Punjabi Stories/Kahanian
ਤੌਕੀਰ ਚੁਗ਼ਤਾਈ
Tauqeer Chughtai
Punjabi Kavita
  

Ik Raat Tauqeer Chughtai

ਇਕ ਰਾਤ ਤੌਕੀਰ ਚੁਗ਼ਤਾਈ

"ਮੈਨੂੰ ਪੱਕਾ ਯਕੀਨ ਏ, ਉਹ ਉੱਧਲ ਗਈ ਏ। ਦੂਜਾ ਦਿਨ ਹੋ ਗਿਆ ਏ, ਮੈਂ ਉਹਨੂੰ ਪਿੰਡ ਵਿਚ ਨਹੀਂ ਤੱਕਿਆ। ਤੇ ਕੱਲ੍ਹ ਤਾਂ ਉਹ ਭੱਠੀ ਤੇ ਦਾਣੇ ਵੀ ਭੁਨਾਣ ਨਹੀਂ ਆਈ।"
"ਉੱਧਲੀ ਨਹੀਂ ਏ ਯਾਰ! ਲਾਗੇ ਦੇ ਪਿੰਡ ਲੱਗਦਿਆਂ ਦੇ ਵਿਆਹ ਤੇ ਗਈ ਹੋਈ ਏ।"
"ਪਰ ਕਿਹੜੇ ਵੇਲੇ ਗਈ ਸੀ? ਮੈਂ ਤਾਂ ਸਾਰੀ ਦਿਹਾੜ, ਗਲੀ ਦੀ ਗੁੱਠ ਨਾਲ ਖਲੋਤਾ ਰਿਹਾ ਹਾਂ…"
"ਸਰਘੀ ਵੇਲੇ ਗਈ ਏ, ਹੋਰ ਕਿਹੜੇ ਵੇਲੇ। ਰਾਤ ਨੂੰ ਮੁੜ ਵੀ ਆਈ ਸੀ। ਅੱਜ ਰਾਤੀਂ ਫੇਰ ਆਵੇਗੀ। ਤੈਨੂੰ ਯਕੀਨ ਨਹੀਂ ਔਂਦਾ ਤਾਂ ਮੇਰੇ ਨਾਲ ਚੱਲ ਕੇ ਵੇਖ ਲਵੀਂ।"
ਮਲਕਾਂ ਦੇ ਸਲੀਮ ਨੇ ਸੁਨਿਆਰਿਆਂ ਦੇ ਗੁਲਾਮ ਰਸੂਲ ਨੂੰ ਦੱਸਿਆ, ਜਿਹੜਾ ਉਹਦਾ ਗੂੜ੍ਹਾ ਯਾਰ ਸੀ। ਦੋਹਾਂ ਦਾ ਬੜਾ ਪੱਕਾ ਯਾਰਾਨਾ ਸੀ। ਪਿੰਡ ਵਿਚ ਕੋਈ ਵੀ ਚੰਗਾ ਮੰਦਾ ਕੰਮ ਕਰਨਾ ਹੋਵੇ, ਦੋਵੇਂ ਨਾਲੋ ਨਾਲ ਹੁੰਦੇ ਸਨ। ਸਲੀਮ ਉਹਨੂੰ ਦੱਸ ਰਿਹਾ ਸੀ-"ਕੁਫਤਾ ਵੇਲੇ ਚੌਧਰੀਆਂ ਦਿਆਂ ਟਾਂਡਿਆਂ ਵਚ ਵੜ ਜਾਵਾਂਗਾ, ਤੇ ਤੈਨੂੰ ਨਾਲ ਵਾਲੀ ਪੈਲੀ ਵਿਚ ਬਿਠਾ ਦਿਆਂਗਾ। ਜਦੋਂ ਅਖੀਰਲੀ ਬੱਸ ਲੰਘ ਜਾਵੇਗੀ, ਤੇ ਸਾਰੇ ਬੰਦੇ ਸੌਂ ਜਾਣਗੇ, ਉਹ ਮੋਚੀਆਂ ਦੀ ਬੈਠਕ ਵਿਚੋਂ ਲੰਘ ਕੇ, ਮੌਲਵੀ ਦੀ ਹਵੇਲੀ ਵਿਚ ਆ ਜਾਵੇਗੀ। ਕੋਈ ਜਾਗ ਪਿਆ ਤਾਂ ਆਖੇਗੀ 'ਦੰਦ ਨੂੰ ਪੀੜ ਸੀ, ਦਮ ਕਰਾਣ ਲਈ ਆਈ ਸਾਂ'…"
"ਪਰ ਅੱਧੀ ਰਾਤ ਨੂੰ ਦੰਦ ਪੀੜ?"
