Ik Shehri Pakistan Da (Story in Punjabi) : Ram Lal
ਇਕ ਸ਼ਹਿਰੀ ਪਾਕਿਸਤਾਨ ਦਾ (ਕਹਾਣੀ) : ਰਾਮ ਲਾਲ
ਮਨੀ ਤੇ ਮੀਸ਼ਾ ਧੁੱਪ ਵਿਚ ਖੇਡ ਰਹੇ ਸਨ। ਸਰਸਵਤੀ ਉਹਨਾਂ ਨੂੰ ਨੁਹਾਉਣ ਵਾਸਤੇ ਗਰਮ ਪਾਣੀ, ਤੌਲੀਆ, ਸਾਬਨ ਤੇ ਉਹਨਾਂ ਦੇ ਕੱਪੜੇ ਚੁੱਕੀ ਕਾਹਲ ਨਾਲ ਗੁਸਲਖਾਨੇ ਵੱਲ ਜਾ ਰਹੀ ਸੀ। ਉਸਨੇ ਬੱਚਿਆਂ ਨੂੰ ਵੀ ਆਵਾਜ਼ ਮਾਰੀ...:
“ਏ ਮਨੀ! ਵੇ ਮੀਸ਼ਿਆ! ਆਓ, ਨਹਾਅ ਲਓ ਹੁਣ ਆ ਕੇ—ਫੇਰ ਮੈਨੂੰ ਵਿਹਲ ਨਹੀਂ ਮਿਲਣੀ।”
ਪਰ ਬੱਚੇ ਆਪਣੀ ਖੇਡ ਵਿਚ ਮਸਤ ਰਹੇ।
ਸਰਸਵਤੀ ਨੇ ਆਪ ਜਾ ਕੇ ਦੋਵਾਂ ਨੂੰ ਚੁੱਕਿਆ ਤੇ ਸਿੱਧੀ ਗੁਸਲਖਾਨੇ ਵਿਚ ਲੈ ਆਈ।
ਜਦੋਂ ਛੱਬੀ ਕੁ ਸਾਲ ਦੀ ਸੋਹਣੀ-ਸੁਣੱਖੀ, ਸਿਹਤਮੰਤ ਤੇ ਉੱਚੀ-ਲੰਮੀ ਸਰਸਵਤੀ ਉਹਨਾਂ ਨੂੰ ਸਾਬਨ ਮਲ-ਮਲ ਕੇ ਨੁਹਾਉਣ ਲੱਗੀ ਤਾਂ ਅੱਖਾਂ ਵਿਚ ਸਾਬਨ ਪੈ ਜਾਣ ਕਰਕੇ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ।
“ਤੁਹਾਡੇ ਡੈਡੀ ਆਉਣ ਵਾਲੇ ਨੇ—ਰੋਟੀ ਦਾ ਵੇਲਾ ਹੋ ਚੁੱਕਿਆ ਏ। ਵਿਚਾਰੇ ਸਾਰਾ ਦਿਨ ਮਜ਼ਦੂਰਾਂ ਦੇ ਸਿਰ 'ਤੇ ਖੜ੍ਹੇ ਸਰਕਾਰੀ ਮਕਾਨ ਬਣਵਾਉਣ ਲੱਗੇ ਰਹਿੰਦੇ ਨੇ...ਉਹਨਾਂ ਨੂੰ ਭੁੱਖ ਲੱਗੀ ਹੋਏਗੀ।”
ਅਚਾਨਕ ਬਾਹਰਲਾ ਦਰਵਾਜ਼ਾ ਖੜਕਿਆ।
“ਲਓ, ਉਹ ਆ ਗਏ। ਮੈਂ ਆਈ ਜੀ, ਜ਼ਰਾ ਇਹਨਾਂ ਨੂੰ...”
ਮੀਸ਼ਾ ਪਾਣੀ ਦੇ ਛਿੱਟੇ ਉਡਾਉਣ ਲੱਗ ਪਿਆ।
“ਦੇਖ ਓਇ—!” ਸਰਸਵਤੀ ਨੇ ਦੋਵਾਂ ਬੱਚਿਆਂ ਨੂੰ ਚੁੱਕ ਕੇ ਬਾਹਰ ਧੁੱਪ ਵਿਚ ਡੱਠੀ ਮੰਜੀ ਉੱਤੇ ਲਿਆ ਬਿਠਾਇਆ। ਉਹਨਾਂ ਨੂੰ ਚੁੱਕਣ ਕਰਕੇ ਉਸਦੀ ਸਾਰੀ ਕਮੀਜ਼ ਗਿੱਲੀ ਹੋ ਕੇ ਉਸਦੇ ਸਰੀਰ ਨਾਲ ਚਿਪਕ ਗਈ। ਉਹ ਉਹਨਾਂ ਵੱਲ ਤੌਲੀਆ ਸੁੱਟ ਕੇ ਬੋਲੀ, “ਪੂੰਝੋ, ਮੈਂ ਆਈ।”
ਤੇ ਆਪ ਉਹ ਦਰਵਾਜ਼ਾ ਖੋਲ੍ਹਣ ਚਲੀ ਗਈ।
ਬੋਲਦੀ ਵੀ ਰਹੀ—“ਮੈਂ ਜਾਣਦੀ ਸੀ, ਤੁਸੀਂ ਆਉਂਦੇ ਹੀ ਹੋਵੋਗੇ—ਤੁਹਾਨੂੰ ਭੁੱਖ ਵੀ ਖਾਸੀ ਲੱਗੀ ਹੋਏਗੀ। ਮੈਂ ਸਬਜ਼ੀ ਤਾਂ ਬਣਾ ਛੱਡੀ ਸੀ—ਰੋਟੀਆਂ ਲਾਹ ਦੇਨੀਂ ਆਂ ਹੁਣੇ। ਪਹਿਲਾਂ ਇਹਨਾਂ ਬੱਚਿਆਂ ਨੂੰ...” ਉਸਨੇ ਕੁੰਡਾ ਖੋਲ੍ਹ ਦਿੱਤਾ ਤੇ ਬਾਹਰੋਂ ਦਬਾਅ ਪੈਣ ਕਰਕੇ ਦੋਵੇਂ ਬਾਰ ਵੀ ਖੁੱਲ੍ਹ ਗਏ...ਤੇ ਸਾਹਮਣੇ ਆਪਣੇ ਪਤੀ ਦੇ ਬਜਾਏ ਕਿਸੇ ਹੋਰ ਆਦਮੀ ਨੂੰ ਖੜ੍ਹਾ ਦੇਖ ਕੇ ਸਰਸਵਤੀ ਦੀ ਗੱਲ ਵਿਚਾਲੇ ਹੀ ਰਹਿ ਗਈ। ਉਹ ਹੈਰਾਨੀ ਤੇ ਘਬਰਾਹਟ ਜਿਹੀ ਨਾਲ ਝੱਟ ਇਕ ਪਾਸੇ ਵੱਲ ਹਟ ਗਈ ਮੋਢਿਆਂ ਉੱਤੇ ਝੂਲ ਰਹੇ ਦੁੱਪਟੇ ਨੂੰ ਠੀਕ ਕਰਕੇ ਸਿਰ ਉੱਤੇ ਲੈ ਲਿਆ।
ਬਾਹਰ ਧੁੱਪ ਵਿਚ ਡੱਠੇ ਮੰਜੇ ਉੱਤੇ ਨੰਗੇ ਪਿੰਡੇ ਬੈਠੇ ਹੋਏ ਬੱਚਿਆਂ ਨੇ ਵੀ ਹੈਰਾਨੀ ਨਾਲ ਦੇਖਿਆ ਕਿ ਕੌਣ ਆਇਆ ਸੀ!
ਧਾਰੀਦਾਰ ਨੀਲੀ ਕਮੀਜ਼ ਤੇ ਸਲਵਾਰ ਪਾਈ, ਉੱਚਾ-ਲੰਮਾਂ, ਸੁਡੌਲ ਜਿਸਮ, ਖਿੱਲਰੇ-ਖਿੱਲਰੇ ਘੁੰਗਰਾਲੇ ਵਾਲ, ਮੁਰਝਾਈਆਂ ਜਿਹੀਆਂ ਮੁੱਛਾਂ, ਜਿਹਨਾਂ ਉਪਰ ਧੂੜ ਦੀ ਤੈਹ ਚੜ੍ਹੀ ਹੋਈ ਸੀ। ਉਸਦੇ ਖੁਸ਼ਕ ਬੁੱਲ੍ਹ ਸਰਸਵਤੀ ਵੱਲ ਦੇਖ ਕੇ ਮੁਸਕਰਾਉਣ ਦੀ ਕੋਸ਼ਿਸ਼ ਵਿਚ ਕਦੀ ਫ਼ੈਲ ਜਾਂਦੇ ਸਨ ਤੇ ਕਦੀ ਸੁੰਗੜ ਜਾਂਦੇ ਸਨ। ਉਸਦੇ ਇਕ ਹੱਥ ਵਿਚ ਬੈਗ ਤੇ ਦੂਜੇ ਵਿਚ ਮਿਲਟਰੀ ਦਾ ਪੁਰਾਣਾ ਕੰਬਲ ਸੀ।
“ਪਛਾਣਿਆਂ ਨਹੀਂ ਮੈਨੂੰ?”
