Ivan Illich Di Dooji Maut (Punjabi Story) : Ajmer Sidhu
ਈਵਾਨ ਇਲੀਚ ਦੀ ਦੂਜੀ ਮੌਤ (ਕਹਾਣੀ) : ਅਜਮੇਰ ਸਿੱਧੂ
ਪਿੰਡ ਜੀਂਦੋਵਾਲ ਬੰਗਾ ਸ਼ਹਿਰ ਤੋਂ ਮਸਾਂ ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ। ਹੁਣ ਪਿੰਡ ਤੇ ਸ਼ਹਿਰ ਦਾ ਬਹੁਤਾ ਫ਼ਰਕ ਨਹੀਂ ਰਿਹਾ।ਇਕ ਦੂਜੇ ਦੇ ਵਿਚ ਘੁਸਪੈਂਠ ਕਰ ਗਏ ਹਨ।ਜੀਂਦੋਵਾਲੀਆਂ ਨੇ ਤਾਂ ਸ਼ਹਿਰ ਨਾਲੋਂ ਵੀ ਸੋਹਣੀਆਂ ਕੋਠੀਆਂ ਉਸਾਰ ਲਈਆਂ ਹਨ।ਜੇ ਈ ਲਖਵਿੰਦਰ ਸਿੰਘ ਪੂਨੀ ਦੀ ਕੋਠੀ ਤਾਂ ਦੂਰੋਂ ਹੀ ਚਮਕਾਂ ਮਾਰ ਰਹੀ ਹੈ।ਉਂਝ ਇਸ ਕੋਠੀ ਵਿਚ ਸੁੰਨ ਮਸਾਣ ਪਸਰੀ ਹੋਈ ਹੈ।ਸਿਰਫ਼ ਅਸ਼ੋਕਾ ਟਰੀਅ ਦੇ ਪੱਤਿਆਂ ਦੀ ਖੜ-ਖੜ ਹੀ ਸੁਣਾਈ ਦੇ ਰਹੀ ਹੈ।
ਇਸ ਕੋਠੀ ਵਿਚ ਸੱਜੇ ਪਾਸੇ ਪੁਰਾਣੇ ਚਾਰ ਕਮਰੇ ਹਨ।ਮੋਹਰੇ ਬਰਾਂਡਾ ਹੈ।ਬਰਾਂਡੇ ਵਿਚ ਟੈ੍ਰਕਟਰ ਖੜ੍ਹਾ ਹੈ ਜਾਂ ਏਧਰ ਉਧਰ ਖੇਤੀ ਦੇ ਸੰਦ ਖਿਲਰੇ ਪਏ ਹਨ।ਦੋ ਕਮਰੇ ਸਮਾਨ ਨਾਲ ਤੁੰਨੇ ਪਏ ਹਨ।ਇਹ ਇਨ੍ਹਾਂ ਦਾ ਪੁਰਾਣਾ ਘਰ ਹੈ।ਇਕ ਕਮਰੇ ਵਿਚ ਹਰਸੇਵ ਪਿਆ ਹੈ।ਉਹ ਬੈੱਡ ਤੇ ਪਿਆ ਹੱਥ-ਪੈਰ ਮਾਰ ਰਿਹਾ ਹੈ।ਉਹਦੀ ਦਰਦ ਨਾਲ ਜਾਨ ਨਿਕਲੀ ਜਾ ਰਹੀ ਹੈ।ਉਸਨੇ ਸਿਰ ਤੋਂ ਟੋਪੀ ਲਾਹ ਦਿੱਤੀ ਹੈ।ਕਮੀਜ਼ ਦੇ ਬਟਨ ਵੀ ਖੋਲ੍ਹ ਦਿੱਤੇ ਹਨ।ਉਹਦਾ ਕੱਪੜਿਆਂ ਨਾਲ ਸਾਹ ਘੁੱਟੀ ਜਾਂਦਾ ਸੀ।
"ਕਿਥੇ ਆ ਦਰਦ ?...ਦਰਦ ?...ਇਥੇ।" ਉਸਦੇ ਮੂੰਹੋਂ ਏਹੀ ਸ਼ਬਦ ਨਿਕਲ ਰਹੇ ਹਨ।
ਹਾਂ, ਕੋਠੀ ਵਿੱਚ ਹਰਸੇਵ ਦੇ ਤੜਫ਼ਣ ਦੀ ਹਾਏ- ਪਾਰਿਆ ਸੁਣਨ ਨੂੰ ਜ਼ਰੂਰ ਮਿਲ ਰਹੀ ਹੈ।ਉਹ ਆਪ ਮੁਹਾਰੇ ਬੋਲਿਆ-
"ਇਹ ਦਰਦ ਮੈਂ ਜਾਣਦਾ ਜਾਂ ਮੇਰਾ ਰੱਬ।…ਤੇ ਜਾਂ ਫਿਰ ਟਾਲਸਟਾਏ।" ਹਰਸੇਵ ਤੋਂ ਇਹ ਈਮੇਲ ਇੰਦਰਪ੍ਰੀਤ ਨੂੰ ਭੇਜ ਨਹੀਂ ਹੋਈ।ਉਹਦੇ ਦਿਮਾਗ ‘ਤੇ ਪ੍ਰਿੰਟ ਹੋਈ ਰਹਿ ਗਈ।ਉਦੋਂ ਦਾ ਬੇਵਸੀ ਵਿਚ ਬੁੜ-ਬੁੜ ਕਰੀ ਜਾਂਦਾ ਹੈ।
ਬੜੀ ਜ਼ੋਰ ਨਾਲ ਪੀੜ ਉਠੀ ਹੈ।ਕਮਰੇ ਵਿਚ ਗਿਰਾਸੀਮ ਦਿਖਾਈ ਨਹੀਂ ਦੇ ਰਿਹਾ।ਉਹਦਾ ਡਾਕਟਰ ਕੋਲ ਜਾਣ ਦਾ ਉਹਨੂੰ ਮਸੀਂ ਚੇਤਾ ਆਇਆ ਹੈ।…ਪੀੜ ਸਿਖ਼ਰ `ਤੇ ਪੁੱਜ ਗਈ ਹੈ।
ਪਤਾ ਨਹੀਂ ਉਹਦੇ ਵਿਚ ਕਿਥੋਂ ਤਾਕਤ ਆ ਗਈ ਹੈ।ਉਹ ਕਾਹਲੇ ਕਦਮੀਂ ਤੁਰਦਿਆਂ ਵਾਸ਼ਰੂਮ ਜਾ ਵੜਿਆ ਹੈ।…ਤੇ ਟਾਇਲਟ ਸੀਟ ‘ਤੇ ਢਹਿ ਪਿਆ ਹੈ।ਮਿੰਟਾਂ ਵਿਚ ਹੀ ਨੁਚੜ ਗਿਆ ਹੈ।
ਹੁਣ ਉਸ ਕੋਲੋਂ ਸੀਟ ਤੋਂ ਉਠਿਆ ਨਹੀਂ ਜਾ ਰਿਹਾ।ਪਰਸੋਂ ਵੀ ਉਹ ਵਾਸ਼ਰੂਮ ਵਿਚ ਇੱਕਲਾ ਹੀ ਸੀ।ਔਖਾ ਸੌਖਾ ਖੜ੍ਹਾ ਵੀ ਹੋ ਗਿਆ ਪਰ ਖੜ੍ਹਦੇ ਸਾਰ ਉਹਦੀ ਪੈਂਟ ਡਿੱਗ ਪਈ ਸੀ।ਪੈਂਟ ਦੇ ਉੱਤੇ ਉਹ ਆਪ ਢੇਰੀ ਹੋ ਗਿਆ ।ਕੋਈ ਡੇਢ ਘੰਟਾ ਟਾਇਲਟ ਵਿਚ ਕਰਾਹੁੰਦਾ ਰਿਹਾ। ਕੋਠੀ ਵਿੱਚ ਕਿਸੇ ਨੂੰ ਵੀ ਉਹਦੀ ਕੁਰਲਾਹਟ ਸੁਣੀ ਨਹੀਂ ।ਫ਼ੇਰ ਪਤਾ ਨਹੀਂ ਗਿਰਾਸੀਮ ਕਿਥੋਂ ਆਣ ਪ੍ਰਗਟ ਹੋਇਆ ਸੀ।ਪਹਿਲਾਂ ਉਹਨੇ ਉਹਦੀ ਲਿਬੜੀ ਪੈਂਟ ਲਾਹੀ ।ਫ਼ੇਰ ਉਹਨੂੰ ਧੋਤਾ ।…ਚੁੱਕ ਕੇ ਬੈੱਡ ‘ਤੇ ਪਾਇਆ ਸੀ।ਤੋਲੀਏ ਨਾਲ ਸਾਫ਼ ਕਰਕੇ ਨਵੇਂ ਕੱਪੜੇ ਵੀ ਪਾ ਦਿੱਤੇ ਸਨ।
…ਗਿਰਾਸੀਮ ਡਾਕਟਰ ਨੂੰ ਲੈਣ ਗਿਆ ਅਜੇ ਤੱਕ ਮੁੜਿਆ ਨਹੀਂ।ਹਰਸੇਵ ਪਸੀਨੇ ਨਾਲ ਭਿੱਜਾ ਪਿਆ।ਹੁਣ ਉਹ ਸੋਚ ਰਿਹਾ ਬੈੱਡ ਤੱਕ ਕਿੱਦਾਂ ਜਾਇਆ ਜਾਵੇ।ਉਹਨੇ ਵਾਸ਼ਰੂਮ ਵਿੱਚੋਂ ਨਿਕਲਣ ਦੀ ਹਿੰਮਤ ਕੀਤੀ ਹੈ।ਉਹਦੀ ਦੇਹ ਡਰ ਨਾਲ ਕੰਬ ਰਹੀ ਹੈ।ਲੱਤਾਂ ਵਿਚ ਜਾਨ ਤਾਂ ਹੈ ਹੀ ਨਹੀਂ।ਕੰਧ ਦਾ ਸਹਾਰਾ ਲੈ ਕੇ ਤੁਰ ਪਿਆ।ਸਾਹ ਧੌਂਕਣੀ ਵਾਂਗ ਚਲ ਰਿਹਾ।ਮਸਾਂ ਇਕ ਕਦਮ ਚਲਦਾ ਹੈ।ਫਿਰ ਰੁੱਕ ਜਾਂਦਾ ਹੈ।ਇੰਦਰਪ੍ਰੀਤ ਦੀ ਉਂਗਲ ਅੱਗੇ ਵੱਧਣ ਦਾ ਇਸ਼ਾਰਾ ਕਰਦੀ ਹੈ।ਹੁਣ ਉਹ ਫ਼ੇਰ ਤੁਰ ਪਿਆ।ਹੌਲੀ-ਹੌਲੀ ਤੁਰਦਾ ਬੈੱਡ ‘ਤੇ ਜਾ ਡਿੱਗਿਆ। ਉਹਦਾ ਹਾਲੇ ਵੀ ਸਾਹ ਨਾਲ ਸਾਹ ਨਹੀਂ ਰਲ ਰਿਹਾ ਪਰ ਹੁਣ ਉਹ ਆਪਣੇ ਆਪ ਨੂੰ ਕਿਸੇ ਜੇਤੂ ਵਾਂਗ ਮਹਿਸੂਸ ਕਰ ਰਿਹਾ।
ਗੇਟ ਦੇ ਖੁੱਲ੍ਹਣ ਦੀ ਅਵਾਜ਼ ਆਈ ਹੈ।…ਤੇਜ਼ ਕਦਮ ਤੁਰਦੇ ਗਿਰਾਸੀਮ ਤੇ ਡਾਕਟਰ ਅੰਦਰ ਆਏ ਹਨ।ਡਾਕਟਰ ਆਉਂਦਿਆਂ ਹੀ ਉਹਦੀ ਰਿਪੋਰਟ ਵਿਚ ਖੁੱਭ ਗਿਆ ।ਗਿਰਾਸੀਮ ਉਹਦੀ ਹਾਲਤ ਦੇਖ ਕੇ ਪਿਘਲ ਗਿਆ ਹੈ।ਉਹਨੇ ਹਰਸੇਵ ਦੀ ਛਾਤੀ ‘ਤੇ ਹੱਥ ਰੱਖਿਆ ।ਧੜਕਣ ਬਹੁਤ ਤੇਜ਼ ਹੈ।ਡਾਕਟਰ ਨੇ ਉਸਨੂੰ ਪਾਸੇ ਹਟਣ ਦਾ ਇਸ਼ਾਰਾ ਕੀਤਾ । ਉਹ ਹਰਸੇਵ ਦੇ ਸਰੀਰ ਦੀ ਜਾਂਚ ਕਰਨ ਲੱਗ ਪਿਆ ਹੈ।ਪੈਂਟ ਲੁਹਾ ਕੇ ਪਿਛਲੇ ਤੇ ਮੋਹਰਲੇ ਦੋਨਾਂ ਅੰਗਾਂ ਨੂੰ ਚੈੱਕ ਕੀਤਾ ਹੈ।…ਦੋਨੋਂ ਥਾਂ ਖ਼ੂਨ ਨਾਲ ਲਿਬੜੇ ਪਏ ਹਨ।
"ਹੁਣ ਆਹ ਪਾਈਲਜ਼ ਦਾ ਪੰਗਾ ਪੈ ਗਿਆ।…ਆਹ ਮੈਡੀਸਨ ਲਿਖ ਦਿੱਤੀ ਆ।ਇਹਦੇ ਨਾਲ ਇਨ੍ਹਾਂ ਠੀਕ ਹੋ ਜਾਣਾ।" ਠੰਢਾ ਹਾਉਕਾ ਭਰਦਿਆਂ ਉਸਨੇ ਸਲਿੱਪ ਗਿਰਾਸੀਮ ਦੇ ਹੱਥ ਫ਼ੜਾਈ ਤੇ ਤੁਰ ਗਿਆ ਹੈ।
…ਮਰੀਜ਼ ਨੂੰ ਦਵਾਈ ਦੇ ਕੇ ਗਿਰਾਸੀਮ ਉਹਦੀ ਮਾਲਸ਼ ਕਰਨ ਲੱਗ ਪਿਆ ।ਇਹਦੇ ਨਾਲ ਹਰਸੇਵ ਨੂੰ ਕੁਝ ਰਾਹਤ ਮਿਲੀ ਹੈ।
ਉਸਦੇ ਸੁੱਕੇ ਬੁੱਲ੍ਹ ਦੇਖ ਕੇ ਗਿਰਾਸੀਮ ਨੇ ਫਰਿਜ ਚੋਂ ਪਾਣੀ ਕੱਢ ਕੇ ਪਿਲਾਇਆ ਹੈ।ਮਾਈਕਰੋਵੇਵ ਵਿਚ ਸੂਪ ਗਰਮ ਕੀਤਾ ਹੈ।…ਰੋਗੀ ਨੂੰ ਇਕ ਹੱਥ ਨਾਲ ਸਹਾਰਾ ਦਿੰਦਿਆਂ,ਦੂਜੇ ਹੱਥ ਨਾਲ ਸੂਪ ਪਿਲਾਉਣਾ ਸ਼ੁਰੂ ਕੀਤਾ ਹੈ।ਉਸਨੇ ਮੁਸ਼ਕਲ ਨਾਲ ਇਕ ਘੁੱਟ ਹੀ ਭਰਿਆ ਹੈ।…ਦੂਜਾ ਘੁੱਟ ਅੰਦਰ ਜਾਂਦਿਆਂ ਹੀ ਹੁੱਥੂ ਛਿੜ ਪਿਆ ਹੈ।ਗਿਰਾਸੀਮ ਉਹਨੂੰ ਲਿਟਾ ਕੇ ਛਾਤੀ ਦੱਬਣ ਲੱਗ ਪਿਆ ਹੈ।
ਹਰਸੇਵ ਦਾ ਅੰਦਰ ਜਖ਼ਮਾਂ ਨਾਲ ਭਰਿਆ ਪਿਆ।ਲੈਟਰੀਨ ਜਾਣ ਤੋਂ ਬਾਅਦ ਇਹ ਜਖ਼ਮ ਜਿਵੇਂ ਹਰੇ ਹੋ ਜਾਂਦੇ ਹੋਣ।ਉਹਨੂੰ ਡਾਕਟਰ ‘ਤੇ ਗੁੱਸਾ ਆਈ ਜਾਂਦਾ,ਜਿਹੜਾ ਉਹਦੀ ਬਿਮਾਰੀ ਨੂੰ ਸਮਝ ਨਹੀਂ ਪਾ ਰਿਹਾ।ਪਾਈਲਜ਼ ਕਹੀ ਜਾਂਦਾ।…ਕਿੰਨੀ ਚੰਦਰੀ ਬਿਮਾਰੀ ਹੈ ਜੋ ਉਹਨੂੰ ਐਨੇ ਤਸੀਹੇ ਦੇ ਰਹੀ ਹੈ।
…ਉਹਨੂੰ ਲੂਜ਼ ਮੂਸ਼ਨ ਲੱਗਿਆਂ ਨੂੰ ਪੰਜ ਮਹੀਨੇ ਹੋ ਜਾਣੇ ਹਨ।ਸਭ ਦਵਾਈਆਂ ਬੇਅਸਰ ਹਨ।ਇਕ ਬਿਮਾਰੀ ਹਟਣ ਦਾ ਨਾਂ ਨਹੀਂ ਲੈਂਦੀ,ਦੂਜੀ ਪਹਿਲੇ ਲੱਗ ਜਾਂਦੀ ਹੈ।ਪਿਛਲੇ ਦੋ ਸਾਲ ਤੋਂ ਇਵੇਂ ਅੱਡੀਆਂ ਰਗੜ ਰਿਹਾ।ਕਈ ਡਾਕਟਰ ਬਦਲੇ ਹਨ।…ਹੁਣ ਪਾਈਲਜ਼ ਉਹਦੀ ਜਾਨ ਦਾ ਖੌਅ ਬਣ ਬੈਠੀ ਹੈ।ਉਹਦੀ ਦੇਹ ਬੈੱਡ `ਤੇ ਵਿਛੀ ਅੱਧੋ-ਰਾਣੀ ਚਾਦਰ ਵਾਂਗ ਹੈ ਤੇ ਅੱਖਾਂ ਛੱਤ ਵੱਲ ਲੱਗੀਆਂ ਹੋਈਆਂ ਹਨ।ਖ਼ਿਆਲਾਂ ਵਿਚ ਮੰਮੀ ਡੈਡੀ ਨੂੰ ਲੱਭਣ ਲੱਗ ਪੈਂਦਾ ਹੈ ਜਾਂ ਉਹਦੀ ਸੁਰਤੀ ਕੋਠੀਆਂ ‘ਚ ਗੁਆਚਣ ਲਗਦੀ ਹੈ।
... ... ... ... ...