"ਓਏ! ਆਹੋ! ਵੱਡੇ ਮੌਲਵੀ ਸਾਹਬ ਹੁਰੀਂ ਆਖਦੇ ਨੇ-ਤਰੀਮਤਾਂ ਨੂੰ ਰਾਤ ਵੇਲੇ ਹੀ ਅਰਾਮ ਔਂਦਾ ਏ। ਹੱਬ ਦੇ ਬੜੇ ਨੇਕ ਬੰਦੇ ਨੇ। ਇਕ ਵਾਰੀ ਮੇਰੀ ਭੈਣ ਨੂੰ ਮਿਰਗੀ ਹੋ ਗਈ ਸੀ। ਅਸਾਂ ਅੱਧੀ ਰਾਤ ਉਨ੍ਹਾਂ ਨੂੰ ਜਗਾ ਕੇ ਲਿਆਂਦਾ ਸੀ। ਵਿਚਾਰਿਆਂ ਕੱਲ੍ਹ ਮੁੱਕਲਿਆਂ ਨੇ ਅੰਦਰ ਵੜ ਕੇ ਕੁੰਡੀ ਲਾ ਲਈ ਸੀ। ਬਾਹਰ ਤਦੋਂ ਨਿਕਲੇ, ਜਦੋਂ ਜੱਨਤ ਠੀਕ ਠਾਕ ਹੋ ਗਈ ਸੀ।"
"ਅੱਛਾ ਛੱਡ ਪਰ੍ਹੇ! ਫੇਰ ਕੀ ਕਰੇਗੀ ਉਹ?"
"ਫੇਰ ਅਸਾਂ ਦੋਹਾਂ ਨੇ ਇੰਜ ਮਿਥਿਆ ਏ ਕਿ ਉਹ ਮੌਲਵੀਆਂ ਦੀ ਹਵੇਲੀ ਵਿਚੋਂ ਲੰਘ ਕੇ, ਹਕੀਮਾਂ ਦੇ ਵੇਹੜੇ ਵਿਚ ਆ ਜਾਏਗੀ। ਉਨ੍ਹਾਂ ਦਾ ਪੁੱਤਰ ਸ਼ੇਰਾ ਦਵਾਈਆਂ ਵਾਲੇ ਕਮਰੇ ਵਿਚ ਕੱਲਾ ਹੁੰਦਾ ਏ। ਕਿਸੇ ਨੂੰ ਸ਼ੱਕ ਹੋਇਆਂ, ਤਾਂ ਸ਼ੇਰੇ ਨੂੰ ਵਾਜ ਮਾਰ ਕੇ ਜਗਾ ਲਵੇਗੀ। ਤੇ ਆਖੇਗੀ-'ਮੈਨੂੰ ਜ਼ੁਕਾਮ ਹੋ ਗਿਆ ਏ, ਦਵਾਈ ਲੈਣ ਆਈ ਹਾਂ।' ਅੱਗੇ ਮਰਾਸੀਆਂ ਦਾ ਘਰ ਆ ਜਾਵੇਗਾ। ਉਨ੍ਹਾਂ ਦੇ ਪਸਾਰ ਦੀ ਥੰਮ੍ਹੀ ਨੂੰ ਭੱਜਿਆਂ ਵਾਹਵਾ ਦਿਹਾੜੇ ਹੋ ਗਏ ਨੇ, ਪਸਾਰ ਦਾ ਇਕ ਅਡਾਣ ਕੀ ਡਿੱਗਿਆ, ਲੋਕਾ ਨੇ ਗਲੀ ਨੂੰ ਛੱਡ ਕੇ ਪਸਾਰ ਵਿਚੋਂ ਲੰਘਣਾ ਸ਼ੁਰੂ ਕਰ ਦਿੱਤਾ ਏ। ਇੰਜ ਕਰਨ ਨਾਲ ਪੈਂਡਾ ਚੋਖਾ ਘੱਟ ਜਾਂਦਾ ਏ। ਮਰਾਸੀਆਂ ਦਾ ਦਰ ਲੰਘ ਕੇ, ਤੁਹਾਡਾ ਸੁਨਿਆਰਿਆਂ ਦਾ ਘਰ ਆ ਜਾਂਦਾ ਏ। ਤੇਰਾ ਪਿਉ ਸਾਰੀ ਦਿਹਾੜੀ ਟੂੰਮਾਂ ਘੜ ਘੜ ਕੇ ਐਡਾ ਥੱਕ ਜਾਂਦਾ ਏ, ਕਿ ਉਹਨੂੰ ਕਿਸੇ ਸ਼ੈਅ ਦੀ ਕੈੜ ਖਬਰ ਨਹੀ ਰਹਿੰਦੀ। ਤੇ ਤੇਰੀ ਮਾਂ ਵੱਡੇ ਕਮਰੇ ਵਿਚ ਘੁਰਾੜੇ ਮਾਰਦੀ ਰਹਿੰਦੀ ਏ। ਤੇ ਤੇਰੀ ਭੈਣ ਛਿੰਮੋ ਵਿਚਾਰੀ ਬੜੀ ਨੇਕ ਏ। ਉਹ ਪੰਜ ਨਮਾਜ਼ਨ ਪਰਲੇ ਕੋਠੇ ਵਿਚ ਕੱਲੀ ਹੁੰਦੀ ਏ। ਬੂਹੇ ਵਾਲੇ ਕਮਰੇ ਵਿਚ ਤੂੰ ਹੁੰਨਾ ਏਂ। ਪਰ ਤੂੰ ਤੇ ਮੈਂ ਸਰਘੀ ਦੀਆਂ ਬਾਂਗਾਂ ਤੋਂ ਪਹਿਲਾਂ ਘਰ ਹੀ ਨਹੀਂ ਜਾਂਦੇ। ਤੁਹਾਡੇ ਹਵੇਲੀ ਤੋਂ ਉਹਨੂੰ ਕਿਸ ਨੇ ਠਾਕਣਾ ਏਂ?"