ਆਉਣ ਵਾਲੇ ਨੇ ਭਾਰੀ ਗੰਭੀਰ ਆਵਾਜ਼ ਵਿਚ ਪੁੱਛਿਆ ਤੇ ਇਕ ਵਾਰੀ ਫੇਰ ਮੁਸਕੁਰਾਉਣ ਦੀ ਕੋਸ਼ਿਸ਼ ਕੀਤੀ।
ਸਰਸਵਤੀ ਨੇ ਗੌਰ ਨਾਲ ਉਸ ਵੱਲ ਦੇਖਿਆ ਤੇ ਨੀਵੀਂ ਪਾ ਕੇ ਧਰਤੀ ਵੱਲ ਦੇਖਣ ਲੱਗ ਪਈ—ਉਸਦੇ ਮੱਥੇ ਉੱਤੇ ਪਸੀਨੇ ਦੀਆਂ ਕਈ ਹਜ਼ਾਰ ਬੂੰਦਾਂ ਲਿਸ਼ਕਣ ਲੱਗ ਪਈਆਂ ਸਨ।
ਆਉਣ ਵਾਲੇ ਨੇ ਫੇਰ ਕਿਹਾ...:
“ਮੈਂ ਬਲਦੇਵ ਆਂ—ਪਛਾਣਿਆਂ ਨਹੀਂ ਮੈਨੂੰ?”
ਸਰਸਵਤੀ ਨੇ ਇਕ ਵਾਰੀ ਫੇਰ ਡੂੰਘੀਆਂ ਨਜ਼ਰਾਂ ਨਾਲ ਦੇਖ ਕੇ ਨੀਵੀਂ ਪਾ ਲਈ, ਪਰ ਕੋਈ ਉਤਰ ਦਿੱਤੇ ਬਗ਼ੈਰ ਬੱਚਿਆਂ ਵੱਲ ਤੁਰ ਪਈ—ਉਹ ਹੈਰਾਨ ਨਾਲੋਂ ਪ੍ਰੇਸ਼ਾਨ ਵੱਧ ਲੱਗ ਰਹੀ ਸੀ। ਜਾਪਦਾ ਸੀ, ਉਸਨੂੰ ਸਭ ਕੁਝ ਯਾਦ ਆ ਗਿਆ ਹੈ; ਤੇ ਉਹ ਬਲਦੇਵ ਨੂੰ ਵੀ ਪਛਾਣ ਚੁੱਕੀ ਹੈ।
ਬੱਚੇ ਮਾਂ ਵੱਲ ਸਰਕ ਆਏ। ਸਰਸਵਤੀ ਉਸੇ ਹੈਰਾਨੀ ਤੇ ਪ੍ਰਸ਼ਾਨੀ ਦੀ ਹਾਲਤ ਵਿਚ ਉਹਨਾਂ ਦੇ ਗਿੱਲੇ ਪਿੰਡੇ ਪੂੰਝਣ ਲੱਗ ਪਈ। ਬਲਦੇਵ ਹੌਲੀ-ਹੌਲੀ ਤੁਰਦਾ ਹੋਇਆ ਅੰਦਰ ਆ ਗਿਆ ਤੇ ਉਸਦੇ ਮੰਜੇ ਕੋਲ ਖੜ੍ਹਾ ਹੋ ਗਿਆ। ਉਹ ਸਰਸਵਤੀ ਤੇ ਉਸਦੇ ਬੱਚਿਆਂ ਵੱਲ ਦੇਖ ਰਿਹਾ ਸੀ—ਬੜੀ ਤੇਜ਼ੀ ਨਾਲ ਉਸਦੇ ਚਿਹਰੇ ਉੱਤੇ ਕਈ ਰੰਗ ਆ ਰਹੇ ਸਨ, ਕਈ ਜਾ ਰਹੇ ਸਨ—ਕਈ ਸਿਲਵਟਾਂ ਗੂੜ੍ਹੀਆਂ ਹੋ ਰਹੀਆਂ ਸਨ, ਕਈ ਮਿਟ ਰਹੀਆਂ ਸਨ। ਜਾਪਦਾ ਸੀ, ਉਸਦੇ ਅੰਦਰ ਜਜ਼ਬਿਆਂ ਦਾ ਤੂਫ਼ਾਨ ਉੱਠਿਆ ਹੋਇਆ ਹੈ। ਸਰਸਵਤੀ ਅਚਾਨਕ ਤ੍ਰਬਕ ਕੇ ਆਪਣੀਆਂ ਸੋਚਾਂ ਵਿਚੋਂ ਬਾਹਰ ਆਈ ਤੇ ਉਸਨੇ ਸੋਚਿਆ ਕਿ ਉਸਨੇ ਅਜੇ ਤਕ ਬਲਦੇਵ ਨੂੰ ਕਿਤੇ ਬੈਠਣ ਲਈ ਨਹੀਂ ਕਿਹਾ। ਫੇਰ ਉਸਨੇ ਆਪਣੇ ਮੰਜੇ ਦੇ ਕੋਲ ਹੀ ਬਲਦੇਵ ਦੇ ਬੈਠਣ ਲਈ ਇਕ ਹੋਰ ਮੰਜਾ ਡਾਹ ਦਿੱਤਾ।
ਬਲਦੇਵ ਨੇ ਬੈਗ ਤੇ ਕੰਬਲ ਉਸ ਮੰਜੇ ਉੱਤੇ ਰੱਖਦਿਆਂ ਹੋਇਆ ਪੁੱਛਿਆ...:
“ਇਹ ਨਿਆਣੇ ਤੇਰੇ ਨੇ?”
ਸਰਸਵਤੀ ਨੇ ਕੋਈ ਜਵਾਬ ਨਾ ਦਿੱਤਾ। ਤੌਲੀਆ ਉਸਦੇ ਹੱਥ ਵਿਚ ਸੀ ਜਿਸਦੀ ਇਕ ਸੂਤੀ ਤੰਦ ਉਹ ਬਿਲਕੁਲ ਬੇਧਿਆਨੀ ਵਿਚ ਖਿੱਚੀ ਜਾ ਰਹੀ ਸੀ—ਆਖ਼ਰ ਤੰਦ ਟੁੱਟ ਗਈ। ਉਸਨੇ ਇਕ ਹੋਰ ਤੰਦ ਖਿੱਚਣੀ ਸ਼ੁਰੂ ਕਰ ਦਿੱਤੀ, ਪਰ ਬਲਦੇਵ ਦੇ ਸਵਾਲ ਦਾ ਕੋਈ ਜਵਾਬ ਨਾ ਦਿੱਤਾ।
ਬਲਦੇਵ ਨੇ ਬੱਚਿਆਂ ਦੇ ਸਿਰ ਉੱਤੇ ਹੱਥ ਫੇਰਿਆ। ਉਸਦੀਆਂ ਅੱਖਾਂ ਸਿੱਜਲ ਹੋ ਗਈਆਂ ਸਨ। ਫੇਰ ਉਸਨੇ ਭਰੜਾਈ ਆਵਾਜ਼ ਵਿਚ ਕਿਹਾ...:
“ਮੇਰਾ ਵੀ ਇਹੀ ਖ਼ਿਆਲ ਸੀ, ਤੂੰ ਹੁਣ ਤਕ ਦੂਜੀ ਸ਼ਾਦੀ ਕਰ ਲਈ ਹੋਏਗੀ...ਕਰਨੀ ਵੀ ਚਾਹੀਦੀ ਸੀ। ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਤੂੰ ਜਿਊਂਦੀ ਏਂ, ਤਾਂ ਮੈਂ ਤੈਨੂੰ ਮਿਲਣ ਲਈ ਤੁਰੰਤ ਚੱਲ ਪਿਆ। ਸਫੋ ਨੇ ਮੈਨੂੰ ਬੜਾ ਰੋਕਿਆ ਸੀ—ਬੜਾ ਰੋਈ ਸੀ ਉਹ। ਜਾਣਦੀ ਏਂ ਨਾ ਆਪਣੇ ਮੁਹੰਮਦ ਸ਼ਰੀਫ਼ ਮਿਸਤਰੀ ਦੀ ਧੀ ਸਫੋ ਨੂੰ? ਜਦ ਤੂੰ ਉਸਨੂੰ ਆਖ਼ਰੀ ਵਾਰ ਦੇਖਿਆ ਹੋਏਗਾ, ਮਸਾਂ ਤੇਰਾਂ ਕੁ ਸਾਲ ਦੀ ਹੋਏਗੀ—ਪਰ ਹੁਣ ਤਾਂ ਸੁੱਖ-ਨਾਲ ਬੜੀ ਵੱਡੀ ਹੋ ਗਈ ਏ, ਤੇ ਹੈ ਨਿਰੀ ਕਮਲੀ ਦੀ ਕਮਲੀ! ਸੱਚੀਂ!” ਇਹ ਕਹਿੰਦਾ ਹੋਇਆ ਮੁਸਕੁਰਾ ਵੀ ਪਿਆ ਸੀ।
