ਆਇਆ। ਕਿੰਨੇ ਲੋਕ ਆਪਣੇ ਜਠੇਰਿਆਂ ਦੀ ਭਾਲ ਵਿਚ ਕਮਲੇ ਹੋਏ ਫਿਰਦੇ ਸਨ ਤੇ ਕਿੰਨੇ ਆਪਣੇ ਤੋਂ ਵਿਛੜੇ ਪਰਿਵਾਰਾਂ, ਤਾਏ ਤਾਈਆਂ, ਮਾਸੜ ਮਾਸੀਆਂ ਤੇ ਫੂਫਾ ਫੂਫੀਆਂ ਨੂੰ ਲੱਭਣ ਸਰਹੱਦਾਂ ਪਾਰ ਕਰ ਰਹੇ ਸਨ। ਉਹ, ਜਿਸ ਨੂੰ ਕਿਸੇ ਰਿਸ਼ਤੇਦਾਰ ਦਾ ਕੁਝ ਵੀ ਪਤਾ ਨਹੀਂ ਸੀ, ਆਪਣੀ ਜਨਮ ਭੌਂਇੰ ਤਾਂ ਦੇਖ ਹੀ ਸਕਦੇ ਸੀ। ਉਸ ਨੇ ਜਨਮ ਭੋਇੰ ਵੇਖਣ ਦਾ ਪੱਕਾ ਇਰਾਦਾ ਬਣਾ ਲਿਆ।
ਹੁਣ ਉਹ ਪੁੱਤਾਂ ਪੋਤਰਿਆਂ ਵਾਲੀ ਸੀ ਪਰ ਉਸ ਨੇ ਘਰ ਜਾਂ ਬਾਹਰ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਉਹ ਕਿੱਥੋਂ ਦੀ ਸੀ ਤੇ ਕਿਵੇਂ ਆਈ ਸੀ। ਇਸ ਗੱਲ ਦਾ ਕੇਵਲ ਪੂਰਨ ਸਿੰਘ ਨੂੰ ਪਤਾ ਸੀ ਪਰ ਹੁਣ ਪੂਰਨ ਸਿੰਘ ਨੂੰ ਅਗਲੀ ਦੁਨੀਆ ਵਿਚ ਗਿਆਂ ਵੀ ਤਿੰਨ ਦਹਾਕੇ ਹੋ ਚੁੱਕੇ ਸਨ। ਮੇਲੇ ਮੁਸਾਹਬੇ ਜਾਣ ਦਾ ਸ਼ੌਕ ਉਸ ਨੇ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਸੰਭਾਵੀ ਕਤਲ ਸਮੇਂ ਹੀ ਤਿਆਗ ਦਿੱਤਾ ਸੀ। ਉਸ ਦਾ ਵੱਸ ਚਲਦਾ ਤਾਂ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਉਣਾ। ਜੇ ਹੋਇਆ ਸੀ ਤਾਂ ਉਸ ਨੇ ਬੜੀ ਸਿਆਣਪ ਤੇ ਚੁਸਤੀ ਨਾਲ ਨਿਭਾਇਆ ਸੀ। ਬੱਚੇ ਪੈਦਾ ਵੀ ਕੀਤੇ ਸਨ, ਪਾਲੇ ਵੀ ਸਨ ਪਰ ਉਨ੍ਹਾਂ ਨੂੰ ਕਿਸੇ ਇਕ ਧਰਮ ਜਾਂ ਮਰਿਆਦਾ ਦੇ ਗੁਲਾਮ ਨਹੀਂ ਸੀ ਹੋਣ ਦਿੱਤਾ। ਆਪਣੇ ਪੂਰੇ ਜੀਵਨ ਵਿਚ ਇਕ ਵਾਰੀ ਪੂਰਨ ਸਿੰਘ ਨਾਲ ਤਰਨ ਤਾਰਨ ਦੀ ਮੱਸਿਆ ਨਹਾਉਣ ਗਈ ਸੀ ਜਾਂ ਇਕ ਵਾਰੀ ਹੋਲੇ ਮਹੱਲੇ ਉੱਤੇ ਆਨੰਦਪੁਰ ਸਾਹਿਬ। ਇਸ ਤੋਂ ਪਹਿਲਾਂ ਉਸ ਨੇ ਆਪਣੇ ਅੱਬਾ ਨਾਲ ਫਤਿਹਗੜ੍ਹ ਸਾਹਿਬ ਦੀ ਸਿੰਘ ਸਭਾ ਦੇਖੀ ਸੀ ਪਰ ਉਦੋਂ ਉਸ ਨੇ ਕਿਸੇ ਗੁਰਦੁਆਰੇ ਦੇ ਅੰਦਰ ਦਰਸ਼ਨ ਨਹੀਂ ਸਨ ਕੀਤੇ। ਉਸ ਨੂੰ ਇਹ ਵੀ ਚੇਤਾ ਨਹੀਂ ਸੀ ਕਿ ਇਨ੍ਹਾਂ ਧਰਮ ਅਸਥਾਨਾਂ ਦੀ ਫੇਰੀ ਦਾ ਉਸ ਦੇ ਮਨ ਦੀ ਸ਼ਾਂਤੀ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ ਸੀ। ਜੇ ਮਨ ਅਸ਼ਾਂਤ ਹੀ ਨਹੀਂ ਸੀ ਤਾਂ ਧਰਮ ਅਸਥਾਨ ਉਸ ਨੂੰ ਦੇ ਹੀ ਕੀ ਸਕਦੇ ਸਨ।
ਹੁਣ ਉਮਰ ਦੇ ਇਸ ਆਖਰੀ ਪੜਾਅ ਵਿਚ ਸੰਚਾਰ ਸਾਧਨਾਂ ਨੇ ਉਸ ਦੇ ਮਨ ਦੀ ਸ਼ਾਂਤੀ ਭੰਗ ਕਰ ਦਿੱਤੀ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਉਸ ਨੂੰ ਇਹ ਸ਼ਾਂਤੀ ਕਿਸੇ ਪੂਜਾ ਸਥਾਨ ਤੋਂ ਮਿਲਣੀ ਜ਼ਰੂਰੀ ਨਹੀਂ ਸੀ। ਜੀਵਨ ਭਰ ਯਤਾਮਤ ਦੀ ਜ਼ਿੰਦਗੀ ਨੂੰ ਉਪਯੋਗੀ ਬਣਾ ਕੇ ਉਸ ਨੇ ਆਪਣਾ ਮਨ ਵਰਚਾਈ ਰੱਖਿਆ ਸੀ। ਫੇਰ ਵੀ ਉਸ ਨੂੰ ਆਪਣੇ ਘਰ ਦੇ ਬਾਹਰ ਵਾਲਾ ਬਰੋਟਾ ਚੇਤੇ ਆ ਗਿਆ ਸੀ, ਜਿਸ ਦੀ ਸੰਘਣੀ ਛਾਵੇਂ ਉਹ ਆਪਣੀਆਂ ਹਮ ਉਮਰ ਕੁੜੀਆਂ ਨਾਲ ਖੇਡਿਆ ਕਰਦੀ ਸੀ। ਉਸ ਨੂੰ ਘਰ ਦੇ ਵਿਹੜੇ ਵਾਲੀ ਉਹ ਨਿੰਮ ਵੀ ਨਹੀਂ ਸੀ ਭੁੱਲੀ ਜਿਸ ਦੀਆਂ ਟਾਹਣਾਂ ਉੱਤੇ ਉਹ ਪੀਂਘ ਝੂਟਿਆ ਕਰਦੀ ਸੀ।