"ਓਏ! ਆਹੋ! ਮੈਂ ਸਰਘੀ ਦੀਆਂ ਬਾਂਗਾਂ ਤੋਂ ਪਹਿਲੇ ਘਰ ਨਹੀਂ ਜਾਂਦਾ। ਮਰਦਾਂ ਦਾ ਘਰ ਵਿਚ ਕੀ ਕੰੰਮ ਏ! ਅਸੀਂ ਉਡਦੇ ਪੰਖੇਰੂ ਜੁ ਹੋਏ। ਪਰ ਜੇ ਮੈਂ ਘਰ ਹੁੰਦਾ ਵੀ, ਤੇ ਲਾਡੋ ਨੂੰ ਵੇਖ ਵੀ ਲੈਂਦਾ, ਤਾਂ ਵੀ ਤੇਰੀ ਇਜਾਜ਼ਤ ਤੋਂ ਬਿਨਾਂ ਉਹਨੂੰ ਹੱਥ ਨਾ ਲਾਂਦਾ।
"ਆਖਰ ਸਾਡੇ ਯਾਰ ਦੀ ਅਮਾਨਤ ਜੋ ਹੋਈ। ਇਹ ਸਭ ਕੁਝ ਤਾਂ ਤੇਰੀ ਮਰਜ਼ੀ ਨਾਲ ਹੋ ਰਿਹਾ ਏ। ਨਾਲੇ ਤੈਨੂੰ ਪਤਾ ਹੀ ਏ, ਲਾਡੋ ਕੋਈ ਚੰਗੀ ਕੁੜੀ ਨਹੀਂ। ਧੀਆਂ ਭੈਣਾਂ ਦੀ ਅੱਖ ਵਿਚ ਸ਼ਰਮ ਹਯਾ ਹੋਣੀ ਚਾਹੀਦੀ ਏ। ਪਰ ਉਹਦੀਆਂ ਅੱਖਾਂ ਤਾਂ ਬਿਲਕੁਲ ਧੋਤੀਆਂ ਹੋਈਆਂ ਨੇ। ਪਿੰਡ ਵਿਚ ਹੋਰ ਵੀ ਕੁੜੀਆਂ ਰਹਿੰਦੀਆਂ ਨੇ, ਪਰ ਇਹ ਕੋਈ ਵੱਖਰੀ ਸ਼ੈਅ ਏ।"
ਸਲੀਮ ਨੇ ਫੇਰ ਦੱਸਣਾ ਸ਼ੁਰੂ ਕੀਤਾ-"ਤੁਹਾਡੀ ਹਵੇਲੀ ਤੋਂ ਬਾਅਦ ਸਾਡਾ ਘਰ ਸ਼ੁਰੂ ਹੋ ਜਾਂਦਾ ਏ। ਅਸੀਂ ਯਾਰ ਵੀ ਹਾਂ ਤੇ ਗਵਾਂਢੀ ਵੀ। ਸਾਡੀ ਹਵੇਲੀ ਦਾ ਤਾਂ ਦਾਦਕਿਆ ਦੇ ਜ਼ਮਾਨੇ ਤੋਂ ਬੂਹਾ ਹੀ ਕੋਈ ਨਹੀਂ। ਆਖਰ ਮਲਕ ਜੋ ਹੋਏ! ਪਿੰਡ ਵਿਚ ਕਿਸੇ ਦੀ ਵੀ ਐਡੀ ਜੁਅਰਤ ਨਹੀਂ ਜੋ ਮਲਕਾਂ ਦੇ ਘਰ ਵਿਚ ਝਾਤੀ ਪਾਵੇ। ਸਾਡੀ ਕੰਧ ਦੇ ਲਾਗੇ ਪੈਲੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਸਭ ਤੋਂ ਮੂਹਰਲੀ ਪੈਲੀ ਚੌਧਰੀਆਂ ਦੀ ਏ, ਜਿਥੇ ਮਕਈ ਦੇ ਟਾਂਡਿਆਂ ਤੇ ਬਹਾਰ ਆਈ ਹੋਈ ਏ।"
