The Steadfast Tin Soldier (Story in Punjabi) : Hans Christian Andersen

ਇੱਕ-ਪੈਰਾ ਸਿਪਾਹੀ (ਕਹਾਣੀ) : ਹੈਂਸ ਕ੍ਰਿਸਚੀਅਨ ਐਂਡਰਸਨ

ਇੱਕ ਵਾਰ ਦੀ ਗੱਲ ਹੈ । ਪੰਝੀ ਟੀਨ ਦੇ ਖਿਡੌਣੇ–ਸਿਪਾਹੀ ਸਨ । ਇਹ ਟੀਨ ਦੇ ਸਿਪਾਹੀ ਆਪਸ ਵਿੱਚ ਭਰਾ–ਭਰਾ ਸਨ ਕਿਉਂਕਿ ਇੱਕ ਹੀ ਟੀਨ ਦੇ ਪੁਰਾਣੇ ਚਮਚੇ ਤੋਂ ਬਣੇ ਸਨ । ਸਾਰੇ ਸਿਪਾਹੀਆਂ ਦੇ ਮੋਢਿਆਂ ਤੇ ਟੀਨ ਦੀ ਇੱਕ-ਇੱਕ ਬੰਦੂਕ ਸੀ । ਉਨ੍ਹਾਂ ਨੇ ਲਾਲ ਅਤੇ ਨੀਲੇ ਰੰਗ ਦੀਆਂ ਪੋਸ਼ਾਕਾਂ ਪਹਿਨ ਰੱਖੀਆਂ ਸਨ ।
ਇਹਨਾਂ ਸਾਰਿਆਂ ਨੇ ਜਿਨ੍ਹਾਂ ਸ਼ਬਦਾਂ ਨੂੰ ਸਭ ਤੋਂ ਪਹਿਲਾਂ ਸੁਣਿਆ ਸੀ ਉਹ ਸਨ 'ਟੀਨ ਦੇ ਸਿਪਾਹੀ' । ਜਦੋਂ ਉਸ ਡੱਬੇ ਦਾ ਢੱਕਣ ਖੋਲ੍ਹਿਆ ਗਿਆ ਜਿਸ ਵਿੱਚ ਇਹ ਬੰਦ ਸਨ, ਤਾਂ ਇਹ ਸ਼ਬਦ ਉਸ ਬੱਚੇ ਨੇ ਕਹੇ ਸੀ ਜਿਸਨੂੰ ਇਹ (ਸਿਪਾਹੀ) ਜਨਮ ਦਿਨ ਤੇ ਮਿਲੇ ਸਨ । ਫਿਰ ਉਸ ਮੁੰਡੇ ਨੇ ਇਹਨਾਂ ਸਾਰਿਆ ਨੂੰ ਇੱਕ ਮੇਜ਼ ਤੇ ਰੱਖਿਆ । ਸਾਰੇ ਇੱਕੋ ਜਿਹੇ ਸਨ । ਪਰ ਇੱਕ ਸਿਪਾਹੀ ਸਭ ਤੋਂ ਵੱਖ ਸੀ । ਉਸਦਾ ਇੱਕ ਪੈਰ ਨਹੀਂ ਸੀ ਕਿਉਂਕਿ ਇਹ ਸਿਪਾਹੀ ਸਭ ਤੋਂ ਬਾਅਦ ਵਿੱਚ ਬਣਾਇਆ ਗਿਆ ਸੀ, ਤਦ ਸਾਰਾ ਟੀਨ ਖ਼ਤਮ ਹੋ ਗਿਆ ਸੀ । ਪਰ ਉਹ ਇੱਕ ਪੈਰ ਤੇ ਉਂਜ ਹੀ ਖੜਾ ਸੀ ਜਿਵੇਂ ਕਿ ਦੂਜੇ ਦੋ ਪੈਰਾਂ ਤੇ ਖੜੇ ਸਨ । ਇਹ ਕਹਾਣੀ ਉਸੇ ਇੱਕ ਪੈਰ ਵਾਲੇ ਸਿਪਾਹੀ ਦੀ ਹੈ ।
