Ikk Rugg Angaan Da (Punjabi Story) : Maqsood Saqib

ਇੱਕ ਰੁੱਗ ਅੰਗਾਂ ਦਾ (ਕਹਾਣੀ) : ਮਕ਼ਸੂਦ ਸਾਕ਼ਿਬ

ਸ਼ੇਖ਼ ਸਾਹਿਬ ਖ਼ਸ਼ਖ਼ਾਸੀ ਚੁਗਦੇ ਸਿਰ ਤੇ ਟੋਪੀ ਪਾਈ ਭਾਰਾ ਸਾਰਾ ਚਰਮੀ ਥੈਲਾ ਕੱਛੇ ਮਾਰੀ ਸਾਡੇ ਦਫ਼ਤਰ ਦੇ ਅੱਧ ਵਿਚਕਾਰ ਵਾਵਰੋਲਾ ਬਣੀ ਖਲੋਤੇ ਸਨ। ਮੈਂ ਇੱਕ ਗੁੱਠੇ ਮੇਜ਼ ਲਾਈ ਬੈਠਾ ਉਨ੍ਹਾਂ ਵੱਲ ਦੇਖਦਾ ਪਿਆ ਸਾਂ ਬੜਾ ਚੰਗਾ ਲੱਗਾ ਸੀ ਉਨ੍ਹਾਂ ਦਾ ਪੈਰ ਪਾਉਣਾ। ਓੜਕ ਐਡੇ ਵੱਡੇ ਪੜਚੋਲੀ ਸਨ ਸਾਡੀ ਲੋਕ ਬੋਲੀ ਦੇ ਪੱਕੇ ਸੁਲੇਖ ਦੇ। ਉਨਾਂ ਦਾ ਇੰਝ ਅਚਨਚੇਤ ਸਾਡੇ ਦਫ਼ਤਰ ਆਣ ਢੁੱਕਣਾ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਸੀ। ਲੋਕ ਬੋਲੀ ਲਈ ਕੀਤੇ ਜਾਂਦੇ ਸਾਡੇ ਨਿਮਾਣੇ ਆਹਰ ਦੀ ਸਲਾਹਨਾ ਸੀ ਇੱਕ ਢੰਗ ਦੀ ਇਹ ਉਨ੍ਹਾਂ ਵੱਲੋਂ। ਮੈਂ ਆਪਣੀ ਥਾਓਂ ਉੱਠ ਖਲੋਤਾ ਜੀ ਆਇਆਂ ਕਰਦਾ। ਉਨ੍ਹਾਂ ਮੇਰੇ ਵੱਲ ਵੇਖਿਆ ਵੀ ਨਾ..... ਅੱਖਾਂ ਉੱਤੇ ਜ਼ੋਰ ਪਾਂਦੇ ਮੂੰਹ ਵਧੇਰੇ ਪੱਕਾ ਕਰਦੇ ਉਹਨਾਂ ਪਹਿਲਾਂ ਤਾਂ ਬੂਹਿਓਂ ਵੜਦਿਆਂ ਸਾਹਮਣੀ ਕੰਧ ਨਾਲ ਲੱਗੇ ਕਤਿਾਬਾਂ ਦੇ ਤਿੰਨ ਰੈਕਾਂ ਵੱਲ ਵੇਖਿਆ, ਫੇਰ ਸੱਜੇ ਹੱਥ ਛੱਤ ਤੋਂ ਫ਼ਰਸ਼ ਤੀਕ ਲਮਕਦੇ ਮੋਟੇ ਲਾਲ ਪੜਦੇ ਤੋਂ ਤਾੜਿਆ। ਹੌਲੀ-ਹੌਲੀ ਬਿੱਲੀ ਟੋਰੇ ਓਧਰ ਨੂੰ ਵਧੇ ਪੜਦੇ ਦੀ ਗੁੱਠ ਚੁੱਕ ਕੇ ਕੁੱਝ ਚਿਰ ਅੰਦਰ ਝਾਤ ਪਾਈ ਰਖਿਓਨੀ ਫੇਰ ਉਤਾਂਹ ਹੇਠਾਂ ਸਿਰ ਮਾਰਦੇ ਤੇ ਥਲੜੇ ਬੁੱਲ ਨੂੰ ਉਤਲੇ ਤੇ ਘੁੱਟਦੇ ਆਪਣੀ ਪਹਿਲੀ ਥਾਵੇਂ ਆਣ ਖਲੋਤੇ। ਹੁਣ ਉਨ੍ਹਾਂ ਦਾ ਧਿਆਨ ਮੇਰੇ ਖੱਬੇ ਹੱਥ ਗ਼ੁਸਲਖ਼ਾਨੇ ਦੇ ਬੂਹੇ ਵੱਲ ਸੀ। ਉਨ੍ਹਾਂ ਧੌਣ ਲੰਮੀ ਕਰ ਕੇ ਅਡੀਆਂ ਅੱਖਾਂ ਨਾਲ ਬੂਹੇ ਤੇ ਤਾੜੀ ਲਾਈ। ਨਵੇਕਲੇ ਜੇਹੇ ਢੰਗ ਨਾਲ ਦੋਵੇਂ ਬੁੱਲ ਘੁੱਟੇ..... ਲਗਦਾ ਸੀ ਉਹਨਾਂ ਕਿਸੇ ਗੁੱਝੀ ਸ਼ੈਅ ਦਾ ਖੁਰਾ ਕੱਢ ਲਿਆ ਸੀ ਹੁਣ ਉਨ੍ਹਾਂ ਮੇਜ਼ ਉੱਤੇ ਅੱਖਾਂ ਗੱਡ ਲਈਆਂ ਬੈਗ ਅਜੇ ਵੀ ਉਹਨਾਂ ਦੀ ਕੱਛ ਵਿੱਚ ਸੀ ਫ਼ਰਕ ਐਨਾ ਸੀ ਜੋ ਉਹ ਹੁਣ ਖ਼ਸ਼ਖ਼ਾਸੀ ਚੁਗਣ ਦੀ ਥਾਂ ਪੱਟ ਖੁਰਕਦੇ ਪਏ ਸਨ।

ਮੈਂ ਕਿਹਾ, "ਬੈਠੋ ਇਹ ਤਾਂ ਓਹਵਾ ਹੀ ਹੋ ਗਈ ਏ ਅੱਜ ਤਾਂ ਰੋਜ਼ ਮੁਬਾਰਕ ਚੜਿਆ ਰਾਂਝਾ ਸਾਡੇ ਵੇੜੇ ਵੜਿਆ।"

ਉਨ੍ਹਾਂ ਇੱਕ ਓਪਰੀ ਨਜ਼ਰੇ ਮੇਰੇ ਵੱਲ ਵੇਖਿਆ ਤੇ ਜਿਵੇਂ ਹੂੰ-ਹੂੰ ਕਰੀਦਾ ਏ ਓਵੇਂ ਸਿਰ ਮਾਰਦੇ ਹੋਏ ਬਾਹਰ ਵਾਲੇ ਬੂਹੇ ਵੱਲ ਟੁਰ ਪਏ ਦਹਿਲੀਜ ਕੋਲ ਖਲੋ ਕੇ ਬਾਹਰ ਝਾਤੀ ਮਾਰੀਓ ਨੇ।

ਦਿਨ ਸਿਖਰ ਵੱਲ ਵਧਦਾ ਪਿਆ ਸੀ। ਜੇਠ ਹਾੜ੍ਹ ਦੀ ਧੁੱਪ ਨਾਲ ਵੇਹੜਾ ਤਪਿਆ ਹੋਇਆ ਸੀ। ਉਨ੍ਹਾਂ ਖ਼ਬਰੇ ਏਹੋ ਵੇਖਣਾ ਸੀ। ਪਰਤ ਕੇ ਮੇਜ਼ ਕੋਲ ਆ ਖਲੋਤੇ।

ਮੈ ਕਹਿਆ, "ਪਾਣੀ ਦਾ ਦੱਸੋ।"

ਝੱਟ ਬੋਲੇ, "ਕਿੱਥੇ ਏ?"

ਮੈਂ ਕਹਿਆ, "ਬੈਠੋ।"

ਸ਼ੇਖ਼ ਸਾਹਿਬ ਮੈਨੂੰ ਕੁਰਸੀ ਕੋਲੋਂ ਹਿਲਣੋਂ ਮੋੜ ਦਿੱਤਾ। "ਊ ਹੂੰ ਊ ਹੂੰ।ਇਹ ਕੰਮ ਨਹੀਂ ਕਰਨਾ...." ਉਨ੍ਹਾਂ ਮੁੜ ਕਮਰੇ ਵਿੱਚ ਨਿਗਾਹ ਭਵਾਈਂ.... ਮਿੱਟੀ ਦਾ ਘੜਾ ਮਿੱਟੀ ਦੇ ਪਿਆਲੇ ਸਣੇ ਉਨ੍ਹਾਂ ਨੂੰ ਰੈਕਾਂ ਦੇ ਨਾਲ ਈ ਪਿਆ ਹੋਇਆ ਦਿਸ ਪਿਆ। ਉਹ ਬੈਗ ਕੱਛੇ ਮਾਰੀ ਓਹਦੇ ਕੋਲ ਜਾ ਬੈਠੇ।

ਪਿਆਲਾ ਫੜ ਕੇ ਚੱਪਣੀ ਹੇਠਾਂ ਧਰਿਓ ਨੀ। ਨਹੀਂ-ਨਹੀਂ ਧਰੀਓ ਨਹੀਂ ਸੁੱਟਿਓ ਨੀ। ਠੀਕਰੀ ਫ਼ਰਸ਼ ਦੀਆਂ ਇੱਟਾਂ ਨਾਲ ਵੱਜ ਕੇ ਟਣੁੱਕੀ, ਮੈਂ ਸੋਚਿਆ ਲਓ ਜੀ ਛੂਹਣੀ ਤਾਂ ਗਈ।