ਸੁਨਿਆਰਿਆਂ ਦਾ ਗੁਲਾਮ ਰਸੂਲ, ਮਲਕਾਂ ਦਾ ਸਲੀਮ, ਕੁਫਤਾਂ ਵੇਲੇ ਚੌਧਰੀਆਂ ਦੇ ਟਾਂਡਿਆਂ ਵਿਚ ਅੱਪੜ ਗਏ ਸਨ। ਗੁਲਾਮ ਰਸੂਲ ਨਾਲ ਦੀ ਪੈਲੀ ਵਿਚ ਟੁਰ ਗਿਆ ਸੀ। ਤੇ ਸਲੀਮ ਲਾਡੋ ਨੂੰ ਉਡੀਕ ਰਿਹਾ ਸੀ। ਨਮਾਜ਼ਾਂ ਹੋ ਗਈਆਂ ਸਨ। ਛੇਕੜ ਆਲੀ ਬੱਸ ਵੀ ਲੰਘ ਗਈ ਸੀ। ਪਰ ਲਾਡੋ ਦਾ ਹਾਲੀ ਤਕ ਕੋਈ ਪਤਾ ਨਹੀਂ ਸੀ। ਗੁਲਾਮ ਰਸੂਲ ਵੀ ਸ਼ਾਇਦ ਬਹੁਤ ਪਰ੍ਹਾਂ ਚਲਾ ਗਿਆ ਸੀ। ਸਲੀਮ ਨੇ ਉਹਨੂੰ ਆਖਿਆ ਸੀ-"ਜਦੋਂ ਲਾਡੋਂ ਆ ਗਈ, ਤਾਂ ਅਸੀਂ ਥੋੜ੍ਹਾ ਚਿਰ ਗੱਲਾਂ ਬਾਤਾਂ ਕਰਾਂਗੇ ਤੇ ਜਦੋਂ ਮੈਂ ਦੋ ਵਾਰੀ ਜ਼ੋਰ ਦਾ ਖੰਘਾਂ, ਤਾਂ ਤੂੰ ਸਾਡੇ ਵੱਲ ਆ ਜਾਵੀਂ। ਤੇ ਅਸੀਂ ਜਿਸ ਹਾਲ ਵਿਚ ਹੋਈਏ, ਤੂੰ ਝੱਕਣਾ ਨਹੀਂ। ਇੰਜ ਲੱਗੇ ਜਿਵੇਂ ਤੂੰ ਸਾਨੂੰ ਚੋਰੀ ਕੁਝ ਕਰਦਿਆਂ ਨੂੰ ਫੜ ਲਿਆ ਹੋਵੇ। ਤੇ ਫੇਰ…" ਰੱਬ ਰੱਬ ਕਰਕੇ ਉਹਨੂੰ ਆਪਣੀ ਹਵੇਲੀ ਦੇ ਲਾਗੇ ਇਕ ਪਰਛਾਵਾਂ ਨਜ਼ਰੀਂ ਆਇਆ, ਜੋ ਲਾਡੋ ਹੀ ਸੀ।
"ਐਨੀ ਢਿੱਲ ਕਿਉਂ ਲਾਈ ਊ ਲਾਡੋ! ਅੱਧੀ ਰਾਤ ਹੋ ਗਈ ਏ।" ਸਲੀਮ ਨੇ ਉਹਨੂੰ ਆਖਿਆ।
"ਤੈਨੂੰ ਕੀ ਪਤਾ ਹੋਵੇ ਸਲੀਮ! ਜਦੋਂ ਕੋਈ ਤਰੀਮਤ ਘਰ ਤੋਂ ਬਾਹਰ ਪੈਰ ਕੱਢਦੀ ਏ ਤਾਂ ਤਨ ਦੇ ਲੀੜੇ ਵੀ ਮਰਦਾਂ ਵਾਂਗ ਸੈਨਤਾਂ ਕਰਨ ਲੱਗ ਪੈਂਦੇ…"
"ਤੈਨੂੰ ਕਿਸੇ ਦੀਆਂ ਸੈਨਤਾਂ ਦਾ ਕੀ ਡਰ ਏ? ਤੇਰਾ ਕੋਈ ਇੱਕ ਆਸ਼ਕ ਹੋਵੇ ਤਾਂ…"
"ਮੇਰੇ ਭਾਵੇਂ ਸੌ ਆਸ਼ਕ ਹੋਣ ਮੈਂ ਕਿਸੇ ਦੀ ਆਸ਼ਕ ਨਹੀਂ ਹੋ ਸਕਦੀ…"
"ਹੁਣ ਆਖ! ਵੇ ਤੇਰੀ ਸ਼ੁਦੈਣ ਆਂ। ਪਰ ਮੈਨੂੰ ਯਕੀਨ ਨਹੀਂ ਆਵੇਗਾ…"
"ਆਖਰ ਮਰਦ ਜ਼ਾਤ ਜੋ ਹੋਇਆ। ਭਾਵੇਂ ਸੁੱਚੀ ਤ੍ਰੇਲ ਦਾ ਤੁਪਕਾ ਤੁਪਕਾ ਕਰ ਕੇ, ਮਰਦ ਦੀ ਅੱਖ ਨੂੰ ਧੋਵੀਏ, ਤਾਂ ਵੀ ਉਹ ਮੈਲੀ ਹੀ ਰਹਿੰਦੀ ਏ।" ਲਾਡੋ ਨੇ ਆਖਿਆ।
"ਚੱਲ ਛੱਡ! ਪਹਿਲਾਂ ਇਹ ਦੱਸ, ਐਨਾ ਚਿਰ ਕਿਉਂ ਲਾਇਆ?"
