Punjabi Stories/Kahanian
ਪਰਗਟ ਸਿੰਘ ਸਤੌਜ
Pargat Singh Satauj
Punjabi Kavita
  

Ikk Pargat Satauj Hunda Si (Aap Beeti)

ਇੱਕ ਪਰਗਟ ਸਤੌਜ ਹੁੰਦਾ ਸੀ (ਆਪ ਬੀਤੀ) ਪਰਗਟ ਸਿੰਘ ਸਤੌਜ

ਮੈਂ ਨਾਰੰਗਵਾਲ ਠਹਿਰਿਆ ਹੋਇਆ ਸਾਂ ਤੇ ਅਗਲੇ ਦਿਨ ਅੰਮ੍ਰਿਤਸਰ ‘ਯੁਵਾ ਸਾਹਿਤ ਉਤਸਵ’ ਲਈ ਜਾਣਾ ਸੀ। ਮੇਰਾ ਪ੍ਰੋਗਰਾਮ ਇੱਕ ਕੁ ਵਜੇ ਸੀ। ਸੋਚਿਆ ਸੀ ਕਿ ਜਲਦੀ ਜਾ ਕੇ ਉਦਘਾਟਨ ਆਦਿ ਵੇਖ ਲਵਾਂਗਾ। ਸਵੇਰੇ ਪੰਜ ਕੁ ਵਜੇ ਕਿਲਾ ਰਾਏਪੁਰ ਤੋਂ ਸਿੱਧੀ ਰੇਲ ਗੱਡੀ ਅੰਮ੍ਰਿਤਸਰ ਜਾਣੀ ਸੀ। ਕਿਲਾ ਰਾਏਪੁਰ ਦਾ ਸਟੇਸ਼ਨ ਇੱਥੋਂ ਤਕਰੀਬਨ ਛੇ ਕਿਲੋਮੀਟਰ ਪੈਂਦਾ ਹੈ, ਪਰ ਨਾਰੰਗਵਾਲ ਤੋਂ ਕਿਲਾ ਰਾਏਪੁਰ ਤਕ ਜਾਣ ਲਈ ਮੇਰੇ ਕੋਲ ਕੋਈ ਸਾਧਨ ਨਹੀਂ ਸੀ। ਨਾਲ ਰਹਿੰਦੇ ਸਾਰੇ ਮੁੰਡੇ ਆਪੋ ਆਪਣੇ ਪਿੰਡਾਂ ਨੂੰ ਗਏ ਹੋਏ ਸਨ।
ਮੈਂ ਸਵੇਰੇ ਸਾਢੇ ਕੁ ਤਿੰਨ ਵਜੇ ਨਾਰੰਗਵਾਲ ਤੋਂ ਕਿਲਾ ਰਾਏਪੁਰ ਤਕ ਤੁਰ ਕੇ ਜਾਣ ਦਾ ਮਨ ਬਣਾ ਲਿਆ ਸੀ ਕਿ ਚਲੋ ਨਾਲੇ ਤਾਂ ਆਪਣਾ ਤੁਰਨ ਵਾਲਾ ਚਾਅ ਪੂਰਾ ਹੋ ਜਾਵੇਗਾ, ਨਾਲੇ ਵਾਟ ਕਟ ਜਾਵੇਗੀ। ਮੈਂ ਢਾਈ ਕੁ ਵਜੇ ਉੱਠ ਕੇ ਤਿਆਰ ਹੋਣ ਲੱਗ ਪਿਆ। ਨਹਾਉਂਦਿਆਂ ਦਿਮਾਗ਼ ’ਚ ਗੱਲ ਆਈ ਕਿ ਅੱਜਕੱਲ੍ਹ ਰਾਤ ਬਰਾਤੇ ਚੋਰ ਉਚੱਕਿਆਂ ਨਾਲੋਂ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਦਾ ਵੱਧ ਡਰ ਹੈ। ਜੇ ਚੋਰ-ਲੁਟੇਰਾ ਲੁੱਟ ਲਵੇਗਾ ਤਾਂ ਘੱਟੋ-ਘੱਟ ਜਾਨ ਤਾਂ ਬਖ਼ਸ਼ ਦੇਵੇਗਾ, ਪਰ ਇਨ੍ਹਾਂ ਨੇ ਤਾਂ ਜਾਨ ਵੀ ਨਹੀਂ ਬਖ਼ਸ਼ਣੀ। ਮੈਂ ਅਜੇ ਪਿਛਲੇ ਸਾਲ ਹੀ ਖੇਤ ’ਚੋਂ ਆਵਾਰਾ ਪਸ਼ੂ ਮੋੜਦਿਆਂ ਪੈਰ ਤੁੜਵਾ ਲਿਆ ਸੀ।