ਉਨ੍ਹਾਂ ਪਾਣੀ ਪੀਤਾ। ਪਿਆਲਾ ਘੜੇ ਉੱਤੇ ਧਰਿਆ ਤੇ ਛੂਹਣੀ ਓਥੇ ਫ਼ਰਸ਼ ਉੱਤੇ ਈ ਛੱਡ ਕੇ ਮੇਰੇ ਸਾਹਮਣੇ ਖਲੋਤੇ।

"ਸਰਕਾਰ ਤਸ਼ਰੀਫ਼ ਰੱਖੋ।"

ਓਹ "ਊ" ਕਰਦੇ ਉਤਾਂਹ ਹੇਠਾਂ ਸਿਰ ਮਾਰਦੇ ਕੁਰਸੀ ਤੇ ਬਹਿ ਈ ਗਏ। ਬੈਗ ਉਨ੍ਹਾਂ ਦੇ ਪੱਟਾਂ ਉੱਤੇ ਸੀ ਤੇ ਮੁੱਠ ਉਹ ਦੀ ਉੱਤੇ ਸ਼ੇਖ਼ ਸਾਹਬ ਦੇ ਦੋਵੇਂ ਹੱਥ ਜੁੜੇ ਪਏ ਸਨ। ਮੈਂ ਪੋਲਾ ਜਿਹਾ ਉਹਨਾਂ ਦੀਆਂ ਅੱਖਾਂ ਵੱਲ ਝਾਕਿਆ। ਬਾਹਰ ਵਧਦੀ ਧੁੱਪ ਵਰਗੇ ਓਪਰੇਵੇਂ ਨਾਲ ਈ ਭਰੀਆਂ ਹੋਈਆਂ ਸਨ।

"ਹਾਂ ਵਈ ਫੇਰ ਕੀ ਕਹਿੰਦਾ ਏ ਮੁਨਾਦੀ ਵਾਲਾ।" ਉਹਨਾਂ ਦਾ ਇੱਕ ਹੱਥ ਹੁਣ ਫੇਰ ਬੈਗ ਦੇ ਥੱਲੇ ਪੱਟ ਖੁਰਕਣ ਡਿਹਾ ਸੀ।"

"ਦੱਸੋ।"

ਓਹ ਹੱਸੇ ਅੱਖਾਂ ਵਿੱਚ ਓਪਰ ਓਵੇਂ ਈ ਸਨ ਨੇ, "ਮੁਨਾਦੀ ਵਾਲਾ ਕਹਿੰਦਾ ਏ ਕਾਪੀ ਪੈੱਨ ਕੱਢੋ ਤੇ ਸਾਨੂੰ ਮੁਸਲਮਾਨ ਕਰੋ।"

"ਲਓ ਨਵੀਂ ਸੁਣ ਲਓ। ਕਦੇ ਕੋਈ ਕਾਪੀ ਪੈੱਨ ਨਾਲ ਵੀ ਮੁਸਲਮਾਨ ਹੋਂਦਾ ਏ ? ਅੱਜ ਤੀਕਰ ਨਾ ਹੋਂਦਾ ਦੇਖਿਆ ਏ ਨਾ ਹੋਇਆ ਸੁਣਿਆ ਏ....."

ਸ਼ੇਖ਼ ਸਾਹਿਬ ਨੇ ਬੈਗ ਦੀ ਮੁੱਠ ਛੱਡ ਕੇ ਦੋਵਾਂ ਹੱਥਾਂ ਨਾਲ ਤਾੜੀ ਮਾਰੀ। ਨਾਲ ਈ ਢਠਦੇ ਬੈਗ ਨੂੰ ਤਾੜੀ ਮੁੱਕਣ ਤੋਂ ਅਗਦੀਂ ਈ ਸਾਂਭ ਲਈਓਨੇ। ਹੱਸੇ। ਮੈਨੂੰ ਨੀਝ ਨਾਲ ਤੱਕਿਆ," ਤੁਸੀਂ ਉਹ ਮੁਸਲਮਾਨ ਹੋਣਾ ਸਮਝੇ ਓ ਨਹੀਂ ਨਹੀਂ ਨਹੀਂ..... ਇਹ ਮੁੜ ਮੁਸਲਮਾਨ ਹੋਣ ਦੀ ਗੱਲ ਏ....."

"ਓਹ ਕਿਵੇਂ?"

"ਕਾਪੀ ਪੈੱਨ ਕੱਢੋ, ਮੁਨਾਦੀ ਵਾਲਾ ਦਸਦਾ ਏ।"

"ਕੱਢ ਲਈ ਜੀ ਕਾਪੀ....."

"ਲਿਖੋ ਮੇਰਾ ਨਾਮ.........."

ਓਹ ਭਾਈ ਮੀਆਂ ਇਹ ਮੁਸਲਮਾਨ ਹੋਣਾ ਏ:

ਚੰਦਾ ਹਮਾਰਾ ਲੀਜੀਏ
ਹਮਕੋ ਮੁਸਲਮਾਨ ਕੀਜੀਏ।"

ਮੈਨੂੰ ਹਾਸਾ ਆ ਗਿਆ ਓਹ ਵੀ ਹੱਸੇ ਬੈਗ ਮੇਜ਼ ਤੇ ਧਰ ਕੇ ਆਪਣੀ ਥਾਂ ਖਲੋ ਗਏ ਤੇ ਇੱਕ ਪੈਰ ਭੋਏਂ ਤੇ ਮਾਰਦੇ ਤਾੜੀਆਂ ਮਾਰਨ ਲੱਗ ਗਏ।

"ਆਰਾਮ ਆਇਆ ਏ? ਓ ਯਾਰ, ਇਹ ਸਨ ਨਾ ਮੁਹੱਮਦ ਅਲੀ ਜੌਹਰ ਤੇ ਸ਼ੌਕਤ ਅਲੀ ਜੌਹਰ ਇਹਨਾਂ ਦੀਆਂ ਟੋਪੀਆਂ ਉੱਤੇ ਚੰਨ ਤਾਰੇ ਬਣੇ ਹੋਏ ਸਨ ਇਹਨਾਂ ਨੂੰ ਲੋਕ ਚੰਦਾ ਮਾਮੂੰ ਕਹਿੰਦੇ ਸਨ.... ਚੰਦੇ ਦੀ ਮੰਗ ਇਹ ਕੁੱਝ ਇੰਝ ਦੀ ਕਰਦੇ ਸਨ ਕਿ ਜੀਹਨੇ ਵੀ ਚੰਦਾ ਦੇਣ ਆਉਣਾ ਉਹਨੇ ਏਹੋ ਕਹਿਣਾ:

ਚੰਦਾ ਹਮਾਰਾ ਲੀਜੀਏ
ਹਮਕੋ ਮੁਸਲਮਾਂ ਕੀਜੀਏ

ਤੇ ਯਾਰ ਤੂੰ ਵੀ ਮੈਨੂੰ ਮੁਸਲਮਾਨ ਕਰਦੇ ਰਸਾਲੇ ਦਾ ਚੰਦਾ ਲੈ ਕੇ ਮੇਰੇ ਤੋਂ", ਓਹਨਾ ਬੋਝੇ ਵਿਚ ਹੱਥ ਮਾਰਿਆ ਤੇ ਦੋ ਸੌ ਰੁਪਈਆ ਕੱਢ ਕੇ ਮੇਜ਼ ਉੱਤੇ ਧਰ ਦਿੱਤਾ।

ਮੇਰਾ ਹਾਸਾ ਨਾ ਪਿਆ ਡਕੀਵੇ। ਉਹਨਾ ਦੋਵੇਂ ਬੁੱਲ ਸੂੰਗੇੜ ਕੇ ਅੱਗੇ ਵਧਾ ਲਏ..... ਫੇਰ ਹੱਸੇ। ਅੱਖਾਂ ਵਿੱਚ ਓਹਨਾ ਦੇ ਮੇਰੇ ਨਾਲ ਕੋਈ ਜਾਣ ਪਹਿਚਾਣ ਨਹੀਂ ਸੀ ਰਹਿ ਗਈ। ਸਗੋਂ ਹੈ ਈ ਕੋਈ ਨਹੀਂ ਸੀ ਜਦੋਂ ਦੇ ਆਏ ਸਨ।ਕੋਰੇ ਖਰੇ। ਆਪਣੀਆਂ ਗੱਲਾਂ ਆਪਣੀਆਂ ਹਰਕਤਾਂ ਦੀ ਗਿਣ ਮਿਣ ਵਿੱਚ ਰਹਿੰਦੇ ਹੋਏ।

ਮੈਂ ਕਿਹਾ, "ਚਾਹ ਪੀਵੋਗੇ।"

ਓਹਨਾ ਨਾਂਹ ਕਰਦਿਆਂ ਟੋਪੀ ਹਿਲਾਈ।

"ਪੀ ਲਵੋ। ਕੀ ਹਰਜ ਏ।"

"ਆਹ ਨਹੀ ਹਰਜ ਤੇ ਕੋਈ ਨਹੀਂ... ਕਦੀ ਪੀਤੀ ਈ ਨਹੀਂ।"

" ਅੱਜ ਪਿਆ ਈ ਨਾ ਦਈਏ।"

"ਅੱਛਾ। ਓਹ ਕਿਵੇਂ?"

"ਮੰਗਵਾ ਕੇ ਅੱਗੇ ਧਰ ਦੇਨੇ ਆਂ।"

ਤਾੜੀ ਮਾਰ ਕੇ ਹੱਸੇ।" ਇਹਦੇ ਨਾਲ ਕੀ ਹੋ ਜਾਏਗਾ। ਜੋ ਮਰਜ਼ੀ ਕਰਲੋ ਇੱਕ ਗੱਲ ਦੱਸਾਂ? ਪੀਣੀ ਤੇ ਮੁੜ ਵੀ ਮੈਂ ਈ ਏਂ। ਤੇ ਮੈਂ ਤੈਨੂੰ ਦੱਸ ਈ ਦਿੱਤਾ ਏ ਮੈਂ ਨਹੀਂ ਪੀਣੀ...."

