Ikk Ate Ikk Giaran : Panchtantra Kahani
ਇੱਕ ਅਤੇ ਇੱਕ ਗਿਆਰਾਂ : ਪੰਚਤੰਤਰ ਬਾਲ ਕਹਾਣੀ
ਇੱਕ ਵਾਰ ਦੀ ਗੱਲ ਹੈ ਕਿ ਬਨਗਿਰੀ ਦੇ ਘਣੇ ਜੰਗਲ ਵਿੱਚ ਇੱਕ ਮਸਤ ਹਾਥੀ ਨੇ ਭਾਰੀ ਉਤਪਾਤ ਮਚਾ ਰੱਖਿਆ ਸੀ। ਉਹ ਆਪਣੀ ਤਾਕਤ ਦੇ ਨਸ਼ੇ ਵਿੱਚ ਚੂਰ ਹੋਣ ਕਰਕੇ ਕਿਸੇ ਨੂੰ ਕੁੱਝ ਨਹੀਂ ਸਮਝਦਾ ਸੀ।
ਬਨਗਿਰੀ ਵਿੱਚ ਹੀ ਇੱਕ ਰੁੱਖ ਤੇ ਇੱਕ ਚਿੜੀ ਅਤੇ ਚਿੜੇ ਦਾ ਛੋਟਾ ਜਿਹਾ ਸੁਖੀ ਸੰਸਾਰ ਸੀ । ਚਿੜੀ ਆਂਡਿਆਂ ਤੇ ਬੈਠੀ ਨਨ੍ਹੇਂ–ਨਨ੍ਹੇਂ ਪਿਆਰੇ ਬੱਚਿਆਂ ਦੇ ਨਿਕਲਣ ਦੇ ਸੁਨਹਰੇ ਸੁਪਨੇ ਵੇਖਦੀ ਰਹਿੰਦੀ । ਇੱਕ ਦਿਨ ਕਰੂਰ ਹਾਥੀ ਗਰਜਦਾ, ਚਿੰਘਾੜਤਾ ਰੁੱਖ ਤੋੜਦਾ–ਮਰੋੜਦਾ ਉਸੇ ਪਾਸੇ ਆ ਨਿਕਲਿਆ। ਵੇਖਦੇ ਹੀ ਵੇਖਦੇ ਉਸਨੇ ਚਿੜੀ ਦੇ ਆਲ੍ਹਣੇ ਵਾਲਾ ਰੁੱਖ ਵੀ ਤੋੜ ਦਿੱਤਾ । ਆਲ੍ਹਣਾ ਹੇਠਾਂ ਆ ਡਿਗਿਆ। ਆਂਡੇ ਟੁੱਟ ਗਏ ਅਤੇ ਉੱਤੋਂ ਹਾਥੀ ਦਾ ਪੈਰ ਉਸ ਤੇ ਪੈ ਗਿਆ ।
ਚਿੜੀ ਅਤੇ ਚਿੜਾ ਚੀਕਣ ਚੀਖਣ ਦੇ ਸਿਵਾ ਹੋਰ ਕੁੱਝ ਨਹੀਂ ਕਰ ਸਕੇ । ਹਾਥੀ ਦੇ ਜਾਣ ਬਾਅਦ ਚਿੜੀ ਛਾਤੀ ਪਿੱਟ–ਪਿੱਟ ਕੇ ਰੋਣ ਲੱਗੀ । ਉਦੋਂ ਉੱਥੇ ਕਠਫੋੜਵੀ ਆਈ । ਉਹ ਚਿੜੀ ਦੀ ਚੰਗੀ ਮਿੱਤਰ ਸੀ । ਕਠਫੋੜਵੀ ਨੇ ਉਨ੍ਹਾਂ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਚਿੜੀ ਨੇ ਆਪਣੀ ਸਾਰੀ ਕਹਾਣੀ ਕਹਿ ਸੁਣਾਈ । ਕਠਫੋੜਵੀ ਬੋਲੀ “ਇਸ ਪ੍ਰਕਾਰ ਗਮ ਵਿੱਚ ਡੁੱਬੇ ਰਹਿਣ ਨਾਲ ਕੁੱਝ ਨਹੀਂ ਹੋਵੇਗਾ । ਉਸ ਹਾਥੀ ਨੂੰ ਸਬਕ ਸਿਖਾਉਣ ਲਈ ਸਾਨੂੰ ਕੁਝ ਕਰਨਾ ਹੋਵੇਗਾ ।”
ਚਿੜੀ ਨੇ ਨਿਰਾਸ਼ਾ ਨਾਲ ਕਿਹਾ, “ਅਸੀਂ ਛੋਟੇ – ਮੋਟੇ ਜੀਵ ਉਸ ਬਲਵਾਨ ਹਾਥੀ ਨਾਲ ਕਿਵੇਂ ਟੱਕਰ ਲੈ ਸਕਦੇ ਹਾਂ ?”