ਤਿਆਰ ਹੁੰਦਿਆਂ ਮੇਰੀ ਨਿਗ੍ਹਾ ਅਲਮਾਰੀ ਉੱਤੇ ਪਈ ਖੂੰਡੀ ’ਤੇ ਪੈ ਗਈ। ਸੋਚਿਆ ਇਹ ਨਾਲ ਲੈ ਜਾਵਾਂਗਾ। ਫਿਰ ਮਨ ਬਦਲ ਗਿਆ। ਮਕਾਨ ਮਾਲਕਾਂ ਦੀ ਇਹ ਖੂੰਡੀ ਵਾਪਸ ਲਿਆਉਣੀ ਔਖੀ ਹੋ ਜਾਵੇਗੀ। ਅੰਮ੍ਰਿਤਸਰ ਸਮਾਗਮ ’ਤੇ ਇਸ ਨੂੰ ਨਾਲ ਚੁੱਕੀ ਫਿਰਨਾ ਵੀ ਚੰਗਾ ਨਹੀਂ ਸੀ। ਜੇ ਰਸਤੇ ’ਚ ਕਿਧਰੇ ਰੱਖ ਕੇ ਜਾਂਦਾ ਤਾਂ ਕੋਈ ਹੋਰ ਚੁੱਕ ਸਕਦਾ ਸੀ। ਹੋ ਸਕਦਾ ਹੈ ਇਹ ਕਿਸੇ ਬਜ਼ੁਰਗ ਦੀ ਨਿਸ਼ਾਨੀ ਹੋਵੇ? ਇਹ ਸੋਚਦਿਆਂ ਮੈਂ ਖੂੰਡੀ ਨਾਲ ਲੈ ਕੇ ਜਾਣ ਦਾ ਵਿਚਾਰ ਤਿਆਰ ਦਿੱਤਾ।
ਮੈਂ ਖ਼ਾਲੀ ਹੱਥ ਹੀ ਕਮਰੇ ਵਿੱਚੋਂ ਚੱਲ ਪਿਆ। ਸਾਰਾ ਪਿੰਡ ਘੂਕ ਸੁੱਤਾ ਪਿਆ ਸੀ। ਪੱਕੀ ਬੀਹੀ ’ਚ ਮੇਰੇ ਠੱਕ ਠੱਕ ਵੱਜਦੇ ਬੂਟ ਟਿਕੀ ਰਾਤ ਦੇ ਸਿਰ ’ਚ ਹਥੌੜਿਆਂ ਵਾਂਗ ਵੱਜ ਰਹੇ ਸਨ। ਮੈਂ ਬਾਹਰ ਫਿਰਨੀ ਵਾਲੀ ਸੜਕ ’ਤੇ ਆ ਗਿਆ। ਚਾਰੇ ਪਾਸੇ ਰਹੱਸਮਈ ਸੰਨਾਟਾ ਸੀ। ਕਦੇ ਕਦੇ ਪਿੰਡ ਦੀ ਕਿਸੇ ਸੁੰਨੀ ਬੀਹੀ ਵਿੱਚੋਂ ਕਿਸੇ ਆਵਾਰਾ ਕੁੱਤੇ ਦੀ ‘ਟਊਂ-ਟਊਂ’ ਰਾਤ ਦਾ ਸੰਨਾਟਾ ਤੋੜਦੀ ਸੁਣਾਈ ਦਿੰਦੀ ਸੀ। ਕੁੱਤਿਆਂ ਦੀ ਇਸ ਟਊਂ-ਟਊਂ ਨੇ ਮੇਰਾ ਧਿਆਨ ਫਿਰ ਆਪਣੇ ਵੱਲ ਮੋੜ ਲਿਆ। ਇਹ ਬੜੇ ਖ਼ਤਰਨਾਕ ਹੋ ਸਕਦੇ ਹਨ। ਮੇਰੇ ਝੱਟ ਕੁਝ ਸਾਲ ਪਹਿਲਾਂ ਮੇਰੇ ਇਲਾਕੇ ਵਿੱਚ ਵਾਪਰੀ ਘਟਨਾ ਯਾਦ ਆ ਗਈ।