ਚੁੱਪ ਹੋ ਗਏ ਮੈਂ ਵੀ ਚੁੱਪ ਹੋ ਗਿਆ।

ਕੁੱਝ ਪਲਾਂ ਮਗਰੋਂ ਬੋਲੇ," ਕੰਮ ਕੁੱਝ ਚਲਦਾ ਏ..... ਕਿ ਨਿਰਾ ਬੈਠੇ ਈ ਓ। ਲਗਦਾ ਏ? ਅੱਗੇ ਕੁੱਝ ਚੱਲ ਪਏਗਾ। ਰੇੜੀ ਜਾਓਗੇ ਆਪ ਈ.......... ਹੈ ਕੋਈ ਪਾਯਾਂ ਆਖ਼ਰ ਰਸਾਲਾ ਏ ਓਹ ਵੀ ਪੰਜਾਬੀ ਦਾ।"

ਜਿਵੇਂ ਦਾ ਪੱਕਾ ਪੀਡਾ ਜਵਾਬ ਉਹ ਮੰਗਦੇ ਸਨ, ਮੇਰੇ ਕੋਲ ਨਹੀਂ ਸੀ। ਮੈਂ ਓਹੋ ਗੱਲਾਂ ਆਪਣੇ ਖ਼ਾਬ ਖ਼ਿਆਲ ਨਾਲ ਜੋੜੀਆਂ ਛੂਹ ਦਿੱਤੀਆਂ। ਪੈਸੇ ਧੇਲੇ ਦੇ ਮਾਮਲੇ ਨੂੰ ਵੀ ਆਪਣੇ ਜੋਸ਼ ਜਜ਼ਬੇ ਦੇ ਅਧੀਨ ਕਰ ਦੱਸਿਆ ਕਿ ਜੇ ਨੀਤ ਹੋਵੇ ਤਾਂ ਏਧਰੋਂ ਵੀ ਸਰ ਜਾਂਦਾ ਏ। ਸਾਡੀ ਤੇ ਆਸ ਈ ਏਨੀ ਏ ਬਈ ਜੋ ਸਾਥੋਂ ਹਿੰਮਤ ਹੋਂਦੀ ਏ ਕੰਮ ਕਾਰ ਦੀ ਓਹਨੂੰ ਤੇ ਵਰਤੋਂ ਵਿੱਚ ਲਿਆਈਏ ਜੋ ਪੈਸਾ ਟਕਾ ਕੋਲੋਂ ਪਾ ਸਕਨੇ ਆਂ ਓਹ ਪਾਈਏ। ਜਿੰਨਾ ਚਲਦਾ ਏ ਚਲਾਈਏ। ਨਾਂ ਕੀਤੇ ਨਾਲੋਂ.....

ਸ਼ੇਖ਼ ਸਾਹਿਬ ਨੂੰ ਗੱਲਾਂ ਕੁੱਝ ਪੋਹੰਦੀਆ ਨਹੀਂ ਸਨ ਪਈਆਂ ਜਿਵੇਂ.......... ਫੇਰ ਵੀ ਚੁੱਪ ਸਨ। ਸਗੋਂ ਇਹ ਵੀ ਜਾਪਦਾ ਸੀ ਕਿਧਰੇ ਸੁਣ ਲੈਂਦੇ ਨੇ ਤੇ ਕਿਧਰੇ ਅਣਗੌਲਿਆਂ ਕਰ ਛਡਦੇ ਨੇ।

ਆਪਣੀ ਥਾਓਂ ਉੱਠੇ ਕਮਰੇ ਵਿੱਚ ਫਿਰਨ ਲੱਗ ਪਏ। ਮੁੜ ਬੋਲੇ, "ਇਹ ਬਾਹਰ ਪਈ ਮੰਜੀ ਆਪਣੀ ਈ ਏ?"

ਮੈਂ ਕਿਹਾ, "ਆਹੋ।"

ਬੋਲੇ, "ਅੰਦਰ ਲਿਆ ਦਿਓ।"

ਮੈਂ ਅੰਦਰ ਲੈ ਆਇਆ। ਓਹਨਾ ਮੇਰੇ ਹੱਥੋਂ ਫੜ ਕੇ ਕਮਰੇ ਦੇ ਅੱਧ ਵਿਚਕਾਰ ਡਾਹ ਲਈ.... ਹੱਥ ਲਾ ਕੇ ਡਿੱਠਾ। ਛਾਵੇਂ ਤੇ ਰਹੀ ਸੀ ਪਰ ਬਾਹਰ ਧੁੱਪ ਦਾ ਸੇਕ ਓਹਦੇ ਵਿੱਚ ਵੜਿਆ ਹੋਇਆ ਸੀ। ਮੈਂ ਸਰਹਾਣਾ ਲਿਆ ਕੇ ਧਰ ਦਿੱਤਾ। ਓਹਨਾ ਟੋਪੀ ਬੈਗ ਇੱਕ ਪਾਸੇ ਧਰਿਆ ਤੇ ਜੁੱਤੀ ਲਾਹ ਕੇ ਲੰਮੇ ਪੈ ਗਏ।

ਮੇਰੇ ਲਈ ਕੁੱਝ ਅਜੀਬ ਸੀ। ਓਹਨਾ ਦਾ ਖੁੱਲਿਆਂ ਡੁੱਲਿਆਂ ਹੋਵਣ।ਪਰ ਪੰਜਾਬੀ ਦੇ ਇੱਕ ਵੱਡੇ ਲਿਖਿਆਰ, ਸੋਧਕਾਰ ਤੇ ਸੇਵਾਦਾਰ ਹੋਣ ਪਾਰੋਂ ਉਹ ਏਸ ਥਾਂ ਉੱਤੇ ਆਪਣਾ ਹੱਕ ਸਮਝਣ ਵਿੱਚ ਸੱਚੇ ਸਨ।ਸਾਨੂੰ ਵੀ ਓਹਨਾ ਦਾ ਸੁਭਾਅ ਇੱਕ ਮਾਣ ਵਾਕਣ ਪਿਆ ਲਗਦਾ ਸੀ।

ਓਹ ਸੌਂ ਗਏ ਸਨ।

ਮੈਨੂੰ ਓਹਨਾ ਦੀ ਵਰ੍ਹਿਆਂ ਪੁਰਾਣੀ ਇੱਕ ਗੱਲ ਚੇਤੇ ਆਵਣ ਲੱਗੀ। ਅੱਛਰੇ ਦੇ ਕਿਸੇ ਘਰ ਦਾ ਉਤਲਾ ਪੋਰਸ਼ਨ ਸੀ। ਸ਼ੇਖ਼ ਸਾਹਿਬ ਤੇ ਮੇਰੇ ਸਣੇ ਬਹੁਤ ਸਾਰੇ ਦੋਸਤਾਂ ਦੇ ਸਾਂਝੇ ਇੱਕ ਦੋਸਤ ਨੇ ਨਵਾਂ-ਨਵਾਂ ਵਿਆਹ ਕੀਤਾ ਤੇ ਇੱਕ ਵੱਡੇ ਸਾਰੇ ਘਰ ਦਾ ਇਹ ਹਿੱਸਾ ਕਿਰਾਏ ਤੇ ਲਿਆ। ਦੋਸਤ ਪ੍ਰੋਫ਼ੈਸਰ ਸੀ ਤੇ ਓਹਦੀ ਨਵੀਂ ਨਵੇਲੀ ਵਹੁਟੀ ਵੀ ਪੰਜਾਬ ਦੇ ਕਿਸੇ ਵੱਡੀ ਤਾਰੀਖ਼ ਵਾਲੇ ਸਕੂਲ ਕਾਲਜ ਵਿੱਚ ਪੜ੍ਹਾਂਦੀ ਸੀ। ਮੈਂ ਤੇ ਮੇਰਾ ਇੱਕ ਹੋਰ ਬੇਲੀ ਏਸ ਪ੍ਰੋਫ਼ੈਸਰ ਨਾਲ ਓਦੋਂ ਦੇ ਜੁੜੇ ਹੋਏ ਸਾਂ ਜਦੋਂ ਇਹ ਛੜਾ ਛਾਂਟ ਹੋਂਦਾ ਸੀ।ਓਹ ਵਿਆਹ ਕਰਕੇ ਏਥੇ ਆਇਆਂ ਤਾਂ ਸਾਨੂੰ ਵੀ ਓਹ ਨਾਲ ਈ ਲੈ ਆਇਆ। ਮਤਾ ਇਹ ਬਣਿਆ ਜੋ ਅੱਧਾ ਕਿਰਾਇਆ ਓਹ ਦੇਸੀ ਤੇ ਰਹਿੰਦਾ ਅੱਧਾ ਅਸੀਂ ਅੱਧੋ ਅੱਧ ਦੇ ਦਿਆ ਕਰ ਸਾਈਂ।

ਸੋ ਦੋ ਕਮਰੇ ਵਿਆਹੁਤਾ ਜੋੜੇ ਕੋਲ ਹੋ ਗਏ ਤੇ ਦੋ ਅਸਾਂ ਛੜਿਆਂ ਕੋਲ.... ਦੂਜਾ ਕਿ ਤੀਜਾ ਦਿਨ ਸੀ ਓਥੇ ਆਇਆ। ਸਵੇਰੇ-ਸਵੇਰੇ ਸ਼ੇਖ਼ ਸਾਹਿਬ ਆ ਗਏ। ਪ੍ਰੋਫ਼ੈਸਰ ਤੇ ਓਹਦੀ ਬੀਵੀ ਤਾਂ ਸੁੱਤੇ ਪਏ ਸਨ..... ਮੈਂ ਸ਼ੇਖ਼ ਹੋਰਾਂ ਕੋਲ ਬਹਿ ਗਿਆ। ਸਾਂਝੀਆਂ ਕਈ ਥਾਵਾਂ ਤੇ ਮਿਲਣ ਪਾਰੋਂ ਜਾਣੂੰ ਬੁੱਝੂ ਹੋ ਗਏ ਹੋਏ ਸਨ।