ਕਠਫੋੜਵੀ ਨੇ ਸਮਝਾਇਆ “ਇੱਕ ਤੇ ਇੱਕ ਮਿਲਕੇ ਗਿਆਰਾਂ ਬਣਦੇ ਹਨ । ਅਸੀਂ ਆਪਣੀਆਂ ਸ਼ਕਤੀਆਂ ਜੋੜਾਂਗੇ ।”
“ਕਿਵੇਂ ?” ਚਿੜੀ ਨੇ ਪੁੱਛਿਆ ।
“ਮੇਰਾ ਇੱਕ ਮਿੱਤਰ ਵੀਂਆਖ ਨਾਮਕ ਭੌਰਾ ਹੈ । ਸਾਨੂੰ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ।” ਚਿੜੀ ਅਤੇ ਕਠਫੋੜਵੀ ਭੌਰੇ ਨੂੰ ਮਿਲੀਆਂ । ਭੌਰਾ ਗੁਣਗੁਣਾਇਆ “ਇਹ ਤਾਂ ਬਹੁਤ ਭੈੜਾ ਹੋਇਆ । ਮੇਰੇ ਇੱਕ ਡੱਡੂ ਮਿੱਤਰ ਹਨ ਆਓ, ਉਸ ਤੋਂ ਸਹਾਇਤਾ ਮੰਗੀਏ ।”
ਹੁਣ ਤਿੰਨੋਂ ਉਸ ਸਰੋਵਰ ਦੇ ਕਿਨਾਰੇ ਪੁੱਜੇ, ਜਿੱਥੇ ਉਹ ਡੱਡੂ ਰਹਿੰਦਾ ਸੀ । ਭੰਵਰੇ ਨੇ ਸਾਰੀ ਸਮੱਸਿਆ ਦੱਸੀ । ਡੱਡੂ ਭੱਰਾਈ ਆਵਾਜ਼ ਵਿੱਚ ਬੋਲਿਆ “ਤੁਸੀ ਲੋਕ ਸਬਰ ਨਾਲ ਜਰਾ ਇੱਥੇ ਮੇਰੀ ਉਡੀਕ ਕਰੋ । ਮੈਂ ਡੂੰਘੇ ਪਾਣੀ ਵਿੱਚ ਬੈਠਕੇ ਸੋਚਦਾ ਹਾਂ ।”
ਅਜਿਹਾ ਕਹਿਕੇ ਡੱਡੂ ਪਾਣੀ ਵਿੱਚ ਕੁੱਦ ਗਿਆ । ਅੱਧੇ ਘੰਟੇ ਬਾਅਦ ਉਹ ਪਾਣੀ ਤੋਂ ਬਾਹਰ ਆਇਆ ਤਾਂ ਉਸਦੀਆਂ ਅੱਖਾਂ ਚਮਕ ਰਹੀਆਂ ਸਨ । ਉਹ ਬੋਲਿਆ “ਦੋਸਤੋ ! ਉਸ ਹਤਿਆਰੇ ਹਾਥੀ ਨੂੰ ਨਸ਼ਟ ਕਰਨ ਦੀ ਮੇਰੇ ਦਿਮਾਗ ਵਿੱਚ ਇੱਕ ਵੱਡੀ ਚੰਗੀ ਯੋਜਨਾ ਆਈ ਹੈ। ਉਸ ਵਿੱਚ ਸਾਰਿਆਂ ਦਾ ਯੋਗਦਾਨ ਹੋਵੇਗਾ ।”