ਉਹ ਇਹ ਵੀ ਜਾਣਦੀ ਸੀ ਕਿ ਉਸ ਦੀ ਇਹ ਉਮਰ ਪੀਂਘ ਝੂਟਣ ਜਾਂ ਗੀਟੇ ਖੇਡਣ ਵਾਲੀ ਨਹੀਂ। ਉਹ ਤਾਂ ਕੇਵਲ ਉਨ੍ਹਾਂ ਰੁੱਖਾਂ ਦੇ ਹੇਠੋਂ ਦੀ ਲੰਘਣਾ ਚਾਹੁੰਦੀ ਸੀ ਜਿਨ੍ਹਾਂ ਦੀ ਛਾਂ ਮਾਣਦੀ ਰਹੀ ਸੀ। ਜੇ ਹੋ ਸਕੇ ਤਾਂ ਉਹ ਆਪਣੇ ਘਰ ਵੀ ਜਾ ਸਕਦੀ ਸੀ ਤੇ ਆਪਣੀ ਉਸ ਮਾਸੀ ਦੇ ਘਰ ਵੀ ਜਿਸ ਨੇ ਮਿਲਟਰੀ ਵਾਲਿਆਂ ਨੂੰ ਸੌਂਪਣ ਤੱਕ ਉਸ ਨੂੰ ਫੁੱਲਾਂ ਵਾਂਗ ਸਾਂਭੀ ਰੱਖਿਆ ਸੀ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਉਨ੍ਹਾਂ ਘਰਾਂ ਵਿਚ ਕੋਈ ਹੈ ਵੀ ਸੀ ਜਾਂ ਨਹੀਂ। ਉਸ ਦਾ ਕੇਵਲ ਵੇਖਣ ਨੂੰ ਜੀਅ ਕਰਦਾ ਸੀ।
ਦਸੰਬਰ ਦੇ ਮਹੀਨੇ ਉਸ ਦੇ ਪਿੰਡ ਮਹਿਦੂਦਾਂ ਦੇ ਨੇੜੇ ਫਤਿਹਗੜ੍ਹ ਸਾਹਿਬ ਦੀ ਸਿੰਘ ਸਭਾ ਦਾ ਜੋੜ ਮੇਲਾ ਭਰਨਾ ਸੀ। ਉਸ ਨੇ ਜੋੜ ਮੇਲਾ ਵੇਖਣ ਦਾ ਐਲਾਨ ਕਰ ਦਿੱਤਾ। ਕਰਤਾਰਪੁਰ ਤੋਂ ਗੱਡੀ ਜਾਂ ਬੱਸ ਚੜ੍ਹ ਕੇ ਉਸ ਨੇ ਜਲੰਧਰ, ਲੁਧਿਆਣਾ, ਖੰਨਾ ਤੇ ਗੋਬਿੰਦਗੜ੍ਹ ਦੀ ਮੰਡੀ ਲੰਘ ਦੇ ਸਰਹਿੰਦ ਜਾ ਉਤਰਨਾ ਸੀ ਜਿਥੋਂ ਤਾਂਗੇ, ਰਿਕਸ਼ੇ ਤੇ ਟੈਂਪੂ ਫਤਿਹਗੜ੍ਹ ਸਾਹਿਬ, ਬਸੀ ਪਠਾਣਾਂ ਜਾਂ ਮਹਿਦੂਦਾਂ ਲਿਜਾ ਸਕਦੇ ਸਨ। ਕਿਸੇ ਨੂੰ ਉਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਸੀ। ਜਦੋਂ ਨੂੰੂਹਾਂ, ਪੁੱਤਰਾਂ ਤੇ ਪੋਤੇ ਪੋਤਰੀਆਂ ਨੇ ਚਿੰਤਾ ਪ੍ਰਗਟ ਕੀਤੀ ਤਾਂ ਉਸ ਦੀ ਪਿਆਰ ਭਰੀ ਇਕੋ ਘੂਰੀ ਨੇ ਸਭ ਨੂੰ ਸ਼ਾਂਤ ਕਰ ਦਿੱਤਾ। ਉਸ ਦਾ ਦਬਦਬਾ ਸਾਰੇ ਪਿੰਡ ਵਿਚ ਚਲਦਾ ਸੀ ਘਰ ਵਾਲੇ ਤਾਂ ਕਿਸ ਦੇ ਪਾਣੀਹਾਰ ਸਨ। ਸਰਹਿੰਦ ਦੇ ਸਟੇਸ਼ਨ ਤੋਂ ਉਤਰ ਕੇ ਉਸ ਨੇ ਬਸੀ ਪਠਾਣਾਂ ਦਾ ਤਾਂਗਾ ਲਿਆ। ਸਰਹਿੰਦ ਤੋਂ ਬਸੀ ਪਠਾਣਾਂ ਦੇ ਇਸ ਰਾਹ ਵਿਚ ਕੁਝ ਵੀ ਤਾਂ ਪਹਿਲਾਂ ਵਾਲਾ ਨਹੀਂ ਸੀ। ਹੋ ਸਕਦਾ ਹੈ ਉਸ ਦਾ ਚੇਤਾ ਹੀ ਉਸ ਦਾ ਸਾਥ ਨਹੀਂ ਸੀ ਦੇ ਰਿਹਾ। ਮੋਰਿੰਡੇ ਵਾਲੀ ਰੇਲਵੇ ਲਾਈਨ ਤੋਂ ਪਹਿਲਾਂ ਦੇ ਸਾਰੇ ਦ੍ਰਿਸ਼ ਬਹੁਤ ਓਪਰੇ ਸਨ। ਪਰ ਮੋਰਿੰਡੇ ਵਾਲੀ ਰੇਲਵੇ ਲਾਈਨ ਦੇਖ ਕੇ ਉਸ ਦੇ ਸਾਹ ਵਿਚ ਸਾਹ ਆ ਗਿਆ। ਜਦੋਂ ਉਹ ਆਪਣੇ ਅੱਬਾ ਨਾਲ ਫਤਿਹਗੜ੍ਹ ਸਾਹਿਬ ਆਈ ਸੀ ਤਾਂ ਮਾਲ ਗੱਡੀ ਲੰਘ ਰਹੀ ਸੀ। ਉਸ ਨੇ ਮਾਲ ਗੱਡੀ ਦੇ ਡੱਬੇ ਗਿਣੇ ਸਨ ਜਿਹੜੇ ਅੱਸੀ ਤੋਂ ਉੱਤੇ ਸਨ। ਇਕ ਦੋ ਡੱਬਿਆਂ ਦਾ ਉਸ ਨੂੰ ਧੋਖਾ ਵੀ ਲੱਗਿਆ ਸੀ। ਹੁਣ ਫੇਰ ਫਾਟਕ ਬੰਦ ਸੀ। ਉਹ ਖੁਸ਼ ਸੀ ਕਿ ਉਹ ਬਚਪਨ ਵਾਂਗ ਗੱਡੀ ਨੂੰ ਲੰਘਦਿਆਂ ਦੇਖ ਸਕੇਗੀ।
ਲੰਘਣ ਵਾਲੀ ਗੱਡੀ ਉਦੋਂ ਵਾਂਗ ਹੀ ਮਾਲ ਅਸਬਾਬ ਵਾਲੀ ਸੀ। ਜਦੋਂ ਇੰਜਣ ਉਸ ਦੇ ਅੱਗੋਂ ਦੀ ਲੰਘਿਆ ਤਾਂ ਉਸ ਦਾ ਜੀਅ ਕੀਤਾ ਕਿ ਉਹ ਡੱਬੇ ਗਿਣੇ। ਪਰ ਉਸ ਨੇ ਛੇਤੀ ਹੀ ਆਪਣੇ ਮਨ ਨੂੰ ਸਮਝਾ ਲਿਆ ਕਿ ਇਹ ਕੋਈ ਕਰਨ ਵਾਲੀ ਗੱਲ ਨਹੀਂ ਸੀ। ਫੇਰ ਵੀ ਉਹ ਮਨ ਹੀ ਮਨ ਵਿਚ ਇਕ ਤਰ੍ਹਾਂ ਦੀ ਗਿਣਤੀ ਗਿਣਦੀ ਰਹੀ ਜਿਵੇਂ ਗਿਣਤੀ ਦਾ ਪਾਠ ਕਰ ਰਹੀ ਹੋਵੇ। ਫਾਟਕ ਲੰਘ ਕੇ ਸੱਜੇ ਹੱਥ ਦਾ ਰੋਜ਼ਾ ਤੇ ਖੱਬੇ ਹੱਥ ਵਾਲੀ ਹਲੀਮ ਮੰਜ਼ਿਲ ਨਾਂ ਦੀ ਕੋਠੀ ਤੇ ਚਾਰਦੀਵਾਰੀ ਨੂੰ ਉਹ ਭਲੀ ਭਾਂਤ ਪਛਾਣਦੀ ਸੀ। ਉਹ ਖੁਸ਼ ਸੀ ਕਿ ਉਸ ਦਾ ਚੇਤਾ ਕਾਇਮ ਸੀ।