ਅੱਜ ਵਰਗੀ ਈ ਇੱਕ ਪੁੱਛ ਦੱਸ ਇਹਨਾ ਮੇਰੇ ਕੰਮ ਰੁਜ਼ਗਾਰ ਬਾਰੇ ਕੀਤੀ ਸੀ। ਅਖ਼ਬਾਰੀ ਨੌਕਰੀਆਂ ਦਾ ਸੁਣ ਕੇ ਇਹਨਾਂ ਦੀ ਤਸੱਲੀ ਨਾ ਹੋਈ। ਚਾਹੁੰਦੇ ਸਨ ਕੋਈ ਪੱਕੀ ਨੌਕਰੀ ਹੋਣੀ ਚਾਹੀਦੀ ਏ। ਓਹ ਮੈਨੂੰ ਕਈ ਕੋਰਸਾਂ ਵਿੱਚ ਦਾਖ਼ਲਾ ਲੈਣ ਦੀ ਮੱਤ ਦੇਂਦੇ ਰਹੇ।ਫੇਰ ਇੰਝ ਦੀਆਂ ਸਾਰੀਆਂ ਗੱਲਾਂ ਛੱਡ ਕੇ ਬੋਲੇ, "ਚਲ ਛੱਡ ਸਾਰੀਆਂ ਤੇ ਇਹ ਇੱਕ ਸੁਣ ਮੇਰੀ। ਇੱਕ ਥਾਂ ਤੋਂ ਮੈਂ ਲੰਘਦਾ ਪਿਆ ਸਾਂ। ਵਾਹਵਾ ਚਿਰ ਹੋ ਗਿਆ ਏ। ਓਥੇ ਇਹ ਵਾਜਿਆਂ ਵਾਲੇ ਲੱਗੇ ਹੋਏ ਸਨ। ਇਹ ਵਾਜਾ ਪੁਲਿਸ। ਖ਼ਬਰੇ ਕਿਹੜਾ ਗਾਣਾ ਪਏ ਵਜਾਂਦੇ ਸਨ ਮੈਨੂੰ ਨਹੀਂ ਪਤਾ। ਓਹਨਾਂ ਦੇ ਵਣਜਾਣ ਤੋਂ ਮੇਰੇ ਕੰਨਾ ਨੂੰ ਜਿਹੜੇ ਲਫ਼ਜ਼ ਜਾਪੇ ਉਹ ਕੁੱਝ ਇੰਝ ਸਨ, ਸੁਣੀ ਜ਼ਰਾ। ਉਹ ਗਾਵਣ ਲੱਗ ਪਏ:-

ਚੌਂਕੀਦਾਰਾਂ ਦੇ ਮਹੱਲੇ
ਨੀ ਤੂੰ ਕਿਉਂ ਗਈ ਸੈਂ
ਨੀ ਤੂੰ ਕਿਉਂ ਗਈ ਸੈਂ
ਚੌਂਕੀਦਾਰਾਂ ਦੇ ਮਹੱਲੇ

ਬੜੀ ਸਵਾਦੀ ਤਰਜ਼ ਸੀ। ਮੈਂ ਵੀ ਓਹਨਾਂ ਨਾਲ ਮਾੜਾ ਚੰਗਾ ਸੁਰ ਮੇਲ ਲਿਆ:-

ਨੀ ਤੂੰ..... ਨੀ ਤੂੰ
ਕਿਉਂ ਗਈ ਸੈਂ,
ਨੀ ਤੂੰ ਕਿਉਂ ਗਈ ਸੈਂ
ਚੌਕੀਦਾਰਾਂ ਦੇ ਮਹੱਲੇ

ਸ਼ੇਖ਼ ਸਾਹਿਬ ਤਾਂ ਪੂਰੇ ਗਵੱਈਏ ਬਣ ਗਏ, ਬੋਲਾਂ ਨਾਲ ਮੂੰਹ ਤੇ ਹੱਥਾਂ ਦੇ ਇਸ਼ਾਰੇ ਦੇਣ ਲੱਗ ਪਏ।"ਮਹੱਲੇ" ਉੱਤੇ ਆਉਂਦੇ ਤੇ ਜੋਰ ਨਾਲ ਹੱਥ ਮਾਰਦੇ। ਫੇਰ ਓਹ ਨੱਕ ਵਿੱਚੋਂ ਇੱਕ ਹੋਰਵੀਂ ਜੇਹੀ ਵਾਜ ਕੱਢਣ ਲੱਗ ਪਏ, ਨਫ਼ੀਰੀ ਜੇਹੀ ਵਰਗੀ। ਓਸ ਵਾਜ ਵਿੱਚ ਇਹ ਬੋਲ ਈ ਓਹਨਾ ਕੋਈ ਤਿੰਨ ਚਾਰ ਵਾਰੀ ਦੁਹਰਾਏ।

ਸਵੇਰ ਦੇ ਬਣੇ ਬੱਦਲ ਹੁਣ ਵਰ੍ਹਨ ਲੱਗ ਪਏ ਸਨ ਤੇ ਅਸੀਂ ਕਮਰੇ ਵਿੱਚ ਨਿੱਘੇ ਕੱਪੜੇ ਪਾਈ ਬੈਠੇ ਵੇੜ੍ਹੇ ਵਰ੍ਹਦੇ ਮੀਂਹ ਨੂੰ ਵੇਖਦੇ ਓਹੋ ਬੋਲ ਈ ਗਵੀਂ ਜਾਂਦੇ ਸਾਂ:

ਚੌਂਕੀਦਾਰਾਂ ਦੇ ਮਹੱਲੇ
ਕਿਉਂ ਗਈ ਸੈਂ
ਨੀ ਤੂੰ ਕਿਉਂ ਗਈ ਸੈਂ
ਚੌਕੀਦਾਰਾਂ ਦੇ ਮਹੱਲੇ

ਗਾਣਾ ਮੁਕਾ ਕੇ ਮੈਨੂੰ ਪੁੱਛਣ ਲੱਗੇ, "ਹੁਣ ਅਰਾਮ ਏ ਨਾਂ?"

ਮੈਂ ਕਿਹਾ, "ਜੀ ਬੜਾ ਸਾਰਾ।"

ਦੋ ਵਾਕ ਉਹਨਾਂ ਦੀ ਪੱਕੀ ਬਾਣ ਸਨ ਇੱਕ ਤਾਂ ਉਹਨਾਂ ਕੁੱਝ ਦੱਸਣਾ ਹੋਂਦਾ ਤਾਂ ਆਖਦੇ ਕੀ ਕਹਿੰਦਾ ਏ ਮੁਨਾਦੀ ਵਾਲਾ ਤੇ ਦੂਜਾ ਜਦੋਂ ਓਹਨਾਂ ਕੋਈ ਉਚੇਚੀ ਗੱਲ ਆਖ ਸੁਣਾ ਦੇਣੀ ਤਾਂ ਲਾਜ਼ਮੀ ਇਹ ਪੁੱਛਣਾ, "ਹੁਣ ਅਰਾਮ ਏ ਯਾ ਅਰਾਮ ਆਇਆ ਏ ਕੁੱਝ।"

ਹੁਣ ਸ਼ੇਖ਼ ਸਾਹਿਬ ਦੇ ਘੁਰਾੜਿਆਂ ਦੀ ਵਾਜ ਪਈ ਆਂਵਦੀ ਸੀ। ਮੇਰੇ ਬੁੱਲਾਂ ਤੇ ਮੁਸਕੜੇਵਾਂ ਆ ਗਿਆ। ਮੈਂ ਸੋਚਿਆ ਉੱਠਦੇ ਨੇ ਤਾਂ ਅੱਜ ਏਹਨਾਂ ਨੂੰ "ਚੌਕੀਦਾਰਾਂ ਦੇ ਮਹੱਲੇ" ਦੀ ਈ ਫ਼ਰਮਾਇਸ਼ ਪਾਣੀ ਏ।

ਸਿਖਰ ਦੋਪਹਿਰ ਤੇ ਅੰਤਾਂ ਦੀ ਗਰਮੀ ਹੋਣ ਕਰਕੇ ਮੈਨੂੰ ਵੀ ਨੀਂਦਰ ਨੇ ਆ ਲਿਆ ਸੀ। ਮੈਂ ਬੂਹਾ ਢੋਅ ਕੇ ਅੱਗੇ ਇੱਟ ਰੱਖੀ ਜਿਹੜੀ ਕੁਰਸੀ ਤੇ ਬੈਠਾ ਸਾਂ ਓਸੇ ਉੱਤੇ ਸਾਹਮਣੇ ਦੂਜੀ ਕੁਰਸੀ 'ਤੇ ਟੰਗਾਂ ਸਿੱਧੀਆਂ ਕਰਕੇ ਅੱਧ ਪਚੱਧ ਲੰਮਾ ਪੈ ਗਿਆ।

ਡੇਢ ਦੋ ਘੰਟੇ ਬਾਅਦ ਅੱਖ ਖੁੱਲੀ, ਵੇਖਿਆ ਤਾਂ ਸ਼ੇਖ਼ ਸਾਹਿਬ ਦੀ ਮੰਜੀ ਖਾਲੀ, ਬੈਗ ਤੇ ਟੋਪੀ ਵੀ ਕੋਈ ਨਹੀਂ ਸੀ। ਬੂਹੇ ਵੱਲ ਨਿਗਾਹ ਮਾਰੀ ਇੱਟ ਵੀ ਉਂਜੇ ਈ ਸੀ ਜਿਵੇਂ ਧਰੀ ਸੀ। ਛਲੇਡੇ ਤੇ ਬਣ ਕੇ ਨਹੀਂ ਨਿਕਲੇ ਗਏ, ਕਿਸੇ ਝੀਥ ਦਰਜ ਥਾਣੀਓਂ, ਮੈਂ ਸੋਚਿਆ............. ਧਿਆਨ ਪਿਆ ਤਾਂ ਪਰਦੇ ਦੇ ਪਿੱਛੇ ਬੱਤੀ ਜਗਦੀ ਹੋਵੇ। ਇਹ ਥਾਂ ਮੇਰੇ ਰਾਤੀਂ ਸੌਣ ਦੀ ਸੀ। ਹੋਰ ਕੱਪੜੇ ਕਤਿਾਬਾਂ ਵੀ ਏਧਰ ਈ ਪਏ ਹੋਏ ਸਨ।