ਡੱਡੂ ਨੇ ਜਿਵੇਂ ਹੀ ਆਪਣੀ ਯੋਜਨਾ ਦੱਸੀ, ਸਭ ਖੁਸ਼ੀ ਨਾਲ ਉਛਲ ਪਏ । ਯੋਜਨਾ ਸਚਮੁੱਚ ਹੀ ਅਦਭੁਤ ਸੀ । ਡੱਡੂ ਨੇ ਦੁਬਾਰਾ ਵਾਰੀ–ਵਾਰੀ ਸਾਰਿਆਂ ਨੂੰ ਆਪਣਾ – ਆਪਣਾ ਰੋਲ ਸਮਝਾਇਆ ।
ਕੁੱਝ ਹੀ ਦੂਰ ਉਹ ਮਸਤ ਹਾਥੀ ਤੋੜ ਫੋੜ ਮਚਾ ਕੇ ਅਤੇ ਢਿੱਡ ਭਰਕੇ ਲਗਰਾਂ ਵਾਲੀਆਂ ਸ਼ਾਖਾਵਾਂ ਖਾਕੇ ਮਸਤੀ ਵਿੱਚ ਖੜਾ ਝੂਮ ਰਿਹਾ ਸੀ । ਪਹਿਲਾ ਕੰਮ ਭੰਵਰੇ ਦਾ ਸੀ । ਉਹ ਹਾਥੀ ਦੇ ਕੰਨਾਂ ਦੇ ਕੋਲ ਜਾ ਕੇ ਮਧੁਰ ਰਾਗ ਗੁੰਜਾਉਣ ਲਗਾ । ਰਾਗ ਸੁਣਕੇ ਹਾਥੀ ਮਸਤ ਹੋਕੇ ਅੱਖਾਂ ਬੰਦ ਕਰਕੇ ਝੂਮਣ ਲਗਾ ।
ਉਦੋਂ ਕਠਫੋੜਵੀ ਨੇ ਆਪਣਾ ਕੰਮ ਕਰ ਵਿਖਾਇਆ । ਉਹ ਆਈ ਅਤੇ ਆਪਣੀ ਸੂਈ ਵਰਗੀ ਨੁਕੀਲੀ ਚੁੰਝ ਨਾਲ ਉਸ ਨੇ ਤੇਜੀ ਨਾਲ ਹਾਥੀ ਦੀਆਂ ਦੋਵੇਂ ਅੱਖਾਂ ਵਿੰਨ੍ਹ ਦਿੱਤੀਆਂ । ਹਾਥੀ ਦੀਆਂ ਅੱਖਾਂ ਫੁੱਟ ਗਈਆਂ । ਉਹ ਤੜਪਦਾ ਹੋਇਆ ਅੰਨ੍ਹਾ ਹੋਕੇ ਏਧਰ – ਉੱਧਰ ਭੱਜਣ ਲੱਗਾ ।
ਜਿਵੇਂ–ਜਿਵੇਂ ਸਮਾਂ ਗੁਜ਼ਰਦਾ ਜਾ ਰਿਹਾ ਸੀ, ਹਾਥੀ ਦਾ ਕ੍ਰੋਧ ਵਧਦਾ ਜਾ ਰਿਹਾ ਸੀ। ਅੱਖਾਂ ਤੋਂ ਨਜ਼ਰ ਨਾ ਆਉਣ ਦੇ ਕਾਰਨ ਠੋਕਰਾਂ ਅਤੇ ਟੱਕਰਾਂ ਨਾਲ ਸਰੀਰ ਜਖਮੀ ਹੁੰਦਾ ਜਾ ਰਿਹਾ ਸੀ । ਜਖ਼ਮ ਉਸਨੂੰ ਹੋਰ ਚੀਖਣ ਤੇ ਮਜਬੂਰ ਕਰ ਰਹੇ ਸਨ ।
ਚਿੜੀ ਧੰਨਵਾਦੀ ਆਵਾਜ਼ ਵਿੱਚ ਡੱਡੂ ਨੂੰ ਬੋਲੀ “ਭਈਆ, ਮੈਂ ਜੀਵਨ ਭਰ ਤੁਹਾਡੀ ਅਹਿਸਾਨਮੰਦ ਰਹਾਂਗੀ। ਤੁਸੀਂ ਮੇਰੀ ਇੰਨੀ ਸਹਾਇਤਾ ਕਰ ਦਿੱਤੀ ।”