ਲਹਿਰੇ ਰਾਤ ਨੂੰ ਕੋਈ ਕੈਂਟਰ ਵਾਲਾ ਸਕੂਟਰ ਵਾਲੇ ਨੂੰ ਫੇਟ ਮਾਰ ਗਿਆ ਸੀ। ਸਕੂਟਰ ਵਾਲੇ ਮੀਆਂ-ਬੀਵੀ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਦਾ ਤਿੰਨ ਕੁ ਸਾਲ ਦਾ ਮੁੰਡਾ ਉਛਲ ਕੇ ਦੂਰ ਜਾ ਡਿੱਗਿਆ ਸੀ। ਕੁਝ ਦੇਰ ਉਹ ਆਪਣੇ ਡਿੱਗੇ ਪਏ ਮਾਪਿਆਂ ਨੂੰ ਵੇਖ ਕੇ ਰੋਂਦਾ ਰਿਹਾ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਵਾਰਾ ਕੁੱਤੇ ਆ ਗਏ ਸਨ ਅਤੇ ਉਸ ਬੱਚੇ ਨੂੰ ਜਿਉਂਦਿਆਂ ਹੀ ਖਾ ਗਏ। ਇਸੇ ਤਰ੍ਹਾਂ ਹੱਡਾਰੋੜੀ ਕੋਲ ਕਣਕ ਨੂੰ ਪਾਣੀ ਲਾਉਂਦੇ ਇੱਕ ਕਿਸਾਨ ਨੂੰ ਕੁੱਤਿਆਂ ਨੇ ਖਾ ਲਿਆ ਸੀ ਅਤੇ ਖੇਤ ਜਾਂਦੇ ਇੱਕ ਨਿੱਕੇ ਬੱਚੇ ਨੂੰ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਅਤੇ ਖ਼ਬਰਾਂ ਮੇਰੇ ਦਿਮਾਗ਼ ਵਿੱਚ ਵਰੋਲਿਆਂ ਵਾਂਗ ਖੌਰੂ ਪਾਉਣ ਲੱਗੀਆਂ। ਇਸ ਡਰ ਨੇ ਮੈਨੂੰ ਕੰਬਾ ਦਿੱਤਾ। ਮੈਂ ਰਸਤੇ ਵਿੱਚ ਮਿਲਣ ਵਾਲੇ ਕੁੱਤਿਆਂ ਨਾਲ ਨਜਿੱਠਣ ਲਈ ਸੜਕ ਕਿਨਾਰੇ ਪਏ ਤਿੰਨ ਵੱਟੇ ਚੁੱਕ ਲਏ।
ਮੈਂ ਪਿੰਡ ਲੰਘ ਕੇ ਅੱਗੇ ਮੋੜ ’ਤੇ ਆ ਗਿਆ ਸਾਂ। ਇੱਥੋਂ ਇੱਕ ਸੜਕ ਅੱਧਾ ਕੁ ਕਿਲੋਮੀਟਰ ਦੂਰ ਗੁਰਦੁਆਰੇ ਅਤੇ ਕਾਲਜ ਨੂੰ ਜਾਂਦੀ ਹੈ ਅਤੇ ਇਹ ਵੱਡੀ ਸੜਕ, ਜਿਸ ਉੱਤੇ ਮੈਂ ਤੁਰ ਰਿਹਾ ਸਾਂ, ਸਾਹਮਣੇ ਡੇਹਲੋਂ-ਪੱਖੋਵਾਲ ਵਾਲੀ ਸੜਕ ਨੂੰ ਮਿਲਦੀ ਸੀ। ਇੱਥੇ ਹੀ ਦਸ ਪੰਦਰਾਂ ਕੁੱਤੇ ਸੜਕ ਕਿਨਾਰੇ ਸੁੱਤੇ ਪਏ ਸਨ। ਵੱਟੇ ਮੇਰੇ ਹੱਥ ਵਿੱਚ ਸਨ ਅਤੇ ਮੈਂ ਹੌਲੀ ਹੌਲੀ ਪੈਰ ਟਿਕਾਉਂਦਾ ਉਨ੍ਹਾਂ ਕੋਲ ਦੀ ਅੱਗੇ ਲੰਘਣ ਲੱਗਿਆ। ਜਦੋਂ ਮੈਂ ਕੁੱਤਿਆਂ ਦੇ ਉਸ ਝੁੰਡ ਦੇ ਬਰਾਬਰ ਆਇਆ ਤਾਂ ਉਹ ਮੇਰੇ ਵੱਲ ਭੌਂਕਦੇ, ਮੇਰੇ ’ਤੇ ਟੁੱਟ ਕੇ ਪੈ ਗਏ। ਮੈਂ ਉਨ੍ਹਾਂ ਵੱਲ ਪੂਰੇ ਜ਼ੋਰ ਨਾਲ ਵੱਟਾ ਮਾਰਿਆ। ਉਹ ਸਾਰੇ ਕੁੱਤੇ ਪਿੱਛੇ ਹਟ ਗਏ। ਇੱਕ ਕੁੱਤਾ ਅਜੇ ਵੀ ਪਿੱਛੇ ਨਹੀਂ ਹਟ ਰਿਹਾ ਸੀ। ਉਹ ਪੂਰੇ ਜ਼ੋਰ ਜ਼ੋਰ ਦੀ ਭੌਂਕਦਾ ਮੇਰੇ ਉੱਤੇ ਚੜ੍ਹਦਾ ਆ ਰਿਹਾ ਸੀ। ਨਜ਼ਦੀਕ ਕੋਈ ਅਜਿਹੀ ਚੀਜ਼ ਨਹੀਂ ਸੀ ਜੋ ਮੇਰਾ ਬਚਾਅ ਕਰ ਸਕਦੀ ਹੋਵੇ। ਹਾਂ! ਕੁਝ ਕਦਮਾਂ ਦੀ ਦੂਰੀ ’ਤੇ ਇੱਕ ਘਰ ਜ਼ਰੂਰ ਸੀ, ਪਰ ਮੈਂ ਉੱਥੇ ਕਦੇ ਕੋਈ ਵਸਦਾ ਨਹੀਂ ਵੇਖਿਆ ਸੀ। ਜੇ ਮੈਂ ਉਸ ਘਰ ਵੱਲ ਵੀ ਦੌੜਾਂਗਾ ਤਾਂ ਮੇਰੇ ਬਚਾਅ ਲਈ ਸ਼ਾਇਦ ਕੋਈ ਨਾ ਆਵੇ। ਕੁੱਤਿਆਂ ਅੱਗੇ ਭੱਜਣਾ ਵੀ ਬਹੁਤ ਵੱਡੀ ਗ਼ਲਤੀ ਹੁੰਦੀ ਹੈ। ਜੇ ਅਜਿਹੀ ਸਥਿਤੀ ਵਿੱਚ ਤੁਸੀਂ ਅੱਗੇ ਭੱਜ ਲਵੋ ਤਾਂ ਉਹ ਮਾਰੇ ਬਿਨਾਂ ਨਹੀਂ ਛੱਡਦੇ। ਜੇ ਤੁਸੀਂ ਖੜ੍ਹੇ ਰਹੋ ਤਾਂ ਉਹ ਭੌਂਕਦੇ ਰਹਿਣਗੇ, ਪਰ ਛੇਤੀ ਹਮਲਾ ਨਹੀਂ ਕਰਨਗੇ। ਮਨ ’ਚ ਆਈ, ‘ਲੈ ਬਈ ਮਿੱਤਰਾ, ਤੇਰਾ ਕਾਲ ਨੇੜੇ ਹੈ। ਕੱਲ੍ਹ ਨੂੰ ਖ਼ਬਰ ਲੱਗ ਜਾਣੀ ਹੈ: ਨੌਜਵਾਨ ਨਾਵਲਕਾਰ ਪਰਗਟ ਸਤੌਜ ਆਵਾਰਾ ਕੁੱਤਿਆਂ ਨੇ ਮਾਰਿਆ। ਹੋ ਸਕਦਾ ਹੈ ਫੇਰ ਕਿਤੇ ਨਾ ਕਿਤੇ ਗੱਲ ਛਿੜੇ ਕਿ ਇੱਕ ਪਰਗਟ ਸਤੌਜ ਵੀ ਹੁੰਦਾ ਸੀ।’ ਇਨ੍ਹਾਂ ਥੋੜ੍ਹੇ ਜਿਹੇ ਪਲਾਂ ਵਿੱਚ ਮੇਰੇ ਪਰਿਵਾਰ ਸਮੇਤ ਕਿੰਨਾ ਹੀ ਕੁਝ ਮੇਰੇ ਦਿਮਾਗ਼ ਵਿੱਚ ਘੁੰਮ ਗਿਆ ਸੀ। ਮੈਂ ਸੋਚਿਆ ਕਿ ਛੇਤੀ ਹਾਰਾਂਗਾ ਨਹੀਂ। ਮੈਂ ਹੱਥ ਵਿਚਲਾ ਵੱਟਾ ਪੂਰੇ ਜ਼ੋਰ ਨਾਲ ਉਸ ਕੁੱਤੇ ਵੱਲ ਸੁੱਟਿਆ। ਮੇਰਾ ਬਚਪਨ ’ਚ ਕੁੱਤਿਆਂ ਦੇ ਰੋੜੇ ਮਾਰਨਾ ਕੰਮ ਆ ਗਿਆ। ਵੱਟਾ ਕੁੱਤੇ ਦੀ ਅੱਖ ਉੱਤੇ ਜਾਂ ਹੋਰ ਕਿਸੇ ਕਸੂਤੀ ਥਾਂ ਜਾ ਵੱਜਿਆ। ਉਹ ‘ਟਊਂ ਟਊਂ’ ਕਰਦਾ ਪਿੱਛੇ ਦੌੜ ਗਿਆ। ਹੁਣ ਮੇਰੇ ਹੱਥ ਵਿੱਚ ਸਿਰਫ਼ ਆਖ਼ਰੀ ਵੱਟਾ ਰਹਿ ਗਿਆ ਸੀ। ਜੇ ਕੁੱਤੇ ਦੁਬਾਰਾ ਹਮਲਾ ਕਰਦੇ ਤਾਂ ਮੇਰੇ ਕੋਲ ਹੋੋਰ ਕੁਝ ਨਹੀਂ ਸੀ। ਸ਼ੁਕਰ ਹੈ ਡੇਹਲੋਂ-ਪੱਖੋਵਾਲ ਵਾਲੀ ਸੜਕ ਚੜ੍ਹਨ ਤਕ ਕੋਈ ਕੁੱਤਾ ਨਹੀਂ ਟੱਕਰਿਆ। ਅੱਗੇ ਡੇਹਲੋਂ-ਪੱਖੋਵਾਲ ਵਾਲੀ ਸੜਕ ’ਤੇ ਬਹੁਤ ਸਾਰੇ ਵੱਟੇ ਪਏ ਸਨ। ਮੈਂ ਕਾਫ਼ੀ ਸਾਰੇ ਵੱਟੇ ਚੁੱਕ ਕੇ ਬੈਗ ਦੀ ਜੇਬ੍ਹ ਵਿੱਚ ਪਾ ਲਏ ਅਤੇ ਕੁਝ ਹੱਥਾਂ ਵਿੱਚ ਫੜ ਲਏ। ਮੈਂ ਤਿੰਨ ਕਿਲੋਮੀਟਰ ਤਕ ਆਰਾਮ ਨਾਲ ਆ ਗਿਆ। ਇੰਨੇ ਨੂੰ ਪਿੱਛੋਂ ਭੱਠੇ ਵਾਲਾ ਟਰੈਕਟਰ ਆ ਗਿਆ। ਮੈਂ ਤੁਰਨ ਦਾ ਸ਼ੌਕ ਤਿਆਗ ਕੇ ਉਸ ਨੂੰ ਹੱਥ ਦੇ ਦਿੱਤਾ। ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਪਰਗਟ ਸਤੌਜ ‘ਭੂਤਕਾਲ’ ਨਹੀਂ ‘ਵਰਤਮਾਨ’ ਹੈ ਤਾਂ ਹੀ ਤਾਂ ਮੈਂ ਟਰੈਕਟਰ ਵਾਲੇ ਨਾਲ ਹੱਸ ਹੱਸ ਗੱਲਾਂ ਕਰਦਾ ਜਾ ਰਿਹਾ ਸਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)