ਹੁਣ ਉਸਦੀਆਂ ਨਜ਼ਰਾਂ ਸਿਰਫ ਸਰਸਵਤੀ ਉੱਤੇ ਟਿਕੀਆਂ ਹੋਈਆਂ ਸਨ—ਸ਼ਿਅਰ ਤੇ ਸ਼ਰਾਬ ਵਰਗੀ ਮਸਤੀ ਨਾਲ ਭਰੀਆਂ ਹੋਈਆਂ ਸਰਸਵਤੀ ਦੀਆਂ ਹੁਸੀਨ ਅੱਖਾਂ ਤੇ ਭਰੇ-ਭਰੇ ਗੁਲਾਬੀ ਬੁੱਲ੍ਹ, ਉਸਦਾ ਜਵਾਨ ਭਰਿਆ-ਭਰਿਆ ਠੋਸ ਜਿਸਮ, ਉਸਦਾ ਪਿਆਰ...ਤੇ ਗੱਲ ਕੀ ਉਸਦੀ ਪੂਰੀ ਕਾਇਨਾਤ ਹੀ ਕਦੀ ਉਸਦੀ ਹੁੰਦੀ ਸੀ; ਸਿਰਫ ਉਸਦੀ! ਉਹੀ ਉਸਦਾ ਮਾਲਕ ਹੁੰਦਾ ਸੀ।...ਉਹ ਹਸਰਤ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਰਿਹਾ ਸੀ—ਆਪਣੇ ਦਿਲ ਵਿਚ ਉਠੇ ਹੋਏ ਤੂਫ਼ਾਨ ਨੂੰ ਦਬਾਅ ਕੇ, ਅੱਖਾਂ ਵਿਚ ਪ੍ਰੇਮ ਦਾ ਅੰਮ੍ਰਿਤ-ਕੁੰਡ ਭਰ ਕੇ। ਹਾਲਾਂਕਿ ਉਸ ਅੰਮ੍ਰਿਤ-ਕੁੰਡ ਉੱਤੇ ਛਾਈ ਹੋਈ ਉਸਦੀਆਂ ਮਾਯੂਸ ਸੱਧਰਾਂ ਦੀ ਧੁੰਦ ਵੀ ਸਾਫ ਦੇਖੀ ਜਾ ਸਕਦੀ ਸੀ।...ਸਰਸਵਤੀ ਦਾ ਚਿਹਰਾ ਵੀ ਕਦੀ ਸ਼ਰਮ ਨਾਲ ਲਾਲ ਹੋ ਉਠਦਾ ਸੀ ਤੇ ਕਦੀ ਸਵਾਹ ਵਾਂਗ ਬੱਗਾ-ਫੂਸ। ਉਸਦੇ ਖੁਸ਼ਕ ਭੂਰੇ ਵਾਲਾਂ ਦੀ ਇਕ ਲਿਟ ਉਸਦੇ ਕੰਨ ਪਿੱਛੋਂ ਨਿਕਲ ਕੇ ਚਿਹਰੇ ਉੱਤੇ ਆ ਗਈ ਤੇ ਉਸਦੇ ਪਤਲੇ ਨੱਕ ਦੀ ਡੋਡੀ ਨੂੰ ਛੋਂਹਣ ਲੱਗੀ। ਉਸਦੀਆਂ ਅੱਖਾਂ ਵਿਚੋਂ ਵੀ ਪਰਲ-ਪਰਲ ਅੱਥਰੂ ਵਗ ਰਹੇ ਸਨ ਜਿਹੜੇ ਉਸਦੀ ਨੱਕ ਦੀ ਨੋਕ ਉਪਰ ਆ ਕੇ, ਬੂੰਦ ਦਾ ਰੂਪ ਧਾਰਦੇ ਤੇ ਉਸਦੇ ਝੋਲੀ ਵਿਚ ਡਿੱਗ ਕੇ ਅਲੋਪ ਹੋ ਜਾਂਦੇ ਸਨ।
ਬਲਦੇਵ ਨੇ ਪੈਰਾਂ ਵਿਚ ਪਾਈ, ਪਿਸ਼ੌਰੀ ਚੱਪਲ ਦੀ ਨੋਕ ਨਾਲ ਧਰਤੀ ਉੱਤੇ ਕਈ ਲਕੀਰਾਂ ਖਿੱਚੀਆਂ ਤੇ ਮਸਲ ਦਿੱਤੀਆਂ—ਕਈ ਗੋਲ ਚੱਕਰ ਬਣਾਏ ਤੇ ਚੱਪਲ ਦੇ ਤਲੇ ਨਾਲ ਮਿਟਾਅ ਦਿੱਤੇ। ਫੇਰ ਬੋਲਿਆ...
“ਮੈਂ ਸਿੱਧਾ ਪਾਕਿਸਤਾਨੋਂ ਆ ਰਿਹਾਂ...”
ਸੁਣ ਕੇ ਸਰਸਵਤੀ ਤ੍ਰਬਕੀ। ਉਸਦੀ ਹੈਰਾਨੀ ਵਿਚ ਹੋਰ ਵਾਧਾ ਹੋ ਗਿਆ ਸੀ। ਉਸਨੂੰ ਇੰਜ ਹੈਰਾਨ ਹੁੰਦਿਆਂ ਦੇਖ ਕੇ ਬਲਦੇਵ ਦੇ ਬੁੱਲ੍ਹਾ ਉੱਤੇ ਮੁਸਕੁਰਾਹਟ ਖਿੱਲਰ ਗਈ ਤੇ ਉਸਨੇ ਕਿਹਾ...:
“ਹਾਂ-ਹਾਂ, ਪਾਕਿਸਤਾਨ 'ਚੋਂ! ਪਰ ਹੁਣ ਏਥੇ ਈ ਰਹਾਂਗਾ—ਰਹਿਣਾ ਵੀ ਚਾਹੀਦਾ ਏ ਨਾ ਮੈਨੂੰ? ਕਿਉਂ?”
ਅਚਾਨਕ ਉਦੋਂ ਹੀ ਉੱਥੇ ਇਕ ਸਿਆਣੀ ਉਮਰ ਦੀ ਔਰਤ ਵੀ ਆ ਗਈ। ਉਹ ਬਾਹਰੋਂ ਹੀ ਹੱਸਦੀ ਹੋਈ ਆ ਰਹੀ ਸੀ। ਬਲਦੇਵ ਨੂੰ ਦੇਖ ਕੇ ਉਸਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਉਸਦੀਆਂ ਅੱਖਾਂ ਕਈ ਵਾਰੀ ਸੁੰਗੜੀਆਂ, ਕਈ ਵਾਰੀ ਫ਼ੈਲੀਆਂ ਜਿਵੇਂ ਉਸਨੂੰ ਬਲਦੇਵ ਦੇ ਬਲਦੇਵ ਹੋਣ ਦਾ ਵਿਸ਼ਵਾਸ ਹੀ ਨਾ ਆਇਆ ਹੋਵੇ। ਫੇਰ ਉਸਨੇ ਚੀਕਵੀਂ ਜਿਹੀ ਆਵਾਜ਼ ਵਿਚ ਪੁੱਛਿਆ...:
“ਵੇ ਤੂੰ ਬਲਦੇਵ ਏਂ ਨਾ?”
ਬਲਦੇਵ ਨੇ ਉਠ ਕੇ ਉਸਦੇ ਪੈਰੀਂ ਹੱਥ ਲਾਏ।
“ਹਾਂ-ਜੀ—ਤੁਸੀਂ ਠੀਕ ਪਛਾਣਿਆਂ।”
“ਵੇ ਮੈਂ ਕਿਵੇਂ ਨਾ ਪਛਾਣਦੀ? ਪਰ ਤੂੰ—ਤੂੰ ਜਿਊਂਦਾ ਏਂ?...ਅਸੀਂ ਤਾਂ ਸਮਝੇ ਸੀ!” ਕਹਿੰਦਿਆਂ ਹੋਇਆਂ ਉਸਨੇ ਸਰਸਵਤੀ ਵੱਲ ਦੇਖਿਆ ਤੇ ਉਸਦੀ ਪਿੱਠ ਉੱਤੇ ਜ਼ੋਰਦਾਰ ਦੁਹੱਥੜ ਮਾਰ ਕੇ ਬੋਲੀ, “ਨੀਂ ਤੂੰ ਏਥੇ ਬੈਠੀ ਕੀ ਕਰ ਰਹੀ ਏਂ, ਸ਼ਰਮ ਨਹੀਂ ਆਉਂਦੀ ਤੈਨੂੰ? ਜਾਹ, ਅੰਦਰ ਜਾਹ!”
ਸਰਸਵਤੀ ਨੇ ਕਾਹਲ ਨਾਲ ਸਿਰ ਉੱਤੇ ਦੁੱਪਟਾ ਠੀਕ ਕੀਤਾ। ਮਾਂ ਦੀ ਗੱਲ ਸੁਣ ਕੇ ਉਹ ਕੱਚੀ-ਜਿਹੀ ਹੋ ਗਈ ਸੀ। ਸ਼ਰਮ ਨਾਲ ਉਸਦਾ ਚਿਹਰਾ ਲਾਲ ਹੋ ਗਿਆ ਸੀ—ਉਹ ਬੱਚਿਆਂ ਨੂੰ ਘਸੀਟਦੀ ਹੋਈ ਕਮਰੇ ਵਿਚ ਲੈ ਗਈ।
ਬਲਦੇਵ ਦੀ ਸੱਸ ਬਲਦੇਵ ਦੇ ਸਾਹਮਣੇ ਮੰਜ ਉੱਤੇ ਬੈਠ ਕੇ ਬੋਲੀ...:
“ਤੂੰ ਜਿਊਂਦਾ ਏਂ, ਰੱਬ ਦਾ ਲੱਖ-ਲੱਖ ਸ਼ੁਕਰ ਏ...ਪਰ ਹੁਣ ਕੀ ਹੋਏਗਾ? ਅਸੀਂ ਤਾਂ ਸਮਝਿਆ ਸੀ...ਹਾਏ! ਹੁਣ ਮੈਂ ਕੀ ਕਰਾਂ?...ਕਹਿੰਦਿਆਂ ਹੋਇਆਂ ਜੀਅ ਨੂੰ ਡੋਬ ਪੈਂਦਾ ਏ। ਹੁਣ! ਹੁਣ, ਮੈਂ ਕੀ ਕਰਾਂ?”
ਉਹ ਉਠ ਕੇ ਕਮਰੇ ਵੱਲ ਤੁਰ ਪਈ।
“ਪੁੱਤ ਸਰਸਵਤੀਏ! ਹੁਣ ਕੀ ਹੋਏਗਾ? ਮੇਰੀ ਤਾਂ ਅਕਲ ਜਵਾਬ ਦੇ ਗਈ ਏ।”
ਪਰ ਸਰਸਵਤੀ ਤੋਂ ਵੀ ਕੋਈ ਜਵਾਬ ਲਏ ਬਿਨਾਂ ਹੀ ਉਹ ਪੁੱਠੇ ਪੈਰੀਂ ਬਾਹਰ ਨਿਕਲ ਆਈ। ਉਹ ਘਰੋਂ ਵੀ ਨਿਕਲ ਜਾਣਾ ਚਾਹੁੰਦੀ ਸੀ, ਕਿਸੇ ਨੂੰ ਬੁਲਾਅ ਕੇ ਲਿਆਉਣਾ ਚਾਹੁੰਦੀ ਸੀ ਸ਼ਾਇਦ! ਪਰ ਬਲਦੇਵ ਨੇ ਉਸਨੂੰ ਰੋਕ ਲਿਆ ਤੇ ਮੰਜੇ ਉੱਤੇ ਬਿਠਾਉਂਦਾ ਹੋਇਆ ਬੋਲਿਆ, “ਏਥੇ ਬੈਠ ਜਾਓ ਮਾਤਾ ਜੀ...ਤੁਸੀਂ ਘਬਰਾ ਕਿਉਂ ਗਏ ਓ? ਕੀ ਮੇਰੇ ਆਉਣ ਦੀ ਤੁਹਾਨੂੰ ਖੁਸ਼ੀ ਨਹੀਂ ਹੋਈ?”
ਸਰਸਵਤੀ ਦੀ ਮਾਂ ਅੱਖਾਂ ਉਪਰ ਪੱਲਾ ਰੱਖ ਕੇ ਰੋਣ ਲੱਗ ਪਈ, “ਮੇਰੀ ਧੀ ਦੀ ਜ਼ਿੰਦਗੀ ਸੜ ਗਈ ਸਾਰੀ! ਇੱਜ਼ਤ ਮਿੱਟੀ 'ਚ ਮਿਲ ਗਈ—ਜਿਸਦੇ ਦੋ ਦੋ ਘਰਵਾਲੇ ਹੋ ਗਏ। ਨੀਂ ਤੂੰ ਮਰ ਕਿਉਂ ਨਹੀਂ ਜਾਂਦੀ ਧੀਏ! ਪਾਕਿਸਤਾਨ 'ਚੋਂ ਇੱਜ਼ਤ ਬਚਾ ਕੇ ਇੱਥੇ ਆ ਗਈ ਸੀ—ਇੱਥੋਂ ਬਚ ਕੇ ਕਿਤੇ ਜਾਣ ਦਾ, ਬਿਨਾਂ ਮਰ ਜਾਣ ਦੇ, ਹੋਰ ਕੋਈ ਰਸਤਾ ਨਹੀਂ ਤੇਰੇ ਲਈ!”
ਇਹ ਕਹਿ ਕੇ ਉਸਨੇ ਹੋਰ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਬਲਦੇਵ ਦੋਵਾਂ ਹੱਥਾਂ ਵਿਚ ਆਪਣਾ ਸਿਰ ਫੜ੍ਹ ਕੇ ਬੈਠ ਗਿਆ। ਸਰਸਵਤੀ ਦੀ ਮਾਂ ਸੀ ਕਿ ਉਸਦੀ ਕੋਈ ਗੱਲ ਹੀ ਨਹੀਂ ਸੀ ਸੁਣ ਰਹੀ। ਪਰ ਮੌਕਾ ਮਿਲਦਿਆਂ ਹੀ ਉਸਨੇ ਖੰਘੂਰਾ ਜਿਹਾ ਮਾਰ ਕੇ ਗਲ਼ਾ ਸਾਫ ਕੀਤਾ ਤੇ ਬੋਲਿਆ, “ਮੈਂ ਵੀ ਇਹੀ ਸਮਝੀ ਬੈਠਾ ਸਾਂ ਕਿ ਤੁਸੀਂ ਸਾਰੇ ਮਾਰੇ ਗਏ ਓ! ਸਰਸਵਤੀ ਦੇ ਚਾਚੇ ਦੀ ਲਾਸ਼ ਭੋਲੇ ਕੇ ਮਕਾਨ ਵਿਚ ਮੈਂ ਆਪਣੀ ਅੱਖੀਂ ਦੇਖੀ ਸੀ...ਠਾਕਰ, ਦਰਵਾਜ਼ੇ ਸਾਹਮਣੇ ਮਰਿਆ ਪਿਆ ਦੇਖਿਆ ਸੀ। ਨਵਨੀਤ ਤੇ ਲਾਜਵੰਤੀ ਨੂੰ ਵੀ ਮੇਰੇ ਦੇਖਦਿਆਂ-ਦੇਖਦਿਆਂ ਛੱਤ ਤੋਂ ਸੁੱਟ ਦਿੱਤਾ ਗਿਆ ਸੀ। ਤੁਹਾਡੇ ਸਾਰਿਆਂ ਬਾਰੇ ਮੈਨੂੰ ਇਹੀ ਦੱਸਿਆ ਗਿਆ ਸੀ ਬਈ ਕੋਈ ਨਹੀਂ ਬਚਿਆ!...ਤੇ ਹਾਏ, ਮੈਨੂੰ ਯਕੀਨ ਵੀ ਆ ਗਿਆ...!”
“ਪਰ ਫੇਰ ਤੂੰ ਚਲਾ ਕਿੱਥੇ ਗਿਆ ਸੈਂ? ਸਾਨੂੰ ਭਾਲਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?” ਉਹ ਭੱਜ ਕੇ ਪਈ।
“ਪਰ ਮੈਂ ਕੀ ਕਰਦਾ? ਜਦੋਂ ਯਕੀਨ ਹੋ ਜਾਏ ਕਿ ਹੁਣ ਆਪਣਾ ਬਚਿਆ ਹੀ ਕੋਈ ਨਹੀਂ ਤਾਂ ਲੱਭਦਾ-ਭਾਲਦਾ ਕੀਹਨੂੰ?”
