India Gate (Punjabi Story) : Lochan Singh Bakshi
ਇੰਡੀਆ ਗੇਟ (ਕਹਾਣੀ) : ਲੋਚਨ ਸਿੰਘ ਬਖਸ਼ੀ
ਇੰਡੀਆ ਗੇਟ ਗਰਾਉਂਡਜ਼ ਵਿਚ ਚਾਰੇ ਪਾਸੇ ਚੁਪ ਦਾ ਰਾਜ ਸੀ। ਹਰ ਚੀਜ਼ ਸਰਦੀਆਂ ਦੀ ਹੱਡ ਕੜਕਵੀਂ ਠੰਢ ਵਿਚ ਸੁਕੜੀ ਪਈ ਸੀ। ਜਾਰਜ ਪੰਜਵੇਂ ਦੇ ਬੁੱਤ ਤੋਂ ਲੈ ਕੇ ਵੈਰੀਗਲ ਲਾਜ ਤੀਕ ਵਿਛੀ ਪਈ ਸੜਕ ਚੁਪ ਲੇਟੀ ਸੀ। ਉਸ ਦੇ ਦੋਵੇਂ ਪਾਸੇ ਕੰਢਿਆਂ ਤੇ ਉੱਗੀ ਘਾ ਸੁੱਤੀ ਪਈ ਸੀ। ਉਸ ਤੋਂ ਕੋਹਰਾ ਜੰਮਿਆਂ ਪਿਆ ਸੀ। ਦੋ ਪਾਸੀ ਵਿਛੀਆਂ ਪਾਣੀ ਦੀਆਂ ਲੰਮ ਸਲੰਮੀਆਂ ਬਨਾਉਟੀ ਝੀਲਾਂ ਦੀ ਉਪਰਲੀ ਸਤਹ ਤੇ ਕੱਕਰ ਜੰਮਿਆਂ ਪਿਆ ਸੀ।
ਉਹ ਪਹਿਲੀ ਵਾਰੀ ਦਿੱਲੀ ਆਇਆ ਸੀ ਤੇ ਸਰਦੀਆਂ ਦੀ ਪਹਿਲੀ ਸਵੇਰ ਵਿਚ ਹੀ ਉਸ ਨੇ ਇੰਡੀਆ ਗੇਟ ਗਰਾਉਂਡਜ਼ ਦੀ ਸੈਰ ਕਰਨੀ ਯੋਗ ਸਮਝੀ ਸੀ । ਅਜੇ ਅਕਾਸ਼ ਵਿਚ ਚੰਨ ਚਮਕ ਰਿਹਾ ਸੀ ਤੇ ਉਸ ਦਾ ਪਰਛਾਵਾਂ ਲੰਮ ਸਲੰਮੀਆਂ ਬਨਾਉਟੀ ਝੀਲਾਂ ਦੀ ਸਤਹ ਤੇ ਤਰਦਾ ਹੋਇਆ ਵੇਖਿਆ ਜਾ ਸਕਦਾ ਸੀ । ਪਰ ਉਸ ਪਾਸ ਚੰਨ ਦਾ ਪਰਛਾਵਾਂ ਵੇਖਣ ਦੀ ਵਿਹਲ ਨਹੀਂ ਸੀ । ਉਹ ਤਾਂ ਇੰਡੀਆ ਗੇਟ ਗਰਾਉਂਡਜ਼ ਵਿਚ ਚਮਕ ਰਹੀਆਂ ਬੱਤੀਆਂ ਦੀ ਨੀਲੀ ਰੋਸ਼ਨੀ ਵਿਚ ਤਰ ਰਹੀ ਧੁੰਦ ਦੇ ਦੂਧੀਆ ਪਰਛਾਵੇਂ ਵੇਖ ਰਿਹਾ ਸੀ । ਜੋ ਉਸਦੀਆਂ ਅੱਖੀਆਂ ਦੇ ਸਾਹਮਣੇ ਹਿਲਦੇ ਹਿਲਦੇ ਕਦੀ ਦੂਰ ਹਟ ਜਾਂਦੇ ਸਨ ਤੇ ਕਦੀ ਉਸ ਦੇ ਇਤਨੇ ਨੇੜੇ ਆ ਜਾਂਦੇ ਸਨ ਕਿ ਉਸ ਲਈ ਵੇਖਣਾ ਔਖਾ ਹੋ ਜਾਂਦਾ ਸੀ । ਉਸਦਾ ਆਪਣਾ ਸਾਹ, ਬਾਹਰ ਨਿਕਲਦਿਆਂ ਹੀ ਧੂਆਂ ਜਿਹਾ ਬਣਦਾ ਤੇ ਫੇਰ ਉਨਾਂ ਦੂਧੀਆ ਸਾਇਆਂ ਨਾਲ ਇਕ ਮਿਕ ਹੋ ਜਾਂਦਾ ਤੇ ਗਵਾਚ ਜਾਂਦਾ।
ਹਰ ਪਾਸੇ ਚੁਪ ਚਾਂ ਸੀ । ਸਾਰੀ ਫ਼ਿਜ਼ਾ ਨੀਂਦ ਵਿਚ ਗੜੂੰਦ ਸੀ ਤੇ ਉਸ ਨੂੰ ਇਸ ਤਰ੍ਹਾਂ ਭਾਸਿਆ, ਜਿਵੇਂ ਇੰਡੀਆ ਗੇਟ ਇਕ ਮਹਾਨ ਪਹਾੜ ਹੈ । ਜਿਸ ਨੇ ਕਿਸੇ ਅਥਾਹ ਗੋਰਵ ਨਾਲ ਆਪਣੀ ਧੌਣ ਅਕੜਾਈ ਹੋਈ ਹੈ ਤੇ ਧੁੰਦ ਦੇ ਦੂਧਿਆ ਗੋੜਿਆਂ ਨੇ ਉਸ ਨੂੰ ਇਕ ਚਾਦਰ ਵਾਂਗ ਢਕ ਰਖਿਆ ਹੈ । ਉਹ ਇੰਡੀਆ ਗੇਟ ਦੇ ਸਾਹਮਣੇ ਸਿੱਧਾ ਸਤੀਰ ਖੜਾ ਹੋ ਗਿਆ । ਉਸ ਨੇ ਵੀ ਆਪਣੀ ਧੌਣ ਅਕੜਾਈ ਤੇ ਹੌਲੀ ਹੌਲੀ ਸਰਕਾਂਦਾ ਹੋਇਆ ਆਪਣੀਆਂ ਨਜ਼ਰਾਂ, ਇੰਡੀਆ ਗੇਟ ਦਿਆਂ ਪੈਰਾਂ ਤੋਂ ਚੋਟੀ ਤੀਕ ਲੈ ਗਿਆ । ਉਸ ਨੂੰ ਇਸ ਤਰ੍ਹਾਂ ਭਾਸਿਆਂ ਜਿਵੇਂ ਇੰਡੀਆ ਗੇਟ ਉਹ ‘ਐਟਲਸ' ਦੇਵ ਹੈ ਜਿਸ ਦੀ ਇਕ ਟੰਗ ਪੂਰਬ ਵਿਚ ਹੁੰਦੀ ਸੀ ਤੇ ਦੁਸਰੀ ਪੱਛਮ ਵਿਚ। ਉਸ ਦੀ ਇਕ ਲਾਂਗ ਵਿਚ ਸਾਰੀ ਦੁਨੀਆਂ ਸਮਾਂ ਜਾਂਦੀ ਸੀ। ਤੇ ਇੰਡੀਆ ਗੇਟ ਦੇ ਵਿਚੋਂ ਦੀ ਲੰਘਦੀ ਹੋਈ ਸੜਕ ਜਾਰਜ ਪੰਜਵੇਂ ਦੇ ਬੁੱਤ ਤੋਂ ਲੈ ਕੇ ਵੈਸਰੀਗਲ ਲਾਜ ਤੀਕਰ ਚੁਪ ਲੇਟੀ ਰਹੀ। ਇੰਡੀਆ ਗੇਟ ਦੀ ਚੋਟੀ ਤੇ ਲਗੀ ਮਾਖਿਉਂ ਦੀ ਛਲੀ ਤੇ ਸਦਾ ਵਾਂਗ ਮਖਿਆਰੀਆਂ ਬੈਠੀਆਂ ਰਹੀਆਂ। ਸ਼ਾਇਦ ਮਾਖਿਉਂ ਦੀ ਮਿੱਠਤ ਨਾਲੋਂ ਕਿਤੇ ਵਧੇਰੇ ਫਿਜ਼ਾ ਦੀ ਠੰਡਕ ਉਨਾਂ ਨੂੰ ਆਪਣੀ ਥਾਂ ਤੋਂ ਹਿੱਲਣ ਨਹੀਂ ਸੀ ਦਿੰਦੀ।
ਉਹ ਬਹੁਤ ਦੇਰ ਤੀਕ ਉਥੇ ਘੁੰਮਦਾ ਰਿਹਾ। ਇਥੋਂ ਤੀਕ ਕਿ ਸੂਰਜ ਨਿਕਲਣ ਦਾ ਵੇਲਾ ਹੋ ਗਿਆ। ਪਾਰਕ ਵਿਚ ਜਗਦੀਆਂ ਨੀਲੀਆਂ ਰੋਸ਼ਨੀ ਬੁਝ ਗਈਆਂ। ਦੂਰ ਪੂਰਬ ਵਿਚ ਖਿੰਡ ਰਹੀ ਉਸ਼ਾ ਦੀ ਤੀਬਰ ਲੋ, ਹਰ ਪਾਸੇ ਸੰਸਾਰ ਵਿਚ ਫੈਲਣ ਲਗੀ। ਉਸ ਦੀਆਂ ਅੱਖੀਆਂ ਸਾਹਮਣੇ ਤਰ ਰਹੇ ਧੁੰਧ ਦੇ ਦੂਧਿਆ ਸਾਏ ਹੌਲੀ ਹੌਲੀ ਓਝਲ ਹੋਣ ਲਗੇ। ਇੰਡੀਆ ਗੇਟ ਦੀ ਨੁਹਾਰ ਹੋਰ ਉਘੜਨ ਲਗੀ। ਉਸ ਨੂੰ ਪਹਿਲੀ ਵਾਰੀ ਇਸ ਗੱਲ ਦਾ ਗਿਆਨ ਹੋਇਆ ਕਿ ਇੰਡੀਆ ਗੇਟ ਦੀਆਂ ਉੱਚੀਆਂ ਡਾਟਾਂ ਦੇ ਸਿਖਰ ਤੇ ਮਖਿਆਰੀਆਂ ਦੀ ਇਕ ਵੱਡੀ ਸਾਰੀ ਛੱਲੀ ਲਗੀ ਹੋਈ ਹੈ। ਦੂਸਰੀ ਗੱਲ ਜਿਹੜੀ ਉਸ ਨੇ ਮਹਿਸੂਸੀ ਉਹ ਉਨਾਂ ਅਣਗਿਣਤ ਨਾਵਾਂ ਬਾਬਤ ਸੀ ਜਿਹੜੇ ਇੰਡੀਆ ਗੇਟ ਤੇ ਉਕਰੇ ਹੋਏ ਸਨ। ਇਨ੍ਹਾਂ ਨਾਵਾਂ ਨੇ ਇਕ ਲੱਬਾਦੇ ਵਾਂਗ ਇੰਡੀਆ ਗੇਟ ਨੂੰ ਢੱਕ ਰਖਿਆ ਸੀ। ਤੇ ਥੋੜੀ ਦੇਰ ਪਿਛੋਂ ਜਦੋਂ ਸੂਰਜ ਦੀਆਂ ਤੀਖਣ ਕਿਰਣਾਂ ਫਿਜ਼ਾਵਾਂ ਨੂੰ ਚੀਰਦੀਆਂ ਹੋਈਆਂ ਇੰਡੀਆ ਗੇਟ ਤੀਕ ਅੱਪੜਨ ਲਗੀਆਂ ਤਾਂ ਉਸ ਨੇ ਪੜ੍ਹਿਆ, "ਇੰਡੀਆ ਗੇਟ ਉਨ੍ਹਾਂ ਮਹਾਨ ਯੋਧਿਆਂ ਦੀ ਯਾਦਗਾਰ ਹੈ, ਜਿਨ੍ਹਾਂ ਨੇ ਦੂਰ ਪੱਛਮ ਵਿਚ, ਅਰਬ ਵਿਚ, ਇਰਾਕ ਵਿਚ, ਮਿਸਰ ਵਿਚ ਤੇ ਮੈਸੋਪੋਟੇਮੀਆਂ: ਵਿਚ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਅੰਤ ਸ਼ਹੀਦ ਹੋ ਗਏ"।
"--ਕੌਣ ਵੈਰੀ ਹੈ ਤੇ ਕੌਣ ਮਿੱਤਰ! ਕੌਣ ਅਣਆਈ ਮੌਤ ਮਾਰਿਆ ਗਿਆ ਤੇ ਕੌਣ ਸ਼ਹੀਦ ਹੋਇਆ--ਉਹ ਸੋਚਦਾ ਰਿਹਾ। ਤੇ ਆਪ ਮੁਹਾਰੇ ਹੀ ਇੰਡੀਆ ਗੇਟ ਦੀ ਸਤਹ ਤੇ ਜੰਮਿਆ ਕੋਰਾ ਸੂਰਜ ਦੀਆਂ ਕਿਰਣਾਂ ਨਾਲ ਪਾਣੀ ਵਾਂਗ ਫਿਸਲਨ ਲਗਾ। ਧਰਤੀ ਤੇ ਟਿਪ ਟਿਪ ਪਾਣੀ ਦੇ ਟੇਪੇ ਕਰ ਰਹੇ ਸਨ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਅਣਗਿਣਤ ਅੱਖੀਆਂ ਅਥਰੂ ਵੀਟ ਰਹੀਆਂ ਹਨ। ਇੰਡੀਆ ਗੇਟ ਰੋ ਰਿਹਾ ਹੈ। ਇੰਡੀਆ ਗੇਟ ਦੀਆਂ ਰੂਹਾਂ ਰੋ ਰਹੀਆਂ ਹਨ। ਦੂਰ ਪਛਮ ਵਿਚ, ਇਰਾਨ ਅਤੇ ਮੈਸੋਪੋਟੇਮੀਆਂ ਵਿਚ ਲੜਨ ਵਾਲੇ ਸਿਪਾਹੀਆਂ ਦੀਆਂ ਅਣਗਿਣਤ ਔਖੀਆਂ ਅਥਰੂ ਵੀਟ ਰਹੀਆਂ ਹਨ।
"ਇਹ ਕੀ ਰਾਜ਼ ਹੈ? ਉਹ ਜਾਨਣਾ ਚਾਹੁੰਦਾ ਸੀ। ਇਨ੍ਹਾਂ ਅਥਰੂਆਂ ਦਾ ਪਛੋਕੜ ਕੀ ਹੈ?" ਉਸ ਦੀ ਸੋਚ ਉਸ ਨੂੰ ਆਪਣੇ ਨਾਲ ਉਡਾ ਕੇ ੧੮੫੭ ਦੀ ਉਸ ਸਵੇਰ ਵਿਚ ਲੈ ਗਈ ਜਦੋਂ ਭਾਰਤ ਦੇ ਕੋਨੇ ਕੋਨੇ ਵਿਚ ਬਦੇਸ਼ੀ ਸਾਮਰਾਜ ਦੇ ਖਿਲਾਫ਼ ਜਦੋਂ ਜਹਿਦ ਹੋ ਰਹੀ ਸੀ। ਜਦੋਂ ਇਕ ਇਕ ਹਿੰਦੁਸਤਾਨੀ ਸਿਪਾਹੀ ਜਿਸ ਨੇ ਕਿ ਵਫ਼ਾ ਦੀ ਕਸਮ ਖਾਦੀ ਸੀ, ਬੇਵਫ਼ਾਈ ਤੇ ਤੁਲ ਰਿਹਾ ਸੀ। ਪਰ ਉਹ ਜਾਣਦੇ ਸਨ ਇਹ ਬੇਵਫ਼ਾਈ ਨਹੀਂ ਸੀ, ਦੇਸ਼ ਭਗਤੀ ਸੀ। ਇਹ ਸਤ ਅਤੇ ਅਸੱਤ ਦੀ ਲੜਾਈ ਸੀ। ਪਰ ਉਹ ਸਮਝ ਨਾ ਸਕਿਆ ਦੂਰ ਪੱਛਮ ਵਿਚ ਲੜੀ ਜਾ ਰਹੀ ਲੜਾਈ ਵਿਚ ਸ਼ਹੀਦ ਹੋਣਾ ਕਿਥੋਂ ਦੀ ਸਿਆਣਪ ਸੀ ਤੇ ਸ਼ਹੀਦ ਹੋਣ ਵਾਲੇ ਹਿੰਦੁਸਤਾਨੀ ਯੋਧਿਆਂ ਨੇ ਇਸ ਵਿਚ ਕੀ ਬਿਹਤਰੀ ਵੇਖੀ ਸੀ।