ਬਸੀ ਪਠਾਣਾਂ ਤੋਂ ਮਹਿਦੂਦਾਂ ਨੂੰ ਜਾਣ ਵਾਲੀ ਸੜਕ ਨੂੰ ਪਹਿਚਾਣਨਾ ਉਸ ਦੇ ਵੱਸ ਦਾ ਰੋਗ ਨਹੀਂ ਸੀ। ਇੱਥੇ ਮੁਰੱਬਾ ਬੰਦੀ ਤੇ ਪਿੰਡ ਦੀ ਫਿਰਨੀ ਨੇ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ। ਉਹ ਕਿਸੇ ਨੂੰ ਕੁਝ ਪੁੱਛਣਾ ਵੀ ਨਹੀਂ ਸੀ ਚਾਹੁੰਦੀ, ਪੁੱਛਦੀ, ਵੀ ਕੀ? ਰਿਕਸ਼ੇ ਵਾਲਾ ਉਸ ਨੂੰ ਰਸਤਾ ਪੁੱਛਣ ਲਈ ਕਹਿ ਰਿਹਾ ਸੀ ਪਰ ਉਹ ਉਸ ਦੀ ਗੱਲ ਨੂੰ ਅਣਸੁਣੀ ਕਰ ਕੇ ਆਲਾ-ਦੁਆਲਾ ਪਹਿਚਾਨਣ ਵਿਚ ਲੱਗੀ ਹੋਈ ਸੀ। ਪਿੰਡ ਦੇ ਬਾਹਰ ਵਾਲਾ ਬਰੋਟਾ ਦਿਸ ਪਿਆ। ਇਹ ਜਿਉਂ ਦਾ ਤਿਉਂ ਕਾਇਮ ਸੀ। ਇਸ ਦੀ ਛਾਂ ਉਸੇ ਤਰ੍ਹਾਂ ਸੰਘਣੀ ਸੀ। ਦਸੰਬਰ ਦਾ ਮਹੀਨਾ ਤੇ ਸ਼ਾਮ ਦਾ ਵੇਲਾ ਹੋਣ ਕਾਰਨ ਬਰੋਟੇ ਦੀ ਛਾਂ ਠੰਢੀ ਯਖ਼ ਜਾਪਦੀ ਸੀ। ਚੰਨ ਕੌਰ ਨੂੰ ਇਸ ਛਾਂ ਵਿਚੋਂ ਵੀ ਨਿੱਘ ਮਿਲ ਰਿਹਾ ਸੀ, ਜਿਸ ਤਰ੍ਹਾਂ ਦਾ ਨਿੱਘ ਬਚਪਨ ਦੇ ਦਿਨਾਂ ਵਿਚ ਰਾਤ ਦੇ ਵੇਲੇ ਖੇਤਾਂ ਤੋਂ ਪਰਤਦਿਆਂ ਕਿਸੇ ਵੀ ਰੁੱਖ ਦੇ ਥੱਲੇ ਪਹੁੰਚਣ ’ਤੇ ਮਿਲਿਆ ਕਰਦਾ ਸੀ। ਉਸ ਨੂੰ ਬਰੋਟੇ ਦੀ ਛਤਰੀ ਹੇਠਲਾ ਨਿੱਘ ਚੰਗਾ ਲੱਗ ਰਿਹਾ ਸੀ।
ਫੇਰ ਅਚਾਨਕ ਹੀ ਉਸ ਦੀ ਨਜ਼ਰ ਆਪਣੇ ਘਰ ਦੀ ਚਾਰਦੀਵਾਰੀ ਵੱਲ ਭੌਂ ਗਈ। ਉਥੇ ਤਾਂ ਕੁਝ ਵੀ ਨਹੀਂ ਸੀ। ਖੋਲ਼ਿਆਂ ਵਿਚ ਗੰਨੇ ਦਾ ਪੀੜ ਪਿਆ ਸੀ। ਉਸ ਦਾ ਦਿਲ ਘਟਣ ਲੱਗਿਆ। ਉਸ ਨੇ ਤਾਏ ਪ੍ਰਤਾਪ ਸਿੰਘ ਤੇ ਮਾਸੀ ਬਾਰੇ ਪੁੱਛਣਾ ਚਾਹਿਆ ਪਰ ਵੱਡੀ ਉਮਰ ਦਾ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਇਕ ਆਦਮੀ ਕੋਲੋਂ ਦੀ ਦਾਤਰੀ ਲੈ ਕੇ ਲੰਘਿਆ ਪਰ ਚੰਨ ਕੌਰ ਉਸ ਨੂੰ ਪਛਾਣਦੀ ਨਹੀਂ ਸੀ। ਹੋ ਸਕਦਾ ਹੈ ਪਾਕਿਸਤਾਨ ਤੋਂ ਇਸ ਪਿੰਡ ਆ ਕੇ ਵਸਣ ਵਾਲੇ ਸ਼ਰਨਾਰਥੀਆਂ ਵਿਚੋਂ ਹੋਵੇ। ਅਸਲ ਵਿਚ ਉਹ ਕਿਸੇ ਦੇ ਮੂੰਹ ਤੋਂ ਇਹ ਗੱਲ ਨਹੀਂ ਸੀ ਸੁਣਨਾ ਚਾਹੁੰਦੀ ਕਿ ਪ੍ਰਤਾਪ ਸਿੰਘ ਤੇ ਉਸ ਦੀ ਘਰਵਾਲੀ ਇਸ ਦੁਨੀਆਂ ਵਿਚ ਨਹੀਂ। ਜੇ ਉਹ ਵੀ ਨਹੀਂ ਸਨ ਤਾਂ ਉਸ ਦਾ ਇਸ ਜਗਤ ਵਿਚ ਰਹਿ ਹੀ ਕੌਣ ਗਿਆ ਸੀ। ਉਸ ਦੇ ਆਪਣੇ ਬੱਚੇ ਸਿਰ ਖੁਦ ਹੋ ਚੁੱਕੇ ਸਨ। ਕੰਮ ਕਾਰ ਵੀ ਠੀਕ ਸਨ। ਉਨ੍ਹਾਂ ਪ੍ਰਤੀ ਆਪਣਾ ਰੋਲ ਉਹ ਪੂਰਾ ਕਰ ਚੁੱਕੀ ਸੀ। ਉਹ ਹੁਣ ਆਸਰਾ ਦੇਣ ਵਾਲੀ ਦੀ ਥਾਂ ਆਸਰਾ ਲੈਣ ਵਾਲੀ ਅਵਸਥਾ ਵਿਚ ਪਹੁੰਚ ਚੁੱਕੀ ਸੀ। ਇਸ ਮਿੱਟੀ ਤੋਂ ਆਸਰਾ ਹੀ ਤਾਂ ਲੈਣ ਆਈ ਸੀ।
ਰਿਕਸ਼ੇ ਵਾਲੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਲੱਭ ਰਹੀ ਸੀ। ਉਹ ਆਪ ਠਰੂੰ ਠਰੂੰ ਕਰ ਰਿਹਾ ਸੀ। ਸੂਰਜ ਢਲਣ ਕਾਰਨ ਠੰਢ ਵਧ ਰਹੀ ਸੀ। ਉਹ ਵਾਪਸ ਬਸੀ ਪਠਾਣਾਂ ਪਹੁੰਚਣਾ ਚਾਹੁੰਦਾ ਸੀ। ਪਰ ਜਿਸ ਸਵਾਰੀ ਨੂੰ ਲੈ ਕੇ ਆਇਆ ਸੀ ਉਸ ਨੂੰ ਇੰਜ ਛੱਡ ਕੇ ਕਿਵੇਂ ਪਰਤ ਸਕਦਾ ਸੀ।