ਇਹ ਤਿੰਨੋਂ ਕੋਠੀਆਂ ਇਕ ਤਰ੍ਹਾਂ ਹਰਸੇਵ ਦੇ ਟੱਬਰ ਦੀਆਂ ਹੀ ਹਨ।ਵਿਚਕਾਰਲੀ ਕੋਠੀ ਉਸਦੇ ਡੈਡੀ ਲਖਵਿੰਦਰ ਸਿੰਘ ਦੇ ਨਾਂ ਹੈ।ਦੂਜੀਆਂ ਦੋ ਉਹਦੇ ਤਾਇਆਂ ਦੀਆਂ ਹਨ।ਉਹਦਾ ਡੈਡੀ ਤਾਂ ਇਕਲੌਤਾ ਪੁੱਤ ਹੈ।ਲਖਵਿੰਦਰ ਦੇ ਤਾਏ ਦੇ ਦੋ ਪੁੱਤ ਤੇ ਧੀ ਕਨੈਡਾ ਵਿਚ ਸੈਟਲ ਹਨ।ਕਦੇ ਇਨ੍ਹਾਂ ਦਾ ਤਾਏ ਨਾਲ ਸਾਂਝਾ ਘਰ ਹੁੰਦਾ ਸੀ।ਲਖਵਿੰਦਰ ਉਦੋਂ ਸਕੂਲ ‘ਚ ਹੀ ਪੜ੍ਹਦਾ ਸੀ , ਜਦੋਂ ਤਾਏ ਦੀ ਧੀ ਕਨੈਡਾ ਵਿਆਹੀ ਗਈ ਸੀ।ਥੋੜ੍ਹੇ ਸਾਲਾਂ ਵਿਚ ਤਾਇਆ ਦਾ ਟੱਬਰ ਕਨੈਡਾ ਮੂਵ ਕਰ ਗਿਆ ਸੀ।ਲਖਵਿੰਦਰ ਦੇ ਹਿੱਸੇ ਤਿੰਨ ਖੇਤ ਆਉਂਦੇ ਸਨ ਤੇ ਤਾਏ ਦੇ ਮੁੰਡਿਆਂ ਦੇ ਹਿੱਸੇ ਡੇਢ-ਡੇਢ ਖੇਤ ਆਉਂਦਾ ਸੀ।ਪਰ ਕਨੈਡਾ ਨੇ ਉਨ੍ਹਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਸੀ।
ਜਿਉਂ ਹੀ ਲਖਵਿੰਦਰ ਨੇ ਜਵਾਨੀ ਵਿਚ ਪੈਰ ਧਰਿਆ, ਉਹ ਵੀ ਕਨੈਡਾ ਜਾਣ ਲਈ ਨੱਠ-ਭੱਜ ਕਰਨ ਲੱਗਾ। ਤਾਏ ਦੇ ਟੱਬਰ ਨੇ ਵੀ ਪੂਰੀ ਮਦਦ ਕੀਤੀ ਪਰ ਉਨ੍ਹਾਂ ਦਿਨਾਂ ਵਿਚ ਇਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ।ਹਾਰ ਕੇ ਉਹ ਬਿਜਲੀ ਬੋਰਡ ਵਿਚ ਲਾਈਨਮੈਨ ਭਰਤੀ ਹੋ ਗਿਆ ਸੀ।ਵਿਆਹ ਵੇਲੇ ਹਰਸੇਵ ਦੀ ਮੰਮੀ ਸਾਇੰਸ ਮਿਸਟ੍ਰੈਸ ਸੀ।ਬਾਅਦ ਵਿਚ ਬਾਇਉ ਦੀ ਲੈਕਚਰਾਰ ਬਣੀ ।ਵਿਆਹ ਪਿੱਛੋਂ ਘਰ ਵਿਚ ਥੋੜ੍ਹੀ ਖੁਸ਼ਹਾਲੀ ਆ ਗਈ ਸੀ।ਹਰਸੇਵ ਤੇ ਕਰਨਬੀਰ ਦੇ ਜਨਮ ਨਾਲ ਰੌਣਕ ਤਾਂ ਹੋ ਗਈ ਪਰ ਕਨੈਡਾ ਜਿੰਨੀ ਖੁਸ਼ਹਾਲੀ ਕਿਥੇ ? ਹੁਣ ਜਦ ਹਰਸੇਵ ਪੀੜ ‘ਚ ਪਰੁੰਨਿਆ ਵਿਲਕੀ ਜਾ ਰਿਹਾ, ਲਖਵਿੰਦਰ ਆਪਣੇ ਯਾਰਾਂ ਬੇਲੀਆਂ ਵਿਚ ਬੈਠਾ ਮੱਘੇ ਮਾਰਦਾ ਹੋਣਾ-
"ਇੱਦਾਂ ਦੀਆਂ ਕੋਠੀਆਂ ਤਾਂ ਜੱਟ ਬਣਾ ਦਏ ਪੰਜਾਹ।ਇਹ ਤਾਂ ਮੇਰੀ ਗੰਦੀ ‘ਲਾਦ ਦਾ ਬੇੜਾ ਬਹਿ ਗਿਆ।ਨਹੀਂ ਤਾਂ…।"
ਉਹ ਹਰਸੇਵ ਦਾ ਦੁੱਖ ਲੈ ਕੇ ਬਹਿ ਗਿਆ ਹੋਣਾ।ਉਹਦੇ ਕੋਲ ਜਾਂ ਤਾਂ ਪੁੱਤਰ ਦੀ ਬਿਮਾਰੀ ਦੀ ਗੱਲ ਹੁੰਦੀ ਹੈ ਜਾਂ ਕਿਸੇ ਪਲਾਟ ਤੇ ਜ਼ਮੀਨ ਦੀ। ਉਹ ਜਦੋਂ ਦਾ ਜੇ ਈ ਬਣਿਆ , ਨਾਲ ਪ੍ਰੋਪਰਟੀ ਦਾ ਵੀ ਧੰਦਾ ਸ਼ੁਰੂ ਕਰ ਲਿਆ ਸੀ।ਕਨੈਡਾ ਵਾਲਿਆਂ ਦਾ ਪਿੱਛੇ ਕਰਤਾ-ਧਰਤਾ ਏਹੀ ਸੀ। ਜ਼ਮੀਨ ਵੀ ਏਹੀ ਵਾਹੁੰਦਾ ਸੀ। ਚਾਹੇ ਜੱਦੀ ਤੇ ਚਾਹੇ ਡਾਲਰਾਂ ਨਾਲ ਖਰੀਦੀ ਹੋਈ । ਦੋਨਾਂ ਭਰਾਵਾਂ ਦੀਆਂ ਕੋਠੀਆਂ ਵੀ ਆਪਣੇ ਹੱਥੀਂ ਬਣਾਈਆਂ।ਤਾਏ ਦੀ ਧੀ ਨੂੰ ਸ਼ਹਿਰ ਕੋਠੀ ਬਣਾ ਕੇ ਦਿੱਤੀ। ਉਹ ਇਹਦੀ ਮਦਦ ਵੀ ਬਥੇਰੀ ਕਰਦੇ ਨੇ। ਹਰਸੇਵ ਤੇ ਕਰਨਬੀਰ ਦੀ ਪੜ੍ਹਾਈ ਦਾ ਸਾਰਾ ਖ਼ਰਚ ਵੀ ਇਕ ਤਰ੍ਹਾਂ ਨਾਲ ਉਹੀ ਕਰਦੇ ਰਹੇ ਨੇ।
ਜਦੋਂ ਇਹਨੇ ਉਨ੍ਹਾਂ ਦੀਆਂ ਕੋਠੀਆਂ ਬਣਾ ਲਈਆਂ, ਉਦੋਂ ਇਹ ਬਿਜਨਸ ਨਹੀਂ ਸੀ ਕਰਦਾ।ਆਪਣੇ ਸਧਾਰਨ ਮਕਾਨਾਂ ਨੂੰ ਦੇਖ ਕੇ ਝੂਰਦਾ ਰਹਿੰਦਾ।ਇਹ ਉਨ੍ਹਾਂ ਨਾਲੋਂ ਵੀ ਵੱਡੀ ਕੋਠੀ ਬਣਾਉਣੀ ਚਾਹੁੰਦਾ ਸੀ।ਇਹ ਖ਼ਾਹਿਸ਼ ਤਦੇ ਪੂਰੀ ਹੋ ਸਕਦੀ ਸੀ ਜੇ ਉਹਦੇ ਪੁੱਤਰ ਵੀ ਕਨੈਡਾ ਜਾਂਦੇ।ਇਹ ਹਰ ਰੋਜ਼ ਉਨ੍ਹਾਂ ਨੂੰ ਕਨੈਡਾ-ਅਮਰੀਕਾ ਭੇਜਣ ਦੇ ਸੁਪਨੇ ਲੈਂਦਾ।ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਮੈਡਮ ਸਤਿੰਦਰ ਜੇ ਈ ਸਾਹਿਬ ਤੋਂ ਵੀ ਕਾਹਲੀ ਸੀ।
…ਹੁਣ ਤੇ ਉਹ ਰਾਜਾ ਸਾਹਿਬ ਦੇ ਗੁਰਦੁਆਰੇ ਹਰਸੇਵ ਦੀ ਸੁੱਖ ਸੁਖਣ ਗਈ ਹੋਈ ਹੈ।ਉਹ ਚਾਹੁੰਦੀ ਹੈ, ਕਿਵੇਂ ਨਾ ਕਿਵੇਂ ਉਹਦਾ ਲਾਲ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਲਏ। ਹੁਣ ਉਹਨੇ ਕੀ ਲੈਣਾ ਏ ਕਨੈਡਾ ਜਾਂ ਸਮੁੰਦਰ ਤੋਂ।ਜਿਥੇ ਵੀ ਉਹਨੂੰ ਕੋਈ ਦਸ ਪਾਉਂਦਾ,ਉਥੇ ਸੁਖ ਸੁਖਣ ਚਲੇ ਜਾਂਦੀ ਹੈ।
ਉਨ੍ਹਾਂ ਦਿਨ੍ਹਾਂ ਵਿਚ ਉਹਦੇ ਕੋਲ ਗੁਰਦੁਆਰੇ ਜਾਣ ਦੀ ਵਿਹਲ ਹੀ ਕਿਥੇ ਸੀ।ਲਖਵਿੰਦਰ ਡਿਊਟੀ ਕਰਦਾ।ਸਵੇਰੇ-ਸ਼ਾਮ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋਇਆ ਹੁੰਦਾ।ਹਰਸੇਵ ਤੇ ਕਰਨਬੀਰ ਨੂੰ ਪਾਲਣ ਤੇ ਪੜ੍ਹਾਉਣ ਦੀ ਡਿਊਟੀ ਸਤਿੰਦਰ ਦੀ ਹੀ ਸੀ।ਉਹਨੂੰ ਹੀ ਸਕੂਲ ਵਰਦੀ ਦਾ ਫ਼ਿਕਰ ਹੁੰਦਾ।ਉਹ ਹੀ ਗੁੱਟੀ ਕਰਦੀ।ਉਹ ਹੀ ਹਾਈਵੇ `ਤੇ ਸਕੂਲ-ਬੱਸ ਚੜ੍ਹਾ ਕੇ ਆਉਂਦੀ।ਫ਼ੇਰ ਤਿਆਰ ਹੋ ਕੇ ਸਕੂਲ ਪੜ੍ਹਾਉਣ ਜਾਂਦੀ।ਦੋਨਾਂ ਬੱਚਿਆਂ ਦੇ ਸਕੂਲੋਂ ਵਾਪਸ ਮੁੜਨ ਤੱਕ ਉਨ੍ਹਾਂ ਦਾ ਖਾਣਾ ਤਿਆਰ ਕਰਨਾ,ਖੁਆਉਣਾ ਤੇ ਹੋਮ ਵਰਕ ਲਈ ਟਿਊਸ਼ਨ ਭੇਜਣੇ,ਇਹ ਉਹਦੀ ਡਿਊਟੀ ਸੀ।ਉਹਦੇ ਕੋਲ ਤਾਂ ਸਿਰ ਖੁਰਕਣ ਜੋਗਾ ਟਾਇਮ ਨਹੀਂ ਸੀ ।
-ਐਨਾ ਖ਼ਿਆਲ ਇਕ ਮਾਂ ਹੀ ਰੱਖ ਸਕਦੀ ਹੈ ।
ਬਿਮਾਰ ਪਿਆ ਹਰਸੇਵ ਇੰਦਰਪ੍ਰੀਤ ਦੀ ਇਸ ਈਮੇਲ ਨਾਲ ਸਹਿਮਤ ਨਹੀਂ ਹੋਇਆ ਸੀ।
ਇੰਦਰਪ੍ਰੀਤ ਵੀ ਉਹਦੇ ਨਾਲ ਸ਼ਿਵਾਲਕ ਕੌਨਵੈਂਟ ਸਕੂਲ ਵਿਚ ਪੜ੍ਹਦੀ ਸੀ।ਉਹ ਕਲਾਸਫੈਲੋ ਵੀ ਸੀ ਤੇ ਪਿੰਡ ਦੀ ਵੀ।ਛੋਟਾ ਕਰਨਬੀਰ ਦੋ ਸਾਲ ਜੂਨੀਅਰ ਸੀ।ਜਿਸ ਦਿਨ ਸਤਿੰਦਰ ਟੀਚਰ-ਪੇਰੈਂਟਸ ਮੀਟਿੰਗ ਵਿਚ ਜਾਂਦੀ , ਆਪਣੇ ਹਰਸੇਵ ਦੀਆਂ ਸਿਫ਼ਤਾਂ ਸੁਣ ਕੇ ਫੁੱਲੀ ਨਾ ਸਮਾਉਂਦੀ।ਕਰਨਬੀਰ ਕੰਨੀਓ ਕੱਚੀ ਵੀ ਹੁੰਦੀ।
ਹਰਸੇਵ ਤਾਂ ਉਨ੍ਹਾਂ ਦਾ ਗਊ ਪੁੱਤ ਸੀ।ਜਾਹ ਤਾਂ ਜੇ ਮੰਮੀ ਡੈਡੀ ਦੇ ਕਹਿਣੇ ਤੋਂ ਰਤਾ ਏਧਰ-ਓਧਰ ਹੋ ਜਾਵੇ।ਜਿਥੇ ਬਿਠਾ ਦਿੱਤਾ , ਬਹਿ ਗਿਆ।ਉਹਨੂੰ ਪੜ੍ਹਾਈ ਦੀ ਮਸਤੀ ਸੀ ਜਾਂ ਮੰਮੀ ਡੈਡੀ ਦੇ ਸੁਪਨਿਆਂ ਦੀ।ਕੁੜੀਆਂ ਵੱਲ ਤਾਂ ਉਹ ਫੁੱਟੀ ਅੱਖ ਨਹੀਂ ਸੀ ਭਾਉਂਦਾ।ਇਥੋਂ ਤੱਕ ਇੰਦਰਪ੍ਰੀਤ ਵੱਲ ਵੀ।
... ...... ...
ਹਰਸੇਵ ਸਵੇਰ ਦਾ ਹੀ ਇੰਦਰਪ੍ਰੀਤ ਨੂੰ ਈਮੇਲ ਕਰਨ ਲਈ ਤੜਫ਼ ਰਿਹਾ ਹੈ।ਉਹਨੇ ਯਤਨ ਵੀ ਕੀਤਾ ਪਰ ਉਹਤੋਂ ਕੀ ਬੋਰਡ ‘ਤੇ ਉਂਗਲਾਂ ਹੀ ਨਹੀਂ ਚੱਲੀਆਂ।ਚਿਹਰਾ ਬੁਝਿਆ ਪਿਆ ਹੈ।ਗਿਰਾਸੀਮ ਦਾ ਉਹਦੀ ਪਿੱਠ ‘ਤੇ ਫ਼ਿਰਦਾ ਹੱਥ ਉਹਨੂੰ ਕੁਝ ਸਕੂਨ ਦੇ ਰਿਹਾ ਹੈ।ਉਹ ਤੇ ਇੰਦਰਪ੍ਰੀਤ ਇਕ ਬੱਸ ਵਿਚ ਹੀ ਸਕੂਲ ਜਾਂਦੇ ਸਨ।ਮੈਡਮ ਸਿੱਕਾ ਕੋਲ ਹੀ ਟਿਊਸ਼ਨ ਪੜ੍ਹਦੇ ਸਨ।ਬੱਸ ਹਾਏ…ਹੈਲੋ ਹੁੰਦੀ।ਇੰਦਰਪ੍ਰੀਤ ਇਸ ਤੋਂ ਅਗਾਂਹ ਗੱਲ ਕਰਦੀ , ਤਾਂ ਹਰਸੇਵ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ।ਇਹ ਤਾਂ ਜਿਸ ਦਿਨ ਮੈਟ੍ਰਿਕ ਦਾ ਨਤੀਜਾ ਆਇਆ , ਦੋਨੋਂ ਮੈਰਿਟ ਲਿਸਟ ਵਿਚ ਆਪਣਾ ਨਾਂ ਦੇਖ ਕੇ ਚੀਕ ਪਏ ਤੇ ਇਕ ਦੂਜੇ ਦੇ ਗਲੇ ਲੱਗ ਗਏ ਸਨ।
ਹਰਸੇਵ ਦੇ ਮੰਮੀ ਡੈਡੀ ਤੇ ਕਨੈਡਾ ਵਾਲਿਆਂ ਦਾ ਫੈਸਲਾ ਉਹਨੂੰ ਚੰਡੀਗੜ੍ਹ ਪੜ੍ਹਾਉਣ ਦਾ ਸੀ। ਮਨ ਤਾਂ ਇੰਦਰਪ੍ਰੀਤ ਦਾ ਵੀ ਉਥੇ ਪੜ੍ਹਨ ਨੂੰ ਕਰਦਾ ਸੀ। ਉਹਦੇ ਡੁਬਈ ਗਏ ਹੋਏ ਡੈਡੀ ਨੇ ਖ਼ਰਚ ਸੁਣ ਕੇ ਹੱਥ ਖੜ੍ਹੇ ਕਰ ਦਿੱਤੇ ਸਨ। ਤੇ ਬੀਬੇ ਰਾਣੇ ਬਣ ਕੇ ਹਰਸੇਵ ਦੀ ਮੰਮੀ ਦੇ ਸਕੂਲ ਵਿੱਚ ਹੀ ਮੈਡੀਕਲ ਗਰੁੱਪ ਵਿੱਚ ਦਾਖ਼ਲ ਕਰਵਾ ਦਿੱਤਾ ਸੀ।
ਚੰਡੀਗੜ੍ਹ ਰਹਿੰਦਾ ਹਰਸੇਵ ਕਾਲਜ ਤਾਂ ਘੱਟ ਵੱਧ ਹੀ ਜਾਂਦਾ। ਟਿਊਸ਼ਨਾਂ ਨੇ ਉਹਦੀ ਰੇਲ ਬਣਾਈ ਹੋਈ ਸੀ। ਪੜ੍ਹਾਈ ਦਾ ਜ਼ੋਰ ਪੈ ਗਿਆ ਸੀ । ਕੰਪੀਟੀਸ਼ਨ ਦੇ ਯੁੱਗ ਵਿੱਚ ਉਹਨੂੰ ਖਾਣਾ ਪੀਣਾ ਭੁੱਲ ਗਿਆ ਸੀ। ਜਲਦੀ ਕਮਜ਼ੋਰ ਹੋ ਗਿਆ। ਉਥੇ ਕਿਹੜਾ ਕੋਲ ਮਾਂ ਬੈਠੀ ਸੀ। ਵਿੱਚ ਨੂੰ ਜਾਬ੍ਹਾਂ ਵੜੀਆਂ ਦੇਖ ਕੇ ਮਾਂ ਦੀ ਭੁੱਬ ਨਿਕਲ ਗਈ ਸੀ। ਉਹਨੇ ਉਸੇ ਵਕਤ ਸਕੂਲ ਤੋਂ ਛੁੱਟੀ ਲੈ ਲਈ ਸੀ। ਉਹਦੇ ਕੋਲ ਚੰਡੀਗੜ੍ਹ ਰਹਿਣ ਲੱਗ ਪਈ ਸੀ। ਹਰਸੇਵ ਦਾ ਕੰਮ ਹੁਣ ਸਿਰਫ ਪੜ੍ਹਨਾ ਲਿਖਣਾ ਸੀ। ਉਹ ਉਹਦੇ ਪਲੱਸ ਟੂ ਕਰਨ ਅਤੇ ਆਈ.ਆਈ.ਟੀ. ਜੇ.ਈ.ਈ ਦਾ ਟੈਸਟ ਪਾਸ ਕਰਨ ਤੱਕ ਉੱਥੇ ਹੀ ਰਹੀ। ਹਰਸੇਵ ਨੇ ਦੇਸ਼ ਦਾ ਇਹ ਸਭ ਤੋਂ ਔਖਾ ਇੰਜੀਨੀਅਰਿੰਗ ਦਾ ਟੈਸਟ ਚੰਗੇ ਰੈਂਕ ਵਿੱਚ ਪਾਸ ਕੀਤਾ ਸੀ। ਕੌਂਸਲਿੰਗ ਹੋਈ ਤਾਂ ਉਹਨੂੰ ਮਾਅਰੀਨ ਇੰਜਨੀਅਰਿੰਗ ਦੀ ਸੀਟ ਕਲਕੱਤੇ ਮਿਲ ਗਈ ਸੀ। ਮਾਂ ਕਲਕੱਤੇ ਦਾ ਸੁਣ ਕੇ ਤੜਫ਼ੀ ਸੀ। ਪਰ ਲਖਵਿੰਦਰ ਸਿੰਘ ਨੂੰ ਪਤਾ ਸੀ ਕਿ ਕਲਕੱਤੇ ਡਿਗਰੀ ਹੋਈ ਨਹੀਂ ਤੇ ਹਰਸੇਵ ਵਿਦੇਸ਼ੀ ਪਾਣੀਆਂ `ਤੇ.....।
ਕੌਂਸਲਿੰਗ ਤੋਂ ਪਹਿਲਾਂ ਦੀ ਗੱਲ ਹੈ। ਹਰਸੇਵ ਤੇ ਇਹਦੇ ਜਮਾਤੀ ਚੰਡੀਗੜ੍ਹ ਹੀ ਰਹਿ ਰਹੇ ਸਨ। ਇਹਦੇ ਜਮਾਤੀਆਂ `ਚੋਂ ਬਹੁਤੇ ਮੁੰਡੇ ਕੁੜੀਆਂ ਦੇ ਜੋੜੇ ਕੁੱਲੂ-ਮਨਾਲੀ ਜਾਂ ਸ਼ਿਮਲੇ ਵੱਲ ਨਿਕਲ ਗਏ ਸਨ। ਹਰਸੇਵ ਦੀ ਟਿਊਟਰ ਮਿਸ ਅਮਿਤਾ ਸੰਘਾ ਇਹਨੂੰ ਸੁਲ੍ਹਾ ਮਾਰ ਬੈਠੀ।
" ਹਰਸੇਵ, ਆਪਾਂ ਵੀ ਦੋ-ਚਾਰ ਰਾਤਾਂ ਲਈ ਸ਼ਿਮਲੇ ਚੱਲੀਏ?"
"ਮੰਮੀ ਨੂੰ ਪੁੱਛ ਕੇ ਦੱਸੂਗਾ।"
ਹਰਸੇਵ ਦਾ ਇਹ ਜਵਾਬ ਸੁਣ ਕੇ ਮੈਡਮ ਨੂੰ ਬੜਾ ਗੁੱਸਾ ਆਇਆ ਸੀ। ਫ਼ੇਰ ਇਹਦੇ ਭੋਲੇਪਣ `ਤੇ ਤਰਸ ਵੀ ਆਇਆ। ਉਹਨੇ ਇਹਦੀ ਗਲ੍ਹ ਪੱਟੀ ਸੀ।
"ਚੱਲ ਲੋਲੜ੍ਹ...।"
... ... ... ......