"ਸ਼ੇਰ ਸਿੰਘ" ਉਸ ਨੇ ਨਾਉਂ ਪੜ੍ਹਿਆ ਤੇ ਜਿਵੇਂ ਸਚ ਮੁਚ ਸ਼ੇਰ ਸਿੰਘ ਉਸ ਦੇ ਸਾਹਮਣੇ ਆ ਕੇ ਖਲੋ ਗਿਆ ਸੀ। ਇਹ ਇਕ ਛੇ ਫੁੱਟ ਉਚੇ ਕੱਦ ਵਾਲਾ ਸੁਨੱਖਾ ਨੌਜਵਾਨ ਸੀ। ਉਸ ਦੇ ਭਰਵੇਂ ਚਿਹਰੇ ਤੇ ਇਕ ਬਾਰੋਅਬ ਦਾੜ੍ਹੀ ਸੀ। ਕੁੰਡਲੀਆਂ ਮੁੱਛਾਂ ਸਨ। ਚੌੜੀ ਚਕਲੀ ਉਸ ਦੀ ਛਾਤੀ ਸੀ ਤੇ ਬਾਹਵਾਂ ਅਸਪਾਤ ਦੀਆਂ ਸਨ। ਸਾਫ਼ ਜਾਪਦਾ ਸੀ ਉਸ ਦੀ ਮਜ਼ਬੂਤ ਛਾਤੀ ਵਿਚ ਸਚ ਮੁਚ ਸ਼ੇਰ ਦਾ ਕਲੇਜਾ ਹੈ। ਪਰ ਖ਼ਬਰੇ ਫਿਰ ਵੀ ਕਿਉਂ ਉਸ ਦੇ ਚਿਹਰੇ ਤੇ ਕੋਈ ਰੌਣਕ ਨਹੀਂ ਸੀ ਤੇ ਉਸ ਦਾ ਚਿਹਰਾ ਫਿੱਕਾ ਸੀ ਤੇ ਉਦਾਸ ਤੇ ਉਸ ਨੇ ਆਪ ਮੁਹਾਰੇ ਹੀ ਆਖਿਆ "ਪਰਦੇਸੀ ਤੂੰ ਮੇਰੀ ਕਹਾਣੀ ਸੁਨਣਾ ਚਾਹੁੰਦਾ ਹੈਂ। ਸੁਣ, ਮੈਂ ਇਕ ਪੰਜਾਬੀ ਹਾਂ। ਦੂਰ ਪੰਜਾਬ ਦਿਆਂ ਹਰਿਆਂ ਖੇਤਾਂ ਨਾਲ ਭਰਪੂਰ ਮੇਰਾ ਇਕ ਪਿੰਡ ਹੈ। ਕਦੀ ਮੈਂ ਉਥੇ ਰਹਿੰਦਾ ਸਾਂ। ਹਾਂ ਇਹ ਉਦੋਂ ਦੀ ਗਲ ਹੈ ਜਦੋਂ ਮੈਂ ਉਥੇ ਰਹਿੰਦਾ ਸਾਂ। ਜਦੋਂ ਮੈਂ ਆਪਣੇ ਆਪ ਨੂੰ ਪੰਜਾਬ ਦੇ ਉਨ੍ਹਾਂ ਹਰੇ ਹਰੇ ਖੇਤਾਂ ਦਾ ਪੁਤਰ ਆਖ ਸਕਦਾ ਸਾਂ। ਮੇਰੀ ਉਮਰ ੧੪ ਸਾਲ ਦੀ ਸੀ। ਮੈਂ ਆਪਣੇ ਪਿੰਡ ਤੋਂ ਸਤ ਮੀਲ ਦੂਰ, ਲਾਗਲੇ ਸ਼ਹਿਰ ਦੇ ਇਕ ਸਕੂਲ ਦੀ ਨਾਵੀਂ ਜਮਾਤ ਵਿਚ ਪੜ੍ਹਦਾ ਸਾਂ। ਸ਼ਾਇਦ ਤੂੰ ਜਾਣਦਾ ਹੋਵੇਗਾ ਪਰਦੇਸੀ, ਖੇਤਾਂ ਦੀ ਹਰਿਆਵਲੀ ਤੋਂ ਪੈਦਾ ਹੋਏ ਬੱਚੇ ਆਪਣੇ ਆਪ ਵਿਚ ਇਕ ਤਾਜ਼ਗੀ ਰਖਦੇ ਹਨ। ਤੇ ਇਹੋ ਹੀ ਉਨ੍ਹਾਂ ਦੀ ਰੂਹ ਨੂੰ ਪਾਲਦੀ ਤੇ ਜਵਾਨ ਕਰਦੀ ਹੈ। ਤੇ ਇਸੇ ਰੂਹ ਨੇ ਮੈਨੂੰ ਤੇ ਮੋਰੇ ਹੋਰ ਅਨੇਕਾਂ ਸਾਥੀਆਂ ਨੂੰ ਵਕਤ ਤੋਂ ਪਹਿਲਾਂ ਹੀ ਜਵਾਨ ਕਰ ਦਿੱਤਾ ਸੀ। ਅਸੀਂ ਚੌਦਾਂ ਚੌਦਾਂ, ਪੰਦਰਾਂ ਪੰਦਰਾਂ ਸਾਲਾਂ ਦੇ ਹੁੰਦੇ ਹੋਏ ਵੀ ਚੰਗੇ ਗਭਰੂ ਦਿਸਦੇ ਸਾਂ।
ਓਨ੍ਹੀਂ ਦਿਨੀਂ ਵੱਡੀ ਲਾਮ ਲਗ ਪਈ ਸੀ। ਸਾਡਿਆਂ ਸਕੂਲਾਂ ਵਿਚ ਸਰਕਾਰੀ ਆਰਡਰ ਆਏ ਸਨ, ਭਰਤੀ ਹੋਣ ਵਾਲੇ ਮੁੰਡਿਆਂ ਨੂੰ ਪਾਸ ਕਰ ਦਿੱਤਾ ਜਾਵੇਗਾ। ਉਨ੍ਹਾਂ ਦਿਆਂ ਮਾਪਿਆਂ ਨੂੰ ਵਜ਼ੀਫ਼ੇ ਦਿੱਤੇ ਜਾਣਗੇ, ਉਨ੍ਹਾਂ ਨੂੰ ਚੰਗੀ ਖੁਰਾਕ, ਚੋਖੀ ਤਨਖ਼ਾਹ ਤੇ ਤੁਰਤ ਤਰੱਕੀ ਦਿੱਤੀ ਜਾਵੇਗੀ, ਤੇ ਪਤਾ ਨਹੀਂ ਕਿਉਂ ਸਾਡੇ ਅੰਦਰ ਇਕ ਲਹਿਰ ਜਹੀ ਫਿਰ ਗਈ ਸੀ, ਅਸੀਂ ਕਿਸੇ ਅਣ-ਡਿਠੇ ਰਸ ਨੂੰ ਮਾਨਣ ਦੇ ਸੁਪਨੇ ਦੇਖਣ ਲਗ ਪਏ ਸਾਂ, ਅਸੀਂ ਆਪ ਮੁਹਾਰੇ ਹੀ ਗਾਉਂਦੇ ਫਿਰਦੇ ਸਾਂ।
ਭਰਤੀ ਹੋ ਜਾਣਾ,
ਹੋ ਜਾਣਾ ਰੰਗਰੂਟ, ਭਰਤੀ ਹੋ ਜਾਣਾ,
ਇਥੇ ਤਾਂ ਮਿਲਦੀ
ਡਾਂਗ ਫੜਨ ਨੂੰ,
ਓਥੇ ਮਿਲੇਗੀ ਬੰਦੂਕ, ਭਰਤੀ ਹੋ ਜਾਣਾ,
ਇਥੇ ਤਾਂ ਮਿਲਦੇ
ਸੁੱਕੇ ਤਰਪੜ
ਓਥੇ ਮਿਣਗੇ ਬੂਟ, ਭਰਤੀ ਹੋ ਜਾਣਾ
ਹੋ ਜਾਣਾ ਰੰਗਰੂਟ, ਭਰਤੀ ਹੋ ਜਾਣਾ।
ਤੇ ਫੇਰ ਅਸੀਂ ਭਰਤੀ ਹੋ ਗਏ! ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ! ਮੈਂ ਤੇ ਮੇਰੇ ਵਤਨੀ। ਆਪਣੀ ਸਰਕਾਰ ਦੀ ਮਦਦ ਖਾਤਰ, ਆਪਣੀਆਂ ਜਗੀਰਾਂ ਦੀ ਰਖਵਾਲੀ ਖਾਤਰ। ਕਹਿੰਦੇ ਹਨ-ਕੁੱਤਾ ਵਫ਼ਾਦਾਰ ਜਾਨਵਰ ਹੈ, ਪਰ ਪਰਦੇਸੀ ਅਸੀਂ ਕੁਤਿਆਂ ਤੋਂ ਭੀ ਜ਼ਿਆਦਾ ਵਫ਼ਾਦਾਰ ਸਾਂ। ਲੜਾਈ ਦੂਰ ਪੱਛਮ ਵਿਚ ਹੋ ਰਹੀ ਸੀ। ਅੰਗਰੇਜ਼ ਜਰਮਨਾਂ ਨਾਲ ਭਿੜ ਰਹੇ ਸਨ, ਇਕ ਆਜ਼ਾਦ ਦੇਸ਼ ਦੂਜੇ ਆਜ਼ਾਦ ਦੇਸ਼ ਨਾਲ ਆਪਣਿਆਂ ਅਸੂਲਾਂ ਕਾਰਣ ਲੜ ਰਿਹਾ ਸੀ, ਪਰ ਅਸੀਂ ਵਫ਼ਾਦਾਰ ਕੁਤਿਆਂ ਵਾਂਗ ਆਪਣੇ ਮਾਲਕ ਨਾਲ ਲੜਨ ਵਾਲੇ ਮਨੁੱਖਾਂ ਨੂੰ ਪਾੜ ਖਾਣਾ ਲੋਚਦੇ ਸਾਂ।
"ਅਸੀਂ ਜਰਮਨ ਮਾਰ ਮੁਕਾਵਾਂਗੇ,
ਅਸੀਂ ਘਰ ਘਰ ਬਾਘੀ ਪਾਵਾਂਗੇ।"
ਸਾਡਾ ਪਿਆਰਾ ਗੀਤ ਸੀ। ਤੇ ਸਚ ਮੁਚ ਅਸੀਂ ਘਰ ਘਰ ਬਾਘੀਆਂ ਪਾਈਆਂ। ਅਸੀਂ ਦੁਰ ਪੱਛਮ ਵਿਚ, ਮਿਸਰ ਤੇ ਮੈਸੋਪੋਟੇਮੀਆ ਵਿਚ ਡਟ ਕੇ ਲੜੇ ਸਾਂ। ਸਾਨੂੰ ਦਸਿਆ ਗਿਆ, ਅਸੀਂ ਬੜੀ ਬਹਾਦਰੀ ਨਾਲ ਲੜੇ ਸਾਂ, ਤੇ ਸਚ ਮੰਨ ਪਰਦੇਸੀ, ਉਸ ਵੇਲੇ ਅਸੀਂ ਬੜੇ ਖੁਸ਼ ਹੋਏ ਸਾਂ। ਤੇ ਜਦੋਂ ਅਸੀਂ ਲੜਦੇ ਲੜਦੇ ਮਰ ਗਏ, ਸਾਨੂੰ ਦਸਿਆ ਗਿਆ, ਪਰਦੇਸੀ। ਅਸੀਂ ਮਰੇ ਨਹੀਂ ਸਾਂ ਸ਼ਹੀਦ ਹੋਏ ਸਾਂ। ਸ਼ਹੀਦ ਹੋਣਾ ਕਿਤਨਾ ਸੌਖਾ ਹੈ। ਇਹ ਸਾਨੂੰ ਉਦੋਂ ਪਤਾ ਲਗਿਆ। ਮਰ ਜਾਣ ਪਿਛੋਂ ਮੇਰੇ ਜਿਸਮ ਨੂੰ ਇਕ ਲਿਸ਼ ਲਿਸ਼ ਕਰਦੇ ਮੈਡਲ ਨਾਲ ਸ਼ਿੰਗਾਰਿਆ ਗਿਆ ਤੇ ਮੇਰੀ ਰੂਹ ਨੂੰ ਬੜੇ ਅਦਬ ਨਾਲ ਸਦਾ ਸਦਾ ਲਈ ਇੰਡੀਆ ਗੇਟ ਦੇ ਇਸ ਅਜਾਇਬ ਘਰ ਵਿਚ ਚਿਣ ਦਿਤਾ ਗਿਆ। ਤੇ ਅਜ ਮੈਂ ਗਮਗੀਨ ਹਾਂ, ਪਰਦੇਸੀ, ਉਨ੍ਹਾਂ ਦੇ ਸਾਰੇ ਵਾਇਦੇ ਵਿਅਰਥ ਨਿਕਲੇ। ਮੈਂ ਉਨ੍ਹਾਂ ਦਾ ਕੋਈ ਲਾਭ ਨਾ ਉਠਾ ਸਕਿਆ।"