ਜਾ ਕੇ ਡਿੱਠਾ ਤਾਂ ਸ਼ੇਖ਼ ਸਾਹਿਬ ਕਤਿਾਬਾਂ ਦੀ ਅਲਮਾਰੀ ਅੱਗੇ ਖਲੋਤੇ ਸਨ। ਮੈਂ ਅਡੋਲ ਈ ਪਿਛਾਂਹ ਪਰਤ ਆਇਆ ਬਿਨਾ ਕੋਈ ਖੜਾਕ ਕੀਤੇ। ਮੈਂ ਉਹਨਾਂ ਦੀਆਂ ਹਰਕਤਾਂ 'ਤੇ ਥੋੜਾ ਜਿਹਾ ਗੌਹ ਕੀਤਾ ਤਾਂ ਮੈਨੂੰ ਉਹ ਗੋਰੀਲੇ ਜਾਪੇ।ਚੌਕਸ। ਹਰ ਸ਼ੈਅ ਨੂੰ ਹਰ ਤਰ੍ਹਾਂ ਨਾਲ ਜਾਂਚਦੇ ਪਰਖਦੇ। ਚੌਂਕੀਦਾਰਾਂ ਦੇ ਮਹੱਲੇ ਵਾਲੇ ਬੋਲ ਕਿਸੇ ਗਾਣੇ ਤੋਂ ਉਹਨਾਂ ਦੇ ਅੰਦਰ ਕਿਵੇਂ ਬਣ ਗਏ ਸਨ। ਮੈਨੂੰ ਮਾੜੀ-ਮਾੜੀ ਲੋਅ ਲੱਗਣ ਲੱਗ ਪਈ। ਮੈਨੂੰ ਚੇਤੇ ਆ ਗਿਆ ਓਸ ਗਾਣੇ ਵਾਲੇ ਦਿਨ ਉਹਨਾਂ ਮੇਰੇ ਨਾਲ ਆਪਣੀ ਹਯਾਤੀ ਦਾ ਕਿੰਨਾ ਕੁੱਝ ਸਾਂਝਾ ਕੀਤਾ ਸੀ। ਸਾਨੂੰ ਸਵੇਰ ਦੇ ਬੈਠਿਆਂ ਨੂੰ ਜ਼ੁਹਰ ਹੋ ਗਈ ਸੀ।ਉਹ ਆਪਣੀਆ ਗੱਲਾਂ ਸੁਣਾਨ ਵਿੱਚ ਤੇ ਮੈਂ ਸੁਣਨ ਵਿੱਚ ਐਨਾ ਗਵਾਚ ਗਏ ਸਾਂ ਜੋ ਸਾਨੂੰ ਭੁੱਖ ਤ੍ਰੇਹ ਦਾ ਵੀ ਭੁੱਲ ਗਿਆ ਸੀ।

ਸ਼ੇਖ਼ ਸਾਹਿਬ ਆਪਣੀ ਸਕੂਲੀ ਉਮਰੇ ਈ ਕੁੱਝ ਵੱਖਰੇ ਆਹਰਾਂ ਦੇ ਸੀਰੀ ਹੋ ਗਏ ਸਨ। ਅੰਗਰੇਜ਼ੀ ਰਾਜ ਬੜਾ ਦੁਖਦਾ ਸੀ ਉਹਨਾਂ ਨੂੰ। ਕਰਤਾਰ ਸਿੰਘ ਸਰਾਭੇ ਤੇ ਭਗਤ ਸਿੰਘ ਦੀਆਂ ਕਹਾਣੀਆਂ ਸੁਣੀਆਂ ਸਨ ਉਹਨਾਂ.......... ਸੁਣਾਨ ਵਾਲਾ ਸੀ ਮਾਸਟਰ ਮਜੀਦ... ਉਹ ਗੋਰਾ ਰਾਜ ਪੜ੍ਹਾਂਦਿਆਂ-ਪੜ੍ਹਾਂਦਿਆਂ ਇਕ ਦਮ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਸੀ। ਕੋਈ ਜਨੌਰਾਂ ਪੰਖੂਆਂ ਦੀਆਂ ਕਹਾਣੀਆਂ ਜਿਹੜੇ ਸ਼ਿਕਾਰੀਆਂ ਦੇ ਜਾਲ ਤੋੜ ਦੇਂਦੇ ਸਨ..... ਇਹ ਕਲਾਸ ਵਿੱਚ ਹੁੰਦੀਆਂ ਸਨ। ਸ਼ੇਖ਼ ਸਾਹਿਬ ਕਹਿੰਦੇ ਸਨ, ਮੈਂ ਉਹਨਾ ਨੂੰ ਕਲਾਸੋਂ ਬਾਹਰ ਵੀ ਮਿਲਣ ਲੱਗ ਪਿਆ, ਉਦੋਂ ਉਹਨਾਂ ਨੇ ਗਦਰੀਆਂ ਤੇ ਹਰੀ ਕਿਸ਼ਨ ਦੀਆਂ ਕਹਾਣੀਆਂ ਸੁਣਾਈਆਂ ਉਹਨਾਂ ਦੇ ਜ਼ਫ਼ਰਾਂ ਤੇ ਸ਼ਹੀਦੀਆਂ ਦੀਆਂ ਗੱਲਾਂ ਦੱਸੀਆਂ। ਸ਼ੇਖ਼ ਸਾਹਿਬ ਕਹਿਣ ਲੱਗੇ, ਉਹ ਮਾਸਟਰ ਸਨ ਨਾ ਜਿਹੜੇ ਮਜੀਦ ਸਾਹਿਬ ਉਹ ਮੈਨੂੰ ਕੋਈ ਛੋਟਾ ਮੋਟਾ ਕੰਮ ਦੱਸ ਦੇਂਦੇ। ਅਖੇ ਸ਼ਰੀਫ਼ ਜਾਈਂ ਓਸ ਸੜਕ ਦੇ ਦੂਜੇ ਮੋੜ ਤੇ ਓਥੇ ਏਸ ਹੁਲੀਏ ਦਾ ਬੰਦਾ ਹੋਏ ਤੇ ਤੂੰ ਉਹਨੂੰ "ਮਾਚਿਸ" ਆਖ ਕੇ ਅੱਗੇ ਟੁਰ ਜਾਣਾ ਏ ਮੁੜ ਕੇ ਪਿੱਛੇ ਨਹੀਂ ਤੱਕਣਾ। ਚੁੱਪ ਚਾਨ ਟੁਰਿਆ ਜਾਣਾ ਏ। ਜਿੱਥੇ ਬੱਸ ਸਟਾਪ ਆਵੇ ਓਥੇ ਇੱਕ ਸੋਟੀ ਵਾਲਾ ਬੰਦਾ ਹੋਏਗਾ। ਤੂੰ ਆਪਣੇ ਧਿਆਨ ਕਹਿਣਾ ਏ "ਚਿੱਠੀ" ਤੇ ਸਿੱਧਿਆਂ ਟੁਰ ਜਾਣਾ ਏ।

ਕਹਿੰਦੇ ਸਨ ਇੰਝ ਦੇ ਛੋਟੇ-ਛੋਟੇ ਕੰਮਾਂ ਤੋਂ ਅੱਡ ਉਹਨਾਂ ਨੂੰ ਕੁੱਝ ਨਹੀਂ ਸੀ ਆਖਿਆ ਜਾਂਦਾ ਨਾ ਕੁੱਝ ਦੱਸਿਆ ਜਾਂਦਾ ਸੀ।

ਉਹ ਦੱਸਦੇ ਸਨ ਇੱਕ ਵੇਲੇ ਤੱਕ ਉਹ ਕਿਆਫ਼ੇ ਲਾਣ ਦਾ ਜਤਨ ਕਰਦੇ ਰਹਿੰਦੇ ਸਨ। ਫੇਰ ਉਹਨਾਂ ਨੂੰ ਸਮਝ ਆਈ ਇਹ ਕਿਆਫ਼ੇ ਲਾਣਾ ਠੀਕ ਕੰਮ ਨਹੀਂ ਇਹਦੇ ਤੋਂ ਪਰਹੇਜ਼ ਕਰਨ ਚਾਹੀਦਾ ਏ। ਚੇਤੇ ਦੀ ਸਲੇਟ ਹਰ ਵੇਲੇ ਸਾਫ਼ ਈ ਰਹਿਣ ਦੇਣੀ ਚਾਹੀਦੀ ਏ। ਮਜੀਦ ਸਾਹਿਬ ਨੇ ਵੀ ਉਹਨਾਂ ਨੂੰ ਏਹੋ ਈ ਪੱਕੀ ਕੀਤੀ.....