ਹਰਸੇਵ ਦਰਦ ਨੂੰ ਘਟਾਉਣਾ ਚਾਹੁੰਦਾ ਹੈ। ਇਸੇ ਕਾਰਨ ਉਹ ਬੀਤੇ ਦੀਆਂ ਘਟਨਾਵਾਂ ਵਿੱਚ ਗੁਆਚਿਆ ਪਿਆ।
ਹੁਣ ਉਹਨੂੰ ਕਦੇ ਤਾਂ ਪੂਣੀ ਵਰਗੀ ਮੈਡਮ ਯਾਦ ਆ ਰਹੀ ਹੈ ਤੇ ਕਦੇ ਕਲਕੱਤਾ। ਹਰਸੇਵ ਦੇ ਨਾਲ ਦੇ ਜਾਂ ਤਾਂ ਆਪਣੀਆਂ ਸਹੇਲੀਆਂ ਨੂੰ ਸਿਨੇਮੇ ਲੈ ਕੇ ਵੜੇ ਰਹਿੰਦੇ ਸਨ ਜਾਂ ਫਿਰ ਪਾਰਕਾਂ ਵਿੱਚ ਲੱਗੇ ਬੁੱਤਾਂ ਕੋਲ ਬੈਠੇ ਪਿਆਰ ਕਲੋਲਾਂ ਕਰ ਰਹੇ ਹੁੰਦੇ। ਹਰਸੇਵ ਦੇ ਤਿੰਨ ਟਿਕਾਣੇ ਹੁੰਦੇ ਕਲਾਸਰੂਮ,ਲਾਇਬ੍ਰੇਰੀ ਜਾਂ ਹੋਸਟਲ। ਇਹਦੇ ਹੱਥ ਸਿਲੇਬਸ ਦੀਆਂ ਕਿਤਾਬਾਂ ਹੁੰਦੀਆਂ। ਵਿਹਲ ਮਿਲਦੀ ਤਾਂ ਕਹਾਣੀ ਜਾਂ ਨਾਵਲ ਪੜ੍ਹਨ ਬੈਠ ਜਾਂਦਾ। ਟਾਲਸਟਾਏ ਇਹਦਾ ਮਨ ਭਾਉਂਦਾ ਲੇਖਕ ਸੀ। ਇਹਦੇ ਯਾਰ ਅਰਬਾਜ਼ ਨੇ ਤਾਂ ਵਿਅੰਗ ਕੱਸਣੇ ਹੀ ਹੁੰਦੇ। ਕਾਲਜ ਦੀਆਂ ਨੱੱਢੀਆਂ ਵੀ ਮਖੌਲ ਉਡਾਉਂਦੀਆਂ। ਹਾਂ ਇੱਕ ਕੰਮ ਉਸਨੇ ਇਥੇ ਆ ਕੇ ਇਹ ਕੀਤਾ ਕਿ ਗੁੱਟੀ ਕਟਵਾ ਦਿੱਤੀ। ਆਪਣੀ ਪੜ੍ਹਾਈ ਤੋਂ ਇਲਾਵਾ ਉਹਦੀ ਇੱਕ ਹੋਰ ਖੁਹਾਇਸ਼ ਸੀ ਛੋਟੇ ਭਰਾ ਕਰਨਬੀਰ ਨੂੰ ਪੜ੍ਹਾਉਣ ਦੀ।
ਹਰਸੇਵ ਹੁੰਦਾ ਕਲਕੱਤੇ ਸੀ ਪਰ ਇਹਦੀਆਂ ਸੋਚਾਂ ਚੰਡੀਗੜ੍ਹ ਬੈਠੇ ਕਰਨਬੀਰ ਵਿੱਚ ਹੁੰਦੀਆਂ। ਉਹਦੀ ਚਿੰਤਾ ਇਹਨੂੰ ਵੀ ਮੰਮੀ ਜਿੰਨੀ ਸੀ। ਉਹਨੂੰ ਵੀ ਸਾਇੰਸ ਗਰੁੱਪ ਰਖਵਾਇਆ ਸੀ। ਮੰਮੀ ਦੋ ਸਾਲ ਦੀ ਛੁੱਟੀ ਲੈ ਕੇ ਉਹਦੇ ਕੋਲ ਵੀ ਰਹੀ ਸੀ। ਉਹਨੇ ਇੰਜੀਨੀਅਰਿੰਗ ਲਈ ਟੈਸਟ ਤਾਂ ਕੀ ਪਾਸ ਕਰਨਾ ਸੀ। ਮਸੀਂ ਬਾਰ੍ਹਵੀਂ ਪਾਸ ਕੀਤੀ। ਉਹਦਾ ਲਟਕਿਆ ਮੂੰਹ ਮਾਂ ਤੋਂ ਦੇਖਿਆ ਨਹੀਂ ਜਾਂਦਾ ਸੀ। ਉਹਨੇ ਉਸੇ ਵਕਤ ਕਨੈਡਾ ਘੰਟੀਆਂ ਖੜਕਾ ਦਿੱਤੀਆਂ ਸਨ-
" ਭਾਅ ਜੀ, ਹੁਣ ਤੇ ਐਜੂਕੇਸ਼ਨ ਬੇਸ `ਤੇ ਬਥੇਰੇ ਕੁੜੀਆਂ ਮੁੰਡੇ ਕਨੈਡਾ ਜਾਈ ਜਾਂਦੇ ਆ। ਕਰਨਬੀਰ ਦਾ ਕੁਝ ਕਰੋ।"
ਬੱਸ ਚਾਰ-ਪੰਜ ਮਹੀਨਿਆਂ ਵਿੱਚ ਹੀ ਉਹਦੇ ਤਾਇਆਂ ਨੇ ਕਰਨਬੀਰ ਨੂੰ ਕਨੈਡਾ ਮੰਗਵਾ ਲਿਆ ਸੀ। ਸਵਾ ਲੱਖ ਡਾਲਰ ਦੀ ਪੇਡ ਸੀਟ ਦਵਾ ਦਿੱਤੀ ਸੀ। ਸਾਰੇ ਡਾਕੂਮੈਂਟ ਹਰਸੇਵ ਨੇ ਆਪ ਤਿਆਰ ਕਰਵਾਏ ਸਨ।
ਸਮਾਂ ਕਿੰਨਾ ਬਦਲ ਗਿਆ ਹੈ। ਅੱਜ ਉਹੀ ਕਰਨਬੀਰ ਫੋਨ ਕਰਦਾ ਹੈ-
" ਤੂੰ ਆਪਣੀ ਮੌਤੇ ਆਪ ਮਰ ਰਿਹਾ। ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ।"
ਹਰਸੇਵ ਨੇ ਗੁੱਸੇ ਵਿੱਚ ਮੁੱਕੀ ਮੀਟੀ ਆ। ਫਿਰ ਸਿਰਹਾਣੇ `ਤੇ ਮੁੱਕੀਆਂ ਮਾਰਨ ਲੱਗ ਪਿਆ। ਜਿਉਂ ਸਾਰਾ ਗੁੱਸਾ ਸਿਰਹਾਣੇ `ਤੇ ਕੱਢ ਦੇਣਾ ਚਾਹੁੰਦਾ ਹੋਵੇ। ਪਰ ਛੇਤੀ ਹੀ ਹੰਭ ਗਿਆ ।
ਹੁਣ ਉਹਨੂੰ ਆਪਣੀ ਮੰਮੀ ਤੇ ਗੁੱਸਾ ਆ ਗਿਆ ਹੈ। ਉਹ ਅਜੇ ਤੱਕ ਗੁਰਦੁਆਰਿਓ ਨਹੀਂ ਮੁੜੀ।
" ਮਾਸਟਰਾਂ ਨੇ ਆਪਣੇ ਜੁਆਕ ਤਾਂ ਪੜ੍ਹਾ ਲਏ ਅੰਗਰੇਜ਼ੀ ਸਕੂਲਾਂ ਵਿੱਚ। ਜਿਨ੍ਹਾਂ ਦੇ ਸਿਰੋਂ ਤਨਖਾਹਾਂ ਲੈਂਦੇ ਨੇ, ਉਨ੍ਹਾਂ ਦੇ ਜੜੀਂ ਤੇਲ ਦੇਈ ਜਾਂਦੇ ਨੇ।... ਸਭ ਇੱਥੇ ਪੇਸ਼ ਆਉਣੀਆਂ।"
ਸ਼ਾਇਦ ਕਿਸੇ ਨੇ ਉਹਨਾਂ ਦੇ ਘਰ ਕੋਲੋਂ ਲੰਘਦਿਆਂ ਇਹ ਗੱਲ ਸੁਣਾ ਕੇ ਕਹੀ ਸੀ। ਮੈਡਮ ਸਤਿੰਦਰ ਤ੍ਰਭਕੀ ਗਈ ਸੀ। ਉਹਦੇ ਸਾਹਮਣੇ ਇੰਦਰਪ੍ਰੀਤ ਵਰਗੇ ਅਨੇਕਾਂ ਵਿਦਿਆਰਥੀਆਂ ਦੇ ਚਿਹਰੇ ਘੁੰਮਣ ਲੱਗ ਪਏ ਸਨ, ਜਿਹੜੇ ਇੰਜਨੀਅਰਿੰਗ ਜਾਂ ਮੈਡੀਕਲ ਵਿਚ ਦਾਖ਼ਲੇ ਲਈ ਟੈਸਟ ਹੀ ਕਲੀਅਰ ਨਹੀਂ ਕਰ ਸਕੇ। ਬੱਸ ਖਿੱਚ-ਧੂਹ ਕੇ ਪਲੱਸ ਟੂ ਕਰ ਗਏ ਜਾਂ ਵਿਚ-ਵਿਚਾਲੇ ਹੀ ਰਹਿ ਗਏ। ਹੁਣ ਮੈਡਮ ਸਤਿੰਦਰ ਨੂੰ ਲੱਗ ਰਿਹੈ-
` ਇਹਨਾਂ ਗਰੀਬ ਨਿਆਣਿਆਂ ਦਾ ਈ ਉਹਨੂੰ ਪਾਪ ਲੱਗਾ।`
ਉਹ ਕਦੇ ਕਿਸੇ ਗੁਰਦੁਆਰੇ ਭੁੱਲ ਬਖਸ਼ਾਉਣ ਜਾਂਦੀ ਹੈ ਤੇ ਕਦੇ ਕਿਤੇ।
`ਇੱਥੇ ਈ ਭੁਗਤਣੀਆਂ ਪੈਣੀਆਂ।` ਉਹ ਵਾਹਿਗੁਰੂ-ਵਾਹਿਗੁਰੂ ਕਰਦੀ ਬੁੜ-ਬੁੜ ਕਰਨ ਲੱਗ ਪੈਂਦੀ ਹੈ।
ਹੁਣ ਉਹ ਪਛਤਾ ਵੀ ਰਹੀ ਹੈ। ਹਰਸੇਵ ਤਾਂ ਹੁਸ਼ਿਆਰ ਵਿਦਿਆਰਥੀ ਸੀ। ਐਵੇਂ ਉਸ ਦੇ ਕੋਲ ਦੋ ਸਾਲ ਚੰਡੀਗੜ੍ਹ ਬੈਠੀ ਰਹੀ। ਕਲਕੱਤੇ ਕਿਹੜਾ ਉਸਦੇ ਕੋਲ ਰਹੀ ਸੀ। ਹਰਸੇਵ ਨੇ ਪਹਿਲੀ ਪੋਜੀਸ਼ਨ ਮਾਰੀ ਸੀ। ਇਸੇ ਕਾਰਨ ਉਹਨੂੰ ਇੱਕ ਅਮਰੀਕਨ ਕੰਪਨੀ ਨੇ ਦੱਸ ਲੱਖ ਦਾ ਪੈਕੇਜ ਦੇ ਕੇ ਨੌਕਰੀ ਲਈ ਅਪੋਇੰਟਮੈਂਟ ਕੀਤੀ ਸੀ । ਥਰੀ ਸਟਾਰ ਸ਼ਿਪਿੰਗ ਪ੍ਰਾਈਵੇਟ ਲਿਮ. ਕੰਪਨੀ ਨੇ ਕਲਕੱਤੇ ਦੀ ਉਸ ਇੰਸਟੀਚਿਊਟ ਤੋਂ ਤਿੰਨ ਇੰਜੀਨੀਅਰ ਡਫ਼ਰਿੰਗ ਲਈ ਚੁਣੇ ਸਨ। ਹਰਸੇਵ ਦੇ ਨਾਲ ਅਰਬਾਜ਼ ਤੇ ਜਾਰਜ ਸਨ। ਪੂਨੀ ਪਰਿਵਾਰ ਘਰ ਵਿੱਚ ਜਸ਼ਨ ਮਨਾ ਰਿਹਾ ਸੀ। ਹਰਸੇਵ ਦੀ ਮੰਮੀ ਨੇ ਗੁਰੂ ਘਰ ਅਖੰਡ ਪਾਠ ਵੀ ਰਖਾਇਆ ਸੀ।
ਫ਼ੇਰ ਉਹ ਸਮੁੰਦਰ ਦੀਆਂ ਛੱਲਾਂ ਦਾ ਸ਼ਾਹ ਸਵਾਰ ਹੋ ਗਿਆ ਸੀ। ਉਹ ਇੰਜਣਾਂ ਦੀ ਮੈਨਟੀਨੈਸ ਦਾ ਸਪੈਸਲਿਸਟ ਇੰਜੀਨੀਅਰ ਬਣ ਕੇ ਉਭਰਿਆ ਸੀ। ਜਾਰਜ ਸ਼ਿਪ ਡੀਜਾਈਨਿੰਗ ਦਾ ਤੇ ਅਰਬਾਜ਼ ਸ਼ਿਪ ਦੀ ਨੈਵੀਗੇਸ਼ਨ ਦਾ। ਇਸ ਕੰਪਨੀ ਦੇ ਸ਼ਿਪ ਵੱਖ-ਵੱਖ ਦੇਸ਼ਾਂ ਵਿੱਚ ਕੈਮੀਕਲ ਲੈ ਕੇ ਜਾਣ ਦਾ ਕੰਮ ਵੀ ਕਰਦੇ ਸਨ।
ਉਹ ਤ੍ਰਭਕ ਕੇ ਉਠਿਆ ਹੈ। ਬਾਂਹ `ਤੇ ਪਾਣੀ ਦਾ ਛਿੱਟਾ ਡਿੱਗਿਆ ਹੋਇਆ ਹੈ। ਉਸਦਾ ਮਸਾਂ ਸਾਹ ਰਲਿਆ ਹੈ। ਉਹਨੂੰ ਕੈਮੀਕਲ ਦੀ ਬੂੰਦ ਦਾ ਭੁਲੇਖਾ ਲੱਗਿਆ ਹੈ। ਉਹ ਕੈਮੀਕਲ ਬੜੇ ਖ਼ਤਰਨਾਕ ਸਨ। ਜੇ ਉਹਦੀ ਇੱਕ ਬੂੰਦ ਵੀ ਬਾਂਹ ਉਪਰ ਪੈ ਜਾਂਦੀ ਤਾਂ ਬਾਂਹ ਨੂੰ ਛੇਕ ਕਰਕੇ ਹੇਠਾਂ ਨਿਕਲ ਜਾਂਦੀ। ਹੁਣ ਉਹ ਸੰਭਲਿਆ ਹੈ।ਪਰ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ। ਪਹਿਲਾਂ ਨਾਲੋਂ ਦਰਦ ਕੁਝ ਘਟਿਆ ਜ਼ਰੂਰ ਹੈ। ਗਿਰਾਸੀਮ ਚਾਹੁੰਦਾ ਹੈ, ਉਹ ਕੁਝ ਬੋਲੇ ਵੀ। ਹਰਸੇਵ ਨੇ...ਗੱਲ ਸ਼ੁਰੂ ਕੀਤੀ ਹੈ-
.... .... .... ... ...
ਮੈਂ ਆਪਣੇ ਦੋਸਤਾਂ ਨਾਲ ਸ਼ਿਪ ਵਿੱਚ ਸਵਾਰ ਹੋ ਗਿਆ ਸੀ। ਮੈਂ ਉਸ ਕੰਪਨੀ ਦਾ ਸਭ ਤੋਂ ਛੋਟੀ ਉਮਰ ਦਾ ਇੰਜੀਨੀਅਰ ਸੀ। ਮੇਰੇ ਨਾਲ ਮੇਰੇ ਸੀਨੀਅਰ ਵੀ ਸਨ ਤੇ ਮੇਰੇ ਅਫ਼ਸਰ ਵੀ। ਉਨ੍ਹਾਂ ਅਫ਼ਸਰਾਂ ਦੀਆਂ ਸੁੰਦਰ ਬੀਵੀਆਂ ਵੀ। ਮੇਰੇ ਵਿੱਚ ਅਨਰਜੀ ਬਹੁਤ ਸੀ। ਉਹ ਮੇਰੀ ਜਵਾਨੀ ਦੇਖ ਕੇ ਹਾਉਕੇ ਭਰਦੀਆਂ। ਮੇਰੀ ਚੌੜੀ ਛਾਤੀ ਤੇ ਫ਼ਰਕਦੇ ਡੌਲੇ ਦੇਖਦੀਆਂ ਰਹਿ ਜਾਂਦੀਆਂ। ਕੋਈ ਕੋਈ ਲੜਕੀ ਪਿਆਰ ਦਾ ਨਿਹੋਰਾ ਮਾਰ ਦਿੰਦੀ।
" ਪਿਆਰ, ਨਈਂ...।" ਮੈਂ ਕਹਿ ਉਠਦਾ।
ਮੇਰੀ ਨਿਗ੍ਹਾ ਤਾਂ ਡੈਡੀ ਦੇ ਸੁਪਨੇ ਪੂਰੇ ਕਰਨ ਦੀ ਸੀ। ਮੇਰੇ ਗਿਰਾਸੀਮ, ਮੇਰੀ ਉਮਰ ਦੇ ਨੌਜਵਾਨਾਂ ਵਿੱਚ ਤਾਂ ਜੁਆਨੀ ਦਾ ਜਨੂੰਨ ਹੁੰਦਾ ਹੈ। ਉਹਨੂੰ ਅਰਬਾਜ਼ ਨੂੰ ਲੈ ਲਉ। ਉਹ ਸ਼ਿਪ ਵਿੱਚ ਦਗੜ-ਦਗੜ ਕਰਦਾ ਫ਼ਿਰਦਾ। ਨੱਢੀਆਂ ਨਾਲ ਘਿਸਰ-ਘਿਸਰ ਲੰਘਦਾ ਤੇ ਫ਼ੇਰ ਜਦੋਂ ਮੌਕਾ ਮਿਲਦਾ...। ਮੈਨੂੰ ਤੇ ਡਿਊਟੀ ਦਾ ਨਸ਼ਾ ਸੀ ਜਾਂ ਤੂੰ ਕਹਿ ਲੈ ਪੈਸੇ ਕਮਾਉਣ ਦਾ। ਮੇਰੀ ਤਿੰਨ ਸਾਲ ਦੀ ਕਮਾਈ ਨਾਲ ਇਹ ਕੋਠੀ ਬਣੀ ਹੋਈ ਹੈ। ਦੱਸ ਇਸ ਕੋਠੀ ਵਿੱਚ ਦੁਨੀਆਂ ਦੀ ਕਿਹੜੀ ਸ਼ੈਅ ਨਹੀਂ ਹੈ।... ਤੇ ਮੈਨੂੰ ਆਹ ਕਮਰਾ ਦਿੱਤਾ ਜਿੱਦਾਂ ਮੈਂ...। ਮੈਂ ਇੰਜੀਨੀਅਰ ਹਰਸੇਵ ਸਿੰਘ ਪੂਨੀ ਜਿਹਨੂੰ ਕਦੇ ਸਲੂਟ ਵਜਦੇ ਸਨ, ਅੱਜ ਉਹ !
ਕਰਨਬੀਰ ਕਨੈਡਾ ਸੈਟਲ ਹੋ ਗਿਆ। ਮੁੜ ਕੇ ਨਹੀਂ ਪਿੱਛਾ ਦੇਖਿਆ ਉਹਨੇ। ਮੰਮੀ ਡੈਡੀ ਨੂੰ ਡਾਲਰ ਭੇਜਦਾ ਹੋਏਗਾ।ਮੈਨੂੰ ਤਾਂ...। ਮੈਂ ਪਾਈ-ਪਾਈ ਇਸ ਘਰ ਵਿੱਚ ਲਾਈ। ਹੁਣ ਮੈਂ ਇਨ੍ਹਾਂ ਦੇ ਹੱਥਾਂ ਵੱਲ਼ ਦੇਖਦਾਂ ਰਹਿੰਨਾਂ।
"ਤੇ ਅੰਕਲ ...?" ਗਿਰਾਸੀਮ ਨੇ ਸੈਲਫ਼ `ਤੇ ਪਈ ਡੈਡੀ ਦੀ ਫ਼ੋਟੋ ਵੱਲ ਇਸ਼ਾਰਾ ਕੀਤਾ ਏ।
ਉਦੋਂ ਇਹ ਕਿਹੜਾ ਸ਼ਰਾਬ ਨੂੰ ਮੂੰਹ ਲਾਉਂਦਾ ਸੀ। ਇਹਨੇ ਤਾਂ ਸਾਨੂੰ ਨੀਂ ਨੇੜੇ ਜਾਣ ਦਿੱਤਾ। ਬੱਸ ਪੈਸਾ ਕਮਾਉਣ ਦਾ ਝੱਲ ਉਠਿਆ ਹੋਇਆ ਸੀ। ਹੁਣ ਜਦੋਂ ਦੇਖੋ। ਅੱਖਾਂ ਲਾਲ ਕਰੀ ਫਿਰਦਾ ਹੋਏਗਾ। ...ਜਦਕਿ ਮੇਰਾ ਅਧੀਆ ਪੀਤਾ ਵੀ ਚੁੱਭਦਾ । ਇਹਦੇ ਨਾਲ ਦੇ ਬਿਜਲੀ ਵਾਲੇ ਘਰ ਆ ਵੜਦੇ ਆ। ਪੀਣ ਦੇ ਮਾਮਲੇ ਵਿੱਚ ਤਾਂ ਡਰੰਮ ਆ। ਇਹਦੇ ਅੰਦਰ ਤਾਂ ਦੋ ਘੁੱਟ ਗਏ ਨੀਂ ਤੇ ਕੀਰਨੇ ਪੈਣੇ ਸ਼ੁਰੂ ਹੋਏ ਨੀਂ।ਇਹਦਾ ਸੁਭਾਅ ਜ਼ਨਾਨੀਆਂ ਵਾਲਾ ਆ।
" ਓਏ ਰੱਬਾ। ਅਸੀਂ ਕਿਹੜੇ ਰਸਤੇ ਤੁਰ ਪਏ। ਅਸੀਂ ਬੱਚਿਆਂ ਨੂੰ ਬੱਚੇ ਨਹੀਂ ਰਹਿਣ ਦਿੱਤਾ। ਪ੍ਰੋਡਕਟ ਬਣਾ ਦਿੱਤਾ... ਤੇ ਮਾਰਕਿਟ ਵਿੱਚ ਲਾਂਚ ਕਰ ਦਿੱਤੇ। ਬਖਸ਼ੀਂ ਵਾਹਿਗੁਰੂ।"
ਗਿਰਾਸੀਮ, ਡੈਡੀ ਨੂੰ ਪੁੱਛੀਂ ਮੇਰਾ ਕੀ ਕਸੂਰ ਆ।... ਮੇਰਾ ਦਰਦ? ਉਹ ਸਮੁੰਦਰ??
.... ... .... .... ...
ਸ਼ਿਪ ਸਮੁੰਦਰ ਦੇ ਗਹਿਰੇ ਅਤੇ ਸ਼ਾਂਤ ਪਾਣੀ ਨੂੰ ਚੀਰਦਾ ਹੋਇਆ ਅੱਗੇ ਵੱਧ ਰਿਹਾ ਸੀ। ਇਹ ਸ਼ਿਪ ਨਹੀਂ ਸੀ । ਬਿਜਲੀ ਵਾਲਿਆਂ ਦੀ ਬੋਲੀ ਵਿੱਚ ਕੰਪਨੀ ਦਾ... ਸਰਮਾਏਦਾਰੀ ਦਾ ਮਾਇਆ ਜਾਲ ਸੀ।
ਜਦੋਂ ਸ਼ਿਪ ਕੰਢੇ ਲੱਗਣ ਵਾਲਾ ਹੋਣਾ, ਅਰਬਾਜ਼ ਦਾ ਮਨ ਭਾਰਾ ਹੋ ਜਾਣਾ। ਉਹਦੇ ਅੱਗੇ ਨੰਗੇ ਤੇ ਥਿਰਕਦੇ ਜਿਸਮ ਆ ਜਾਣੇ। ਉਹਨੇ ਕਹਿਣਾ-
" ਮਿਸਟਰ ਹਰਸੇਵ ਸਿੰਘ ਪੂਨੀ, ਚਿੱਤ ਕਰਦਾ ਸਮੁੰਦਰ `ਚ ਛਾਲ ਮਾਰ ਦਿਆਂ। ਸਾਰਾ ਸਮੁੰਦਰ ਆਪਣੀਆਂ ਬਾਹਾਂ ਦੀ ਤਾਕਤ ਨਾਲ ਤੈਰ ਜਾਵਾਂ। ...ਤੇ ਪੁੱਜ ਜਾਵਾਂ ਉਨ੍ਹਾਂ ਹੁਸੀਨ ਵਾਦੀਆਂ `ਚ, ਜਿਥੇ ਗੋਰੇ ਜਿਸਮ ਹੋਣ, ਕਬਾਬ ਹੋਵੇ ਤੇ ਸ਼ਰਾਬ ਹੋਵੇ।"
ਸ਼ਿਪ ਬੰਦਰਗਾਹ ਤੇ ਜਾ ਲਗਦਾ। ਮੇਰਾ ਯਾਰ ਕੈਪ ਲਾਹ ਕੇ ਪਰ੍ਹਾਂ ਸੁੱਟ ਦਿੰਦਾ। ਸਿਵਲ ਵਰਦੀ ਵਿੱਚ ਹੋ ਜਾਂਦਾ। ਪੱਬਾਂ ਅਤੇ ਕਲੱਬਾਂ ਵੱਲ ਇਵੇਂ ਦੌੜਦਾ ਜਿਵੇਂ ਪਿੰਜਰੇ ਵਿੱਚੋਂ ਰੰਗ ਬਿਰੰਗੇ ਪੰਛੀ ਛੁੱਟੇ ਹੋਣ। ਫ਼ਿਰ... ਸਭ ਕੁਝ। ਪੱਬ, ਪੈੱਗ, ਡਾਂਸਰਾਂ, ਡਾਂਸ, ਰੰਗੀਨ ਰਾਤਾਂ...।
ਗਿਰਾਸੀਮ, ਉਂਝ ਸ਼ਿਪ ਦੇ ਸਭ ਭਲਵਾਨ ਅਖਾੜੇ ਵਿੱਚ ਘੁਲਣ ਜਾਂਦੇ ਸਨ। ਪਰ ਪਟਕੇ ਦੀ ਝੰਡੀ ਆਪਣੇ ਅਰਬਾਜ਼ ਦੇ ਹੀ ਹੱਥ ਹੁੰਦੀ। ਉਹ ਅਜੇ ਵੀ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਹੋਣੈ। ਕਿਨਾਰਿਆਂ ਤੇ ਫਿਰਦੀਆਂ `ਮੱਛੀਆਂ` ਨਾਲ ਉੱਪਰ ਥੱਲੇ ਹੁੰਦਾ ਹੋਣਾ। ...ਮੈਂ? ਮੈਂ ਇਥੇ ਸੜ ਰਿਹਾਂ। ਬੈੱਡ ਤੇ ਪਿਆ ਤੜਫ ਰਿਹਾਂ। ਮੇਰੇ ਦਰਦ ਦੀ ਤਾਂ ਕੋਈ ਕਲਪਨਾ ਵੀ ਨਈਂ ਕਰ ਸਕਦਾ।
ਇੱਕ ਦਿਨ ਮੈਂ ਚਾਰੇ ਪਾਸੇ ਫ਼ੈਲੇ ਸਮੁੰਦਰ ਦੇ ਪਾਣੀ ਨੂੰ ਦੇਖ ਰਿਹਾ ਸਾਂ। ਤੂਫ਼ਾਨ ਆ ਗਿਆ ਸੀ। ਰੇਡਿਓ ਅਫ਼ਸਰ ਨੇ ਅਗਲੇ ਚੌਵੀ ਘੰਟਿਆਂ ਦੀ ਮੌਸਮ ਦੀ ਰਿਪੋਰਟ ਕੈਪਟਨ ਦੇ ਹੱਥ ਫ਼ੜਾਈ ਸੀ। ਤੂਫ਼ਾਨ ਦੀ ਨਿਊਜ਼ ਸੁਣ ਕੇ ਭਗਦੜ ਮੱਚ ਗਈ ਸੀ। ਮੈਂ ਇੰਜਣ ਰੂਮ ਵਿੱਚ ਡਿਊਟੀ ਸੰਭਾਲ ਲਈ ਸੀ। ਜਹਾਜ਼ ਦੀ ਦਿਸ਼ਾ, ਜਹਾਜ਼ ਦੀ ਸਪੀਡ, ਹਵਾ ਦੀ ਦਿਸ਼ਾ, ਹਵਾ ਦੀ ਸਪੀਡ, ਸਮੁੰਦਰ ਦੇ ਪਾਣੀ ਵਿੱਚ ਚੱਲ ਰਹੇ ਕਰੰਟ ਤੇ ਕਰੰਟ ਦੀ ਗਤੀ ਨੋਟ ਬੁੱਕ ਤੇ ਨੋਟ ਕਰੀ ਜਾ ਰਿਹਾ ਸੀ। ਨਾਲੋਂ ਨਾਲ ਡਿਊਟੀ ਅਧਿਕਾਰੀ ਨੂੰ ਵੀ ਨੋਟ ਕਰਵਾ ਰਿਹਾ ਸੀ। ਇੰਜਣ ਦਾ ਬੜਾ ਜ਼ੋਰ ਲੱਗ ਰਿਹਾ ਸੀ। ਇੰਜਣ ਕੰਟਰੋਲ ਰੂਮ ਵਿੱਚ ਇੱਕ ਤੋਂ ਬਾਅਦ ਇੱਕ ਅਲਾਰਮ ਵੱਜਣ ਲੱਗਾ। ਮੈਨ ਇੰਜਣ ਦੇ ਲੋਡ-ਇੰਡੀਕੇਟਰ ਦੀ ਸੂਈ ਵਾਰ-ਵਾਰ ਲਾਲ ਨਿਸ਼ਾਨ `ਤੇ ਜਾ ਰਹੀ ਸੀ। ਇੰਜਣ ਰੂਮ ਵਿੱਚ ਸੰਨਾਟਾ ਛਾ ਗਿਆ ਸੀ। ਜਹਾਜ਼ ਦੇ ਦੋ ਹਿੱਸੇ ਹੋਣ ਵਾਲੇ ਸਨ।
ਹਾਂ, ਗਿਰਾਸਿਮ ਪੇਟ ਵਿੱਚ ਦਰਦ ਹੋਣ ਲੱਗ ਪਿਆ ਹੈ। ਜਿੱਦਾਂ ਨਾਲੋਂ ਕੁੱਝ ਟੁੱਟਣ ਲੱਗਾ ਹੈ।
... ਯਾਰ ਤੂੰ ਮੇਰਾ ਲੇਖਾ ਦਿੰਦਾ ਪਿਆਂ। ਪਹਿਲਾਂ ਟਾਇਲਟ ਸੀਟ `ਤੇ ਲੈ ਕੇ ਗਿਆ। ਹੁਣ ਬਿਸਤਰੇ `ਤੇ ਪਾ ਕੇ ਹੱਟਿਆਂ। ... ਲੈ ਹੁਣ ਪਾਣੀ ਦਾ ਗਿਲਾਸ ਫੜ ਕੇ ਖੜ੍ਹ ਗਿਆ। ... ਰਾਜ਼ੀ ਰਹਿ ਬਈ ਬੱਲਿਆ। ਤੇਰਾ ਦੇਣਾ ਕਿਥੇ ਦੇਊਂ।
ਗਿਰਾਸੀਮ ਕਿਥੇ ਸੀ ਮੈਂ? ... ਹਾਂ ਯਾਦ ਆ ਗਿਆ।
ਮੈਂ ਉਹਨਾਂ ਦਿਨਾਂ ਵਿੱਚ ਟਾਲਸਟਾਏ ਦਾ ਨਾਵਲ `ਡੈੱਥ ਆਫ ਈਵਾਨ ਇਲੀਚ` , ਪੜ੍ਹਿਆ ਤਾਂ ਮਹਿਸੂਸ ਕੀਤਾ। ਸੋਚਿਆ
` ਈਵਾਨ ਇਲੀਚ ਮਰ ਰਿਹਾ। ... ਪਲ ਪਲ ਮਰ ਰਿਹਾ। ਉਹਦੀ ਮੌਤ ਦਾ ਹਰ ਲਮਹਾ ਲਿਖਣਾ...ਇਹ ਕਿੰਨੀ ਕਲਾਸਿਕ ਰਚਨਾ ਹੈ। ਇਹ ਟਾਲਸਟਾਏ ਹੀ ਲਿਖ ਸਕਦਾ ਹੈ।... ਕਿੰਨੀ ਕਲਾਤਮਿਕਤਾ ਨਾਲ ਉਹਨੇ ਇੱਕ ਮਰ ਰਹੇ ਵਿਅਕਤੀ ਦੀ ਮੌਤ ਨੂੰ ਚਿਤਰਿਆ ਹੈ। `
ਮੈਂ ਅਰਬਾਜ਼ `ਤੇ ਜ਼ੋਰ ਪਾਉਂਦਾ ਸੀ ਕਿ ਉਹ ਵੀ ਇਹ ਨਾਵਲਿਟ ਪੜ੍ਹੇ। ਉਹ ਨਾਂਹ ਵਿੱਚ ਸਿਰ ਮਾਰ ਦਿੰਦਾ। ਮੈਂ ਉਹਦਾ ਇੰਟਰੱਸਟ ਬਣਾਉਣ ਲਈ ਕਹਾਣੀ ਸੁਣਾਉਂਦਾ। ਲੈ ਤੂੰ ਵੀ ਸੁਣ...।
- ਈਵਾਨ ਇਲੀਚ ਅਦਾਲਤ ਵਿਚ ਫ਼ੈਸਲੇ ਸੁਣਾਉਂਦਾ ਆ। ਲੋਕਾਂ ਦੇ ਝਗੜੇ ਮੁਕਾਉਂਦਾ। ਪਰ ਆਪ ਝਗੜਾਲੂ ਕਿਸਮ ਦੀ ਪਤਨੀ ਪਰਾਸਕੋਵੀਆ ਦੇ ਵੱਸ ਪਿਆ ਹੋਇਆ ਏ। ਉਹਦੀ ਵੱਖੀ ਵਿੱਚ ਸਟੂਲ ਵੱਜ ਜਾਂਦਾ ਏ। ਉਹਦੇ ਦਰਦ ਰਹਿਣ ਲੱਗ ਪੈਂਦਾ ਏ। ਮੌਤ ਦਾ ਖੌਫ਼ ਉਸਦੇ ਦਿਲ ਉੱਤੇ ਬੈਠ ਜਾਂਦਾ ਹੈ। ਅੱਖਾਂ ਵਿੱਚ ਜ਼ਿੰਦਗੀ ਦੀ ਕੋਈ ਚਮਕ ਨਹੀਂ। ਪਤਨੀ ਉਹਦੀ ਬਿਮਾਰੀ ਤੋਂ ਬੇ ਖ਼ਬਰ ਹੈ। ਸਿਰਫ਼ ਉਹਦਾ ਨੌਕਰ ਗਿਰਾਸੀਮ ਉਹਦੀ ਦੇਖਭਾਲ ਕਰਦਾ ਹੈ। ਉਹ ਘੋਰ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਹੈ। ਭਿਆਨਕ ਤੇ ਨਾ ਸਮਝ ਆਉਣ ਵਾਲੀ ਮੌਤ ਦੀ ਉਡੀਕ ਵਿੱਚ ਤੜਫ਼ ਰਿਹਾ ਹੈ। ਕਿਆ ਮੌਤ ਹੈ...। ਕਮਾਲ...।
ਮੈਨੂੰ ਜਦੋਂ ਵੀ ਕਦੇ ਮੌਕਾ ਮਿਲਦਾ, ਮੈਂ ਨਾਵਲਿਟ ਦਾ ਕੋਈ ਨਾ ਕੋਈ ਐਪੀਸੋਡ ਉਸ ਨੂੰ ਸੁਣਾਉਣ ਲੱਗ ਪੈਂਦਾ। ਉਹ ਇੱਕ ਕੰਨ ਰਾਹੀਂ ਸੁਣਦਾ ਤੇ ਦੂਜੇ ਕੰਨ ਰਾਹੀਂ ਕੱਢ ਦਿੰਦਾ। ਉਹ ਤਾਂ ਇਸ ਉਡੀਕ ਵਿੱਚ ਹੁੰਦਾ-ਕਦੋਂ ਬੰਦਰਗਾਹ `ਤੇ ਲੱਗੀਏ। ਲੇਬਰ ਸਾਮਾਨ ਉਤਾਰੇ। ਫੇਰ ਸ਼ਿਪ ਦੇ ਸਫ਼ਾਈ ਵਾਲੇ ਦਿਨਾਂ ਵਿੱਚ ਕਲੱਬ ਜਾਈਏ। ਮਾਲਾਂ ਵਿੱਚ ਖਰੀਦੋ-ਫਰੋਖਤ ਕਰੀਏ। ...ਤੇ ਫਿਰ ਮਸਤੀ।
ਸ਼ਾਇਦ ਸਮੁੰਦਰ ਵਾਲਾ ਤੂਫ਼ਾਨ ਮੇਰੇ ਅੰਦਰ ਵੀ ਆਇਆ ਹੋਇਆ। ਉਦੋਂ ਵੀ ਆਇਆ ਸੀ। ਦੂਰ-ਦੂਰ ਤੱਕ ਚਾਰੇ ਪਾਸੇ ਪਾਣੀ ਹੀ ਪਾਣੀ ਖੌਲਦਾ ਪਿਆ ਸੀ। ਉਪਰ ਤਾਰਿਆਂ ਦੀ ਛੱਤ ਸੀ। ਅਰਬਾਜ਼ ਨੇ ਅੱਕ ਕੇ ਨਾਵਲਿਟ ਦੀ ਕਾਪੀ ਪਾਣੀ ਵਿੱਚ ਵਗਾਹ ਮਾਰੀ ਸੀ। ਤੂਫ਼ਾਨ ਠੱਲਣ ਦਾ ਨਾਂ ਨਹੀਂ ਸੀ ਲੈ ਰਿਹਾ। ਵਾਸ਼ਿੰਗਟਨ ਨੇ ਓਪਰੇਸ਼ਨ ਕਰ ਦਿੱਤਾ ਸੀ ।
.... ..... .... ........ ...... ......