"ਸ਼ੇਰ ਸਿੰਘ ਸਚ ਕਹਿੰਦਾ ਹੈ।" ਉਸ ਦਿਆਂ ਕੰਨਾਂ ਵਿਚ ਗੂੰਜ ਉਠਿਆ। ਜਿਵੇਂ ਇੰਡੀਆ ਗੇਟ ਤੇ ਉਕਰੇ ਅਨਗਿਣਤ ਨਾਂ ਇਕ ਵਾਰ ਹੀ ਚੀਖ਼ ਉਠੇ ਸਨ। ਜਿਵੇਂ ਉਹ ਸਾਰੇ ਇਸ ਨਾਲ ਸਹਿਮਤ ਸਨ ਜਿਵੇਂ ਇਹ ਉਨ੍ਹਾਂ ਸਾਰਿਆਂ ਦੀ ਸਾਂਝੀ ਕਹਾਣੀ ਸੀ।
"ਨਹੀਂ ਸ਼ੇਰ ਸਿੰਘ ਗ਼ਲਤ ਕਹਿੰਦਾ ਹੈ।" ਉਸ ਦਿਆਂ ਕੰਨਾਂ ਵਿਚ ਇਕ ਹੋਰ ਆਵਾਜ਼ ਗੂੰਜੀ। ਇਹ ਇਕ ਮਹੀਨ ਨਹੀਂ ਕਮਜ਼ੋਰ ਆਵਾਜ਼ ਸੀ ਤੇ ਆਵਾਜ਼ ਦੇ ਨਾਲ ਹੀ ਇਕ ਮਰੀਅਲ ਜਿਹਾ ਇਨਸਾਨ ਜਿਸ ਨੂੰ ਹੱਡੀਆਂ ਦਾ ਢਾਂਚਾ ਆਖਣਾ ਵਧੇਰੇ ਯੋਗ ਹੈ, ਉਸ ਦੇ ਸਾਹਮਣੇ ਰੀਂਗਦਾ ਹੋਇਆ ਆ ਖਲੋਤਾ।
"ਤੂੰ ਕੌਣ ਵੇਂ?" ਉਸ ਨੇ ਪੁਛਿਆ।
"ਤੂੰ ਮੈਨੂੰ ਨਹੀਂ ਜਾਣਦਾ। ਕਿਤਨੀ ਅਜੀਬ ਹੈ ਇਹ ਗੱਲ। ਇਹ ਮੈਂ ਕਦੀ ਵੀ ਨਹੀਂ ਮੰਨ ਸਕਦਾ। ਵੇਖ ਆਪਣੇ ਦੋਸਤ ਨੂੰ ਪਛਾਣ। ਮੇਰੇ ਸਾਥੀ, ਮੇਰਾ ਨਾਮ ਹਿੰਦੁਸਤਾਨ ਹੈ। ਸ਼ਾਇਦ ਤੂੰ ਮੈਨੂੰ ਹੁਣ ਪਛਾਣ ਲਿਆ ਹੋਵੇਗਾ। ਅਸਲ ਵਿਚ ਇਹ ਮੇਰਾ ਬਨਾਉਟੀ ਨਾਂ ਹੈ। ਮੇਰਾ ਅਸਲੀ ਨਾਂ ਹੈ ਭੁੱਖ। ਕੁਝ ਲੋਕ ਮੈਨੂੰ ਰੋਟੀ ਵੀ ਆਖਦੇ ਹਨ। ਪਰ ਬਹੁਤ ਲੋਕ ਮੈਨੂੰ ਭੁਖ ਕਰਕੇ ਹੀ ਜਾਣਦੇ ਹਨ। ਕੀ ਕਿਹਾ ਮੈਂ ਰਹਿੰਦਾ ਕਿਥੇ ਹਾਂ? ਵਾਹ ਸਾਰਾ ਦੇਸ਼ ਮੇਰੀ ਜਾਗੀਰ ਹੈ। ਪਰ ਤੈਨੂੰ ਇਸ ਨਾਲ ਕੀ?" ਹਾਂ ਮੈਂ ਤੈਨੂੰ ਆਪਣੀ ਕਹਾਣੀ ਸੁਣਾਨ ਲਗਾ ਸਾਂ। ਇਹ ਗੱਲ ਉਸ ਜ਼ਮਾਨੇ ਦੀ ਹੈ ਜਿਸ ਦਾ ਜ਼ਿਕਰ ਸ਼ੇਰ ਸਿੰਘ ਨੇ ਕੀਤਾ ਹੈ। ਉਨ੍ਹੀ ਦਿਨੀਂ ਮੈਂ ਇਕ ਪਿੰਡ ਵਿਚ ਰਹਿੰਦਾ ਸਾਂ। ਕੱਖਾਂ ਨਾਲ ਛੱਤੀ ਮੇਰੀ ਇਕ ਕੁਲੀ ਸੀ ਜਿਥੇ ਮੈਂ ਆਪਣੇ ਪੰਜ ਬਚਿਆਂ ਸਣੇ ਰਹਿੰਦਾ ਸਾਂ। ਛੇਵੀਂ ਮੇਰੀ ਬੀਵੀ ਸੀ ਤੋਂ ਸਤਵਾਂ ਮੈਂ ਆਪ। ਮੇਰਾ ਸਭ ਤੋਂ ਛੋਟਾ ਬੱਚਾ ਸਰਦੀ ਲਗ ਜਾਣ ਦੇ ਕਾਰਣ ਮਾਂ ਦੀ ਝੋਲੀ ਵਿਚ ਦੰਮ ਤੋੜ ਰਿਹਾ ਸੀ। ਪਰ ਮੇਰੇ ਪਾਸ ਇਤਨੇ ਪੈਸੇ ਨਹੀਂ ਸਨ ਕਿ ਮੈਂ ਸਾਰਿਆਂ ਬਚਿਆਂ ਨੂੰ ਪੇਟ ਭਰ ਕੇ ਰੋਟੀ ਖਵਾ ਸਕਾਂ। ਉਨ੍ਹੀਂ ਦਿਨੀਂ ਦੇਸ਼ ਵਿਚ ਕਾਲ ਵੀ ਪੈ ਗਿਆ ਸੀ ਭੁਖ ਨਾਲ ਮੇਰੇ ਬਚੇ ਵਿਲਕ ਰਹੇ ਸਨ। ਮੈਂ ਆਪ ਭੁੱਖਾ ਸਾਂ, ਮੇਰੀ ਬੀਵੀ ਭੁਖੀ ਸੀ, ਮੇਰੇ ਬਚੇ ਭੁਖੇ ਸਨ। ਤੇ ਉਨ੍ਹਾਂ ਨੇ ਮੈਨੂੰ ਆਖਿਆ, "ਅਸੀਂ ਤੈਨੂੰ ਰੋਟੀ ਦੋਵਾਂਗੇ" ਤੇ ਮੈਂ ਉਨ੍ਹਾਂ ਦੇ ਨਾਲ ਤੁਰ ਪਿਆ। ਉਹ ਮੈਨੂੰ ਆਪਣੇ ਨਾਲ ਦੂਰ ਪੱਛਮ ਵਿਚ ਲੈ ਗਏ। ਉਨ੍ਹਾਂ ਨੇ ਮੈਨੂੰ ਰੋਟੀ ਦਿਤੀ ਪਰ ਨਾਲ ਹੀ ਮੇਰੇ ਹਥ ਵਿਚ ਬੰਦੂਕ ਵੀ ਫੜਾ ਦਿੱਤੀ। ਤੇ ਆਖਰ ਮੈਂ ਮਰ ਗਿਆ। ਉਨਾਂ ਨੇ ਮਰਨ ਪਿਛੋਂ ਮੇਰੇ ਕੰਨ ਵਿਚ ਫੂਕਿਆ, "ਹਿੰਦੁਸਤਾਨ ਟੁਮ ਮਰਾ ਨਹੀਂ, ਟੂਮ ਸ਼ਹੀਦ ਹੈ।" ਤੇ ਮੇਰੀ ਰੂਹ ਨੂੰ ਆਪਣੇ ਨਾਲ ਲਿਆ ਕੇ ਸਦਾ ਸਦਾ ਲਈ ਇਸ ਇੰਡੀਆ ਗੇਟ ਦੇ ਪਿੰਜਰੇ ਵਿਚ ਕੈਦ ਕਰ ਦਿੱਤਾ।
ਉਸ ਦੀਆਂ ਅੱਖਾਂ ਵਿਚ ਅਥਰੂ ਛਲਕ ਰਹੇ ਸਨ। "ਅਜ ਕਈ ਸਾਲ ਹੋ ਗਏ ਹਨ। ਮੈਂ ਮਰ ਗਿਆ ਹਾਂ, ਪਰ ਮੇਰੀ ਬੀਵੀ ਜੀਉਂਦੀ ਹੈ। ਮੇਰੇ ਬਚੇ ਜਿਉਂਦੇ ਹਨ। ਪਰ ਮੇਰੇ ਦੋਸਤ ਮੈਨੂੰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਉਨ੍ਹਾਂ ਨੇ ਮੇਰੀ ਬੀਵੀ ਤੇ ਮੇਰੇ ਬਚਿਆਂ ਦਾ ਕੋਈ ਪ੍ਰਬੰਧ ਨਾ ਕੀਤਾ। ਮੇਰੀ ਬੀਵੀ ਭੁੱਖੀ ਦੀ ਭੁੱਖੀ ਰਹੀ। ਮੇਰੇ ਬਚੇ ਭੁਖੇ ਦੇ ਭੁਖੇ ਹੀ ਰਹੇ। ਉਫ਼ ਕਿਤਨੀ ਸਰਦੀ ਹੈ। ਠੰਡ ਨਾਲ ਮੇਰਾ ਜਿਸਮ ਸੜ ਰਿਹਾ ਹੈ ਤੇ ਮੇਰੇ ਬਚਿਆਂ ਪਾਸ ਤੰਨ ਢਕਣ ਨੂੰ ਕਪੜਾ ਨਹੀਂ--ਖਾਣ ਨੂੰ ਰੋਟੀ ਨਹੀਂ। ਅਫ਼ਸੋਸ ਮੇਰੇ ਬਚੇ, ਇਕ ਸ਼ਹੀਦ ਬਾਪ ਦੇ ਬਚੇ। ਮੋਰੇ ਦੋਸਤ ਇਕ ਸ਼ਹੀਦ ਬਾਪ ਜੋ ਆਪਣੇ ਪੇਟ ਲਈ ਲੜਿਆ ਸੀ। ਪੱਛਮ ਦੀ ਮਹਾਨ ਲੜਾਈ ਜਿਸ ਲਈ ਭੁੱਖ ਅਤੇ ਰੋਟੀ ਦੀ ਲੜਾਈ ਸੀ, ਪੇਟ ਤੇ ਗੁਲਾਮੀ ਦੀ ਲੜਾਈ ਸੀ।" ਤੇ ਉਹ ਜ਼ਾਰੋ ਜ਼ਾਰ ਰੋਣ ਲਗ ਪਿਆ।
ਉਸ ਨੇ ਉਸ ਨੂੰ ਸਹਾਰਾ ਦਿੱਤਾ ਤੇ ਆਖਿਆ। ਕਈ ਗੱਲ ਨਹੀਂ ਬਾਬਾ ਤੂੰ ਰੋ ਨਾ।" ਉਹ ਮਦਾਰੀ ਜੋ ਭਰਾ ਨੂੰ ਭਰਾਂ ਨਾਲ ਲੜਾ ਸਕਦਾ ਸੀ ਕੇਵਲ ਰੋਟੀ ਦੀ ਇਕ ਬੁਰਕੀ ਲਈ। ਹੁਣ ਚਲਾ ਗਿਆ ਹੈ। ਹੁਣ ਸਾਡੇ ਦੇਸ਼ ਵਿਚ ਸਾਡਾ ਆਪਣਾ ਰਾਜ ਹੈ। ਹੁਣ ਸਾਡੇ ਦੇਸ਼ ਵਿਚ ਕੋਈ ਨੰਗਾ ਨਹੀਂ ਰਹਿਣ ਲਗਾ, ਭੁੱਖਾ ਨਹੀਂ ਰਹਿਣ ਲਗਾ। ਸਾਡੇ ਦੇਸ਼ ਵਿਚ ਕਪੜਾ ਆਮ ਹੋਵੇਗਾ। ਸਾਡੇ ਦੇਸ਼ ਵਿਚ ਦੁੱਧ ਦੀਆਂ ਨਹਿਰਾਂ ਵਗਣਗੀਆਂ। ਸਾਡਾ ਦੇਸ਼ ਹੁਣ ਸਵਰਗ ਬਣ ਜਾਵੇਗਾ। ਹੁਣ ਤੇਰੀ ਬੀਵੀ ਭੁਖੀ ਨਹੀਂ ਰਹੇਗੀ, ਹੁਣ ਤੇਰੇ ਬਚੇ ਭੁੱਖੇ ਨਹੀਂ ਰਹਿਣਗੇ --" ਉਹ ਹੋਰ ਵੀ ਬਹੁਤ ਕੁਝ ਆਖਣਾ ਚਾਹੁੰਦਾ ਸੀ ਪਰ ਇਕ ਦੰਮ ਬੁੱਢੇ ਨੇ ਆਪਣੇ ਦੋਹਾਂ ਕੰਨਾਂ ਤੇ ਹਥ ਧਰ ਲਏ। ਉਸ ਨੇ ਨਹੀਂ ਵਿਚ ਆਪਣਾ ਸਿਰ ਹਿਲਾਇਆ ਤੇ ਆਖਿਆ "ਨਹੀਂ ਇਹ ਸਭ ਝੂਠ ਹੈ। ਇਹ ਸਭ ਧੋਖਾ ਹੈ। ਮੈਂ ਮੰਨ ਨਹੀਂ ਸਕਦਾ।" ਉਹ ਆਪਣਾ ਸਿਰ ਹਿਲਾਉਂਦਾ ਰਿਹਾ ਤੇ ਅਥਰੂ ਉਸ ਦੀਆਂ ਅੱਖੀਆਂ ਵਿਚ ਡਲ੍ਹਕਦੇ ਰਹੇ।
ਉਹ ਫਿਰ ਬੋਲਿਆ "ਮੈਂ ਹੁਣ ਇਸ ਝੂਠ ਦਾ ਆਦੀ ਹੋ ਚਕਿਆ ਹਾਂ। ਇਹ ਖੇਲ ਮੇਰੇ ਨਾਲ ਬਹੁਤ ਵਾਰੀ ਖੇਲਿਆ ਜਾ ਚੁਕਾ ਹੈ। ਹੁਣ ਇਹ ਨਹੀਂ ਚਲੇਗਾ। ਤੂੰ ਵੀ ਜ਼ਰੂਰ ਕੋਈ ਉਨ੍ਹਾਂ ਦਾ ਹੀ ਆਦਮੀ ਹੋਵੇਂਗਾ।"
ਆਪਣੇ ਹਰ ਸੰਭਵ ਯਤਨ ਦਵਾਰਾ ਉਹ ਬੁੱਢੇ ਨੂੰ ਇਹ ਸਭ ਕੁਝ ਆਖਣੋ ਨਹੀਂ ਸੀ ਰੋਕ ਸਕਿਆ। ਉਹ ਉਸ ਨੂੰ ਵਿਸ਼ਵਾਸ ਨਹੀਂ ਸੀ ਦਵਾ ਸਕਿਆ। ਤੇ ਐਨ ਉਸੇ ਵੇਲੇ ਕਿਸੇ ਬਚੇ ਨੇ ਅਨਭੋਲ ਹੀ ਆਪਣੀ ਗੁਲੇਲ ਨਾਲ ਇੰਡੀਆ ਗੇਟ ਦੀ ਧੁਰ ਸਿਖਰ ਤੇ ਲਗੇ ਮਖਿਆਰੀਆਂ ਦੇ ਛੱਤੇ ਤੇ ਰੋੜਾ ਕਢ ਮਾਰਿਆ। ਮਖਿਆਰੀਆਂ ਅੱਬੜ ਵਾਹੇ ਹੀ ਮੈਦਾਨ ਵਿਚ ਕੁੱਦ ਪਈਆਂ ਸਨ। ਹਰ ਪਾਸੇ ਫ਼ਿਜ਼ਾ ਵਿਚ ਉਨ੍ਹਾਂ ਦੀ ਭਿਣ ਭਿਣਾਹਟ ਗੂੰਜ ਰਹੀ ਸੀ ਤੇ ਉਸ ਨੇ ਦੇਖਿਆ ਬੁੱਢਾ ਇੰਡੀਆ ਗੇਟ ਦੀਆਂ ਬੇਸ਼ੁਮਾਰ ਰੂਹਾਂ ਸਣੇ ਦੂਰ ਖਲਾ ਵਲ ਉਡ ਰਿਹਾ ਸੀ। ਮਖਿਆਰੀਆਂ, ਜਨਤਾ ਦੀ ਆਵਾਜ਼ ਵਾਂਗ ਉਨ੍ਹਾਂ ਦਾ ਪਿਛਾ ਕਰ ਰਹੀਆਂ ਸਨ। "ਜਨਤਾ ਦੀ ਆਵਾਜ਼ ਵਿਚ ਕਿਤਨਾ ਤਰਾਣ ਹੈ ਤੇ ਕਿਤਨੀ ਸਫਲਤਾ।"
ਮੁਸਾਫਰ ਦਿਆਂ ਬੁਲਾਂ ਤੇ ਇਕ ਨਿਮੀ ਮਿਠੀ ਮੁਸਕਾਨ ਨੱਚ ਉੱਠੀ।