ਡੱਡੂ ਨੇ ਕਿਹਾ “ਭਾਰ ਮੰਨਣ ਦੀ ਲੋੜ ਨਹੀਂ । ਦੋਸਤ ਹੀ ਦੋਸਤਾਂ ਦੇ ਕੰਮ ਆਉਂਦੇ ਹਨ ।”
ਇੱਕ ਤਾਂ ਅੱਖਾਂ ਵਿੱਚ ਜਲਨ ਅਤੇ ਉੱਤੋਂ ਚੀਖਦੇ – ਚਿੰਘਾੜਦੇ ਹਾਥੀ ਦਾ ਗਲਾ ਸੁੱਕ ਗਿਆ । ਉਸਨੂੰ ਤੇਜ ਪਿਆਸ ਲੱਗਣ ਲੱਗੀ । ਹੁਣ ਉਸਨੂੰ ਇੱਕ ਹੀ ਚੀਜ ਦੀ ਤਲਾਸ਼ ਸੀ, ਪਾਣੀ ।
ਡੱਡੂ ਨੇ ਆਪਣੇ ਬਹੁਤ ਸਾਰੇ ਭੈਣ-ਭਰਾਵਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਲੈ ਕੇ ਦੂਰ ਬਹੁਤ ਵੱਡੇ ਖੱਡੇ ਦੇ ਕਿਨਾਰੇ ਬੈਠ ਕੇ ਟੱਰਾਉਣ ਲਈ ਕਿਹਾ । ਸਾਰੇ ਡੱਡੂ ਟੱਰਾਉਣ ਲੱਗੇ ।
ਡੱਡੂਆਂ ਦੀ ਟੱਰਾਹਟ ਸੁਣਕੇ ਹਾਥੀ ਦੇ ਕੰਨ ਖੜ੍ਹੇ ਹੋ ਗਏ । ਉਹ ਇਹ ਜਾਣਦਾ ਸੀ ਕਿ ਡੱਡੂ ਪਾਣੀ ਦੇ ਚਸ਼ਮੇ ਦੇ ਨਜ਼ਦੀਕ ਹੀ ਰਿਹਾਇਸ਼ ਕਰਦੇ ਹਨ । ਉਹ ਉਸੇ ਦਿਸ਼ਾ ਵਿੱਚ ਚੱਲ ਪਿਆ ।
ਟੱਰਾਹਟ ਹੋਰ ਤੇਜ ਹੁੰਦੀ ਜਾ ਰਹੀ ਸੀ। ਪਿਆਸਾ ਹਾਥੀ ਹੋਰ ਤੇਜ ਭੱਜਣ ਲਗਾ ।
ਜਿਵੇਂ ਹੀ ਹਾਥੀ ਖੱਡੇ ਦੇ ਨੇੜੇ ਅੱਪੜਿਆ, ਡੱਡੂਆਂ ਨੇ ਪੂਰਾ ਜ਼ੋਰ ਲਾ ਕੇ ਟੱਰਾਉਣਾ ਸ਼ੁਰੂ ਕੀਤਾ। ਹਾਥੀ ਅੱਗੇ ਵਧਿਆ ਅਤੇ ਵਿਸ਼ਾਲ ਪੱਥਰ ਦੀ ਤਰ੍ਹਾਂ ਧੜੰਮ ਖੱਡੇ ਵਿੱਚ ਡਿੱਗ ਪਿਆ, ਜਿੱਥੇ ਉਸਦੇ ਪ੍ਰਾਣ-ਪੰਖੇਰੂ ਉੱਡਦਿਆਂ ਦੇਰ ਨਹੀਂ ਲੱਗੀ । ਇਸ ਪ੍ਰਕਾਰ ਉਸ ਹੈਂਕੜ ਵਿੱਚ ਡੁੱਬੇ ਹਾਥੀ ਦਾ ਅੰਤ ਹੋਇਆ ।
(ਅਨੁਵਾਦ: ਰੂਪ ਖਟਕੜ)