ਸੁਣ ਗਿਰਾਸੀਮ, ਇੱਕ ਦਿਨ ਡੈਡੀ ਦੇ ਬਿਜਲੀ ਵਾਲੇ ਦੋਸਤ ਪੀਂਦੇ ਹੋਏ ਕਹਿ ਰਹੇ ਸਨ-
" ਸਾਲੀ ਸਾਮਰਾਜ ਦੀ ਮਾਰ ਬੜੀ ਤਿੱਖੀ ਆ। ਹੁਣ ਨਈਂ ਇਹਤੋਂ ਕੋਈ ਬਚਦਾ। ਹੁਣ ਤਾਂ ਆਪਣੇ ਘਰ ਬਚਾਉਣੇ ਵੀ ਔਖੇ ਹੋ ਗਏ। "
ਹਾਂ, ਗਿਰਾਸੀਮ। ਮੈਂ ਵੀ ਚਾਰ-ਪੰਜ ਮਹੀਨੇ ਬਚਦਾ ਰਿਹਾ। ਆਖ਼ਰ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਉਂਦੀ। ਹਰ ਥਾਂ ਦਾ ਆਪਣਾ ਮਾਹੌਲ ਹੁੰਦਾ ਹੈ। ਤੁਸੀਂ ਵੀ ਰੰਗੇ ਈ ਜਾਂਦੇ ਓ। ਮੈਂ ਤਾਂ ਫਿਰ ਵੀ ਲੰਬਾ ਸਮਾਂ ਸਿਰੜ ਰੱਖਿਆ। ਤੁਹਾਨੂੰ ਚੌਵੀ ਘੰਟੇ ਇਕੋ ਹੀ ਮਾਹੌਲ ਮਿਲੇ। ਕਿੰਨਾ ਚਿਰ...? ਮੇਰੇ ਆਲੇ ਦੁਆਲੇ ਸ਼ਬਾਬ ਤੇ ਸ਼ਰਾਬ ਸੀ। ਆਖਰ `ਪਾਣੀ ਦੀਆਂ ਪਰੀਆਂ` ਸਨ। ਹਰ ਤਰ੍ਹਾਂ ਦਾ ਨਸ਼ਾ ਸੀ। ਪੱਬਾਂ ਤੇ ਕਲੱਬਾਂ ਨੇ...। ਮੈਂ ਵਿਸਕੀ ਦੀਆਂ ਚੁਸਕੀਆਂ ਵੀ ਭਰਨ ਲੱਗ ਪਿਆ ਸਾਂ ਤੇ ਹੁਸਨ ਨੂੰ ਮਾਨਣ ਦਾ ਆਨੰਦ ਵੀ। ਫ਼ੇਰ ਵਸ਼ਿੰਗਟਨ ਨੇ...।
ਅਸੀਂ ਉਸ ਦਿਨ ਵਾਸ਼ਿੰਗਟਨ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਾਂ। ਮੇਰਾ ਖਿਆਲ ਪੰਜ ਜਣੇ ਸਾਂ। ਵਿਸਕੀ ਦੀ ਤੀਜੀ ਬੋਤਲ ਸ਼ੁਰੂ ਹੀ ਕੀਤੀ ਸੀ। ਉਹ ਸਾਡੇ ਰੂਮ ਵਿੱਚ ਆ ਗਈ ਸੀ। ਉਹ ਜੁਆਨ ਵੀ ਬੜੀ ਸੀ ਤੇ ਸੁੰਦਰ ਵੀ। ਚਾਰ ਪੈੱਗਾਂ ਨਾਲ ਮੇਰੇ ਪੈਰ ਚੁੱਕੇ ਜਾ ਰਹੇ ਸਨ। ਜਾਰਜ ਨੇ ਮਿਊਜ਼ਿਕ ਲਾ ਦਿੱਤਾ ਸੀ। ਉਹਦਾ ਡਾਂਸ ਸ਼ੁਰੂ ਹੋ ਗਿਆ ਸੀ। ਸਾਡੀਆਂ ਕੁਰਸੀਆਂ ਦੇ ਦੁਆਲੇ ਉਹਦੀਆਂ ਅਦਾਵਾਂ ਨਸ਼ਾਂ ਬਿਖੇਰ ਰਹੀਆਂ ਸਨ। ਹੌਲੀ ਹੌਲੀ ਉਹਨੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਅੰਗਾਂ ਦੀ ਚਮਕ ਲਿਸ਼ਕੌਰੇ ਮਾਰਨ ਲੱਗ ਪਈ। ਉਹ ਨੱਚਦੀ-ਨੱਚਦੀ ਕਿਸੇ ਦੀ ਗੋਦੀ ਵਿੱਚ ਬੈਠ ਜਾਂਦੀ। ਅਗਲਾ ਡਾਲਰ ਉਹਦੀ ਅੰਗੀ ਵਿਚ...। ਸੰਗੀਤ ਦੀ ਧੁਨ ਉੱਚੀ ਹੁੰਦੀ। ਉਹ ਦੂਜੇ ਦੀ ਗੋਦੀ ਜਾ ਬਹਿੰਦੀ। ਵਿਸਕੀ ਦੇ ਪੈੱਗ ਉਹਦੇ ਅੰਦਰ ਵੀ ਜਾ ਰਹੇ ਸਨ। ਉਹ ਝੂਲ ਰਹੀ ਸੀ। ਉਹ ਮੇਰੀ ਗੋਦੀ ਕਈ ਵਾਰ ਡਿਗੀ। ਆਖ਼ਰੀ ਵਾਰ ਡਿਗੀ ਤਾਂ ਉਹ ਉੱਠੀ ਨਾ। ਬਾਕੀਆਂ ਨੇ ਤਾੜੀਆਂ ਮਾਰ ਦਿੱਤੀਆਂ ਸਨ। ਉਨਾਂ੍ਹ ਦੇ ਚੀਕ ਚਿਹਾੜੇ ਵਿੱਚ ਉਸਨੇ ਮੈਨੂੰ `ਜੱਫਾ` ਮਾਰ ਲਿਆ ਸੀ।
ਘੰਟੇ ਬਾਅਦ ਮੈਂ ਬੈੱਡ ਰੂਮ `ਚੋਂ ਬਾਹਰ ਆਇਆ ਸੀ। ਵਿਪਨ ਭਾਰਦਵਾਜ ਨੇ ਇਸ ਐਕਸ਼ਨ ਨੂੰ ਜੱਫਾ ਅਪਰੇਸ਼ਨ ਦਾ ਨਾਂ ਦੇ ਦਿੱਤਾ ਸੀ। ਸਾਰਿਆਂ ਨੇ ਹੋ ਹੱਲਾ ਮਚਾ ਦਿੱਤਾ ਸੀ।
ਉਦੋਂ ਗਿਰਾਸੀਮ, ਮੈਨੂੰ ਵੀ ਆਪਣੀ ਜਵਾਨੀ ਜੱਗੋਂ ਤੇਰਵੀਂ ਲੱਗਣ ਲੱਗ ਪਈ ਸੀ। ਮੈਂ ਜਵਾਨੀ ਦੇ ਗਰੂਰ ਵਿੱਚ ਮਸਤ ਹੋ ਗਿਆ ਸੀ। ਕਈ ਅਫ਼ਸਰਾਂ ਦੀਆਂ ਪਤਨੀਆਂ ਵੀ ਮੇਰੇ `ਤੇ ਮੋਹਿਤ ਹੋ ਜਾਂਦੀਆਂ ਸਨ। ਤੇ ਫ਼ੇਰ ਜਦੋਂ ਮੌਕਾ ਮਿਲਦਾ...। ਜਿਹੜੀਆਂ ਅੱਖ ਨਾ ਮਿਲਾਉਂਦੀਆਂ, ਉਨ੍ਹਾਂ ਵੱਲ ਮੈਂ ਆਪ ਸਿੱਧਾ ਹੋ ਜਾਂਦਾ। ਅੱਖਾਂ ਨਾਲ ਇਸ਼ਾਰੇ ਕਰਨੇ, ਮੇਰੀ ਪਹਿਲੀ ਗੇਮ ਹੁੰਦੀ। ਫ਼ੇਰ ਮੈਂ ਪਤਾ ਨਹੀਂ ਕਿੰਨੀਆਂ ਗੇਮਾਂ ਖੇਡਦਾ। ਜੱਫ਼ੇ ਵਾਲੀ ਗੇਮ ਤਾਂ ਆਖ਼ਰੀ ਹੁੰਦੀ। ਸੱਚ ਜਾਣੀਂ ਗਿਰਾਸੀਮ, ਮੈਂ ਝੂਠ ਨਹੀਂ ਬੋਲਦਾ। ਨਾਲੇ ਮੌਤ ਦੇ ਕੰਢੇ `ਤੇ ਪਹੁੰਚ ਕੇ ਕਿਸੇ ਕੀ ਪਰੀ ਕਹਾਣੀਆਂ ਸੁਣਾਉਣੀਆਂ।... ਮਿੱਤਰ ਪਿਆਰੇ, ਸਮੁੰਦਰ ਵਿੱਚ ਇੰਨਾ ਲੰਬਾ ਸਮਾਂ ਰਹਿਣਾ ਕਿਹੜਾ ਖਾਲਾ ਜੀ ਦਾ ਵਾੜਾ। ਸਮੁੰਦਰੀ ਸਫ਼ਰ ਤਾਂ ਬੰਦੇ ਨੂੰ ਕਮਲਾ ਕਰ ਦਿੰਦਾ। ਉੱਤੋਂ ਵਾਸ਼ਿੰਗਟਨ...। ਇਸ ਕਰਕੇ ਭਾਈ, ਸ਼ੁਗਲ ਮੇਲੇ ਸਮੁੰਦਰੀ ਯਾਤਰੀਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਹੀ ਜਾਂਦੇ ਹਨ।
"ਤੁਹਾਡੇ ਹਿੱਸੇਦਾਰ ਅਰਬਾਜ਼ ਦਾ ਕੀ ਹਾਲ ਆ? ਉਹਨੂੰ ਕਹਿਣਾ ਸੀ...।" ਗਿਰਾਸੀਮ ਨੇ ਅਰਬਾਜ਼ ਕੋਲ਼ੋਂ ਮਦਦ ਦਾ ਕਿੱਸਾ ਛੋਹ ਲਿਆ ਹੈ।
ਗਿਰਾਸੀਮ ਉਹਦੀ ਮੇਰੇ ਨਾਲ ਗੱਲ ਨਾ ਕਰ। ਉਹਨੇ ਯਾਰੀ ਨੀਂ ਨਿਭਾਈ ।ਸਾਲਾ ਦਗੇਬਾਜ਼...। ਪੰਜੀ ਦੇਣ ਜੋਗਾ ਨੀ। ਮੈਨੂੰ ਉਹਤੋਂ ਮਦਦ ਦੀ ਬੜੀ ਆਸ ਸੀ। ਉਹਨੇ ਮੇਰੀ ਈਮੇਲ ਦਾ ਜਵਾਬ ਹੀ ਨਈਂ ਦਿੱਤਾ।
“ਹੋ ਸਕਦਾ, ਉਹ ਇੰਟਰਨੈੱਟ ਖੋਲਦਾ ਹੀ ਨਾ ਹੋਵੇ ?”
ਨਈਂ, ਗਿਰਾਸੀਮ । ਅਸੀਂ ਦੋਨੋਂ ਨੈੱਟ ਦੇ ਮਾਹਿਰ ਮੰਨੇ ਜਾਂਦੇ ਸਾਂ। ਲੈਪਟਾਪ ਤੇ ਕੁੜੀ ਸਾਡੀ ਕੱਛ ਵਿੱਚ ਹੁੰਦੇ ਸਨ। ਜੇ ਸ਼ਿਪ ਦੀ ‘ਮੱਛੀ’ ਨਾ ਫ਼ਸਦੀ ਤਾਂ ਅਸੀਂ ਚੈਟਿੰਗ ਰਾਹੀਂ ਫਸਾ ਲੈਂਦੇ। ਕੁੜੀਆਂ ਨਾਲ ਡੇਟਿੰਗ `ਤੇ ਜਾਣਾ, ਸਾਡਾ ਸ਼ੁਗਲ ਹੀ ਬਣ ਗਿਆ ਸੀ। ਇਹ ਸਾਰਾ ਕੁਝ ਓਨ ਲਾਈਨ ਹੀ ਕਰਦੇ ਸਾਂ। ਸਾਡੇ ਲਈ ਮੁਲਕਾਂ ਦੀ ਵੀ ਕੋਈ ਬੰਦਸ਼ ਨਈਂ ਸੀ। ਜਿਸ ਬੰਦਰਗਾਹ ਤੇ ਰੁਕਣਾ, ਇੰਤਜ਼ਾਰ ਕਰਨ ਵਾਲੀ ਮੂਹਰੇ ਖੜ੍ਹੀ ਹੁੰਦੀ।
ਬਿਜਲੀ ਵਾਲੇ ਡੈਡੀ ਕੋਲ ਖਾਣ ਪੀਣ ਤੋਂ ਬਾਅਦ ਮੇਰੇ ਕੋਲ ਵੀ ਆ ਜਾਂਦੇ। ਉਹਨੀਂ ਵੀ ਵਸ਼ਿੰਗਟਨ ਵਾਲੀ ਘਟਨਾ ਮੇਰੇ ਤੋਂ ਸੁਣੀ ਸੀ। ਫ਼ੇਰ ਇੱਕ ਬੋਲਿਆ ਸੀ-
" ਸਾਲਾ ਵਸ਼ਿੰਗਟਨ ਸਾਰੀ ਦੁਨੀਆ ਨਾਲ ਰੇਪ ਕਰ ਰਿਹਾ। ਅਸੀਂ ਕਿਹੜੇ ਖੇਤ ਦੀਆਂ ਮੂਲੀਆਂ ਆਂ। ਸਾਡੇ ਮੱਧ ਵਰਗ ਨੇ ਤਾਂ ਐਵੇਂ ਪੂੰਛਾਂ ਚੁੱਕੀਆਂ ਹੋਈਆਂ। ਜਿੱਦਾਂ ਕਿਤੇ ਸਾਰੇ ਨਿਆਣਿਆਂ ਨੇ ਡਾਕਟਰ ਇੰਜੀਨੀਅਰ ਹੀ ਬਣ ਜਾਣਾ ਹੁੰਦਾ।ਸਾਮਰਾਜ ਨੇ ਤਾਂ…।"
“ ਇਹ ਸਾਮਰਾਜ ਕੀ ਹੁੰਦੇ, ਹਰਸੇਵ ?”
ਇਹ ਸਵਾਲ ਪੁੱਛਣ ਵਾਲਾ ਗਿਰਾਸੀਮ ਵੀ ਕਮਲਾ। ਮੈਂ ਤਾਂ ਜਵਾਬ ਦੇਵਾਂ, ਜੇ ਮੈਨੂੰ ਪਤਾ ਹੋਵੇ।ਇਹ ਸਵਾਲ ਮੈਂ ਵੀ ਬਿਜਲੀ ਵਾਲਿਆਂ ਨੂੰ ਪੁੱਛਿਆ ਸੀ। ਉਨ੍ਹਾਂ ਵਾਲਾ ਜਵਾਬ ਦਸ ਦਿੰਨਾ-
“ਸੁਪਨੇ ਵੇਚਣ ਤੇ ਜੇਬਾਂ ਕੱਟਣ ਵਾਲੇ ਵਣਜਾਰਿਆਂ ਦੇ ਪ੍ਰਬੰਧ ਨੂੰ ਸਾਮਰਾਜ ਕਹਿੰਦੇ ਆ।”
ਇਹ ਕਹਿ ਕੇ ਮੇਰਾ ਹਾਸਾ ਨਿਕਲ ਗਿਆ ਹੈ।
... ... ... ...
ਗਿਰਾਸੀਮ ਦੀ ਅੱਖ ਲੱਗ ਗਈ ਤੇ ਮੈਂ?