ਰਿਕਸ਼ੇ ਵਾਲੇ ਨੇ ਦੇਖਿਆ ਕਿ ਉਸ ਦੀ ਸਵਾਰੀ ਬਰੋਟੇ ਦੇ ਥੱਲਿਓਂ ਤੁਰ ਕੇ ਪੀੜ ਵਾਲੇ ਖੋਲੇ ਵਿਚਲੀ ਨਿੰਮ ਵੱਲ ਵਧ ਰਹੀ ਸੀ। ਇਹ ਉਹੀਓ ਨਿੰਮ ਸੀ ਜਿਸ ਉੱਤੇ ਚੰਨ ਕੌਰ ਪੀਂਘ ਝੂਟਿਆ ਕਰਦੀ ਸੀ, ਉਦੋਂ ਜਦੋਂ ਉਸ ਦਾ ਨਾਂ ਨੂਰਾਂ ਹੁੰਦਾ ਸੀ। ਨਿੰਮ ਦੇ ਪੱਤੇ ਝੜ ਰਹੇ ਸਨ। ਟਾਹਣੀਆਂ ਵੀ ਓਨੀਆਂ ਤੰਦਰੁਸਤ ਨਹੀਂ ਸਨ। ਉਸ ਦੀ ਉਮਰ ਨਾਲੋਂ ਅੱਧੀ ਸਦੀ ਵੱਧ ਉਮਰ ਵਾਲੀ ਨਿੰਮ ਉਸ ਨੂੰ ਆਪਣੀ ਦਾਦੀ ਵਰਗੀ ਲੱਗ ਰਹੀ ਸੀ। ਜੇ ਨਿੰਮ ਦਾਦੀ ਸੀ ਤਾਂ ਨੂਰਾਂ ਪੋਤਰੀ। ਮਨ ਵਿਚ ਪੋਤੀ ਦਾ ਬਿੰਬ ਆਉਂਦੇ ਸਾਰ ਉਸ ਨੂੰ ਆਪਣੇ ਤਨ ਅਤੇ ਮਨ ਤੋਂ ਚੰਨ ਕੌਰ ਦਾ ਨਾਂ ਲੱਥ ਚੁੱਕਾ ਜਾਪਣ ਲੱਗਿਆ। ਉਹ ਮੁੜ ਨਿੱਕੀ ਬਾਲੜੀ ਹੋ ਗਈ। ਨੂਰਾਂ। ਨਿਰੀ ਨੂਰਾਂ। ਉਸ ਨੂੰ ਚੰਨ ਕੌਰ ਦੀ ਕੰਜ ਲਾਹ ਦੇਣੀ ਚਾਹੀਦੀ ਸੀ। ਇਹ ਕੰਮ ਤਾਂ ਉਸ ਨੂੰ ਪੇਕੇ ਪਿੰਡ ਦੀ ਜੂਹ ਦੇ ਬਾਹਰ ਹੀ ਕਰ ਦੇਣਾ ਚਾਹੀਦਾ ਸੀ। ਉਹ ਬਹੁਤ ਪ੍ਰੇਸ਼ਾਨੀ ਦੀ ਅਵਸਥਾ ਵਿਚ ਸੀ। ਉਹ ਮੁੜ ਨੂਰਾਂ ਦਾ ਜੀਵਨ ਜਿਊਣਾ ਚਾਹੁੰਦੀ ਸੀ।
ਉਸ ਦਾ ਇਸ ਦੁਨੀਆਂ ਵਿਚ ਕੋਈ ਨਹੀਂ ਸੀ। ਇਹ ਧਰਤੀ ਵੀ ਆਪਣੀ ਨਹੀਂ ਸੀ ਰਹੀ। ਉਸ ਦਾ ਦਿਲ ਹੋਰ ਵੀ ਘਟਣ ਲੱਗਿਆ। ਉਹ ਨਿੰਮ ਦੇ ਤਣੇ ਕੋਲ ਸੁੱਕੇ ਪੀੜ ਦੀ ਢੇਰੀ ਉੱਤੇ ਬਹਿ ਗਈ। ਉਸ ਨੇ ਆਪਣੇ ਮਨ ਹੀ ਮਨ ਵਿਚ ਚੰਨ ਕੌਰ ਦਾ ਜਾਮਾ ਉਤਾਰ ਦਿੱਤਾ ਤੇ ਨੂਰਾਂ ਵਾਲਾ ਪਹਿਨ ਲਿਆ।