"ਕੀ ਦੱਸਾਂ! ਅੱਜ ਮੈਂ ਕੀ ਕੀ ਵੇਖਿਆ।"
"ਕੀ ਵੇਖਿਆ?" ਸਲੀਮ ਨੇ ਪੁੱਛਿਆ।
"ਜਦੋਂ ਅਖੀਰਲੀ ਬੱਸ ਲੰਘ ਗਈ, ਤਾਂ ਬੇਬੇ ਨੂੰ ਆਰਾਮ ਨਹੀਂ ਸੀ ਆ ਰਿਹਾ। ਖੰਘੀ ਜਾ ਰਹੀ ਸੀ। ਮੈਂ ਚਾਰ ਚਿਮਚਾਂ ਖੰਘ ਦੇ ਸ਼ਰਬਤ ਦੀਆਂ ਦਿੱਤੀਆਂ, ਫੇਰ ਜਾ ਕੇ ਉਹਦੀ ਖੰਘ ਕੁਝ ਘੱਟ ਗਈ। ਪਰ ਨੀਂਦਰ ਨਹੀਂ ਸੀ ਪੈਂਦੀ। ਮੈਂ ਦੋ ਚਾਰ ਚਿਮਚੇ ਹੋਰ ਦਿਤੇ, ਤਾਂ ਜਾ ਕੇ ਉਹਨੂੰ ਘੂਕੀ ਆਈ। ਉਹ ਤਾਂ ਚੰਗਾ ਹੋਇਆ, ਕਲ੍ਹ ਨਾਲ ਦੀ ਰਹੀਮੋ ਨੇ ਖੰਘ ਦੀ ਸ਼ਰਬਤ ਬੋਤਲ ਦਿੱਤੀ ਸੀ-ਪੰਜ ਛੇ ਮਹੀਨਿਆਂ ਤੋਂ ਐਵੇਂ ਬੇਕਾਰ ਪਈ ਹੋਈ ਸੀ…
ਬੇਬੇ ਨੂੰ ਸੁਆ ਕੇ ਜਦੋਂ ਮੈਂ ਮੋਚੀਆਂ ਦੀ ਬੈਠਕ ਦੇ ਲਾਗਿਉਂ ਲੰਘੀ, ਤਾਂ ਅੰਦਰੋਂ ਔਂਂਦੀ ਖੜ ਖੜ ਦੀ ਅਵਾਜ਼ ਨੇ ਮੇਰੇ ਪੈਰ ਫੜ ਲਏ। ਮੈਂ ਥੰਮ੍ਹੀ ਨਾਲ ਢੋਅ ਲਾ ਕੇ ਬੂਹੇ ਦੇ ਲਾਗੇ ਖਲੋ ਗਈ। ਅੰਦਰੋਂ ਵਾਜ ਆ ਰਹੀ ਸੀ 'ਲਗਦੈ ਤੇਰਾ ਖਸਮ ਅਸ਼ਰਫ ਪਰਸੋਂ ਆਵੇਗਾ। ਕੱਲ੍ਹ ਫੇਰ ਮਿਲਾਂਗੇ' ਅੰਦਰ ਕੋਈ ਬੰਦਾ ਆਖ ਰਿਹਾ ਸੀ। ਤੇ ਅਸ਼ਰਫ ਦੀ ਰੰਨ ਕਹਿ ਰਹੀ ਸੀ, 'ਨਹੀਂ ਉਹ ਕੱਲ੍ਹ ਆ ਜਾਏਗਾ। ਪਰਸੋ ਉਹਨੇ ਮੰਡੀ ਤੋਂ ਜਾ ਕੇ ਚਮੜਾ ਲਿਔਣਾ ਏ'- ਮਰਦ ਨੇ ਕਿਹਾ- 'ਚੰਗਾ ਫੇਰ ਮੈਂ ਜਾਨਾ ਵਾਂ, ਚੋਖਾ ਚਿਰ ਹੋ ਚੱਲਿਆ ਏ। ਛੇਕੜਲੀ ਬੱਸ ਵੀ ਲੰਘ ਗਈ ਏ। ਹਾਲੀ ਮੈਂ ਮਸੀਤ ਵਿਚ ਜਾ ਕੇ ਨਹਾਉਣਾ ਵੀ ਏ। ਸਾਡੀ ਮਸੀਤ ਦਾ ਮਾਸ਼ਕੀ ਅੱਜ੍ਹ ਕੱਲ੍ਹ ਪਾਣੀ ਚੰਗੀ ਤਰ੍ਹਾਂ ਤੱਤਾ ਕਰਦਾ ਏ। ਪਾਲਾ ਜੋ ਚੋਖਾ ਏ'- ਤੇ ਅਸ਼ਰਫ ਦੀ ਰੰਨ ਕਹਿ ਰਹੀ ਸੀ 