“ਇਹੀ ਤਾਂ ਅਸੀਂ ਸਮਝ ਬੈਠੇ ਸਾਂ ਤੇਰੇ ਬਾਰੇ ਵਿਚ। ਇਸ ਵਿਚ ਸਾਡਾ ਵੀ ਕੋਈ ਦੋਸ਼ ਨਹੀਂ—ਅਸੀਂ ਇਹ ਥੋੜ੍ਹਾ ਚਾਹੁੰਦੇ ਸਾਂ ਕਿ ਤੂੰ ਮਰ ਜਾਏਂ ਤੇ ਅਸੀ ਆਪਣੀ ਧੀ ਦਾ ਹੱਥ ਕਿਸ ਹੋਰ ਦੇ ਹੱਥ ਵਿਚ ਦੇ ਦੇਈਏ! ਇਹੋ ਜਿਹੇ ਕਿਹੜੇ ਨੀਚ ਮਾਪੇ ਹੋਣਗੇ—ਕੋਈ ਨਹੀਂ ਪੁੱਤਰਾ, ਕੋਈ ਵੀ ਨਹੀਂ।” ਉਹ ਰੋਂਦੀ ਹੋਈ ਹਵਾ ਵਿਚ ਉਂਗਲ ਲਹਿਰਾ ਕੇ ਬੋਲੀ, “ਤੇਰੀ ਖਬਰ ਕਿਸੇ ਪਾਸੇ ਨਹੀਂ ਮਿਲੀ। ਮੈਂ ਤੇ ਸਰਸਵਤੀ ਹਰ ਜਗ੍ਹਾ, ਹਰ ਕੈਂਪ ਵਿਚ, ਜਿੱਥੇ ਜਿੱਥੇ ਵੀ ਅਸੀਂ ਗਈਆਂ ਤੇਰਾ ਨਾਂ ਲੈ ਲੈ ਕੇ 'ਵਾਜਾਂ ਮਾਰਦੀਆਂ ਤੇ ਰੋਦੀਆਂ ਫਿਰੀਆਂ। ਜਦੋਂ ਤੇਰੇ ਭਰਾ, ਤੇਰੇ ਮਾਂ-ਪਿਓ, ਤੇਰੇ ਸਾਰੇ ਘਰਵਾਲੇ ਹੀ ਮਾਰ ਸੁੱਟੇ ਗਏ ਸਨ ਤਾਂ ਸਾਨੂੰ ਕੌਣ ਵਿਸ਼ਵਾਸ ਦਿਵਾਉਂਦਾ ਬਈ ਤੂੰ ਜਿਊਂਦਾ ਬਚ ਗਿਆ ਏਂ?...ਮਾਰਨ ਤੇ ਬਚਾਉਣ ਵਾਲਾ ਤਾਂ ਬੇਸ਼ਕ ਉਹੀ ਭਗਵਾਨ ਏਂ, ਜਿਸਨੇ ਸਾਡੀਆਂ ਅੱਖਾਂ 'ਤੇ ਵੀ ਪਰਦਾ ਪਾ ਦਿੱਤਾ ਸੀ।”
“ਪਰ ਤੁਸੀਂ ਮੈਨੂੰ ਉਡੀਕ ਤਾਂ ਲਿਆ ਹੁੰਦਾ, ਮਾਤਾ-ਜੀ!”
“ਉਡੀਕ! ਪੁੱਤਰਾ ਤੇਰੀ ਉਡੀਕ ਤਾਂ ਮੈਂ ਸਰਸਵਤੀ ਦੀ ਮੌਤ ਤਕ ਕਰਦੀ—ਉਸਦੀ ਚਿਤਾ ਨੂੰ ਅੱਗ ਵੀ ਨਾ ਲਾਉਣ ਦਿੰਦੀ, ਜੇ ਕਿਤੇ ਮੈਨੂੰ ਪਤਾ ਲੱਗ ਜਾਂਦਾ ਕਿ ਤੂੰ ਜਿਊਂਦਾ ਏਂ! ਇਹ ਤਾਂ ਉੱਥੇ ਹੀ ਮਰ-ਖਪ ਜਾਣੀ ਸੀ—ਮਰ-ਖਪ ਗਈ ਹੁੰਦਾ ਤਾਂ ਚੰਗਾ ਹੁੰਦਾ—ਪਰ ਸੁੰਦਰ ਦਾਸ ਮੇਰੀ ਹਿੱਕ ਸਾੜਨ ਵਾਸਤੇ ਇਸਨੂੰ ਜਖ਼ਮੀ ਹਾਲਤ ਵਿਚ ਸਾਡੇ ਕੋਲ ਕੈਂਪ ਵਿਚ ਲੈ ਆਇਆ। ਸਾਨੂੰ ਸਾਰਿਆਂ ਨੂੰ ਵੀ ਉਹੀ ਆਪਣੀ ਜਾਨ 'ਤੇ ਖੇਡ-ਖੇਡ ਕੇ ਬਚਾਉਂਦਾ ਰਿਹਾ ਸੀ। ਹਿੰਦੁਸਤਾਨ ਆ ਕੇ ਵੀ ਸਾਡੀ ਹੁਣ ਤਕ ਸੇਵਾ ਕਰ ਰਿਹਾ ਏ।”
ਬਲਦੇਵ ਨੇ ਆਪਣੇ ਸਿਰ ਤੇ ਮੋਢਿਆਂ ਦੇ ਜ਼ਖ਼ਮਾਂ ਦੇ ਨਿਸ਼ਾਨ ਦਿਖਾਉਂਦਿਆ ਹੋਇਆਂ ਕਿਹਾ, “ਮੈਂ ਤਾਂ ਇਹਨਾਂ ਕਰਕੇ ਆਪਣੇ ਮਕਾਨ ਦੀ ਛੱਤ 'ਤੇ ਬੇਹੋਸ਼ ਪਿਆ ਹੋਇਆ ਸਾਂ—ਜਖ਼ਮੀ ਨਾ ਹੋ ਗਿਆ ਹੁੰਦਾ ਤਾਂ ਮੈਂ ਵੀ ਤੁਹਾਡੀ ਸਾਰਿਆਂ ਦੀ ਜਾਨ ਬਚਾਉਣ ਆਪਣੀ ਜਾਨ ਤੇ ਖੇਡ ਗਿਆ ਹੁੰਦਾ।”
ਕੁਝ ਲੋਕ ਹੋਰ ਵੀ ਆ ਗਏ ਸਨ ਉੱਥੇ। ਸਰਸਵਤੀ ਦਾ ਪਿਓ, ਕੁਝ ਗੁਆਂਢੀ ਤੇ ਕੁਝ ਗੁਆਂਢਣਾ। ਉਹ ਸਾਰੇ ਬਲਦੇਵ ਵੱਲ ਅੱਖਾਂ ਪਾੜ-ਪਾੜ ਕੇ ਦੇਖ ਰਹੇ ਸਨ, ਨਜ਼ਰਾਂ-ਨਜ਼ਰਾਂ ਵਿਚ ਹੀ ਟੋਹ-ਟਟੋਲ ਰਹੇ ਸਨ। ਜਦੋਂ ਮੂੰਹੋਂ ਕੋਈ ਕੁਝ ਨਾ ਬੋਲਿਆ ਤਾਂ ਸਰਸਵਤੀ ਦੀ ਮਾਂ ਨੇ ਹੀ ਚੀਕ ਕੇ ਕਿਹਾ, “ਪਛਾਣਦੇ ਕਿਉਂ ਨਹੀਂ ਪਏ? ਇਹ ਬਲਦੇਵ ਏ! ਜਿਊਂਦਾ ਏ—ਧੀ ਮੇਰੀ ਦੀ ਨੱਕ ਕੱਟਣ ਲਈ ਸਾਰੀ ਦੁਨੀਆਂ ਸਾਹਮਣੇ!”
ਸਰਸਵਤੀ ਦੇ ਪਿਓ ਨੂੰ ਤਾਂ ਜਿਵੇਂ ਸਕਤਾ ਹੀ ਮਾਰ ਗਿਆ ਸੀ। ਬਾਕੀ ਵੀ ਜਿੱਥੇ ਸਨ, ਉੱਥੇ ਹੀ ਖੜ੍ਹੇ ਰਹਿ ਗਏ।
“ਤੂੰ ਸੱਚਮੁੱਚ ਬਲਦੇਵ ਈ ਏਂ ਨਾ?” ਲਾਲਾ ਬੋਧਰਾਜ ਦੀਆਂ ਚਿੱਟੀਆਂ, ਸੰਘਣੀਆਂ ਮੁੱਛਾਂ ਵਿਚੋਂ ਛਣ ਕੇ ਉਸਦੀ ਡੁੱਬ ਰਹੀ ਆਵਾਜ਼ ਬਾਹਰ ਆਈ।
“ਹਾਂ, ਲਾਲਾ ਜੀ!” ਅੱਗੇ ਵਧ ਕੇ ਉਸਨੇ ਸਰਸਵਤੀ ਦੇ ਪਿਓ ਦੇ ਪੈਰੀਂ ਹੱਥ ਲਾਏ।
“ਪਰ ਤੂੰ ਸੈਂ ਕਿੱਥੇ?”
“ਪਾਕਿਸਤਾਨ ਵਿਚ ਲਾਲਾ ਜੀ!”
“ਪਾਕਿਸਤਾਨ ਵਿਚ? ਪਰ ਉੱਥੇ ਕਰਦਾ ਕੀ ਰਿਹਾ ਪਾਗਲਾ?”