ਜਿਸ ਮੇਜ ਤੇ ਉਹ ਸਿਪਾਹੀ ਸਨ ਉਸੀ ਮੇਜ ਤੇ ਹੋਰ ਵੀ ਬਹੁਤ ਸਾਰੇ ਖਿਡੌਣੇ ਸਜਾਏ ਹੋਏ ਸਨ । ਉਨ੍ਹਾਂ ਖਿਡਾਉਣਿਆਂ ਵਿੱਚ ਇੱਕ ਕਾਗਜ ਦਾ ਮਹਿਲ ਸੀ । ਉਹ ਮਹਿਲ ਬਹੁਤ ਸੁੰਦਰ ਸੀ । ਪਰ ਉਸ ਤੋਂ ਵੀ ਜਿਆਦਾ ਸੁੰਦਰ ਸੀ ਇੱਕ ਨਾਚੀ ਜੋ ਮਹਿਲ ਦੇ ਇੱਕ ਖੁੱਲ੍ਹੇ ਦਰਵਾਜੇ ਦੇ ਅੱਗੇ ਨਾਚ ਕਰ ਰਹੀ ਸੀ । ਉਹ ਕਾਗਜ ਦੀ ਬਣੀ ਸੀ । ਉਸਨੇ ਸਿਲਕ ਦੀ ਇੱਕ ਸਕਰਟ ਪਹਿਨ ਰੱਖੀ ਸੀ, ਇੱਕ ਚੁੰਨੀ ਲੈ ਰੱਖੀ ਸੀ ਅਤੇ ਗਲ ਵਿੱਚ ਇੱਕ ਜੰਜੀਰੀ ਪਹਿਨੀ ਹੋਈ ਸੀ । ਉਸ ਸੁੰਦਰ ਕਾਗਜ ਦੀ ਨਾਚੀ ਨੇ ਆਪਣੇ ਦੋਵੇਂ ਹੱਥ ਉੱਤੇ ਚੁੱਕੇ ਹੋਏ ਸਨ ਅਤੇ ਆਪਣਾ ਇੱਕ ਪੈਰ ਇੰਨਾ ਉੱਤੇ ਚੁੱਕਿਆ ਹੋਇਆ ਸੀ ਕਿ ਇੱਕ ਪੈਰ ਵਾਲੇ ਸਿਪਾਹੀ ਨੂੰ ਚੰਗੀ ਤਰ੍ਹਾਂ ਦਿਸ ਨਹੀਂ ਰਿਹਾ ਸੀ। ਉਸਨੇ ਸੋਚਿਆ ਕਿ ਨਾਚੀ ਦਾ ਵੀ ਇੱਕ ਹੀ ਪੈਰ ਹੈ ।
ਸਿਪਾਹੀ ਨੇ ਸੋਚਿਆ ਉਹ ਮੇਰੇ ਲਈ ਇੱਕ ਚੰਗੀ ਪਤਨੀ ਸਾਬਤ ਹੋਵੇਗੀ । ਉਸਨੇ ਅੱਗੇ ਵਿਚਾਰ ਕੀਤਾ ਪਰ ਉਹ ਤਾਂ ਬਹੁਤ ਅਮੀਰ ਹੈ । ਉਹ ਤਾਂ ਮਹਿਲ ਵਿੱਚ ਰਹਿੰਦੀ ਹੈ ਜਦੋਂ ਕਿ ਮੈਂ ਇੱਕ ਡਿੱਬੇ ਵਿੱਚ ਰਹਿੰਦਾ ਹਾਂ । ਅਤੇ ਉੱਤੋਂ ਉਹ ਡਿੱਬਾ ਮੇਰੇ ਨਾਲ–ਨਾਲ ਮੇਰੇ ਚੌਵ੍ਹੀ ਭਰਾਵਾਂ ਦਾ ਵੀ ਹੈ । ਲੇਕਿਨ ਘੱਟ ਤੋਂ ਘੱਟ ਮੈਨੂੰ ਉਸ ਨਾਲ ਜਾਣ ਪਛਾਣ ਤਾਂ ਕਰਨੀ ਹੀ ਚਾਹੀਦੀ ਹੈ । ਫਿਰ ਉਹ ਉਸਨੂੰ ਉਥੇ ਹੀ ਖੜਾ ਵੇਖਦਾ ਰਿਹਾ ।
ਜਦੋਂ ਸ਼ਾਮ ਹੋਈ ਤਾਂ ਸਾਰੇ ਟੀਨ ਦੇ ਸਿਪਾਹੀ ਡਿੱਬੇ ਵਿੱਚ ਰੱਖ ਦਿੱਤੇ ਗਏ ਅਤੇ ਸਾਰੇ ਲੋਕ ਸੌਣ ਚਲੇ ਗਏ । ਫਿਰ ਸਾਰੇ ਖਿਡੌਣੇ ਜਿੰਦਾ ਹੋ ਗਏ ਅਤੇ ਨੱਚਣ, ਗਾਉਣ ਲੱਗੇ । ਬਸ ਇੱਕ ਪੈਰ ਵਾਲਾ ਸਿਪਾਹੀ ਅਤੇ ਕਾਗਜ ਦੀ ਨਾਚੀ ਆਪਣੇ ਸਥਾਨ ਤੋਂ ਨਹੀਂ ਹਿਲੇ । ਨਾਚੀ ਆਪਣੇ ਸਥਾਨ ਤੇ ਖੜੀ ਰਹੀ ਅਤੇ ਸਿਪਾਹੀ ਉਸਨੂੰ ਵੇਖਦਾ ਹੀ ਰਿਹਾ ।