ਸ਼ੇਖ਼ ਸਾਹਿਬ ਦੀ ਗੱਲ ਵਿੱਚ ਡੁੱਬਿਆ ਹੋਇਆ ਮੈਂ ਇੱਕ ਦਮ ਬੋਲ ਪਿਆ, "ਸ਼ੇਖ਼ ਜੀ ਇਹ ਮਾਸਟਰ ਮਜੀਦ ਸਾਹਿਬ ਓਹੋ ਈ ਤੇ ਨਹੀਂ ਸਨ ਜਿਹੜੇ ਪਾਕਿਸਤਾਨ ਬਣਿਆ ਤਾਂ ਇੱਕਲੇ ਮੁਸਲਮਾਨ ਸਨ ਜੋ ਏਥੇ ਘਰ ਬਾਰ ਛੱਡ ਕੇ ਹਿੰਦੋਸਤਾਨ ਟੁਰ ਗਏ ਸਨ।"

ਸ਼ੇਖ਼ ਸਾਹਿਬ ਨੇ ਮੇਰੀ ਗੱਲ ਸੁਣੀ ਤਾਂ ਕੁਰਸੀ ਤੋਂ ਭੁੜਕ ਕੇ ਖਲੋ ਗਏ। "ਹੈਂ ਕੀ ਕਿਹਾ ਈ? ਇੱਕ ਵਾਰੀ ਫੇਰ ਦੱਸ ਕਿਧਰੇ ਮੁਨਾਦੀ ਵਾਲੇ ਦੇ ਕੰਨ ਤੇ ਨਹੀਂ ਵਜਦੇ ਪਏ।"

ਮੈਂ ਉਹੋ ਗੱਲ ਮੁੜ ਦੁਹਰਾ ਦਿੱਤੀ। ਸ਼ੇਖ਼ ਸਾਹਿਬ ਨੇ ਮੇਰੇ ਮੋਢੇ ਉੱਤੇ ਬਹੂੰ ਜ਼ੋਰ ਦੀ ਥਾਪੀ ਮਾਰੀ........ ਮੇਰੀਆਂ ਚੂਲਾਂ ਈ ਹਿੱਲ ਗਈਆਂ ਸਾਰੀਆਂ। ਮੈਨੂੰ ਇਹ ਖੁਸ਼ੀ ਜ਼ਰੂਰ ਹੋਈ ਜੋ ਸ਼ੇਖ਼ ਸਾਹਿਬ ਦੇ ਦਿਲ ਵਿੱਚ ਜੇ ਕੋਈ ਮਾੜਾ ਮੋਟਾ ਸ਼ੱਕ ਸ਼ੰਕਾ ਸੀ ਮੇਰੀ ਸੋਚ ਸਮਝ ਬਾਰੇ ਤਾਂ ਉਹ ਨਿਕਲ ਗਿਆ ਸੀ। ਮੈਂ ਇਮਤਿਹਾਨ ਵਿੱਚ ਪਾਸ ਹੋ ਗਿਆ ਸਾਂ।

ਕਹਿਣ ਲੱਗੇ,"ਬਿਲਕੁਲ ਉਹੋ ਈ ਮਜੀਦ ਸਾਹਿਬ..... ਤੂੰ ਤੇ ਅਸਲੋਂ ਖੁਰਾ ਜਾ ਨੱਪਿਆ।

"ਅੱਛਾ, ਯਾਰ ਇਹ ਦੱਸ ਮੈਨੂੰ, ਏਸ ਗੱਲ ਦਾ ਤੈਨੂੰ ਕਿਵੇਂ ਪਤਾ ਏ। ਤੂੰ ਤੇ ਅਸਲੋਂ ਈ ਅੱਜ ਕੱਲ ਦਾ ਜੰਮ ਏਂ.... ਠੀਕ-ਠੀਕ ਦੱਸੀਂ।"

ਮੈਂ ਕਿਹਾ, "ਜੀ ਇੰਝ ਈ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਸੁਣਿਆ ਸੀ।"

"ਏਹਦਾ ਮਤਲਬ ਏ ਤੂੰ ਆਪਣਾ ਖ਼ਬਰ ਵਸੀਲਾ ਨਹੀਂ ਦੱਸਣਾ ਚਾਂਹਦਾ........ ਜ਼ਬਰਦਸਤ। ਮੁਨਾਦੀ ਵਾਲਾ ਰਾਜ਼ੀ ਏ ਤੈਥੋਂ।"

ਸ਼ੇਖ਼ ਸਾਹਿਬ ਬੈਗ ਕੱਛੇ ਮਾਰੀ ਪੜਦੇ ਓਹਲਿਓਂ ਨਿਕਲ ਆਏ। ਅੱਖਾਂ ਘੁਮਾਂਦੇ ਬੁੱਲਾਂ ਨੂੰ ਕਈ ਸ਼ਕਲਾਂ ਦੇਂਦੇ, ਉਤਾਂਹ ਚੜ੍ਹੀਆਂ ਨਾਸਾਂ ਹੋਰ ਉਤਾਂਹ ਚਾੜ੍ਹਦੇ ਮੇਰੇ ਕੋਲ ਆ ਢੁੱਕੇ, ਕਿਸੇ ਡੂੰਘੀ ਸੋਚ ਵਿੱਚ ਡੁੱਬੇ ਜਾਪਦੇ ਸਨ। ਮੈਂ ਕੁਰਸੀ ਚੁੱਕ ਕੇ ਉਹਨਾਂ ਦੇ ਬੈਠਣ ਲਈ ਰੱਖ ਦਿੱਤੀ।

ਬੈਠੇ ਗਏ। ਇੱਕ ਨਜ਼ਰ ਮੇਰੇ ਤੇ ਮਾਰੀ ਮੈਨੂੰ ਪਹਿਲੀ ਵਾਰੀ ਉਹਨਾਂ ਦੀ ਤੱਕਣੀ ਵਿੱਚੋਂ ਓਪਰੇਵੇਂ ਦੀ ਕੜਕੀ ਦੀ ਥਾਂ ਅਪਣੈਤ ਦੀ ਤਰਾਵਤ ਸਹੀ ਹੋਈ.... ਬੜਾ ਸੁਖ ਮਿਲਿਆ ਮੈਨੂੰ ਇਹ ਵੇਖ ਕੇ। ਮੈਂ ਸਮਝ ਗਿਆ ਉਹਨਾਂ ਨੇ ਕਤਿਾਬਾਂ ਵਿੱਚ ਕੋਈ ਅਜਿਹੀ ਕਤਿਾਬ ਵੇਖ ਲਈ ਜੀਹਦੇ ਨਾਲ ਉਹਨਾਂ ਨੂੰ ਮੇਰੀ ਤਸੱਲਾ ਹੋ ਗਈ ਏ....

"ਗੱਲ ਸੁਣ ਮੇਰੀ..... ਸਿੱਖ ਨੈਸ਼ਨਲ ਕਾਲਜ ਸੁਣਿਆ ਹੋਇਆ ਈ ਵੰਡ ਤੋਂ ਪਹਿਲਾਂ ਦਾ?"

"ਹਾਂ ਜੀ ਪ੍ਰੋਫੈਸਰ ਨਿਰੰਜਣ ਸਿੰਘ ਵਾਲਾ।"

"ਕੁੱਲ ਬਿਲ ਓਹੋ ਈ।" ਉਹ ਹੱਸੇ ਉੱਚੀ ਸਾਰੀ। "ਮੈਨੂੰ ਉਮੀਦ ਸੀ ਇਹ ਬੰਦਾ ਲਾਜ਼ਮੀ ਜਾਣਦਾ ਹੋਵੇਗਾ ਪ੍ਰੋਫੈਸਰ ਨਿਰੰਜਣ ਸਿੰਘ ਨੂੰ।" ਸ਼ੇਖ਼ ਸਾਹਿਬ ਦੀਆਂ ਅੱਖਾਂ ਵਿੱਚ ਚਾਨਣ ਆ ਗਿਆ। "ਨਿਰੰਜਣ ਸਿੰਘ ਨੂੰ ਅੰਗਰੇਜ਼ ਦੁਸ਼ਮਣ ਵਿਚਾਰਾਂ ਪਾਰੋਂ ਖ਼ਾਲਸਾ ਕਾਲਜ ਅਮਰਸਰ ਦੇ ਅੰਗਰੇਜ਼ ਦੋਸਤ ਸਰਦਾਰਾਂ ਨੇ ਨੌਕਰੀਓਂ ਕੱਢ ਦਿੱਤਾ ਤੇ ਉਹਨਾਂ ਦੇ ਨਾਲ ਈ ਕਈ ਹੋਰ ਪ੍ਰੋਫੈਸਰਾਂ ਵੀ ਨੌਕਰੀਆਂ ਛੱਡ ਦਿੱਤੀਆਂ ਇਹ ਇੱਕ ਪੂਰਾ ਜਥਾ ਬਣ ਕੇ ਲਹੌਰ ਆ ਗਏ ਤੇ ਏਹਨਾਂ ਬੁੱਧੂ ਦੇ ਆਵੇ ਦੇ ਸਾਹਮਣੇ ਜੀH ਟੀH ਰੋਡ ਉੱਤੇ ਸਿੱਖ ਨੈਸ਼ਨਲ ਕਾਲਜ ਦੀ ਇੱਟ ਰੱਖੀ।

"ਹਾਂ ਜੀ ਮੈਂ ਸੁਣਿਆ ਹੋਇਆ ਏ ਜੀ ਇਹ ਹਾਲ "ਮੈਂ ਸ਼ੇਖ਼ ਸਾਹਿਬ ਨੂੰ ਹੰਗੂਰਾ ਦਿੱਤਾ।

"ਬੜਾ ਨਾਂ ਹੋ ਗਿਆ ਇਸ ਕਾਲਜ ਦਾ ਦਿਨਾਂ ਵਿੱਚ ਈ..... ਮੈਂ ਯਾਰਵੀਂ ਕਰਨੀ ਸੀ। ਪਰ ਮੇਰੇ ਕੋਲ ਕਿਧਰੇ ਦਾਖ਼ਲ ਹੋਣ ਜੋਗੇ ਪੈਸੇ ਨਹੀਂ ਸਨ, ਕਤਿਾਬਾਂ ਵੀ ਨਹੀਂ ਸਾਂ ਲੈ ਸਕਦਾ। ਓਹਨਾਂ ਮਾਸਟਰ ਹੋਰਾਂ..... ਓਹ ਜਿਨ੍ਹਾਂ ਦਾ ਮੈਂ ਤੇਨੂੰ ਤੇ ਤੂੰ ਮੈਨੂੰ ਦੱਸਿਆ ਸੀ.... ਮੈਨੂੰ ਰੁੱਕਾ ਲਿਖ ਕੇ ਦਿੱਤਾ ਤੇ ਸਿੱਖ ਨੈਸ਼ਨਲ ਕਾਲਜ ਟੋਰ ਦਿੱਤਾ। ਲਓ ਜੀ ਮੈਂ ਓਸ ਬੰਦੇ ਨੂੰ ਜਾ ਮਿਲਿਆ ਓਥੇ।ਰੁੱਕਾ ਦਿੱਤਾ। ਓਹਨੇ ਪ੍ਰਿੰਸੀਪਲ ਨਿਰੰਜਨ ਸਿੰਘ ਨਾਲ ਗੱਲ ਕੀਤੀ। ਮੇਰਾ ਦਾਖ਼ਲਾ ਹੋ ਗਿਆ, ਕਤਿਾਬਾਂ ਵੀ ਮਿਲ ਗਈਆਂ ਮੇਰੀ ਦੋਪਹਿਰ ਤੇ ਸ਼ਾਮ ਦੀ ਰੋਟੀ ਦਾ ਵੀ ਬੰਦੋਬਸਤ ਹੋ ਗਿਆ, ਸੌਣ ਦੀ ਥਾਂ ਵੀ ਓਹਨਾਂ ਆਖੀ। ਪਰ ਮੈਂ ਕਿਹਾ ਜੀ ਮੇਰੇ ਰਿਸ਼ਤੇਦਾਰ ਨੇ ਮੇਰੇ ਪਿਓ ਨੇ ਓਹਨਾਂ ਨੂੰ ਮੇਰਾ ਆਖਿਆ ਹੋਇਆ ਏ। ਏਸ ਲਈ ਸਵਾਂਗਾ ਮੈਂ ਓਥੇ ਈ।