ਬੋਲਣ ਦੀ ਥਾਂ ਮੈਂ ਸੋਚਣਾ ਸ਼ੁਰੂ ਕੀਤਾ ਹੈ।
` ਮੈਂ ਦੋ ਸਾਲ ਤੋਂ ਚੰਗੀ ਤਰ੍ਹਾਂ ਸੁੱਤਾ ਨਈਂ। ਭੁੱਖ ਲੱਗਣੋਂ ਵੀ ਬੰਦ ਹੋ ਚੁੱਕੀ ਹੈ। ਕੀ ਕਰਾਂ? ਰੋਟੀ ਅੰਦਰ ਲੰਘਦੀ ਨਹੀਂ। ਸਾਡੇ ਲਾਗੇ ਇੱਕ ਕਨਫੈਕਸ਼ਨਰੀ ਦਾ ਸਟੋਰ ਹੈ। ਗਿਰਾਸੀਮ ਉਥੋਂ ਠੰਡੀ ਲੱਸੀ ਲੈ ਆਉਂਦਾ ਹੈ। ਮੈਂ ਪੀ ਲੈਂਦਾ ਜਾਂ ਕੋਈ ਸੂਪ ਜਾਂ ਕੋਈ ਹੋਰ ਜੂਸ।...ਹਾਂ ਇੱਕ ਚੀਜ਼ ਹੈ ਜੋ ਬਿਨਾਂ ਨਾਗਾ ਪੀਂਦਾ ਹਾਂ। ...ਤੇ ਉਹ ਹੈ ਸ਼ਰਾਬ। ਨਾ ਪੀਵਾਂ ਤਾਂ ਅੱਖਾਂ ਪਾੜ-ਪਾੜ ਕੇ ਛੱਤ ਵੱਲ ਦੇਖਦਾ ਰਹਿੰਦਾ ਹਾਂ। ਜਾਗਾ ਕਿਵੇਂ ਕੱਟਾਂ? ਸ਼ਰਾਬ ਅੰਦਰ ਗਈ ਨਹੀਂ। ਤੇ ਅੱਖ ਲੱਗੀ ਨਹੀਂ। ਦੋ ਕੁ ਘੰਟੇ ਸੌਂ ਹੀ ਲੈਂਦਾ ਹਾਂ।
ਜਦੋਂ ਮੈਂ ਸ਼ਿਪ ਤੋਂ ਆਇਆ, ਉਦੋਂ ਤਾਂ ਵਿਸਕੀ ਜਾਂ ਸਮੈਕ ਪੀਂਦਾ ਸੀ। ਫੇਰ ਮੈਨੂੰ ਟੀ ਬੀ ਹੋ ਗਈ। ਟੀ ਬੀ ਤੋਂ ਬਚਣ ਲਈ ਡਾਕਟਰਾਂ ਨੇ ਮੈਨੂੰ ਸਮੈਕ ਛੱਡਣ ਦੀ ਸਲਾਹ ਦਿੱਤੀ। ਜਦ ਤੱਕ ਮੈਂ ਮੋਟਰ ਸਾਇਕਲ ਚਲਾ ਸਕਿਆ, ਇਹ ਨਸ਼ੇ ਛੱਕਦਾ ਰਿਹਾ। ਇਨ੍ਹਾਂ ਨਸ਼ਿਆਂ ਨੇ ਮੈਨੂੰ ਬੜਾ ਕਮਜ਼ੋਰ ਕਰ ਦਿੱਤਾ ਸੀ। ਬਿਮਾਰੀ ਦਾ ਹਮਲਾ ਵਧਿਆ ਤਾਂ ਮੈਂ ਮੰਜਾ ਮੱਲ ਲਿਆ। ਪਰ ਸ਼ਰਾਬ ਤੇ ਸਿਗਰਟ ਨਹੀਂ ਛੱਡ ਹੋਈ।
ਸਪੈਸਲਿਸਟ ਇੰਜੀਨੀਅਰ ਦੀ ਹਉਂਮੇ ਵਿੱਚ ਨੌਕਰੀ ਕਰ ਰਹੇ ਨੂੰ ਚਿੱਤ ਚੇਤਾ ਵੀ ਨਈਂ ਸੀ ਕਿ ਸੰਸਾਰ ਪੱਧਰ ਦੀ ਕੰਪਨੀ ਮੈਨੂੰ ਜੌਬ ਤੋਂ ਜਵਾਬ ਦੇ ਦਏਗੀ। ਹਰ ਛੇ ਮਹੀਨੇ ਬਾਅਦ ਹੋਣ ਵਾਲੇ ਮੈਡੀਕਲ ਚੈਕਅੱਪ ਵਿੱਚ ਮੈਂ ਰੋਗੀ ਪਾਇਆ ਗਿਆ ਸੀ। ਐਚ ਆਈ ਵੀ ਪੋਜੇਟਿਵ ਦੀ ਡਾਕਟਰੀ ਰਿਪੋਰਟ ਅਤੇ ਜੌਬ ਤੋਂ ਜਵਾਬ ਵਾਲਾ ਲੈਟਰ ਇੱਕ ਲਿਫ਼ਾਫ਼ੇ ਵਿਚ ਪਾ ਕੇ ਮੇਰੇ ਹੱਥ ਫ਼ੜਾ ਦਿੱਤੇ ਗਏ ਸਨ। ਮੈਂ ਟੁੱਟੇ ਹੋਏ ਦਿਲ ਨਾਲ ਘਰ ਪੁੱਜਾ ਸੀ । ਸਾਰਾ ਟੱਬਰ ਸੋਗ ਵਿੱਚ ਡੁੱਬ ਗਿਆ ਸੀ। ਮੰਮਾ ਤਾਂ ਰੋ-ਰੋ ਕੇ ਝੱਲੀ ਹੋ ਗਈ ਸੀ। ਪਰ ਮੈਂ ਆਪਣੇ ਆਪ ਨੂੰ ਐਚ ਆਈ ਵੀ ਪੋਜੇਟਿਵ ਮੰਨਣ ਲਈ ਤਿਆਰ ਹੀ ਨਹੀਂ ਸੀ।
ਡੈਡੀ ਅਗਲੇ ਦਿਨ ਹੀ ਮੈਨੂੰ ਪੈਥੋਲੋਜੀ ਲੈਬੋਰਟਰੀ ਲੈ ਗਏ। ਬਲੱਡ ਟੈਸਟ ਦੀ ਰਿਪੋਰਟ ਇੱਥੇ ਵੀ ਪੋਜੇਟਿਵ ਸੀ। ਉਸੇ ਦਿਨ ਅਸੀਂ ਦੂਜੀ ਲੈਬ ਜਾ ਵੜੇ। ਇਸ ਲੈਬ ਨੇ ਨੈਗੇਟਿਵ ਰਿਜਲਟ ਦਿੱਤਾ ਸੀ। ਦੂਜੀ ਲੈਬ ਦੀ ਰਿਪੋਰਟ ਦੇਖ ਕੇ ਮੰਮੀ ਦੇ ਸਾਹ ਵਿਚ ਸਾਹ ਆਇਆ ਸੀ। ਤੀਜੀ ਲੈਬ ਜਾਣ ਵੇਲੇ ਉਹ ਆਪ ਨਾਲ ਗਏ ਸਨ। ਤੀਜੀ ਲੈਬ ਵਾਲਿਆਂ ਦੋਨੋਂ ਰਿਪੋਰਟਾਂ ਪੜ੍ਹੀਆਂ ਸਨ। ਫਿਰ ਆਪਣੀ ਰਿਪੋਰਟ ਵੇਲੇ ਕਹਿ ਦਿੱਤਾ-
" ਐੱਚ ਆਈ ਵੀ ਪੋਜਟਿਵ ਹੈ ਤਾਂ ਨਹੀਂ, ਪਰ ਹੋਣ ਦੀ ਪੋਸੀਬਿਲਟੀ ਹੈ।"
ਮੇਰੇ ਮੂੰਹੋਂ ਡਾਕਟਰ ਨੂੰ ਕਿਲੋ ਦੀ ਗਾਲ ਨਿਕਲੀ ਸੀ। ਮੈਨੂੰ ਆਪਣੀ ਕੰਪਨੀ ਵਾਲਿਆਂ ਤੋਂ ਬਾਅਦ ਸਭ ਤੋਂ ਵੱਧ ਨਫ਼ਰਤ ਡਾਕਟਰਾਂ ਨਾਲ ਹੈ। ਮੈਂ ਆਪਣੀ ਮੰਮਾਂ ਨੂੰ ਉਦੋਂ ਡਾਕਟਰਾਂ ਬਾਰੇ ਦਿੱਤੀ ਸਟੇਟਮੈਂਟ `ਤੇ ਅੱਜ ਵੀ ਖੜ੍ਹਾ ਹਾਂ-
"ਮੰਮਾ, ਮੈਂ ਐਚ ਆਈ ਵੀ ਪੋਜੇਟਿਵ ਨਹੀਂ ਹਾਂ। ਇਹ ਮੇਰੇ ਖਿਲਾਫ਼ ਇਨ੍ਹਾਂ ਲੋਕਾਂ ਦੀ ਸਾਜ਼ਿਸ ਹੈ। ਡਾਕਟਰ ਵੀ ਕੰਪਨੀ ਨਾਲ ਰਲੇ ਹੋਏ ਆ। ਮੈਨੂੰ ਇਸ ਸਾਲ ਪੰਜਾਹ ਲੱਖ ਦਾ ਪੈਕਜ ਦੇਣਾ ਪੈਣਾ ਸੀ। ਅਗਲਿਆਂ ਨੂੰ ਦੱਸ ਲੱਖ ਵਾਲੇ ਮਿਲ ਗਏ ਤੇ ਸਾਨੂੰ...।"
"ਹੇ ਸੱਚਿਆ ਪਾਤਸ਼ਾਹ! ਮੇਰੇ ਲਾਡਲੇ ਨੂੰ ਇਹ ਬਿਮਾਰੀ ਨਾ ਹੋਵੇ।"
ਉਦੋਂ ਦੀ ਮੰਮੀ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਈ। ਹੌਲੀ-ਹੌਲੀ ਇਹ ਬਿਮਾਰੀ ਵਾਲੀ ਗੱਲ ਠੱਪ ਹੋ ਕੇ ਰਹਿ ਗਈ। ਮੈਂ ਆਮ ਜ਼ਿੰਦਗੀ ਜੀਉਣ ਲੱਗ ਪਿਆ ਸੀ। ਇਨਫੀਲਡ ਮੇਰੇ ਥੱਲੇ ਹੁੰਦਾ। ਕਦੇ ਪਿੰਡ ਤੇ ਕਦੇ ਸ਼ਹਿਰ ਦੇ ਗੇੜੇ ਮਾਰਦਾ। ਯਾਰਾਂ ਦੀਆਂ ਮਹਿਫ਼ਿਲਾਂ ਜੁੜਨ ਲੱਗ ਪਈਆਂ ਸਨ। ਵਿਸਕੀ ਪੀਣ ਲਈ ਰੈਸਟੋਰੈਂਟ ਜਾਣਾ ਹੁੰਦਾ ਸੀ। ਫੇਰ ਘਰ ਆ ਕੇ ਕੰਪਿਊਟਰ ਆਨ ਕਰਕੇ ਬਹਿ ਜਾਂਦਾ। ਅੱਧੀ ਰਾਤ ਤੱਕ ਚੈਟਿੰਗ ਚਲਦੀ।
ਮੈਂ ਨੌਕਰੀ ਨੂੰ ਨਈਂ ਭੁੱਲਿਆ ਸੀ। ਕੰਪਨੀ `ਤੇ ਕੇਸ ਕਰਨ ਲਈ ਨੱਠ ਭੱਜ ਕਰਨ ਲੱਗਾ। ਮੇਰੇ ਨਾਲ ਸੱਤ ਹੋਰ ਬੰਦੇ ਕੇਸ ਕਰਨ ਲਈ ਤਿਆਰ ਹੋ ਗਏ ਸਨ। ਇਸ ਤੋਂ ਪਹਿਲਾ ਕਿ ਅਸੀਂ ਕੇਸ ਲਾਉਂਦੇ, ਥਰੀ ਸਟਾਰ ਸ਼ਿਪਿੰਗ ਕੰਪਨੀ ਨੇ ਆਪਣੀ ਵੈਬਸਾਈਟ `ਤੇ ਉਨ੍ਹਾਂ ਅਧਿਕਾਰੀਆਂ, ਇੰਜੀਨੀਅਰਾਂ ਤੇ ਹੇਠਲੇ ਮੁਲਾਜ਼ਮਾਂ ਦੀ ਬਿਮਾਰੀ ਸਮੇਤ ਲਿਸਟ ਪ੍ਰਿੰਟ ਕਰ ਦਿੱਤੀ, ਜਿਨ੍ਹਾਂ ਦੀ ਛਾਂਟੀ ਕੀਤੀ ਗਈ ਸੀ। ਫ਼ੇਰ ਕੀ ਸੀ, ਮੈਨੂੰ ਈਮੇਲਾਂ ਦੇ ਜਵਾਬ ਦੇਣੇ ਔਖੇ ਹੋ ਗਏ । ਮੰਮੀ ਨੇ ਫ਼ੋਨ ਡਿਸਕਨੈਕਟ ਕਰ ਦਿੱਤੇ ਸਨ ਤੇ ਸੈੱਲ ਫ਼ੋਨ ਦਾ ਸਵਿੱਚ ਆਫ਼। ਉਸਦੀ ਧੌਣ ਹੇਠਾਂ ਡਿੱਗ ਪਈ ਸੀ। ਅੱਖਾਂ ਧਰਤੀ ਵਿੱਚ ਗੱਡੀਆਂ ਗਈਆਂ ਸਨ। ਇਹ ਸਾਡੇ `ਤੇ ਕੰਪਨੀ ਦਾ ਐਡਾ ਵੱਡਾ ਅਟੈਕ ਸੀ,ਅਸੀਂ ਉਸ ਉੱਤੇ ਕੇਸ ਤਾਂ ਕੀ ਕਰਨਾ ਸੀ।ਮੈਂ ਅੱਪਸੈੱਟ ਹੋ ਗਿਆ ਸੀ।ਮੈਂ ਕੂਕਾਂ ਮਾਰਦਾ।ਕੰਧ ਵਿਚ ਸਿਰ ਮਾਰਨ ਲੱਗ ਪੈਂਦਾ।ਚੁਬਾਰੇ ਚੜ੍ਹ ਜਾਂਦਾ।ਕੰਪਨੀ ਵਾਲਿਆਂ ਤੇ ਡਾਕਟਰਾਂ ਦੀ ਮਾਂ ਭੈਣ ਇਕ ਕਰਦਾ।
ਉਦੋਂ ਮੈਨੂੰ ਇਸ ਕਮਰੇ ਵਿੱਚ ਸਿਫ਼ਟ ਕੀਤਾ ਗਿਆ ਸੀ। ਮੇਰੇ ਨਾਲ ਵਾਲੇ ਕਮਰੇ ਵਿੱਚ ਭਈਆ ਹੁੰਦਾ ਸੀ। ਉਹਦਾ ਮੰਜਾ ਵੀ ਮੇਰੇ ਵਾਲੇ ਕਮਰੇ ਵਿੱਚ ਡਾਹ ਦਿੱਤਾ ਸੀ। ਭਈਆ ਤਾਂ ਕੰਮ ਵਿੱਚ ਫਸਿਆ ਰਹਿੰਦਾ। ਮੇਰੀ ਅਵਾਜ਼ ਵੀ ਕੋਠੀ ਅੰਦਰ ਨਹੀਂ ਪੁੱਜਦੀ ਸੀ। ਮੈਂ ਮੰਮੀ ਨਾਲ ਲੜ ਪਿਆ ਸੀ। ਆਖ਼ਰ ਇੱਕ ਦਿਨ ਉਸਨੇ ਸਿਰੇ ਦੀ ਗੱਲ ਆਖ ਦਿੱਤੀ ਸੀ।
" ਅਸੀਂ ਤੈਨੂੰ ਵਰਲਡ ਲੈਵਲ ਦਾ ਇੰਜੀਨੀਅਰ ਬਣਾਇਆ ਤੇ ਤੂੰ ਸਾਨੂੰ ਕੀ ਦਿੱਤਾ, ਓਏ?... ਬਦਨਾਮੀ। ਸਾਡਾ ਲੋਕਾਂ ਵਿੱਚ ਜੀਣਾ ਹਰਾਮ ਕੀਤਾ, ਇਹਦੇ ਨਾਲੋਂ ਤਾਂ ਚੰਗਾ ਸੀ ਕੁਲੱਛਣਿਆ ਜੰਮਦਾ ਹੀ ਮਰ ਜਾਂਦਾ। ਸਬਰ ਕਰ ਲੈਂਦੇ।"
ਮੰਮਾ ਦੇ ਬੋਲ ਅਜੇ ਵੀ ਮੇਰੇ ਸਿਰ ਵਿੱਚ ਵੱਜ ਰਹੇ ਹਨ। ਕੰਪਨੀ ਦੀ ਵੈੱਬਸਾਈਟ ਤੇ ਪ੍ਰਿੰਟ ਲਿਸਟ ਮੈਨੂੰ ਬੇਚੈਨ ਕਰ ਰਹੀ ਸੀ। ਡਾਕਟਰੀ ਰਿਪੋਰਟਾਂ ਪ੍ਰੇਸ਼ਾਨ ਕਰ ਰਹੀਆਂ ਹਨ ਤੇ ਉੱਤੋਂ ਮੰਮੀ ਦੀਆਂ ਗਾਲ੍ਹਾਂ?...ਡੈਡੀ ਦੇ ਕੀਰਨੇ।
ਬੱਸ ਇੱਕ ਆਹ ਯੋਧਾ... ਮੇਰਾ ਗਿਰਾਸੀਮ। ਸੁੱਤਾ ਕਿੰਨਾ ਪਿਆਰਾ ਲੱਗਦਾ। ਮੈਂ ਇਹਦਾ ਈਵਾਨ ਇਲੀਚ...। ਮੈਂ...? ਨਹੀਂ।
ਹਾਂ ... ਈਵਾਨ ਇਲੀਚ ਕਦੇ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਬਣਿਆ। ...ਹੁਣ ਜ਼ਰੂਰ ਬਣਿਆ ਹੋਇਆ ਹੈ। ਸ਼ਿਪ ਵਾਲੇ ਈਵਾਨ ਨੂੰ ਤਾਂ ਮੈਂ ਭੁੱਲ ਗਿਆ ਸੀ। ਇਹ ਤੇ ਜਦੋਂ ਮੈਨੂੰ ਕੰਪਨੀ ਨੇ, ਡਾਕਟਰਾਂ ਨੇ ਤੇ ਮੇਰੇ ਮੰਮਾ ਡੈਡ ਨੇ ਮੈਨੂੰ ਰੋਗ ਲਾ ਦਿੱਤਾ। ਰੈਸਟੋਰੈਂਟ, ਕੈਫ਼ੇ ਤੇ ਨੈੱਟ ਮੇਰੀ ਜ਼ਿੰਦਗੀ ਦੇ ਹਿੱਸੇ ਬਣਕੇ ਰਹਿ ਗਏ ਸਨ। ਮੈਂ ਨੈੱਟ ਤੇ ਵੀ ਉਹੀ ਕੁਝ ਦੇਖਦਾ ਸੀ, ਜੋ ਆਪ ਬੰਦਰਗਾਹਾਂ ਦੀਆਂ ਪੱਬਾਂ, ਕਲੱਬਾਂ `ਤੇ ਕਰਦਾ ਰਿਹਾ ਸੀ। ਜਦੋਂ ਮਨ ਅੱਕ ਜਾਂਦਾ, ਕੋਈ ਫਿਲਮ ਦੇਖਣ ਬੈਠ ਜਾਂਦਾ। ਇੱਕ ਦਿਨ ਨੈੱਟ ਤੇ ਕਿਸੇ ਨਵੀਂ ਮੂਵੀ ਦੀ ਸਰਚ ਕਰ ਰਿਹਾ ਸੀ। ਪਤਾ ਨਹੀਂ ਯੂ ਟਿਊਬ ਵਿਚੋਂ `ਡੈੱਥ ਆਫ਼ ਈਵਾਨ ਇਲੀਚ` ਮੂਵੀ ਮੇਰੀ ਕਿਵੇਂ ਨਜ਼ਰੀਂ ਚੜ੍ਹ ਗਈ। ਮੈਂ ਉਸੇ ਵੇਲੇ ਓਹਨੂੰ ਡਾਊਨਲੋਡ ਕਰ ਲਿਆ ਸੀ। ਫ਼ੇਰ ਮੈਨੂੰ ਵਾਰ-ਵਾਰ ਇਹੀ ਫਿਲਮ ਦੇਖਣ ਦਾ ਭੁਸ ਪੈ ਗਿਆ । ਮੰਮਾ ਮੈਨੂੰ ਇਹ ਫਿਲਮ ਦੇਖਣ ਤੋਂ ਵਰਜਦੀ ਰਹਿੰਦੀ ਪਰ ਮੈਂ ਇਹ ਫਿਲਮ ਦੇਖਣ ਦਾ ਹੱਠ ਨਾ ਛੱਡਿਆ।
ਜਿੱਦਣ ਮੈਂ ਇਹ ਫਿਲਮ ਨਾ ਦੇਖਣੀ ਮੈਨੂੰ ਅੱਚਵੀ ਲੱਗ ਜਾਣੀ। ਜਿੱਦਾਂ ਮੈਨੂੰ ਸ਼ਰਾਬ ਅਤੇ ਸਿਗਰਟ ਦੀ ਤਲਬ ਉਠਦੀ, ਉਵੈਂ ਇਸ ਮੂਵੀ ਦੀ। ਮੈਂ ਕੰਪਿਊਟਰ ਔਨ ਕਰਨ ਤੋਂ ਪਹਿਲਾਂ ਪੈੱਗ ਲਾਉਂਦਾ। ਦੂਜਾ ਪੈੱਗ...। ਫਿਰ ਮੂਵੀ ਦੇਖਣੀ ਸ਼ੁਰੂ ਕਰਦਾ। ਮੂਵੀ ਦਾ ਦੂਜਾ ਹਿੱਸਾ ਮੌਤ ਲਈ ਤੜਫ਼ ਰਹੇ ਈਵਾਨ ਉੱਤੇ ਫੋਕਸ ਹੈ। ਇਹ ਹਿੱਸਾ ਆਉਂਦਾ ਤਾਂ ਮੇਰੇ ਪੈੱਗ ਵੱਧ ਜਾਂਦੇ। ਨਾਲੋਂ ਨਾਲ ਸਿਗਰਟ ਦੇ ਕੱਸ਼ ਖਿੱਚਣ ਲੱਗ ਪੈਂਦਾ। ਕਮਰੇ ਵਿੱਚ ਧੂੰਆਂ ਹੀ ਧੂੰਆਂ ਹੋ ਜਾਂਦਾ ।
ਮੈਂ ਆਪਣੇ ਆਪ ਨੂੰ ਈਵਾਨ ਇਲੀਚ ਸਮਝਣ ਲੱਗ ਪਿਆ। ਮੈਂ ਉਹਦੇ ਵਾਂਗ ਰੋਣ ਲੱਗ ਪੈਂਦਾ।... ਕਸ਼ਟ? ਮੌਤ?? ਮੈਂ ਕਰਾਹੁਣ ਲੱਗ ਪੈਂਦਾ। ਲੱਤਾਂ ਪੈਰ ਮਾਰਦਾ। ਮੇਰਾ ਸਾਹ ਘੁਟਣ ਲੱਗ ਪੈਂਦਾ। ਮੈਂ ਕੱਪੜੇ ਪਾੜ ਸੁੱਟਦਾ। ...ਅਰਬਾਜ਼ ਨੂੰ ਗਾਲ੍ਹਾਂ ਕੱਢਦਾ। ਮੇਰੇ ਸਾਹਮਣੇ ਪਰਾਸਕੋਵੀਆ ਆ ਖੜ੍ਹਦੀ। ਗੋਰੀ ਚਿੱਟੀ, ਲੰਮੀ, ਪਤਲੀਆਂ ਬਾਂਹਾ, ਸਾਫ ਧੋਣ, ਲਿਸ਼ਕਦੇ ਵਾਲ ਤੇ ਹਿਰਨੀ ਵਰਗੀਆਂ ਅੱਖਾਂ ਵਾਲੀ ਪਰਾਸਕੋਵੀਆ । ਪਰ ਮੈਂ ਤਾਂ ਕੁਆਰਾ ਸੀ। ... ਪਰਾਸਕੋਵੀਆ ਤੇ ਮੈਡਮ ਸਤਿੰਦਰ ਕੌਰ ਰਲਗੱਡ ਹੋਣ ਲਗਦੀਆਂ। ਮੈਡਮ ਸਤਿੰਦਰ ਕੁੱਤੇ ਨੂੰ ਦੁੱਧ ਪਿਲਾ ਰਹੀ ਹੁੰਦੀ ਤੇ ਮੈਂ ਹਰਸੇਵ ਬੈੱਡ ਤੇ ਪਿਆ ਤੜਫ਼ ਰਿਹਾ ਹੁੰਦਾ।
" ਮੰਮਾ ਨੇ ਕੁੱਤੇ ਨੂੰ ਸ਼ੇਰ ਬਣਾ ਲਿਆ ਤੇ ਪੁੱਤ ਦਾ ਪਲੀਦਾ ਕਰ ਲਿਆ। ...ਪਰਾਸਕੋਵੀਆ ਜਿਹੀ ਨਾ ਹੋਵੇ।"
-ਗਧਿਆ, ਪਰਾਸਕੋਵੀਆ ਵਰਗੀਆਂ ਪਤਨੀਆਂ ਹੋ ਸਕਦੀਆਂ, ਮਾਵਾਂ ਨਈਂ।
ਇੰਦਰਪ੍ਰੀਤ ਦੀ ਘੂਰੀ ਈ ਮੇਲ ਵਿਚੋਂ ਵੀ ਦਿਖਦੀ ਪਈ ਸੀ।
... ... ... ... ... ...