ਰਾਤ ਦੇ ਬਾਰਾਂ ਵਜੇ ਇੱਕ ਡਿੱਬਾ ਖੁੱਲ੍ਹਿਆ; ਉਸ ਵਿੱਚੋਂ ਇੱਕ ਦੈਂਤ ਨਿਕਲਿਆ । ਜਦੋਂ ਦੈਂਤ ਨੇ ਸਿਪਾਹੀ ਨੂੰ ਨਾਚੀ ਦੀ ਤਰਫ ਧਿਆਨ ਮਗਨ ਵੇਖਦੇ ਹੋਏ ਵੇਖਿਆ ਤਾਂ ਉਸਨੇ ਸਿਪਾਹੀ ਨੂੰ ਕਿਹਾ, "ਸਿਪਾਹੀ ਨਾਚੀ ਨੂੰ ਮਤ ਘੂਰੋ ।"
ਦੂਜੇ ਦਿਨ ਬੱਚਿਆਂ ਨੇ ਇੱਕ ਪੈਰ ਵਾਲੇ ਸਿਪਾਹੀ ਨੂੰ ਖਿੜਕੀ ਦੇ ਕੋਲ ਰੱਖ ਦਿੱਤਾ । ਇੱਕ ਹਵਾ ਦਾ ਝੋਂਕਾ ਆਇਆ ਅਤੇ ਸਿਪਾਹੀ ਹੇਠਾਂ ਡਿੱਗ ਗਿਆ । ਮੁੰਡਾ ਅਤੇ ਨੌਕਰਾਣੀ ਘਰ ਦੇ ਬਾਹਰ ਆਏ । ਏਧਰ ਉੱਧਰ ਭਾਲਿਆ ਪਰ ਸਿਪਾਹੀ ਨਾ ਮਿਲਿਆ । ਥੋੜ੍ਹੀ ਦੇਰ ਬਾਅਦ ਬਹੁਤ ਤੇਜੀ ਨਾਲ ਵਰਖਾ ਹੋਣ ਲੱਗੀ । ਜਦੋਂ ਵਰਖਾ ਖ਼ਤਮ ਹੋਈ ਤਾਂ ਉੱਥੇ ਦੋ ਮੁੰਡੇ ਆਏ । ਉਨ੍ਹਾਂ ਨੂੰ ਉਹ ਇੱਕ ਪੈਰਵਾਲਾ ਸਿਪਾਹੀ ਮਿਲਿਆ ਤਾਂ ਉਨ੍ਹਾਂ ਨੇ ਇੱਕ ਕਾਗਜ ਦੀ ਕਿਸ਼ਤੀ ਬਣਾਕੇ ਉਸ ਵਿੱਚ ਉਸ ਸਿਪਾਹੀ ਨੂੰ ਬਿਠਾ ਕੇ ਇੱਕ ਨਾਲੇ ਵਿੱਚ ਰੱਖ ਦਿੱਤਾ ।
ਅਚਾਨਕ ਬਹੁਤ ਅੰਧੇਰਾ ਹੋ ਗਿਆ । ਮੈਂ ਕਿੱਥੇ ਆ ਗਿਆ ਹਾਂ । ਸਿਪਾਹੀ ਨੇ ਸੋਚਿਆ, ਜੋ ਵੀ ਹੋਇਆ ਇਹ ਸਭ ਦੈਂਤ ਦੇ ਕਾਰਨ ਹੋਇਆ ਹੈ । ਜੇਕਰ ਮੇਰੇ ਨਾਲ ਨਾਚੀ ਵੀ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ।
ਉੱਥੇ ਇੱਕ ਚੂਹਾ ਖੜਾ ਸੀ । ਚੂਹੇ ਨੇ ਕਿਹਾ "ਆਪਣਾ ਪਾਸਪੋਰਟ ਵਿਖਾਓ," ਪਰ ਟੀਨ ਦਾ ਸਿਪਾਹੀ ਅਨਸੁਣੀ ਕਰਕੇ ਵਗਦਾ ਹੀ ਚਲਾ ਗਿਆ । ਚੂਹਾ ਉਸਦੇ ਪਿੱਛੇ ਭੱਜ ਕੇ ਜੋਰ-ਜੋਰ ਨਾਲ ਚੀਖਣ ਲਗਾ, ਉਸਨੂੰ ਰੋਕੋ, ਉਸਨੇ ਸੀਮਾ ਸ਼ੁਲਕ ਨਹੀਂ ਦਿੱਤਾ ਹੈ । ਸ਼ਾਇਦ ਉਸਦੇ ਕੋਲ ਪਾਸਪੋਰਟ ਵੀ ਨਹੀਂ ਹੈ । ਪਰ ਉਹ ਬਹੁਤ ਤੇਜੀ ਨਾਲ ਵਗਣ ਲਗਾ ਉਹ ਫਿਰ ਉਜਾਲੇ ਵਿੱਚ ਆ ਗਿਆ ।
ਹੁਣ ਉਹ ਇੱਕ ਨਦੀ ਵਿੱਚ ਆ ਗਿਆ ਸੀ । ਫਿਰ ਕਾਗਜ ਦੀ ਕਿਸ਼ਤੀ ਫਟ ਗਈ ਅਤੇ ਸਿਪਾਹੀ ਡੁੱਬਣ ਲਗਾ । ਡੁੱਬਦੇ ਹੋਏ ਉਹ ਉਸ ਨਾਚੀ ਦੇ ਬਾਰੇ ਵਿੱਚ ਸੋਚਣ ਲਗਾ ਜੋ ਉਹਨੂੰ ਫਿਰ ਕਦੇ ਨਹੀਂ ਮਿਲਣ ਵਾਲੀ ਸੀ । ਅਚਾਨਕ ਸਿਪਾਹੀ ਨੂੰ ਇੱਕ ਮੱਛੀ ਨੇ ਨਿਗਲ ਲਿਆ । ਉਸਦੇ ਢਿੱਡ ਵਿੱਚ ਬਹੁਤ ਹਨੇਰਾ ਸੀ । ਪਰ ਥੋੜ੍ਹੀ ਦੇਰ ਬਾਅਦ ਫਿਰ ਉਜਿਆਲਾ ਹੋ ਗਿਆ ਅਤੇ ਜਾਣੀ ਸਿਆਣੀ ਅਵਾਜ ਉਸਨੂੰ ਸੁਣਾਈ ਦਿੱਤੀ । ਉਹ ਮੱਛੀ ਫੜੀ ਗਈ ਸੀ ਅਤੇ ਉਸੇ ਘਰ ਦੇ ਲੋਕ ਉਸ ਮੱਛੀ ਨੂੰ ਖਰੀਦ ਲਿਆਏ ਸਨ ਜਿੱਥੇ ਉਸਦੇ ਸਾਰੇ ਭਰਾ ਸਨ ।
ਉਸ ਸਿਪਾਹੀ ਨੂੰ ਮੇਜ ਤੇ ਰੱਖ ਦਿੱਤਾ ਗਿਆ । ਨਾਚੀ ਨੂੰ ਮਹਿਲ ਦੇ ਬਾਹਰ ਖੜਾ ਵੇਖਕੇ ਸਿਪਾਹੀ ਬਹੁਤ ਖੁਸ਼ ਹੋਇਆ । ਨਾਚੀ ਸਿਪਾਹੀ ਨੂੰ ਵੇਖਦੀ ਰਹੀ ਅਤੇ ਸਿਪਾਹੀ ਨਾਚੀ ਨੂੰ । ਲੇਕਿਨ ਉਹ ਕੁੱਝ ਨਹੀਂ ਬੋਲੇ । ਉਸੇ ਵੇਲੇ ਇੱਕ ਮੁੰਡੇ ਨੇ ਸਿਪਾਹੀ ਨੂੰ ਬਲਦੀ ਅੰਗੀਠੀ ਵਿੱਚ ਸੁੱਟ ਦਿੱਤਾ । ਮੁੰਡੇ ਨੇ ਇਸਦਾ ਕੋਈ ਕਾਰਨ ਵੀ ਨਹੀਂ ਦੱਸਿਆ । ਸਿਪਾਹੀ ਨੇ ਸੋਚਿਆ, ਹੋਵੇ ਨਾ ਹੋਵੇ ਇਹ ਦੈਂਤ ਦੀ ਗਲਤੀ ਹੈ;
ਅਚਾਨਕ ਇੱਕ ਹਵਾ ਦਾ ਬੁੱਲਾ ਆਇਆ ਅਤੇ ਨਾਚੀ ਅੰਗੀਠੀ ਵਿੱਚ ਡਿੱਗ ਗਈ । ਦੂਜੇ ਦਿਨ ਜਦੋਂ ਨੌਕਰਾਨੀ ਅੰਗੀਠੀ ਵਿੱਚੋਂ ਰਾਖ ਕੱਢ ਰਹੀ ਸੀ, ਤਾਂ ਉਹਨੂੰ ਟੀਨ ਦਾ ਦਿਲ ਅਤੇ ਨਾਚੀ ਦਾ ਹਾਰ ਉਸ ਸਿਪਾਹੀ ਦੇ ਗਲੇ ਵਿੱਚ ਮਿਲਿਆ ।
(ਅਨੁਵਾਦ: ਸਤਦੀਪ)

  • ਮੁੱਖ ਪੰਨਾ : ਹੈਂਸ ਕ੍ਰਿਸਚੀਅਨ ਐਂਡਰਸਨ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