ਨੂਰਾਂ ਦਾ ਜਾਮਾ ਪਹਿਨ ਕੇ ਉਸ ਦੀ ਦੇਹੀ ਵਿਚ ਆਤਮਕ ਬਲ ਆ ਗਿਆ। ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਸ ਨੇ ਪਹਿਲਾਂ ਬਦਲੇ ਜਾਮੇ ਵਾਲਾ ਜੀਵਨ ਵੀ ਰੱਜ ਕੇ ਹੰਡਾਇਆ ਸੀ। ਉਸ ਨੂੰ ਕਿਸੇ ਉਤੇ ਕੋਈ ਗਿਲਾ ਨਹੀਂ ਸੀ। ਉਸ ਨੇ ਕਿਸੇ ਧਰਮ ਨੂੰ ਧੋਖਾ ਨਹੀਂ ਸੀ ਦਿੱਤਾ। ਉਸ ਲਈ ਪਹਿਲੀ ਦੂਜੀ ਤੇ ਤੀਜੀ ਹਰ ਮਰਿਆਦਾ ਇਕ ਸਮਾਨ ਸੀ। ਜੇ ਉਹ ਚੰਨ ਕੌਰ ਦੇ ਜਾਮੇ ਵਿਚ ਸੰਤੁਸ਼ਟ ਸੀ ਤਾਂ ਨੂਰਾਂ ਦੇ ਜਾਮੇ ਵਿਚ ਉਸ ਤੋਂ ਵੀ ਵਧ ਕੇ ਖੁਸ਼ ਸੀ। ਉਸ ਨੇ ਦੋ ਜਾਮੇ ਹੰਢਾ ਲਏ ਸਨ। ਹੁਣ ਉਹ ਹੋਰ ਬਦਲੀ ਦੇ ਹੱਕ ਵਿਚ ਨਹੀਂ ਸੀ। ਹੁਣ ਉਹ ਆਪਣੀ ਧਰਤੀ ਤੇ ਆਪਣੇ ਪਿੰਡ ਵਿਚ ਆਪਣੇ ਹੀ ਘਰ ਦੀ ਚਾਰਦੀਵਾਰੀ ਵਿਚਲੀ ਆਪਣੀ ਨਿੰਮ ਦੇ ਤਣੇ ਕੋਲ ਲੱਗੀ ਗੰਨੇ ਦੀ ਪੀੜ ਦੀ ਢੇਰੀ ਉੱਤੇ ਨੂਰਾਂ ਦਾ ਜਾਮਾ ਪਹਿਨ ਕੇ ਬੜੀ ਖੁਸ਼ੀ ਸੀ।
ਮਨ ਹੀ ਮਨ ਵਿਚ ਨੂਰਾਂ ਦਾ ਜਾਮਾ ਪਹਿਨਣ ਤੋਂ ਪਹਿਲਾਂ ਚੰਨ ਕੌਰ ਦਾ ਜਾਮਾ ਉਤਾਰਨ ਲੱਗੀ ਉਹ ਐਨ ਉਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਸਮਾਂ ਪਾ ਕੇ ਧਰਤੀ ਦਾ ਰਾਜਾ ਤੇ ਨਾਗ ਦੇਵਤਾ ਆਪਣੀ ਪਹਿਲਾਂ ਵਾਲੀ ਕੁੰਜ ਲਾਹ ਕੇ ਅੱਗੇ ਨੂੰ ਤੁਰ ਜਾਂਦਾ ਹੈ।
ਰਿਕਸ਼ੇ ਵਾਲੇ ਨੇ ਵੇਖਿਆ ਕਿ ਨੂਰਾਂ ਦੇ ਚਿਹਰੇ ਉੱਤੇ ਇਕ ਅਜਬ ਤਰ੍ਹਾਂ ਦਾ ਨੂਰ ਸੀ। ਉਸ ਦਾ ਅੱਖਾਂ ਮੀਚ ਕੇ ਨਿੰਮ ਦੇ ਤਣੇ ਨਾਲ ਢੋਅ ਲਾ ਕੇ ਬੈਠ ਚੁੱਕੀ ਨੂਰਾਂ ਨੂੰ ਬੁਲਾਉਣ ਦਾ ਹੌਸਲਾ ਨਹੀਂ ਸੀ ਪੈ ਰਿਹਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