-ਲੋਕ ਹਨੇਰੇ ਵਿੱਚ ਹੀ ਮਰ ਜਾਂਦੇ ਹਨ। ...ਤੇ ਪਿਛਲਿਆਂ ਲਈ ਅਲਾਮਤਾਂ ਛੱਡ ਜਾਂਦੇ ਹਨ। ਮੈਂ ਚਾਹੁੰਦੀ ਆਂ ਕਿ ਤੂੰ ਖੁਦ ਚਾਨਣ ਬਣ।
ਇੰਦਰਪ੍ਰੀਤ ਨੇ ਪਹਿਲੀ ਵਾਰ ਇਹ ਮੇਲ ਮੈਨੂੰ ਸੈਂਡ ਕੀਤੀ ਸੀ। ਮੈਂ ਸ਼ਿਪ ਦੀ ਰੰਗੀਨ ਦੁਨੀਆਂ ਵਿੱਚ ਇਹਨੂੰ ਭੁੱਲ ਚੁੱਕਾ ਸੀ। ਜਦੋਂ ਮੈਂ ਪਿੰਡ ਮੁੜਿਆ ਸੀ ਤਾਂ ਵੀ ਇਹ ਮੇਰੇ ਚਿੱਤ ਚੇਤੇ ਨਹੀਂ ਸੀ। ਮੰਮੀ ਡੈਡੀ ਨੇ ਮੈਨੂੰ ਕੋਠੀ ਦੇ ਬਾਹਰਲੇ ਹਿੱਸੇ ਵੱਲ ਧੱਕ ਦਿੱਤਾ ਸੀ। ਤੇ ਕੰਪਨੀ ਨੇ ਮੈਨੂੰ ਵੈੱਬਸਾਈਟਡ ਕਰ ਦਿੱਤਾ ਸੀ। ਸ਼ਾਇਦ ਕੰਪਨੀ ਦੀ ਵੈੱਬਸਾਈਟ ਤੋਂ ਈ ਇਹਨੂੰ ਮੇਰੀ ਬਿਮਾਰੀ ਦਾ ਪਤਾ ਲੱਗਾ ਹੋਣਾ। ਤਾਹੀਓਂ ਈ-ਮੇਲ ਕੀਤੀ ਸੀ। ਇਹਨੂੰ ਮੈਡੀਕਲ ਕਾਲਜ ਵਿੱਚ ਦਾਖ਼ਲਾ ਨਾ ਮਿਲਣ ਦਾ ਸੁਣ ਕੇ ਮੈਨੂੰ ਦੁੱਖ ਵੀ ਹੋਇਆ ਸੀ। ਦਾਰੂ ਪੀ ਕੇ ਆਪਣੀ ਮੰਮੀ ਸਮੇਤ ਸਾਰੇ ਟੀਚਰਾਂ ਨੂੰ ਗਾਲ੍ਹਾਂ ਵੀ ਕੱਢੀਆਂ। ਫ਼ਿਰ ਇਹ ਸੁਣ ਕੇ ਹੋਰ ਨਿਰਾਸ਼ਾ ਹੋਈ ਸੀ ਕਿ ਬੀ ਐੱਸ ਸੀ ਬੀ ਐੱਡ ਕਰਕੇ ਨੌਕਰੀ ਨਹੀਂ ਸੀ ਮਿਲੀ। ਉਹ ਪ੍ਰਾਈਵੇਟ ਸਕੂਲ ਵਿਚ ਪੜ੍ਹਾ ਰਹੀ ਹੈ।ਸਿਰਫ਼ ਦੋ ਹਜ਼ਾਰ ਰੁਪਏ `ਚ। ਕੋਈ ਚੰਗਾ ਰਿਸ਼ਤਾ ਵੀ ਨਹੀਂ ਮਿਲ ਰਿਹਾ।
ਉਦਾਂ ਰਿਸ਼ਤੇ ਬਾਰੇ ਸੁਣ ਕੇ ਮੈਂ ਅੰਦਰੋਂ ਖੁਸ਼ ਵੀ ਹੋਇਆ ਸੀ। ਮੇਰੀ ਬਿਮਾਰੀ ਲੋਕਾਂ ਦੇ ਨੈੱਟ ਤੇ ਚੜ੍ਹ ਚੁੱਕੀ ਸੀ। ਕੋਈ ਕੁੜੀ ਅੱਖ ਚੁੱਕ ਕੇ ਵੀ ਨਾ ਦੇਖਦੀ। ਮੈਂ ਕੁੜੀਆਂ ਲਈ ਤਰਸ ਗਿਆ ਸੀ। ਮੈਨੂੰ ਦਿਨੇ ਰਾਤ ਬੰਦਰਗਾਹਾਂ ਯਾਦ ਆਉਂਦੀਆਂ। ਪੱਬਾਂ, ਕਲੱਬਾਂ ਵਿੱਚ ਥਰ ਥਰਾਉਂਦੇ ਜਿਸਮ ਧੂਹ ਪਾਉਂਦੇ। ਇਹ `ਮੱਛੀ` ਤਾਂ ਆਪਣੇ ਆਪ ਮੇਰੇ ਜਾਲ ਵਿੱਚ ਫਸ ਰਹੀ ਸੀ। ਮੇਰੀ ਪੁਰਾਣੀ ਫਰੈਂਡ। ਮੈਂ ਓਹਨੂੰ ਈ ਮੇਲ ਕੀਤੀ ਸੀ।
-ਇਕ ਇੰਦਰਪ੍ਰੀਤ ਤੂੰ ਹੀ ਮੇਰੀ ਫਰੈਂਡ ਏ, ਜਿਹਨੂੰ ਮੈਂ ਅੱਜ ਵੀ ਪਿਆਰ ਕਰਦਾਂ। ਹੋਰ ਸਭ ਮੈਨੂੰ ਖਾ ਗਈਆਂ। ... ਮੌਤ ਦੇ ਮੌਕੇ ਇੱਕ ਤੂੰ ਹੀ ਸਹਾਰਾ ਏਂ।-
-ਤੂੰ ਮੇਰੀ ਕਲਾਸ ਦਾ ਲਾਇਕ ਮੁੰਡਾ ਸੀ। ਤੇ ਲਾਇਕ ਬੰਦੇ ਮਰਨੇ ਨਹੀਂ ਚਾਹੀਦੇ। ਦੇਸ਼ ਨੂੰ ਬੜੀ ਲੋੜ ਆ।-
ਉਦੋਂ ਮੈਂ ਮੰਜਾ ਨਹੀਂ ਸੀ ਮੱਲਿਆ। ਮੈਂ ਓਹਨੂੰ ਆਪਣੇ ਜੱਫੇ ਵਿੱਚ ਲੈਣਾ ਚਾਹੁੰਦਾ ਸੀ। ਪਰ ਉਹ...। ਉਹਦੀ ਜਦੋਂ ਵੀ ਈ ਮੇਲ ਆਉਂਦੀ ਜਾਂ ਫੋਨ । ਮੇਰੇ ਵਿੱਚ ਜਾਨ ਆ ਜਾਂਦੀ। ਮੈਂ ਬਿਮਾਰੀ ਨੂੰ ਭੁੱਲ ਜਾਂਦਾ। ਉਹ ਮੈਨੂੰ ਜਿਉਂਦਾ ਕਰ ਦਿੰਦੀ। ਇਕ ਪਾਸੇ ਟਾਲਸਟਾਏ ਦੀ ਪਰਾਸਕੋਵੀਆ ਤੇ ਦੂਜੇ ਪਾਸੇ ਉਹ। ਇਹ ਨਾਵਲ ਮੈਂ ਉਹਨੂੰ ਵੀ ਪੜ੍ਹਾਇਆ ਸੀ। ਜਦੋਂ ਮੈਂ ਪਰਾਸਕੋਵੀਆ ਦੇ ਮੁਕਾਬਲੇ ਓਹਨੂੰ ਮਹਾਨ ਦੱਸਦਾ। ਉਹ ਕੁਝ ਨਾ ਬੋਲਦੀ।
... ... ... ...
ਹੁਣ ਤਾਂ ਮੈਥੋਂ ਬੋਲਿਆ ਵੀ ਘੱਟ ਜਾਂਦਾ ਆ। ਉਦੋਂ ਮੈਂ ਜ਼ਿਆਦਾ ਸ਼ਰਾਬ ਪੀ ਲੈਂਦਾ ਸੀ। ਪੂਰੀ ਸੁਰਤ ਨਾ ਰਹਿੰਦੀ।ਰੱਬ ਦੀ ਮਾਂ ਭੈਣ ਇੱਕ ਕਰ ਦਿੰਦਾ। ਚੀਕ ਚਿਹਾੜਾ ਪਾ ਦਿੰਦਾ। ਨਾ ਦਿਨ ਮੁੱਕਦਾ ਤੇ ਨਾ ਰਾਤ। ਮੈਂ ਰੋਜ਼ ਹਨੇਰੇ ਨੂੰ ਉਡੀਕਦਾ...ਮੌਤ ਨੂੰ। ਬੱਸ `ਈਵਾਨ ਇਲੀਚ ਦੀ ਮੌਤ` ਫਿਲਮ ਲਾ ਕੇ ਬਹਿ ਜਾਂਦਾ। ਪੈੱਗ ਅੰਦਰ ਸੁੱਟੀ ਜਾਂਦਾ। ਮੈਨੂੰ ਡਰ ਲੱਗਣ ਲੱਗ ਪੈਂਦਾ। ਮੇਰੀਆਂ ਕੂਕਾਂ ਹੋਰ ਉੱਚੀਆਂ ਹੋ ਜਾਂਦੀਆਂ।
"ਮੈਂ ਜਾ ਰਿਹਾ ਹਾਂ।" ਮੇਰੀ ਚੀਕ ਨਿਕਲ ਜਾਂਦੀ।
ਇੰਦਰਪ੍ਰੀਤ ਦੀ ਹੌਂਸਲੇ ਵਾਲੀ ਈ ਮੇਲ ਆ ਜਾਂਦੀ। ਮੈਂ ਉਸੇ ਵਕਤ ਉਹਨੂੰ ਫੋਨ ਦੀ ਘੰਟੀ ਮਾਰ ਦਿੰਦਾ।
" ਪ੍ਰੀਤ ਮੈਂ ਥੱਕ ਗਿਆ। ਮੈਨੂੰ...।ਤੂੰ ਮੇਰੇ ਕੋਲ ਆਜਾ।"
" ਤੂੰ `ਕੱਲਾ ਨਹੀਂ ਥੱਕਿਆ। ਗਲੋਬਲੀਕਰਨ ਨੇ ਸਾਰੀ ਦੁਨੀਆਂ ਥੱਕਾਅ ਦਿੱਤੀ ਆ। ਇਹ ਬਿਮਾਰੀਆਂ, ਇਹ ਖੁੱਲ੍ਹ-ਖੇਡ, ਨਸ਼ੇ ਚਿੰਤਾ,ਖੋਖਲਾਪਣ... ਇਹ ਸੱਭਿਆਚਾਰ ਸਭ ਉਸੇ ਦੀ...।"
ਸਾਲੀ ਕਾਮਰੇਡਣੀ ਬਣ ਜਾਂਦੀ ਏ, ਬਿਜਲੀ ਵਾਲਿਆਂ ਵਾਂਗ। ਬਈ ਦੱਸ, ਜੇ ਤੂੰ ਆ ਨਹੀਂ ਸਕਦੀ, ਜਖ਼ਮਾਂ ਤੇ ਲੂਣ ਕਾਹਤੋਂ ਛਿੜਕਦੀ ਏਂ। ਤੇਰਾ ਕੀ ਘੱਸਣ ਲੱਗਾ ਜੇ ਰਾਤ ਕਟਾ ਦਿਆ ਕਰੇ। ਮੈਂ ਤਾਂ ਪਾਗਲ ਹੋਇਆ ਪਿਆ ਸੀ। ਦਿਮਾਗ ਫਟਣ ਨੂੰ ਫਿਰਦਾ ਸੀ। ਮੇਰੀਆਂ ਅੱਖਾਂ ਅੱਗੇ ਸਮੁੰਦਰ ਹੁੰਦਾ। ਤੂਫ਼ਾਨ ਸਮੇਂ ਇੰਜਣ ਕੰਟਰੋਲ ਰੂਮ ਵਿੱਚ ਅਲਾਰਮ ਵੱਜਦੇ ਸੁਣਦੇ। ਟੋਟੇ ਹੋਇਆ ਸ਼ਿਪ...। ਪਾਣੀ ਵਿਚੋਂ ਲਾਸ਼ਾਂ ਬਾਹਰ ਆਉਣ ਲੱਗਦੀਆਂ। ਉਹ ਪਾਣੀ `ਤੇ ਤੁਰਨ ਲੱਗ ਪੈਂਦੀਆਂ। ਫ਼ੇਰ ਮੇਰੇ ਵੱਲ...। ਅਫ਼ਸਰਾਂ ਦੀਆਂ ਪਤਨੀਆਂ ਨੰਗੀਆਂ ਹੁੰਦੀਆਂ। ਉਨ੍ਹਾਂ ਦੀਆਂ ਛਾਤੀਆਂ ਦੀ ਜਗ੍ਹਾ ਵੱਡੇ-ਵੱਡੇ ਦੰਦ ਹੁੰਦੇ। ਤੇ ਉਹ ਮੈਨੂੰ ਨੋਚ ਲੈਂਦੇ। ਮੈਂ ਫ਼ਰਸ਼ `ਤੇ ਸਿਰ ਪਟਕਣ ਲੱਗ ਪੈਂਦਾ।
ਉਨ੍ਹਾਂ ਦੇ ਮਰਿਓ ਪਤੀ ਕੰਧਾਂ `ਤੇ ਲਟਕ ਜਾਂਦੇ। ਉਨ੍ਹਾਂ ਦੇ ਲਿੰਗ ਮੇਰੇ ਵੱਲ ਵੱਧਣ ਲੱਗ ਪੈਂਦੇ। ਮੈਂ ਸਮੁੰਦਰ ਵੱਲ ਨੂੰ ਭੱਜ ਲੈਂਦਾ। ਸਮੁੰਦਰ ਵਿੱਚ ਪਾਣੀ ਤਾਂ ਹੈ ਹੀ ਨਈਂ ਸੀ। ਸਿਰਫ਼ ਖੂਨ ਸੀ। ਚਾਰੇ ਪਾਸੇ ਖ਼ੂਨ ਹੀ ਖ਼ੂਨ, ਠਾਠਾਂ ਮਾਰਦਾ ਨਜ਼ਰ ਆਉਂਦਾ। ਮੈਂ ਵਾਪਸ ਭੱਜ ਲੈਂਦਾ।
ਮੰਮੀ ਡੈਡੀ ਬਹੁਤ ਘਾਬਰ ਗਏ ਸਨ। ਉਹ ਮੈਨੂੰ ਕਦੇ ਕਿਸੇ ਡਾਕਟਰ ਕੋਲ ਲਈ ਫ਼ਿਰਦੇ, ਕਦੇ ਕਿਸੇ ਕੋਲ। ਡੇਢ ਮਹੀਨਾ ਚੱਢਾ ਹਸਪਤਾਲ ਵਿੱਚ ਦਾਖ਼ਲ ਕਰੀ ਰੱਖਿਆ।ਮੈਨੂੰ ਡਾਕਟਰਾਂ ਕੋਲੋਂ ਭੈਅ ਆਉਂਦਾ ਸੀ।ਮੈਨੂੰ ਕਿਹੜਾ ਕੋਈ ਬਿਮਾਰੀ ਸੀ।ਉਹਨੀਂ ਲਾ ਦੇਣੀ ਸੀ।ਅੱਜ ਕੱਲ੍ਹ ਦੇ ਡਾਕਟਰਾਂ ਦਾ ਇਹ ਕਿੱਤਾ ਆ।ਨਾਲੇ ਕੀ ਪਤਾ ਮੇਰੀ ਕੰਪਨੀ ਵਾਲਿਆਂ ਨਾਲ ਰਲੇ ਹੋਏ ਹੋਣ।ਬਿਜਲੀ ਵਾਲੇ ਕਹਿੰਦੇ ਸੀ ਵਿਦੇਸ਼ੀ ਕੰਪਨੀਆਂ ਤਾਂ ਦੇਸ਼ ਚਲਾ ਰਹੀਆਂ।ਮੈਂ ਹਸਪਤਾਲੋਂ ਭੱਜ ਆਇਆ ਸੀ।ਮੈਂ ਘਰ ਆ ਕੇ ਲੁਕ ਗਿਆ।ਇਥੇ ਵੀ ਹਸਪਤਾਲ ਵਾਂਗ ਡਰ ਆਉਣ ਲੱਗਾ।ਖ਼ੂਨ ਨਾਲ ਭਰਿਆ ਸਮੁੰਦਰ, ਲਾਸ਼ਾਂ... ਕੰਧਾਂ ਮੇਰਾ ਖਹਿੜਾ ਨਹੀਂ ਛੱਡ ਰਹੀਆਂ ਸਨ। ਮੈਂ ਮੰਮੀ ਡੈਡੀ ਨੂੰ ਕਿਹਾ ਵੀ।
"ਇਸ ਕਮਰੇ ਨੇ ਮੈਨੂੰ ਖਾ ਜਾਣਾ। ਮੈਨੂੰ ਕੋਠੀ ਅੰਦਰ ਲੈ ਜਾਓ।"
ਇਹ ਸੁਣ ਕੇ ਉਹ ਹੋਰ ਸਹਿਮ ਗਏ। ਉਨ੍ਹਾਂ ਨੂੰ ਕਿਹੜਾ ਮੇਰੇ ਉੱਤੇ ਤਰਸ ਆਉਂਦਾ ਸੀ। ਪਹਿਲਾਂ ਤਾਂ ਸਮੁੰਦਰ ਵਿਚੋਂ ਬੰਦੇ ਉੱਠ ਕੇ ਆਉਂਦੇ ਸਨ। ਫ਼ਿਰ ਫ਼ਰਸ਼ ਤੇ ਪਾਣੀ ਹੀ ਪਾਣੀ ਹੋਣ ਲੱਗ ਪਿਆ। ਪਾਣੀ ਦੀਆਂ ਲਹਿਰਾਂ ਉਠਦੀਆਂ। ਉਨ੍ਹਾਂ ਲਹਿਰਾਂ ਵਿਚੋਂ ਬੰਦੇ ਬਾਹਰ ਆ ਜਾਂਦੇ। ਮੇਰੇ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ। ਨਈਂ ਤਾਂ ਵੱਢ ਨਾ ਦਿੰਦਾ। ਉਦਾਂ ਮੇਰੇ ਕੋਲ ਹਥਿਆਰਾਂ ਦਾ ਘਾਟਾ ਵੀ ਨਈਂ ਸੀ। ਡੈਡੀ ਦੇ ਬਿਜਲੀ ਵਾਲੇ ਯਾਰ ਆਏ। ਮੈਂ ਉਨ੍ਹਾਂ ਨੂੰ ਵੀ ਸੁਲ੍ਹਾ ਮਾਰੀ ਸੀ।
"ਜੇ ਕਿਸੇ ਦਾ ਕੰਡਾ ਕੱਢਣਾ ਹੋਇਆ ਤਾਂ ਦੱਸ ਦਿਓ। ਮੇਰੇ ਕੋਲ ਉਹ ਵਾਸ਼ਿੰਗਟਨ ਵਾਲੀ ਦਾ ਸੈੱਲ ਫੋਨ ਨੰਬਰ ਹੈਗਾ ਆ। ਬੱਸ ਇੱਕ ਰਾਤ ਉਹਦੇ ਨਾਲ ਕਟਾਉਣੀ ਆ। ਸਾਲਾ ਹੱਡ ਰਗੜ-ਰਗੜ ਕੇ ਮਰੂ।"
"ਅੱਛਾ...।" ਉਹ ਬੁੱਲ੍ਹਾਂ `ਚ ਹੱਸਦੇ ਹੋਏ ਹੁੰਗਾਰਾ ਭਰਦੇ।
"ਕਰਾਂ ਨੀਲੀਆਂ ਅੱਖਾਂ ਵਾਲੀ ਨਾਲ ਗੱਲ?"
ਇਹ ਸਾਲੇ ਜਮਦੂਤ ਵੀ ਭੈੜੇ ਆ। ਜਿਹਦੇ ਮਗਰ ਪੈ ਜਾਂਦੇ ਆ। ਖਹਿੜਾ ਨਈਂ ਛੱਡਦੇ। ਮੈਂ ਉਦਾਂ ਭਈਏ ਤੋਂ ਵੀ ਮਾਫੀ ਮੰਗ ਲੈਣੀ ਸੀ। ਮੈਨੂੰ ਤਾਂ ਲਿੰਗ ਤੇ ਛਾਤੀਆਂ ਦਿਸਦੀਆਂ ਸਨ। ਭਈਏ ਨੂੰ ਵੀ ਦਿਸਣ ਲੱਗ ਪਏ ਸਨ। ਜਦੋਂ ਉਹ ਕੰਧ `ਤੇ ਖੜ੍ਹੇ ਹੁੰਦੇ। ਮੈਂ ਉਨ੍ਹਾਂ `ਤੇ ਅਟੈਕ ਕਰ ਦਿੰਦਾ। ਮੈਂ ਆਪਣੇ ਸਿਰ ਨਾਲ ਉਨ੍ਹਾਂ ਦੇ ਅੰਗ ਭੰਨਦਾ ਸੀ। ਭਈਆ ਕਹਿੰਦਾ ਮੈਂ ਆਪਣੇ ਹਥਿਆਰ ਉਹ `ਤੇ ਚਲਾਉਂਦਾ ਹਾਂ। ਉਹ ਰਾਤੋਂ ਰਾਤ ਭੱਜ ਗਿਆ ਸੀ।
ਮੈਂ ਇਕੱਲਾ ਰਹਿ ਗਿਆ ਸੀ। ਇਸ ਕਮਰੇ ਵਿੱਚ ਇਕੱਲਾ ਬੰਦਾ ਸੌਂ ਸਕਦਾ? ਇੰਦਰਪ੍ਰੀਤ ਨੂੰ ਆਉਣ ਲਈ ਫੋਨ ਕਰਦਾ। ਉਹ ਵੀ ਨਈਂ ਆਉਂਦੀ। ਮੈਂ ਚਾਹੁੰਦਾ ਸੀ ਉਹ ਇੱਕ ਵਾਰ...। ਰਹੀ ਡੈਡੀ ਦੀ ਗੱਲ, ਅੱਵਲ ਤਾਂ ਉਹਨੇ ਮੇਰੇ ਨਾਲ ਪੈਣਾ ਨਈਂ ਸੀ।ਜੇ ਪੈ ਵੀ ਜਾਂਦਾ, ਉਹਦਾ ਕੋਈ ਫ਼ਾਇਦਾ ਨਈਂ ਸੀ। ਪੀਤੀ ਵਿੱਚ ਉਹਨੂੰ ਕਿਹੜਾ ਸੁਰਤ ਰਹਿੰਦੀ ਆ। ਮੰਮੀ ਨੂੰ ਸੱਦਿਆ ਤਾਂ ਉਹਨੇ ਮੇਰੇ `ਤੇ ਝੂਠਾ ਦੋਸ਼ ਲਾ ਦਿੱਤਾ। ਅਖੇ ਮੈਂ ਉਹਦੇ ਵੱਲ ਭੁੱਖੀਆਂ ਨਜ਼ਰਾਂ ਨਾਲ ਦੇਖਦਾਂ।
ਕਲਯੁੱਗ ਆ ਗਿਆ। ਕੋਈ ਬੰਦਾ ਆਪਣੀ ਮਾਂ ਬਾਰੇ ਵੀ...। ਮੇਰੇ ਅੰਗ ਕੱਟੇ ਜਾਣ ਓ ਰੱਬਾ। ਕਿੱਦਾਂ ਦੀਆਂ ਬਿਮਾਰੀਆਂ ਲੱਗਣ ਲੱਗ ਪਈਆਂ। ਉਦੋਂ ਡਰ ਹੁਣ ਨਾਲੋਂ ਵੀ ਜ਼ਿਆਦਾ ਲੱਗਦਾ ਸੀ। ਭਈਏ ਨੂੰ ਕੀ ਦੋਸ਼ ਦੇਵਾਂ। ਮੇਰੇ ਆਪਣਿਆ ਦਾ ਕੀ ਹਾਲ ਏ? ਉਹ ਕਰਨਬੀਰ ਨੇ ਕਦੇ ਫੋਨ ਨਈਂ ਕੀਤਾ। ਦੱਸੋਂ ਭਲਾ ਮੈਂ ਓਹਨੂੰ ਫੋਨ ਵਿਚੋਂ ਖਾ ਜਾਊਂਗਾ। ਉਦਾਂ ਮੇਰੀ ਮੰਮੀ ਇਵੇਂ ਸੋਚਦੀ ਆ। ਇਹਨੇ ਉਹਨੂੰ ਵਰਜਿਆ ਹੋਣਾ।ਉਹਨੇ ਇਕ ਵਾਰ ਦੋ ਲੱਖ ਰੁਪਿਆ ਭੇਜਿਆ।ਮੁੜ ਕੇ ਬੁਲਾਉਣ ਤੋਂ ਵੀ ਜਾਂਦਾ ਲੱਗਾ।ਮੰਮੀ ਡੈਡੀ ਨਾਲ ਗਿੱਟ ਮਿੱਟ ਕਰਦਾ ਰਹਿੰਦਾ ਏ।ਉਹਨਾਂ ਨੂੰ ਡਾਲਰ ਭੇਜਦਾ ਆ।ਅੱਜ-ਕੱਲ੍ਹ ਉਹ ਮੰਮੀ ਦਾ ਲਾਡਲਾ ਪੁੱਤ ਆ। ਜਿੰਨੇ ਦਿਨ ਭਈਆ ਭੱਜਿਆ ਰਿਹਾ। ਇਹ ਮੇਰੇ ਅੰਦਰ ਨਹੀਂ ਵੜੀ। ਮੈਂ ਚਾਹੇ ਚੀਕਾਂ ਮਾਰਦਾ ਰਿਹਾਂ। ਭੁੱਖਾ ਪਿਆ ਰਿਹਾਂ। ਇਹਨੇ ਕਮਰੇ ਦੇ ਬਾਹਰ ਘੁੰਮੀ ਜਾਣਾ। ਇਹਦੀ ਅੰਦਰ ਆਉਣ ਦੀ ਹਿੰਮਤ ਨਾ ਪੈਣੀ। ਪਤਾ ਨਈਂ ਇਹ ਮੈਥੋਂ ਡਰਦੀ ਸੀ ਜਾਂ ਭੂਤਾਂ ਤੋਂ। ਕਹਿੰਦੀ ਸੀ-
" ਕਿਤੇ ਇਹ ਪ੍ਰੇਤ ਜਾਂ ਬਿਮਾਰੀ ਸਾਨੂੰ ਨਾ ਚੁੰਬੜ ਜਾਏ।"
ਡੈਡੀ ਨੇ ਡਿਊਟੀ ਤੋਂ ਆਉਣਾ। ਉਹਨੇ ਵੀ ਅੰਦਰ ਨਾ ਵੜਨਾ। ਬਿਮਾਰੀ ਦਾ ਉਹਨੂੰ ਵੀ ਡਰ ਸੀ। ਪਹਿਲਾਂ ਉਹਨੇ ਕਾਇਮ ਹੋਣਾ। ਫ਼ੇਰ ਰੋਟੀ ਪਾਣੀ ਦੇਣ ਅੰਦਰ ਵੜਨਾ। ੱਿਜੱਦਣ ਉਹਦੇ ਕੋਲ ਬੋਤਲ ਨਾ ਹੋਣੀ। ਉਹਨੇ ਆਂਢ-ਗੁਆਂਢ `ਚੋਂ ਬੰਦਾ ਲੈ ਕੇ ਅੰਦਰ ਆਉਣਾ। ਮੈਨੂੰ ਦੇਖ ਕੇ ਪਸੀਨੋ ਪਸੀਨਾ ਹੋ ਜਾਣਾ। ਉਨਾ ਤਾਂ ਇਸ ਬਿਮਾਰੀ ਤੋਂ ਮੈਂ ਨਹੀਂ ਸਹਿਮਿਆ ਹੋਣਾ, ਜਿੰਨੇ ਇਹ ਡਰ ਗਏ ਸਨ।
...ਮੇਰੀ ਦਰਦ ਨਾਲ ਚੀਕ ਨਿਕਲ ਗਈ ਹੈ। ਗਿਰਾਸੀਮ ਉੱਠ ਖੜ੍ਹਿਆ ਹੈ। ਮੇਰੇ ਮੂੰਹ `ਤੇ ਹੱਥ ਫ਼ੇਰ ਕੇ ਫ਼ਿਰ ਸੌਂ ਗਿਆ ਹੈ। ਕਈ ਰਾਤਾਂ ਤੋਂ ਪੂਰੀ ਤਰ੍ਹਾਂ ਸੁੱਤਾ ਨਹੀਂ। ਮੇਰੇ ਦਰਦ ਬਹੁਤ ਹੁੰਦਾ ਸੀ। ਇਹ ਜਾਗਦਾ ਰਿਹਾ। ਇਹਦਾ ਅਸਲ ਨਾਂ ਰਾਜੇਸ਼ ਹੈ। ਇਹ ਮੰਮਾ ਦਾ ਸਟੂਡੈਂਟ ਰਿਹਾ। ਇਹਨੇ ਬਾਰ੍ਹਵੀਂ ਕੀਤੀ ਹੋਈ ਹੈ। ਨੇੜਲੇ ਪਿੰਡ ਥਾਂਦੀਆਂ ਤੋਂ ਹੈ। ਮੇਰੀ ਦੇਖ ਭਾਲ ਲਈ ਮੰਮਾ ਨੇ ਚੱਢਾ ਹਸਪਤਾਲ ਵਾਲਿਆਂ ਨਾਲ ਇਹਦੇ ਬਾਰੇ ਗੱਲ ਤੋਰੀ ਸੀ। ਉੱਦਣ ਮੈਂ ਹਸਪਤਾਲੋਂ ਭੱਜਿਆ ਸੀ। ਉਹਨਾਂ ਨੂੰ ਕੀ ਸੀ? ਡਾਕਟਰਾਂ ਨੇ ਤਾਂ ਪੈਸੇ ਬਟੋਰਨੇ ਸਨ। ਉਹਨੀਂ ਸਾਨੂੰ ਰਾਜੇਸ਼ ਦੇ ਦਿੱਤਾ ਸੀ। ਇਹ ਮੈਨੂੰ ਵੀ ਪਸੰਦ ਸੀ ਤੇ ਮੰਮੀ ਡੈਡੀ ਨੂੰ ਵੀ । ਇਹ ਮੰਮੀ ਡੈਡੀ ਨੂੰ ਡਰਿਓ ਦੇਖ ਕੇ ਹੱਸ ਪਿਆ ਸੀ।
" ਇਹ ਬਿਮਾਰੀ ਖ਼ਤਰਨਾਕ ਜ਼ਰੂਰ ਆ, ਮੈਡਮ ਜੀ। ਕਿਸੇ ਨੂੰ ਕੁਝ ਨਈਂ ਕਹਿੰਦੀ। ਮੈਂ ਬਿਮਾਰੀ ਨਾਲ ਸਿੱਝ ਲਵਾਂਗਾ।"
ਮੁੰਡਾ ਬੀਬਾ ਆ। ਨਿਡਰ ਵੀ ਆ ਤੇ ਸਮਝਦਾਰ ਵੀ। ਇਹਦੀ ਤਨਖਾਹ ਦੀ ਸੈਟਲਮੈਂਟ ਹੋ ਗਈ ਸੀ। ਇਹ ਵਿਚਾਰਾ ਜਿੰਨਾ ਕਰ ਸਕਦਾ ਆ, ਕਰੀ ਜਾਂਦਾ ਆ। ਮੈਨੂੰ ਮੰਮੀ ਡੈਡੀ ਤੋਂ ਬਾਅਦ ਬਹੁਤਾ ਗੁੱਸਾ ਇੰਦਰਪ੍ਰੀਤ `ਤੇ ਆ। ਦੇਖੋ, ਮੈਂ ਉਹਨੂੰ ਪਿਆਰ ਕਰਦਾਂ। ਤੇ ਉਹ...।`
... ... ... ...