ਸਵੇਰ ਤੋਂ ਸ਼ਾਮਾਂ ਤੀਕਰ ਮੇਰਾ ਸਾਰਾ ਵੇਲਾ ਓਥੇ ਈ ਲੰਘਦਾ। ਸਾਰੇ ਮੁੰਡੇ ਸਿੱਖ ਸਨ ਤੇ ਮੈਂ ਇੱਕ ਇੱਕਲਾ ਮੁਸਲਮਾਨ। ਪਰ ਉਹਨਾਂ ਕਦੀ ਮੈਨੂੰ ਰੱਤੀ ਜਿੰਨਾ ਵੀ ਓਪਰਾ ਨਾ ਸਮਝਣਾ। ਪੜ੍ਹਦੇ ਤਾਂ ਅਸੀਂ ਇੱਕਠੇ ਈ ਸਾਂ ਮੈਂ ਉਹਨਾਂ ਨਾਲ ਗੁਰਦਵਾਰੇ ਵੀ ਟੁਰ ਜਾਣਾ ਤੇ ਪਾਠ ਤੇ ਸ਼ਬਦ ਕੀਰਤਨ ਸੁਣਦਿਆਂ ਰਹਿਣਾ। ਓਦੋਂ ਈ ਮੈਨੂੰ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬਾਬੇ ਫ਼ਰੀਦ ਦਾ ਕਲਾਮ ਵੀ ਏ। ਇਹਦੀ ਪਾਰੋਂ ਮੇਰੀ ਨਿਰਾ ਓਹਨਾਂ ਸਿੱਖ ਪੜ੍ਹਿਆਰਾਂ ਨਾਲ ਈ ਨਹੀਂ ਸਿੱਖ ਧਰਮ ਨਾਲ ਵੀ ਬੜੀ ਗੂੜ੍ਹ ਪੈ ਗਈ।"

ਸ਼ੇਖ਼ ਸਾਹਿਬ ਆਪਣੇ ਧਿਆਨ ਵਿੱਚ ਮਗਨ ਸੁਣਾਂਦੇ ਪਏ ਸਨ ਤੇ ਮੈਂ ਉਹਨਾ ਦੇ ਇੱਕ-ਇੱਕ ਲਫ਼ਜ਼ ਨੂੰ ਬੜੇ ਗੌਹ ਨਾਲ ਸੁਣਦਾ ਸਾਂ ਪਿਆ।

ਵੰਡ ਦੀਆਂ ਗੱਲਾਂ ਟੁਰਨ ਲੱਗ ਪਈਆਂ ਸਨ। ਹਿੰਦੂ ਮੁਸਲਮਾਨ ਤੇ ਸਿੱਖ ਦਾ ਸਵਾਲ ਬਣਨ ਲੱਗ ਪਿਆ। ਭੇੜ ਭੜੱਕੇ ਦੀਆਂ ਖ਼ਬਰਾਂ ਵੀ ਆਵਣ ਲੱਗ ਪਈਆਂ। ਕਲਕੱਤੇ ਬੜੀ ਦੁਨੀਆਂ ਮਾਰੀ ਗਈ ਹਿੰਦੂ ਮੁਸਲਮਾਨ ਫ਼ਸਾਦ ਵਿੱਚ। ਏਥੇ ਵੀ ਪਹਿਲੀ ਅੱਗ ਪੋਠੋਹਾਰ ਵਿੱਚ ਭੜਕੀ। ਮਾਰ ਧਾੜ ਹੋਈ ਝੱਗੇ ਲੁੱਟੇ ਫੂਕੇ ਗਏ ਧੀਆਂ ਤੇ ਮਾਵਾਂ ਭੈਣਾਂ ਚੁੱਕੀਆਂ ਗਈਆਂ। ਘੁੱਗ ਵਸਦੀ ਦੁਨੀਆਂ ਨਿਥਾਵੀਂ ਹੋ ਗਈ। ਨਾ ਕਿਸੇ ਦਾ ਘਰ ਬਚਿਆ ਨਾ ਝੁੱਗਾ।ਜੀਅ ਵੱਖਰੇ ਮਾਰੇ ਗਏ ਯਾਂ ਜਾਨਾਂ ਬਚਾਂਦੇ ਗਵੀਚ ਗਏ। ਲਾਹੌਰ ਵਿੱਚ ਹਿੰਦੂਆਂ ਸਿੱਖਾਂ ਦਿਆਂ ਸਕੂਲਾਂ ਕਾਲਜਾਂ ਵਿੱਚ ਕੈਂਪ ਲੱਗ ਗਏ।

ਸਾਡੇ ਕਾਲਜ ਵਿੱਚ ਉੱਜੜੇ ਲੋਕ ਆਣ ਪਨਾਹਗੀਰ ਹੋਏ।ਬੜੀਆਂ ਦਰਦੀਲੀਆਂ ਕਹਾਣੀਆਂ ਸਨ ਓਹਨਾਂ ਦੀਆਂ। ਲੋਕਾਂ ਦੀਆਂ ਅੱਖਾਂ ਨਹੀਂ ਸਨ ਆਠਰਦੀਆਂ। ਕੁਹਾੜੀਆਂ ਬਰਛੀਆਂ ਦੇ ਫੱਟ ਵੀ ਲੱਗੇ ਹੋਏ ਕਈਆਂ ਨੂੰ।

ਅਸੀ ਸਾਰੇ ਪੜ੍ਹਿਆਰ ਓਹਨਾਂ ਸ਼ਰਨਾਰਥੀਆਂ ਦੀ ਸੇਵਾ ਵਿੱਚ ਜੁੱਟ ਗਏ ਮੈਂ ਵੀ ਕਿਸੇ ਤੋਂ ਪਿੱਛੇ ਨਹੀਂ ਸਾਂ ਰਹਿੰਦਾ ਮੇਰਾ ਦਿਲ ਵੀ ਬੜਾ ਦੁਖੀ ਸੀ। ਕਈਂ-ਕਈਂ ਵਾਰ ਮੇਰੇ ਕੋਲੋਂ ਅੱਥਰੂ ਡੱਕਣੇ ਮੁਹਾਲ ਹੋ ਜਾਂਦੇ।

ਕਾਰ ਸੇਵਾ ਵਿੱਚ ਰੁੱਝੇ ਸਾਰੇ ਜਣਿਆਂ ਵਿੱਚ ਇੱਕ ਮੈਂ ਈ ਸਾਂ ਜੀਹਦਾ ਹੁਲੀਆ ਕਿਸੇ ਨਾਲ ਨਹੀਂ ਸੀ ਰਲਦਾ। ਨਾ ਕੇਸ ਨਾ ਪੱਗ ਨਾ ਕੜਾ ਨਾ ਕਿਰਪਾਨ ਨਾ ਕੰਘਾ, ਨਾ ਟਿੱਕਾ ਰੇਖਾ ਨਾ ਲਿੰਗਮ ਤਿਰਸ਼ੂਲ। ਜ਼ਾਹਿਰਾ ਨਿਸ਼ਾਨੀਆਂ ਵਿੱਚੋਂ ਕੋਈ ਇੱਕ ਵੀ ਤੇ ਨਹੀਂ ਸੀ ਮੇਰੇ ਕੋਲ। ਉੱਤੇ ਮੇਰਾ ਨਾਂ ਹਰ ਕੋਈ ਗਿੱਝਿਆ ਹੋਇਆ ਸੀ "ਸ਼ਰੀਫ" ਆਖਣ।

ਵੱਢਿਆਂ ਟੁੱਕਿਆਂ ਤੇ ਉੱਜੜਿਆਂ ਪੁੱਜੜਿਆਂ ਵਿੱਚ ਮੇਰਾ ਨਾਂ ਲੈਂਦਿਆਂ ਕਈਆਂ ਨੂੰ ਝਾਕਾ ਆ ਜਾਂਦਾ। ਜਿਹੜੇ ਲੋਕਾਂ ਹੱਥੋਂ ਉਹ ਦੁਨੀਆ ਡੂੰਘੇ ਫੱਟ ਖਾ ਕੇ ਓਥੇ ਨਿਆਸਰੀ ਹੋਈ ਬੈਠੀ ਸੀ ਓਥੇ ਮੇਰਾ ਨਾਂ ਓਹਨਾਂ ਦੇ ਫੱਟਾਂ ਉੱਤੇ ਲੂਣ ਮਿਰਚਾਂ ਧੂੜਨ ਤੋਂ ਵੀ ਕਤਿੇ ਵੱਧ ਤਸੀਹਾ ਸੀ।