'ਤੁਸੀਂ ਮਰਦ ਚੰਗੇ ਓ, ਜਦੋਂ ਜੀਅ ਕਰੇ ਨਹਾ ਲੈਂਦੇ ਹੋ! ਅਸੀਂ ਰੰਨਾਂ ਤਾਂ ਵਸ ਐਂਵੇ ਹੀ ਦੁਨੀਆਂ ਤੇ ਆਈਆਂ ਹਾਂ'- ਤੇ ਵਾਜ ਆਈ- 'ਓ ਤੋਬਾ ਤੋਬਾ ਕਰ! ਰੱਬ ਨੇ ਔਰਤ ਦਾ ਵੱਡਾ ਰੁਤਬਾ ਰਖਿਆ ਏ…' ਔਰਤ ਕਹਿ ਰਹੀ ਸੀ 'ਹਾ! ਆਪਣਾ ਰੁਤਬਾ ਤੇ ਮੈਂ ਹੁਣੇ ਹੁਣੇ ਅੱਖੀਂ ਡਿੱਠਾ ਏ…' ਜਦੋਂ ਉਹ ਆਦਮੀ ਬਾਹਰ ਆਇਆ, ਤਾਂ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ।"
"ਉਹ ਕਿਉਂ?" ਸਲੀਮ ਨੇ ਪੁਛਿਆ।
"ਉਹ ਏਸ ਲਈ, ਉਹ ਸਾਡੀ ਮਸੀਤ ਦੇ ਮੌਲਵੀ ਸਾਹਬ ਹੈਗੇ ਸਨ"…ਫੇਰ ਲਾਡੋ ਦੱਸਣ ਲੱਗੀ-"ਜਦੋਂ ਮੈਂ ਮੋਚੀਆਂ ਦੀ ਹਵੇਲੀ ਵਿਚੋਂ ਲੰਘ ਕੇ, ਵੇਹੜੇ ਵੱਲ ਵਧ ਰਹੀ ਸਾਂ, ਤਾਂ ਮੁਗਲਾਂ ਦੀ ਕੰਧ ਤੋਂ ਇਕ ਜਣੀ ਛਾਲ ਮਾਰ ਕੇ ਮੇਰੇ ਲਾਗੇ ਆਣ ਡਿੱਗੀ। ਮੈਂ ਵੇਖਿਆਂ ਤਾਂ ਉਹ ਮੌਲਵੀ ਹੁਰਾਂ ਦੀ ਧੀ ਸੀ। ਉਸ ਮੈਨੂੰ ਵੇਖਿਆ, ਤੇ ਮੈਂ ਉਹਨੂੰ ਵੇਖਿਆ। ਪਰ ਦੋਹਾਂ ਦੇ ਮੂੰਹੋਂ ਕੋਈ ਗੱਲ ਨਾ ਨਿਕਲ ਸਕੀ। ਉਹ ਆਪਣੇ ਦਰਵਾਜ਼ੇ ਵਿਚ ਵੜ ਗਈ, ਤੇ ਮੈਂ ਹਕੀਮਾਂ ਦੀ ਹਵੇਲੀ ਵੱਲ ਲੰਘ ਗਈ।
ਜਦੋਂ ਮੈਂ ਸ਼ੇਰੇ ਦੇ ਬੂਹੇ ਕੋਲੋਂ ਲੰਘਣ ਲੱਗੀ ਸਾਂ, ਤਾਂ ਇਕ ਬੰਦੇ ਨੇ ਅੱਗੇ ਵੱਧ ਕੇ ਮੇਰੀ ਬਾਂਹ ਫੜ ਲਈ। ਮੈਂ ਡਰਦੀ ਮਾਰੀ ਚੀਕ ਮਾਰਣ ਡਹੀ ਸਾਂ ਪਰ ਮੈਨੂੰ ਚੇਤੇ ਆ ਗਿਆ ਕਿ ਅੱਧੀ ਰਾਤ ਨੂੰ ਕਿਧਰੇ ਸਾਰਾ ਮਹੱਲਾ ਹੀ ਇਕੱਠਾ ਨਾ ਹੋ ਜਾਏ। ਉਸ ਨੇ ਮੈਨੂੰ ਫੜਿਆ, ਤੇ ਅੰਦਰ ਜਾ ਕੇ ਮੰਜੀ ਤੇ ਬਿਠਾ ਦਿੱਤਾ, ਤੇ ਕਹਿਣ ਲੱਗਾ- 'ਛਿੰਮੇ! ਏਨਾ ਚਿਰ ਕਿਉਂ ਲਾਇਆ ਈ? ਮੈ ਤੈਨੂੰ ਉਡੀਕ ਉਡੀਕ ਕੇ ਥੱਕ ਚੱਲਿਆ ਸਾਂ…' –ਮੈਂ ਸਮਝ ਗਈ, ਏਥੇ ਕਿਸੇ ਹੋਰ ਰੰਨ ਨੇ ਔਣਾ ਸੀ, ਜੋ ਹਾਲੇ ਤੀਕ ਨਹੀਂ ਆਈ। ਪਰ ਮੈਂ ਮੂੰਹੋਂ ਕੁਝ ਨਾ ਬੋਲੀ। ਐਨੀ ਦੇਰ ਨੂੰ ਬੂਹੇ ਦੇ ਸਾਹਮਣੇ ਕਿਸੇ ਦਾ ਪਰਛਾਵਾਂ ਨਜ਼ਰੀਂ ਆਇਆ, ਤੇ ਮੈਂ ਖਿਸਕ ਕੇ ਕੰਧ ਦੇ ਲਾਗੇ ਹੋ ਗਈ ਤੇ ਔਣ ਵਾਲੀ ਕਿਸੇ ਝਾਕੇ ਤੋਂ ਬਿਨਾ ਹੀ ਮੰਜੀ ਉਤੇ ਬਹਿ ਗਈ। ਇੰਜ ਲੱਗਦਾ ਸੀ ਜਿਵੇਂ ਉਹ ਰੋਜ਼ ਔਂਂਦੀ ਹੋਵੇ। ਸ਼ੇਰਾ ਡੌਰ ਭੌਰ ਹੋ ਕੇ ਆਖਣ ਲੱਗਾ-'ਕੌਣ ਏ ਤੂੰ?' –'ਮੈਂ ਛਿੰਮੋ ਆਂ, ਕੋਈ ਤੇਰੀ ਮਾਂ ਤੇ ਨਹੀਂ।' ਤੇ ਲਾਡੋ ਨੇ ਪੁੱਛਿਆ –'ਤੂੰ ਸੋਚੀਂ ਕਿਉਂ ਪੈ ਗਿਆ ਏਂ? ਛਿੰਮੋ ਨੂੰ ਨਹੀਂ ਜਾਣਦਾ? ਸੁਨਿਆਰਿਆਂ ਦੀ ਛਿੰਮੋ, ਉਹ ਜਿਹਦਾ ਭਰਾ ਗੁਲਾਮ ਰਸੂਲ ਏ, ਤੇਰਾ ਗੂੜ੍ਹਾ ਯਾਰ ਏ…
ਉਨ੍ਹਾਂ ਦੋਹਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਮੈਂ ਹੌਲੀ ਜਿਹੀ ਕੰਧ ਨਾਲ ਹੋ ਕੇ ਬਾਹਰ ਆ ਗਈ। ਤੇ ਫੇਰ ਮਰਾਸੀਆਂ ਦੇ ਪਸਾਰ ਦੇ ਵਿਚੋਂ ਦੀ ਲੰਘ ਕੇ, ਮੈਂ ਸੁਨਿਆਰਿਆਂ ਦੀ ਹਵੇਲੀ ਵਿਚ ਆ ਗਈ। ਜਿਥੋਂ ਲੰਘਦਿਆਂ ਮੈਨੂੰ ਸਿਰਫ ਘੁਰਾੜਿਆਂ ਦੀ ਆਵਾਜ਼ ਆ ਰਹੀ ਸੀ। ਇੰਜ ਲੱਗਦਾ ਸੀ- ਜਿਵੇਂ ਸਾਰਾ ਟੱਬਰ ਚਿਰਾਂ ਤੋਂ ਸੁੱਤਾ ਪਿਆ ਹੋਵੇ, ਤੇ ਕਿਆਮਤ ਤੋਂ ਪਹਿਲਾ ਨਹੀਂ ਉਠੇਗਾ। ਅੱਗੇ ਤੁਹਾਡੀ ਹਵੇਲੀ ਆ ਗਈ…ਜਦੋਂ ਮੈਂ ਵਿਹੜੇ ਦੇ ਵਿਚ ਲੱਗੇ ਕਿੱਕਰੀ ਦੇ ਰੁੱਖ ਕੋਲੋਂ ਦੀ ਹੋ ਕੇ ਲੰਘਣ ਡਹੀ ਸਾਂ, ਇਕ ਕੁੜੀ ਤੇ ਮੁੰਡਾ ਖੁਰਲੀ ਦੇ ਲਾਗੇ ਖਲੋਤੇ ਗੱਡੇ ਉਤੇ ਧਰੇ ਮਕਈ ਦੇ ਟਾਡਿਆਂ ਵਿਚੋਂ ਅਚਨਚੇਤ ਉਠ ਖਲੋਤੇ। ਕੁੜੀ ਹਵੇਲੀ ਵੱਲ ਤੁਰ ਗਈ…" ਕਹਿੰਦਿਆਂ ਕਹਿੰਦਿਆਂ ਲਾਡੋ ਅਚਨਚੇਤ ਚੁੱਪ ਹੋ ਗਈ, ਜਿਵੇਂ ਸਲੀਮ ਨੂੰ ਕੁੱਝ ਹੋਰ ਨਾ ਦੱਸਣਾ ਚਾਹੁੰਦੀ ਹੋਵੇ…
"ਫੇਰ ਕੀ ਹੋਇਆ? ਤੂੰ ਚੁੱਪ ਕਿਉਂ ਕਰ ਗਈ ਏਂ ਲਾਡੋ?" ਸਲੀਮ ਨੇ ਉਹਦੇ ਮੋਢੇ ਨੂੰ ਹਲੂਣਾ ਦੇ ਕੇ ਪੁੱਛਿਆ।
"ਮੈਨੂੰ ਡਰ ਲੱਗਦਾ ਏ, ਜੋ ਮੈਂ ਵੇਖਿਆ ਸੀ, ਰੱਬ ਕਰੇ, ਉਹ ਝੂਠ ਹੋਵੇ। ਪਰ ਜੇ ਤੈਨੂੰ ਦੱਸਿਆ ਤਾਂ ਤੈਨੂੰ ਗੁੱਸਾ ਆ ਜਾਏਗਾ…"
"ਹੁਣ ਤੂੰ ਮੇਰੇ ਕੋਲੋਂ, ਤੇ ਮੈਂ ਤੇਰੇ ਕੋਲੋਂ ਕੀ ਲੁਕਾਵਾਂਗਾ। ਇਕ ਦੂਜੇ ਕੋਲੋਂ ਲੁਕਾਣ ਵਾਲਿਆਂ ਚੀਜ਼ਾ ਤਾਂ ਅਸਾਂ ਇਕ ਦੂਜੇ ਨੂੰ ਉਂਜ ਹੀ ਦੱਸ ਛੱਡੀਆਂ ਸਨ। ਜਿਵੇਂ ਹਕੀਮ ਨੂੰ ਚੱਢਿਆਂ ਦੀ ਪੱਟ ਦੱਸੀ ਦਾ ਏ।"
"ਸੁਣ ਫੇਰ!" ਲਾਡੋ ਨੇ ਆਖਿਆ- "ਕੁੜੀ ਹਵੇਲੀ ਵੱਲ ਵਗ ਗਈ, ਤੇ ਮੁੰਡਾ ਬਾਹਰ ਨੂੰ ਤੁਰ ਗਿਆ। ਉਹ ਮੇਰੇ ਕੋਲੋਂ ਦੀ ਹੋ ਕੇ ਲੰਘਿਆ ਸੀ, ਰੱਬ ਮੈਨੂੰ ਮਾਫ਼ ਕਰੇ! ਪਰ ਉਹਦੀ ਕਾਠੀ ਤੇ ਨੁਹਾਰ ਮੈਨੂੰ ਇੰਜ ਜਾਪੀ ਜਿਵੇਂ ਉਹ ਤੇਰਾ ਯਾਰ ਗੁਲਾਮ ਰਸੂਲ ਹੋਵੇ"
ਸਲੀਮ ਨੂੰ ਜਿਵੇਂ ਸੱਪ ਨੇ ਡੰਗ ਲਿਆ ਹੋਵੇ। ਉਹ ਛੇਤੀ ਨਾਲ ਲਾਡੋ ਕੋਲੋਂ ਬਾਂਹ ਛੁਡਾ ਕੇ, ਲਾਗੇ ਦੀ ਪੈਲੀ ਵੱਲ ਨਸਦਿਆਂ ਹੋਇਆਂ ਵਾਜਾਂ ਮਾਰ ਰਿਹਾ ਸੀ "ਗੁਲਾਮ ਰਸੂਲ! ਗਾਮਿਆਂ! ਓਏ ਗੁਲਾਮ ਰਸੂਲ…"
ਪਰ ਦੂਜੇ ਬੰਨੇ ਚੁੱਪ ਚਾਂ ਸੀ…

ਪੰਜਾਬੀ ਕਹਾਣੀਆਂ (ਮੁੱਖ ਪੰਨਾ)