ਹਰਸੇਵ ਬੈੱਡ `ਤੇ ਪਿਆ ਤੜਫ਼ ਰਿਹਾ ਹੁੰਦਾ। ਉਹਦੀਆਂ ਹੱਡੀਆਂ ਵਿੱਚ ਦਰਦ ਰਹਿੰਦਾ। ਜਿਉਂ ਹੀ ਦਵਾਈ ਉਹਦੇ ਅੰਦਰ ਜਾਂਦੀ, ਉਹਦੇ ਕੰਨਾਂ `ਚੋਂ ਧੂੰਆਂ ਨਿਕਲਦਾ। ਪੇਟ ਵਿੱਚ ਜਿੱਦਾਂ ਅੱਗ ਬਲ ਜਾਂਦੀ। ਪੇਟ ਕੱਸਿਆ-ਕੱਸਿਆ ਰਹਿੰਦਾ।
ਰਾਜੇਸ਼ ਸਾਰੀ ਸਾਰੀ ਰਾਤ ਉਹਦੇ ਪੈਰਾਂ ਦੀ ਮਾਲਸ਼ ਕਰਦਾ। ਜਦੋਂ ਪੇਟ ਬਹੁਤ ਜ਼ਿਆਦਾ ਕੱਸਿਆ ਜਾਂਦਾ, ਦੇਸੀ ਤੇਲ ਦੀ ਮਾਲਸ਼ ਨਾਲ ਨਰਮ ਕਰਦਾ। ਉਹਦੇ ਨਾਲ ਬੱਚਿਆਂ ਵਾਂਗ ਲਾਡ ਲਡਾਉਂਦਾ। ਉਹਨੂੰ ਚੁੰਮਦਾ, ਦਿਲਾਸਾ ਦਿੰਦਾ। ਉਹਦਾ ਮੂੰਹ ਧੋਂਦਾ, ਕੰਘੀ ਕਰਦਾ। ਰਾਤ ਪੈਂਦੀ...। ਉਹ ਆਪਣੇ ਘਰ ਜਾਣ ਤੋਂ ਇਨਕਾਰ ਕਰ ਦਿੰਦਾ। ਉਹਦੇ ਨਾਲ ਹੀ ਸੌਂ ਜਾਂਦਾ। ਉਹਦੀ ਛਾਤੀ ਦਬਾਉਂਦਾ, ਸਿਰ ਘੁੱਟਦਾ। ਜਦੋਂ ਉਹ ਉਹਨੂੰ ਇਹ ਸਾਰਾ ਕੁਝ ਕਰਦੇ ਨੂੰ ਦੇਖਦਾ, ਉਹ ਇੰਦਰਪ੍ਰੀਤ ਨੂੰ ਫੋਨ ਕਰਦਾ-
" ਮੈਂ ਇਹਦਾ ਨਾਂ ਗਿਰਾਸੀਮ ਰੱਖ ਦਿਆਂ।"
"ਰਾਜੇਸ਼ ਨਾਂ ਕੋਈ ਮਾੜਾ ਨਈਂ।"
ਪਰ ਇੰਦਰਪ੍ਰੀਤ ਦੇ ਰੋਕਣ ਦੇ ਬਾਵਜੂਦ ਉਹਨੇ ਉਹਦਾ ਨਾਂ ਗਿਰਾਸੀਮ ਰੱਖ ਦਿੱਤਾ। ਹੌਲੀ-ਹੌਲੀ ਉਹਨੂੰ ਉਹਦਾ ਰਾਜੇਸ਼ ਨਾਂ ਭੁੱਲ ਹੀ ਗਿਆ। …ਤੇ ਉਹ ਉਹਦਾ ਗਿਰਾਸੀਮ ਹੋ ਗਿਆ।
ਗਿਰਾਸੀਮ ਰੋਟੀ ਖਵਾਉਣ ਦੀ ਕੋਸ਼ਿਸ਼ ਕਰਕੇ ਹਟਿਆ, ਪਚੀ ਨਈਂ। ਪੇਟ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ। ਕੋਈ ਵੀ ਭਾਰੀ ਚੀਜ਼ ਪੇਟ ਝਲਦਾ ਨਈਂ। ਉਹਦਾ ਚਿੱਤ ਕਦੇ ਮਿੱਠਾ ਖਾਣ ਨੂੰ ਕਰਦਾ ਹੈ ਤੇ ਕਦੇ ਕੌੜਾ। ਗਿਰਾਸੀਮ ਕਦੇ ਕੋਈ ਮਠਿਆਈ ਲਿਆਉਂਦਾ ਹੈ ਤੇ ਕਦੇ ਕੁਝ ਹੋਰ। ਫਿਰ ਉਹ ਮੂੰਹ ਸਲੂਣਾ ਕਰਨ ਲਈ ਕਦੇ ਗੋਲਗੱਪੇ, ਕਦੇ ਸਮੋਸੇ, ਕਦੇ ਨਮਕੀਨ ਤੇ ਕਦੇ ਕੁਝ ਹੋਰ ਲਿਆਉਂਦਾ ਹੈ। ਪਰ ਉਹਦੇ ਅੰਦਰ ਕੁਝ ਨਈਂ ਲੰਘ ਰਿਹਾ। ਜੀਭ ਦੇ ਛਾਲਿਆਂ ਨੇ ਸਵਾਦ ਵੀ ਖਤਮ ਕਰ ਦਿੱਤੇ ਹਨ। ਗਿਰਾਸੀਮ ਉਹਨੂੰ ਪੁਚਕਾਰ ਪੁਚਕਾਰ ਕੇ ਖੁਆ ਰਿਹਾ ਹੈ।
"ਗਿਰਾਸੀਮ, ਜੇ ਮੈਂ ਸਾਰਾ ਕੁਝ ਖਾਣਾ ਪੀਣਾ ਬੰਦ ਕਰ ਦਿਆਂ। ਫਿਰ ਇਸ ਢਿੱਡ ਤੇ ਸਿਰ ਨੂੰ ਪੁੱਛਾਂ- ਹੁਣ ਤੁਸੀ ਖੁਸ਼ ਹੋ?"
ਇੰਨੀ ਗੱਲ ਕਹਿ ਕੇ ਹਰਸੇਵ ਠਹਾਕਾ ਮਾਰ ਕੇ ਹੱਸਿਆ ਹੈ। ਗਿਰਾਸੀਮ ਚੁੱਪ ਬੈਠਾ ਹੈ। ਉਹ ਉਹਦੀ ਚੁੱਪ ਨੂੰ ਸਮਝਦਾ ਹੈ। ਉਹ ਉਹਦਾ ਧਿਆਨ ਹਟਾਉਣ ਲਈ ਬੀਚ ਦੇ, ਕਰੂਜ਼ ਦੇ ਚੁਟਕਲੇ ਸੁਣਾਉਣ ਲੱਗ ਪਿਆ ਹੈ। ਗਿਰਾਸੀਮ ਉਹਦੇ ਚੁਟਕਲਿਆਂ ਵਿੱਚ ਖੁੱਭ ਗਿਆ ਹੈ।
`ਸਾਡਾ ਸ਼ਿਪ ਆਪਣੇ ਰੂਟ `ਤੇ ਜਾ ਰਿਹਾ ਸੀ। ਪੋਰਟਲੈਂਡ ਦੇ ਤੱਟ ਤੋਂ ਜਪਾਨੀ ਜਹਾਜ਼ ਸਾਡੇ ਨਾਲ ਰਲਿਆ ਸੀ। ਉਸ ਵਿੱਚ ਕਿੰਨੀਆਂ ਸਾਰੀਆਂ ਜਵਾਨ ਗੋਰੀਆਂ ਬੈਠੀਆਂ ਸਨ। ਅਸੀਂ ਉਨ੍ਹਾਂ ਨੂੰ ਦੇਖ ਕੇ ਆਪਣੀਆਂ ਕਮੀਜ਼ਾਂ ਲਾਹ ਦਿੱਤੀਆਂ, ਜਦੋਂ ਗੋਰੀਆਂ ਨੇ ਲਾਹੀਆਂ, ਅਸੀਂ ਧੜੱਮ ਕਰਕੇ ਜਹਾਜ਼ ਵਿਚਲੇ ਪਾਣੀ ਵਿੱਚ ਡਿੱਗ ਪਏ ਸਾਂ।`
ਗਿਰਾਸੀਮ ਹੱਸ-ਹੱਸ ਕੇ ਲੋਟਪੋਟ ਹੋ ਰਿਹਾ ਹੈ। ਤੇ ਹਰਸੇਵ ਰੋ ਰਿਹਾ ਹੈ।
ਉਹਦੇ ਜ਼ੋਰ ਨਾਲ ਦਰਦ ਉਠਿਆ ਹੈ। ਗਿਰਾਸੀਮ ਚੁੱਕ ਕੇ ਟੁਆਇਲਟ ਸੀਟ ਤੇ ਬਿਠਾਉਂਦਾ ਹੈ। ਖੂਨ ਦੇ ਕਤਰਿਆਂ ਨਾਲ ਸਾਰੀ ਸੀਟ ਲਹੂ ਲੁਹਾਣ ਹੋ ਗਈ ਹੈ। ਉਹਨੇ ਉਹਨੂੰ ਸਾਫ਼ ਕਰਕੇ ਬੈੱਡ `ਤੇ ਲਿਆ ਪਾਇਆ ਹੈ। ਸੀਟ ਸਾਫ਼ ਕਰਕੇ ਉਹਨੂੰ ਹੌਂਸਲਾ ਦੇਣ ਲੱਗ ਪਿਆ ਹੈ। ਹਰਸੇਵ ਦੀ ਜਾਨ ਨਿਕਲਦੀ ਜਾ ਰਹੀ ਹੈ। ਪਤਾ ਨਈਂ ਉਹਦੇ ਅੰਦਰ ਕਿਹੜਾ ਵਾਇਰਸ ਵੜ ਚੁੱਕਾ ਹੈ। ਜਿਹੜਾ ਉਹਦੀ ਜਾਨ ਲੈ ਰਿਹਾ ਹੈ। ਗਿਰਾਸੀਮ ਉਹਨੂੰ ਚੁੱਪ ਕਰਾ ਰਿਹਾ ਹੈ।
" ਭਰਾ ਜੀ, ਸ਼ਬਦਾਂ ਨਾਲ ਦਰਦਾਂ ਨੂੰ ਮਾਰਿਆ ਨਈਂ ਜਾ ਸਕਦਾ।"
ਗਿਰਾਸੀਮ, ਹਰਸੇਵ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਹੈ। ਉਹਨੂੰ ਇੱਕਲੇ ਨੂੰ ਰੋਣ ਲਈ ਛੱਡ ਕੇ ਬਾਹਰ ਵਰਾਂਡੇ ਦੀ ਨੁੱਕਰ ਵਿੱਚ ਬੈਠ ਗਿਆ ਹੈ। ਅੱਧੀ ਰਾਤ ਬੀਤ ਚੁੱਕੀ ਹੈ। ਹਰਸੇਵ ਨੇ ਗਿਰਾਸੀਮ ਤੋਂ ਇੱਕ ਗਲਾਸ ਵਿਸਕੀ ਦਾ ਲੈ ਕੇ ਪੀਤਾ ਹੈ। ਇਸ ਨਾਲ ਉਸਦਾ ਥੋੜ੍ਹਾ ਦਰਦ ਘੱਟ ਗਿਆ ਹੈ। ਉਹ ਇੱਕ ਹੋਰ ਪੈੱਗ ਲਾ ਕੇ ਸੌਣਾ ਚਾਹੁੰਦਾ ਹੈ। ਨਾਲ ਪਿਆ ਗਿਰਾਸੀਮ ਉਹਦੇ ਹੱਥਾਂ ਨੂੰ ਪਲੋਸ ਰਿਹਾ ਹੈ।
" ਗਿਰਾਸੀਮ, ਉਹਨਾਂ ਗਲੀਆਂ ਵਿੱਚ ਗਏ ਤਾਂ ਸਾਰੇ ਈ...। ਉਸ ਕੰਬਖ਼ਤ ਰੱਬ ਨੂੰ ਪੁੱਛ, ਮੇਰਾ ਪੈਰ ਈ ਚਿੱਕੜ ਵਿੱਚ ਫਸਾਣਾ ਸੀ।"
ਹਰਸੇਵ ਨੇ ਹਉਕਾ ਲਿਆ ਹੈ। ਦੂਜਾ ਪੈੱਗ ਅੰਦਰ ਸੁਟਿਆ ਹੈ। ...ਗਿਰਾਸੀਮ ਉਹਨੂੰ ਸੁਲਾਉਣ ਦੀ ਕੋਸ਼ਿਸ਼ ਵਿੱਚ ਹੈ। ਸ਼ਾਇਦ ਉਹਦੀ ਅੱਖ ਲੱਗ ਗਈ ਹੈ।
ਸਭ ਤੋਂ ਭਿਆਨਕ ਸਜ਼ਾ ਜਾਗਾ ਕੱਟਣਾ ਹੈ। ਪਿਛਲੇ ਦੋ ਸਾਲਾਂ ਤੋਂ ਉਹਦੀਆਂ ਅੱਖਾਂ ਨੀਂਦ ਲਈ ਤਰਸ ਗਈਆਂ ਹਨ। ਕੋਈ ਮੰਨ ਨਈਂ ਸਕਦਾ ਕਿ ਮੌਤ ਇੱਦਾਂ ਵੀ ਆਉਂਦੀ ਹੈ। ਇੰਦਰਪ੍ਰੀਤ ਉਹਨੂੰ ਨੀਂਦ ਨਾ ਆਉਣ ਤੋਂ ਵੀ ਚਿੰਤਤ ਹੈ। ...ਤੇ ਦਸਤ ਤੋਂ ਵੀ। ਉਹ ਇਸ ਬਿਮਾਰੀ ਦੇ ਸਿਮਟਮ ਨੂੰ ਲੈ ਕੇ ਕਈ ਦਿਨਾਂ ਤੋਂ ਨੈੱਟ `ਤੇ ਸਰਚ ਕਰ ਰਹੀ ਹੈ। ਫਿਰ ਉਨ੍ਹੇ ਸਾਇਕੈਟਰਿਸਟ ਤੋਂ ਸਲਾਹ ਲਈ। ਉਹ ਘੱਟੋ-ਘੱਟ ਉਹਦੀ ਮਾਨਸਿਕ ਪੀੜਾ ਘਟਾਉਣਾ ਚਾਹੁੰਦੀ ਹੈ।
ਉਹਨੇ ਉਹਦੇ ਮੰਮੀ ਡੈਡੀ ਨੂੰ ਸਾਇਕੈਟਰਿਸਟ ਨਾਲ ਮਿਲਾਇਆ ਸੀ। ਉਸ ਡਾਕਟਰ ਦੀ ਦਵਾਈ ਦਾ ਥੋੜ੍ਹਾ ਜਿਹਾ ਅਸਰ ਹੋਇਆ ਸੀ। ਉਹਦੀ ਪੀੜ ਤਾਂ ਪਹਿਲਾਂ ਵਾਂਗ ਹੀ ਸੀ ਪਰ ਦਵਾਈ ਨਾਲ ਮਨ ਹੌਲਾ ਹੋ ਗਿਆ ਸੀ। ਉਹ ਹੁਣ ਰਾਤ ਨੂੰ ਚੀਕਾਂ ਨਈਂ ਮਾਰਦਾ। ...ਢਿੱਡ ਵਿੱਚ ਮੁੱਕੇ ਨਹੀਂ ਮਾਰਦਾ। ਕੰਧਾਂ ਵਿੱਚ ਸਿਰ ਨਈਂ ਮਾਰਦਾ। ਤੇ ਨਾ ਹੀ ਦਰਦ ਵੇਲੇ ਉਹ ਰੱਸਾ ਲੱਭਦਾ ਹੈ। ਮਨ ਤਾਂ ਖੁਦਕੁਸ਼ੀ ਕਰਨ ਨੂੰ ਕਰਦਾ ਹੈ ਪਰ ਉਹ ਟਾਲ ਦਿੰਦਾ ਹੈ।
ਹੁਣ ਗਿਰਾਸੀਮ ਉਹਨੂੰ ਚਿਕਨ ਸੂਪ ਨਾਲ ਦੋ ਚਾਰ ਬੁਰਕੀਆਂ ਵੀ ਖੁਆ ਦਿੰਦਾ ਹੈ। ਪਹਿਲਾਂ ਨਾਲੋਂ ਉਹ ਥੋੜ੍ਹਾ ਸ਼ਾਂਤ ਰਹਿੰਦਾ ਹੈ। ਟੈਲੀਵੀਜ਼ਨ ਦੇਖ ਲੈਂਦਾ ਹੈ। ਕੰਪਿਊਟਰ ਆਪ ਤਾਂ ਚਲਾ ਨਹੀਂ ਸਕਦਾ। ਗਿਰਾਸੀਮ ਨੂੰ ਲਾਈ ਰੱਖਦਾ ਹੈ। ਉਹ ਹੀ ਉਹਦੀ ਮੇਲ ਪੜ੍ਹਦਾ ਤੇ ਭੇਜਦਾ ਹੈ।
ਡਾਕਟਰ ਇਲਾਜ ਤਾਂ ਕਰ ਰਿਹਾ ਹੈ ਪਰ ਜਖ਼ਮ ਨਹੀਂ ਠੀਕ ਹੋ ਰਹੇ। ਡਾਕਟਰ ਜਿਸ ਨੂੰ ਪਾਈਲਜ਼ ਕਹਿ ਰਿਹਾ ਹੈ, ਦਰਅਸਲ ਫੰਗਸ ਇਨਫੈਕਸ਼ਨ ਹੈ। ਨਵੇਂ ਡਾਕਟਰ ਨੇ ਉਸਦੀ ਦਰਦ ਭਰੀ ਇਨਫੈਕਸ਼ਨ ਤਾਂ ਹਟਾ ਦਿੱਤੀ। ਪਰ ਉਸ ਤੋਂ ਬਾਅਦ ਭਾਰ ਬੜੀ ਤੇਜ਼ੀ ਨਾਲ ਘੱਟਣ ਲੱਗ ਪਿਆ ਹੈ। ਕਦੇ ਛੇ ਫੁੱਟ ਦੋ ਇੰਚ ਤੇ ਅੱਸੀ ਕਿਲੋ ਭਾਰ ਵਾਲਾ ਗੱਭਰੂ ਬਵੰਜਾ ਕਿਲੋ ਦਾ ਰਹਿ ਗਿਆ ਹੈ। ਉਹਦਾ ਮੂੰਹ ਚੁਗਲ ਵਰਗਾ ਬਣ ਗਿਆ ਹੈ। ਉਹਨੇ ਜਵਾਨੀ ਵਿੱਚ ਹੀ ਬੁਢਾਪਾ ਦੇਖ ਲਿਆ ਹੈ। ਉਸਨੇ ਆਪਣੀ ਵਸੀਅਤ ਆਪਣੀ ਮੰਮੀ ਨੂੰ ਭਿਜਵਾਈ ਸੀ।
" ਮੰਮੀ, ਮੇਰੀਆਂ ਪਸਲੀਆਂ ਦੀ ਟੋਕਰੀ ਬਣਾ ਲੈਣੀ। ਮੇਰੀ ਰੀੜ ਦੀ ਹੱਡੀ ਤਾਂ ਤੋੜ ਦਿੱਤੀ ਗਈ ਸੀ ਪਰ ਇਹ ਮਜ਼ਬੂਤ ਬੜੀ ਹੈ। ਜਿਥੇ ਬਿੰਨਾ ਰੱਖੀਦਾ, ਉਸ ਮੋਟੀ ਛਿੱਟੀ ਦੀ ਜਗ੍ਹਾ ਇਹਨੂੰ ਵਰਤ ਲੈਣਾ। ...ਅਲਵਿਦਾ।" ਉਹਦੀ ਵਸੀਅਤ ਪੜ੍ਹ ਕੇ ਮਾਪੇ ਬਹੁਤ ਤੜਫੇ ਸਨ।
ਦਿਨ ਬ ਦਿਨ ਮੌਤ ਉਹਦੇ ਚਿਹਰੇ `ਤੇ ਆਪਣੀ ਇਬਾਰਤ ਲਿਖ ਰਹੀ ਹੈ। ਟੁਆਇਲਟ ਜਾਣ ਵੇਲੇ ਤਕਲੀਫ਼ ਘੱਟ ਗਈ ਸੀ। ਪਰ ਮੂੰਹ ਦੇ ਛਾਲੇ ਪਾਥੀਆਂ ਵਾਂਗ ਪੱਥੇ ਗਏ ਸਨ। ਮੂੰਹ ਵਿੱਚ ਪਾਣੀ ਦਾ ਤੁਪਕਾ ਹੀ ਜਾਂ ਸੂਪ ਦਾ ਚਮਚ ਹੀ ਮਸਾਂ ਲੰਘਦਾ। ਡਾਕਟਰ ਨੇ ਦੱਸਿਆ ਸੀ - ਭੋਜਨ ਨਾਲੀ ਵਿੱਚ ਵੀ ਫੰਗਸ ਇਨਫੈਕਸ਼ਨ ਹੋ ਗਈ ਹੈ। ਤੇ ਜੇ ਅੱਗੇ ਮਿਹਦੇ ਵਿੱਚ ਚਲੇ ਗਈ ਤਾਂ ਇਸ ਦੀ ਮੌਤ ਅਟੱਲ ਹੈ। ...ਖੈਰ, ਉਹਦੇ ਮੰਮੀ ਡੈਡੀ ਉਹਨੂੰ ਹਸਪਤਾਲ ਲੈ ਗਏ। ਜਦੋਂ ਇਨਫੈਕਸ਼ਨ ਥੋੜ੍ਹੀ ਕੰਟਰੋਲ ਵਿੱਚ ਆ ਗਈ। ਫਿਰ ਘਰ ਲੈ ਆਏ। ਉਹ ਗਿਰਾਸੀਮ ਕੋਲ ਰੋਣ ਲੱਗ ਪੈਂਦਾ-
" ਮੈਨੂੰ ਪਤਾ ਹੈ, ਮੈਂ ਵੀ ਮਰ ਜਾਵਾਂਗਾ, ਈਵਾਨ ਇਲੀਚ ਵਾਂਗ। ...ਉਹਨੂੰ ਇੱਕ ਵੱਖੀ ਦਾ ਦਰਦ ਲੈ ਬੈਠਾ ਤੇ ਮੈਂ...ਤਾਂ ਉਸ ਬਿਮਾਰੀ ਨਾਲ ਮਰ ਰਿਹਾ ਹਾਂ ਜਿਸ ਦਾ ਕੋਈ ਇਲਾਜ ਹੀ ਨਹੀਂ। ...ਹਾਏ ਓਏ! ਇੰਨੀ ਭਿਆਨਕ ਮੌਤ...। "