ਬਲਦੇਵ ਨੇ ਆਪਣੇ ਖੁਸ਼ਕ ਬੁੱਲ੍ਹਾਂ ਦੀ ਇਕ ਪੇਪੜੀ ਨੂੰ ਦੰਦਾਂ ਨਾਲ ਟੁੱਕਦਿਆਂ ਜਵਾਬ ਦਿੱਤਾ, “ਦੁਕਾਨਦਾਰੀ, ਉਹੀ ਜੋ ਪਹਿਲਾਂ ਕਰਦਾ ਹੁੰਦਾ ਸਾਂ।”
“ਅਜੀਬ ਮੂਰਖ ਆਦਮੀ ਏਂ ਤੂੰ! ਹਿੰਦੁਸਤਾਨ ਕਿਉਂ ਨਹੀਂ ਆ ਗਿਆ?”
“ਮੈਂ ਸਮਝਿਆ ਹੁਣ ਮੇਰਾ ਕੋਈ ਨਹੀਂ ਬਚਿਆ...ਇੱਥੇ ਆ ਕੇ ਕੀ ਕਰਾਂਗਾ?”
“ਓਇ ਹੋਇ—ਪਰ ਤੈਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀਂ ਸੀ ਉੱਥੇ?”
ਬਲਦੇਵ ਹੱਸ ਕੇ ਬੋਲਿਆ, “ਉਹਨਾਂ ਤਾਂ ਆਪਣੇ ਵੱਲੋਂ ਮੈਨੂੰ ਮਾਰ ਹੀ ਦਿੱਤਾ ਸੀ।...ਤੇ ਜਦੋਂ ਹਿੰਦੁਸਤਾਨ ਵਿਚ ਏਨੇ ਸਾਰੇ ਜਖ਼ਮੀ ਤੇ ਲੁੱਟੇ-ਪੱਟੇ ਸ਼ਰਨਾਰਥੀ ਲੋਕ ਉੱਥੇ ਪਹੁੰਚੇ ਤਾਂ ਮੇਰਾ ਉੱਥੇ ਰਹਿਣਾ ਲਗਭਗ ਅਸੰਭਵ ਹੀ ਹੋ ਗਿਆ ਸੀ। ਪਰ ਭਲਾ ਹੋਏ ਆਪਣੇ ਸਕੂਲ ਮਾਸਟਰ ਖ਼ੁਦਾ ਦਾਦ ਖ਼ਾਂ ਦਾ ਜਿਸਨੇ ਹਰ ਮੌਕੇ ਮੇਰੀ ਮਦਦ ਕੀਤੀ ਤੇ ਫ਼ੌਲਾਦੀ ਢਾਲ ਬਣ ਕੇ ਮੇਰੀ ਹਿਫ਼ਾਜ਼ਤ ਕਰਦਾ ਰਿਹਾ—ਓਸੇ ਕਰਕੇ ਅੱਜ ਉੱਥੇ ਮੈਂ, ਮੇਰਾ ਜੱਦੀ ਮਕਾਨ ਤੇ ਦੁਕਾਨ ਸਹੀ ਸਲਾਮਤ ਹਾਂ।”
ਬਲਦੇਵ ਦੇ ਉਤਰ ਨਾਲ ਲਾਲਾ ਬੋਧਰਾਜ ਦੀ ਤੱਸਲੀ ਨਹੀਂ ਹੋਈ ਲੱਗਦੀ ਸੀ। ਉਹਨਾਂ ਉਸੇ ਹੈਰਾਨੀ ਤੇ ਘਬਰਾਹਟ ਭਰੀ ਆਵਾਜ਼ ਵਿਚ ਪੁੱਛਿਆ, “ਉੱਥੇ ਤੂੰ ਸ਼ਾਦੀ-ਵਾਦੀ ਵੀ ਕੀਤੀ ਜਾਂ ਨਹੀਂ?”
“ਸ਼ਾਦੀ!” ਬਲਦੇਵ ਨੇ ਹੈਰਾਨ ਹੋ ਕੇ ਸਾਰਿਆਂ ਵੱਲ ਦੇਖਿਆ। ਉਹ ਲੋਕ ਉਸਦੇ ਆਲੇ-ਦੁਆਲੇ ਘੇਰਾ ਜਿਹਾ ਪਾਈ ਖੜ੍ਹੇ ਸਨ। ਸ਼ਾਇਦ ਉਸਦੇ ਉਤਰ ਦੇ ਇੰਤਜ਼ਾਰ ਵਿਚ ਸਨ—ਤੇ ਦਰਵਾਜ਼ੇ ਦੀ ਓਟ ਵਿਚ ਕੰਧ ਨਾਲ ਸਿਰ ਟਿਕਾਈ ਖੜ੍ਹੀ ਸਰਸਵਤੀ ਵੀ ਇਹ ਸੁਣਨ ਲਈ ਉਤਸੁਕ ਹੋ ਗਈ ਕਿ ਉਹ ਕੀ ਕਹੇਗਾ!...ਉਹ ਲੋਕ ਉਸ ਤੋਂ ਕਿਸ ਤਰ੍ਹਾਂ ਦੇ ਉਤਰ ਦੀ ਆਸ ਕਰ ਰਹੇ ਸਨ? ਸਰਸਵਤੀ ਦੀ ਮਾਂ ਦਾ ਰੋਣਾ-ਧੋਣਾ, ਉਸਦੇ ਪਿਓ ਦੀਆਂ ਗ਼ਮਗ਼ੀਨ ਅੱਖਾਂ ਤੇ ਘਬਰਾਹਟ ਕਾਰਨ ਕੰਬ ਰਹੀਆਂ ਚਿਹਰੇ ਦੀਆਂ ਝੁਰੜੀਆਂ—ਕਿਸ ਸੱਚਾਈ ਵੱਲ ਇਸ਼ਾਰਾ ਕਰ ਰਹੀਆਂ ਸਨ? ਚਾਹੁੰਦੇ ਕੀ ਸਨ ਉਹ ਲੋਕ?
ਅਚਾਨਕ ਉਦੋਂ ਹੀ ਇਕ ਹੋਰ ਆਦਮੀ ਬਾਹਰੋਂ ਅੰਦਰ ਆਇਆ—ਉਸਨੇ ਖਾਕੀ ਨਿੱਕਰ ਤੇ ਕਮੀਜ਼ ਪਾਈ ਹੋਈ ਸੀ ਤੇ ਉਹ ਸਾਈਕਲ ਉੱਤੇ ਆਇਆ ਸੀ। ਉਸਦੇ ਸਿਰ ਦੇ ਵਾਲਾਂ, ਚਿਹਰੇ ਤੇ ਸਾਰੇ ਪਿੰਡੇ ਉੱਤੇ ਧੂੜ-ਘੱਟੇ ਦੀ ਪਰਤ ਚੜ੍ਹੀ ਹੋਈ ਸੀ। ਏਨੇ ਸਾਰੇ ਲੋਕਾਂ ਦੀ ਭੀੜ ਲੱਗੀ ਦੇਖ ਕੇ ਉਸਨੂੰ ਵੀ ਬੜੀ ਹੈਰਾਨੀ ਹੋਈ। ਸਾਈਕਲ ਕੰਧ ਨਾਲ ਖੜ੍ਹਾ ਕਰਕੇ, ਜ਼ੋਰ-ਜ਼ੋਰ ਨਾਲ ਪੈਰ ਜ਼ਮੀਨ ਉੱਤੇ ਮਾਰਦਿਆਂ ਹੋਇਆਂ ਉਸਨੇ ਬੂਟਾਂ ਉੱਤੇ ਚੜ੍ਹੀ ਧੂੜ ਦੀ ਮੋਟੀ ਪਰਤ ਨੂੰ ਝਾੜਿਆ ਤੇ ਦੋਵਾਂ ਹੱਥਾਂ ਨਾਲ ਮੂੰਹ ਪੂੰਝਦਿਆਂ ਹੋਇਆਂ ਉਹਨਾਂ ਲੋਕਾਂ ਕੋਲ ਆ ਕੇ ਪੁੱਛਿਆ...:
“ਕੀ ਗੱਲ ਏ, ਕੀ ਹੋਇਆ ਲਾਲਾ ਜੀ ਨੂੰ?”