ਲੈ ਵਈ ਇੱਕ ਦਿਨ ਮੈਂ ਗਿਆ ਤਾਂ ਮੇਰੇ ਸਾਰੇ ਬੇਲੀ ਮੈਨੂੰ ਲੈ ਕੇ ਇੱਕ ਕਮਰੇ 'ਚ ਬਹਿ ਗਏ। ਗੱਲ ਕਿਸੇ ਨੂੰ ਵੀ ਕਰਨੀ ਨਾ ਆਵੇ। ਸਾਰੇ ਚੁੱਪ ਚਾਨ ਇੱਕ ਦੂਜੇ ਵੱਲ ਦੇਖੀ ਆਵਣ।ਅਖ਼ੀਰ ਇੱਛਰ ਸਿਆਂ ਨੇ ਹੀਆ ਕੀਤਾ, ਇਹ ਯਾਰ ਵੀ ਮੇਰਾ ਸਭ ਤੋਂ ਚੋਖਾ ਸੀ। ਯਾਰ ਉਂਜ ਸਾਰੇ ਈ ਸਨ ਬੜੇ ਗੂੜ੍ਹੇ ਪਰ ਇਹ ਸਮਝ ਲਓ ਸਭ ਤੋਂ ਬਾਹਲਾ ਸੀ। ਕਹਿਣ ਲੱਗਾ, "ਸ਼ਰੀਫ਼ ਤੇਰੇ ਨਾਲ ਇੱਕ ਗੱਲ ਕਰਨੀ ਏ। ਪਰ ਕਰਨ ਤੋਂ ਪਹਿਲਾਂ ਅਸੀਂ ਸਾਰੇ ਹੱਥ ਬੰਨ੍ਹ ਕੇ ਤੈਥੋਂ ਖਿਮਾਂ ਮੰਗਦੇ ਆਂ। ਤੂੰ ਸਾਡਾ ਭਰਾ ਏਂ ਹਰ ਪੱਖੋਂ। ਸਾਨੂੰ ਤੇਰੇ ਨਾਲ ਕੋਈ ਵੰਡ ਵਤਿਕਰਾ ਵੀ ਨਹੀਂ। ਏਥੇ ਲੋਕ ਉੱਜੜੇ ਆਏ ਨੇ,ਮੁਸਲਮਾਨਾਂ ਨੇ ਇਹਨਾਂ ਦੀ ਵੱਢ ਟੁੱਕ ਵੀ ਕੀਤੀ ਧੀਆਂ ਭੈਣਾਂ ਵੀ ਬੇਪੱਤ ਕੀਤੀਆਂ ਨੇ ਤੇ ਇਹਨਾਂ ਨੂੰ ਇਹਨਾਂ ਦੇ ਸਦੀਆਂ ਪੁਰਾਣੇ ਵਸੇਬੇ ਤੋਂ ਵੀ ਖਦੇੜਿਆ ਏ। ਇਹਨਾਂ ਦੇ ਦਿਲਾਂ ਵਿੱਚ ਅੱਗ ਦੇ ਭਾਂਬੜ ਪਏ ਬਲਦੇ ਨੇ। ਤੇਰਾ ਸਭ ਨੂੰ ਪਤਾ ਏ ਤੰੂ ਮੁਸਲਮਾਨ ਏਂ। ਸਾਨੂੰ ਡਰ ਏ ਪਈ ਓਹ ਨਾ ਹੋਵੇ ਕੋਈ ਦੁਖਿਆ ਹੋਇਆ ਰੋਹ ਵਿੱਚ ਆ ਕੇ ਤੇਰੇ ਉੱਤੇ ਧਾਵਾ ਕਰ ਦੇਵੇ। ਤੈਨੂੰ ਕੁੱਝ ਹੋ ਗਿਆ ਤਾਂ ਏਥੇ ਲਾਹੌਰ ਵਿੱਚ ਵੀ ਵਨਾਹੀ ਮੱਚ ਜਾਣੀ ਏ। ਸਾਡਾ ਸਾਰਿਆਂ ਦਾ ਤਰਲਾ ਏ ਤੈਨੂੰ.........ਹੁਣ ਏਥੇ ਨਾ ਆਇਆ ਕਰ....."

ਸਾਰਿਆਂ ਅੱਖਾਂ ਨੀਵੀਆਂ ਕਰ ਲਈਆਂ। ਕਿਸੇ ਤੋਂ ਵੀ ਮੇਰੇ ਵੱਲ ਵੇਖਣ ਨਾ ਹੋਵੇ। ਮੈਨੂੰ ਤੇ ਇੰਜ ਲੱਗਾ ਜਿਵੇਂ ਆਏ ਸ਼ਰਨਾਰਥੀਆਂ ਵਾਕਣ ਮੈਂ ਵੀ ਉੱਜੜ ਗਿਆ ਹੋਵਾਂ। ਮੇਰਾ ਤੇ ਸਾਰਾ ਕੁੱਝ ਇਹ ਸੱਜਣ ਇਹ ਮਿੱਤਰ ਈ ਸਨ ਇਹਨਾਂ ਦਾ ਪਿਆਰ ਇਹਨਾਂ ਦੀ ਯਾਰੀ ਹੀ ਮੇਰਾ ਕੁੱਲ ਖੱਟਿਆ ਵੱਟਿਆ ਸੀ। ਇੱਥੋਂ ਨਿਕਲ ਕੇ ਕਿਹੜੀ ਲਾਮ੍ਹੇ ਜਾਵਾਂਗਾ..........

ਮੈਂ ਕੁੱਝ ਆਖਣਾ ਚਾਹੁੰਦਾ ਸਾਂ ਉਹਨੂੰ ਨੂੰ ਪਰ ਮੇਰੀ ਵਾਜ ਜਿਵੇਂ ਸੰਘ ਵਿੱਚ ਈ ਅੜ ਕੇ ਰਹਿ ਗਈ ਸੀ..... ਅਖ਼ੀਰ ਮੈਂ ਬੋਲਿਆ ਜ਼ੋਰ ਲਾ ਕੇ ਪਰ ਵਾਜ ਬਹੁਤੀ ਉੱਚੀ ਨਾ ਨਿਕਲੀ ਮੈਥੋਂ ਮੈਂ ਇੱਛਰ ਸਿੰਘ ਨੂੰ ਕਿਹਾ, "ਗੱਲ ਤੁਹਾਡੀ ਠੀਕ ਏ ਤੁਸੀਂ ਪਹਿਲਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਏਥੇ। ਫੇਰ ਤੁਹਾਨੂੰ ਦੱਸਾਂਗਾ ਮੈਂ ਕੀ ਚਾਹੁੰਨਾਂ।" ਇੱਕ ਜਣਾ ਗਿਆ ਤੇ ਆਪਣੇ ਕਮਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਲੈ ਆਇਆ.....

ਮੈਂ ਕਿਹਾ, "ਤੁਸੀਂ ਚਾਹੁੰਦੇ ਓ ਨਾ ਮੈਂ ਏਥੋਂ ਚਲਾ ਜਾਵਾਂ। ਏਥੇ ਨਾ ਆਵਾਂ ਕਰਾਂ?"

ਓਹ ਸਾਰੇ ਚੁੱਪ।

"ਮੈਨੂੰ ਮਨਜ਼ੂਰ ਏ ਤੁਹਾਡੀ ਗੱਲ। ਆਖ਼ਰ ਮੇਰੇ ਭਲੇ ਲਈ ਆਖੀਏ ਤੁਸਾਂ, ਪਰ ਮੇਰੀ ਵੀ ਇੱਕ ਸ਼ਰਤ ਏ ਜਿਹੜੀ ਤੁਹਾਨੂੰ ਮੰਨਣੀ ਪਵੇਗੀ।"

ਉਹ ਮੇਰੇ ਵੱਲ ਵੇਖਣ ਲੱਗ ਪਏ।

ਮੈਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਸਭ ਦਾ ਧਿਆਨ ਕਰਾਂਦਿਆਂ ਕਿਹਾ, "ਇਹਦੇ ਵਿੱਚੋਂ ਮੈਨੂੰ ਇੱਕ ਰੁੱਗ ਅੰਗ ਦੇ ਦਿਓ ਮੈਂ ਏਧਰ ਕਦੀਂ ਮੂੰਹ ਵੀ ਨਹੀਂ ਕਰਾਂਗਾ। ਦੱਸੋ ਮੈਨੂੰ ਦੇਂਦੇ ਓ।"

"ਕੇਹੜੇ ਅੰਗ?" ਉਹ ਸਾਰੇ ਅਚੰਭੇ ਵਿੱਚ ਆ ਗਏ।

ਮੇਰੀ ਵਾਜ ਭਰੜਾ ਗਈ ਤੇ ਮੈਂ ਬੜੀ ਔਖਤ ਤੇ ਪੀੜ ਨਾਲ ਬੋਲਿਆ, "ਬਾਣੀ ਬਾਬਾ ਫ਼ਰੀਦ ਜੀ ਵਾਲੇ ਅੰਗ.... "ਮੇਰੀਆਂ ਅੱਖਾਂ ਵਿੱਚੋਂ ਹੰਝੂ ਡੁੱਲ ਪਏ।

ਸਭ ਦੀਆਂ ਡਾਂਡਾਂ ਨਿਕਲ ਗਈਆਂ।

ਸ਼ੇਖ਼ ਸਾਹਿਬ ਨੇ ਬੈਗ ਕੱਛੇ ਮਾਰਿਆਂ ਤੇ ਮੈਨੂੰ ਇੱਕਲੇ ਨੂੰ ਤਰਲ ਅੱਖਾਂ ਨਾਲ ਬੈਠੇ ਨੂੰ ਛੱਡ ਕੇ ਬਾਹਰ ਚਲੇ ਗਏ। ਓਹਨਾ ਇਹ ਵੀ ਨਾ ਪੁੱਛਿਆ, "ਹੁਣ ਆਰਾਮ ਈ?"

(ਲਿੱਪੀ ਵਟਾਂਦਰਾ : ਅਮਨ ਫ਼ਾਰਿਦ)

  • ਮੁੱਖ ਪੰਨਾ : ਕਹਾਣੀਆਂ, ਮਕਸੂਦ ਸਾਕਿਬ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