ਉੁਹਨੂੰ ਕੋਈ ਰਸਤਾ ਨਹੀਂ ਦਿਸ ਰਿਹਾ। ਚਾਰੇ ਪਾਸੇ ਧੁੰਦ ਹੀ ਧੁੰਦ ਹੈ। ...ਈਵਾਨ ਇਲੀਚ ਦੀ ਮੌਤ ਤਾਂ ਉਸਨੂੰ ਆਪਣੇ ਅੱਗੇ ਕੁਝ ਵੀ ਨਹੀਂ ਲੱਗ ਰਹੀ। ਜਿਹੜੀ ਮੌਤ ਉਹ ਮਰ ਰਿਹਾ ਹੈ, ਉਹ ਬਹੁਤ ਭਿਆਨਕ ਹੈ। ਅੱਜ ਉਹਨੇ ਇੰਦਰਪ੍ਰੀਤ ਨੂੰ ਦੋ ਮੇਲਾਂ ਸੈਂਡ ਕਰਵਾਈਆਂ।
-ਮੌਤ ਕੀ ਹੁੰਦੀ ਹੈ? ਜ਼ਿੰਦਗੀ ਕੀ ਹੁੰਦੀ ਹੈ? ...ਇਹਦਾ ਅਹਿਸਾਸ ਡੈੱਥ ਬੈੱਡ ਤੇ ਪਏ ਬੰਦੇ ਨੂੰ ਹੀ ਹੁੰਦਾ ਹੈ।-
-ਜੇ ਮੈਂ `ਡੈੱਥ ਆਫ ਈਵਾਨ ਇਲੀਚ` ਫ਼ਿਲਮ ਨਾ ਦੇਖਦਾ ਸ਼ਾਇਦ ਮੈਂ ਮਰਨਾ ਨਹੀਂ ਸੀ।-
ਔਰਤ ਨੂੰ ਜਿਸਮ ਤੇ ਮਾਸ ਦੀ ਗੁੱਡੀ ਸਮਝਣ ਵਾਲਾ ਹਰਸੇਵ ਆਖ਼ਰੀ ਸਾਹਾਂ `ਤੇ ਹੈ। ਇੰਦਰਪ੍ਰੀਤ ਉਹਦੇ ਘਰ ਨਈਂ ਆਉਂਦੀ। ਫ਼ੋਨ ਜਾਂ ਨੈੱਟ ਰਾਹੀਂ ਸੰਪਰਕ ਬਣਾਈ ਰੱਖਦੀ ਹੈ। ਉਹ ਜਾਣਦੀ ਹੈ ਕਿ ਦੀਵੇ ਦੀ ਲੋਅ ਦੇ ਆਖ਼ਰੀ ਭਬਾਕੇ ਬਚੇ ਹਨ। ਉਹ ਤਾਂ ਉਸ ਲੋਅ ਨੂੰ ਮੁੜ ਭਾਂਬੜ ਬਣਾ ਦੇਣਾ ਚਾਹੁੰਦੀ ਹੈ। ਉਹ ਉਸੇ ਡਾਕਟਰ ਤੋਂ ਇਲਾਜ ਕਰਵਾਉਣ ਲਈ ਉਹਦੇ ਮੰਮੀ ਡੈਡੀ `ਤੇ ਜ਼ੋਰ ਪਾ ਰਹੀ ਹੈ, ਜਿਸ ਦੀ ਦਵਾਈ ਨਾਲ ਉਹ ਕਮਜ਼ੋਰ ਤਾਂ ਹੋਇਆ, ਪਰ ਉਸ ਦੇ ਜਖ਼ਮ ਠੀਕ ਹੋ ਗਏ ਸਨ। ਹੁਣ ਡਾਇਰੀਏ ਦੇ ਤਾਜ਼ੇ ਹਮਲੇ ਨੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀਆਂ ਪਾ ਦਿੱਤੀਆਂ ਹਨ। ਉਹ ਸਰੀਰ ਸਾਂਭਣ ਦੇ ਕਾਬਲ ਨਈਂ ਰਿਹਾ। ਉਹਦੇ ਕੋਲੋਂ ਆਪਣਾ ਹੱਥ ਵੀ ਉਠਾਇਆ ਨਹੀਂ ਜਾਂਦਾ। ਦੋ ਮਹੀਨਿਆਂ ਵਿੱਚ ਹੀ ਉਸਦਾ ਭਾਰ ਬਵੰਜਾ ਕਿਲੋ ਤੋਂ ਘੱਟ ਕੇ ਅਠਾਈ ਕਿਲੋ ਰਹਿ ਗਿਆ ਹੈ। ਖਾਣੇ ਦੇ ਨਾਂ `ਤੇ ਉਹਨੂੰ ਕਚਿਆਣ ਆਉਂਦੀ ਹੈ। ਗਿਰਾਸੀਮ ਜੂਸ ਜਾਂ ਪਾਣੀ ਚਮਚੇ ਨਾਲ ਪਿਲਾਉਂਦਾ ਹੈ। ਉਹਦੇ ਵਿੱਚ ਸਾਹ-ਸਤ ਨਹੀਂ ਰਿਹਾ। ਇੰਦਰਪ੍ਰੀਤ ਦਿਹਾੜੀ ਵਿੱਚ ਕਈ ਵਾਰ ਫੋਨ ਕਰਦੀ ਹੈ। ਪਰ ਉਹ ਬੋਲਦਾ ਨਹੀਂ। ਉਹਦੀ ਅਵਾਜ਼ ਵੀ ਨਹੀਂ ਨਿਕਲਦੀ। ਉਹਨੂੰ ਟੱਟੀ ਪਿਸ਼ਾਬ ਦਾ ਵੀ ਪਤਾ ਨਈਂ ਲਗਦਾ।
ਹਰਸੇਵ ਦੇ ਸਰੀਰ ਦੀਆਂ ਹਰਕਤਾਂ ਹੌਲੀ ਹੋ ਗਈਆਂ ਹਨ। ਇੰਦਰਪ੍ਰੀਤ ਦਾ ਵਿਸ਼ਵਾਸ ਵੀ ਤਿੜਕ ਗਿਆ ਹੈ। ਉਹਦੇ ਨੈੱਟ ਦੀ ਸਰਚ ਉਹਨੂੰ ਦੱਸ ਰਹੀ ਹੈ ਕਿ ਕੁਝ ਦੇਰ ਤੱਕ ਉਹ ਆਪਣੇ ਹੱਥ ਪੈਰ ਹਿਲਾਉਣ ਤੋਂ ਵੀ ਅਵਾਜ਼ਾਰ ਹੋ ਜਾਵੇਗਾ।... ਤੇ ਇੰਝ ਹੀ ਹੋਇਆ। ਬੱਸ ਇਹ ਆਖ਼ਰੀ ਵਕਤ ਆਉਣ ਤੋਂ ਪਹਿਲਾਂ ਦੇ ਦਿਨ ਹਨ।
ਗਿਰਾਸੀਮ ਹਰ ਪਲ ਉਸਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ। ਉਸਦੀ ਮੰਮੀ ਦੋ ਵਕਤ ਉਸਦੇ ਰੂਮ ਵਿੱਚ ਆਉਂਦੀ ਹੈ। ਗੁਟਕਾ ਉਹਦੇ ਹੱਥ ਵਿੱਚ ਹੁੰਦਾ ਹੈ। ਕੁਰਸੀ ਤੇ ਬੈਠ ਜਾਂਦੀ ਹੈ। ਸਿਰ ਢੱਕ ਲੈਂਦੀ ਹੈ। ਪਾਠ ਪੜ੍ਹਦੀ ਹੈ। ਮੱਥਾ ਟੇਕ ਕੇ ਤੁਰ ਜਾਂਦੀ ਹੈ। ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉਹਦਾ ਡੈਡੀ ਵੀ ਉਹਦੇ ਕਮਰੇ ਵਿੱਚ ਜ਼ਰੂਰ ਆਉਂਦਾ ਹੈ। ਪ੍ਰਸ਼ਾਦ ਵੰਡ ਕੇ ਜਾਣਾ ਉਸ ਦਾ ਨਿੱਤਨੇਮ ਬਣਿਆ ਹੋਇਆ ਹੈ।
ਡਾਕਟਰ ਕਹਿ ਰਿਹਾ ਸੀ, ਹਰਸੇਵ ਨੂੰ ਜੋ ਬੁਖ਼ਾਰ ਹੈ, ਉਹ ਉਸਦੀ ਦਵਾਈ ਕਰਕੇ ਹੈ। ਪਰ ਬੁਖ਼ਾਰ ਤਾਂ ਟੁੱਟ ਹੀ ਨਹੀਂ ਰਿਹਾ । ਗਿਰਾਸੀਮ ਉਸ ਕੋਲ ਕਦੇ ਸੂਪ, ਕਦੇ ਦੁੱਧ ਤੇ ਕਦੇ ਜੂਸ ਲੈ ਕੇ ਖੜ੍ਹਾ ਹੁੰਦਾ ਹੈ। ਉਹ ਥੋੜ੍ਹੀ ਜਿਹੀ ਅੱਖ ਪੁੱਟਦਾ, ਉਹ ਚਮਚਾ ਉਹਦੇ ਮੂੰਹ ਵਿੱਚ ਪਾ ਦਿੰਦਾ। ਹਰਸੇਵ ਦੀ ਸਾਰੀ ਚਮੜੀ ਪਹਿਲਾਂ ਤਾਂ ਕਾਲੀ ਹੋ ਗਈ ਸੀ, ਫਿਰ ਥੋੜ੍ਹੇ ਦਿਨਾਂ ਬਾਅਦ ਲਹਿਣੀ ਸ਼ੁਰੂ ਹੋ ਗਈ। ਥੱਲਿਓਂ ਨਵੇਂ ਜਨਮੇ ਬੱਚੇ ਵਰਗੀ ਚਮੜੀ ਨਿਕਲ ਰਹੀ ਸੀ। ਉਸਦੇ ਮਨ ਦੀ ਅਜੀਬ ਦਸ਼ਾ ਸੀ। ਉਹ ਮਨ ਹੀ ਮਨ ਆਖ ਰਿਹਾ ਸੀ-
" ਇਹ ਮੇਰੀ ਚਮੜੀ ਨਹੀਂ ਲਹਿ ਰਹੀ। ਇਹ ਤਾਂ ਮੌਤ ਹੈ ਜੋ ਮੇਰੇ ਜਿਸਮ ਤੇ ਉਤਰ-ਚੜ੍ਹ ਰਹੀ ਹੈ। ਮੈਂ ਮਰ ਰਿਹਾ ਹਾਂ। ...ਮੈਂ ਪ੍ਰੀਤ ਨੂੰ ਮਿਲਣਾ ਚਾਹੁੰਦਾ ਹਾਂ। ਪਰ ਮੈਂ ਕਿਵੇਂ ਦੱਸਾਂ? ਮੇਰੀ ਅਵਾਜ਼...ਮੇਰੇ ਹੱਥ?"
ਉਹ ਡੁਸਕਦਾ ਰਿਹਾ। ਗਿਰਾਸੀਮ ਉਹਦੇ ਨਾਲ ਲੇਟ ਗਿਆ । ਉਹਨੇ ਹਰਸੇਵ ਨੂੰ ਜੱਫ਼ੀ `ਚ ਲਿਆ । ਉਹਨੂੰ ਉਹਦੀ ਛਾਤੀ ਨਾਲ ਲੱਗ ਕੇ ਚੈਨ ਤਾਂ ਪੈ ਗਈ ਹੈ ਪਰ ਉਹਦਾ ਸਾਹ ਨਹੀਂ ਨਿਕਲ ਰਿਹਾ। ਉਹ ਉਸਦੀ ਛਾਤੀ ਨਾਲ ਬੱਚੇ ਵਾਂਗ ਲੱਗਿਆ ਹੋਇਆ । ਵਿਲਕੀ ਜਾ ਰਿਹਾ । ਉਹਦੇ ਹੰਝੂ ਵੀ ਬਾਹਰ ਨਹੀਂ ਡਿੱਗ ਰਹੇ। ਜਿਵੇਂ ਹੰਝੂ ਬਾਹਰ ਕੱਢਣ ਦੀ ਤਾਕਤ ਵੀ ਇਸ ਬਿਮਾਰੀ ਨੇ ਖੋਹ ਲਈ ਹੋਵੇ। ...ਗਿਰਾਸੀਮ ਨੇ ਜੱਫ਼ੀ ਢਿੱਲੀ ਕੀਤੀ ਹੈ।
ਬੁਖ਼ਾਰ ਨਾਲ ਹਰਸੇਵ ਦਾ ਸਰੀਰ ਤਪਦਾ ਪਿਆ। ਉਹ ਪਾਣੀ ਦੀਆਂ ਪੱਟੀਆਂ ਰੱਖਣ ਲੱਗ ਪਿਆ । ਨਾਲੋਂ ਨਾਲ ਇੰਦਰਪ੍ਰੀਤ ਨੂੰ ਫ਼ੋਨ `ਤੇ ਦੱਸੀ ਵੀ ਜਾ ਰਿਹਾ । ਖ਼ੂਨ ਵਿੱਚ ਇਨਫੈਕਸ਼ਨ ਹੋ ਗਈ ਹੈ। ਵਾਇਰਸ ਦਾ ਹਮਲਾ ਉਹਦੇ ਸਾਰੇ ਔਰਗਨ `ਤੇ ਹੋਣ ਵਾਲਾ ਹੈ। ਇਹ ਉਨ੍ਹਾਂ ਲਈ ਬੜਾ ਭਿਆਨਕ ਸਮਾਂ ਹੈ। ਉਹਦੇ ਮੰਮੀ ਤੇ ਡੈਡੀ ਦੇਖ ਕੇ ਮੁੜ ਜਾਂਦੇ ਹਨ। ਪਾਠ ਅਤੇ ਅਰਦਾਸਾਂ ਵਿੱਚ ਖੁੱਭ ਜਾਂਦੇ ਹਨ।
ਮਸੀਂ ਰਾਤ ਲੰਘੀ ਹੈ। ਹਰਸੇਵ ਦੇ ਕੰਨ ਮੁੜ ਗਏ ਹਨ। ...ਕੰਨਾਂ, ਅੱਖਾਂ ਤੇ ਮੂੰਹ ਵਿਚੋਂ ਅਜੀਬ ਜਿਹੇ ਪਦਾਰਥ ਦਾ ਰਿਸਾਅ ਹੋਇਆ ਹੈ। ਉਸਦੀਆਂ ਅੱਖਾਂ ਛੱਤ ਵੱਲ ਟਿਕੀਆਂ ਹੋਈਆਂ ਹਨ। ਉਹਦੇ ਮੰਮੀ ਡੈਡੀ ਮੌਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ। ਗਿਰਾਸੀਮ ਨੂੰ ਸਮਝ ਨਹੀਂ ਲੱਗ ਰਹੀ, ਉਹਦਾ ਸਾਹ ਕਿਉਂ ਨਹੀਂ ਨਿਕਲ ਰਿਹਾ। ...ਪਤਾ ਨਈਂ ਉਹਦੇ ਕੀ ਮਨ ਆਇਆ ਹੈ। ਉਹਨੇ ਕੰਪਿਊਟਰ ਆਨ ਕੀਤਾ ਹੈ। "ਡੈੱਥ ਆਫ ਈਵਾਨ ਇਲੀਚ" ਮੂਵੀ ਦਾ ਅੰਤਿਮ ਹਿੱਸਾ ਦੇਖਣ ਲੱਗ ਪਿਆ ਹੈ।
` ਈਵਾਨ ਇਕੱਲਾ ਰਹਿਣ ਲਈ ਚੀਕ ਰਿਹਾ ਹੈ। ਕੱਪੜਿਆਂ ਨੂੰ ਪਾੜ ਰਿਹਾ ਹੈ। ਉਹ ਚੀਕਾਂ ਤੇ ਬਾਹਾਂ ਮਾਰ ਰਿਹਾ ਹੈ। ਪਰਾਸਕੋਵੀਆ ਆਉਂਦੀ ਹੈ। ਉਸਦੀ ਪੀੜ ਹੋਰ ਵੱਧ ਜਾਂਦੀ ਹੈ। ...ਪਰਾਸਕੋਵੀਆ ਚਲੇ ਜਾਂਦੀ ਹੈ। ਉਸਦਾ ਪੁੱਤ ਆਉਂਦਾ ਹੈ। ਉਹਦਾ ਹੱਥ ਚੁੰਮਦਾ ਹੈ। ਉਹ ਸ਼ਾਂਤ ਹੋ ਜਾਂਦਾ ਹੈ।`
ਗਿਰਾਸੀਮ ਉਹਦੇ ਮੰਮੀ ਡੈਡੀ ਨੂੰ ਕਮਰੇ `ਚੋਂ ਬਾਹਰ ਨਿਕਲਣ ਲਈ ਹੱਥ ਜੋੜਦਾ ਹੈ। ਉਹ ਵਾਹਿਗੁਰੂ ਵਾਹਿਗੁਰੂ ਕਰਦੇ ਕਮਰੇ ਵਿੱਚੋਂ ਬਾਹਰ ਚਲੇ ਜਾਂਦੇ ਹਨ। ਗਿਰਾਸੀਮ ਨੇ ਫੋਨ `ਤੇ ਇੰਦਰਪ੍ਰੀਤ ਦਾ ਆਉਣ ਲਈ ਮਿੰਨਤ ਤਰਲਾ ਕੀਤਾ ਹੈ।
...ਇੰਦਰਪ੍ਰੀਤ ਕਮਰੇ ਅੰਦਰ ਆਣ ਵੜੀ ਹੈ। ਉਹਨੇ ਆਉਂਦਿਆਂ ਹੀ ਉਹਦੇ ਮੱਥੇ `ਤੇ ਹੱਥ ਫੇਰਿਆ । ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ ਹੈ। ਹਰਸੇਵ ਮੁਸਕਰਾ ਪਿਆ। ਉਹਨੇ ਉੱਠ ਕੇ ਪ੍ਰੀਤ ਨੂੰ ਜੱਫ਼ੀ ਵਿੱਚ ਲੈਣਾ ਚਾਹਿਆ ਹੈ ਪਰ ਉਹਤੋਂ ਉੱਠ ਨਈਂ ਹੋਇਆ। ਉਹਨੂੰ ਤੁੜਾਹੇ ਤੋੜਦੇ ਨੂੰ ਦੇਖ ਕੇ ਇੰਦਰਪ੍ਰੀਤ ਦੀਆਂ ਅੱਖਾਂ ਵਿੱਚੋਂ ਅੱਥਰੂ ਡਿੱਗੇ ਹਨ। ਚੁੰਨੀ ਭਿੱਜ ਗਈ ਹੈ। ਉਹਨੇ ਉਹਦਾ ਹੱਥ ਚੁੰਮਿਆ ਹੈ। ਗਿਰਾਸੀਮ ਕੰਪਿਊਟਰ ਟੇਬਲ `ਤੇ ਸਿਰ ਸੁੱਟੀ ਡੁਸਕੀ ਜਾ ਰਿਹਾ ਹੈ।
ਹੁਣ ਹਰਸੇਵ ਦੇ ਦਿਮਾਗ ਵਿੱਚ ਈਵਾਨ ਇਲੀਚ ਹੈ। ਉਸਦੇ ਸਾਹਾਂ ਦੀ ਖੜ ਖੜ ਹੈ। ਉਸਨੂੰ ਲੱਗ ਰਿਹਾ ਹੈ ਈਵਾਨ ਵਾਂਗ ਉਸਦੇ ਸਾਹ ਵੀ ਖੜਕ ਰਹੇ ਹਨ। ਛਾਤੀ ਵਿੱਚ ਬਲਗਮ ਭਰੀ ਹੋਈ ਹੈ। ... ਅੰਦਰ ਪੀੜ ਹੋ ਰਹੀ ਹੈ। ਇਹ ਮਰਨ ਪੀੜ ਹੈ। ...ਪਤਾ ਨਈਂ ਉਸ ਅੰਦਰੋਂ ਕਿੰਨਾ ਦਰਦ ਉਠਿਆ ਹੈ ਕਿ ਮੂੰਹੋਂ ਇੱਕ ਭਿਆਨਕ ਚੀਕ ਨਿਕਲੀ ਹੈ। ...ਨਬਜ਼ ਰੁਕ ਗਈ ਹੈ। ਹੁਣ ਕੁਝ ਨਈਂ ਬਚਿਆ। ਉਸਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ਗਿਰਾਸੀਮ ਨੇ ਉੱਠ ਕੇ ਉਸ ਦੀਆਂ ਅੱਖਾਂ `ਤੇ ਹੱਥ ਫੇਰਿਆ ਹੈ। ਅੱਖਾਂ ਮੀਟੀਆਂ ਗਈਆਂ ਹਨ। ਇੰਦਰਪ੍ਰੀਤ ਨੂੰ ਹਰਸੇਵ ਦੇ ਕਹੇ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਣ ਲੱਗੇ ਹਨ-
"ਕੀ ਤੂੰ ਮੌਤ ਦੇਖੀ ਹੈ।... ਨਹੀਂ, ਮੈਂ ਦੇਖੀ ਹੈ। ਇਹ ਇੱਥੇ ਹੈ? ... ਮੇਰੇ ਪੇਟ ਵਿੱਚ। " ਉਸ ਨੇ ਆਪਣੇ ਪੇਟ ਦੇ ਹੇਠਾਂ ਜ਼ੋਰ ਦੇਣੀ ਹੱਥ ਮਾਰ ਕੇ ਆਖਿਆ ਸੀ।
ਤੇ ਹੁਣ ... ਹੁਣ ਮੌਤ ਪੇਟ ਦੀ ਥਾਂ ਉਸਦੇ ਸਾਰੇ ਜਿਸਮ `ਤੇ ਫੈਲ ਚੁੱਕੀ ਹੈ।