ਉਹ ਉਹਨਾਂ ਦੇ ਵਿਚਕਾਰ ਜਾ ਖੜ੍ਹਾ ਹੋਇਆ ਤੇ ਵਿਚਾਲੇ ਡੱਠੀ ਮੰਜੀ ਦੀ ਬਾਹੀ ਉੱਤੇ ਬੈਠੇ ਬਲਦੇਵ ਨੂੰ ਹੈਰਾਨੀ ਨਾਲ ਦੇਖਣ ਲੱਗਿਆ—ਪਰ ਉਸਨੂੰ ਪਛਾਣ ਨਾ ਸਕਿਆ। ਉਸਦਾ ਚਿਹਰਾ ਵੀ ਇਕ ਸਵਾਲੀਆਂ ਨਿਸ਼ਾਨ ਬਣ ਕੇ ਰਹਿ ਗਿਆ। ਉਹ ਵੀ ਉਸ ਵੱਲ ਗੌਰ ਨਾਲ ਦੇਖ ਰਿਹਾ ਸੀ—ਉਸਦੀ ਗੱਲ੍ਹ ਕੇ ਇਕ ਬਹੁਤ ਪੁਰਾਣੇ ਜ਼ਖ਼ਮ ਦੇ ਨਿਸ਼ਾਨ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਸਨ ਉਸਦੀਆਂ। ਫੇਰ ਉਹ ਲਾਲਾ ਬੋਧਰਾਜ ਵੱਲ ਭੌਂ ਕੇ ਬੋਲਿਆ, “ਇਹ ਸੁੰਦਰ ਦਾਸ ਏ ਨਾ? ਮੈਂ ਇਸਨੂੰ ਪਛਾਣ ਲਿਆ ਏ!”
“ਹਾਂ।” ਲਾਲਾ ਬੋਧ ਰਾਜ ਨੇ ਸੁੰਦਰ ਦੇ ਦੋਵੇਂ ਮੋਢਿਆਂ 'ਤੇ ਬਾਂਹ ਰੱਖ ਲਈ, “ਇਹੀ ਸੁੰਦਰ ਦਾਸ ਏ ਜਿਸਨੇ ਸਾਡੀਆਂ ਜਾਨਾਂ ਬਚਾਈਆਂ। ਸਾਡੇ ਨਾਲ ਕੈਂਪ ਵਿਚ ਸਰਦੀ-ਗਰਮੀ ਤੇ ਸਾਰੀਆਂ ਮੁਸੀਬਤਾਂ ਝੱਲੀਆਂ। ਸਾਰੇ ਝਗੜੇ-ਟੰਟੇ ਭੋਗੇ ਤੇ ਸਾਨੂੰ ਇੱਥੇ ਆ ਕੇ ਦੁਬਾਰਾ ਵੱਸਣ ਵਿਚ ਜੋ ਜੋ ਮੁਸੀਬਤਾਂ ਸਹਿਣੀਆਂ ਪਈਆਂ—ਇਸ ਸ਼ੇਰ ਦੇ ਬੱਚੇ ਨੇ ਸਾਡਾ ਪੂਰਾ ਸਾਥ ਦਿੱਤਾ। ਇਹ ਘਰ ਦੇਖ ਰਿਹੈਂ,...ਇਸ ਦੀਆਂ ਕੰਧਾਂ ਉੱਤੇ ਅੱਜ ਤਕ ਪਲਸਤਰ ਨਹੀਂ ਹੋਇਆ। ਇਹ ਇਸਦਾ ਘਰ ਏ; ਇਸਦਾ ਆਪਣਾ ਘਰ!...ਇਸ ਛੋਟੇ ਜਿਹੇ ਘਰ ਵਿਚ ਇਸਨੇ ਇਕ ਛੋਟੀ ਜਿਹੀ ਦੁਨੀਆਂ ਵਸਾਈ ਹੋਈ ਏ—ਆਪਣੇ ਪਿਆਰ ਦੀ ਦੁਨੀਆਂ। ਦੋ ਮਾਸੂਮ ਬੱਚਿਆਂ ਤੇ ਇਕ ਪਤਨੀ ਦੀ ਦੁਨੀਆਂ। ਸਰਸਵਤੀ ਨੂੰ ਬੇਵਾ ਸਮਝ ਕੇ ਇਸ ਆਦਰਸ਼ ਨੌਜਵਾਨ ਨੇ ਉਸ ਨਾਲ ਸ਼ਾਦੀ ਕਰ ਲਈ। ਸਾਡੇ ਕੋਲ ਵੀ ਸਰਸਵਤੀ ਦਾ ਹੱਥ ਇਸਦੇ ਹੱਥ ਵਿਚ ਦੇ ਦੇਣ ਦੇ ਬਿਨਾਂ, ਕੋਈ ਹੋਰ ਚਾਰਾ ਨਹੀਂ ਸੀ। ਤੇਰੀ ਕੋਈ ਖਬਰ ਨਹੀਂ ਸੀ ਮਿਲੀ ਤੇ ਬਹੁਤੇ ਸਾਰੇ ਲੋਕਾਂ ਨੇ ਵੀ ਇਹੀ ਸਲਾਹ ਦਿੱਤੀ ਸੀ।”
ਕਹਿੰਦਿਆਂ ਹੋਇਆਂ ਲਾਲਾ ਬੋਧ ਰਾਜ ਦਾ ਗੱਚ ਭਰ ਆਇਆ।...ਪਰ ਬਲਦੇਵ ਦੀਆਂ ਅੱਖਾਂ ਹੁਣ ਵੀ ਸੁੰਦਰ ਦਾਸ ਦੀ ਗੱਲ੍ਹ ਉੱਤੇ ਜ਼ਖ਼ਮ ਦੇ ਨਿਸ਼ਾਨ ਉੱਤੇ ਟਿਕੀਆਂ ਹੋਈਆਂ ਸਨ—ਇਹ ਡੂੰਘੀ ਸੁਰਖ਼ ਲਕੀਰ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਮਿਊਂਸਪਲ ਕਮੇਟੀ ਦੇ ਦਫ਼ਤਰ ਪਿਛਲੇ ਖੇਤਾਂ ਵਿਚ ਹੋਈ ਆਪਸੀ ਜੰਗ ਦੀ ਯਾਦਗਾਰ ਸੀ। ਸਰਸਵਤੀ ਪ੍ਰਤੀ ਪ੍ਰੇਮ ਤੇ ਆਪਸੀ ਈਰਖਾ ਵਜੋਂ ਹੋਏ ਯੁੱਧ ਦੀ ਨਿਸ਼ਾਨੀ ਸੀ। ਇਸ ਘਟਨਾ ਬਾਰੇ ਸਰਸਵਤੀ ਵੀ ਜਾਣਦੀ ਸੀ ਕਿ ਉਹ ਹੀ ਲੜਾਈ ਦਾ ਸਬੱਬ ਹੈ। ਹਾਲਾਤ ਨੇ ਸਰਸਵਤੀ ਨੂੰ ਉਸ ਤੋਂ ਖੋਹ ਕੇ ਸੁੰਦਰ ਦਾਸ ਦੇ ਹਵਾਲੇ ਕਰ ਦਿੱਤਾ ਸੀ। ਨਹੀਂ ਤਾਂ ਉਸਦੇ ਹੁੰਦਿਆਂ ਹੋਇਆ ਤਾਂ ਉਹ ਉਸਦੀ ਕਲਪਨਾ ਵੀ ਨਹੀਂ ਸੀ ਕਰ ਸਕਦਾ। ਸੁੰਦਰ ਦਾਸ ਦੇ ਚਿਹਰੇ ਉੱਤੇ ਚਿੜਚਿੜੇਪਨ ਦੇ ਭਾਵ ਪੈਦਾ ਹੋ ਗਏ ਸਨ, ਉਸਦੇ ਜਬਾੜੇ ਕੱਸੇ ਗਏ ਸਨ ਤੇ ਚਿਹਰੇ ਉੱਤੇ ਗੁੱਸੇ ਦੀ ਲਾਲੀ ਫਿਰ ਗਈ ਸੀ ਜਿਵੇਂ ਉਹ ਤੇਜ਼ੀ ਨਾਲ ਕੁਝ ਸੋਚ ਰਿਹਾ ਹੋਵੇ। ਅਚਾਨਕ ਉਹ ਲੋਕਾਂ ਦੇ ਝੁਰਮਟ ਵਿਚੋਂ ਨਿਕਲ ਕੇ ਕਮਰੇ ਵਿਚ ਚਲਾ ਗਿਆ, ਸਾਰੇ ਉਧਰ ਦੇਖਣ ਲੱਗ ਪਏ। ਬਲਦੇਵ ਦੀਆਂ ਨਜ਼ਰਾਂ ਵੀ ਉਧਰ ਹੀ ਸਨ। ਸਰਸਵਤੀ ਦੀ ਮਾਂ ਹੁਣ ਤਕ ਰੋ ਰਹੀ ਸੀ। ਕੁਝ ਚਿਰ ਬਾਅਦ ਸੁੰਦਰ ਦਾਸ ਕਮਰੇ ਵਿਚੋਂ ਬਾਹਰ ਆਇਆ। ਉਹ ਸਿੱਧਾ ਬਲਦੇਵ ਕੋਲ ਆ ਖੜ੍ਹਾ ਹੋਇਆ। ਉਸਦਾ ਸਿਰ ਝੁਕਿਆ ਹੋਇਆ ਸੀ ਤੇ ਠੋਡੀ ਛਾਤੀ ਨਾਲ ਲੱਗੀ ਹੋਈ ਸੀ। ਉਹ ਕਿਸੇ ਡੂੰਘੀ ਸੋਚ ਵਿਚ ਡੁੱਬਿਆ ਹੋਇਆ ਸੀ। ਉਸਨੇ ਸਿਰ ਉਤਾਂਹ ਚੁੱਕਿਆ ਤੇ ਬਲਦੇਵ ਵੱਲ ਸਿੱਧਾ ਤੱਕਦਾ ਹੋਇਆ ਮਧਮ ਆਵਾਜ਼ ਵਿਚ ਬੋਲਿਆ, “ਤੂੰ ਚਾਹੇਂ ਤਾਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਏਂ।”
ਸੁਣ ਕੇ ਸਾਰਿਆਂ ਦੀ ਜਾਨ ਵਿਚ ਜਾਨ ਆ ਗਈ, ਜਿਵੇਂ ਉਹ ਲੋਕ ਵੀ ਇਹੀ ਸੁਣਨਾ ਚਾਹੁੰਦੇ ਹੋਣ। ਉਹ ਸਾਰੇ ਬਲਦੇਵ ਵੱਲ ਦੇਖਣ ਲੱਗ ਪਏ—ਜਿਵੇਂ ਉਹ ਸਾਰੇ ਇਕ ਪਾਸੇ ਹੋਣ ਤੇ ਬਲਦੇਵ ਇਕੱਲਾ ਦੂਜੇ ਪਾਸੇ।...ਦਸ ਸਾਲ ਤਕ ਚੁੱਪ ਤੇ ਇਕਾਂਤਮਈ ਜੀਵਨ ਭੋਗਣ ਪਿੱਛੋਂ ਵੀ ਬਲਦੇਵ ਇਕੱਲਾ ਰਹਿ ਗਿਆ ਸੀ। ਉਸਦੇ ਚਿਹਰੇ ਉੱਤੇ ਮਾਨਸਿਕ ਪੀੜ ਤੇ ਇਕੱਲਾਪੇ ਦੀ ਛਾਪ ਸੀ। ਇਕ ਅਮਿੱਟ ਛਾਪ! ਉਹ ਬਿਨਾਂ ਕੁਝ ਬੋਲੇ ਕਈ ਪਲ ਤਕ ਸੁੰਦਰ ਦਾਸ ਨੂੰ ਘੂਰਦਾ ਰਿਹਾ, ਫੇਰ ਨਿੱਕਾ ਜਿਹਾ ਖੰਘੂਰਾ ਮਾਰ ਕੇ ਗਲ਼ਾ ਸਾਫ ਕਰਦਿਆਂ ਹੋਇਆਂ ਤੇ ਕਮਰੇ ਦੇ ਅੱਧ ਖੁੱਲ੍ਹੇ ਦਰਵਾਜ਼ੇ ਵੱਲ ਦੇਖਦਿਆਂ ਹੋਇਆਂ ਬੋਲਿਆ...:
“ਸਰਸਵਤੀ ਮੇਰੀ ਪਤਨੀ ਏਂ। ਉਹ ਮੇਰੇ ਪਿਆਰ ਨੂੰ ਕਦੀ ਨਹੀਂ ਭੁੱਲ ਸਕਦੀ—ਉਸਨੂੰ ਦੁਬਾਰਾ ਪ੍ਰਾਪਤ ਕਰਨ ਵਾਸਤੇ ਤੁਸੀਂ ਲੋਕ ਮੈਨੂੰ ਅਦਾਲਤ ਦਾ ਰਾਹ ਦੱਸ ਰਹੇ ਓ! ਅਦਾਲਤ ਇਨਸਾਫ ਕਰੇਗੀ, ਪਰ ਕਦੋਂ? ਕਿੰਨੇ ਸਾਲ ਬਾਅਦ! ਕੌਣ ਜਾਣਦਾ ਏ!..ਮੈਂ ਹੁਣ ਇਕ ਹੋਰ ਅਦਾਲਤ ਦਾ ਦਰਵਾਜ਼ਾ ਖੜਕਾਵਾਂਗਾ—ਹੁਣੇ, ਇਸੇ ਵੇਲੇ, ਇਸੇ ਜਗ੍ਹਾ! ਮੈਨੂੰ ਉਸਦੇ ਇਨਸਾਫ ਉੱਤੇ ਪੂਰਾ ਭਰੋਸਾ ਏ।”
ਕਹਿੰਦਿਆਂ ਹੋਇਆਂ ਬਲਦੇਵ ਦੀ ਆਵਾਜ਼ ਭਰੜਾ ਗਈ—ਉਹ ਹੋਰ ਕੁਝ ਨਾ ਕਹਿ ਸਕਿਆ। ਉਸਦੀਆਂ ਅੱਖਾਂ ਵਿਚ ਅਟਕੇ ਬੱਦਲ ਵਰ੍ਹਨੇ ਸ਼ੁਰੂ ਹੋ ਗਏ। ਉਹ ਅੱਧ ਖੁੱਲ੍ਹੇ ਬੂਹੇ ਉੱਤੇ ਨਜ਼ਰਾਂ ਗੱਡੀ ਚੁੱਪਚਾਪ ਰੋਂਦਾ ਰਿਹਾ। ਫੇਰ ਕੁਝ ਉੱਚੀ ਆਵਾਜ਼ ਵਿਚ ਬੋਲਿਆ, “ਜਵਾਬ ਦੇਅ ਸਰਸਵਤੀਏ! ਮੈਂ ਕਿਸੇ ਹੋਰ ਤੋਂ ਨਹੀਂ ਪੁੱਛ ਰਿਹਾ। ਸਿਰਫ ਤੈਨੂੰ ਪੁੱਛ ਰਿਹਾਂ, ਤੈਨੂੰ ਸਰਸਵਤੀਏ!”
ਕਮਰੇ ਵਿਚੋਂ ਦਿਲ ਨੂੰ ਹਿਲਾਅ ਦੇਣ ਵਾਲੀ ਚੀਕ ਸੁਣਾਈ ਦਿੱਤੀ—ਸਰਸਵਤੀ ਉੱਚੀ-ਉੱਚੀ ਰੋਣ ਲੱਗ ਪਈ ਸੀ। ਸਾਰੀਆਂ ਔਰਤਾਂ ਘਬਰਾ ਕੇ ਅੰਦਰ ਵੱਲ ਨੱਸ ਪਈਆਂ। ਉਦੋਂ ਹੀ ਬਾਹਰਲੇ ਦਰਵਾਜ਼ੇ ਸਾਹਵੇਂ ਇਕ ਆਦਮੀ ਖੜ੍ਹਾ ਦਿਖਾਈ ਦਿੱਤਾ ਉਸਦੇ ਹੱਥ ਵਿਚ ਇਕ ਖਾਕੀ ਲਿਫ਼ਾਫ਼ਾ ਵੀ ਸੀ। ਅੰਦਰ ਆ ਕੇ ਉਸਨੇ ਪੁੱਛਿਆ, “ਇੱਥੇ ਪਾਕਿਸਤਾਨ ਦਾ ਕੋਈ ਸ਼ਹਿਰੀ ਆਇਆ ਏ—ਇਸੇ ਘਰ ਵਿਚ ਆ ਕੇ ਠਹਿਰਿਆ ਹੋਇਆ ਏ। ਉਸਦੇ ਨਾਂ ਇਹ ਖ਼ਤ ਏ...”
ਬਲਦੇਵ ਨੇ ਉਸਦੇ ਹੱਥੋਂ ਲਿਫ਼ਾਫ਼ਾ ਫੜ੍ਹ ਲਿਆ। ਕੁਝ ਚਿਰ ਤਕ ਉਸ ਵਿਚੋਂ ਕੱਢ ਕੇ ਇਕ ਕਾਗਜ਼ ਨੂੰ ਪੜ੍ਹਦਾ ਰਿਹਾ, ਫੇਰ ਉਸਨੂੰ ਵਾਪਸ ਫੜਾਉਂਦਾ ਹੋਇਆ ਬੋਲਿਆ...:
“ਹਾਂ, ਅੱਜ ਵਾਪਸ ਚਲਾ ਜਾਏਗਾ। ”
ਕਹਿ ਕੇ ਉਸਨੇ ਆਪਣੀਆਂ ਹੰਝੂ ਭਿੱਜੀਆਂ ਅੱਖਾਂ ਆਪਣੀ ਕਮੀਜ਼ ਦੀ ਬਾਂਹ ਨਾਲ ਪੂੰਝੀਆਂ ਤੇ ਆਪਣਾ ਮਿਲਟਰੀ ਦਾ ਪੁਰਾਣਾ ਕੰਬਲ ਤੇ ਬੈਗ ਚੁੱਕ ਕੇ ਹੌਲੀ ਹੌਲੀ ਤੁਰਦਾ ਹੋਇਆ ਬਾਹਰ ਨਿਕਲ ਗਿਆ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)